ਸਮਾਜਿਕ ਸੰਗਠਨ ਲਗਾਤਾਰ ਬੇਖਬਰ ਹਨ ਖੁਦਕੁਸ਼ੀਆਂ ਦੇ ਵਰਤਾਰੇ ਤੋਂ
ਮਾਹਿਲਪੁਰ: 30 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿੱਚ ਚੱਲੀ ਖੁਦਕੁਸ਼ੀਆਂ ਦੀ ਹਨੇਰੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਨੌਜਵਾਨ, ਬਜ਼ੁਰਗ ਇਥੋਂ ਤੱਕ ਕਿ ਬੱਚੇ ਵੀ ਰਾਹ ਤੇ ਤੁਰ ਰਹੇ ਹਨ। ਸਾਡੇ ਰਹਿਬਰਾਂ ਅਤੇ ਸਿਸਟਮ ਨੇ ਪਤਾ ਨਹੀਂ ਕਿ ਬੀਜਿਆ ਹੈ। ਬੜੇ ਖਤਰਨਾਕ ਸਿੱਟੇ ਸਾਹਮਣੇ ਆ ਰਹੇ ਹਨ। ਖ਼ੁਦਕੁਸ਼ੀ ਦੀ ਨਵੀਂ ਖਬਰ ਆਈ ਹੈ ਮਾਹਿਲਪੁਰ ਤੋਂ।
ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਭਾਤਪੁਰ ਦੇ ਇੱਕ ਨੌਜਵਾਨ ਨੇ ਸੈਲਾ ਖ਼ੁਰਦ ਵਿਖੇ ਇੱਕ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਛਾਲ ਮਾਰ ਦਿੱਤੀ ਹੈ। ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਗੱਲ ਗੱਲ 'ਤੇ ਅਖਬਾਰੀ ਤਸਵੀਰਾਂ ਵਿੱਚ ਆਪਣਾ ਨਾਮ ਦੇਖਣ ਦੇ ਚਾਹਵਾਨਾਂ ਅਤੇ ਸਮਾਜਿਕ ਸੰਗਠਨਾਂ ਨੇ ਖੁਦਕੁਸ਼ੀਆਂ ਦੇ ਇਸ ਵੱਧ ਰਹੇ ਵਰਤਾਰੇ 'ਤੇ ਲਗਾਤਾਰ ਚੁੱਪੀ ਧਾਰੀ ਹੋਈ ਹੈ। ਜਿੱਥੋਂ ਤੱਕ ਪੁਲਿਸ ਅਤੇ ਪ੍ਰਸ਼ਾਸਨ ਦਾ ਸਬੰਧ ਹੈ ਉਹ ਵੀ ਆਪਣੀ ਕਾਰਵਾਈ ਪਾ ਕੇ ਗੱਲ ਨੂੰ ਖਤਮ ਕਰ ਦੇਣਗੇ। ਆਖਿਰ ਉਸ ਨੌਜਵਾਨ ਨੇ ਖ਼ੁਦਕੁਸ਼ੀ ਕਿਓਂ ਕੀਤੀ ਇਸ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ।
ਖੁਦਕੁਸ਼ੀਆਂ ਦੀ ਇਸ ਝੜੀ ਵਰਗੇ ਮੌਸਮ ਵਿੱਚ ਉਮੀਦ ਦੀ ਕਿਰਨ ਹੈ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਉਤਸ਼ਾਹ ਟੀਮ ਕੋਲੋਂ। ਡਾਕਟਰ ਸਰਬਜੀਤ ਸਿੰਘ ਹੁਰਾਂ ਦੀ ਦੇਖਰੇਖ ਹੇਠ ਸਰਗਰਮ ਇਸ ਟੀਮ ਨੇ ਇਸ ਪਾਸੇ ਲਗਾਤਾਰ ਬਹੁਤ ਕੰਮ ਕੀਤਾ ਹੈ ਪਰ ਚੁੱਪ ਰਹਿ ਕੇ। ਨਾ ਕੋਈ ਸ਼ੋਰਸ਼ਰਾਬਾ ਅਤੇ ਨਾ ਹੀ ਅਖਬਾਰੀ ਦਾਅਵੇ। ਸਿਰਫ ਕੰਮ ਅਤੇ ਸਿਰਫ ਕੰਮ। ਇਸ ਟੀਮ ਦੇ ਛੋਟੇ ਛੋਟੇ ਮੈਂਬਰ ਵੀ ਪ੍ਰਤੀਬੱਧ ਅਤੇ ਸਮਰਪਿਤ ਹਨ। ਚੰਗਾ ਹੋਵੇ ਜੇ ਹਰ ਪਿੰਡ ਵਿੱਚ ਉਤਸ਼ਾਹ ਟੀਮ ਦੇ ਮੈਂਬਰ ਮੌਜੂਦ ਰਹਿਣ। ਸਰਕਾਰਾਂ ਕੋਲੋਂ ਕੋਈ ਉਮੀਦ ਨਹੀਂ ਪਰ ਇਹ ਟੀਮ ਇਸ ਸੀਨ ਨੂੰ ਬਦਲ ਸਕਦੀ ਹੈ।
No comments:
Post a Comment