Showing posts with label Suicides. Show all posts
Showing posts with label Suicides. Show all posts

Monday, August 22, 2022

ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਇਕ ਨੌਜਵਾਨ ਨੇ ਮਾਰੀ ਛਲਾਂਗ

Monday 22rd August 2022 at 03:29 PM

ਮਾਡਲ ਟਾਊਨ ਇਲਾਕੇ ਵਿੱਚ ਹੈ ਪ੍ਰਸਿੱਧ ਗੁਰਦੁਆਰਾ ਦੀਪ ਸਿੰਘ ਸਾਹਿਬ 
ਛਲਾਂਗ ਮਾਰਦੇ ਦੀ ਵੀਡੀਓ ਹੋਇਆ ਵਾਇਰਲ, ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

ਲੁਧਿਆਣਾ
: 22 ਅਗਸਤ 2022: (ਗੁਰਦੇਵ ਸਿੰਘ//ਪੰਜਾਬ ਸਕਰੀਨ ਡੈਸਕ)::

ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਅਵਤਾਰਾਂ ਨੇ ਆਪਣੇ ਜੀਵਨ ਕਾਲ ਵਿੱਚ ਜ਼ੁਲਮ ਦੇ ਖਿਲਾਫ ਇਨਸਾਫ ਦੀ ਪ੍ਰਾਪਤੀ ਲਈ ਲੰਮੇ ਸੰਘਰਸ਼ ਕੀਤੇ, ਜੰਗਾਂ ਲੜੀਆਂ ਅਤੇ ਅਣਗਿਣਤ ਕੁਰਬਾਨੀਆਂ ਵੀ ਕੀਤੀਆਂ। ਉਹਨਾਂ ਆਪਣੀ ਜ਼ਿੰਦਗੀ ਵਿੱਚ ਹਰ ਕਦਮ ਤੇ ਸੰਘਰਸ਼ ਦਾ ਲੋਹਾ ਮਨਵਾਇਆ ਅਤੇ ਸੰਘਰਸ਼ਾਂ ਵਾਲੇ ਹੀ ਪੂਰਨੇ ਪਾਏ। ਚੜ੍ਹਦੀਕਲਾ ਵਾਲੇ ਇਸ ਤਰ੍ਹਾਂ ਦੇ ਲਾਈਫ ਸਟਾਈਲ ਤੋਂ ਪ੍ਰੇਰਨਾ ਲੈਣ ਵਾਲੇ ਵੀ ਬਹੁਤ ਸਾਰੇ ਲੋਕ ਰਹੇ ਪਰ ਕਈ ਲੋਕ ਅਜਿਹੇ ਵੀ ਹਨ ਜਿਹੜੇ ਅੱਜ ਵੀ ਸੰਘਰਸ਼ਾਂ ਦੀ ਬਜਾਏ ਕਿਸਮਤ ਜਾਂ ਗੈਬੀ ਤਾਕਤਾਂ ਤੇ ਭਰੋਸਾ ਕਰਦੇ ਹਨ। 
ਜਦੋਂ ਇਹਨਾਂ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਇਛਾਵਾਂ ਬਿਨਾ ਸੰਘਰਸ਼ ਤੋਂ ਪੂਰੀਆਂ ਨਹੀਂ ਹੁੰਦੀਆਂ ਜਾਂ ਹੋਰ ਤਿੱਖਾ ਸੰਘਰਸ਼ ਮੰਗਦੀਆਂ ਹਨ ਤਾਂ ਇਹ ਲੋਕ ਖੁਦਕੁਸ਼ੀਆਂ ਜਾਂ ਨਸ਼ਿਆਂ ਵਾਲੇ ਰਾਹ ਤੇ ਤੁਰ ਪੈਂਦੇ ਹਨ। ਅਜੀਬ ਦੁਖਾਂਤ ਹੈ ਕਿ ਜ਼ਿੰਦਗੀ ਤੋਂ ਭਗੌੜੇ ਹੋਏ ਅਜਿਹੇ ਲੋਕ ਖ਼ੁਦਕੁਸ਼ੀ ਲਈ ਧਾਰਮਿਕ ਥਾਂਵਾਂ ਨੂੰ ਹੀ ਚੁਣਦੇ ਹਨ। 

ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦਾ ਜਿੱਥੇ ਆਸਥਾ ਦਾ  ਕੇਂਦਰ ਬਣੇ ਬਾਬਾ ਦੀਪ ਸਿੰਘ ਸ਼ਹੀਦ ਵਾਲੇ ਗੁਰਦੁਆਰੇ ਦੀ ਛੱਤ ਤੋਂ ਕਿਸੇ ਨੌਜਵਾਨ ਨੇ ਛਾਲ ਮਾਰ ਦਿੱਤੀ ਹੈ। ਇਸ ਛਾਲ ਮਾਰਨ ਦੀ ਵੀਡੀਓ ਵੀ ਵਾਇਰਲ ਹੋ ਗਈ। ਬੁਰੀ ਤਰ੍ਹਾਂ ਜ਼ਖਮੀ ਹੋਏ ਇਸ ਨੌਜਵਾਨ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਵੇਲੇ ਇਕ ਅਣਜਾਣ ਨੌਜਵਾਨ ਨੇ ਗੁਰਦੁਆਰਾ ਗੁਰੂ ਦੀਪ ਸਿੰਘ ਸਾਹਿਬ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ। ਛਾਲ ਮਾਰਨ ਵਾਲੀ ਉਸ ਦੀ ਵੀਡੀਓ ਵੀ  ਵਾਇਰਲ ਹੋ ਗਈ। ਕਿਹਾ ਜਾ ਰਿਹਾ ਹੈ ਕਿ  ਛਲਾਂਗ ਮਾਰਨ ਤੋਂ ਪਹਿਲਾਂ ਨੌਜਵਾਨ ਕਈ ਵਾਰ ਛੱਤ 'ਤੇ ਗਿਆ ਅਤੇ ਉਸ ਤੋਂ ਬਾਅਦ ਹੀ ਉਸ ਨੇ ਛਲਾਂਗ ਮਾਰੀ।  ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਨੌਜਵਾਨ ਪਹਿਲਾਂ ਕਈ ਵਾਰ ਛੱਤ 'ਤੇ ਗਿਆ  ਸੇਵਾਦਾਰਾਂ ਨੂੰ ਵੀ ਲੱਗਿਆ ਕਿ ਸ਼ਾਇਦ ਉਹ ਵੀ ਇਕ ਸੇਵਾਦਾਰ ਹੈ ਜਿਸ ਕਰਕੇ ਉਹ ਛੱਤ ਤੇ ਬਾਰ ਬਾਰ ਜਾ ਰਿਹਾ ਹੈ ਪਰ ਅੱਖਰ  ਉਸ ਨੇ ਗੁਰਦੁਆਰਾ ਸਾਹਿਬ ਦੀ ਛੱਤ ਤੇ ਜਾ ਕੇ ਛਲਾਂਗ ਹੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਨਿਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ।  ਕਿਹਾ ਜਾ ਰਿਹਾ ਹੈ ਕਿ ਉਸ ਦੇ ਕਈ ਸੱਟਾਂ ਵੀ ਲੱਗੀਆਂ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ  ਪੁਲਿਸ ਨੇ ਕੇਸ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Saturday, October 23, 2021

ਪਤਨੀ ਦੇ ਬਿਨ ਜ਼ਿੰਦਗੀ ਬੜੀ ਹੀ ਮੁਸ਼ਕਿਲ ਹੈ

    ਦੱਖਣੀ ਭਾਰਤ ਵਿੱਚ ਪਤਨੀ ਦੀ ਮੌਤ ਤੋਂ ਬਾਅਦ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ     

ਕਰਨਾਟਕ ਦੀ ਘਟਨਾ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ 


ਬੇਲਾਗਾਵੀ (ਕਰਨਾਟਕਾ), 23 ਅਕਤੂਬਰ 2021: (ਪੰਜਾਬ ਸਕਰੀਨ ਡੈਸਕ)::

ਭਾਵੇਂ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਬਸੰਤ ਨਾਮੀ ਲੰਮੀ ਕਵਿਤਾ ਵਿਚ ਪਤਨੀ ਦੇ ਵਿਯੋਗ ਬਾਰੇ ਬਹੁਤ ਕੁਝ ਅਜਿਹਾ ਆਖਿਆ ਹੈ ਜਿਹੜਾ ਅੱਖਾਂ ਵਿੱਚ ਹੰਝੂ ਲੈ ਆਉਂਦਾ ਹੈ। ਰਿਦਮ ਭਰੀ ਇਸ ਯਾਦਗਾਰੀ ਕਵਿਤਾ ਨਾਲ ਉਹਨਾਂ ਦੀ ਮਸ਼ਹੂਰੀ ਵੀ ਬਹੁਤ ਹੋਈ ਸੀ ਪਰ ਇਸਦੇ ਬਾਵਜੂਦ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਇਸ਼ਕ ਦੀ ਉਦਾਸੀ ਆਖ਼ਿਰੀ ਵੇਲਿਆਂ ਤੀਕ ਬਣੀ ਰਹੀ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਬਹੁਤ ਸਾਰੇ ਹਸੀਨ ਲੋਕ ਮੰਡਰਾਏ ਵੀ ਜਿਹਨਾਂ ਦੀਆਂ ਕਈ ਕਈ ਕਹਾਣੀਆਂ ਵੀ ਬਾਰ ਬਾਰ ਸੁਣੀਆਂ ਸੁਣਾਈਆਂ ਜਾਂਦੀਆਂ ਰਹੀਆਂ। ਕੌਮਾਂਤਰੀ ਪੱਧਰ ਦੀ ਜਾਣੀ ਪਛਾਣੀ ਸ਼ਾਇਰਾ ਮਨਜੀਤ ਇੰਦਰਾ ਅਤੇ ਸਾਹਿਤਿਕ ਕ੍ਰਾਂਤੀ ਦਾ ਪ੍ਰਤੀਕ ਬਣੇ ਹੋਏ ਪ੍ਰਸਿੱਧ ਕਲਮਕਾਰ ਮਿੱਤਰ ਸੈਨ ਮੀਤ ਵਰਗੇ ਲੇਖਕ ਜੇ ਮੂਡ ਵਿੱਚ ਹੋਣ ਤਾਂ ਇਸ ਬਾਰੇ ਕਾਫੀ ਕੁਝ ਦੱਸ ਸਕਦੇ ਹਨ ਕਿਓਂਕਿ ਉਹਨਾਂ ਨੇ ਬਹੁਤ ਕੁਝ ਨੇੜਿਓਂ ਦੇਖਿਆ ਸੁਣਿਆ। ਫਿਰ ਵੀ ਪਤਨੀ ਦੀ ਅਹਿਮੀਅਤ ਸਾਡੇ ਸਮਾਜ ਦੇ ਵੱਡੇ ਵਰਗ ਨੂੰ ਅਜੇ ਤੱਕ ਸਮਝ ਨਹੀਂ ਆਈ। ਇਥੇ ਅਜੇ ਵੀ ਪਤਨੀਆਂ ਦੀ ਬੇਕਦਰੀ ਵੱਧ ਰਹੀ ਹੈ। ਲਗਾਤਾਰ ਵੱਧ ਰਹੀ ਹੈ।  ਸਿਰਫ ਬੇਕਦਰੀ ਹੀ ਨਹੀਂ ਮਾਰਕੁੱਟ ਅਤੇ ਕਤਲਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। 

ਇਸੇ ਤਰ੍ਹਾਂ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਕਈ  ਦਰਜਨ ਕਿਤਾਬਾਂ ਦੇ ਲੇਖਕ  ਸੂਰਿਯਾ ਕਾਂਤ ਤ੍ਰਿਪਾਠੀ ਨਿਰਾਲਾ ਆਪਣੀ ਪਤਨੀ ਦੇ ਵਿਯੋਗ ਵਿਚ ਸਾਰੀ ਉਮਰ ਬਿਰਹਾ ਦੀ ਅਗਨੀ ਵਿਚ ਜਲਦੇ ਰਹੇ ਪਰ ਜ਼ਿੰਦਗੀ ਦੇ ਫਰਜ਼ਾਂ ਨੂੰ ਫਿਰ ਵੀ ਕਦੇ ਨਹੀਂ ਭੁੱਲੇ। ਉਹਨਾਂ ਜ਼ਿੰਦਗੀ ਦੀਆਂ ਡਿਊਟੀਆਂ ਪੂਰੀਆਂ ਕਰਦਿਆਂ ਕਦੇ ਵੀ ਹਾਰ ਨਹੀਂ ਸੀ ਮੰਨੀ। ਆਪਣੇ ਇਸ ਦੁੱਖ ਦਾ ਗਿਲਾ ਵੀ ਉਹਨਾਂ ਕਦੇ ਕਿਸੇ ਨਾਲ ਵੀ ਨਾ ਕੀਤਾ। ਜਦੋਂ ਉਹਨਾਂ ਦੀ ਪਤਨੀ ਅਕਾਲ ਚਲਾਣਾ ਕਰ ਗਈ ਉਦੋਂ ਉਹਨਾਂ ਦੀ ਉਮਰ ਸਿਰਫ 20 ਸਾਲਾਂ ਦੀ ਸੀ। ਉਹ ਆਪਣੀ ਬੇਟੀ ਸਰੋਜ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਉਸ ਬੇਟੀ ਦਾ ਵਿਆਹ ਹੋਇਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੀ ਸਵਰਗੀ ਪਤਨੀ ਉਸਦੇ ਚਿਹਰੇ ਵਿੱਚੋਂ ਨਜ਼ਰ ਆ ਰਹੀ ਸੀ। ਫਿਰ ਉਹ ਬੇਟੀ ਵੀ ਵਿਧਵਾ ਹੋ ਗਈ ਅਤੇ ਵਿਧਵਾ ਹੋਣ ਮਗਰੋਂ ਛੇਤੀ ਹੀ ਚੱਲ ਵੱਸੀ। 

ਦੁੱਖਾਂ ਦੇ ਪਹਾੜ ਸ਼੍ਰੀ ਨਿਰਾਲਾ ਤੇ ਬੁਰੀ ਤਰ੍ਹਾਂ ਟੁੱਟੇ ਅਤੇ ਲਗਾਤਾਰ ਟੁੱਟਦੇ ਹੀ ਰਹੇ  ਪਰ ਫਿਰ ਵੀ ਨਿਰਾਲਾ ਜੀ ਅਡੋਲ ਬਣੇ ਰਹੇ। ਉਹਨਾਂ ਦਾ ਅੰਤਰਮਨ ਬਹੁਤ ਦੁਖੀ ਰਿਹਾ। ਬਾਹਰਲੀ ਮੁਸਕਰਾਹਟ ਅੰਦਰ ਦੇ ਦਰਦ ਨੂੰ ਲੁਕਾਉਂਦੀ ਰਹੀ ਪਰ ਇਹ ਅੰਦਰਲਾ ਦਰਦ ਸੀ ਕਿ ਲਗਾਤਾਰ ਵਧਦਾ ਹੀ ਰਿਹਾ। ਦਰਦ ਨੂੰ ਸੀਮਾ ਤੋਂ ਵੀ ਵੱਧ ਸਹਿੰਦਿਆਂ ਸਹਿੰਦਿਆਂ ਹਾਲਤ ਗੰਭੀਰ ਹੁੰਦੀ ਚਲੀ ਗਈ। ਅਖੀਰ ਉਹਨਾਂ ਨੂੰ Schizophrenia ਸਕੀਜ਼ੋਫ਼ਰੇਨੀਆਂ ਨਾਮ ਦੀ ਬਿਮਾਰੀ ਹੋ ਗਈ। ਮਾਨਸਿਕ ਵਿਖੰਡਤਾ ਨੇ ਉਹਨਾਂ ਦੀ ਰਹੀ ਸਹੀ ਜਾਨ ਵੀ ਚੂਸ ਲਈ। ਸਿਰਫ 62 ਸਾਲਾਂ ਦੀ ਉਮਰ ਵਿਚ ਹੀ ਉਹ ਚੱਲ ਵੱਸੇ। ਪਤਨੀ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਗਈ ਸੀ। ਫਿਰ ਵੀ ਸਾਡਾ ਸਮਾਜ ਪਤਨੀ ਦੀ ਕਦਰ ਉਸਦੇ ਜਿਊਂਦੇ ਜੀਅ ਨਹੀਂ ਕਰਦਾ। ਹੁਣ ਤਾਂ ਪੰਜਾਬ ਵਿੱਚ ਵੀ ਪਤਨੀਆਂ ਦੇ ਕਤਲ ਵੱਧ ਗਏ ਹਨ। ਇਹ ਸਭ ਕੁਝ ਯਾਦ ਆ ਰਿਹਾ ਹੈ ਦੱਖਣੀ ਭਾਰਤ ਦੀ ਇੱਕ ਖਬਰ ਨੂੰ ਪੜ੍ਹ ਕੇ। ਇਹ ਖਬਰ ਹਿਲਾ ਕੇ ਰੱਖ ਦੇਂਦੀ ਹੈ। 

ਇਹ ਖਬਰ ਕਰਨਾਟਕ ਦੀ ਹੈ। ਬਲੈਕ ਫੰਗਸ ਕਾਰਨ ਪਤਨੀ ਦੀ ਮੌਤ ਤੋਂ ਦੁਖੀ ਹੋ ਕੇ ਹੁਕੇਰੀ ਤਾਲੁਕ ਦੇ ਅਧੀਨ ਪੈਂਦੇ ਪਿੰਡ ਵਿੱਚ ਪਤੀ ਨੇ ਆਪਣੇ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ। ਅੰਦਾਜ਼ਾ ਲਗਾ ਲਓ ਸਦਮਾ ਕਿੰਨਾ ਜ਼ਿਆਦਾ ਲੱਗਿਆ ਹੋਏਗਾ। ਪੁਲਿਸ ਮੁਤਾਬਕ 46 ਸਾਲਾਂ ਦੀ ਉਮਰ ਦੇ ਗੋਪਾਲ ਹਦੀਮਾਨੀ ਨੇ ਆਪਣੇ ਚਾਰ ਬੱਚਿਆਂ ਸੋਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸ੍ਰੀਜਨ ਹਾਦੀਮਾਨੀ (8) ਦੇ ਨਾਲ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਅੱਜ ਸਵੇਰੇ ਜਦੋਂ ਪਰਿਵਾਰ ਵਿੱਚੋਂ ਕੋਈ ਵੀ ਬਾਹਰ ਨਾ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਜੁਲਾਈ ਵਿੱਚ ਗੋਪਾਲ ਦੀ ਪਤਨੀ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ। ਆਂਢੀ ਗੁਆਂਢੀ ਦੱਸਦੇ ਹਨ ਕਿ ਇਸ ਤੋਂ ਬਾਅਦ ਸਾਰਾ ਪਰਿਵਾਰ ਹੀ ਟੁੱਟ ਗਿਆ ਸੀ। ਜ਼ਾਹਿਰ ਹੈ ਕਿ ਇਸ ਪਰਿਵਾਰ ਵਿੱਚੋਂ ਚਲੀ ਗਈ ਉਹ ਔਰਤ ਹੀ ਇਸ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਚਲਾ ਰਹੀ ਸੀ। ਉਹ ਅਤੇ ਉਸ ਦੇ ਬੱਚੇ ਅਕਸਰ ਸਾਨੂੰ ਦੱਸਦੇ ਸਨ ਕਿ ਉਹ ਜ਼ਿੰਦਗੀ ਤੋਂ ਤੰਗ ਆ ਚੁੱਕੇ ਹਨ। ਫਿਰ ਵੀ ਅਜਿਹਾ ਨਹੀਂ ਸੀ ਲੱਗਦਾ ਕਿ ਉਹ ਸਾਰੇ ਜਣੇ ਏਨਾ ਵੱਡਾ ਕਦਮ ਚੁੱਕ ਲੈਣਗੇ। ਅਸੀਂ ਉਸ ਪਰਿਵਾਰ ਨੂੰ ਤਾਂ ਵਾਪਿਸ ਨਹੀਂ ਲਿਆ ਸਕਦੇ ਪਰ ਜਿਹਨਾਂ ਦੀਆਂ ਪਤਨੀਆਂ ਮੌਜੂਦ ਹਨ ਉਹ ਸਾਰੇ ਰਾਜ਼ੀ ਖੁਸ਼ੀ ਰਹਿਣ ਇਸ ਦੀ ਕਾਮਨਾ ਵੀ ਜ਼ਰੂਰ ਕਰ ਦੇਹਾਂ ਅਤੇ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਪਤੀ ਪਤਨੀ ਇੱਕ ਦੂਜੇ ਦੀ ਕਦਰ ਜ਼ਰੂਰ ਕਰਨ ਅਤੇ ਜਿਊਂਦੇ ਜੀਅ ਕਰਨ। 


ਅੱਜ ਯਾਦ ਆ ਰਹੇ ਹਨ ਫਿਰੋਜ਼ਪੁਰ ਵਾਲੇ ਸਵਰਗੀ ਲੇਖਕ ਗਿਆਨੀ ਰਾਜਿੰਦਰ ਸਿੰਘ ਛਾਬੜਾ। ਉਹ ਵੀ ਪਤਨੀ ਦੀ ਮੌਤ ਮਗਰੋਂ ਬੁਰੀ ਤਰ੍ਹਾਂ ਟੁੱਟ ਗਏ ਸਨ। ਉਹਨਾਂ ਬੜਾ ਕੁਝ ਲਿਖਿਆ ਵੀ। ਆਪਣੇ ਪਰਚੇ ਲਿਖਾਰੀ ਦਾ ਵਿਸ਼ੇਸ਼ ਅੰਕ ਵੀ ਕੱਢਿਆ ਪਰ ਖੁਦ ਮੁੜ ਕੇ ਕਦੇ ਨਾ ਜੁੜ ਸਕੇ। ਅਖੀਰ ਇਸੇ ਗਮ ਵਿਚ ਹੀ ਚੱਲ ਵੱਸੇ। ਗੁਰਬਾਣੀ ਨਾਲ ਪਿਆਰ, ਗੁਰਬਾਣੀ ਦਾ ਡੂੰਘਾ ਅਧਿਐਨ ਅਤੇ ਸਾਹਿਤਿਕ ਸਰਗਰਮੀਆਂ ਵੀ ਕੰਮ ਨਾ ਆ ਸਕੀਆਂ। ਇਸ ਦਰਦ ਦਾ ਇਲਾਜ ਸ਼ਾਇਦ ਕਿਤੇ ਨਹੀਂ ਸੀ ਅਤੇ ਇਸ ਦਰਦ ਨੂੰ ਸਮਝਣ ਅਤੇ ਵੰਡਾਉਣ ਵਾਲਾ ਵੀ ਕੋਈ ਨਹੀਂ ਸੀ। ਕੁਝ ਘੜੀਆਂ ਪੁਰਾਣੇ ਮਿੱਤਰਾਂ ਦਲੀਪ ਸਿੰਘ ਭੁਪਾਲ, ਹਰਮੀਤ ਵਿਦਿਆਰਥੀ, ਲਛਮਣ ਸਿੰਘ, ਪਾਲ ਸਿੰਘ, ਪੂਰਨ ਸਿੰਘ ਸੇਠੀ ਅਤੇ ਵਿਦਿਅਕ ਅਦਾਰਿਆਂ ਦੇ ਰੁਝੇਵਿਆਂ ਵਿਚ ਲੰਘ ਜਾਂਦੀਆਂ ਸਨ। ਬਾਕੀ ਸਮਾਂ ਇਕੱਲਾ ਹੀ ਹੁੰਦਾ ਯਾਦਾਂ ਨਾਲ ਭਰਿਆ ਹੋਇਆ। ਉਸ ਉਦਾਸੀ ਦਾ ਦਾਰੂ ਨਾ ਗੀਤ ਸੰਗਿਤ ਬਣ ਸਕਿਆ ਨਾ ਹੀ ਗ਼ਜ਼ਲਾਂ। 

ਅੰਮ੍ਰਿਤਸਰ ਵਾਲੇ ਬੇਹੱਦ ਉਤਸ਼ਾਹੀ ਅਤੇ ਸਰਗਰਮ ਰਹਿਣ ਵਾਲੇ ਲੇਖਕ ਜਤਿੰਦਰ ਪਾਲ ਸਿੰਘ ਜੌਲੀ ਵੱਲੋਂ ਅੱਗੇ ਵਧਣ ਦੀ ਰਫਤਾਰ ਤੂਫ਼ਾਨਾਂ ਨੂੰ  ਵੀ ਮਾਤ ਪਾਉਂਦੀ ਸੀ। ਉਸਦੀ ਬੁਧਿ ਬੇੱਹਦ ਤੀਖਣ। ਜਿਵੇਂ ਸੂਰਜਾਂ ਨਾਲ ਗੱਲਾਂ ਕਰਦੀ ਹੋਵੇ। ਉਸਦੇ ਸੁਭਾਅ ਵਿਚ ਅੰਤਾਂ ਦੀ ਨਿਮਰਤਾ ਵੀ ਸੀ। ਵੱਡੇ ਵੱਡੇ ਲੇਖਕ ਉਸ ਤੋਂ  ਮੁਤਾਸਿਰ ਸਨ। ਉਸਦਾ ਉੱਠਣਾ ਬੈਠਣਾ ਛੋਟੀ ਉਮਰੇ ਹੀ ਵੱਡੇ ਲੋਕਾਂ ਵਿਚ ਵੱਧ ਗਿਆ ਸੀ। ਉਸ ਨੂੰ ਅਹੁਦੇ ਵੀ ਚੰਗੇ ਮਿਲ ਗਏ ਸਨ। ਨੌਕਰੀਆਂ ਵੀ ਚੰਗੀਆਂ ਸਨ ਪਰ ਪਤਨੀ ਦੀ ਬੇਵਕਤੀ ਮੌਤ ਨੇ ਬਹੁਤ ਵੱਡਾ ਸਦਮਾ ਪਹੁੰਚਾਇਆ। ਪਤਨੀ ਦੇ ਦੇਹਾਂਤ ਵਾਲੇ ਇਸ ਹਾਦਸੇ ਮਗਰੋਂ ਜੌਲੀ ਨੇ ਇੱਕ ਕਿਤਾਬਚਾ ਵੀ ਲਿਖਿਆ ਸੀ ਜਿਹੜਾ ਕਮਾਲ ਦਾ ਸੀ। ਮੈਂ ਉਸਨੂੰ ਲਕਾਫ਼ੀ ਦੇਰ ਤੱਕ ਸੰਭਾਲਿਆ ਪਰ ਜਦੋਂ ਨਾਨਕਸ਼ਾਹੀ ਇੱਟ ਵਾਲੇ ਮਕਾਨ ਦੀ ਛੱਤ ਡਿੱਗੀ ਤਾਂ ਬਹੁਤ ਕੁਝ ਉਸ ਹੇਠਾਂ ਆ ਗਿਆ। ਉਸ ਕਿਤਾਬਚੇ ਨੂੰ ਪੜ੍ਹਦਿਆਂ ਸ਼੍ਰੀਮਤੀ ਜੌਲੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ। ਉਹ ਪਤਨੀ ਤੋਂ ਬਾਅਦ ਵੀ ਪਤਨੀ ਦਾ ਜਨਮਦਿਨ ਹੀ ਮਨਾਉਂਦੇ ਰਹੇ। ਜਲਦੀ ਹੀ ਖੁਦ ਵੀ ਇਸ ਦੁਨੀਆ ਤੋਂ ਚਲੇ ਗਏ। 

ਖੱਬੀ ਸਿਆਸਤ ਦੇ ਖਾਸ ਥੰਮਾਂ ਵਿੱਚੋਂ ਗਿਣੇ ਜਾਂਦੇ ਲੁਧਿਆਣਾ ਦੇ ਕਾਮਰੇਡ ਰਮੇਸ਼ ਰਤਨ ਨੂੰ ਅੱਜ ਵੀ ਪਤਨੀ ਦਾ ਵਿਯੋਗ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ। ਇਸ ਦਰਦ ਨੂੰ ਕਦੇ ਵੀ ਘਟਾਇਆ ਨਹੀਂ ਜਾ ਸਕਿਆ। ਉਹ ਸੀਪੀਆਈ ਦੇ ਸਰਗਰਮ ਆਗੂ ਹਨ। ਮਜ਼ਦੂਰਾਂ ਦੇ ਭਲੇ ਲਈ ਬਹੁਤ ਸਾਰੇ ਕੰਮ ਉਹਨਾਂ ਨੂੰ ਡਿਊਟੀ ਵਾਂਗ ਕਰਨੇ ਪੈਂਦੇ ਹਨ। ਉਹਨਾਂ ਦੀ ਪ੍ਰਤੀਬੱਧਤਾ ਵੀ ਹੈ ਅਤੇ ਲਗਨ ਵੀ। ਪਾਰਟੀ ਦੀਆਂ ਮੀਟਿੰਗਾਂ ਵੀ ਕਦੇ ਸਾਹ ਨਹੀਂ ਲੈਣ ਦੇਂਦੀਆਂ। ਸ਼ਾਮ ਤੱਕ ਥਕਾਵਟ ਬੁਰੀ ਤਰ੍ਹਾਂ ਘੇਰ ਲੈਂਦੀ ਹੈ। ਉਮਰ ਦਾ ਵੀ ਤਕਾਜ਼ਾ ਹੈ। ਫਿਰ ਵੀ ਜਦੋਂ ਕੁਝ ਪਲਾਂ ਲਈ ਇਕੱਲੇ ਹੁੰਦੇ ਹਨ ਤਾਂ ਉਦਾਸੀ ਘੇਰ ਲੈਂਦੀ ਹੈ। 

ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ.....

ਰਮੇਸ਼ ਰਤਨ ਦੇ ਸੀਏ ਬੇਟੇ ਨੇ ਬੜਾ ਵੱਡਾ ਘਰ ਬਣਾ ਲਿਆ ਹੈ। ਬਹੁਤ ਹੀ ਸ਼ਾਨਦਾਰ ਘਰ ਪਰ ਉਹਨਾਂ ਨੇ ਆਪਣਾ ਉਹ ਛੋਟਾ ਘਰ ਅਜੇ ਵੀ ਨਹੀਂ ਛੱਡਿਆ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਰਹਿੰਦੇ ਸਨ। ਉਹਨਾਂ ਨੂੰ ਅੱਜ ਵੀ ਉਹੀ ਘਰ ਚੰਗਾ ਲੱਗਦਾ ਹੈ। ਉਹ ਅੱਜ ਵੀ ਵੇਹਲੇ ਹੋ ਕੇ ਸ਼ਾਮ ਨੂੰ ਉਸੇ ਘਰ ਮੁੜ ਜਾਂਦੇ ਹਨ। ਉੱਥੇ ਜਾ ਕੇ ਪਤਨੀ ਦੀਆਂ ਯਾਦਾਂ ਹੋਰ ਸ਼ਿੱਦਤ ਨਾਲ ਮਹਿਸੂਸ ਹੋਣ ਲੱਗਦੀਆਂ ਹਨ। ਉੱਥੇ ਜਾ ਕੇ ਉਹਨਾਂ ਨੂੰ ਪਤਨੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਆਖਦੇ ਹਨ ਨਾ--ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ-ਨ ਜਾਣੇ ਕਿਸ ਗਲੀ ਮੈਂ ਜ਼ਿੰਦਗੀ ਕਿ ਸ਼ਾਮ ਹੋ ਜਾਏ। ਸ਼ਾਇਦ ਇਹ ਉਜਾਲਾ ਉਹੀ ਹੈ ਜਿਹੜਾ ਸਾਨੂੰ ਉਮਰ ਦੀ ਇਸ ਸੰਧਿਆਂ ਵੇਲੇ ਆਸਰਾ ਦੇਂਦਾ ਹੈ। ਕਿਸੇ ਰੱਬ  ਵਰਗਾ ਆਸਰਾ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੇ ਚਿਹਰੇ ਤੋਂ ਅੱਜ ਵੀ ਪਤਨੀ ਦੇ ਤੁਰ ਜਾਣ ਦੀ ਉਦਾਸੀ ਪੜ੍ਹੀ ਜਾ ਸਕਦੀ ਹੈ। ਅਮਰਜੀਤ ਕੌਰ ਦੇ ਨਾਮ ਵਾਲੀ ਉਹ ਵੱਡੀ ਬਿਲਡਿੰਗ ਅੱਜ ਵੀ ਚੱਲਦੀ ਹੈ ਪਰ ਹੁਣ ਉੱਥੇ ਪਹਿਲਾਂ ਵਾਲੀ ਰੌਣਕ ਨਹੀਂ। ਇਸਦੇ ਉਲਟ ਇੱਕ ਡੂੰਘੀ ਉਦਾਸੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਪ੍ਰੋਫੈਸਰ ਸਾਹਿਬ ਨੇ ਉਸ ਇਮਾਰਤ ਨੂੰ ਕਦੇ ਵੀ ਵਿਰਾਨ ਤਾਂ ਨਹੀਂ ਹੋਣ ਦਿੱਤਾ ਪਰ ਫਿਰ ਵੀ ਉਹ ਪੁਰਾਣੀ ਰੌਣਕ ਕਦੇ ਮੋਦੀ ਨਹੀਂ ਜਾ ਸਕੀ। ਉਥੇ ਅਕਸਰ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ। ਬਹੁਤ ਸਾਰੇ ਸੈਮੀਨਾਰ ਹੁੰਦੇ ਹਨ। ਦੁਨੀਆ ਦੇ ਦੁੱਖਾਂ ਦੇ ਕਾਰਨ ਬਣੀਆਂ ਕਾਲੀਆਂ ਤਾਕਤਾਂ  ਨਾਲ ਚੱਲਦੀ ਆਲਮੀ ਜੰਗ ਨੂੰ ਸਫਲ ਬਣਾਉਣ ਦੀਆਂ ਵਿਉਂਤਾਂ ਬਾਰੇ ਗੱਲਬਾਤ ਹੁੰਦੀ ਹੈ। ਪਰ ਫਿਰ ਵੀ ਜ਼ਿੰਦਗੀ ਦਾ ਉਹ ਪਹਿਲਾਂ ਵਾਲਾ ਅਹਿਸਾਸ ਜਿਵੇਂ ਮਨਫ਼ੀ ਹੋ ਗਿਆ ਹੈ। ਜਿਹਨਾਂ ਨੇ ਸ਼੍ਰੀਮਤੀ ਜਗਮੋਹਨ ਹੁਰਾਂ ਦੇ ਹੁੰਦੀਆਂ ਉੱਥੇ ਚਾਅ ਦਾ ਕੱਪ ਪੀਤਾ ਹੈ। ਉੱਥੇ ਕੁਝ ਘੜੀਆਂ ਲੰਘਾਈਆਂ ਹਨ ਉਹਨਾਂ ਨੂੰ ਪਤਾ ਹੈ ਪਹਿਲਾਂ ਉੱਥੇ ਕਿਹੜੀ ਊਰਜਾ ਸੀ ਜਿਹੜੀ ਹੁਣ ਨਹੀਂ ਰਹੀ। ਇੱਕ ਇੱਕ ਸ਼ਖ਼ਸੀਅਤ ਦੇ ਤੁਰ ਜਾਨ ਨਾਲ ਪਿਆ ਵਿਗੋਚਾ ਸਾਰਿਆਂ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਪਰ ਜਿਹਨਾਂ ਨੂੰ ਹੁੰਦਾ ਹੈ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। 

ਇਸੇ ਤਰ੍ਹਾਂ ਇਨਕਲਾਬੀਆਂ ਅਤੇ ਤਰਕਸ਼ੀਲਾਂ ਦੀ ਅਗਵਾਈ ਕਰਦੇ ਆਗੂ ਜਸਵੰਤ ਸਿੰਘ ਜੀਰਖ ਨੂੰ ਅੱਜ ਵੀ ਪਤਨੀ ਦੇ ਤੁਰ ਜਾਣ ਵਾਲੇ ਉਸ ਦਰਦ ਦਾ ਅਹਿਸਾਸ ਅਕਸਰ ਹੁੰਦਾ ਹੈ। ਉਹ ਅੱਜ ਵੀ ਆਪਣੀ ਉਸ ਜਾ ਚੁੱਕੀ ਪਤਨੀ ਦੀ ਯਾਦ ਵਿਚ ਮੈਡੀਕਲ ਕੈਂਪ ਲਗਵਾਉਂਦੇ ਹਨ। ਪਤਨੀ ਨੂੰ ਯਾਦ ਕਰਨ ਲਈ ਉਹਨਾਂ ਸਾਰੀ ਦੁਨੀਆ ਦੇ ਦਰਦ ਨੂੰ ਆਪਣਾ ਲਿਆ ਹੈ। ਦੁਨੀਆ ਦੇ ਦਰਦ ਵਿਚ ਹੀ ਉਹ ਪਤਨੀ ਦੇ ਤੁਰ ਜਾਣ ਵਾਲਾ ਦਰਦ ਭੁੱਲ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਫਿਰ ਵੀ ਇਹ ਦਰਦ ਕਦੇ ਘੱਟ ਨਹੀਂ ਹੁੰਦਾ। ਆਪਣੇ ਘਰ ਦੀ ਇਮਾਰਤ ਵਿਚ ਜਾਂਦਿਆਂ ਹੀ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਨੂੰ ਯਾਦ ਹੈ ਉਹਨਾਂ ਪਤਨੀ ਦੇ ਦੇਹਾਂਤ ਵੇਲੇ ਕੋਈ ਧਾਰਮਿਕ ਰਸਮ ਨਹੀਂ ਸੀ ਕੀਤੀ। ਉਹਨਾਂ ਦਾ ਅਕੀਦਾ ਨਾਸਤਿਕਤਾ ਵਾਲਾ ਰਿਹਾ। ਤਰਕਸ਼ੀਲਾਂ ਵਾਲਾ ਰਿਹਾ। ਉਹਨਾਂ ਦੀ ਪਤਨੀ ਉਹਨਾਂ ਦੇ ਇਸ ਅਕੀਦੇ ਨੂੰ ਹਮੇਸ਼ਾਂ ਪਕੇਰਾ ਕਰਦੀ ਰਹੀ। ਉਹਨਾਂ ਦਾ ਸਾਥ ਦੇਂਦੀ ਰਹੀ। ਸਰਕਾਰੀ ਦਾਬੇ ਅਕਸਰ ਪੈਂਦੇ ਸਨ। ਉਹਨਾਂ ਦਾ ਸਾਹਮਣਾ ਕਰਨ ਵੇਲੇ ਕਦੇ ਹਿੰਮਤ ਨਾ ਛੱਡੀ। ਪਤੀ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਚੁਣੌਤੀ ਨੂੰ ਕਬੂਲ ਕੀਤਾ। ਇਨਕਲਾਬੀ ਲਹਿਰ ਤੇਜ਼ ਰਹੇ ਇਸ ਲਈ ਹਮੇਸ਼ਾਂ ਸਰਗਰਮ ਵੀ ਰਹੀ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਜਸਵੰਤ ਜੀਰਖ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਬੜਾ ਧਿਆਨ ਰੱਖਿਆ ਕਿ ਇਹ ਸ਼ਰਧਾਂਜਲੀ ਉਹਨਾਂ ਵਿਚਾਰਾਂ ਬਾਂਗ ਹੀ ਸੂਹੀ ਸ਼ਰਧਾਂਜਲੀ ਹੋਵੇ। 

ਸੀਨੀਅਰ ਪੱਤਰਕਾਰ ਅਤੇ ਸੰਵੇਦਨਸ਼ੀਲ ਸ਼ਾਇਰ ਅਸ਼ਵਨੀ ਜੇਤਲੀ ਲਈ ਵੀ ਇਹ ਦੁੱਖ ਬਹੁਤ ਵੱਡਾ ਸੀ। ਬੇਟੇ ਦੇ ਤੁਰ ਜਾਣ ਮਗਰੋਂ ਪਤਨੀ ਨੇ ਹੀ ਉਹਨਾਂ ਨੂੰ ਸੰਭਾਲਿਆ ਹੋਇਆ ਸੀ। ਕਦੇ ਨਾ ਮੁੱਕਣ ਵਾਲੀ ਉਦਾਸੀ ਨੂੰ ਉਹਨਾਂ ਦੀ ਪਤਨੀ ਨੇ ਇਕੱਲਿਆਂ ਝੱਲਣ ਦੀ ਕੋਸ਼ਿਸ਼ ਕੀਤੀ ਤਾਂਕਿ ਇਹ ਉਦਾਸੀ ਅਸ਼ਵਨੀ ਜੇਤਲੀ ਤੱਕ ਕਦੇ ਨਾ ਪੁੱਜੇ ਪਰ ਆਖਰ ਇੱਕ ਦਿਨ ਉਹ ਖੁਦ ਹੀ ਤੁਰ ਗਈ। ਅਸ਼ਵਨੀ ਨੂੰ ਬਿਲਕੁਲ ਇਕੱਲਿਆਂ ਛੱਡ ਕੇ। ਉਦਾਸੀਆਂ ਦੇ ਇਹਨਾਂ ਵਾਵਰੋਲਿਆਂ ਵਿੱਚ ਅਸ਼ਵਨੀ ਇਕੱਲਾ ਰਹੀ ਗਿਆ। ਬਿਲਕੁਲ ਇਕੱਲਾ। ਅਸ਼ਵਨੀ ਨੇ ਕਈ ਕਵਿਤਾਵਾਂ ਵੀ ਲਿਖੀਆਂ ਜਿਹਨਾਂ ਨੂੰ ਪੜ੍ਹਦਿਆਂ ਦਿਲ ਭਰ ਆਉਂਦਾ ਹੈ। ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪਰ ਦਰਦ ਫਿਰ ਵੀ ਕਾਇਮ ਰਹਿੰਦਾ ਹੈ। ਦੁਨੀਆ ਭਰ ਦੇ ਹਾਸੇ ਖੇੜੇ ਇਸ ਦਰਦ ਨੂੰ ਨਹੀਂ ਭੁੱਲਣ ਦੇਂਦੇ। ਇਸ ਉਮਰੇ ਪਿਆ ਇਹ ਵਿਛੋੜਾ ਅਸਹਿ ਹੁੰਦਾ ਹੈ। ਇਨਸਾਨ ਕਿਵੇਂ ਜਿਊਂਦਾ ਹੈ ਇਹ ਉਹੀ ਜਾਣਦਾ ਹੈ। ਚਿਹਰੇ ਤੇ ਮੁਸਕਾਨ ਲਿਆ ਕੇ ਇਹ ਦਰਦ ਨਹੀਂ ਘਟਦੇ। ਗੀਤ ਸੰਗੀਤ ਸੁਣ ਕੇ ਵੀ ਗਮ ਨਹੀਂ ਘਟਦੇ। ਦੋ ਚਾਰ ਪੈਗ ਪੀ ਕੇ ਵੀ ਵਿਛੋੜੇ ਦੀ ਅਗਨੀ ਨਹੀਂ ਬੁਝਦੀ। ਬਾਕੀ ਬੱਚੀ ਜ਼ਿੰਦਗੀ ਪਹਾੜ ਵਰਗੀ ਲੰਮੀ ਅਤੇ ਕਾਲੀ ਲੱਗਣ ਲੱਗਦੀ ਹੈ। 

ਇਪਟਾ ਵਾਲੇ ਪ੍ਰਦੀਪ ਸ਼ਰਮਾ ਨੂੰ ਅੱਜ ਵੀ ਅੱਧੀ ਅੱਧੀ ਰਾਤ ਵੇਲੇ ਨੀਂਦ ਖੁੱਲ੍ਹ ਜਾਂਦੀ ਹੈ। ਉਹੀ ਸੁਪਨੇ, ਉਹੀ ਗੀਤ..., ਉਹੀ ਸੀਨ ਬਹੁਤ ਕੁਝ ਯਾਦ ਆਉਂਦਾ ਹੈ। ਉਹ ਹੁਣ ਵੀ ਲੁਧਿਆਣਾ ਦੇ ਸਰਕਾਰੀ ਕਾਲਜ ਜਾ ਪੁੱਜਦੇ ਹਨ ਜਿੱਥੇ ਉਹਨਾਂ ਦੀ ਪਤਨੀ ਵਿਆਹ ਤੋਂ ਪਹਿਲਾਂ ਪੜ੍ਹੀ ਸੀ। ਇਥੇ ਸ਼ਾਇਦ ਐਮ ਏ ਕੀਤੀ ਸੀ। ਸ਼ਰਮਾ ਜੀ ਹੁਣ ਵੀ ਕਾਲਜ ਦੀਆਂ ਕੰਧਾਂ ਨਾਲ ਗੱਲਾਂ ਕਰਦੇ ਹਨ। ਲਾਇਬ੍ਰੇਰੀ ਜਾ ਕੇ ਗੁੰਮਸੁੰਮ ਹੋ ਕੇ ਬੈਠੇ ਰਹਿੰਦੇ ਹਨ। ਇਸ ਦਰਦ ਨੂੰ ਉਹੀ ਜਾਣਦੇ ਹਨ। ਪਰਿਵਾਰ ਦੇ ਬਾਕੀ ਮੈਂਬਰ ਨਹੀਂ ਸਮਝ ਸਕਦੇ। ਬੱਚੇ ਆਖਦੇ ਹਨ ਕਿਸੇ ਹਿੱਲ ਸਟੇਸ਼ਨ ਤੇ ਜਾ ਆਓ। ਕਿਤੇ ਵਿਦੇਸ਼ ਘੁੰਮ ਆਓ ਪਰ ਸ਼ਰਮਾ ਜੀ ਅਕਸਰ ਮੌਨੂੰ ਦੱਸਦੇ ਕਿ ਪਤਨੀ ਬਿਨ ਜਾਣ ਦਾ ਹੁਣ ਮਨ ਹੀ ਨਹੀਂ ਕਰਦਾ। ਕਿੱਥੇ ਜਾਵਾਂ? ਪਤਨੀ ਦੇ ਹੁੰਦਿਆਂ ਲੁਕ ਲੁਕ ਕੇ ਬਣਾਈਆਂ ਵੀਡੀਓ ਦੇਖਦੇ ਰਹਿੰਦੇ ਹਨ। ਉਸਦੀ ਕੀਤੀਆਂ ਗੱਲਾਂ ਸੁਣਦੇ ਰਹਿੰਦੇ ਹਨ। ਇਸਦੇ ਨਾਲ ਹੀ ਪੁਰਾਣੇ ਗਾਣੇ ਸੁਣਦੇ ਰਹਿੰਦੇ ਹਨ। ਪੂਰਨਿਆਂ ਫ਼ਿਲਮਾਂ ਵੀ ਦੇਖਦੇ ਹਨ। ਪਰਿਵਾਰ ਤੋਂ ਲੁਕ ਕੇ ਹੰਝੂ ਵੀ ਵਹਾਉਂਦੇ ਹਨ ਪਰ ਦਰਦ ਕਿੱਥੇ ਰੁਕਦਾ ਹੈ! ਹਾਂ ਇਸ ਗਮ ਨੇ ਉਹਨਾਂ ਨੂੰ ਵੀਡੀਓ ਐਡੀਟਿੰਗ ਸਿੱਖਾਂ ਦਿੱਤੀ ਹੈ। ਪਤਨੀ ਦੀਆਂ ਤਸਵੀਰਾਂ ਤੇ ਮਨ ਭਾਉਂਦੇ ਗੀਤਾਂ ਦੀ ਆਵਾਜ਼ ਲੋੜ ਕਰ ਕੇ ਮਨ ਪਸੰਦ ਵੀਡੀਓ ਬਣਾ ਲੈਂਦੇ ਹਨ ਉਹ ਵੀ ਮੋਬਾਈਲ ਤੇ। 

ਇਹਨਾਂ ਸਤਰਾਂ ਦੇ ਲੇਖਕ ਰੈਕਟਰ ਕਥੂਰੀਆ ਨੂੰ ਵੀ ਇਸ ਦਰਦ ਦਾ ਅਹਿਸਾਸ ਸ਼ਿੱਦਤ ਨਾਲ ਹੁੰਦਾ ਰਿਹਾ ਹੈ ਅਤੇ ਅਕਸਰ ਹੁੰਦਾ ਹੀ ਰਹਿੰਦਾ ਹੈ। ਇਸ ਦਰਦ ਨੂੰ ਦੱਸਣਾ ਵੀ ਸੌਖਾ ਨਹੀਂ।  ਬਸ ਉਸ ਫ਼ਿਲਮੀ ਗੀਤ ਦੀਆਂ ਦੀਆਂ ਸਤਰਾਂ ਯਾਦ ਆਉਂਦੀਆਂ ਹਨ:

ਇੱਕ ਆਹ ਭਰੀ ਹੋਗੀ,

ਹਮਨੇ ਨ ਸੁਣੀ ਹੋਗੀ,

ਜਾਤੇ ਜਾਤੇ ਤੁਮਨੇ,

ਆਵਾਜ਼ ਤੋਂ ਦੀ ਹੋਗੀ। 

ਹਰ ਵਕਤ ਇਹੀ ਹੈ ਗਮ,

ਉਸ ਵਕਤ ਕਹਾਂ ਥੇ ਹਮ,

ਕਹਾਂ ਤੁਮ ਚਲੇ ਗਏ....!

ਇਹਨਾਂ ਉਪਰੋਕਤ ਸ਼ਖਸੀਅਤਾਂ ਦੇ ਨਾਂਵਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਤਾਂਕਿ ਇਹ ਗੱਲ ਦੱਸੀ ਜਾ ਸਕੇ ਕਿ ਪਹਾੜਾਂ ਵਰਗੀਆਂ ਇਹਨਾਂ ਸ਼ਖਸੀਅਤਾਂ ਲਈ ਵੀ ਇਸ ਵਿਛੋੜੇ ਦਾ ਦਰਦ ਸਹਿਣਾ ਕੋਈ ਸੌਖਾ ਨਹੀਂ ਸੀ। ਇਹਨਾਂ ਨੇ ਇਸ ਦਰਦ ਨੂੰ ਹੀ ਵਧਾ ਕੇ ਪੂਰੀ ਲੁਕਾਈ ਦੇ ਦਰਦ ਵਿੱਚ ਬਦਲ ਦਿੱਤਾ। ਪਤਨੀ ਦੇ ਦੇਹਾਂਤ ਮਗਰੋਂ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਦੀ ਖਬਰ ਚਾਰ ਸਤਰਾਂ ਵਿੱਚ ਵੀ ਦੱਸੀ ਜਾ ਸਕਦੀ ਸੀ ਪਰ ਇਸ ਦਰਦ ਨੂੰ ਹਰ ਦਿਲ ਵਿਚ ਜਗਾਉਣਾ ਜ਼ਰੂਰੀ ਹੈ। ਸ਼ਾਇਦ ਅਜਿਹਾ ਕਰਕੇ ਹੀ ਨਿੱਘਰਦੇ ਜਾ ਰਹੇ ਸਮਾਜ ਨੂੰ ਪੱਥਰ ਵਰਗਾ ਹੋਣੋ ਬਚਾਇਆ ਜਾ ਸਕੇ। ਪਹਿਲਾਂ ਸਿਰਫ ਚੰਡੀਗੜ੍ਹ ਹੀ ਪੱਥਰਾਂ ਦਾ ਸ਼ਹਿਰ ਸੁਣਦੇ ਸੇ ਪਰ ਹੁਣ ਤਾਂ ਸ਼ਾਇਦ ਪੂਰਾ ਸਮਾਜ ਹੀ ਪੱਥਰ ਵਰਗਾ ਹੁੰਦਾ ਜਾ ਰਿਹਾ ਹੈ।   --ਰੈਕਟਰ ਕਥੂਰੀਆ

ਪਹਿਲਾ ਪੜਾ ਹੈ ਇਸ਼ਕ ਦਾ ਨੁਕਤੇ ਤੇ ਸਿਮਟਣਾ,

ਦੂਜਾ ਪੜਾ ਹੈ ਧਰਤੀਆਂ ਅੰਬਰ ਤੇ ਛਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਜ਼ੁਲਫ਼ਾਂ ਦੀ ਦਾਸਤਾ,

ਅਗਲਾ ਪੜਾ ਹੈ ਦਾਸਾਂ ਦੇ ਬੰਧਨ ਛੁਡਾਣ ਦਾ ।   

                              --ਪ੍ਰੋਫੈਸਰ ਮੋਹਨ ਸਿੰਘ 

ਹੋਲੀ ਹੋਲੀ ਬਣ ਗਿਆ ਮਿੱਤਰਾਂ ਦਾ ਗਮ ਦੁਨੀਆ ਦਾ ਗਮ

Tuesday, June 08, 2021

ਆਤਮ ਹੱਤਿਆ ਕਰਨ ਵਾਲੇ ਜਿੰਮ ਟ੍ਰੇਨਰ ਦੇ ਪਰਿਵਾਰ ਦੀ ਸਾਰ ਲਈ

8th June 2021 at 6:01 PM

ਸੁਖਵਿੰਦਰ ਸਿੰਘ ਬਿੰਦਰਾ ਨੇ ਫੜੀ ਬਾਂਹ-ਸਰਕਾਰ ਵੱਲੋਂ ਹਰ ਮਦਦ ਦਾ ਭਰੋਸਾ 


ਲੁਧਿਆਣਾ
: 08 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਲੱਗੇ ਲਾਕ ਡਾਊਨ ਦੀ ਮਾਰ ਨੇ ਲੋਕਾਂ ਦੀ ਆਰਥਿਕਤਾ ਤਬਾਹ ਕਰ ਦਿੱਤੀ ਅਤੇ ਤਬਾਹ ਹੋਈ ਅਰਥਿੱਕਤਾ ਨੇ ਮੱਧਵਰਗੀ ਲੋਕਾਂ ਜਿਊਣਾ ਦੂਭਰ ਕਰ ਦਿੱਤਾ। ਜਦੋਂ ਖਰਚੇ ਤਾਂ ਜਾਰੀ ਰਹਿਣ ਪਰ ਆਮਦਨ ਦੇ ਜ਼ਰੀਏ ਬੰਦ ਹੋ ਜਾਣ ਤਾਂ ਘਰਾਂ ਵਿਚਲੀ ਨਿੱਕੀ ਮੋਤੀ ਗੱਲ ਤੇ ਹੁੰਦੀ ਬਹਿਸ ਵੀ ਜਾਨਲੇਵਾ ਮਾਹੌਲ ਬਣਾ ਦੇਂਦੀ ਹੈ। ਅਸੀਂ ਅਸਲੀ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਨਾਲ ਉਸਨੇ ਵਾਪਿਸ ਨਹੀਂ ਮੁੜ ਆਉਣਾ। ਬਰਿੰਦਰ ਕੋਹਲੀ ਫਿਟਨੈਸ ਟ੍ਰੇਨਰ ਸੀ ਅਤੇ ਹੁਣ ਉਹ ਨਹੀਂ ਰਿਹਾ। ਉਸਨੇ ਆਤਮ ਹੱਤਿਆ ਕਰ ਲਈ। 

ਜ਼ਿਰਯੋਗ ਹੈ ਕਿ ਇਕ ਨੌਜਵਾਨ ਫਿੱਟਨੈਸ ਟ੍ਰੇਨਰ ਬਰਿੰਦਰ ਕੋਹਲੀ ਜਿਸਦੀ ਉਮਰ ਅਜੇ 3 ਸਾਲ ਦੀ ਹੀ ਸੀ ਉਸਨੇ ਬੀਤੇ ਦਿਨੀਂ ਆਤਮ ਹੱਤਿਆ ਕਰ ਲਈ। ਉਸਦੇ ਦੇ ਪਰਿਵਾਰ ਲਈ ਮੱਦਦ ਦਾ ਹੱਥ ਵਧਾਉਂਦੇ ਹੋਏ, ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਸਦੇ ਇੱਕ ਪਰਿਵਾਰਿਕ ਮੈਂਬਰ ਨੂੰ ਜਲਦ ਨੌਕਰੀ ਦੇਣ ਦਾ ਮਾਮਲਾ ਵੀ ਸਰਕਾਰ ਕੋਲ ਰੱਖਿਆ ਜਾਵੇਗਾ।

ਪੀੜਤ ਦੇ ਘਰ 25000 ਰੁਪਏ ਦੀ ਵਿੱਤੀ ਸਹਾਇਤਾ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟ੍ਰੇਨਰ ਦੇ 7 ਸਾਲ ਦੇ ਬੇਟੇ ਨੂੰ ਹੋਰ ਵਿੱਤੀ ਸਹਾਇਤਾ ਅਤੇ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਵੀ ਲਿਖਣਗੇ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਜਲਦ ਜਿੰਮ ਖੋਲ੍ਹਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿਉਂਕਿ ਕੋਵਿਡ ਦੀ ਸਥਿਤੀ ਢਲਾਣ ਵੱਲ ਜਾ ਰਹੀ ਹੈ ਤਾਂ ਜੋ ਜਿੰਮ ਦੇ ਮਾਲਕ/ਟ੍ਰੇਨਰ ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਸਕਣ। 

ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੀ ਹੱਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਜਿੰਮ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਖੇਡ ਦੌਰਾਨ ਟੀਮ ਦੀ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਉੱਤਮ ਬਣਨ ਵਿਚ ਸਹਿਯੋਗ  ਕਰ ਸਕਦੀ ਹੈ।

ਅਜਿਹੀਆਂ ਘਟਨਾਵਾਂ ਦੇ ਖਦਸ਼ੇ ਕਾਰਨ ਜਿੰਮ ਵਾਲਿਆਂ ਨੇ ਬਹੁਤ ਵਾਰ ਸਰਕਾਰ ਨੂੰ ਬੇਨਤੀਆਂ ਵੀ ਕੀਤੀਆਂ। ਅੰਦੋਲਨ ਵੀ ਕੀਤੇ। ਧਰਨੇ ਵੀ ਦਿੱਤੇ ਪਰ ਉਹਨਾਂ ਨੂੰ ਰਾਹਤ ਨਾ ਮਿਲੀ। ਉਹਨਾਂ ਨੂੰ ਬਿਲਡਿੰਗਾਂ ਦੇ ਕਿਰਾਏ ਵੀ ਪੈਂਦੇ ਰਹੇ, ਬਿਜਲੀਆਂ ਦੇ ਬਿਲ ਵੀ ਆਉਂਦੇ ਰਹੇ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ ਵੀ ਉਠਾਉਣੇ ਪਏ।  ਜਿਹਨਾਂ ਕੋਲ ਦੋ ਦੋ ਜਿੰਮ ਸਨ ਉਹਨਾਂ ਵਿੱਚ ਕਈਆਂ ਨੂੰ ਇੱਕ ਇੱਕ ਜਿੰਮ ਬੰਦ ਵੀ ਕਰਨਾ ਪਿਆ ਅਤੇ ਜਿੰਮ ਵਾਲੀਆਂ ਮਸ਼ੀਨਾਂ ਚੁਥਾਈ ਤੋਂ ਵੀ ਘੱਟ ਰੇਟਾਂ ਤੇ ਵੇਚਣੀਆਂ ਪਈਆਂ ਤਾਂ ਕਿ ਗੁਜ਼ਾਰਾ ਚੱਲ ਸਕੇ। 

ਮੈਡਮ ਕੋਮਲ ਸ਼ਰਮਾ ਅਤੇ ਉਹਨਾਂ ਦੇ ਪਤੀ ਵਿਨੇ ਸ਼ਰਮਾ ਨੇ ਦੱਸਿਆ ਕਿ ਇਸ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਦੌਰ ਵਿੱਚ ਤਬਾਹ ਹੋ ਚੁੱਕੇ ਹਨ। ਉਹ ਕਰਜ਼ਿਆਂ ਦੇ ਭਾਰ ਹੇਠਾਂ ਏਨਾ ਦੱਬ ਚੁੱਕੇ ਹਨ ਕਿ ਦੁਬਾਰਾ ਉਭਰਨਾ ਸੌਖਾ ਨਹੀਂ ਰਿਹਾ। ਅਜਿਹੇ ਦੌਰ ਵਿੱਚ ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਬਹੁਤ ਕੁਝ ਦੱਸਦੀ ਹੈ। ਲੋੜ ਹੈ ਇਸ ਇੰਡਸਟਰੀ ਨਾਲ ਜੁੜੇ ਹਰ ਪਰਿਵਾਰ ਨੂੰ ਇੱਕ ਵਾਰ ਫੇਰ ਪੈਰਾਂ ਸਰ ਕਰਨ ਦੀ ਲੋੜ ਹੈ। ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਵਰਗੀਆਂ ਘਟਨਾਵਾਂ ਰੋਕਣ ਲਈ ਇਸ ਪਾਸੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। 

ਲਾਕਡਾਊਨ ਦੀ ਮਾਰ ਹੇਠ ਆਈ ਜਿੰਮ ਅਤੇ ਫਿਟਨੈਸ ਇੰਡਸਟਰੀ ਨੂੰ ਬਚਾਉਣ ਲਈ ਮੈਡਮ ਕੋਮਲ ਸ਼ਰਮਾ, ਵਿਨੇ ਸ਼ਰਮਾ ਦੇ ਨਾਲ ਨਾਲ ਆਸ਼ੂ ਸੱਗੜ, ਕੁਨਾਲ ਬਜਾਜ ਅਤੇ ਵਿੱਕੀ ਨੇ ਵੀ ਸੰਘਰਸ਼ਾਂ ਵਿੱਚ ਹਿੱਸਾ ਪਾਇਆ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਰਿੰਦਰ ਕੋਹਲੀ ਆਤਮ ਹੱਤਿਆ ਕਰ ਗਿਆ। ਸਰਕਾਰ ਨੂੰ ਹੁਣ ਤਾਂ ਇਸ ਇੰਡਸਟਰੀ ਦੇ  ਬਚਾਓ ਲਈ  ਚਾਹੀਦਾ ਹੈ!

Tuesday, July 30, 2019

ਮਾਹਿਲਪੁਰ ਵਿੱਚ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਸਮਾਜਿਕ ਸੰਗਠਨ ਲਗਾਤਾਰ ਬੇਖਬਰ ਹਨ ਖੁਦਕੁਸ਼ੀਆਂ ਦੇ ਵਰਤਾਰੇ ਤੋਂ 
ਮਾਹਿਲਪੁਰ: 30 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿੱਚ ਚੱਲੀ ਖੁਦਕੁਸ਼ੀਆਂ ਦੀ ਹਨੇਰੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਨੌਜਵਾਨ, ਬਜ਼ੁਰਗ ਇਥੋਂ ਤੱਕ ਕਿ ਬੱਚੇ ਵੀ  ਰਾਹ ਤੇ ਤੁਰ ਰਹੇ ਹਨ। ਸਾਡੇ ਰਹਿਬਰਾਂ ਅਤੇ ਸਿਸਟਮ ਨੇ ਪਤਾ ਨਹੀਂ ਕਿ ਬੀਜਿਆ ਹੈ। ਬੜੇ ਖਤਰਨਾਕ ਸਿੱਟੇ ਸਾਹਮਣੇ  ਆ ਰਹੇ ਹਨ। ਖ਼ੁਦਕੁਸ਼ੀ ਦੀ ਨਵੀਂ ਖਬਰ ਆਈ ਹੈ ਮਾਹਿਲਪੁਰ ਤੋਂ। 
ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਭਾਤਪੁਰ ਦੇ ਇੱਕ ਨੌਜਵਾਨ ਨੇ ਸੈਲਾ ਖ਼ੁਰਦ ਵਿਖੇ ਇੱਕ ਪਾਣੀ ਦੀ ਟੈਂਕੀ 'ਤੇ ਚੜ੍ਹ  ਕੇ ਛਾਲ ਮਾਰ ਦਿੱਤੀ ਹੈ। ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਗੱਲ ਗੱਲ 'ਤੇ ਅਖਬਾਰੀ ਤਸਵੀਰਾਂ ਵਿੱਚ ਆਪਣਾ ਨਾਮ ਦੇਖਣ ਦੇ ਚਾਹਵਾਨਾਂ ਅਤੇ ਸਮਾਜਿਕ ਸੰਗਠਨਾਂ ਨੇ ਖੁਦਕੁਸ਼ੀਆਂ ਦੇ  ਇਸ ਵੱਧ ਰਹੇ ਵਰਤਾਰੇ 'ਤੇ ਲਗਾਤਾਰ ਚੁੱਪੀ ਧਾਰੀ ਹੋਈ ਹੈ। ਜਿੱਥੋਂ ਤੱਕ ਪੁਲਿਸ ਅਤੇ ਪ੍ਰਸ਼ਾਸਨ ਦਾ ਸਬੰਧ ਹੈ ਉਹ ਵੀ ਆਪਣੀ ਕਾਰਵਾਈ ਪਾ ਕੇ ਗੱਲ ਨੂੰ ਖਤਮ ਕਰ ਦੇਣਗੇ। ਆਖਿਰ ਉਸ ਨੌਜਵਾਨ ਨੇ ਖ਼ੁਦਕੁਸ਼ੀ ਕਿਓਂ ਕੀਤੀ ਇਸ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ। 
ਖੁਦਕੁਸ਼ੀਆਂ ਦੀ ਇਸ ਝੜੀ ਵਰਗੇ ਮੌਸਮ ਵਿੱਚ ਉਮੀਦ ਦੀ ਕਿਰਨ ਹੈ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਉਤਸ਼ਾਹ ਟੀਮ ਕੋਲੋਂ। ਡਾਕਟਰ ਸਰਬਜੀਤ ਸਿੰਘ ਹੁਰਾਂ ਦੀ ਦੇਖਰੇਖ ਹੇਠ ਸਰਗਰਮ ਇਸ ਟੀਮ ਨੇ ਇਸ ਪਾਸੇ ਲਗਾਤਾਰ ਬਹੁਤ ਕੰਮ ਕੀਤਾ ਹੈ ਪਰ ਚੁੱਪ ਰਹਿ ਕੇ। ਨਾ ਕੋਈ ਸ਼ੋਰਸ਼ਰਾਬਾ ਅਤੇ ਨਾ ਹੀ ਅਖਬਾਰੀ ਦਾਅਵੇ। ਸਿਰਫ ਕੰਮ ਅਤੇ ਸਿਰਫ ਕੰਮ। ਇਸ ਟੀਮ ਦੇ ਛੋਟੇ ਛੋਟੇ ਮੈਂਬਰ ਵੀ ਪ੍ਰਤੀਬੱਧ ਅਤੇ ਸਮਰਪਿਤ ਹਨ।  ਚੰਗਾ ਹੋਵੇ ਜੇ ਹਰ ਪਿੰਡ ਵਿੱਚ ਉਤਸ਼ਾਹ ਟੀਮ ਦੇ ਮੈਂਬਰ ਮੌਜੂਦ ਰਹਿਣ। ਸਰਕਾਰਾਂ ਕੋਲੋਂ ਕੋਈ ਉਮੀਦ ਨਹੀਂ ਪਰ ਇਹ ਟੀਮ ਇਸ ਸੀਨ ਨੂੰ ਬਦਲ ਸਕਦੀ ਹੈ।  

Saturday, March 02, 2019

ਪਿੰਡ ਸੰਗੋਵਾਲ:ਜਮਹੂਰੀ ਅਧਿਕਾਰ ਸਭਾ ਵੱਲੋਂ ਕੀਤੀ ਗਈ ਜਾਂਚ

Mar 2, 2019, 4:50 PM
ਛੇੜਛਾੜ ਮਗਰੋਂ ਪਿੰਡ ਸੰਗੋਵਾਲ ਦੀ ਦਲਿਤ ਲੜਕੀ ਨੇ ਕੀਤੀ ਸੀ ਖੁਦਕੁਸ਼ੀ 
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਟੀਮ)::

ਜਮਹੂਰੀ ਅਧਿਕਾਰ ਸਭਾ (ਜ਼ਿਲ੍ਹਾ ਲੁਧਿਆਣਾ) ਨੇ ਪਿਛਲੇ ਦਿਨੀਂ ਲੁਧਿਆਣਾ ਨੇੜੇ ਪੈਂਦੇ ਪਿੰਡ ਸੰਗੋਵਾਲ ਦੀ ਇਕ ਦਲਿਤ ਲੜਕੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਕਾਰਣਾਂ  ਬਾਰੇ ਜਾਂਚ ਕੀਤੀ ਗਈ। ਜਾਂਚ ਕਮੇਟੀ ਵਿੱਚ ਜਸਵੰਤ ਜੀਰਖ, ਸਤੀਸ਼ ਸੱਚਦੇਵਾ ਅਤੇ ਰੈਕਟਰ ਕਥੂਰੀਆ ਸ਼ਾਮਲ ਹਨ। ਇਸ ਦੌਰਾਨ ਪਾਇਆ ਗਿਆ ਕਿ ਇਹ 22 ਕੁ ਸਾਲਾ ਲੜਕੀ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ, ਜੋ ਪਿੰਡ ਦੇ ਹੀ ਇਕ ਕਿਸਾਨ ਬਿੱਕਰ ਸਿੰਘ ਦੇ ਘਰ ਸਾਫ਼ ਸਫਾਈ ਦਾ ਕੰਮ ਕਰਦੀ ਸੀ। 19 ਫ਼ਰਵਰੀ ਦੀ ਸ਼ਾਮ ਜਦੋਂ ਇਹ ਲੜਕੀ ਆਪਣਾ ਕੰਮ ਖਤਮ ਕਰਨ ਬਾਅਦ ਆਪਣੇ ਘਰ ਨੂੰ ਆ ਰਹੀ ਸੀ ਤਾਂ ਪਿੰਡ ਦੇ ਹੀ ਦੋ ਲੜਕਿਆਂ ਜੋ ਦੋਵੇਂ ਹੀ ਜੌੜੇ ਭਰਾ ਹਨ, ਨੇ ਇਸ ਲੜਕੀ ਨੂੰ ਮੰਦ ਭਾਵਨਾ ਨਾਲ ਫੜਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ। ਪਰ ਲੜਕੀ ਦੇ ਰੌਲਾ ਪਾਣ ਤੇ ਉਸੇ ਰਸਤੇ ਪੱਠੇ ਲੈਕੇ ਲੰਘ ਰਹੀਆਂ ਔਰਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਲੜਕੀ ਨੇ ਨੇੜੇ ਪੈਂਦੇ ਇਕ ਘਰ ਅੰਦਰ ਬੜਕੇ ਆਪਣਾ ਬਚਾਅ ਕੀਤਾ।ਉਸ ਨੇ ਘਰ ਆਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਸ਼ਾਮ ਵੇਲੇ ਬਿੱਕਰ ਸਿੰਘ ਨੇ ਲੜਕੀ ਦੇ ਘਰ ਆਕੇ ਕਿਹਾ ਕਿ ਤੁਸੀਂ ਕੋਈ ਕਾਰਵਾਈ ਨਾ ਕਰੋ ਮੈਂ ਆਪ ਉਹਨਾਂ ਲੜਕਿਆਂ ਨੂੰ ਸਬਕ ਸਿਖਾਵਾਂਗਾ। ਇਸ ਬਾਅਦ ਬਿੱਕਰ ਸਿੰਘ ਦੋਵਾਂ ਲੜਕਿਆਂ ਨੂੰ ਕਾਰ ‘ਚ ਬਿਠਾਕੇ ਆਲਮਗੀਰ ਛੱਡ ਆਇਆ । ਜਦੋਂ ਦੋ ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਲੜਕੀ ਨੇ ਮਯੂਸੀ ਵਿੱਚ ਆਕੇ 22 ਫ਼ਰਵਰੀ ਨੂੰ ਆਪਣੇ ਘਰ ਅੰਦਰ ਹੀ ਪੱਖੇ ਨਾਲ ਲਟਕਕੇ ਖ਼ੁਦਕੁਸ਼ੀ ਕਰ ਲਈ।
       ਪਤਾ ਲੱਗਣ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਵੀ ਪਹੁੰਚ ਗਈ। ਲੜਕੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੁਧਿਆਣੇ ਲਿਜਾਇਆ ਗਿਆ, ਜਿੱਥੇ ਉਸ ਦਿਨ ਪੋਸਟ-ਮਾਰਟਮ ਨਹੀਂ ਹੋਇਆ। ਦੂਜੇ ਦਿਨ 12.30 ਵਜੇ ਪੋਸਟ-ਮਾਰਟਮ ਹੋ ਗਿਆ , ਪਰ ਹਸਪਤਾਲ ਨੇ ਲਾਸ਼ ਪਿੰਡ ਲੈਕੇ ਜਾਣ ਲਈ ਵੈਨ ਦੇਣੋ ਇਨਕਾਰ ਕਰ ਦਿੱਤਾ। ਪੁਲਸ ਵੀ ਮੌਕੇ ਤੇ ਲੇਟ ਆਣ ਕਰਕੇ ਲੋਕਾਂ ਵਿੱਚ ਗ਼ੁੱਸਾ ਫੈਲ ਗਿਆ। ਮੌਕੇ ਤੇ SHO ਪ੍ਰੇਮ ਸਿੰਘ ਨਾਲ ਵੀ ਲੇਟ ਪਹੁੰਚਣ ਕਰਕੇ ਬਹਿਸ ਮੁਵਾਸਾ ਹੋਇਆ। ਪ੍ਰੇਮ ਸਿੰਘ ਵੱਲੋਂ ਉਲਟਾ ਧਮਕੀਆਂ ਦੇਣ ਕਾਰਨ ਮਾਮਲਾ ਹੋਰ ਵਿਗੜ ਗਿਆ ਜਿਸ ਕਰਕੇ ਲੋਕਾਂ ਨੇ ਲੜਕੀ ਦੀ ਲਾਸ਼ ਨੂੰ ਮੰਜੇ ਉੱਪਰ ਚੁੱਕਕੇ ਹੀ D C ਦਫਤਰ ਲੈਕੇ ਜਾਣ ਦਾ ਫੈਸਲਾ ਕਰ ਲਿਆ। ਪੁਲਸ ਨੇ ਉਸ ਵੇਲੇ ਵੀ ਲੋਕਾਂ ਨਾਲ ਬਦਸਲੂਕੀ ਕੀਤੀ, ਇੱਥੋਂ ਤੱਕ ਕਿ ਪੰਚਾਇਤ ਮੈਂਬਰ ਰਣਬੀਰ ਸਿੰਘ ਦੀ ਪੁਲਿਸ ਨੇ ਧੱਕਾ ਮੁੱਕੀ ਕਰਦਿਆਂ ਪੱਗ ਵੀ ਲਾਹ ਦਿੱਤੀ ਤੇ ਉਸ ਦੇ ਭਰਾ ਨੂੰ ਵੀ ਚੁੱਕਕੇ ਲੈ ਗਈ।ਪਿੰਡ ਵਾਸੀ  ਗੁਰਬਖਸ ਸਿੰਘ ਫ਼ੌਜੀ ਨੂੰ ਵੀ ਲੈ ਗਈ ।
     D C ਦਫਤਰ ਲਾਸ਼ ਰੱਖਕੇ ਇਨਸਾਫ਼ ਦੀ ਮੰਗ ਕੀਤੀ ਗਈ ਜਿੱਥੇ A D C ਜਸਕਰਨ ਸਿੰਘ ਤੇਜਾ ਨੇ ਸਾਰੀ ਸਥਿਤੀ ਸਮਝਦਿਆਂ ਪੁਲਸ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਉਸੇ ਵੇਲੇ SHO ਪ੍ਰੇਮ ਸਿੰਘ ਨੂੰ ਲਾਈਨ ਹਾਜ਼ਰ ਕਰਨ ਬਾਰੇ ਵੀ ਲੋਕਾਂ ਨੂੰ ਸੂਚਨਾ ਦੇਕੇ ਉਹਨਾਂ ਨੂੰ ਸ਼ਾਂਤ ਕੀਤਾ। ਦੋਸ਼ੀਆਂ ਜਗਦੀਪ ਸਿੰਘ ਅਤੇ ਜੁਗਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਵੀ ਕੀਤੀ ਗਈ ਅਤੇ ਬਿੱਕਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਭਾ ਨੇ ਸਿੱਟਾ ਕੱਢਦਿਆਂ ਸਪਸਟ ਕੀਤਾ  ਹੈ ਕਿ ਆਮ ਗਰੀਬ ਲੋਕਾਂ ਲਈ ਕੋਈ ਪੱਕਾ ਰੋਜ਼ਗਾਰ ਨਾ ਹੋਣ ਕਾਰਣ, ਉਹਨਾਂ ਦੇ ਬੱਚਿਆਂ/ ਔਰਤਾਂ ਨੂੰ ਅਜਿਹੇ ਵਰਤਾਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਉਹਨਾਂ ਦੀ ਗਰੀਬੀ ਦਾ ਅਕਸਰ ਹੀ ਗੁੰਡਾ ਅਨਸਰ ਫ਼ਾਇਦਾ ਉਠਾਉਂਦੇ ਹਨ।ਸਰਕਾਰ ਉਹਨਾਂ ਦੀਆਂ ਵੋਟਾਂ ਲੈਕੇ ਗੱਦੀਆਂ ਤਾਂ ਸਾਂਭ ਲੈਂਦੀ ਹੈ ਪਰ ਉਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਠੋਸ ਉਪਰਾਲੇ ਨਹੀਂ ਕਰਦੀ।ਪੁਲਸ ਵੱਲੋਂ ਕਾਨੂੰਨ ਅਵਸਥਾ ਸੁਧਾਰਨ ਦੀ ਬਜਾਏ ਖ਼ੁਦ ਹੀ ਕਾਨੂੰਨ ਦੀ ਉਲੰਘਣਾ ਕਰਨਾ ਆਮ ਗੱਲ ਹੈ। ਸਭਾ ਮੰਗ ਕਰਦੀ  ਸਿਵਲ ਹਸਪਤਾਲ ਵੱਲੋਂ ਲਾਸ਼ ਲਿਜਾਣ ਲਈ ਵੈਨ ਨਾ ਦੇਣ ਖ਼ਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।ਪੁਲਸ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ਅਤਿ ਘਟੀਆ ਹੋਣ ਕਰਕੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਲੜਕੀ ਦੇ ਅਤਿ ਗਰੀਬ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਹੀਂ ਪੈਰਾਂ ਸਿਰ ਕੀਤਾ ਜਾਵੇ। ਲੜਕੀ ਦਾ ਭਰਾ ਜੋ ਕੰਮ ਕਾਰ ਕਰਨ ਤੋਂ ਅਪਾਹਜ ਹੈ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇ।  

Wednesday, September 05, 2018

ਖੁਦਕੁਸ਼ੀਆਂ ਰੋਕਣ ਲਈ ਵਿਚਾਰ-ਚਰਚਾ 10 ਸਤੰਬਰ ਨੂੰ ਪੀਏਯੂ ਵਿੱਚ

Sep 5, 2018, 4:53 PM
ਰਲ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਫਿਰ ਦੁਹਰਾਇਆ 
ਲੁਧਿਆਣਾ: 5 ਸਤੰਬਰ 2018: (ਪੰਜਾਬ ਸਕਰੀਨ ਟੀਮ)::
ਸਾਡੇ ਸਮਾਜ ਅਤੇ ਸਾਡੇ ਸਿਆਸੀ ਆਗੂਆਂ ਨੇ ਆਪਣੀ ਇਸ ਧਰਤੀ ਅਤੇ ਇਸ ਧਰਤੀ ਦੇ ਲੋਕਾਂ ਨਾਲ ਜਿਹੜਾ ਵਤੀਰਾ ਅਪਣਾਈ ਰੱਖਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਸਰਕਾਰੀ ਅਦਾਰਾ ਹੈ ਜਿਸਦੀਆਂ ਆਪਣੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਹਨ। ਮਜਬੂਰੀਆਂ ਦੇ ਜੰਜਾਲ ਅਤੇ ਆਪਣੀਆਂ ਸੀਮਿਤ ਜਿਹੀਆਂ ਸ਼ਕਤੀਆਂ ਦੇ ਬਾਵਜੂਦ ਪੀਏਯੂ ਨੇ ਕਈ ਵਾਰ ਇਤਿਹਾਸ ਰਚਿਆ ਹੈ। ਖੁਦਕੁਸ਼ੀਆਂ ਦੀ ਜਿਹੜੀ ਹਨੇਰੀ ਹੁਣ ਝੁੱਲ ਰਹੀ ਹੈ ਉਸ ਬਾਰੇ ਪੀਏਯੂ ਦੇ ਮਾਹਰਾਂ ਨੇ ਬਹੁਤ ਹੀ ਭਾਂਪ ਲਿਆ ਸੀ।  ਨਾ ਸਿਰਫ ਭਾਂਪ ਲਿਆ ਸੀ ਬਲਕਿ ਇਹਨਾਂ ਦੀ ਰੋਕਥਾਮ ਲਈ ਰੱਬ ਦੀ ਪੂਜਾ ਵਾਂਗ ਇੱਕ ਮੁਹਿੰਮ ਵੀ ਚਲਾਈ ਸੀ। ਪੰਜਾਬ ਦੀ ਨੌਜਵਾਨੀ ਉੱਤੇ ਕੀਤਾ ਗਿਆ ਸੂਖਮ ਵਾਰ ਰੋਕਣ ਲਈ ਪੀਏਯੂ ਨੇ ਪੂਰੀ ਵਾਹ ਵੀ ਲਾਈ ਪਰ ਹੋਣੀ ਤਾਂ ਹੋ ਕੇ ਰਹਿੰਦੀ ਹੈ। ਇਸਦੇ ਬਾਵਜੂਦ ਪੀਏਯੂ ਦੀ ਮੁਹਿੰਮ ਨੇ ਬਹੁਤ ਸਾਰੀਆਂ ਅਨਮੋਲ ਜਾਨਾਂ ਬਚਾਈਆਂ। ਸਮਾਜ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ। 
ਹੁਣ ਜਦੋਂ ਕਿ ਇਸ ਵਾਰ ਫੇਰ 10 ਸਤੰਬਰ ਨੂੰ ਵਿਸ਼ਵ ਭਰ ਵਿੱਚ ਖੁਦਕੁਸ਼ੀਆਂ ਰੋਕਣ ਲਈ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਕਈ ਹੋਰ ਨਵੇਂ ਸੁਆਲਾਂ ਦੇ ਜੁਆਬ ਲੱਭਣੇ ਵੀ ਜ਼ਰੂਰੀ ਹਨ। ਖੁਦਕੁਸ਼ੀਆਂ ਮਹਾਂਮਾਰੀ ਵਾਂਗ ਵੱਧ ਰਹੀਆਂ ਹਨ ਅਤੇ ਇਹਨਾਂ ਦਾ ਦਾਇਰਾ ਹੁਣ ਸਿਰਫ ਕਰਜ਼ਿਆਂ ਮਾਰਿਆ ਕਿਸਾਨਾਂ ਤੱਕ ਹੀ ਨਹੀਂ ਰਿਹਾ। ਇਹ ਸਕੂਲਾਂ, ਕਾਲਜਾਂ, ਸਨਅਤਾਂ, ਹਸਪਤਾਲਾਂ ਅਤੇ ਪੁਲਿਸ ਵਿਭਾਗਾਂ ਤੱਕ ਵੀ ਆਪਣੀ ਮਾਰ ਕਰ ਰਹੀਆਂ ਹਨ। 
ਸਮੁੱਚਾ ਵਿਸ਼ਵ 10 ਸਤੰਬਰ ਵਾਲਾ ਦਿਨ ਖੁਦਕੁਸ਼ੀਆਂ ਰੋਕਣ ਦੇ ਦਿਵਸ ਵਜੋਂ ਮਨਾ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਇਸ ਦਿਨ ਇੱਕ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ ਜਿਸ ਦਾ ਮੁੱਖ ਥੀਮ 'ਖੁਦਕੁਸ਼ੀਆਂ ਰੋਕਣ ਲਈ ਆਓ ਰਲ ਕੇ ਹੰਭਲਾ ਮਾਰੀਏ' ਹੋਵੇਗਾ। ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਅਕਾਦਮਿਕ, ਧਾਰਮਿਕ, ਮਨੋਵਿਗਿਆਨਿਕ, ਸਮਾਜ ਵਿਗਿਆਨਿਕ ਅਦਾਰਿਆਂ ਅਤੇ ਮੀਡੀਆ ਤੋਂ ਬੁਲਾਰੇ ਪਹੁੰਚਣਗੇ ਜਿਹਨਾਂ ਵਿੱਚ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਪਦਮ ਸ਼੍ਰੀ, ਰੀਫੋਕਸ ਬੀਹੇਵੀਅਰਲ ਸਰਵਿਸਜ਼ ਦੇ ਨਿਰਦੇਸ਼ਕ ਡਾ. ਦਵਿੰਦਰਜੀਤ ਸਿੰਘ ਮੁੱਢਲੇ ਸੈਸ਼ਨ ਦਾ ਆਗਾਜ਼ ਕਰਨਗੇ। ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਪਿਤ ਕੌਰ ਅਤੇ ਸੋਸ਼ਲ ਵਰਕ ਦੇ ਪ੍ਰੋਫੈਸਰ ਡਾ. ਹਰਦੀਪ ਕੌਰ, ਪੀਏਯੂ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ, ਕੰਬੋਜ ਹਸਪਤਾਲ ਗਿੱਦੜਬਾਹਾ ਤੋਂ ਡਾ. ਰਵੀ ਕੰਬੋਜ, ਮੀਡੀਆ ਤੋਂ ਆਸ਼ਾ ਮਹਿਤਾ (ਦੈਨਿਕ ਜਾਗਰਣ), ਮਹਿਕ ਜੈਨ (ਦਾ ਟਾਈਮਜ਼ ਆਫ਼ ਇੰਡੀਆ) ਦੇ ਨਾਲ-ਨਾਲ ਕੌਮੀ ਯੁਵਕ ਐਵਾਰਡੀ ਸ. ਗੌਰਵਦੀਪ ਸਿੰਘ, ਬਰਨਾਲਾ ਤੋਂ ਅਗਾਂਹਵਧੂ ਕਿਸਾਨ ਸ. ਗੁਲਜ਼ਾਰ ਸਿੰਘ ਕੱਟੂ, ਸੇਵਾ ਮੁਕਤ ਡੀ ਜੀ ਐਮ ਸ. ਸਤਵੀਰ ਸਿੰਘ, ਗੁਰੂ ਤੇਗ ਬਹਾਦਰ ਹਸਪਤਾਲ ਤੋਂ ਡਾ. ਪੁਸ਼ਪਿੰਦਰ ਸਿੰਘ, ਅਮਰਗੜ ਸੰਗਰੂਰ ਤੋਂ ਸ. ਹਰੀ ਸਿੰਘ ਸ਼ਾਮਲ ਹਨ। ਦਿੱਲੀ ਯੂਨੀਵਰਸਿਟੀ ਤੋਂ ਸਹਿਯੋਗੀ ਪ੍ਰੋਫੈਸਰ ਡਾ. ਪ੍ਰਿਆ ਬੀਰ, ਪਿੰਡਾਂ ਦੇ ਲੋਕਾਂ ਅਤੇ ਪੀਅਰ ਸਪੋਰਟ ਵਲੰਟੀਅਰਾਂ ਨਾਲ ਕਾਊਂਸਲਿੰਗ ਦੇ ਮੁੱਢਲੇ ਨੁਕਤੇ ਸਾਂਝੇ ਕਰਨਗੇ। ਇਸ ਸਮੁੱਚੇ ਵਿਚਾਰ-ਚਰਚਾ ਵਿੱਚ ਮੁੱਖ ਫੋਕਸ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਭਾਈਚਾਰੇ ਦਾ ਬਣਦਾ ਯੋਗਦਾਨ ਰਹੇਗਾ। ਵਿਚਾਰ-ਚਰਚਾ ਵਿੱਚੋਂ ਉਭਰੇ ਨੁਕਤਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ। ਇਸ ਗੱਲ ਦਾ ਖੁਲਾਸਾ ਕਰਦਿਆਂ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਪ੍ਰਮੁੱਖ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸੀਗੇਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਮੁੱਚੀ ਵਿਚਾਰ-ਚਰਚਾ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਵੱਡੇ ਪੱਧਰ ਦੀ ਇਸ ਵਿਚਾਰ-ਚਰਚਾ ਵਿੱਚ ਰਾਜ ਦੀਆਂ ਵਿੱਦਿਅਕ ਸੰਸਥਾਵਾਂ, ਐਨ ਜੀ ਓ ਜਿਵੇਂ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਤਬਦੀਲੀ ਦੇ ਵਾਹਕ ਲੈਂਡਮਾਰਕ, ਸੁਕੀਰਤ ਟਰੱਸਟ, ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਹੋਣਗੀਆਂ। 
ਸਾਦੇ ਵਿਆਹ-ਸਾਦੇ ਭੋਗ--ਨਾ ਕੋਈ ਚਿੰਤਾ-ਨਾ ਕੋਈ ਰੋਗ----ਇੱਕ ਬਹੁਤ ਹੀ ਹਰਮਨ ਪਿਆਰਾ ਹੋਇਆ ਨਾਅਰਾ ਹੈ ਜਿਹੜਾ ਪਿੰਡ ਪਿੰਡ ਪਹੁੰਚਿਆ ਹੈ ਅਤੇ ਇਹ ਬਹੁਤ ਹੀ ਸਿਹਤਮੰਦ ਸੁਨੇਹਾ ਵੀ ਦੇਂਦਾ ਹੈ। ਪਰ ਉਹਨਾਂ ਕੁੜੀਆਂ ਮੁੰਡਿਆਂ ਦਾ ਕੀ ਕਰੀਏ ਜਿਹੜੇ ਜ਼ਰਾ ਕੁ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਕਰ ਲੈਂਦੇ ਹਨ। ਉਹ ਕਿਸ ਨਾਲ ਗੱਲ ਕਰਕੇ ਹੱਲ ਲੱਭਣ? ਕੀ ਇਹੋਜਿਹੇ ਵਿਦਿਅਕ ਸਿਸਟਮ ਨੂੰ ਅਲਵਿਦਾ ਆਖਣ ਲਈ ਕੁਝ ਨਹੀਂ ਕਰਨਾ ਚਾਹੀਦਾ? ਉਹ ਵਿਦਿਅਕ ਸਿਸਟਮ ਜਿਹੜਾ ਰੋਜ਼ਗਾਰ ਦੀ ਗਾਰੰਟੀ ਤਾਂ ਨਹੀਂ ਦੇਂਦਾ ਪਰ ਥੋਹੜੇ ਜਿਹੇ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਵਰਗੇ ਰਸਤਿਆਂ ਵੱਲ ਤੋਰਦਾ ਹੈ। ਭੱਠ ਪਾਉਣਾ ਹੈ ਇਹੋਜਿਹਾ ਵਿਦਿਅਕ ਸਿਸਟਮ। ਕਿੱਥੇ ਸੁੱਤੀਆਂ ਹਨ ਸਰਕਾਰਾਂ? ਕੀ ਥੁੜਿਆ ਪਿਆ ਹੈ ਇਹੋਜਿਹੇ ਨਿਖਿੱਧ ਵਿਦਿਅਕ ਸਿਸਟਮ ਬਿਨਾ?
ਖੁਦਕੁਸ਼ੀਆਂ ਦੀ ਗੱਲ ਕਰਦਿਆਂ ਸਰਕਾਰ ਦੇ ਨੱਕ ਹੇਠਾਂ ਚੱਲਦੇ ਉਹਨਾਂ ਵਿੱਤੀ ਅਦਾਰਿਆਂ ਨੂੰ ਵੀ ਨਜ਼ਰਅੰਦਾਜ਼ ਕਿਓਂ ਕੀਤਾ ਜਾਏ ਜਿਹੜੇ ਥੁੜਾਂ ਮਾਰੇ ਵਿਅਕਤੀਆਂ ਸਾਹਮਣੇ 13 ਫ਼ੀਸਦੀ ਤੋਂ ਲੈ ਕੇ 19-20 ਫ਼ੀਸਦੀ ਦਰ ਦੀ ਵਿਆਜ ਵਾਲੇ ਕਰਜ਼ਿਆਂ ਦਾ ਜਾਲ ਬੜੇ ਮਨਮੋਹਕ ਢੰਗ ਨਾਲ ਵਿਛਾਉਂਦੇ ਹਨ। ਸਰਕਾਰ ਸੌਖੇ ਅਤੇ ਸਸਤੀਆਂ ਦਰਾਂ ਵਾਲੇ ਕਰਜ਼ੇ ਦੇਣ ਵਾਲੇ ਬੈਂਕਾਂ ਵਾਲਾ ਸਿਸਟਮ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਬਣਾ ਰਹੀ ਹੈ ਪਰ ਅਜਿਹੇ ਨਿਜੀ ਅਦਾਰਿਆਂ ਨੂੰ  ਪੂਰੀ ਖੁਲ ਨਾਲ ਵਿਚਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਖੁਦਕੁਸ਼ੀਆਂ ਰੋਕਣ ਲਈ ਸਰਕਾਰ ਦੀਆਂ ਨੀਅਤਾਂ ਉੱਤੇ ਸ਼ੱਕ ਕਿਓਂ ਨਾ ਕੀਤਾ ਜਾਏ। 
ਅਸਲ ਵਿੱਚ ਰਾਜਭਾਗ ਦਾ ਆਵਾ ਊਤਿਆ ਪਿਆ ਹੈ ਅਤੇ ਸੂਤ ਸਿਰਫ ਇਨਕਲਾਬ ਨੇ ਹੀ ਕਰਨਾ ਹੈ ਜਿਹੜਾ ਅਜੇ ਤੱਕ ਆਉਂਦਾ ਨਜ਼ਰ ਨਹੀਂ ਆਉਂਦਾ। 
ਖੱਬੀਆਂ ਪਾਰਟੀਆਂ ਦੇ ਸਾਹ ਸੱਤ ਹੀਣ ਹੋਏ ਆਗੂ ਧਰਨੇ ਦੇਣ, ਨਾਅਰੇ ਮਾਰਨ ਅਤੇ ਧਰਨਿਆਂ ਵਿੱਚ ਗੀਤ ਗਾਉਣ ਜੋਗੇ ਹੀ ਰਹਿ ਗਏ ਹਨ। ਉਹਨਾਂ ਦੇ ਇਹਨਾਂ ਢੰਗ ਤਰੀਕਿਆਂ ਨਾਲ ਅਜੇ ਤੱਕ ਤਾਂ ਨਾ ਹੀ ਲੋਕ ਤਿਆਰ ਹੋਏ ਹਨ ਅਤੇ ਨਾ ਹੀ ਇਨਕਲਾਬ ਲਈ ਕੋਈ ਠੋਸ ਪ੍ਰੋਗਰਾਮ ਬਣਿਆ ਹੈ। ਕਿਤੇ ਕੋਈ ਕ੍ਰਿਸ਼ਮਾ ਹੋਵੇ ਤੇ ਇਨਕਲਾਬ ਆ ਵੀ ਜਾਵੇ ਤਾਂ ਸ਼ਾਇਦ ਖੱਬੀਆਂ ਧਿਰਾਂ ਵਾਲੇ ਉਸਨੂੰ ਇਹ ਆਖ ਕੇ ਦਰਵਾਜ਼ੇ ਤੋਂ ਬਾਹਰ ਹੀ ਵਾਪਿਸ ਮੋੜ ਦੇਣ ਕਿ ਅਜੇ ਸਾਡੀ ਪਾਰਟੀ ਮੀਟਿੰਗ ਨੇ ਤੇਰੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਤੂੰ ਸਾਨੂੰ ਦੱਸੇ ਬਿਨਾ ਕਿਓਂ ਆ ਗਿਆ?
ਹਾਲਾਤ ਨਿਰਾਸ਼ਾਜਨਕ ਹਨ। ਰਾਤ ਹਨੇਰੀ ਹੈ। ਫਿਰ ਵੀ ਲੋਕ ਉੱਠਣਗੇ। ਉਹਨਾਂ ਦੇ ਲੀਡਰ ਚਾਹੁਣ ਜਾਂ ਨਾ ਚਾਹੁਣ ਲੋਕ ਇਨਕਲਾਬ ਲਿਆ ਕੇ ਰਹਿਣਗੇ। ਉਦੋਂ ਹੀ ਮਿਲ ਸਕੇਗੀ ਖੁਦਕੁਸ਼ੀਆਂ ਦਾ ਮਾਹੌਲ ਸਿਰਜਣ ਵਾਲੇ ਦੋਸ਼ੀਆਂ ਨੂੰ ਸਜ਼ਾ। 

Friday, January 26, 2018

26 ਜਨਵਰੀ ਦੀ ਪਰੇਡ ਮੌਕੇ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ

ਜਗਰਾਓਂ ਵਿੱਚ ਵਾਪਰੀ ਘਟਨਾ-ਚਰਚਾ ਹੈ ਕਿ ਉਹ ਪ੍ਰੇਸ਼ਾਨ ਸੀ  
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅੱਜ 26 ਜਨਵਰੀ ਦਾ ਦਿਨ। ਤਕਰੀਬਨ ਹਰ ਪਾਸੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਵਾਲੀ ਚਹਿਲ ਪਹਿਲ। ਥਾਂ ਥਾਂ ਲੱਡੂ ਵੰਡਣ ਦੀਆਂ ਰਸਮਾਂ। ਥਾਂ ਝੰਡੇ ਦੀਆਂ ਰਸਮਾਂ। ਪਰੇਡ ਅਤੇ ਝਾਕੀਆਂ ਨੂੰ ਦੇਖਦੇ ਲੋਕ, ਟੀਵੀ ਚੈਨਲਾਂ ਤੋਂ ਪਰੇਡ ਦੇਖਦੇ ਲੋਕ। ਅਚਾਨਕ ਹੀ ਇੱਕ ਪੁਲਿਸ ਮੁਲਾਜ਼ਮ ਰਿਪਬਲਿਕ ਦੇ ਦੀ ਪਰੇਡ ਵਿੱਚ ਖੁਦ ਨੂੰ ਗੋਲੀ ਮਾਰ ਲੈਂਦਾ ਹੈ। ਇਹ ਸਭ ਕੁਝ ਵਾਪਰਿਆ ਹੈ ਜਗਰਾਉਂ ਵਿੱਚ। ਜਗਰਾਓਂ ਵਿੱਚ ਸਿਪਾਹੀ ਮਨਜੀਤ ਰਾਮ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਉਹ ਨਕੋਦਰ ਦਾ ਰਹਿਣ ਵਾਲਾ ਸੀ। ਅੱਜ ਸਵੇਰੇ ਜਦੋਂ ਜਗਰਾਉਂ ਦੇ ਸੀਨੀਅਰ ਸੈਕੇਂਡਰੀ ਸਕੂਲ ਵਿਖੇ ਗਣਤੰਤਰ ਦਿਵਸ ਦੇ ਸਮਾਗਮ ਚੱਲ ਰਹੇ ਸਨ ਉਦੋਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਬ ਡਵੀਜ਼ਨ ਜਗਰਾਉਂ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਪੁਲਿਸ ਦੇ ਸਿਪਾਹੀ ਮਨਜੀਤ ਸਿੰਘ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਪਲਾਂ ਵਿੱਚ ਹੀ ਚੁਫੇਰੇ ਫੇਲ ਗਈ। ਮ੍ਰਿਤਕ ਸਿਪਾਹੀ ਸਿਟੀ ਜਗਰਾਉਂ ਪੁਲਿਸ ਥਾਣੇ ਦੇ ਮੁਖੀ ਦਾ ਗੰਨਮੈਨ ਸੀ। ਮਨਜੀਤ ਰਾਮ ਨਾਮ ਦੇ ਇਸ ਪੁਲਿਸ ਮੁਲਾਜ਼ਮ ਨੇ  ਗਣਤੰਤਰ ਦਿਵਸ ਦੀ ਹੋ ਰਹੀ ਪਰੇਡ ਮੌਕੇ ਸਮਾਗਮ ਨੇੜੇ ਖੜੀ ਪੁਲਿਸ ਦੀ ਗੱਡੀ 'ਚ ਜਾ ਕੇ ਖੁਦਕੁਸ਼ੀ ਕਰ ਲਈ। ਕਿਹਾ ਜਾ ਰਿਹਾ ਹੈ ਉਸਨੇ ਏ ਕੇ 47 ਨਾਲ ਖੁਦ ਨੂੰ ਗੋਲੀ ਮਾਰੀ। ਖੁਦਕੁਸ਼ੀ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਪ੍ਰੇਸ਼ਾਨੀ ਕਿਸ ਗੱਲ ਦੀ ਸੀ ਇਸਦਾ ਪਤਾ ਲਗਾਇਆ ਜਾ ਰਿਹਾ ਹੈ।

Friday, September 15, 2017

ਖੁਦਕੁਸ਼ੀਆਂ:ਕੌਣ ਕਹੇਗਾ ਇਸ ਨੂੰ ਗੁਰੂ ਨਾਨਕ ਦਾ ਰਾਹ?

Fri, Sep 15, 2017 at 9:53 AM
ਹਾਂ ਸਵਾਮੀਨਾਥਨ ਦੀ ਰੀਪੋਰਟ ਲਾਗੂ ਕਰੋ
ਹਾਲ ਹੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੱਧ ਰਹੀਆਂ ਖੁਦਕੁਸ਼ੀਆਂ ਰੋਕਣ ਬਾਰੇ ਇੱਕ ਰਚਨਾ ਮੁਕਾਬਲਾ ਕਰਾਇਆ ਜਿਸ ਵਿੱਚ ਨਵੀਂ ਪੀੜ੍ਹੀ ਦੇ 873 ਰਚਨਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਡਾਕਟਰ ਸੁਰਜੀਤ ਪਾਤਰ ਨੇ ਸੱਦਾ ਦਿੱਤਾ ਕਿ ਕਿੰਨਾ ਚੰਗਾ ਹੁੰਦਾ ਜੇ ਉੱਘੇ ਲੇਖਕ ਵੀ ਇਸ ਸਮਾਗਮ ਵਿੱਚ ਮੌਜੂਦ ਹੁੰਦੇ। ਉਹਨਾਂ ਲੇਖਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਇਸ ਪਾਸੇ ਆਉਣ। ਇਹ ਸਮਾਗਮ 10 ਸਤੰਬਰ 2017 ਨੂੰ ਸੀ। ਉਸਤੋਂ ਬਾਅਦ ਸਾਨੂੰ ਅੱਜ ਹੀ ਡਾਕਟਰ ਅਮਰਜੀਤ ਸਿੰਘ ਟਾਂਡਾ ਦੀ ਇੱਕ ਰਚਨਾ ਪ੍ਰਾਪਤ ਹੋਈ ਹੈ ਜਿਹੜੀ ਇਸ ਖੁਦਕੁਸ਼ੀਆਂ ਦੇ ਗੰਭੀਰ ਮੁੱਦੇ ਬਾਰੇ ਹਲੂਣਾ ਦੇਣ ਦੇ ਨਾਲ ਨਾਲ ਸਿਆਸਤ ਦੀਆਂ ਮਜਬੂਰੀਆਂ ਅਤੇ ਜ਼ਮੀਨੀ ਹਕੀਕਤਾਂ ਦੇ ਰੂਬਰੂ ਵੀ ਕਰਾਉਂਦੀ ਹੈ। ਤੁਹਾਨੂੰ ਇਸ ਵਿੱਚ ਉਠਾਏ ਸੁਆਲ ਕਿਹੀ ਜਿਹੇ ਲੱਗੇ ਜ਼ਰੂਰ ਲਿਖਣਾ। ਇਸ ਚਰਚਾ ਨੂੰ ਅੱਗੇ ਵਧਾਉਣਾ ਸਾਡੇ ਸਾਰਿਆਂ  ਦੇ ਹਿੱਤ ਵਿੱਚ ਹੈ। -ਰੈਕਟਰ ਕਥੂਰੀਆ 
ਡਾਕਟਰ ਅਮਰਜੀਤ ਟਾਂਡਾ 
ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਖੇਤੀਬਾੜੀ ਕਰਜੇ ਨੂੰ ਪੂਰਾ ਮੁਆਫ ਕਰਨ ਦਾ ਵਾਆਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ। ਮੈਂ ਇਸ ਨਾਲ ਸਹਿਮਤ ਹਾਂ ਕਿਉਂਕਿ ਕੈਪਟਨ ਸਰਕਾਰ ਦੇ ਵਾਅਦੇ ਦੇ ਭਰੋਸੇ ਪਿੱਛੇ ਕੁਰਸੀ ਪਈ ਸੀ ਹਕੂਮਤ ਦੀ। ਇੰਜ਼ ਹਰ ਕੋਈ ਕਰੇਗਾ,ਕਰਦਾ ਹੈ ਤੁਸੀਂ ਵੀ ਪੰਚ ਸਰਪੰਚ ਬਣਨ ਵੇਲੇ ਕਰਦੇ ਹੋ।
ਪੰਜਾਬ ਦੇ ਕਿਸਾਨ ਹੁਣ ਕਰਜੇ ਦੀ ਆਦਾਇਗੀ ਨਹੀਂ ਕਰ ਰਹੇ ਹਨ ਕਿਸਾਨਾਂ ਨੂੰ ਜੇਕਰ 30 ਅਪ੍ਰੈਲ ਤੋਂ ਪਹਿਲਾਂ ਰਬੀ ਦੀ ਫਸਲ ਦੇ ਲਈ ਲਿਆ ਗਿਆ ਬੈਂਕ ਦਾ ਕਰਜਾ ਨਹੀਂ ਚੁਕਾਇਆ ਤਾਂ ਨਿਯਮਾਂ ਅਨੁਸਾਰ ਕਿਸਾਨਾਂ ਨੂੰ 4 ਫੀਸਦੀ ਦੀ ਦਰ ਨਾਲ ਕਰਜ਼ੇ ਦੀ ਵਾਪਸੀ ਕਰਨੀ ਪਵੇਗੀ ਤੇ ਖਰੀਫ ਦੀ ਫਸਲ ਲਈ ਕਰਜ਼ਾ ਨਹੀ ਮਿਲ ਸਕੇਗਾ| ਏਥੇ ਮੈਂ ਦੱਸੋ ਕੀ ਕਹਾਂ?
ਪਰ ਕੀ ਇਹ ਪੁੱਛਿਆ ਜਾ ਸਕਦਾ ਹੈ ਕਿ ਅਸੀਂ ਕਿਸੇ ਕਾਰਜ ਲਈ ਜਦੋਂ ਕਰਜ਼ਾ ਚੁੱਕਦੇ ਹਾਂ ਵੱਢੀ ਦੇ ਕੇ ਤਾਂ ਪਹਿਲਾਂ ਠੇਕੇ ਨੂੰ ਜਾਂਦੇ ਹਾਂ। ਦਾਰੂ ਦੀਆਂ ਪੇਟੀਆਂ ਲੈ ਕੇ ਵਧੀਆ ਕਾਰ ਖਰੀਦ ਲੈਂਦੇ ਹਾਂ। ਇੱਕ ਨਵਾਂ ਟ੍ਰੈਕਟਰ ਵੀ ਭਾਂਵੇਂ ਜਰੂਰਤ ਹੋਵੇ ਚਾਹੇ ਨਾ। ਵਿਆਹ ਕਰਦੇ ਹਾਂ ਤਾਂ ਕਿ ਦੁਨੀਆਂ ਚ ਪਤਾ ਲੱਗ ਜਾਵੇ ਕਿ ਕਿਸੇ ਨੇ ਕਿੱਡਾ ਸ਼ਾਨਦਾਰ ਵਿਆਹ ਕੀਤਾ-ਅਸਲ ਚ ਜਿਸ ਕੰਮ ਲਈ ਵਿਆਜ ਤੇ ਏਡੀ ਰਕਮ ਫੜੀ ਹੁੰਦੀ ਹੈ ਉਹ ਕੁਝ ਵੀ ਨਹੀਂ ਰਹਿੰਦੀ। ਮੈਂ ਵੀ ਪੇਂਡੂ ਹੀ ਹਾਂ-ਮੈਂ ਇਹ ਅੱਖੀਂ ਸੱਭ ਕੁਝ ਦੇਖਿਆ ਹੈ ਪਰ ਅਪਨਾਇਆ ਕਦੇ ਨਹੀਂਂ। ਇਹ ਸੱਭ ਮਸਲੇ ਡਾ ਸ.ਸ ਜੌਹਲ ਹੁਰਾਂ ਨਾਲ ਡਿਸਕਸ ਵੀ ਕੀਤੇ ਹਨ-ਹੁਣ ਫਿਰ ਕਰਾਂਗਾ। ਮੈਂ ਪਲਾਟ ਕਿਸ਼ਤਾਂ ਤੇ ਲਿਆ-ਸਾਰੀਆਂ ਕਿਸ਼ਤਾਂ ਦੇ ਕੇ-ਘਰ ਦੇ 2-2 ਕਰਕੇ ਕਮਰੇ ਖੜ੍ਹੇ ਕੀਤੇ, ਪੁਰਾਣਾ ਸਕੂਟਰ ਚਲਾ ਕੇ ,ਸਾਦਾ ਜ਼ਿੰਦਗੀ ਕੱਟ ਕੱਟ ਕੇ। ਇਹ ਹੁਣ ਤੁਹਾਨੂੰ ਜਰੂਰ ਸੱਭ ਕੌੜਾ ਜਿਹਾ ਲੱਗੇਗਾ। ਘਰ ਦੇ ਸਾਰੇ ਕੰੰਮ, ਕਾਰ, ਸਾਰੀ ਮੇਨਟੈਂਸ ਆਪ ਕਰੀਦੀ ਹੈ-ਕਦੇ ਕਿਸੇ ਮਕੈਨਿਕ ਕੋਲ ਨਹੀਂ ਗਏ। ਇਹ ਨਹੀਂ ਸੀ ਸਾਡੀ ਪੜਾਈ-ਤੁਸੀਂ ਹੱਥ ਕਾਲੇ ਕਰਨ ਤੋਂ ਕਿਉਂ ਸ਼ਰਮਾਉਂਦੇ ਹੋ-ਕਿਰਤ, ਕੰਮ ਕਰਨਾ ਤੇ ਵੰਡ ਕੇ ਛਕਣਾ ਸਾਡੇ ਗੁਰੂ ਨਾਨਕ ਦਾ ਸੁਨੇਹਾ ਹੈ।
ਤੁਸੀਂ ਸਾਰੇ ਇਹ ਦਸੋ ਕਿ ਜੇ ਕਰਜਾ ਚੁੱਕਣ ਦੀ ਸਮਰੱਥਾ ਨਹੀਂ ਸੀ ਤਾਂ ਕਿਉਂ ਦਿਤਾ ਵੇਲਣੇ ਚ ਹੱਥ। ਕਿਉਂ ਲਿਆ ਪੁੱਠਾ ਪੰਗਾ। ਫਸਲ ਬੀਜੀ ਜਾ ਸਕਦੀ ਹੈ ਭਾੜੇ ਤੇ ਕਿਸੇ ਨੂੰ ਸੱਦ ਕੇ ਬਿਜਾ ਲਿਆ ਕਰੋ। ਅੱਗੇ ਕੱਠੇ ਹੋ ਹੋ ਆਵਤਾਂ ਨਹੀਂ ਸੀ ਪਾਉਂਦੇ ਹੁੰਦੇ-ਨਾ ਕਿਸੇ ਦਾ ਗੋਡਾ ਦੁੱਖਦਾ ਸੀ ਤੇ ਨਾ ਹੀ ਪਿੱਠ। ਹੁਣ ਸਾਰੇ ਆਪਾਂ ਨਿਕੰਮੇ ਹੋਏ ਕਿਉਂ ਫਿਰਦੇ ਹਾਂ।
ਆਪਣੇ ਖੂਹਾਂ ਤੇ ਹੁਣ ਭਈਏ ਰਾਜ ਕਰਦੇ ਨੇ-ਮੁੰਡੇ ਕੁਝ ਬਾਹਰ ਆ ਗਏ-ਬਾਪੂ ਭੋਗਾਂ ਤੇ ਜਾਂ ਡੇਰਿਆਂ ਤੇ ਵੱਗ ਲਈ ਫਿਰਦਾ ਹੈ ਜਾਂ ਸਦਾ ਵਿਆਹਾਂ ਤੇ ਤੁਰੇ ਫਿਰਦੇ ਹਾਂ। ਜੇ ਮੁੰਡੇ ਬਾਹਰੋਂ ਪੈਸੇ ਨਾ ਘੱਲਦੇ ਕੀ ਤੁਸੀਂ ਏਨੀਆਂ ਐਸ਼ਾਂ ਕਰ ਲੈਂਦੇ। ਕੀ ਜਰੂਰੀ ਸੀ ਏਡੇ ਏਡੇ ਘਰ ਮਹਿਲ ਖੜ੍ਹੇ ਕਰਨ ਦੀ-ਜੋ ਅੱਜਕਲ ਸਾਰੇ ਬੰਦ ਪਏ ਹਨ-ਮੈਂ ਸਾਰਾ ਪੰਜਾਬ ਦੇਖਿਆ ਹੈ-ਖਾਲੀ ਘਰ ਦੇਖੇ ਨੇ ਸਾਡਾ ਵੀ ਘਰ ਕੋਈ ਸਾਂਭਣ ਨੂੰ ਤਿਆਰ ਬੈਠਾ ਹੈ। ਕਦੋਂ ਸਮਝਾਂਗੇ ਅਸੀਂ?
ਮੰਨ ਲਓ ਜੇ ਮੈ ਭਾਰ ਨਹੀਂ ਚੁੱਕ ਸਕਦਾ ਤਾਂ ਜਰ੍ਰੂਰ ਵਾਧੂ ਫਾਹਾ ਲੈਣਾ ਚਾਹੀਦਾ ਮੈਨੂੰ।
ਕਿਹਾ ਜਾਂਦਾ ਹੈ ਕਿਸਾਨਾਂ ਲਈ ਕਰਜੇ ਮੁਆਫ ਕਰਨ ਦਾ ਵਾਇਦਾ ਕੀਤਾ ਸੀ-ਪਹਿਲਾਂ ਵੀ ਮੈਂ ਕਿਹਾ ਹੈ-ਇਹ ਦੱਸੋ ਕਿ ਉਹ ਕਿਉਂ ਇਹ ਲਏ ਕਰਜੇ ਮੁਆਫ ਕਰਨ-ਲਏ ਤੁਸੀਂ ਵਰਤੇ ਤੁਸੀਂ ਤੇ ਹੁਣ ਜੀ ਉਹ ਸਾਰੇ ਮੁਆਫ਼ ਕਰੋ? ਦਲੀਲ ਨਾਲ ਗੱਲ ਕਰੋ। ਕੀ ਜੇ ਤੁਸੀ ਕਿਸੇ ਨੂੰ ਹਜ਼ਾਰ ਰੁਪਇਆ ਦਿਓਗੇ, ਉਸ ਤੋਂ ਵਾਪਿਸ ਨਹੀਂ ਲਵੋਗੇ। ਗੇੜੇ ਤੇ ਗੇੜਾ ਮਾਰ ਉਹਦਾ ਜੀਣਾ ਹਰਾਮ ਕਰ ਦਿਓਗੇ। ਕੀ ਗੱਲ-ਕੀ ਮੈਂ ਝੂਠ ਕਹਿ ਰਿਹਾ ਹਾਂ।
ਇਹ ਤਾਂ ਸਰਕਾਰ ਚੰਗੀ ਹੈ ਜਦੋਂ ਗੜੇਮਾਰ ਜਾਂ ਬੀਮਾਰੀ ਕਾਰਨ ਫ਼ਸਲ ਖਰਾਬ ਹੋਣ ਤੇ ਕੁਝ ਮਦਦ ਦੇ ਦਿੰਦੀ ਹੈ-ਸ਼ੁਕਰ ਕਰੋ।
ਅਖੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੁਕ ਸਕਣ| ਕੀ ਤੁਸੀਂ ਸਰਕਾਰ ਨੂੰ ਪੁੱਛ ਕੇ ਸਲਾਹ ਨਾਲ ਲਏ ਸੀ ਕਰਜੇ? ਇਹ ਸਾਰੇ ਕਿਸਾਨ ਨੇਤਾ ਤੇ ਦੂਸਰੇ ਵੀ ਸਾਰੇ ਅਨਪੜ ਜਨਤਾ ਨੂੰ ਵਰਗਲਾ ਰਹੇ ਹਨ। ਜੇ ਇਹ ਕਿਸਾਨ ਨੇਤਾ ਨੇ ਤਾਂ ਇਹ ਅੱਛੀਆਂ ਗੱਲਾਂ ਕਿਉਂ ਨਹੀਂ ਦੱਸਦੇ ਕਿ ਇੰਝ ਨਾ ਕਰੋ ਸਗੋਂ ਅਸ਼ਾਂਤੀ ਫੈਲਾ ਰਹੇ ਹਨ। ਚੋਪੜੀਆਂ ਪੱਗਾਂ ਬੰਨ੍ਹ ਬੰਨ ਆ ਜਾਂਦੇ ਨੇ-ਵਿਹਲੜ-ਕਿਉਂ ਨੇ ਇਹਨਾਂ ਦੀਆਂ 20-20 ਜਥੇਬੰਦੀਆਂ-ਜੁਆਬ ਦੇਣ ਇਹ ਨੇਤਾ ਵੀ।
ਹਾਂ ਮੈਂ ਇਹ ਜਰੂਰ ਕਹਾਂਗਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖੇ। ਪੰਜਾਬ ਵਿੱਚ ਭ੍ਰਿਸਟਾਚਾਰ, ਮਹਿੰਗਾਈ , ਬੇਰੁਜਗਾਰੀ , ਨਸ਼ਾਖੋਰੀ, ਰੇਤਾ ਬੱਜਰੀ ਦੀ ਕਾਲਾ ਬਜਾਰੀ, ਸ਼ਰੇਆਮ ਗੁੰਡਾਗਰਦੀ, ਲੁੱਟਾਂ ਖੋਹਾਂ ਨੂੰ ਰੋਕੇ। ਪੰਜਾਬ ਦੀ ਜਨਤਾ ਪੂਰੀ ਤਰਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਦੁਖੀ ਹੋਈ ਪਈ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਆਪਣੀ ਗਲਤੀ ਨਾਲ ਕਰ ਰਿਹਾ ਹੈ।
ਸਾਰੀ ਦੁਨੀਆਂ ਚ ਕਰਜ਼ੇ ਲਏ ਜਾਂਦੇ ਹਨ ਤੇ ਬਾਅਦ ਚ ਹੌਲੀ ਹੋਲੀ ਵਾਪਿਸ ਵੀ ਕੀਤੇ ਜਾਂਦੇ ਹਨ-ਇਹ ਪੁੱਛੋ ਸਾਨੂੰ ਸਾਰਿਆਂ ਨੂੰ ਜੋ ਰਾਤ ਦਿਨ ਕੰੰਮ ਕਰਦੇ ਹਾਂ-ਕੀ ਅਸੀਂ ਖੁਦਕੁਸ਼ੀਆਂ ਕਰਨ ਲੱਗ ਜਾਈਏ? ਕਿ ਸਾਥੋਂ ਤਾਂ ਕਰਜ਼ੇ ਲੱਥਦੇ ਨਹੀਂ! ਤਾਂ ਮਰ ਜਾਓ -ਕੀ ਇਹ ਇਨਸਾਨੀਅਤ ਦਾ ਰਾਹ ਹੈ? ਕੌਣ ਕਹੇਗਾ ਇਸ ਨੂੰ ਗੁਰੂ ਨਾਨਕ ਦਾ ਰਾਹ?
ਸ਼ਗਨ ਸਕੀਮ ਦੀ ਰਾਸ਼ੀ 51000 ਰੁਪਏ ਦਿੱਤੀ ਜਾਵੇਗੀ, ਹਰ ਤਰਾਂ ਦੀ ਪੈਂਨਸ਼ਨ 2000 ਰੁਪਏ ਦਿੱਤੀ ਜਾਵੇਗਾ-ਇਹ ਠੀਕ ਹੈ। ਪਰ ਬਿਜਲੀ ਦੇ 300 ਯੂਨਿਟ ਕਿਉਂ ਮਾਫ ਕੀਤੇ ਜਾਣ। ਰਾਤ ਦਿਨ ਖੁੱਲ੍ਹੇ ਪਾਣੀ ਵਗਦੇ ਮੈਂ ਦੇਖੇ ਹਨ-ਕਾਰਾਂ, ਘਰ, ਰਾਹ ਧੋਂਦੇ ਤੁਸੀਂ ਨਹੀਂ ਥੱਕਦੇ-ਪਤਾ ਵੀ ਹੈ ਕਿ ਪਾਣੀ ਸਾਡੇ ਕੋਲ ਏਨਾ ਨਹੀਂ ਹੈ-ਫਿਰ ਵੀ ਕੋਈ ਸੰਕੋਚ ਸੰਜਮ ਨਹੀਂ ਵਰਤ ਰਿਹਾ।
ਪਿਆਰਿਓ ਮੈਨੀਫਿਸਟੋ ਇੰਝ ਹੀ ਤਿਆਰ ਕਰੇਗੀ ਹਰ ਪਾਰਟੀ। ਇਹ ਵੋਟ ਚੱਕਰ ਹੈ। ਨੌਕਰੀਆਂ ਕਰ ਰਹੇ ਹੋ? ਸਰਕਾਰੀ ਨੌਕਰੀ ਤੇ ਬਹਿ ਕੇ ਕਦੇ ਕਿਸੇ ਨੇ ਤਨ ਦੇਹ ਨਾਲ ਕੰਮ ਕੀਤਾ ਤਾਂ ਮੇਰਾ ਨਾਂ ਬਦਲ ਦੇਣਾ! ਅਸੀਂ ਜਵਾਈਆਂ ਵਾਂਗ ਨੌਕਰੀਆਂ ਕਰਦੇ ਹਾਂ ਤੇ ਉਪਰੋਂ ਵੱਧ ਤੋਂ ਵੱਧ ਧਨ ਇਕੱਠਾ ਕਰਨ ਚ ਵਿਸ਼ਵਾਸ਼ ਰੱਖਦੇ ਹਾਂ-ਭਰਿਸ਼ਟਾਚਾਰੀ ਵੀ ਅਸੀਂ ਆਪ ਵਧਾਈ ਹੈ-ਦੱਸੋ ਜੇ ਇਸ ਚ ਕੋਈ ਗਲਤੀ ਹੋਵੇ ਤਾਂ। ਅਖੇ ਜੇ ਪੈਸੇ ਦੇ ਕੇ ਕੰੰਮ ਬਣਦਾ ਹੋਵੇ ਤਾਂ ਫਿਰ ਧੱਕੇ ਖਾਣ ਦੀ ਕੀ ਲੋੜ ਹੈ ਡਾਕਟਰ ਸਾਹਿਬ-ਇਹ ਕੀ ਜੁਆਬ ਹੋਇਆ? ਉਸ ਨੂੰ ਫਾਲਨ ਕਰੋ ਤੇ ਪੁੱਛੋ ਇਹ ਕਾਹਦੇ ਪੈਸੇ। ਮੈਂ ਕਦੇ ਕਿਸੇ ਨੂੰ ਵੱਢੀ ਨਹੀਂ ਦਿਤੀ-ਸਗੋਂ ਕਈਆਂ ਦੇ ਪੰਜਾਬ ਗਿਆ ਕੰੰਮ ਵੀ ਕਰਵਾ ਕੇ ਆਉਂਦਾ ਹਾਂ।
ਸੋ ਭਾਈ ਜੇ ਕਰਜ਼ੇ ਲਏ ਹਨ ਤਾਂ ਹੌਲੀ 2 ਵਾਪਿਸ ਕਰੋ। ਮਰਨਾ ਕੋਈ ਹੱਲ ਨਹੀਂ ਹੈ। ਹਾਂ ਇਹ ਕਹੋ ਕਿ ਤਾਰੀਕ ਹੱਦ ਵਧਾ ਦਿਓ ਸਾਡੀ। ਹਾਂ ਸਵਾਮੀਨਾਥਨ ਦੀ ਰੀਪੋਰਟ ਲਾਗੂ ਕਰੋ- ਇਹ ਜਰੂਰ ਕਹਾਂਗਾ।
Warm Regards

Dr. Amarjit Tanda
Tanda  Pest Control -----SRK Real Estate 
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia

Ph = 02 9682 3030 Mob; 0417271147

Tuesday, September 12, 2017

ਹਨੇਰਿਆਂ ਨਾਲ ਲੋਕ ਸ਼ਕਤੀ ਆਸਰੇ ਜੰਗ ਕਰਨ ਨਿਕਲੀ ਕੁਲਦੀਪ ਕੌਰ ਖਾਲਸਾ

MLA ਰੁਪਿੰਦਰ ਰੂਬੀ ਦੇ ਸਾਥ ਨਾਲ ਮਿਲਿਆ ਹੋਰ ਹੌਂਸਲਾ 
ਲੁਧਿਆਣਾ: 12 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਜ਼ਿੰਦਗੀ ਉਂਝ ਵੀ ਲੰਘ ਸਕਦੀ ਸੀ। ਹੋਰਨਾਂ ਬਹੁਤ ਸਾਰਿਆਂ ਵਾਂਗ ਸੈਰ ਸਪਾਟੇ ਕਰਦਿਆਂ। ਵੱਖ ਵੱਖ ਥਾਵਾਂ ਦੇ ਮਸ਼ਹੂਰ ਅਤੇ ਲਜ਼ੀਜ਼ ਖਾਣੇ ਖਾਂਦਿਆਂ ਜਾਂ ਫਿਰ ਕਿਸੇ ਨ ਕਿਸੇ ਵੱਡੇ ਮਾਲ ਵਿੱਚ ਜਾ ਕੇ ਫ਼ਿਲਮਾਂ ਦੇਖਦਿਆਂ। ਚਾਰ ਦਿਨ ਦੀ ਜ਼ਿੰਦਗੀ ਦਾ ਹਰ ਮਜ਼ਾ ਕੋਈ ਆਨੰਦ ਦੇਵੇ ਜਾਂ ਨਾ ਦੇਵੇ ਪਰ ਉਸਨੂੰ ਹਰ ਕੋਈ ਬੋਚ ਲੈਣਾ ਚਾਹੁੰਦਾ ਹੈ। 
ਪਰ ਕੁਝ ਲੋਕ ਬਹੁਤ ਹੀ ਵੱਖਰੀ ਕਿਸਮ ਦੇ ਹੁੰਦੇ ਹਨ। ਦੁਨੀਆਦਾਰੀ ਦੇ ਰੰਗ ਰੂਪ ਉਹਨਾਂ ਨੂੰ ਨਹੀਂ ਸਹਾਉਂਦੇ। ਖਾਣਾ ਪੀਣਾ ਮੌਜ ਮਸਤੀ ਉਹਨਾਂ ਲਈ ਬਿਲਕੁਲ ਹੀ ਬੋਰਿੰਗ ਜਿਹੀ ਗੱਲ ਹੁੰਦੀ ਹੈ। ਦਿਨ ਰਾਤ ਜੇ ਕਿਸੇ ਪਾਸੇ ਧਿਆਨ ਜਾਂਦਾ ਹੈ ਤਾਂ ਉਹ ਦੁਨੀਆ ਦੇ ਦਰਦਾਂ ਮਾਰੇ ਲੋਕਾਂ ਵੱਲ। ਉਹਨਾਂ ਦੀਆਂ ਮੁਸ਼ਕਿਲਾਂ ਵੱਲ। ਇਹ ਦਰਦ ਹੀ ਅਜਿਹੇ ਲੋਕਾਂ ਨੂੰ ਚੇਨ ਨਹੀਂਪ ਕੌਰ  ਲੈਣ ਦੇਂਦਾ। ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ-ਕੁਲਦੀਪ ਕੌਰ। ਕਈ ਵਾਰ ਨਾਂ ਦੇ ਨਾਲ ਖਾਲਸਾ ਵੀ ਹੁੰਦਾ ਹੈ। ਉਹ ਨਾਮ ਦੇਖ ਕੇ ਲੱਗਦਾ ਹੈ ਕਿ ਕੋਈ ਕੱਟੜ ਸਿੰਘਣੀ ਹੋਣੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ।  ਸਰਬੱਤ ਦਾ ਭਲਾ ਮੰਗਣ ਵਾਲੀ ਕੁਲਦੀਪ ਕੌਰ ਇੱਕ ਬਹੁਤ ਹੀ ਸੰਵੇਦਸ਼ੀਲ ਇਸਤਰੀ ਹੈ। ਉਹ ਦੁਖੀ ਹੈ ਸਮਾਜ ਵਿੱਚ ਆ ਰਹੇ ਨਿਘਾਰਾਂ ਤੋਂ। ਕਈ  ਵਾਰ ਉਹ ਬਹੁਤ ਹੀ ਪ੍ਰੇਸ਼ਾਨ ਵੀ ਹੁੰਦੀ ਹੈ ਕਿ ਗੁਰੂਆਂ ਪੀਰਾਂ ਅਤੇ ਪੈਗੰਬਰਾਂ ਨੇ ਸਾਨੂੰ ਕੀ ਸਿਖਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ?
ਜੇ ਕਿਤੇ ਕਿਸੇ ਦਾ ਕਤਲ ਹੁੰਦਾ ਹੈ ਤਾਂ ਵੀ ਉਸਦਾ ਦਿਲ ਹਲੂਣਿਆ ਜਾਂਦਾ ਹੈ। ਜੇ ਕਿਸੇ ਨੂੰ ਕੋਈ ਕੁੱਟਮਾਰ ਕਰਦਾ ਹੈ ਤਾਂ ਵੀ ਉਹ ਪੁੱਛਦੀ ਹੈ--ਇਹ ਭਲਾ ਇਨਸਾਨਾਂ ਵਾਲਿਆਂ ਗੱਲਾਂ ਨੇ? ਜੇ ਕਿਸੇ ਨੂੰ ਦਾਜ ਕਾਰਨ ਤੰਗ ਕੀਤਾ ਜਾਂਦਾ ਹੈ ਤਾਂ ਉਹ ਉੱਥੇ ਵੀ ਪਹੁੰਚ ਜਾਂਦੀ ਹੈ। ਲੱਗਦਾਤਾ  ਹੈ ਪ੍ਰਮਾਤਮਾ ਨੇ ਉਸ ਅੰਦਰ ਬਹੁਤ ਹੀ ਸੰਵੇਦਨਸ਼ੀਲ ਦਿਲ ਟਿਕਾਇਆ ਹੈ। 
ਇਹਨਾਂ ਸਾਰੀਆਂ ਮੁਸ਼ਕਿਲਾਂ ਨਾਲ ਲੜਨ ਲਈ ਉਸਨੇ ਪਹਿਲਾਂ ਤਾਂ ਬਹੁਤ ਕੁਝ ਇਕੱਲੇ ਇਕੱਲੇ ਕੀਤਾ ਪਰ ਬਾਅਦ ਵਿੱਚ ਮਹਿਸੂਸ ਹੋਇਆ ਕਿ ਜੱਥੇਬੰਦਕ ਸੰਘਰਸ਼ ਬਿਨਾ ਕੋਈ ਚਾਰ ਨਹੀਂ। ਫਿਰ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਬਣਾਈ।  ਨਸ਼ਿਆਂ ਵਰਗੀਆਂ ਬੁਰਾਈਆਂ ਦੇ ਖਿਲਾਫ ਜੰਗ ਦਾ ਬਿਗਲ ਵਜਾਇਆ। ਪਹਿਲਾਂ ਆਪਣੇ ਗ੍ਰਹਿ ਜ਼ਿਲੇ ਪਟਿਆਲਾ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਿਆ। ਬਹੁਤ ਸਾਰੇ ਲੋਕ ਕੁਲਦੀਪ ਕੌਰ ਦਾ ਕੰਮ ਦੇਖ ਕੇ ਜੁੜਨ ਲੱਗ ਪਏ। ਛੇਤੀ ਹੀ ਪਟਿਆਲਾ ਤੋਂ ਬਾਹਰ ਵੀ ਉਸਦੀ ਇਹਨਾਂ ਕੋਸ਼ਿਸ਼ਾਂ ਦੀ ਚਰਚਾ ਹੋਣ ਲੱਗੀ। ਇਸੇ ਦੌਰਾਨ ਕੁਲਦੀਪ ਕੌਰ ਖਾਲਸਾ ਨੂੰ ਸ਼ਿੱਦਤ ਨਾਲ ਹਲੂਣਿਆ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੇ ਅਤੇ ਸਮਾਜ ਵਿੱਚ  ਔਰਤਾਂ ਨਾਲ ਵੱਧ ਰਹੀਆਂ ਵਧੀਕੀਆਂ ਨੇ। ਇਸ ਦਰਦ ਨੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦਾ ਦਾਇਰਾ ਵੀ ਵਧ ਦਿੱਤਾ।  ਕੁਲਦੀਪ ਕੌਰ ਪਿੰਡ ਪਿੰਡ ਜਾਨ ਦੀ ਮੁਹਿੰਮ ਆਰੰਭੀ। ਬਿਨਾ ਕਿਸੇ ਰੌਲੇ ਰੱਪੇ ਜਾਂ ਸ਼ੋਰ ਸ਼ਰਾਬੇ ਦੇ ਆਪਣੀ ਮੁਹਿੰਮ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤਾਂ ਕਿ ਕਿਸੇ ਵੀ ਗੱਲ ਦੇ ਗਲਤ ਅਰਥ ਨਾ ਨਿਕਲਣ। ਆਪਣੀ ਪਹੁੰਚ ਨੂੰ ਸਿਰਫ ਅਤੇ ਸਿਰਫ ਮਨੁੱਖੀ ਰਿਸ਼ਤਿਆਂ ਅਤੇ ਇਨਸਾਨੀਅਤ ਵਾਲੀ ਸੋਚ ਨਾਲ ਜੋੜ ਕੇ ਕਰਜ਼ਿਆਂ ਮਾਰੇ ਲੋਕ ਨਾਲ ਸੰਪਰਕ ਕੀਤਾ।  ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਗਾਇਆ। ਮਹਿਸੂਸ ਹੋਇਆ ਕਿ ਸਾਡੇ ਸਮਾਜ ਨੂੰ ਵਿਖਾਵਿਆਂ ਅਤੇ ਸ਼ਰੀਕਿਆਂ ਨਾਲ ਮੁਕਾਬਲਿਆਂ ਨੇ ਮਾਰ ਲਿਆ ਹੈ। ਇਸਦੇ ਨਾਲ ਹੀ ਕੁਲਦੀਪ ਕੌਰ ਨੇ ਅਰੰਭੀ ਸਾਦਗੀ ਭਰਿਆ ਜੀਵਨ ਜਿਊਣ ਦੀ ਮੁਹਿੰਮ। ਹੁਣ ਉਸਦਾ ਸੁਨੇਹਾ ਸਾਰਿਆਂ ਲਈ ਇਹੀ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਸਾਦਗੀ ਦਾ ਪੱਲਾ ਨਾ ਛੱਡੋ। ਕਰਜ਼ੇ ਚੁੱਕ ਕੇ ਕੀਤੇ ਵਿਆਹ ਅਤੇ ਮਹਿੰਗੇ ਭੋਗ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਗੇ। ਪੂੰਜੀਵਾਦ ਦੇ ਜਾਲ ਤੋਂ ਬਚ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਵਾਲਾ ਜੀਵਨ ਅਪਣਾਈਏ। ਸਸਦਗੀ ਨਾਲ ਰਹੀਏ। ਕਿਰਤ ਕਰੀਏ ਅਤੇ ਵੰਡ ਕੇ ਛਕੀਏ। 
ਇਸ ਮੁਹਿੰਮ ਨੇ ਬਠਿੰਡਾ ਦੀ ਐਮ ਐਲ ਏ ਰੁਪਿੰਦਰ ਕੌਰ ਰੂਬੀ ਨੂੰ ਵੀ ਪ੍ਰਭਾਵਿਤ ਕੀਤਾ। ਐਮ ਐਲ ਏ ਮੈਡਮ ਰੂਬੀ ਦਾ ਸਾਥ ਮਿਲਣ ਤੇ ਕੁਲਦੀਪ ਕੌਰ ਦੇ ਹੋਂਸਲੇ ਹੋਰ ਬੁਲੰਦ ਹੋਏ ਹਨ। ਹੁਣ ਦੇਖਣਾ ਹੈ ਕਿ ਨਾਰੀ ਸ਼ਕਤੀ ਦਾ ਇਹ ਏਕਾ ਸਾਡੇ ਸਮਾਜ ਨੂੰ ਕਿੰਨੀ ਜਲਦੀ ਬਦਲਣ ਵਿੱਚ ਸਫਲ ਹੁੰਦਾ ਹੈ। ਲੜਾਈ ਲੰਮੀ ਹੈ ਇਸ ਲਈ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨਾ ਜ਼ਰੂਰੀ ਹੈ। ਸੰਘਣੇ ਹਨੇਰੇ ਵਾਲੇ ਇਸ ਮਾਹੌਲ ਵਿੱਚ ਇਸ ਜ਼ਬਰਦਸਤ ਸ਼ੁਰੂਆਤ ਨਾਲ ਆਸ ਬੱਝਦੀ ਹੈ ਕਿ 
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ;
ਕਿਸ ਕੇ ਰੋਕੇ ਰੁਕਾ ਹੈ ਸਵੇਰਾ !

Sunday, September 10, 2017

ਖੁਦਕੁਸ਼ੀਆਂ ਅਤੇ ਰੋਕਥਾਮ ਬਾਰੇ PAU ਵੱਲੋਂ ਸਨਸਨੀਖੇਜ਼ ਖੁਲਾਸੇ

ਖੁਦਕੁਸ਼ੀਆਂ ਰੋਕਣ ਦੇ ਵਿਸ਼ਵ ਦਿਵਸ ਮੌਕੇ 'ਉਤਸ਼ਾਹ' ਦੀ ਲਹਿਰ ਲਾਂਚ 

ਲੁਧਿਆਣਾ: 10 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 

ਜਦ ਜਦ ਵੀ ਪੰਜਾਬ 'ਤੇ ਸੰਕਟ ਆਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਵਿਗਿਆਨੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਕ ਜ਼ਰੂਰੀ ਫਰਜ਼ ਵਾਂਗ ਨਿਭਾਇਆ। ਭਾਵੇਂ ਪੰਜਾਬ ਵੀ ਵਿੱਚ ਕਿਸੇ ਜ਼ਮਾਨੇ ਵਿੱਚ ਲਿਆਂਦੇ ਗਏ ਹੜ੍ਹਾਂ ਦਾ ਮਾਮਲਾ ਸੀ ਅਤੇ ਭਾਵੇਂ ਚਿੱਟੀ ਮੱਖੀ ਜਾਂ ਪੂੰਜੀਵਾਦੀ ਦੌਰ ਦੇ ਮਾਇਆਜਾਲ ਵਾਲੇ ਬਲਿਊ ਵੇਲ੍ਹ ਦੇ ਆਤਮਘਾਤੀ ਵਰਤਾਰੇ ਦਾ ਹਮਲਾ; ਪੀਏਯੂ ਨੇ ਨਿਡਰਤਾ ਅਤੇ ਨਿਰਪੱਖਤਾ ਨਾਲ ਸੱਚ ਦੀ ਆਵਾਜ਼ ਬੁਲੰਦ ਕੀਤੀ। ਅੱਜ ਜਦੋਂ ਦੁਨੀਆ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਸਬੰਧੀ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਵੀ ਪੀਏਯੂ ਨੇ ਪੰਜਾਬ ਵਿੱਚ ਗੰਭੀਰ ਬਣ ਚੁੱਕੀ ਇਸ ਸਮੱਸਿਆ ਬਾਰੇ ਜ਼ਮੀਨੀ ਹਕੀਕਤਾਂ ਵਾਲੇ ਅਹਿਮ ਪ੍ਰਗਟਾਵੇ ਕੀਤੇ। ਮੰਚ ਤੋਂ ਦੱਸਿਆ ਗਿਆ ਕਿ ਜੇ ਸੱਤ ਵਿਅਕਤੀ ਖੁਦਕੁਸ਼ੀਆਂ ਦੀ ਕੋਸ਼ਿਸ਼ ਕਰਦੇ ਹਨ ਤਾਂ ਰਿਪੋਰਟ ਸਿਰਫ ਮਰਨ ਵਾਲੇ ਇੱਕ ਵਿਅਕਤੀ ਦੀ ਹੀ ਆਉਂਦੀ ਹੈ। ਬਾਕੀ ਜਿਊਂਦੇ ਬਚ ਗਏ ਛੇ ਵਿਅਕਤੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਅੱਜ ਦੇ ਸਮਾਗਮ ਵਿੱਚ ਜਿੱਥੇ ਜੇਤੂ ਕਲਮਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਖੁਦਕੁਸ਼ੀਆਂ ਦੇ ਮਸਲੇ ਬਾਰੇ ਗੰਭੀਰਤਾ ਨਾਲ ਕੀਤੇ ਗਏ ਸਰਵੇਖਣਾਂ ਦਾ ਨਿਚੋੜ ਵੀ ਦਸਿਆ ਗਿਆ। ਇਹ ਸਰਵੇਖਣ ਘਰਾਂ ਜਾਂ ਏਅਰ ਕੰਡੀਸ਼ੰਡ ਦਫਤਰਾਂ ਵਿੱਚ ਬੈਠ ਕੇ ਸੈਂਪਲਾਂ ਜਾਂ ਹੋਰ ਤਕਨੀਕਾਂ ਨਾਲ ਤਿਆਰ ਨਹੀਂ ਸਨ ਕੀਤੇ ਗਏ।।  ਖੁਦਕੁਸ਼ੀਆਂ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨੇੜਿਓਂ ਜਾ ਕੇ ਮੁਲਾਕਾਤਾਂ ਕੀਤੀਆਂ ਗਈਆਂ ਸਨ। ਇੱਕ ਇੱਕ ਵਿਅਕਤੀ ਨਾਲ ਮਿਲ ਕੇ ਉਸਦੇ ਮਨ ਨੂੰ ਟੋਹਿਆ ਗਿਆ ਸੀ। ਜਿਹਨਾਂ ਪਿੰਡਾਂ ਵਿੱਚ ਖੁਦਕੁਸ਼ੀਆਂ ਮਗਰੋਂ ਵੀ ਏਕੇ ਅਤੇ ਪ੍ਰੇਮ ਦੀ ਭਾਵਨਾ ਨਹੀਂ ਜਾਗੀ ਉਹਨਾਂ ਦਾ ਵੀ ਪਤਾ ਲਗਾਇਆ ਗਿਆ ਸੀ ਅਤੇ ਜਿਹਨਾਂ ਨੇ ਇਸ ਵਰਤਾਰੇ ਦਾ ਮੂੰਹ ਤੋੜ ਜੁਆਬ ਦੇਣ ਲਈ ਮਨੁੱਖਤਾ ਵਾਲੀ ਭਾਵਨਾ ਅਤੇ ਸਰੱਬਤ ਦੇ ਭਲੇ ਵਾਲੀ ਭਾਵਨਾ ਨੂੰ ਸੁਰਜੀਤ ਕਰ ਲਿਆ ਸੀ ਉਹਨਾਂ ਪਿੰਡਾਂ ਦਾ ਵੀ ਪਤਾ ਲਗਾਇਆ ਗਿਆ। ਸਰਵੇਖਣਾਂ ਵਿੱਚ ਹਰ ਪੱਖ ਦੀ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਗਿਆ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ 'ਉਤਸ਼ਾਹ' ਅਧੀਨ ਅੱਜ ਇਥੇ ਖੁਦਕੁਸ਼ੀਆਂ ਰੋਕਣ ਸੰਬੰਧੀ ਵਿਸ਼ਵ ਦਿਵਸ ਮਨਾਇਆ ਗਿਆ। ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਿਆਰਥੀ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ ਵੱਡੀ ਹਾਜ਼ਰੀ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। 
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਰੋਮਣੀ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿਥੇ ਹੁਣ ਤੱਕ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਨੂੰ ਨਜਿੱਠਦਿਆਂ ਉਹਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਿਆ ਹੈ ਉਥੇ ਹੁਣ ਇਹ ਯੂਨੀਵਰਸਿਟੀ ਨਵੇਂ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਮਾਨਸਿਕ ਸਿਹਤ ਸੰਭਾਲ ਸੰਬੰਧੀ  ਨਵੇਂ ਸ਼ਬਦਾਂ ਦੀ ਵੀ ਖੋਜ ਵਿੱਚ ਜੁਟ ਗਈ ਹੈ। ਡਾ. ਪਾਤਰ ਨੇ ਕਿਹਾ ਕਿ ਅਸਲ ਵਿੱਚ ਅਸੀਂ ਸ਼ਬਦਾਂ ਦੇ ਹੀ ਸਿਰਜੇ ਹੋਏ ਹਾਂ। ਸਾਡੇ ਸ਼ਬਦਾਂ ਦੀ ਚੋਣ ਲਾਜ਼ਮੀ ਤੌਰ ਤੇ ਸਾਡੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲੇਖਕਾਂ ਨੂੰ ਵੀ ਭਰਪੂਰ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਧੁਰੇ ਤੇ ਅਸੀਂ ਖੜੇ ਹਾਂ ਉਸ ਵਰਗ ਦੀਆਂ ਮੁਸ਼ਕਿਲਾਂ ਤੋਂ ਸਾਨੂੰ ਜ਼ਰੂਰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਪੰਜਾਬ ਵਿੱਚ 'ਉਤਸ਼ਾਹ' ਦੀ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਹਰ ਪਿੰਡ ਦੇ ਸੂਝਵਾਨ ਨੌਜਵਾਨਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਚੜ•ਦੀ ਕਲਾ ਦਾ ਮਾਹੌਲ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀਵਨ ਹੈ ਹੀ ਸੁੱਖਾਂ ਅਤੇ ਦੁੱਖਾਂ ਦਾ ਸੁਮੇਲ। ਕਿਰਤ ਕਰਨ, ਸਾਂਝੀਵਾਲਤਾ ਅਤੇ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨ ਨਾਲ ਹੀ ਸਮਾਜ ਵਿੱਚ ਅਜਿਹੀਆਂ ਅਣਹੋਣੀਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਬੇਲੋੜੇ ਖਰਚਿਆਂ ਨੂੰ ਘਟਾ ਕੇ ਸਾਦਗੀ ਭਰਿਆ ਜੀਵਨ ਜਿਊਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਡਾ. ਢਿੱਲੋਂ ਨੇ ਸਬਰ, ਸੰਤੋਖ, ਅਨੁਸ਼ਾਸਨ, ਸਖਤ ਮਿਹਨਤ ਪਰਿਵਾਰਕ ਭਾਈਚਾਰੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰ ਵਿੱਚ ਅਤੇ ਆਲੇ ਦੁਆਲੇ ਦੇ ਮਨੁੱਖਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਉੱਪਰ ਮਾਨਸਿਕ ਸਿਹਤ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ 'ਉਤਸ਼ਾਹ' ਦੀ ਲਹਿਰ ਅਧੀਨ ਉਹਨਾਂ ਲੋਕਾਂ ਨੂੰ ਮੁੱਢਲੀ ਮਾਨਸਿਕ ਸਿਹਤ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਮਾਨਸਿਕ ਸੰਕਟਾਂ ਵਿੱਚ ਘਿਰੇ ਹੋਏ ਹਨ। 
ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਗੁਰਿੰਦਰ ਕੌਰ ਸੰਘਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਅੱਜ ਦੇ ਇਸ ਦਿਵਸ ਲਈ ਸਾਡੇ ਕੋਲ 873 ਬੱਚਿਆਂ ਅਤੇ ਨੌਜਵਾਨਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਭਰ ਦੇ 19 ਜ਼ਿਲਿਆਂ ਦੇ 69 ਸਕੂਲਾਂ, ਕਾਲਜਾਂ ਵੱਲੋਂ ਐਂਟਰੀਆਂ ਰਾਹੀਂ ਲੇਖ, ਕਵਿਤਾਵਾਂ ਆਦਿ ਪ੍ਰਾਪਤ ਕੀਤੇ ਗਏ। 
ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਸਾਬਕਾ ਡੀਨ ਡਾ: ਦਵਿੰਦਰਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਨੋਵਿਗਿਆਨ ਪੱਖਾਂ ਤੇ ਚਾਨਣਾ ਪਾਇਆ। ਪੱਤਰਕਰੀ ਦੇ ਪ੍ਰੋਫੈਸਰ ਡਾ: ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਰੋਕਣ ਵਿੱਚ ਸਮਾਜ ਦੀ ਭੂਮਿਕਾ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿੱਖਣਾ ਅਤੇ ਸਿਖਾਉਣਾ ਚਾਹੀਦਾ ਹੈ। ਮੁਸ਼ਕਿਲਾਂ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ: ਜਤਿੰਦਰ ਕੌਰ ਗੁਲਾਟੀ, ਡੀਨ, ਕਾਲਜ ਆਫ ਹੋਮ ਸਾਇੰਸ ਨੇ ਤਣਾਅ ਤੋਂ ਮੁਕਤੀ ਪਾਉਣ ਦ ਤਰੀਕ ਸਾਂਝੇ ਕੀਤੇ ਗਏ। ਅਰਥ ਸ਼ਾਸਤਰ ਵਿਭਾਗ ਦੇ ਡਾ: ਸੁਖਪਾਲ ਸਿੰਘ ਨੇ ਖੁਦਕੁਸ਼ੀਆਂ  ਦੇ ਪ੍ਰਕੋਪ ਅਤੇ ਕਾਰਨਾਂ ਸੰਬੰਧੀ ਵੇਰਵੇ ਸਹਿਤ ਅੰਕੜੇ ਸਾਂਝੇ ਕੀਤੇ।
ਇਸ ਮੌਕੇ ਸਾਰੇ ਹਾਜ਼ਰ ਪਤਵੰਤਿਆਂ ਵੱਲੋਂ ਸਾਦਗੀ ਭਰੇ, ਨਸ਼ਾ ਰਹਿਤ ਜੀਵਨ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਣ ਵੀ ਲਿਆ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਬਹੁਤ ਸ਼ਲਾਘਾ ਹੋਈ। ਦੋ ਛੋਟੀਆਂ ਫਿਲਮਾਂ 'ਚੱਪਲ' ਅਤੇ 'ਪੰਡ' ਦੇ ਅੰਸ਼ ਵੀ ਦਿਖਾਏ ਗਏ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ, ਸ਼੍ਰੀਮਤੀ ਭੁਪਿੰਦਰ ਪਾਤਰ, ਡਾ: ਅਮਰਜੀਤ ਸਿੰਘ ਅਤੇ ਡਾ: ਐਮ ਐਸ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਖੁਦਕੁਸ਼ੀਆਂ  ਰੋਕਣ ਸੰਬੰਧੀ ਪੋਸਟਰਾਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। 

Tuesday, August 29, 2017

ਪੀਏਯੂ ਨੇ ਖੁਦਕੁਸ਼ੀਆਂ ਰੋਕਣ ਸੰਬੰਧੀ ਮੁਕਾਬਲੇ ਦੀ ਅੰਤਿਮ ਮਿਤੀ ਵਧਾਈ

 Tue, Aug 29, 2017 at 4:57 PM
ਹੁਣ 1 ਸਤੰਬਰ ਤਕ ਐਂਟਰੀਆਂ ਭੇਜ ਸਕਦੇ ਹੋ
ਲੁਧਿਆਣਾ:29 ਅਗਸਤ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਬੇਸਿਕ ਸਾਇੰਸਿਜ਼ ਅਤੇ ਹਿਊਮੈਨਟੀਜ਼ ਕਾਲਜ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੁਦਕੁਸ਼ੀਆਂ ਰੋਕਣ ਸੰਬਧੀ ਕਰਵਾਏ ਜਾ ਰਹੇ ਰਾਜ ਪੱਧਰੀ ਲੇਖ,ਕਵਿਤਾ ਮੁਕਾਬਲੇ ਦੀ ਅੰਤਿਮ ਮਿਤੀ ਵਧਾ ਕੇ 1 ਸਤੰਬਰ ਕਰ ਦਿੱਤੀ ਗਈ ਹੈ
ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜ ਵੰਨਗੀਆਂ ਹਨ- ਲੇਖ, ਕਵਿਤਾ, ਕਹਾਣੀ, ਨਾਅਰੇ ਅਤੇ ਪੋਸਟਰ ਬਣਾਉਣਾ। ਇਸ ਵਿੱਚ ਦੋ ਪੱਧਰ ਹਨ: ਪਹਿਲਾ ਨੌਵੀਂ ਤੋਂ 12 ਤੱਕ ਦੇ ਵਿਦਿਆਰਥੀ, ਦੂਜਾ 18 ਤੋਂ 35 ਸਾਲ ਤੱਕ ਦੇ ਪੰਜਾਬੀ ਨੌਜਵਾਨ। ਦਿੱਤੇ ਗਏ ਵਿਸ਼ੇ ਅਜਿਹੇ ਹਨ ਜਿਸ ਨਾਲ ਨੌਜਵਾਨਾਂ ਵਿੱਚ ਮੁਸ਼ਕਿਲਾਂ ਨਾਲ ਜੂਝਣ ਦੀ ਹਿੰਮਤ ਤੇ ਉਤਸ਼ਾਹ ਪੈਦਾ ਹੁੰਦਾ ਹੈ। ਇਹ ਵਿਸ਼ੇ ਹਨ: 'ਜੀਵਨ ਦੇ ਔਖੇ ਪਲ ਕਿਵੇਂ ਬਿਤਾਈਏ?'; 'ਖੁਦਕੁਸ਼ੀ: ਇਕ ਸਮੱਸਿਆ, ਹੱਲ ਨਹੀਂ'; 'ਜੂਝਦੇ ਰਹਿਣਾ ਹੀ ਪੰਜਾਬੀਆਂ ਦੀ ਪਛਾਣ ਹੈ'; 'ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ,ਨਾ ਚਿੰਤਾ ਰੋਗ'; 'ਭਾਈਚਾਰਾ ਵਧਾਈਏ - ਪਰੇਸ਼ਾਨੀਆਂ ਘਟਣਗੀਆਂ'। 
ਲੇਖ ਦੀ ਸੀਮਾ 400-500 ਸ਼ਬਦ ਹਨ, ਕਵਿਤਾ ਲਈ ਘੱਟੋ-ਘੱਟ 8 ਲਾਈਨਾਂ, ਨਵੇਂ ਨਾਅਰੇ 3 ਤੋਂ 5 ਹੋਣ, ਪੋਸਟਰ ਦਾ ਸਾਈਜ਼ ਅੱਧਾ ਚਾਰਟ ਅਤੇ ਕਹਾਣੀ ਲਈ ਵੱਧ ਤੋਂ ਵੱਧ 1000 ਸ਼ਬਦ ਹੋਣੇ ਚਾਹੀਦੇ ਹਨ। ਮੁਕਾਬਲੇ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਕੋਈ ਵੀ ਭਾਸ਼ਾ ਇਸਤੇਮਾਲ ਕੀਤੀ ਜਾ ਸਕਦੀ ਹੈ।ਇੱਕ ਪ੍ਰਤਿਯੋਗੀ ਇੱਕ ਜਾਂ ਇੱਕ ਤੋਂ ਜਿਆਦਾ ਵੰਨਗੀਆ ਵਿੱਚ ਵੀ ਹਿੱਸਾ ਲੈ ਸਕਦਾ ਹੈ। ਜੇਤੂਆਂ ਨੂੰ ਯੂਨੀਵਰਸਿਟੀ ਦੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। 
ਐਂਟਰੀਆਂ psvpau0gmail.com ਜਾਂ ਹਾਰਡ ਕਾਪੀਆਂ ਡਾਕ ਰਾਹੀਂ ਖੇਤੀ ਪੱਤਰਕਾਰੀ ਭਸ਼ਾਵਾਂ ਅਤੇ ਸਭਿਆਚਾਰ ਵਿਭਾਗ, ਪੀ. ਏ. ਯੂ, ਲੁਧਿਆਣਾ ਵਿੱਚ ਭੇਜੀਆਂ ਜਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਇਸ 083606-84948 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਰ ਸਾਲ ਵਿਸ਼ਵ ਸਿਹਤ ਸੰਗਠਨ (WHO) ਅਤੇ ਖੁਦਕੁਸ਼ੀ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਐਸੋਸੀਏਸ਼ਨ (IASP) ਵਲੋਂ 10 ਸਤੰਬਰ ਨੂੰ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ- ਇੱਕ ਮਿੰਟ ਕੱਢੋ - ਇੱਕ ਜੀਵਨ ਬਦਲੋ।

Tuesday, June 13, 2017

ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਮੌਕੇ ਵੀ ਰੋਸ ਦੀ ਲਹਿਰ

ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਆਇਆ 
ਮੁੱਲਾਂਪੁਰ ਦਾਖਾ: 12 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦੀ ਖ਼ੁਦਕੁਸ਼ੀ ਦਾ ਮਾਮਲਾ ਗਰਮ ਰਿਹਾ ਹੈ। ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਦੁਪਹਿਰ ਵੇਲੇ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਲੋਕਾਂ ਵਿੱਚ ਜੋਸ਼ ਸੀ। ਲੋਕ ਸਭ ਕੁਝ ਆਪਣੇ ਸਪਸ਼ਟ ਦੇਖਣਾ ਸੁਣਨਾ ਚਾਹੁੰਦੇ ਸਨ। ਇਸ ਮੌਕੇ ਪੁਲਸ ਦੇ ਉੱਚ ਅਧਿਕਾਰੀ, ਰਾਜਸੀ ਪਾਰਟੀਆਂ ਦੇ ਨੁਮਾਇੰਦੇ, ਸੰਘਰਸ਼ੀਲ ਜੱਥੇਬੰਦੀਆ ਦੇ ਆਗੂ, ਪਿੰਡ ਦੀ ਸਮੁੱਚੀ ਪੰਚਾਇਤ ਤੋਂ ਇਲਾਵਾ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ। ਰੋਸ ਅਤੇ ਰੋਹ ਦੀ ਲਹਿਰ ਹਰ ਪਾਸੇ ਨਜ਼ਰ ਆ ਰਹੀ ਸੀ। 
ਇਸੇ ਦੌਰਾਨ ਰੋਸ ਵਜੋਂ ਜੋਧਾਂ ਦਾ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਿਹਾ ਤੇ ਬੀਤੀ ਰਾਤ ਵੀ ਇਲਾਕਾ ਨਿਵਾਸੀਆਂ ਨੇ ਲੁਧਿਆਣਾ-ਜੋਧਾਂ ਸੜਕ 'ਤੇ ਕੈਂਡਲ ਮਾਰਚ ਰੋਸ ਵਜੋਂ ਕੱਢਿਆ ਸੀ। ਅੱਜ ਸਵੇਰੇ ਭੜਕੀ ਭੀੜ ਨੇ ਲੁਧਿਆਣਾ-ਜੋਧਾਂ ਸੜਕ 'ਤੇ ਆਵਾਜਾਈ ਬੰਦ ਕਰਕੇ ਪੁਲਸ ਦੀ ਗੱਡੀ ਦੀ ਭੰਨਤੋੜ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਜੋਧਾਂ ਅਤੇ ਖੰਡੂਰ ਦੋਵੇਂ ਪਿੰਡ ਪੁਲਸ ਛਾਉਣੀ ਵਿੱਚ ਬਦਲੇ ਹੋਏ ਨਜ਼ਰ ਆ ਰਹੇ ਸਨ। ਅਣਸੁਖਾਵੀਂ ਘਟਨਾਂ ਦੇ ਡਰ ਵਜੋਂ ਇੱਕ ਦਰਜਨ ਦੇ ਕਰੀਬ ਥਾਣਿਆਂ ਤੋਂ ਪੁਲਸ ਮੰਗਵਾਈ ਹੋਈ ਸੀ। ਜਿਸ ਦੀ ਅਗਵਾਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਅਤੇ ਐਸ.ਐਸ.ਪੀ ਸੁਰਜੀਤ ਸਿੰਘ ਕਰ ਰਹੇ ਸਨ। 
ਅੱਜ ਮਹਿਲਾ ਸਿਪਾਹੀ ਦੇ ਸਸਕਾਰ ਨੂੰ ਪਿੰਡ ਖੰਡੂਰ ਦੀ ਸੱਥ ਵਿੱਚ ਇਲਾਕਾ ਨਿਵਾਸੀ ਲੋਕਾਂ ਦਾ ਇਕੱਠ ਹੋਇਆ, ਜਿਸ ਨੂੰ ਗਠਿਤ ਕੀਤੀ ਗਈ 21 ਮੈਂਬਰਾਂ ਦੀ ਕਮੇਟੀ ਦੇ ਮੈਂਬਰਾਂ ਨੇ ਜਿਨ੍ਹਾਂ ਵਿੱਚ ਵਿਧਾਇਕ ਤਰਸੇਮ ਜੋਧਾਂ, ਇਨਕਲਾਬੀ ਕੇਂਦਰ ਦੇ ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਕੇਵਲ ਸਿੰਘ ਮੁੱਲਾਂਪੁਰ, ਆਧਿਆਪਕ ਵਰਗ ਵੱਲੋਂ ਮਾ. ਹਰਦੇਵ ਸਿੰਘ ਮੁੱਲਾਂਪੁਰ, ਮਾਸਟਰ ਜੋਗਿੰਦਰ ਆਜ਼ਾਦ, ਦੇਵ ਸਰਾਭਾ, ਸਮਾਜ ਸੇਵੀ ਆਗੂ ਹਰਦੀਪ ਸਿੰਘ ਸਰਾਭਾ ਅਤੇ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੀ ਪੁਸ਼ਟੀ ਐਸ.ਐਸ.ਪੀ ਜਗਰਾਓ ਸੁਰਜੀਤ ਸਿੰਘ ਨੇ ਕੀਤੀ ਹੈ। ਇਸ ਲਈ ਮ੍ਰਿਤਕ ਅਮਨਪ੍ਰੀਤ ਕੌਰ ਦਾ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ। 
ਉੱਧਰ ਜੋਧਾਂ ਵਿਖੇ ਲੁਧਿਆਣਾ ਮੁੱਖ ਸੜਕ 'ਤੇ ਆਵਾਜਾਈ ਬੰਦ ਕਰਕੇ ਭੜਕੀ ਭੀੜ ਮੰਗ ਕਰ ਰਹੀ ਸੀ ਕਿ ਮੁਨਸ਼ੀ ਨਿਰਭੈ ਸਿੰਘ ਤੋਂ ਬਿਨਾਂ ਹੋਰ ਇਸ ਮਾਮਲੇ ਨਾਲ ਸੰਬੰਧਤ ਕਥਿਤ ਪੁਲਸ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਵੀ ਕੀਤਾ ਜਾਵੇ ਤੇ ਮੁਨਸ਼ੀ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ। ਜਿਸ ਨੂੰ ਲੈ ਕੇ ਭੜਕੀ ਭੀੜ ਨੇ ਪੁਲਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ। ਇਸ ਭੀੜ ਨੂੰ ਸ਼ਾਂਤ ਕਰਨ ਲਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਨੇ ਕਾਫੀ ਜੱਦੋ-ਜਹਿਦ ਕੀਤੀ, ਪਰ ਮ੍ਰਿਤਕਾ ਦੇ ਭਾਈ ਗੁਰਿੰਦਰ ਸਿੰਘ ਦੇ ਆਉਣ 'ਤੇ ਮਾਮਲਾ ਸ਼ਾਂਤ ਹੋਇਆ।
ਮ੍ਰਿਤਕ ਅਮਨਪ੍ਰੀਤ ਕੌਰ ਦਾ ਦੁਪਹਿਰ ਢਾਈ ਵਜੇ ਅੰਤਿਮ ਸੰਸਕਾਰ ਮੌਕੇ ਪੁਲਸ ਕਰਮਚਾਰੀਆਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਚਿਖਾ 'ਤੇ ਫੁੱਲ ਅਰਪਣ ਕੀਤੇ। ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਮਾਹੌਲ ਗਮਗੀਨ ਸੀ। ਮ੍ਰਿਤਕ ਦੀ ਵੱਡੀ ਭੈਣ ਨਵਦੀਪ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਸੀ। ਸ਼ਮਸ਼ਾਨਘਾਟ ਵਿੱਚ ਹਰ ਸ਼ਖਸ ਦੀਆਂ ਅੱਖਾਂ ਸੇਜਲ ਸਨ। ਸਸਕਾਰ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਕਾਂਗਰਸ ਪਾਰਟੀ ਦੇ ਆਗੂ ਮੇਜਰ ਸਿੰਘ ਭੈਣੀ, ਲੁਧਿਆਣਾ (ਪੱਛਮੀ) ਐਸ. ਡੀ. ਐਮ. ਦਮਨਜੀਤ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਡੀ.ਆਈ.ਜੀ ਜਲੰਧਰ ਰੇਂਜ ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ, ਐਸ.ਪੀ. ਹੈੱਡਕੁਆਟਰ ਮਨਦੀਪ ਗਿੱਲ, ਡੀ.ਐਸ.ਪੀ ਹੈੱਡਕੁਆਰ ਸਰਬਜੀਤ ਸਿੰਘ, ਡੀ.ਐਸ. ਪੀ ਸੁਰਜੀਤ ਸਿੰਘ ਰਾਏਕੋਟ, ਮਾ. ਚਰਨਜੀਤ ਸਿੰਘ, ਬਲਰਾਜ ਸਿੰਘ ਕੋਟਉਮਰਾ, ਬਲਜੀਤ ਸਿੰਘ ਗੋਰਸ਼ੀਆ, ਗੁਰਮੇਲ ਸਿੰਘ ਮੋਹੀ, ਜਸਦੇਵ ਲਲਤੋਂ, ਰਮਨਜੀਤ ਸੰਧੂ, ਸੁਖਵਿੰਦਰ ਲੀਲ੍ਹ, ਦੀਪਕ ਖੰਡੂਰ, ਆਤਮਾ ਸਿੰਘ, ਜਸਵੀਰ ਸਿੰਘ ਖੰਡੂਰ, ਸਤਿੰਦਰਪਾਲ ਸਿੰਘ ਖੰਡੂਰ, ਮਹਿਲਾ ਸਰਪੰਚ ਰਸ਼ਵਿੰਦਰ ਸਿੰਘ, ਪੰਚ ਬਲਰਾਜ ਸਿੰਘ ਮਿੰਟੂ, ਅੰਮ੍ਰਿਤਪਾਲ ਸਿੰਘ, ਪਹਿਲ ਸਿੰਘ, ਨਾਜ਼ਰ ਸਿੰਘ, ਮਨਦੀਪ ਸਿੰਘ ਮ੍ਰਿਤਕ ਅਮਨਪ੍ਰੀਤ ਕੌਰ ਦਾ ਭਾਈ ਗੁਰਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਰੱਤੋਵਾਲ, ਭੈਣ ਨਵਦੀਪ ਕੌਰ, ਕੁਲਦੀਪ ਸਿੰਘ ਮੋਹੀ, ਸਰਬਜੀਤ ਕੌਰ ਅਕਾਲਗੜ੍ਹ ਅਤੇ ਕਰਮਜੀਤ ਸਿੰਘ ਕਲੇਰ ਮੁੱਲਾਂਪੁਰ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਸਕਾਰ ਮੌਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਹੋਇਆ। ਹੁਣ ਦੇਖਣਾ ਹੈ ਕਿ ਇਹ ਰੋਸ ਅਤੇ ਰੋਹ ਲੋਕ ਸੰਘਰਸ਼ ਕਦੋਂ ਬਣਦਾ ਹੈ?

Sunday, June 11, 2017

ਮੁਨਸ਼ੀ ਤੋਂ ਤੰਗ ਆ ਕੇ ਮਹਿਲਾ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਦਲਿਤ ਪਰਵਾਰ ਨਾਲ ਸੰਬੰਧਤ ਸੀ ਮ੍ਰਿਤਕ ਅਮਨਪ੍ਰੀਤ ਕੌ 
ਜੋਧਾਂ (ਮੁੱਲਾਂਪੁਰ ਦਾਖਾ): (ਪੰਜਾਬ ਸਕਰੀਨ ਬਿਊਰੋ):: 
ਇਖਲਾਕੀ ਕਦਰਾਂ ਕੀਮਤਾਂ, ਨੈਤਿਕਤਾ, ਅਮਨ ਕਾਨੂੰਨ ਅਤੇ ਪੁਲਿਸ ਵਰਗੇ ਮਹਿਕਮਿਆਂ ਵਿੱਚ ਸੁਰੱਖਿਆ ਵਰ੍ਹੇ ਮਾਮਲਿਆਂ 'ਤੇ ਉਦੋਂ ਸੁਆਲੀਆ ਚਿਨ੍ਹ ਲੱਗ ਗਿਆ ਜਦੋਂ ਇੱਕ ਮਹਿਲਾ ਕਾਂਸਟੇਬਲ ਨੇ ਪਿੰਡ ਜੋਧਾਂ ਦੇ ਠਾਣੇ ਵਿੱਚ ਫਾਹਾ ਲਾਇ ਕੇ ਖ਼ੁਦਕੁਸ਼ੀ ਕਰ ਲਈ। 
ਮੁਢਲੀਆਂ ਰਿਪੋਰਟਾਂ ਮੁਤਾਬਿਕ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀਆਂ ਆਪ-ਹੁਦਰੀਆਂ ਤੋਂ ਤੰਗ ਆ ਕੇ ਥਾਣੇ ਵਿੱਚ ਹੀ ਡਿਊਟੀ ਕਰਦੀ ਅਮਨਪ੍ਰੀਤ ਕੌਰ ਨੰਬਰ 946 ਪੁੱਤਰੀ ਕੁਲਵੰਤ ਸਿੰਘ ਪਿੰਡ ਖੰਡੂਰ ਹੁਣ ਅਕਾਲਗੜ੍ਹ ਵਾਸੀ ਨੇ ਥਾਣੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਆਪਣੀ ਚੁੰਨੀ ਗਲ ਵਿੱਚ ਪਾ ਕੇ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਜੋਧਾਂ ਦੀ ਪੁਲਸ ਨੇ ਮ੍ਰਿਤਕ ਅਮਨਪ੍ਰੀਤ ਕੌਰ ਦੇ ਭਾਈ ਗੁਰਿੰਦਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 80 ਦੀ ਧਾਰਾ 306 ਆਈ ਪੀ ਸੀ ਤਹਿਤ ਦਰਜ ਕਰਕੇ ਮੁਨਸ਼ੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਪੁਲਸ ਨੂੰ ਗੁਰਿੰਦਰ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਲਿਖਿਆ ਹੈ ਉਸ ਦੀ ਭੈਣ ਅਮਨਪ੍ਰੀਤ ਕੌਰ, ਜੋ ਕਿ 2011 ਵਿੱਚ ਪੁਲਸ ਵਿੱਚ ਭਰਤੀ ਹੋਈ ਸੀ, ਉਸ ਨੇ ਨੌਕਰੀ ਦੀ ਸ਼ੁਰੂਆਤ ਵੀ ਥਾਣਾ ਜੋਧਾਂ ਤੋਂ ਹੀ ਕੀਤੀ ਸੀ। ਇੱਥੇ ਉਸ ਨੇ 6 ਸਾਲ ਨਿਰਵਿਘਨ ਡਿਊਟੀ ਕੀਤੀ, ਪਰ ਪਿਛਲੇ ਡੇਢ ਮਹੀਨੇ ਤੋਂ ਥਾਣੇ ਦਾ ਮੁਨਸ਼ੀ ਨਿਰਭੈ ਸਿੰਘ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜੋ ਉਸ ਦੀ ਭੈਣ ਨੇ ਉਸ ਨੂੰ ਘਰ ਆ ਕੇ ਵੀ ਕਈ ਵਾਰ ਦੱਸਿਆ। ਮੇਰੀ ਭੈਣ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਦਾ ਕੋਈ ਅਮਲ ਨਹੀਂ ਹੋਇਆ। ਆਖਰ ਉਸ ਦੀ ਭੈਣ ਨੇ ਮਜਬੂਰੀ ਵੱਸ ਹੋ ਕੇ ਇਹ ਕਦਮ ਚੁੱਕ ਲਿਆ। ਇਸ ਸੰਬੰਧੀ ਥਾਣਾ ਮੁਖੀ ਮੋਹਨ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਅਮਨਪ੍ਰੀਤ ਕੌਰ ਅਜਿਹੀ ਲੜਕੀ ਨਹੀਂ ਸੀ, ਉਹ ਦਿਨੇ ਆਮ ਵਾਂਗ ਹੀ ਕੰਮ ਕਰਦੀ ਰਹੀ, ਉਸ ਦੇ ਦਿਲ ਵਿੱਚ ਕੀ ਸੀ ਇਹ ਨਹੀ
 ਦੱਸਿਆ। ਨਾਕੇ ਲੱਗਣ ਉਪਰੰਤ ਉਹ ਆਪਣੇ ਕਮਰੇ ਵਿੱਚ ਗਈ ਤੇ ਇਹ ਕਦਮ ਚੁੱਕ ਲਿਆ। ਬਾਕੀ ਉਸ ਦੀ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਅਮਨਪ੍ਰੀਤ ਕੌਰ ਦਲਿਤ ਪਰਵਾਰ ਨਾਲ ਸੰਬੰਧਤ ਸੀ ਤੇ ਉਸ ਦੇ ਮਾਤਾ-ਪਿਤਾ ਪਹਿਲਾ ਹੀ ਚੱਲ ਵਸੇ ਹਨ, ਉਹ ਆਪਣੇ ਭਰਾ, ਭੈਣ ਕੋਲ ਰਹਿੰਦੀ ਸੀ। ਹੁਣ ਦੇਖਣਾ ਹੈ ਕਿ ਮਾਮਲਾ ਕਿ ਰੁੱਖ ਲੈਂਦਾ ਹੈ। 

Sunday, May 29, 2016

ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਸਿੰਘ ਵੱਲੋਂ ਖੁਦਕੁਸ਼ੀ

Updated Monday 30 May 2016 at 02:45 AM
ਲਾਇਸੈਂਸੀ ਰਿਵਾਲਵਰ ਨਾਲ ਚਲਾਈ ਗੋਲੀ-ਪੋਸਟ ਮਾਰਟਮ ਸੋਮਵਾਰ ਨੂੰ 
ਚੰਡੀਗੜ੍ਹ: 29 ਮਈ 2016: (ਪੰਜਾਬ ਸਕਰੀਨ ਬਿਊਰੋ):
ਸਾਬਕਾ ਮੁਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।  ਇਹ ਸਾਰੀ ਘਟਨਾ ਚੰਡੀਗੜ੍ਹ ਦੇ ਸੈਕਟਰ ਪੰਜ ਵਿਚਲੀ ਕੋਠੀ ਵਿੱਚ ਐਤਵਾਰ 29 ਮਈ ਦੀ ਦੁਪਹਿਰ ਨੂੰ ਵਾਪਰੀ। ਉਹਨਾਂ ਨੂੰ ਤੁਰੰਤ ਪੀਜੀਆਈ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਸੂਤਰਾਂ ਨੇ ਮੀਡੀਆ ਨੂੰ ਦਸਿਆ ਕਿ ਹਰਕੀਰਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ। ਕਲ੍ਹ ਸੋਮਵਾਰ ਨੂੰ ਪੋਸਟ ਮਾਰਟਮ ਹੋਏਗਾ। ਕਲ੍ਹ ਬਾਅਦ ਦੁਪਹਿਰ ਤਿੰਨ ਵਜੇ ਕੋਟਲੀ ਪਿੰਡ ਵਿੱਚ ਹੋਵੇਗਾ। ਖੁਦਕੁਸ਼ੀ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਰਕੀਰਤ ਕੋਟਲੀ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ। ਲੁਧਿਆਣਾ ਤੋਂ ਐੱਮ ਪੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਚਚੇਰੇ ਭਰਾ ਹਰਕੀਰਤ ਦੀ ਇਸ ਭੇਦਭਰੀ ਮੌਤ ਬਾਰੇ ਮੀਡੀਆ ਨੂੰ ਦੱਸਿਆ ਕਿ ਹਰਕੀਰਤ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਦਾ 1994 ਤੋਂ ਇਲਾਜ ਚੱਲ ਰਿਹਾ ਸੀ। ਹਰਕੀਰਤ ਦੀ ਉਮਰ 41 ਸਾਲਾਂ ਦੀ ਸੀ। ਬਿੱਟੂ ਅਨੁਸਾਰ ਅੱਜ ਸਵੇਰੇ ਹਰਕੀਰਤ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਚੰਡੀਗੜ੍ਹ ਪੁਲਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।  ਮੁਢਲੀਆਂ ਰਿਪੋਰਟਾਂ ਮੁਤਾਬਿਕ ਅਨੁਸਾਰ ਹਰਕੀਰਤ ਸਿੰਘ ਆਮ ਵਾਂਗ ਸਵੇਰੇ ਸੁਖਨਾ ਝੀਲ ’ਤੇ ਸੈਰ ਕਰਨ ਗਿਆ ਸੀ। ਉਸ ਦਾ ਸੁਰੱਖਿਆ ਗਾਰਡ ਵੀ ਨਾਲ ਸੀ। ਸੈਰ ਬਾਅਦ ਉਹ ਘਰ ਪੁੱਜਾ ਅਤੇ ਜਿੰਮ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਵੇਲੇ ਹਰਕੀਰਤ ਦੇ ਪਿਤਾ ਤੇਜਪ੍ਰਕਾਸ਼ ਸਿੰਘ ਤੇ ਮਾਤਾ ਦਵਿੰਦਰ ਕੌਰ ਘਰ ਨਹੀਂ ਸਨ। ਗੁਰਕੀਰਤ ਸਿੰਘ ਅਤੇ ਰਵਨੀਤ ਬਿੱਟੂ ਵੀ ਸ਼ਹਿਰ ਤੋਂ ਬਾਹਰ ਸਨ। ਘਰ ਵਿੱਚ ਉਸ ਦੀ ਪਤਨੀ ਤੇ ਗੁਰਕੀਰਤ ਸਿੰਘ ਦਾ ਪਰਿਵਾਰ ਹੀ ਸੀ। ਇਸੇ ਦੌਰਾਨ ਹਰਕੀਰਤ ਦੇ ਬੈੱਡਰੂਮ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਇੱਕ ਦਮ ਸਨਸਨੀ ਫੈਲ ਗਈ ਕਿਓਂਕਿ ਇਹ ਪਰਿਵਾਰ ਕਾਫੀ ਸਮੇਂ ਤੋਂ ਮਿਲੀਟੈਂਟਾਂ ਦੀ ਹਿੱਤ ਲਿਸਟ ਤੇ ਵੀ ਹੈ। ਜਦੋਂ ਹਰਕੀਰਤ ਦੀ ਪਤਨੀ ਅਤੇ ਸੁਰੱਖਿਆ ਗਾਰਡ ਨੇ ਅੰਦਰ ਜਾ ਕੇ ਦੇਖਿਆ ਤਾਂ ਹਰਕੀਰਤ ਦਾ ਮੂੰਹ-ਸਿਰ ਖੂਨ ਨਾਲ ਲਥਪਥ ਹੋਇਆ ਪਿਆ ਸੀ। ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਇਹ ਘਟਨਾ ਸਵੇਰੇ ਸਾਢੇ 10 ਵਜੇ ਦੇ ਕਰੀਬ ਵਾਪਰੀ। ਉਸ ਦੀ ਪਤਨੀ ਨੇ ਸੁਰੱਖਿਆ ਗਾਰਡਾਂ ਦੀ ਮਦਦ ਨਾਲ ਹਰਕੀਰਤ ਨੂੰ ਪੀਜੀਆਈ ਪਹੁੰਚਾਇਆ, ਜਿਥੇ ਤਿੰਨ ਘੰਟੇ ਬਾਅਦ ਉਹ ਦਮ ਤੋੜ ਗਿਆ। ਹਰਕੀਰਤ ਸਿੰਘ ਦੇ ਕੋਈ ਔਲਾਦ ਨਹੀਂ ਹੈ। ਪਿਛਲੇ ਸਮੇਂ ਮੁਹਾਲੀ ’ਚ ਹੋਏ ਸੜਕ ਹਾਦਸੇ ਵਿੱਚ ਹਰਕੀਰਤ ਦੇ ਸਿਰ ’ਚ ਸੱਟ ਵੀ ਲੱਗੀ ਸੀ।
ਘਟਨਾ ਤੋਂ ਤੁਰੰਤ ਬਾਅਦ ਪੁਲੀਸ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਬੈੱਡਰੂਮ ’ਚੋਂ ਲਾਇਸੈਂਸੀ ਪਿਸਤੌਲ ਤੇ ਗੋਲੀ ਦਾ ਖੋਲ ਬਰਾਮਦ ਕੀਤਾ ਅਤੇ ਕੁੱਝ ਹੋਰ ਨਮੂਨੇ ਵੀ ਹਾਸਲ ਕੀਤੇ। ਸੈਕਟਰ 3 ਥਾਣੇ ਦੇ ਐਸਐਚਓ ਨੀਰਜ ਸਰਨਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਹੈ ਕਿ ਹਰਕੀਰਤ ਆਪਣਾ ਲਾਇਸੈਂਸੀ 30 ਐਮਐਮ ਪਿਸਤੌਲ ਸਾਫ਼ ਕਰ ਰਿਹਾ ਸੀ ਤਾਂ ਅਚਨਚੇਤ ਗੋਲੀ ਚੱਲ ਗਈ, ਜੋ ਉਸ ਦੇ ਸਿਰ ਵਿੱਚ ਵੱਜੀ। ਪਰਿਵਾਰ ਮੁਤਾਬਕ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਦੁਪਹਿਰੇ ਇਸ ਘਟਨਾ ਦੀ ਖਬਰ ਦੇ ਨਾਲ ਹੀ ਸਾਰੇ ਪਾਸੇ ਸਨਸਨੀ ਫੈਲ ਗਈ। ਬਹੁਤ ਸਾਰੇ ਲੋਕਾਂ ਨੇ ਇਸਨੂੰ ਅਫਵਾਹ ਸਮਝਿਆ ਪਰ ਗੱਲ ਸਚ ਨਿਕਲੀ। ਪਾਇਲ, ਖੰਨਾ, ਦੋਰਾਹਾ  ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਸੋਗ ਹੈ। ਹੁਣ ਦੇਖਣਾ ਹੈ ਕਿ ਜਾਂਚ ਦੌਰਾਨ ਮੌਤ ਦਾ ਕਾਰਨ ਕੀ ਨਿਕਲਦਾ ਹੈ ਜਾਂ ਉਸਨੂੰ ਅਜਿਹੀ ਕਿਹੜੀ ਪਰੇਸ਼ਾਨੀ ਸੀ ਜਿਸ ਨੇ ਉਸਦੀ ਜਾਨ ਲੈ ਲਈ। 

Saturday, April 30, 2016

ਖੁਦਕੁਸ਼ੀ ਦੀ ਘਟਨਾ ਤੇ ਪਰਦਾ ਨਹੀਂ ਪੈਣ ਦਿਆਂਗੀ-ਡਾ. ਨਵਜੋਤ ਸਿੱਧੂ

Update: 1st May 2016 at 08:20 AM
ਜੇ ਮ੍ਰਿਤਕ ਮਾਨਸਿਕ ਪੱਖੋਂ ਪਰੇਸ਼ਾਨ ਸੀ ਤਾਂ ਕਿਸ ਕੋਲ ਚੱਲ ਰਿਹਾ ਸੀ ਇਲਾਜ?
ਲੁਧਿਆਣਾ: 30 ਅਪ੍ਰੈਲ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਖੁਦਕੁਸ਼ੀ ਕਰਕੇ ਮਰਨ ਵਾਲੇ ਨੌਜਵਾਨ ਇੰਦਰਪਾਲ ਸਿੰਘ ਆਹੂਜਾ ਨੂੰ ਪਤਾ ਸੀ ਕਿ ਇਸ ਸਿਸਟਮ ਵਿੱਚ ਉਸਨੂੰ ਇਨਸਾਫ਼ ਨਹੀਂ ਮਿਲ ਸਕਣਾ। ਇਸੇ ਲਈ ਆਪਣੀ ਇਨਸਾਫ਼ ਦੀ ਮੰਗ ਉਸਨੇ ਬੜੀ ਉਮੀਦ ਨਾਲ ਫੇਸਬੁਕ 'ਤੇ ਪਾਈ ਅਤੇ ਹਿੰਮਤ ਨਗਰ ਦੇ ਰੇਲਵੇ ਫਾਟਕ ਨੇੜੇ  ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਸ਼ਿਕਾਇਤ ਪੁਲਿਸ ਨਾਲ ਸੀ। ਉਹ ਤੁਰ ਗਿਆ ਪਰ ਫੇਸ ਬੁਕ 'ਤੇ ਲਿਖੀਆਂ ਲਾਈਨਾਂ ਮੁੱਖ ਸੰਸਦੀ ਸਕੱਤਰ ਡਾਕਟਰ ਨਵਜੋਤ ਕੌਰ ਸਿਧੂ ਦੀ ਨਜ਼ਰੀਂ ਪੈ ਗਈਆਂ। ਉਹ ਅਗਲੇ ਹੀ ਦਿਨ ਲੁਧਿਆਣਾ ਪੁੱਜੇ ਅਤੇ ਮੀਡੀਆ ਦੇ ਨਾਲ ਨਾਲ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਸਭ ਦੇ ਸਾਹਮਣੇ ਵੀ ਅਤੇ ਇਕੱਲਿਆਂ ਵੀ ਗੱਲਬਾਤ ਕੀਤੀ। ਉਹਨਾਂ ਪੰਜਾਬ ਸਰਕਾਰ ਅਤੇ ਸਿਸਟਮ ਵਿੱਚ ਆਈਆਂ ਊਣਤਾਈਆਂ ਦੀ ਖੁੱਲ ਕੇ ਚਰਚਾ ਕਰਦਿਆਂ ਸਾਫ਼ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੀ ਹੀ ਸਰਕਾਰ ਦੇ ਨਾਲ ਲੜਨ ਦਾ ਸ਼ੋਂਕ ਨਹੀਂ ਪਰ ਉਹ ਕਿਸੇ ਵੀ ਤਰਾਂ ਲੋਕਾਂ ਨੂੰ ਇਕੱਲਿਆਂ ਨਹੀਂ ਛੱਡ ਸਕਦੇ। ਉਹਨਾ ਨ੍ਕਿਹਾ ਕਿ ਉਹ ਲੋਕਾਂ ਨੂੰ ਕਿਸੇ ਵੀ ਜ਼ਿਆਦਤੀ ਦਾ ਸ਼ਿਕਾਰ ਨਹੀਂ ਹੋਣ ਦੇਣਗੇ। ਜੋ ਕੁਝ ਵੀ ਹੋਇਆ ਹੈ ਉਹ ਇਸ ਬਾਰੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਜਾਣੂੰ ਕਰਾਉਣਗੇ। 
ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਹ ਸਾਰੀ ਰਾਤ ਸੋਂ ਨਹੀਂ ਸਕੀ। ਬੜੇ ਹੀ ਭਰੇ ਦਿਲ ਨਾਲ ਉਹਨਾਂ ਕਿਹਾ ਕਿ ਬੇਸ਼ੱਕ ਉਹ ਅੰਮ੍ਰਿਤਸਰ ਦੀ ਵਿਧਾਇਕ ਹਨ ਪਰ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਪੁਲਸ ਤੋਂ ਤੰਗ ਆ ਕੇ ਨੌਜਵਾਨ ਨੇ ਟਰੇਨ ਅੱਗੇ ਕੁੱਦ ਕੇ ਜਾਨ ਦੇ ਦਿੱਤੀ ਹੈ ਅਤੇ ਉਸਨੇ ਸਟੇਟਸ ਵੀ ਫੇਸ ਬੁੱਕ 'ਤੇ ਪਾਇਆ ਹੈ ਤਾਂ ਉਹਨਾਂ ਤੋਂ ਰਿਹਾ ਨਹੀਂ ਗਿਆ ਅਤੇ ਉਹ ਸਿੱਧਾ ਲੁਧਿਆਣਾ ਆ ਗਈ।
ਇਸ ਮੌਕੇ ਭਾਜਪਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਦੇ ਨਾਲ ਜ਼ਿਲਾ ਭਾਜਪਾ ਪ੍ਰਧਾਨ  ਸਮੇਤ ਕਈ ਹੋਰ  ਸੀਨੀਅਰ ਆਗੂ ਵੀ। ਉਹ ਇਥੇ ਦੁੱਗਰੀ ਵਿਚ ਆਤਮ ਹਤਿਆ ਕਰਨ ਚੁੱਕੇ ਇੰਦਰਪਾਲ ਸਿੰਘ ਆਹੂਜਾ ਦੇ ਘਰ ਉਸਦੇ ਪਰਿਵਾਰ ਨੂੰ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਮ ਆਦਮੀ ਇਸ ਤਰ੍ਹਾਂ ਕਸੂਰਵਾਲ ਠਹਿਰਾਇਆ ਜਾਂਦਾ ਹੈ ਤਾਂ ਪੁਲਸ ਪਹਿਲਾਂ ਉਸਨੂੰ ਗ੍ਰਿਫਤਾਰ ਕਰਦੀ ਹੈ ਅਤੇ ਉਸਦੇ ਬਾਅਦ ਕੇਸ ਦਰਜ ਕਰਦੀ ਹੈ ਪਰ ਜਦੋਂ ਪੁਲਸ ਦੀ ਆਪਣੀ ਗਰਦਨ ਫਸਦੀ ਹੈ ਤਾਂ ਪੁਲਸ ਦੋਹਰੇ ਮਾਪਦੰਡ ਵਰਤਦੀ ਹੈ।  ਬੜੇ ਰੋਹ ਅਤੇ ਭਰੇ ਦਿਲ ਨਾਲ ਉਹਨਾਂ ਸੁਆਲ ਕੀਤਾ-ਸਿਰਫ ਪੁਲਸ ਅਧਿਕਾਰੀਆਂ ਨੂੰ ਸਸਪੈਂਡ ਕਰ ਦੇਣਾ ਹੀ, ਕੀ ਪੁਲਸ ਦੀ ਡਿਊਟੀ ਬਣਦੀ ਸੀ? ਇਥੇ ਕਿਉਂ ਨਹੀਂ ਕੇਸ ਦਰਜ ਕੀਤਾ ਗਿਆ ਅਤੇ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ?ਉਨ੍ਹਾਂ ਨੇ ਸਾਫ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਇਸ ਘਟਨਾ ਤੋਂ ਬੇਹੱਦ ਦੁਖੀ ਹੈ ਅਤੇ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਡੀ. ਜੀ. ਪੀ. ਪੰਜਾਬ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ। 
ਪਰਿਵਾਰ ਉੱਤੇ ਸਿਆਸੀ ਦਬਾਅ ਜਾਂ ਇਹੀ ਹੋਣਾ ਸੀ ਵਰਗੀਆਂ ਗੱਲਾਂ ਨੂੰ ਸਖਤੀ ਅਤੇ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਸਾਫ਼ ਕਿਹਾ ਕਿ ਉਹ ਇਸ ਮਾਮਲੇ ਨੂੰ ਦਬਾਉਣ ਜਾਂ ਪਰਦਾ ਪਾਉਣ ਦੀ ਕੋਈ ਕਾਰਵਾਈ ਨਹੀਂ ਹੋਣ ਦੇਣਗੇ। ਉਹਨਾ ਕਿਹਾ ਕਿ ਉਹ ਉਸ ਆਤਮਾ ਨੂੰ ਇਨਸਾਫ਼ ਦੁਆਉਣਗੇ ਜਿਹੜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਨ੍ਹਾਂ ਕਿਹਾ ਕਿ ਜਿਸ ਘਰ ਦਾ ਜਵਾਨ ਬੇਟਾ ਪੁਲਿਸ ਕਾਰਨ ਆਤਮ ਹੱਤਿਆ ਕਰ ਚੁੱਕਾ ਹੋਵੇ, ਉਸ ਦੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਰਿਹਾ, ਇਸ ਲਈ ਪੁਲਸ ਵਿਭਾਗ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਪੁਲਸ ਲੋਕਾਂ ਦੀ ਆਰਥਿਕ ਮਜਬੂਰੀ ਦੇਖ ਕੇ ਦਬਾ ਦਿੰਦੀ ਹੈ, ਇਸ ਮਾਮਲੇ ਵਿਚ ਵੀ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਉਹ ਤਾਂ ਕੇਸ ਲੜਨ ਤੋਂ ਵੀ ਅਸਮਰਥ ਹੈ ਪਰ ਉਹ ਇਸ ਮਾਮਲੇ ਨੂੰ ਦਬਾਉਣ ਨਹੀਂ ਦੇਵੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਸਰਕਟ ਹਾਊਸ ਵਿੱਚ ਵੀ ਜਦੋਂ ਪਰਿਵਾਰ ਦੇ ਇਸ ਬਿਆਨ ਦੀ ਚਰਚਾ ਕੀਤੀ ਗਈ ਕਿ ਮ੍ਰਿਤਕ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤਾਂ ਉਹਨਾਂ ਕਿਹਾ ਜੇ ਇਹ ਸਚ ਹੈ ਤਾਂ ਉਹ ਇਸਦਾ ਮੈਡੀਕਲ ਰਿਕਾਰਡ ਵੀ ਮੰਗਣਗੇ ਕਿ ਕਿਸ ਡਾਕਟਰ ਕੋਲ ਚੱਲ ਰਿਹਾ ਸੀ ਉਸਦਾ ਇਲਾਜ? 
ਉਨ੍ਹਾਂ ਕਿਹਾ ਉਹ ਡਾਕਟਰੀ ਛੱਡ ਕੇ ਰਾਜਨੀਤੀ ਵਿਚ ਆਏ ਹਨ, ਉਹਨਾਂ ਦੇ ਅਤੇ ਉਹਨਾਂ ਦੇ ਪਤੀ ਦੇ ਰਾਜਨੀਤੀ ਵਿਚ ਸਿਧਾਂਤ ਇਕੋ ਜਿਹੇ ਹਨ, ਉਹ ਪੰਜਾਬ ਵਿਚ ਸ਼ਾਂਤੀ ਚਾਹੁੰਦੇ ਹਨ ਤਾਂ ਹੀ ਉਹ ਸਭ-ਕੁਝ ਛੱਡ ਕੇ ਪੀੜਤ ਪਰਿਵਾਰ ਨੂੰ ਹੌਸਲਾ ਦੇਣ ਪੁੱਜੇ ਹਨ। ਜਦੋਂ ਕਿ ਦੂਸਰੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੇਟੇ ਦੀ ਜਿੰਨੀ ਜ਼ਿੰਦਗੀ ਸੀ ਭੋਗ ਲਈ ਹੈ, ਉਸਦੀ ਮੌਤ ਲਿਖੀ ਹੀ ਇਸੇ ਤਰ੍ਹਾਂ ਸੀ, ਉਹ ਹੁਣ ਹੋਰ ਕੁਝ ਨਹੀਂ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਉੱਪਰ ਕੋਈ ਦਬਾਅ ਹੈ।  ਡਾਕਟਰ ਸਿੱਧੂ ਨੇ ਮੌਕੇ 'ਤੇ ਮੌਜੂਦ ਆਈ. ਪੀ. ਐੱਸ. ਅਧਿਕਾਰੀ ਸੰਦੀਪ ਗਰਗ ਨੂੰ ਕਿਹਾ ਕਿ ਉਹ ਪੁਲਸ ਕਮਿਸ਼ਨਰ ਨਾਲ ਗੱਲ ਕਰਕੇ ਪੀੜਤ ਪਰਿਵਾਰ ਦੀ ਲੜਕੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਯੂਥ ਮੋਰਚਾ ਪ੍ਰਧਾਨ ਭਾਜਪਾ ਦੇ ਪ੍ਰਧਾਨ ਅਮਿਤ ਗੁਸਾਈਂ, ਰਾਕੇਸ਼ ਕਪੂਰ ਤੇ ਸੰਜੇ ਕਪੂਰ ਦੇ ਇਲਾਵਾ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਬੱਬਲ ਵੀ ਹਾਜ਼ਰ ਸਨ। ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਵੀ ਆਪਣੀ ਟੀਮ ਸਮੇਤ ਕਾਫੀ ਸਮਾਂ ਮੈਡਮ ਸਿਧੂ ਦੇ ਨਾਲ ਰਹੇ। ਸਰਕਤ ਹਾਊਸ ਵਿੱਚ  ਦੇ ਜੈਕਾਰੇ ਨਾਲ ਉਹਨਾਂ ਦਾ ਸਿਰੋਪਾਓ ਪਾਕੇ ਸਨਮਾਨ ਵੀ ਕੀਤਾ ਗਿਆ। 

Friday, April 29, 2016

ਕਾਮਰੇਡ ਸਤਨਾਮ ਦਾ ਤੁਰ ਜਾਣਾ-ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ

ਅਸੀਂ ਨਹੀਂ ਸਮਝ ਸਕਾਂਗੇ, ਤੇਰੀ ਤਲਖ਼ੀ ਨੂੰ, ਤੇਰੇ ਦਰਦ ਨੂੰ
ਜੰਗਲਨਾਮਾ ਵਰਗੀ ਲਿਖਤ ਪੰਜਾਬੀ ਸਾਹਿਤ ਦੇ ਨਾਲ ਨਾਲ ਪੰਜਾਬੀ ਲੋਕਾਂ ਦੀ ਝੋਲੀ ਪਾਉਣ ਵਾਲੇ ਕਾਮਰੇਡ ਸਤਨਾਮ ਦਾ ਤੁਰ ਜਾਣਾ ਇੱਕ ਅਜਿਹੀ ਸੂਖਮ ਘਟਨਾ ਹੈ ਜਿਸ ਨੇ ਸਾਹਿਤਿਕ ਹਲਕਿਆਂ ਵਿੱਚ ਵੀ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ। ਸਾਨੂੰ ਹਰਮੀਤ ਵਿਦਿਆਰਥੀ ਦੀ ਲਿਖੀ ਇੱਕ ਨਜ਼ਮ ਪ੍ਰਾਪਤ ਹੋਈ ਹੈ ਜਿਹੜੀ ਇਥੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਇਹ ਤਸਵੀਰ ਗੁਰਪ੍ਰੀਤ ਚੀਮਾ ਦੀ ਵਾਲ ਤੋਂ ਧੰਨਵਾਦ ਸਹਿਤ
ਨਜ਼ਮ.........ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ//ਹਰਮੀਤ ਵਿਦਿਆਰਥੀ 
ਹਲ੍ਹਾ ਬਈ
ਤੁਰ ਗਿਆ ਏਂ 
ਚਲੇ ਜਾਣਾ ਹੀ ਸੀ
ਸਾਨੂੰ ਓਦੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ
ਜਦ ਤੂੰ ਆਪੇ ਹੀ ਕਿਹਾ ਸੀ
"ਤੇਰਾ ਹੋਣਾ ਤੈਨੂੰ ਗੁਨਾਹ ਵਰਗਾ ਲੱਗਦਾ ਹੈ"
ਪਰ ਅਸੀਂ ਕਦ ਸੁਣਦੇ ਹਾਂ 
ਵਾਰਨਿੰਗ ਬੈੱਲ
ਅਸੀਂ ਵੱਡੀਆਂ ਵੱਡੀਆਂ
ਬਹਿਸਾਂ ਚ ਮਸਰੂਫ਼ ਹਾਂ
ਤੇਰੀ ਪੀੜ੍ਹ ਦਾ
        ਤੜਪ ਦਾ
      ਭਟਕਣ ਦਾ
ਕਿਸ ਨੇ ਕਰਨਾ ਸੀ
ਕੁਝ ਦਿਨ ਸ਼ੋਰ ਹੋਵੇਗਾ
ਬੜ੍ਹਾ ਕੁਝ ਹੋਰ ਹੋਵੇਗਾ
ਤੇ ਫਿਰ ਇਹ ਭਟਕਣ
ਤੁਰ ਪਵੇਗੀ 
ਆਪਣਾ ਨਵਾਂ ਸ਼ਿਕਾਰ ਲੱਭਣ
ਫ਼ਿਰ ਇੱਕ ਖ਼ਬਰ ਬਣੇਗੀ
ਹਰ ਵਾਰ ਇੰਜ ਹੀ ਹੁੰਦਾ ਹੈ
ਉਂਜ ਇਹ ਫ਼ੈਸਲਾ 
ਤੇਰੇ ਲਈ ਔਖਾ ਤਾਂ ਬਹੁਤ ਹੋਣਾ ਏ
ਸਤਨਾਮ ਬਾਈ
ਜ਼ਿੰਦਗੀ ਦੀ ਸ਼ਾਨ ਲਈ 
ਹਰ ਪਲ ਜੂਝਣਾ
ਤੇ ਫਿਰ
ਅਚਨਚੇਤ ਹੀ 
ਜ਼ਿੰਦਗੀ ਦਾ ਠੀਕਰਾ ਭੰਨ ਦੇਣਾ
ਅਸੀਂ ਨਹੀਂ ਸਮਝ ਸਕਾਂਗੇ
ਤੇਰੀ ਤਲਖ਼ੀ ਨੂੰ
ਤੇਰੇ ਦਰਦ ਨੂੰ
ਤੇਰੀ ਤੜ੍ਹਪ ਨੂੰ 
ਜਾਣਨ 
ਸਮਝਣ  ਲਈ

ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ 


ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰ