Fri, May 13, 2016 at 3:58 PM
ਨਾਲ ਹੀ ਕਿਹਾ-ਕੋਈ ਹੋਰ ਏਜੰਸੀ ਵੀ ਜਾਂਚ ਕਰੇ ਤਾਂ ਕਾਤਲ ਹੋਣਗੇ ਜਲਦੀ ਬੇਨਕਾਬ
ਨਵੀਂ ਦਿੱਲੀ; 13 ਮਈ 2016: (ਪੰਜਾਬ ਸਕਰੀਨ ਬਿਊਰੋ):
ਨਾਮਧਾਰੀ ਸਮਾਜ ਦੇ ਪੰਥਕ ਏਕਤਾ ਧੜੇ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਰੋਸ ਮਾਰਚ ਕਢ ਕੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਬੇਨਕਾਬ ਕਰਨ ਦੀ ਮੰਗ ਦੁਹਰਾਈ। ਅਜੀਬ ਦੁਖਾਂਤ ਹੈ ਕਿ ਜਿਹੜਾ ਨਾਮਧਾਰੀ ਸਮਾਜ ਬੇਗੁਨਾਹਾਂ ਨੂੰ ਬਚਾਉਣ ਵਾਸਤੇ ਖੁਦ ਆਪਣੀਆਂ ਕੁਰਬਾਨੀਆਂ ਦੇਣ ਲਈ ਅੱਗੇ ਆਉਂਦਾ ਸੀ, ਗਊ-ਗਰੀਬ ਦੀ ਰੱਖਿਆ ਜਿਹਨਾਂ ਦੇ ਮੁਢਲੇ ਸਿਧਾਂਤਾਂ ਵਿੱਚ ਸ਼ਾਮਲ ਸੀ, ਜਿਹਨਾਂ ਨੇ ਹਥਿਆਰਾਂ ਵਿੱਚ ਪ੍ਰਬੀਨਤਾ ਹੋਣ ਦੇ ਬਾਵਜੂਦ ਮਹਾਤਮਾ ਗਾਂਧੀ ਤੋਂ ਕਿਤੇ ਬਹੁਤ ਪਹਿਲਾਂ ਸ਼ਾਂਤਮਈ ਨਾਮਿਲਵਰਤਨ ਅੰਦੋਲਨ ਚਲਾਇਆ ਸੀ--ਅੱਜ ਉਹ ਨਾਮਧਾਰੀ ਸਮਾਜ ਗੁਰੂ ਮਾਤਾ ਵੱਜੋਂ ਜਾਣੀ ਜਾਂਦੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਅੰਦੋਲਨ ਦੇ ਰਾਹ 'ਤੇ ਹੈ। ਜਿਸ ਨਾਮਧਾਰੀ ਸਮਾਜ ਨੇ ਤੇਜ਼ ਤਰਾਰ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਬਗਾਵਤ ਕਰਦਿਆਂ ਆਪਣਾ ਖੁਦ ਦਾ ਡਾਕ ਸਿਸਟਮ ਚਲਾ ਲਿਆ ਸੀ ਅੱਜ ਉਸ ਨਾਮਧਾਰੀ ਸਮਾਜ ਨੂੰ ਨਹੀਂ ਪਤਾ ਕਿ ਉਸ ਸਮਾਜ ਦੀ ਸਭ ਤੋਂ ਸਤਿਕਾਰਤ ਸ਼ਖਸੀਅਤ ਮਾਤਾ ਚੰਦ ਕੌਰ ਦਾ ਵਹਿਸ਼ੀਆਨਾ ਕਤਲ ਕਿਸ ਨੇ ਕਰ ਦਿੱਤਾ! \
ਚੇਤੇ ਰਹੇ ਕਿ 4 ਅਪ੍ਰੈਲ ਨੂੰ ਸਵਰਗੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਤਨੀ ਸ੍ਰੀ ਮਾਤਾ ਚੰਦ ਕੋਰ ਜੀ ਦਾ ਕਤਲ ਬੜੇ ਹੀ ਵਹਿਸ਼ੀਆਨਾ ਢੰਗ ਨਾਲ ਕਰ ਦਿੱਤਾ ਗਿਆ ਸੀ। ਤਕਰੀਬਨ 90 ਸਾਲਾਂ ਦੀ ਬਿਰਧ ਮਾਤਾ ਦਾ ਇਹ ਕਤਲ ਨਾਮਧਾਰੀ ਸਮਾਜ ਦੇ ਹੈਡ ਕੁਆਟਰ ਵਿੱਚ ਦਿਨ ਦਿਹਾੜੇ ਹੋਇਆ।
ਸ੍ਰੀ ਭੈਣੀ ਸਾਹਿਬ ਵਿਖੇ ਕਾਬਜ਼ ਧਿਰ ਨੇ ਇਸਦੇ ਦੋਸ਼ ਠਾਕੁਰ ਦਲੀਪ ਸਿੰਘ ਉੱਪਰ ਲਗਾਏ ਜਦਕਿ ਦੂਜੇ ਪਾਸੇ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਗੁਰੂ ਮੰਨ ਰਹੀ ਸੰਗਤ ਨੇ ਇਸ ਕਤਲ ਨੂੰ ਕੁੱਝ ਪੰਥਕ ਏਕਤਾ ਦੇ ਵਿਰੋਧੀਆ ਵੱਲੋਂ ਕਰਾਇਆ ਦੱਸਿਆ। ਇਸ ਕਤਲ ਕਾਰਨ ਸਮੁੱਚੇ ਸਮਾਜ ਵਿੱਚ ਰੋਸ ਦੀ ਲਹਿਰ ਚੱਲ ਰਹੀ ਹੈ। ਏਕਤਾ ਧੜੇ ਦਾ ਕਹਿਣਾ ਹੈ ਕਿ ਭੈਣੀ ਸਾਹਿਬ ਦਾ ਪੁਜਾਰੀ ਧੜਾ ਇਸ ਸਾਰੇ ਘੱਟਨਾਚੱਕਰ ਨੂੰ ਠਾਕੁਰ ਦਲੀਪ ਸਿੰਘ ਜੀ ਨਾਲ ਜੋੜਨ ਲਈ ਹਰ ਤਰਾਂ ਦੇ ਹੱਥਕੰਡੇ ਵਰਤ ਰਿਹਾ ਹੈ ਜਦਕਿ ਅੱਜ ਸਾਰੀ ਸੰਗਤ, ਮੀਡੀਆ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਮਾਤਾ ਚੰਦ ਕੋਰ ਜੀ ਦੇ ਕਾਤਲ ਭੈਣੀ ਸਾਹਿਬ ਅੰਦਰ ਹੀ ਮੌਜੂਦ ਹਨ। ਇਸ ਧੜੇ ਨੇ ਅੱਜ ਫੇਰ ਇੱਕ ਪ੍ਰੈਸਨੋਟ ਰਾਹੀਂ ਕਿਹਾ ਕਿ ਇਸ ਤੋਂ ਘਬਰਾ ਕੇ ਭੈਣੀ ਸਾਹਿਬ ਦਾ ਪੁਜਾਰੀ ਧੜਾ ਪੁਲਿਸ ਜਾਂਚ ਨੂੰ ਗੁਮਰਾਹ ਕਰਨ ਲਈ ਰੋਸ ਮਾਰਚ ਕੱਢ ਰਿਹਾ ਹੈ। ਜੋ ਨਾਮਧਾਰੀ ਮਾਤਾ ਜੀ ਦੇ ਦੁੱਖ ਕਰਕੇ ਰੋਸ ਮਾਰਚਾਂ ਵਿੱਚ ਜਾਂਦੇ ਹਨ, ਹੰਸਪਾਲ ਉਹਨਾਂ ਦਾ ਇਕੱਠ ਆਪਣੇ ਪਿੱਛੇ ਵਿਖਾਕੇ ਕਾਂਗਰਸ ਪਾਰਟੀ ਵਿੱਚ ਆਪਣੀ ਚੌਧਰ ਪੱਕੀ ਕਰ ਰਿਹਾ ਹੈ।
ਸਾਨੂੰ ਪੰਜਾਬ ਪੁਲਿਸ ਦੀ ਜਾਂਚ ਪ੍ਰਣਾਲੀ ਉੱਪਰ ਭਰੋਸਾ ਹੈ ਪਰ ਅਗਰ ਇਸਦੇ ਨਾਲ-ਨਾਲ ਕੋਈ ਹੋਰ ਏਜੰਸੀ ਵੀ ਜੇ ਇਸਦੀ ਜਾਂਚ ਕਰਦੀ ਹੈ ਤਾਂ ਅਸੀ ਕਾਤਲਾਂ ਤੱਕ ਹੋਰ ਜਲਦੀ ਪਹੁੰਚ ਸਕਾਂਗੇ।
ਇਸ ਮੌਕੇੇ ਬੋਲਦਿਆ ਸੂਬਾ ਦਰਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਸਭ ਤੋ ਜ਼ਿਆਦਾ ਹੈਰਾਨੀ ਉਦੋਂ ਹੋਈ ਜਦੋ ਮਾਤਾ ਜੀ ਦੇ ਕਤਲ ਤੋਂ ਤੁਰੰਤ ਬਾਅਦ ਠਾਕੁਰ ਦਲੀਪ ਸਿੰਘ ਜੀ ਨੂੰ ਇਸ ਕਤਲ ਕੇਸ ਵਿੱਚ ਫਸਾਉਣ ਵਾਸਤੇ ਬੈਨਰ ਛਪਾਕੇ ਪ੍ਰਦਰਸ਼ਨ ਅਤੇ ਨਾਅਰੇਬਾਜੀ ਕੀਤੀ ਗਈ। ਠਾਕੁਰ ਦਲੀਪ ਸਿੰਘ ਜੀ ਨੂੰ ਮੰਨਣ ਵਾਲੀ ਸੰਗਤ (ਜੋ ਭੈਣੀ ਸਾਹਿਬ ਪਿੰਡ ਦੇ ਵਸਨੀਕ ਹਨ) ਉਹਨਾਂ ੳੁੱਪਰ ਤਲਵਾਰਾਂ ਨਾਲ ਹਮਲੇ ਕੀਤੇ ਗਏ। ਇਹ ਗੱਲਾਂ ਕਿਸੇ ਗਿਣੀ ਮਿੱਥੀ ਸਾਜਿਸ਼ ਤੋਂ ਬਗੈਰ ਸੰਭਵ ਨਹੀਂ।
ਇਸ ਮੋਕੇ ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ (ਮਾਤਾ ਚੰਦ ਕੌਰ ਜੀ ਠਾਕੁਰ ਉਦੈ ਸਿੰਘ ਦੀ ਤਾਈ ਜੀ ਸਨ) ਜਿਸ ਗੁਰਦੁਆਰਾ ਭੈਣੀ ਸਾਹਿਬ ਅੰਦਰ ਠਾਕੁਰ ਉਦੇ ਸਿੰਘ ਦੀ ਸਕੀ ਮਾਤਾ ਬੇਬੇ ਦਲੀਪ ਕੌਰ ਅਤੇ ਭਰਾ ਠਾਕੁਰ ਦਲੀਪ ਸਿੰਘ ਨੂੰ ਨਹੀਂ ਵੜਨ ਦਿੱਤਾ ਜਾਂਦਾ, ਉਥੇ ਮਾਤਾ ਜੀ ਦੇ ਕਾਤਲ ਬਿਨਾਂ ਆ ਗਿਆ ਕਿਵੇਂ ਅੰਦਰ ਵੜ ਗਏ?ਵਰਨਣਯੋਗ ਹੈ ਕਿ ਭੈਣੀ ਸਾਹਿਬ ਵਿੱਚ ਪਿਛਲੇ 25-30 ਸਾਲ ਤੋਂ ਲਗਾਤਾਰ ਗੈਰ-ਕਾਨੂੰਨੀ ਕੰਮ ਹੋ ਰਹੇ ਹਨ। ਕਿਸੇ ਵੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਇਹਨਾਂ ਗਲਤ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸਦਾ ਨਤੀਜਾ ਅੱਜ ਮਾਤਾ ਜੀ ਦੇ ਕਤਲ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਭੈਣੀ ਸਾਹਿਬ ਦੇ ਪੁਜਾਰੀ ਧੜੇ ਨੇ 15-20 ਵਾਰ ਨਿਹੱਥੀ ਸੰਗਤ ਨੂੰ ਮਾਰਿਆ ਕੁੱਟਿਆ ਅਤੇ ਉਹਨਾਂ ਉਪਰ ਗੋਲੀਆਂ ਵੀ ਚਲਵਾਈਆਂ ਪਰ ਅੱਜ ਤੱਕ ਪੁਜਾਰੀ ਧੜੇ ਵਿਰੁੱਧ ਕਿਸੇ ਵੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ।
ਇਸ ਮੌਕੇ ਡਾ. ਸੁਖਦੇਵ ਸਿੰਘ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਚੰਦ ਕੌਰ ਜੀ ਆਪ ਵੀ ਬਹੁਤ ਵੱਡੇ ਪੰਥ ਹਿਤੈਸ਼ੀ ਸਨ। ਉਹ 2006 ਵਿੱਚ ਪੰਥਕ ਏਕਤਾ ਕਰਵਾਣ ਵਿਚ ਸਫਲ ਹੋਏ ਸਨ। ਹੁਣ ਵੀ ਆਉਣ ਵਾਲੇ ਦਿਨਾਂ ਵਿੱਚ ਪੰਥਕ ਏਕਤਾ ਸੰਬੰਧੀ ਬਹੁਤ ਵੱਡਾ ਐਲਾਨ ਕਰਨ ਵਾਲੇ ਸਨ ਪਰ ਏਕਤਾ ਵਿਰੋਧੀ ਅਨਸਰਾਂ ਨੂੰ ਇਸ ਬਾਰੇ ਪਤਾ ਲੱਗਦਿਆਂ ਹੀ ਉਹਨਾ ਨੇ ਮਾਤਾ ਜੀ ਨੂੰ ਲਾਂਭੇ ਕਰ ਦਿੱਤਾ। ਇਹ ਕੰਮ ਪੰਥ ਪਾੜਕੇ ਗੱਦੀ ਅਤੇ ਜਾਇਦਾਦਾਂ ਉੱਤੇ ਆਪਣਾ ਕਬਜ਼ਾ ਹੋਰ ਪੱਕਾ ਕਰਣ ਲਈ ਕਰਵਾਇਆ ਗਿਆ ਹੈ।
ਇਸ ਮੌਕੇ ਅਰਵਿੰਦਰ ਸਿੰਘ ਕਾਲਾ ਨੇ ਮੰਗ ਕੀਤੀ ਕਿ ਰਮੇਸ਼ ਨਗਰ ਦਿੱਲੀ ਵਿਖੇ ਸਥਿਤ ਨਾਮਧਾਰੀ ਗੁਰਦੁਆਰੇ ਵਿੱਚ ਜਿਹਨਾਂ ਨੇ (ਪੁਲਿਸ ਦੀ ਮੌਜੂਦਗੀ ਵਿੱਚ) ਸਤਿਗੁਰੂ ਜੀ ਦੀ ਪਾਲਕੀ ਤੋੜੀ ਸੀ, ਅੰਮ੍ਰਿਤਸਰ ਸ਼ਹੀਦੀ ਸਮਾਰਕ ਵਿਖੇ ਏਕਤਾ ਦੀ ਬੇਨਤੀ ਕਰਨ ਗਈ ਸੰਗਤ ਉਪਰ (ਪੁਲਿਸ ਦੀ ਮੌਜੂਦਗੀ ਵਿੱਚ) ਗੋਲੀਆਂ ਚਲਾਈਆਂ, ਚੰਡੀਗੜ ਨਾਮਧਾਰੀ ਗੁਰਦੁਆਰੇ ਵਿੱਚ (ਪੁਲਿਸ ਦੀ ਮੌਜੂਦਗੀ ਵਿੱਚ) ਨਾਮ ਜਪਦੀ ਸੰਗਤ ਨੂੰ ਮਾਰਿਆ ਕੁੱਟਿਆ ਅਤੇ ਸੰਤ ਨਗਰ ਸਿਰਸਾ (ਹਰਿਆਣਾ) ਦੇ ਨਾਮਧਾਰੀ ਗੁਰਦੁਆਰੇ ਵਿੱਚ ਨਾਮ ਜਪਦੀ ਸੰਗਤ ਉਪਰ (ਪੁਲਿਸ ਦੀ ਮੌਜੂਦਗੀ ਵਿੱਚ) ਗੋਲੀਆਂ ਚਲਾਈਆਂ, ਉਹਨਾਂ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਭੈਣੀ ਸਾਹਿਬ ਦੇ ਪੁਜਾਰੀ ਧੜੇ ਵੱਲੋਂ ਕੀਤੀਆਂ ਗਈਆਂ ਇਹਨਾਂ ਕਾਰਵਾਈਆਂ ਸਦਕਾ ਅੱਜ ਨਾਮਧਾਰੀ ਸੰਗਤ ਵਿੱਚ ਦਹਿਸ਼ਤ ਤੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਭੈਣੀ ਸਾਹਿਬ ਵਿੱਚ ਨਿਰਦੋਸ਼ ਸੰਗਤ ਨੂੰ (ਪੁਲਿਸ ਦੀ ਮੌਜੂਦਗੀ ਵਿੱਚ) ਘਰਾਂ ਵਿੱਚ ਕੱਢ-ਕੱਢ ਕੇ ਕੁੱਟਿਆ ਗਿਆ ਤੇ ਉਹਨਾਂ ਦੇ ਘਰ ਸਾੜੇ ਗਏ।
ਅਸੀਂ ਅਜ ਕੇਂਦਰ ਸਰਕਾਰ ਅਤੇ ਭਾਰਤ ਦੇ ਸਾਰੇ ਪ੍ਰਾਂਤਾ ਦੇ ਪਾਰਟੀ ਆਗੂਆ ਨੂੰ ਬੇਨਤੀ ਕਰਦੇ ਹਾਂ ਕਿ ਨਾਮਧਾਰੀ ਪੰਥ ਦੀ ਏਕਤਾ ਕਰਵਾਉਣ ਵਿੱਚ ਆਪਣਾ ਸਹਿਯੋਗ ਦੇਣ ਅਤੇ ਗੈਰਕਾਨੂੰਨੀ ਕੰਮ ਕਰਨ ਵਾਲੀਆਂ ਏਕਤਾ ਵਿਰੋਧੀ ਤਾਕਤਾਂ ਨੂੰ ਭੈਣੀ ਸਾਹਿਬ ਤੋ ਬਾਹਰ ਕੱਢਿਆ ਜਾਵੇ ਜੋ ਕਿ ਨਾਮਧਾਰੀ ਪੰਥ ਦਾ ਪੰਜਾਬ ਵਿੱਚ ਇਤਿਹਾਸਿਕ ਹੈਡਕੁਆਰਟਰ ਹੈ। ਇਹ ਇਹ ਥਾਂ ਹੈ ਜਿੱਥੇ ਬਣੀ ਪੱਕੀ ਬ੍ਰਿਟਿਸ਼ ਪੁਲਿਸ ਚੋਂਕੀ ਨੇ ਵੀ ਕਦੇ ਸੰਗਤ ਨੂੰ ਇਸ ਅਸਥਾਨ ਵਿੱਚ ਆਉਣ ਤੋਂ ਨਹੀਂ ਸੀ ਰੋਕਿਆ। ਹੁਣ ਇਸ ਅਸਥਾਨ 'ਤੇ ਠਾਕੁਰ ਦਲੀਪ ਸਿੰਘ ਦੀ ਸੰਗਤ ਨੂੰ ਜਾਣ ਤੋਂ ਸ਼ਰੇਆਮ ਰੋਕਿਆ ਜਾਂਦਾ ਹੈ। ਪੰਥਕ ਏਕਤਾ ਧੜੇ ਨੇ ਕਿਹਾ,"ਅਸੀ ਇਹ ਵੀ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋ ਜਲਦੀ ਫੜਕੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ।"
ਇਸ ਮੋਕੇ ਤੇ ਸੂਬਾ ਦਰਸ਼ਨ ਸਿੰਘ, ਵਕੀਲ ਨਰਿੰਦਰ ਸਿੰਘ, ਡਾ. ਸੁਖਦੇਵ ਸਿੰਘ, ਅਰਵਿੰਦਰ ਸਿੰਘ ਕਾਲਾ, ਲਖਵਿੰਦਰ ਸਿੰਘ ਗਾਗੂ, ਜਸਮੀਤ ਸਿੰਘ ਸੇਵੀ, ਸਾਹਿਬ ਸਿੰਘ ਅੰਮ੍ਰਿਤਸਰ, ਲਾਲ ਸਿੰਘ ਅੰਮ੍ਰਿਤਸਰ, ਹਰਭਜਨ ਸਿੰਘ ਲੁਧਿਆਣਾ, ਗੁਰਦੀਪ ਸਿੰਘ ਲੁਧਿਆਣਾ, ਸੂਬਾ ਅਮਰੀਕ ਸਿੰਘ ਸਮਾਣਾ, ਚਰਨਜੀਤ ਸਿੰਘ ਯਮੁਨਾਨਗਰ, ਦਵਿੰਦਰ ਸਿੰਘ ਯਮੁਨਾਨਗਰ, ਪਲਵਿੰਦਰ ਸਿੰਘ ਕੁੱਕੀ ਜਲੰਧਰ, ਬਲਵਿੰਦਰ ਸਿੰਘ ਡੁਗਰੀ, ਰਣਜੀਤ ਸਿੰਘ ਦਸੂਹਾ, ਗੁਰਮੁਖ ਸਿੰਘ ਸਿਆਨ, ਕਰਮਜੀਤ ਸਿੰਘ ਦਿੱਲੀ ਆਦਿ ਹਾਜ਼ਰ ਸਨ।
No comments:
Post a Comment