Showing posts with label Punjabi Literature. Show all posts
Showing posts with label Punjabi Literature. Show all posts

Saturday, June 20, 2026

ਜਨਮਦਿਨ ਵਾਲੇ ਮੌਕੇ ਅਤੀਤ ਨੂੰ ਜਿਊਂਦਿਆਂ ਕਰਦੀ ਪੁਸਤਕ ਰਿਲੀਜ਼

ਧਰਮਪਾਲ ਉਪਾਸ਼ਕ ਦੀ ਪੁਸਤਕ ਰਿਲੀਜ਼ ਮੌਕੇ ਪੁੱਜੀਆਂ ਅਹਿਮ ਸ਼ਖਸੀਅਤਾਂ 


ਚੰਡੀਗੜ੍ਹ
:20 ਜੂਨ 2026: (ਮੀਡੀਆ ਲਿੰਕ32/ /ਪੰਜਾਬ ਸਕਰੀਨ ਡੈਸਕ)::

ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਕਿਰਤੀ ਸਮਾਜ ਦੀ ਅਗਵਾਈ ਕਰਨ ਵਾਲ਼ੇ ਧਰਮਪਾਲ ਉਪਾਸ਼ਕ ਦੀ ਦੂਜੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਦਾ ਲੋਕ ਅਰਪਣ ਸਮਾਰੋਹ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਇਆ। ਇਸ ਕਿਤਾਬ ਵਿੱਚ 34 ਕਾਵਿ ਰਚਨਾਵਾਂ ਹਨ। 

ਸ਼੍ਰੀ ਉਪਾਸ਼ਕ ਦੀ ਪਹਿਲੀ ਪੁਸਤਕ ‘ਗੁਮਸ਼ੁਦਾ ਪੈੜਾਂ’ 2001 ਵਿੱਚ ਛਪੀ ਸੀ। ਰਿਲੀਜ਼ ਸਮਾਰੋਹ ਵਿੱਚ ਲੇਖਕ ਧਰਮਪਾਲ ਉਪਾਸ਼ਕ ਤੋਂ ਇਲਾਵਾ ਉੱਘੇ ਲੇਖਕ ਅਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਪੱਤਰਕਾਰ ਸ਼ਾਮ ਸਿੰਘ ਅੰਗ-ਸੰਗ, ਮੁਲਾਜ਼ਮ ਆਗੂ ਹਾਕਮ ਸਿੰਘ ਅਤੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਹਾਜ਼ਿਰ ਰਹੇ। 

ਸਮਾਗਮ ਵਿੱਚ ਆਇਆਂ ਦਾ ਸੁਆਗਤ ਕਰਦਿਆਂ ਲੇਖਕ ਦੀ ਧੀ ਪ੍ਰਸਿੱਧ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਹਨਾਂ ਨੂੰ ਸਾਹਿਤ, ਕਲਾ ਅਤੇ ਸਭਿਆਚਾਰ ਦੀ ਗੂੜ੍ਹਤੀ ਪਿਤਾ ਕੋਲ਼ੋਂ ਹੀ ਮਿਲੀ। ਸ਼ਾਮ ਸਿੰਘ ਅੰਗ-ਸੰਗ ਨੇ ਲੇਖਕ ਨਾਲ਼ ਆਪਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਉਹ ਇੱਕ ਵਿਲੱਖਣ ਸ਼ਖ਼ਸੀਅਤ ਹਨ। ਸਪਤਰਿਸ਼ੀ ਪਬਲੀਕੇਸ਼ਨ ਦੇ ਸੰਚਾਲਕ ਬਲਦੇਵ ਸਿੰਘ ਨੇ ਇੱਕ ਜੜਿਆ ਪੋਸਟਰ ਭੇਂਟ ਕੀਤਾ। ਅਵਨੂਰ ਦਾ ਗਾਇਆ ਗੀਤ ‘ਤੂੰ ਜੁਗ ਜੁਗ ਜੀਵੇਂ ਇਹ ਮੰਗਾਂ ਮੈਂ ਦੁਆਵਾਂ’ ਬਹੁਤ ਸਲਾਹਿਆ ਗਿਆ। 

ਪ੍ਰਸਿੱਧ ਗਾਇਕ ਸਿਕੰਦਰ ਸਲੀਮ ਨੇ ਸ਼ਬਦੀਸ਼ ਦਾ ਗੀਤ ‘ਭਾਵੇਂ ਬੁੱਲ੍ਹਾਂ ਤੇ ਤਾਲ਼ਾ ਏ ਗੀਤ ਮੇਰੇ ਬੋਲ਼ ਜਾਂਦੇ ਨੇ’ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਸੁਣਾਇਆ। ਮੁਲਾਜ਼ਮ ਆਗੂ ਹਾਕਮ ਸਿੰਘ ਨੇ ਆਖਿਆ ਕਿ ਉਪਾਸ਼ਕ ਸਭ ਦੇ ਹਰਮਨ ਪਿਆਰੇ ਰਹੇ ਹਨ। 

ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਚਾਰਧਾਰਾ ਸਭ ਤੋਂ ਵੱਡੀ ਤਾਕ਼ਤ ਹੈ। ਧਰਮਪਾਲ ਉਪਾਸ਼ਕ ਦਾ ਸ਼ਾਂਤ ਸੁਭਾਅ ਉਹਨਾਂ ਨੂੰ ਊਰਜਾ ਪ੍ਰਦਾਨ ਕਰਦਾ ਹੈ। ਲੇਖਕ ਨੇ ਆਪਣੀ ਗੱਲ ਕਰਦਿਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸੰਘਰਸ਼ ਨਵੇਂ ਸ਼ਬਦ ਘੜ ਕੇ ਕਾਵਿ ਸਿਰਜਣਾ ਕਰ ਜਾਂਦਾ ਹੈ। 

ਸ਼ਬਦੀਸ਼ ਨੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਲੇਖਕ ਬਦਲਦੇ ਹਾਲਾਤ ਦੀ ਕਵਿਤਾ ਲਿਖਣ ਵਿੱਚ ਸਮਰੱਥ ਹਨ। ਮੌਜੂਦ ਸ੍ਰੋਤਿਆਂ ਦੀ ਹਾਜ਼ਰੀ ਵਿੱਚ ਧਰਮਪਾਲ ਉਪਾਸ਼ਕ ਦੇ 83ਵੇਂ ਜਨਮਦਿਨ ਦਾ ਕੇਕ ਵੀ ਕੱਟਿਆ ਗਿਆ। 

ਇਸ ਮੌਕੇ ਦਵਿੰਦਰ ਦਮਨ, ਜਸਵੰਤ ਦਮਨ, ਅਰਵਿੰਦ ਰਟੌਲ, ਸੰਜੀਵਨ ਸਿੰਘ, ਰੰਜੀਵਨ ਸਿੰਘ, ਗੁਰਜੀਤ ਸਿੰਘ ਬਿੱਲਾ, ਰੈਕਟਰ ਕਥੂਰੀਆ, ਬਲਵਿੰਦਰ ਸਿੰਘ ਉੱਤਮ, ਕਾਰਤਿਕਾ ਸਿੰਘ, ਤਿਲਕ ਰਾਜ, ਗੁਰਪ੍ਰੀਤ ਖੋਖਰ ਆਦਿ ਮੌਜੂਦ ਰਹੇ। 

Monday, October 31, 2022

ਪੰਜਾਬੀ ਨੂੰ ਰੋਜ਼ਗਾਰ ਨਾਲ ਜੋੜਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਸਰਗਰਮ

31st October 2022 at 04:32 PM

ਚਿਕਤਸਾ ਵਿਗਿਆਨ ਦੀ ਪੜ੍ਹਾਈ ਵੀ ਪੰਜਾਬੀ 'ਚ ਕਰਨ ਦੀ ਮੰਗ ਉਠਾਈ

 ਮੋਹਾਲੀ ਤੋਂ ਖਰੜ ਬੱਸ ਅੱਡੇ ਵੱਲ ਜਾਂਦਿਆਂ ਲੱਗਾ ਹੋਇਆ ਬੋਰਡ-(ਫੋਟੋ ਕਾਰਤਿਕਾ ਸਿੰਘ 29 ਅਕਤੂਬਰ 2022)

ਚੰਡੀਗੜ੍ਹ: 31 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਅੱਠ ਕੁ ਕਿਲੋਮੀਟਰ ਉੱਪਰ ਮਕਲੋਡਗੰਜ ਵਿੱਚ ਜਿਥੇ ਦਲਾਈਲਾਮਾ ਦਾ ਮੰਦਿਰ ਦੇਖਣ ਵਾਲਾ ਹੈ ਉੱਥੇ ਉਹਨਾਂ ਦਾ ਤਿੱਬਤਨ ਮੈਡੀਸਿਨ ਸਿਸਟਮ ਵੀ ਦੇਹਨ ਵਾਲਾ ਹੈ। ਨਾ ਕੋਈ ਟੈਸਟ, ਨਾ ਕੋਈ ਝਮੇਲਾ ਸਿਰਫ ਨਬਜ਼ ਪਕੜ ਕੇ ਦੱਸ ਦੇਂਦੇ ਹਨ ਬਿਮਾਰੀ ਕੀ ਹੈ ਅਤੇ ਉਸਦੀ ਦਵਾਈ ਵੀ ਉਹ ਹਰਬਲ ਜੜੀਆਂ ਬੂਟੀਆਂ ਤੋਂ ਹੀ ਪੂਰੀ ਤਰ੍ਹਾਂ ਤਿਆਰ ਕਰਕੇ ਦੇਂਦੇ ਹਨ। ਉਹਨਾਂ ਡਾਕਟਰਾਂ ਕੋਲ ਦਿਖਾਉਣ ਲਈ ਲੋਕਾਂ ਦੀ ਲੰਮੀ ਲਾਈਨ ਅੱਧੀ ਰਾਤ ਢਾਈ ਵਜੇ ਤੋਂ ਹੀ ਲੱਗ ਜਾਂਦੀ ਹੈ। ਦਲਾਈਲਾਮਾ ਦੀ ਅਗਵਾਈ ਹੇਠ ਚਲਦੇ ਇਸ ਤਿੱਬਤਨ ਮੈਡੀਸਿਨ ਸਿਸਟਮ ਦੀ ਸਾਰੀ ਪੜ੍ਹਾਈ ਤਿੱਬਤੀ ਭਾਸ਼ਾ ਵਿੱਚ ਹੁੰਦੀ ਹੈ। 

ਉਥੋਂ ਦੇ ਡਾਕਟਰ ਜਦੋਂ ਮਰੀਜ਼ ਨੂੰ ਚੈਕ ਕਰਦੇ ਹਨ ਤਾਂ ਇਲਾਜ ਅਤੇ ਦਵਾਈਆਂ ਦੇ ਵੇਰਵੇ ਤਿੱਬਤੀ ਭਾਸ਼ਾ ਵਿੱਚ ਲਿਖਦੇ ਹਨ। ਮਰੀਜ਼ ਨੂੰ ਦਿੱਤੀ ਜਾਣ ਵਾਲੀ ਪਰਚੀ ਵਿੱਚ ਵੀ ਦਵਾਈਆਂ ਦੇ ਨਾਮ ਅਤੇ ਹੋਰ ਸੰਕੇਤ ਤਿੱਬਤੀ ਭਾਸ਼ਾ ਵਿੱਚ ਹੀ ਹੁੰਦੇ ਹਨ। ਲੋੜ ਪੈਣ ਤੇ ਉਥੋਂ ਦੇ ਸਾਰੇ ਲੋਕ ਅੰਗਰੇਜ਼ੀ ਦੀ ਵਰਤੋਂ ਵੀ ਕਰਦੇ ਹਨ ਪਰ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਤਿੱਬਤੀ ਨਹੀਂ ਸਮਝਦੇ। ਹਰ ਹਾਲਤ ਵਿੱਚ ਪਹਿਲ ਹਮੇਸ਼ਾਂ ਤਿੱਬਤੀ ਭਾਸ਼ਾ ਨੂੰ ਦਿੱਤੀ ਜਾਂਦੀ ਹੈ। ਉੱਥੇ ਐਮ ਬੀ ਬੀ ਐਸ ਦੀ ਪੜ੍ਹਾਈ ਲਈ ਵੀ ਤਿੱਬਤੀ ਭਾਸ਼ਾ ਆਉਣੀ ਜ਼ਰੂਰੀ ਹੈ। ਉਥੋਂ ਦੀ ਡਾਕਟਰੀ ਪੜ੍ਹਾਈ ਵਿਚ ਬਹੁਤ ਸਾਰੇ ਲੋਕ ਦਿਲਚਸਪੀ ਲਿਆਂਦੇ ਹਨ ਅਤੇ ਇਸ ਮਕਸਦ ਲਈ ਬਾਕਾਇਦਾ ਤਿੱਬਤੀ ਭਾਸ਼ਾ ਸਿੱਖਦੇ ਹਨ।  

ਇਸੇ ਤਰ੍ਹਾਂ ਦੱਖਣੀ ਭਾਰਤ ਵਿੱਚ ਵੀ ਤਮਿਲ, ਮਲਿਆਲਮ, ਤੇਲਗੂ ਅਤੇ ਕੰਨੜ ਨਾਲ ਉਹਨਾਂ  ਸੂਬਿਆਂ ਦੇ ਲੋਕ ਜਜ਼ਬਾਤ ਦੀ ਹੱਦ ਤਕ ਆਪਣੀ ਭਾਸ਼ਾ ਨਾਲ ਮੋਹ ਕਰਦੇ ਹਨ। ਬੜੀ ਮਜਬੂਰੀ ਬਣ ਜਾਈ ਤਾਂ ਉਹ ਲੋਕ ਵੀ ਅੰਗਰੇਜ਼ੀ ਬੋਲਦੇ ਹਨ ਜੇ ਕਰ ਫਿਰ ਵੀ ਗੱਲ ਨਾ ਬਣੇ ਤਾਂ ਹਿੰਦੀ। ਪਰ ਏਧਰ ਪੰਜਾਬ ਅਤੇ ਪੰਜਾਬੀਆਂ ਵਿਚ ਪੰਜਾਬੀ ਨਾਲ ਜਜ਼ਬਾਤੀ ਸਾਂਝ ਬਹੁਤ ਘੱਟ ਨਜ਼ਰ ਆਉਂਦੀ ਹੈ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਕਈ ਦਹਾਕੇ ਪਹਿਲਾਂ ਇੱਕ ਕਾਮਰੇਡ ਦਿਲਬਾਗ ਬਾਗਾ ਪਹਿਲਾਂ ਰੋਜ਼ਾਨਾ ਅਕਾਲੀ ਪੱਤ੍ਰਿਕਾ ਅਤੇ ਫਿਰ ਰੋਜ਼ਾਨਾ ਅੱਜ ਦੀ ਆਵਾਜ਼ ਵਿੱਚ ਹੁੰਦਿਆਂ ਪੰਜਾਬ ਰਾਜ ਬਿਜਲੀ ਦੇ ਪੀ ਆਰ ਓ ਰਵਿੰਦਰਪਾਲ ਸ਼ਰਮਾ ਨਾਲ ਇਸ ਲਈ ਗਰਮ ਹੋ ਗਿਆ ਸੀ ਕਿ ਉਹਨਾਂ ਦੇ ਪ੍ਰੈਸ ਨੋਟ ਪੰਜਾਬੀ ਵਿਚ ਕਿਓਂ ਨਹੀਂ ਆਉਂਦੇ? ਆਖਿਰ ਇਹ ਮੰਗ ਛੇਤੀ ਹੀ ਮੰਨ ਲਈ ਗਈ। ਹੁਣ ਅਜਿਹੀ ਕੋਈ ਔਕੜਾਂ ਪੇਸ਼ ਨਹੀਂ ਆਉਂਦੀ ਪਰ ਫਿਰ ਵੀ ਬਹੁਤ ਸਾਰੇ ਜਨਤਕ ਸੰਗਠਨ ਅਤੇ ਸਿਆਸੀ ਪਾਰਟੀਆਂ ਅਜੇ ਵੀ ਆਪਣੇ ਪ੍ਰੈਸ ਨੋਟ ਪੰਜਾਬੀ ਵਿੱਚ ਭੇਜਣ ਤੋਂ ਗੁਰੇਜ਼ ਕਰਦੀਆਂ ਹਨ। ਸੁਰਿੰਦਰ ਨੂੰ ਸੁਰੇਂਦਰ, ਵਰਿੰਦਰ ਨੂੰ ਵੀਰੇਂਦਰ ਅਤੇ ਗੁਰਿੰਦਰ ਨੂੰ ਗੁਰੇਂਦਰ ਆਖਣਾ ਸ਼ਾਇਦ ਕਿਸੇ ਜ਼ਰੂਰੀ ਏਜੰਡੇ ਤਹਿਤ ਹੀ ਹੁੰਦਾ ਹੈ। 

ਇਹਨਾਂ ਨੂੰ ਤਾਂ ਛੱਡੋ ਚੰਗੇ ਭਲੇ ਗੁਰਸਿੱਖ ਪੰਜਾਬੀ ਘਰਾਂ ਵਿੱਚ ਇਹ ਭੈੜਾ ਰਿਵਾਜ ਪੈ ਗਿਆ ਹੈ ਕਿ ਬੱਚਿਆਂ ਨਾਲ ਗੱਲ ਹਿੰਦੀ ਵਿੱਚ ਕੀਤੀ ਜਾਈ। ਹਿੰਦੀ ਵਿੱਚ ਕੋਈ ਬੁਰਾਈ ਨਹੀਂ ਪਰ ਪੰਜਾਬੀ ਪ੍ਰਤੀ ਇਹ ਰਵਈਆ ਕਿਓਂ? ਇਸ ਲਈ ਤਾਂ ਕੋਈ ਸਰਕਾਰ ਵੀ ਜ਼ਿੰਮੇਵਾਰ ਨਹੀਂ। ਅਜਿਹੇ ਨਾਜ਼ੁਕ ਮਾਹੌਲ ਦੇ ਵਿੱਚ ਪੰਜਾਬੀ ਪਿਆਰੇ ਪੰਜਾਬੀ ਦੀ ਸ਼ਾਨ ਬਹਾਲ ਕਾਰਨ ਲਈ ਜਤਨਸ਼ੀਲ ਹਨ। ਇਸ ਮਕਸਦ ਲਾਇ ਇੱਕ ਵਾਰ ਫੇਰ ਸਰਗਰਮੀ ਨਾਲ ਸਾਹਮਣੇ ਆਈ ਹੈ ਕੇਂਦਰੀ ਪੰਜਾਬੀ ਲੇਖਕ ਸਭਾ। 

ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਨਾਲ ਜੋੜਣ ਦੇ ਹੀਲੇ ਵਸੀਲੇ ਹੁਣ ਤੇਜ਼ ਹੋ ਰਹੇ ਹਨ। ਇਹਨਾਂ ਕੋਸ਼ਿਸ਼ਾਂ ਸਦਕਾ ਹੀ ਸਰਕਾਰਾਂ ਵੀ ਕਦਮ ਪੁੱਟ ਰਹੀਆਂ ਹਨ ਅਤੇ ਜਨਤਕ ਅਦਾਰੇ ਵੀ ਸਰਗਰਮ ਹੋ ਰਹੇ ਹਨ। ਸਰਕਾਰੀ ਨੌਕਰੀਆਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਹੁਣ ਉੱਚ ਵਿਦਿਅਕ ਖੇਤਰ ਵਿੱਚ ਵੀ ਪੰਜਾਬੀ ਦੀ ਖੁਸ਼ਬੂ ਮਹਿਸੂਸ ਹੋ ਸਕੇਗੀ। 

ਚਿਕਤਸਾ ਵਿਗਿਆਨ ਆਦਿ ਦੀ ਪੜ੍ਹਾਈ ਪੰਜਾਬੀ ਵਿੱਚ ਕਰਨ ਦੀ ਮੰਗ ਇੱਕ ਅਜਿਹੀ ਹੀ ਮੰਗ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਿਕਤਸਾ ਵਿਗਿਆਨ ਤੇ ਜੰਤਰ ਵਿਗਿਆਨ (ਇੰਜੀਨੀਅਰਿੰਗ) ਆਦਿ ਦੀ ਪੜ੍ਹਾਈ ਛੇਤੀ ਤੋਂ ਛੇਤੀ ਪੰਜਾਬੀ ਵਿੱਚ ਕਰਾਉਣ ਲਈ ਪੰਜਾਬ ਸਰਕਾਰ ਤੁਰਤ ਲੋੜੀਂਦੇ ਕਦਮ ਚੁੱਕੇ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ ਵਿਰਕ ਅਤੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮੱਧ ਪ੍ਰਦੇਸ ਵਿੱਚ ਇਹਨਾਂ ਵਿਸ਼ਿਆਂ ਦੀ ਪੜ੍ਹਾਈ ਹਿੰਦੀ ਭਾਸ਼ਾ ਵਿੱਚ ਹੋਣ ਲੱਗ ਪਈ ਹੈ ਅਤੇ ਉੱਤਰ ਪ੍ਰਦੇਸ ਤੇ ਤਾਮਿਲਨਾਡੂ ਸਰਕਾਰਾਂ ਨੇ ਵੀ ਅਜਿਹੇ ਕਦਮ ਚੁੱਕੇ ਹਨ। ਸਿੱਖਿਆ ਨੀਤੀ 2020 ਤਾਂ ਸਿੱਖਿਆ ਮਾਂ ਬੋਲੀ ਵਿੱਚ ਦੇਣ ਦੀ ਗੱਲ ਕਰਦੀ ਹੀ ਹੈ, ਹੁਣ ਸੰਘੀ ਸਰਕਾਰ ਵੱਲੋਂ ਵੀ ਮਾਂ ਬੋਲੀਆਂ ਵਿੱਚ ਪੜ੍ਹਾਈ ਕਰਾਉਣ ਦੇ ਨਿਰਣੇ ਦੀ ਗੱਲ ਵਾਰ-ਵਾਰ ਤੇ ਉੱਚੇ ਪੱਧਰਾਂ ‘ਤੇ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਸਿੱਖਿਆ ਮਾਂ ਭਾਸ਼ਾ ਦੀ ਥਾਂ ਕਿਸੇ ਹੋਰ ਭਾਸ਼ਾ ਰਾਹੀਂ ਦੇਣ ਦਾ ਵਿਚਾਰ ਸਿੱਖਿਆ ਤੇ ਭਾਸ਼ਾ ਬਾਰੇ ਪੂਰੀ ਅਗਿਆਨਤਾ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੜ੍ਹਾਈ ਮਾਂ ਬੋਲੀਆਂ ਵਿੱਚ ਨਾ ਹੋਣ ਕਰਕੇ ਸਿੱਖਿਆ ਦਾ ਘਾਣ ਹੁੰਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਘਾਟਾ ਥੁੜਾਂ ਮਾਰੇ ਬਾਲਾਂ ਨੂੰ ਝੱਲਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਭਰਮ ਹੈ ਕਿ ਵਿਗਿਆਨ ਤੇ ਤਕਨੀਕ ਆਦਿ ਵਿਸ਼ਿਆਂ ਦੀ ਪੜ੍ਹਾਈ ਲਈ ਪੰਜਾਬੀ ਭਾਸ਼ਾ ਵਿੱਚ ਕਿਸੇ ਸਮਰੱਥਾ ਦੀ ਘਾਟ ਹੈ। ਬਲਕਿ, ਹਰ ਵਿਸ਼ੇ ਦੀ ਸਿੱਖਿਆ ਮਾਂ ਭਾਸ਼ਾ ਵਿੱਚ ਹੀ ਨਿਪੁੰਨਤਾ ਨਾਲ ਦਿੱਤੀ ਜਾ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਤੁਰਤ ਲੋੜੀਂਦੇ ਨਿਰਣੇ ਕਰੇ ਤੇ ਲੋੜੀਂਦੀ ਤਿਆਰੀ ਵੱਡੀ ਪੱਧਰ ‘ਤੇ ਵਿੱਢੀ ਜਾਵੇ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬੀ ਸਣੇ ਅੱਠਵੀਂ ਸੂਚੀ ਵਿੱਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸੰਘ ਸਰਕਾਰ ਦੀਆਂ ਕੰਮ-ਕਾਜ ਦੀਆਂ ਭਾਸ਼ਾਵਾਂ ਬਣਾਇਆ ਜਾਵੇ ਤੇ ਸੰਘ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਤੇ ਸੰਗਠਨ ਹਰ ਭਾਸ਼ਾਈ ਖੇਤਰ ਵਿੱਚ ਓਥੋਂ ਦੀ ਥਾਂਵੀਂ ਭਾਸ਼ਾ ਵਿੱਚ ਕੰਮ ਕਰਨ ਤੇ ਸੇਵਾਵਾਂ ਹਾਸਲ ਕਰਾਉਣ। ਭਾਰਤ ਸਰਕਾਰ ਸਦਾ ਈ ਸੰਘ ਸਰਕਾਰ ਅਧੀਨ ਸੰਸਥਾਵਾਂ ਤੇ ਸੰਗਠਨਾਂ ਰਾਹੀਂ ਹਿੰਦੀ ਤੇ ਅੰਗਰੇਜੀ ਭਾਸ਼ਾਵਾਂ ਮਾਤ ਭਾਸ਼ਾਵਾਂ ‘ਤੇ ਥੋਪਦੀ ਆਈ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਸਾਰੀਆਂ ਸੰਘੀ ਸੰਸਥਾਵਾਂ ਤੇ ਸੰਗਠਨਾਂ ਦਾ ਕੰਮ-ਕਾਜ ਤੇ ਸੇਵਾਵਾਂ ਪੰਜਾਬੀ ਵਿੱਚ ਤੇ ਹੋਰ ਰਾਜਾਂ ਵਿੱਚ ਓਥੋਂ ਦੀਆਂ ਭਾਸ਼ਾਵਾਂ ਵਿੱਚ ਕਰਾਉਣ ਲਈ ਪੰਜਾਬ ਸਰਕਾਰ ਹੋਰ ਰਾਜਾਂ ਨਾਲ ਤਾਲਮੇਲ ਕਰਕੇ ਇਸ ਹਿੱਤ ਸੰਵਿਧਾਨ ਵਿੱਚ ਵਿਵਸਥਾਵਾਂ ਕਰਵਾਉਣ ਲਈ ਤੁਰਤ ਲੋੜੀਂਦੇ ਕਦਮ ਚੁੱਕੇ। 

ਉਹਨਾਂ ਪੰਜਾਬ ਦੇ ਸਮੂਹ ਲੋਕਾਂ ਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਜਨਤਕ ਸਰਗਰਮੀ ਤੇ ਦਬਾਅ ਤੋਂ ਬਿਨਾਂ ਭਾਰਤੀ ਮਾਤ ਭਾਸ਼ਾਵਾਂ ਦੇ ਵਿਕਾਸ ਦੀ ਗੱਲ ਤਾਂ ਦੂਰ ਉਹਨਾਂ ਦੀ ਹੋਂਦ ਬਚਾਉਣੀ ਵੀ ਸੰਭਵ ਨਹੀਂ ਹੋਵੇਗੀ। ਇਸ ਲਈ ਉਹਨਾਂ ਸਾਰੀਆਂ ਮਾਤ ਭਾਸ਼ਾਵਾਂ ਦੇ ਕਰਮੀਆਂ ਨੂੰ ਇੱਕਜੁਟ ਹੋ ਕੇ ਤੁਰਤ ਜਦੋਜਹਿਦ ਵਿੱਢਣ ਦੀ ਬੇਨਤੀ ਕੀਤੀ।

ਹਾਂ ਕੁਝ ਕੁ ਤਕਨੀਕੀ ਸ਼ਬਦਾਂ ਨੂੰ ਸਮਝਣ ਵਿੱਚ ਦਿੱਕਤ ਆ ਸਕਦੀ ਹੈ ਪਰ ਡਾਕਟਰ ਅਰੁਣ ਮਿੱਤਰਾ, ਡਾਕਟਰ ਰੀਤ, ਡਾਕਟਰ ਨਵਸ਼ਰਨ ਅਤੇ ਕਈ ਹੋਰ ਸੂਝਵਾਨ ਇਸ ਮਕਸਦ ਲਈ ਸਹਾਇਕ ਸਾਬਿਤ ਹੋ ਸਕਦੇ ਹਨ। 

ਚੱਲਦੇ ਚੱਲਦੇ ਇੱਕ ਕਾਵਿ ਅੰਸ਼ ਵੀ-

ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,

ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।

ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ

ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ।

ਰਵਾਂ ਇੱਥੇ ਤੇ ਯੂ. ਪੀ. 'ਚਿ ਕਰਾਂ ਗੱਲਾਂ,

ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।

ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,

ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।

------ਬਾਬੂ ਫ਼ੀਰੋਜ਼ਦੀਨ ਸ਼ਰਫ਼ ਦੀ ਚੋਣਵੀਂ ਕਵਿਤਾ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, May 14, 2022

ਬਾਰੂ ਸਤਬਰਗ ਨੂੰ ਸਲਾਮ ਆਖਦਾ ਸਮਾਗਮ ਯਾਦਗਾਰੀ ਰਿਹਾ

 ਲੋਕ-ਇਸ਼ਕ ਹੈ ਜਿਹਨਾਂ ਦੀ ਤਦਬੀਰ ਵੀ ਤਕਦੀਰ ਵੀ 

ਮਾਨਸਾ: 14 ਮਈ 2022: (ਸਾਹਿਤ ਸਕਰੀਨ ਬਿਊਰੋ)::

ਕਲਾ ਲੋਕਾਂ ਲਈ ਹੁੰਦੀ ਏ। ਕਲਮ ਲੋਕਾਂ ਵਾਸਤੇ ਹੁੰਦੀ ਹੈ। ਇਹ ਵਿਚਾਰ ਬੜੇ ਚਿਰਾਂ ਤੋਂ ਸਾਡੇ ਦਰਮਿਆਨ ਹਨ ਪਰ ਕਿੰਨਿਆਂ ਕੁ ਨੇ ਇਸ 'ਤੇ ਅਮਲ ਕੀਤਾ ਹੈ? ਜੇ ਇਮਾਨਦਾਰੀ ਨਾਲ ਦੇਖੀਏ ਤਾਂ ਬੜੇ ਥੋਹੜੇ ਜਿਹੇ ਲੋਕ ਹੀ ਨਿਕਲੇ ਜਿਹਨਾਂ ਨੇ ਜ਼ਿੰਦਗੀ ਭਰ ਦੁੱਖ ਝੱਲੇ ਪਰ ਲੋਕਾਂ ਤੋਂ ਮੂੰਹ ਨਹੀਂ ਮੋੜਿਆ। ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਕੱਟਦੇ ਹੋਏ ਵੀ ਉਹ ਹਮੇਸ਼ਾਂ ਲੋਕਾਂ ਨਾਲ ਪ੍ਰਤੀਬੱਧ ਰਹੇ। ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਗੁਰਸ਼ਰਨ ਭਾਅ ਜੀ ਵਰਗੀਆਂ ਸ਼ਖਸੀਅਤਾਂ ਉਹਨਾਂ ਦਾ ਆਦਰਸ਼ ਬਣੀਆਂ ਰਹੀਆਂ। ਇਹਨਾਂ ਮੌਜੂਦਾ ਦੌਰ ਦੇ ਯੋਧਿਆਂ ਵਿਚ ਹੀ ਸ਼ਾਮਲ ਹੈ ਬਾਰੂ ਸਤਬਰਗ ਦਾ ਨਾਮ।

ਇਹਨਾਂ ਨੂੰ ਇਹਨਾਂ ਲੋਕ ਪੱਖੀ ਰਸਤਿਆਂ 'ਤੇ ਤੁਰਨ ਦੇ ਅੰਜਾਮ ਪਤਾ ਸਨ। ਸਾਰੀਆਂ ਸੰਭਾਵਤ ਮੁਸ਼ਕਲਾਂ ਤੋਂ ਇਹ ਲੋਕ ਜਾਣੂੰ ਸਨ। ਸਿਰ ਤਲੀ 'ਤੇ ਰੱਖ ਕੇ ਇਹ ਲੋਕ ਇਸ਼ਕ ਵਾਲੇ ਵਿਹੜਿਆਂ ਵਿਚ ਉਤਰੇ ਸਨ। ਜਦੋਂ ਇਹ ਲੋਕ ਇਸ ਪਾਸੇ ਤੁਰੇ ਸਨ ਉਦੋਂ ਹੀ ਮਾਨਾਂ-ਸਨਮਾਨਾਂ ਨੂੰ ਤਾਂ ਇਹਨਾਂ ਨੇ ਦਿਲ ਦਿਮਾਗ ਵਿੱਚ ਦੂਰ ਕਰ ਕੇ ਪ੍ਰਹਨ ਵਗਾਹ ਮਾਰਿਆ ਸੀ। ਯਾਦ ਸੀ ਤਾਂ ਬਸ ਕੁਰਬਾਨੀ ਵਾਲਾ ਜਜ਼ਬਾ ਹੀ ਯਾਦ ਹੀ ਸੀ।

ਅੱਜ 14 ਮਈ ਨੂੰ ਮਾਨਸਾ ਵਿਖੇ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਕਰਵਾਏ ਸਾਹਿਤਕ ਸਮਾਗਮ 'ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਘਾਲਣਾ ਨੂੰ ਸਲਾਮ' ਕਰਨ ਲਈ ਹੋਇਆ ਆਯੋਜਨ ਦੇਖਣ ਵਾਲਾ ਸੀ। ਲੋਕ ਦੂਰ ਦੂਰ ਤੋਂ ਆਏ ਸਨ। ਕਲਮ ਦੇ ਫਰਜ਼ਾਂ ਦੀ ਗੱਲ ਖੁੱਲ੍ਹ ਕੇ ਹੋਈ ਸੀ। ਇਸ ਸਮਾਗਮ ਦੇ ਕੁਝ ਦ੍ਰਿਸ਼ ਅਸੀਂ ਇਸ ਤਸਵੀਰ ਵਿਚ ਦਿਖਾ ਰਹੇ ਹਾਂ। ਜਲਦੀ ਹੀ ਵਿਸਥਾਰਤ ਰਿਪੋਰਟ ਦੇਣ ਦੀ ਵੀ ਕੋਸ਼ਿਸ਼ ਕਰਾਂਗੇ। ਫਿਲਹਾਲ ਤਸਵੀਰਾਂ ਨਾਲ ਦੇਖ ਸਕਦੇ ਹੋ ਇਸ ਇਕੱਤਰਤਾ ਦੀ ਸੰਜੀਦਗੀ ਅਤੇ ਪ੍ਰਤੀਬੱਧਤਾ। ਲੋਕ ਦਿਲੋਂ ਆਏ ਸਨ।  --ਸੁਖਦਰਸ਼ਨ ਸਿੰਘ ਨੱਤ

Saturday, April 16, 2022

ਕਾਵਿ ਪੁਸਤਕ "ਤੇਰੀ ਰੰਗਸ਼ਾਲਾ" ਪੰਜਾਬੀ ਭਵਨ ਚ ਲੋਕ ਅਰਪਣ

16th April 2022 at 3:44 PM

ਟੋਰੰਟੋ ਵੱਸਦੀ ਸ਼ਾਇਰਾ ਸੁਰਜੀਤ ਦੀ ਨਵੀਂ ਪੁਸਤਕ ਹੈ "ਤੇਰੀ ਰੰਗਸ਼ਾਲਾ"


ਲੁਧਿਆਣਾਃ:16 ਅਪ੍ਰੈਲ 2022: (ਸਾਹਿਤ ਸਕਰੀਨ//ਪੰਜਾਬ ਸਕਰੀਨ):: 

ਟੋਰੰਟੋ (ਕੈਨੇਡਾ) ਵੱਸਦੀ ਪ੍ਰਸਿੱਧ ਕਵਿੱਤਰੀ ਸੁਰਜੀਤ ਦੀ ਪੁਸਤਕ "ਤੇਰੀ ਰੰਗਸ਼ਾਲਾ"  ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ,  ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਕੁਲਦੀਪ ਸਿੰਘ ਬੇਦੀ,ਪ੍ਰਭਜੋਤ ਸੋਹੀ,ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਸੁਰਿੰਦਰ ਗਿੱਲ ਜੈਪਾਲ,ਤੇ ਤ੍ਰੈਲੋਚਨ ਲੋਚੀ, ਨੇ ਲੋਕ ਅਰਪਣ ਕੀਤਾ। ਇੱਕ ਸਾਹਿਤਿਕ ਮੇਲੇ ਵਰਗਾ ਮਾਹੌਲ ਸੀ। 
ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਤੇ ਲੋਕ ਮੰਚ ਪੰਜਾਬ ਵਲੋਂ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰਦੇਸੀ ਧਰਤੀ ਤੇ ਗਲੋਬਲ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਸ਼ਬਦਾਂ ਚ ਪੇਸ਼ ਕਰਨ ਵਾਲੀ ਕਵਿੱਤਰੀ ਸੁਰਜੀਤ ਦੀ ਪੁਸਤਕ "ਤੇਰੀ ਰੰਗਸ਼ਾਲਾ" ਦਾ ਸਵਾਗਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਥੂਲ ਸਮਿਆਂ ਵਿੱਚ ਸੂਖਮ ਭਾਵਾਂ ਨੂੰ ਜਗਾਉਂਦੀ ਹੈ। ਉਸ ਦੀ ਕਵਿਤਾ ਉਦਾਸ ਸਮਿਆਂ ਵਿੱਚ ਹੁਲਾਸ ਦੀ ਉਮੀਦ ਜਗਾਉਂਦੀ ਹੋਣ ਕਾਰਨ ਸਵਾਗਤਯੋਗ ਹੈ।
ਸਭ ਤੋਂ ਪਹਿਲਾਂ ਸੁਰਜੀਤ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਉਂਦਿਆਂ ਕਿਹਾ ਕਿ ਕਵਿਤਾ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਮੇਰੇ ਅੰਗ ਸੰਗ ਹੁੰਦੀ ਹੈ।  ਇਹ ਕਦੇ ਵੀ ਮੇਰਾ ਸਾਥ ਨਹੀਂ ਛੱਡਦੀ।
ਪੁਸਤਕ "ਤੇਰੀ ਰੰਗਸ਼ਾਲਾ" ਬਾਰੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਆਪਣੀਆਂ ਸੱਜਰੀਆਂ ਕਵਿਤਾਵਾਂ ਵਿੱਚ ਕੁਦਰਤ ਦੇ ਅੰਦਰੂਨ ਦੀ ਥਾਹ ਪਾਉਣ ਦੇ ਨਾਲ ਨਾਲ ਮਨ ਅੰਦਰ ਨੂੰ ਵੀ ਯਾਤਰਾ ਕਰਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਆਪਾ ਪਿਘਲਾ ਕੇ ਕਵਿਤਾ ਕਸ਼ੀਦ ਕਰਦੀ ਹੈ। ਖ਼ੁਦ ਨੂੰ ਕਵਿਤਾ ਵਿਚ ਅਨੁਵਾਦ ਕਰਦਿਆਂ ਉਹ ਬਹੁਤੀ ਨਾਰੀ ਕਵਿਤਾ ਵਾਂਗ ਮਰਦ ਅਧੀਨਗੀ ਦਾ ਰੁਦਨ ਨਹੀਂ ਕਰਦੀ ਸਗੋਂ ਬਰਾਬਰ ਸਮਤੋਲ ਤੁਰਨ ਦਾ ਸੁਨੇਹੜਾ ਦਿੰਦੀ ਹੈ।
ਪ੍ਰਧਾਨਗੀ ਭਾਸ਼ਨ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸੁਰਜੀਤ ਦੀ ਆਜ਼ਾਦ ਕਵਿਤਾ ਵਿੱਚ ਵੀ ਅਨੁਸ਼ਾਸਨ ਹੈ। ਉਸ ਕੋਲ ਤਰਲ ਮਨ ਦੇ ਨਾਲ ਨਾਲ ਵਿਸ਼ਲੇਸ਼ਣੀ ਅੱਖ ਵੀ ਹੈ ਜੋ ਵਿਸ਼ਵ ਵਰਤਾਰੇ ਦੇ ਸਮੂਲਚੇ ਸੱਚ ਨੂੰ  ਕਵਿਤਾ ਵਿੱਚ ਢਾਲਦੀ ਹੈ। ਉਨ੍ਹਾਂ ਕਿਹਾ ਕਿ ਛੰਦ ਬੱਧ ਕਵਿਤਾ ਵਾਂਗ ਹੀ ਖੁੱਲ੍ਹੀ ਕਵਿਤਾ ਵਿੱਚ ਵੀ ਉਵੇਂ ਹੀ ਅੰਬਰ ਚ ਉੱਡਦੇ ਬੱਦਲਾਂ ਨੂੰ ਵੀ ਵਿਗਿਆਨ ਦਾ ਅਨੁਸ਼ਾਸਨ ਨਿਰਧਾਰਤ ਕਰਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਕਿਹਾ ਕਿ ਸੁਰਜੀਤ ਦੀ ਕਵਿਤਾ ਸਾਨੂੰ ਰੂਹ ਤੋਂ ਰੂਹ ਤੀਕ ਦਾ ਸਫ਼ਰ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ 25ਵੇਂ ਨਾਭਾ ਕਵਿਤਾ ਉਤਸਵ ਵਿੱਚ ਵੀ ਇਸ ਵਾਰ ਨਾਰੀ ਸਿਰਜਕਾਂ ਦੀ ਸ਼ਾਇਰੀ ਫੁਲਕਾਰੀ ਵਾਂਗ ਬਹੁਰੰਗੀ ਤੇ ਵੰਨ ਸੁਵੰਨੇ ਅਨੁਭਵ ਵਾਲੀ ਸੀ। ਇਹ ਸ਼ੁਭ ਸ਼ਗਨ ਹੈ।
ਸਮਾਗਮ ਦਾ ਸੰਚਾਲਨ ਕਾਵਿਕ ਅੰਦਾਜ਼ ਵਿੱਚ ਪ੍ਰਭਜੋਤ ਸੋਹੀ ਨੇ ਕੀਤਾ।
ਇਸ ਮੌਕੇ ਕਹਾਣੀਕਾਰ ਇੰਦਰਜੀਤ ਪਾਲ ਭਿੰਡਰ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਤੇ ਸਰਪੰਚ ਦਾਦ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਪ੍ਰੋਃ ਸ਼ਰਨਜੀਤ ਕੌਰ ਜੀ ਜੀ ਐੱਨ ਖਾਲਸਾ ਕਾਲਿਜ,ਕਵੀ ਵਿਸ਼ਾਲ ਮੁੱਖ ਸੰਪਾਦਕ ਅੱਖਰ,ਬਲਕਾਰ ਸਿੰਘ, ਸਿਮਰਨ ਧੁੱਗਾ,ਰਵੀਦੀਪ ਰਵੀ,ਰੈਕਟਰ ਕਥੂਰੀਆ,ਸਤੀਸ਼ ਗੁਲਾਟੀ, ਡਾਃ ਨਿਰਮਲ ਜੌੜਾ ਡਾਇਰੈਕਟਰ ਯੁਵਕ ਭਲਾਈ ਪੰਜਾਬ ਯੂਨੀਃ ਚੰਡੀਗੜ੍ਹ,ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਕੇ ਸਾਧੂ ਸਿੰਘ, ਅਸ਼ਵਨੀ ਜੇਤਲੀ, ਨਰਿੰਦਰ ਸੱਤੀ ਜਲੰਧਰ,ਜਸਪ੍ਰੀਤ ਅਮਲਤਾਸ, ਮਨਦੀਪ ਕੌਰ ਭਮਰਾ ਵੀ ਹਾਜ਼ਰ ਸਨ।



Tuesday, January 18, 2022

‘ਸਿੱਖ ਨਸਲਕੁਸ਼ੀ-1984’:ਦਿਖ ਤੇ ਛੋਹ ਤੋਂ ਉਪਜੇ ਵਲਵਲੇ//ਇੰਦਰਪ੍ਰੀਤ ਸਿੰਘ ਸੰਗਰੂਰ

 ਇਤਿਹਾਸ ਵਿੱਚ ਵਾਪਰੀ ਦਰਿੰਦਗੀ ਨਾਲ ਜੁੜੀ ਇਸ ਪੁਸਤਕ ਸਬੰਧੀ ਖਾਸ ਲਿਖਤ  


ਪੰਜਾਬੀ ਪੁਸਤਕ ਜਗਤ
: 18 ਜਨਵਰੀ 2022: (ਪੰਜਾਬ ਸਕਰੀਨ ਡੈਸਕ)::

ਸੰਘਰਸ਼ਾਂ ਭਰੇ ਸਿੱਖ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖੀ ਨੂੰ ਇੱਕ ਵਾਰ ਫੇਰ ਅਗਨੀਪ੍ਰੀਖਿਆ ਵਿੱਚੋਂ ਲੰਘਣਾ ਪਿਆ। ਇਹ ਗੱਲ ਆਮ ਹੋ ਗਈ ਕਿ "ਪੱਤਾ ਪੱਤਾ ਸਿੰਘਾਂ ਦਾ ਵੈਰੀ।" ਇਹਨਾਂ ਬੇਹੱਦ ਔਖੇ ਦਿਨਾਂ ਦੇ ਬਾਵਜੂਦ ਬਹੁਤ ਸਾਰੇ ਲੇਖਕਾਂ ਨੇ ਉਹਨਾਂ ਵੇਲਿਆਂ ਦੇ ਸੱਚ ਨੂੰ ਲਿਖਿਆ ਅਤੇ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਉਸ ਸੱਚ ਨੂੰ ਸੰਭਾਲਿਆ ਵੀ। ਬਾਬਾ ਨਜਮੀ ਨੇ ਲਿਖਿਆ ਸੀ:

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ। 
ਸਿੱਖ ਸੰਸਾਰ ਲਈ ਜਦੋਂ ਸਭ ਕੁਝ ਖਤਮ ਕਰ ਲੈਣ ਦਾ ਭਰਮ ਪਾਲ ਲਿਆ ਗਿਆ ਸੀ ਉਦੋਂ ਉਸ ਬੇਹੱਦ ਨਾਜ਼ੁਕ ਹਾਲਾਤ ਵਿੱਚ ਵੀ ਬਹੁਤ ਸਾਰੇ ਲੇਖਕਾਂ ਨੇ ਆਪਣੀ ਸਮਰਥਾ ਮੁਤਾਬਿਕ ਲਿਖ ਲਿਖ ਕੇ ਆਪਣੀ ਗਵਾਹੀ ਦਿੱਤੀ। ਇਹਨਾਂ ਲਿਖਤਾਂ ਨੂੰ ਸੰਭਾਲਣ ਅਤੇ ਪ੍ਰਕਾਸ਼ਿਤ ਕਰਨ ਦੇ ਮਕਸਦ ਨਾਲ ਜਿਹੜੇ ਪ੍ਰਕਾਸ਼ਕ ਮੈਦਾਨ ਵਿੱਚ ਨਿੱਤਰੇ ਉਹਨਾਂ ਵਿਹਚਕ ਬਿਬੇਕਗੜ੍ਹ ਪ੍ਰਕਾਸ਼ਨ ਵੀ ਹੈ। ਇਸ ਪ੍ਰਕਾਸ਼ਨ ਸੰਸਥਾ ਵਾਲ਼ੀ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਵਿੱਚ ਬਹੁਤ ਸਾਰੇ ਵੇਰਵੇ ਤੱਥਾਂ ਸਮੇਤ ਦਰਜ ਹਨ। ਪੁਸਤਕ ਬਾਰੇ ਹੋਰ ਜਾਣਕਾਰੀ ਇਸ ਲਿਖਤ ਵਿੱਚੋਂ ਮਿਲ ਸਕਦੀ ਹੈ ਜਿਸਦੇ ਲੇਖਕ ਹਨ-ਇੰਦਰਪ੍ਰੀਤ ਸਿੰਘ ਸੰਗਰੂਰ। ਪੁਸਤਕ ਖਰੀਦਣ ਲਈ ਸਬੰਧਤ ਲਿੰਕ ਵੀ ਅਖੀਰ ਵਿਚ ਦਿੱਤਾ ਗਿਆ ਹੈ। ਆਪ ਵੀ ਪੜ੍ਹੋ ਅਤੇ ਹੋਰਨਾਂ ਨੂੰ ਵੀ ਇਸਦੀ ਸੌਗਾਤ ਦਿਓ। -ਰੈਕਟਰ ਕਥੂਰੀਆ 

ਬਿਬੇਕਗੜ੍ਹ ਪ੍ਰਕਾਸ਼ਨ ਦੀ ਕੋਈ ਵੀ ਕਿਤਾਬ ਆਵੇ ਤਾਂ ਕਾਹਲ ਪੈ ਜਾਂਦੀ ਕਿ ਕਿਤਾਬ ਲੈ ਆਵਾਂ। ਭਾਈ ਪਰਮਜੀਤ ਸਿੰਘ, ਰਣਜੀਤ ਸਿੰਘ ਤੇ ਅਮਰਿੰਦਰ ਸਿੰਘ ਨੂੰ ਪਟਿਆਲੇ ਜਦੋਂ ਏਸ ਕਿਤਾਬ ਦਾ ਕੰਮ ਜੰਗੀ ਪੱਧਰ ਤੇ ਕਰਦੇ ਅੱਖੀਂ ਵੇਖਿਆ ਸੀ ਤਾਂ ਮਨ ਕੀਤਾ ਸੀ ਕਿ ਇਹ ਕਿਤਾਬ ਜਲਦੀ ਤੋਂ ਪਹਿਲਾਂ ਛਪ ਕੇ ਆ ਜਾਵੇ।

ਇਹ ਕਿਤਾਬ ਆਈ। ਕਿਤਾਬ ਦੇ ਆਉਣ ਤੋਂ ਪਹਿਲਾਂ ਇਸ ਦੀਆਂ ਤਸਵੀਰਾਂ ਪਹੁੰਚ ਗਈਆਂ। ਤਸਵੀਰਾਂ ਵਿੱਚ ਕਿਤਾਬ ਦਾ ਸਰਵਰਕ ਦੇਖਿਆ। ਸਰਵਰਕ ਆਪਣੇ ਆਪ ਵਿਚ ਇੱਕ ਕਿਤਾਬ ਹੈ। ਪੰਥਕ ਦਰਦ ਦਿਲੀਂ ਸਮੋਈ ਬੈਠੇ ਨੌਜਵਾਨ ਚਿਤਰਕਾਰ ਪਰਮ ਸਿੰਘ ਦਾ ਬਣਾਇਆ ਸਰਵਰਕ। ਹਨੇਰ ਤੇ ਰਾਤ ਦੀ ਤਰਜਮਾਨੀ ਕਰਦੇ ਕਾਲੇ ਰੰਗ ਨਾਲ ਕੱਜਿਆ ਕੈਨਵਸ। ਅੱਗ ਨਾਲ ਉੱਠਿਆ ਧੂੰਆਂ ਹੋ ਹਟੇ ਘਾਣ ਦਾ ਸਾਖੀ। ਇੱਕ ਧੂੰਆਂਖਿਆ ਬੂਹਾ ਜੀਹਦੇ ਤੇ ਲਾਲ ਰੰਗ ਨਾਲ ਕਾਟੀ ਲਾ ਕੇ ਕੀਤੀ ਨਿਸ਼ਾਨਦੇਹੀ। ਬੱਸ! ਇਹਦੇ ਤੋਂ ਅੱਗੇ ਨਹੀ ਵਧ ਸਕਿਆ ਮੈਂ। ਸਰਵਰਕ ਨੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਤੋਂ ਰੋਕੀ ਰੱਖਿਆ। ਕਈ ਦਿਨ ਇਸੇ ਸਰਵਰਕ ਨੂੰ ਮੈਂ ਮੁੜ ਮੁੜ ਵੇਖਦਾ ਰਿਹਾ, ਪੜ੍ਹਦਾ ਰਿਹਾ, ਮਹਿਸੂਸ ਕਰਦਾ ਰਿਹਾ। ਇਸ ਨਸਲਕੁਸ਼ੀ ਨੂੰ ਹੱਡੀਂ ਹੰਢਾ ਚੁੱਕਿਆਂ ਕੋਲ ਬੀਤ ਚੁੱਕੇ ਸਮੇਂ ਵਿਚ ਲੈ ਜਾਂਦਾ ਰਿਹਾ ਮੈਨੂੰ ਇਹ ਸਰਵਰਕ। ਕਦੇ ਹਮਲਾਵਰ ਧਾੜ ਦੇ ਹੱਥੀਂ ਮੌਤ ਦਾ ਤਾਂਡਵ ਅੱਖੀਂ ਵੇਖ ਤੇ ਹੱਡੀਂ ਹੰਢਾਅ ਆਉਂਦਾ ਰਿਹਾ ਮੈਂ। ਕਦੇ ਇਸ ਕਾਟੀ ਲੱਗੇ ਘਰ ਅੰਦਰ ਬੈਠ ਆਪਣੀ ਪਛਾਣ ਦੀ ਕੀਮਤ ਤਾਰਨ ਤੇ ਹਮਲਾਵਰਾਂ ਤੋਂ ਬਚਣ ਦੀ ਆਸ ਵਿੱਚ ਧਿਆ ਰਿਹਾ ਹੁੰਦਾ ਉਸ ਪਛਾਣ ਦੇਣ ਵਾਲੇ ਨੂੰ ਮੈਂ।

ਸਰਵਰਕ ਕਰਕੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਦਾ ਹੀਆ ਨਾ ਪਿਆ। ਨਿੱਤ ਦਿਹਾੜੀ ਭਾਈ ਰਣਜੀਤ ਸਿੰਘ ਲਾਗਿਓਂ ਮੁੜ ਆਉਂਦਾ ਰਿਹਾ ਪਰ ਕਿਤਾਬ ਤਕ ਪਹੁੰਚਣ ਦੀ ਹਿੰਮਤ ਨਾ ਪਈ। ਸਰਵਰਕ ਕਰਕੇ ਮੇਰੇ ਮਨ ਅੰਦਰ ਦੀ ਹਾਲਤ ਸ਼ਾਇਦ ਮੈਂ ਲਿਖ ਬੋਲ ਬਿਆਨ ਨਾ ਕਰ ਸਕਾਂ ਪਰ ਕਿਤਾਬ ਵਿੱਚ ਭਾਈ ਸੇਵਕ ਸਿੰਘ ਦੇ ਲੇਖ ਦੇ ਅਖੀਰ ਵਿੱਚ ਸ਼ਾਇਰ ਦੇਬੀ ਮਖਸੂਸਪੁਰੀ ਦੇ ਲਿਖੇ ਬੋਲ ਸ਼ਾਇਦ ਮੇਰੇ ਮਨ ਅੰਦਰ ਦੀ ਸਹੀ ਤਰਜਮਾਨੀ ਕਰਦੇ ਹਨ:

“ਜੋ ਅਣਿਆਈ ਮੌਤੇ ਮਾਰੇ

ਮੇਰੀ ਰੂਹ ਵਿੱਚ ਵਿਲਕਣ ਸਾਰੇ

ਮੈਂ ਬੁਜ਼ਦਿਲ ਜਿੰਨ੍ਹਾਂ ਆਪਣਿਆਂ ਲਈ

ਹਾਅ ਦਾ ਨਾਅਰਾ ਲਾ ਨਹੀਂ ਸਕਿਆ

ਉਨ੍ਹਾਂ ਤੋਂ ਮੁਆਫੀ ਚਾਹੁੰਨਾ

ਜਿਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ

ਉਨ੍ਹਾਂ ਤੋਂ ਮੁਆਫੀ ਚਾਹੁਨਾ”

(ਕਿਤਾਬ ਪੰਨਾ – ੧੯੮)

ਬਾਹਰਲੇ ਦਰਵਾਜ਼ਿਆਂ ਉੱਤੇ ਲੱਗੀ ਇਹ ਕਾਟੀ ਦੱਸ ਪਾਉਂਦੀ ਸੀ ਇਨ੍ਹਾਂ ਘਰਾਂ ਵਿੱਚ ਰਹਿਣ ਵਾਲਿਆਂ ਦੀ ਪਛਾਣ ਦੀ। ਉਨ੍ਹਾਂ ਦੀ ਜੋ ਬਾਕੀਆਂ ਨਾਲੋਂ ਵੱਖਰੇ ਸਨ। ਓਹ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸੀ। ਜਿਨ੍ਹਾਂ ਦੇ ਬੀਅ ਨਾਸ ਦਾ ਮਤਾ ਪਕਾਇਆ ਜਾ ਚੁੱਕਿਆ ਸੀ ਤੇ ਸਾਰੀ ਵਿਉਂਤਬੰਦੀ ਕੀਤੀ ਜਾ ਚੁੱਕੀ ਸੀ ਤੇ ਇਹ ਕਾਟੀ ਵੀ ਉਸੇ ਵਿਉਂਤਬੰਦੀ ਦਾ ਹਿੱਸਾ ਸੀ। 

ਨਹੀਂ ਸੀ ਪਤਾ ਉਨ੍ਹਾਂ ਕਾਟੀਆਂ ਲਾਓਣ ਵਾਲਿਆਂ ਨੂੰ ਕਿ ਤੀਹ ਪੈਂਤੀ ਸਾਲ ਬਾਅਦ ਉਨ੍ਹਾਂ ਦੀਆਂ ਲਾਈਆਂ ਇਹ ਕਾਟੀਆਂ ਵਿਚੋਂ ਇਕ ਮੁੜ ਕੰਮ ਆਉਣੀ ਹੈ ਤੇ ਕਿਸੇ ਕਲਾ ਦੇ ਮਾਹਰ ਨੇ ਇਸ ਨੂੰ ਫਿਰ ਵਰਤ ਲੈਣਾ ਹੈ ਉਨ੍ਹਾਂ ਦੀ ਕੀਤੀ ਕਮੀਣੀ ਕਰਤੂਤ ਨੂੰ ਜੱਗ ਜਾਹਰ ਕਰਨ ਲਈ। 

ਕਿਤਾਬ ਦੇ ਬਾਹਰਲੇ ਪਿਛਲੇ ਪਾਸੇ ਵੀ ਦਿੱਲੀ ਸਲਤਨਤ ਦੇ ਕਬਜੇ ਹੇਠਲੇ ਸੂਬਿਆਂ ਦੇ ਨਕਸ਼ੇ ਤੇ ਲਹੂ ਦੇ ਲਾਲ ਨਿਸ਼ਾਨ ਲਾ ਕੇ ਉਨ੍ਹਾਂ ਥਾਂਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਇਹ ਮੌਤ ਦਾ ਤਾਂਡਵ ਤੇ ਸਿੱਖ ਨਸਲਕੁਸ਼ੀ ਕੀਤੀ ਗਈ। ਇਹ ਲਹੂ ਦੇ ਰੰਗ ਦੇ ਛੋਟੇ ਵੱਡੇ ਨਿਸ਼ਾਨ ਸ਼ਾਇਦ ਉੱਥੇ ਵਾਪਰੀ ਦਰਿੰਦਗੀ ਦੇ ਵੇਗ ਦੇ ਮਾਪ ਅਨੁਸਾਰ ਛੋਟੇ ਵੱਡੇ ਲਾਏ ਗਏ ਹਨ। ਨਕਸ਼ੇ ਉੱਤੇ ਲਿਖੀਆਂ ਇਹ ਤੁਕਾਂ ਸ਼ਾਇਦ ਆਪਣੇ ਆਪ ਵਿਚ ਇਕ ਪੂਰੀ ਕਹਾਣੀ ਬਿਆਨ ਕਰਦੀਆਂ ਹਨ:

ਜਿੱਥੋਂ ਤਕ ਸਾਇਆ ਦਿੱਲੀ ਦਾ ਅੱਗਾਂ ਹੀ ਅੱਗਾਂ…

ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ…

ਖੈਰ ਇਸ ਕਿਤਾਬ ਦੇ ਨਕਸ਼ੇ ਵਾਲੇ ਮਗਰਲੇ ਬਾਹਰੀ ਪਾਸੇ ਦੇ ਅੰਦਰ ਨੂੰ ਮੁੜੇ ਪੱਤਰੇ ਤੇ ਐਲੀ ਵੀਜ਼ਲ ਦੇ ਹੇਠ ਲਿਖੇ ਬੋਲ ਕਿਤਾਬ ਪੜ੍ਹਨ ਜੋਗੀ ਤਾਕਤ ਦੇ ਦਿੰਦੇ ਹਨ:

ਐਲੀ ਵੀਜ਼ਲ

“ਅਤੀਤ ਨੂੰ ਰੋਣ ਵਾਸਤੇ ਨਹੀਂ ਚਿਤਾਰਿਆ ਜਾਂਦਾ, ਸਗੋਂ ਚਿੰਤਨ ਕਰਨ ਲਈ ਚਿਤਾਰਿਆ ਜਾਂਦਾ ਹੈ। ਅਤੀਤ ਵਿੱਚੋਂ ਪ੍ਰਗਟ ਹੋਇਆ ਭਵਿੱਖ ਉਸ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ, ਤਾਂ ਜੋ ਅਤੀਤ ਮੁੜ ਤੋਂ ਨਾ ਦੁਹਰਾਇਆ ਜਾਵੇ।”

ਇਸੇ ਤਰ੍ਹਾਂ ਸਰਵਰਕ ਦੇ ਮੂਹਰਲੇ ਪਾਸੇ ਦੇ ਅੰਦਰ ਮੋੜੇ ਪੱਤਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਬਹੁਤ ਢੁੱਕਵੇਂ ਤਰੀਕੇ ਲਿਖਿਆ ਹੈ ਜਿਸ ਦੀਆਂ ਆਖਰੀ ਕੁਝ ਸਤਰਾਂ ਹਨ:

“ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ, ਸਿੱਖ ਜਥੇਬੰਦੀਆਂ, ਮੀਡੀਆ ਅਤੇ ਹੋਰ ਸੰਗਠਨ ਨਵੰਬਰ ੧੯੮੪ ਦੇ ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਕਹਿਣ।”

ਆਦੇਸ਼, ਸ੍ਰੀ ਅਕਾਲ ਤਖਤ ਸਾਹਿਬ (੧੪-੭-੨੦੧੦)

ਇਸੇ ਆਦੇਸ਼ ਅੱਗੇ ਸੀਸ ਝੁਕਾਉਂਦਿਆਂ ਸ਼ਾਇਦ ਇਸ ਕਿਤਾਬ ਦਾ ਨਾਂ “ਸਿੱਖ ਨਸਲਕੁਸ਼ੀ ੧੯੮੪” ਰੱਖਿਆ ਗਿਆ ਹੈ। 

ਭਾਈ ਰਣਜੀਤ ਸਿੰਘ ਪਾਸੋਂ ਇਹ ਕਿਤਾਬ ਦੋ ਕੁ ਦਿਨ ਪਹਿਲਾਂ ਹੀ ਲੈ ਕੇ ਆਇਆ ਹਾਂ ਪਰ ਹਰ ਇੱਕ ਹਿੱਸਾ ਤੇ ਲੇਖ ਸ਼ਾਇਦ ਕਈ ਦਿਨ ਹਿੰਮਤ ਜੋੜਣ ਤੋਂ ਬਾਅਦ ਪੜ੍ਹ ਹੋਣਾ। ਅੱਜ ਤਾਂ ਉਨ੍ਹਾਂ ਬਾਰੇ ਸੋਚਦਿਆਂ ਹੀ ਅੱਗੇ ਪੜ੍ਹਨ ਦੀ ਹਿੰਮਤ ਨਹੀਂ ਪਈ ਜਿਨ੍ਹਾਂ ਨੂੰ ਇਹ ਕਿਤਾਬ ਸੰਪਾਦਕਾਂ ਨੇ ਸਮਰਪਤ ਕੀਤੀ ਹੈ। ਕਿਤਾਬ ਦੇ ਸਮਰਪਤ ਵਾਲੇ ਪੰਨੇ ਤੇ ਲਿਖੇ ਸ਼ਬਦ:

ਆਪਣੀ ਪਛਾਣ ਦੀ ਕੀਮਤ

ਆਪਣੀ ਜਾਨ ਨਾਲ ਤਾਰਨ ਵਾਲਿਆਂ ਦੇ ਨਾਂ….

ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।

ਇੱਕ ਇਤਬਾਰ ਸੀ ਜੋ ਟੁੱਟ ਚੁੱਕਾ

ਜੁੜ ਵੀ ਜਾਵੇਗਾ

ਇਹ ਇਤਬਾਰ ਨਹੀਂ

(ਕਿਤਾਬ ਪੰਨਾ – ੪੭)

ਇਸ ਪੁਸਤਕ ਨੂੰ ਖਰੀਦਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ। 

https://wa.me/p/4424896750925140/919988868181


Monday, January 03, 2022

ਕਵਿਤਾ ਕਥਾ ਕਾਰਵਾਂ ਨੇ ਕੀਤਾ ਨਵੇਂ ਸੁਪਨੇ ਸਿਰਜਨ 'ਤੇ ਸਾਕਾਰ ਕਰਨ ਦੇ ਪ੍ਰਣ

3rd January 2022 at 3:33 PM

 ਲੇਖਕ ਨਰੋਏ ਸਮਾਜ ਲਈ ਸੇਧ ਦੇਣ ਦੀ ਜ਼ਿੰਮੇਵਾਰੀ ਨਿਭਾਓਣ:ਕੁਲਦੀਪ ਸਿੰਘ ਵੈਦ

ਵਿਸ਼ੇਸ਼ ਸਮਾਗਮ ਵਿੱਚ ਵੱਖਰੇ ਅੰਦਾਜ਼ ਨਾਲ ਕਿਹਾ ਨਵੇਂ ਸਾਲ ਨੂੰ ਖੁਸ਼ਾਮਦੀਦ


ਲੁਧਿਆਣਾ
: 3 ਜਨਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਬੀਤੇ ਸਾਲ ਨੂੰ ਅਲਵਿਦਾ ਅਤੇ ਨਵੇਂ ਸਾਲ   2022 ਨੂੰ ਖੁਸ਼ਾਮਦੀਦ ਕਹਿਣ ਲਈ ਸਥਾਨਕ ਮਾਇਆ ਨਗਰ ਵਿਖੇ  ਸੇਠ ਕਾਨਫਰੇਂਸ ਹਾਲ ਵਿੱਚ ਇਕ ਦਿਲਕਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਮ ਐਲ ਏ ਕੁਲਦੀਪ ਸਿੰਘ ਵੈਦ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਕਟਰ ਰਵਿੰਦਰ ਸੇਠ ਉਹੀ ਡਾਕਟਰ ਹਨ ਜਿਹਨਾਂ ਦੇ ਘੰਟਾਘਰ ਵਾਲੇ ਕਲੀਨਿਕ ਵਿੱਚ ਸਾਹਿਤ ਰਸੀਆਂ, ਬੁਧੀਜੀਵੀਆਂ ਅਤੇ ਸਮਾਜ ਸੇਵੀਆਂ ਦੀ ਅਕਸਰ ਭੀੜ ਲੱਗੀ ਰਹਿੰਦੀ ਸੀ। ਡਾਕਟਰ ਸੇਠ ਨੇ ਥੈਲੇਸੀਮੀਆਂ ਮਰੀਜ਼ਾਂ ਦੇ ਪਰਿਵਾਰਾਂ ਲਈ ਵੀ ਬਹੁਤ ਕੁਝ ਕੀਤਾ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਵੀ। 

ਸਾਹਿਤਕ ਹਲਕਿਆਂ ਨਾਲ ਦਹਾਕਿਆਂ ਪੁਰਾਣੇ ਇਸ ਰਾਬਤੇ ਕਾਰਨ ਹੀ ਇੱਕ ਵਾਰ ਫਿਰ ਡਾਕਟਰ ਸੇਠ ਨੇ ਆਪਣੇ ਮਾਇਆ ਨਗਰ ਵਾਲੇ ਹਸਪਤਾਲ ਵਿੱਚ ਇੱਕ ਸਾਹਿਤਿਕ ਆਯੋਜਨ ਕਰਵਾਇਆ ਜਿਹੜਾ ਜਸਪ੍ਰੀਤ ਕੌਰ ਫ਼ਲਕ ਹੁਰਾਂ ਵਲੋਂ ਸਥਾਪਿਤ ਅਦਾਰੇ ਦੀ ਦੇਹਰਿਖ ਹੇਠ ਤਿਆਰ ਹੋਇਆ ਸੀ।
 
ਇਸੇ ਤਰ੍ਹਾਂ ਐਮ ਐਲ ਏ ਕੁਲਦੀਪ ਸਿੰਘ ਵੈਦ ਹੁਰਾਂ ਦੇ ਸਿਆਸਤ ਵਿੱਚ ਆਉਣ ਨਾਲ ਸਮਾਜ ਦੇ ਹੇਠਲੇ ਤਬਕਿਆਂ ਦੇ ਦਿਲਾਂ ਵਿੱਚ ਬਹੁਤ ਸਾਰੀਆਂ ਉਮੀਦਾਂ ਜਾਗੀਆਂ ਉਹਨਾਂ ਨੂੰ ਯਕੀਨ ਹੋਇਆ ਕਿ ਜਮਹੂਰੀ ਢੰਗ ਤਰੀਕਿਆਂ ਤੇ ਚੱਲ ਕੇ ਹੀ ਸਾਡਾ ਸਭਨਾਂ ਦਾ ਭਲਾ ਜਲਦੀ ਹੀ ਹੋ ਸਕਦਾ ਹੈ। 

ਇਸ ਮੌਕੇ ਐਮ ਐਲ ਏ ਵੈਦ ਨੇ ਕਿਹਾ ਕਿ ਸਾਹਿਤਕਾਰਾਂ ਅਤੇ ਲੇਖਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਦੇ ਰਾਹ ਦਿਸੇਰੇ ਬਨਣ। ਸਮਾਜ ਨੂੰ ਰਸਤਾ ਦਿਖਾਉਣ। ਕਲਮਕਾਰਾਂ ਨੰ ਹਰ ਹੀਲੇ ਆਪਣੀਆਂ ਰਚਨਾਵਾਂ ਵਿਚ ਇਸ ਮਕਸਦ ਦੀ ਰੌਸ਼ਨੀ ਦਿਖਾਉਣੀ ਚਾਹੀਦੀ ਹੈ। 

ਸਮਾਗਮ ਕਰਾਉਣ ਵਿੱਚ ਮੁਖ ਭੂਮਿਕਾ ਨਿਭਾਉਣ ਵਾਲੀ ਸ਼ਾਇਰ ਡਾ. ਜਸਪ੍ਰੀਤ ਕੌਰ ਫ਼ਲਕ ਨੇ ਸ਼ਾਇਰਾਨਾ ਢੰਗ ਨਾਲ ਨਵੇਂ ਵਰ੍ਹੇ ਨੂੰ ਖੁਸ਼ਾਮਦੀਦ ਆਖਿਆ ਤੇ ਅਦਾਰੇ ਦੀਆਂ ਗਤੀਵਿਧੀਆਂ ਬਾਰੇ ਚਾਨਣ ਪਾਇਆ। ਜ਼ਿਕਰਯੋਗ ਹੈ ਕਿ ਇਸ ਅਦਾਰੇ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ ਜਸਪ੍ਰੀਤ ਕੌਰ ਫ਼ਲਕ ਇਸ ਦੀ ਸੰਸਥਾਪਕ ਵੀ ਹੈ। 

ਇਸ ਮੌਕੇ ਵੱਖ ਵੱਖ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਨਾਲ ਇਸ ਸਮਾਗਮ ਦੇ ਸਰੋਤਿਆਂ ਅਤੇ ਦਰਸ਼ਕਾਂ ਨਾਲ ਸਾਂਝ ਪਾਈ। ਸੁਖਵਿੰਦਰ ਸਿੰਘ ਨੇ ਮੁਖ ਮਹਿਮਾਨ ਦਾ ਸਭਨਾਂ ਨਾਲ ਤੁਆਰੁਫ ਕਰਵਾਇਆ। ਇਸ ਜਾਣ ਪਛਾਣ ਨਾਲ ਲੇਖਕਾਂ ਅਤੇ ਸਰੋਤਿਆਂ ਦਾ ਆਪਸੀ ਰਾਬਤਾ ਹੋਰ ਮਜ਼ਬੂਤ ਹੋਇਆ। 

ਇਸ ਕਵੀ ਦਰਬਾਰ ਅਤੇ ਇਸਦੀ ਵਿਚਾਰ ਚਰਚਾ ਵਿੱਚ ਉਘੇ ਕਵੀਆਂ ਤੈ੍ਲੋਚਨ ਲੋਚੀ, ਡਾ ਰਵਿੰਦਰ ਚੰਦੀ, ਹਰਦੀਪ ਬਿਰਦੀ, ਅਸ਼ੋਕ ਧੀਰ, ਸੁਖਵਿੰਦਰ ਸਿੰਘ ਏਸ਼ੀਅਨ ਕਲੱਬ, ਪਰਗਟ ਸਿੰਘ ਰੰਧਾਵਾ, ਜਿੰਮੀ ਅਹਿਮਦਗੜ੍ਹ, ਅਤੇ ਅੰਚਲ ਜਿੰਦਲ ਨੇ ਭਾਗ ਲਿਆ। ਪਰੋਗਰਾਮ ਦੀ ਸ਼ੁਰੂਆਤ  ਸ਼ੈਲੀ ਵਾਧਵਾ ਦੇ ਸਵਾਗਤੀ ਬੋਲਾਂ ਨਾਲ ਹੋਈ। ਮੰਚ ਸੰਚਾਲਨ ਦੀ ਭੂਮਿਕਾ ਧਰਮਿੰਦਰ ਸ਼ਾਹਿਦ ਖੰਨਾ ਵਲੋਂ ਬਾਖੂਬੀ ਨਿਭਾਈ ਗਈ। ਸਰੋਤਿਆਂ ਵਿੱਚ ਜਸਬੀਰ ਕੌਰ, ਬਲਕਾਰ ਸਿੰਘ, ਬਖਸਪਰੀਤ ਸਿੰਘ, ਤਮੰਨਾ, ਸੁਖਪ੍ਰੀਤ ਕੌਰ, ਹਰਸ਼ਦੀਪ ਕੌਰ, ਜਸਵਿੰਦਰ ਕੌਰ, ਦਲਜੀਤ ਕੌਰ, ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਵਿਤਾ ਕਥਾ ਕਾਰਵਾਂ ਦੀ ਇਕਾਈ ਕਰੀਏਟਿਵ ਰਾਇਟਰਸ ਵਲੋਂ ਨਵਕਮਲ ਸਿੰਘ, ਨਵਰਪਰੀਤ ਸਿੰਘ ਹੈਰੀ, ਹਰਮੀਤ ਪੋਇਟ ਨੇ ਕਵਿਤਾ ਪਾਠ ਨਾਲ ਭਾਗ ਲਿਆ। ਹਰਮੀਤ ਪੋਇਟ ਵਲੋਂ ਅਦਾਰੇ ਦੀ ਪ੍ਧਾਨ ਡਾ ਜਸਪ੍ਰੀਤ ਕੌਰ ਫ਼ਲਕ ਦਾ ਕਵਿਤਾ ਲਿਖੇ ਪੋਰਟਰੇਟ ਭੇਟ ਕਰਕੇ ਸਨਮਾਨ ਕੀਤਾ ਗਿਆ। 

ਕਵਿਤਾ ਕਥਾ ਕਾਰਵਾਂ ਦੀ ਸਕੱਤਰ ਜਸਬੀਰ ਕੌਰ ਅਤੇ ਡਾ ਰਵਿੰਦਰ ਸੇਠ ਨੇ ਇਸ ਨਿਵੇਕਲੇ ਆਯੋਜਨ ਦੀ ਸਰਾਹਨਾ ਕੀਤੀ। ਮੁਖ ਮਹਿਮਾਨ ਦਾ ਸਨਮਾਨ ਚਿੰਨ ਅਤੇ  ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸੰਸਥਾ ਦੇ ਉਪ ਪ੍ਰਧਾਨ ਡਾ ਜਗਤਾਰ ਧੀਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।ਸ਼ਾਮਲ ਹੋਏ ਕਵੀਆਂ ਤੇ ਮਹਿਮਾਨਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।

Friday, November 12, 2021

ਲੇਖਕ ਆਗੂ ਦਰਸ਼ਨ ਬੁੱਟਰ ਨੂੰ ਗਹਿਰਾ ਸਦਮਾ

12th November 2021 at 03:28 PM WhatsApp

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਚੰਡੀਗੜ੍ਹ: 12 ਨਵੰਬਰ 2021: (ਕਰਮ ਵਕੀਲ//ਪੰਜਾਬ ਸਕਰੀਨ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੂੰ ਅੱਜ ਉਦੋਂ ਗਹਿਰਾ ਸਦਮਾ ਲਗਿਆ ਜਦ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਅਕਾਲ ਚਲਾਣਾ ਕਰ ਗਏ। ਉਹ ਨਾਭੇ ਨੇੜੇ ਪਿੰਡ ਖੋਖ ਦੇ ਜੰਮਪਲ ਸਨ ਅਤੇ ਤਕਰੀਬਨ 65 ਸਾਲ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਦਰਸ਼ਨ ਬੁੱਟਰ ਪਰਿਵਾਰ ਨੇ ਪਤਨੀ ਦੇ ਇਲਾਜ ਲਈ ਬੜੇ ਯਤਨ ਕੀਤੇ ਪਰ ਕੁਦਰਤ ਅੱਗੇ ਜ਼ੋਰ ਨਹੀਂ ਚਲਦਾ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ੍ਰੀ ਦਰਸ਼ਨ ਬੁੱਟਰ ਦੇ ਜੱਦੀ ਪਿੰਡ ਥੂਹੀ, ਨੇੜੇ ਨਾਭਾ ਵਿਖੇ ਕਰ ਦਿਤਾ ਗਿਆ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਸਕੱਤਰ ਜਗਦੀਪ ਸਿੱਧੂ, ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਡਾ. ਗੁਰਮੇਲ ਸਿੰਘ ਨੇ ਸ੍ਰੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਉਤੇ ਸ਼ੋਕ-ਗ੍ਰਸਤ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। 

ਬਹੁਤ ਸਾਰੇ ਸਾਹਿਤਿਕ ਸੰਗਠਨਾਂ ਅਤੇ ਹੋਰਨਾਂ ਸਾਹਿਤ ਸਭਾਵਾਂ ਨੇ ਵੀ ਸ਼੍ਰੀ ਬੁੱਟਰ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹੁਤ ਸਾਰੇ ਲੇਖਕਾਂ ਨੇ ਵੀ ਸ਼੍ਰੀ ਬੁੱਟਰ ਨਾਲ ਇਸ ਔਖੀ ਘੜੀ ਵੇਲੇ ਦੁੱਖ ਵੰਡਾਇਆ ਹੈ। ਭੋਗ ਦੀ ਤਾਰੀਖ ਬਾਰੇ ਵੀ ਅਸੀਂ ਛੇਤੀ ਹੀ ਜਾਣਕਾਰੀ ਦਿਆਂਗੇ। 

Friday, November 05, 2021

ਮਿੱਤਰਸੈਨ ਮੀਤ ਦੀ ਅਗਵਾਈ ਹੇਠ ਜੰਗ ਜਾਰੀ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ

ਈਮੇਲ ਵਾਲੀ ਤਕਨੀਕ ਨੂੰ ਵੀ ਵੱਡੀ ਪੱਧਰ ਤੇ ਹਥਿਆਰ ਬਣਾਇਆ 

ਨਾਲ ਨਾਲ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹੋ ਰਹੇ ਹਨ  ਸੈਮੀਨਾਰ 


ਲੁਧਿਆਣਾ: 5 ਨਵੰਬਰ 2021: (ਪੰਜਾਬ ਸਕਰੀਨ ਡੈਸਕ)::
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਉੱਘੇ ਲੇਖਕ ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀ ਸੁਖਿੰਦਰ ਪਾਲ ਸਿੰਘ ਸਿੱਧੂ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਬੁਲੰਦੀ ਤੇ ਲਿਜਾਣ ਵਾਲੀ ਜੰਗ ਜਾਰੀ ਹੈ। ਪਜਾਬ ਵਿੱਚ ਕਈ ਥਾਈਂ ਸੈਮੀਨਾਰ ਵੀ ਕੀਤੇ ਜਾ ਚੁੱਕੇ ਹਨ ਅਤੇ ਆਧੁਨਿਕ ਤਕਨੀਕ ਈਮੇਲ ਦੀ ਵਰਤੋਂ ਵੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ। ਇਹਨਾਂ ਦੋਹਾਂ ਸਰਗਰਮ ਲੇਖਕਾਂ ਨੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾਣ ਵਾਲੇ ‘ਪੰਜਾਬੀ ਸਪਤਾਹ’ ਨੂੰ ਰਵਾਇਤੀ ਦੀ ਥਾਂ ਉਸਾਰੂ ਢੰਗ ਨਾਲ ਮਨਾਏ ਜਾਣ। ਇਸਦੇ ਨਾਲ ਹੀ ਪੰਜਾਬ ਰਾਜ ਭਾਸ਼ਾ ਐਕਟ 1967 ਅਧੀਨ ਡਾਇਰੈਕਟਰ ਭਾਸ਼ਾ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਸੁਝਾਅ ਵੀ ਦਿੱਤੇ ਹਨ। ਜਿੱਥੇ ਇਹਨਾਂ ਦੇ ਸੈਮੀਨਾਰ ਆਮ ਲੋਕਾਂ ਵਿਚ ਜਾ ਕੇ ਹਲੂਣਾ ਦੇ ਰਹੇ ਹਨ ਉੱਥੇ ਇਹਨਾਂ ਦੀਆਂ ਚਿੱਠੀਆਂ ਸਰਕਾਰੀ ਹਲਕਿਆਂ ਵਿੱਚ ਵੀ ਆਪਣਾ ਇੱਕ ਰਿਕਾਰਡ ਬਣਾ ਰਹੀਆਂ ਹਨ। ਚੇਤਨਾ ਜਗਾਉਣ ਦੇ ਨਾਲ ਨਾਲ ਹੱਕਾਂ ਅਤੇ ਅਧਿਕਾਰਾਂ ਦੀ ਪਹਿਰੇਦਾਰੀ ਵੀ ਜ਼ੋਰਾਂ ਤੇ ਹੋ ਰਹੀ ਹੈ।  ਫਰਜ਼ਾਂ ਦੀ ਜ਼ਾਦ ਦੁਆਈ ਜਾ ਰਹੀ ਹੈ ਅਤੇ ਵਾਅਦਿਆਂ ਦਾ ਕਿ ਬਣਿਆ ਇਸ ਬਾਰੇ ਸੁਆਲ ਵੀ ਪੁੱਛੇ ਜਾ ਰਹੇ ਹਨ। ਇਸ ਕਲਮੀ ਜੁਆਬਦੇਹੀ ਨੇ ਇੱਕ ਨਵਾਂ ਸਾਹਿਤਿਕ ਸਮਾਜ ਸਿਰਜਣਾ ਹੈ। ਅਡੰਬਰੀ ਇਨਾਮਾਂ ਦੇ ਖਿਲਾਫ ਸਿਰਹ ਸ਼ੋਸ਼ੇਬਾਜ਼ੀ ਵਾਲੀ ਸ਼ੁਰਲੀ ਨਹੀਂ ਛੱਡੀ ਗਈ ਸੱਚੀਂਮੁਚੀਂ ਇਹ ਯੋਧੇ ਮੈਦਾਨ ਵਿਚ ਹਨ ਹਰ ਅਤੇ ਸ਼ਬਦ ਦੀ ਪੂਰੀ ਜ਼ਿੰਮੇਵਾਰੀ ਲੈ ਕੇ ਗੱਲ ਕਰਦੇ ਹਨ। 

ਭਾਈਚਾਰੇ ਦੇ ਇਹਨਾਂ ਦੋਹਾਂ ਸਹਾਇਕ ਸੰਚਾਲਕਾਂ ਨੇ ਆਪਣੇ ਪੱਤਰ ਵਿੱਚ ਬੜੇ ਹੀ ਅਦਬ ਅਤੇ ਠਰ੍ਹੰਮੇ ਨਾਲ ਆਖਿਆ ਹੈ;

ਸਤਿਕਾਰਯੋਗ ਡਾਇਰੈਕਟਰ ਸਾਹਿਬਾ ਜੀ,

ਨਿਮਰਤਾ ਸਹਿਤ, ਪਹਿਲਾਂ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਮਹੱਤਵਪੂਰਨ ਵਿਵਸਥਾਵਾਂ, ਇਸ ਕਾਨੂੰਨ ਅਧੀਨ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਤੇ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ, ਆਪ ਜੀ ਦੇ ਧਿਆਨ ਵਿਚ ਲਿਆ ਰਿਹਾ ਹੈ।

ਭਾਗ-ੳ : ਕਾਨੂੰਨੀ ਵਿਵਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਵੇਂ ਹੁਕਮ

1.52 ਸਾਲ ਪਹਿਲਾਂ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 3 ਰਾਹੀਂ, ਪੰਜਾਬੀ ਭਾਸ਼ਾ ਨੂੰ ਪੰਜਾਬ ਰਾਜ ਦੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਸਾਲ 2008 ਵਿਚ ‘ਰਾਜ ਭਾਸ਼ਾ (ਤਰਮੀਮ) ਐਕਟ 2008’ ਰਾਹੀਂ ਇਸ ਐਕਟ ਵਿਚ ਮਹੱਤਵਪੂਰਨ ਸੋਧਾਂ ਹੋਈਆਂ। ਨਵੀਂ ਜੋੜੀ ਧਾਰਾ 3(ਅ) ਰਾਹੀਂ ‘ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਸਾਰੇ ਅਦਾਰਿਆਂ ਵਿਚ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਕੀਤੇ ਜਾਣਾ ਜ਼ਰੂਰੀ’ ਕੀਤਾ ਗਿਆ। ਇਸ ਵਿਵਸਥਾ ਦੀ ਇਬਾਰਤ ਇਹ ਹੈ: 

“ਧਾਰਾ 3(ਅ) – ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਦਫ਼ਤਰਾਂ ਆਦਿ ਵਿਚ ਪੰਜਾਬੀ ਦੀ  ਵਰਤੋਂ ਬਾਰੇ

“ਧਾਰਾ 3(ਅ): ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇਗਾ।“

2. 2008 ਦੇ ਇਸੇ ਸੋਧ ਐਕਟ ਦੀ ਧਾਰਾ 8(ੳ) ਰਾਹੀਂ, ਡਾਇਰੈਕਟਰ ਭਾਸ਼ਾ ਵਿਭਾਗ (ਅਤੇ ਅਗਾਂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ) ਨੂੰ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ, ਕੰਮ-ਕਾਜ ਪੰਜਾਬੀ ਭਾਸ਼ਾ ਵਿਚ ਹੁੰਦਾ ਹੈ ਜਾਂ ਨਹੀਂ, ਇਸ ਤੱਥ ਦੀ ਪੜਤਾਲ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਵਿਵਸਥਾ ਦੀ ਇਬਾਰਤ ਇਹ ਹੈ:

“ਧਾਰਾ 8 (ੳ): ਸਮੀਖਿਆ ਦਾ ਅਧਿਕਾਰ: ਡਾਇਰੈਕਟਰ ਭਾਸ਼ਾ ਵਿਭਾਗ ਜਾਂ ਉਸ ਦੇ ਅਧੀਨ ਅਤੇ ਇਸ ਮੰਤਵ ਲਈ ਉਸ ਵੱਲੋਂ ਨਾਮਜ਼ਦ ਕੀਤੇ ਗਏ ਅਫਸਰਾਂ ਕੋਲ ਇਸ ਐਕਟ ਦੀਆਂ ਧਾਰਾਵਾਂ 3(ੳ) ਅਤੇ 3(ਅ) ਦੀ ਪਾਲਣਾ ਦਾ ਪਤਾ ਲਗਾਉਣ ਵਾਸਤੇ ਰਾਜ ਸਰਕਾਰ ਦੇ ਸਰਕਾਰੀ ਦਫ਼ਤਰਾਂ, ਜਨਤਕ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਦਫ਼ਤਰਾਂ ਦਾ ਮੁਆਇਨਾ ਕਰਨ ਦਾ ਅਧਿਕਾਰ ਹੋਵੇਗਾ। ਦਫ਼ਤਰ ਦਾ ਦਫ਼ਤਰੀ ਰਿਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜੇ ਹੇਠਲਾ ਸਾਰਾ ਰਿਕਾਰਡ ਮੁਆਇਨਾ ਕਰਨ ਵਾਲੇ ਡਾਇਰੈਕਟਰ ਜਾਂ ਅਫ਼ਸਰ ਨੂੰ ਮੁਹੱਈਆ ਕਰਾਉਣਗੇ।‘”

3. ਸਾਲ 2008 ਦੇ ਇਸੇ ਸੋਧ ਐਕਟ ਦੀ ਧਾਰਾ 8(ਸ) ਰਾਹੀਂ, ਉਹਨਾਂ ਕਰਮਚਾਰੀਆਂ/ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ ਜੋ ਆਪਣਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਨਹੀਂ ਕਰਨਗੇ। ਇਸ ਵਿਵਸਥਾ ਦੀ ਇਬਾਰਤ ਇਹ ਹੈ:

“ਧਾਰਾ 8 (ਸ) ਸਜ਼ਾਵਾਂ- ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਹਨਾਂ ਤਹਿਤ ਕੀਤੇ ਨੋਟੀਫਿਕੇਸ਼ਨਾਂ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ, 1970 ਦੇ ਤਹਿਤ ਕਾਰਵਾਈ ਕੀਤੇ ਜਾਣ ਦਾ ਭਾਗੀ ਹੋਵੇਗਾ।“

ਉਪਰੋਕਤ ਉਪ ਧਾਰਾ (1) ਤਹਿਤ ਕਸੂਰਵਾਰ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਬੰਧਤ ਕੰਪੀਟੈਂਟ ਅਥਾਰਟੀ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀਆਂ ਸਿਫਾਰਸ਼ਾਂ ਅਨੁਸਾਰ ਕਰੇਗੀ। 

ਬਸ਼ਰਤੇ ਕਿ ਅਜਿਹੀ ਕਾਰਵਾਈ ਤੋਂ ਪਹਿਲਾਂ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਨੂੰ ਸੁਣੇ ਜਾਣ ਦਾ ਮੌਕਾ ਦਿੱਤਾ ਜਾਵੇਗਾ।‘

4. ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ ਤਾਂ ਬਣਾ ਦਿੱਤੇ ਗਏ ਪਰ ਇਹਨਾਂ ਤੇ ਅਮਲ ਨਹੀਂ ਹੋਇਆ। ਉਲਟਾ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਵੱਧ ਕੰਮ-ਕਾਜ ਹੋਣ ਲੱਗ ਪਿਆ। ਪੰਜਾਬੀ ਭਾਸ਼ਾ ਨਾਲ ਹੁੰਦੀ ਇਸ ਜ਼ਿਆਦਤੀ ਵਿਰੁੱਧ ਕੁਝ ਸੰਸਥਾਵਾਂ (ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ) ਨੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਾਉਣ ਲਈ ਦਬਾਅ ਪਾਇਆ। ਸ਼੍ਰੀ ਹਰੀ ਚੰਦ ਅਰੋੜਾ, ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਨੂੰਨ ਦੀਆਂ ਇਹਨਾਂ ਵਿਵਸਥਾਵਾਂ ਦੀ ਹੋ ਰਹੀ ਘੋਰ ਉਲੰਘਣਾ ਬਾਰੇ ਪੰਜਾਬ ਸਰਕਾਰ ਨੂੰ 20 ਦੇ ਕਰੀਬ ਕਾਨੂੰਨੀ ਨੋਟਿਸ ਦਿੱਤੇ ਗਏ। ਦਬਾਵਾਂ ਹੇਠ ਆਈ ਪੰਜਾਬ ਸਰਕਾਰ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਮਿਤੀ 05.09.2018 ਨੂੰ ਇੱਕ ਹੁਕਮ ਜਾਰੀ ਕੀਤਾ ਅਤੇ ਹਦਾਇਤ ਕੀਤੀ ਕਿ ‘ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇ।‘ ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

“ਇਸ ਲਈ ਆਪ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਦਾ ਸਮੁੱਚਾ ਦਫ਼ਤਰੀ ਕੰਮ-ਕਾਜ, ਭਾਰਤ ਸਰਕਾਰ ਅਤੇ ਦੂਜੇ ਰਾਜਾਂ ਨਾਲ ਕੀਤੀ ਜਾਣ ਵਾਲੀ ਲਿਖਾ-ਪੜ੍ਹੀ ਨੂੰ ਛੱਡ ਕੇ, ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਦੇ ਉਪਬੰਧਾਂ ਅਨੁਸਾਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।“

5. ਇਸ ਮਹੱਤਵਪੂਰਨ ਹੁਕਮ ਰਾਹੀਂ ਪੰਜਾਬ ਸਰਕਾਰ ਨੇ ਆਪਣੇ ਦਫ਼ਤਰਾਂ ਦੇ ਮੁਖੀਆਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਹੈ ਕਿ ਉਹ ਆਪਣੀਆਂ ਇੰਟਰਨੈਟ ਤੇ ਪਾਈਆਂ ਵੈਬਸਾਈਟਾਂ ਵਿਚ ਉਪਲਬਧ ਕਰਵਾਈ ਗਈ ਸੂਚਨਾ, ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ ਵੀ ਉਪਲਬਧ ਕਰਾਉਣ। ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

"ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਜ਼ਿਆਦਾਤਰ ਪੰਜਾਬ ਦੀ ਆਮ ਜਨਤਾ ਲਈ ਹੀ ਹਨ। ਇਸ ਲਈ ਸਮੂਹ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਵੈਬਸਾਈਟਾਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ (ਭਾਵ ਦੋਨੋਂ ਭਾਸ਼ਾਵਾਂ ਵਿਚ) ਤਿਆਰ ਕਰਕੇ ਅਪਲੋਡ ਕਰਨ ਤਾਂ ਜੋ ਪੰਜਾਬ ਵਾਸੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।"

ਨੋਟ: ਕਿਸੇ ਵਿਭਾਗ (ਸਮੇਤ ਯੂਨੀਵਰਸਿਟੀ) ਵੱਲੋਂ ਆਪਣੀ ਵੈਬਸਾਈਟ ਤੇ ਉਪਲਬਧ ਕਰਾਈ ਗਈ ਸੂਚਨਾ ਉਸ ਦੇ ‘ਦਫ਼ਤਰੀ ਕੰਮ ਕਾਜ’ ਦਾ ਹਿੱਸਾ ਹੈ।

ਭਾਗ-ਅ   ਪੰਜਾਬੀ ਸਪਤਾਹ ਨੂੰ ਉਸਾਰੂ ਢੰਗ ਨਾਲ ਮਨਾਏ ਜਾਣ ਲਈ ਸੁਝਾਅ

ਪੰਜਾਬੀ ਭਾਈਚਾਰੇ ਦੇ ਧਿਆਨ ਵਿਚ ਆਇਆ ਹੈ ਕਿ ਆਮ ਸਾਲਾਂ ਵਾਂਗ, ਇਸ ਸਾਲ ਵੀ, ਭਾਸ਼ਾ ਵਿਭਾਗ ਨਵੰਬਰ 2019 ਦੇ ਪਹਿਲੇ ਹਫ਼ਤੇ ‘ਪੰਜਾਬੀ ਸਪਤਾਹ’ ਮਨਾ ਰਿਹਾ ਹੈ। ਇਹ ਵੀ ਧਿਆਨ ਵਿਚ ਆਇਆ ਹੈ ਕਿ ਇਸ ਵਾਰ ਵੀ ਇਸ ਸਪਤਾਹ ਦੌਰਾਨ, ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ, ਸਾਹਿਤਕ/ਪੁਸਤਕ ਮੇਲੇ ਅਤੇ ਸਨਮਾਨ ਆਦਿ ਸਮਾਰੋਹ ਰਚਾਏ ਜਾਣੇ ਹਨ।

ਪੰਜਾਬੀ ਭਾਸ਼ਾ ਦੇ ਪਸਾਰ ਅਤੇ ਵਿਕਾਸ ਲਈ ਪ੍ਰਤੀਬੱਧ, ‘ਪੰਜਾਬੀ ਭਾਈਚਾਰਾ’, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਉਕਤ ਮਹੱਤਵਪੂਰਨ ਵਿਵਸਥਾਵਾਂ ਅਤੇ ਇਸ ਕਾਨੂੰਨ ਅਧੀਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਉਸ ਵੱਲੋਂ ਨਿਯੁਕਤ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਤੇ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਹੁਕਮ ਆਪ ਜੀ ਦੇ ਧਿਆਨ ਵਿਚ ਲਿਆਉਣ ਬਾਅਦ, ਆਪ ਜੀ ਨੂੰ ਇਸ ਵਾਰ ‘ਪੰਜਾਬੀ ਸਪਤਾਹ’ ਦੌਰਾਨ ਕਾਨੂੰਨ ਦੀਆਂ ਇਨ੍ਹਾਂ ਵਿਵਸਥਾਵਾਂ ਅਤੇ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਕੇ ਸਪਤਾਹ ਨੂੰ ਉਸਾਰੂ ਢੰਗ ਨਾਲ ਮਨਾਏ ਜਾਣ ਦੀ ਬੇਨਤੀ ਕਰਦਾ ਹੈ। ਨਾਲ ਕੁਝ ਸੁਝਾਅ ਵੀ ਪੇਸ਼ ਕਰਦਾ ਹੈ।

ਸੁਝਾਅ

1. ਜ਼ਿਲ੍ਹਾ ਭਾਸ਼ਾ ਅਫ਼ਸਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਵਿਚ ਸਰਕਾਰੀ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਦੀ ਗਹਿਰਾਈ ਨਾਲ ਘੋਖ

ਇਸ ਹਫ਼ਤੇ ਦੌਰਾਨ, ਜ਼ਿਲ੍ਹਾ ਭਾਸ਼ਾ ਅਫ਼ਸਰ, ਆਪਣੇ-ਆਪਣੇ ਜ਼ਿਲ੍ਹੇ ਦੇ, ਪੰਜਾਬ ਸਰਕਾਰ ਦੇ ਵੱਧੋ-ਵੱਧ ਸਰਕਾਰੀ ਦਫ਼ਤਰਾਂ ਵਿਚ ਜਾਣ ਅਤੇ ਉਨ੍ਹਾਂ ਵਿਚ ਹੁੰਦੇ ਕੰਮ-ਕਾਜ ਦੀ ਗਹਿਰਾਈ ਨਾਲ ਘੋਖ ਕਰਨ। ਨਾਲ ਇਹ ਯਕੀਨੀ ਬਣਾਉਣ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਵਿਵਸਥਾਵਾਂ ਅਤੇ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਕੇ, ਆਪਣਾ ਸਾਰਾ ਦਫ਼ਤਰੀ ਕੰਮ-ਕਾਜ ਕੇਵਲ ਪੰਜਾਬੀ ਵਿਚ ਹੀ ਕਰ ਰਹੇ ਹਨ। ਭਾਸ਼ਾ ਅਫ਼ਸਰ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਨਾਖ਼ਤ ਕਰਨ ਜੋ ਇਨ੍ਹਾਂ ਵਿਵਸਥਾਵਾਂ/ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਜੇ ਕੋਈ ਅਧਿਕਾਰੀ/ਕਰਮਚਾਰੀ ਕਾਨੂੰਨ ਅਤੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਜ਼ਿਲ੍ਹਾ ਭਾਸ਼ਾ ਅਫ਼ਸਰ, ਕਸੂਰਵਾਰ ਅਧਿਕਾਰੀ/ਕਰਮਾਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ, ਸਮਰੱਥ ਅਧਿਕਾਰੀ ਨੂੰ ਸਿਫ਼ਾਰਸ਼ ਕਰਨ।

ਅਸਲ ਮਾਅਨਿਆਂ ਵਿਚ ਤਾਂ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਪਸਾਰ ਸੰਭਵ ਹੋ ਸਕੇਗਾ।

2. ਸਮਾਗਮਾਂ ਨੂੰ ਨਵੀਂ ਦਿਖ

ਪਿਛਲੇ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਰਚਾਏ ਜਾਂਦੇ (ਸਾਰਾ ਸਾਲ ਅਤੇ ਖਾਸ ਕਰ ਪੰਜਾਬੀ ਸਪਤਾਹ ਦੌਰਾਨ) ਸਮਾਗਮਾਂ ਵਿਚ ਹਿੱਸਾ/ਪ੍ਰਧਾਨਗੀ/ਸਨਮਾਨ ਲਈ ਉਂਗਲਾਂ ਤੇ ਗਿਣੇ ਜਾਂਦੇ ਵਿਦਵਾਨ/ਲੇਖਕ ਬੁਲਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਕਰ ਰਹੇ ਜਾਂ ਸਮਾਗਮਾਂ ਦੌਰਾਨ ਸਨਮਾਨੇ ਜਾ ਰਹੇ ਬਹੁਤੇ ਵਿਦਵਾਨ/ਲੇਖਕ ਉਹ ਹੁੰਦੇ ਹਨ ਜਿਹੜੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ‘ਸ਼੍ਰੋਮਣੀ ਸਾਹਿਤਕਾਰ’ ਵਰਗੇ ਪ੍ਰਤਿਸ਼ਠਿਤ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹੁੰਦੇ ਹਨ। ਅਜਿਹੇ ਸਨਮਾਨਿਤ ਵਿਦਵਾਨਾਂ/ਲੇਖਕਾਂ ਦਾ ਵਾਰ-ਵਾਰ ਸਨਮਾਨ ਪੰਜਾਬੀ ਭਾਸ਼ਾ ਜਾਂ ਸਾਹਿਤ ਲਈ ਲਾਹੇਵੰਦ ਸਿੱਧ ਨਹੀਂ ਹੁੰਦਾ। ਉਲਟਾ ਭਾਸ਼ਾ ਵਿਭਾਗ ਦੇ ਇਸ ਰਵੱਈਏ ਕਾਰਨ, ਵਧੀਆ ਲਿਖ ਰਹੇ ਹੋਰ ਪੰਜਾਬੀ ਲੇਖਕਾਂ ਦੇ ਮਨਾਂ ਅਤੇ ਉਤਸ਼ਾਹ ਨੂੰ ਠੇਸ ਵੱਜਦੀ ਹੈ। ਜਿਸ ਕਾਰਨ ਪੰਜਾਬੀ ਸਾਹਿਤ ਦੀ ਸਿਰਜਣਾ ਅਤੇ ਭਾਸ਼ਾ ਦਾ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਭਾਈਚਾਰੇ ਵੱਲੋਂ ਬੇਨਤੀ ਹੈ ਕਿ ਅੱਗੋਂ ਤੋਂ ਭਾਸ਼ਾ ਵਿਭਾਗ ਵੱਲੋਂ ਰਚਾਏ ਜਾਂਦੇ ਸਾਹਿਤਕ ਸਮਾਗਮਾਂ ਵਿਚ ਨਵੇਂ/ਪੁੰਘਰਦੇ ਵਿਦਵਾਨਾਂ/ਲੇਖਕਾਂ ਨੂੰ ਵੱਡੀ ਗਿਣਤੀ ਵਿਚ ਬੁਲਾਇਆ ਜਾਵੇ।

ਸਮਾਗਮਾਂ ਵਿਚ ਕਿਸ ਵਿਦਵਾਨ/ਲੇਖਕ ਨੂੰ ਬੁਲਾਇਆ ਜਾਣਾ ਹੈ ਜਾਂ ਕਿਸ ਦਾ ਸਨਮਾਨ ਕਰਨਾ ਹੈ, ਇਸ ਸਬੰਧੀ ਬਕਾਇਦਾ ਨਿਯਮ ਬਣਾਏ ਜਾਣ ਅਤੇ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਭਾਗ-ੲ  ਪੰਜਾਬੀ ਭਾਈਚਾਰੇ ਦੀਆਂ ਪਹਿਲੀਆਂ ਚਿੱਠੀਆਂ ਤੇ ਕਾਰਵਾਈ ਕਰਨ ਸਬੰਧੀ

ਆਪ ਜੀ ਦਾ ਧਿਆਨ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਪੱਤਰ ਨੰ:65 ਮਿਤੀ 24.12.2018 ਵੱਲ ਵੀ ਦਵਾਇਆ ਜਾਂਦਾ ਹੈ। ਇਸ ਬੇਨਤੀ ਪੱਤਰ ਰਾਹੀਂ ਆਪ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀ.ਐਸ.ਪੀ.ਸੀ.ਐਲ. ਅਦਾਰਿਆਂ ਦੇ ਦਫ਼ਤਰਾਂ ਵਿਚ ਹੁੰਦੇ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਅਤੇ ਇਨ੍ਹਾਂ ਅਦਾਰਿਆਂ ਦੀਆਂ ਵੈਬਸਾਈਟਾਂ ਉੱਪਰ ਉਪਲਬਧ ਸੂਚਨਾਵਾਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਉਪਲਬਧ ਕਰਾਉਣ ਲਈ ਬੇਨਤੀ ਕੀਤੀ ਗਈ ਸੀ। ਜਾਪਦਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਇਸ ਬੇਨਤੀ ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਅਦਾਰਿਆਂ ਦੇ ਦਫ਼ਤਰੀ ਕੰਮ-ਕਾਜ ਦੀ ਗਹਿਰਾਈ ਨਾਲ ਪੜਤਾਲ ਨਹੀਂ ਕੀਤੀ ਗਈ। ਇਸੇ ਕਾਰਨ ਇਨ੍ਹਾਂ ਦਫ਼ਤਰਾਂ ਦਾ ਬਹੁਤਾ ਕੰਮ-ਕਾਜ ਹਾਲੇ ਵੀ ਅੰਗਰੇਜ਼ੀ ਵਿਚ ਹੁੰਦਾ ਹੈ। ਖਾਸ ਕਰ ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਦੇ ਖਪਤਕਾਰਾਂ ਨੂੰ ਦੋ ਮਹੀਨਿਆਂ ਵਿਚ ਜਾਰੀ ਕੀਤੇ ਜਾਂਦੇ ਇੱਕ ਕਰੋੜ ਬਿਲ ਹਾਲੇ ਵੀ ਕੇਵਲ ਅੰਗਰੇਜ਼ੀ ਵਿਚ ਜਾਰੀ ਕੀਤੇ ਜਾਂਦੇ ਹਨ। ਬਿਜਲੀ ਨਿਗਮ ਦੀਆਂ ਬਹੁਤੀਆਂ ਵੈਬਸਾਈਟਾਂ ਕੇਵਲ ਅੰਗਰੇਜ਼ੀ ਵਿਚ ਹਨ।

ਭਾਈਚਾਰੇ ਵੱਲੋਂ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਅਗਲੇ ‘ਪੰਜਾਬੀ ਸਪਤਾਹ’ ਦੌਰਾਨ, ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਕੰਮ-ਕਾਜ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ, ਇਨ੍ਹਾਂ ਦਫ਼ਤਰਾਂ ਵਿਚ ਹੁੰਦੇ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਅਤੇ ਇਨ੍ਹਾਂ ਅਦਾਰਿਆਂ ਦੀਆਂ ਵੈਬਸਾਈਟਾਂ ਉੱਪਰ ਉਪਲਬਧ ਸੂਚਨਾ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਕਰਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ ਜੀ।

ਉਪਰੋਕਤ ਦਾ ਉਤਾਰਾ ਮਾਣਯੋਗ ਮੁੱਖ ਮੰਤਰੀ, ਪੰਜਾਬ। ਮੰਤਰੀ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ।ਵਧੀਕ ਮੁੱਖ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ ਅਤੇ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ।ਹੇਠ ਲਿਖਿਆਂ ਨੂੰ ਵੀ ਲੋੜੀਂਦੀ ਕਾਰਵਾਈ ਹਿਤ ਭੇਜਿਆ ਗਿਆ ਹੈ। 

Thursday, December 26, 2019

ਪ੍ਰਿੰ. ਪ੍ਰੇਮ ਸਿੰਘ ਬਜਾਜ:ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਨੂੰ

ਲੁਧਿਆਣਾ 'ਚ ਅੰਤਿਮ ਸੰਸਕਾਰ ਸਮੇਂ ਪੁੱਜੀਆਂ ਅਹਿਮ ਸ਼ਖਸੀਅਤਾਂ 
ਲੁਧਿਆਣਾ: 26 ਦਸੰਬਰ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਉਹਨਾਂ ਨੂੰ ਸਾਹਿਤ ਨਾਲ ਇਸ਼ਕ ਸੀ। ਕਿਤਾਬਾਂ ਨਾਲ ਇਸ਼ਕ ਸੀ। ਲੋਕਾਂ ਨੂੰ ਗਿਆਨ ਵੰਡਣ ਵਿੱਚ ਉਹਨਾਂ ਨੂੰ ਇੱਕ ਅਲੌਕਿਕ ਆਨੰਦ ਆਉਂਦਾ ਸੀ। ਉਹਨਾਂ ਨੂੰ ਕਦੇ ਥੱਕਿਆ ਹੋਇਆ ਨਹੀਂ ਸੀ ਦੇਖਿਆ। ਉਹਨਾਂ ਨੂੰ ਕਦੇ ਮਾਯੂਸ ਨਹੀਂ ਸੀ ਦੇਖਿਆ। ਸ਼ਬਦਾਂ ਦਾ ਇਹ ਇਸ਼ਕ ਉਹਨਾਂ ਤਕਰੀਬਨ ਆਖ਼ਿਰੀ ਸਾਹਾਂ ਤੀਕ ਨਿਭਾਇਆ। ਨਾ ਕਿਸੇ ਦੁਨਿਆਵੀ ਫਾਇਦੇ ਦੀ ਚਾਹ ਰੱਖੀ ਨਾ ਹੀ ਕੁਝ ਲਿਆ। ਜਿਸ ਜਿਸ ਦਾ ਵੀ ਭਲਾ ਹੋ ਸਕਿਆ ਉਹ ਕਰਦੇ ਗਏ। ਕਿਸੇ ਨੂੰ ਪੜ੍ਹਾਈ ਕਰਵਾਈ, ਕਿਸੇ ਨੂੰ ਕਿਤਾਬਾਂ ਦੁਆਈਆਂ, ਕਿਸੇ ਦੀ ਫੀਸ ਮੁਆਫ ਕਰਾਈ, ਕਿਸੇ ਨੂੰ ਰੋਜ਼ਗਾਰ ਦੁਆਇਆ। ਅਜਿਹੇ ਲੋਕ ਕਦੇ ਮਰਿਆ ਨਹੀਂ ਕਰਦੇ। ਸਿਰਫ ਸਰੀਰਕ ਪੱਖੋਂ ਅਦਿੱਖ ਹ ਜਾਂਦੇ ਹਨ। ਕੁਦਰਤ ਦਾ ਸਤਿਕਾਰ ਕਰਦਿਆਂ ਪੰਜਾਂ ਤੱਤਾਂ ਵਿੱਚ ਮਿਲ ਜਾਂਦੇ ਹਨ। ਉਹ ਅੰਦਰੋਂ ਜੁੜੇ ਹੋਏ ਸਨ ਕਿਸੇ ਅਲੌਕਿਕ ਸ਼ਕਤੀ ਨਾਲ। ਇਸ ਮਿਲਾਪ ਦਾ ਰੰਗ ਉਹਨਾਂ ਦੇ ਚਿਹਰੇ 'ਤੇ ਸਪਸ਼ਟ ਦੇਖਿਆ ਵੀ ਜਾ ਸਕਦਾ ਸੀ। ਆਪਣੀ ਧੁੰਨ ਵਿੱਚ ਪੱਕੇ। ਆਪਣੇ ਨੇਮ ਵਿੱਚ ਪੱਕੇ। ਆਪਣੀ ਲਗਨ ਵਿੱਚ ਪੱਕੇ। ਕਦੇ ਕਿਸੇ ਨੂੰ ਇਹ ਨਹੀਂ ਆਖਿਆ ਮੈਂ ਅੱਜ ਬਿਜ਼ੀ ਬਹੁਤ ਹਾਂ--ਅੱਜ ਨਹੀਂ ਕੱਲ ਆਈਂ। ਬਿਨਾ ਕਿਸੇ ਵਖਾਵੇ ਵਾਲੇ ਰੰਗ ਢੰਗ ਤੋਂ ਉਹ ਆਖ਼ਿਰੀ ਸਾਹਾਂ ਤੀਕ ਸਾਦਗੀ ਭਰੀ ਜ਼ਿੰਦਗੀ ਜਿਊਂਦੇ ਰਹੇ। ਕਦੇ ਕਦਾਈਂ ਹੀ ਆਉਂਦੀਆਂ ਹਨ ਧਰਤੀ ਤੇ ਅਜਿਹੀਆਂ ਸ਼ਖਸੀਅਤਾਂ। ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਪੁੱਜੇ ਹੋਏ ਲੋਕ ਕਿਸੇ ਰਸਮ ਪੂਰਤੀ ਲਈ ਨਹੀਂ ਸਨ ਆਏ। ਉਹਨਾਂ ਦੇ ਚਿਹਰਿਆਂ 'ਤੇ ਵਿਛੋੜੇ ਦਾ ਦੁੱਖ ਸਾਫ ਦੇਖਿਆ ਜਾ ਸਕਦਾ ਸੀ। ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨਘਾਟ ਦਾ ਵਿਹੜਾ ਭਰਿਆ ਹੋਇਆ ਸੀ। ਅਲਵਿਦਾ ਕਹਿਣ ਵਾਲਿਆਂ ਦੀ ਵੱਡੀ ਭੀੜ ਸੀ। ਇੱਕ ਝਲਕ ਦੇਖਣ ਵਾਲਿਆਂ ਦੀ ਲੰਮੀ ਲਾਈਨ ਸੀ। ਪ੍ਰਿੰਸੀਪਲ ਬਜਾਜ ਹੁਰਾਂ ਦੇ ਚਿਹਰੇ ਤੇ ਇੱਕ ਅਨੰਦ ਸੀ। ਇੱਕ ਤਸੱਲੀ ਸੀ ਜਿਹੜੀ ਅਕਸਰ ਮੌਤ ਮਗਰੋਂ ਬਹੁਤ ਹੀ ਵਿਰਲੇ ਟਾਂਵੇਂ ਚਿਹਰਿਆਂ ਤੇ ਮਹਿਸੂਸ ਹੁੰਦੀ ਹੈ। 
ਪੰਜਾਬੀ ਸਾਹਿਤ ਅਕਾਡਮੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਪ੍ਰੇਮ ਸਿੰਘ ਬਜਾਜ ਸਾਬਕਾ ਪ੍ਰਿੰਸੀਪਲ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦਾ ਅੱਜ ਬਾਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਸ ਮੌਕੇ ਪੰਜਾਬ ਸਕਰੀਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਬਹੁਤ ਸਾਰੇ ਲੋਕਾਂ ਨੇ ਆਪਣੇ ਦਿਲ ਦਾ ਦੁੱਖ ਸਾਂਝਾ ਕੀਤਾ। ਮਲਕੀਅਤ ਸਿੰਘ ਔਲਖ, ਉੱਘੇ ਸ਼ਾਇਰ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਿੰਸੀਪਲ ਬਜਾਜ ਦੇ ਸ਼ਗਿਰਦ ਰਹੇ ਐਮ ਐਸ ਭਾਟੀਆ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਾਲੇ ਅਜੀਤ ਸਿੰਘ, ਬੁਲੰਦ ਆਵਾਜ਼ ਵਾਲੇ ਸ਼ਾਇਰ ਅਮਰਜੀਤ ਸ਼ੇਰਪੁਰੀ ਸਮੇਤ ਕਈਆਂ ਨੇ ਆਖਿਆ ਕਿ ਇਸ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ।
ਪ੍ਰਿੰਸੀਪਲ ਬਜਾਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬਰੇਰੀ ਤੇ ਡੀ. ਏ. ਵੀ. ਪਬਲਿਕ ਸਕੂਲ ਮੁਕੰਦਪੁਰ(ਨਵਾਂ ਸ਼ਹਿਰ) ਦੇ ਵੀ ਬਾਨੀ ਪ੍ਰਿੰਸੀਪਲ ਸਨ।
ਪ੍ਰਿੰਸੀਪਲ ਬਜਾਜ ਦੀ ਮ੍ਰਿਤਕ ਦੇਹ ਤੇ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੀਨੀ.ਮੀਤ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਲੋਕ ਵਿਰਾਸਤ ਅਕਾਡਮੀ ਤੇ ਡਾ. ਸ. ਸ ਜੌਹਲ ਜੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪਰਗਟਸਿੰਘ ਗਰੇਵਾਲ, ਗੁਰਦੁਆਰਾ ਮਾਡਲ ਟਾਉਨ ਐਕਸਟੈਨਸ਼ਨ ਵੱਲੋਂ ਕਿਰਪਾਲ ਸਿੰਘ ਚੌਹਾਨ, ਪੰਜਾਬੀ ਗੀਤਕਾਰ  ਸਭਾ ਵੱਲੋਂ ਸਰਬਜੀਤ ਵਿਰਦੀ ਨੇ ਦੋਸ਼ਾਲੇ ਪਹਿਨਾਏ।
ਨਾਮਧਾਰੀ ਦਰਬਾਰ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿ ਸ. ਹਰਪਾਲ ਸਿੰਘ ਸੇਵਕ ਨਾਮਧਾਰੀ ਨੇ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਸਤਿਗੁਰੂ ਜਗਜੀਤ ਸਿੰਘ ਅਤੇ ਸਤਿਗੁਰੂ ਉਦੈ ਸਿੰਘ ਦੇ ਵਿਸ਼ਵਾਸਪਾਤਰ ਸਨ।
ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ ਨੇ ਵੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਾਡੇ ਸਭ ਦੇ ਚਾਨਣ ਮੁਨਾਰੇ ਸਨ।
ਪ੍ਰਿੰਸੀਪਲ ਬਜਾਜ ਦੇ ਦੇਹਾਂਤ ਤੇ ਦੇਸ਼ ਵਿਦੇਸ਼ ਤੋਂ ਸ਼ੋਕ ਸੰਦੇਸ਼ ਮਿਲ ਰਹੇ ਹਨ।ਸਰੀ ਕੈਨੇਡਾ ਕੋਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨਗਿੱਲ, ਕਵਿੰਦਰ ਚਾਂਦ, ਭੁਪਿੰਦਰ ਮੱਲੀ, ਕੁਲਦੀਪ ਸਿੰਘ ਗਿੱਲ, ਡੀ ਪੀ ਅਰਸ਼ੀ, ਹਰਜਿੰਦਰ ਸਿੰਘ ਚੀਮਾ ਠਾਣਾ, ਰਛਪਾਲ ਗਿੱਲ, ਟੋਰੰਟੋ ਤੋਂ ਇਕਬਾਲ ਮਾਹਲ, ਇੰਦਰਜੀਤ ਸਿੰਘ ਬੱਲ, ਜਾਗੀਰ ਸਿੰਘ ਕਾਹਲੋਂ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਕੈਲਗਰੀ ਤੋਂ ਕੇਸਰ ਸਿੰਘ ਨੀਰ,  ਐਡਮਿੰਟਨ ਤੋਂ ਪ੍ਰੋ: ਸੁਖਵੰਤ ਸਿੰਘ ਗਿੱਲ, ਮੌਂਟਰੀਆਲ ਤੋਂ ਅਜਾਇਬ ਸਿੰਘ ਸੰਧੂ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਗੁਰਜਤਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਝੱਜ, ਕੁਲਵਿੰਦਰ, ਦਲਜਿੰਦਰ ਸਹੋਤਾ, ਹਰਜਿੰਦਰ ਕੰਗ, ਲਾਸ ਐਂਜਲਸ ਤੋਂ ਹਰਿੰਦਰ ਬੀਸਲਾ, ਗੁਰਸ਼ਰਨ ਸਿੱਧੂ, ਰਾਜਵਿੰਦਰ ਬੋਪਾਰਾਏ, ਨਿਉਯਾਰਕ ਤੋਂ ਦਲਜੀਤ ਕੈਸ, ਆਸਟਰੇਲੀਆ ਤੋਂ ਸਰਬਜੀਤ ਸੋਹੀ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਇਟਲੀ ਤੋਂ ਦਲਜਿੰਦਰ ਰਹਿਲ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ, ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਰਣਜੀਤ ਸਿੰਘ ਰਾਣਾ ਤੇ ਬਲਵਿੰਦਰ ਸਿੰਘ ਚਾਹਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਅੰਤਿਮ ਸੰਸਕਾਰ ਮੌਕੇ ਹਰਜੀਤ ਸਿੰਘ ਦੂਰਦਰਸ਼ਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐੱਸ. ਪੀ. ਸਿੰਘ, ਰਣਜੋਧ ਸਿੰਘ ਜੀ. ਐੱਸ, ਡਾ. ਗੁਰਇਕਬਾਲਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਤੇਜ ਪਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਸਾਬਕਾ ਪ੍ਰਿੰਸੀਪਲ ਸਾਹਿਬਾਨ ਹਰਮੀਤ ਕੌਰ, ਮਨਜੀਤ ਕੌਰ ਸੋਢੀਆ, ਡਾ. ਸਤੀਸ਼ ਸ਼ਰਮਾ, ਮਨਜਿੰਦਰ ਕੌਰ, ਪ੍ਰੋ. ਜਗਮੋਹਨ ਸਿੰਘ, ਸੰਤੋਖ ਸਿੰਘ ਔਜਲਾ, ਕ੍ਰਿਸ਼ਨ ਸਿੰਘ, ਡਾ. ਸ ਨ ਸੇਵਕ, ਮਲਕੀਤ ਸਿੰਘ ਔਲਖ, ਡਾ. ਫ਼ਕੀਰ ਚੰਦ ਸ਼ੁਕਲਾ, ਪ੍ਰੋ. ਵਰਿਆਮ ਸਿੰਘ ਬਜਾਜ, ਸਕੱਤਰ, ਸਰਬਜੀਤ ਸਿੰਘ ਵਿਰਦੀ, ਪ੍ਰੋ. ਜਗਮੋਹਨ ਸਿੰਘ, ਸਾਬਕਾ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਸਤਿਬੀਰ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ, ਸਤੀਸ਼ ਗੁਲਾਟੀ, ਰਾਜਦੀਪ ਤੂਰ, ਡਾ. ਸਰੂਪ ਸਿੰਘ ਅਲੱਗ, ਪਰਮਜੀਤ ਸੋਹਲ, ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸ੍ਰੀਮਤੀ ਜਸਵੀਰ ਕੌਰ ਅਲੱਗ, ਸੁਰਿੰਦਰ ਕੌਰ,ਬਲਕੌਰ ਸਿੰਘ ਗਿੱਲ, ਅਜਮੇਰ ਸਿੰਘ, ਸਤਨਾਮ ਸਿੰਘ, ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ, ਰੈਕਟਰ ਕਥੂਰੀਆ ਨਾਲ ਪੰਜਾਬ ਸਕਰੀਨ ਦੀ ਸਮੁੱਚੀ ਟੀਮ, ਮਹਿੰਦਰ ਸੇਖੋਂ, ਗੁਰਨਾਮ ਸਿੰਘ ਧਾਲੀਵਾਲ, ਜਸਬੀਰ  ਸਿੰਘ ਘੁਲਾਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਇਪਟਾ ਵੱਲੋਂ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀਆ, ਪ੍ਰਦੀਪ ਸ਼ਰਮਾ ਅਤੇ ਪੀਪਲਜ਼ ਮੀਡੀਆ ਲਿੰਕ ਵੱਲੋਂ ਕਾਰਤਿਕਾ ਸਿੰਘ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਚੰਡੀਗੜ੍ਹ ਤੋਂ ਉੱਘੇ ਲੇਖਕ ਅਤੇ ਅਨੁਵਾਦਕ ਗੁਰਨਾਮ ਕੰਵਰ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਸੁਨੇਹੇ ਭੇਜੇ। 
ਐਫ ਆਈ ਬੀ ਮੀਡੀਆ ਵੱਲੋਂ ਡਾਕਟਰ ਭਾਰਤ, ਓਂਕਾਰ ਸਿੰਘ ਪੁਰੀ, ਨਰਿੰਦਰ ਸੋਨੀ ਅਤੇ ਹੋਰਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਹਿੰਦੀ ਸਾਹਿਤ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵਿੱਚੋਂ  ਬੇਨੂ ਸਤੀਸ਼ ਕਾਂਤ, ਇਰਾ ਤ੍ਰੇਹਨ, ਨੀਲੂ ਬੱਗਾ ਲੁਧਿਆਣਵੀ, ਏਕਤਾ ਪੂਜਾ ਸ਼ਰਮਾ, ਅਮਨਦੀਪ ਦਰਦੀ, ਰਾਜਨ ਸ਼ਰਮਾ, ਏ ਐਸ ਮੋਰਿਆ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। 
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ (ਸਾਹਮਣੇ ਡਾਕਖ਼ਾਨਾ) ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੀਕ ਹੋਵੇਗੀ।

Monday, July 29, 2019

ਪੁਸਤਕ ਸੰਘਰਸ਼ੀ ਯੋਧਾ ਸੁਖਦੇਵ ਬੜੀ ਪੰਜਾਬੀ ਭਵਨ ਚ ਲੋਕ ਅਰਪਨ

Jul 29, 2019, 4:49 PM
ਲੋਕ ਅਰਪਣ ਕੀਤੀ ਪ੍ਰੋ: ਰਵਿੰਦਰ ਭੱਠਲ ਤੇ ਕਈ ਹੋਰ ਸਾਥੀ ਲੇਖਕਾਂ ਨੇ
ਲੁਧਿਆਣਾ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ ਵੱਲੋਂ ਕੀਤੀ ਇਕੱਤਰਤਾ ਵਿੱਚ ਅਧਿਆਪਕ ਜਥੇਬੰਦੀਆਂ ਤੇ ਲੋਕ ਸਮੱਸਿਆਵਾਂ ਨਾਲ ਜੂਝਦੇ ਜੁਝਾਰ ਸੂਰਮੇ ਸੁਖਦੇਵ ਸਿੰਘ ਬੜੀ ਦੇ ਜੀਵਨ ਤੇ ਸੰਘਰਸ਼ ਬਾਰੇ ਪੰਜਾਬੀ ਕਵੀ ਸੁਖਦੇਵ ਸਿੰਘ ਔਲਖ ਦੀ ਲਿਖੀ ਪੁਸਤਕ ਸੰਘਰਸ਼ੀ ਯੋਧਾ ਸੁਖਦੇਵ ਸਿੰਘ ਬੜੀ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ: ਸੁਰਜੀਤ  ਜੱਜ ਤੋਂ ਇਲਾਵਾ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਡਾ: ਤੇਜਾ ਸਿੰਘ ਤਿਲਕ ਤੇ ਡਾ: ਸੁਰਜੀਤ ਬਰਾੜ ਨੇ ਲੋਕ ਅਰਪਨ ਕੀਤੀ। 
ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਨਿਰੰਤਰ ਅੱਠ ਮਹੀਨੇ ਦੀਆਂਹਫ਼ਤੇ ਚ ਦੋ ਦੋ  ਬੈਠਕਾਂ ਦੌਰਾਨ ਲਗਪਗ 161 ਸਵਾਲਾਂ ਤੇ ਆਧਾਰਿਤ ਇਸ ਕਿਤਾਬ ਨੂੰ ਸਕੂਲ ਅਧਿਆਪਕ ਲਹਿਰ ਤੇ ਸੰਗਰੂਰ ਜ਼ਿਲ੍ਹੇ ਦੇ 2018 ਤੀਕ ਲੋਕ ਸੰਘਰਸ਼ਾਂ ਦੇ ਨਾਇਕ  ਸੁਖਦੇਵ ਸਿੰਘ ਬੜੀ ਦੇ ਸਹਿਯੋਗ ਨਾਲ ਲਿਖਿਆ। 
ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਪੁਸਤਕ ਚ ਸਿਰਫ਼ ਮਹਿਮਾ ਗਾਨ ਨਹੀਂ, ਸਗੋਂ ਸਿੱਧਮ ਸਿੱਧੇ ਸਵਾਲ ਹਨ ਜਿੰਨ੍ਹਾਂ ਦੇੇ ਜਵਾਬ ਸੁਖਦੇਵ ਬੜੀ ਜੀ ਨੇ ਬਹੁਤ ਬੇਬਾਕੀ ਨਾਲ ਦਿੱਤੇ ਹਨ। 
ਲੋਕ ਸੰਘਰਸ਼ਾਂ ਦੇ ਨਾਇਕਾਂ ਬਾਰੇ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ, ਚੰਗੀ ਗੱਲ ਇਹ ਹੈ ਕਿ ਇਸ ਪੁਸਤਕ ਨੂੰ ਅਕਾਡਮੀ ਦੇ ਮੈਂਬਰ ਸੁਖਦੇਵ ਸਿੰਘ ਔਲਖ ਨੇ ਲਿਖਿਆ ਹੈ। 
ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਕਹਾਣੀਕਾਰ ਰਘਬੀਰ ਢੰਡ ਦੇ ਵਿਦਿਆਰਥੀ ਹੋਣ ਕਾਰਨ ਹੀ ਉਹ ਜਥੇਬੰਦਕ ਕਾਰਜਾਂ ਵਿੱਚ ਅੱਗੇ ਆਏ। 
ਸ੍ਵ:ਹਰਨੇਕ ਸਿੰਘ ਸਰਾਭਾ ਲੁਧਿਆਣਾ ,ਮਾਸਟਰ ਰਘੁਬੀਰ ਸਿੰਘ ਗੁਰਦਾਸਪੁਰ,ਪਰਮਜੀਤ ਸਿੰਘ ਗਾਂਧਰੀ ਜਲੰਧਰ,ਸੁਖਦੇਵ ਬੜੀ ਸੰਗਰੂਰ, ਹਰਕੰਵਲ ਸਿੰਘ ਹੋਸ਼ਿਆਰਪੁਰ,ਤੇ ਤਰਲੋਚਨ ਸਿੰਘ ਰਾਣਾ ਰੋਪੜ ਕਾਰਨ ਉਦੋਂ ਅਧਿਆਪਕ 
ਜਥੇਬੰਦੀ ਬਹੁਤ ਮਜਬੂਤ ਸੀ ,ਪਰ ਹੌਲੀ ਹੌਲੀ ਹਕੂਮਤਾਂ ਨੇ ਵਰਗ ਵੰਡੀਆਂ ਕਰਕੇ ਹਿਤਾਂ ਅਨੁਸਾਰ ਟੁਕੜੇ ਕਰ ਦਿੱਤੇ ਅਤੇ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਪਾ ਦਿੱਤੀ। ਪਰ ਚੰਗੀ ਗੱਲ ਇਹ ਹੈ ਕਿ ਸ: ਸੁਖਦੇਵ ਸਿੰਘ ਬੜੀ ਸਾਹਿਬ ਸੇਵਾਮੁਕਤੀ ਤੋਂ ਬਾਦ ਵੀ ਘਰ ਨਹੀਂ ਬੈਠੇ,ਸਗੋਂ ਜੀਵਨ ਘੋਲਾਂ ਚ ਸਰਗਰਮ ਰਹੇ ਹਨ। ਇਹ ਪੁਸਤਕ 2018 ਤੀਕ ਉਨ੍ਹਾਂ ਦੇ ਲੋਕ ਸੰਘਰਸ਼ ਵੇਰਵੇ ਇਸ ਪੁਸਤਕ ਚ ਅੰਕਿਤ ਹਨ। 
ਪੰਜਾਬੀ ਆਲੋਚਕ ਡਾ: ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਨਵੇਂ ਪੋਚ ਨੂੰ ਸੇਧ ਦੇਣ ਲਈ ਪਹਿਲੇ ਸਿਰੜੀ ਆਗੂਆਂ ਦੇ ਜੀਵਨ ਬਿਰਤਾਂਤ ਛਪਣੇ ਜ਼ਰੂਰੀ ਹਨ। ਇਹ ਲੋਕ ਸੰਘਰਸ਼ਾਂ ਦੇ ਚਾਨਣ ਮੁਨਾਰੇ ਬਣਨ ਦੇ ਸਮਰੱਥ ਹਨ। 
ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ: ਸੁਰਜੀਤ ਜੱਜ,ਡਾ: ਤੇਜਾ ਸਿੰਘ ਤਿਲਕ ਦਾਨਗੜ੍ਹ(ਬਰਨਾਲਾ) ਤੇ ਫੀਰੋਜ਼ਪੁਰ ਤੋਂ ਆਏ ਲੇਖਕ ਤੇ ਮੁਲਾਜ਼ਮ ਆਗੂ ਹਰਮੀਤ ਵਿਦਿਆਰਥੀ ਨੇ ਵੀ ਪੁਸਤਕ ਨੂੰ ਜੀ ਆਇਆਂ ਨੂੰ ਕਿਹਾ ਤੇ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਇਸ ਮੁੱਲਵਾਨ ਪੁਸਤਕ ਨੂੰ ਬੜੇ ਚੰਗੇ ਅੰਦਾਜ਼ ਚ ਪ੍ਰਕਾਸ਼ਿਤ ਕੀਤਾ ਹੈ। 
ਇਸ ਮੌਕੇ ਉੱਘੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਅਨਿਲ ਆਦਮ ਫੀਰੋਜ਼ਪੁਰ, ਗੁਰਮੀਤ ਕੜਿਆਲਵੀ, ਹਾਕਮ ਰੂੜੇ ਕੇ, ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਵਿੰਦਰ ਸਨੇਹ ਬਰਨਾਲਾ ਹਾਜ਼ਰ ਸਨ।

Saturday, July 13, 2019

ਸੱਚ ਦੇ ਰੰਗ ਵਾਲੀ ਸ਼ਾਇਰੀ ਨੇ ਕੀਲੀ ਰੱਖਿਆ ਪੰਜਾਬੀ ਭਵਨ ਦਾ ਹਾਲ

ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਮੁਸ਼ਾਇਰੇ ’ਚ ਛਾਇਆ ਲੋਕ ਰੰਗ
ਲੁਧਿਆਣਾ: 13 ਜੁਲਾਈ 2019: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ):: 
ਸੱਠਵਿਆਂ ਦੇ ਦਹਾਕੇ ਦੌਰਾਨ ਜਦੋਂ ਪੰਜਾਬ ਵਿੱਚ ਨਕਸਲਬਾੜੀ ਲਹਿਰ ਉੱਠੀ ਸੀ ਤਾਂ ਬੜੇ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਅਤੇ ਬਜ਼ੁਰਗ ਵੀ ਇਸ ਲਹਿਰ ਵੱਲ ਖਿੱਚੇ ਗਏ। ਲੋਕਾਂ ਨੂੰ ਲੱਗਣ ਲੱਗਿਆ ਸ਼ਾਇਦ ਇਸ ਨਾਲ ਹਾਲਾਤ ਵਿੱਚ ਆਈ ਖੜੋਤ ਟੁੱਟ ਜਾਵੇਗੀ। ਸ਼ਾਇਦ ਲੋਕ ਪੱਖੀ ਸਿਆਸਤ ਵਿੱਚ ਕੋਈ ਨਵੀਂ ਸਰਗਰਮੀ ਆ ਜਾਵੇਗੀ। ਇਸ ਲਹਿਰ ਦੀ ਆਮਦ ਨੇ ਇਸ ਖੜੋਤ ਅਤੇ ਨਿਰਾਸ਼ਾ ਨੂੰ ਤੋੜਿਆ ਵੀ ਸੀ ਪਰ ਫਿਰ ਵੀ ਇਹ ਲਹਿਰ ਮੰਜ਼ਿਲਾਂ ਵੱਲ ਨਹੀਂ ਵੱਧ ਸਕੀ। ਦਮਨ ਚੱਕਰ ਨਾਲ ਇਸ ਲਹਿਰ ਨੂੰ ਦਬਾ ਦਿੱਤਾ ਗਿਆ। ਦਮਨ ਦਾ ਇਸ ਦੌਰ ਵਿੱਚ ਵੀ ਪੰਜਾਬ ਦੀ ਕਲਮ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਵਿੱਚ ਆਈ। ਬਹੁਤ ਕੁਝ ਅਜਿਹਾ ਰਚਿਆ ਗਿਆ ਜਿਹੜਾ ਅੱਜ ਵੀ ਪ੍ਰਸੰਗਿਕ ਹੈ। 
ਉਦੋਂ ਆਲ ਇੰਡੀਆ ਰੇਡੀਓ ਵਿੱਚ ਕੰਮ ਕਰਦੇ ਜਨਾਬ ਐਸ ਐਸ ਮੀਸ਼ਾ (ਸੋਹਣ ਸਿੰਘ ਮੀਸ਼ਾ) ਹੁਰਾਂ ਨੇ ਲਿਖਿਆ:
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ;
ਸਾਥੋਂ ਮੋਹ ਤੋੜ ਹੋਇਆ ਨ ਕਿਨਾਰਿਆਂ ਦੇ ਨਾਲ। 
ਡਾਕਟਰ ਜਗਤਾਰ ਹੁਰਾਂ ਨੇ ਲਿਖਿਆ:
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
ਲਹਿਰ ਦੇ ਦਮਨ ਤੋਂ ਬਾਅਦ ਦਾਅਵੇ ਕੀਤੇ ਗਏ ਕਿ ਇਹ ਲਹਿਰ ਲੋਕਾਂ ਨਾਲੋਂ ਕੱਟੀ ਗਈ। ਨਾਕਾਮ ਹੋ ਗਈ। ਅਜਿਹਾ ਬਹੁਤ ਕੁਝ ਆਖਿਆ ਅਤੇ ਪ੍ਰਚਾਰਿਆ ਗਿਆ। ਅਜਿਹੀ ਸਥਿਤੀ ਵਿੱਚ ਡਾਕਟਰ ਜਗਤਾਰ ਹੁਰਾਂ ਨੇ ਆਖਿਆ:
ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, 
ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
ਇਸ ਸਬੰਧੀ ਹੀ ਉਹਨਾਂ ਹੋਰ ਅੱਗੇ ਜਾ ਕੇ ਇੱਕ ਥਾਂ ਆਖਿਆ:
ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖੂਨ ਮੇਰਾ।


ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਇਹ ਸਭ ਕੁਝ ਯਾਦ ਆ ਰਿਹਾ ਸੀ ਸ਼ਨੀਵਾਰ 13 ਜੁਲਾਈ 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਕਵੀ ਦਰਬਾਰ ਨੂੰ ਦੇਖ ਕੇ। 
ਇਸ ਮੁਸ਼ਾਇਰੇ ਦੇ ਆਯੋਜਨ ਦੀ ਵੀ ਇੱਕ ਦਿਲਚਸਪ ਅਤੇ ਸੱਚੀ ਕਹਾਣੀ ਹੈ। ਗੱਲ ਕਰਦੇ ਹਾਂ ਮੈਡਮ ਕੁਲਵੰਤ ਕੌਰ ਦੀ। ਜ਼ਿੰਦਗੀ ਗੁਜ਼ਾਰਨ ਲਈ ਕੰਮ ਕਰਨਾ ਜ਼ਰੂਰੀ ਸੀ ਸੋ ਇੱਕ ਸਰਕਾਰੀ ਸਕੂਲ ਵਿੱਚ ਸੇਵਾਦਾਰੀ ਦਾ ਨੌਕਰੀ ਮਿਲ ਗਈ। ਗੁਰਸ਼ਰਨ ਭਾਅ ਜੀ ਅਕਸਰ  ਵਿੱਚ ਮੌਜੂਦਾ ਸਥਿਤ ਨੂੰ ਦਿਖਾਉਂਦੇ ਹਾਲਾਤ ਪੇਸ਼ ਕਰਿਆ ਕਰਦੇ ਸਨ। ਚਾਰ ਪੰਜ ਦਹਾਕੇ ਪਹਿਲਾਂ ਇੱਕ ਵਾਰ ਉਹਨਾਂ ਅੰਮ੍ਰਿਤਸਰ ਦੇ ਇੱਕ ਓਪਨ ਏਅਰ ਥਿਏਟਰ ਵਿੱਚ ਇੱਕ ਨਾਟਕ ਖੇਡਿਆ ਜਿਹੜਾ ਨਾਨਕ ਸਿੰਘ ਹੁਰਾਂ ਦੇ ਇੱਕ ਨਾਵਲ 'ਤੇ ਅਧਾਰਿਤ ਸੀ। ਇਸ ਨਾਟਕ ਦਾ ਨੌਜਵਾਨ ਨਾਇਕ ਬੀਏ ਪਾਸ ਕਰਕੇ ਵੀ ਬੂਟ ਪਾਲਸ਼ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਸਤੋਂ ਬਾਅਦ ਵੀ ਹਾਲਾਤ ਲਗਾਤਾਰ ਵਿਗੜਦੇ ਹੀ ਚਲੇ ਗਏ। ਅੱਜ ਡਿਗਰੀਆਂ ਦਾ ਥੱਬਾ ਲੈ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ਅਜਿਹੇ ਸਿਸਟਮ ਵਿਛ ਸੇਵਾਦਾਰੀ ਦੀ ਨੌਕਰੀ ਕੋਈ ਛੋਟੀ ਨਹੀਂ ਸੀ। ਇਸ ਨੌਕਰੀ ਨੂੰ ਕਰਦਿਆਂ ਮੈਡਮ ਕਮਲੇਸ਼ ਕੁਮਾਰੀ ਨੇ ਬਹੁਤ ਕੁਝ ਦੇਖਿਆ। ਜ਼ਿੰਦਗੀ ਦੀਆਂ ਹਕੀਕਤਾਂ ਅਤੇ ਸਿਸਟਮ ਦੀਆਂ ਹਕੀਕਤਾਂ। ਇਹਨਾਂ ਕੌੜੀਆਂ ਹਕੀਕਤਾਂ ਨੂੰ ਦੇਖ ਦੇਖ ਕੇ ਉਸਦੀ ਸੰਵੇਦਨਸ਼ੀਲਤਾ ਵਧਦੀ ਚਲੀ ਗਈ। ਮਹੀਨੇ ਗੁਜ਼ਰੇ, ਸਾਲ ਗੁਜ਼ਰੇ ਆਖਿਰ ਰਿਟਾਇਰਮੈਂਟ ਦਾ ਸਮਾਂ ਆ ਗਿਆ। ਵਿਦਾਇਗੀ ਪਾਰਟੀ ਦੇ ਆਯੋਜਨ ਦੀ ਤਿਆਰੀ ਹੋਣ ਲੱਗੀ ਤਾਂ ਮੈਡਮ ਕਮਲੇਸ਼ ਕੁਮਾਰੀ ਨੂੰ ਪੁੱਛਿਆ ਗਿਆ ਕਿ ਅਸੀਂ ਸਾਰੇ ਰਲ ਕੇ ਅੱਜ ਕਿਹੜੀ ਕਿਹੜੀ ਸੌਗਾਤ ਦੇਈਏ? ਰਿਵਾਜ ਵੀ ਇਹੀ ਸੀ ਅਤੇ ਦਸਤੂਰ ਵੀ। ਉਹ ਕੋਈ ਵੀ ਦੁਨਿਆਵੀ ਸੁੱਖ ਸਹੂਲਤਾਂ ਵਾਲੀ ਚੀਜ਼ ਮੰਗ ਸਕਦੀ ਸੀ। ਪਰ ਕਮਲੇਸ਼ ਕੁਮਾਰੀ ਨੇ ਬੜੀ ਹਲੀਮੀ ਨਾਲ ਆਖਿਆ ਤੁਸੀਂ ਮੇਰੀ ਵਿਦਾਇਗੀ ਮੌਕੇ ਇਕ ਕਵੀ ਦਰਬਾਰ ਕਰਵਾ ਦਿਓ। ਉਹ ਕਵੀ ਦਰਬਾਰ ਪੰਜਾਬੀ ਭਵਨ ਵਿੱਚ ਹੀ ਸ਼ਾਇਦ 2017 ਵਿੱਚ ਹੋਇਆ ਸੀ। ਉਹ ਵੀ ਕਾਮਯਾਬ ਸੀ ਅਤੇ ਅਤੇ ਉਸੇ ਲੜੀ ਵਿੱਚ ਹੀ ਇਹ ਦੂਸਰਾ ਕਵੀ ਦਰਬਾਰ ਸੀ ਜਿਹੜਾ ਸ਼ਨੀਵਾਰ 13 ਜੁਲਾਈ 2019 ਨੂੰ ਪੰਜਾਬੀ ਭਵਨ ਵਿੱਚ ਹੋਇਆ। 
ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬ ਦੇ ਕਈ ਨਾਮਵਰ ਨੌਜਵਾਨ ਕਵੀਆਂ ਨੇ ਜਿੱਥੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਉਨਾਂ ਅੱਜ ਦੇ ਸਮਿਆਂ ਦੀ ਗੱਲ ਵੀ ਕੀਤੀ। ਇਸਦੇ ਨਾਲ ਹੀ ਵੱਖ ਵੱਖ ਸਮਾਜਿਕ ਕੁਰੀਤੀਆਂ, ਮੁੱਦਿਆਂ ਅਤੇ ਲੋਕਾਂ  ਨੂੰ ਸੇਧ ਦੇਣ ਵਾਲੀਆਂ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ ਅਤੇ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨਿਆ।ਇਸ ਕਵੀ ਦਰਬਾਰ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ੍ਹ, ਮੈਡਮ ਕਮਲੇਸ਼ ਕੁਮਾਰੀ, ਰੁਪਿੰਦਰਪਾਲ ਸਿੰਘ ਗਿੱਲ, ਮਾਸਤਰ ਤਰਲੋਚਨ ਸਿੰਘ ਸਮਰਾਲਾ, ਕਸਤੂਰੀ ਲਾਲ, ਅਤੇ ਮੈਡਮ ਸੁਰਿੰਦਰ ਕੌਰ ਨੇ ਕੀਤੀ।
          ਇਸ ਮੌਕੇ ਜਗਵਿੰਦਰ ਜੋਧਾਂ, ਡਾਕਟਰ ਗੁਲਜ਼ਾਰ ਪੰਧੇਰ, ਸੁਰਜੀਤ ਗੱਗ, ਪਾਲੀ ਖਾਦਿਮ, ਹਰਬੰਸ ਮਾਲਵਾ, ਜਸਵੰਤ ਕਾਫ਼ਰ, ਸਾਧਨਾ ਗੁਪਤਾ, ਕੇ. ਸਾਧੂ ਸਿੰਘ, ਅਮਰ ਸੂਫ਼ੀ, ਪੂਜਾ ਸ਼ਰਮਾ, ਤਰਲੋਚਨ ਸਮਰਾਲਾ, ਲਖਵਿੰਦਰ, ਰਾਜਦੀਪ ਤੂਰ, ਮੁਕੇਸ਼ ਆਲਮ, ਜਗਤਾਰ ਹਿਸੋਵਾਲ, ਪ੍ਰਭਜੋਤ ਸੋਹੀ ਅਤੇ ਕਾਰਤਿਕਾ ਆਦਿ ਕਵੀਆਂ ਨੇ ਕਵਿਤਾਵਾਂ ਸੁਣਾ ਕੇ ਦਾਜ ਦੀ ਲਾਹਨਤ, ਧੀਆਂ ਦਾ ਸਤਿਕਾਰ, ਨਸ਼ਿਆ ਦੀ ਅਲਾਮਤ, ਲੱਚਰ ਸਭਿਆਚਾਰ, ਅੰਤਰ ਜਾਤੀ ਪਿਆਰ ਵਿਆਹ, ਭਿਸ਼ਟਾਚਾਰ ਦਾ ਬੋਲਬਾਲਾ, ਵਿੱਦਿਆ ਵਿਚਾਰੀ ਪਰਉਪਕਾਰੀ, ਵਾਤਾਵਰਣ ਬਚਾਓ ਸਮੇਤ ਹੋਰ ਅਹਿਮ ਆਰਥਿਕ ਤੇ ਸਮਾਜਿਕ ਮੁੱਦਿਆਂ ਉੱਪਰ ਆਪਣੀਆਂ ਕਵਿਤਾਵਾਂ ਪੜ੍ਹੀਆ। ਮੰਚ ਦੇ ਆਗੂ ਰਪਿੰਦਰਪਾਲ ਸਿੰਘ ਗਿੱਲ ਨੇ ਸ਼ਹੀਦ ਭਗਤ ਸਭਿਆਚਾਰ ਮੰਚ ਦੇ ਕੰਮਕਾਜ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ੍ਹ ਵੱਲੋਂ ਮੰਚ ਦੀ ਮੁਖ ਸਹਿਯੋਗੀ ਕਮਲੇਸ਼ ਕੁਮਾਰੀ ਦੀ ਸੁਲਾਘਾ ਕਰਦੇ ਦੱਸਿਆ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਰਕਾਰੀ ਸੇਵਾ ਤੋਂ ਮੁਕਤ ਹੋ ਕੇ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ। ਇਸ ਮੌਕੇ ਹਾਜਰ ਕਵੀਆਂ ਨੂੰ ਅਗਾਂਹਵਧੂ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਮੰਚ ਵੱਲੋਂ ਸ੍ਰੀਮਤੀ ਕਮਲੇਸ਼ ਕੁਮਾਰੀ,ਸੁਰਿੰਦਰ ਕੌਰ ਸਮੇਤ ਮੋਮੈਂਟੋ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰੀਸ਼ ਪੱਖੋਵਾਲ, ਰਮਨਜੀਤ ਸੰਧੂ, ਪਰਮਜੀਤ ਲੀਲ੍ਹ, ਅਮਰੀਕ ਪੱਖੋਵਾਲ, ਹਰਪ੍ਰੀਤ ਜੀਰਖ, ਸਵਰਨਜੀਤ ਕੌਰ, ਪ੍ਰਭਾ ਰਾਣੀ, ਪ੍ਰਵੀਨ ਕੁਮਾਰੀ, ਜਸਵੰਤ ਜੀਰਖ, ਅਰੁਣ ਕੁਮਾਰ, ਸਮੇਤ ਵੱਡੀ ਗਿਣਤੀ ਸਰੋਤੇ ਹਾਜਰ ਸਨ।

Wednesday, June 26, 2019

ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ

Jun 26, 2019, 8:46 PM
ਹਰ ਲੋਕ ਲਹਿਰ ਵਿੱਚ ਕੰਵਲ ਦੀ ਜਿਊਂਦੀ ਜਾਗਦੀ ਸ਼ਮੂਲੀਅਤ ਰਹੀ-ਪਾਤਰ
ਢੁੱਡੀਕੇ: 26 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਉੱਚ ਦੁਮਾਲੜੇ ਯੁਗ ਪੁਰਸ਼  ਲੇਖਕ ਸ: ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਦਾ ਆਰੰਭ ਪਿੰਡ ਢੁਡੀਕੇ ਵਿਖੇ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ,ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਨਾਵਲਕਾਰ ਬਲਦੇਵ ਸਿੰਘ ਮੋਗਾ, ਗੁਰਮੇਲ ਸਿੰਘ ਮੋਗਾ, ਪ੍ਰੋ: ਜਸਵਿੰਦਰ ਸਿੰਘ ਸ਼ਰਮਾ ਨਿਆਲ ਪਾਤੜਾਂ,ਅਮਰਿੰਦਰ ਸਿੰਘ ਭਾਈਰੂਪਾ,ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਡਾ: ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀ: ਪਟਿਆਲਾ, ਐੱਸ ਪੀ ਸਿੰਘ ਦਲੀਲਸਾਜ਼ ਪੀ ਟੀ ਸੀ ਚੈਨਲ,ਕੋਲਕਾਤਾ ਸਾਹਿੱਤ ਸਭਾ ਦੇ ਜਨਰਲ ਸਕੱਤਰ ਸ: ਜਗਮੋਹਨ ਸਿੰਘ ਗਿੱਲ , ਡਾ: ਸੁੰਸ਼ੀਲ ਕੁਮਾਰ ਰੀਜਨਲ ਸੈਂਟਰ ਪੰਜਾਬੀ ਯੂਨੀ: ਤਲਵੰਡੀ ਸਾਬੋ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਕੀਤਾ।
ਸ: ਜਸਵੰਤ ਸਿੰਘ ਕੰਵਲ ਦੀ ਸਿਹਤ ਕੁਝ ਨਾਸਾਜ਼ ਹੋਣ ਕਾਰਨ ਉਹ ਗਦਰ ਮੈਮੋਰੀਅਲ ਤੀਕ ਕਾਫ਼ਲੇ ਦੀ ਅਗਵਾਈ ਨਾ ਕਰ ਸਕੇ ਪਰ ਉਨ੍ਹਾਂ ਗਦਰੀ ਸੂਰਮਿਆਂ ਨੂੰ ਸਲਾਮ ਕਹਿ ਕੇ ਕਾਫਲਾ ਘਰੋਂ ਤੋਰਿਆ।
ਗਦਰ ਮੈਮੋਰੀਅਲ ਤਿੰਨ ਪਿੰਡਾਂ ਦੇ ਵਿਚਕਾਰ ਉਹ ਸਥਲ ਹੈ ਜਿੱਥੇ ਗਦਰੀ ਸੂਰਮੇ ਪਿੰਡ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਵਿਚਕਾਰ ਗੁਪਤ ਇਨਕਲਾਬੀ ਮੀਟਿੰਗਾਂ ਕਰਦੇ ਹੁੰਦੇ ਸਨ।
ਪਿੰਡ ਢੁੱਡੀਕੇ ਦੇ ਸਰਪੰਚ ਸ: ਜਸਬੀਰ ਸਿੰਘ ਢੁੱਡੀਕੇ, ਤੇ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਦੇ ਕਨਵੀਨਰ ਡਾ: ਸੁਮੇਲ ਸਿੰਘ ਸਿੱਧੂ ਨੇ ਆਏ ਲੇਖਕਾਂ ਵਿਦਿਆਰਥੀਆਂ, ਪਿੰਡ ਵਾਸੀਆਂ ਤੇ ਸਾਹਿਤ ਸੇਵਕਾਂ ਦਾ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਸਰਬ ਸਮਿਆਂ ਨੂੰ ਪ੍ਰਭਾਵਤ ਕੀਤਾ ਹੈ। ਪੰਜਾਬ ਚ ਇੱਕ ਵੀ ਅਜਿਹੀ ਲੋਕ ਲਹਿਰ ਨਹੀਂ ਉੱਭਰੀ ਜਿਸ ਚ ਕੰਵਲ ਦੀ ਜਿਉਂਦੀ ਜਾਗਦੀ ਸ਼ਮੂਲੀਅਤ ਨਾ ਹੋਵੇ। ਕੰਵਲ ਨੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣ ਵਿੱਚ ਕਲਮ ਨੂੰ ਹਥਿਆਰ ਵਾਂਗ ਵਰਤਿਆ ਹੈ।
ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1971 ਤੋਂ ਲੈ ਕੇ ਅੱਜ ਤੀਕ ਉਹ ਸ: ਜਸਵੰਤ ਸਿੰਘ ਕੰਵਲ ਤੋਂ ਮੁਹੱਬਤ ਤੇ ਪ੍ਰੇਰਨਾ ਲੈ ਰਹੇ ਹਨ। ਕੰਵਲ ਧਰਤੀ ਪੁੱਤਰ ਲਿਖਾਰੀ ਹੈ ਜਿਸ ਨੂੰ ਪੰਜਾਬ ਦੇ ਲੋਕ, ਜ਼ਬਾਨ,ਵਿਰਾਸਤ ਦੀ ਚਿੰਤਾ ਤੇ ਕਿਸਾਨੀ ਦੀ ਆਰਥਿਕ ਲੁੱਟ ਦਾ ਫਿਕਰ ਹਮੇਸ਼ਾਂ ਹੀ ਰਿਹਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਕੰਵਲ ਦੇ ਜਿਉਂਦੇ ਹੋਣ ਦਾ ਇਹੀ ਪ੍ਰਮਾਣ ਹੈ ਕਿ ਉਸ ਦੇ ਵਿਰੋਧੀ 100 ਸਾਲ ਦੀ ਉਮਰ ਚ ਵੀ ਉਸ ਤੋਂ ਖਤਰਾ ਮਹਿਸੂਸ ਕਰਕੇ ਉਸ ਦੇ ਖਿਲਾਫ਼ ਲਿਖ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਚੇਤ ਪੰਜਾਬੀ ਨੂੰ ਜੇ ਕਸ਼ੀਦਿਆ ਜਾਵੇ ਤਾਂ ਉਸ ਚੋਂ ਕੰਵਲ ਜ਼ਰੂਰ ਬੋਲੇਗਾ।
ਨਾਵਲ ਕਾਰ ਬਲਦੇਵ ਸਿੰਘ ਨੇ ਕਿਹਾ ਕਿ ਕੰਵਲ ਦੇ ਯੁਗ ਚ ਜੀਣਾ ਹੀ ਸਾਡੀ ਪ੍ਰਾਪਤੀ ਹੈ। ਕੰਵਲ ਦਾ ਅਰਥ ਹੀ ਨਿਰੋਲ ਸਿਰਜਣ ਸ਼ੀਲ ਹੋਣਾ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਤਲਵੰਡੀ ਸਾਬੋ ਤੋਂ ਵਿਦਿਆਰਥੀ ਭਾਰੀ ਗਿਣਤੀ ਚ ਪੁੱਜੇ ਹੋਏ ਸਨ।

Monday, March 25, 2019

ਅਸਲੀ ਗੱਲਾਂ ਕਰਨ ਵਾਲੀ ਸ਼ਾਇਰਾ ਰਾਜਿੰਦਰ ਮਾਵੀ ਦੀਆਂ ਸੱਤ ਕਵਿਤਾਵਾਂ

ਕਦਮ ਕਦਮ 'ਤੇ ਰੰਗ ਬਦਲਦੀ ਜ਼ਿੰਦਗੀ ਦੀਆਂ ਗੱਲਾਂ ਕਰਦੀ ਸ਼ਾਇਰੀ
1. ਹਾਦਸੇ
ਰੇਤ ਵਾਂਗ ਮੇਰੇ ਵਜੂਦ ਨੂੰ, ਕੋਈ ਕਿਣਕਾ-ਕਿਣਕਾ ਕਰ ਰਿਹਾ। ਇਹਨੂੰ ਬਾਜ਼ੀ ਸਮਝ ਤਾਸ਼ ਦੀ, ਕਿਉਂ ਜਾਣਕੇ ਕੋਈ ਹਰ ਰਿਹਾ। ਕੋਲ ਆਬਸ਼ਾਰ ਦੇ ਹੁੰਦਿਆਂ, ਕੋਈ ਤਿਹਾਇਆ ਮਰ ਰਿਹਾ। ਹੈ ਜ਼ਾਲਮ ਨਾਲ ਅਜੇ ਵੀ ਮੋਹ, ਜਿਹੜਾ ਜਖ਼ਮਾਂ 'ਚ ਨਮਕ ਭਰ ਰਿਹਾ। ਦਰਪੇਸ਼ ਹਾਦਸਾ-ਦਰ-ਹਾਦਸਾ, ਕਿ ਮੇਰੀ ਰੂਹ ਖੰਡਰ ਕਰ ਰਿਹਾ। 2. ਪੰਛੀ ਮੈਂ ਹਾਂ ਪਰ ਕਟੀ ਕੂੰਜ ਮੇਰੀਆਂ ਸੋਚਾਂ ਤੇ ਵੀ ਪਹਿਰਾ ਹੈ। ਇਹ ਅੱਖਾਂ ਡੂੰਘੇ ਸਮੁੰਦਰ ਜਿਹੀਆਂ ਕੋਈ ਰਾਜ਼ ਇਨ੍ਹਾਂ ਵਿੱਚ ਗਹਿਰਾ ਹੈ। ਮੈਨੂੰ ਲਲਕ ਬੜੀ ਖੁੱਲ੍ਹ ਜੀਵਣ ਦੀ ਸਾਰੀ ਕਾਇਨਾਤ ਮੇਰਾ ਰੈਣ ਬਸੇਰਾ ਹੈ। ਅਜ਼ਲਾਂ ਤੋਂ ਇੱਕਲੀ ਭਟਕ ਰਹੀ ਭਾਵੇਂ ਭਰਿਆ ਚਾਰ ਚੁਫੇਰਾ ਹੈ। ਇੱਕ ਬੂੰਦ ਸਵਾਂਤੀ ਨੂੰ ਤੜਫ਼ ਰਹੀ ਜਿੰਦ ਮ੍ਰਿਗ ਤ੍ਰਿਸ਼ਨਾ ਦਾ ਘੇਰਾ ਹੈ। ਜੱਗ ਸੱਖਣਾ ਮੈਨੂੰ ਤੇਰੇ ਬਿਨ ਉਂਝ ਕਹਿਣ ਨੂੰ ਸਭ ਕੁਝ ਮੇਰਾ ਹੈ। 3. ਇਸ਼ਕ ਚੱਲ ਮਿਲੀਏ! ਮੌਤ ਤੋਂ ਪਾਰ ਜਿੰਦਗੀ ਤੋਂ ਥੋੜ੍ਹਾ ਉਰੇ, ਤੇਰੀ ਨਜ਼ਰ ਛੂਹ ਲਵੇ ਮੇਰੇ ਮੁੱਖ ਨੂੰ ਜਿਵੇਂ ਛੱਲ ਕਿਨਾਰਾ ਛੋਹ ਮੁੜੇ ਜਿਹੜੀ ਕਿੰਨਾ ਕੁਝ ਹੀ ਛੱਡ ਆਵੇ ਤੇ ਕਿੰਨਾ ਕੁਝ ਨਾਲ਼ ਲੈ ਮੁੜੇ ਜਿੱਥੇ ਰੂਹ ਨੂੰ ਬੱਸ ਰੂਹ ਮਿਲੇ ਜਿਸਮਾਂ ਦੀ ਨਾ ਕੋਈ ਗੱਲ ਤੁਰੇ ਉੱਥੇ ਮੁੱਕ ਜਾਏ ਤਾਂਘ ਮਿਲਣ ਦੀ ਨਾ ਵਿਛੜਣ ਦਾ ਡਰ ਪੋਹ ਸਕੇ ਮੈਨੂੰ ਕਰ 'ਸੋਹਣੀ' ਦੇ ਮੇਚਦੀ ਜੋ ਕੱਚਾ ਘੜਾ ਲਹਿਰ ਚ ਠੇਲ੍ਹ ਸਕੇ ਮੈਂ 'ਸੱਸੀ' ਬਣਨਾ ਲੋਚਦੀ ਜੋ ਵਿਚ ਤਪਦੇ ਥਲਾਂ ਦੇ ਸੜ ਮਚੇ ਇਹ ਨਾਚ ਅਨੂਠਾ ਨੱਚਦਿਆਂ ਮੈਨੂੰ 'ਮੈਂ' ਤੋਂ ਬਸ 'ਤੂੰ' ਕਰੇ। 4. ਬਿਰਹਾ ਯਾਦਾਂ ਦੀ ਇਹ ਤੰਦ ਇਕਹਿਰੀ ਸਹਿਜੇ ਸਹਿਜੇ ਉਧੜ ਰਹੀ ਐ। ਕਰ ਗਲੋਟੇ 'ਕੱਠੇ ਕਰਦੀ ਪੀੜਾਂ ਨੂੰ ਮੈਂ 'ਕੱਲੀ ਜਰਦੀ ਰੂਹ ਸੰਤਾਪੀ ਝੱਲ ਰਹੀ ਐ। ਇਕਲਾਪੇ ਦੀ ਜੂਨ ਬੁਰੀ ਏ ਭੀੜ ਚ ਵੀ 'ਕੱਲੀ ਖੜ੍ਹੀ ਏ ਪੋਟਾ ਪੋਟਾ ਵਿੰਨ੍ਹ ਰਹੀ ਐ। ਰੱਖ ਲਾਂ ਨੀ ਮੈਂ ਸਭ ਤੋਂ ਪਰਦਾ ਪਰ ਆਖੇ ਬਿਨ ਵੀ ਨਾ ਸਰਦਾ ਉਹਨੂੰ ਹੀ ਬਸ ਸਾਰ ਨਹੀਂ ਐ। ਇਹ ਬਿਰਹੜਾ ਵੀ ਮੈਨੂੰ ਪਿਆਰਾ ਇਕਲਾਪੇ ਵਿੱਚ ਇਕ ਸਹਾਰਾ ਜਿੰਦਗੀ ਕਰਜ਼ ਉਤਾਰ ਰਹੀ ਐ। 5. ਚਿੜੀ ਲਿਆ ਤਿਣਕੇ ਆਲ੍ਹਣਾ ਪਾਉਂਦੀ ਸੀ ਤੂੰ ਮੇਰੇ ਘਰ ਨੂੰ ਘਰ ਬਣਾਉਂਦੀ ਸੀ ਤੂੰ ਤੇਰੇ ਨਿੱਕੜੇ ਬੋਟਾਂ ਤੋਂ ਮੈਂ ਸਦਕੇ ਮੇਰੇ ਘਰ ਨੂੰ ਭਾਗ ਲਗਾਉਂਦੀ ਸੀ ਤੂੰ ਤੇਰੇ ਚੂਕਣ ਨਾਲ ਸੂਰਜ ਚੜ੍ਹਦਾ ਸੀ ਹਰ ਵਿਹੜੇ ਨੂੰ ਮਹਿਕਉਂਦੀ ਸੀ ਤੂੰ ਸਾਡੇ ਸੁਆਰਥ ਦੀ ਤੂੰ ਭੇਂਟ ਚੜੀ ਤਬਾਹੀ ਦੇ ਸੰਕੇਤ ਦਿਖਾਉਂਦੀ ਸੀ ਤੂੰ ਅੱਜ ਤੇਰੇ ਕਾਤਲ ਬਣ ਗਏ ਹਾਂ ਸਾਨੂੰ ਕੁਦਰਤ ਨਾਲ ਮਿਲਾਉਂਦੀ ਸੀ ਤੂੰ। 6. ਅਜਨਬੀ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਸਫ਼ਰ ਸੌਖਾ ਨਹੀਂ ਹੁੰਦਾ। ਰੋਜ਼ ਇੱਕ ਚਾਅ ਮਰਦੈ ਅਣਆਈ ਮੌਤ ਇੱਕ ਆਸ ਰੋਜ਼ ਹੰਢਾਉਂਦੀ ਹੈ ਬੇਆਸ ਹੋਣ ਦਾ ਦਰਦ ਤਿੜਕ ਜਾਂਦੇ ਨੇ ਵਿਸ਼ਵਾਸ ਟੁੱਟ ਜਾਂਦੇ ਅੱਧਵਾਟੇ ਹੀ ਸੁਪਨੇ ਚਕਨਾਚੂਰ ਹੋ ਜਾਂਦੈ ਕੱਚ ਵਾਂਗ ਮੋਹ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਪੈਂਡਾ ਸੱਚ ਹੀ ਬਹੁਤ ਬਿਖੜਾ ਤੇ ਲੰਮੇਰਾ ਹੁੰਦੈ। 7. ਮਹਿਰਮ ਗਲ ਨਾਲ਼ ਲਾ ਕੇ ਉਹ ਖੰਜਰ ਨਾਲ਼ ਵਾਰ ਕਰਦੈ, ਸ਼ਰੇ ਬਜ਼ਾਰ ਨਿਲਾਮ ਕਰ ਦਾਅਵਾ ਕਰੇ ਕਿ ਪਿਆਰ ਕਰਦੈ। ਕਤਲ ਕਰਕੇ ਵੀ ਮੇਰਾ ਉਹ ਖੁਦ ਨੂੰ ਬੇਗੁਨਾਹ ਦੱਸੇ ਸਿਤਮ ਦੇਖੋ ਕਿ ਮੁਹੱਬਤ ਦਾ ਵੀ ਇਜ਼ਹਾਰ ਕਰਦੈ। ਉਹਦੇ ਲਈ ਖੇਡ ਹੈ ਦਿਲ ਖੇਡੇ ਤੇ ਤੋੜ ਦੇਵੇ ਸੌਦਾਗਰ ਹੈ ਕਿ ਅਰਮਾਨਾਂ ਦਾ ਵਪਾਰ ਕਰਦੈ। ਉਹਦੇ ਸ਼ਹਿਰ ਆ ਕੇ ਇੱਕ ਗੱਲ ਸਮਝ ਆਈ ਦਵਾ ਵੀ ਉੰਨਾ ਅਸਰ ਨਾ ਕਰੇ ਜਿੰਨਾ ਕਿ ਉਹਦਾ ਦੀਦਾਰ ਕਰਦੈ। 46 ਔਰਤ ਮੈਂ ਔਰਤ ਹਾਂ, ਜ਼ਮੀਨ ਨਹੀਂ ਜੋ ਖ੍ਰੀਦਦਾਰ ,ਮੁੱਲ ਤਾਰ, ਦਾਅਵੇਦਾਰ ਬਣ ਬੈਠੇ ਮੇਰੇ ਵੀ ਕੁਝ ਅਰਮਾਨ ਮੇਰੇ ਵੀ ਕੁਝ ਸੁਪਨੇ, ਚਾਹਵਾਂ ਉੱਡਣ ਲਈ ਮੁੱਠੀ ਭਰ ਅਸਮਾਨ ਤੇ ਆਪਣੇ ਹਿੱਸੇ ਦੀ ਭੌਂ ਵੀ ਪੈਰ ਟਿਕਾਉਣ ਲਈ, ਮੈਨੂੰ ਵੀ ਚਾਹੀਦੇ ਹਨ ਚੰਦ ਤਾਰੇ,ਪਰ ਤੱਕਣ ਲਈ, ਨਹੀਂ ਚਾਹੁੰਦੀ ਕੋਈ ਇਹਨਾਂ ਨੂੰ ਤੋੜ ਮੇਰੀ ਝੋਲ ਭਰੇ, ਮੈਨੂੰ ਪਿਆਰੇ ਰੰਗ ਬਰੰਗੇ ਫੁੱਲ ਪਰ ਨਹੀਂ ਮਨਜ਼ੂਰ ਕੋਈ ਤੋੜ, ਮੈਨੂੰ ਭੇਂਟ ਕਰੇ, ਮੈਂ ਤਾਂ ਚਾਹਾਂ ਹਰ ਸ਼ੈ ਚਮਕੇ,ਖਿੜ੍ਹੇ,ਖ਼ੁਸ਼ਬੂ ਬਿਖੇਰੇ ਹਰ ਕਿਸੇ ਨੂੰ ਹੱਕ ਤਸਵੀਰ-ਏ-ਜਿੰਦਗੀ ਵਿੱਚ ਮਰਜੀ ਦੇ ਰੰਗ ਭਰੇ। ---ਰਾਜਿੰਦਰ ਕੌਰ ਮਾਵੀ

Sunday, January 20, 2019

ਪੰਜਾਬੀ ਭਵਨ ਦੀ ਲਾਇਬਰੇਰੀ ਨੂੰ ਨਵਾਂ ਹਾਲ ਮਿਲਣ 'ਤੇ ਖੁਸ਼ੀ ਦੇ ਲਹਿਰ

ਇਹ ਪੰਜਾਬ ਦੀ ਸਭ ਤੋਂ ਵੱਡੀ ਰੈਫਰੈਂਸ ਅਤੇ ਖੋਜ ਲਾਇਬਰੇਰੀ-ਡਾ. ਸੁਰਜੀਤ
ਲੁਧਿਆਣਾ: 20 ਜਨਵਰੀ 2019: (ਪੰਜਾਬ ਸਕਰੀਨ ਟੀਮ):: 
ਸਾਹਿਤ, ਸਿੱਖਿਆ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਵੱਜੋਂ ਸਥਾਪਿਤ ਹੋ ਚੁੱਕੇ ਪੰਜਾਬੀ ਭਵਨ ਵਿੱਚ ਅੱਜ ਇੱਕੋ ਵੇਲੇ ਕਈ ਆਯੋਜਨ ਹੋਏ।  ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਵਾਲਾ ਸੈਮੀਨਾਰ, ਲਾਇਬਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ, ਪੰਜਾਬੀ ਸਾਹਿਤ ਅਕਾਦਮੀ ਦੇ ਅੰਤਰਿੰਗ ਬੋਰਡ ਦੀ ਮੀਟਿੰਗ ਅਤੇ ਸਾਹਿਤਕ ਸੰਗਠਨ "ਪੰਜਾਬੀ ਗ਼ਜ਼ਲ ਮੰਚ, ਫਿਲੌਰ" ਦੀ ਮੀਟਿੰਗ। 
ਪੰਜਾਬੀ ਭਵਨ ਵਿਚਲੀ ਲਾਇਬਰੇਰੀ ਨੂੰ ਚਿਰਾਂ ਤੋਂ ਕਿਸੇ ਖੁੱਲੇ ਡੁੱਲੇ ਹਵਾਦਾਰ ਹਾਲ ਦੀ ਉਡੀਕ ਸੀ। ਇਹ ਮਸਲਾ ਬੜੇ ਚਿਰਾਂ ਤੋਂ ਲਟਕ ਰਿਹਾ ਸੀ। ਜਿਸ ਸਮਾਜ ਵਿੱਚ ਦਾਰੂ ਦੇ ਬੋਤਲ ਦਾ ਖਰਚਾ ਤਾਂ ਜ਼ਰੂਰੀ ਲੱਗੇ ਪਰ ਕਿਤਾਬ ਖਰੀਦਣਾ ਫਜ਼ੂਲਖਰਚੀ ਤਾਂ ਉਸ ਮਾਹੌਲ ਵਿੱਚ ਲਾਇਬਰੇਰੀਆਂ ਵਾਲਾ ਪੁਸਤਕ ਸੱਭਿਆਚਾਰ ਪੈਦਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ ਅਤੇ ਉਹਨਾਂ ਦੇ ਕਈ ਹੋਰ ਸਾਥੀ ਇਸ ਪੁਸਤਕ ਸੱਭਿਆਚਾਰ ਨੂੰ ਪੈਦਾ ਕਰਨ ਅਤੇ ਪਰਫੁੱਲਿਤ ਕਰਨ ਲਈ ਚਿਰਾਂ ਤੋਂ ਜਤਨਸ਼ੀਲ ਸਨ। ਉਹਨਾਂ ਕਈ ਨਿਜੀ ਲਾਇਬਰੇਰੀਆਂ ਸ਼ੁਰੂ ਕਰਾਉਣ ਵਿੱਚ ਵੀ ਬੜਾ ਹੀ ਚੁਪਕੀਤੇ ਰਹਿ ਕੇ ਆਪਣਾ ਸਰਗਰਮ ਯੋਗਦਾਨ ਦਿੱਤਾ।
ਅੱਜ ਜਦੋਂ ਪੰਜਾਬੀ ਭਵਨ ਦੀ ਰੈਫਰੈਂਸ ਅਤੇ ਖੋਜ ਲਾਇਬਰੇਰੀ ਲਈ ਨਵੇਂ ਹਾਲ ਦਾ ਉਦਘਾਟਨ ਹੋਇਆ ਤਾਂ ਸਭ ਤੋਂ ਖੁਸ ਨਜ਼ਰ ਆਉਣ ਵਾਲਿਆਂ ਵਿੱਚ ਡਾਕਟਰ ਸੁਰਜੀਤ ਸਿੰਘ ਵੀ ਸ਼ਾਮਲ ਸਨ। ਇਸ ਇਤਿਹਾਸਿਕ ਮੌਕੇ ਉਹਨਾਂ ਦੱਸਿਆ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਰੈਫਰੈਂਸ ਅਤੇ ਖੋਜ ਲਾਇਬਰੇਰੀ ਹੈ। ਇਸ ਲਾਇਬਰੇਰੀ ਵਿੱਚ ਇਸ ਮੌਕੇ 60 ਹਜ਼ਾਰ ਦੇ ਕਰੀਬ ਕਿਤਾਬਾਂ ਹਨ। ਛੇਤੀ ਹੀ ਇਸ ਵਿਚ ਈ-ਪੁਸਤਕਾਂ ਦੇ ਮਾਮਲੇ ਵਿੱਚ ਠੋਸ ਵਿਕਾਸ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਮਕਸਦ ਲਈ ਈ-ਕਿਤਾਬਾਂ ਦੇਣ ਅਤੇ ਹੋਰ ਸਬੰਧਤ ਸਹਿਯੋਗ ਦੇਣ ਵਾਲਿਆਂ ਨੂੰ ਵੀ ਖੁੱਲ੍ਹਾ ਸੱਦਾ ਹੈ। 
ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਦੇ ਇਸ ਸ਼ੁਭ ਆਰੰਭ ਦੀ ਘੜੀ ਵੀ ਬੜੀ ਉਡੀਕ ਮਗਰੋਂ ਆਈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਡਾ. ਮਨੋਹਰ ਸਿੰਘ ਗਿੱਲ ਵਲੋਂ ਦਿੱਤੀ ਪੱਚੀ ਲੱਖ ਰੁਪਏ ਦੀ ਗਰਾਂਟ ਨਾਲ ਪੰਚਾਇਤੀ ਰਾਜ ਵਿਭਾਗ ਰਾਹੀਂ ਤਿਆਰ ਹੋਏ ਸਾਹਿਰ ਲੁਧਿਆਣਵੀ ਲਾਇਬਰੇਰੀ ਹਾਲ ਨੂੰ ਅੱਜ ਪਾਠਕਾਂ ਲਈ ਖੋਹਲ ਦਿੱਤਾ ਗਿਆ ਹੈ। ਇਸ ਸਬੰਧੀ ਇਕ ਸੰਖੇਪ ਜਿਹਾ ਉਦਘਾਟਨੀ ਸਮਾਗਮ ਆਯੋਜਿਤ ਕੀਤਾ ਗਿਆ। ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਰਿਬਨ ਕੱਟ ਕੇ ਪਹਿਲੇ ਪਾਠਕ ਵਜੋਂ ਹਾਜ਼ਰੀ ਲਵਾਈ। ਹੁਣ ਇਸ ਨਵੇਂ ਬਣੇ ਲਾਇਬਰੇਰੀ ਹਾਲ ਵਿਚ ਅੱਜ ਤੋਂ ਪਾਠਕ, ਵਿਦਿਆਰਥੀ ਅਤੇ ਖੋਜਾਰਥੀ ਲਾਇਬ੍ਰੇਰੀ ਦੇ ਅਨਮੋਲ ਖ਼ਜ਼ਾਨੇ ਦਾ ਲਾਭ ਉਠਾ ਸਕਣਗੇ। ਇਸ ਵੇਲੇ 60,000 ਤੋਂ ਵੱਧ ਪੁਸਤਕਾਂ ਵਾਲੀ ਇਸ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਪੁਸਤਕਾਂ ਉਪਲੱਬਧ ਹਨ। ਅਕਾਡਮੀ ਦੇ ਪੰਜਾਬ ਰੈਫ਼ਰੇਂਸ ਤੇ ਖੋਜ ਕੇਂਦਰ ਵਿਚ ਪੰਜਾਬੀ ਵਿਚ ਖੋਜ ਕਰਵਾਉਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਪੀਐੱਚ.ਡੀ., ਐਮ.ਫ਼ਿਲ, ਐਮ.ਲਿਟ ਅਤੇ ਐਮ.ਏ. ਦੇ ਖੋਜ ਨਿਬੰਧ/ਖੋਜ ਪਰਬੰਧ ਵੱਡੀ ਮਾਤਰਾ ਵਿਚ ਉਪਲੱਬਧ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਪਰਧਾਨ ਪਰੋਫ਼ੈਸਰ ਰਵਿੰਦਰ ਸਿੰਘ ਭੱਠਲ ਨੇ ਦਸਿਆ ਕਿ 1954 ਵਿਚ ਸਥਾਪਿਤ ਇਹ ਲਾਇਬਰੇਰੀ ਪਹਿਲਾਂ ਇਕ ਤਤਕਾਲੀ ਜਨਰਲ ਸਕੱਤਰ ਜੀ ਦੇ ਘਰ ਵਿਚ ਚਲਦੀ ਰਹੀ ਅਤੇ 1968 ਵਿਚ ਇਹ ਬਕਾਇਦਾ ਪੰਜਾਬੀ ਭਵਨ ਵਿਚ ਸਥਾਪਿਤ ਲਾਇਬਰੇਰੀ ਹਾਲ ਵਿਚ ਸਥਾਪਿਤ ਕੀਤੀ ਗਈ। 1993 ਤੋਂ ਪਰਿੰਸੀਪਾਲ ਪਰੇਮ ਸਿੰਘ ਬਜਾਜ ਦੀ ਦੇਖਰੇਖ ਹੇਠ ਚਲਣ ਵਾਲੀ ਇਸ ਲਾਇਬਰੇਰੀ ਵਿਚ ਕਿਤਾਬਾਂ ਦੀ ਗਿਣਤੀ ਵਿਚ ਵੱਡੀ ਪੱਧਰ ਤੇ ਇਜ਼ਾਫ਼ਾ ਹੋਇਆ ਜਿਸ ਕਰਕੇ ਨਵੀਂ ਇਮਾਰਤ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਜ਼ਰੂਰਤ ਦੀ ਪੂਰਤੀ ਕਰਨ ਦਾ ਵਾਇਦਾ ਡਾ. ਮਨੋਹਰ ਸਿੰਘ ਗਿੱਲ ਹੋਰਾਂ ਕੀਤਾ ਅਤੇ ਨਵੀਂ ਇਮਾਰਤ ਦੀ ਉਸਾਰੀ ਵਿਚ ਵਿਸ਼ੇਸ਼ ਦਿਲਚਸਪੀ ਲਈ।
ਇਸ ਲਾਇਬਰੇਰੀ ਦੀ ਸਾਂਭ ਸੰਭਾਲ ਅਤੇ ਸੰਚਾਲਨ ਦਾ ਕਾਰਜ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੀ ਅਗਵਾਈ ਵਿਚ ਚਲ ਰਿਹਾ ਹੈ। ਉਹਨਾਂ ਤੋਂ ਇਲਾਵਾ ਦੋ ਸਿਖਲਾਈ ਹਾਸਲ ਕਰ ਰਹੀਆਂ ਲਾਇਬਰੇਰੀਅਨ ਵੀ ਕਾਰਜਸ਼ੀਲ ਹਨ ਜੋ ਪਾਠਕਾਂ ਨੂੰ ਭਰਪੂਰ ਸਹਿਯੋਗ ਦਿੰਦੇ ਹਨ। ਅੱਜ ਲਾਇਬਰੇਰੀ ਦੇ ਸ਼ੁਭ ਆਰੰਭ ਸਮੇਂ ਡਾ. ਆਤਮਜੀਤ ਸਿੰਘ ਹੋਰਾਂ ਦੇ ਨਾਲ ਅਕਾਡਮੀ ਦੇ ਪਰਧਾਨ ਪਰੋਫ਼ੈਸਰ ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਤੇਜਵੰਤ ਮਾਨ, ਗੁਲਜ਼ਾਰ
ਸਿੰਘ ਸ਼ੌਂਕੀ, ਭਗਵੰਤ ਰਸੂਲਪੁਰੀ, ਤ੍ਰ੍ਰੈਲੋਚਨ ਲੋਚੀ, ਜਸਵੀਰ ਝੱਜ, ਸੁਖਦਰਸ਼ਨ ਗਰਗ, ਭੁਪਿੰਦਰ ਸੰਧੂ, ਜਨਮੇਜਾ ਸਿੰਘ ਜੌਹਲ, ਮੇਜਰ ਸਿੰਘ ਗਿੱਲ, ਪਰਿੰਸੀਪਲ ਪਰੇਮ ਸਿੰਘ ਬਜਾਜ, ਸੁਰਿੰਦਰ ਦੀਪ ਅਤੇ ਲਾਇਬਰੇਰੀ ਸਟਾਫ਼ ਸੁਰਿੰਦਰ ਕੌਰ, ਕਮਲਪਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ
ਇਸ ਸਬੰਧੀ ਤੁਸੀਂ ਪੂਰਾ ਵੇਰਵਾ ਡਾਕਟਰ ਸੁਰਜੀਤ ਸਿੰਘ ਹੁਰਾਂ ਦੀ ਜ਼ੁਬਾਨੀ ਪੰਜਾਬ ਸਕਰੀਨ ਦੀ ਵੀਡੀਓ ਵਿੱਚ ਵੀ ਦੇਖ-ਸੁਣ ਸਕਦੇ ਹੋ।  

Tuesday, December 25, 2018

ਸਾਹਿਤਿਕ ਸਿਆਸਤ ਦੀਆਂ ਤਿਕੜਮਾਂ ਤੋਂ ਦੂਰ ਰਹਿਣ ਵਾਲੀ ਸ਼ਾਇਰਾ ਦੀ ਪਹਿਲੀ ਪੁਸਤਕ

ਖਾਮੋਸ਼ੀ ਦਾ ਤਰਜੁਮਾ ਦੇ ਲੋਕਅਰਪਣ ਸਮਾਗਮ ਮੌਕੇ ਵਿਸ਼ੇਸ਼ 
ਲੁਧਿਆਣਾ//ਮੁਕੇਰੀਆਂ: 24 ਦਸੰਬਰ 2018: (ਕਾਰਤਿਕਾ ਸਿੰਘ)::
ਜਦੋਂ ਪਤੀ ਹਮੇਸ਼ਾਂ ਲਈ ਤੁਰ ਜਾਏ ਤਾਂ ਜ਼ਿੰਦਗੀ ਦਾ ਇੱਕ ਪਲ ਪਲ ਮੁਸ਼ਕਿਲਾਂ ਭਰਿਆ ਹੋ ਜਾਂਦਾ ਹੈ। ਭਾਰਤ ਅਤੇ ਪੰਜਾਬ ਵਿੱਚ ਸਿੰਗਲ ਪੇਰੈਂਟ ਹੋਣਾ ਬਹੁਤ ਹੀ ਮੁਸ਼ਕਿਲ ਹੈ। ਆਪਣਾ ਗਮ, ਸਮਾਜ ਦਾ ਗਮ, ਸੁਪਨਿਆਂ ਦੇ ਬਿਖਰ ਜਾਣ ਦਾ ਗਮ...ਦਰਦਾਂ ਦਾ ਇੱਕ ਦਰਿਆ ਜੋ ਹਰ ਪਲ ਚੜ੍ਹਿਆ ਹੀ ਆਉਂਦਾ ਹੈ। ਸਕੂਨ ਦੇ ਦੋ ਪਲ ਸੁਪਨੇ ਵਿੱਚ ਵੀ ਨਸੀਬ ਨਹੀਂ ਹੁੰਦੇ। ਉਸ ਵੇਲੇ ਉਹ ਸੁਆਲ ਸਮਝ ਆਉਂਦਾ ਹੈ ਕਿ ਦਰਦ ਨੂੰ ਦਵਾ ਕਿਵੇਂ ਬਣਾਇਆ ਜਾਵੇ? ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਜਾਂ ਖ਼ੁਦਕੁਸ਼ੀ ਵਾਲਾ ਭਗੌੜਾਪਨ? ਚੋਣ ਬੜੀ ਮੁਸ਼ਕਿਲ ਹੁੰਦੀ ਹੈ। ਮਰਨਾ ਆਸਾਨ ਲੱਗਦਾ ਹੈ ਪਰ ਜਿਊਣਾ ਬਹੁਤ ਹੀ ਮੁਸ਼ਕਿਲ। ਹਮਸਫਰ ਤੋਂ ਬਿਨਾ ਜ਼ਿੰਦਗੀ ਦਾ ਲੰਮਾ ਪੈਂਡਾ ਬੇਹੱਦ ਔਕੜਾਂ ਭਰਿਆ ਹੋ ਜਾਂਦਾ ਹੈ। ਅੱਖਾਂ ਚੋਂ ਨਿਕਲਦੇ ਹੰਝੂਆਂ ਨੂੰ ਰੋਕ ਕੇ ਦਿਲ ਵਿੱਚੋਂ ਕਵਿਤਾ ਕਿਵੇਂ ਨਿਕਲਦੀ ਹੈ। ਇਸ ਕ੍ਰਿਸ਼ਮੇ ਦਾ ਅਹਿਸਾਸ ਵੀ ਹੁੰਦਾ ਹੈ।  ਦਰਦ ਦਾ ਇਹ ਸਿਲਸਿਲਾ ਬੜਾ ਲੰਮਾ ਸੀ--ਹੁਣ ਵੀ ਜਾਰੀ ਹੈ--ਪਰ ਦਰਦ ਨਾਲ ਭਰਿਆ ਇਹ ਸਭ ਕੁਝ ਗ਼ਜ਼ਲਾਂ 'ਚ ਕਿਵੇਂ ਨਜ਼ਰ ਆਉਣ ਲੱਗ ਪਿਆ ਇਸਦਾ ਪਤਾ ਸ਼ਾਇਦ ਬਲਜੀਤ ਸੈਣੀ ਨੂੰ ਖੁਦ ਵੀ ਨਹੀਂ ਲੱਗਿਆ। ਗ਼ਜ਼ਲ ਲਿਖਣਾ ਆਸਾਨ ਨਹੀਂ ਹੁੰਦਾ। ਕਾਫੀਆ, ਬਹਿਰ ਰਦੀਫ ਅਤੇ ਹੋਰ ਬਹੁਤ ਸਾਰੇ ਝਮੇਲੇ ਹਨ ਜਿਹਨਾਂ ਨੂੰ ਸਿੱਖਦਿਆਂ ਅਕਸਰ ਇਹੀ ਭੁੱਲ ਜਾਂਦਾ ਹੈ ਕਿ ਕਿਸ ਖਿਆਲ ਨੂੰ ਲੈ ਕੇ ਸ਼ੇਅਰ ਲਿਖਣਾ ਸੀ। ਇਸ ਔਖੇ ਵੇਲੇ ਜਾਂ ਤਾਂ ਇਨਸਾਨ ਮਾਹਰ ਬਣ ਜਾਂਦਾ ਹੈ ਅਤੇ ਜਾਂ ਫਿਰ ਗ਼ਜ਼ਲ ਲਿਖਣੀ ਛੱਡ ਜਾਂਦਾ ਹੈ। ਤੀਜਾ ਵਰਗ ਵੀ ਹੁੰਦਾ ਹੈ ਜਿਹੜਾ ਧੱਕੇ ਨਾਲ ਆਪਣੀਆਂ ਅਗ਼ਜ਼ਲਾਂ ਨੂੰ ਵੀ ਗ਼ਜ਼ਲ ਸਾਬਤ ਕਰਦਾ ਹੈ ਪਰ ਬਲਜੀਤ ਸੈਣੀ ਨੇ ਮੁਹਾਰਤ ਹਾਸਲ ਕੀਤੀ। ਗ਼ਜ਼ਲ ਦੀ ਇਸ ਸਾਧਨਾ ਦੌਰਾਨ ਹੀ ਜ਼ਿੰਦਗੀ ਦੀ ਸਾਰੀ ਊਰਜਾ ਕਿਸੇ ਨਵੀਂ ਰੌਸ਼ਨੀ ਤੋਂ ਪ੍ਰੇਰਿਤ ਹੋਣ ਲੱਗ ਪਈ।  ਇਹ ਰੌਸ਼ਨੀ ਕਵਿਤਾ ਦੀ ਰੌਸ਼ਨੀ ਸੀ। ਗ਼ਜ਼ਲਾਂ ਦੀ ਰੌਸ਼ਨੀ ਸੀ। 
ਦਿਲ ਸੇ ਜੋ ਬਾਤ ਨਿਕਲਤੀ ਹੈ--ਅਸਰ ਰਖਤੀ ਹੈ;
ਪਰ ਨਹੀਂ-ਤਾਕ਼ਤ-ਏ-ਪਰਵਾਜ਼ ਮਗਰ ਰਖਤੀ ਹੈ!
ਖਿਆਲਾਂ ਦੀ ਉੱਚੀ ਤੋਂ ਉੱਚੀ ਉਡਾਣ ਵਾਲੇ ਅਹਿਸਾਸ ਨੂੰ ਮਹਿਸੂਸ ਕਰਨ ਅਤੇ ਕਰਾਉਣ ਦਾ ਸਮਾਂ ਆ ਗਿਆ ਸੀ। ਬਲਜੀਤ ਸੈਣੀ ਨੇ ਬਹੁਤ ਹੀ ਚੰਗੀਆਂ ਗ਼ਜ਼ਲਾਂ ਲਿਖੀਆਂ ਪਰ ਇਹ ਸਭ ਕੁਝ ਜ਼ਿਆਦਾਤਰ ਪੰਜਾਬੀ ਵਿੱਚ ਸੀ। ਪੰਜਾਬੀ ਜਿਸ ਦੇ ਸੰਬੰਧ ਵਿੱਚ ਗੱਲਾਂ ਜ਼ਿਆਦਾ ਹੁੰਦੀਆਂ ਹਨ ਅਤੇ ਕੰਮ ਘੱਟ। ਛੇਤੀ ਕੀਤਿਆਂ ਕਦਰ  ਨਹੀਂ ਪੈਂਦੀ। ਬਲਜੀਤ ਸੈਣੀ ਅਧਿਆਪਨ ਦੇ ਕਿੱਤੇ ਨਾਲ ਸਬੰਧਤ ਹੈ। ਬਹੁਤ ਹੀ ਸਮਰਪਣ ਅਤੇ ਥਕਾਵਟ ਦੇਣ ਵਾਲਾ ਕੰਮ ਹੈ ਅਧਿਆਪਨ। ਅੱਜਕਲ ਦੇ ਸਿਆਸੀ ਮਾਹੌਲ ਵਿੱਚ ਅਧਿਆਪਕਾਂ ਨੂੰ ਹੋਰ ਇਧਰਲੀਆਂ ਓਧਰਲੀਆਂ ਜ਼ਿੰਮੇਵਾਰੀਆਂ ਵੀ ਸੌਂਪ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਾਰੇ ਖਲਜਗਣਾਂ ਵਿੱਚ ਲਿਖਣ ਦਾ ਸਮਾਂ ਤਾਂ ਦੂਰ ਸਾਹ ਲੈਣ ਦਾ ਸਮਾਂ ਵੀ ਨਹੀਂ ਬਚਦਾ। ਬਲਜੀਤ ਸੈਣੀ ਨੇ ਕਦੇ ਉਹਨਾਂ ਤਿਕੜਮਾਂ ਨੂੰ ਸਿੱਖਣ ਵੱਲ ਵੀ ਮੂੰਹ ਨਹੀਂ ਕੀਤਾ ਜਿਹਨਾਂ ਨਾਲ ਕਿਤਾਬਾਂ ਛਪਵਾਈਆਂ ਜਾਂਦੀਆਂ ਹਨ ਜਾਂ ਇਨਾਮ ਸਨਮਾਨ ਲਏ ਜਾਂਦੇ ਹਨ। ਮਾਣ ਸੀ ਤਾਂ ਸਿਰਫ ਸ਼ੁੱਧ ਆਪਣੀ ਕਲਮ ਦਾ--ਆਪਣੀ ਸਾਧਨਾ ਦਾ। ਇਸ ਮਾਣ ਦੇ  ਆਸਰੇ ਹੋਰ ਕਿਸੇ ਗੱਲ ਦੀ ਪਰਵਾਹ ਵੀ ਨਹੀਂ ਕੀਤੀ। ਇਸ ਲਈ ਬਲਜੀਤ ਸੈਣੀ ਵਰਗੀ ਸੁਲਝੀ ਹੋਈ ਸ਼ਾਇਰਾ ਦੀ ਪਹਿਲੀ ਪੁਸਤਕ ਦਾ ਪ੍ਰ੍ਕਾਸ਼ਨ ਅਤੇ ਇਸਦਾ ਰਿਲੀਜ਼ ਸਮਾਗਮ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। 
ਦਰਦ ਨਾਲ ਦੋਸਤੀ ਪਾਉਣੀ ਕੋਈ ਆਸਾਨ ਨਹੀਂ ਹੁੰਦੀ। ਸੰਘਰਸ਼ ਨੂੰ ਰਹਿਬਰ ਬਣਾਉਣਾ ਵੀ ਆਸਾਨ ਨਹੀਂ ਹੁੰਦਾ। ਪਰ ਬਲਜੀਤ ਸੈਣੀ ਨੇ ਇਹ ਸਭ ਕੁਝ ਕਰ ਦਿਖਾਇਆ। ਮੁਸ਼ਕਿਲਾਂ ਨੇ ਉਸਨੂੰ ਤੁਰਨਾ ਸਿਖਾਇਆ। ਸਦਮਿਆਂ ਦੀ ਕੜਕਦੀ ਬਿਜਲੀ ਰਾਹ ਦਿਖਾਉਂਦੀ ਰਹੀ। ਇਸ ਸਭ ਕੁਝ ਦੇ ਨਾਲ ਹੀ ਗ਼ਜ਼ਲਾਂ ਵਿੱਚ ਨਿਖਾਰ ਆਉਂਦਾ ਰਿਹਾ। 
ਬਲਜੀਤ ਸੈਣੀ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਨਹੀਂ ਲੱਗਦਾ ਕਿ ਕਿਸੇ ਸ਼ਾਇਰ ਦਾ ਕਲਾਮ ਪੜ੍ਹ ਰਹੇ ਹਾਂ।  ਇਸਤਰਾਂ ਲੱਗਦਾ ਹੈ ਜਿਵੇਂ ਖੁਦ ਆਪਣੀ ਹਾਲਤ ਬਾਰੇ ਆਪਣਾ ਹੀ ਕਲਾਮ ਪੜ੍ਹ ਰਹੇ ਹਾਂ। ਫਿਰ ਹੈਰਾਨੀ ਹੁੰਦੀ ਹੈ ਇਸ 'ਤੇ ਤਾਂ ਬਲਜੀਤ ਸੈਣੀ ਦਾ ਨਾਮ ਹੈ। ਫਿਰ ਕਵਿਤਾ ਦੇ ਚਮਤਕਾਰਾਂ ਦੀ ਥਾਹ ਪੈਂਦੀ ਹੈ ਕਿ ਕਿਸਤਰਾਂ ਉਹ ਗੱਲ ਸੱਚ ਹੈ ਕਿ 
ਜਹਾਂ ਨ ਪਹੁੰਚੇ ਰਵੀ--ਵਹਾਂ ਭੀ ਪਹੁੰਚੇ ਕਵੀ। 
ਬਲਜੀਤ ਸੈਣੀ ਖੁਦ ਦੇ ਦਰਦ ਦੀਆਂ ਗ਼ਜ਼ਲਾਂ ਲਿਖਦਿਆਂ ਲਿਖਦਿਆਂ ਸਾਰੀ ਦੁਨੀਆ-ਸਾਰੀ ਕਾਇਨਾਤ ਦੇ ਦਰਦ ਨੂੰ ਵੀ ਮਹਿਸੂਸ ਕਰਨ ਲੱਗ ਪਈ। ਇਸ ਸਾਰੇ ਘਟਨਾਕ੍ਰਮ ਵਿੱਚ ਇੱਕ ਹੋਰ ਖਾਸ ਗੱਲ ਵਾਪਰੀ ਕਿ ਕਿ ਬਲਜੀਤ ਸੈਣੀ ਆਸਟਿੱਕਤਾ ਵੱਲ ਨਹੀਂ ਝੁਕੀ। ਆਪਣੀਆਂ ਮੁਸ਼ਕਿਲਾਂ ਲਈ ਕਿਸੇ  ਰੱਬ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ। ਕਿਸੇ ਅਣਦਿੱਸਦੇ ਪਰਮਾਤਮਾ ਕੋਲੋਂ ਕੋਈ ਸਹਾਇਤਾ ਵੀ ਨਹੀਂ ਮੰਗੀ। ਹਾਂ-ਇਹ ਜ਼ਰੂਰ ਆਖਿਆ--
ਹੋਣੀ ਟਲਦੀ ਵੇਖੀ ਨਾ ਅਰਦਾਸਾਂ ਨਾਲ;
ਦਿਲ ਨਾ ਐਵੇਂ ਭਰਮਾਵੀਂ ਧਰਵਾਸਾਂ ਨਾਲ!
     ਸਨ 2005 ਵਿੱਚ ਪਤੀ ਸਰਦਾਰ ਇਕਬਾਲ ਸਿੰਘ ਅਚਾਨਕ ਵਿਛੋੜਾ ਦੇ ਗਏ। ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ। ਜ਼ਿੰਦਗੀ ਦਾ ਹਨੇਰਾ। ਦਰਦ ਦੀ ਧੁੰਦ। ਵਿਛੋੜੇ ਦਾ ਸੱਲ। ਜ਼ਿੰਮੇਵਾਰੀਆਂ ਦਾ ਭਾਰ। ਜ਼ਿੰਦਗੀ ਪੱਥਰਾ ਜਾਂਦੀ ਹੈ ਅਜਿਹੇ ਹਾਲਾਤ ਵਿੱਚ। ਪਰ ਕਰਿਸ਼ਮੇ ਵੀ ਤਾਂ ਵਾਪਰਦੇ ਹਨ। ਸਕੂਲ ਦੇ ਸਮੇਂ ਸਾਹਿਤ ਪੜ੍ਹਨ ਦਾ ਸ਼ੋਂਕ ਇਸ ਗਮਾਂ ਵਾਲੇ ਦੌਰ ਵਿੱਚ ਫਿਰ ਜਾਗ ਪਿਆ। ਸਿਰਫ ਖੁਦ ਹੀ ਨਹੀਂ ਜਾਗਿਆ ਬਲਕਿ ਸਾਹਿਤ ਰਚਨਾ ਦੀ ਕੋਸ਼ਿਸ਼ ਨੂੰ ਵੀ ਨਾਲ ਹੀ ਜਗਾ ਲਿਆਇਆ। ਮੈਨੂੰ ਯਕੀਨ ਹੈ ਕਿ ਗ਼ਜ਼ਲ ਦੀ ਮੁਹਾਰਤ ਬਲਜੀਤ ਸੈਣੀ ਵਿੱਚ ਪਹਿਲਾਂ ਹੀ ਕਿਧਰੇ ਲੁਕੀ ਹੋਈ ਸੀ। ਪਤੀ ਦੇ ਵਿਛੋੜੇ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਜਿਹੜੇ ਹਾਲਾਤ ਦਿਖਾਏ ਉਹਨਾਂ ਰੰਗਾਂ ਨੇ ਇਸ ਨੂੰ ਫਿਰ ਜਗਾ ਲਿਆ। ਪਤੀ ਦੀ ਮੌਤ ਮਗਰੋਂ ਕਿਤਾਬਾਂ ਨਾਲ ਦੋਸਤੀ ਹੋਰ ਵੱਧ ਗਈ। ਫਿਰ ਗ਼ਜ਼ਲ ਵੀ ਉੱਠਣ ਲੱਗੀ। ਇਹਨਾਂ ਗ਼ਜ਼ਲਾਂ ਨੂੰ ਸੰਵਾਰਨ ਵਿੱਚ ਡਾਕਟਰ ਬਰਜਿੰਦਰ ਚੌਹਾਨ ਹੁਰਾਂ ਦੀ ਅਗਵਾਈ ਨੂੰ ਬਲਜੀਤ ਸੈਣੀ ਕਦੇ ਵੀ ਨਹੀਂ ਭੁੱਲੀ। ਉਸਨੇ ਇੱਕ ਥਾਂ ਲਿਖਿਆ:
ਵਿੱਛੜਿਆਂ ਸੀ ਮੈਥੋਂ ਜੋ ਖੁਸ਼ਬੂ ਬਣ ਕੇ;
ਧੜਕਣ ਬਣ ਕੇ ਰਹਿੰਦੈ ਵੇਖ ਸਵਾਸਾਂ ਨਾਲ!
ਆਪਣਿਆਂ ਦੇ ਰਵਈਏ, ਬੇਗਾਨਿਆਂ ਦੀ ਆਸ--ਸ਼ਾਇਦ ਇਹ ਸਭ ਕੁਝ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਹਨ। ਮੈਡਮ ਬਲਜੀਤ ਸੈਣੀ ਇਹਨਾਂ ਅਹਿਸਾਸਾਂ ਨੂੰ ਬਿਆਨ ਕਰਦਿਆਂ ਲਿਖਦੀ ਹੈ:
ਆਪਣਿਆਂ ਨੇ ਜੋਕਾਂ ਵਾਂਗੂ ਚੂਸ ਲਿਆ;
ਗੈਰਾਂ ਵੱਲੇ ਤੱਕਾਂ ਕੀਕਣ ਆਸਾਂ ਨਾਲ। 
                           ਧੋਖੇ ਵੱਸੀ ਜਾਂਦੇ ਵੇਖ ਜ਼ਮੀਰਾਂ ਵਿੱਚ;
                          ਟੁੱਟੀ ਜਾਂਦੇ ਰਿਸ਼ਤੇ ਹੁਣ ਵਿਸ਼ਵਾਸਾਂ ਨਾਲ। 
ਜਦੋਂ ਧਰਮ ਦੀ ਗੱਲ ਤੁਰੇ ਤਾਂ ਬਲਜੀਤ ਸੈਣੀ ਨੇ ਉੱਥੇ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਨਾਸਤਿਕ ਪਹੁੰਚ ਦੇ ਬਾਵਜੂਦ ਅੰਦਰਲੀ ਮਨੋਸਥਿਤੀ ਅਤੇ ਬਾਹਰਲੇ ਅਡੰਬਰਾਂ ਨੂੰ ਬੜੇ ਹੀ ਸਲੀਕੇ ਨਾਲ ਬਿਆਨ ਕੀਤਾ:
ਤੇਰੇ ਅੰਦਰ ਹੀ ਨੇ ਬਾਬਰ ਤੇ ਨਾਨਕ;
ਜਿਹਨੂੰ ਚਹੁਨੈਂ ਮਿਲ ਲੈ ਹੋਸ਼ ਹਵਾਸਾਂ ਨਾਲ। 
ਸਾਡੇ ਸਭਨਾਂ ਦੀ ਜ਼ਿੰਦਗੀ ਕਿਸੇ ਨ ਕਿਸੇ ਦਰਦ ਤੋਂ ਪ੍ਰਭਾਵਿਤ ਹੈ। ਕੋਈ ਨ ਕੋਈ ਗਮ ਸਾਡੇ ਸਭਨਾਂ ਦਾ ਪਿੱਛਾ ਕਰਦਾ ਹੈ। ਸ਼ਾਇਦ ਇਹੀ ਹੈ ਜ਼ਿੰਦਗੀ। ਇਹੀ ਹੈ ਹਕੀਕਤ। ਅਸੀਂ ਮੰਨੀਏ ਜਾਂ ਨਾ--ਦੱਸੀਏ ਜਾਂ ਨਾ ਪਰ ਕੋਈ ਨ ਕੋਈ ਗਮ-ਕੋਈ ਣ ਕੋਈ ਦਰਦ ਅਸੀਂ ਸਭਨਾਂ ਨੇ ਲੁਕੋਇਆ ਹੋਇਆ ਹੈ। ਉਸ ਨੂੰ ਬਿਆਨ ਕਰਨ ਦਾ ਸਲੀਕਾ ਜੋ ਬਲਜੀਤ ਸੈਣੀ ਕੋਲ ਹੈ ਉਹ ਸ਼ਾਇਦ ਸਾਡੇ ਸਭਨਾਂ ਦੇ ਕੋਲ ਨਹੀਂ ਹੈ। ਇਹੀ ਗੱਲ ਬਲਜੀਤ ਸੈਣੀ ਨੂੰ ਵਿਲੱਖਣ ਵੀ ਬਣਾਉਂਦੀ ਹੈ। ਦੇਖੋ ਜਰਾ ਇੱਕ ਅੰਦਾਜ਼ ਹੋਰ:
ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।

ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |
ਅਖੀਰ ਵਿੱਚ ਸਾਡੀ ਸਭਨਾਂ ਦੀ ਕਾਮਨਾ ਹੈ ਕਿ ਇਹ ਸਮਾਗਮ ਪੂਰੀ ਤਰਾਂ ਸਫਲ ਹੋਵੇ। ਬਲਜੀਤ ਸੈਣੀ ਦੀ ਇਹ ਪੁਸਤਕ ਸਭਨਾਂ ਤੀਕ ਪਹੁੰਚੇ। "ਖਾਮੋਸ਼ੀ ਦਾ ਤਰਜੁਮਾ" ਸਾਰੇ ਪੰਜਾਬੀ ਕਾਵਿ ਜਗਤ ਲਈ ਇੱਕ ਪ੍ਰਾਪਤੀ ਵੀ ਹੈ। ਇਸਦੇ ਨਾਲ ਹੀ ਬਲਜੀਤ ਸੈਣੀ ਦੀ ਸਿਆਸੀ ਅਤੇ ਜਾਗਰੂਕਤਾ ਅਤੇ ਚਲੰਤ ਮਾਮਲਿਆਂ 'ਤੇ ਇੱਕ ਨਜ਼ਰ ਦੀ ਛੋਟੀ ਜਿਹ ਮਿਸਾਲ:
ਦੀਵਾਲੀ ਤੋਂ ਅਗਲੇ ਦਿਨ ਅਠ ਨਵੰਬਰ 2018 ਨੂੰ ਬਲਜੀਤ ਸੈਣੀ ਨੇ ਹਿੰਦੀ ਵਿੱਚ ਚਾਰ ਕੁ ਸਤਰਾਂ ਦੀ ਇੱਕ ਪੋਸਟ ਫੇਸਬੁਕ 'ਤੇ ਸ਼ੇਅਰ ਕੀਤੀ:
ਲੋ ਜੀ ਤਿਓਹਾਰ ਖਤਮ ਹੋ ਗਏ ਤੋਂ ਕਿਆ,
ਸ਼ੁਭਕਾਮਨਾਏਂ ਦਿਤੇ ਰਹਿਣਾ ਤੋਂ ਬਨਤਾ ਹੈ ਨ!
ਆਪਕੋ ਨੋਟਬੰਦੀ ਦਿਵਸ 
8 ਨਵੰਬਰ ਕੀ ਹਾਰਦਿਕ ਸ਼ੁਭਕਾਮਨਾਏਂ