Saturday, October 23, 2021

ਪਤਨੀ ਦੇ ਬਿਨ ਜ਼ਿੰਦਗੀ ਬੜੀ ਹੀ ਮੁਸ਼ਕਿਲ ਹੈ

    ਦੱਖਣੀ ਭਾਰਤ ਵਿੱਚ ਪਤਨੀ ਦੀ ਮੌਤ ਤੋਂ ਬਾਅਦ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ     

ਕਰਨਾਟਕ ਦੀ ਘਟਨਾ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ 


ਬੇਲਾਗਾਵੀ (ਕਰਨਾਟਕਾ), 23 ਅਕਤੂਬਰ 2021: (ਪੰਜਾਬ ਸਕਰੀਨ ਡੈਸਕ)::

ਭਾਵੇਂ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਬਸੰਤ ਨਾਮੀ ਲੰਮੀ ਕਵਿਤਾ ਵਿਚ ਪਤਨੀ ਦੇ ਵਿਯੋਗ ਬਾਰੇ ਬਹੁਤ ਕੁਝ ਅਜਿਹਾ ਆਖਿਆ ਹੈ ਜਿਹੜਾ ਅੱਖਾਂ ਵਿੱਚ ਹੰਝੂ ਲੈ ਆਉਂਦਾ ਹੈ। ਰਿਦਮ ਭਰੀ ਇਸ ਯਾਦਗਾਰੀ ਕਵਿਤਾ ਨਾਲ ਉਹਨਾਂ ਦੀ ਮਸ਼ਹੂਰੀ ਵੀ ਬਹੁਤ ਹੋਈ ਸੀ ਪਰ ਇਸਦੇ ਬਾਵਜੂਦ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਇਸ਼ਕ ਦੀ ਉਦਾਸੀ ਆਖ਼ਿਰੀ ਵੇਲਿਆਂ ਤੀਕ ਬਣੀ ਰਹੀ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਬਹੁਤ ਸਾਰੇ ਹਸੀਨ ਲੋਕ ਮੰਡਰਾਏ ਵੀ ਜਿਹਨਾਂ ਦੀਆਂ ਕਈ ਕਈ ਕਹਾਣੀਆਂ ਵੀ ਬਾਰ ਬਾਰ ਸੁਣੀਆਂ ਸੁਣਾਈਆਂ ਜਾਂਦੀਆਂ ਰਹੀਆਂ। ਕੌਮਾਂਤਰੀ ਪੱਧਰ ਦੀ ਜਾਣੀ ਪਛਾਣੀ ਸ਼ਾਇਰਾ ਮਨਜੀਤ ਇੰਦਰਾ ਅਤੇ ਸਾਹਿਤਿਕ ਕ੍ਰਾਂਤੀ ਦਾ ਪ੍ਰਤੀਕ ਬਣੇ ਹੋਏ ਪ੍ਰਸਿੱਧ ਕਲਮਕਾਰ ਮਿੱਤਰ ਸੈਨ ਮੀਤ ਵਰਗੇ ਲੇਖਕ ਜੇ ਮੂਡ ਵਿੱਚ ਹੋਣ ਤਾਂ ਇਸ ਬਾਰੇ ਕਾਫੀ ਕੁਝ ਦੱਸ ਸਕਦੇ ਹਨ ਕਿਓਂਕਿ ਉਹਨਾਂ ਨੇ ਬਹੁਤ ਕੁਝ ਨੇੜਿਓਂ ਦੇਖਿਆ ਸੁਣਿਆ। ਫਿਰ ਵੀ ਪਤਨੀ ਦੀ ਅਹਿਮੀਅਤ ਸਾਡੇ ਸਮਾਜ ਦੇ ਵੱਡੇ ਵਰਗ ਨੂੰ ਅਜੇ ਤੱਕ ਸਮਝ ਨਹੀਂ ਆਈ। ਇਥੇ ਅਜੇ ਵੀ ਪਤਨੀਆਂ ਦੀ ਬੇਕਦਰੀ ਵੱਧ ਰਹੀ ਹੈ। ਲਗਾਤਾਰ ਵੱਧ ਰਹੀ ਹੈ।  ਸਿਰਫ ਬੇਕਦਰੀ ਹੀ ਨਹੀਂ ਮਾਰਕੁੱਟ ਅਤੇ ਕਤਲਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। 

ਇਸੇ ਤਰ੍ਹਾਂ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਕਈ  ਦਰਜਨ ਕਿਤਾਬਾਂ ਦੇ ਲੇਖਕ  ਸੂਰਿਯਾ ਕਾਂਤ ਤ੍ਰਿਪਾਠੀ ਨਿਰਾਲਾ ਆਪਣੀ ਪਤਨੀ ਦੇ ਵਿਯੋਗ ਵਿਚ ਸਾਰੀ ਉਮਰ ਬਿਰਹਾ ਦੀ ਅਗਨੀ ਵਿਚ ਜਲਦੇ ਰਹੇ ਪਰ ਜ਼ਿੰਦਗੀ ਦੇ ਫਰਜ਼ਾਂ ਨੂੰ ਫਿਰ ਵੀ ਕਦੇ ਨਹੀਂ ਭੁੱਲੇ। ਉਹਨਾਂ ਜ਼ਿੰਦਗੀ ਦੀਆਂ ਡਿਊਟੀਆਂ ਪੂਰੀਆਂ ਕਰਦਿਆਂ ਕਦੇ ਵੀ ਹਾਰ ਨਹੀਂ ਸੀ ਮੰਨੀ। ਆਪਣੇ ਇਸ ਦੁੱਖ ਦਾ ਗਿਲਾ ਵੀ ਉਹਨਾਂ ਕਦੇ ਕਿਸੇ ਨਾਲ ਵੀ ਨਾ ਕੀਤਾ। ਜਦੋਂ ਉਹਨਾਂ ਦੀ ਪਤਨੀ ਅਕਾਲ ਚਲਾਣਾ ਕਰ ਗਈ ਉਦੋਂ ਉਹਨਾਂ ਦੀ ਉਮਰ ਸਿਰਫ 20 ਸਾਲਾਂ ਦੀ ਸੀ। ਉਹ ਆਪਣੀ ਬੇਟੀ ਸਰੋਜ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਉਸ ਬੇਟੀ ਦਾ ਵਿਆਹ ਹੋਇਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੀ ਸਵਰਗੀ ਪਤਨੀ ਉਸਦੇ ਚਿਹਰੇ ਵਿੱਚੋਂ ਨਜ਼ਰ ਆ ਰਹੀ ਸੀ। ਫਿਰ ਉਹ ਬੇਟੀ ਵੀ ਵਿਧਵਾ ਹੋ ਗਈ ਅਤੇ ਵਿਧਵਾ ਹੋਣ ਮਗਰੋਂ ਛੇਤੀ ਹੀ ਚੱਲ ਵੱਸੀ। 

ਦੁੱਖਾਂ ਦੇ ਪਹਾੜ ਸ਼੍ਰੀ ਨਿਰਾਲਾ ਤੇ ਬੁਰੀ ਤਰ੍ਹਾਂ ਟੁੱਟੇ ਅਤੇ ਲਗਾਤਾਰ ਟੁੱਟਦੇ ਹੀ ਰਹੇ  ਪਰ ਫਿਰ ਵੀ ਨਿਰਾਲਾ ਜੀ ਅਡੋਲ ਬਣੇ ਰਹੇ। ਉਹਨਾਂ ਦਾ ਅੰਤਰਮਨ ਬਹੁਤ ਦੁਖੀ ਰਿਹਾ। ਬਾਹਰਲੀ ਮੁਸਕਰਾਹਟ ਅੰਦਰ ਦੇ ਦਰਦ ਨੂੰ ਲੁਕਾਉਂਦੀ ਰਹੀ ਪਰ ਇਹ ਅੰਦਰਲਾ ਦਰਦ ਸੀ ਕਿ ਲਗਾਤਾਰ ਵਧਦਾ ਹੀ ਰਿਹਾ। ਦਰਦ ਨੂੰ ਸੀਮਾ ਤੋਂ ਵੀ ਵੱਧ ਸਹਿੰਦਿਆਂ ਸਹਿੰਦਿਆਂ ਹਾਲਤ ਗੰਭੀਰ ਹੁੰਦੀ ਚਲੀ ਗਈ। ਅਖੀਰ ਉਹਨਾਂ ਨੂੰ Schizophrenia ਸਕੀਜ਼ੋਫ਼ਰੇਨੀਆਂ ਨਾਮ ਦੀ ਬਿਮਾਰੀ ਹੋ ਗਈ। ਮਾਨਸਿਕ ਵਿਖੰਡਤਾ ਨੇ ਉਹਨਾਂ ਦੀ ਰਹੀ ਸਹੀ ਜਾਨ ਵੀ ਚੂਸ ਲਈ। ਸਿਰਫ 62 ਸਾਲਾਂ ਦੀ ਉਮਰ ਵਿਚ ਹੀ ਉਹ ਚੱਲ ਵੱਸੇ। ਪਤਨੀ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਗਈ ਸੀ। ਫਿਰ ਵੀ ਸਾਡਾ ਸਮਾਜ ਪਤਨੀ ਦੀ ਕਦਰ ਉਸਦੇ ਜਿਊਂਦੇ ਜੀਅ ਨਹੀਂ ਕਰਦਾ। ਹੁਣ ਤਾਂ ਪੰਜਾਬ ਵਿੱਚ ਵੀ ਪਤਨੀਆਂ ਦੇ ਕਤਲ ਵੱਧ ਗਏ ਹਨ। ਇਹ ਸਭ ਕੁਝ ਯਾਦ ਆ ਰਿਹਾ ਹੈ ਦੱਖਣੀ ਭਾਰਤ ਦੀ ਇੱਕ ਖਬਰ ਨੂੰ ਪੜ੍ਹ ਕੇ। ਇਹ ਖਬਰ ਹਿਲਾ ਕੇ ਰੱਖ ਦੇਂਦੀ ਹੈ। 

ਇਹ ਖਬਰ ਕਰਨਾਟਕ ਦੀ ਹੈ। ਬਲੈਕ ਫੰਗਸ ਕਾਰਨ ਪਤਨੀ ਦੀ ਮੌਤ ਤੋਂ ਦੁਖੀ ਹੋ ਕੇ ਹੁਕੇਰੀ ਤਾਲੁਕ ਦੇ ਅਧੀਨ ਪੈਂਦੇ ਪਿੰਡ ਵਿੱਚ ਪਤੀ ਨੇ ਆਪਣੇ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ। ਅੰਦਾਜ਼ਾ ਲਗਾ ਲਓ ਸਦਮਾ ਕਿੰਨਾ ਜ਼ਿਆਦਾ ਲੱਗਿਆ ਹੋਏਗਾ। ਪੁਲਿਸ ਮੁਤਾਬਕ 46 ਸਾਲਾਂ ਦੀ ਉਮਰ ਦੇ ਗੋਪਾਲ ਹਦੀਮਾਨੀ ਨੇ ਆਪਣੇ ਚਾਰ ਬੱਚਿਆਂ ਸੋਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸ੍ਰੀਜਨ ਹਾਦੀਮਾਨੀ (8) ਦੇ ਨਾਲ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਅੱਜ ਸਵੇਰੇ ਜਦੋਂ ਪਰਿਵਾਰ ਵਿੱਚੋਂ ਕੋਈ ਵੀ ਬਾਹਰ ਨਾ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਜੁਲਾਈ ਵਿੱਚ ਗੋਪਾਲ ਦੀ ਪਤਨੀ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ। ਆਂਢੀ ਗੁਆਂਢੀ ਦੱਸਦੇ ਹਨ ਕਿ ਇਸ ਤੋਂ ਬਾਅਦ ਸਾਰਾ ਪਰਿਵਾਰ ਹੀ ਟੁੱਟ ਗਿਆ ਸੀ। ਜ਼ਾਹਿਰ ਹੈ ਕਿ ਇਸ ਪਰਿਵਾਰ ਵਿੱਚੋਂ ਚਲੀ ਗਈ ਉਹ ਔਰਤ ਹੀ ਇਸ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਚਲਾ ਰਹੀ ਸੀ। ਉਹ ਅਤੇ ਉਸ ਦੇ ਬੱਚੇ ਅਕਸਰ ਸਾਨੂੰ ਦੱਸਦੇ ਸਨ ਕਿ ਉਹ ਜ਼ਿੰਦਗੀ ਤੋਂ ਤੰਗ ਆ ਚੁੱਕੇ ਹਨ। ਫਿਰ ਵੀ ਅਜਿਹਾ ਨਹੀਂ ਸੀ ਲੱਗਦਾ ਕਿ ਉਹ ਸਾਰੇ ਜਣੇ ਏਨਾ ਵੱਡਾ ਕਦਮ ਚੁੱਕ ਲੈਣਗੇ। ਅਸੀਂ ਉਸ ਪਰਿਵਾਰ ਨੂੰ ਤਾਂ ਵਾਪਿਸ ਨਹੀਂ ਲਿਆ ਸਕਦੇ ਪਰ ਜਿਹਨਾਂ ਦੀਆਂ ਪਤਨੀਆਂ ਮੌਜੂਦ ਹਨ ਉਹ ਸਾਰੇ ਰਾਜ਼ੀ ਖੁਸ਼ੀ ਰਹਿਣ ਇਸ ਦੀ ਕਾਮਨਾ ਵੀ ਜ਼ਰੂਰ ਕਰ ਦੇਹਾਂ ਅਤੇ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਪਤੀ ਪਤਨੀ ਇੱਕ ਦੂਜੇ ਦੀ ਕਦਰ ਜ਼ਰੂਰ ਕਰਨ ਅਤੇ ਜਿਊਂਦੇ ਜੀਅ ਕਰਨ। 


ਅੱਜ ਯਾਦ ਆ ਰਹੇ ਹਨ ਫਿਰੋਜ਼ਪੁਰ ਵਾਲੇ ਸਵਰਗੀ ਲੇਖਕ ਗਿਆਨੀ ਰਾਜਿੰਦਰ ਸਿੰਘ ਛਾਬੜਾ। ਉਹ ਵੀ ਪਤਨੀ ਦੀ ਮੌਤ ਮਗਰੋਂ ਬੁਰੀ ਤਰ੍ਹਾਂ ਟੁੱਟ ਗਏ ਸਨ। ਉਹਨਾਂ ਬੜਾ ਕੁਝ ਲਿਖਿਆ ਵੀ। ਆਪਣੇ ਪਰਚੇ ਲਿਖਾਰੀ ਦਾ ਵਿਸ਼ੇਸ਼ ਅੰਕ ਵੀ ਕੱਢਿਆ ਪਰ ਖੁਦ ਮੁੜ ਕੇ ਕਦੇ ਨਾ ਜੁੜ ਸਕੇ। ਅਖੀਰ ਇਸੇ ਗਮ ਵਿਚ ਹੀ ਚੱਲ ਵੱਸੇ। ਗੁਰਬਾਣੀ ਨਾਲ ਪਿਆਰ, ਗੁਰਬਾਣੀ ਦਾ ਡੂੰਘਾ ਅਧਿਐਨ ਅਤੇ ਸਾਹਿਤਿਕ ਸਰਗਰਮੀਆਂ ਵੀ ਕੰਮ ਨਾ ਆ ਸਕੀਆਂ। ਇਸ ਦਰਦ ਦਾ ਇਲਾਜ ਸ਼ਾਇਦ ਕਿਤੇ ਨਹੀਂ ਸੀ ਅਤੇ ਇਸ ਦਰਦ ਨੂੰ ਸਮਝਣ ਅਤੇ ਵੰਡਾਉਣ ਵਾਲਾ ਵੀ ਕੋਈ ਨਹੀਂ ਸੀ। ਕੁਝ ਘੜੀਆਂ ਪੁਰਾਣੇ ਮਿੱਤਰਾਂ ਦਲੀਪ ਸਿੰਘ ਭੁਪਾਲ, ਹਰਮੀਤ ਵਿਦਿਆਰਥੀ, ਲਛਮਣ ਸਿੰਘ, ਪਾਲ ਸਿੰਘ, ਪੂਰਨ ਸਿੰਘ ਸੇਠੀ ਅਤੇ ਵਿਦਿਅਕ ਅਦਾਰਿਆਂ ਦੇ ਰੁਝੇਵਿਆਂ ਵਿਚ ਲੰਘ ਜਾਂਦੀਆਂ ਸਨ। ਬਾਕੀ ਸਮਾਂ ਇਕੱਲਾ ਹੀ ਹੁੰਦਾ ਯਾਦਾਂ ਨਾਲ ਭਰਿਆ ਹੋਇਆ। ਉਸ ਉਦਾਸੀ ਦਾ ਦਾਰੂ ਨਾ ਗੀਤ ਸੰਗਿਤ ਬਣ ਸਕਿਆ ਨਾ ਹੀ ਗ਼ਜ਼ਲਾਂ। 

ਅੰਮ੍ਰਿਤਸਰ ਵਾਲੇ ਬੇਹੱਦ ਉਤਸ਼ਾਹੀ ਅਤੇ ਸਰਗਰਮ ਰਹਿਣ ਵਾਲੇ ਲੇਖਕ ਜਤਿੰਦਰ ਪਾਲ ਸਿੰਘ ਜੌਲੀ ਵੱਲੋਂ ਅੱਗੇ ਵਧਣ ਦੀ ਰਫਤਾਰ ਤੂਫ਼ਾਨਾਂ ਨੂੰ  ਵੀ ਮਾਤ ਪਾਉਂਦੀ ਸੀ। ਉਸਦੀ ਬੁਧਿ ਬੇੱਹਦ ਤੀਖਣ। ਜਿਵੇਂ ਸੂਰਜਾਂ ਨਾਲ ਗੱਲਾਂ ਕਰਦੀ ਹੋਵੇ। ਉਸਦੇ ਸੁਭਾਅ ਵਿਚ ਅੰਤਾਂ ਦੀ ਨਿਮਰਤਾ ਵੀ ਸੀ। ਵੱਡੇ ਵੱਡੇ ਲੇਖਕ ਉਸ ਤੋਂ  ਮੁਤਾਸਿਰ ਸਨ। ਉਸਦਾ ਉੱਠਣਾ ਬੈਠਣਾ ਛੋਟੀ ਉਮਰੇ ਹੀ ਵੱਡੇ ਲੋਕਾਂ ਵਿਚ ਵੱਧ ਗਿਆ ਸੀ। ਉਸ ਨੂੰ ਅਹੁਦੇ ਵੀ ਚੰਗੇ ਮਿਲ ਗਏ ਸਨ। ਨੌਕਰੀਆਂ ਵੀ ਚੰਗੀਆਂ ਸਨ ਪਰ ਪਤਨੀ ਦੀ ਬੇਵਕਤੀ ਮੌਤ ਨੇ ਬਹੁਤ ਵੱਡਾ ਸਦਮਾ ਪਹੁੰਚਾਇਆ। ਪਤਨੀ ਦੇ ਦੇਹਾਂਤ ਵਾਲੇ ਇਸ ਹਾਦਸੇ ਮਗਰੋਂ ਜੌਲੀ ਨੇ ਇੱਕ ਕਿਤਾਬਚਾ ਵੀ ਲਿਖਿਆ ਸੀ ਜਿਹੜਾ ਕਮਾਲ ਦਾ ਸੀ। ਮੈਂ ਉਸਨੂੰ ਲਕਾਫ਼ੀ ਦੇਰ ਤੱਕ ਸੰਭਾਲਿਆ ਪਰ ਜਦੋਂ ਨਾਨਕਸ਼ਾਹੀ ਇੱਟ ਵਾਲੇ ਮਕਾਨ ਦੀ ਛੱਤ ਡਿੱਗੀ ਤਾਂ ਬਹੁਤ ਕੁਝ ਉਸ ਹੇਠਾਂ ਆ ਗਿਆ। ਉਸ ਕਿਤਾਬਚੇ ਨੂੰ ਪੜ੍ਹਦਿਆਂ ਸ਼੍ਰੀਮਤੀ ਜੌਲੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ। ਉਹ ਪਤਨੀ ਤੋਂ ਬਾਅਦ ਵੀ ਪਤਨੀ ਦਾ ਜਨਮਦਿਨ ਹੀ ਮਨਾਉਂਦੇ ਰਹੇ। ਜਲਦੀ ਹੀ ਖੁਦ ਵੀ ਇਸ ਦੁਨੀਆ ਤੋਂ ਚਲੇ ਗਏ। 

ਖੱਬੀ ਸਿਆਸਤ ਦੇ ਖਾਸ ਥੰਮਾਂ ਵਿੱਚੋਂ ਗਿਣੇ ਜਾਂਦੇ ਲੁਧਿਆਣਾ ਦੇ ਕਾਮਰੇਡ ਰਮੇਸ਼ ਰਤਨ ਨੂੰ ਅੱਜ ਵੀ ਪਤਨੀ ਦਾ ਵਿਯੋਗ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ। ਇਸ ਦਰਦ ਨੂੰ ਕਦੇ ਵੀ ਘਟਾਇਆ ਨਹੀਂ ਜਾ ਸਕਿਆ। ਉਹ ਸੀਪੀਆਈ ਦੇ ਸਰਗਰਮ ਆਗੂ ਹਨ। ਮਜ਼ਦੂਰਾਂ ਦੇ ਭਲੇ ਲਈ ਬਹੁਤ ਸਾਰੇ ਕੰਮ ਉਹਨਾਂ ਨੂੰ ਡਿਊਟੀ ਵਾਂਗ ਕਰਨੇ ਪੈਂਦੇ ਹਨ। ਉਹਨਾਂ ਦੀ ਪ੍ਰਤੀਬੱਧਤਾ ਵੀ ਹੈ ਅਤੇ ਲਗਨ ਵੀ। ਪਾਰਟੀ ਦੀਆਂ ਮੀਟਿੰਗਾਂ ਵੀ ਕਦੇ ਸਾਹ ਨਹੀਂ ਲੈਣ ਦੇਂਦੀਆਂ। ਸ਼ਾਮ ਤੱਕ ਥਕਾਵਟ ਬੁਰੀ ਤਰ੍ਹਾਂ ਘੇਰ ਲੈਂਦੀ ਹੈ। ਉਮਰ ਦਾ ਵੀ ਤਕਾਜ਼ਾ ਹੈ। ਫਿਰ ਵੀ ਜਦੋਂ ਕੁਝ ਪਲਾਂ ਲਈ ਇਕੱਲੇ ਹੁੰਦੇ ਹਨ ਤਾਂ ਉਦਾਸੀ ਘੇਰ ਲੈਂਦੀ ਹੈ। 

ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ.....

ਰਮੇਸ਼ ਰਤਨ ਦੇ ਸੀਏ ਬੇਟੇ ਨੇ ਬੜਾ ਵੱਡਾ ਘਰ ਬਣਾ ਲਿਆ ਹੈ। ਬਹੁਤ ਹੀ ਸ਼ਾਨਦਾਰ ਘਰ ਪਰ ਉਹਨਾਂ ਨੇ ਆਪਣਾ ਉਹ ਛੋਟਾ ਘਰ ਅਜੇ ਵੀ ਨਹੀਂ ਛੱਡਿਆ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਰਹਿੰਦੇ ਸਨ। ਉਹਨਾਂ ਨੂੰ ਅੱਜ ਵੀ ਉਹੀ ਘਰ ਚੰਗਾ ਲੱਗਦਾ ਹੈ। ਉਹ ਅੱਜ ਵੀ ਵੇਹਲੇ ਹੋ ਕੇ ਸ਼ਾਮ ਨੂੰ ਉਸੇ ਘਰ ਮੁੜ ਜਾਂਦੇ ਹਨ। ਉੱਥੇ ਜਾ ਕੇ ਪਤਨੀ ਦੀਆਂ ਯਾਦਾਂ ਹੋਰ ਸ਼ਿੱਦਤ ਨਾਲ ਮਹਿਸੂਸ ਹੋਣ ਲੱਗਦੀਆਂ ਹਨ। ਉੱਥੇ ਜਾ ਕੇ ਉਹਨਾਂ ਨੂੰ ਪਤਨੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਆਖਦੇ ਹਨ ਨਾ--ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ-ਨ ਜਾਣੇ ਕਿਸ ਗਲੀ ਮੈਂ ਜ਼ਿੰਦਗੀ ਕਿ ਸ਼ਾਮ ਹੋ ਜਾਏ। ਸ਼ਾਇਦ ਇਹ ਉਜਾਲਾ ਉਹੀ ਹੈ ਜਿਹੜਾ ਸਾਨੂੰ ਉਮਰ ਦੀ ਇਸ ਸੰਧਿਆਂ ਵੇਲੇ ਆਸਰਾ ਦੇਂਦਾ ਹੈ। ਕਿਸੇ ਰੱਬ  ਵਰਗਾ ਆਸਰਾ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੇ ਚਿਹਰੇ ਤੋਂ ਅੱਜ ਵੀ ਪਤਨੀ ਦੇ ਤੁਰ ਜਾਣ ਦੀ ਉਦਾਸੀ ਪੜ੍ਹੀ ਜਾ ਸਕਦੀ ਹੈ। ਅਮਰਜੀਤ ਕੌਰ ਦੇ ਨਾਮ ਵਾਲੀ ਉਹ ਵੱਡੀ ਬਿਲਡਿੰਗ ਅੱਜ ਵੀ ਚੱਲਦੀ ਹੈ ਪਰ ਹੁਣ ਉੱਥੇ ਪਹਿਲਾਂ ਵਾਲੀ ਰੌਣਕ ਨਹੀਂ। ਇਸਦੇ ਉਲਟ ਇੱਕ ਡੂੰਘੀ ਉਦਾਸੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਪ੍ਰੋਫੈਸਰ ਸਾਹਿਬ ਨੇ ਉਸ ਇਮਾਰਤ ਨੂੰ ਕਦੇ ਵੀ ਵਿਰਾਨ ਤਾਂ ਨਹੀਂ ਹੋਣ ਦਿੱਤਾ ਪਰ ਫਿਰ ਵੀ ਉਹ ਪੁਰਾਣੀ ਰੌਣਕ ਕਦੇ ਮੋਦੀ ਨਹੀਂ ਜਾ ਸਕੀ। ਉਥੇ ਅਕਸਰ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ। ਬਹੁਤ ਸਾਰੇ ਸੈਮੀਨਾਰ ਹੁੰਦੇ ਹਨ। ਦੁਨੀਆ ਦੇ ਦੁੱਖਾਂ ਦੇ ਕਾਰਨ ਬਣੀਆਂ ਕਾਲੀਆਂ ਤਾਕਤਾਂ  ਨਾਲ ਚੱਲਦੀ ਆਲਮੀ ਜੰਗ ਨੂੰ ਸਫਲ ਬਣਾਉਣ ਦੀਆਂ ਵਿਉਂਤਾਂ ਬਾਰੇ ਗੱਲਬਾਤ ਹੁੰਦੀ ਹੈ। ਪਰ ਫਿਰ ਵੀ ਜ਼ਿੰਦਗੀ ਦਾ ਉਹ ਪਹਿਲਾਂ ਵਾਲਾ ਅਹਿਸਾਸ ਜਿਵੇਂ ਮਨਫ਼ੀ ਹੋ ਗਿਆ ਹੈ। ਜਿਹਨਾਂ ਨੇ ਸ਼੍ਰੀਮਤੀ ਜਗਮੋਹਨ ਹੁਰਾਂ ਦੇ ਹੁੰਦੀਆਂ ਉੱਥੇ ਚਾਅ ਦਾ ਕੱਪ ਪੀਤਾ ਹੈ। ਉੱਥੇ ਕੁਝ ਘੜੀਆਂ ਲੰਘਾਈਆਂ ਹਨ ਉਹਨਾਂ ਨੂੰ ਪਤਾ ਹੈ ਪਹਿਲਾਂ ਉੱਥੇ ਕਿਹੜੀ ਊਰਜਾ ਸੀ ਜਿਹੜੀ ਹੁਣ ਨਹੀਂ ਰਹੀ। ਇੱਕ ਇੱਕ ਸ਼ਖ਼ਸੀਅਤ ਦੇ ਤੁਰ ਜਾਨ ਨਾਲ ਪਿਆ ਵਿਗੋਚਾ ਸਾਰਿਆਂ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਪਰ ਜਿਹਨਾਂ ਨੂੰ ਹੁੰਦਾ ਹੈ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। 

ਇਸੇ ਤਰ੍ਹਾਂ ਇਨਕਲਾਬੀਆਂ ਅਤੇ ਤਰਕਸ਼ੀਲਾਂ ਦੀ ਅਗਵਾਈ ਕਰਦੇ ਆਗੂ ਜਸਵੰਤ ਸਿੰਘ ਜੀਰਖ ਨੂੰ ਅੱਜ ਵੀ ਪਤਨੀ ਦੇ ਤੁਰ ਜਾਣ ਵਾਲੇ ਉਸ ਦਰਦ ਦਾ ਅਹਿਸਾਸ ਅਕਸਰ ਹੁੰਦਾ ਹੈ। ਉਹ ਅੱਜ ਵੀ ਆਪਣੀ ਉਸ ਜਾ ਚੁੱਕੀ ਪਤਨੀ ਦੀ ਯਾਦ ਵਿਚ ਮੈਡੀਕਲ ਕੈਂਪ ਲਗਵਾਉਂਦੇ ਹਨ। ਪਤਨੀ ਨੂੰ ਯਾਦ ਕਰਨ ਲਈ ਉਹਨਾਂ ਸਾਰੀ ਦੁਨੀਆ ਦੇ ਦਰਦ ਨੂੰ ਆਪਣਾ ਲਿਆ ਹੈ। ਦੁਨੀਆ ਦੇ ਦਰਦ ਵਿਚ ਹੀ ਉਹ ਪਤਨੀ ਦੇ ਤੁਰ ਜਾਣ ਵਾਲਾ ਦਰਦ ਭੁੱਲ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਫਿਰ ਵੀ ਇਹ ਦਰਦ ਕਦੇ ਘੱਟ ਨਹੀਂ ਹੁੰਦਾ। ਆਪਣੇ ਘਰ ਦੀ ਇਮਾਰਤ ਵਿਚ ਜਾਂਦਿਆਂ ਹੀ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਨੂੰ ਯਾਦ ਹੈ ਉਹਨਾਂ ਪਤਨੀ ਦੇ ਦੇਹਾਂਤ ਵੇਲੇ ਕੋਈ ਧਾਰਮਿਕ ਰਸਮ ਨਹੀਂ ਸੀ ਕੀਤੀ। ਉਹਨਾਂ ਦਾ ਅਕੀਦਾ ਨਾਸਤਿਕਤਾ ਵਾਲਾ ਰਿਹਾ। ਤਰਕਸ਼ੀਲਾਂ ਵਾਲਾ ਰਿਹਾ। ਉਹਨਾਂ ਦੀ ਪਤਨੀ ਉਹਨਾਂ ਦੇ ਇਸ ਅਕੀਦੇ ਨੂੰ ਹਮੇਸ਼ਾਂ ਪਕੇਰਾ ਕਰਦੀ ਰਹੀ। ਉਹਨਾਂ ਦਾ ਸਾਥ ਦੇਂਦੀ ਰਹੀ। ਸਰਕਾਰੀ ਦਾਬੇ ਅਕਸਰ ਪੈਂਦੇ ਸਨ। ਉਹਨਾਂ ਦਾ ਸਾਹਮਣਾ ਕਰਨ ਵੇਲੇ ਕਦੇ ਹਿੰਮਤ ਨਾ ਛੱਡੀ। ਪਤੀ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਚੁਣੌਤੀ ਨੂੰ ਕਬੂਲ ਕੀਤਾ। ਇਨਕਲਾਬੀ ਲਹਿਰ ਤੇਜ਼ ਰਹੇ ਇਸ ਲਈ ਹਮੇਸ਼ਾਂ ਸਰਗਰਮ ਵੀ ਰਹੀ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਜਸਵੰਤ ਜੀਰਖ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਬੜਾ ਧਿਆਨ ਰੱਖਿਆ ਕਿ ਇਹ ਸ਼ਰਧਾਂਜਲੀ ਉਹਨਾਂ ਵਿਚਾਰਾਂ ਬਾਂਗ ਹੀ ਸੂਹੀ ਸ਼ਰਧਾਂਜਲੀ ਹੋਵੇ। 

ਸੀਨੀਅਰ ਪੱਤਰਕਾਰ ਅਤੇ ਸੰਵੇਦਨਸ਼ੀਲ ਸ਼ਾਇਰ ਅਸ਼ਵਨੀ ਜੇਤਲੀ ਲਈ ਵੀ ਇਹ ਦੁੱਖ ਬਹੁਤ ਵੱਡਾ ਸੀ। ਬੇਟੇ ਦੇ ਤੁਰ ਜਾਣ ਮਗਰੋਂ ਪਤਨੀ ਨੇ ਹੀ ਉਹਨਾਂ ਨੂੰ ਸੰਭਾਲਿਆ ਹੋਇਆ ਸੀ। ਕਦੇ ਨਾ ਮੁੱਕਣ ਵਾਲੀ ਉਦਾਸੀ ਨੂੰ ਉਹਨਾਂ ਦੀ ਪਤਨੀ ਨੇ ਇਕੱਲਿਆਂ ਝੱਲਣ ਦੀ ਕੋਸ਼ਿਸ਼ ਕੀਤੀ ਤਾਂਕਿ ਇਹ ਉਦਾਸੀ ਅਸ਼ਵਨੀ ਜੇਤਲੀ ਤੱਕ ਕਦੇ ਨਾ ਪੁੱਜੇ ਪਰ ਆਖਰ ਇੱਕ ਦਿਨ ਉਹ ਖੁਦ ਹੀ ਤੁਰ ਗਈ। ਅਸ਼ਵਨੀ ਨੂੰ ਬਿਲਕੁਲ ਇਕੱਲਿਆਂ ਛੱਡ ਕੇ। ਉਦਾਸੀਆਂ ਦੇ ਇਹਨਾਂ ਵਾਵਰੋਲਿਆਂ ਵਿੱਚ ਅਸ਼ਵਨੀ ਇਕੱਲਾ ਰਹੀ ਗਿਆ। ਬਿਲਕੁਲ ਇਕੱਲਾ। ਅਸ਼ਵਨੀ ਨੇ ਕਈ ਕਵਿਤਾਵਾਂ ਵੀ ਲਿਖੀਆਂ ਜਿਹਨਾਂ ਨੂੰ ਪੜ੍ਹਦਿਆਂ ਦਿਲ ਭਰ ਆਉਂਦਾ ਹੈ। ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪਰ ਦਰਦ ਫਿਰ ਵੀ ਕਾਇਮ ਰਹਿੰਦਾ ਹੈ। ਦੁਨੀਆ ਭਰ ਦੇ ਹਾਸੇ ਖੇੜੇ ਇਸ ਦਰਦ ਨੂੰ ਨਹੀਂ ਭੁੱਲਣ ਦੇਂਦੇ। ਇਸ ਉਮਰੇ ਪਿਆ ਇਹ ਵਿਛੋੜਾ ਅਸਹਿ ਹੁੰਦਾ ਹੈ। ਇਨਸਾਨ ਕਿਵੇਂ ਜਿਊਂਦਾ ਹੈ ਇਹ ਉਹੀ ਜਾਣਦਾ ਹੈ। ਚਿਹਰੇ ਤੇ ਮੁਸਕਾਨ ਲਿਆ ਕੇ ਇਹ ਦਰਦ ਨਹੀਂ ਘਟਦੇ। ਗੀਤ ਸੰਗੀਤ ਸੁਣ ਕੇ ਵੀ ਗਮ ਨਹੀਂ ਘਟਦੇ। ਦੋ ਚਾਰ ਪੈਗ ਪੀ ਕੇ ਵੀ ਵਿਛੋੜੇ ਦੀ ਅਗਨੀ ਨਹੀਂ ਬੁਝਦੀ। ਬਾਕੀ ਬੱਚੀ ਜ਼ਿੰਦਗੀ ਪਹਾੜ ਵਰਗੀ ਲੰਮੀ ਅਤੇ ਕਾਲੀ ਲੱਗਣ ਲੱਗਦੀ ਹੈ। 

ਇਪਟਾ ਵਾਲੇ ਪ੍ਰਦੀਪ ਸ਼ਰਮਾ ਨੂੰ ਅੱਜ ਵੀ ਅੱਧੀ ਅੱਧੀ ਰਾਤ ਵੇਲੇ ਨੀਂਦ ਖੁੱਲ੍ਹ ਜਾਂਦੀ ਹੈ। ਉਹੀ ਸੁਪਨੇ, ਉਹੀ ਗੀਤ..., ਉਹੀ ਸੀਨ ਬਹੁਤ ਕੁਝ ਯਾਦ ਆਉਂਦਾ ਹੈ। ਉਹ ਹੁਣ ਵੀ ਲੁਧਿਆਣਾ ਦੇ ਸਰਕਾਰੀ ਕਾਲਜ ਜਾ ਪੁੱਜਦੇ ਹਨ ਜਿੱਥੇ ਉਹਨਾਂ ਦੀ ਪਤਨੀ ਵਿਆਹ ਤੋਂ ਪਹਿਲਾਂ ਪੜ੍ਹੀ ਸੀ। ਇਥੇ ਸ਼ਾਇਦ ਐਮ ਏ ਕੀਤੀ ਸੀ। ਸ਼ਰਮਾ ਜੀ ਹੁਣ ਵੀ ਕਾਲਜ ਦੀਆਂ ਕੰਧਾਂ ਨਾਲ ਗੱਲਾਂ ਕਰਦੇ ਹਨ। ਲਾਇਬ੍ਰੇਰੀ ਜਾ ਕੇ ਗੁੰਮਸੁੰਮ ਹੋ ਕੇ ਬੈਠੇ ਰਹਿੰਦੇ ਹਨ। ਇਸ ਦਰਦ ਨੂੰ ਉਹੀ ਜਾਣਦੇ ਹਨ। ਪਰਿਵਾਰ ਦੇ ਬਾਕੀ ਮੈਂਬਰ ਨਹੀਂ ਸਮਝ ਸਕਦੇ। ਬੱਚੇ ਆਖਦੇ ਹਨ ਕਿਸੇ ਹਿੱਲ ਸਟੇਸ਼ਨ ਤੇ ਜਾ ਆਓ। ਕਿਤੇ ਵਿਦੇਸ਼ ਘੁੰਮ ਆਓ ਪਰ ਸ਼ਰਮਾ ਜੀ ਅਕਸਰ ਮੌਨੂੰ ਦੱਸਦੇ ਕਿ ਪਤਨੀ ਬਿਨ ਜਾਣ ਦਾ ਹੁਣ ਮਨ ਹੀ ਨਹੀਂ ਕਰਦਾ। ਕਿੱਥੇ ਜਾਵਾਂ? ਪਤਨੀ ਦੇ ਹੁੰਦਿਆਂ ਲੁਕ ਲੁਕ ਕੇ ਬਣਾਈਆਂ ਵੀਡੀਓ ਦੇਖਦੇ ਰਹਿੰਦੇ ਹਨ। ਉਸਦੀ ਕੀਤੀਆਂ ਗੱਲਾਂ ਸੁਣਦੇ ਰਹਿੰਦੇ ਹਨ। ਇਸਦੇ ਨਾਲ ਹੀ ਪੁਰਾਣੇ ਗਾਣੇ ਸੁਣਦੇ ਰਹਿੰਦੇ ਹਨ। ਪੂਰਨਿਆਂ ਫ਼ਿਲਮਾਂ ਵੀ ਦੇਖਦੇ ਹਨ। ਪਰਿਵਾਰ ਤੋਂ ਲੁਕ ਕੇ ਹੰਝੂ ਵੀ ਵਹਾਉਂਦੇ ਹਨ ਪਰ ਦਰਦ ਕਿੱਥੇ ਰੁਕਦਾ ਹੈ! ਹਾਂ ਇਸ ਗਮ ਨੇ ਉਹਨਾਂ ਨੂੰ ਵੀਡੀਓ ਐਡੀਟਿੰਗ ਸਿੱਖਾਂ ਦਿੱਤੀ ਹੈ। ਪਤਨੀ ਦੀਆਂ ਤਸਵੀਰਾਂ ਤੇ ਮਨ ਭਾਉਂਦੇ ਗੀਤਾਂ ਦੀ ਆਵਾਜ਼ ਲੋੜ ਕਰ ਕੇ ਮਨ ਪਸੰਦ ਵੀਡੀਓ ਬਣਾ ਲੈਂਦੇ ਹਨ ਉਹ ਵੀ ਮੋਬਾਈਲ ਤੇ। 

ਇਹਨਾਂ ਸਤਰਾਂ ਦੇ ਲੇਖਕ ਰੈਕਟਰ ਕਥੂਰੀਆ ਨੂੰ ਵੀ ਇਸ ਦਰਦ ਦਾ ਅਹਿਸਾਸ ਸ਼ਿੱਦਤ ਨਾਲ ਹੁੰਦਾ ਰਿਹਾ ਹੈ ਅਤੇ ਅਕਸਰ ਹੁੰਦਾ ਹੀ ਰਹਿੰਦਾ ਹੈ। ਇਸ ਦਰਦ ਨੂੰ ਦੱਸਣਾ ਵੀ ਸੌਖਾ ਨਹੀਂ।  ਬਸ ਉਸ ਫ਼ਿਲਮੀ ਗੀਤ ਦੀਆਂ ਦੀਆਂ ਸਤਰਾਂ ਯਾਦ ਆਉਂਦੀਆਂ ਹਨ:

ਇੱਕ ਆਹ ਭਰੀ ਹੋਗੀ,

ਹਮਨੇ ਨ ਸੁਣੀ ਹੋਗੀ,

ਜਾਤੇ ਜਾਤੇ ਤੁਮਨੇ,

ਆਵਾਜ਼ ਤੋਂ ਦੀ ਹੋਗੀ। 

ਹਰ ਵਕਤ ਇਹੀ ਹੈ ਗਮ,

ਉਸ ਵਕਤ ਕਹਾਂ ਥੇ ਹਮ,

ਕਹਾਂ ਤੁਮ ਚਲੇ ਗਏ....!

ਇਹਨਾਂ ਉਪਰੋਕਤ ਸ਼ਖਸੀਅਤਾਂ ਦੇ ਨਾਂਵਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਤਾਂਕਿ ਇਹ ਗੱਲ ਦੱਸੀ ਜਾ ਸਕੇ ਕਿ ਪਹਾੜਾਂ ਵਰਗੀਆਂ ਇਹਨਾਂ ਸ਼ਖਸੀਅਤਾਂ ਲਈ ਵੀ ਇਸ ਵਿਛੋੜੇ ਦਾ ਦਰਦ ਸਹਿਣਾ ਕੋਈ ਸੌਖਾ ਨਹੀਂ ਸੀ। ਇਹਨਾਂ ਨੇ ਇਸ ਦਰਦ ਨੂੰ ਹੀ ਵਧਾ ਕੇ ਪੂਰੀ ਲੁਕਾਈ ਦੇ ਦਰਦ ਵਿੱਚ ਬਦਲ ਦਿੱਤਾ। ਪਤਨੀ ਦੇ ਦੇਹਾਂਤ ਮਗਰੋਂ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਦੀ ਖਬਰ ਚਾਰ ਸਤਰਾਂ ਵਿੱਚ ਵੀ ਦੱਸੀ ਜਾ ਸਕਦੀ ਸੀ ਪਰ ਇਸ ਦਰਦ ਨੂੰ ਹਰ ਦਿਲ ਵਿਚ ਜਗਾਉਣਾ ਜ਼ਰੂਰੀ ਹੈ। ਸ਼ਾਇਦ ਅਜਿਹਾ ਕਰਕੇ ਹੀ ਨਿੱਘਰਦੇ ਜਾ ਰਹੇ ਸਮਾਜ ਨੂੰ ਪੱਥਰ ਵਰਗਾ ਹੋਣੋ ਬਚਾਇਆ ਜਾ ਸਕੇ। ਪਹਿਲਾਂ ਸਿਰਫ ਚੰਡੀਗੜ੍ਹ ਹੀ ਪੱਥਰਾਂ ਦਾ ਸ਼ਹਿਰ ਸੁਣਦੇ ਸੇ ਪਰ ਹੁਣ ਤਾਂ ਸ਼ਾਇਦ ਪੂਰਾ ਸਮਾਜ ਹੀ ਪੱਥਰ ਵਰਗਾ ਹੁੰਦਾ ਜਾ ਰਿਹਾ ਹੈ।   --ਰੈਕਟਰ ਕਥੂਰੀਆ

ਪਹਿਲਾ ਪੜਾ ਹੈ ਇਸ਼ਕ ਦਾ ਨੁਕਤੇ ਤੇ ਸਿਮਟਣਾ,

ਦੂਜਾ ਪੜਾ ਹੈ ਧਰਤੀਆਂ ਅੰਬਰ ਤੇ ਛਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਜ਼ੁਲਫ਼ਾਂ ਦੀ ਦਾਸਤਾ,

ਅਗਲਾ ਪੜਾ ਹੈ ਦਾਸਾਂ ਦੇ ਬੰਧਨ ਛੁਡਾਣ ਦਾ ।   

                              --ਪ੍ਰੋਫੈਸਰ ਮੋਹਨ ਸਿੰਘ 

ਹੋਲੀ ਹੋਲੀ ਬਣ ਗਿਆ ਮਿੱਤਰਾਂ ਦਾ ਗਮ ਦੁਨੀਆ ਦਾ ਗਮ

No comments: