Mar 2, 2019, 4:50 PM
ਛੇੜਛਾੜ ਮਗਰੋਂ ਪਿੰਡ ਸੰਗੋਵਾਲ ਦੀ ਦਲਿਤ ਲੜਕੀ ਨੇ ਕੀਤੀ ਸੀ ਖੁਦਕੁਸ਼ੀ
ਛੇੜਛਾੜ ਮਗਰੋਂ ਪਿੰਡ ਸੰਗੋਵਾਲ ਦੀ ਦਲਿਤ ਲੜਕੀ ਨੇ ਕੀਤੀ ਸੀ ਖੁਦਕੁਸ਼ੀ
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਟੀਮ)::
ਜਮਹੂਰੀ ਅਧਿਕਾਰ ਸਭਾ (ਜ਼ਿਲ੍ਹਾ ਲੁਧਿਆਣਾ) ਨੇ ਪਿਛਲੇ ਦਿਨੀਂ ਲੁਧਿਆਣਾ ਨੇੜੇ ਪੈਂਦੇ ਪਿੰਡ ਸੰਗੋਵਾਲ ਦੀ ਇਕ ਦਲਿਤ ਲੜਕੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਕਾਰਣਾਂ ਬਾਰੇ ਜਾਂਚ ਕੀਤੀ ਗਈ। ਜਾਂਚ ਕਮੇਟੀ ਵਿੱਚ ਜਸਵੰਤ ਜੀਰਖ, ਸਤੀਸ਼ ਸੱਚਦੇਵਾ ਅਤੇ ਰੈਕਟਰ ਕਥੂਰੀਆ ਸ਼ਾਮਲ ਹਨ। ਇਸ ਦੌਰਾਨ ਪਾਇਆ ਗਿਆ ਕਿ ਇਹ 22 ਕੁ ਸਾਲਾ ਲੜਕੀ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ, ਜੋ ਪਿੰਡ ਦੇ ਹੀ ਇਕ ਕਿਸਾਨ ਬਿੱਕਰ ਸਿੰਘ ਦੇ ਘਰ ਸਾਫ਼ ਸਫਾਈ ਦਾ ਕੰਮ ਕਰਦੀ ਸੀ। 19 ਫ਼ਰਵਰੀ ਦੀ ਸ਼ਾਮ ਜਦੋਂ ਇਹ ਲੜਕੀ ਆਪਣਾ ਕੰਮ ਖਤਮ ਕਰਨ ਬਾਅਦ ਆਪਣੇ ਘਰ ਨੂੰ ਆ ਰਹੀ ਸੀ ਤਾਂ ਪਿੰਡ ਦੇ ਹੀ ਦੋ ਲੜਕਿਆਂ ਜੋ ਦੋਵੇਂ ਹੀ ਜੌੜੇ ਭਰਾ ਹਨ, ਨੇ ਇਸ ਲੜਕੀ ਨੂੰ ਮੰਦ ਭਾਵਨਾ ਨਾਲ ਫੜਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ। ਪਰ ਲੜਕੀ ਦੇ ਰੌਲਾ ਪਾਣ ਤੇ ਉਸੇ ਰਸਤੇ ਪੱਠੇ ਲੈਕੇ ਲੰਘ ਰਹੀਆਂ ਔਰਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਲੜਕੀ ਨੇ ਨੇੜੇ ਪੈਂਦੇ ਇਕ ਘਰ ਅੰਦਰ ਬੜਕੇ ਆਪਣਾ ਬਚਾਅ ਕੀਤਾ।ਉਸ ਨੇ ਘਰ ਆਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਸ਼ਾਮ ਵੇਲੇ ਬਿੱਕਰ ਸਿੰਘ ਨੇ ਲੜਕੀ ਦੇ ਘਰ ਆਕੇ ਕਿਹਾ ਕਿ ਤੁਸੀਂ ਕੋਈ ਕਾਰਵਾਈ ਨਾ ਕਰੋ ਮੈਂ ਆਪ ਉਹਨਾਂ ਲੜਕਿਆਂ ਨੂੰ ਸਬਕ ਸਿਖਾਵਾਂਗਾ। ਇਸ ਬਾਅਦ ਬਿੱਕਰ ਸਿੰਘ ਦੋਵਾਂ ਲੜਕਿਆਂ ਨੂੰ ਕਾਰ ‘ਚ ਬਿਠਾਕੇ ਆਲਮਗੀਰ ਛੱਡ ਆਇਆ । ਜਦੋਂ ਦੋ ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਲੜਕੀ ਨੇ ਮਯੂਸੀ ਵਿੱਚ ਆਕੇ 22 ਫ਼ਰਵਰੀ ਨੂੰ ਆਪਣੇ ਘਰ ਅੰਦਰ ਹੀ ਪੱਖੇ ਨਾਲ ਲਟਕਕੇ ਖ਼ੁਦਕੁਸ਼ੀ ਕਰ ਲਈ।
ਪਤਾ ਲੱਗਣ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਵੀ ਪਹੁੰਚ ਗਈ। ਲੜਕੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੁਧਿਆਣੇ ਲਿਜਾਇਆ ਗਿਆ, ਜਿੱਥੇ ਉਸ ਦਿਨ ਪੋਸਟ-ਮਾਰਟਮ ਨਹੀਂ ਹੋਇਆ। ਦੂਜੇ ਦਿਨ 12.30 ਵਜੇ ਪੋਸਟ-ਮਾਰਟਮ ਹੋ ਗਿਆ , ਪਰ ਹਸਪਤਾਲ ਨੇ ਲਾਸ਼ ਪਿੰਡ ਲੈਕੇ ਜਾਣ ਲਈ ਵੈਨ ਦੇਣੋ ਇਨਕਾਰ ਕਰ ਦਿੱਤਾ। ਪੁਲਸ ਵੀ ਮੌਕੇ ਤੇ ਲੇਟ ਆਣ ਕਰਕੇ ਲੋਕਾਂ ਵਿੱਚ ਗ਼ੁੱਸਾ ਫੈਲ ਗਿਆ। ਮੌਕੇ ਤੇ SHO ਪ੍ਰੇਮ ਸਿੰਘ ਨਾਲ ਵੀ ਲੇਟ ਪਹੁੰਚਣ ਕਰਕੇ ਬਹਿਸ ਮੁਵਾਸਾ ਹੋਇਆ। ਪ੍ਰੇਮ ਸਿੰਘ ਵੱਲੋਂ ਉਲਟਾ ਧਮਕੀਆਂ ਦੇਣ ਕਾਰਨ ਮਾਮਲਾ ਹੋਰ ਵਿਗੜ ਗਿਆ ਜਿਸ ਕਰਕੇ ਲੋਕਾਂ ਨੇ ਲੜਕੀ ਦੀ ਲਾਸ਼ ਨੂੰ ਮੰਜੇ ਉੱਪਰ ਚੁੱਕਕੇ ਹੀ D C ਦਫਤਰ ਲੈਕੇ ਜਾਣ ਦਾ ਫੈਸਲਾ ਕਰ ਲਿਆ। ਪੁਲਸ ਨੇ ਉਸ ਵੇਲੇ ਵੀ ਲੋਕਾਂ ਨਾਲ ਬਦਸਲੂਕੀ ਕੀਤੀ, ਇੱਥੋਂ ਤੱਕ ਕਿ ਪੰਚਾਇਤ ਮੈਂਬਰ ਰਣਬੀਰ ਸਿੰਘ ਦੀ ਪੁਲਿਸ ਨੇ ਧੱਕਾ ਮੁੱਕੀ ਕਰਦਿਆਂ ਪੱਗ ਵੀ ਲਾਹ ਦਿੱਤੀ ਤੇ ਉਸ ਦੇ ਭਰਾ ਨੂੰ ਵੀ ਚੁੱਕਕੇ ਲੈ ਗਈ।ਪਿੰਡ ਵਾਸੀ ਗੁਰਬਖਸ ਸਿੰਘ ਫ਼ੌਜੀ ਨੂੰ ਵੀ ਲੈ ਗਈ ।
D C ਦਫਤਰ ਲਾਸ਼ ਰੱਖਕੇ ਇਨਸਾਫ਼ ਦੀ ਮੰਗ ਕੀਤੀ ਗਈ ਜਿੱਥੇ A D C ਜਸਕਰਨ ਸਿੰਘ ਤੇਜਾ ਨੇ ਸਾਰੀ ਸਥਿਤੀ ਸਮਝਦਿਆਂ ਪੁਲਸ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਉਸੇ ਵੇਲੇ SHO ਪ੍ਰੇਮ ਸਿੰਘ ਨੂੰ ਲਾਈਨ ਹਾਜ਼ਰ ਕਰਨ ਬਾਰੇ ਵੀ ਲੋਕਾਂ ਨੂੰ ਸੂਚਨਾ ਦੇਕੇ ਉਹਨਾਂ ਨੂੰ ਸ਼ਾਂਤ ਕੀਤਾ। ਦੋਸ਼ੀਆਂ ਜਗਦੀਪ ਸਿੰਘ ਅਤੇ ਜੁਗਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਵੀ ਕੀਤੀ ਗਈ ਅਤੇ ਬਿੱਕਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਭਾ ਨੇ ਸਿੱਟਾ ਕੱਢਦਿਆਂ ਸਪਸਟ ਕੀਤਾ ਹੈ ਕਿ ਆਮ ਗਰੀਬ ਲੋਕਾਂ ਲਈ ਕੋਈ ਪੱਕਾ ਰੋਜ਼ਗਾਰ ਨਾ ਹੋਣ ਕਾਰਣ, ਉਹਨਾਂ ਦੇ ਬੱਚਿਆਂ/ ਔਰਤਾਂ ਨੂੰ ਅਜਿਹੇ ਵਰਤਾਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਉਹਨਾਂ ਦੀ ਗਰੀਬੀ ਦਾ ਅਕਸਰ ਹੀ ਗੁੰਡਾ ਅਨਸਰ ਫ਼ਾਇਦਾ ਉਠਾਉਂਦੇ ਹਨ।ਸਰਕਾਰ ਉਹਨਾਂ ਦੀਆਂ ਵੋਟਾਂ ਲੈਕੇ ਗੱਦੀਆਂ ਤਾਂ ਸਾਂਭ ਲੈਂਦੀ ਹੈ ਪਰ ਉਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਠੋਸ ਉਪਰਾਲੇ ਨਹੀਂ ਕਰਦੀ।ਪੁਲਸ ਵੱਲੋਂ ਕਾਨੂੰਨ ਅਵਸਥਾ ਸੁਧਾਰਨ ਦੀ ਬਜਾਏ ਖ਼ੁਦ ਹੀ ਕਾਨੂੰਨ ਦੀ ਉਲੰਘਣਾ ਕਰਨਾ ਆਮ ਗੱਲ ਹੈ। ਸਭਾ ਮੰਗ ਕਰਦੀ ਸਿਵਲ ਹਸਪਤਾਲ ਵੱਲੋਂ ਲਾਸ਼ ਲਿਜਾਣ ਲਈ ਵੈਨ ਨਾ ਦੇਣ ਖ਼ਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।ਪੁਲਸ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ਅਤਿ ਘਟੀਆ ਹੋਣ ਕਰਕੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਲੜਕੀ ਦੇ ਅਤਿ ਗਰੀਬ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਹੀਂ ਪੈਰਾਂ ਸਿਰ ਕੀਤਾ ਜਾਵੇ। ਲੜਕੀ ਦਾ ਭਰਾ ਜੋ ਕੰਮ ਕਾਰ ਕਰਨ ਤੋਂ ਅਪਾਹਜ ਹੈ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇ।
No comments:
Post a Comment