Sunday, September 10, 2017

ਖੁਦਕੁਸ਼ੀਆਂ ਅਤੇ ਰੋਕਥਾਮ ਬਾਰੇ PAU ਵੱਲੋਂ ਸਨਸਨੀਖੇਜ਼ ਖੁਲਾਸੇ

ਖੁਦਕੁਸ਼ੀਆਂ ਰੋਕਣ ਦੇ ਵਿਸ਼ਵ ਦਿਵਸ ਮੌਕੇ 'ਉਤਸ਼ਾਹ' ਦੀ ਲਹਿਰ ਲਾਂਚ 

ਲੁਧਿਆਣਾ: 10 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 

ਜਦ ਜਦ ਵੀ ਪੰਜਾਬ 'ਤੇ ਸੰਕਟ ਆਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਵਿਗਿਆਨੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਕ ਜ਼ਰੂਰੀ ਫਰਜ਼ ਵਾਂਗ ਨਿਭਾਇਆ। ਭਾਵੇਂ ਪੰਜਾਬ ਵੀ ਵਿੱਚ ਕਿਸੇ ਜ਼ਮਾਨੇ ਵਿੱਚ ਲਿਆਂਦੇ ਗਏ ਹੜ੍ਹਾਂ ਦਾ ਮਾਮਲਾ ਸੀ ਅਤੇ ਭਾਵੇਂ ਚਿੱਟੀ ਮੱਖੀ ਜਾਂ ਪੂੰਜੀਵਾਦੀ ਦੌਰ ਦੇ ਮਾਇਆਜਾਲ ਵਾਲੇ ਬਲਿਊ ਵੇਲ੍ਹ ਦੇ ਆਤਮਘਾਤੀ ਵਰਤਾਰੇ ਦਾ ਹਮਲਾ; ਪੀਏਯੂ ਨੇ ਨਿਡਰਤਾ ਅਤੇ ਨਿਰਪੱਖਤਾ ਨਾਲ ਸੱਚ ਦੀ ਆਵਾਜ਼ ਬੁਲੰਦ ਕੀਤੀ। ਅੱਜ ਜਦੋਂ ਦੁਨੀਆ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਸਬੰਧੀ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਵੀ ਪੀਏਯੂ ਨੇ ਪੰਜਾਬ ਵਿੱਚ ਗੰਭੀਰ ਬਣ ਚੁੱਕੀ ਇਸ ਸਮੱਸਿਆ ਬਾਰੇ ਜ਼ਮੀਨੀ ਹਕੀਕਤਾਂ ਵਾਲੇ ਅਹਿਮ ਪ੍ਰਗਟਾਵੇ ਕੀਤੇ। ਮੰਚ ਤੋਂ ਦੱਸਿਆ ਗਿਆ ਕਿ ਜੇ ਸੱਤ ਵਿਅਕਤੀ ਖੁਦਕੁਸ਼ੀਆਂ ਦੀ ਕੋਸ਼ਿਸ਼ ਕਰਦੇ ਹਨ ਤਾਂ ਰਿਪੋਰਟ ਸਿਰਫ ਮਰਨ ਵਾਲੇ ਇੱਕ ਵਿਅਕਤੀ ਦੀ ਹੀ ਆਉਂਦੀ ਹੈ। ਬਾਕੀ ਜਿਊਂਦੇ ਬਚ ਗਏ ਛੇ ਵਿਅਕਤੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਅੱਜ ਦੇ ਸਮਾਗਮ ਵਿੱਚ ਜਿੱਥੇ ਜੇਤੂ ਕਲਮਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਖੁਦਕੁਸ਼ੀਆਂ ਦੇ ਮਸਲੇ ਬਾਰੇ ਗੰਭੀਰਤਾ ਨਾਲ ਕੀਤੇ ਗਏ ਸਰਵੇਖਣਾਂ ਦਾ ਨਿਚੋੜ ਵੀ ਦਸਿਆ ਗਿਆ। ਇਹ ਸਰਵੇਖਣ ਘਰਾਂ ਜਾਂ ਏਅਰ ਕੰਡੀਸ਼ੰਡ ਦਫਤਰਾਂ ਵਿੱਚ ਬੈਠ ਕੇ ਸੈਂਪਲਾਂ ਜਾਂ ਹੋਰ ਤਕਨੀਕਾਂ ਨਾਲ ਤਿਆਰ ਨਹੀਂ ਸਨ ਕੀਤੇ ਗਏ।।  ਖੁਦਕੁਸ਼ੀਆਂ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨੇੜਿਓਂ ਜਾ ਕੇ ਮੁਲਾਕਾਤਾਂ ਕੀਤੀਆਂ ਗਈਆਂ ਸਨ। ਇੱਕ ਇੱਕ ਵਿਅਕਤੀ ਨਾਲ ਮਿਲ ਕੇ ਉਸਦੇ ਮਨ ਨੂੰ ਟੋਹਿਆ ਗਿਆ ਸੀ। ਜਿਹਨਾਂ ਪਿੰਡਾਂ ਵਿੱਚ ਖੁਦਕੁਸ਼ੀਆਂ ਮਗਰੋਂ ਵੀ ਏਕੇ ਅਤੇ ਪ੍ਰੇਮ ਦੀ ਭਾਵਨਾ ਨਹੀਂ ਜਾਗੀ ਉਹਨਾਂ ਦਾ ਵੀ ਪਤਾ ਲਗਾਇਆ ਗਿਆ ਸੀ ਅਤੇ ਜਿਹਨਾਂ ਨੇ ਇਸ ਵਰਤਾਰੇ ਦਾ ਮੂੰਹ ਤੋੜ ਜੁਆਬ ਦੇਣ ਲਈ ਮਨੁੱਖਤਾ ਵਾਲੀ ਭਾਵਨਾ ਅਤੇ ਸਰੱਬਤ ਦੇ ਭਲੇ ਵਾਲੀ ਭਾਵਨਾ ਨੂੰ ਸੁਰਜੀਤ ਕਰ ਲਿਆ ਸੀ ਉਹਨਾਂ ਪਿੰਡਾਂ ਦਾ ਵੀ ਪਤਾ ਲਗਾਇਆ ਗਿਆ। ਸਰਵੇਖਣਾਂ ਵਿੱਚ ਹਰ ਪੱਖ ਦੀ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਗਿਆ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ 'ਉਤਸ਼ਾਹ' ਅਧੀਨ ਅੱਜ ਇਥੇ ਖੁਦਕੁਸ਼ੀਆਂ ਰੋਕਣ ਸੰਬੰਧੀ ਵਿਸ਼ਵ ਦਿਵਸ ਮਨਾਇਆ ਗਿਆ। ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਿਆਰਥੀ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ ਵੱਡੀ ਹਾਜ਼ਰੀ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। 
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਰੋਮਣੀ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿਥੇ ਹੁਣ ਤੱਕ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਨੂੰ ਨਜਿੱਠਦਿਆਂ ਉਹਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਿਆ ਹੈ ਉਥੇ ਹੁਣ ਇਹ ਯੂਨੀਵਰਸਿਟੀ ਨਵੇਂ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਮਾਨਸਿਕ ਸਿਹਤ ਸੰਭਾਲ ਸੰਬੰਧੀ  ਨਵੇਂ ਸ਼ਬਦਾਂ ਦੀ ਵੀ ਖੋਜ ਵਿੱਚ ਜੁਟ ਗਈ ਹੈ। ਡਾ. ਪਾਤਰ ਨੇ ਕਿਹਾ ਕਿ ਅਸਲ ਵਿੱਚ ਅਸੀਂ ਸ਼ਬਦਾਂ ਦੇ ਹੀ ਸਿਰਜੇ ਹੋਏ ਹਾਂ। ਸਾਡੇ ਸ਼ਬਦਾਂ ਦੀ ਚੋਣ ਲਾਜ਼ਮੀ ਤੌਰ ਤੇ ਸਾਡੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲੇਖਕਾਂ ਨੂੰ ਵੀ ਭਰਪੂਰ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਧੁਰੇ ਤੇ ਅਸੀਂ ਖੜੇ ਹਾਂ ਉਸ ਵਰਗ ਦੀਆਂ ਮੁਸ਼ਕਿਲਾਂ ਤੋਂ ਸਾਨੂੰ ਜ਼ਰੂਰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਪੰਜਾਬ ਵਿੱਚ 'ਉਤਸ਼ਾਹ' ਦੀ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਹਰ ਪਿੰਡ ਦੇ ਸੂਝਵਾਨ ਨੌਜਵਾਨਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਚੜ•ਦੀ ਕਲਾ ਦਾ ਮਾਹੌਲ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀਵਨ ਹੈ ਹੀ ਸੁੱਖਾਂ ਅਤੇ ਦੁੱਖਾਂ ਦਾ ਸੁਮੇਲ। ਕਿਰਤ ਕਰਨ, ਸਾਂਝੀਵਾਲਤਾ ਅਤੇ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨ ਨਾਲ ਹੀ ਸਮਾਜ ਵਿੱਚ ਅਜਿਹੀਆਂ ਅਣਹੋਣੀਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਬੇਲੋੜੇ ਖਰਚਿਆਂ ਨੂੰ ਘਟਾ ਕੇ ਸਾਦਗੀ ਭਰਿਆ ਜੀਵਨ ਜਿਊਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਡਾ. ਢਿੱਲੋਂ ਨੇ ਸਬਰ, ਸੰਤੋਖ, ਅਨੁਸ਼ਾਸਨ, ਸਖਤ ਮਿਹਨਤ ਪਰਿਵਾਰਕ ਭਾਈਚਾਰੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰ ਵਿੱਚ ਅਤੇ ਆਲੇ ਦੁਆਲੇ ਦੇ ਮਨੁੱਖਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਉੱਪਰ ਮਾਨਸਿਕ ਸਿਹਤ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ 'ਉਤਸ਼ਾਹ' ਦੀ ਲਹਿਰ ਅਧੀਨ ਉਹਨਾਂ ਲੋਕਾਂ ਨੂੰ ਮੁੱਢਲੀ ਮਾਨਸਿਕ ਸਿਹਤ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਮਾਨਸਿਕ ਸੰਕਟਾਂ ਵਿੱਚ ਘਿਰੇ ਹੋਏ ਹਨ। 
ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਗੁਰਿੰਦਰ ਕੌਰ ਸੰਘਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਅੱਜ ਦੇ ਇਸ ਦਿਵਸ ਲਈ ਸਾਡੇ ਕੋਲ 873 ਬੱਚਿਆਂ ਅਤੇ ਨੌਜਵਾਨਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਭਰ ਦੇ 19 ਜ਼ਿਲਿਆਂ ਦੇ 69 ਸਕੂਲਾਂ, ਕਾਲਜਾਂ ਵੱਲੋਂ ਐਂਟਰੀਆਂ ਰਾਹੀਂ ਲੇਖ, ਕਵਿਤਾਵਾਂ ਆਦਿ ਪ੍ਰਾਪਤ ਕੀਤੇ ਗਏ। 
ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਸਾਬਕਾ ਡੀਨ ਡਾ: ਦਵਿੰਦਰਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਨੋਵਿਗਿਆਨ ਪੱਖਾਂ ਤੇ ਚਾਨਣਾ ਪਾਇਆ। ਪੱਤਰਕਰੀ ਦੇ ਪ੍ਰੋਫੈਸਰ ਡਾ: ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਰੋਕਣ ਵਿੱਚ ਸਮਾਜ ਦੀ ਭੂਮਿਕਾ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿੱਖਣਾ ਅਤੇ ਸਿਖਾਉਣਾ ਚਾਹੀਦਾ ਹੈ। ਮੁਸ਼ਕਿਲਾਂ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ: ਜਤਿੰਦਰ ਕੌਰ ਗੁਲਾਟੀ, ਡੀਨ, ਕਾਲਜ ਆਫ ਹੋਮ ਸਾਇੰਸ ਨੇ ਤਣਾਅ ਤੋਂ ਮੁਕਤੀ ਪਾਉਣ ਦ ਤਰੀਕ ਸਾਂਝੇ ਕੀਤੇ ਗਏ। ਅਰਥ ਸ਼ਾਸਤਰ ਵਿਭਾਗ ਦੇ ਡਾ: ਸੁਖਪਾਲ ਸਿੰਘ ਨੇ ਖੁਦਕੁਸ਼ੀਆਂ  ਦੇ ਪ੍ਰਕੋਪ ਅਤੇ ਕਾਰਨਾਂ ਸੰਬੰਧੀ ਵੇਰਵੇ ਸਹਿਤ ਅੰਕੜੇ ਸਾਂਝੇ ਕੀਤੇ।
ਇਸ ਮੌਕੇ ਸਾਰੇ ਹਾਜ਼ਰ ਪਤਵੰਤਿਆਂ ਵੱਲੋਂ ਸਾਦਗੀ ਭਰੇ, ਨਸ਼ਾ ਰਹਿਤ ਜੀਵਨ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਣ ਵੀ ਲਿਆ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਬਹੁਤ ਸ਼ਲਾਘਾ ਹੋਈ। ਦੋ ਛੋਟੀਆਂ ਫਿਲਮਾਂ 'ਚੱਪਲ' ਅਤੇ 'ਪੰਡ' ਦੇ ਅੰਸ਼ ਵੀ ਦਿਖਾਏ ਗਏ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ, ਸ਼੍ਰੀਮਤੀ ਭੁਪਿੰਦਰ ਪਾਤਰ, ਡਾ: ਅਮਰਜੀਤ ਸਿੰਘ ਅਤੇ ਡਾ: ਐਮ ਐਸ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਖੁਦਕੁਸ਼ੀਆਂ  ਰੋਕਣ ਸੰਬੰਧੀ ਪੋਸਟਰਾਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। 

No comments: