ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਆਇਆ
ਮੁੱਲਾਂਪੁਰ ਦਾਖਾ: 12 ਜੂਨ 2017: (ਪੰਜਾਬ ਸਕਰੀਨ ਬਿਊਰੋ)::
ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦੀ ਖ਼ੁਦਕੁਸ਼ੀ ਦਾ ਮਾਮਲਾ ਗਰਮ ਰਿਹਾ ਹੈ। ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਦੁਪਹਿਰ ਵੇਲੇ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਲੋਕਾਂ ਵਿੱਚ ਜੋਸ਼ ਸੀ। ਲੋਕ ਸਭ ਕੁਝ ਆਪਣੇ ਸਪਸ਼ਟ ਦੇਖਣਾ ਸੁਣਨਾ ਚਾਹੁੰਦੇ ਸਨ। ਇਸ ਮੌਕੇ ਪੁਲਸ ਦੇ ਉੱਚ ਅਧਿਕਾਰੀ, ਰਾਜਸੀ ਪਾਰਟੀਆਂ ਦੇ ਨੁਮਾਇੰਦੇ, ਸੰਘਰਸ਼ੀਲ ਜੱਥੇਬੰਦੀਆ ਦੇ ਆਗੂ, ਪਿੰਡ ਦੀ ਸਮੁੱਚੀ ਪੰਚਾਇਤ ਤੋਂ ਇਲਾਵਾ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ। ਰੋਸ ਅਤੇ ਰੋਹ ਦੀ ਲਹਿਰ ਹਰ ਪਾਸੇ ਨਜ਼ਰ ਆ ਰਹੀ ਸੀ।
ਇਸੇ ਦੌਰਾਨ ਰੋਸ ਵਜੋਂ ਜੋਧਾਂ ਦਾ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਿਹਾ ਤੇ ਬੀਤੀ ਰਾਤ ਵੀ ਇਲਾਕਾ ਨਿਵਾਸੀਆਂ ਨੇ ਲੁਧਿਆਣਾ-ਜੋਧਾਂ ਸੜਕ 'ਤੇ ਕੈਂਡਲ ਮਾਰਚ ਰੋਸ ਵਜੋਂ ਕੱਢਿਆ ਸੀ। ਅੱਜ ਸਵੇਰੇ ਭੜਕੀ ਭੀੜ ਨੇ ਲੁਧਿਆਣਾ-ਜੋਧਾਂ ਸੜਕ 'ਤੇ ਆਵਾਜਾਈ ਬੰਦ ਕਰਕੇ ਪੁਲਸ ਦੀ ਗੱਡੀ ਦੀ ਭੰਨਤੋੜ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਜੋਧਾਂ ਅਤੇ ਖੰਡੂਰ ਦੋਵੇਂ ਪਿੰਡ ਪੁਲਸ ਛਾਉਣੀ ਵਿੱਚ ਬਦਲੇ ਹੋਏ ਨਜ਼ਰ ਆ ਰਹੇ ਸਨ। ਅਣਸੁਖਾਵੀਂ ਘਟਨਾਂ ਦੇ ਡਰ ਵਜੋਂ ਇੱਕ ਦਰਜਨ ਦੇ ਕਰੀਬ ਥਾਣਿਆਂ ਤੋਂ ਪੁਲਸ ਮੰਗਵਾਈ ਹੋਈ ਸੀ। ਜਿਸ ਦੀ ਅਗਵਾਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਅਤੇ ਐਸ.ਐਸ.ਪੀ ਸੁਰਜੀਤ ਸਿੰਘ ਕਰ ਰਹੇ ਸਨ।
ਅੱਜ ਮਹਿਲਾ ਸਿਪਾਹੀ ਦੇ ਸਸਕਾਰ ਨੂੰ ਪਿੰਡ ਖੰਡੂਰ ਦੀ ਸੱਥ ਵਿੱਚ ਇਲਾਕਾ ਨਿਵਾਸੀ ਲੋਕਾਂ ਦਾ ਇਕੱਠ ਹੋਇਆ, ਜਿਸ ਨੂੰ ਗਠਿਤ ਕੀਤੀ ਗਈ 21 ਮੈਂਬਰਾਂ ਦੀ ਕਮੇਟੀ ਦੇ ਮੈਂਬਰਾਂ ਨੇ ਜਿਨ੍ਹਾਂ ਵਿੱਚ ਵਿਧਾਇਕ ਤਰਸੇਮ ਜੋਧਾਂ, ਇਨਕਲਾਬੀ ਕੇਂਦਰ ਦੇ ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਕੇਵਲ ਸਿੰਘ ਮੁੱਲਾਂਪੁਰ, ਆਧਿਆਪਕ ਵਰਗ ਵੱਲੋਂ ਮਾ. ਹਰਦੇਵ ਸਿੰਘ ਮੁੱਲਾਂਪੁਰ, ਮਾਸਟਰ ਜੋਗਿੰਦਰ ਆਜ਼ਾਦ, ਦੇਵ ਸਰਾਭਾ, ਸਮਾਜ ਸੇਵੀ ਆਗੂ ਹਰਦੀਪ ਸਿੰਘ ਸਰਾਭਾ ਅਤੇ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੀ ਪੁਸ਼ਟੀ ਐਸ.ਐਸ.ਪੀ ਜਗਰਾਓ ਸੁਰਜੀਤ ਸਿੰਘ ਨੇ ਕੀਤੀ ਹੈ। ਇਸ ਲਈ ਮ੍ਰਿਤਕ ਅਮਨਪ੍ਰੀਤ ਕੌਰ ਦਾ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ।
ਉੱਧਰ ਜੋਧਾਂ ਵਿਖੇ ਲੁਧਿਆਣਾ ਮੁੱਖ ਸੜਕ 'ਤੇ ਆਵਾਜਾਈ ਬੰਦ ਕਰਕੇ ਭੜਕੀ ਭੀੜ ਮੰਗ ਕਰ ਰਹੀ ਸੀ ਕਿ ਮੁਨਸ਼ੀ ਨਿਰਭੈ ਸਿੰਘ ਤੋਂ ਬਿਨਾਂ ਹੋਰ ਇਸ ਮਾਮਲੇ ਨਾਲ ਸੰਬੰਧਤ ਕਥਿਤ ਪੁਲਸ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਵੀ ਕੀਤਾ ਜਾਵੇ ਤੇ ਮੁਨਸ਼ੀ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ। ਜਿਸ ਨੂੰ ਲੈ ਕੇ ਭੜਕੀ ਭੀੜ ਨੇ ਪੁਲਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ। ਇਸ ਭੀੜ ਨੂੰ ਸ਼ਾਂਤ ਕਰਨ ਲਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਨੇ ਕਾਫੀ ਜੱਦੋ-ਜਹਿਦ ਕੀਤੀ, ਪਰ ਮ੍ਰਿਤਕਾ ਦੇ ਭਾਈ ਗੁਰਿੰਦਰ ਸਿੰਘ ਦੇ ਆਉਣ 'ਤੇ ਮਾਮਲਾ ਸ਼ਾਂਤ ਹੋਇਆ।
ਮ੍ਰਿਤਕ ਅਮਨਪ੍ਰੀਤ ਕੌਰ ਦਾ ਦੁਪਹਿਰ ਢਾਈ ਵਜੇ ਅੰਤਿਮ ਸੰਸਕਾਰ ਮੌਕੇ ਪੁਲਸ ਕਰਮਚਾਰੀਆਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਚਿਖਾ 'ਤੇ ਫੁੱਲ ਅਰਪਣ ਕੀਤੇ। ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਮਾਹੌਲ ਗਮਗੀਨ ਸੀ। ਮ੍ਰਿਤਕ ਦੀ ਵੱਡੀ ਭੈਣ ਨਵਦੀਪ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਸੀ। ਸ਼ਮਸ਼ਾਨਘਾਟ ਵਿੱਚ ਹਰ ਸ਼ਖਸ ਦੀਆਂ ਅੱਖਾਂ ਸੇਜਲ ਸਨ। ਸਸਕਾਰ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਕਾਂਗਰਸ ਪਾਰਟੀ ਦੇ ਆਗੂ ਮੇਜਰ ਸਿੰਘ ਭੈਣੀ, ਲੁਧਿਆਣਾ (ਪੱਛਮੀ) ਐਸ. ਡੀ. ਐਮ. ਦਮਨਜੀਤ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਡੀ.ਆਈ.ਜੀ ਜਲੰਧਰ ਰੇਂਜ ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ, ਐਸ.ਪੀ. ਹੈੱਡਕੁਆਟਰ ਮਨਦੀਪ ਗਿੱਲ, ਡੀ.ਐਸ.ਪੀ ਹੈੱਡਕੁਆਰ ਸਰਬਜੀਤ ਸਿੰਘ, ਡੀ.ਐਸ. ਪੀ ਸੁਰਜੀਤ ਸਿੰਘ ਰਾਏਕੋਟ, ਮਾ. ਚਰਨਜੀਤ ਸਿੰਘ, ਬਲਰਾਜ ਸਿੰਘ ਕੋਟਉਮਰਾ, ਬਲਜੀਤ ਸਿੰਘ ਗੋਰਸ਼ੀਆ, ਗੁਰਮੇਲ ਸਿੰਘ ਮੋਹੀ, ਜਸਦੇਵ ਲਲਤੋਂ, ਰਮਨਜੀਤ ਸੰਧੂ, ਸੁਖਵਿੰਦਰ ਲੀਲ੍ਹ, ਦੀਪਕ ਖੰਡੂਰ, ਆਤਮਾ ਸਿੰਘ, ਜਸਵੀਰ ਸਿੰਘ ਖੰਡੂਰ, ਸਤਿੰਦਰਪਾਲ ਸਿੰਘ ਖੰਡੂਰ, ਮਹਿਲਾ ਸਰਪੰਚ ਰਸ਼ਵਿੰਦਰ ਸਿੰਘ, ਪੰਚ ਬਲਰਾਜ ਸਿੰਘ ਮਿੰਟੂ, ਅੰਮ੍ਰਿਤਪਾਲ ਸਿੰਘ, ਪਹਿਲ ਸਿੰਘ, ਨਾਜ਼ਰ ਸਿੰਘ, ਮਨਦੀਪ ਸਿੰਘ ਮ੍ਰਿਤਕ ਅਮਨਪ੍ਰੀਤ ਕੌਰ ਦਾ ਭਾਈ ਗੁਰਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਰੱਤੋਵਾਲ, ਭੈਣ ਨਵਦੀਪ ਕੌਰ, ਕੁਲਦੀਪ ਸਿੰਘ ਮੋਹੀ, ਸਰਬਜੀਤ ਕੌਰ ਅਕਾਲਗੜ੍ਹ ਅਤੇ ਕਰਮਜੀਤ ਸਿੰਘ ਕਲੇਰ ਮੁੱਲਾਂਪੁਰ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਸਕਾਰ ਮੌਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਹੋਇਆ। ਹੁਣ ਦੇਖਣਾ ਹੈ ਕਿ ਇਹ ਰੋਸ ਅਤੇ ਰੋਹ ਲੋਕ ਸੰਘਰਸ਼ ਕਦੋਂ ਬਣਦਾ ਹੈ?
No comments:
Post a Comment