Showing posts with label Dr Baldev Singh Dhillon. Show all posts
Showing posts with label Dr Baldev Singh Dhillon. Show all posts

Monday, July 01, 2019

PAU ਦੇ VC ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਵਿੱਚ ਇੱਕ ਹੋਰ ਵਾਧਾ


Jul 1, 2019, 5:21 PM
29 ਜੂਨ ਨੂੰ ਵਿਸ਼ੇਸ਼ ਮੀਟਿੰਗ ਵਿੱਚ ਲਿਆ ਸਰਵ-ਸੰਮਤੀ ਨਾਲ  ਫੈਸਲਾ
ਲੁਧਿਆਣਾ: 1 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਉਘੇ ਖੇਤੀ ਵਿਗਿਆਨੀ, ਕੁਸ਼ਲ ਪ੍ਰਬੰਧਕ ਅਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਡਾ. ਬਲਦੇਵ ਸਿੰਘ ਢਿੱਲੋਂ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਵਿੱਚ ਬੋਰਡ ਦੀ 29 ਜੂਨ 2019 ਨੂੰ 292ਵੀਂ ਵਿਸ਼ੇਸ਼ ਮੀਟਿੰਗ ਵਿੱਚ ਇਹ ਫੈਸਲਾ ਸਰਵ-ਸੰਮਤੀ ਨਾਲ ਲਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਡਾ. ਬਲਦੇਵ ਸਿੰਘ ਢਿੱਲੋਂ ਪੀ.ਏ.ਯੂ. ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਵਾਈਸ ਚਾਂਸਲਰ ਹਨ ਜਿਹਨਾਂ  ਨੂੰ ਕਾਰਜਕਾਲ ਵਿੱਚ ਲਗਾਤਾਰ ਤਿੰਨ ਵਾਰੀ ਵਾਈਸ ਚਾਂਸਲਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਡਾ. ਢਿੱਲੋਂ ਦੀ ਅਗਵਾਈ ਵਿੱਚ ਪੀ.ਏ.ਯੂ. ਨੇ ਬੀਤੇ ਇੱਕ ਦਹਾਕੇ ਵਿੱਚ ਵਿਸ਼ੇਸ਼ ਤੌਰ ਤੇ ਨਾਮਣਾ ਖੱਟਿਆ ਹੈ। ਯੂਨੀਵਰਸਿਟੀ ਨੂੰ 1995 ਤੋਂ ਬਾਅਦ ਜਿੱਥੇ ਸਰਦਾਰ ਪਟੇਲ ਆਊਟਸਟੈਡਿੰਗ ਇੰਸਟੀਚਿਊਸ਼ਨ ਐਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ ਉਥੇ ਇਸੇ ਸਾਲ ਭਾਰਤ ਸਰਕਾਰ ਵੱਲੋਂ ਡਾ. ਢਿੱਲੋਂ ਦੀਆਂ ਖੇਤੀ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ 'ਪਦਮ ਸ਼੍ਰੀ' ਸਨਮਾਨ ਨਾਲ ਵੀ ਨਿਵਜ਼ਿਆ ਗਿਆ ਸੀ। ਡਾ.ਢਿੱਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਦੇ ਕਿਸਮ ਸੁਧਾਰਕ ਵਜੋਂ ਜਾਣੇ ਜਾਂਦੇ ਹਨ। ਅਣਥੱਕ ਮਿਹਨਤ, ਸਹੀ ਸੇਧ ਤੇ ਅਗਵਾਈ ਅਤੇ ਨਿਰੰਤਰ ਗਤੀਸ਼ੀਲਤਾ ਉਹਨਾਂ ਦੀ ਸਖਸ਼ੀਅਤ ਦੇ ਜਾਣੇ-ਪਛਾਣੇ ਗੁਣ ਹਨ। ਉਹ ਪਿਛਲੇ ਅੱਠ ਸਾਲ ਤੋਂ ਪੀ.ਏ.ਯੂ ਦੇ ਵਾਈਸ ਚਾਂਸਲਰ ਵਜੋਂ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ ਡਾਇਰੈਕਟਰ, ਨਾਨ ਟੀਚਿੰਗ ਸਟਾਫ਼, ਵਿਦਿਆਰਥੀਆਂ, ਖੇਤੀ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਅਤੇ ਅਕਾਦਮਿਕ ਹਲਕਿਆਂ ਵੱਲੋਂ ਦੇਸ਼-ਵਿਦੇਸ਼ ਤੋਂ ਡਾ. ਢਿੱਲੋਂ ਨੂੰ ਵਧਾਈ ਸੰਦੇਸ਼ ਪ੍ਰਾਪਤ ਹੋ ਰਹੇ ਹਨ । ਇਹ ਪੀ.ਏ.ਯੂ. ਪ੍ਰਸ਼ਾਸਨ ਦੇ ਇਤਿਹਾਸ ਵਿੱਚ ਬੇਹੱਦ ਅਹਿਮ ਪਲ ਹੈ। ਨਿਸ਼ਚੇ ਹੀ ਉਹਨਾਂ ਦੀ ਅਗਵਾਈ ਵਿੱਚ ਪੀ.ਏ.ਯੂ. ਪੰਜਾਬ ਦੀ ਖੇਤੀ ਨੂੰ ਸਾਰਥਕ ਲੀਹਾਂ ਤੇ ਤੋਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ।

Wednesday, September 20, 2017

ਪੀਏਯੂ ਕਿਸਾਨ ਮੇਲਿਆਂ ਦੀ ਪਰੰਪਰਾ ਅੱਧੀ ਸਦੀ ਦਾ ਸਫ਼ਰ-ਡਾ. ਢਿੱਲੋਂ

Wed, Sep 20, 2017 at 5:32 PM
ਪੰਜਾਬ ਦੇ ਕੋਨੇ ਕੋਨੇ  ਵਿੱਚ ਜਾ ਕੇ ਦੇਂਦੀ ਹੈ ਖੁਸ਼ਹਾਲੀ ਦਾ ਸੁਨੇਹਾ
ਲੁਧਿਆਣਾ: 20 ਸਤੰਬਰ 2017: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਕਈ ਵਾਰ ਤਕਨੀਕੀ ਵਿਕਾਸ ਸੁੱਖ ਸਹੂਲਤ ਤਾਂ ਦੇਂਦੇ ਹਨ ਪਰ ਸਕੂਨ ਨਹੀਂ ਦੇਂਦੇ। ਜੋ ਗੱਲ ਘੜਿਆਂ ਦੇ ਪਾਣੀ, ਕੱਚੀਆਂ ਕੰਧਾਂ ਵਾਲੇ ਘਰਾਂ, ਸਰਪੋਸ ਦੀਆਂ ਰੋਟੀਆਂ ਅਤੇ ਖੂਹ ਵਾਲੇ ਪਾਣੀਆਂ ਵਿੱਚ ਸੀ ਉਹ ਗੱਲ ਅੱਜ ਦੇ ਆਧੁਨਿਕ ਯੁਗ ਦੀਆਂ ਸੁੱਖ ਸਹੂਲਤਾਂ ਵਿੱਚ ਨਹੀਂ ਹੈ। ਵਿਕਾਸ ਦੀ ਇਸ ਹਨੇਰੀ ਵਿੱਚ ਸਕੂਨ ਗੁਆਚ ਗਿਆ ਹੈ। ਨਿਰਾਸ਼ਾ ਵੱਧ ਰਹੀ ਹੈ। ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ। ਮਹਿੰਗੀ ਸਿੱਖਿਆ ਕਿਸੇ ਕੰਮ ਵੀ ਨਹੀਂ ਆ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਸਾਰੇ ਵਰਤਾਰੇ 'ਤੇ ਨਜ਼ਰ ਰੱਖਦੀ ਹੋਈ ਇਸ ਸਕੂਨ ਨੂੰ ਮੁੜ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁਝੀ ਹੋਈ ਹੈ। ਵੱਖ ਥਾਵਾਂ 'ਤੇ ਕਿਸਾਨ ਮੇਲਿਆਂ ਦਾ ਸਿਲਸਿਲਾ ਇਹਨਾਂ ਕੋਸ਼ਿਸ਼ਾਂ ਦੀ ਹੀ ਇੱਕ ਕੜੀ ਹੈ। ਇੰਟਰਨੈਟ ਅਤੇ ਵੀਡੀਓ ਕਾਨਫਰੰਸਿੰਗ ਦੇ ਇਸ ਜ਼ਮਾਨੇ ਵਿਛਕ ਜਦੋਂ ਪੀਏਯੂ ਦੇ ਵਿਗਿਆਨੀ ਸਥਾਨਕ ਲੋਕਾਂ ਦੀਆਂ ਤਕਲੀਫ਼ਾਂ ਸੁਣਦੇ ਹਨ, ਉਹਨਾਂ ਦੇ ਹੱਲ ਦੱਸਦੇ ਹਨ ਤਾਂ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡੇ ਵੱਡੇ ਪਰਿਵਾਰ ਦਾ ਮੁਖੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਕਿਸੇ ਰੱਬ ਵਾਂਗੂ ਆ ਬਹੁੜਿਆ ਹੋਵੇ। 
ਪੰਜਾਬ ਦੀ ਹਰ ਨੁੱਕਰੇ ਕਿਸਾਨੀ ਲਈ ਪੰਜਾਬ ਦੀ ਖੁਸ਼ਹਾਲੀ ਦੇ ਹੀਲੇ ਵਸੀਲੇ ਕਰ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਸਲ ਵਿੱਚ ਡੂੰਘੀ ਨਿਰਾਸ਼ਾ ਵਾਲੇ ਹਨੇਰਿਆਂ ਵਿੱਚ ਆਸਾਂ ਉਮੀਦਾਂ ਅਤੇ ਸਫਲਤਾਵਾਂ ਦੇ ਨਵੇਂ ਚਿਰਾਗ ਜਗਾ ਰਹੀ ਹੈ। ਆਤਮ ਵਿਸ਼ਵਾਸ ਅਤੇ ਸਵੈ ਰੋਜ਼ਗਾਰ ਵਾਲਿਆਂ ਮਸ਼ਾਲਾਂ ਬਾਲ ਰਹੀ ਹੈ। 
ਹਰ ਸਾਲ ਵਾਂਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਤੰਬਰ ਮਹੀਨੇ ਹਾੜੀ ਦੇ ਮੇਲੇ ਲਾ ਰਹੀ ਹੈ। ਇਸ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਇਹ ਕਿਸਾਨ ਮੇਲਾ 22-23 ਸਤੰਬਰ ਨੂੰ ਲੱਗੇਗਾ ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਹੋਣਗੇ। 
ਪੀਏਯੂ ਦੇ ਵਾਈਸ ਚਾਂਸਲਰ, ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਕਿਸਾਨ ਮੇਲੇ ਵਿੱਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੀਏਯੂ ਦੇ ਕਿਸਾਨ ਮੇਲਿਆਂ ਦੀ ਇਹ ਪਰੰਪਰਾ ਅੱਧੀ ਸਦੀ ਦੀ ਹੋ ਗਈ ਹੈ। ਪੀਏਯੂ ਨੂੰ ਇਸ ਗੱਲ ਦਾ ਮਾਣ ਹੈ ਕਿ ਅਜਿਹੇ ਕਿਸਾਨ ਮੇਲੇ ਸਭ ਤੋਂ ਪਹਿਲਾਂ ਇਸ ਪੰਜਾਬ ਦੀ ਧਰਤੀ ਤੇ ਲਾਉਣੇ ਆਰੰਭੇ ਅਤੇ ਅੱਜ ਇਹ ਅੱਧੀ ਸਦੀ ਦਾ ਇਤਿਹਾਸ ਸਿਰਜ ਚੁੱਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਤੇ ਵਿਕਸਿਤ ਤਕਨੀਕਾਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਲੈ ਕੇ ਜਾਣ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਐਗਰੋ ਇੰਡਸਟ੍ਰੀਅਲ ਪ੍ਰਦਰਸ਼ਨੀਆਂ, ਸਵਾਲ-ਜਵਾਬਾਂ ਦਾ ਤਕਨੀਕੀ ਸ਼ੈਸ਼ਨ, ਖੇਤੀ ਪ੍ਰਦਰਸ਼ਨੀਆਂ, ਭੂਮੀ ਅਤੇ ਪਾਣੀ ਦੀ ਜਾਂਚ, ਗ੍ਰਹਿ ਵਿਗਿਆਨ ਕਾਲਜ ਦੇ ਉਤਪਾਦਨਾਂ ਦੇ ਮੁਕਾਬਲੇ, ਖੇਤੀ ਸਾਹਿਤ ਅਤੇ ਰੰਗਾਰੰਗ ਪ੍ਰੋਗਰਾਮ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਹੋਣਗੇ । ਡਾ. ਕੁਮਾਰ ਨੇ ਕਿਹਾ ਕਿ ਇਹ ਮੇਲੇ ਸਾਡੇ ਲਈ ਸਭ ਤੋਂ ਵਧੀਆ ਮੌਕਾ ਹੁੰਦੇ ਹਨ ਜਦੋਂ ਅਸੀਂ ਕਿਸਾਨਾਂ ਤੋਂ ਉਹਨਾਂ ਦੇ ਖੇਤੀ ਤਜਰਬਿਆਂ ਨੂੰ ਜਾਣ ਸਕਦੇ ਹਾਂ। ਇਸੇ ਅਧਾਰ ਤੇ ਹੀ ਯੂਨੀਵਰਸਿਟੀ ਦੀ ਖੋਜ ਨੂੰ ਦਿਸ਼ਾ ਦਿੱਤੀ ਜਾਂਦੀ ਹੈ। 
ਪੀਏਯੂ ਦੇ ਨਿਰਦੇਸ਼ਕ ਬੀਜ, ਡਾ. ਟੀ ਐਸ ਢਿੱਲੋਂ ਨੇ ਕਿਹਾ ਕਿ ਕਿਸਾਨ ਮੇਲੇ ਦੌਰਾਨ ਕਣਕ, ਜੌਂ, ਛੋਲੇ, ਮਸਰ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ, ਅਲਸੀ, ਜਵੀਂ, ਰਾਈ ਘਾਹ, ਮੇਥੇ ਅਤੇ ਅਜਵੈਣ ਆਦਿ ਫ਼ਸਲਾਂ ਦੀਆਂ ਕਿਸਮਾਂ ਦੇ ਬੀਜ ਖਰੀਦਣ ਲਈ ਉਪਲੱਬਧ ਹੋਣਗੇ । ਇਸ ਤੋਂ ਇਲਾਵਾ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਸਰਦੀਆਂ ਦੀਆਂ ਸਬਜ਼ੀਆਂ ਦੇ ਬੀਜਾਂ ਦੇ ਛੋਟੇ ਪੈਕੇਟ ਵੀ ਮੇਲੇ ਦੌਰਾਨ ਵੇਚੇ ਜਾਣਗੇ। ਹੁਣ ਦੇਖਣਾ ਹੈ ਕਿ ਪੰਜਾਬ ਦੇ ਲੋਕ ਕਿੰਨੀ ਛੇਤੀ ਪੀਏਯੂ ਦੀਆਂ ਇਹਨਾਂ ਇਤਿਹਾਸਿਕ ਕੋਸ਼ਿਸ਼ਾਂ ਨੂੰ ਹੁੰਗਾਰਾ ਭਰਦੇ ਹਨ। 

Sunday, September 10, 2017

ਖੁਦਕੁਸ਼ੀਆਂ ਅਤੇ ਰੋਕਥਾਮ ਬਾਰੇ PAU ਵੱਲੋਂ ਸਨਸਨੀਖੇਜ਼ ਖੁਲਾਸੇ

ਖੁਦਕੁਸ਼ੀਆਂ ਰੋਕਣ ਦੇ ਵਿਸ਼ਵ ਦਿਵਸ ਮੌਕੇ 'ਉਤਸ਼ਾਹ' ਦੀ ਲਹਿਰ ਲਾਂਚ 

ਲੁਧਿਆਣਾ: 10 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 

ਜਦ ਜਦ ਵੀ ਪੰਜਾਬ 'ਤੇ ਸੰਕਟ ਆਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਵਿਗਿਆਨੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਕ ਜ਼ਰੂਰੀ ਫਰਜ਼ ਵਾਂਗ ਨਿਭਾਇਆ। ਭਾਵੇਂ ਪੰਜਾਬ ਵੀ ਵਿੱਚ ਕਿਸੇ ਜ਼ਮਾਨੇ ਵਿੱਚ ਲਿਆਂਦੇ ਗਏ ਹੜ੍ਹਾਂ ਦਾ ਮਾਮਲਾ ਸੀ ਅਤੇ ਭਾਵੇਂ ਚਿੱਟੀ ਮੱਖੀ ਜਾਂ ਪੂੰਜੀਵਾਦੀ ਦੌਰ ਦੇ ਮਾਇਆਜਾਲ ਵਾਲੇ ਬਲਿਊ ਵੇਲ੍ਹ ਦੇ ਆਤਮਘਾਤੀ ਵਰਤਾਰੇ ਦਾ ਹਮਲਾ; ਪੀਏਯੂ ਨੇ ਨਿਡਰਤਾ ਅਤੇ ਨਿਰਪੱਖਤਾ ਨਾਲ ਸੱਚ ਦੀ ਆਵਾਜ਼ ਬੁਲੰਦ ਕੀਤੀ। ਅੱਜ ਜਦੋਂ ਦੁਨੀਆ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਸਬੰਧੀ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਵੀ ਪੀਏਯੂ ਨੇ ਪੰਜਾਬ ਵਿੱਚ ਗੰਭੀਰ ਬਣ ਚੁੱਕੀ ਇਸ ਸਮੱਸਿਆ ਬਾਰੇ ਜ਼ਮੀਨੀ ਹਕੀਕਤਾਂ ਵਾਲੇ ਅਹਿਮ ਪ੍ਰਗਟਾਵੇ ਕੀਤੇ। ਮੰਚ ਤੋਂ ਦੱਸਿਆ ਗਿਆ ਕਿ ਜੇ ਸੱਤ ਵਿਅਕਤੀ ਖੁਦਕੁਸ਼ੀਆਂ ਦੀ ਕੋਸ਼ਿਸ਼ ਕਰਦੇ ਹਨ ਤਾਂ ਰਿਪੋਰਟ ਸਿਰਫ ਮਰਨ ਵਾਲੇ ਇੱਕ ਵਿਅਕਤੀ ਦੀ ਹੀ ਆਉਂਦੀ ਹੈ। ਬਾਕੀ ਜਿਊਂਦੇ ਬਚ ਗਏ ਛੇ ਵਿਅਕਤੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਅੱਜ ਦੇ ਸਮਾਗਮ ਵਿੱਚ ਜਿੱਥੇ ਜੇਤੂ ਕਲਮਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਖੁਦਕੁਸ਼ੀਆਂ ਦੇ ਮਸਲੇ ਬਾਰੇ ਗੰਭੀਰਤਾ ਨਾਲ ਕੀਤੇ ਗਏ ਸਰਵੇਖਣਾਂ ਦਾ ਨਿਚੋੜ ਵੀ ਦਸਿਆ ਗਿਆ। ਇਹ ਸਰਵੇਖਣ ਘਰਾਂ ਜਾਂ ਏਅਰ ਕੰਡੀਸ਼ੰਡ ਦਫਤਰਾਂ ਵਿੱਚ ਬੈਠ ਕੇ ਸੈਂਪਲਾਂ ਜਾਂ ਹੋਰ ਤਕਨੀਕਾਂ ਨਾਲ ਤਿਆਰ ਨਹੀਂ ਸਨ ਕੀਤੇ ਗਏ।।  ਖੁਦਕੁਸ਼ੀਆਂ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨੇੜਿਓਂ ਜਾ ਕੇ ਮੁਲਾਕਾਤਾਂ ਕੀਤੀਆਂ ਗਈਆਂ ਸਨ। ਇੱਕ ਇੱਕ ਵਿਅਕਤੀ ਨਾਲ ਮਿਲ ਕੇ ਉਸਦੇ ਮਨ ਨੂੰ ਟੋਹਿਆ ਗਿਆ ਸੀ। ਜਿਹਨਾਂ ਪਿੰਡਾਂ ਵਿੱਚ ਖੁਦਕੁਸ਼ੀਆਂ ਮਗਰੋਂ ਵੀ ਏਕੇ ਅਤੇ ਪ੍ਰੇਮ ਦੀ ਭਾਵਨਾ ਨਹੀਂ ਜਾਗੀ ਉਹਨਾਂ ਦਾ ਵੀ ਪਤਾ ਲਗਾਇਆ ਗਿਆ ਸੀ ਅਤੇ ਜਿਹਨਾਂ ਨੇ ਇਸ ਵਰਤਾਰੇ ਦਾ ਮੂੰਹ ਤੋੜ ਜੁਆਬ ਦੇਣ ਲਈ ਮਨੁੱਖਤਾ ਵਾਲੀ ਭਾਵਨਾ ਅਤੇ ਸਰੱਬਤ ਦੇ ਭਲੇ ਵਾਲੀ ਭਾਵਨਾ ਨੂੰ ਸੁਰਜੀਤ ਕਰ ਲਿਆ ਸੀ ਉਹਨਾਂ ਪਿੰਡਾਂ ਦਾ ਵੀ ਪਤਾ ਲਗਾਇਆ ਗਿਆ। ਸਰਵੇਖਣਾਂ ਵਿੱਚ ਹਰ ਪੱਖ ਦੀ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਗਿਆ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ 'ਉਤਸ਼ਾਹ' ਅਧੀਨ ਅੱਜ ਇਥੇ ਖੁਦਕੁਸ਼ੀਆਂ ਰੋਕਣ ਸੰਬੰਧੀ ਵਿਸ਼ਵ ਦਿਵਸ ਮਨਾਇਆ ਗਿਆ। ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਿਆਰਥੀ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ ਵੱਡੀ ਹਾਜ਼ਰੀ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। 
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਰੋਮਣੀ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿਥੇ ਹੁਣ ਤੱਕ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਨੂੰ ਨਜਿੱਠਦਿਆਂ ਉਹਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਿਆ ਹੈ ਉਥੇ ਹੁਣ ਇਹ ਯੂਨੀਵਰਸਿਟੀ ਨਵੇਂ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਮਾਨਸਿਕ ਸਿਹਤ ਸੰਭਾਲ ਸੰਬੰਧੀ  ਨਵੇਂ ਸ਼ਬਦਾਂ ਦੀ ਵੀ ਖੋਜ ਵਿੱਚ ਜੁਟ ਗਈ ਹੈ। ਡਾ. ਪਾਤਰ ਨੇ ਕਿਹਾ ਕਿ ਅਸਲ ਵਿੱਚ ਅਸੀਂ ਸ਼ਬਦਾਂ ਦੇ ਹੀ ਸਿਰਜੇ ਹੋਏ ਹਾਂ। ਸਾਡੇ ਸ਼ਬਦਾਂ ਦੀ ਚੋਣ ਲਾਜ਼ਮੀ ਤੌਰ ਤੇ ਸਾਡੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲੇਖਕਾਂ ਨੂੰ ਵੀ ਭਰਪੂਰ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਧੁਰੇ ਤੇ ਅਸੀਂ ਖੜੇ ਹਾਂ ਉਸ ਵਰਗ ਦੀਆਂ ਮੁਸ਼ਕਿਲਾਂ ਤੋਂ ਸਾਨੂੰ ਜ਼ਰੂਰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਪੰਜਾਬ ਵਿੱਚ 'ਉਤਸ਼ਾਹ' ਦੀ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਹਰ ਪਿੰਡ ਦੇ ਸੂਝਵਾਨ ਨੌਜਵਾਨਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਚੜ•ਦੀ ਕਲਾ ਦਾ ਮਾਹੌਲ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀਵਨ ਹੈ ਹੀ ਸੁੱਖਾਂ ਅਤੇ ਦੁੱਖਾਂ ਦਾ ਸੁਮੇਲ। ਕਿਰਤ ਕਰਨ, ਸਾਂਝੀਵਾਲਤਾ ਅਤੇ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨ ਨਾਲ ਹੀ ਸਮਾਜ ਵਿੱਚ ਅਜਿਹੀਆਂ ਅਣਹੋਣੀਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਬੇਲੋੜੇ ਖਰਚਿਆਂ ਨੂੰ ਘਟਾ ਕੇ ਸਾਦਗੀ ਭਰਿਆ ਜੀਵਨ ਜਿਊਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਡਾ. ਢਿੱਲੋਂ ਨੇ ਸਬਰ, ਸੰਤੋਖ, ਅਨੁਸ਼ਾਸਨ, ਸਖਤ ਮਿਹਨਤ ਪਰਿਵਾਰਕ ਭਾਈਚਾਰੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰ ਵਿੱਚ ਅਤੇ ਆਲੇ ਦੁਆਲੇ ਦੇ ਮਨੁੱਖਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਉੱਪਰ ਮਾਨਸਿਕ ਸਿਹਤ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ 'ਉਤਸ਼ਾਹ' ਦੀ ਲਹਿਰ ਅਧੀਨ ਉਹਨਾਂ ਲੋਕਾਂ ਨੂੰ ਮੁੱਢਲੀ ਮਾਨਸਿਕ ਸਿਹਤ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਮਾਨਸਿਕ ਸੰਕਟਾਂ ਵਿੱਚ ਘਿਰੇ ਹੋਏ ਹਨ। 
ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਗੁਰਿੰਦਰ ਕੌਰ ਸੰਘਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਅੱਜ ਦੇ ਇਸ ਦਿਵਸ ਲਈ ਸਾਡੇ ਕੋਲ 873 ਬੱਚਿਆਂ ਅਤੇ ਨੌਜਵਾਨਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਭਰ ਦੇ 19 ਜ਼ਿਲਿਆਂ ਦੇ 69 ਸਕੂਲਾਂ, ਕਾਲਜਾਂ ਵੱਲੋਂ ਐਂਟਰੀਆਂ ਰਾਹੀਂ ਲੇਖ, ਕਵਿਤਾਵਾਂ ਆਦਿ ਪ੍ਰਾਪਤ ਕੀਤੇ ਗਏ। 
ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਸਾਬਕਾ ਡੀਨ ਡਾ: ਦਵਿੰਦਰਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਨੋਵਿਗਿਆਨ ਪੱਖਾਂ ਤੇ ਚਾਨਣਾ ਪਾਇਆ। ਪੱਤਰਕਰੀ ਦੇ ਪ੍ਰੋਫੈਸਰ ਡਾ: ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਰੋਕਣ ਵਿੱਚ ਸਮਾਜ ਦੀ ਭੂਮਿਕਾ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿੱਖਣਾ ਅਤੇ ਸਿਖਾਉਣਾ ਚਾਹੀਦਾ ਹੈ। ਮੁਸ਼ਕਿਲਾਂ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ: ਜਤਿੰਦਰ ਕੌਰ ਗੁਲਾਟੀ, ਡੀਨ, ਕਾਲਜ ਆਫ ਹੋਮ ਸਾਇੰਸ ਨੇ ਤਣਾਅ ਤੋਂ ਮੁਕਤੀ ਪਾਉਣ ਦ ਤਰੀਕ ਸਾਂਝੇ ਕੀਤੇ ਗਏ। ਅਰਥ ਸ਼ਾਸਤਰ ਵਿਭਾਗ ਦੇ ਡਾ: ਸੁਖਪਾਲ ਸਿੰਘ ਨੇ ਖੁਦਕੁਸ਼ੀਆਂ  ਦੇ ਪ੍ਰਕੋਪ ਅਤੇ ਕਾਰਨਾਂ ਸੰਬੰਧੀ ਵੇਰਵੇ ਸਹਿਤ ਅੰਕੜੇ ਸਾਂਝੇ ਕੀਤੇ।
ਇਸ ਮੌਕੇ ਸਾਰੇ ਹਾਜ਼ਰ ਪਤਵੰਤਿਆਂ ਵੱਲੋਂ ਸਾਦਗੀ ਭਰੇ, ਨਸ਼ਾ ਰਹਿਤ ਜੀਵਨ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਣ ਵੀ ਲਿਆ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਬਹੁਤ ਸ਼ਲਾਘਾ ਹੋਈ। ਦੋ ਛੋਟੀਆਂ ਫਿਲਮਾਂ 'ਚੱਪਲ' ਅਤੇ 'ਪੰਡ' ਦੇ ਅੰਸ਼ ਵੀ ਦਿਖਾਏ ਗਏ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ, ਸ਼੍ਰੀਮਤੀ ਭੁਪਿੰਦਰ ਪਾਤਰ, ਡਾ: ਅਮਰਜੀਤ ਸਿੰਘ ਅਤੇ ਡਾ: ਐਮ ਐਸ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਖੁਦਕੁਸ਼ੀਆਂ  ਰੋਕਣ ਸੰਬੰਧੀ ਪੋਸਟਰਾਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। 

Saturday, May 06, 2017

ਕਣਕ ਦੇ ਰਹਿੰਦ-ਖੂਹੰਦ ਨੂੰ ਨਾ ਸਾੜੋ ਪੀਏਯੂ ਦੇ ਵਾਈਸ ਚਾਂਸਲਰ ਵੱਲੋਂ ਅਪੀਲ

 ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ-ਡਾ: ਢਿੱਲੋਂ 
ਲੁਧਿਆਣਾ: 6 ਮਈ 2017: (ਪੰਜਾਬ ਸਕਰੀਨ ਟੀਮ):: 
ਕਾਨੂੰਨੀ ਹੁਕਮਾਂ ਅਤੇ ਜਾਗ੍ਰਤੀ ਮੁਹਿੰਮਾਂ ਦੇ ਬਾਵਜੂਦ ਪਰਾਲੀ ਸਾੜਨ ਦਾ ਖਤਰਨਾਕ ਵਰਤਾਰਾ ਜਾਰੀ ਹੈ। ਹਵਾ ਨੂੰ ਜ਼ਹਿਰੀਲਾ ਬਣਾ ਕੇ ਮਨੁੱਖੀ ਸਿਹਤ ਲਈ ਨਵੇਂ ਖਤਰੇ ਪੈਦਾ ਕਰਦੇ ਇਸ ਰੁਝਾਣ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਪੀਏਯੂ ਵਿੱਚ ਸੱਦੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਬੜੇ ਹੀ ਦਿਲ ਟੁੰਬਵੇਂ ਸ਼ਬਦਾਂ ਇਹ ਅਪੀਲ ਇੱਕ ਵਾਰ ਫੇਰ ਦੁਹਰਾਈ ਕਿ ਪਰਾਲੀ ਨਾ ਸਾੜੀ ਜਾਏ। ਚੇਤੇ ਰਹੇ ਕਿ ਵੱਖ ਕਿਸਾਨ ਮੇਲਿਆਂ ਅਤੇ ਹੋਰਨਾਂ ਆਯੋਜਨਾਂ ਵਿੱਚ ਵੀ ਪੀਏਯੂ ਮਾਹਰਾਂ ਵੱਲੋਂ ਇਹ ਅਪੀਲ ਕਈ ਵਾਰ ਕੀਤੀ ਜਾ ਚੁੱਕੀ ਹੈ ਕਿ ਪਰਾਲੀ ਨਹੀਂ ਸਾੜੀ ਜਾਣੀ ਚਾਹੀਦੀ। 
ਜ਼ਿਕਰਯੋਗ ਹੈ ਕਿ ਕਣਕ ਦੀ ਗਹਾਈ ਤੋਂ ਬਾਅਦ ਕਣਕ  ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਸੰਬੰਧੀ ਮਾਨਯੋਗ ਉੱਚ ਅਦਾਲਤਾਂ ਅਤੇ ਹੋਰ ਵਾਤਾਵਰਨ ਸੰਬੰਧੀ ਅਦਾਰਿਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ । ਪੀਏਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵੀ ਅੱਜ ਯੂਨੀਵਰਸਿਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਣਕ ਦੇ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਅਪੀਲ ਕਰਦਿਆਂ ਇਸ ਦੇ ਹੋ ਰਹੇ ਵੱਖ-ਵੱਖ ਨੁਕਸਾਨਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਕੁਦਰਤ ਦਾ ਕਾਰਬਨ ਸਾਈਕਲ ਵਿਗੜਦਾ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ। ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਹਨਾਂ ਨਾਲ ਫ਼ਸਲਾਂ ਉੱਪਰ ਹੋਰ ਕੀੜੇ-ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਰੋਕਣ ਲਈ ਕਿਸਾਨ ਦੇ ਖਰਚੇ ਵੀ ਵੱਧਦੇ ਹਨ।  ਡਾ. ਢਿੱਲੋਂ ਨੇ ਕਿਹਾ ਕਿ ਉਹ ਆਪ ਖੁਦ ਇਕ ਕਿਰਸਾਨੀ ਪਰਿਵਾਰ ਵਿੱਚੋਂ ਹਨ ਅਤੇ ਜਾਣਦੇ ਹਨ ਕਿ ਨਾੜ ਅਤੇ ਪਰਾਲੀ ਸਾਂਭਣ ਲਈ ਖੇਚਲ ਅਤੇ ਖਰਚਾ ਕਰਨਾ ਪੈਂਦਾ ਹੈ। ਕੁਝ ਦਹਾਕੇ ਪਹਿਲਾਂ ਕਣਕ ਧੁੱਪੇ ਵੱਢੀ ਅਤੇ ਗਾਹੀ ਜਾਂਦੀ ਸੀ ਅਤੇ ਦਾਣੇ ਅਲੱਗ ਕਰਨ ਲਈ ਕਈ–ਕਈ ਦਿਨ ਹਵਾ ਦੀ ਉਡੀਕ ਕੀਤੀ ਜਾਂਦੀ ਸੀ। ਡਾ. ਢਿੱਲੋਂ ਨੇ ਕਿਹਾ ਕਿ ਸਾਡੇ ਇਹ ਮਿਹਨਤੀ ਕਿਸਾਨ ਜੇ ਹੰਭਲਾ ਮਾਰਨ ਤਾਂ ਇਸ ਨਾੜ ਅਤੇ ਗੁੱਥੇ ਨੂੰ ਸਾੜਨ ਦੀ ਬਜਾਏ ਧਰਤੀ ਵਿੱਚ ਰਲਾ ਸਕਦੇ ਹਨ।  ਡਾ. ਢਿੱਲੋਂ ਨੇ ਇਸ ਨਾੜ ਅਤੇ ਰਹਿੰਦ-ਖੂੰਹਦ ਨੂੰ ਸਮੇਟਣ ਦੇ ਤਰੀਕਿਆਂ ਦੀ ਚਰਚਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਿੱਟੀ ਵਿੱਚ ਵਾਹ ਦੇਣ। ਪਾਣੀ ਲਾ ਕੇ ਗਾਲਣ ਨਾਲ ਇਹ ਅਗਲੀ ਫ਼ਸਲ ਲਈ ਫਾਇਦੇਮੰਦ ਰਹਿੰਦੀ ਹੈ। ਜਿੱਥੋਂ ਤੱਕ ਖਰਚੇ ਦੀ ਗੱਲ ਹੈ ਐਤਕੀਂ ਝੋਨੇ ਅਤੇ ਕਣਕ ਦਾ ਝਾੜ ਆਮ ਨਾਲੋਂ ਜ਼ਿਆਦਾ ਹੀ ਰਿਹਾ ਹੈ। ਇਸ ਤੋਂ ਆਮਦਨ ਵਧੀ ਹੈ, ਉਹਨਾਂ ਵਿੱਚੋਂ ਥੋੜ੍ਹੇ ਪੈਸੇ ਇਸ ਨਾੜ ਨੂੰ ਵਿਉਂਤਣ ਵਿੱਚ ਲਾ ਦੇਣ ਚਾਹੀਦੇ ਹਨ। 
ਉਹਨਾਂ ਇਸ ਮੌਕੇ ਕਿਸਾਨਾਂ ਵਿੱਚ ਵਿਸਵਾਸ਼ ਜਤਾਉਦਿਆਂ ਕਿਹਾ ਕਿ  ਕਿਸਾਨਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਹੈ ਅਤੇ ਉਹ ਸਾਡੀ ਇਹ ਅਪੀਲ ਵੀ ਮੰਨਣਗੇ। ਕੁੱਲ ਧਰਤੀ ਦੀ ਸਿਹਤ, ਵਾਤਾਵਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹਨਾਂ ਕੁਦਰਤੀ ਸੋਮਿਆਂ ਨੂੰ ਸੰਭਾਲਣਾ ਸਾਡਾ ਸਭ ਦਾ ਸਾਂਝਾ ਸਰੋਕਾਰ ਹੈ। 
ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਦੁਹਰਾਇਆ ਕਿ ਕਿਸਾਨੀ ਅਤੇ ਸਮਾਜ ਦੇ ਭਲੇ ਲਈ ਉਹਨਾਂ ਨਾਲ ਹਰ ਪਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪ੍ਸਰਸਿੱਖਿਆ ਵਿਭਾਗ ਇਸ ਮਕਸਦ ਲਈ  ਹਰ ਵੇਲੇ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਉਹਨਾਂ ਭਰੋਸਾ ਦੁਆਇਆ ਕਿ ਇਸ ਮਕਸਦ ਲਈ ਉਹ ਮੀਡੀਆ ਨਾਲ ਵੀ ਉਚੇਚੇ ਤੌਰ ਤੇ ਮਿਲਦੇ ਰਹਿਣਗੇ।  
ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਵਾਤਾਵਰਣ  ਦੀ ਰਾਖੀ ਕਰਨਾ ਸਾਰੇ ਸਮਾਜ ਦਾ ਫਰਜ਼ ਬਣਦਾ  ਹੈ। ਇਸ ਜ਼ਿੰਮੇਵਾਰੀ ਨੂੰ ਅਸੀਂ ਸਾਰੇ ਸਮਝੀਏ ਤਾਂ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਸਿਰਫ ਕਣਕ ਹੀ ਨਹੀਂ ਬਲਕਿ ਹੋਰਨਾਂ ਦਰਖਤਾਂ ਵਗੈਰਾ ਦੀ ਰਹਿੰਦ ਖੂੰਹਦ ਵੀ ਨਹੀਂ ਸਾੜੀ  ਜਾਣੀ ਚਾਹੀਦੀ।  
ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ ਨੇ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਅਜਿਹੇ ਕੰਮਾਂ ਲਈ ਹੁਣ ਮੀਡੀਆ ਵੀ ` ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਕੇ ਅੱਗੇ ਆ ਰਿਹਾ ਹੈ। ਉਹਨਾਂ ਪ੍ਰੈਸ ਕਾਨਫਰੰਸ ਵਿੱਚ  ਆਏ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਵੀ ਕੀਤਾ ਅਤੇ ਯਕੀਨ ਵੀ ਦੁਆਇਆ ਕਿ ਉਹ ਸੰਚਾਰ ਕੇਮਦਰ ਵੱਲੋਂ ਮੀਡੀਆ ਨੂੰ ਹਰ ਸੰਭਵ ਸਹਿਯੋਗ ਦੇਣਗੇ। 
ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚੋਂ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ: ਰਾਜਿੰਦਰ ਸਿੰਘ ਸਿੱਧੂ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ  ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। 

Saturday, March 25, 2017

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰ

PAU ਕਿਸਾਨ ਮੇਲਿਆਂ ਨਾਲ ਵੱਧ ਰਿਹਾ ਹੈ ਸਹਾਇਕ ਧੰਦਿਆਂ ਵੱਲ ਝੁਕਾਅ 
ਲੁਧਿਆਣਾ: 24 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਇਸ ਵਾਰ ਫੇਰ ਕਿਸਾਨ ਮੇਲੇ ਵਿੱਚ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਅਜਿਹੇ ਬਹੁਤ ਸਾਰੇ ਲੋਕ ਮਿਲੇ ਜਿਹਨਾਂ ਦੀ ਆਰਥਿਕ ਹਾਲਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟਰੇਨਿੰਗ  ਕਰਕੇ ਤੇਜ਼ੀ ਨਾਲ ਸੁਧਰ ਰਹੀ ਹੈ। ਪੀਏਯੂ ਦੀ ਇਸ ਪਹਿਲ ਦਾ ਅਸਰ ਪੰਜਾਬ ਤੋਂ ਬਾਹਰੇ ਸੂਬਿਆਂ ਵਿੱਚ ਰਹਿੰਦੇ ਕਿਰਤੀਆਂ ਤੱਕ ਵੀ ਪਹੁੰਚ ਰਿਹਾ ਹੈ। ਕਿਰਤ ਕਮਾਈ ਵਿੱਚ ਹੁੰਦੇ ਵਾਧੇ ਕਰਕੇ ਇਹਨਾਂ ਦੇ  ਚਿਹਰਿਆਂ ਉੱਤੇ ਅਲੌਕਿਕ ਚਮਕ ਅਤੇ ਰੌਣਕ ਸੀ। ਖੁਸ਼ਹਾਲੀ ਦੇ ਇਹਨਾਂ ਤਜਰਬਿਆਂ ਨੂੰ ਕਈ ਲੋਕਾਂ ਨੇ ਨਾਲ ਸਾਂਝਾ ਕੀਤਾ।   ਖੇਤੀ ਬੀਜਾਂ ਦੇ ਨਾਲ ਨਾਲ ਕਿਤਾਬਾਂ ਦੇ ਸਟਾਲਾਂ ਨੇ ਵੀ ਕਿਸਾਨਾਂ ਨੂੰ ਆਕਰਸ਼ਿਤ ਕੀਤਾ। 
ਪੰਜਾਬ ਵਿੱਚ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਆ ਰਹੀ ਖੁਸ਼ਹਾਲੀ ਵਾਲੀ ਇਹ ਤਬਦੀਲੀ ਕਿਸਾਨ ਮੇਲੇ ਦਾ ਖਾਸ ਸੁਨੇਹਾ ਬਣ ਕੇ ਉਭਰ ਰਹੀ ਸੀ। ਇਸਦੇ ਜੋਸ਼ੋਖਰੋਸ਼ ਵਿੱਚ ਹੀ  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਆਈ ਸੀ ਆਰ ਆਈ ਐਸ ਏ ਟੀ, ਹੈਦਰਾਬਾਦ ਦੇ ਪ੍ਰਿੰਸੀਪਲ ਵਿਗਿਆਨੀ ਡਾ.ਹਰੀ ਡੀ. ਉਪਾਧਿਆਇ ਅਤੇ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਖੇਤੀ ਪੱਤਰਕਾਰ ਸ਼੍ਰੀ ਹਰੀਸ਼ ਦਮੋਦਰਨ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨਾਂ ਨੂੰ ਪੀਏਯੂ ਕਿਸਾਨ ਮੇਲਿਆਂ ਦੇ ਉਦੇਸ਼ 'ਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਓ, ਮੰਡੀਕਰਨ ਸੁਚੱਜਾ ਕਰੋ, ਲੇਖਾ ਜੋਖਾ ਲਾਓ' ਉੱਪਰ ਚੱਲਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਨਵੀਆਂ ਖੇਤੀ ਤਕਨੀਕਾਂ  ਨਾਲ ਜੁੜਨ ਲਈ ਕਿਹਾ। ਉਹਨਾਂ ਕਿਹਾ ਕਿ ਅਸੀਂ ਝਾੜ ਵਿੱਚ ਹੋਰ ਬਹੁਤਾ ਵਾਧਾ ਨਹੀਂ ਕਰ ਸਕਦੇ, ਪਰ ਲਾਗਤਾਂ ਦੀ ਸੰਜਮੀਂ ਵਰਤੋਂ ਕਰ ਕੇ ਆਪਣੀ ਆਮਦਨ ਵਿੱਚ ਜ਼ਰੂਰ ਵਾਧਾ ਕਰ ਸਕਦੇ ਹਾਂ। ਖੇਤੀ ਲਾਗਤਾਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਸਾਨਾਂ ਨੂੰ ਇਹਨਾਂ ਦੀ ਸਹੀ ਸਮੇਂ, ਸਹੀ ਜਗ੍ਹਾਂ, ਸਹੀ ਢੰਗ ਅਤੇ ਸਹੀ ਮਾਤਰਾ ਵਿੱਚ ਵਰਤੋਂ ਕਰਨ ਲਈ ਅਪੀਲ ਕੀਤੀ। ਖੇਤੀ ਵਿਭਿੰਨਤਾ ਅਤੇ ਜੈਵਿਕ ਖੇਤੀ ਬਾਰੇ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਆਪਣੇ ਖੇਤਾਂ ਵਿੱਚ ਸਬਜ਼ੀਆਂ, ਦਾਲਾਂ, ਫ਼ਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮਾਡਲ ਨੂੰ ਅਪਣਾਉਣ ਨਾਲ ਸਾਨੂੰ ਨਰੋਈ ਖੁਰਾਕ ਵੀ ਪ੍ਰਾਪਤ ਹੋਵੇਗੀ ਅਤੇ ਆਮਦਨ ਅਤੇ ਖੇਤੀ ਵੰਨ ਸੁਵੰਨਤਾ ਵਿੱਚ ਵੀ ਵਾਧਾ ਸੰਭਵ ਹੋਵੇਗਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਮਸ਼ੀਨੀਕਰਣ ਅਤੇ ਮੰਡੀਕਰਨ ਲਈ ਇਕਜੁਟ ਹੋ ਕੇ ਸਹਿਕਾਰੀ ਪੱਧਰ ਤੇ ਇਸ ਨੂੰ ਅਪਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਇਸ ਨਾਲ ਅਸੀਂ ਆਪਣੀਆਂ ਵੱਡੀਆਂ ਲਾਗਤਾਂ ਤੇ ਕਟੌਤੀ ਵੀ ਕਰ ਸਕਦੇ ਹਾਂ ਅਤੇ ਵਧੇਰੇ ਆਮਦਨ ਕਰ ਸਕਦੇ ਹਾਂ। ਰਸਾਇਣਾਂ ਦੇ ਅੰਧਾਧੁੰਦ ਛਿੜਕਾਅ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਹੋ ਰਹੇ ਨੁਕਸਾਨਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਨੇ ਇਹਨਾਂ ਦੀ ਲੋੜ ਅਨੁਸਾਰ ਅਤੇ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਕ ਵਰਤੋਂ ਕਰਨ ਲਈ ਕਿਹਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ। 
ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਡਾ. ਹਰੀ ਉਪਾਧਿਆਇ, ਪ੍ਰਿੰਸੀਪਲ ਵਿਗਿਆਨੀ, ਆਈ ਸੀ ਆਰ ਆਈ ਐਸ ਏ ਟੀ ਹੈਦਰਾਬਾਦ ਨੇ ਕਿਹਾ ਕਿ ਮੇਲੇ ਵਿੱਚ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਆਏ ਕਿਸਾਨਾਂ ਦੇ ਭਰਵੇਂ ਇਕੱਠ ਤੋਂ ਉਹਨਾਂ ਦੇ ਪੀਏਯੂ ਪ੍ਰਤੀ ਅਥਾਹ ਵਿਸਵਾਸ਼ ਦਾ ਇਜ਼ਹਾਰ ਹੁੰਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚੋ ਇੱਕ ਹੈ, ਜਿਸਦਾ ਸਿਹਰਾ ਪੀਏਯੂ ਵਿਗਿਆਨੀਆਂ ਅਤੇ ਪੰਜਾਬ ਦੇ ਸਿਰੜੀ ਕਿਸਾਨਾਂ ਦੇ ਸਿਰ ਜਾਂਦਾ ਹੈ। 
ਇਸ ਮੌਕੇ ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸ਼੍ਰੀ ਹਰੀਸ਼ ਦਮੋਦਰਨ, ਖੇਤੀ ਪੱਤਰਕਾਰ, ਇੰਡੀਅਨ ਐਕਸਪ੍ਰੈਸ ਨਵੀਂ ਦਿੱਲੀ ਨੇ ਕਿਸਾਨਾਂ ਨਾਲ ਖੇਤੀ ਜਿਨਸਾਂ ਅਤੇ ਕੇਂਦਰੀ ਨੀਤੀਆਂ ਬਾਰੇ ਗੱਲ ਕੀਤੀ। ਇਸ ਮੌਕੇ ਡਾ.ਬਲਦੇਵ ਸਿੰਘ ਢਿੱਲੋ, ਵਾਈਸ ਚਾਂਸਲਰ ਨੇ ਡਾ.ਹਰੀ ਡੀ.ਉਪਾਧਿਆਇ ਅਤੇ ਸ਼੍ਰੀ ਹਰੀਸ਼ ਦਮੋਦਰਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। 
ਇਸ ਮੌਕੇ ਖੇਤੀ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਅਤੇ ਯੂਨੀਵਰਸਿਟੀ ਵੱਲੋਂ ਖੋਜ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਖੋਜ, ਪੀਏਯੂ ਵੱਲੋਂ ਵੱਖੋ-ਵੱਖ ਫ਼ਸਲਾਂ, ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਦੀਆਂ 799 ਉੱਨਤ ਕਿਸਮਾਂ ਵਿਕਸਿਤ ਅਤੇ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ•ਾਂ ਸਦਕਾ ਖੇਤੀ ਪੈਦਾਵਾਰ ਵਿੱਚ ਕਈ ਗੁਣਾਂ ਵਾਧਾ ਹੋ ਸਕਿਆ ਹੈ ਅਤੇ ਅੱਜ ਸਾਡਾ ਦੇਸ਼ ਅੰਨ ਉਤਪਾਦਨ ਵਿੱਚ ਆਤਮ ਨਿਰਭਰ ਹੀ ਨਹੀਂ ਬਲਕਿ ਖੇਤੀ ਉਤਪਾਦਾਂ ਦਾ ਵੱਡੇ ਪੱਧਰ ਤੇ ਨਿਰਯਾਤ ਕਰ ਵੀ ਰਿਹਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਨਵੀਆਂ ਖੋਜਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਸਦਕਾ ਭਾਵੇਂ ਖੇਤੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ ਹੈ ਪਰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਮੌਸਮ ਦੀ ਬੇਭਰੋਸਗੀ, ਖੇਤੀ ਉਤਪਾਦਾਂ ਦੇ ਮੰਡੀਕਰਨ ਦੀ ਗੈਰਯਕੀਨਤਾ, ਤਾਪਮਾਨ ਦੇ ਵਧਣ ਕਾਰਨ ਨਮੀ, ਜ਼ਹਿਰੀਲੀਆਂ ਗੈਸਾਂ ਅਤੇ ਨਵੇਂ ਤਰਾਂ ਦੇ ਕੀੜੇ ਮਕੌੜੇ ਅਤੇ ਨਦੀਨਾਂ ਦੇ ਪੈਦਾ ਹੋਣ ਨਾਲ ਸਬੰਧਿਤ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਯੂਨੀਵਰਸਿਟੀ ਮਾਹਿਰਾਂ ਵੱਲੋਂ ਗਰਮੀ, ਸਰਦੀ, ਸੋਕੇ ਅਤੇ ਡੋਬੇ ਨੂੰ ਸਹਿਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਮੌਲੀਕਿਉਲਰ ਬ੍ਰੀਡਿੰਗ, ਨੈਨੋ ਤਕਨਾਲੋਜੀ, ਕੀੜੇ ਮਕੌੜਿਆਂ, ਬਿਮਾਰੀਆਂ ਅਤੇ ਮੌਸਮ ਦੀ ਅਗਾਉਂ ਭਵਿੱਖਬਾਣੀ, ਖੇਤੀ ਦਾ ਮਸ਼ੀਨੀਕਰਨ ਅਤੇ ਖੇਤੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਆਦਿ ਖੇਤਾਂ ਉੱਤੇ ਖੋਜ ਨੂੰ ਵਿਸੇਸ਼ ਹੁਲਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੀਏਯੂ ਵੱਲੋਂ ਬੀਟੀ ਨਰਮੇ ਦੀਆਂ ਕਿਸਮਾਂ/ਹਾਈਬ੍ਰਿਡ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਭੋਜਨ ਵਿੱਚ ਜ਼ਰੂਰੀ ਖੁਰਾਕੀ ਤੱਤ ਲੋੜੀਂਦੀ ਮਾਤਰਾ ਵਿੱਚ ਪੈਦਾ ਕਰਨ ਲਈ ਬਾਇਓਫੋਰਟੀਫਾਈਡ ਕਿਸਮਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਖਾਸ ਤੌਰ ਤੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੋ ਰਹੇ ਵਾਤਾਵਰਨ ਪ੍ਰਦੂਸ਼ਨ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਝੋਨੇ ਦੀ ਪਰਾਲੀ ਨੂੰ ਚਾਰੇ ਦੇ ਤੌਰ ਤੇ ਅਤੇ ਉਦਯੋਗਾਂ ਵਿੱਚ ਬਾਲਣ ਦੇ ਰੂਪ ਵਿੱਚ ਵਰਤਣ ਲਈ ਬੇਲਰ ਵਜੋਂ, ਫ਼ਸਲਾਂ ਵਿੱਚ ਮਲਚ ਦੇ ਤੌਰ ਤੇ ਵਿਛਾਉਣ ਲਈ ਅਤੇ ਖੁੰਭਾਂ ਦੀ ਕਾਸ਼ਤ ਲਈ ਕੰਪੋਸਟ ਦੇ ਤੌਰ ਤੇ ਵਰਤਣ ਲਈ ਸਿਫਾਰਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਨਵੀਆਂ ਖੇਤੀ ਤਕਨੀਕਾਂ ਦੇ ਨਾਲ-ਨਾਲ ਉਹਨਾਂ ਨੂੰ ਬਾਸਮਤੀ-4, ਬਾਸਮਤੀ-5, ਗੰਨੇ ਦੀਆਂ ਸੀ ਓ ਪੀਬੀ 92, ਸੀ ਓ ਪੀਬੀ 93 ਅਤੇ ਸੀ ਓ ਪੀਬੀ 94, ਅੰਗੂਰਾਂ ਦੀ ਸੁਪੀਰੀਅਰ ਸੀਡਲੈੱਸ ਅਤੇ ਬਿਲ ਦੀ ਕਾਗਜ਼ੀ ਕਿਸਮ  ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਚਾਨਣਾ ਪਾਇਆ। 

ਕਿਸਾਨ ਮੇਲੇ ਵਿੱਚ ਸ਼ਮੂਲੀਅਤ ਕਰ ਰਹੇ ਪਤਵੰਤਿਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ.ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲਿਆਂ 'ਚੰਗੀ ਖੇਤੀ' ਅਤੇ 'ਪ੍ਰੋਗਰੈਸਿਵ ਫਾਰਮਿੰਗ' ਅਤੇ ਹੋਰ ਖੇਤੀ ਸਾਹਿਤ ਨੂੰ ਪੜ੍ਹਨ ਦੀ ਤਾਕੀਦ ਕੀਤੀ ਤਾਂ ਜੋ ਵਿਗਿਆਨਿਕ ਲੀਹਾਂ ਤੇ ਚਲਦਿਆਂ ਖੇਤੀ ਕਰਕੇ ਜਿੱਥੇ ਕਿਸਾਨ ਵਧੇਰੇ ਆਰਥਿਕ ਮੁਨਾਫ਼ਾ ਕਮਾ ਸਕਣਗੇ ਉਥੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵੀ ਹੋ ਸਕੇ। 
ਕਿਸਾਨ ਮੇਲੇ ਮੌਕੇ ਰਵਾਇਤੀ ਖੇਤੀ ਤੋਂ ਹੱਟ ਕੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰ ਸ. ਜਗਤਾਰ ਸਿੰਘ ਬਰਾੜ ਵਾਸੀ ਮਹਿਮਾ ਸਾਰਜਾ, ਜ਼ਿਲਾ ਬਠਿੰਡਾ, ਸ.ਵਿੰਦਰ ਸਿੰਘ ਵਾਸੀ ਪਿੰਡ ਚੱਠਾ ਨਨਹੇੜਾ ਜ਼ਿਲਾ ਸੰਗਰੂਰ, ਸ.ਰਜਿੰਦਰ ਸਿੰਘ ਧਾਲੀਵਾਲ ਪਿੰਡ ਆਬੂਵਾਲ, ਜ਼ਿਲਾ ਲੁਧਿਆਣਾ ਨੂੰ ਪ੍ਰਦਾਨ ਕੀਤਾ ਗਿਆ। ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਸ.ਪਰਮਜੀਤ ਸਿੰਘ ਵਾਸੀ ਪਿੰਡ ਪਵਾਤ, ਜ਼ਿਲ•ਾ ਲੁਧਿਆਣਾ, ਸਵੈ ਕਾਸ਼ਤਕਾਰ ਅਤੇ ਪਾਣੀ ਪ੍ਰਬੰਧ ਦੀ ਤਕਨਾਲੋਜੀ ਅਤੇ ਤਕਨੀਕਾਂ ਨੂੰ ਅਪਨਾਉਣ ਵਾਲੇ ਸ.ਹਰਦੀਪ ਸਿੰਘ ਵਾਸੀ ਪਿੰਡ ਘੱਗਾ, ਜ਼ਿਲਾ ਪਟਿਆਲਾ ਅਤੇ ਜੈਵਿਕ ਖੇਤੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਸ.ਨਰਿੰਦਰ ਸਿੰਘ ਵਾਸੀ ਪਿੰਡ ਅੱਜੋਵਾਲ ਜ਼ਿਲਾ ਹੁਸ਼ਿਆਰਪੁਰ ਨੂੰ ਸੀ ਆਰ ਆਈ ਪੰਪਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਨਾਲ ਸਬੰਧਿਤ ਕਿੱਤਿਆਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਰੀ ਪੁਰਸਕਾਰ ਸ. ਅਪਰਪਾਲ ਸਿੰਘ ਵਾਸੀ ਪਿੰਡ ਤੁੰਗਵਾਲੀ  ਬਠਿੰਡਾ ਨੂੰ ਪ੍ਰਦਾਨ ਕੀਤਾ ਗਿਆ। 
ਇਸ ਮੌਕੇ ਖੇਤੀ ਖੋਜ ਨੂੰ ਵਿਸ਼ੇਸ਼ ਹੁਲਾਰਾ ਦੇਣ ਵਾਲੇ ਡਾ.ਵਰਿੰਦਰ ਸਿੰਘ ਸੋਹੂ, ਸੀਨੀਅਰ ਪਲਾਂਟ ਬਰੀਡਰ, ਡਾ.ਨਰਿੰਦਰ ਸਿੰਘ, ਸੀਨੀਅਰ ਪਲਾਂਟ ਪਥਾਲੋਜਿਸਟ, ਡਾ.ਸੁਰੇਸ਼ ਕੁਮਾਰ ਜਿੰਦਲ, ਅਸਿਸਟੈਟ ਵੈਜੀਟੇਬਲ ਬਰੀਡਰ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਮੁੱਚੀ ਟੀਮ ਦਾ ਐਵਾਰਡ ਕੇ ਵੀ ਕੇ ਅੰਮ੍ਰਿਤਸਰ ਨੂੰ ਦਿੱਤਾ ਗਿਆ। ਇਸੇ ਤਰਾਂ ਕੈਸ਼ ਲੈੱਸ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਐਵਾਰਡ ਪਟਿਆਲਾ ਅਤੇ ਰੋਪੜ ਨੂੰ ਦਿੱਤਾ ਗਿਆ। ਇਸ ਮੌਕੇ ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਮੁੱਖ ਮਹਿਮਾਨ ਡਾ. ਢਿੱਲੋਂ ਅਤੇ ਉੱਚ ਅਧਿਕਾਰੀਆਂ ਪਾਸੋਂ ਡਾ. ਗੁਰਚਰਨ ਸਿੰਘ ਕਾਲਕਟ, ਡਾ. ਕੇ ਐਸ ਨੰਦਪੁਰੀ, ਡਾ. ਟੀ ਐਸ ਸੋਹਲ ਅਤੇ ਡਾ. ਏ ਐਸ ਕਾਹਲੋਂ ਦੀਆਂ ਜੀਵਨੀਆਂ ਦੇ ਨਾਲ  ਯੂਨੀਵਰਸਿਟੀ ਦੀਆਂ ਹੋਰ ਖੇਤੀ ਪ੍ਰਕਾਸ਼ਨਾਵਾਂ ਰਿਲੀਜ਼ ਕਰਵਾਈਆਂ। 
ਇਸ ਮੌਕੇ ਡਾ. ਪੁਸ਼ਪਿੰਦਰ ਸਿੰਘ ਔਲਖ, ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਵੱਖ ਵੱਖ  ਵਿਭਾਗਾਂ ਵੱਲੋਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾ ਕੇ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸਵਾਲ ਜਵਾਬ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਕਿਸਾਨਾਂ ਨੇ ਖੇਤੀ ਨੂੰ ਦਰੇਪਸ਼ ਸਮੱਸਿਆਵਾਂ ਮਾਹਿਰਾਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਉਹਨਾਂ ਨੂੰ ਸੁਯੋਗ ਹੱਲ ਦੱਸੇ ਗਏ।

Friday, January 27, 2017

ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ-VC ਡਾ. ਢਿੱਲੋਂ

PAU ਵਿਖੇ ਮਨਾਇਆ ਗਿਆ 68ਵਾਂ ਗਣਤੰਤਰ ਦਿਵਸ 

ਲੁਧਿਆਣਾ: 26 ਜਨਵਰੀ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਸਰਦੀ ਦੇ ਮੌਸਮ ਵਿੱਚ ਰਾਤ ਤੋਂ ਜਾਰੀ ਬਰਸਾਤ ਅਤੇ ਸੀਤ ਲਹਿਰ ਨੇ ਭਾਂਵੇਂ ਮਾਹੌਲ ਨੂੰ ਬਰਫੀਲਾ ਬਣਾ ਦਿੱਤਾ ਸੀ ਪਰ ਕੌਮੀ ਤਿਓਹਾਰ ਗਣਤੰਤਰ ਦਿਵਸ ਦੇ ਉਤਸ਼ਾਹ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ, ਪ੍ਰੋਫੈਸਰਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਜੋਸ਼ ਸਾਹਮਣੇ ਕਾਂਬਾ ਛੇੜਣ ਵਾਲੀ ਠੰਡ ਦੀ ਵੀ ਇੱਕ ਨ ਚੱਲੀ। ਪੀਏਯੂ ਦੇ ਕੁਦਰਤੀ ਰੰਗਾਂ ਵਾਲੇ ਮਾਹੌਲ ਨੇ ਇਸ ਮੌਕੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਸੀ। ਸਮਾਗਮ ਦਾ ਸ਼ੁਭ ਆਰੰਭ ਕੌਮੀਜੀਤ ਜਨ ਗਨ ਮਨ ਨਾਲ ਹੋਇਆ। ਇਸ ਸਮਾਗਮ ਵਿੱਚ 26 ਜਨਵਰੀ ਦੀਆਂ ਵਧਾਈਆਂ ਦੇ ਨਾਲ ਨਾਲ ਪੀਏਯੂ ਦੀਆਂ ਪ੍ਰਾਪਤੀਆਂ, ਖੇਤੀ ਖੋਜ ਦੇ ਤਜਰਬਿਆਂ, ਕਿਸਾਨੀ ਵਿਕਾਸ ਦੀਆਂ ਯੋਜਨਾਵਾਂ ਅਤੇ ਮਾਰਕੀਟਿੰਗ ਖੇਤਰ ਦੀਆਂ ਚੁਣੌਤੀਆਂ ਬਾਰੇ ਵੀ ਗੱਲਾਂ ਹੋਈਆਂ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਨ ਐਨ ਸੀ ਦੇ ਵਿਦਿਆਰਥੀਆਂ ਨਾਲ ਸਲਾਮੀ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਰਾਜ ਅਤੇ ਭਾਰਤ ਦੇਸ਼ ਨੂੰ ਭੋਜਨ ਪੱਖੋਂ ਭਰਪੂਰ ਬਣਾਉਣ ਲਈ ਹਾਲੇ ਬਹੁਤ ਕੰਮ ਕਰਨੇ ਬਾਕੀ ਹਨ ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅਹਿਮ ਰੋਲ ਨਿਭਾਉਂਦੇ ਰਹਿਣਾ ਹੈ। ਪੰਜਾਬੀਆਂ ਦੇ ਇਸ ਵੱਡੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਹੁਣ ਸਾਡਾ ਫਰਜ ਬਣਦਾ ਹੈ ਕਿ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਬਿਨਾਂ ਸ਼ੱਕ ਅੰਨ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੈ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਇਆ। ਅਸੀਂ ਪੰਜਾਬੀ ਕਿਸਾਨਾਂ ਨਾਲ ਆਪਣਾ ਭਰੋਸਾ ਬਣਾਈ ਰੱਖਣਾ ਹੈ, ਇਸੇ ਵਿੱਚ ਹੀ ਯੂਨੀਵਰਸਿੰਟੀ ਦੀ ਵੱਡੀ ਸਫਲਤਾ ਹੈ। ਡਾ ਢਿੱਲੋਂ ਨੇ ਕਿਹਾ ਕਿ ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਚਿੱਟੀ ਮੱਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਇਕੱਠੇ ਯਤਨਾਂ ਕਰਕੇ ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕੇ ਹਾਂ। ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਝੋਨੇ ਦੀਆਂ ਸਿਫਾਰਸ਼ ਕਿਸਮਾਂ ਅਧੀਨ ਸੂਬੇ ਵਿੱਚ ਰਕਬਾ ਵਧਿਆ ਹੈ ਅਤੇ ਸੂਬੇ ਵਿੱਚ ਰਸਾਇਣਾਂ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। 
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੀ ਆਜ਼ਾਦੀ ਦੇ ਗੌਰਵ ਦੇ ਨਾਲ–ਨਾਲ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ, ਦਾਜ–ਦਹੇਜ, ਭਰੂਣ ਹੱਤਿਆ, ਨਸ਼ਿਆਂ ਅਤੇ ਫਜ਼ੂਲ ਖਰਚੀ ਆਦਿ ਸਮਾਜ ਵਿਰੋਧੀ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਡਾ ਜਸਕਰਨ ਸਿੰਘ ਮਾਹਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਪਿਰਤਪਾਲ ਸਿੰਘ ਲੁਬਾਣਾ, ਵੱਖ–ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਵਿਸ਼ਾਲ ਬੈਕਟਰ ਨੇ ਕਹੇ। ਐਨ ਸੀ ਸੀ ਪਰੇਡ ਡਾ: ਲਵਲੀਸ਼ ਗਰਗ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਸਮਾਗਮ ਮਗਰੋਂ ਗਰਮਾ ਗਰਮ ਚਾਹ ਅਤੇ ਰਵਾਇਤੀ ਅੰਦਾਜ਼ ਵਾਲੇ ਮੋਟੀ ਬੂੰਦੀ ਦੇ ਲੱਡੂਆਂ ਨੇ ਇੱਕ ਨਵੀਂ ਤਾਜ਼ਗੀ ਅਤੇ ਸ਼ਕਤੀ ਵੀ ਦਿੱਤੀ। 

Friday, October 21, 2016

ਪੀਏਯੂ ਵੱਲੋਂ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਆਯੋਜਿਤ

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵੱਜੋਂ ਪੁੱਜੇ 
ਲੁਧਿਆਣਾ: 20 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਟਿਆਲਾ ਦੇ ਫਤਹਿਪੁਰ ਪਿੰਡ ਵਿਖੇ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ । ਇਹ ਖੇਤ ਦਿਵਸ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਅਮਲੋਹ ਦੀ ਨਾਹਰ ਸ਼ੂਗਰ ਮਿੱਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਟੀਚਾ ਕੁਦਰਤੀ ਤੌਰ ਤੇ ਮੌਜੂਦ ਮਿੱਤਰ ਕੀੜਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬਾਇਓ ਕੰਟਰੋਲ ਤਕਨੀਕਾਂ ਨੂੰ ਅਪਨਾਉਣਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਗੰਨੇ ਦੀ ਫ਼ਸਲ ਦੇ ਵਿੱਚ ਟ੍ਰਾਈਕੋਕਾਰਡ ਦੀ ਵਰਤੋਂ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਬਾਇਓ ਕੰਟਰੋਲ ਅਧੀਨ ਰਕਬਾ ਵਧੇਗਾ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ 'ਜੀ ਆਇਆਂ' ਦੇ ਸ਼ਬਦ ਕਹੇ ਜਦਕਿ ਟ੍ਰਾਈਕੋਡਰਾਮਾ ਦੀ ਵਰਤੋਂ ਸੰਬੰਧੀ ਜਾਣਕਾਰੀ ਡਾ. ਐਸ ਕੇ ਜਲਾਲੀ ਨੇ ਦਿੱਤੀ। ਇਸੇ ਤਰਾਂ ਖੋਜ ਪ੍ਰੀਸ਼ਦ ਤੋਂ ਡਾ. ਡੀ ਬੀ ਆਹੂਜਾ ਨੇ ਲਾਈਟਟ੍ਰੈਪ, ਫੀਰੋਮੋਨਟ੍ਰੈਪ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਡਾ. ਚੰਦੀਸ਼ ਬਲਾਲ ਨੇ ਇਸ ਸੰਬੰਧੀ ਸਿਖਲਾਈ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣ ਲਈ ਕਿਹਾ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਰਣਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ।

Friday, September 30, 2016

ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਮੁਨਾਫ਼ੇ ਵੱਲ ਧਿਆਨ ਦਿਓ–ਡਾ. ਢਿਲੋਂ

 PAU ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਦਰ ਵਿਖੇ ਕਿਸਾਨ ਮੇਲਾ ਆਯੋਜਤ
ਲੁਧਿਆਣਾ: 29 ਸਤੰਬਰ 2016:(ਬਠਿੰਡਾ ਤੋਂ ਪਰਤ ਕੇ ਪੰਜਾਬ ਸਕਰੀਨ ਲਈ ਰੈਕਟਰ ਕਥੂਰੀਆ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾੜੀ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਬਠਿੰਡਾ ਵਿੱਚ ਲੱਗੇ ਭਰਵੇਂ ਮੇਲੇ ਨਾਲ ਸਮਾਪਤ ਹੋ ਗਿਆ। ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਆਪਣੇ ਬੇਬਾਕ ਅੰਦਾਜ਼ ਨਾਲ ਅੱਜ ਵੀ ਕਿਸਾਨ ਅਤੇ ਕਿਸਾਨੀ ਦੀ ਭਲਾਈ ਬਾਰੇ ਬਹੁਤ ਸਾਰੀਆਂ ਚੰਗੀਆਂ ਸਲਾਹਾਂ ਦਿੱਤੀਆਂ। ਉਹਨਾਂ ਆਰਥਿਕ ਖੁਸ਼ਹਾਲੀ ਦਾ ਮੰਤਰ ਸਮਝਾਉਂਦਿਆਂ ਕਿਹਾ ਕਿ ਆਮਦਨ ਵੱਲ ਨਹੀਂ ਮੁਨਾਫ਼ੇ ਵੱਲ ਧਿਆਨ ਦਿਓ। ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਆਪਣੀਆਂ ਲੋੜਾਂ ਅਤੇ ਇੱਛਾਵਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬਠਿੰਡਾ ਵਿਖੇ ਕਿਸਾਨ ਮੇਲੇ ਦਾ ਯਾਦਗਾਰੀ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਬਲਦੇਵ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੇਲੇ ਦਾ ਮੁੱਖ ਉਦੇਸ਼ ''ਪੀ.ਏ.ਯੂ. ਖੇਤੀ ਸਿਫਾਰਸਾਂ, ਫਸਲਾਂ ਲਈ ਵਰਦਾਨ, ਵਿਗਿਆਨਿਕ ਖੇਤੀ ਨਾਲ ਹੀ, ਸਫਲ ਹੋਣ ਕਿਰਸਾਨ'' ਰੱਖਿਆ ਗਿਆ ਸੀ। ਇਸ ਮੌਕੇ ਬਠਿੰਡਾ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਛੱਤਰ ਸਿੰਘ ਔਲਖ ਵੀ ਹਾਜ਼ਰ ਸਨ।
ਅੱਜ ਬਠਿੰਡਾ ਵਿੱਚ ਭਰਵਾਂ ਕਿਸਾਨ ਮੇਲਾ ਲੱਗਿਆ। ਉਦਘਾਟਨ ਤੋਂ ਬਾਅਦ ਸਟੇਜ ਦੇ ਇੱਕ ਵਿਸ਼ਾਲ ਮੁੱਖ ਸਮਾਗਮ ਦੌਰਾਨ ਡਾ. ਆਰ.ਕੇ. ਗੂੰਬਰ  ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਬਿਲੇ ਜ਼ਿਕਰ ਹੈ ਕਿ ਠੇਠ ਪੰਜਾਬੀ ਵਿੱਚ ਵਿਗਿਆਨ ਅਤੇ ਤਕਨੀਕ ਦੀਆਂ ਡੂੰਘੀਆਂ ਰਮਜ਼ਾਂ ਸਮਝਾਉਣ ਵਾਲੇ ਡਾਕਟਰ ਗੁੰਬਰ ਇਸੇ ਸਾਲ ਨਵੰਬਰ ਵਿੱਚ ਰਿਟਾਇਰ ਹੋਣ ਵਾਲੇ ਹਨ।  ਇਸ ਦੇ ਨਾਲ ਹੀ ਇਸ ਵਾਰ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਸਮਾਪਤ ਹੋ ਗਿਆ। ਬਠਿੰਡਾ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਵੀ ਵਾਈਸ ਚਾਂਸਲਰ ਡਾਕਟਰ  ਸਿੰਘ ਢਿੱਲੋਂ ਨੇ ਮੇਲੇ 'ਚ ਲੱਗੇ ਸਟਾਲਾਂ ਵਿੱਚ ਖੁਦ ਜਾ ਕੇ ਸਾਰਾ ਜਾਇਜ਼ਾ ਲਿਆ।  ਉਹ ਖੇਤੀ ਖੋਜ ਤਜਰਬੇ ਦੇਖਣ ਲਈ ਵੀ ਗਏ ਅਤੇ ਆਪਣੀ ਰਾਏ ਮਾਹਰਾਂ ਨੂੰ ਦੱਸੀ।  
      ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਡਾ. ਢਿਲੋਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਖੋਜ ਕਾਰਜਾਂ ਦੀ ਅਸਲ ਪਰਖ ਕਿਸਾਨ ਦੇ ਖੇਤ ਵਿੱਚ ਹੁੰਦੀ ਹੈ ਕਿਉਕਿ ਕਿਸਾਨ ਵੀ ਇੱਕ ਵਿਗਿਆਨੀ ਹੈ ਜੋ ਕਿ ਸੁਚੇਤ ਅਤੇ ਅਚੇਤ ਮਨ ਨਾਲ ਤਜਰਬੇ ਆਪਣੇ ਖੇਤ ਵਿੱਚ ਕਰਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਤਕ ਸੂਚਨਾ ਪਹੁੰਚਾਉਣ ਲਈ ਕਈ ਤਰ•ਾਂ ਦੇ ਉਪਰਾਲੇ ਵਿੱਢੇ ਜਾਂਦੇ ਹਨ। ਇਹਨਾਂ ਉਪਰਾਲਿਆਂ ਵਿਚੋਂ ਯੂਨੀਵਰਸਿਟੀ ਵੱਲੋਂ ਆਯੋਜਿਤ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਕਿਸਾਨਾਂ ਅਤੇ ਸਾਇੰਸਦਾਨਾਂ ਲਈ ਸੂਚਨਾ ਅਤੇ ਗਿਆਨ ਦਾ ਅਦਾਨ ਪ੍ਰਦਾਨ ਇਹਨਾਂ ਮੇਲਿਆਂ ਰਾਹੀ ਸੰਭਵ ਹੈ। ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਵਿੱਚ ਆ ਰਿਹਾ ਨਿਘਾਰ ਅਤੇ ਮੁੱਢਲੀਆਂ ਲਾਗਤਾਂ ਵਿੱਚ ਵੱਧ ਹੋਣ ਵਾਲਾ ਖਰਚਾ, ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਾਨੂੰ ਮਸ਼ੀਨੀਕਰਨ ਅਤੇ ਮੰਡੀਕਰਨ ਦੇ ਲਈ ਇੱਕ ਮੁੱਠ ਹੋਣਾ ਪਵੇਗਾ। ਇਸ ਨਾਲ ਅਸੀਂ ਹੋਣ ਵਾਲੇ ਮੁੱਢਲੇ ਖਰਚੇ ਤੇ ਠੱਲ੍ਹ ਪਾ ਸਕਦੇ ਹਾਂ। ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਖੇਤੀ ਦੇ ਵਿੱਚ ਹਿਸਾਬ–ਕਿਤਾਬ ਜਰੂਰ ਰੱਖਣਾ ਚਾਹੀਦਾ ਹੈ ਅਤੇ ਜਰੂਰਤ ਅਨੁਸਾਰ ਹੀ ਕੀਟ ਨਾਸ਼ਕਾਂ ਦੀ ਵਰਤੋ ਕਰਨੀ ਚਾਹੀਦੀ ਹੈ। ਖੇਤੀ ਵਿਭਿੰਨਤਾ ਬਾਰੇ ਬੋਲਦਿਆਂ ਡਾ. ਢਿਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਇੱਕ ਕਨਾਲ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਪੰਜਾਬ ਦਾ ਕਾਫੀ ਖੇਤਰ ਸਬਜ਼ੀਆਂ ਦੀ ਕਾਸ਼ਤ ਹੇਠ ਆਵੇਗਾ ਅਤੇ ਅਸੀਂ ਨਰੋਈ ਖੁਰਾਕ ਵੀ ਪ੍ਰਾਪਤ ਕਰ ਸਕਾਂਗੇ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਦੌਰਾਨ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਉਸ ਦੀ ਸੁਚੱਜੀ ਵਰਤੋ ਕੀਤੀ ਜਾਵੇ। ਉਹਨਾਂ ਯੂਨੀਵਰਸਿਟੀ ਵੱਲੋ ਸਿਫਾਰਿਸ਼ ਜੈਵਿਕ ਖਾਦਾਂ ਵਰਤਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋ ਵੱਧ ਸਹਾਇਕ ਕਿੱਤਿਆਂ  ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀ ਆਪਣੀ ਖੇਤੀ ਨੂੰ ਆਰਥਿਕ ਪੱਖੋ ਮਜਬੂਤ ਕਰ ਸਕੀਏ।
      ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ. ਆਰ.ਕੇ. ਗੁੰਬਰ ਨੇ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਯੂਨੀਵਰਸਿਟੀ ਵੱਲੋ ਕਣਕ ਦੀਆਂ ਦੋ ਨਵੀਆਂ ਕਿਸਮਾਂ  ਪੀ.ਬੀ.ਡਬਲਯੂ 725 ਅਤੇ ਪੀ.ਬੀ.ਡਬਲਯੂ 677 ਦੀ ਸਿਫਾਰਿਸ ਕੀਤੀ ਗਈ ਹੈ ਅਤੇ ਇਹ ਦੋਵੇਂ ਕਿਸਮਾਂ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋ ਕੀਤੀਆਂ ਨਵੀਆਂ ਸਿਫਾਰਿਸਾਂ, ਤਕਨੀਕਾ ਅਤੇ ਮਸ਼ੀਨਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਸਾਨਾਂ ਨੂੰ ਬੀਜ ਸੋਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
      ਇਸ ਤੋ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਦੇ ਲਈ ਯੂਨੀਵਰਸਿਟੀ ਦੇ ਵੱਖ–ਵੱਖ ਜ਼ਿਲਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਦਰਾਂ, ਫਾਰਮ ਸਲਾਹਕਾਰ ਕੇਦਰਾਂ ਦੇ ਨਾਲ ਰਾਬਤਾ ਬਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਵੱਧ ਤੋ ਵੱਧ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਡਾ. ਔਲਖ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਵੱਖ–ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੇਲੇ ਵਿੱਚ ਕਿਤਾਬਾਂ ਦੇ ਵੀ ਕਈ ਸਟਾਲ ਸਨ। ਕਿਤਾਬਾਂ ਦ ਏਨੇ ਸਟਾਲਾਂ ਦੀ ਗਿਣਤੀ ਸ਼ਾਇਦ ਬਠਿੰਡਾ ਵਿੱਚ ਸਭ ਤੋਂ ਵੱਧ ਸੀ ਜੋ ਇਸ ਜ਼ਿਲੇ ਦੀ ਬੌਧਿਕ ਤਰੱਕੀ ਦਾ ਵੀ ਪਤਾ ਦੇਂਦੀ ਹੈ। ਇਹਨਾਂ ਸਟਾਲਾਂ 'ਤੇ ਓਸ਼ੋ, ਖੁਸ਼ਵੰਤ ਸਿੰਘ, ਅਤੇ ਸਿੱਖੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਵੀ ਕਿਤਾਬਾਂ ਸਨ। 
ਇਸਦੇ ਨਾਲ ਹੀ ਇਸ ਮੇਲੇ ਨੇ ਕਈ ਅਜਿਹੇ ਲੋਕਾਂ ਨੂੰ ਵੀ ਅੱਜ ਰੋਜ਼ਗਾਰ ਦਿੱਤਾ ਜਿਹਨਾਂ ਦਾ ਖੇਤੀਬਾੜੀ ਨਾਲ ਕੋਈ ਸੰਬੰਧ ਨਹੀਂ। ਵਿੱਸਰ ਚੁੱਕੇ ਰਿਵਾਜਾਂ ਅਤੇ  ਨਿੱਕੀਆਂ ਖੁਸ਼ੀਆਂ ਨੂੰ ਸੰਭਾਲਦੇ ਇਹ ਲੋ ਮੇਲੇ ਵਿਛਕ ਮਿਲੇ ਆਰਥਿਕ ਲਾਹੇ ਕਾਰਨ ਬੇਹੱਦ ਖੁਸ਼ ਸਨ। 
   ਅਜੇ ਦੇ ਇਸ ਸਮਾਗਮ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ–ਵੱਖ ਵਿਸ਼ੇ ਦੇ ਮਾਹਿਰਾਂ ਵੱਲੋ ਮੌਕੇ ਤੇ ਹੀ ਦਿੱਤੇ ਗਏ। ਮੇਲੇ ਦੌਰਾਨ ਵੱਖ–ਵੱਖ ਵਿਭਾਗਾਂ ਵੱਲੋ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਟਾਲ ਅਤੇ ਪ੍ਰਦਰਸਨੀ ਪਲਾਟ ਲਗਾਏ ਗਏ। ਇਸ ਮੌਕੇ ਵਿਸ਼ੇਸ ਤੌਰ ਤੇ ਡਾ. ਗੁੰਬਰ ਨੂੰ ਖੇਤੀ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੇ ਲਈ ਸਨਮਾਨਤ ਕੀਤਾ ਗਿਆ। ਮੇਲੇ ਦੌਰਾਨ ਬੀਜ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ।
ਸਮਾਗਮ ਦੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕੇਦਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਕਹੇ। ਛੇਤੀ ਹੀ ਮੁੜ ਮਿਲਣ ਦੀਆਂ ਆਸਾਂ  ਲੈ ਕੇ ਮੇਲਾ ਵਿੱਛੜ ਗਿਆ। ਗਰਮੀ ਬਹੁਤ ਜ਼ਿਆਦਾ ਸੀ ਪਾਰ ਲੋਕਾਂ ਨੇ ਭੁਜੇ ਬਹਿ ਕੇ ਵੀ ਮਾਹਰਾਂ ਅਤੇ ਬੁਲਾਰਿਆਂ ਨੂੰ ਸੁਣਿਆ। ਕਈ ਤਾਂ ਨ ਬੁੱਕ ਤੇ ਨ ਕਰਦੇ ਵੀ ਦੇਖੇ ਗਏ। ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗੀਤ ਬੜਾ ਹੀ ਭਾਵਪੂਰਤ ਸੀ। 

Tuesday, September 20, 2016

ਨਿਯਮਾਂ ਮੁਤਾਬਿਕ ਚੱਲੀਏ ਤਾਂ ਖੇਤੀ ਅੱਜ ਵੀ ਨਿਸ਼ਚੇ ਹੀ ਲਾਹੇਵੰਦ ਧੰਦਾ-ਰਿਆੜ

Tue, Sep 20, 2016 at 4:48 PM
ਗੁਰਦਾਸਪੁਰ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ
ਲੁਧਿਆਣਾ: 20 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋ ਹਾੜ੍ਹੀ ਦੀਆਂ ਫਸਲਾਂ ਦੇ ਕਿਸਾਨ ਮੇਲਿਆਂ ਦੀ ਲੜੀ ਦੇ ਚਲਦਿਆਂ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਪੀ.ਏ.ਯੂ. ਖੇਤੀ ਸਿਫਾਰਸ਼ਾਂ ਫਸਲਾਂ ਲਈ ਵਰਦਾਨ, ਵਿਗਿਆਨਕ ਖੇਤੀ ਨਾਲ ਹੀ ਸਫਲ ਹੋਣ ਕਿਸਾਨ ਦੇ ਉਦੇਸ਼ ਨਾਲ ਕਿਸਾਨ ਮੇਲਾ ਲਗਾਇਆ। ਇਸ ਕਿਸਾਨ ਮੇਲੇ ਵਿੱਚ ਗੁਰਦਾਸਪੁਰ ਅਤੇ ਆਲੇ ਦੁਆਲੇ ਤੋ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ ਨੇ ਕਿਹਾ ਕਿ ਜੇਕਰ ਅਸੀਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਵਿਗਿਆਨਕ ਲੀਹਾਂ ਤੇ ਚਲਦਿਆਂ ਕਰਦੇ ਹਾਂ, ਖੇਤੀ ਦਾ ਪੂਰਾ ਲੇਖਾ ਜੋਖਾ ਰਖਦੇ ਹਾਂ, ਲਾਗਤਾ ਵਿੱਚ ਸੰਜਮ ਦੀ ਵਰਤੋਂ ਕਰਦੇ ਹਾਂ ਤਾਂ ਖੇਤੀ ਨਿਸ਼ਚੇ ਹੀ ਲਾਹੇਵੰਦ ਧੰਦਾ ਹੈ। ਗੁਰਦਾਸਪੁਰ ਜਿਲੇ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਅੱਜ ਸਾਡੇ ਜ਼ਿਲ੍ਹੇ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ। ਯੂਨੀਵਰਸਿਟੀ ਵੱਲੋ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਖੇਤੀ ਮਾਹਿਰਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਫਸਲਾਂ ਦੀਆਂ ਨਵੀਆਂ ਸੋਧੀਆਂ ਹੋਈਆਂ ਕਿਸਮਾਂ ਵਿਕਸਿਤ ਹੋ ਰਹੀਆਂ ਹਨ, ਖੇਤ ਮਸ਼ੀਨਰੀ ਦਾ ਉਤਪਾਦਨ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਖੇਤੀ ਆਮਦਨ ਵਿੱਚ ਚੋਖਾ ਵਾਧਾ ਹੋ ਰਿਹਾ ਹੈ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਮਾਨਯੋੋਗ ਵਾਈਸ ਚਾਂਸਲਰ, ਪੀ.ਏ.ਯੂ ਨੇ ਦੱਸਿਆ ਕਿ ਯੂਨੀਵਰਸਿਟੀ  ਨੂੰ ਪਠਾਨਕੋਟ ਵਿਖੇ ਕੇ.ਵੀ.ਕੇ. ਖੋਲਣ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਨਾਲ ਖੇਤੀ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਹੁਲਾਰਾ ਮਿਲ ਸਕੇਗਾ। ਉਨਾਂ ਦੱਸਿਆ ਕਿ ਝੋਨੇ ਦੀਆਂ ਅਗੇਤੀ ਕਿਸਮਾਂ, ਸਿੱਧੀ ਬਿਜਾਈ ਅਤੇ ਲੇਜ਼ਰ ਲੈਵਲਰ ਤਕਨੀਕ ਰਾਹੀਂ ਅਸੀਂ ਜੱਲ ਸੋਮਿਆਂ ਦੀ ਬਚਤ ਕਰਨ ਵਿੱਚ ਕਾਮਯਾਬ ਹੋ ਸਕੇ ਹਾਂ। ਇਸ ਤਰ੍ਹਾਂ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਕਰਨ ਨਾਲ ਸਾਡੀਆਂ ਖੇਤੀ ਲਾਗਤਾਂ ਘਟੀਆਂ ਹਨ ਅਤੇ ਮੁਨਾਫਾ ਵਧਿਆ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਨੇ ਨਦੀਨਾਂ ਨੂੰ ਹੱਥੀ ਪੁੱਟਣ ਦੀ ਸਲਾਹ ਦਿਤੀ। ਇਸੇ ਤਰਾਂ ਖੇਤੀ ਮਸ਼ੀਨਰੀ ਨੂੰ ਖੁਦ ਖਰੀਦਣ ਦੀ ਬਜਾਏ ਡਾ. ਢਿੱਲੋਂ ਨੇ ਸਹਿਕਾਰੀ ਸੋਸਾਇਟੀਆਂ ਬਣਾ ਕੇ ਖਰੀਦਣ ਜਾਂ ਕਿਰਾਏ ਤੇ ਲੈਣ ਦੀ ਸਿਫਾਰਸ਼ ਕੀਤੀ।
ਇਸ ਮੌਕੇ ਡਾ. ਮੇਜਰ ਸਿੰਘ ਧਾਲੀਵਾਲ, ਅਪਰ ਨਿਰਦੇਕ ਖੋਜ (ਬਾਗਬਾਨੀ) ਨੇ ਯੂਨੀਵਰਸਿਟੀ ਦੀਆਂ ਖੋਜ ਸਿਫਾਰਿਸ਼ਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅੱਜ ਤੱਕ 789 ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਜਿਨਾਂ ਵਿੱਚੋ 161 ਕਿਸਮਾਂ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਤਬਦੀਲੀ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਖੇਤੀ ਖੋਜ ਕਾਰਜਾਂ ਨੂੰ ਵੀ ਉਸ ਮੁਤਾਬਕ ਢਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਘੱਟ ਪਾਣੀ, ਘੱਟ ਖਾਦਾਂ ਦੀ ਲੋੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਸੋਕੇ ਅਤੇ ਹੜ੍ਹ ਵਰਗੀਆਂ ਸਥਿਤੀਆਂ, ਕੀੜੇ ਮਕੌੜੇ ਅਤੇ ਬਿਮਾਰੀਆਂ ਪ੍ਰਤੀਰੋਧਿਕਤਾ ਰੱਖਣ ਵਾਲਿਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ਦੀ ਤੁੜਾਈ ਲਈ ਨਵੀਆਂ ਮਸ਼ੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਜਦੂਰੀ ਤੇ ਘੱਟ ਤੋਂ ਘੱਟ ਖਰਚਾ ਆਵੇ।
ਇਸ ਮੌਕੇ ਤੇ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆ, ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ। ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਰਸਾਲੇ ਚੰਗੀ ਖੇਤੀ ਅਤੇ ਪ੍ਰੋਗੈਸਿਵ ਫਾਰਮਿੰਗ ਦੇ ਮੈਂਬਰ ਬਣਨ ਲਈ ਕਿਹਾ। 
ਇਸ ਮੌਕੇ ਇੰਸਟੀਚਿਉਟ ਆਫ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ ਜਿਨ੍ਹਾਂ ਨੂੰ ਡਾ. ਢਿੱਲੋਂ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਗਿਆ। 
ਇਸ ਮੌਕੇ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ., ਸ. ਅਮਰੀਕ ਸਿੰਘ ਖੇਤੀਬਾੜੀ ਅਫਸਰ (ਇੰਚਾਰਜ, ਭੂਮੀ ਪਰਖ ਲੈਬ), ਸ. ਹਰਮਨਪ੍ਰੀਤ ਸਿੰਘ ਪੱਤਰ ਪ੍ਰੇਰਕ ਰੋਜ਼ਾਨਾ ਅਜੀਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੰਜਾਬ ਕਿਸਾਨ ਕਲੱਬ ਦੇ ਮੈਂਬਰ ਅਤੇ ਸਫਲ ਲੀਚੀ ਉਤਪਾਦਕ ਸ. ਦਿਲਬਾਗ ਸਿੰਘ ਚੀਮਾ ਨੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ 5100 ਰੁ: ਇੰਨਡੋਮੈਂਟ ਫੰਡ ਵਜੋਂ ਦਿੱਤੇ।
ਇਸ ਮੌਕੇ ਡਾ. ਰਾਮ ਸਕਲ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਨੇ ਹਾਜਰ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਵੀ ਲਗਾਈਆਂ ਗਈਆਂ। 

Friday, September 16, 2016

ICAR ਦਿੱਲੀ ਵਲੋਂ ਪੰਜਾਬ ਨੂੰ ਦੋ ਹੋਰ ਕ੍ਰਿਸ਼ੀ ਵਿਗਿਆਨ ਕੇਂਦਰ

ਪਾਣੀ ਦਾ ਡਿਗਦਾ ਪੱਧਰ 95 ਤੋਂ 55 ਸੈਂਟੀਮੀਟਰ ਤੇ ਪਰਤਿਆ
ਮਸ਼ੀਨਰੀ ਅਤੇ ਮੰਡੀਕਰਨ ਲਈ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ-VC ਡਾ. ਢਿੱਲੋਂ
ਕਿਸਾਨ ਮੇਲਾ, ਰੌਣੀ (ਪਟਿਆਲਾ) ਤੋਂ ਪਰਤ ਕੇ ਪੰਜਾਬ ਸਕਰੀਨ ਲਈ ਰੈਕਟਰ ਕਥੂਰੀਆ 
ਲੁਧਿਆਣਾ: 16 ਸਤੰਬਰ 2016: 
ਇਸ ਵਾਰ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਲੱਗਿਆ ਕਿਸਾਨ ਮੇਲਾ ਚੌਥਾ ਕਿਸਾਨ ਮੇਲਾ ਸੀ। ਪਹਿਲੇ ਤਿੰਨਾਂ ਮੇਲਿਆਂ ਨਾਲੋਂ ਜ਼ਿਆਦਾ ਭੀੜ ਇਸ ਕਿਸਾਨ ਮੇਲੇ ਵਿੱਚ ਸੀ। ਕਿਸਾਨਾਂ ਨੇ ਵਾਈਸ ਚਾਂਸਲਰ ਅਤੇ ਹੋਰ ਬੁਲਾਰਿਆਂ ਨੂੰ ਸਾਹ ਰੋਕ ਕੇ ਬੜੇ ਹੀ ਧਿਆਨ ਨਾਲ ਸੁਣਿਆ। ਕੁਰਸੀਆਂ ਭਰ ਗਈਆਂ ਤਾਂ ਲੋਕ ਦਰੀਆਂ ਤੇ ਭੁੰਜੇ ਹੀ ਬੈਠ ਗਏ। ਸਟੇਜ ਤੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣੀ ਸ਼ਕਤੀ ਨੂੰ ਫਿਰ ਪਛਾਨਣ।  ਉਹ ਅਜੇ ਵੀ ਬੜਾ ਕੁਝ ਕਰ ਸਕਦੇ ਹਨ। ਸਰੋਤਿਆਂ ਵਿੱਚ ਔਰਤਾਂ ਦੀ ਗਿਣਤੀ ਭਾਵੈਂ ਘੱਟ ਸੀ ਪਰ ਸੈਲਫ ਹੈਲਪ ਗਰੁੱਪ ਵਾਲੇ ਖੇਤਰ ਵਿੱਚ ਮਹਿਲਾ ਵਰਗ ਪੂਰੀ ਤਰਾਂ ਵੱਧ ਚੜ੍ਹ ਕੇ ਸਰਗਰਮ ਸੀ। ਇਹਨਾਂ ਸਟਾਲਾਂ 'ਤੇ ਅੱਜ ਗਾਹਕਾਂ ਦੀ ਕਾਫੀ ਭੀੜ ਰਹੀ। 
ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਮੰਚ ਤੋਂ ਕਿਸਾਨਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ 95 ਸੈਂਟੀਮੀਟਰ ਤੋਂ 55 ਸੈਂਟੀਮੀਟਰ 'ਤੇ ਪਰਤ ਆਇਆ ਹੈ ਪਾਰ ਅਜੇ ਇਸ ਪਾਸੇ ਹੋਰ ਧਿਆਨ ਦੇਣ ਦੀ ਲੋੜ ਹੈ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਕਿਸਾਨ ਮੇਲਾ ਲਾਇਆ ਗਿਆ। ਇਸ ਕਿਸਾਨ ਮੇਲੇ ਵਿਚ ਕੁਮਾਰ ਸੌਰਵ ਰਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ੍ਰੀ ਰਾਜਬੀਰ ਬਰਾੜ, ਡਾਇਰੈਕਟਰ (ਅਟਾਰੀ), ਸ  ਜਸਪਾਲ ਸਿੰਘ ਕਲਿਆਣ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵੀ ਸਟੇਜ ਉਤੇ ਸੁਸੋਭਿਤ ਸਨ। ਇਸ ਮੇਲੇ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ  ਬਲਦੇਵ ਸਿੰਘ ਢਿਲੋਂ ਨੇ ਕੀਤਾ। 
ਉਦਘਾਟਨੀ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ  ਬਲਦੇਵ ਸਿੰਘ ਢਿਲੋਂ ਨੇ ਕਿਸਾਨ ਵੀਰਾਂ ਦੇ ਮੇਲੇ ਵਿਚ ਉਤਸ਼ਾਹ ਨਾਲ ਪਹੰੁਚਣ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਇਸ ਮੌਕੇ ਮੈਂ ਤੁਹਾਡੇ ਕੋਲ ਕੁਝ ਬੇਨਤੀਆਂ ਅਤੇ ਕੁਝ ਖੁਸ਼ੀ ਦੇ ਇਜਹਾਰ ਕਰਨ ਆਇਆ ਹਾਂ। ਉਨ੍ਹਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ, ਦਿੱਲੀ ਵਲੋਂ ਪੰਜਾਬ ਨੂੰ ਮਿਲੇ ਦੋ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਖੁਸ਼ੀ ਕਿਸਾਨਾਂ ਨਾਲ ਸਾਂਝੀ ਕੀਤੀ। ਡਾ  ਢਿੱਲੋਂ ਨੇ ਇਸ ਮੰਚ ਤੋਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਤਿੰਨ ਖੇਤਰਾਂ ਵਿਚ ਮਹੱਤਵਪੂਰਨ ਸਹਿਯੋਗ ਦੇ ਕੇ ਜਿਥੇ ਖਾਦਾਂ ਦੀ ਵਰਤੋਂ ਘਟਾਈ ਹੈ, ਕੀਟਨਾਸ਼ਕਾਂ ਦੀ ਵਰਤੋਂ ਘਟਾਈ ਹੈ, ਉਥੇ ਚਿੱਟੀ ਮੱਖੀ ਵਰਗੇ ਭਿਆਨਕ ਹਮਲੇ ਨੂੰ ਰੋਕਣ ਵਿਚ ਵੀ ਮਹੱਤਵਪੂਰਨ ਸਹਿਯੋਗ ਦਿੱਤਾ ਹੈ। ਬਿਨ੍ਹਾਂ ਸ਼ੱਕ ਇਹ ਕਿਸਾਨਾਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਸੀ। ਇਸ ਸਾਲ ਜਿਥੇ ਪਾਣੀ ਦਾ ਡਿਗਦਾ ਪੱਧਰ 95 ਸੈਟੀਮੀਟਰ ਤੋਂ 55 ਸੈਂਟੀਮੀਟਰ ਤੇ ਆ ਗਿਆ ਹੈ, ਉਥੇ 600 ਕਰੋੜ ਰੁਪਏ ਦੀਆਂ ਖਾਦਾਂ ਦੀ ਖਪਤ ਵੀ ਘੱਟ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਸ਼ੀਨੀਕਰਣ ਅਤੇ ਮੰਡੀਕਰਣ ਪਖੋਂ ਇਕੱਠੇ ਹੋਣ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਅਸੀਂ 35 ਪ੍ਰਤੀਸ਼ਤ ਤੱਕ ਦੀ ਬਚਤ ਕਰ ਸਕਦੇ ਹਾਂ। ਡਾ  ਢਿੱਲੋਂ ਨੇ ਨਵੇਂ ਤਜਰਬਿਆਂ ਬਾਰੇ ਕਿਸਾਨਾਂ ਦੀ ਤਾਂਘ ਨੂੰ ਸਲਾਮ ਕਰਦਿਆਂ ਬੇਨਤੀ ਵੀ ਕੀਤੀ ਕਿ ਇਹ ਤਜਰਬੇ ਹਮੇਸ਼ਾਂ ਛੋਟੇ ਪੱਧਰ ਤੇ ਕੀਤੇ ਜਾਣ। ਇਕ ਹੀ ਕਿਸਮ ਥੱਲੇ ਸਾਰਾ ਏਰੀਆ ਨਾ ਲਿਆਂਦਾ ਜਾਵੇ। ਉਨ੍ਹਾਂ ਨੇ ਰਲਵੀਂ ਖੇਤੀ, ਪਰਾਲੀ ਦੀ ਸੁਚੱਜੀ ਸੰਭਾਲ, ਘਰੇਲੂ ਬਗੀਚੀ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਵੀ ਮਹੱਤਵਪੂਰਨ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ।
ਮੇਲੇ ਦੇ ਵਿਸ਼ੇਸ਼ ਮਹਿਮਾਨ ਸ੍ਰੀ ਕੁਮਾਰ ਸੌਰਵ ਰਾਜ ਨੇ ਕਿਸਾਨਾਂ ਨੂੰ ਰਾਬਤਾ ਬਣਾਉਣ ਲਈ ਪ੍ਰੇਰਿਆ ਅਤੇ ਵਿਸਵਾਸ਼ ਦਵਾਇਆ ਕਿ ਜੇ ਉਹ ਆਪਣੇ ਦੁਖ ਅਤੇ ਸਮਸਿਆਵਾਂ ਲੈ ਕੇ ਮੇਰੇ ਕੋਲ ਆਉਣਗੇ ਤਾਂ ਮੈਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗਾ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਾ ਕੰਮ ਹੀ ਤੁਹਾਡੇ ਨਾਲ ਜੁੜਨਾ ਹੈ। ਉਨ੍ਹਾਂ ਖੇਤੀ ਵਿਭਿੰਨਤਾ, ਘਰੇਲੂ ਬਗੀਚੀ, ਪਰਾਲੀ ਨਾ ਸਾੜਨ ਅਤੇ ਫਲਾਂ ਦੀ ਕਾਸ਼ਤ ਸੰਬੰੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਕਿਸਾਨ ਅੱਧੇ ਦੇਸ਼ ਦਾ ਢਿੱਡ ਭਰਦਾ ਹੈ, ਉਸ ਕੋਲ ਬਹੁਤ ਤਾਕਤ ਹੈ। ਲੋੜ ਇਸ ਤਾਕਤ ਨੂੰ ਜਾਨਣ ਦੀ ਹੈ ਤਾਂ ਜੋ ਖੁਦਕੁਸ਼ੀਆਂ ਵਰਗੇ ਰਾਹ ਤੋਂ ਮੁੜਿਆ ਜਾ ਸਕੇ। ਉਹਨਾਂ ਬਹੁਤ ਹੀ ਭਾਵੁਕ ਪਾਰ ਸੰਤੁਲਿਤ ਅੰਦਾਜ਼ ਵਿਛ ਕਿਹਾ ਕਿ ਕੋਈ ਵੀ ਦੁਖੀ ਵਿਅਕਤੀ ਉਹਨਾਂ ਕੋਲ ਕਿਸੇ ਵੀ ਵੇਲੇ ਆ ਸਕਦਾ ਹੈ। ਇਸ ਮਾਮਲੇ ਵਿੱਚ ਸ਼ਨੀਵਾਰ ਜਾਂ ਐਤਵਾਰ ਦੀ ਛੁੱਟੀ ਵੀ ਕਦੇ ਰੁਕਾਵਟ ਨਹੀਂ ਬਣੇਗੀ। ਉਹਨਾਂ ਕਿਹਾ ਮੈਂ ਲੀਡਰਾਂ ਵਾਂਗ ਵਾਅਦੇ ਨਹੀਂ ਕਰਦਾ ਪਾਰ ਤੁਹਾਡੇ ਦੁੱਖ ਦਰਦ ਨੂੰ ਦੂਰ ਕਰਨ ਦੀ ਹਰ ਕੋਸ਼ਿਸ਼ ਕਰਾਂਗਾ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਆਰ ਕੇ ਗੁੰਬਰ ਨੇ ਯੂਨੀਵਰਸਿਟੀ ਦੀਆਂ ਖੋਜ ਵਿਧੀਆਂ ਨਾਲ ਜਾਣੂੰ ਕਰਵਾਉਂਦਿਆਂ ਨਵੀਆਂ ਕਿਸਮਾਂ ਅਤੇ ਨਵੀਂ ਤਕਨੋਲੋਜੀ ਸੰਬੰਧੀ ਸਿਫਾਰਿਸਾਂ ਦਾ ਜਿਕਰ ਕੀਤਾ। ਉਨ੍ਹਾਂ ਵਿਸੇਸ ਰੂਪ ਵਿਚ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਤਕਨੋਲੋਜੀਆਂ ਨੂੰ ਆਪਣੇ ਖੇਤਾਂ ਵਿਚ ਲਗਾਉਂਦੇ ਹਨ ਤਾਂ ਇਸ ਸੰਬੰਧੀ ਆਪਣੇ ਤਜਰਬੇ ਮੁੜ ਸਾਡੇ ਨਾਲ ਸਾਂਝੇ ਜਰੂਰ ਕਰਿਆ ਕਰਨ। ਹਾੜ੍ਹੀ ਦੀਆਂ ਫਸਲਾਂ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕਣਕ ਦੀਆਂ ਸੁਧਰੀਆਂ ਕਿਸਮਾਂ ਪੀ ਬੀ ਡਬਲਿਉ 725 ਅਤੇ ਪੀ ਬੀ ਡਬਲਿਉ 677 ਨੂੰ ਬੀਜਣ ਦੀ ਸਿਫਾਰਸ਼ ਕੀਤੀ। ਇਹ ਦੋਵੇਂ ਪੀਲੀ ਅਤੇ ਭੂਰੀ ਕੂੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। ਡਾ  ਗੁੰਬਰ ਨੇ ਅਫਰੀਕਨ ਸਰੋਂ, ਗੋਭੀ ਕਨੋਲਾ, ਸਬਜ਼ੀਆਂ, ਖੇਤੀ ਤਕਨੀਕਾਂ, ਖੇਤੀ ਮਸ਼ੀਨਰੀ, ਨੈੱਟ ਹਾੳੂਸ ਕਾਸ਼ਤ ਵਿਚ ਨੀਮਾਟੋਡਾਂ ਦੀ ਸਮੱਸਿਆ, ਕਟਾਈ ਉਪਰੰਤ ਫਸਲਾਂ ਦੀ ਸਾਂਭ-ਸੰਭਾਲ  ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੰੂ ਕਿਸਾਨਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਇਹ ਹੁਣ ਤਕ ਫਸਲਾਂ ਦੀਆਂ 789 ਕਿਸਮਾਂ ਦੀ ਸਿਫਾਰਸ਼ ਕਰ ਚੁੱਕੀ ਹੈ, ਜਿਨ੍ਹਾਂ ਵਿਚੋ 161 ਕਿਸਮਾਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਲਈ ਵੀ ਕੌਮੀ ਪੱਧਰ ਤੇ ਜਾਰੀ ਕੀਤੀਆਂ ਗਈਆਂ। 
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ  ਰਾਜਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ, ਕਿਸਾਨ ਵੀਰਾਂ, ਭੈਣਾਂ ਅਤੇ ਮੀਡੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਮੇਲਿਆਂ ਵਿਚ ਹੁੰਮਾ ਹੁੰਮਾ ਕੇ ਆਉਂਦੇ ਹਨ, ਇਸ ਨਾਲ ਸਾਨੰੂ ਬਹੁਤ ਉਤਸ਼ਾਹ ਮਿਲਦਾ ਹੈ। ਮੇਲੇ ਦਾ ਉਦੇਸ਼ ਨਵੇਂ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝੇ ਕਰਨਾ ਹੁੰਦਾ ਹੈ। ਪ੍ਰਦਰਸ਼ਨੀਆਂ ਰਾਹੀਂ ਉਨ੍ਹਾਂ ਨੂੰ ਵਿਖਾਉਣਾ ਹੁੰਦਾ ਹੈ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਸੰਕਟ, ਖਦਸੇ ਅਤੇ ਤੌਖਲੇ ਜਾਨਣੇ ਹੁੰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੰੂ ਅਪੀਲ ਕੀਤੀ ਕਿ ਉਹ ਖੇਤੀ ਸੰਬੰਧੀ ਆਪਣੇ ਮਨ ਦੀ ਹਰ ਗਲ ਸਾਡੇ ਖੇਤੀ ਮਾਹਿਰਾਂ ਨਾਲ ਸਾਂਝੀ ਕਰਿਆ ਕਰਨ ਤਾਂ ਜੋ ਵਿਗਿਆਨਕ ਖੇਤੀ ਨੰੂ ਪ੍ਰਫੁਲਤ ਕਰਨ ਵਿਚ ਯੂਨੀਵਰਸਿਟੀ ਸਹੀ ਦਿਸ਼ਾ ਵਿਚ ਅੱਗੇ ਤੁਰ ਸਕੇ। ਉਨ੍ਹਾਂ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਖੇਤੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਅਤੇ ਕਿਹਾ ਕਿ ਇਹ ਪੁਸਤਕਾਂ ਗਿਆਨ ਦਾ ਰਾਹ ਹਨ ਜੋ ਸਾਨੂੰ ਚੰਗੀ ਖੇਤੀ ਵੱਲ ਲਿਜਾਦੀਆਂ ਹਨ। 
ਇਸ ਸਮੁੱਚੇ ਮੇਲੇ ਦੌਰਾਨ 138 ਸਟਾਲਾਂ/ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ 25 ਤੋਂ ਵੱਧ ਸੈਲਫ ਹੈਲਪ ਗਰੁੱਪ ਵਾਲਿਆਂ ਨੇ ਆਪਣਾ ਤਿਆਰ ਕੀਤਾ ਹੋਇਆ ਸਮਾਨ ਪ੍ਰਦਰਸ਼ਿਤ ਕੀਤਾ। ਬੀਜਾਂ, ਖੇਤੀ ਸਾਹਿਤ ਅਤੇ ਖੇਤੀ ਮਸ਼ੀਨਰੀ ਪ੍ਰਤੀ ਕਿਸਾਨਾਂ ਦਾ ਵਿਸ਼ੇਸ਼ ਰੁਝਾਨ ਵੇਖਿਆ ਗਿਆ। ਇਸ ਦੇ ਨਾਲ ਸਟੇਜ ਤੋਂ ਤਕਨੀਕੀ ਸੈਸ਼ਨ ਚਲਦਾ ਰਿਹਾ ਜਿਸ ਵਿਚ ਵੱਖ-ਵੱਖ ਖੇਤੀ ਮਾਹਿਰਾਂ ਨੇ ਫਸਲਾਂ ਸੰਬੰਧੀ ਸਮਿੱਸਆਵਾਂ, ਖੇਤੀ ਮਸ਼ੀਨਰੀ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਕਿਸਾਨਾਂ ਵਲੋਂ ਆਏ ਸੁਆਲਾਂ ਦੇ ਜੁਆਬ ਵੀ ਦਿੱਤੇ। ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਕਿਸਾਨ ਵੀਰ ਆਪਣੀਆਂ ਫਸਲਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਲਈ ਰੋਗ ਗ੍ਰਸ਼ਤ ਬੂਟੇ ਨਾਲ ਲਿਆਉਂਦੇ ਹਨ, ਜਿਨ੍ਹਾਂ ਦੀ ਪਛਾਣ ਕਰ ਕੇ ਖੇਤੀ ਮਾਹਿਰ ਉਸ ਦਾ ਹੱਲ ਮੌਕੇ ਤੇ ਹੀ ਦੱਸਦੇ ਹਨ। 
ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਫਾਰਮ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ  ਜਸਵਿੰਦਰ ਸਿੰਘ ਨੇ ਇਸ ਮੇਲੇ ਵਿਚ ਹਾਜ਼ਰੀ ਭਰਨ ਲਈ ਆਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾ  ਜਸਵਿੰਦਰ ਸਿੰਘ ਭੱਲਾ ਨੇ ਬਾਖੂਬੀ ਕੀਤਾ।

Monday, September 12, 2016

ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ ਬਣਦੀ ਹੈ-VC ਡਾਕਟਰ ਢਿੱਲੋਂ

ਪਾਣੀ ਦੇ ਡਿੱਗਦੇ ਪੱਧਰ ਅਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ 'ਚ ਮਿਲੀ ਸਫਲਤਾ 
ਇਸ ਸਫਲਤਾ ਲਈ ਕਿਸਾਨ ਵੀਰ ਵਧਾਈ ਦੇ ਪਾਤਰ ਹਨ- ਡਾ ਬੀ ਐਸ ਢਿੱਲੋਂ
ਨਾਗ ਕਲਾ-ਜਹਾਂਗੀਰ (ਅੰਮ੍ਰਿਤਸਰ) ਤੋਂ ਪਰਤ ਕੇ 
ਲੁਧਿਆਣਾ: 12 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜਦੋਂ ਪੰਜਾਬ ਦਾ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਇਸ ਮਾਮਲੇ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਰੁੱਝੀਆਂ ਹੋਈਆਂ ਹਨ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਸਲੀ ਕਾਰਣ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਉਹਨਾਂ ਨੂੰ ਬਚਾਉਣ ਵਿੱਚ ਸਰਗਰਮ ਹੈ। ਕਿਸਾਨ ਮੇਲਿਆਂ ਦੇ ਬਹਾਨੇ ਜਿੱਥੇ ਖੇਤੀਬਾੜੀ ਦੇ ਗਿਆਨ ਦੀ ਰੌਸ਼ਨੀ ਵੰਡੀ ਜਾ ਰਹੀ ਹੈ ਉੱਥੇ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਸਾਲ ਵਿੱਚ ਸਿਰਫ ਦੋ ਦਿਨ ਨਹੀਂ ਹਰ ਰੋਜ਼ ਆਮਦਨ ਲਵੇ ਕਿਸਾਨ
ਅੱਜ ਦੇ ਕਿਸਾਨ ਮੇਲੇ ਵਿੱਚ ਸਟੇਜ ਤੋਂ ਬਾਰ ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਸਾਨ ਭਰਾ ਸਾਲ ਭਰ ਮੇਹਨਤ ਕਰਕੇ ਸਿਰਫ ਦੋ ਦਿਨ ਆਮਦਨ ਲੈਣ ਦੀ ਬਜਾਏ ਹਰ ਰੋਜ਼ ਆਮਦਨ ਲੈਣ ਵਾਲੇ ਰਾਹ ਤੁਰਨ। ਇਸ ਮਕਸਦ ਲਈ ਡੇਅਰੀ ਫਾਰਮਿੰਗ ਦੇ ਨਾਲ ਨਾਲ ਸਬਜ਼ੀਆਂ ਵਾਲੇ ਪਾਸੇ ਧਿਆਨ ਦੇਣ ਦੀ ਪ੍ਰੇਰਨ ਦਿੱਤੀ ਜਾ ਰਹੀ ਹੈ ਕਿਓਂਕਿ ਸਬਜ਼ੀ ਦੀ ਲੋੜ ਹਰ ਇੱਕ ਨੂੰ ਪੈਂਦੀ ਹੈ ਅਤੇ ਕਿਸਾਨ ਇਸ ਤੋਂ ਹਰ ਰੋਜ਼ ਆਮਦਨ ਲੈ ਸਕਦਾ ਹੈ। ਅੱਜ ਬੀਜਾਂ ਦੀ ਵਿਕਰੀ ਦੌਰਾਨ ਸਬਜ਼ੀ ਵਾਲੇ ਬੀਜਾਂ ਦੀ ਕਿੱਟ ਸ਼ਾਇਦ ਹਰ ਇੱਕ ਨੇ ਆਪਣੇ ਝੋਲੇ ਵਿੱਚ ਪਾਈ ਹੋਈ ਸੀ। ਇਸ ਕਿੱਟ ਵਿੱਚ ਦਸ ਕਿਸਮ ਦੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ।
ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ-VC ਡਾਕਟਰ ਢਿੱਲੋਂ
ਕਿਸਾਨੀ ਦੀ ਮੌਜੂਦਾ ਹਾਲਤ ਦੇ ਬਾਵਜੂਦ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਗਿੱਲ ਨੇ ਯਾਦ ਕਰਾਇਆ ਕਿ ਸਾਰੇ ਹਿੰਦੋਸਤਾਨ ਦਾ ਢਿੱਡ ਭਰਨਾ ਸਾਡੀ ਡਿਊਟੀ ਹੈ ਅਤੇ ਇਹ ਸਭ ਕੁਝ ਕਰਦਿਆਂ  ਅਨਾਜ ਅਤੇ ਹੋਰ ਸਬੰਧਤ ਉਤਪਾਦਨਾਂ ਦੀ ਕੁਆਲਿਟੀ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਹੈ।
ਮੇਲੇ ਵਿੱਚ ਪੂਰੀਆਂ ਰੌਣਕਾਂ ਸਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਦੌਰਾਨ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਜੋਂ ਅੱਜ ਦੂਸਰਾ ਕਿਸਾਨ ਮੇਲਾ ਅੰਮ੍ਰਿਤਸਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਜਹਾਂਗੀਰ ਵਿਖੇ ਲਗਾਇਆ ਗਿਆ। ਗਰਮੀ ਦੇ ਬਾਵਜੂਦ ਮੇਲੇ ਵਿੱਚ ਪੂਰੀਆਂ ਰੌਣਕਾਂ ਸਨ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਡਾ ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ ਆਰ ਕੇ ਗੁੰਬਰ, ਨਿਰਦੇਸ਼ਕ ਖੋਜ, ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ, ਡਾ ਗੁਰਮੀਤ ਸਿੰਘ ਬੁੱਟਰ, ਵਧੀਕ ਨਿਰਦੇਸ਼ਕ ਪਸਾਰ ਸਿਖਿਆ, ਅਗਾਹਵਧੂ ਕਿਸਾਨ ਮਹਿੰਦਰ ਸਿੰਘ ਗਰੇਵਾਲ, ਡਾ ਤਰਸੇਮ ਸਿੰਘ ਢਿੱਲੋਂ, ਨਿਰਦੇਸ਼ਕ ਬੀਜ ਅਤੇ ਡਾ ਹਰਵੰਤ ਸਿੰਘ ਔਲਖ, ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ ਅਤੇ ਡਾ ਰਣਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸਾਡੀ ਨੈਤਿਕ ਜ਼ਿਮੇਵਾਰੀ
ਮੇਲੇ ਵਿੱਚ ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਡਾ ਢਿੱਲੋਂ ਨੇ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਤਰੱਕੀ, ਨੁਮਾਇਸ਼ੀ ਪਲਾਟਾਂ ਤੇ ਖੁਸ਼ੀ ਜਾਹਰ ਕਰਦਿਆਂ ਵਿਸ਼ੇਸ਼ ਰੂਪ ਵਿੱਚ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਰੋਕਣ ਲਈ ਅਤੇ ਖਾਸਕਰ ਚਿੱਟੀ ਮੱਖੀ ਦੇ ਹਮਲੇ ਤੇ ਕਾਬੂ ਪਾਉਣ ਲਈ ਸਾਡੇ ਕਿਸਾਨ ਵੀਰ ਸਾਡੇ ਖਾਸ ਧੰਨਵਾਦ ਦੇ ਪਾਤਰ ਹਨ। ਉੁਹਨਾਂ ਨੇ ਇਹਨਾਂ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾਇਆ ਹੈ ਅਤੇ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਿਆ ਹੈ। ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਸਫਲਤਾ ਸੰਭਵ ਨਹੀਂ ਸੀ। ਉਹਨਾਂ ਨੇ ਰਲਵੀਂ ਖੇਤੀ, ਘਰੇਲੂ ਬਗੀਚੀ, ਸਹਿਕਾਰੀ ਖੇਤੀ ਮਸ਼ੀਨਰੀ ਅਤੇ ਸਹਾਇਕ ਧੰਦਿਆਂ ਵਿੱਚ ਔਰਤਾਂ ਦੀ ਸ਼ਮਲੀਅਤ ਉੱਪਰ ਵਿਸ਼ੇਸ਼ ਜ਼ੋਰ ਦਿੱਤਾ। ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸਾਡੀ ਨੈਤਿਕ ਜ਼ਿਮੇਵਾਰੀ ਹੈ, ਕਿਸਾਨ ਵੀਰੋ ਇਸ ਵਾਰ ਪਰਾਲੀ ਬਿਲਕੁਲ ਨਾ ਸਾੜਨਾ।
ਡਾ ਆਰ ਕੇ ਗੁੰਬਰ ਨੇ ਚਾਨਣਾ ਪਾਇਆ ਖੋਜ ਕਾਰਜਾਂ ਬਾਰੇ
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ ਆਰ ਕੇ ਗੁੰਬਰ ਨੇ ਚਾਨਣਾ ਪਾਇਆ। ਉਹਨਾਂ ਪਿਛਲੇ ਦਿਨਾਂ ਵਿਚ ਯੂਨਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਣਕ, ਨੇਪੀਅਰ ਬਾਜਰਾ, ਅਫਰੀਕਨ ਸਰੋਂ, ਫੁੱਲਾਂ ਅਤੇ ਸਬਜ਼ੀਆਂ ਆਦਿ ਦੀਆਂ ਫਸਲਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਹਾ ਕਿ ਲਾਜ਼ਮੀ ਗੱਲ ਇਹ ਹੈ ਕਿ ਕਿਸਾਨ ਵੀਰ ਆਪਣੀ ਫੀਡਬੈਕ ਦਿੰਦੇ ਰਹਿਣ ਤਾਂ ਜੋ ਸਾਡੀ ਖੇਤੀ ਖੋਜ ਨੂੰ ਸਹੀ ਦਿਸ਼ਾ ਮਿਲਦੀ ਰਹੇ।
ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ-ਡਾ. ਆਰ ਐਸ ਸਿੱਧੂ
'ਜੀ ਆਇਆਂ' ਦੇ ਸ਼ਬਦ ਬੋਲਦਿਆਂ ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ ਨੇ ਕਿਹਾ ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਰਾਹੀਂ  ਯੂਨੀਵਰਸਿਟੀ ਆਪਣੀਆਂ ਖੇਤੀ-ਖੋਜਾਂ, ਵਿਕਸਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਤ ਕਰਦੀ ਹੈ। ਉਹਨਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਅਪੀਲ ਕੀਤੀ ਕਿ ਗਿਆਨ ਲਈ ਇਹਨਾਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਤੇ ਜਰੂਰ ਹੋ ਕੇ ਜਾਣਾ। ਪੀਏਯੂ ਦਾ ਖੇਤੀ ਸਾਹਿਤ ਜਰੂਰ ਖਰੀਦਣਾ ਜੋ ਪੂਰਾ ਸਾਲ ਤੁਹਾਡੇ ਲਈ ਮਾਰਗ ਦਰਸ਼ਕ ਹੋਵੇਗਾ। ਇਹ ਸਿਫ਼ਾਰਿਸ਼ਾਂ ਖੇਤੀ ਸੰਬੰਧੀ ਗਿਆਨ ਦਾ ਨਿਚੋੜ ਹਨ ਜੋ ਪੰਜਾਬ ਦੀ ਚੰਗੀ ਖੇਤੀ ਲਈ ਪੀਏਯੂ ਤਿਆਰ ਕਰਦੀ ਹੈ। ਉਹਨਾਂ ਨੇ ਵਿਸ਼ੇਸ਼ ਰੂਪ ਵਿੱਚ ਮੀਡੀਆ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਜੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਡਾ ਸਿੱਧੂ ਨੇ ਕਿਸਾਨਾਂ ਨਾਲ ਇਸ ਮਾਣ ਨੂੰ ਵੀ ਸਾਂਝਾ ਕੀਤਾ ਕਿ ਅਨੇਕਾਂ ਚੁਣੌਤੀਆਂ ਅਤੇ ਸੰਕਟਾਂ ਦੇ ਬਾਵਜੂਦ ਖੇਤੀ ਪੱਖੋ ਪੰਜਾਬ ਅਜੇ ਵੀ ਭਾਰਤ ਦਾ ਪ੍ਰਮੁੱਖ ਸੂਬਾ ਹੈ। ਇੱਕ ਮੀਡੀਆ ਸਰਵੇਖਣ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪੰਜਾਬ ਦੇ ਕਿਸਾਨ ਦੀ ਆਮਦਨ ਅੱਜ ਵੀ ਹੋਰਨਾਂ ਦੇ ਮੁਕਾਬਲੇ ਕਾਫੀ ਹੈ। 
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਸਟਾਲ ਅਤੇ ਪ੍ਰਦਰਸ਼ਨੀ ਪਲਾਟ ਲਗਾਏ ਗਏ। ਤਕਨੀਕੀ ਸੈਸ਼ਨ ਦੌਰਾਨ ਖੇਤੀ ਮਾਹਿਰਾਂ ਨੇ ਕਿਸਾਨਾਂ ਨਾਲ ਗਿਆਨਮਈ ਵਾਰਤਾਲਾਪ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ-ਵਖ ਵਿਸ਼ਾ ਮਾਹਿਰਾਂ ਵੱਲੋਂ ਮੌਕੇ ਤੇ ਦਿੱਤੇ ਗਏ।
ਸੇਵੀਆਂ ਦੇ ਬਹਾਨੇ ਔਰਤਾਂ ਦੀ ਆਤਮ ਨਿਰਭਰਤਾ 
ਅੱਜ ਦੇ ਮੇਲੇ ਵਿੱਚ ਸਵੇਰੇ ਸਵੇਰੇ ਸੇਵੀਆਂ ਵੱਟਣ ਦੇ ਮੁਕਾਬਲੇ ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਿੱਚ ਸਫਲ ਰਹੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਨਾਲ ਜਿੱਥੇ ਪੰਜਾਬ ਦਾ ਅਲੋਪ ਹੋ ਰਿਹਾ ਸੱਭਿਆਚਾਰ ਸੁਰਜੀਤ ਹੋਵੇਗਾ ਉੱਥੇ ਬਾਜ਼ਾਰੀ ਖਰਚੇ ਵੀ ਬਚਣਗੇ ਅਤੇ ਬਾਜ਼ਾਰੀ ਚੀਜ਼ਾਂ ਨਾਲ ਹੁੰਦੀਆਂ ਬਿਮਾਰੀਆਂ ਵੀ ਘਟਣਗੀਆਂ। ਸੇਵੀਆਂ ਵੱਟਣ ਦੇ ਬਹਾਨੇ ਨਾਲ ਇੱਕ ਦੂਜੇ ਕੋਲ ਬੈਠਣ ਅਤੇ ਦੁੱਖ ਸੁੱਖ ਫਰੋਲਣ ਦਾ ਉਹ ਰਿਵਾਜ ਵੀ ਫਿਰ ਜ਼ੋਰ ਫੜੇਗਾ ਜਿਹੜਾ ਅੱਜਕਲ੍ਹ ਸੁਪਨਾ ਹੁੰਦਾ ਜਾ ਰਿਹਾ ਹੈ। ਸੇਵੀਆਂ ਵੱਟਣ ਦੇ ਮੁਕਾਬਲੇ ਵਿੱਚ ਇਲਾਕੇ ਦੀਆਂ 15 ਬੀਬੀਆਂ ਨੇ ਭਾਗ ਲਿਆ। ਪਹਿਲਾ ਇਨਾਮ ਜਹਾਂਗੀਰ ਪਿੰਡ ਤੋਂ ਗਰੁਨਾਮ ਕੌਰ ਨੇ, ਦੂਜਾ ਅਜਨਾਲਾ ਦੀ ਨਿਸ਼ਾ ਨੇ, ਤੀਜਾ ਜਹਾਂਗੀਰ ਦੀ ਕੁਲਦੀਪ ਕੌਰ ਨੇ ਅਤੇ ਵਿਸ਼ੇਸ਼ ਹੌਸਲਾ ਵਧਾਊ ਇਨਾਮ ਅਜਨਾਲਾ ਦੀ ਨੀਲਮ ਕੌਰ ਨੇ ਜਿੱਤਿਆ।
ਪੀਏਯੂ ਦੇ ਅਜਿਹੇ ਉਪਰਾਲੇ ਔਰਤਾਂ ਦੀ ਇੱਕ ਅਜਿਹੀ ਫੋਰਸ ਤਿਆਰ ਕਰ ਰਹੇ ਹਨ ਜਿਹੜੀ ਖ਼ੁਦਕੁਸ਼ੀ ਕਰ ਰਹੇ ਕਿਸਾਨ ਨੂੰ ਹੋਂਸਲਾ ਦੇਣ ਲਈ ਉਸਦੇ ਬਰਾਬਰ ਮੋਢੇ ਨਾਲ ਮੋਢਾ ਡਾਹ ਕੇ ਖੜੋਣ ਲਈ ਤਿਆਰ ਹੈ। ਇਸ ਮੇਲੇ ਵਿੱਚ ਅਜਿਹੀਆਂ ਕਈ ਔਰਤਾਂ ਅਤੇ ਲੜਕੀਆਂ ਆਈਆਂ ਹੋਈਆਂ ਸਨ ਜਿਹਨਾਂ ਦੇ 'ਤੇ ਉਸ ਆਤਮ ਵਿਸ਼ਵਾਸ ਵਾਲੀ ਚਮਕ ਸੀ ਜਿਹੜਾ ਸਾਰਿਆਂ ਕੋਲ ਨਹੀਂ ਹੁੰਦਾ। ਸੈਲਫ ਹੈਲਪ ਗਰੁੱਪ ਪੰਜਾਬ ਵਿੱਚ ਮਹਿਲਾ ਸਵੈ ਨਿਰਭਰਤਾ ਦਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਸ਼ੁੱਧ ਉਤਪਾਦਨ ਅਤੇ ਸਸਤੇ ਭਾਅ। ਵੱਡੀਆਂ ਕੰਪਨੀਆਂ ਆਪਣੇ ਵਾਅਦੇ ਨਿਭਾਉਣ ਜਾਂ ਨਾਂ ਪਰ ਇਹਨਾਂ ਔਰਤਾਂ ਨੂੰ ਇਸ ਗੱਲ ਦਾ ਪੂਰਾ ਖਿਆਲ ਹੁੰਦਾ ਹੈ ਕਿ ਅਸਾਡੇ ਉਤਪਾਦਨ ਦੀ ਸਾਰੀ ਜ਼ਿਮੇਵਾਰੀ ਸਾਡੀ ਹੈ ਅਤੇ ਜ਼ਰਾ ਜਿਹੀ ਖਰਾਬੀ ਦਾ ਮਤਲਬ ਹੈ ਸਾਖ ਨੂੰ ਖਤਰਾ। ਮੇਲੇ ਵਿੱਚ ਅਜਿਹਾ ਐਲੋਵੇਰਾ ਜੂਸ ਵੇਚਿਆ ਜਾ ਰਿਹਾ ਸੀ ਜਿਹੜਾ ਸਿਰਫ ਇੱਕ ਦਿਨ ਪਹਿਲਾਂ ਤਿਆਰ ਕੀਤਾ ਗਿਆ ਸੀ। 
ਅੰਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿੱਲੋਂ ਨੇ ਮੇਲੇ ਵਿਚ ਸ਼ਮੂਲੀਅਤ ਕਰਨ ਲਈ ਆਏ ਮਹਿਮਾਨਾਂ, ਮੀਡੀਆ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਜਿੰਮੇਵਾਰੀ ਡਾ ਜਸਵਿੰਦਰ ਭੱਲਾ ਨੇ ਬਾਖੂਬੀ ਨਿਭਾਈ। 

Saturday, August 06, 2016

ਮੌਸਮ ਅਨੁਕੂਲ ਰਿਹਾ ਤਾਂ ਨਰਮੇ-ਕਪਾਹ ਦੀ ਚੰਗੀ ਫ਼ਸਲ ਹੋਵੇਗੀ--ਡਾ. ਢਿੱਲੋਂ

ਵਾਈਸ ਚਾਂਸਲਰ ਨੇ ਚਿੱਟੀ ਮੱਖੀ ਦੇ ਹਮਲੇ ਸੰਬੰਧੀ ਦਿੱਤੀ ਵੱਡਮੁੱਲੀ ਜਾਣਕਾਰੀ
ਲੁਧਿਆਣਾ 5 ਅਗਸਤ 2016: (ਰੈਕਟਰ ਕਥੂਰੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਨਰਮਾ-ਕਪਾਹ ਪੱਟੀ ਵਿੱਚ ਚਿੱਟੀ ਮੱਖੀ ਦੇ ਹਮਲੇ ਸੰਬੰਧੀ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਪ੍ਰੈਸ ਕਾਨਫਰੰਸ ਯੂਨੀਵਰਸਿਟੀ ਦੇ ਥਾਪਰ ਹਾਲ ਵਿੱਚ ਨਿਰਦੇਸ਼ਕ ਖੋਜ ਦੇ ਕਮੇਟੀ ਰੂਮ ਵਿੱਚ ਆਯੋਜਿਤ ਕੀਤੀ ਗਈ ਜਿਥੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਅਤੇ ਹੋਰ ਉਚ ਅਧਿਕਾਰੀਆਂ ਨੇ ਵੱਖ-ਵੱਖ ਚੈਨਲਾਂ ਅਤੇ ਅਖ਼ਬਾਰਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਹੋਏ ਸੁਆਲਾਂ ਜੁਆਬਾਂ ਵਿੱਚ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਇੱਕ ਇੱਕ ਗੱਲ ਬੜੇ ਵਿਸਥਾਰ ਨਾਲ ਸਮਝਾਈ।  ਸਲਾਈਡ ਸ਼ੋ ਨਾਲ ਇਹ ਹੋਰ ਵੀ ਦਿਲਚਸਪ ਅਤੇ ਜੀਵੰਤ ਬਣ ਗਈ। 
ਇਸ ਮੌਕੇ ਡਾ. ਢਿੱਲੋਂ ਨੇ ਚਿੱਟੀ ਮੱਖੀ ਦੇ ਹਮਲੇ ਸੰਬੰਧੀ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਹੁਣ ਚਿੱਟੀ ਮੱਖੀ ਦਾ ਇਹ ਹਮਲਾ ਪਿਛਲੇ ਸਾਲ ਨਾਲੋਂ ਇਸ ਸਮੇਂ ਕਾਫ਼ੀ ਘੱਟ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਕੀਟ-ਨਾਸ਼ਕਾਂ ਦੀਆਂ ਸਿਫ਼ਾਰਸ਼ਾਂ ਬਾਰੇ ਚਾਨਣਾ ਪਾਇਆ। ਉਹਨਾਂ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਨਰਮਾ-ਕਪਾਹ ਪੱਟੀ ਵਿੱਚ ਬਾਰਸ਼ ਦੀ ਕਮੀ ਦੇਖੀ ਜਾ ਰਹੀ ਹੈ ਪਰ ਯੂਨੀਵਰਸਿਟੀ ਵੱਲੋਂ ਵਿੱਢੇ ਜਾ ਰਹੇ ਯਤਨਾਂ ਸਦਕਾ ਇਸ ਤੋਂ ਹੋਣ ਵਾਲਾ ਨੁਕਸਾਨ ਕਾਬੂ ਹੇਠ ਹੈ । ਡਾ. ਢਿੱਲੋਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਤਜ਼ਰਬੇ ਨੂੰ ਧਿਆਨ ਰੱਖਦਿਆਂ ਇਸ ਸਾਲ ਆਰੰਭ ਵਿੱਚ ਹੀ ਇਸ ਟਾਕਰੇ ਲਈ ਵੱਡੀ ਮੁਹਿੰਮ ਵਿੱਢੀ ਗਈ ਅਤੇ ਇਸ ਸਾਲ ਮਈ ਮਹੀਨੇ ਤੋਂ ਖੇਤੀ ਵਿਗਿਆਨੀਆਂ ਦੀਆਂ ਨਿਰੰਤਰ ਫੇਰੀਆਂ ਆਰੰਭ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੀਤੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਸਕਾਊਟਾਂ (500) ਅਤੇ ਸੁਪਵਾਈਜ਼ਰਾਂ (50) ਨੂੰ ਤਕਨੀਕੀ ਸਿਖਲਾਈ ਦੇਣ ਉਪਰੰਤ ਪਿੰਡ ਪੱਧਰ ਤੇ ਤੈਨਾਤ ਕੀਤਾ ਗਿਆ।
ਨਰਮਾ-ਕਪਾਹ ਪੱਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾ, ਫਾਰਮ ਸਲਾਹਕਾਰ ਕੇਂਦਰਾਂ, ਕਪਾਹ ਖੋਜ ਕੇਂਦਰ ਸਿਰਸਾ ਦੇ ਵਿਗਿਆਨੀ, ਰਾਜਸਥਾਨ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਨਾਲ ਯੂਨੀਵਰਸਿਟੀ ਦੇ ਵਿਗਿਆਨੀ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਾਰੇ ਇਲਾਕਿਆਂ ਵਿੱਚ ਚਿੱਟੀ ਮੱਖੀ ਸੰਬੰਧੀ ਲੋੜੀਂਦੀ ਨੀਤੀ ਤਿਆਰ ਕੀਤੀ ਗਈ ਸੀ । ਡਾ. ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਟੀ ਵੀ, ਰੇਡੀਓ, ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਨਿਰੰਤਰ ਜਾਗਰੂਕ ਕੀਤਾ ਗਿਆ ਅਤੇ ਇਸ ਸੰਬੰਧੀ ਯੂਨੀਵਰਸਿਟੀ ਵੱਲੋਂ ਜਾਣਕਾਰੀ ਭਰਪੂਰ ਇਸ਼ਤਿਹਾਰ, ਕੈਲੰਡਰ ਅਤੇ ਪੈਂਫਲਿਟ ਵੀ ਤਿਆਰ ਕੀਤੇ ਗਏ ਜੋ ਕਿ ਡੀਲਰਾਂ ਅਤੇ ਕਿਸਾਨਾਂ ਨੂੰ ਮੁਫ਼ਤ ਪ੍ਰਦਾਨ ਕੀਤੇ ਗਏ। ਉਹਨਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਸਰਕਾਰ ਅਤੇ ਖੇਤੀ ਵਿਭਾਗ ਦੇ ਨਾਲ-ਨਾਲ ਕਿਸਾਨਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ । ਉਹਨਾਂ ਇਸ ਮੌਕੇ ਕਿਹਾ ਕਿ ਜੇਕਰ ਮੌਸਮ ਅਨੁਕੂਲ ਰਹਿੰਦਾ ਹੈ ਤਾਂ ਇਸ ਵਾਰ ਚੰਗਾ ਝਾੜ ਮਿਲਣ ਦੀ ਉਮੀਦ ਹੈ । ਇੱਕ ਸਵਾਲ ਦੇ ਜਵਾਬ ਵਿੱਚ ਡਾ. ਢਿੱਲੋਂ ਨੇ ਦੱਸਿਆ ਕਿ ਦੇਸੀ ਕਪਾਹ ਤੇ ਚਿੱਟੀ ਮੱਖੀ ਦਾ ਹਮਲਾ ਬੀ ਟੀ ਨਰਮੇ ਨਾਲੋਂ ਘੱਟ ਦੇਖਿਆ ਗਿਆ ਹੈ। ਡਾ. ਢਿੱਲੋਂ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਲਖਨਊ ਵਿਖੇ ਸਥਿਤ ਕੌਮਾਂਤਰੀ ਪੱਧਰ ਦੇ ਅਦਾਰੇ ਦੇ ਨਾਲ ਮਿਲ ਕੇ ਚਿੱਟੀ ਮੱਖੀ ਦਾ ਹਮਲਾ ਰੋਕਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਲਈ ਵੀ ਖੋਜ ਉਪਰਾਲੇ ਭਵਿੱਖ ਵਿੱਚ ਆਰੰਭੇ ਜਾਣਗੇ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ ਕੇ ਖੰਨਾ, ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ, ਸਾਬਕਾ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਤੋਂ ਇਲਾਵਾ ਸੰਬੰਧਤ ਵਿਗਿਆਨੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ।