Friday, June 02, 2023

ਮਾਲਵਿੰਦਰ ਮਾਲੀ ਨੇ ਘੱਲੂਘਾਰੇ ਹਫਤੇ ਦੌਰਾਨ ਫਿਰ ਸੁਚੇਤ ਕੀਤਾ

ਕੀ ਹੈ ਸਟੇਟ ਅਤੇ ਸਾਡੇ ਦਰਮਿਆਨ ਅਸਲੀ ਰੌਲਾ? 
ਸੈਮੀਨਾਰ ਵਿਚ ਪੁੱਜ ਰਹੇ ਹਨ ਅਹਿਮ ਵਿਦਵਾਨ ਬੁਲਾਰੇ 
ਚੰਡੀਗੜ੍ਹ:2 ਜੂਨ 2023: (ਪੰਜਾਬ ਸਕਰੀਨ ਡੈਸਕ)::
ਜੂਨ-84 ਦੀ ਯਾਦ ਵਾਲੇ ਜ਼ਖਮ ਕਦੇ ਭੁੱਲੇ ਵੀ ਨਹੀਂ ਅਤੇ ਭੁੱਲਣੇ ਵੀ ਨਹੀਂ। ਇਹਨਾਂ ਕੌੜੀਆਂ ਕੁਸੈਲੀਆਂ ਯਾਦਾਂ ਦੇ ਨਾਲ ਵਿਚਰਦਿਆਂ ਜੇਕਰ ਬੀਤੇ ਸਮਿਆਂ ਤੋਂ ਕੋਈ ਨਸਬਕ ਨਾ ਸਿੱਖਿਆ ਜਾਵੇ ਤਾਂ ਇਹ ਹੋਰ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦਾ ਹੈ। ਇਸ ਪਾਸੇ ਲਗਾਤਰ ਜ਼ੋਰ ਦੇਣ ਵਾਲਿਆਂ ਵਿੱਚ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਵੀ ਸ਼ਾਮਲ ਹਨ। ਹੁਣ ਵੀ ਉਹਨਾਂ ਕੁਝ ਠੋਸ ਅਤੇ ਅਰਥਪੂਰਨ ਗੱਲਾਂ ਕਹਿਣ ਹਨ ਜਿਹਨਾਂ ਨੂੰ ਸਮਝਣਾ ਪੰਥ ਦੇ ਨਾਲ ਨਾਲ ਬਾਕੀ ਦੇਸ਼ ਅਤੇ ਦੁਨੀਆ ਦੇ ਭਲੇ ਵਿੱਚ ਵੀ ਹੋਵੇਗਾ। 

ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ)ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ ##

 ** ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ  ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ** 

** ਸਾਨੂੰ “ ਤੀਜੇ ਘੱਲੂਘਾਰੇ “ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ ? **

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਪੁਰ ਅਮਨ ਤਰੀਕੇ ਨਾਲ ਲੜੇ ਜਾਣ ਵਾਲਾ ਸਿਆਸੀ ਮੋਰਚਾ ਸੀ ਜਿਸਦਾ ਮੰਤਵ ਅਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿੱਚ ਪੇਸ਼ ਕੀਤੀਆਂ ਮੰਗਾਂ ਦੀ ਪ੍ਰਾਪਤੀ ਮਿੱਥਿਆ ਗਿਆ ਸੀ। ਸੰਤ ਜਰਨੈਲ ਸਿੰਘ ਨੇ ਉੱਥੇ ਪਹਿਲਾਂ ਆਪਣੇ ਕੁੱਝ ਸਾਥੀਆਂ ਦੀ ਪੁਲਸ ਵੱਲੋਂ ਕਿਸੇ ਮੁੱਦੇ ਬਹਾਨੇ ਕੀਤੀ ਗ੍ਰਿਫ਼ਤਾਰੀ ਖਿਲਾਫ ਤੇ ਉਹਨਾਂ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ। ਇਸ ਕਰਕੇ ਉਹ ਮੰਗ ਵੀ ਧਰਮ-ਯੁੱਧ ਮੋਰਚੇ ਦਾ ਹਿੱਸਾ ਬਣ ਗਈ ਤੇ ਉਹ ਰਿਹਾਈਆਂ ਉਸ ਵੇਲੇ ਹੀ ਹੋ ਗਈਆਂ ਸਨ ** 

**  ਧਰਮ-ਯੁੱਧ ਮੋਰਚੇ ਅੰਦਰ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਲੱਖਾਂ ਲੋਕ ਵੱਖ ਵੱਖ ਸੰਘਰਸ ਦੇ ਸੱਦਿਆਂ ਵਿੱਚ ਸਰਗਰਮ ਹੋਏ, ਗ੍ਰਿਫ਼ਤਾਰੀਆਂ ਦਿੱਤੀਆਂ ਤੇ ਕਿੰਨੇ ਹੀ ਲੋਕ ਸ਼ਹੀਦ ਵੀ ਹੋਏ ** 


** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਸ਼ੁਰੂ ਹੋਇਆ ਤੇ ਲੜਿਆ ਗਿਆ। ਜੂਨ 84 ਵੇਲੇ ਫ਼ੌਜੀ ਹਮਲੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਵੱਲੋਂ ਬਹਾਦਰੀ ਨਾਲ ਹਥਿਆਰਬੰਦ ਟਾਕਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ** 

** ਸੰਤਾਂ ਦਾ ਇਹ ਐਲਾਨ ਸੀ ਕਿ ਇਸ ਵਾਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੇਸ਼ ਮੰਗਾਂ ਦੀ ਪੂਰਤੀ ਤੋਂ ਘੱਟ ਧਰਮ-ਯੁੱਧ ਮੋਰਚੇ ਦਾ ਸਮਝੌਤਾ ਨਹੀ ਕਰਨ ਦੇਣਾ। ਪਰ ਫਿਰ ਕਿੱਥੇ ਗਈਆਂ ਅਨੰਦਪੁਰ ਸਾਹਿਬ ਦੇ ਮਤੇ ਅਧਾਰਤ ਮੰਗਾਂ ਤੇ ਸਿਆਸਤ? ਦਿੱਲੀ ਦਰਬਾਰ ਚਾਹੁੰਦਾ ਹੈ ਕਿ ਅਸੀ ਇਹ ਭੁੱਲ ਜਾਈਏ। ਖਾਲਸਤਾਨ ਦੇ ਨਾਹਰੇ ਲਾਉਣੇ ਤੇ ਸਿਰਫ ਹਥਿਆਰਬੰਦ ਟਾਕਰੇ ਦੇ ਹੋਕਰੇ ਮਾਰਨੇ ਅਤੇ ਧਰਮ ਯੁੱਧ ਮੋਰਚੇ ਦੀ ਸਿਆਸਤ ਨੂੰ ਤਿਲਾਂਜਲੀ ਦੇਕੇ ਸਰਕਾਰਾਂ ਬਣਾਉਣੀਆਂ ਤੇ ਚਲਾਉਣੀਆਂ ਉਹਨਾਂ ਨੂੰ ਰਾਸ ਹੀ ਆ ਰਹੀਆਂ ਨੇ **

** ਕਿਤੇ ਇਸ ਮਾਮਲੇ ਅੰਦਰ ਵੀ ਅਸੀਂ ਬਰਾਹਮਨਵਾਦੀ ਮੱਛਲੀ ਜਾਲ ਵਿੱਚ ਹੀ ਤਾਂ ਨਹੀ ਫਸ ਰਹੇ ?? ਸਿਰਫ ਹਥਿਆਰਬੰਦ ਟਾਕਰੇ ਦੀਆਂ ਬਾਤਾਂ ਪਾਈ ਜਾਓ ਤੇ ਧਰਮ-ਯੁੱਧ ਮੋਰਚੇ ਦੇ ਮੰਤਵ ਤੇ ਪੁਰਅਮਨ ਲੋਕ ਲਾਮਬੰਦੀ ਦਾ ਬਿਰਤਾਂਤ ਭੁੱਲ ਜਾਓ। ਸੁਣੋ, ਸੋਚੋ, ਸਮਝੋ ਤੇ ਠੰਡੇ ਮਨ ਨਾਲ ਵਿਚਾਰੋ !! **

** ਹਾਲੇ ਐਨਾ ਹੀ **

Thursday, June 01, 2023

ਘੱਲੂਘਾਰੇ ਹਫਤੇ ਦੌਰਾਨ ਗੰਭੀਰ ਹੋ ਰਿਹੈ ਰੋਸ ਵਿਖਾਵਿਆਂ ਦਾ ਸਿਲਸਿਲਾ

Thursday1st Jun 2023 at 5:26 PM
ਮਹਿਲਾ ਭਲਵਾਨਾਂ 'ਤੇ ਜਬਰ ਵਿਰੁੱਧ ਰੋਹ ਅਤੇ ਰੋਸ ਹੋਰ ਤਿੱਖਾ ਹੋਇਆ  

ਲੁਧਿਆਣਾ: 1 ਜੂਨ 2023: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਭਲਵਾਨ ਮਹਿਲਾਵਾਂ ਦੇ ਸੰਘਰਸ਼ ਉੱਪਰ ਜਬਰ ਵਿਰੁੱਧ ਰੋਹ, ਰੋਸ ਅਤੇ ਸੰਘਰਸ਼ ਲਗਾਤਾਰ ਵੱਧ ਰਿਹਾ ਹੈ। ਘੱਲੂਘਾਰੇ ਹਫਤੇ ਦੌਰਾਨ ਹੀ ਪੰਜ ਜੂਨ ਨੂੰ ਇਹ ਰੋਸ ਸੰਘਰਸ਼ ਪੂਰੇ ਸਿਖਰਾਂ 'ਤੇ ਹੋਵੇਗਾ। ਅੱਜ ਇਸ ਜਬਰ  ਵਿਰੁੱਧ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸਨੇ ਇਸ ਸਾਰੇ ਮਸਲੇ ਨੂੰ ਆਮ ਲੋਕਾਂ ਦੇ ਦਿਲਾਂ ਤੱਕ ਲਿਜਾਣ ਦੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਅੱਜ ਦੇ ਰੋਸ ਵਖਾਵਿਆਂ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। 

ਅੱਜ ਦੇ ਰੋਸ ਵਖਾਵੇ ਦੌਰਾਨ ਵੀ ਰੋਸ ਪ੍ਰਗਟਾ ਰਹੇ ਸੰਗਠਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਹਨਾਂ ਸੰਗਠਨਾਂ ਨੇ ਕਿਹਾ ਕਿ "ਮੋਦੀ ਦੀ ਭਾਜਪਾ ਸਰਕਾਰ ਦੇ ਜ਼ਬਰ, ਤਾਨਾਸ਼ਾਹੀ ਅਤੇ ਔਰਤ ਵਿਰੋਧੀ ਸੋਚ ਦਾ ਪ੍ਰਤੱਖ ਨਜ਼ਾਰਾ ਲੱਖਾਂ-ਕਰੋੜਾਂ ਲੋਕਾਂ ਨੇ ਉਦੋਂ ਦੇਖਿਆ ਜਦੋ ਜਿਨਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਭਲਵਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਪੁਲਿਸ ਨੇ ਅਣਮਨੁੱਖੀ ਵਿਵਹਾਰ ਕੀਤਾ।" 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕੀਤਾ। ਕਿਸਾਨਾਂ ਸਮੇਤ ਸਮੂਹ ਇਨਸਾਫਪਸੰਦ ਲੋਕਾਂ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਇੱਕਠੇ ਹੋ ਕੇ ਇਸ ਜ਼ਬਰ ਦਾ ਜੋਰਦਾਰ ਵਿਰੋਧ ਕਰਦੇ ਹੋਏ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ। 

ਰੋਸ ਪ੍ਰਦਰਸ਼ਨ ਤੋਂ ਬਾਅਦ ਮਾਰਚ ਦੀ ਸ਼ਕਲ ਵਿੱਚ ਨਾਅਰੇ ਲਾਉਂਦੇ ਹੋਏ ਇਹ ਲੋਕ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ। ਉੱਥੇ ਵੀ ਜੋਸ਼ੀਲੀ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਕਚਹਿਰੀ ਦਾ ਮਾਹੌਲ ਅੱਜ ਵੀ ਨਾਅਰੇਬਾਜ਼ੀ ਨਾਲ ਗੂੰਜਦਾ ਰਿਹਾ। ਅੱਜ ਵੀ ਇਹ ਇਲਾਕਾ ਸਰਕਾਰ ਵਿਰੋਧੀ ਸੰਗਠਨਾਂ ਦਾ ਕੇਂਦਰੀ ਥਾਂ ਬਣਿਆ ਰਿਹਾ। ਆਉਂਦੇ ਜਾਂਦੇ ਲੋਕ ਵੀ ਇਸ ਵਿਚ ਸ਼ਾਮਲ ਹੁੰਦੇ ਰਹੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਚਮਕੌਰ ਸਿੰਘ ਅਤੇ ਰਘਬੀਰ ਸਿੰਘ ਬੈਨੀਪਾਲ, ਟਰੇਡ ਯੂਨੀਅਨ ਆਗੂ ਡੀ.ਪੀ.ਮੌੜ, ਵਿਜੈ ਕੁਮਾਰ ਜਗਦੀਸ਼ ਚੰਦ, ਐਮ ਐਸ ਭਾਟੀਆ, ਕੇਵਲ ਸਿੰਘ ਬਨਵੈਤ, ਹਰਬੰਸ ਸਿੰਘ,ਮਹੀਪਾਲ, ਅਵਤਾਰ ਛਿੱਬੜ,ਸਤਨਾਮ ਸਿੰਘ, ਦਾਨ ਸਿੰਘ, ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਅਧਿਆਪਕ ਆਗੂ ਚਰਨ ਸਰਾਭਾ ਸ਼ਾਮਲ ਸਨ। 

Wednesday, May 31, 2023

ਕੇਂਦਰ ਸਰਕਾਰ ਵੱਲ਼ੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ:ਕੇਂਦਰੀ ਸਿੰਘ ਸਭਾ

 ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ 


ਚੰਡੀਗੜ੍ਹ
: 31 ਮਈ 2023: (ਪੰਜਾਬ ਸਕਰੀਨ ਡੈਸਕ)::

ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰ ਕੇ ਰਾਜਧਾਨੀ ਤੋਂ ਪੰਜਾਬ ਦਾ ਦਾਆਵਾ ਖ਼ਤਮ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਸ਼ੁਰੂ ਹਨ। ਇਹ ਸਭ ਕੁਝ ਜੂਨ-84 ਦੀ ਯਾਦ ਤਾਜ਼ਾ ਕਰਾਉਣ ਵਾਲੇ ਘੱਲੂਘਾਰੇ ਹਫਤੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੀਤਾ।  ਮਈ ਮਹੀਨੇ ਦੀਆਂ ਆਖ਼ਿਰੀ ਤਾਰੀਖਾਂ ਵਿੱਚ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਾਠਕ੍ਰਮ ਚੋਂ ਵੀ ਪੰਜਾਬੀ ਭਾਸ਼ਾ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ

 ਕੇਂਦਰੀ ਸਿੰਘ ਸਭਾ ਨੇ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਉਪਰ ਕੀਤੇ ਜਾ ਰਹੇ ਹਮਲਿਆਂ ਅਤੇ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ।

ਇੱਥੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਚੱਲ ਰਹੇ ਆਕਾਸ਼ਵਾਣੀ ਡਾਇਰੈਕਟੋਰੇਟ ਨੇ ਚੰਡੀਗੜ੍ਹ ਤੋਂ ਪੰਜਾਬੀ ਖ਼ਬਰਾਂ ਦਾ ਯੂਨਿਟ ਜਲੰਧਰ ਤਬਦੀਲ ਕਰ ਕੇ ਜਿੱਥੇ ਆਕਾਸ਼ਵਾਣੀ ਚੰਡੀਗੜ੍ਹ ਨਾਲ ਜੁੜੇ ਲੱਖਾਂ ਸਰੋਤਿਆਂ ਨੂੰ ਪੰਜਾਬੀ ਖ਼ਬਰਾਂ ਅਤੇ ਇਸ ਉਪਰ ਆਧਾਰਿਤ ਪ੍ਰੋਗਰਾਮ ਤੋਂ ਵਾਂਝੇ ਕੀਤਾ ਹੈ ਉੱਥੇ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਵੀ ਕਮਜ਼ੋਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।

ਬੁਲਾਰਿਆਂ ਨੇ ਦਸਿਆ ਕਿ 14 ਮਈ ਤੇ ਆਕਾਸ਼ਵਾਣੀ ਦੀ ਵੈਬਸਾਈਟ ਤੋਂ ਪੰਜਾਬੀ ਦੀਆਂ ਪ੍ਰਦੇਸ਼ਕ ਖ਼ਬਲਾਂ ਦੀ ਟੈਕਸਟ ਗਾਇਬ ਹੈ ਜੋ ਦੇਸ਼ ਵਿਦੇਸ਼ ’ਚ ਬੈਠੇ ਲੋਕਾਂ ਤੱਕ ਪੰਜਾਬ ਦੀਆਂ ਖ਼ਬਰਾਂ ਪੁਚਾਉਂਦੀ ਸੀ। ਇਸ ਤੋਂ ਇਲਾਵਾ ਸ਼ਾਮ ਨੂੰ ਚੰਡੀਗੜ੍ਹ ਸਟੇਸ਼ਨ ਤੋਂ 2 ਵਾਰ ਨਸ਼ਰ ਹੋਣ ਵਾਲੀਆਂ ਐਫ.ਐਮ ਹੈਡਲਾਈਨਜ਼ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ ਦੀਆਂ ਖ਼ਬਰਾਂ ਹਟਾ ਦਿੱਤੀਆਂ ਗਈਆਂ ਹਨ।

ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ (ਜਿਸ ਵਿੱਚ ਬਹੁਤੇ ਮੈਂਬਰ ਪੰਜਾਬ ਵਿਰੋਧੀ ਹਨ) ਨੇ ਯੂਨੀਵਰਸਿਟੀ ਦੀ ਗਰੈਜੂਏਸ਼ਨ ਕੋਰਸਾਂ ਵਿੱਚੋਂ  ਪੰਜਾਬੀ ਦਾ ਲਾਜ਼ਮੀ ਵਿਸ਼ਾ ਹਟਾਉਣ ਦਾ ਫੈਸਲਾ ਲਿਆ ਹੈ, ਜੋ ਸਰਾਸਰ ਪੰਜਾਬੀ ਅਤੇ ਪੰਜਾਬ ਵਿਰੋਧੀ ਫੈਸਲਾ ਹੈ। 

ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਇਹ ਸ਼ਹਿਰ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ। ਉਹਨਾਂ ਨੇ ਕਿਹਾ ਦੇਸ਼ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਸਿਰਫ਼ ਚੰਡੀਗੜ੍ਹ ਹੀ ਅਜਿਹਾ ਪ੍ਰਦੇਸ਼ ਹੈ ਜਿਸ ਨੂੰ ਇਸ ਦੀ ਮਾਂ ਬੋਲੀ ਤੋਂ ਤੋੜਿਆ ਗਿਆ ਹੈ ਜਦ ਕਿ ਹੋਰਨਾਂ ਕੇਂਦਰੀ ਪ੍ਰਦੇਸ਼ਾਂ ਦੀ ਸਰਕਾਰੀ ਭਾਸ਼ਾ ਉਥੋਂ ਦੇ ਲੋਕਾਂ ਦੀ ਬੋਲੀ ਹੀ ਰੱਖੀ ਗਈ ਹੈ ਸਿਰਫ਼ ਚੰਡੀਗੜ੍ਹ ਉਪਰ ਹੀ ਅੰਗਰੇਜ਼ੀ ਅਤੇ ਹਿੰਦੀ ਥੋਪੀ ਗਈ ਹੈ। 

ਇਹ ਸਾਂਝਾ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ(ਅਕਾਲ ਪੁਰਖ ਕੀ ਫੌਜ), ਭਾਈ ਅਸੋਕ ਸਿੰਘ ਬਾਗੜੀਆਂ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਆਦਿ।

Monday, May 29, 2023

ਬਾਪੂ ਬਲਕੌਰ ਸਿੰਘ ਗਿੱਲ ਦੇ ਵਫਦ ਨੇ ਕੀਤੀ MLA ਮੈਡਮ ਛੀਨਾ ਨਾਲ ਮੁਲਾਕਾਤ

Monday 29th May 2023 at 03:45 PM

ਡਾਕਟਰ ਬੀ ਐਸ ਔਲਖ ਅਤੇ ਆਰ ਪੀ ਸਿੰਘ ਵੀ ਵਫਦ ਵਿਚ ਸ਼ਾਮਲ ਰਹੇ 

ਲੁਧਿਆਣਾ: 29 ਮਈ 2023: (ਪੰਜਾਬ ਸਕਰੀਨ ਡੈਸਕ):: 

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ ਉਹਨਾਂ ਸਾਰੀਆਂ ਉਮੀਦਾਂ 'ਤੇ ਪੂਰਿਆਂ ਉਤਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ  ਆਮ ਜਨਤਾ ਨੇ ਇਸ ਸਰਕਾਰ ਤੋਂ ਲਗਾਈਆਂ ਸਨ। ਇਸ ਮਕਸਦ ਲਈ ਬਹੁਤ ਸਾਰੀਆਂ ਸਕੀਮਾਂ ਵੀ ਲਿਆਂਦੀਆਂ ਗਈਆਂ  ਜਿਹਨਾਂ ਦਾ ਆਮ ਲੋਕਾਂ ਨੂੰ ਫਾਇਦਾ ਵੀ ਪਹੁੰਚਿਆ ਹੈ। ਇਸਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਅਜਿਹੇ ਹਨ ਜਿਹੜੇ ਅਜੇ ਤੱਕ ਇਹਨਾਂ ਫਾਇਦਿਆਂ ਤੋਂ ਵਾਂਝੇ ਹਨ। ਲਾਲਫ਼ੀਤਾ ਸ਼ਾਹੀ ਵਾਲੀ ਬੁਰਾਈ ਅਜੇ ਮੁਕੰਮਲ ਤੌਰ ਤੇ ਨਹੀਂ ਹਟ ਸਕੀ। ਸੱਤਾ ਅਤੇ ਲੋਕਾਂ ਦਰਮਿਆਨ ਇਸ ਬਾਕੀ ਰਹਿੰਦੀ ਦੂਰੀ ਨੂੰ ਖਤਮ ਕਰਨ ਲਈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੁੜੇ ਵਿਧਾਇਕ ਅਤੇ ਐਮ ਪੀ ਸਰਗਰਮ ਹਨ ਉਥੇ ਉਹਨਾਂ ਦੇ ਸ਼ੁਭਚਿੰਤਕਾਂ ਦਾ ਨੈਟ ਵਰਕ ਵੀ ਇਸ ਮਕਸਦ ਲਈ ਸਰਗਰਮ ਹੈ।  

ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਇੱਕ ਵਫਦ ਅੱਜ ਲੁਧਿਆਣਾ ਦੱਖਣੀ ਸੀਟ ਤੋਂ ਵਿਧਾਇਕ ਮੈਡਮ ਰਾਜਿੰਦਰਪਾਲ ਕੌਰ ਛੀਨਾ ਨੂੰ ਮਿਲਿਆ। ਇਹ ਮੁਲਾਕਾਤ ਉਹਨਾਂ ਦੇ ਦਫਤਰ ਵਿਖੇ ਹੋਈ। ਐਮ ਐਲ ਏ ਰਾਜਿੰਦਰ ਪਾਲ ਕੌਰ ਛੀਨਾ ਹਲਕਾ ਦੱਖਣੀ ਦੇ ਲੋਕਾਂ ਦੀ ਗੱਲ ਸੁਣਨ ਲਈ ਪੂਰਾ ਧਿਆਨ ਦੇਂਦੇ ਹਨ ਅਤੇ ਵਕਤ ਵੀ ਕੱਢਦੇ ਹਨ। ਇਹ ਗੱਲ ਉਹਨਾਂ ਨੂੰਮਿਲਨ ਲਈ ਆਏ ਵਫਦ ਨੇ ਦਿੱਤੀ। ਇਸ ਵਫਦ ਵਿੱਚ ਸਾਬਕਾ ਈ ਟੀ ਓ ਬਾਪੂ ਬਲਕੌਰ ਸਿੰਘ ਗਿੱਲ, ਦਵਾਈਆਂ ਦੀ ਖੋਜ ਅਤੇ ਹਕੀਕਤ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਵਿਗਿਆਨੀ ਡਾ.ਬੀ ਐਸ ਔਲਖ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਲੁਧਿਆਣਾ ਇਕਾਈ ਦੇ ਸੰਚਾਲਕ ਅਤੇ ਉਘੇ ਆਰ ਟੀ ਆਈ ਐਕਟੀਵਿਸਟ ਆਰ ਪੀ ਸਿੰਘ ਵੀ ਸ਼ਾਮਲ ਸਨ। 

ਐਮ ਐਲ ਏ ਮੈਡਮ ਛੀਨਾ ਨੇ ਵਫਦ ਦੇ ਇਹਨਾਂ ਸਾਰੇ ਮੈਂਬਰਾਂ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ। ਉਹਨਾਂ ਵਫਦ ਨੂੰ ਯਕੀਨ ਦੁਆਇਆ ਕਿ ਇਸ ਸੰਬੰਧ ਵਿਚ ਜਲਦੀ ਹੀ ਲੁੜੀਂਦੇ ਕਦਮ ਚੁੱਕੇ ਜਾਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, May 25, 2023

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ''ਮਿਸ਼ਨ ਲਾਈਫ'' 'ਚ ਸ਼ਿਰਕਤ

25th May 2023 at 7:37 AM

 ਪੀ.ਪੀ.ਸੀ.ਬੀ. ਵਲੋਂ ਆਯੋਜਿਤ ਕੀਤਾ ਗਿਆ ਸੀ ''ਮਿਸ਼ਨ ਲਾਈਫ'' ਪ੍ਰੋਗਰਾਮ


ਲੁਧਿਆਣਾ: 24 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਨਾ ਤਾਂ ਇੰਡਸਟਰੀ ਬਿਨਾ ਗੱਲ ਬਣਦੀ ਹੈ ਅਤੇ ਨਾ ਹੀ ਇਸ ਪ੍ਰਦੂਸ਼ਣ ਨੂੰ ਰੋਕੇ ਬਿਨਾ। ਸਨਅਤੀ ਪ੍ਰਦੂਸ਼ਣ ਨੂੰ ਰੋਕਨ ਲਈ ਬਹੁਤ ਸਾਰੇ ਨਿਯਮ ਅਤੇ ਕਾਨੂੰਨ ਵੀ ਹਨ ਪਰ ਕਈ ਲੋਕ ਇਸਦੀ ਪਾਲਣਾ ਹੀ ਨਹੀਂ ਕਰਦੇ ਅਤੇ ਕਈ ਲੋਕ ਜਾਣੇ ਅਣਜਾਣੇ ਵਿੱਚ ਇਹਨਾਂ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਇਸ ਸਭ 'ਤੇ ਨਜ਼ਰ ਰੱਖਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਬਣਾਏ ਜਾਂਦੇ ਹਨ। ਸੂਬਾਈ ਪੱਧਰ ਵਾਲੇ ਇਹਨਾਂ ਬੋਰਡਾਂ ਦੇ ਨਾਲ ਨਾਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕੰਮ ਕਰਦਾ ਹੈ। ਇਹਨਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਲਾਗੂ ਕਰਵਾਉਂਦਿਆਂ ਕਈ ਤਰ੍ਹਾਂ ਦੀਆਂ ਸਮਸਿਆਵਾਂ ਵੀ ਖੜੀਆਂ ਹੁੰਦੀਆਂ ਹਨ ਜਿਸ ਨਾਲ ਕੁੱਖ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ। ਇਹਨਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਖੁਦ ਉਚੇਚ ਨਾਲ ਅੱਗੇ ਆਏ ਹਨ।

ਮੈਡਮ ਛੀਨਾ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਯੋਜਿਤ "ਮਿਸ਼ਨ ਲਾਈਫ਼" ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਜਿਸ ਵਿੱਚ ਹਲਕਾ ਦੱਖਣੀ ਦੇ ਉਦਯੋਗਪਤੀ ਵੀ ਮੌਜੂਦ ਸਨ। 

ਇਸ ਦੌਰਾਨ ਉਨ੍ਹਾਂ ਵਲੋਂ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਤੇ ਪਾਲਿਸੀ ਬਾਰੇ ਵੀ ਜਾਣੂੰ ਕਰਵਾਇਆ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ "ਆਪ ਦੀ ਸਰਕਾਰ ਆਪ ਦੇ ਦੁਆਰ" ਤਹਿਤ ਸਰਕਾਰੀ ਮੁਲਾਜ਼ਮਾਂ ਵਲੋਂ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਮੁਆਵਜੇ ਦੇ ਵਾਅਦੇ ਕੀਤੇ ਜਾਂਦੇ ਸਨ ਪਰ ਉਹਨਾਂ ਨੂੰ ਪੂਰੇ ਨਹੀਂ ਸੀ ਕੀਤਾ ਜਾਂਦਾ ਪਰ ਆਮ ਆਦਮੀ ਪਾਰਟੀ "ਜੋ ਕਹਿੰਦੇ ਹਾਂ ਉਹ ਕਰਦੇ ਹਾਂ" ਵਿਚ ਵਿਸ਼ਵਾਸ ਰੱਖਦੀ ਹੈ ਅਤੇ ਉਹਨਾਂ ਵੱਲੋਂ ਲੋਕਾਂ ਨਾਲ ਮੁਆਵਜ਼ਾ ਸਬੰਧੀ ਕੀਤੇ ਐਲਾਨ ਨੂੰ ਪੂਰਾ ਵੀ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਗਿਆਸਪੁਰਾ ਵਿਖੇ ਮੰਦਭਾਗੀ ਗੈਸ ਲੀਕ ਘਟਨਾ ਵਾਪਰਣ ਨਾਲ ਜਿਸ ਡਾਕਟਰ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ ਸੀ, ਦੇ ਵਾਰਸਾਂ ਨੂੰ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਜੀਆਂ ਦਾ ਘਾਟਾ ਤਾ ਅੱਸੀ ਕਦੀ ਪੂਰਾ ਨਹੀਂ ਕਰ ਸਕਦੇ ਪਰ ਉਨ੍ਹਾਂ ਨੂੰ ਲੋੜ ਪੈਣ ਤੇ ਹਰ ਸੰਭਵ ਮਦਦ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ,ਜੋ ਹਰ ਵਕਤ ਲੋਕਾਂ ਲਈ ਹਾਜ਼ਰ ਹੈ। ਹੁਣ ਦੇਖਣਾ ਇਹ ਵੀ ਹੈ ਕਿ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਸਰਕਾਰ  ਕਿਹੜੇ ਕਿਹੜੇ  ਹੈ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 22, 2023

ਵਿਧਾਇਕ ਛੀਨਾ ਵਲੋਂ ਹਲਕੇ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ

22nd May 2023 at 6:37 PM
ਮੁਸ਼ਕਿਲਾਂ ਸੁਣ ਕੇ ਮੌਕੇ 'ਤੇ ਹੀ ਕਰਵਾਇਆ ਨਿਪਟਾਰਾ

ਲੁਧਿਆਣਾ: 22 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੋਕ ਮਸਲਿਆਂ ਨਾਲ ਸਬੰਧਤ ਹਰ ਧਰਨੇ ਰੈਲੀ ਵਿੱਚ ਉਚੇਚ ਨਾਲ ਸ਼ਾਮਲ ਹੋਣ ਵਾਲੀ ਧੜੱਲੇਦਾਰ ਮਹਿਲਾ ਆਗੂ ਰਾਜਿੰਦਰਪਾਲ ਕੌਰ ਛੀਨਾ ਨੂੰ ਨੂੰ ਸਾਡੇ ਵਿਛਕਾਂ ਬਹੁਤ ਸਾਰੇ ਕਾਮਰੇਡ ਹੀ ਸਮਝਦੇ ਰਹੇ। ਸਾਡੀ ਟੀਮ ਨਾਲ ਸਰਗਰਮ ਰਹਿੰਦੇ ਮੀਡੀਆ ਵਾਲੇ ਸਾਥੀਆਂ ਵਿੱਚੋਂ ਵੀ ਕਈਆਂ ਨੂੰ ਇਹੀ ਲੱਗਦਾ ਸੀ। ਇਸਦਾ ਕਾਰਨ ਸੀ ਬਿਨਾ ਕਿਸੇ ਦਿਖਾਵੇ ਦੇ ਬੜੀ ਹੀ ਸਾਦਗੀ ਨਾਲ ਲੋਕਾਂ ਦੇ ਇਕੱਠਾਂ ਵਿਚ ਆਉਣਾ ਅਤੇ ਆਪਣੀ ਗੱਲ ਆਖ ਕੇ ਤੁਰ ਜਾਣਾ। ਨਾ ਕਦੇ ਕੁਰਸੀ ਦੀ ਉਡੀਕ ਰੱਖੀ ਨਾ ਹੀ ਕਦੇ ਕੈਮਰੇ ਦੀ ਝਾਕ। ਉਦੋਂ ਮਨ ਵਿਚ ਆਉਂਦਾ ਕਿ ਜਦੋਂ ਸੱਚੀਮੁਚੀਂ ਹੱਥ ਵਿਚ ਤਾਕਤ ਆਈ ਤਾਂ ਕੀ ਉਦੋਂ ਵੀ ਅੰਦਾਜ਼ ਇਹੀ ਰਹੇਗਾ? ਤਾਕਤ ਆਉਣ ਤੇ ਵੀ ਮੈਡਮ ਰਾਜਿੰਦਰਪਾਲ ਕੌਰ ਛੀਨਾ ਨੇ ਇਹੀ ਸਾਬਿਤ ਕੀਤਾ ਕਿ ਇਹ ਜਨਮ ਲੋਕ ਭਲਾਈ ਦੇ ਲੇਖੇ ਹੀ ਲੱਗਣਾ ਹੈ। ਅੱਜ ਦੀ ਮੀਟਿੰਗ ਵਿੱਚ ਵੀ ਇਹੀ ਅਹਿਸਾਸ ਹੋ ਰਿਹਾ ਸੀ।  ਇਹ ਗੱਲ ਵੱਖਰੀ ਹੈ ਕਿ ਇਸ ਮੀਟਿੰਗ ਵਿੱਚ ਆਮ ਜਾਂ ਮੱਧਵਰਗੀ ਲੋਕ ਨਹੀਂ ਬਲਕਿ ਅਮੀਰ ਲੋਕ ਸਨ ਪਾਰ ਇਹਨਾਂ ਕਾਰੋਬਾਰੀਆਂ ਅਤੇ ਅਮੀਰ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ। ਜਿੰਨੇ ਵੱਡੇ ਕੰਮਕਾਜ ਓਨੇ ਵੱਡੇ ਝਮੇਲੇ ਇਹਨਾਂ ਦੀ ਜ਼ਿੰਦਗੀ ਵਿਚ ਰਹਿੰਦੇ ਹਨ।

ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਇਸ ਪਾਸੇ ਵੀ ਪੂਰਾ ਧਿਆਨ ਅਤੇ ਸਹਿਯੋਗ ਦਿੱਤਾ ਜਾਂਦਾ ਹੈ। ਹਲਕੇ ਦੇ ਵਿੱਚ ਉਦਯੋਗ ਦੇ ਵਿਕਾਸ ਲਈ ਅਤੇ ਉਦਯੋਗਪਤੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਉਨ੍ਹਾਂ ਹਲਕਾ ਲੁਧਿਆਣਾ ਦੱਖਣੀ ਦੇ ਅਨੇਕਾਂ ਉੱਘੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਵੀ ਕਰਵਾਇਆ ਗਿਆ। ਇਹ ਸੱਚਮੁੱਚ ਇੱਕ ਇਤਿਹਾਸਿਕ ਸਮਾਂ ਹੀ ਸੀ। 

ਜਿਥੇ ਉਹਨਾਂ ਮੁਸ਼ਕਲਾਂ ਨੂੰ ਸੁਨ ਕੇ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਸੀ ਉੱਥੇ ਉਹਨਾਂ ਨਾਲ ਵਪਾਰ ਅਤੇ ਉਦਯੋਗ ਨੂੰ ਪ੍ਰਫੁਲਤ ਕਰਨ ਲਈ 'ਆਪ ਸਰਕਾਰ' ਦੀਆਂ ਉਦਯੋਗ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਸੀ।

ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਬੀ ਰਾਜਿੰਦਰਪਾਲ ਕੌਰ ਛੀਨਾ ਦੇ ਹਲਕੇ ਵਿੱਚ ਵਿਧਾਇਕ ਵਜੋਂ ਚੁਣੇ ਜਾਣ ਪਿੱਛੋਂ ਹਲਕੇ ਦੀ ਨੁਹਾਰ ਹੀ ਬਦਲ ਗਈ ਹੈ, ਉਹਨਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਹੋ ਰਹੇ ਹਨ। ਇਸ ਤੋਂ ਇਲਾਵਾ ਪਾਣੀ-ਬਿਜਲੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਜੋ ਕਿ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਨ, ਉਹਨਾਂ ਦੇ ਵੀ ਹੱਲ ਹੋ ਰਹੇ ਹਨ।  ਇਸ ਤਰ੍ਹਾਂ ਇਸ ਮੌਜੂਦਾ ਸੱਤਾ ਦੀਆਂ ਨੀਤੀਆਂ ਦੇ ਫਾਇਦੇ ਆਮ ਅਤੇ ਮੱਧ ਵਰਗੀ ਲੋਕਾਂ ਤੱਕ ਵੀ ਪਹੁੰਚ ਰਹੇ ਹਨ। 

ਇਸ ਮੌਕੇ ਆਪਣੀ ਵਚਨਬੱਧਤਾ ਅਤੇ ਪ੍ਰਤਿਬੱਧਜਤਾ ਦੁਹਰਾਉਂਦਿਆਂ ਵਿਧਾਇਕ ਬੀਬੀ ਛੀਨਾ ਵੱਲੋਂ ਕਿਹਾ ਗਿਆ ਕਿ ਉਹ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਭਲਾਈ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ। ਇਸਤਰ੍ਹਾਂ ਇਹ ਸਰਕਾਰ ਅਤੇ ਇਸ ਸਰਕਾਰ ਦੀ ਪ੍ਰਤੀਨਿਧੀ  ਐਡਮ ਛੀਨਾ ਲਗਾਤਾਰ ਲੋਕਾਂ ਦੇ ਦਿਲਾਂ ਵਿਚ ਆਪਣਾ ਘਰ ਬਣਾ ਰਹੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, May 16, 2023

ਬੈਂਕ ਰਿਟਾਇਰੀਆਂ ਨੇ MP ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪਿਆ

ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ  ਦੁਹਰਾਈ  


ਲੁੁਧਿਆਣਾ
: 16 ਮਈ 2023: (ਐਮ ਐਸ ਭਾਟੀਆ//ਪੰਜਾਬ ਸਕਰੀਨ)::

ਬੈਂਕਾਂ ਵਿੱਚ ਕੰਮ ਕਰਦੇ ਲੋਕ ਦੇਸ਼ ਦੀ ਅਰਥ ਵਿਵਸਥਾ ਨਾਲ ਬਹੁਤ ਹੀ ਨੇੜਿਓਂ ਜੁੜੇ ਹੁੰਦੇ ਹਨ। ਇਸ ਲਈ ਦੇਸ਼ ਦੀਆਂ ਸਰਕਾਰਾਂ ਵੱਲੋਂ ਸਮੇਂ ਸਮੇਂ ਬਣਾਈਆਂ ਜਾਂਦੀਆਂ ਨੀਤੀਆਂ ਨੂੰ ਮੁਖ ਰੱਖਦਿਆਂ ਦੇਸ਼ ਦੇ ਲੋਕਾਂ ਨੂੰ ਘੱਟ ਵਿਆਜ ਵਾਲੇ ਕਰਜ਼ੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਦੇਂਦੇ ਹਨ। ਬੈਂਕਿੰਗ ਦੇ ਖੇਤਰ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਇਹਨਾਂ ਦੀ ਉਮਰ ਦਾ ਸੁਨਹਿਰੀ ਦੌਰ ਲੰਘ ਜਾਂਦਾ ਹੈ। ਸਾਰੀ ਉਮਰ ਦੀ ਨੌਕਰੀ ਤੋਂ ਬਾਅਦ ਜਦੋਂ ਰਿਟਾਇਰਮੈਂਟ ਦਾ ਸਮਾਂ ਆਉਂਦਾ ਹੈ ਤਾਂ ਉਮੀਦ ਹੁੰਦੀ ਹੈ ਕਿ ਉਮਰ ਦੇ ਆਖਰੀ ਪੜਾਅ ਵਾਲੇ ਚਾਰ ਦਿਹਾੜੇ ਸੁਖ ਨਾਲ ਲੰਘ ਜਾਣਗੇ ਪਰ ਜ਼ਿੰਦਗੀ ਦੇ ਝਮੇਲੇ ਇਹ ਸੁਪਨਾ ਵੀ ਪੂਰਾ ਨਹੀਂ ਹੋਣ ਦੇਂਦੇ। 

ਸਮੇਂ ਦੇ ਨਾਲ ਨਾਲ ਤਕਰੀਬਨ ਸਾਰੇ ਖੇਤਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਦੀਆਂ ਰਹਿੰਦੀਆਂ ਹਨ। ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵੀ ਹਰ ਪੰਜਾਂ ਸਾਲਾਂ ਮਗਰੋਂ ਵਾਧਾ ਹੁੰਦਾ ਰਹਿੰਦਾ ਹੈ ਕਿਓਂ ਵੱਧ ਰਹੀ ਮਹਿੰਗਾਈ ਨਾਲ ਨਜਿੱਠਣ ਲਈ ਹੋਰ ਕੋਈ ਰਸਤਾ ਵੀ  ਨਹੀਂ ਹੁੰਦਾ। ਇਹ ਸਾਰੀ ਸਥਿਤੀ ਬੈਂਕਾਂ ਵਿਚੋਂ ਰਿਟਾਇਰ ਹੋਣ ਵਾਲਿਆਂ ਲਈ ਨਾਜ਼ੁਕ ਬਣ ਜਾਂਦੀ ਹੈ ਕਿਓਂਕਿ ਇਹਨਾਂ ਦੀਆਂ ਪੈਨਸ਼ਨਾਂ ਉਮਰ ਦੇ ਆਖ਼ਿਰੀ ਸਾਹਾਂ ਤੀਕ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਹਨ। 

ਇਸ ਮਸਲੇ ਨੂੰ ਲੈ ਕੇ ਇੱਕ ਵਾਰ ਫੇਰ ਬੈਂਕਾਂ ਦੇ ਰਿਟਾਇਰੀਆਂ ਵਿੱਚ ਬੇਚੈਨੀ ਹੈ।  ਆਲ ਇੰਡੀਆ ਬੈੰਕ ਰਿਟਾਇਰੀਜ਼ ਫੈਡਰੇਸ਼ਨ (ਏ.ਆਈ.ਬੀ.ਆਰ.ਐਫ)  ਦੀ  ਲੁਧਿਆਣਾ ਇਕਾਈ ਵੱਲੋਂ ਇਥੋਂ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈਂਕਾਂ  ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੈਮੋਰੰਡਮ ਦਿੱੱਤਾ। 

ਉਨ੍ਹਾਂ ਦੱਸਿਆ ਕਿ 1995 ਵਿੱਚ ਜਦੋਂ ਤੋਂ  ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ  ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਹਰ ਪੰਜ ਸਾਲ ਬਾਅਦ ਹੁੰਦਾ ਰਹਿੰਦਾ ਹੈ ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। 

ਇਸ  ਮੌਕੇ ਰਵਨੀਤ ਸਿੰਘ ਬਿੱਟੂ ਨੇ ਡੈਲੀਗੇਸ਼ਨ ਮੈਂਬਰਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਡੈਲੀਗੇਸ਼ਨ ਵਿੱਚ ਲੁਧਿਆਣਾ ਏਆਈਬੀਆਰਐਫ  ਦੇ  ਸਕੱਤਰ ਸ਼੍ਰੀ ਦਰਸ਼ਨ ਸਿੰਘ ਰੀਹਲ, ਪ੍ਰਧਾਨ ਸ਼੍ਰੀ ਐਮ ਪੀ ਬੱੱਸੀ,ਚੇਅਰਮੈਨ ਸ਼੍ਰੀ ਵਿਨੋਦ ਸੂਦ ਤੋਂ ਇਲਾਵਾ ਐਮ ਐਸ ਭਾਟੀਆ, ਅਵਤਾਰ ਛਿੱਬੜ, ਪੀ ਐਸ ਸੈਣੀ, ਜਗਤਾਰ ਸਿੰਘ, ਆਤਮਜੀਤ ਸਿੰਘ, ਮੇਘ ਨਾਥ, ਸੁਭਾਸ਼ ਮਲਿਕ, ਐਮ.ਆਰ. ਗਰਗ, ਐਸ.ਕੇ.ਰਿਸ਼ੀ,ਐਮ.ਪੀ.ਭਗਤ, ਰਾਜੇਸ਼ ਅੱਤਰੀ ਅਤੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।