ਗੱਗ ਦੇ ਸਮਰਥਕਾਂ ਅਤੇ ਜਮਹੂਰੀ ਜਥੇਬੰਦੀਆਂ ਲਈ ਰਾਹਤ ਦੀ ਖਬਰ !
ਸ੍ਰੀ ਅਨੰਦਪੁਰ ਸਾਹਿਬ: 11 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਸੱਚ ਕਿੰਨਾ ਕੁ ਬੋਲਣਾ ਚਾਹੀਦਾ ਹੈ ਇਸਦਾ ਜ਼ਿਕਰ ਇੱਕ "ਸਲਾਹ" ਵਾਂਗ ਡਾਕਟਰ ਸੁਰਜੀਤ ਪਾਤਰ ਹੁਰਾਂ ਨੇ ਵੀ ਬਹੁਤ ਪਹਿਲਾਂ ਕੀਤਾ ਸੀ। ਸੱਚ ਉੱਤੇ ਪਹਿਰੇ ਕੋਈ ਨਵੇਂ ਨਹੀਂ ਲੱਗਣ ਲੱਗੇ। ਇਸ ਮਾਮਲੇ ਵਿੱਚ ਸਿਰਫ ਸਰਕਾਰ ਨਹੀਂ ਗੈਰ ਸਰਕਾਰੀ ਧਿਰਾਂ ਦੀ ਭੂਮਿਕਾ ਵੀ ਬਹੁਤੀ ਹਾਂ ਪੱਖੀ ਨਹੀਂ ਰਹੀ। ਅਸਲ ਗੱਲ ਸੱਚ ਦੀ ਸੀਮਾ ਰੇਖਾ ਦੀ ਹੈ। ਜਿਊਂ ਹੀ ਕੋਈ ਬੁਲਾਰਾ ਜਾਂ ਲੇਖਕ ਉਸ ਸੀਮਾ ਨੂੰ ਉਲੰਘਣ ਦੀ "ਹਿੰਮਤ" ਦਿਖਾਉਂਦਾ ਮਹਿਸੂਸ ਹੁੰਦਾ ਹੈ ਉਦੋਂ ਹੀ ਉਸਤੇ ਦਬਾਅ ਵਧ ਦਿੱਤੇ ਜਾਂਦੇ ਹਨ। ਬਹੁਤ ਸਾਰੇ ਮੀਡੀਆ ਸੰਸਥਾਨਾਂ ਦੇ ਕਹਿੰਦੇ ਕਹਾਉਂਦੇ ਰਿਪੋਰਟਰਾਂ ਨੇ ਵੀ ਉਹੀ ਅਤੇ ਓਨਾ ਕੁ ਸੱਚ ਹੀ ਬੋਲਣਾ ਹੁੰਦਾ ਹੈ ਜਿਸਦੀ ਉਹਨਾਂ ਨੂੰ ਅਸਾਈਨਮੈਂਟ ਮਿਲੀ ਹੋਵੇ। ਬਹੁਤ ਸਾਰੇ ਰਿਪੋਰਟਰਾਂ ਦੀਆਂ ਬਹੁਤ ਸਾਰੀਆਂ ਸੱਚੀਆਂ ਅਤੇ ਮੇਹਨਤ ਨਾਲ ਤਿਆਰ ਕੀਤੀਆਂ ਗਈਆਂ ਸਟੋਰੀਆਂ ਲੋਕਾਂ ਸਾਹਮਣੇ ਆਉਣੋ ਰਹਿ ਜਾਂਦੀਆਂ ਹਨ। ਸ਼ਾਇਦ ਕਦੇ ਕਿਸੇ ਨੇ ਵਿਅਕਤੀਗਤ ਜਾਂ ਸੰਸਥਾਗਤ ਤੌਰ ਤੇ ਇਹਨਾਂ ਗੱਲਾਂ ਨੂੰ ਕਦੇ ਬਹੁਤ ਉਜਾਗਰ ਨਹੀਂ ਕੀਤਾ। ਕੁਝ ਗਿਣਤੀ ਦੇ ਪੱਤਰਕਾਰ ਇਹਨਾਂ ਅੰਦਰਲੀਆਂ ਗੱਲਾਂ ਨੂੰ ਕਦੇ ਨ ਕਦੇ ਬਾਹਰ ਲਿਆਉਂਦੇ ਰਹਿੰਦੇ ਹਨ। ਸੋ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਹੁਣ ਸੈਂਸਰਸ਼ਿਪ ਕਿੰਨੀ ਆਧੁਨਿਕ ਵੀ ਹੋ ਚੁੱਕੀ ਹੈ ਅਤੇ ਖਤਰਨਾਕ ਵੀ। ਹੁਣ ਇਹ ਛੇਤੀ ਕੀਤਿਆਂ ਨਜ਼ਰ ਵੀ ਨਹੀਂ ਆਉਂਦੀ। ਜਿਸ ਪਾਰਟੀ ਦੇ ਪੱਤਰਕਾਰ ਅਪੋਜੀਸ਼ਨ ਵਿੱਚ ਹੁੰਦਿਆਂ ਬਹੁਤ ਸਾਰੇ ਸੱਚ ਸਾਹਮਣੇ ਲਿਆਉਂਦੇ ਹਨ ਸੱਤਾ ਬਦਲਦਿਆਂ ਹੀ ਉਹਨਾਂ ਦਾ ਅੰਦਾਜ਼ ਵੀ ਬਦਲ ਜਾਂਦਾ ਹੈ ਅਤੇ ਪਹੁੰਚ ਵੀ। ਕੁਝ ਆਸਾਂ ਉਮੀਦਾਂ ਆਨਲਾਈਨ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਜਾਗੀਆਂ ਸਨ ਜਿਹਨਾਂ ਨੂੰ ਦਬਾਉਣ ਦਾ ਸਫਲ ਤਜਰਬਾ ਵੀ ਕੀਤਾ ਜਾ ਚੁੱਕਿਆ ਹੈ। ਬੇਬੁਨਿਆਦ ਅਤੇ ਪੁਰਾਣੀਆਂ ਖਬਰਾਂ ਦੀ ਹਨੇਰੀ ਚਲਾ ਕੇ ਸੋਸ਼ਲ ਮੀਡੀਆ ਨੂੰ ਗੈਰ ਜ਼ਿੰਮੇਵਾਰ ਅਤੇ ਝੂਠਾ ਸਾਬਿਤ ਕਰਨ ਦੀਆਂ ਸਾਜ਼ਿਸ਼ਾਂ ਅਲੱਗ ਹਨ। ਸਮਾਂ ਲਿਆਂਦਾ ਜਾ ਰਿਹਾ ਜਦੋਂ ਸੱਚ ਸਾਡੇ ਸਾਹਮਣੇ ਹੋਵੇਗਾ ਲੇਕਿਨ ਅਸੀਂ ਪੁੱਛਿਆ ਕਰਾਂਗੇ ਭਲਾ ਇਹ ਸੱਚ ਕਿਵੇਂ ਹੋ ਸਕਦਾ ਹੈ? ਭੰਬਲਭੂਸੇ ਨੂੰ ਪੈਦਾ ਕਰਨਾ ਅਤੇ ਇਸਨੂੰ ਇੱਕ ਹਥਿਆਰ ਵਾਂਗ ਵਰਤਣਾ ਹੁਣ ਪੁਰਾਣੀ ਗੱਲ ਹੁੰਦੀ ਜਾ ਰਹੀ ਹੈ।
ਅਜਿਹੀ ਹਾਲਤ ਵਿੱਚ ਸੁਰਜੀਤ ਗੱਗ ਵਰਗੇ ਅੰਦਾਜ਼ ਜ਼ਿਆਦਾ ਖਤਰਨਾਕ ਮਹਿਸੂਸ ਕੀਤੇ ਜਾ ਰਹੇ ਹਨ। ਕਿਸੇ ਮੰਤਰੀ ਅਤੇ ਹੋਰ ਲੀਡਰਾਂ ਦੇ ਸਾਹਮਣੇ ਆਖ ਦੇਣਾ-
ਧੇਲੇ ਦਾ ਨਹੀਂ ਬੰਦਾ ਜਿਹੜਾ
ਉਹਨੂੰ ਜੀ ਜੀ ਕਹਿਣਾ ਪੈ ਰਿਹਾ
ਜੀ ਜੀ ਹੀ ਨਹੀਂ ਕਹਿਣਾ ਪੈ ਰਿਹਾ
ਪੈਰਾਂ ਵਿੱਚ ਵੀ ਬਹਿਣਾ ਪੈ ਰਿਹਾ।
ਸਿਆਸਤ ਦੀਆਂ ਮਹੱਤਵਪੂਰਨ ਥਾਵਾਂ ਤੇ ਬੈਠੇ ਲੋਕਾਂ ਨੂੰ ਗੱਗ ਅੱਗ ਵਾਂਗ ਲੱਗਦਾ ਹੈ। ਅਜਿਹੀ ਹਾਲਤ ਵਿੱਚ ਉਭਾਰੀ ਜਾਂਦੀ ਹੈ ਧਾਰਮਿਕ ਜਜ਼ਬਾਤਾਂ ਦੀ ਗੱਲ। ਗੱਗ ਨੂੰ ਅੰਦਰ ਕਰਨ ਕਰਾਉਣ ਦਾ ਤਜਰਬਾ ਦੂਰ ਰਸ ਸਿੱਟਿਆਂ ਦੀ ਚੇਤਾਵਨੀ ਹੈ। ਜਿਹੜੇ ਚੁੱਪ ਬੈਠੇ ਹਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਅਤੇ ਜਿਹੜੇ ਬੋਲ ਰਹੇ ਹਨ ਉਹਨਾਂ ਨੂੰ ਵੀ।
ਸਾਥੀ ਨਰਿੰਦਰ ਕੁਮਾਰ ਜੀਤ ਦੀ ਪ੍ਰੋਫ਼ਾਈਲ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅੱਜ ਅਨੰਦਪੁਰ ਸਾਹਿਬ ਦੀ ਅਦਾਲਤ ਨੇਂ ਸੁਰਜੀਤ ਗੱਗ ਨੂੰ ਧਾਰਾ 295 -A ਦੇ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਪੁਲਸ ਵੱਲੋਂ ਇਸ ਕੇਸ ਦੀ ਤਫਤੀਸ਼ ਅਜੇ ਤੱਕ ਮੁਕੰਮਲ ਨਹੀਂ ਕੀਤੀ ਗਈ ਸੀ ਅਤੇ 60 ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਚਲਾਣ ਨਹੀਂ ਸੀ ਪੇਸ਼ ਕੀਤਾ ਗਿਆ। ਨਿਸਚੇ ਹੀ ਉਹਨਾਂ ਸਾਰੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਲਈ ਇਹ ਰਾਹਤ ਦੀ ਖਬਰ ਹੈ ਜਿਹੜੇ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਆਜ਼ਾਦੀ ਦੇ ਮੁਦਈ ਅਤੇ ਜ਼ੁਬਾਨਬੰਦੀ ਦੇ ਵਿਰੋਧੀ ਬਣ ਕੇ ਸੁਰਜੀਤ ਗੱਗ ਦੇ ਹੱਕ ਵਿਚ ਨਿਤਰੇ।
ਸਾਥੀਆਂ ਨੇ ਅੱਗੇ ਕਿਹਾ ਹੈ ਕਿ ਦੋਸਤੋ ਅਸੀਂ ਜ਼ੁਬਾਨਬੰਦੀ ਦੇ ਇੱਕ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਹਾਂ, ਜਿਸ ਵਿਚ ਹਾਕਮਾਂ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਨਾਂ ਸਿਰਫ ਝੂਠੇ ਕੇਸਾਂ ਚ ਫਸਾਇਆ ਜਾਂਦਾ ਹੈ, ਸਗੋਂ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ। ਗੌਰੀ ਲੰਕੇਸ਼ ਦੀ ਸੱਜਰੀ ਮਿਸਾਲ ਸਾਡੇ ਸਾਹਮਣੇ ਹੈ। ਇਸ ਦੌਰ ਚ ਇਨਸਾਫ ਪਸੰਦ ਅਤੇ ਜਮਹੂਰੀ ਲੋਕਾਂ ਦਾ ਸੰਘਰਸ਼ਸ਼ੀਲ ਏਕਾ ਹੀ ਜ਼ੁਬਾਨਬੰਦੀ ਦਾ ਟਾਕਰਾ ਕਰ ਸਕਦਾ ਹੈ।
ਸਾਥੀ ਜੀਤ ਅਤੇ ਹੋਰਨਾਂ ਸਾਥੀਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਸੀਂ ਇਸ ਮਾਮਲੇ ਵਿੱਚ ਵੱਡੀ ਪੱਧਰ 'ਤੇ ਹੋ ਰਹੇ ਸੂਖਮ ਹਮਲਿਆਂ ਬਾਰੇ ਸੁਚੇਤ ਰਹਿਣ ਦੀ ਵੀ ਅਪੀਲ ਕਰਦੇ ਹਾਂ। ਗੱਗ ਦੀ ਸੁਰੱਖਿਆ ਬਾਰੇ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜ਼ੁਬਾਨਬੰਦੀ ਦੇ ਮੌਜੂਦਾ ਦੌਰ ਬਾਰੇ ਅਸੀਂ ਬਹੁ ਧਿਰੀ ਵਿਚਾਰ ਚਰਚਾ ਦੇ ਵੀ ਹੱਕ ਵਿੱਚ ਹਾਂ। ਕੋਸ਼ਿਸ਼ ਕਰਾਂਗੇ ਪੀਪਲਜ਼ ਮੀਡੀਆ ਲਿੰਕ ਵੱਲੋਂ ਅਜਿਹਾ ਉਪਰਾਲਾ ਛੇਤੀ ਹੀ ਕੀਤਾ ਜਾ ਸਕੇ।
ਇਸਦੇ ਨਾਲ ਹੀ ਇੱਕ ਕੁਮੈਂਟ ਇਹ ਵੀ ਜ਼ਰੂਰੀ ਹੈ। Sita Ram Bansal ਸਾਡੀ ਜੁਬਾਨ ਏਨੀ ਨਹੀਂ ਖੁੱਲ੍ਹਣੀ ਚਾਹੀਦੀ ਕਿ ਕਿਸੇ ਗੁਰੂ ਬਾਰੇ ਈ ਊਲ ਜਲੂਲ ਲਿਖਣ ਲੱਗ ਜਾਈਏ।ਸ਼ਬਦਾਂ ਦੀ ਸਹੀ ਵਰਤੋਂ ਸਿਆਣਪ ਦੀ ਨਿਸ਼ਾਨੀ ਏ ਤੇ ਨਾਲੇ ਜੁਬਾਨਬੰਦੀ ਦਾ ਕਾਰਣ ਵੀ ਨਹੀਂ ਬਣਦੀ। ਜਮਾਨਤ ਮਿਲਣੀ ਚੰਗੀ ਖਬਰ ਏ।
ਇੱਕ ਹੋਰ ਟਿੱਪਣੀ ਹੈ:Kanwaljit Kuti ਪਰ ਗੱਗ ਨੇ ਬਾਬੇ ਨਾਨਕ ਦਾ ਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਘਾਣ ਕੀਤਾ ਹੈ । ਬੋਲਣ ਦੀ ਅਜ਼ਾਦੀ ਦਾ ਇਹ ਅਰਥ ਹਰਗਿਜ਼ ਨਹੀਂ ਹੋਣਾ ਚਾਹੀਦਾ ਕਿ ਤੁਸੀ ਕਿਸੇ ਨੂੰ ਗਾਲਾਂ ਕੱਢੋ ।
Manpreet Jas ਅਤੇ Sita Ram Bansal ji,ਜੇ ਇਹ ਸ਼ਬਦ ਰਹਿਗੇ ਤਾਂ ਤੁਸੀਂ ਵਰਤਕੇ ਸੀਨਾ ਠਾਰ ਲਓ।ਬਾਕੀ ਅਸੀਂ ਤਾਂ ਉਹਦੀ 12 ਸਾਲ ਦੀ ਧੀ ਦੇ ਬਲਾਤਕਾਰ ਦੀਆਂ ਧਮਕੀਆਂ ਨੂੰ ਜਰਿਆ ਹੈ ਤਹਮੱਲ ਨਾਲ।
No comments:
Post a Comment