Showing posts with label India. Show all posts
Showing posts with label India. Show all posts

Friday, October 18, 2024

ਕੈਨੇਡਾ-ਭਾਰਤ ਦੇ ਆਪਸੀ ਵਿਵਾਦ ਨੂੰ ਲੈਕੇ ਚਿੰਤਿਤ ਹਨ ਗੰਭੀਰ ਸਿੱਖ ਸੰਸਥਾਵਾਂ

Friday 18th October 2024 at 16:42 WhatsApp Iqbal Singh Chandigarh 

ਪ੍ਰਵਾਸੀ ਸਿੱਖਾਂ ਦੇ ਸਬੰਧ ਵਿੱਚ ਅਕਾਲ ਤਖ਼ਤ ਦਖ਼ਲ ਦੇਵੇ:ਕੇਂਦਰੀ ਸਿੰਘ ਸਭਾ


ਚੰਡੀਗੜ੍ਹ:18 ਅਕਤੂਬਰ 2024: (ਪੰਜਾਬ ਸਕਰੀਨ ਡੈਸਕ)::

ਕੈਨੇਡਾ ਅਤੇ ਭਾਰਤ ਦੇ ਆਪਸੀ ਵਿਵਾਦ ਕਾਰਣ ਪ੍ਰੇਸ਼ਾਨ ਸਿੱਖ ਜਗਤ ਦੀਆਂ ਚਿਤਾਵਾਂ ਦਾ ਪਰਛਾਵਾਂ ਹੁਣ ਭਾਰਤ ਵੀ ਪਹੁੰਚ ਚੁੱਕਿਆ ਹੈ। ਇਸ ਚਿੰਤਾ ਦਾ ਗੰਭੀਰ ਨੋਟਿਸ ਲਿਆ ਹੈ ਸਿੰਘ ਸਭਾ ਗੁਰਦਵਾਰਿਆਂ ਦੀ ਨੁਮਾਇੰਦਾ ਸੰਸਥਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ। ਸਭ  ਕੀਤੀ ਹੈ ਕਿ ਕੈਨੇਡਾ ਭਾਰਤ ਦੇ ਆਪਸੀ ਵਿਵਾਦ ਕਰਕੇ ਪ੍ਰੇਸ਼ਾਨ ਪ੍ਰਵਾਸੀ ਸਿੱਖਾਂ ਦੇ ਸਬੰਧ ਵਿੱਚ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ, ਅਕਾਲ ਤਖ਼ਤ ਸਾਹਿਬ ਤੁਰੰਤ ਦਖ਼ਲ ਦੇਵੇ। ਇਸਦੇ ਨਾਲ ਹੀ ਸਭਾ ਨੇ ਇਹ ਵੀ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਦੇ ਪੰਜਾਬ ਆਉਣ, ਰਿਸ਼ਤੇਦਾਰਾਂ ਨੂੰ ਮਿਲਣ ਲਈ ਲੁੜੀਂਦੀ ਸਰਕਾਰੀ ਇਜ਼ਾਜਤ ਅਤੇ ਵੀਜ਼ੇ ਉੱਤੇ ਲਾਈਆਂ ਦਿੱਖ-ਅਦਿੱਖ ਰੁਕਾਵਟਾਂ ਵੀ ਸਰਕਾਰ ਤੁਰੰਤ ਦੂਰ ਕਰਵਾਏ।

ਸਿੰਘ ਸਭਾ ਗੁਰਦਵਾਰਿਆਂ ਦੀ ਨੁਮਾਇੰਦਾ ਸੰਸਥਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਨੇ ਕਿਹਾ ਕੈਨੇਡਾ-ਭਾਰਤ ਦੇ ਕੂਟਨੀਤਿਕ ਵਿਵਾਦ ਹੁਣ ਨਿਊਜੀਲੈਂਡ, ਇੰਗਲੈਂਡ, ਆਸ੍ਰਟੇਰਲੀਆਂ ਅਤੇ ਅਮਰੀਕਾ ਤੱਕ ਵੀ ਪਹੁੰਚ ਗਿਆ ਹੈ। ਕਿਉਂਕਿ ਇਹ ਪੰਜ ਮੁਲਕ ਗੁਪਤ ਸੂਚਨਾਵਾਂ ਆਪਸ ਵਿੱਚ ਸਾਂਝੀਆਂ ਕਰਦੇ ਹਨ ਅਤੇ ਇਕੋ ਹੀ ਤਰਜ਼ ਦੀ ਕਰਵਾਈ ਵਿਰੋਧੀਆਂ ਵਿਰੁੱਧ ਕਰਦੇ ਹਨ।

ਯਾਦ ਰਹੇ, ਵੱਡੀ ਗਿਣਤੀ ਪ੍ਰਵਾਸੀ ਸਿੱਖ ਇਹਨਾਂ ਹੀ ਪੰਜਾਂ ਮੁਲਕਾਂ ਵਿੱਚ ਹੀ ਰਹਿੰਦੇ ਹਨ। ਅਮਰੀਕਾ ਨੇ ਤਾਂ ਇਕ ਸਾਬਕਾ ਭਾਰਤੀ ਅਫ਼ਸਰ ਉੱਤੇ ਆਪਣੇ ਦੇਸ਼ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਵੱਲੋਂ ਭਾਰਤ ਉੱਤੇ ਲਗਾਏ ਦੋਸ਼ ਦੀ ਹਮਾਇਤ ਕਰ ਕੀਤੀ ਹੈ ਕਿ ਪਿਛਲੇ ਸਾਲ ਕੈਨੇਡਾ ਵਿੱਚ ਮਾਰੇ ਗਏ ਉੱਥੋਂ ਦੇ ਇਕ ਸਿੱਖ ਨਾਗਰਿਕ ਪਿਛੇ “ਭਾਰਤੀ ਏਜੰਟਾ” ਅਤੇ ਉਹਨਾਂ ਨਾਲ ਸਬੰਧਤ ਗੈਂਗ ਮੈਂਬਰਾਂ ਦਾ ਹੱਥ ਸੀ। 

ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਅਕਾਲੀ ਦਲ, ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਸਿਆਸੀ ਨੁਮਾਇੰਦਾ ਪਾਰਟੀ ਕਹਿੰਦੇ ਹਨ, ਨੇ ਕੈਨੇਡਾ ਭਾਰਤ ਦੇ ਵਿਗੜ੍ਹੇ ਸਬੰਧਾਂ ਅਤੇ ਪ੍ਰਵਾਸੀ ਸਿੱਖਾਂ ਦੀ ਵਧੀਆਂ ਮੁਸ਼ਕਲਾਂ/ਦੁਸ਼ਵਾਰੀਆਂ ਬਾਰੇ ਜਬਾਨ ਤੱਕ ਨਹੀਂ ਖੋਲੀ। ਇਸੇ ਤਰ੍ਹਾਂ ਪੰਜਾਬ ਵਿਚਲੀ ਮੁੱਖ ਧਾਰਾ ਪਾਰਟੀਆਂ ਅਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ।

ਅਸੀਂ ਜਮਹੂਰੀਅਤ ਇਨਸਾਫ ਪਸੰਦ ਭਾਰਤੀਆਂ ਨੂੰ ਅਪੀਲ ਕਰਦੇ ਹਾਂ ਕਿ ਸਮੁੱਚਾ ਪ੍ਰਵਾਸੀ ਸਿੱਖ ਭਾਈਚਾਰੇ ਵਿਰੁੱਧ ਖੜ੍ਹੇ ਕੀਤੇ ਹਿੰਦੂਤਵੀ ਬਿਰਤਾਂਤ, ਝੂਠੇ ਸਿਆਸੀ ਪ੍ਰਪੰਚ ਅਤੇ ਫਿਰਕਾਪ੍ਰਸਤ ਕਾਰਵਾਈਆਂ ਦਾ ਵਿਰੋਧ ਕਰਕੇ ਦੇਸ਼ ਅੰਦਰ ਸ਼ਾਂਤੀ ਕਾਇਮ ਰੱਖਣ ਦੇ ਉਪਰਾਲਿਆਂ ਦੀ ਮਦਦ ਕਰਨ। 

ਇਸ ਦੇ ਨਾਲ ਹੀ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਨੇ ਇਸ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

ਹੁਣ ਦੇਖਣਾ ਹੈ ਕਿ ਸਿੱਖਾਂ ਦੇ ਮਾਮਲਿਆਂ ਵਿੱਚ ਅਕਸਰ ਦਖਲਅੰਦਾਜ਼ੀ  ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਕਦੋਂ ਅਤੇ ਕੀ ਬੋਲਦੀਆਂ ਹਨ?

 Friday 18th October 2024 at 16:42 WhatsApp Iqbal Singh Chandigarh 

ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ 9316107093


Thursday, June 01, 2023

ਘੱਲੂਘਾਰੇ ਹਫਤੇ ਦੌਰਾਨ ਗੰਭੀਰ ਹੋ ਰਿਹੈ ਰੋਸ ਵਿਖਾਵਿਆਂ ਦਾ ਸਿਲਸਿਲਾ

Thursday1st Jun 2023 at 5:26 PM
ਮਹਿਲਾ ਭਲਵਾਨਾਂ 'ਤੇ ਜਬਰ ਵਿਰੁੱਧ ਰੋਹ ਅਤੇ ਰੋਸ ਹੋਰ ਤਿੱਖਾ ਹੋਇਆ  

ਲੁਧਿਆਣਾ: 1 ਜੂਨ 2023: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਭਲਵਾਨ ਮਹਿਲਾਵਾਂ ਦੇ ਸੰਘਰਸ਼ ਉੱਪਰ ਜਬਰ ਵਿਰੁੱਧ ਰੋਹ, ਰੋਸ ਅਤੇ ਸੰਘਰਸ਼ ਲਗਾਤਾਰ ਵੱਧ ਰਿਹਾ ਹੈ। ਘੱਲੂਘਾਰੇ ਹਫਤੇ ਦੌਰਾਨ ਹੀ ਪੰਜ ਜੂਨ ਨੂੰ ਇਹ ਰੋਸ ਸੰਘਰਸ਼ ਪੂਰੇ ਸਿਖਰਾਂ 'ਤੇ ਹੋਵੇਗਾ। ਅੱਜ ਇਸ ਜਬਰ  ਵਿਰੁੱਧ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸਨੇ ਇਸ ਸਾਰੇ ਮਸਲੇ ਨੂੰ ਆਮ ਲੋਕਾਂ ਦੇ ਦਿਲਾਂ ਤੱਕ ਲਿਜਾਣ ਦੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਅੱਜ ਦੇ ਰੋਸ ਵਖਾਵਿਆਂ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। 

ਅੱਜ ਦੇ ਰੋਸ ਵਖਾਵੇ ਦੌਰਾਨ ਵੀ ਰੋਸ ਪ੍ਰਗਟਾ ਰਹੇ ਸੰਗਠਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਹਨਾਂ ਸੰਗਠਨਾਂ ਨੇ ਕਿਹਾ ਕਿ "ਮੋਦੀ ਦੀ ਭਾਜਪਾ ਸਰਕਾਰ ਦੇ ਜ਼ਬਰ, ਤਾਨਾਸ਼ਾਹੀ ਅਤੇ ਔਰਤ ਵਿਰੋਧੀ ਸੋਚ ਦਾ ਪ੍ਰਤੱਖ ਨਜ਼ਾਰਾ ਲੱਖਾਂ-ਕਰੋੜਾਂ ਲੋਕਾਂ ਨੇ ਉਦੋਂ ਦੇਖਿਆ ਜਦੋ ਜਿਨਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਭਲਵਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਪੁਲਿਸ ਨੇ ਅਣਮਨੁੱਖੀ ਵਿਵਹਾਰ ਕੀਤਾ।" 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕੀਤਾ। ਕਿਸਾਨਾਂ ਸਮੇਤ ਸਮੂਹ ਇਨਸਾਫਪਸੰਦ ਲੋਕਾਂ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਇੱਕਠੇ ਹੋ ਕੇ ਇਸ ਜ਼ਬਰ ਦਾ ਜੋਰਦਾਰ ਵਿਰੋਧ ਕਰਦੇ ਹੋਏ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ। 

ਰੋਸ ਪ੍ਰਦਰਸ਼ਨ ਤੋਂ ਬਾਅਦ ਮਾਰਚ ਦੀ ਸ਼ਕਲ ਵਿੱਚ ਨਾਅਰੇ ਲਾਉਂਦੇ ਹੋਏ ਇਹ ਲੋਕ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ। ਉੱਥੇ ਵੀ ਜੋਸ਼ੀਲੀ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਕਚਹਿਰੀ ਦਾ ਮਾਹੌਲ ਅੱਜ ਵੀ ਨਾਅਰੇਬਾਜ਼ੀ ਨਾਲ ਗੂੰਜਦਾ ਰਿਹਾ। ਅੱਜ ਵੀ ਇਹ ਇਲਾਕਾ ਸਰਕਾਰ ਵਿਰੋਧੀ ਸੰਗਠਨਾਂ ਦਾ ਕੇਂਦਰੀ ਥਾਂ ਬਣਿਆ ਰਿਹਾ। ਆਉਂਦੇ ਜਾਂਦੇ ਲੋਕ ਵੀ ਇਸ ਵਿਚ ਸ਼ਾਮਲ ਹੁੰਦੇ ਰਹੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਚਮਕੌਰ ਸਿੰਘ ਅਤੇ ਰਘਬੀਰ ਸਿੰਘ ਬੈਨੀਪਾਲ, ਟਰੇਡ ਯੂਨੀਅਨ ਆਗੂ ਡੀ.ਪੀ.ਮੌੜ, ਵਿਜੈ ਕੁਮਾਰ ਜਗਦੀਸ਼ ਚੰਦ, ਐਮ ਐਸ ਭਾਟੀਆ, ਕੇਵਲ ਸਿੰਘ ਬਨਵੈਤ, ਹਰਬੰਸ ਸਿੰਘ,ਮਹੀਪਾਲ, ਅਵਤਾਰ ਛਿੱਬੜ,ਸਤਨਾਮ ਸਿੰਘ, ਦਾਨ ਸਿੰਘ, ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਅਧਿਆਪਕ ਆਗੂ ਚਰਨ ਸਰਾਭਾ ਸ਼ਾਮਲ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, April 29, 2023

ਹੁਣ ਲਾਸ਼ਾਂ 'ਤੇ ਵੀ ਮੁਨਾਫ਼ਾ? ਕਿੱਧਰ ਜਾ ਰਹੇ ਹਾਂ ਅਸੀਂ?

ਕੀ ਕਾਰਪੋਰੇਟੀ ਦੌਰ ਆਸਥਾਵਾਂ ਅਤੇ ਸੰਸਕਾਰਾਂ ਨੂੰ ਵੀ ਨਿਗਲਦਾ ਜਾ ਰਿਹੈ?


ਮੋਹਾਲੀ: 28 ਅਪ੍ਰੈਲ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਹਥਿਆਰਾਂ ਦਾ ਵਪਾਰ ਕਰਨ ਵਾਲਿਆਂ ਨੇ ਤਾਂ ਤਬਾਹੀਆਂ ਦੇ ਇਤਿਹਾਸ ਹੀ ਰਚੇ ਹੋਣਗੇ ਪਰ ਵਿਚਾਰਾਂ ਨਾਲ ਜੁੜੇ ਲੋਕਾਂ ਨੇ ਦੁਨੀਆ ਨੂੰ ਸਿਧੇ ਰਾਹੇ ਹੀ ਪਾਇਆ ਹੈ। ਕਿਤਾਬਾਂ ਦੇ ਕੈਫੇ ਨਾਲ ਪ੍ਰਸਿੱਧ ਹੋਏ ਸੁਖਰਾਜ ਕਿਤਾਬਾਂ ਦੀ ਦੁਨੀਆ ਨਾਲ ਜੁੜੇ ਹੋਏ ਹਨ। ਉਹਨਾਂ ਕੋਲੋਂ ਹਮੇਸ਼ਾਂ ਚੰਗੀਆਂ ਗੱਲਾਂ ਮਿਲਦੀਆਂ ਹਨ। ਇਸ ਵਾਰ ਇੱਕ ਨਵੀਂ ਲਿਖਤ ਦੀ ਗੱਲ ਕਰਦੇ ਹਾਂ। 

Sukhraj Sj ਹੁਰਾਂ ਨੇ ਆਪਣੇ ਪ੍ਰੋਫ਼ਾਈਲ 'ਤੇ ਇੱਕ ਲਿਖਤ ਕਾਪੀ ਕਰ ਕੇ ਪੋਸਟ ਕੀਤੀ ਹੈ। ਇਹ ਲਿਖਤ  ਅਤੇ ਅਤੇ ਸੋਚ ਦੀਆਂ ਧੱਜੀਆਂ ਉਡਾ ਦੇਂਦੀ ਹੈ ਜਿਸਦਾ ਪ੍ਰਗਟਾਵਾ ਫਿਲਮ ਦੁਨੀਆ ਦੀ ਸ਼ਖ਼ਸੀਅਤ ਮਨੋਜ ਕੁਮਾਰ ਨੇ ਸੰਨ 1970 ਵਿੱਚ ਆਈ ਆਪਣੀ ਫਿਲਮ "ਪੂਰਬ ਔਰ ਪਸ਼ਚਿਮ" ਵਿਹਚ ਇੰਡੀਵਰ ਸਾਹਿਬ ਦਾ ਲਿਖਿਆ ਇੱਕ ਗੀਤ ਸ਼ਾਮਿਲ ਕੀਤਾ ਸੀ ਜਿਹੜਾ ਬਹੁਤ ਹਿੱਟ ਹੋਇਆ ਸੀ। ਹਲੂਣਾ ਦੇਣ ਵਾਲੇ ਇਸ ਗੀਤ ਵਿੱਚ ਬਹੁਤ ਸਾਰੇ ਕਲਾਕਾਰ ਪਰਦੇ 'ਤੇ ਵੀ ਦਿਖਾਏ ਗਏ ਸਨ। ਇਸ ਗੀਤ ਦੇ ਬੋਲ ਸਨ:

ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ!

ਭਾਰਤ ਕਾ ਰਹਿਨੇ ਵਾਲਾ ਹੂੰ; ਭਾਰਤ ਕੀ ਬਾਤ ਬਤਾਤਾ  ਹੂੰ!

ਇਸ ਗੀਤ ਵਿੱਚ ਹੀ ਭਾਰਤ ਦੇ ਧਾਰਮਿਕ ਅਕੀਦਿਆਂ, ਸੱਭਿਆਚਾਰਾਂ ਅਤੇ ਸੰਸਕਾਰਾਂ ਦੀ ਗੱਲ ਕਰਦਿਆਂ ਕੁਝ ਸਤਰਾਂ ਆਉਂਦੀਆਂ ਹਨ ਜਿਹੜੀਆਂ ਭਾਰਤ ਵਿਚਲੇ ਉਸ ਵੇਲੇ ਦੇ ਸੰਸਕਾਰਾਂ ਅਤੇ ਵਿਚਾਰਕ ਪਹੁੰਚ ਦਾ ਪਤਾ ਦੇਂਦੀਆਂ ਹਨ। ਇਹ ਸਤਰਾਂ ਹਨ:

ਇਤਨੀ ਮਮਤਾ ਨਦੀਓਂ ਕੋ ਭੀ 
ਜਹਾਂ ਮਾਤਾ ਕਹਿ ਕੇ ਬੁਲਾਤੇ ਹੈਂ!
ਇਤਨਾ ਆਦਰ ਇਨਸਾਨ ਤੋਂ ਕਿਆ 
ਪੱਥਰ ਭੀ ਪੂਆਜੇ ਜਾਤੇ ਹੈਂ!
ਇਸ ਧਰਤੀ ਪੈ ਮੈਨੇ ਜਨਮ ਲੀਆ 
ਯੇਹ ਸੋਚ ਕੇ ਮੈਂ ਮੈਂ ਇਤਰਾਤਾ ਹੂੰ!
ਭਾਰਤ ਕਾ ਰਹਿਨੇ ਵਾਲਾ ਹੂੰ!
ਭਾਰਤ ਕੀ ਬਾਤ ਬਤਾਤਾ ਹੂੰ!
ਪਰ ਇਹ ਇੱਕਤਰਫਾ ਜਿਹੀ ਤਸਵੀਰ ਵੀ ਬਹੁਤੀ ਦੇਰ ਤੱਕ ਕਾਇਮ ਨਾ ਰਹੀ ਸਕੀ। ਫ਼ੈਜ਼ ਅਹੋਮਦ ਫ਼ੈਜ਼ ਸਾਹਿਬ ਦੀ ਕਵਿਤਾ ਵੀ ਆਪਣੇ ਵੇਲਿਆਂ ਦੀ ਗਵਾਹੀ ਦੇਂਦੀ ਹੈ। ਕਿ ਸਨ ਉਹਨਾਂ ਵੇਲੈ ਦੇ ਹਾਲਾਤ ਅਤੇ ਕੀ ਸੀ ਉਹਨਾਂ ਵੇਲਿਆਂ ਦੀ ਤਸਵੀਰ ਇਸਦੀ ਇੱਕ ਝਲਕ ਵੀ ਦੇਖੋ ਜ਼ਰਾ: 
ਹਰ-ਇਕ ਦੌਰ ਮੇਂ, ਹਰ ਜ਼ਮਾਨੇ ਮੇਂ ਹਮ
ਜ਼ਹਰ ਪੀਤੇ ਰਹੇ, ਗੀਤ ਗਾਤੇ ਰਹੇ
ਜਾਨ ਦੇਤੇ ਰਹੇ ਜ਼ਿੰਦਗੀ ਕੇ ਲੇਏ
ਸਾਅਤੇ-ਵਸਲ ਕੀ ਸਰਖ਼ੁਸ਼ੀ ਕੇ ਲੀਏ
ਦੀਨ-ਓ-ਦੁਨੀਯਾ ਕੀ ਦੌਲਤ ਲੁਟਾਤੇ ਰਹੇ
ਫ਼ਕਰੋ-ਫ਼ਾਕਾ ਕਾ ਤੋਸ਼ਾ ਸੰਭਾਲੇ ਹੁਏ
ਜੋ ਭੀ ਰਸਤਾ ਚੁਨਾ ਉਸ ਪੇ ਚਲਤੇ ਰਹੇ
ਮਾਲ ਵਾਲੇ ਹਿਕਾਰਤ ਸੇ ਤਕਤੇ ਰਹੇ
ਤਾਨ ਕਰਤੇ ਰਹੇ ਹਾਥ ਮਲਤੇ ਰਹੇ
ਹਮਨੇ ਉਨ ਪਰ ਕੀਯਾ ਹਰਫ਼ੇ-ਹਕ ਸੰਗਜ਼ਨ
ਜਿਨ ਕੀ ਹੈਬਤ ਸੇ ਦੁਨੀਯਾ ਲਰਜ਼ਤੀ ਰਹੀ
ਜਿਨ ਪੇ ਆਂਸੂ ਬਹਾਨੇ ਕੋ ਕੋਈ ਨ ਥਾ
ਅਪਨੀ ਆਂਖ ਉਨਕੇ ਗ਼ਮ ਮੇਂ ਬਰਸਤੀ ਰਹੀ
ਅਸਲ ਵਿਚ ਬਹੁਤ ਪਹਿਲਾਂ ਹੀ ਬਰਬਾਦੀਆਂ ਦੇ ਸਿਲਸਿਲੇ ਸ਼ੁਰੂ ਹੋ ਚੁੱਕੇ ਸਨ। ਆਜ਼ਾਦੀ ਆਉਣ ਤੋਂ ਬਾਅਦ ਵੀ ਬਹੁਤੀ ਦੇਰ ਤੱਕ ਇਹਨਾਂ ਨੂੰ ਰੋਕਿਆ ਨਾ ਜਾ ਸਕਿਆ। Sukhraj Sj ਆਪਣੀ ਕਾਪੀ ਕਰ ਕੇ ਪੇਸਟ ਕੀਤੀ ਇਸ ਪੋਸਟ ਵਿੱਚ ਦੱਸਦੇ ਹਨ: ਜਦੋਂ ਬਿਸਲੇਰੀ ਨੇ ਮੁੰਬਈ ਠਾਣੇ ‘ਚ ਪਹਿਲਾਂ ਪਾਣੀ ਦਾ ਪਲਾਂਟ 1965 ‘ਚ ਲਗਾਇਆ ਸੀ ਤਾ ਲੋਕ ਹੱਸਦੇ ਸੀ ਕਿ ਮੁੱਲ ਦਾ ਪਾਣੀ ਖਰੀਦੇਗਾ ਕੌਣ...!!!? ਇਹ ਉਹ ਜ਼ਮਾਨਾ ਸੀ ਜਦੋਂ ਲੁਧਿਆਣਾ ਵਰਗੇ ਵਪਾਰਕ ਕੇਂਦਰਾਂ ਵਿੱਚ ਵੀ ਤੰਦੂਰੀ ਰੋਟੀ ਪੰਜ ਦਸ ਪੈਸਿਆਂ ਦੀ ਮਿਲਦੀ ਸੀ ਅਤੇ ਇਹਨਾਂ ਰੋਟੀਆਂ ਦੇ ਨਾਲ ਦਾਲ ਮੁਫ਼ਤ ਦਿੱਤੀ ਜਾਂਦੀ ਸੀ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਲੱਕੜ ਬਾਜ਼ਾਰ ਲੁਧਿਆਣੇ ਦੇ ਲਕਸ਼ਮੀ ਸਿਨੇਮਾ ਸਾਹਮਣੇ ਇਹਨਾਂ ਢਾਬਿਆਂ ਦੀ ਪੂਰੀ ਕਤਾਰ ਹੋਇਆ ਕਰਦੀ ਸੀ। ਜਿਹੜਾ ਗਾਹਕ ਕਿਸੇ ਵੀ ਢਾਬੇ 'ਤੇ ਬਹਿ ਕੇ ਰੋਟੀ ਦੇ ਨਾਲ ਸਬਜ਼ੀ ਦੀ ਪਲੇਟ ਵੀ ਲੈਂਦਾ ਸੀ ਤਾਂ ਉਸ ਨੂੰ ਸ਼ਾਹ ਖਰਚ ਵਾਲਾ ਗਾਹਕ ਸਮਝਿਆ ਜਾਂਦਾ ਸੀ। ਪਾਣੀ ਦਾ ਜੱਗ ਮੁਫ਼ਤ ਰੱਖ਼ੀ ਜਾਂਦਾ ਸੀ। ਗਰਮੀ ਅਤੇ ਸਫ਼ਰ ਦੇ ਸਤਾਏ ਗਾਹਕ ਪਹਿਲਾਂ ਤਾਂ ਇੱਕ ਅੱਧ ਜਗ ਵਾਲਾ ਪਾਣੀ ਮੂੰਹ 'ਤੇ ਛਿੱਟੇ ਮਾਰਨ ਵਿਚ ਖਰਚ ਕਰ ਦੇਂਦੇ ਸਨ। ਫਿਰ ਉਹਨਾਂ ਨੂੰ ਬਰਫ ਵਾਲਾ ਹੋਰ ਪਾਣੀ ਬੜੀ ਖੁਸ਼ੀ ਨਾਲ ਦੇ ਦਿੱਤਾ ਜਾਂਦਾ ਸੀ। ਪਿਆਜ਼, ਹਰੀਆਂ ਮਿਰਚਾਂ ਅਤੇ ਅਚਾਰ ਵੀ ਮੁਫ਼ਤ ਦਿੱਤਾ ਜਾਂਦਾ ਸੀ। 

ਇਹ ਪੀਣ ਵਾਲਾ ਪਾਣੀ ਜੋ ਅੱਜ ਤੋਂ 50 ਸਾਲ ਪਹਿਲਾਂ ਮੁਫ਼ਤ ਸੀ ਹੁਣ ਪੀਣ ਵਾਲੇ ਪਾਣੀ ਦਾ ਬਿਜਨਿਸ 1.8 ਲੱਖ ਕਰੋੜ ਦਾ ਹੋ ਗਿਆ ਹੈ...ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿੰਨੇ ਦਹਾਕੇ ਪਹਿਲਾਂ ਹੀ ਮੁਨਾਫਾਖੋਰੀ ਅਤੇ ਕਾਰਪੋਰੇਟ ਕਲਚਰ ਵੱਲ ਮੁੜ ਪਏ ਸਨ। ਅੱਜ ਪੀਣ ਵਾਲਾ ਪਾਣੀ ਪੈਸੇ ਖਰਚ ਕਰਕੇ ਵੀ ਆਸਾਨੀ ਨਾਲ ਨਹੀਂ ਲਭਦਾ -ਪੀਣ ਦਾ ਪਾਣੀ ਵੇਚਣ ਵਾਲਿਆਂ ਬਹੁਤ ਸਾਰੀਆਂ ਕੰਪਨੀਆਂ ਹਨ ਅਤੇ ਇਹਨਾਂ ਦੇ ਬਹੁਤ ਸਾਰੇ ਆਊਟਲੈਟ ਵੀ ਹਨ ਜਿਹੜੇ ਛੋਟੇਮੋਟੇ ਗਲੀ ਮੁਹੱਲਿਆਂ ਨੂੰ ਵੀ ਕਵਰ ਕਰਦੇ ਹਨ। ਇੱਕ ਲੀਟਰ, ਦੋ ਲੀਟਰ, ਪੰਜ ਲੀਟਰ ਅਤੇ ਵੀਹ ਲੀਟਰਵਾਲੀਆਂ  ਬੋਤਲਾਂ ਅਤੇ ਨਿੱਕੀਆਂ ਡਰੰਮੀਆਂ ਨਾਲ ਪਾਣੀ ਦਾ ਕਾਰੋਬਾਰ ਵੱਡੀ ਪੱਧਰ 'ਤੇ ਚੱਲਦਾ ਹੈ। ਛੇਤੀ ਹੀ ਸਾਹ ਲੈਣ ਲਈ ਆਕਸੀਜ਼ਨ ਦੇ ਛੋਟੇ ਸਲੰਡਰ ਜਾਂ ਬੈਗ ਵੀ ਦਿਖਾਈ ਦੇ ਸਕਦੇ ਹਨ। ਦੁੱਖ ਭਰੀ ਹਕੀਕਤ ਇਹ ਵੀ ਕਿ ਕਾਰੋਬਾਰੀ ਮੁਨਾਫ਼ੇ ਦਾ ਸਿਲਸਿਲਾ ਅਜੇ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ। ਬਾਜ਼ਾਰ ਵਿੱਚ ਮੂੰਹ ਮੰਗੇ ਪੈਸੇ ਖਰਚ ਕੇ ਵੀ ਨਾ ਤਾਂ ਦੁੱਧ ਸ਼ੁੱਧ ਮਿਲਦਾ ਹੈ ਨਾ ਹੀ ਹੋਰ ਚੀਜ਼ਾਂ। ਸਬਜ਼ੀਆਂ ਵੀ ਇੰਜੈਕਸ਼ਨ ਲੈ ਕੇ ਰਾਤੋਰਾਤ ਵੱਡਿਆਂ ਕੀਤੀਆਂ ਹੁੰਦੀਆਂ ਹਨ। ਅੰਡੇ ਵੀ ਕੈਮੀਕਲ ਨਾਲ ਬਣਨ ਲੱਗ ਪਏ ਹਨ। ਪੂੰਜੀਵਾਦ ਦੇ ਦੌਰ ਵਿੱਚ ਇਸ ਤੋਂ ਵੀ ਵੱਡੇ ਦੁਖਾਂਤ ਅਜੇ ਸਾਹਮਣੇ ਆ ਸਕਦੇ ਹਨ। ਆਪਣੀ ਲਿਖਤ ਵਿੱਚ ਅੱਗੇ ਜਾ ਕੇ ਸੁਖਰਾਜ ਜੀ ਦੱਸਦੇ ਹਨ ਅੱਗੇ ਹੋਰ ਵੇਖੋ...

ਇੱਕ ਪ੍ਰਾਈਵੇਟ ਕੰਪਨੀ ਸੁਖੰਤ ਫਿਊਨਰਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਬਣਾਈ ਗਈ ਹੈ,ਜੋ ਅੰਤਿਮ ਸੰਸਕਾਰ ਕਰਵਾਏਗੀ,ਇਸਦੀ ਫੀਸ 37500 ਹੈ। ਅਰਥੀ, ਪੰਡਿਤ, ਨਾਈ, ਮੋਢਾ ਦੇਣ ਵਾਲੇ, ਨਾਲ ਚੱਲਣ ਵਾਲੇ, ਰਾਮ ਨਾਮ ਸੱਤ ਬੋਲਣ ਵਾਲੇ, ਸਭ ਉਸ ਦੇ ਹੋਣਗੇ।  ਉਹ ਹੱਡੀਆਂ ਦਾ ਵਿਸਰਜਨ ਵੀ ਕਰਵਾਏਗੀ।

ਹੁਣ ਤੁਸੀਂ  ਇਸ ਨਵੀਂ ਸ਼ੁਰੂਆਤ ਬਾਰੇ ਸੋਚੋ।  

ਇਸ ਕੰਪਨੀ ਨੇ ਹੁਣ ਤੱਕ 50 ਲੱਖ ਰੁਪਏ ਕਮਾ ਲਏ ਹਨ,ਆਉਣ ਵਾਲੇ ਸਮੇਂ ਵਿੱਚ ਉਸਦਾ ਕਾਰੋਬਾਰ 200 ਕਰੋੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੰਪਨੀ ਜਾਣਦੀ ਹੈ ਕਿ ਨਾ ਤਾਂ ਬੇਟੇ ਅਤੇ ਨਾ ਹੀ ਭਰਾ ਕੋਲ ਭਾਰਤ ਵਿੱਚ ਰਿਸ਼ਤੇ ਨਿਭਾਉਣ ਦਾ ਸਮਾਂ ਹੈ॥ ਹੁਣ ਤੱਕ 5000 ਸੰਸਕਾਰ ਕਰ ਚੁੱਕੇ ਹਨ! ਲਾਸ਼ਾਂ ਦੇ ਸਮਾਨ ਦੀ ਦੁਕਾਨ ਦੇਖੀ ਸੀ ਪਰ ਲਾਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ 'ਚ ਸਟਾਲ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ...

ਸੱਭਿਆਚਾਰਕ, ਹਰ ਤਰੵਾਂ ਦੀ ਗਿਰਾਵਟ ਅਤੇ ਸਾਡੇ ਗੁਆਂਢੀਆਂ ਤੋਂ ਦੂਰੀ ਇਸ ਦਾ ਮੁੱਖ ਕਾਰਨ ਹੈ। ਸਮੇਂ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਰਹੀਆਂ ਹਨ।

ਲੋਕਾਂ ਕੋਲ ਆਪਣੇ ਪਿਆਰਿਆਂ ਲਈ ਸਮਾਂ ਨਹੀਂ ਹੈ।  ਅੰਤ ਵਿੱਚ ਵੀ ਕੋਈ ਸਮਾਂ ਨਹੀਂ ਹੈ।  ਇਸ ਲਈ ਕਾਰੋਬਾਰੀਆਂ ਲਈ ਮੌਕਾ ਹੈ।  ਇਹ ਹੈਰਾਨੀਜਨਕ ਹੈ ਕਿ ਕਿਹੜੇ-ਕਿਹੜੇ ਦਿਨ ਦੇਖਣੇ ਪੈਣਗੇ।

ਇਕ ਪੇਂਡੂ ਵਿਅਕਤੀ ਪਿੰਡ ਤੋਂ ਸ਼ਹਿਰ ਜਾਂਦਾ ਹੈ ਉਹ ਦੇਖਦਾ ਹੈ ਕਿ ਕੰਧਾਂ ਤੇ ਪਾਥੀਆਂ ਨਹੀਂ, ਘਰਾਂ ਚੋਂ ਧੂੰਆਂ ਨਹੀਂ ਉੱਠਦਾ, ਕੋਈ ਬੁਲਾਉ਼ਦਾ ਨਹੀਂ...ਤਾਂ ਬਿਨ ਬੁਲਾਏ ਘਰ ਆ ਗਿਆ ਸਿੱਧੇ ਮੂੰਹ ਗੱਲ ਹੀ ਨਹੀਂ, ਉਹ ਸ਼ਹਿਰ ਛੱਡ ਪਿੰਡ ਵਾਪਸ ਮੁੜ ਜਾਂਦਾ ਪਰ ਲੱਗਦਾ ਸਾਡੇ ਕੋਲੋਂ ਮੁੜਿਆ ਨਹੀਂ ਜਾਣਾ। ਕਿਤਾਬਾਂ_ਵਾਲਾ_ਕੈਫੇ ਨਾਲ ਇਸ ਨੰਬਰ 'ਤੇ  9914022845 ਸੰਪਰਕ ਕਰ ਕੇ ਹੋਰ ਵੀ ਕਾਫੀ ਕੁਝ ਪਤਾ ਕੀਤਾ ਜਾ ਸਕਦਾ ਹੈ। 

ਸੁਖਰਾਜ ਹੁਰਾਂ ਵੱਲੋਂ ਪੋਸਟ ਕੀਤੀ ਗਈ ਇਸ ਮੂਲ ਲਿਖਤ ਦਾ ਮਕਸਦ ਮੌਜੂਦਾ ਦੌਰ ਦੀ ਤ੍ਰਾਸਦੀ ਨੂੰ ਦਰਸਾਉਣਾ ਸੀ ਪਰ ਇਸ 'ਤੇ ਟਿੱਪਣੀ ਕਰਦਿਆਂ ਮੈਡਮ Sukhdip Kaur Mangat ਕਹਿੰਦੇ ਹਨ: ਇਹ ਕੋਈ ਵੱਡੀ ਗੱਲ ਨਹੀਂ ਹੈ ਵਿਦੇਸ਼ਾਂ ਵਿਚ ਤਾਂ ਇਹ ਪਹਿਲਾ ਤੋਂ ਚੱਲਦਾ ਆ ਰਿਹਾ ਹੈ। ਕਨੇਡਾ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ funeral home ਜਮ੍ਹਾਂ ਕਰਾਉਂਦੇ ਹਨ ਤੇ ਉਸ ਤੋਂ ਬਾਅਦ ਉਸ ਦੇ ਕੱਪੜੇ ਜੋ ਵੀ ਅੰਤਮ ਸੰਸਕਾਰ ਦੇ ਵਿੱਚ ਪਾਉਣੇ ਹਨ ਉਹ ਸਾਰੇ ਉਥੇ ਦੇ ਹੁੰਦੇ ਹਨ ਅੰਤਮ ਸੰਸਕਾਰ ਵਾਲੇ ਦਿਨ ਪਰਿਵਾਰ ਵਾਲੇ ਜਾਂਦੇ ਹਨ ਤੇ ਉਨ੍ਹਾਂ ਨੂੰ ਤੇ ਉਹਨਾਂ ਦੀ ਕੱਪੜਿਆਂ ਦੇ ਵਿਚ ਤੇ ਰੀਤੀ ਰਿਵਾਜ ਮੁਤਾਬਕ ਤਿਆਰ ਕੀਤੀ ਹੋਈ ਸਗੋਂ ਨਾਲ ਹੀ ਥੋੜਾ ਬਹੁਤ ਮੇਕਅੱਪ ਕਰਕੇ ਇੰਝ ਜਾਪਣ ਲਾ ਦਿੰਦੇ ਹਨ ਕਿ ਜਿਵੇਂ ਇਨਸਾਨ ਸੁੱਤਾ ਪਿਆ ਹੋਵੇ ਲੱਕੜ ਦਾ ਬਣਿਆ ਹੋਇਆ ਉਹ ਬਕਸਾ ਹੁੰਦਾ ਹੈ ਜਿਸ ਨੂੰ ਪੈਰਾਂ ਵਾਲੇ ਪਾਸੇ ਤੋਂ ਬੰਦ ਕਰ ਦਿੰਦੇ ਹਨ ਤੇ ਮੂੰਹ ਵਾਲੀ ਸਾਈਟ ਤੋਂ ਖੁੱਲ੍ਹਾ ਹੁੰਦਾ ਹੈ ਰਿਸ਼ਤੇਦਾਰ ਤੇ ਪਰਿਵਾਰ ਜਾਂਦਾ ਹੈ ਅੰਤਮ ਦਰਸ਼ਨ ਕਰਦਾ ਹੈ ਤੇ ਮਸ਼ੀਨਾ ਦੇ ਵਿਚ ਲੱਕੜ ਦੇ ਬਕਸੇ ਨੂੰ ਧੱਕ ਦਿੱਤਾ ਜਾਂਦਾ ਹੈ, ਮਸ਼ੀਨ ਦੇ ਵਿੱਚ ਇੰਨਾਂ ਜ਼ਿਆਦਾ ਸੇਕ ਹੁੰਦਾ ਹੈ ਕਿ ਬਿਲਕੁਲ ਹੀ ਰੇਤ ਦੀ ਤਰ੍ਹਾਂ ਰਾਖ ਬਣ ਜਾਂਦਾ ਹੈ ਤੇ ਪਰਿਵਾਰ ਦੀ ਇੱਛਾ ਅਨੁਸਾਰ ਉਹਨਾਂ ਨੂੰ ਕੁਝ ਕੁ ਰਾਖ ਡੱਬੇ ਦੇ ਵਿੱਚ ਬੰਦ ਕਰਕੇ ਦੇ ਦਿੰਦੇ ਹਨ ਜਿਸ ਨੂੰ ਫੁੱਲ ਜਾਂ ਅਸਤ ਅਸੀਂ ਕਹਿੰਦੇ ਹਾਂ।

ਵਿਦੇਸ਼ਾਂ ਦੇ ਵਿਚ ਹਰ ਧਰਮ ਦੇ ਅੰਤਮ ਸਫ਼ਰ ਦੇ ਲਈ ਅਲੱਗ-ਅਲੱਗ ਸੇਵਾ ਕੇਂਦਰ ਬਣੇ ਹੋਏ ਹਨ ਜੋ ਆਪਣੀ ਫੀਸ ਲੈਂਦੇ ਹਨ।

ਮੈਨੂੰ ਤਾਂ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿਚ ਵੀ ਇਹ ਜ਼ਰੂਰ ਹੋਣਾ ਚਾਹੀਦਾ ਹੈ। 

ਇਸ ਟਿੱਪਣੀ ਦੇ ਜੁਆਬ ਵਿੱਚ ਅਸੀਂ ਬਸ ਇਹੀ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਅਜਿਹਾ ਬੜਾ ਕੁਝ ਹੋ ਰਿਹਾ ਹੈ ਜਿਹੜਾ ਅਸੀਂ ਕਦੇ ਨਹੀਂ ਸੀ ਚਾਹਿਆ, ਕਦੇ ਨਹੀਂ ਸੀ ਸੋਚਿਆ। ਹੁਣ ਵੀ ਪਤਾ ਨਹੀਂ ਅਜੇ ਕੀ ਕੀ ਹੋਣਾ ਹੈ? ਪਰ ਮਨੋਜ ਕੁਮਾਰ ਹੁਰਾਂ ਦੀ ਅੰਤਰ ਆਤਮਾ ਜੇ ਕਰ ਸੱਚਮੁੱਚ ਦੇਖ ਰਹੀ ਹੈ ਜਾਂ ਫਿਰ ਇਸ ਪੂਰਬ ਅਤੇ ਪਸ਼ਚਿਮ ਫਿਲਮ ਦੇ ਗੀਤ ਵਿਚਲੇ ਵਿਚਾਰਾਂ 'ਤੇ ਮਾਣ ਕਰਨ ਵਾਲੇ ਲੋਕਾਂ ਦੇ ਵਰਗ ਦੀ ਵੇਦਨਾ ਨੂੰ ਕੋਈ ਸਮਝ ਸਕੇਗਾ ਕਿ ਉਹ ਕੀ ਮਹਿਸੂਸ ਕਰ ਰਹੇ ਹੋਣਗੇ? ਜਿਸ ਦੇਸ਼ ਵਿਚ ਚੰਦਰਮਾ ਨੰ ਵੀ ਮਾਮਾ ਅੱਖ ਕੇ ਸੰਬੋਧਨ ਕੀਤਾ ਜਾਂਦਾ ਰਿਹਾ ਹੁਣ ਉਥੇ ਸੱਕੇ ਮਾਂ ਪਿਓ ਦਾ ਅੰਤਿਮ ਸੰਸਕਾਰ ਵੀ ਇਹ ਕਾਰੋਬਾਰੀ ਕੰਪਨੀਆਂ ਕਰਿਆ ਕਰਨਗੀਆਂ? 

ਜੇ ਇਹੀ ਹੈ ਅੱਜ ਦੀ ਹਕੀਕਤ ਤਾਂ ਚੰਗਾ ਹੋਵੇ ਜੇ ਕਰ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਬੰਦ ਕਰ ਦਿੱਤੇ ਜਾਣ ਅਤੇ ਸਾਰੀਆਂ ਦੇਹਾਂ ਮੈਡੀਕਲ ਸਾਇੰਸ ਦੀ ਖੋਜ ਨੂੰ ਅੱਗੇ ਵਧਾਉਣ ਅਤੇ ਅੰਗਦਾਨ ਮੁਹਿੰਮ ਨੂੰ ਤੇਜ਼ ਕਰਨ ਦੇ ਕੰਮ ਲਿਆਂਦੀਆਂ ਜਾਣ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, May 11, 2022

ਰਾਜ-ਧ੍ਰੋਹ ਜੁਰਮ ਦਾ ਪਿਛੋਕੜ ਅਤੇ ਵਰਤਮਾਨ–ਮਿੱਤਰ ਸੈਨ ਮੀਤ

ਸਮੁੱਚੇ ਫੌਜਦਾਰੀ ਨਿਆਂ-ਪ੍ਰਬੰਧ ਨੂੰ ਨਵੇਂ ਸਿਰਿਓਂ ਵਿਵਸਥਿਤ ਕਰਨ ਦੀ ਲੋੜ 


ਲੁਧਿਆਣਾ: 10 ਮਈ 2022: (ਪੰਜਾਬ ਸਕਰੀਨ ਡੈਸਕ)::
ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਸੱਤਾ ਅਤੇ ਸਿਆਸਤ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਲਈ ਬਹੁਤ ਹੀ ਬਾਰੀਕੀ ਨਾਲ ਬਹੁਤ ਸਾਰੇ ਵਿਧੀ ਵਿਧਾਨ ਬਣਾਏ ਸਨ। ਉਹ ਸਾਰੇ ਅਜੇ ਤੱਕ ਜਾਰੀ ਹਨ। ਆਜ਼ਾਦੀ ਆਉਣ ਵੇਲੇ ਇਹਨਾਂ ਵਿੱਚ ਕੋਈ ਤਬਦੀਲੀ ਨਹੀਂ ਸੀ ਕੀਤੀ ਗਈ। ਇਹਨਾਂ ਕਾਨੂੰਨਾਂ ਅਤੇ ਇਹਨਾਂ ਵਿਵਸਥਾਵਾਂ ਬਾਰੇ ਵਿਸਥਾਰ ਨਾਲ ਸਮਝਾ ਰਹੇ ਹਨ ਉੱਘੇ ਲੇਖਕ ਅਤੇ ਕਾਨੂੰਨੀ ਮਾਹਰ ਜਨਾਬ ਮਿੱਤਰ ਸੈਨ ਮੀਤ। ਇਸ ਲਿਖਤ ਬਾਰੇ, ਇਸ ਵਿਸ਼ੇ ਬਾਰੇ ਤੁਹਾਡੇ ਸਭਨਾਂ ਦੇ ਵਿਚਾਰਾਂ ਦੀ ਉਡੀਕ ਰਹੇਗੀ ਹੀ।  -ਰੈਕਟਰ ਕਥੂਰੀਆ 

ਬਿਟ੍ਰਿਸ਼ ਸਰਕਾਰ ਨੇ ਜਦੋਂ ਭਾਰਤ ਵਿਚ ਫ਼ੌਜਦਾਰੀ ਨਿਆਂ-ਪ੍ਰਬੰਧ ਦੀ ਸਥਾਪਨਾ ਕੀਤੀ ਤਾਂ ਸਭ ਤੋਂ ਪਹਿਲਾਂ ਭਾਰਤੀ ਦੰਡਾਵਲੀ, ਜਿਸ ਨੂੰ ਅੰਗਰੇਜ਼ੀ ਵਿਚ ਇੰਡੀਅਨ ਪੀਨਲ ਕੋਡ ਕਿਹਾ ਜਾਂਦਾ ਹੈ, ਬਣਾਈ। ਸੰਨ 1860 ਵਿਚ ਬਣੇ ਇਸ ਕਾਨੂੰਨ ਵਿਚ ਵੱਖ-ਵੱਖ ਜੁਰਮਾਂ ਦੀਆਂ ਪਰਿਭਾਸ਼ਾਵਾਂ ਅਤੇ ਉਨ੍ਹਾਂ ਲਈ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦਰਜ ਕੀਤੀਆਂ ਗਈਆਂ। ਮੁੱਢਲੇ ਕਾਨੂੰਨ ਵਿਚ ਰਾਜ-ਧ੍ਰੋਹ ਦਾ ਜੁਰਮ ਸ਼ਾਮਲ ਨਹੀਂ ਸੀ। ਸਾਲ 1830 ਤੋਂ 1870 ਤੱਕ ਭਾਰਤ ਵਿਚ ਇੱਕ ਵਹਾਬੀ ਨਾਂ ਦੀ ਇਸਲਾਮਿਕ ਲਹਿਰ ਚੱਲੀ। ਇਸ ਦਾ ਉਦੇਸ਼ ਇਸਲਾਮ ਦਾ ਸ਼ੁੱਧੀਕਰਨ ਕਰਨਾ ਸੀ। ਇਹ ਲਹਿਰ ਈਸਾਈ ਧਰਮ ਦੀ ਕੱਟੜ ਵਿਰੋਧੀ ਸੀ। ਇਨ੍ਹਾਂ ਸਾਲਾਂ ਦੌਰਾਨ ਇਸ ਲਹਿਰ ਨੇ ਬ੍ਰਿਟਿਸ਼ ਸਰਕਾਰ ਦੇ ਨੱਕ ਵਿਚ ਦਮ ਕਰੀ ਰੱਖਿਆ। ਲਹਿਰ ਨੂੰ ਕੁਚਲਣ ਲਈ 1870 ਵਿਚ ਭਾਰਤੀ ਦੰਡਾਵਲੀ ਵਿਚ ਸੋਧ ਕਰਕੇ ਇਸ ਜੁਰਮ ਨੂੰ ਜੋੜਿਆ ਗਿਆ।

ਕੋਈ ਸਰਕਾਰ ਜਦੋਂ ਵੀ ਕੋਈ ਨਵਾਂ ਕਾਨੂੰਨ ਜਾਂ ਨੀਤੀ ਬਣਾਉਂਦੀ ਹੈ ਤਾਂ ਉਸ ਦਾ ਸਪੱਸ਼ਟ ਉਦੇਸ਼ ਆਪਣੀ ਵਿਚਾਰਧਾਰਾ ਨੂੰ ਉਸ ਕਾਨੂੰਨ ਰਾਹੀਂ ਲਾਗੂ ਕਰਨਾ ਹੁੰਦਾ ਹੈ। ਬਿਟ੍ਰਿਸ਼ ਸਰਕਾਰ ਦੀ ਮੁੱਢਲੀ ਨੀਤੀ ਭਾਰਤ ਵਿਚ ਆਪਣੇ ਸਾਮਰਾਜ ਦੀਆਂ ਨੀਹਾਂ ਪੱਕੀਆਂ ਕਰਨਾ ਸੀ। ਨੀਹਾਂ ਪੱਕੀਆਂ ਕਰਨ ਲਈ ਉਗਦੀਆਂ ਸੂਲਾਂ ਦੇ ਹੀ ਮੂੰਹ ਮੋੜਨੇ ਜ਼ਰੂਰੀ ਸਨ। ਇਸ ਲਈ ਬਿਟ੍ਰਿਸ਼ ਸਰਕਾਰ ਵੱਲੋਂ ਇਹ ਸਖਤ ਕਾਨੂੰਨ ਬਣਾਇਆ ਗਿਆ।

ਅਜ਼ਾਦੀ ਤੋਂ ਪਹਿਲਾਂ ਇਸ ਕਾਨੂੰਨ ਦੀ ਵਰਤੋਂ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿਚ ਸਰਗਰਮ ਸਿਆਸੀ ਨੇਤਾਵਾਂ ਨੂੰ ਜੇਲ੍ਹਾਂ ਵਿਚ ਸੁੱਟਣ ਲਈ ਕੀਤੀ ਗਈ। ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਤੋਂ ਲੈ ਕੇ ਭਗਤ ਸਿੰਘ ਤੱਕ ਤੇ ਇਸ ਜੁਰਮ ਅਧੀਨ ਮੁਕੱਦਮੇ ਦਰਜ ਹੋਏ। ਸਜ਼ਾਵਾਂ ਵੀ ਹੋਈਆਂ। ਬਿਟ੍ਰਿਸ਼ ਸਰਕਾਰ ਨੇ ਪੂਰੀ ਪੌਣੀ ਸਦੀ ਇਸ ਕਾਨੂੰਨ ਦੀ ਵਰਤੋਂ ਕੀਤੀ।

ਧਾਰਾ 124-ਏ ਵਿਚ ਦਰਜ ਜੁਰਮ ਦੀ ਪ੍ਰਭਾਸ਼ਾ ਨੂੰ ਸਮਝਣ ਤੋਂ ਪਹਿਲਾਂ ਇਹ ਜਾਣ ਲਿਆ ਜਾਵੇ ਕਿ ਅੱਜ ਕੱਲ “ਦੇਸ਼-ਧ੍ਰੋਹ’ ਦੇ ਜਿਸ ਜੁਰਮ ਦੀ ਗੱਲ ਕੀਤੀ ਜਾ ਰਹੀ ਹੈ ਉਹ ਜੁਰਮ ਭਾਰਤੀ ਕਾਨੂੰਨ ਦੀ ਡਿਕਸ਼ਨਰੀ ‘ਚ ਨਹੀਂ ਹੈ। ਆਮ ਭਾਸ਼ਾ ਵਿਚ ਅਸੀਂ ਇਸ ਸ਼ਬਦ ਦੀ ਵਰਤੋਂ ਉਸ ਸਮੇਂ ਕਰਦੇ ਹਾਂ ਜਦੋਂ ਕੋਈ ਵਿਅਕਤੀ ਕਿਸੇ ਵਿਦੇਸ਼ੀ ਤਾਕਤ ਜਾਂ ਸਰਕਾਰ ਦੀ ਸਹਇਤਾ ਆਪਣੇ ਦੇਸ਼ ਦੀ ਸਰਕਾਰ ਦਾ ਤੱਖਤਾ-ਪਲਟ ਲਈ ਕਰਦਾ ਹੈ। ਅਸੀਂ ਮੁੱਢ ਕਦੀਮ ਤੋਂ ‘ਦੇਸ਼-ਧ੍ਰੋਹ’ ਨੂੰ ਕਲ਼ੰਕ ਸਮਝਦੇ ਆਏ ਹਾਂ। ‘ਦੇਸ਼-ਧ੍ਰੋਹੀ’ ਨੂੰ ਯੁਗਾਂ ਤੱਕ ਮੁਆਫ ਨਹੀਂ ਕੀਤਾ ਜਾਂਦਾ। ਜਿਵੇਂ ਭਵੀਸ਼ਨ ਨੂੰ ਸ਼੍ਰੀ ਰਾਮ ਚੰਦਰ ਅਤੇ ਅੰਬੀ ਨੂੰ ਸਕੰਦਰ ‘ਮਹਾਨ’ ਦੀ ਮਦਦ ਕਰਨ ਕਾਰਨ ਅੱਜ ਤੱਕ ਦੇਸ਼-ਧ੍ਰੋਹੀ’ ਕਹਿ ਕੇ ਦੁਰਕਾਰਿਆ ਜਾਂਦਾ ਹੈ। ਦੂਜੇ ਪਾਸੇ ਆਪਣੇ ਹੀ ਦੇਸ਼ ਵਾਸੀਆਂ ਵਲੋਂ ਸੱਤਾ ਪ੍ਰੀਵਰਤਣ ਲਈ ਰਾਜ ਪਲਟਿਆਂ (‘ਰਾਜ-ਧ੍ਰੋਹ’)ਲਈ ਯਤਨ ਸਦਾ ਹੁੰਦੇ ਰਹੇ ਹਨ ਅਤੇ ਅਗਾਂਹ ਵੀ ਹੋਣਗੇ।ਪੁੱਤਰ ਵਲੋਂ ਪਿਤਾ ਨੂੰ ਕਤਲ ਕਰਕੇ ਗੱਦੀ ਤੇ ਬੈਠਣ ਨੂੰ ਵੀ ‘ਦੇਸ਼-ਧ੍ਰੋਹ’ ਨਹੀਂ ਕਿਹਾ ਜਾਂਦਾ।

ਧਾਰਾ 124-ਏ ਵਿਚ ਜਿਸ ਜੁਰਮ ਦੀ ਗੱਲ ਕੀਤੀ ਗਈ ਹੈ ਉਹ ਜੁਰਮ ਰਾਜ-ਧ੍ਰੋਹ ਹੈ ਨਾ ਕਿ ਦੇਸ਼-ਧ੍ਰੋਹ। ਇਸ ਜੁਰਮ ਦੀ ਪ੍ਭਾਸ਼ਾ ਅਨੁਸਾਰ ਜੁਰਮ ਦੀ ਪਹਿਲੀ ਸ਼ਰਤ ਦੋਸ਼ੀ ਵੱਲੋਂ ਕੀਤਾ ਗਿਆ ਸ਼ਬਦਾਂ ਦਾ ਪ੍ਰਯੋਗ ਹੈ। ਸ਼ਬਦਾਂ ਦੀ ਵਰਤੋਂ ਭਾਸ਼ਣ ਰੂਪ ਵਿਚ ਵੀ ਹੋ ਸਕਦੀ ਹੈ ਅਤੇ ਲਿਖਤੀ ਰੂਪ ਵਿਚ ਵੀ। ਲਿਖਤ ਵਿਚ ਨਿਬੰਧ ਦੇ ਨਾਲ-ਨਾਲ ਸਾਹਿਤ ਦੀਆਂ ਬਾਕੀ ਵੰਨਗੀਆਂ ਜਿਵੇਂ ਕਿ ਕਵਿਤਾ, ਨਾਟਕ, ਕਹਾਣੀ ਅਤੇ ਨਾਵਲ ਆਦਿ ਵੀ ਸ਼ਾਮਲ ਹਨ। ਸ਼ਬਦਾਂ ਦੀ ਵਰਤੋਂ ਕਰ ਰਿਹਾ ਵਿਅਕਤੀ ਆਪਣੇ ਉਦੇਸ਼ ਦਾ ਪ੍ਰਗਟਾਵਾ ਸਿੱਧੇ ਤੌਰ ਤੇ ਵੀ ਕਰ ਸਕਦਾ ਹੈ ਲੁਕਵੇਂ ਜਾਂ ਪ੍ਰਤੀਕਾਤਮਿਕ ਤੌਰ ਤੇ ਵੀ। ਜਿਵੇਂ ਕਵਿਤਾ ਜਾਂ ਕਹਾਣੀ ਵਿਚ ਹੁੰਦਾ ਹੈ। ਹਿੰਦੀ ਦੀ ਅਜਾਦੀ ਤੋਂ ਪਹਿਲਾਂ ਦੀ ਲਿਖੀ ਇਕ ਮਸ਼ਹੂਰ ਕਵਿਤਾ ਹੈ,”ਅਗਰ ਕਹੀਂ ਮੈਂ ਤੋਤਾ ਹੋਤਾ ਬੰਦ ਪਿੰਜਰੇ ਮੇਂ ਕਭੀ ਨਾ ਸੋਤਾ….”। ਸ਼ਬਦਾਂ ਤੋਂ ਬਿਨਾਂ ਚਿੰਨ੍ਹਾਂ, ਜਿਵੇਂ ਕਿ ਕਾਰਟੂਨ ਆਦਿ, ਦੇ ਨਾਲ ਨਾਲ ਕਿਸੇ ਹੋਰ ਢੰਗ ਰਾਹੀਂ ਵੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ।

ਇਸ ਜੁਰਮ ਦੀ ਦੂਜੀ ਸ਼ਰਤ ਸ਼ਬਦਾਂ ਦੀ ਵਰਤੋਂ ਤੋਂ ਨਿਕਲਦਾ ਸਿੱਟਾ ਹੈ। ਉਨਾਂ ਸ਼ਬਦਾਂ ਦੀ ਵਰਤੋਂ ਨਾਲ ਕਾਨੂੰਨ ਦਵਾਰਾ ਸਥਾਪਤ ਸਰਕਾਰ ਵਿਰੁਧ ਨਫਰਤ, ਅਪਮਾਨ, ਦਸ਼ਮਣੀ,ਰਾਜਨੀਤਕ ਅਸੰਤੋਸ਼ ਜਾਂ ਬਗਾਵਤ ਫੈਲਦੀ ਹੋਵੇ। ਇੰਝ ਲੋਕਾਂ ਵਿਚ ਅਵਿਵਸਥਾ ਅਤੇ ਗੜਬੜ ਫੈਲਾਅ ਕੇ, ਕਾਨੂੰਨ ਦੀ ਅਵੱਗਿਆ ਕਰਵਾ ਕੇ, ਅਮਨ-ਸ਼ਾਂਤੀ ਭੰਗ ਕਰ ਕੇ ਕੀਤਾ ਜਾ ਸਕਦਾ ਹੈ। ਹਿੰਸਾ ਦਾ ਰਸਤਾ ਵੀ ਅਖਤਿਆਰ ਕੀਤਾ ਜਾ ਸਕਦਾ ਹੈ।

ਇਕ ਧਿਆਨਯੋਗ ਗਲ ਹੋਰ। ਦੋਸ਼ੀ ਵਲੋਂ ਵਰਤੇ ਗਏ ਸ਼ਬਦਾਂ ਵਿਚੋਂ ਚਾਹੇ ਉਸ ਦੀ ਨੀਅਤ ਸਪੱਸ਼ਟ ਰੂਪ ਵਿਚ ਪ੍ਰਗਟ ਨਾ ਵੀ ਹੁੰਦੀ ਹੋਵੇ ਪਰ ਜੇ ਉਨ੍ਹਾਂ ਸ਼ਬਦਾਂ ਦਾ ਕੇਵਲ ਰੁਝਾਨ ਹੀ ਰਾਜ-ਧ੍ਰੋਹ ਫੈਲਾਉਣ ਵਾਲਾ ਹੋਵੇ ਤਾਂ ਵੀ ਉਨ੍ਹਾਂ ਸ਼ਬਦਾਂ ਦੀ ਵਰਤੋਂ ਨੂੰ ਰਾਜ-ਧ੍ਰੋਹੀ ਸਮਝਿਆ ਜਾਂਦਾ ਹੈ। ਉਦਾਹਰਣ ਲਈ ਨੌਰੰਗ ਸਿੰਘ (ਨੌਰੰਗ ਸਿੰਘ ਕੇਸ ਬਨਾਮ ਪੰਜਾਬ ਸਰਕਾਰ,ਪੰਜਾਬ ਅਤੇ ਹਰਿਆਣਾ ਹਾਈ ਕੋਰਟ,ਫੈਸਲਾ ਮਿਤੀ:08.02.1985) ਵਾਲੇ ਮੁੱਕਦਮੇ ਨੂੰ ਲੈ ਸਕਦੇ ਹਾਂ। ਆਪਰੇਸ਼ਨ ਬਲੂ ਸਟਾਰ ਬਾਅਦ 15 ਅਗਸਤ 1984 ਨੂੰ ਚੰਡੀਗੜ੍ਹ ਦੇ ਸੈਕਟਰ 19 ਦੇ ਗੁਰੂਦੁਆਰੇ ਵਿਚ ਇਕੱਠੇ ਹੋਏ 100-125 ਲੋਕਾਂ ਦੇ ਇਕੱਠ ਨੂੰ ਗੁਰੂਦੁਆਰੇ ਦੇ ਪ੍ਰਚਾਰ ਸਕੱਤਰ ਨੌਰੰਗ ਸਿੰਘ ਨੇ ਸੰਬੋਧਨ ਕੀਤਾ। ਉਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਫੌਜੀ ਕਾਰਵਾਈ ਦੌਰਾਨ ਗੁਰੂਦਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿਚ ਕੇਵਲ 22 ਸਿੱਖ ਮਾਰੇ ਗਏ। ਪਰ ਉੱਥੇ ਰਹਿੰਦੇ ਲੋਕਾਂ ਦੇ ਦੱਸਣ ਅਨੁਸਾਰ ਲਾਸ਼ਾਂ ਦੇ ਚਾਰ ਪੰਜ ਟਰੱਕ ਭਰੇ ਗਏ। ਸਰਕਾਰ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿਚ ਕੇਵਲ 799 ਆਦਮੀ ਮਰੇ ਜਦੋਂ ਕਿ ਉੱਥੇ 1300 ਦੇ ਕਰੀਬ ਲੋਕ ਮਰੇ ਸਨ। ਹਾਲੇ ਵੀ ਪਿੰਡਾਂ ਵਿਚ ਚਾਰ-ਪੰਜ ਲੋਕ ਹਰ ਰੋਜ਼ ਮਾਰੇ ਜਾ ਰਹੇ ਹਨ। ਭਾਰਤ ਵਿਚ ਸਿੱਖ ਅਜ਼ਾਦ ਨਹੀਂ ਹਨ। ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਨਿਭਾਏ ਨਹੀਂ ਜਾ ਰਹੇ। ਇਸ ਇਕੱਠ ਵਿਚ ਨੌ-ਦਸ ਆਦਮੀਆਂ ਨੇ ਕਾਲੀਆਂ ਪੱਗਾਂ ਅਤੇ ਛੇ-ਸੱਤ ਇਸਤਰੀਆਂ ਨੇ ਕਾਲੇ ਦੁਪੱਟੇ ਪਹਿਨੇ ਹੋਏ ਸਨ। ਇਸ ਭਾਸ਼ਣ ਕਾਰਨ ਨੋਰੰਗ ਸਿੰਘ ਤੇ ਰਾਜ-ਧ੍ਰੋਹ ਦਾ ਪਰਚਾ ਦਰਜ ਹੋਇਆ। ਨੋਰੰਗ ਸਿੰਘ ਵੱਲੋਂ ਪਰਚਾ ਖਾਰਜ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਗਈ। ਰਿੱਟ ਖਾਰਜ ਕਰਦੇ ਹੋਏ ਹਾਈ ਕੋਰਟ ਵੱਲੋਂ ਕਿਹਾ ਗਿਆ ਭਾਸ਼ਣ ਤੋਂ ਭਾਵੇਂ ਸਿੱਧੇ ਤੌਰ ਤੇ ਦੋਸ਼ੀ ਦੀ ਹਿੰਸਾ ਭੜਕਾਉਣ ਦੀ ਨੀਅਤ ਨਜ਼ਰ ਨਹੀਂ ਆਉਂਦੀ ਪਰ ਉਸ ਵੱਲੋਂ ਫੌਜੀ ਕਾਰਵਾਈ ਵਿਚ ਮਾਰੇ ਗਏ ਵਿਅਕਤੀਆਂ ਦੇ ਅੰਕੜੇ ਇਸ ਤਰ੍ਹਾਂ ਵਧਾ-ਚੜ੍ਹਾ ਕੇ ਪੇਸ਼ ਕੀਤੇ ਗਏ ਸਨ ਜਿਸ ਨਾਲ ਭਾਸ਼ਣ ਦੀ ਟੈਕਸਟ ਅਤੇ ਜੋਸ਼/ਤੰਜ ਤੋਂ ਸਰੋਤਿਆਂ ਵਿਚ ਸਰਕਾਰ ਪ੍ਰਤੀ ਨਫ਼ਰਤ ਫੈਲ ਸਕਦੀ ਸੀ। ਅਤੇ ਉਸ ਨਫ਼ਰਤ ਦਾ ਪ੍ਰਗਟਾਵਾ ਹਿੰਸਾ ਅਤੇ ਅਮਨ-ਕਾਨੂੰਨ ਭੰਗ ਕਰਨ ਵਿਚ ਹੋ ਸਕਦਾ ਸੀ। ਇਸ ਤਰ੍ਹਾਂ ਭਾਸ਼ਣ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਦੋਸ਼ੀ ਦੀ ਨੀਅਤ ਰਾਜ-ਧ੍ਰੋਹ ਕਰਨ ਦੀ ਸੀ।

ਜੁਰਮ ਦਾ ਭਾਗੀਦਾਰ ਬਣਨ ਲਈ ਸ਼ਬਦਾਂ ਦਾ ਪ੍ਰਯੋਗ ਕਰਨ ਵਾਲੇ ਵਿਅਕਤੀ ਦਾ ਆਪਣੇ ਮਿਸ਼ਨ ਵਿਚ ਸਫ਼ਲ ਹੋਣਾ ਜ਼ਰੂਰੀ ਨਹੀਂ ਹੈ। ਉਸ ਦਾ ਲੋਕਾਂ ਵਿਚ ਸਰਕਾਰ ਵਿਰੁਧ ਨਫਰਤ ਆਦਿ ਫੈਲਾਉਣ ਦਾ ਯਤਨ ਕਰਨਾ ਜਾਂ ਉਕਸਾਉਣਾ, ਇਥੋਂ ਤੱਕ ਕਿ ਉਕਸਾਉਣ ਦਾ ਯਤਨ ਕਰਨਾ ਵੀ ਜੁਰਮ ਹੈ। ਆਪਣੇ ਉਦੇਸ਼ ਵਿਚ ਸਫ਼ਲ ਹੋਣ ਅਤੇ ਅਸਫਲ ਹੋਣ ਵਿਚ ਫਰਕ ਕੇਵਲ ਇੰਨਾ ਹੈ ਕਿ ਯਤਨ ਦੇ ਅਸਫ਼ਲ ਹੋਣ ਨਾਲ ਦੋਸ਼ੀ ਨੂੰ ਸਜ਼ਾ ਘੱਟ ਹੋ ਸਕਦੀ ਹੈ।

ਇਸ ਜੁਰਮ ਦਾ ਤੀਸਰਾ ਤੱਤ ਦੋਸ਼ੀ ਵੱਲੋਂ ‘ਕਾਨੂੰਨ ਦੁਆਰਾ ਸਥਾਪਤ ਸਰਕਾਰ’ ਵਿਰੁੱਧ ਨਫ਼ਰਤ ਆਦਿ ਫੈਲਾਉਣਾ ਹੈ। ਹਰ ਦੇਸ਼ ਦਾ ਸੰਵਿਧਾਨ ਜਾਂ ਕਾਨੂੰਨ ਉਸ ਦੇਸ਼ ਦਾ ਰਾਜ-ਪ੍ਰਬੰਧ ਚਲਾਉਣ ਦੀ ਵਿਵਸਥਾ ਕਰਦਾ ਹੈ। ਇਸ ਵਿਵਸਥਾ ਨੂੰ ਸਟੇਟ ਜਾਂ ਰਾਜ ਆਖਿਆ ਜਾਂਦਾ ਹੈ। ਸਟੇਟ ਪ੍ਰਤੱਖ ਨਜ਼ਰ ਨਹੀਂ ਆਉਂਦੀ। ਇਸ (ਸਟੇਟ) ਦਾ ਸਥੂਲ ਰੂਪ ਰਾਜ-ਪ੍ਰਬੰਧ ਚਲਾਉਣ ਲਈ, ਵਿਸ਼ੇਸ਼ ਵਿਧੀ ਰਾਹੀਂ ਚੁਣੇ ਵਿਅਕਤੀਆਂ ਦਾ ਸਮੂਹ ਹੁੰਦਾ ਹੈ। ਲੋਕਤੰਤਰੀ ਪ੍ਰਣਾਲੀ ਵਿਚ ਇਸ ਸਮੂਹ ਨੂੰ ਮੰਤਰੀ ਮੰਡਲ ਆਖਿਆ ਜਾਂਦਾ ਹੈ। ਵਿਸ਼ੇਸ਼ ਪ੍ਰਸਥਿਤੀਆਂ ਵਿਚ ਕਿਸੇ ਪ੍ਰਾਂਤ ਦਾ ਰਾਜ-ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਉਸ ਪ੍ਰਾਂਤ ਦੇ ਗਵਰਨਰ ਅਤੇ ਉਸ ਦੇ ਸਲਾਹਕਾਰਾਂ ਨੂੰ ਦਿੱਤੀ ਜਾ ਸਕਦੀ ਹੈ। ਫਿਰ ਗਵਰਨਰ ਅਤੇ ਉਸ ਦੇ ਸਲਾਹਕਾਰ ਸਰਕਾਰ ਅਖਵਾਉਂਦੇ ਹਨ। ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਚਲਾਉਣ ਲਈ ਅਗਾਂਹ ਅਫ਼ਸਰਸ਼ਾਹੀ ਨਿਯੁਕਤ ਹੁੰਦੀ ਹੈ। ਇਹ ਅਧਿਕਾਰੀ ਵੀ ਸਰਕਾਰ ਦਾ ਅੰਗ ਹੁੰਦੇ ਹਨ। ਭਾਰਤੀ ਸੰਵਿਧਾਨ ਨੇ ਕੇਂਦਰ ਦਾ ਕੰਮ ਚਲਾਉਣ ਲਈ ਕੇਂਦਰ ਸਰਕਾਰ ਅਤੇ ਪ੍ਰਾਂਤਾਂ ਦਾ ਕੰਮ ਚਲਾਉਣ ਲਈ ਪ੍ਰਾਂਤ ਸਰਕਾਰਾਂ ਚੁਣਨ ਦੀ ਵਿਵਸਥਾ ਕੀਤੀ ਹੈ। ਸਰਕਾਰ ਚਲਾ ਰਹੇ ਇਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਹੀ ‘ਕਾਨੂੰਨ ਦੁਆਰਾ ਸਥਾਪਿਤ ਸਰਕਾਰ’ ਆਖਿਆ ਜਾਂਦਾ ਹੈ। ਜਦੋਂ ਸਰਕਾਰ ਚਲਾ ਰਹੇ ਇੱਕ-ਦੋ ਵਿਅਕਤੀਆਂ ਵਿਰੁੱਧ ਨਫ਼ਰਤ ਫੈਲਾਉਣ ਦੀ ਥਾਂ ਹਿੰਸਾ ਰਾਹੀਂ ਸਮੁੱਚੀ ਸਰਕਾਰ ਦਾ ਹੀ ਤਖਤਾ ਪਲਟ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਰਾਜ-ਧ੍ਰੋਹ ਆਖਿਆ ਜਾਂਦਾ ਹੈ।

ਇਹ ਕਾਨੂੰਨ ਸਰਕਾਰ ਵਿਰੁਧ ਬੋਲਣ ਤੇ ਪੂਰੀ ਤਰਾਂ ਪਾਬੰਦੀ ਨਹੀਂ ਲਾਉਂਦਾ। ਸਰਕਾਰ ਦੀ ਕਿਸੇ ਨੀਤੀ ,ਕੰਮ , ਮੰਤਰੀ ਜਾਂ ਅਧਿਕਾਰੀ ਵਿਰੁੱਧ ਸਾਰਥਕ ਢੰਗ ਨਾਲ ਬੋਲਿਆ ਜਾ ਸਕਦਾ ਹੈ।

ਸਰਕਾਰ ਜਾਂ ਸਰਕਾਰ ਵੱਲੋਂ ਸਥਾਪਿਤ ਸੰਸਥਾਵਾਂ ਵੱਲੋਂ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣਾਏ ਜਾ ਰਹੇ ਕਾਨੂੰਨਾਂ, ਘੜੀਆਂ ਗਈਆਂ ਨੀਤੀਆਂ ਜਾਂ ਨੀਤੀਆਂ ਨੂੰ ਲਾਗੂ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਖਤ ਤੋਂ ਸਖਤ ਅਲੋਚਨਾ ਕੀਤੀ ਜਾ ਸਕਦੀ ਹੈ। ਕਾਨੂੰਨੀ ਪ੍ਰਕ੍ਰਿਆ ਰਾਹੀਂ ਸਰਕਾਰ ਨੂੰ ਬਦਲਣ ਦੇ ਉਦੇਸ਼ ਨਾਲ ਸਰਕਾਰ ਵਿਰੁੱਧ ਨਫ਼ਰਤ ਜਾਂ ਰਾਜਨੀਤਕ ਅਸੰਤੋਸ਼ ਤੱਕ ਫੈਲਾਇਆ ਜਾ ਸਕਦਾ ਹੈ। ਕਿਸੇ ਮੰਤਰੀ ਜਾਂ ਅਧਿਕਾਰੀ ਤੇ ਭ੍ਰਿਸ਼ਟਾਚਾਰ ਜਾਂ ਚਰਿੱਤਰਹੀਣਤਾ ਵਰਗਾ ਗੰਭੀਰ ਦੋਸ਼ ਲਾ ਕੇ ਉਸ ਕੋਲੋਂ ਅਸਤੀਫ਼ੇ ਜਾਂ ਉਸ ਨੂੰ ਬਰਖਾਸਤ ਕਰਨ ਦੀ ਮੰਗ ਮਨਾਉਣ ਲਈ ਹੜਤਾਲਾਂ ਕੀਤੀਆਂ ਅਤੇ ਧਰਨੇ ਦਿੱਤੇ ਜਾ ਸਕਦੇ ਹਨ। ਪਰ ਇਹ ਸਭ ਵਿਰੋਧ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਕੀਤੇ ਜਾਣੇ ਚਾਹੀਦੇ ਹਨ। ਜੇ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਵਰਤੇ ਹੱਥਕੰਡਿਆਂ ਕਾਰਨ ਦੇਸ਼ ਵਿਚ ਅਰਾਜਕਤਾ ਫੈਲਦੀ ਜਾਂ ਹਿੰਸਾ ਭੜਕਦੀ ਹੋਵੇ ਤਾਂ ਕਾਨੂੰਨ ਅਜਿਹੇ ਵਿਰੋਧਾਂ ਦੀ ਇਜਾਜ਼ਤ ਨਹੀਂ ਦਿੰਦਾ।

ਦੇਖੀਏ ਬਿਟ੍ਰਿਸ਼ ਅਦਾਲਤਾਂ ਨੇ ਇਸ ਕਾਨੂੰਨ ਦੀ ਵਿਆਖਿਆ ਕਿਵੇਂ ਕੀਤੀ?

ਬਿਟ੍ਰਿਸ਼ ਉੱਚ ਅਦਾਲਤਾਂ ਦੀ ਭੂਮਿਕਾ ਅਜੀਬੋ ਗਰੀਬ ਰਹੀ। ਉਸ ਸਮੇਂ ਸਭ ਤੋਂ ਉੱਚੀ ਅਦਾਲਤ ਪ੍ਰਿਵੀ ਕਾਊਂਸਿਲ ਸੀ। ਇਸ ਅਦਾਲਤ ਵਿਚ 1897 ਵਿਚ ਪਹਿਲੀ ਵਾਰ ਇਸ ਜੁਰਮ ਬਾਰੇ ਸੁਣਵਾਈ ਹੋਈ। ਮੁਕੱਦਮਾ ਸੁਤੰਤਰਤਾ ਸੈਨਾਨੀ ਬਾਲ ਗੰਗਾਧਰ ਤਿਲਕ ਨੂੰ ਇਸ ਜੁਰਮ ਵਿਚ ਹੋਈ ਸਜ਼ਾ ਬਾਰੇ ਸੀ। ਬਿਟ੍ਰਿਸ਼ ਸਰਕਾਰ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਕਾਨੂੰਨ ਦੀ ਵਿਆਖਿਆ ਕਰਦੇ ਹੋਏ, ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਸ਼ਬਦ ਸਰਕਾਰ ਪ੍ਰਤੀ ਕੇਵਲ ਨਫ਼ਰਤ ਫੈਲਾਉਂਦੇ ਜਾਂ ਫੈਲਾਉਣ ਦਾ ਕੇਵਲ ਯਤਨ ਹੀ ਕਰਦੇ ਹੋਣ ਤਾਂ ਵੀ ਸ਼ਬਦਾਂ ਦਾ ਲੇਖਕ ਜਾਂ ਵਕਤਾ ਰਾਜ-ਧ੍ਰੋਹ ਦਾ ਜੁਰਮ ਕਰ ਰਿਹਾ ਹੋਵੇਗਾ। 

ਅਦਾਲਤ ਨੇ ਕਾਨੂੰਨ ਨੂੰ ਹੋਰ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸ਼ਬਦਾਂ ਨਾਲ ਸਰਕਾਰ ਦਾ ਤਖਤਾ ਪਲਟ ਹੋਇਆ, ਬਗਾਵਤ ਜਾਂ ਹਿੰਸਾ ਭੜਕੀ ਜਾਂ ਭੜਕਾਉਣ ਦਾ ਯਤਨ ਹੋਇਆ। ਸਰਕਾਰ ਪ੍ਰਤੀ ਕੇਵਲ ਨਫ਼ਰਤ ਫੈਲਾਉਣ ਲਈ ਵਰਤੇ ਸ਼ਬਦ ਹੀ ਇਸ ਜੁਰਮ ਦੀ ਸਜ਼ਾ ਕਰਾਉਣ ਲਈ ਕਾਫੀ ਹਨ। ਇਹ ਨਿਯਮ ਲਾਗੂ ਕਰਦੇ ਹੋਏ, ਇੱਕ ਲੇਖ ਦੇ ਲੇਖਕ ਬਾਲ ਗੰਗਾਧਰ ਤਿਲਕ ਦੀ ਸਜ਼ਾ ਨੂੰ ਬਹਾਲ ਰੱਖਿਆ ਗਿਆ। ਸਾਲ 1942 ਵਿਚ ਦੇਸ਼ ਦੀ ਇੱਕ ਹੋਰ ਉੱਚ ਅਦਾਲਤ, ਜਿਸ ਨੂੰ ਫੈਡਰਲ ਕੋਰਟ ਆਖਿਆ ਜਾਂਦਾ ਸੀ, ਵੱਲੋਂ ਇਸ ਕਾਨੂੰਨ ਦੀ ‘ਐਨ.ਡੀ. ਮਜੂਮਦਾਰ’ ਦੇ ਕੇਸ ਵਿਚ ਵਿਆਖਿਆ ਕੀਤੀ ਗਈ। ਉਦਾਰਤਾ ਦਿਖਾਉਂਦੇ ਹੋਏ ਅਦਾਲਤ ਵੱਲੋਂ ਕਿਹਾ ਗਿਆ ਕਿ ਇਸ ਜੁਰਮ ਦੀ ਮੁੱਢਲੀ ਸ਼ਰਤ ਹਿੰਸਾ ਹੋਣਾ, ਰਾਜਨੀਤਕ ਅਵਿਵਸਥਾ ਫੈਲਣਾ, ਹਿੰਸਾ ਲਈ ਉਕਸਾਹਟ ਜਾਂ ਫਿਰ ਇਨ੍ਹਾਂ ਦੀ ਸੰਭਾਵਨਾ ਬਣਨਾ ਹੈ। ਜੇ ਦੋਸ਼ੀ ਵੱਲੋਂ ਵਰਤੇ ਗਏ ਸ਼ਬਦਾਂ ਨਾਲ ਇਹ ਸ਼ਰਤ ਪੂਰੀ ਨਹੀਂ ਹੁੰਦੀ ਤਾਂ ਦੋਸ਼ੀ ਉੱਪਰ ਇਹ ਜੁਰਮ ਨਹੀਂ ਲੱਗਦਾ। ਫੈਡਰਲ ਕੋਰਟ ਦਾ ਇਹ ਫੈਸਲਾ ਬਿਟ੍ਰਿਸ਼ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। 1947 ਵਿਚ ਇੱਕ ਹੋਰ ਮੁਕੱਦਮੇ ਦਾ ਫੈਸਲਾ ਕਰਦੇ ਹੋਏ ਪ੍ਰਿਵੀ ਕਾਊਂਸਿਲ ਨੇ ਫੈਡਰਲ ਕੋਰਟ ਦੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਜਾਂ ਸਮਝੋ ਇਸ ਨੂੰ ਰੱਦ ਕਰਦੇ ਹੋਏ ਫਿਰ ਕਿਹਾ ਕਿ ਸਰਕਾਰ ਪ੍ਰਤੀ ਨਫ਼ਰਤ ਲਈ ਉਕਸਾਉਣਾ ਹੀ ਇਸ ਜੁਰਮ ਵਿਚ ਸਜ਼ਾ ਕਰਨ ਲਈ ਕਾਫੀ ਹੈ। ਸ਼ਬਦਾਂ ਨਾਲ ਹਿੰਸਾ ਲਈ ਭੜਕਾਉਣਾ ਜ਼ਰੂਰੀ ਨਹੀਂ ਹੈ।

ਹੁਣ ਗੱਲ ਕਰੀਏ ਅਜਾਦੀ ਤੋਂ ਬਾਅਦ ਦੀ ਸਥਿਤੀ ਦੀ

ਅਜ਼ਾਦ ਭਾਰਤ ਦੀਆਂ ਸਰਕਾਰਾਂ ਦੀ ਸੋਚ ਵੀ ਬਸਤੀਵਾਦੀ ਹੁਕਮਰਾਨਾਂ ਵਾਲੀ ਹੀ ਰਹੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਅਜ਼ਾਦੀ ਦੇ 70 ਸਾਲ ਦੇ ਲੰਬੇ ਸਮੇਂ ਦੌਰਾਨ ਇਸ ਕਾਨੂੰਨ ਦਾ ਇੱਕ ਅੱਖਰ ਵੀ ਨਹੀਂ ਬਦਲਿਆ ਗਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੇ ਵਿਰੁੱਧ ਹੁੰਦੀਆਂ ਨੁਕਤਾਚੀਨੀਆਂ ਅਤੇ ਉੱਠਦੇ ਵਿਦਰੋਹੀ ਸੁਰਾਂ ਨੂੰ ਦਬਾਉਣ ਲਈ ਇਸ ਕਾਨੂੰਨ ਦੀ ਖੁੱਲ੍ਹ ਕੇ ਵਰਤੋਂ ਕੀਤੀ। ਪਿਛਲੇ ਕੁਝ ਸਾਲਾਂ ਤੋਂ ਇਸ ਜੁਰਮ ਦੀ ਵਰਤੋਂ ਜੂਏ ਅਤੇ ਸ਼ਰਾਬ ਵਰਗੇ ਮਾਮੂਲੀ ਜੁਰਮਾਂ ਵਿਚ ਦਰਜ ਹੁੰਦੇ ਮੁਕੱਦਮਿਆਂ ਵਾਂਗ ਕੀਤੀ ਜਾ ਰਹੀ ਹੈ।ਵਰਤਮਾਣ ਸਥਿਤੀ ਨੂੰ ਸਮਝਣ ਲਈ ਤਿੰਨ ਮੁੱਕਦਮਿਆਂ ਦੀਆਂ ਉਦਾਹਰਣਾਂ ਕਾਫੀ ਹਨ।

(1) ਸਤੰਬਰ 2001 ਵਿਚ ਕਾਰਟੂਨਿਸਟ ਅਸੀਮ ਤ੍ਰਿਵੇਦੀ ਨੂੰ ਇਸ ਜੁਰਮ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਕਾਰਟੂਨਾਂ ਵਿਚ ਭਾਰਤੀ ਸੰਵਿਧਾਨ ਅਤੇ ਰਾਸ਼ਟਰੀ ਚਿੰਨ੍ਹ ਦਾ ਮਜਾਕ ਉਡਾਇਆ ਹੈ। (2) ਮਾਰਚ 2014 ਵਿਚ ਉੱਤਰ ਪ੍ਰਦੇਸ਼ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਕ੍ਰਿਕਟ ਮੈਚ ਦੌਰਾਨ ਸਟੇਡੀਅਮ ਵਿਚ ਹਾਜਰ 60 ਕਸ਼ਮੀਰੀ ਵਿਦਿਆਰਥੀ ਹਾਜਰ ਸਨ। ਉਨ੍ਹਾਂ ਨੇ ਪਾਕਿਸਤਾਨੀ ਟੀਮ ਦਾ ਸਮੱਰਥਨ ਕਰਨ ਲਈ ਤਾੜੀਆਂ ਵਜਾਈਆਂ। (3) ਅਗਸਤ 2014 ਵਿਚ ਕੇਰਲ ਵਿਚ 7 ਨੌਜਵਾਨਾਂ, ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਸਨ, ਵੱਲੋਂ ਇੱਕ ਸਿਨੇਮਾ ਘਰ ਵਿਚ ਗਾਏ ਜਾ ਰਹੇ ਰਾਸ਼ਟਰੀ ਗੀਤ ਸਮੇਂ ਖੜੇ ਹੋਣ ਤੋਂ ਨਾਂਹ ਕੀਤੀ ਗਈ। ਇਨਾਂ ਗੁਸਤਾਖੀਆਂ ਕਾਰਨ ਇਨਾਂ ‘ਦੋਸ਼ੀਆਂ’ ਉੱਪਰ ਇਸ ਜੁਰਮ ਅਧੀਨ ਮੁਕੱਦਮੇ ਦਰਜ ਕੀਤੇ ਗਏ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਕਿਸੇ ਨਾ ਕਿਸੇ ਦਬਾਅ ਕਾਰਨ ਇਹ ਜੁਰਮ ਹਟਾ ਲਏ ਗਏ।

ਨੈਸ਼ਨਲ ਕਰਾਈਮ ਰਿਕਾਰਡ ਬਿਊਰੋ, ਜੋ ਕਿ ਭਾਰਤ ਸਰਕਾਰ ਦਾ ਅਦਾਰਾ ਹੈ, ਦੇ ਰਿਕਾਰਡ ਅਨੁਸਾਰ ਇਕੱਲੇ 2014 ਸਾਲ ਵਿਚ ਇਸ ਜੁਰਮ ਅਧੀਨ 47 ਮੁਕੱਦਮੇ ਦਰਜ ਹੋਏ। is mauke 48 ਲੋਕ ਗ੍ਰਿਫ਼ਤਾਰ ਹੋਏ। ਇਹ ਵੱਖਰੀ ਗੱਲ ਹੈ ਕਿ ਸਜ਼ਾ ਕੇਵਲ ਇੱਕ ਮੁਕੱਦਮੇ ਵਿਚ ਹੋਈ। ਦੋਸ਼ੀਆਂ ਦੇ ਵੱਡੀ ਗਿਣਤੀ ਵਿਚ ਬਰੀ ਹੋਣ ਦੇ ਕਾਰਨਾਂ ਦਾ ਜ਼ਿਕਰ ਅੱਗੇ ਕੀਤਾ ਜਾਵੇਗਾ।

ਇਸ ਕਾਨੂੰਨ ਦੀ ਦੁਰਵਰਤੋਂ ਦਾ ਵੱਡਾ ਕਾਰਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਵਿਚ ਡਰ ਪੈਦਾ ਕਰਨਾ ਹੈ। ਇਸ ਜੁਰਮ ਵਿਚ ਫਸੇ ਵਿਅਕਤੀਆਂ ਦੇ ਜ਼ਿਆਦਾ ਭੈਭੀਤ ਹੋਣ ਦੇ ਅਨੇਕਾਂ ਕਾਰਨ ਹਨ। ਪਹਿਲਾਂ ਤਾਂ ਆਮ ਜੁਰਮਾਂ ਦੇ ਮੁਕਾਬਲੇ ਇਸ ਜੁਰਮ ਦੇ ਦੋਸ਼ੀਆਂ ਦੀ ਜਲਦੀ-ਜਲਦੀ ਜ਼ਮਾਨਤ ਨਹੀਂ ਹੁੰਦੀ। ਲੰਬਾ ਸਮਾਂ ਜੇਲ੍ਹਾਂ ਵਿਚ ਸੜਨਾ ਪੈਂਦਾ ਹੈ। ਪੁਲਿਸ ਜਾਂ ਅਦਾਲਤ ਦੋਸ਼ੀਆਂ ਦੇ ਪਾਸਪੋਰਟ ਜਮ੍ਹਾ ਕਰਵਾ ਲੈਂਦੀ ਹੈ। ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਸਰਕਾਰੀ ਨੌਕਰੀ ਨਹੀਂ ਮਿਲਦੀ। ਅਦਲਤੀ ਕਾਰਵਾਈ ਦਹਾਕਿਆਂ ਤੱਕ ਚੱਲਦੀ ਹੈ। ਸਮਾਂ ਅਤੇ ਪੈਸਾ ਬਰਬਾਦ ਹੁੰਦੇ ਹਨ। ਖੱਜਲ-ਖੁਆਰੀ ਤੋਂ ਡਰਦੇ ਆਮ ਲੋਕ ਆਪਣੀਆਂ ਸਿਆਸੀ ਸਰਗਰਮੀਆਂ ਬੰਦ ਕਰਕੇ ਘਰ ਬੈਠਣ ਲਈ ਮਜਬੂਰ ਹੋ ਜਾਂਦੇ ਹਨ। ਸਰਕਾਰ ਚਲਾ ਰਹੇ ਲੋਕਾਂ ਨੂੰ ਲੁੱਟ-ਖਸੁੱਟ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ। ਇਹ ਉਹੋ ਚਾਹੁੰਦੇ ਹਨ।

ਆਰਟੀਕਲ 19 ਰਾਹੀਂ ਭਾਰਤ ਦਾ ਸੰਵਿਧਾਨ ਆਪਣੇ ਹਰ ਨਾਗਰਿਕ ਨੂੰ ‘ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ’ ਦਾ ਮੁੱਢਲਾ ਅਧਿਕਾਰ ਦਿੰਦਾ ਹੈ। ਦੂਜੇ ਪਾਸੇ ਡੇਢ ਸਦੀ ਪਹਿਲਾਂ ਬਸਤੀਵਾਦੀ ਸਰਕਾਰ ਵੱਲੋਂ ਬਣਾਇਆ ਇਹ ਕਾਨੂੰਨ ਲੋਕਾਂ ਤੋਂ ਸਰਕਾਰ ਵਿਰੁੱਧ ਬੋਲਣ ਦਾ ਅਧਿਕਾਰ ਖੋਂਹਦਾ ਹੈ। ਕੀ ਰਾਜ-ਧ੍ਰੋਹ ਦਾ ਕਾਨੂੰਨ ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਮੁੱਢਲੇ ਅਧਿਕਾਰ ਦੀ ਉਲੰਘਣਾ ਹੈ? ਕੀ ਇਸ ਜੁਰਮ ਨੂੰ ਭਾਰਤੀ ਦੰਡਾਵਲੀ ਵਿਚੋਂ ਹਟਾ ਦੇਣਾ ਚਾਹੀਦਾ ਹੈ? ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇਹ ਸੰਵਿਧਾਨਕ ਪ੍ਰਸ਼ਨ “ਕੇਦਾਰ ਨਾਥ ਸਿੰਘ”( ਕੇਦਾਰ ਨਾਥ ਸਿੰਘ ਬਨਾਮ ਬਿਹਾਰ ਸਰਕਾਰ,ਸੁਪਰੀਮ ਕੋਰਟ,ਫੈਸਲਾ ਮਿਤੀ:20.01.1962) ਵਾਲੇ ਕੇਸ ਵਿਚ ਗਹਿਰਾਈ ਨਾਲ ਵਿਚਾਰੇ ਗਏ।

ਦੋਹਾਂ ਕਾਨੂੰਨਾਂ ਵਿਚ ਸੰਤੁਲਨ ਬਣਾਉਂਦੇ ਹੋਏ ਸੁਪਰੀਮ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਕਿ ਇਹ ਕਾਨੂੰਨ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਨਹੀਂ ਹੈ। ਜਿੱਥੇ ਸਰਕਾਰ ਦੀਆਂ ਨੀਤੀਆਂ ਅਤੇ ਕੰਮ-ਕਾਜ ਦੀ ਸਖਤ ਤੋਂ ਸਖਤ ਅਲੋਚਨਾ ਜਾਇਜ਼ ਹੈ ਉੱਥੇ ਇਸ ਅਧਿਕਾਰ ਨੂੰ ਸਰਕਾਰ ਦੀ ਸੁਰੱਖਿਆ ਅਤੇ ਲੋਕ ਵਿਵਸਥਾ (ਪਬਲਿਕ ਆਰਡਰ) ਨੂੰ ਖਤਰਾ ਖੜਾ ਕਰਨ ਲਈ ਲਾਇਸੰਸ ਦੇ ਤੌਰ ਤੇ ਵੀ ਨਹੀਂ ਵਰਤਿਆ ਜਾ ਸਕਦਾ। ਸੁਪਰੀਮ ਕੋਰਟ ਨੇ ਅਗਾਂਹ ਕਿਹਾ ਕਿ ਸਰਕਾਰ ਦੀ ਅਲੋਚਨਾ ਇੰਨੇ ਸਖਤ ਸ਼ਬਦਾਂ ਵਿਚ ਹੋ ਸਕਦੀ ਹੈ ਜਿਸ ਨਾਲ ਸਰਕਾਰ ਪ੍ਰਤੀ ਨਫ਼ਰਤ ਅਤੇ ਉਸ ਨੂੰ ਬਦਲਣ ਲਈ ਲੋਕ ਰਾਏ ਬਣ ਸਕੇ। ਪਰ ਇਹ ਬਦਲਾਅ ਹਿੰਸਾ ਦੀ ਥਾਂ ਕਾਨੂੰਨੀ ਪ੍ਰਕ੍ਰਿਆ (ਚੋਣਾਂ ਆਦਿ) ਰਾਹੀਂ ਹੋਣਾ ਚਾਹੀਦਾ ਹੈ। ਸੌਖੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਹਰ ਭਾਰਤੀ ਨਾਗਰਿਕ ਨੂੰ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਲਈ, ਅਜਿਹੇ ਸ਼ਬਦਾਂ ਨੂੰ ਛੱਡ ਕੇ ਜੋ ਲੋਕਾਂ ਨੂੰ ਹਿੰਸਾ ਲਈ ਭੜਕਾਉਂਦੇ ਜਾਂ ਭੜਕਾਉਣ ਦਾ ਯਤਨ ਕਰਦੇ ਹੋਣ ਬਾਕੀ ਹਰ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਦਾ ਅਧਿਕਾਰ ਹੈ।

‘ਕੇਦਾਰ ਨਾਥ ਸਿੰਘ’ ਵਾਲੇ ਕੇਸ ਵਿਚ 26.05.1953 ਤਰੀਖ ਨੂੰ ਬਿਹਾਰ ਦੇ ਪਿੰਡ ਬਰੋਨੀ ਵਿਚ ਫਾਰਵਰਡ ਕਮਿਊਨਿਸਟ ਪਾਰਟੀ ਦੇ ਨੇਤਾ ਕੇਦਾਰ ਨਾਥ ਸਿੰਘ ਵੱਲੋਂ ਆਪਣੇ ਸਮੱਰਥਕਾਂ ਦੇ ਇਕੱਠ ਵਿਚ ਇੱਕ ਭਾਸ਼ਣ ਦਿੱਤਾ ਗਿਆ। ਉਸ ਵੱਲੋਂ ਕਿਹਾ ਗਿਆ ਕਿ ਕਾਂਗਰਸ ਸਰਕਾਰ ਵੀ ਅੰਗਰੇਜ਼ ਸਰਕਾਰ ਵਰਗੀ ਹੀ ਹੈ। ਕੇਵਲ ਇਨ੍ਹਾਂ ਦੀਆਂ ਚਮੜੀਆਂ ਦੇ ਰੰਗ ਹੀ ਬਦਲੇ ਹਨ। ਸਰਕਾਰ ਰਿਸ਼ਵਤਖੋਰੀ, ਕਾਲਾਬਜਾਰੀ ਅਤੇ ਭ੍ਰਿਸ਼ਟਾਚਾਰ ਵਿਚ ਗ੍ਰਸਤ ਹੈ। ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਕਾਂਗਰਸੀ ਗੁੰਡੇ ਹਨ। ਉਨ੍ਹਾਂ ਦੀ ਸਰਕਾਰ ਲੁਟੇਰੀ ਹੈ। ਸਾਡੀ ਪਾਰਟੀ ਦਾ ਵੋਟਾਂ ਵਿਚ ਵਿਸ਼ਵਾਸ ਨਹੀਂ ਹੈ। ਅਸੀਂ ਇਨਕਲਾਬ ਵਿਚ ਵਿਸ਼ਵਾਸ ਰੱਖਦੇ ਹਾਂ। ਇਨਕਲਾਬ ਦੀਆਂ ਲਾਟਾਂ ਵਿਚ ਪੂੰਜੀਪਤੀ ਜਿੰਮੀਂਦਾਰ ਅਤੇ ਕਾਂਗਰਸੀ ਗੁੰਡੇ ਸਵਾਹ ਹੋ ਜਾਣਗੇ। ਉਨ੍ਹਾਂ ਦੀ ਸਵਾਹ ਤੇ ਅਸੀਂ ਗਰੀਬ ਅਤੇ ਲਤਾੜੇ ਲੋਕਾਂ ਦੀ ਨਵੀਂ ਸਰਕਾਰ ਬਣਾਵਾਂਗੇ। ਹੇਠਲੀ ਅਦਾਲਤ ਵਲੋਂ ਦੋਸ਼ੀ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਕੀਤੀ ਜੋ ਹਾਈ ਕੋਰਟ ਵਲੋਂ ਬਹਾਲ ਰੱਖੀ ਗਈ।) ਅਪੀਲ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਵਲੋਂ ਕੇਦਾਰ ਨਾਥ ਸਿੰਘ ਦੀ ਅਪੀਲ ਇਸ ਅਧਾਰ ਤੇ ਖਾਰਜ ਕਰ ਦਿੱਤੀ ਗਈ ਕਿ ਦੋਸ਼ੀ ਵਲੋਂ ਸਰਕਾਰ ਦਾ ਤਖਤਾ ਪਲਟ ਕਰਨ ਲਈ ਇਨਕਲਾਬ ਸ਼ਬਦ ਦੀ ਵਰਤੋਂ ਕੀਤੀ ਗਈ। ਸ਼ਬਦ ਇਨਕਲਾਬ ਵਿਚ ਹੀ ਹਿੰਸਾ ਰਾਹੀਂ ਸਰਕਾਰ ਦਾ ਤਖਤਾ ਪਲਟ ਦੇ ਅਰਥ ਛੁਪੇ ਹੋਏ ਹਨ।

ਬਾਅਦ ਦੇ ਫੈਸਲਿਆਂ ਵਿਚ ਸੁਪਰੀਮ ਕੋਰਟ ਵੱਲੋਂ ਹੋਰ ਸਪੱਸ਼ਟ ਕੀਤਾ ਗਿਆ ਕਿ ਕੇਵਲ ਸ਼ਬਦਾਂ ਦੇ ਅਧਾਰ ਤੇ ਭਾਵੇਂ ਉਹ ਕਿੰਨੇ ਵੀ ਭੜਕਾਊ ਕਿਉਂ ਨਾ ਹੋਣ ਇਸ ਜੁਰਮ ਅਧੀਨ ਸਜ਼ਾ ਨਹੀਂ ਹੋ ਸਕਦੀ। ਜਿੰਨਾ ਚਿਰ ਸ਼ਬਦਾਂ ਦੀ ਵਰਤੋਂ ਨਾਲ ਯਕੀਨੀ ਤੌਰ ਤੇ ਹਿੰਸਾ, ਰਾਜਨੀਤਕ ਅਵਿਵਸਥਾ, ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਨੂੰ ਖਤਰਾ ਖੜ੍ਹਾ ਨਹੀਂ ਹੁੰਦਾ ਉਨਾ ਚਿਰ ਇਹ ਜੁਰਮ ਨਹੀਂ ਬਣਦਾ। ਉਦਹਰਣ ਲਈ ‘ਬਲਵੰਤ ਸਿੰਘ'(ਬਲਵੰਤ ਸਿੰਘ ਬਨਾਮ ਪੰਜਾਬ ਸਰਕਾਰ, ਸੁਪਰੀਮ ਚੋਰਟ,ਫੈਸਲੇ ਦੀ ਮਿਤੀ:01-03-1995) ਵਾਲੇ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਕੀਤੀ ਵਿਆਖਿਆ ਦੇਖੀ ਜਾ ਸਕਦੀ ਹੈ। ਇਸ ਕੇਸ ਵਿਚ ਬਲਵੰਤ ਸਿੰਘ ਜੋ ਕਿ ਡੀ.ਪੀ.ਆਈ. ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਵਿਚ ਸਹਾਇਕ ਸੀ ਅਤੇ ਭੁਪਿੰਦਰ ਸਿੰਘ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿਚ ਸੀਨੀਅਰ ਕਲਰਕ ਸੀ, ਵੱਲੋਂ 31 ਅਕਤੂਬਰ 1984 ਨੂੰ, ਜਿਸ ਦਿਨ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਆਪਣੇ ਦਫ਼ਤਰਾਂ ਵਿਚੋਂ ਵਾਪਸ ਆਉਂਦੇ ਹੋਏ ਨੀਲਮ ਸਿਨੇਮਾ ਸਾਹਮਣੇ ਜੁੜੀ ਭੀੜ ਸਾਹਮਣੇ ”ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਖਾਲਸਾ ,ਹਿੰਦੂਆਂ ਨੂੰ ਪੰਜਾਬ ਵਿਚੋਂ ਕੱਢ ਕੇ ਛੱਡਾਂਗੇ ਅਤੇ ਹੁਣ ਮੌਕਾ ਆਇਆ ਹੈ ਰਾਜ ਕਾਇਮ ਕਰਨ ਦਾ” ਨਾਅਰੇ ਲਾਏ ਗਏ ਹਨ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਕਿਉਂਕਿ ਦੋਸ਼ੀਆਂ ਵੱਲੋਂ ਕੇਵਲ ਨਾਰੇਬਾਜੀ ਹੀ ਕੀਤੀ ਸੀ ਅਤੇ ਕਿਉਂਕਿ ਨਾਅਰੇਬਾਜ਼ੀ ਨਾਲ ਕੋਈ ਹਿੰਸਾ ਨਹੀਂ ਭੜਕੀ ਇਸ ਲਈ ਕੇਵਲ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਾਰਣ ਦੋਸ਼ੀਆਂ ਤੇ ਇਹ ਜੁਰਮ ਨਹੀਂ ਬਣਦਾ।

ਸੁਪਰੀਮ ਕੋਰਟ ਵੱਲੋਂ ਕਾਨੂੰਨ ਦੀ ਇਸੇ ਵਿਆਖਿਆ ਕਾਰਨ ਇਸ ਜੁਰਮ ਦੇ ਦੋਸ਼ ਵਿਚ ਫੜੇ ਬਹੁਤੇ ਵਿਅਕਤੀ ਬਰੀ ਹੁੰਦੇ ਹਨ।

ਕਦੇ ਕਦੇ ਹਾਈ ਕੋਰਟਾਂ ਵਲੋਂ ਪ੍ਰੀਵੀ ਕੌਂਸਲ ਵਲੋਂ ਕੀਤੀ ਇਸ ਕਾਨੂੰਨ ਦੀ ਵਿਆਖਿਆ ਨੂੰ ਅਧਾਰ ਬਣਾ ਕੇ ਵੀ ਫੈਸਲੇ ਕੀਤੇ ਜਾਂਦੇ ਹਨ। ਪਰ ਅਜਿਹਾ ਮੁੱਕਦਮੇ ਦੀਆਂ ਮੁੱਢਲੀਆਂ ਸੁਣਵਾਈਆਂ ਸਮੇਂ ਹੀ ਹੁੰਦਾ ਹੈ। ਜਿਵੇਂ ਕਿ ਐਫ. ਆਈ.ਆਰ. ਖਾਰਜ ਕਰਾਉਣ ਸਮੇਂ। ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ (ਹਾਰਦਿਕ ਪਟੇਲ ਬਨਾਮ ਗੁਜਰਾਤ ਸਰਕਾਰ, ਗੁਜਰਾਤ ਹਾਈ ਕੋਰਟ, ਫੈਸਲੇ ਦੀ ਮਿਤੀ:27.10.2015) ਵਾਲੇ ਮੁੱਕਦਮੇ ਵਿਚ ਇਸੇ ਤਰ੍ਹਾਂ ਹੋਇਆ। ਹਾਰਦਿਕ ਪਟੇਲ ਉੱਪਰ ਦੋਸ਼ ਸਨ ਕਿ ਉਸ ਵੱਲੋਂ ਪਾਟੀਦਾਰ ਸਮੂਹ ਲਈ ਸਰਕਾਰੀ ਨੌਕਰੀਆਂ ਆਦਿ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਾਂ ਵਿਚ ਸ਼ਾਮਲ ਭੀੜ ਵੱਲੋਂ ਬਹੁਤ ਸਾਰੇ ਥਾਣਿਆਂ, ਸਰਕਾਰੀ ਬੱਸਾਂ ਆਦਿ ਨੂੰ ਸਾੜਿਆ ਗਿਆ। ਸਰਕਾਰ ਦੀ ਹੋਰ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਦੰਗਿਆਂ ਕਾਰਨ ਬਹੁਤ ਸਾਰੇ ਬੇਕਸੂਰ ਲੋਕ, ਜਿਨ੍ਹਾਂ ਵਿਚੋਂ ਇੱਕ ਪੁਲਿਸ ਅਫ਼ਸਰ ਵੀ ਸੀ, ਦੀਆਂ ਜਾਨਾਂ ਗਈਆਂ। ਇਹ ਸਭ ਹਾਰਦਿਕ ਪਟੇਲ ਵੱਲੋਂ ਦਿੱਤੇ ਉਕਸਾਊ ਭਾਸ਼ਣਾਂ ਕਾਰਨ ਹੋਇਆ। ਗੁਜਰਾਤ ਹਾਈ ਕੋਰਟ ਵੱਲੋਂ ਉਸ ਦੀ ਐਫ.ਆਈ.ਆਰ. ਨੂੰ ਖਾਰਜ ਕਰਨ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਗਿਆ ਕਿ ਹਾਰਦਿਕ ਪਟੇਲ ਵੱਲੋਂ ਜੋ ਭਾਸ਼ਣ ਦਿੱਤੇ ਗਏ ਉਨ੍ਹਾਂ ਦੀ ਤੰਜ ਤੋਂ ਇਹ ਨਤੀਜਾ ਭਲੀ-ਭਾਂਤ ਨਿਕਲਦਾ ਹੈ ਕਿ ਉਸ ਦੀ ਨੀਅਤ ਸਰਕਾਰ ਵਿਰੁੱਧ ਨਫ਼ਰਤ ਫੈਲਾਉਣਾ ਸੀ। 

ਉਸ ਨਫ਼ਰਤ ਕਾਰਨ ਭਾਰੀ ਹਿੰਸਾ ਫੈਲੀ ਅਤੇ ਕਾਨੂੰਨ ਵਿਵਸਥਾ ਵਿਗੜੀ। ਇਸ ਲਈ ਐਫ.ਆਈ.ਆਰ. ਖਾਰਜ ਨਹੀਂ ਹੋ ਸਕਦੀ। ਜਾਂ ਫੇਰ ਜਮਾਨਤ ਦੀ ਅਰਜੀ ਦੀ ਸੁਣਵਾਈ ਸਮੇਂ ਵੀ ਅਜਿਹੀ ਵਿਆਖਿਆ ਕੀਤੀ ਜਾਂਦੀ ਹੈ ਜਿਵੇਂ ਘਣੀਆ ਕੁਮਾਰ(ਘਣੀਆ ਕੁਮਾਰ ਬਨਾਮ ਦਿੱਲੀ ਐਨ.ਸੀ.ਟੀ., ਦਿੱਲੀ ਹਾਈ ਕੋਰਟ,ਫੈਸਲੇ ਦੀ ਮਿਤੀ:02.03.2016) ਦੇ ਮੁੱਕਦਮੇ ਵਿਚ ਹੋਇਆ। ਘਣਈਆ ਕੁਮਾਰ ਉੱਪਰ ਦੋਸ਼ ਸੀ ਕਿ ਕਸ਼ਮੀਰੀ ਅੱਤਵਾਦੀ ਅਫਜ਼ਲ ਗੁਰੂ ਦੀ ਪਹਿਲੀ ਬਰਸੀ ਤੇ ਜੇ.ਐਨ.ਯੂ. ਵਿਚ ਉਸ ਨੇ ਅਤੇ ਹੋਰ ਵਿਦਿਆਰਥੀਆਂ ਨੇ ਅਫਜ਼ਲ ਗੁਰੂ ਦੇ ਹੱਕ ਵਿਚ ਨਾਅਰੇ ਲਾਏ। ਘਣਈਆ ਕੁਮਾਰ ਵੱਲੋਂ ਜਮਾਨਤ ਦੀ ਅਰਜ਼ੀ ਮੰਨਜ਼ੂਰ ਕਰਾਉਣ ਲਈ ਦਿੱਤੀਆਂ ਦਲੀਲਾਂ ਵਿਚੋਂ ਇੱਕ ਦਲੀਲ ਇਹ ਸੀ ਕਿ ਉਸ ਨੂੰ “ਬੋਲਣ ਅਤੇ ਆਪਣੇ ਵਿਚਾਰ ਪਰਗਟ” ਕਰਨ ਦਾ ਸਵਿੰਧਾਨ ਹੱਕ ਹੈ। ਉਸ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਹੈ। ਦਿੱਲੀ ਹਾਈ ਕੋਰਟ ਵਲੋਂ ਇਸ ਤਰਕ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਇਹ ਫੈਸਲਾ ਦਿੱਤਾ ਗਿਆ ਕਿ ਅਜਿਹੇ ਨਾਅਰਿਆਂ ਨਾਲ ਫੌਜ ਦੇ ਜਵਾਨਾਂ ਅਤੇ ਅੱਤਵਾਦ ਵਿਰੁੱਧ ਲੜਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਹੌਂਸਲੇ ਪਸਤ ਹੁੰਦੇ ਹਨ। ਨਾਅਰਿਆਂ ਰਾਹੀਂ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਸੰਵਿਧਾਨ ਵੱਲੋਂ ਦਿੱਤੇ “ਬੋਲਣ ਅਤੇ ਆਪਣੇ ਵਿਚਾਰ ਪ੍ਰਗਟ” ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਂਝ ਬੁੱਧੀਜੀਵੀ ਅਤੇ ਵਿਦਿਆਰਥੀ ਹੋਣ ਕਾਰਨ ਘਣੀਆ ਕੁਮਾਰ ਨੂੰ ਆਰਜ਼ੀ ਜਮਾਨਤ ਦੇ ਦਿੱਤੀ ਗਈ ਸੀ।

ਧੜਾਧੜ ਮੁਕੱਦਮੇ ਦਰਜ ਕਰਨ ਵਾਲੀਆਂ ਸਰਕਾਰਾਂ ਅਤੇ ਪੁਲਿਸ ਅਫ਼ਸਰਾਂ ਨੂੰ ਸੁਪਰੀਮ ਕੋਰਟ ਦੇ ਇਨ੍ਹਾਂ ਫੈਸਲਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੈ। ਇਸ ਧੱਕੜਸ਼ਾਹੀ ਦਾ ਇੱਕ ਕਾਰਨ ਸਾਡੇ ਕਾਨੂੰਨ ਦਾ ਨੁਕਸਦਾਰ ਹੋਣਾ ਹੈ। ਇਹ ਇਸ ਲਈ ਨੁਕਸਦਾਰ ਹੈ ਕਿਉਂਕਿ ਇਹ ਬਿਟ੍ਰਿਸ਼ ਸਰਕਾਰ ਦਾ ਬਣਾਇਆ ਹੋਇਆ ਹੈ। ਅਸੀਂ ਉਸੇ ਤਰ੍ਹਾਂ ਇਸ ਨੂੰ ਅਪਣਾ ਲਿਆ ਹੈ। ਮੁਕੱਦਮੇ ਵਿਚ ਬਰੀ ਹੋਣ ਬਾਅਦ ਨਜਾਇਜ਼ ਹਿਰਾਸਤ ਵਿਚ ਰਹੇ ਜਾਂ ਜੇਲ੍ਹ ਕੱਟ ਕੇ ਆਏ ਵਿਅਕਤੀ ਨੂੰ ਮੁਆਵਜ਼ਾ ਦੇਣ ਦੀ ਕਾਨੂੰਨ ਵਿਚ ਕੋਈ ਵਿਵਸਥਾ ਨਹੀਂ ਹੈ। ਗਲਤ ਮੁਕੱਦਮੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਤੱਕ ਨਹੀਂ ਹੁੰਦੀ। ਅਜਿਹੇ ਕਾਰਨਾਂ ਕਰਕੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਖੁਦ ਹੀ ਕਾਨੂੰਨ ਦੀ ਧੱਜੀਆਂ ਉਡਾਉਣ ਲਈ ਉਤਸ਼ਾਹਿਤ ਹੁੰਦੀਆਂ ਹਨ।

ਸਮੇਂ ਦੀ ਲੋੜ ਇਸ ਕਾਨੂੰਨ ਨੂੰ ਹੀ ਨਹੀਂ ਸਮੁੱਚੇ ਫੌਜਦਾਰੀ ਨਿਆਂ-ਪ੍ਰਬੰਧ ਨੂੰ ਨਵੇਂ ਸਿਰਿਓਂ ਵਿਵਸਥਿਤ ਕਰਨ ਦੀ ਹੈ।

ਸੰਪਰਕ ਲਈ ਲੇਖਕ ਮਿੱਤਰ ਸੈਨ ਮੀਤ ਹੁਰਾਂ ਦਾ ਮੋਬਾਇਲ ਨੰਬਰ ਹੈ 098556-31777

ਇਸ ਲਿਖਤ ਨੂੰ ਇਥੇ ਕਲਿੱਕ ਕਰ ਕੇ ਵੀ ਪੜ੍ਹਿਆ ਜਾ ਸਕਦਾ ਹੈ 

Friday, November 12, 2021

ਭਾਜਪਾ ਸਰਕਾਰ ਕੰਗਨਾ ਬਾਰੇ ਆਪਣੀ ਸਥਿਤੀ ਸਾਫ ਕਰੇ-ਸੀ ਪੀ ਆਈ

 12th November 2021 at 3:42 PM

ਆਜ਼ਾਦੀ ਦਾ ਅਪਮਾਨ ਕਰਨ ਵਾਲੀ ਕੰਗਨਾ ਰਣੌਤ ਦੀਆਂ ਤਿੱਖੀਆਂ ਨਿੱਖੇਧੀਆਂ ਜਾਰੀ 

ਲੁਧਿਆਣਾ: 12 ਨਵੰਬਰ 2021: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਲੁਧਿਆਣਾ  ਨੇ
ਜ਼ੋਰਦਾਰ ਢੰਗ ਨਾਲ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਕਿ ਆਜ਼ਾਦੀ ਭੀਖ ਵਿੱਚ ਮਿਲੀ ਹੈ ਬਾਰੇ ਭਾਜਪਾ ਆਪਣੀ ਸਥਿਤੀ  ਸਪਸ਼ਟ ਕਰੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਬਿਆਨ ਦੇ ਉੱਪਰ ਪ੍ਰਧਾਨਮੰਤਰੀ ਨੇ ਚੁੱਪੀ ਸਾਧ ਲਈ ਹੈ, ਇਸ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਉਹ ਇਸ ਦੇ ਬਿਆਨ ਨਾਲ ਸਹਿਮਤ ਹਨ। 
ਸੀਪੀਆਈ ਆਗੂਆਂ ਨੇ ਕਿਹਾ ਕਿ ਇਹ ਸੱਚਾਈ ਹੈ  ਕਿ ਆਜ਼ਾਦੀ ਦੇ ਸੰਘਰਸ਼ ਵਿਚ ਰਾਸ਼ਟਰੀ ਸਵੈਮ ਸੇਵਕ ਯਾ ਜਨਸੰਘ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸਨ,  ਇਸ ਲਈ ਇਹਨਾਂ ਅੰਗਰੇਜ਼ ਪ੍ਰਸਤ ਅਨਸਰਾਂ ਨੂੰ ਅੱਜ  ਆਜ਼ਾਦੀ ਦੇ ਸੰਘਰਸ਼ ਦੀ ਅਹਿਮੀਅਤ ਦਾ  ਅਹਿਸਾਸ ਹੀ ਨਹੀਂ ਹੈ। 
ਕਮਿਊਨਿਸਟ ਲੀਡਰਾਂ ਨੇ ਕਿਹਾ ਕਿ ਕੰਗਨਾ ਰਣੌਤ ਦੇ ਬਿਆਨ ਨੇ ਭਗਤ ਸਿੰਘ,  ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਹਜ਼ਾਰਾਂ ਆਜ਼ਾਦੀ ਘੁਲਾਟੀਆਂ-ਜਿਨ੍ਹਾਂ ਨੇ  ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਸਾਰਿਆਂ  ਦਾ ਕੋਝਾ ਮਜ਼ਾਕ ਉਡਾਇਆ ਹੈ। ਉਸ ਤੋਂ ਪਦਮਸ੍ਰੀ ਫੌਰਨ ਵਾਪਿਸ ਲੈ ਕੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾ ਕੇ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਸ਼ਾਮਲ ਹਨ ਜ਼ਿਲਾ ਸਕੱਤਰ-ਕਾਮਰੇਡ ਡੀ ਪੀ ਮੌੜ ਅਤੇ ਉਹਨਾਂ ਦੇ ਸਰਗਰਮ ਸਾਥੀ ਡਾ ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ ਅਤੇ ਰਮੇਸ਼ ਰਤਨ। ਕੰਗਣਾਂ ਰਣੌਤ ਦੇ ਬਿਆਨ ਨੇ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਨੂੰ ਵੀ ਪਸੋਪੇਸ਼ ਵਿੱਚ ਪਾ ਦਿੱਤਾ ਹੈ। ਭਾਜਪਾ ਸਮਰਥਕਾਂ ਵੱਲੋਂ ਤਿਰੰਗਾ ਯਾਤਰਾਵਾਂ, ਰਾਸ਼ਟਰਵਾਦ ਅਤੇ ਦੇਸ਼ ਭਗਤੀ  ਦੇ ਪਾਖੰਡ ਕੰਗਣਾਂ ਦੇ ਇੱਕੋ ਬਿਆਨ ਨੇ ਬੁਰੀ ਤਰ੍ਹਾਂ ਨੰਗੇ ਕਰ ਦਿੱਤੇ ਹਨ।  

Saturday, October 23, 2021

ਪਤਨੀ ਦੇ ਬਿਨ ਜ਼ਿੰਦਗੀ ਬੜੀ ਹੀ ਮੁਸ਼ਕਿਲ ਹੈ

    ਦੱਖਣੀ ਭਾਰਤ ਵਿੱਚ ਪਤਨੀ ਦੀ ਮੌਤ ਤੋਂ ਬਾਅਦ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ     

ਕਰਨਾਟਕ ਦੀ ਘਟਨਾ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ 


ਬੇਲਾਗਾਵੀ (ਕਰਨਾਟਕਾ), 23 ਅਕਤੂਬਰ 2021: (ਪੰਜਾਬ ਸਕਰੀਨ ਡੈਸਕ)::

ਭਾਵੇਂ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਬਸੰਤ ਨਾਮੀ ਲੰਮੀ ਕਵਿਤਾ ਵਿਚ ਪਤਨੀ ਦੇ ਵਿਯੋਗ ਬਾਰੇ ਬਹੁਤ ਕੁਝ ਅਜਿਹਾ ਆਖਿਆ ਹੈ ਜਿਹੜਾ ਅੱਖਾਂ ਵਿੱਚ ਹੰਝੂ ਲੈ ਆਉਂਦਾ ਹੈ। ਰਿਦਮ ਭਰੀ ਇਸ ਯਾਦਗਾਰੀ ਕਵਿਤਾ ਨਾਲ ਉਹਨਾਂ ਦੀ ਮਸ਼ਹੂਰੀ ਵੀ ਬਹੁਤ ਹੋਈ ਸੀ ਪਰ ਇਸਦੇ ਬਾਵਜੂਦ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਇਸ਼ਕ ਦੀ ਉਦਾਸੀ ਆਖ਼ਿਰੀ ਵੇਲਿਆਂ ਤੀਕ ਬਣੀ ਰਹੀ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਬਹੁਤ ਸਾਰੇ ਹਸੀਨ ਲੋਕ ਮੰਡਰਾਏ ਵੀ ਜਿਹਨਾਂ ਦੀਆਂ ਕਈ ਕਈ ਕਹਾਣੀਆਂ ਵੀ ਬਾਰ ਬਾਰ ਸੁਣੀਆਂ ਸੁਣਾਈਆਂ ਜਾਂਦੀਆਂ ਰਹੀਆਂ। ਕੌਮਾਂਤਰੀ ਪੱਧਰ ਦੀ ਜਾਣੀ ਪਛਾਣੀ ਸ਼ਾਇਰਾ ਮਨਜੀਤ ਇੰਦਰਾ ਅਤੇ ਸਾਹਿਤਿਕ ਕ੍ਰਾਂਤੀ ਦਾ ਪ੍ਰਤੀਕ ਬਣੇ ਹੋਏ ਪ੍ਰਸਿੱਧ ਕਲਮਕਾਰ ਮਿੱਤਰ ਸੈਨ ਮੀਤ ਵਰਗੇ ਲੇਖਕ ਜੇ ਮੂਡ ਵਿੱਚ ਹੋਣ ਤਾਂ ਇਸ ਬਾਰੇ ਕਾਫੀ ਕੁਝ ਦੱਸ ਸਕਦੇ ਹਨ ਕਿਓਂਕਿ ਉਹਨਾਂ ਨੇ ਬਹੁਤ ਕੁਝ ਨੇੜਿਓਂ ਦੇਖਿਆ ਸੁਣਿਆ। ਫਿਰ ਵੀ ਪਤਨੀ ਦੀ ਅਹਿਮੀਅਤ ਸਾਡੇ ਸਮਾਜ ਦੇ ਵੱਡੇ ਵਰਗ ਨੂੰ ਅਜੇ ਤੱਕ ਸਮਝ ਨਹੀਂ ਆਈ। ਇਥੇ ਅਜੇ ਵੀ ਪਤਨੀਆਂ ਦੀ ਬੇਕਦਰੀ ਵੱਧ ਰਹੀ ਹੈ। ਲਗਾਤਾਰ ਵੱਧ ਰਹੀ ਹੈ।  ਸਿਰਫ ਬੇਕਦਰੀ ਹੀ ਨਹੀਂ ਮਾਰਕੁੱਟ ਅਤੇ ਕਤਲਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। 

ਇਸੇ ਤਰ੍ਹਾਂ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਕਈ  ਦਰਜਨ ਕਿਤਾਬਾਂ ਦੇ ਲੇਖਕ  ਸੂਰਿਯਾ ਕਾਂਤ ਤ੍ਰਿਪਾਠੀ ਨਿਰਾਲਾ ਆਪਣੀ ਪਤਨੀ ਦੇ ਵਿਯੋਗ ਵਿਚ ਸਾਰੀ ਉਮਰ ਬਿਰਹਾ ਦੀ ਅਗਨੀ ਵਿਚ ਜਲਦੇ ਰਹੇ ਪਰ ਜ਼ਿੰਦਗੀ ਦੇ ਫਰਜ਼ਾਂ ਨੂੰ ਫਿਰ ਵੀ ਕਦੇ ਨਹੀਂ ਭੁੱਲੇ। ਉਹਨਾਂ ਜ਼ਿੰਦਗੀ ਦੀਆਂ ਡਿਊਟੀਆਂ ਪੂਰੀਆਂ ਕਰਦਿਆਂ ਕਦੇ ਵੀ ਹਾਰ ਨਹੀਂ ਸੀ ਮੰਨੀ। ਆਪਣੇ ਇਸ ਦੁੱਖ ਦਾ ਗਿਲਾ ਵੀ ਉਹਨਾਂ ਕਦੇ ਕਿਸੇ ਨਾਲ ਵੀ ਨਾ ਕੀਤਾ। ਜਦੋਂ ਉਹਨਾਂ ਦੀ ਪਤਨੀ ਅਕਾਲ ਚਲਾਣਾ ਕਰ ਗਈ ਉਦੋਂ ਉਹਨਾਂ ਦੀ ਉਮਰ ਸਿਰਫ 20 ਸਾਲਾਂ ਦੀ ਸੀ। ਉਹ ਆਪਣੀ ਬੇਟੀ ਸਰੋਜ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਉਸ ਬੇਟੀ ਦਾ ਵਿਆਹ ਹੋਇਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੀ ਸਵਰਗੀ ਪਤਨੀ ਉਸਦੇ ਚਿਹਰੇ ਵਿੱਚੋਂ ਨਜ਼ਰ ਆ ਰਹੀ ਸੀ। ਫਿਰ ਉਹ ਬੇਟੀ ਵੀ ਵਿਧਵਾ ਹੋ ਗਈ ਅਤੇ ਵਿਧਵਾ ਹੋਣ ਮਗਰੋਂ ਛੇਤੀ ਹੀ ਚੱਲ ਵੱਸੀ। 

ਦੁੱਖਾਂ ਦੇ ਪਹਾੜ ਸ਼੍ਰੀ ਨਿਰਾਲਾ ਤੇ ਬੁਰੀ ਤਰ੍ਹਾਂ ਟੁੱਟੇ ਅਤੇ ਲਗਾਤਾਰ ਟੁੱਟਦੇ ਹੀ ਰਹੇ  ਪਰ ਫਿਰ ਵੀ ਨਿਰਾਲਾ ਜੀ ਅਡੋਲ ਬਣੇ ਰਹੇ। ਉਹਨਾਂ ਦਾ ਅੰਤਰਮਨ ਬਹੁਤ ਦੁਖੀ ਰਿਹਾ। ਬਾਹਰਲੀ ਮੁਸਕਰਾਹਟ ਅੰਦਰ ਦੇ ਦਰਦ ਨੂੰ ਲੁਕਾਉਂਦੀ ਰਹੀ ਪਰ ਇਹ ਅੰਦਰਲਾ ਦਰਦ ਸੀ ਕਿ ਲਗਾਤਾਰ ਵਧਦਾ ਹੀ ਰਿਹਾ। ਦਰਦ ਨੂੰ ਸੀਮਾ ਤੋਂ ਵੀ ਵੱਧ ਸਹਿੰਦਿਆਂ ਸਹਿੰਦਿਆਂ ਹਾਲਤ ਗੰਭੀਰ ਹੁੰਦੀ ਚਲੀ ਗਈ। ਅਖੀਰ ਉਹਨਾਂ ਨੂੰ Schizophrenia ਸਕੀਜ਼ੋਫ਼ਰੇਨੀਆਂ ਨਾਮ ਦੀ ਬਿਮਾਰੀ ਹੋ ਗਈ। ਮਾਨਸਿਕ ਵਿਖੰਡਤਾ ਨੇ ਉਹਨਾਂ ਦੀ ਰਹੀ ਸਹੀ ਜਾਨ ਵੀ ਚੂਸ ਲਈ। ਸਿਰਫ 62 ਸਾਲਾਂ ਦੀ ਉਮਰ ਵਿਚ ਹੀ ਉਹ ਚੱਲ ਵੱਸੇ। ਪਤਨੀ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਗਈ ਸੀ। ਫਿਰ ਵੀ ਸਾਡਾ ਸਮਾਜ ਪਤਨੀ ਦੀ ਕਦਰ ਉਸਦੇ ਜਿਊਂਦੇ ਜੀਅ ਨਹੀਂ ਕਰਦਾ। ਹੁਣ ਤਾਂ ਪੰਜਾਬ ਵਿੱਚ ਵੀ ਪਤਨੀਆਂ ਦੇ ਕਤਲ ਵੱਧ ਗਏ ਹਨ। ਇਹ ਸਭ ਕੁਝ ਯਾਦ ਆ ਰਿਹਾ ਹੈ ਦੱਖਣੀ ਭਾਰਤ ਦੀ ਇੱਕ ਖਬਰ ਨੂੰ ਪੜ੍ਹ ਕੇ। ਇਹ ਖਬਰ ਹਿਲਾ ਕੇ ਰੱਖ ਦੇਂਦੀ ਹੈ। 

ਇਹ ਖਬਰ ਕਰਨਾਟਕ ਦੀ ਹੈ। ਬਲੈਕ ਫੰਗਸ ਕਾਰਨ ਪਤਨੀ ਦੀ ਮੌਤ ਤੋਂ ਦੁਖੀ ਹੋ ਕੇ ਹੁਕੇਰੀ ਤਾਲੁਕ ਦੇ ਅਧੀਨ ਪੈਂਦੇ ਪਿੰਡ ਵਿੱਚ ਪਤੀ ਨੇ ਆਪਣੇ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ। ਅੰਦਾਜ਼ਾ ਲਗਾ ਲਓ ਸਦਮਾ ਕਿੰਨਾ ਜ਼ਿਆਦਾ ਲੱਗਿਆ ਹੋਏਗਾ। ਪੁਲਿਸ ਮੁਤਾਬਕ 46 ਸਾਲਾਂ ਦੀ ਉਮਰ ਦੇ ਗੋਪਾਲ ਹਦੀਮਾਨੀ ਨੇ ਆਪਣੇ ਚਾਰ ਬੱਚਿਆਂ ਸੋਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸ੍ਰੀਜਨ ਹਾਦੀਮਾਨੀ (8) ਦੇ ਨਾਲ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਅੱਜ ਸਵੇਰੇ ਜਦੋਂ ਪਰਿਵਾਰ ਵਿੱਚੋਂ ਕੋਈ ਵੀ ਬਾਹਰ ਨਾ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਜੁਲਾਈ ਵਿੱਚ ਗੋਪਾਲ ਦੀ ਪਤਨੀ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ। ਆਂਢੀ ਗੁਆਂਢੀ ਦੱਸਦੇ ਹਨ ਕਿ ਇਸ ਤੋਂ ਬਾਅਦ ਸਾਰਾ ਪਰਿਵਾਰ ਹੀ ਟੁੱਟ ਗਿਆ ਸੀ। ਜ਼ਾਹਿਰ ਹੈ ਕਿ ਇਸ ਪਰਿਵਾਰ ਵਿੱਚੋਂ ਚਲੀ ਗਈ ਉਹ ਔਰਤ ਹੀ ਇਸ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਚਲਾ ਰਹੀ ਸੀ। ਉਹ ਅਤੇ ਉਸ ਦੇ ਬੱਚੇ ਅਕਸਰ ਸਾਨੂੰ ਦੱਸਦੇ ਸਨ ਕਿ ਉਹ ਜ਼ਿੰਦਗੀ ਤੋਂ ਤੰਗ ਆ ਚੁੱਕੇ ਹਨ। ਫਿਰ ਵੀ ਅਜਿਹਾ ਨਹੀਂ ਸੀ ਲੱਗਦਾ ਕਿ ਉਹ ਸਾਰੇ ਜਣੇ ਏਨਾ ਵੱਡਾ ਕਦਮ ਚੁੱਕ ਲੈਣਗੇ। ਅਸੀਂ ਉਸ ਪਰਿਵਾਰ ਨੂੰ ਤਾਂ ਵਾਪਿਸ ਨਹੀਂ ਲਿਆ ਸਕਦੇ ਪਰ ਜਿਹਨਾਂ ਦੀਆਂ ਪਤਨੀਆਂ ਮੌਜੂਦ ਹਨ ਉਹ ਸਾਰੇ ਰਾਜ਼ੀ ਖੁਸ਼ੀ ਰਹਿਣ ਇਸ ਦੀ ਕਾਮਨਾ ਵੀ ਜ਼ਰੂਰ ਕਰ ਦੇਹਾਂ ਅਤੇ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਪਤੀ ਪਤਨੀ ਇੱਕ ਦੂਜੇ ਦੀ ਕਦਰ ਜ਼ਰੂਰ ਕਰਨ ਅਤੇ ਜਿਊਂਦੇ ਜੀਅ ਕਰਨ। 


ਅੱਜ ਯਾਦ ਆ ਰਹੇ ਹਨ ਫਿਰੋਜ਼ਪੁਰ ਵਾਲੇ ਸਵਰਗੀ ਲੇਖਕ ਗਿਆਨੀ ਰਾਜਿੰਦਰ ਸਿੰਘ ਛਾਬੜਾ। ਉਹ ਵੀ ਪਤਨੀ ਦੀ ਮੌਤ ਮਗਰੋਂ ਬੁਰੀ ਤਰ੍ਹਾਂ ਟੁੱਟ ਗਏ ਸਨ। ਉਹਨਾਂ ਬੜਾ ਕੁਝ ਲਿਖਿਆ ਵੀ। ਆਪਣੇ ਪਰਚੇ ਲਿਖਾਰੀ ਦਾ ਵਿਸ਼ੇਸ਼ ਅੰਕ ਵੀ ਕੱਢਿਆ ਪਰ ਖੁਦ ਮੁੜ ਕੇ ਕਦੇ ਨਾ ਜੁੜ ਸਕੇ। ਅਖੀਰ ਇਸੇ ਗਮ ਵਿਚ ਹੀ ਚੱਲ ਵੱਸੇ। ਗੁਰਬਾਣੀ ਨਾਲ ਪਿਆਰ, ਗੁਰਬਾਣੀ ਦਾ ਡੂੰਘਾ ਅਧਿਐਨ ਅਤੇ ਸਾਹਿਤਿਕ ਸਰਗਰਮੀਆਂ ਵੀ ਕੰਮ ਨਾ ਆ ਸਕੀਆਂ। ਇਸ ਦਰਦ ਦਾ ਇਲਾਜ ਸ਼ਾਇਦ ਕਿਤੇ ਨਹੀਂ ਸੀ ਅਤੇ ਇਸ ਦਰਦ ਨੂੰ ਸਮਝਣ ਅਤੇ ਵੰਡਾਉਣ ਵਾਲਾ ਵੀ ਕੋਈ ਨਹੀਂ ਸੀ। ਕੁਝ ਘੜੀਆਂ ਪੁਰਾਣੇ ਮਿੱਤਰਾਂ ਦਲੀਪ ਸਿੰਘ ਭੁਪਾਲ, ਹਰਮੀਤ ਵਿਦਿਆਰਥੀ, ਲਛਮਣ ਸਿੰਘ, ਪਾਲ ਸਿੰਘ, ਪੂਰਨ ਸਿੰਘ ਸੇਠੀ ਅਤੇ ਵਿਦਿਅਕ ਅਦਾਰਿਆਂ ਦੇ ਰੁਝੇਵਿਆਂ ਵਿਚ ਲੰਘ ਜਾਂਦੀਆਂ ਸਨ। ਬਾਕੀ ਸਮਾਂ ਇਕੱਲਾ ਹੀ ਹੁੰਦਾ ਯਾਦਾਂ ਨਾਲ ਭਰਿਆ ਹੋਇਆ। ਉਸ ਉਦਾਸੀ ਦਾ ਦਾਰੂ ਨਾ ਗੀਤ ਸੰਗਿਤ ਬਣ ਸਕਿਆ ਨਾ ਹੀ ਗ਼ਜ਼ਲਾਂ। 

ਅੰਮ੍ਰਿਤਸਰ ਵਾਲੇ ਬੇਹੱਦ ਉਤਸ਼ਾਹੀ ਅਤੇ ਸਰਗਰਮ ਰਹਿਣ ਵਾਲੇ ਲੇਖਕ ਜਤਿੰਦਰ ਪਾਲ ਸਿੰਘ ਜੌਲੀ ਵੱਲੋਂ ਅੱਗੇ ਵਧਣ ਦੀ ਰਫਤਾਰ ਤੂਫ਼ਾਨਾਂ ਨੂੰ  ਵੀ ਮਾਤ ਪਾਉਂਦੀ ਸੀ। ਉਸਦੀ ਬੁਧਿ ਬੇੱਹਦ ਤੀਖਣ। ਜਿਵੇਂ ਸੂਰਜਾਂ ਨਾਲ ਗੱਲਾਂ ਕਰਦੀ ਹੋਵੇ। ਉਸਦੇ ਸੁਭਾਅ ਵਿਚ ਅੰਤਾਂ ਦੀ ਨਿਮਰਤਾ ਵੀ ਸੀ। ਵੱਡੇ ਵੱਡੇ ਲੇਖਕ ਉਸ ਤੋਂ  ਮੁਤਾਸਿਰ ਸਨ। ਉਸਦਾ ਉੱਠਣਾ ਬੈਠਣਾ ਛੋਟੀ ਉਮਰੇ ਹੀ ਵੱਡੇ ਲੋਕਾਂ ਵਿਚ ਵੱਧ ਗਿਆ ਸੀ। ਉਸ ਨੂੰ ਅਹੁਦੇ ਵੀ ਚੰਗੇ ਮਿਲ ਗਏ ਸਨ। ਨੌਕਰੀਆਂ ਵੀ ਚੰਗੀਆਂ ਸਨ ਪਰ ਪਤਨੀ ਦੀ ਬੇਵਕਤੀ ਮੌਤ ਨੇ ਬਹੁਤ ਵੱਡਾ ਸਦਮਾ ਪਹੁੰਚਾਇਆ। ਪਤਨੀ ਦੇ ਦੇਹਾਂਤ ਵਾਲੇ ਇਸ ਹਾਦਸੇ ਮਗਰੋਂ ਜੌਲੀ ਨੇ ਇੱਕ ਕਿਤਾਬਚਾ ਵੀ ਲਿਖਿਆ ਸੀ ਜਿਹੜਾ ਕਮਾਲ ਦਾ ਸੀ। ਮੈਂ ਉਸਨੂੰ ਲਕਾਫ਼ੀ ਦੇਰ ਤੱਕ ਸੰਭਾਲਿਆ ਪਰ ਜਦੋਂ ਨਾਨਕਸ਼ਾਹੀ ਇੱਟ ਵਾਲੇ ਮਕਾਨ ਦੀ ਛੱਤ ਡਿੱਗੀ ਤਾਂ ਬਹੁਤ ਕੁਝ ਉਸ ਹੇਠਾਂ ਆ ਗਿਆ। ਉਸ ਕਿਤਾਬਚੇ ਨੂੰ ਪੜ੍ਹਦਿਆਂ ਸ਼੍ਰੀਮਤੀ ਜੌਲੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ। ਉਹ ਪਤਨੀ ਤੋਂ ਬਾਅਦ ਵੀ ਪਤਨੀ ਦਾ ਜਨਮਦਿਨ ਹੀ ਮਨਾਉਂਦੇ ਰਹੇ। ਜਲਦੀ ਹੀ ਖੁਦ ਵੀ ਇਸ ਦੁਨੀਆ ਤੋਂ ਚਲੇ ਗਏ। 

ਖੱਬੀ ਸਿਆਸਤ ਦੇ ਖਾਸ ਥੰਮਾਂ ਵਿੱਚੋਂ ਗਿਣੇ ਜਾਂਦੇ ਲੁਧਿਆਣਾ ਦੇ ਕਾਮਰੇਡ ਰਮੇਸ਼ ਰਤਨ ਨੂੰ ਅੱਜ ਵੀ ਪਤਨੀ ਦਾ ਵਿਯੋਗ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ। ਇਸ ਦਰਦ ਨੂੰ ਕਦੇ ਵੀ ਘਟਾਇਆ ਨਹੀਂ ਜਾ ਸਕਿਆ। ਉਹ ਸੀਪੀਆਈ ਦੇ ਸਰਗਰਮ ਆਗੂ ਹਨ। ਮਜ਼ਦੂਰਾਂ ਦੇ ਭਲੇ ਲਈ ਬਹੁਤ ਸਾਰੇ ਕੰਮ ਉਹਨਾਂ ਨੂੰ ਡਿਊਟੀ ਵਾਂਗ ਕਰਨੇ ਪੈਂਦੇ ਹਨ। ਉਹਨਾਂ ਦੀ ਪ੍ਰਤੀਬੱਧਤਾ ਵੀ ਹੈ ਅਤੇ ਲਗਨ ਵੀ। ਪਾਰਟੀ ਦੀਆਂ ਮੀਟਿੰਗਾਂ ਵੀ ਕਦੇ ਸਾਹ ਨਹੀਂ ਲੈਣ ਦੇਂਦੀਆਂ। ਸ਼ਾਮ ਤੱਕ ਥਕਾਵਟ ਬੁਰੀ ਤਰ੍ਹਾਂ ਘੇਰ ਲੈਂਦੀ ਹੈ। ਉਮਰ ਦਾ ਵੀ ਤਕਾਜ਼ਾ ਹੈ। ਫਿਰ ਵੀ ਜਦੋਂ ਕੁਝ ਪਲਾਂ ਲਈ ਇਕੱਲੇ ਹੁੰਦੇ ਹਨ ਤਾਂ ਉਦਾਸੀ ਘੇਰ ਲੈਂਦੀ ਹੈ। 

ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ.....

ਰਮੇਸ਼ ਰਤਨ ਦੇ ਸੀਏ ਬੇਟੇ ਨੇ ਬੜਾ ਵੱਡਾ ਘਰ ਬਣਾ ਲਿਆ ਹੈ। ਬਹੁਤ ਹੀ ਸ਼ਾਨਦਾਰ ਘਰ ਪਰ ਉਹਨਾਂ ਨੇ ਆਪਣਾ ਉਹ ਛੋਟਾ ਘਰ ਅਜੇ ਵੀ ਨਹੀਂ ਛੱਡਿਆ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਰਹਿੰਦੇ ਸਨ। ਉਹਨਾਂ ਨੂੰ ਅੱਜ ਵੀ ਉਹੀ ਘਰ ਚੰਗਾ ਲੱਗਦਾ ਹੈ। ਉਹ ਅੱਜ ਵੀ ਵੇਹਲੇ ਹੋ ਕੇ ਸ਼ਾਮ ਨੂੰ ਉਸੇ ਘਰ ਮੁੜ ਜਾਂਦੇ ਹਨ। ਉੱਥੇ ਜਾ ਕੇ ਪਤਨੀ ਦੀਆਂ ਯਾਦਾਂ ਹੋਰ ਸ਼ਿੱਦਤ ਨਾਲ ਮਹਿਸੂਸ ਹੋਣ ਲੱਗਦੀਆਂ ਹਨ। ਉੱਥੇ ਜਾ ਕੇ ਉਹਨਾਂ ਨੂੰ ਪਤਨੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਆਖਦੇ ਹਨ ਨਾ--ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ-ਨ ਜਾਣੇ ਕਿਸ ਗਲੀ ਮੈਂ ਜ਼ਿੰਦਗੀ ਕਿ ਸ਼ਾਮ ਹੋ ਜਾਏ। ਸ਼ਾਇਦ ਇਹ ਉਜਾਲਾ ਉਹੀ ਹੈ ਜਿਹੜਾ ਸਾਨੂੰ ਉਮਰ ਦੀ ਇਸ ਸੰਧਿਆਂ ਵੇਲੇ ਆਸਰਾ ਦੇਂਦਾ ਹੈ। ਕਿਸੇ ਰੱਬ  ਵਰਗਾ ਆਸਰਾ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੇ ਚਿਹਰੇ ਤੋਂ ਅੱਜ ਵੀ ਪਤਨੀ ਦੇ ਤੁਰ ਜਾਣ ਦੀ ਉਦਾਸੀ ਪੜ੍ਹੀ ਜਾ ਸਕਦੀ ਹੈ। ਅਮਰਜੀਤ ਕੌਰ ਦੇ ਨਾਮ ਵਾਲੀ ਉਹ ਵੱਡੀ ਬਿਲਡਿੰਗ ਅੱਜ ਵੀ ਚੱਲਦੀ ਹੈ ਪਰ ਹੁਣ ਉੱਥੇ ਪਹਿਲਾਂ ਵਾਲੀ ਰੌਣਕ ਨਹੀਂ। ਇਸਦੇ ਉਲਟ ਇੱਕ ਡੂੰਘੀ ਉਦਾਸੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਪ੍ਰੋਫੈਸਰ ਸਾਹਿਬ ਨੇ ਉਸ ਇਮਾਰਤ ਨੂੰ ਕਦੇ ਵੀ ਵਿਰਾਨ ਤਾਂ ਨਹੀਂ ਹੋਣ ਦਿੱਤਾ ਪਰ ਫਿਰ ਵੀ ਉਹ ਪੁਰਾਣੀ ਰੌਣਕ ਕਦੇ ਮੋਦੀ ਨਹੀਂ ਜਾ ਸਕੀ। ਉਥੇ ਅਕਸਰ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ। ਬਹੁਤ ਸਾਰੇ ਸੈਮੀਨਾਰ ਹੁੰਦੇ ਹਨ। ਦੁਨੀਆ ਦੇ ਦੁੱਖਾਂ ਦੇ ਕਾਰਨ ਬਣੀਆਂ ਕਾਲੀਆਂ ਤਾਕਤਾਂ  ਨਾਲ ਚੱਲਦੀ ਆਲਮੀ ਜੰਗ ਨੂੰ ਸਫਲ ਬਣਾਉਣ ਦੀਆਂ ਵਿਉਂਤਾਂ ਬਾਰੇ ਗੱਲਬਾਤ ਹੁੰਦੀ ਹੈ। ਪਰ ਫਿਰ ਵੀ ਜ਼ਿੰਦਗੀ ਦਾ ਉਹ ਪਹਿਲਾਂ ਵਾਲਾ ਅਹਿਸਾਸ ਜਿਵੇਂ ਮਨਫ਼ੀ ਹੋ ਗਿਆ ਹੈ। ਜਿਹਨਾਂ ਨੇ ਸ਼੍ਰੀਮਤੀ ਜਗਮੋਹਨ ਹੁਰਾਂ ਦੇ ਹੁੰਦੀਆਂ ਉੱਥੇ ਚਾਅ ਦਾ ਕੱਪ ਪੀਤਾ ਹੈ। ਉੱਥੇ ਕੁਝ ਘੜੀਆਂ ਲੰਘਾਈਆਂ ਹਨ ਉਹਨਾਂ ਨੂੰ ਪਤਾ ਹੈ ਪਹਿਲਾਂ ਉੱਥੇ ਕਿਹੜੀ ਊਰਜਾ ਸੀ ਜਿਹੜੀ ਹੁਣ ਨਹੀਂ ਰਹੀ। ਇੱਕ ਇੱਕ ਸ਼ਖ਼ਸੀਅਤ ਦੇ ਤੁਰ ਜਾਨ ਨਾਲ ਪਿਆ ਵਿਗੋਚਾ ਸਾਰਿਆਂ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਪਰ ਜਿਹਨਾਂ ਨੂੰ ਹੁੰਦਾ ਹੈ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। 

ਇਸੇ ਤਰ੍ਹਾਂ ਇਨਕਲਾਬੀਆਂ ਅਤੇ ਤਰਕਸ਼ੀਲਾਂ ਦੀ ਅਗਵਾਈ ਕਰਦੇ ਆਗੂ ਜਸਵੰਤ ਸਿੰਘ ਜੀਰਖ ਨੂੰ ਅੱਜ ਵੀ ਪਤਨੀ ਦੇ ਤੁਰ ਜਾਣ ਵਾਲੇ ਉਸ ਦਰਦ ਦਾ ਅਹਿਸਾਸ ਅਕਸਰ ਹੁੰਦਾ ਹੈ। ਉਹ ਅੱਜ ਵੀ ਆਪਣੀ ਉਸ ਜਾ ਚੁੱਕੀ ਪਤਨੀ ਦੀ ਯਾਦ ਵਿਚ ਮੈਡੀਕਲ ਕੈਂਪ ਲਗਵਾਉਂਦੇ ਹਨ। ਪਤਨੀ ਨੂੰ ਯਾਦ ਕਰਨ ਲਈ ਉਹਨਾਂ ਸਾਰੀ ਦੁਨੀਆ ਦੇ ਦਰਦ ਨੂੰ ਆਪਣਾ ਲਿਆ ਹੈ। ਦੁਨੀਆ ਦੇ ਦਰਦ ਵਿਚ ਹੀ ਉਹ ਪਤਨੀ ਦੇ ਤੁਰ ਜਾਣ ਵਾਲਾ ਦਰਦ ਭੁੱਲ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਫਿਰ ਵੀ ਇਹ ਦਰਦ ਕਦੇ ਘੱਟ ਨਹੀਂ ਹੁੰਦਾ। ਆਪਣੇ ਘਰ ਦੀ ਇਮਾਰਤ ਵਿਚ ਜਾਂਦਿਆਂ ਹੀ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਨੂੰ ਯਾਦ ਹੈ ਉਹਨਾਂ ਪਤਨੀ ਦੇ ਦੇਹਾਂਤ ਵੇਲੇ ਕੋਈ ਧਾਰਮਿਕ ਰਸਮ ਨਹੀਂ ਸੀ ਕੀਤੀ। ਉਹਨਾਂ ਦਾ ਅਕੀਦਾ ਨਾਸਤਿਕਤਾ ਵਾਲਾ ਰਿਹਾ। ਤਰਕਸ਼ੀਲਾਂ ਵਾਲਾ ਰਿਹਾ। ਉਹਨਾਂ ਦੀ ਪਤਨੀ ਉਹਨਾਂ ਦੇ ਇਸ ਅਕੀਦੇ ਨੂੰ ਹਮੇਸ਼ਾਂ ਪਕੇਰਾ ਕਰਦੀ ਰਹੀ। ਉਹਨਾਂ ਦਾ ਸਾਥ ਦੇਂਦੀ ਰਹੀ। ਸਰਕਾਰੀ ਦਾਬੇ ਅਕਸਰ ਪੈਂਦੇ ਸਨ। ਉਹਨਾਂ ਦਾ ਸਾਹਮਣਾ ਕਰਨ ਵੇਲੇ ਕਦੇ ਹਿੰਮਤ ਨਾ ਛੱਡੀ। ਪਤੀ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਚੁਣੌਤੀ ਨੂੰ ਕਬੂਲ ਕੀਤਾ। ਇਨਕਲਾਬੀ ਲਹਿਰ ਤੇਜ਼ ਰਹੇ ਇਸ ਲਈ ਹਮੇਸ਼ਾਂ ਸਰਗਰਮ ਵੀ ਰਹੀ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਜਸਵੰਤ ਜੀਰਖ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਬੜਾ ਧਿਆਨ ਰੱਖਿਆ ਕਿ ਇਹ ਸ਼ਰਧਾਂਜਲੀ ਉਹਨਾਂ ਵਿਚਾਰਾਂ ਬਾਂਗ ਹੀ ਸੂਹੀ ਸ਼ਰਧਾਂਜਲੀ ਹੋਵੇ। 

ਸੀਨੀਅਰ ਪੱਤਰਕਾਰ ਅਤੇ ਸੰਵੇਦਨਸ਼ੀਲ ਸ਼ਾਇਰ ਅਸ਼ਵਨੀ ਜੇਤਲੀ ਲਈ ਵੀ ਇਹ ਦੁੱਖ ਬਹੁਤ ਵੱਡਾ ਸੀ। ਬੇਟੇ ਦੇ ਤੁਰ ਜਾਣ ਮਗਰੋਂ ਪਤਨੀ ਨੇ ਹੀ ਉਹਨਾਂ ਨੂੰ ਸੰਭਾਲਿਆ ਹੋਇਆ ਸੀ। ਕਦੇ ਨਾ ਮੁੱਕਣ ਵਾਲੀ ਉਦਾਸੀ ਨੂੰ ਉਹਨਾਂ ਦੀ ਪਤਨੀ ਨੇ ਇਕੱਲਿਆਂ ਝੱਲਣ ਦੀ ਕੋਸ਼ਿਸ਼ ਕੀਤੀ ਤਾਂਕਿ ਇਹ ਉਦਾਸੀ ਅਸ਼ਵਨੀ ਜੇਤਲੀ ਤੱਕ ਕਦੇ ਨਾ ਪੁੱਜੇ ਪਰ ਆਖਰ ਇੱਕ ਦਿਨ ਉਹ ਖੁਦ ਹੀ ਤੁਰ ਗਈ। ਅਸ਼ਵਨੀ ਨੂੰ ਬਿਲਕੁਲ ਇਕੱਲਿਆਂ ਛੱਡ ਕੇ। ਉਦਾਸੀਆਂ ਦੇ ਇਹਨਾਂ ਵਾਵਰੋਲਿਆਂ ਵਿੱਚ ਅਸ਼ਵਨੀ ਇਕੱਲਾ ਰਹੀ ਗਿਆ। ਬਿਲਕੁਲ ਇਕੱਲਾ। ਅਸ਼ਵਨੀ ਨੇ ਕਈ ਕਵਿਤਾਵਾਂ ਵੀ ਲਿਖੀਆਂ ਜਿਹਨਾਂ ਨੂੰ ਪੜ੍ਹਦਿਆਂ ਦਿਲ ਭਰ ਆਉਂਦਾ ਹੈ। ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪਰ ਦਰਦ ਫਿਰ ਵੀ ਕਾਇਮ ਰਹਿੰਦਾ ਹੈ। ਦੁਨੀਆ ਭਰ ਦੇ ਹਾਸੇ ਖੇੜੇ ਇਸ ਦਰਦ ਨੂੰ ਨਹੀਂ ਭੁੱਲਣ ਦੇਂਦੇ। ਇਸ ਉਮਰੇ ਪਿਆ ਇਹ ਵਿਛੋੜਾ ਅਸਹਿ ਹੁੰਦਾ ਹੈ। ਇਨਸਾਨ ਕਿਵੇਂ ਜਿਊਂਦਾ ਹੈ ਇਹ ਉਹੀ ਜਾਣਦਾ ਹੈ। ਚਿਹਰੇ ਤੇ ਮੁਸਕਾਨ ਲਿਆ ਕੇ ਇਹ ਦਰਦ ਨਹੀਂ ਘਟਦੇ। ਗੀਤ ਸੰਗੀਤ ਸੁਣ ਕੇ ਵੀ ਗਮ ਨਹੀਂ ਘਟਦੇ। ਦੋ ਚਾਰ ਪੈਗ ਪੀ ਕੇ ਵੀ ਵਿਛੋੜੇ ਦੀ ਅਗਨੀ ਨਹੀਂ ਬੁਝਦੀ। ਬਾਕੀ ਬੱਚੀ ਜ਼ਿੰਦਗੀ ਪਹਾੜ ਵਰਗੀ ਲੰਮੀ ਅਤੇ ਕਾਲੀ ਲੱਗਣ ਲੱਗਦੀ ਹੈ। 

ਇਪਟਾ ਵਾਲੇ ਪ੍ਰਦੀਪ ਸ਼ਰਮਾ ਨੂੰ ਅੱਜ ਵੀ ਅੱਧੀ ਅੱਧੀ ਰਾਤ ਵੇਲੇ ਨੀਂਦ ਖੁੱਲ੍ਹ ਜਾਂਦੀ ਹੈ। ਉਹੀ ਸੁਪਨੇ, ਉਹੀ ਗੀਤ..., ਉਹੀ ਸੀਨ ਬਹੁਤ ਕੁਝ ਯਾਦ ਆਉਂਦਾ ਹੈ। ਉਹ ਹੁਣ ਵੀ ਲੁਧਿਆਣਾ ਦੇ ਸਰਕਾਰੀ ਕਾਲਜ ਜਾ ਪੁੱਜਦੇ ਹਨ ਜਿੱਥੇ ਉਹਨਾਂ ਦੀ ਪਤਨੀ ਵਿਆਹ ਤੋਂ ਪਹਿਲਾਂ ਪੜ੍ਹੀ ਸੀ। ਇਥੇ ਸ਼ਾਇਦ ਐਮ ਏ ਕੀਤੀ ਸੀ। ਸ਼ਰਮਾ ਜੀ ਹੁਣ ਵੀ ਕਾਲਜ ਦੀਆਂ ਕੰਧਾਂ ਨਾਲ ਗੱਲਾਂ ਕਰਦੇ ਹਨ। ਲਾਇਬ੍ਰੇਰੀ ਜਾ ਕੇ ਗੁੰਮਸੁੰਮ ਹੋ ਕੇ ਬੈਠੇ ਰਹਿੰਦੇ ਹਨ। ਇਸ ਦਰਦ ਨੂੰ ਉਹੀ ਜਾਣਦੇ ਹਨ। ਪਰਿਵਾਰ ਦੇ ਬਾਕੀ ਮੈਂਬਰ ਨਹੀਂ ਸਮਝ ਸਕਦੇ। ਬੱਚੇ ਆਖਦੇ ਹਨ ਕਿਸੇ ਹਿੱਲ ਸਟੇਸ਼ਨ ਤੇ ਜਾ ਆਓ। ਕਿਤੇ ਵਿਦੇਸ਼ ਘੁੰਮ ਆਓ ਪਰ ਸ਼ਰਮਾ ਜੀ ਅਕਸਰ ਮੌਨੂੰ ਦੱਸਦੇ ਕਿ ਪਤਨੀ ਬਿਨ ਜਾਣ ਦਾ ਹੁਣ ਮਨ ਹੀ ਨਹੀਂ ਕਰਦਾ। ਕਿੱਥੇ ਜਾਵਾਂ? ਪਤਨੀ ਦੇ ਹੁੰਦਿਆਂ ਲੁਕ ਲੁਕ ਕੇ ਬਣਾਈਆਂ ਵੀਡੀਓ ਦੇਖਦੇ ਰਹਿੰਦੇ ਹਨ। ਉਸਦੀ ਕੀਤੀਆਂ ਗੱਲਾਂ ਸੁਣਦੇ ਰਹਿੰਦੇ ਹਨ। ਇਸਦੇ ਨਾਲ ਹੀ ਪੁਰਾਣੇ ਗਾਣੇ ਸੁਣਦੇ ਰਹਿੰਦੇ ਹਨ। ਪੂਰਨਿਆਂ ਫ਼ਿਲਮਾਂ ਵੀ ਦੇਖਦੇ ਹਨ। ਪਰਿਵਾਰ ਤੋਂ ਲੁਕ ਕੇ ਹੰਝੂ ਵੀ ਵਹਾਉਂਦੇ ਹਨ ਪਰ ਦਰਦ ਕਿੱਥੇ ਰੁਕਦਾ ਹੈ! ਹਾਂ ਇਸ ਗਮ ਨੇ ਉਹਨਾਂ ਨੂੰ ਵੀਡੀਓ ਐਡੀਟਿੰਗ ਸਿੱਖਾਂ ਦਿੱਤੀ ਹੈ। ਪਤਨੀ ਦੀਆਂ ਤਸਵੀਰਾਂ ਤੇ ਮਨ ਭਾਉਂਦੇ ਗੀਤਾਂ ਦੀ ਆਵਾਜ਼ ਲੋੜ ਕਰ ਕੇ ਮਨ ਪਸੰਦ ਵੀਡੀਓ ਬਣਾ ਲੈਂਦੇ ਹਨ ਉਹ ਵੀ ਮੋਬਾਈਲ ਤੇ। 

ਇਹਨਾਂ ਸਤਰਾਂ ਦੇ ਲੇਖਕ ਰੈਕਟਰ ਕਥੂਰੀਆ ਨੂੰ ਵੀ ਇਸ ਦਰਦ ਦਾ ਅਹਿਸਾਸ ਸ਼ਿੱਦਤ ਨਾਲ ਹੁੰਦਾ ਰਿਹਾ ਹੈ ਅਤੇ ਅਕਸਰ ਹੁੰਦਾ ਹੀ ਰਹਿੰਦਾ ਹੈ। ਇਸ ਦਰਦ ਨੂੰ ਦੱਸਣਾ ਵੀ ਸੌਖਾ ਨਹੀਂ।  ਬਸ ਉਸ ਫ਼ਿਲਮੀ ਗੀਤ ਦੀਆਂ ਦੀਆਂ ਸਤਰਾਂ ਯਾਦ ਆਉਂਦੀਆਂ ਹਨ:

ਇੱਕ ਆਹ ਭਰੀ ਹੋਗੀ,

ਹਮਨੇ ਨ ਸੁਣੀ ਹੋਗੀ,

ਜਾਤੇ ਜਾਤੇ ਤੁਮਨੇ,

ਆਵਾਜ਼ ਤੋਂ ਦੀ ਹੋਗੀ। 

ਹਰ ਵਕਤ ਇਹੀ ਹੈ ਗਮ,

ਉਸ ਵਕਤ ਕਹਾਂ ਥੇ ਹਮ,

ਕਹਾਂ ਤੁਮ ਚਲੇ ਗਏ....!

ਇਹਨਾਂ ਉਪਰੋਕਤ ਸ਼ਖਸੀਅਤਾਂ ਦੇ ਨਾਂਵਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਤਾਂਕਿ ਇਹ ਗੱਲ ਦੱਸੀ ਜਾ ਸਕੇ ਕਿ ਪਹਾੜਾਂ ਵਰਗੀਆਂ ਇਹਨਾਂ ਸ਼ਖਸੀਅਤਾਂ ਲਈ ਵੀ ਇਸ ਵਿਛੋੜੇ ਦਾ ਦਰਦ ਸਹਿਣਾ ਕੋਈ ਸੌਖਾ ਨਹੀਂ ਸੀ। ਇਹਨਾਂ ਨੇ ਇਸ ਦਰਦ ਨੂੰ ਹੀ ਵਧਾ ਕੇ ਪੂਰੀ ਲੁਕਾਈ ਦੇ ਦਰਦ ਵਿੱਚ ਬਦਲ ਦਿੱਤਾ। ਪਤਨੀ ਦੇ ਦੇਹਾਂਤ ਮਗਰੋਂ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਦੀ ਖਬਰ ਚਾਰ ਸਤਰਾਂ ਵਿੱਚ ਵੀ ਦੱਸੀ ਜਾ ਸਕਦੀ ਸੀ ਪਰ ਇਸ ਦਰਦ ਨੂੰ ਹਰ ਦਿਲ ਵਿਚ ਜਗਾਉਣਾ ਜ਼ਰੂਰੀ ਹੈ। ਸ਼ਾਇਦ ਅਜਿਹਾ ਕਰਕੇ ਹੀ ਨਿੱਘਰਦੇ ਜਾ ਰਹੇ ਸਮਾਜ ਨੂੰ ਪੱਥਰ ਵਰਗਾ ਹੋਣੋ ਬਚਾਇਆ ਜਾ ਸਕੇ। ਪਹਿਲਾਂ ਸਿਰਫ ਚੰਡੀਗੜ੍ਹ ਹੀ ਪੱਥਰਾਂ ਦਾ ਸ਼ਹਿਰ ਸੁਣਦੇ ਸੇ ਪਰ ਹੁਣ ਤਾਂ ਸ਼ਾਇਦ ਪੂਰਾ ਸਮਾਜ ਹੀ ਪੱਥਰ ਵਰਗਾ ਹੁੰਦਾ ਜਾ ਰਿਹਾ ਹੈ।   --ਰੈਕਟਰ ਕਥੂਰੀਆ

ਪਹਿਲਾ ਪੜਾ ਹੈ ਇਸ਼ਕ ਦਾ ਨੁਕਤੇ ਤੇ ਸਿਮਟਣਾ,

ਦੂਜਾ ਪੜਾ ਹੈ ਧਰਤੀਆਂ ਅੰਬਰ ਤੇ ਛਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਜ਼ੁਲਫ਼ਾਂ ਦੀ ਦਾਸਤਾ,

ਅਗਲਾ ਪੜਾ ਹੈ ਦਾਸਾਂ ਦੇ ਬੰਧਨ ਛੁਡਾਣ ਦਾ ।   

                              --ਪ੍ਰੋਫੈਸਰ ਮੋਹਨ ਸਿੰਘ 

ਹੋਲੀ ਹੋਲੀ ਬਣ ਗਿਆ ਮਿੱਤਰਾਂ ਦਾ ਗਮ ਦੁਨੀਆ ਦਾ ਗਮ

Friday, October 01, 2021

ਜਲ ਜੀਵਨ ਮਿਸ਼ਨ ਦੇ ਐਲਾਨ ਤੋਂ ਬਾਅਦ ਸਰਗਰਮੀਆਂ ਤੇਜ਼

Posted On: 01 OCT 2021 2:44PM by PIB Chandigarh

5 ਕਰੋੜ ਤੋਂ ਵੱਧ ਪਾਣੀ ਦੇ ਨਲ ਕੁਨੈਕਸ਼ਨ ਪ੍ਰਦਾਨ ਕੀਤੇ 

ਪ੍ਰਧਾਨ ਮੰਤਰੀ 2 ਅਕਤੂਬਰ ਨੂੰ ਜੇਜੇਐੱਮ ਸਬੰਧੀ ਪਾਣੀ ਸੰਮਤੀਆਂ ਨਾਲ ਗੱਲਬਾਤ ਕਰਨਗੇ

ਹਰ ਪਿੰਡ ਵਿੱਚ ਪਾਣੀ ਸੁਰੱਖਿਆ ਬਾਰੇ ਹੋਇਆ ਕਰੇਗਾ ਵਿਚਾਰ ਵਟਾਂਦਰਾ 

ਵਿਚਾਰ ਵਟਾਂਦਰਾ ਕਰਨ ਲਈ ਕੀਤਾ ਜਾਏਗਾ ਰਾਸ਼ਟਰ ਵਿਆਪੀ ਗ੍ਰਾਮ ਸਭਾਵਾਂ ਦਾ ਆਯੋਜਨ 


ਨਵੀਂ ਦਿੱਲੀ
//ਚੰਡੀਗੜ੍ਹ: 01 ਅਕਤੂਬਰ 2021: (ਪੀਆਈਬੀ//ਪੰਜਾਬ ਸਕਰੀਨ ਡੈਸਕ)::

ਹਕੀਕਤ ਇਹੀ ਹੈ ਕਿ ਜਲ ਹੀ ਜੀਵਨ ਹੈ। ਜਲ ਬਿਨ ਜੀਵਨ ਨਾਮੁਮਕਿਨ ਹੈ। ਪਾਣੀ ਬਿਨਾ ਜ਼ਿੰਦਗੀ ਨਹੀਂ ਚੱਲ ਸਕਦੀ। ਇਸਦੇ ਬਾਵਜੂਦ ਬਹੁਤ ਸਾਰੀਆਂ ਥਾਂਵਾਂ ਅਜਿਹੀਆਂ ਹਨ ਜਿੱਥੇ ਅਜੇ ਤੱਕ ਜਲ ਨਹੀਂ ਪਹੁੰਚੀਆਂ। ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਜਲ ਦੀ ਸਪਲਾਈ ਹਰ ਥਾਂ ਸੁਨਿਸਚਿਤ ਕਰਨ ਵਿੱਚ ਰੁਝੀ ਹੋਈ ਹੈ। ਇਸਦੇ ਨਾਲ ਹੀ ਸਮੱਸਿਆ ਇਸ ਗੱਲ ਦੀ ਵੀ ਹੈ ਕਿ ਜਿੱਥੇ ਜਲ ਦੀ ਸਪਲਾਈ ਦੇ ਕੁਨੈਕਸ਼ਨ ਵੀ ਹਨ ਅਤੇ ਸਪਲਾਈ ਦਾ ਪ੍ਰਬੰਧ ਵੀ ਹੈ ਉੱਥੇ ਪਾਣੀ ਕਿਓਂ ਨਹੀਂ ਪਹੁੰਚਦਾ? ਅਜਿਹੇ ਕਈ ਸੁਆਲ ਹਨ ਜਿਹਨਾਂ ਨੂੰ ਅਸੀਂ ਆਉਂਦੇ ਦਿਨਾਂ ਵਿੱਚ ਵੀ ਉਠਾਉਂਦੇ ਰਹਾਂਗੇ। 

ਅਗਸਤ, 2019 ਵਿੱਚ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਤੋਂ ਬਾਅਦ, ਸਿਰਫ 25 ਮਹੀਨਿਆਂ ਵਿੱਚ, 5 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਲ ਦੇ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ। ਕੋਵਿਡ -19 ਮਹਾਮਾਰੀ, ਇਸਦੇ ਬਾਅਦ ਤਾਲਾਬੰਦੀ ਅਤੇ ਚੁਣੌਤੀਆਂ ਦੇ ਬਾਵਜੂਦ, ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕੀਤਾ। ਘਰਾਂ ਵਿੱਚ ਪਾਣੀ ਦੀ ਸਪਲਾਈ ਲੋਕਾਂ, ਖਾਸ ਕਰਕੇ ਔਰਤਾਂ ਅਤੇ ਮੁਟਿਆਰਾਂ ਨੂੰ ਪਾਣੀ ਲਿਆਉਣ, ਦੂਰੀ 'ਤੇ ਭਾਰੀ ਬੋਝ ਚੁੱਕਣ ਆਦਿ ਤੋਂ ਰਾਹਤ ਦਿੰਦੀ ਹੈ, ਇਸ ਤਰ੍ਹਾਂ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਕਮੀ ਆਉਂਦੀ ਹੈ। ਇਹ ਨਵਾਂ ਸਮਾਂ ਆਮਦਨੀ ਪੈਦਾ ਕਰਨ ਦੀਆਂ ਗਤੀਵਿਧੀਆਂ, ਨਵੇਂ ਹੁਨਰ ਸਿੱਖਣ, ਬੱਚਿਆਂ ਦੀ ਸਿੱਖਿਆ ਦਾ ਸਮਰਥਨ ਕਰਨ ਆਦਿ ਲਈ ਵਰਤਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 15 ਅਗਸਤ, 2019 ਨੂੰ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਗਈ ਸੀ ਕਿ 2024 ਤੱਕ ਹਰ ਘਰ ਨੂੰ ਕਾਰਜਸ਼ੀਲ ਘਰੇਲੂ ਨਲ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇ। 2019 ਵਿੱਚ, ਪੇਂਡੂ ਖੇਤਰਾਂ ਵਿੱਚ ਲਗਭਗ 18.93 ਕਰੋੜ ਘਰਾਂ ਵਿੱਚੋਂ, ਸਿਰਫ 3.23 ਕਰੋੜ (17%) ) ਕੋਲ ਪਾਣੀ ਦੇ ਨਲ ਕੁਨੈਕਸ਼ਨ ਸਨ। ਇਸ ਤਰ੍ਹਾਂ, 2024 ਤੱਕ 15.70 ਕਰੋੜ ਘਰਾਂ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਜਾਣਾ ਹੈ। ਇਸ ਤੋਂ ਇਲਾਵਾ, ਸਾਰੇ ਮੌਜੂਦਾ ਜਲ ਸਪਲਾਈ ਪ੍ਰਣਾਲੀਆਂ ਅਤੇ ਟੂਟੀ ਕੁਨੈਕਸ਼ਨਾਂ ਦੀ ਕਾਰਜਕੁਸ਼ਲਤਾ ਨੂੰ ਵੀ ਯਕੀਨੀ ਬਣਾਉਣਾ ਹੈ। ਇਹ ਪ੍ਰੋਗਰਾਮ 19 ਕਰੋੜ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਸਿੱਧਾ ਲਾਭ ਪਹੁੰਚਾਉਂਦਾ ਹੈ, ਪੇਂਡੂ - ਸ਼ਹਿਰੀ ਵੰਡ ਨੂੰ ਦੂਰ ਕਰਦਾ ਹੈ ਅਤੇ ਜਨ ਸਿਹਤ ਵਿੱਚ ਸੁਧਾਰ ਕਰਦਾ ਹੈ। ਅੱਜ ਤੱਕ, ਤਕਰੀਬਨ 8.26 ਕਰੋੜ (43%) ਪੇਂਡੂ ਘਰਾਂ ਦੇ ਘਰਾਂ ਵਿੱਚ ਟੂਟੀ ਪਾਣੀ ਦੀ ਸਪਲਾਈ ਹੈ।

ਜਲ ਜੀਵਨ ਮਿਸ਼ਨ ਦਾ ਮੰਤਵ ਹੈ ਕਿ 'ਕੋਈ ਵੀ ਬਾਕੀ ਨਾ ਰਹੇ।' ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਧਿਆਨ ਕੇਂਦਰਤ ਕਰਦੇ ਹੋਏ, ਪਿਛਲੇ ਸਾਲ ਗਾਂਧੀ ਜਯੰਤੀ 'ਤੇ, ਪੀਣ, ਮਿਡ-ਡੇ ਮੀਲ ਪਕਾਉਣ, ਹੱਥ ਧੋਣ ਲਈ ਸਾਰੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਪਖਾਨਿਆਂ ਵਿੱਚ ਵਰਤੋਂ ਲਈ, ਆਸ਼ਰਮਸ਼ਾਲਾਵਾਂ (ਆਦਿਵਾਸੀ ਰਿਹਾਇਸ਼ੀ ਸਕੂਲਾਂ) ਨੂੰ ਪਾਣੀ ਦੇ ਟੂਟੀ ਕੁਨੈਕਸ਼ਨ ਮੁਹੱਈਆ ਕਰਵਾਉਣ ਦੀ ਮੁਹਿੰਮ ਚਲਾਈ ਗਈ ਸੀ। ਅੱਜ ਤੱਕ, 7.72 ਲੱਖ (76%) ਸਕੂਲਾਂ ਅਤੇ 7.48 ਲੱਖ (67.5%) ਆਂਗਣਵਾੜੀ ਕੇਂਦਰਾਂ ਵਿੱਚ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਗਈ ਹੈ।

ਹੇਠਾਂ ਤੱਕ ਪਹੁੰਚ ਦੇ ਬਾਅਦ, ਜੇਜੇਐੱਮ ਨੂੰ ਗ੍ਰਾਮ ਪੰਚਾਇਤਾਂ ਅਤੇ/ ਜਾਂ ਇਸ ਦੀਆਂ ਉਪ-ਕਮੇਟੀਆਂ, ਅਰਥਾਤ ਵਿਲੇਜ ਵਾਟਰ ਐਂਡ ਸੈਨੀਟੇਸ਼ਨ ਕਮੇਟੀਆਂ (ਵੀਡਬਲਯੂਐੱਸਸੀ)/ ਪਾਣੀ ਸੰਮਤੀਆਂ ਦੇ ਨਾਲ ਪਿੰਡ ਵਿੱਚ ਜਲ ਸਪਲਾਈ ਪ੍ਰਣਾਲੀਆਂ ਦੀ ਯੋਜਨਾਬੰਦੀ, ਅਮਲ, ਪ੍ਰਬੰਧਨ, ਸੰਚਾਲਨ ਅਤੇ ਰੱਖ-ਰਖਾਵ ਵਿੱਚ, ਜਿਸ ਨਾਲ ਹਰ ਘਰ ਨੂੰ ਨਿਯਮਤ ਅਤੇ ਲੰਮੇ ਸਮੇਂ ਦੇ ਅਧਾਰ ਤੇ ਸਾਫ ਟੂਟੀ ਦਾ ਪਾਣੀ ਮੁਹੱਈਆ ਹੁੰਦਾ ਹੈ, ਇੱਕ ਵਿਕੇਂਦਰੀਕਰਣ, ਮੰਗ-ਅਧਾਰਤ ਅਤੇ ਕਮਿਊਨਿਟੀ-ਪ੍ਰਬੰਧਿਤ ਪ੍ਰੋਗਰਾਮ ਦੇ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਸੰਵਿਧਾਨ ਦੀ 73ਵੀਂ ਸੋਧ ਦੀ ਕਲਪਨਾ ਅਨੁਸਾਰ ਪਾਣੀ ਸੰਮਤੀਆਂ/ ਵੀਡਬਲਯੂਐੱਸਸੀ ਇੱਕ ਕਾਨੂੰਨੀ ਸੰਸਥਾ ਵਜੋਂ ਕੰਮ ਕਰਦੇ ਹਨ। ਇਸ ਵਿੱਚ 10-15 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚ ਘੱਟੋ ਘੱਟ 50% ਔਰਤਾਂ ਮੈਂਬਰ ਹੁੰਦੀਆਂ ਹਨ ਅਤੇ ਕਮਜ਼ੋਰ ਵਰਗਾਂ ਦੀ ਅਨੁਪਾਤਕ ਪ੍ਰਤੀਨਿਧਤਾ ਹੁੰਦੀ ਹੈ। ਵੀਡਬਲਯੂਐੱਸਸੀ ਨੇ 15ਵੇਂ ਵਿੱਤ ਕਮਿਸ਼ਨ ਦੀ ਮਿਆਦ ਦੇ ਨਾਲ ਇੱਕ ਵਾਰ ਦਾ ਵਿਲੇਜ ਐਕਸ਼ਨ ਪਲਾਨ (ਵੀਏਪੀ) ਤਿਆਰ ਕੀਤਾ ਹੈ, ਜੋ ਕਿ ਪਿੰਡ ਪੱਧਰ 'ਤੇ ਵੱਖ-ਵੱਖ ਸਰੋਤਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਜਿਸ ਨੂੰ ਗ੍ਰਾਮ ਸਭਾ ਵਿੱਚ ਪ੍ਰਵਾਨਗੀ ਦਿੱਤੀ ਜਾਣੀ ਹੈ। ਵੀਏਪੀ ਵਿੱਚ ਪੀਣ ਵਾਲੇ ਪਾਣੀ ਦੇ ਸਰੋਤ ਨੂੰ ਵਧਾਉਣ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ, ਗ੍ਰੇ ਵਾਟਰ ਟਰੀਟਮੈਂਟ ਅਤੇ ਇਸਦੀ ਮੁੜ ਵਰਤੋਂ ਦੇ 4 ਮੁੱਖ ਭਾਗ ਸ਼ਾਮਲ ਹਨ, ਅਤੇ ਪਿੰਡ ਵਿੱਚ ਜਲ ਸਪਲਾਈ ਪ੍ਰਣਾਲੀ ਦੇ ਨਿਯਮਤ ਸੰਚਾਲਨ ਅਤੇ ਸਾਂਭ-ਸੰਭਾਲ ਸ਼ਾਮਲ ਹਨ।

ਇਸ ਤੋਂ ਇਲਾਵਾ, ਹਰੇਕ ਪਿੰਡ ਵਿੱਚ 30-40 ਮੈਂਬਰਾਂ ਦੇ ਕਾਡਰ ਨੂੰ ਸਿਖਲਾਈ ਅਤੇ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪਿੰਡ ਵਿੱਚ ਜਲ ਸਪਲਾਈ ਪ੍ਰਣਾਲੀਆਂ ਦਾ ਪ੍ਰਬੰਧਨ ਕਰ ਸਕਣ। ਹਰ ਪਿੰਡ ਦੀਆਂ 5 ਔਰਤਾਂ, ਜਿਵੇਂ ਆਸ਼ਾ, ਆਂਗਣਵਾੜੀ ਅਧਿਆਪਕ, ਐੱਸਐੱਚਜੀ ਨੇਤਾਵਾਂ, ਆਦਿ ਨੂੰ ਫੀਲਡ ਟੈਸਟ ਕਿੱਟਾਂ (ਐੱਫਟੀਕੇ) ਦੀ ਵਰਤੋਂ ਕਰਕੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। 5-10 ਮੈਂਬਰਾਂ ਨੂੰ ਪਲੰਬਰ, ਮੇਸਨ, ਮੋਟਰ ਮਕੈਨਿਕਸ, ਫਿਟਰਸ, ਆਦਿ ਦੇ ਰੂਪ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਲੋੜ ਨੂੰ ਪੂਰਾ ਕਰਨ ਲਈ ਹਰ ਪਿੰਡ ਵਿੱਚ ਹੁਨਰਮੰਦ ਸਰੋਤ ਉਪਲਬਧ ਹੋਣ, ਅਤੇ ਰੋਜ਼ਗਾਰ ਦੇ ਮੌਕੇ ਵੀ ਵਧਾਏ ਜਾ ਸਕਣ। ਜੀਪੀ/ ਵੀਡਬਲਯੂਐੱਸਸੀ ਮੈਂਬਰਾਂ ਨੂੰ ਸੇਵਾ ਪ੍ਰਦਾਤਾ ਵਜੋਂ ਕੰਮ ਕਰਨ, ਸਥਾਨਕ ਜਨਤਕ ਪਾਣੀ ਸਹੂਲਤਾਂ ਵਜੋਂ ਕੰਮ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਪਿੰਡਾਂ ਵਿੱਚ ਇਹ ਇੱਕ ਸ਼ਾਂਤ ਕ੍ਰਾਂਤੀ ਹੋ ਰਹੀ ਹੈ।

ਮਹਾਤਮਾ ਗਾਂਧੀ ਦੇ 'ਗ੍ਰਾਮ ਸਵਰਾਜ' ਦੇ ਦ੍ਰਿਸ਼ਟੀਕੋਣ ਦਾ ਸਨਮਾਨ ਕਰਦੇ ਹੋਏ, ਇਸ ਗਾਂਧੀ ਜਯੰਤੀ, ਭਾਵ 2 ਅਕਤੂਬਰ, 2021 ਨੂੰ, ਉਨ੍ਹਾਂ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਅਤੇ ਵਿਚਾਰ -ਵਟਾਂਦਰੇ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਗ੍ਰਾਮ ਸਭਾ ਬੁਲਾਈ ਜਾ ਰਹੀ ਹੈ, ਤਾਂ ਜੋ 'ਵਾਸ਼ ਪ੍ਰਬੁਧ ਗਾਓਂ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਗੇ ਵਧਿਆ ਜਾਵੇ। ਇਸ ਮੌਕੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸੰਵਾਦ, ਭਾਵ ਤਕਰੀਬਨ 3.3 ਲੱਖ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀਆਂ/ ਪਾਣੀ ਸੰਮਤੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਾਲ ਇਹ ਗੱਲਬਾਤ ਭਾਈਚਾਰੇ ਅਤੇ ਸਥਾਨਕ ਨੇਤਾਵਾਂ ਦੀ ਊਰਜਾ ਨੂੰ ਉਤਸ਼ਾਹਤ ਕਰੇਗੀ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਅਤੇ ਲੌਕਡਾਊਨ ਦੌਰਾਨ ਹਰ ਘਰ ਵਿੱਚ ਨਲ ਦਾ ਪਾਣੀ ਪਹੁੰਚਣਾ ਯਕੀਨੀ ਬਣਾਇਆ।

'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਅਤੇ ਪਿੰਡ ਨੂੰ ਇੱਕ ਵਾਸ਼ (ਪਾਣੀ, ਸੈਨੀਟੇਸ਼ਨ ਅਤੇ ਸਫਾਈ) ਤਹਿਤ ਪ੍ਰਕਾਸ਼ਵਾਨ ਪਿੰਡ ਬਣਾਉਣ ਲਈ ਇੱਕ ਜਵਾਬਦੇਹ ਅਤੇ ਜ਼ਿੰਮੇਵਾਰ ਲੀਡਰਸ਼ਿਪ ਵਿਕਸਤ ਕਰਨ ਵਿੱਚ ਸਹਾਇਤਾ ਕਰਨ ਲਈ, ਇਹ ਸੰਵਾਦ ਗ੍ਰਾਮ ਸਵਰਾਜ ਦੇ ਦਰਸ਼ਨ ਨੂੰ ਅਸਲੀਅਤ ਵਿੱਚ ਅੱਗੇ ਲਿਆਉਣ ਲਈ ਬਹੁਤ ਦੂਰ ਜਾਣ ਦਾ ਇਰਾਦਾ ਰੱਖਦਾ ਹੈ।

ਸੰਵਾਦ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਜਲ ਜੀਵਨ ਮਿਸ਼ਨ ਦੀ ਪ੍ਰਗਤੀ ਰਿਪੋਰਟ, ਆਰਐੱਲਬੀ/ ਪੀਆਰਆਈਜ਼ ਲਈ 15ਵੇਂ ਵਿੱਤ ਕਮਿਸ਼ਨ ਨਾਲ ਜੁੜੀ ਗ੍ਰਾਂਟ ਦੀ ਵਰਤੋਂ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਨਿਗਰਾਨੀ (ਡਬਲਯੂਕਿਊਐੱਮਐੱਸ) ਦੀ ਰੂਪ ਰੇਖਾ ਵੀ ਜਾਰੀ ਕਰਨਗੇ। ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਐਪ ਵੀ ਲਾਂਚ ਕਰਨਗੇ, ਜਿਸਦੀ ਵਰਤੋਂ ਸਾਰੇ ਹਿੱਸੇਦਾਰ ਅਤੇ ਰਾਸ਼ਟਰੀ ਜਲ ਜੀਵਨ ਕੋਸ਼ ਕਰ ਸਕਦੇ ਹਨ। ਕੋਈ ਵੀ ਵਿਅਕਤੀ, ਸੰਸਥਾ, ਕਾਰਪੋਰੇਟ, ਜਾਂ ਪਰਉਪਕਾਰੀ, ਭਾਰਤ ਜਾਂ ਵਿਦੇਸ਼ ਵਿੱਚ, ਹਰ ਪੇਂਡੂ ਘਰ, ਸਕੂਲ, ਆਂਗਣਵਾੜੀ ਕੇਂਦਰ, ਆਸ਼ਰਮਸ਼ਾਲਾ, ਪੰਚਾਇਤ, ਮੁਢਲੇ ਸਿਹਤ ਸੰਭਾਲ ਕੇਂਦਰ, ਆਦਿ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣ ਵਿੱਚ ਯੋਗਦਾਨ ਪਾ ਸਕਦਾ ਹੈ।

*****

ਬੀਵਾਈ/ਏਐੱਸ

Tuesday, February 23, 2021

ਸੰਘਰਸ਼ਾਂ ਦਾ ਇਤਿਹਾਸ ਵੀ ਖੁਦ ਨੂੰ ਦੁਹਰਾ ਰਿਹਾ ਹੈ

Monday. 22ndFebruary 2021 at 8:46 PM

ਪੱਗੜੀ ਸੰਭਾਲ ਜੱਟਾ ਬਾਰੇ ਐਮ ਐਸ ਭਾਟੀਆ ਵੱਲੋਂ ਖੋਜ ਭਰਪੂਰ ਲੇਖਾਜੋਖ਼ਾ

Courtesy Photo 

ਸੰਯੁਕਤ ਕਿਸਾਨ ਮੋਰਚੇ ਵੱਲੋਂ  ਅੱਜ 23 ਫਰਵਰੀ ਨੂੰ ਚਾਚਾ ਅਜੀਤ ਸਿੰਘ ਨੂੰ  ਯਾਦ ਕਰਨ ਲਈ ਮਨਾਇਆ ਜਾ ਰਿਹਾ ਹੈ ।  ਅੱਜ ਇੱਥੇ  ਦਿਨ ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ 1881  ਨੂੰ ਹੋਇਆ ਸੀ। ਉਹ 1907 ਦੇ ਕਿਸਾਨ ਅੰਦੋਲਨ ਪਗੜੀ ਸੰਭਾਲ ਜੱਟਾ ਦੇ ਨਾਇਕ ਸਨ। ਅੱਜ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ  ਅਤੇ 1907 ਵਿੱਚ  ਪਗੜੀ ਸੰਭਾਲ ਜੱਟਾ ਦੇ ਨਾਂ ਤੇ ਚੱਲੇ ਕਿਸਾਨ ਅੰਦੋਲਨ ਜਿਸ ਦੇ ਨਾਇਕ ਚਾਚਾ ਅਜੀਤ ਸਿੰਘ ਸਨ, ਦਾ  ਜ਼ਿਕਰ  ਆ ਰਿਹਾ ਹੈ।  ਉਸ ਵੇਲੇ ਅੰਗਰੇਜ਼ ਸਰਕਾਰ ਨੇ 1907 ਨੂੰ  ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਇੱਕ ਤੋਂ ਬਾਅਦ ਇਕ ਕਰ ਕੇ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ।  ਜਿਸ ਦੇ ਖਿਲਾਫ਼ ਪੰਜਾਬ  ਦੇ ਕਿਸਾਨਾਂ ਨੇ ਅੰਦੋਲਨ ਕੀਤਾ ਸੀ।  ਉਸੇ ਤਰ੍ਹਾਂ ਹੁਣ ਅੰਗਰੇਜ਼ਾਂ ਦੀ ਦਲਾਲ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ਼ ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ। 

ਭੁਪਿੰਦਰ ਚੌਧਰੀ ਵੱਲੋਂ ਟਵਿੱਟਰ ਤੇ ਪੋਸਟ ਤਸਵੀਰ 
ਦੋਨਾਂ ਅੰਦੋਲਨਾਂ ਵਿੱਚ ਸਮਾਨਤਾ ਇਹ ਹੈ ਕਿ ਉਸ ਵੇਲੇ ਵੀ ਕਿਸਾਨ ਅੰਦੋਲਨ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਅਤੇ ਹਰ ਘਰ ਚੋਂ  ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਲੋਕ ਬਾਹਰ ਨਿਕਲ ਪਏ ਸਨ ਅਤੇ ਹੁਣ ਵੀ ਹਰ ਪਿੰਡ, ਹਰ ਘਰ ਵਿੱਚੋਂ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਸੌ ਸਾਲ ਪਹਿਲਾਂ ਜਿਹੜੇ ਅੰਗਰੇਜ਼ਾਂ ਨੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਸਨ ਉਹ ਸਨ-ਦੋਆਬ ਬਾਰੀ ਐਕਟ, ਪੰਜਾਬ ਲੈਂਡ ਕਲੋਨਾਈਜ਼ੇਸਨ ਐਕਟ ਅਤੇ ਪੰਜਾਬ ਲੈਂਡ ਐਲੀਨੇਸ਼ਨ ਐਕਟ। ਇਨ੍ਹਾਂ ਕਾਨੂੰਨਾਂ ਤਹਿਤ ਨਹਿਰ ਬਣਾ ਕੇ ਵਿਕਾਸ ਦੇ ਨਾਂ ਤੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਧੱਕੇ ਨਾਲ ਉਨ੍ਹਾਂ ਦੀ ਜ਼ਮੀਨ ਖੋਹੀ  ਜਾਣ ਲੱਗੀ। ਕਈ ਟੈਕਸ ਥੋਪੇ ਗਏ। ਉਦੋਂ ਚਾਚਾ ਅਜੀਤ ਸਿੰਘ ਅਤੇ ਸਰਦਾਰ ਕਿਸ਼ਨ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ਪਿਤਾ ਜੀ)  ਨੇ  ਅੰਗਰੇਜ਼ਾਂ ਦੇ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ। 3 ਮਾਰਚ 1907 ਨੂੰ ਲਾਇਲਪੁਰ (ਹੁਣ ਫੈਸਲਾਬਾਦ  ਪਾਕਿਸਤਾਨ) ਵਿੱਚ  ਰੈਲੀ ਹੋਈ। ਜੋ ਸਰਦਾਰ ਅਜੀਤ ਸਿੰਘ, ਕਿਸ਼ਨ ਸਿੰਘ, ਘਸੀਟਾ ਰਾਮ ਅਤੇ ਸੂਫੀ ਅੰਬਾ ਪ੍ਰਸ਼ਾਦ ਨੇ ਆਯੋਜਿਤ ਕੀਤੀ ਸੀ। 

ਉਦੋਂ ਉੱਥੋਂ  ਇੱਕ ਅਖਬਾਰ ਨਿਕਲਦਾ ਸੀ-ਝੰਗ ਸਿਆਲ। ਉਸ ਦੇ ਐਡੀਟਰ ਬਾਂਕੇ ਦਿਆਲ ਨੇ ਰੈਲੀ ਵਿੱਚ ਗਾਣਾ ਗਾਇਆ ਪੱਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਇਹ  ਲੋਕ ਗੀਤ ਬਣ ਗਿਆ ਜੋ ਅੰਗਰੇਜ਼ਾਂ ਦੇ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਹਰ ਇੱਕ ਦੀ ਜ਼ੁਬਾਨ ਤੇ ਸੀ। ਪਗੜੀ ਪੰਜਾਬੀ ਕਿਸਾਨਾਂ ਲਈ ਮਾਣ ਅਤੇ ਇੱਜਤ ਵਾਲੀ ਗੱਲ ਹੈ। ਇਸ ਲਈ ਗਾਣੇ ਦੇ ਬੋਲ ਉਨ੍ਹਾਂ ਦੇ ਸਨਮਾਨ ਨਾਲ ਜੁੜ ਗਏ। ਹਰ ਕਿਸਾਨ ਨੇ ਆਪਣੇ ਆਪ ਨੂੰ ਇਸ ਨਾਲ ਜੁੜਿਆ ਮਹਿਸੂਸ ਕੀਤਾ। ਇਸ ਅੰਦੋਲਨ ਦਾ ਨਾਂ ਹੀ ਪਗੜੀ ਸੰਭਾਲ ਜੱਟਾ ਪੈ ਗਿਆ। ਜਿਵੇਂ ਜਿਵੇਂ ਲੋਕਾਂ ਵੱਲੋਂ ਇਹ ਗਾਣਾ ਗਾਇਆ ਜਾਂਦਾ ਅੰਗਰੇਜ਼ਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਂਦੀ। 

ਸੰਨ 1906 ਵਿਚ ਸਰਦਾਰ ਅਜੀਤ ਸਿੰਘ ਨੇ ਮਹਿਬੂਬਾਨੇ ਵਤਨ ਜਾਂ ਭਾਰਤ ਮਾਤਾ ਸੁਸਾਇਟੀ ਦੇ ਨਾਂ ਤੇ ਇੱਕ ਭੂਮੀਗਤ ਸੰਸਥਾ ਬਣਾਈ ਜਿਸ ਦਾ ਉਦੇਸ਼ 1857 ਦੇ ਇਨਕਲਾਬ  ਦੀ 50ਵੀਂ ਵਰ੍ਹੇਗੰਢ ਤੇ ਉਸ ਨੂੰ ਮੁੜ ਸੁਰਜੀਤ ਕਰਨਾ ਸੀ। ਮਈ1907 ਨੂੰ  ਅਜੀਤ ਸਿੰਘ ਨੂੰ  ਲਾਲਾ ਲਾਜਪਤ ਰਾਏ ਦੇ ਨਾਲ ਬਰਮਾ ਵਿਖੇ ਮਾਂਡਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਪਰ ਜਲਦੀ ਹੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਇਹ ਹੁਕਮ ਵਾਪਸ ਲੈਣੇ ਪਏ ਅਤੇ ਅਕਤੂਬਰ 1907 ਨੂੰ  ਲੋਕਾਂ ਦੇ  ਦਬਾਅ ਕਰਕੇ ਅਤੇ  ਇੰਡੀਅਨ  ਆਰਮੀ ਵਿੱਚ ਬਗਾਵਤ ਦੇ ਖ਼ਦਸ਼ੇ ਕਰਕੇ  ਵਾਪਸ ਬੁਲਾਉਣਾ ਪਿਆ। ਸੰਨ 1909 ਵਿੱਚ ਉਹ ਸੂਫ਼ੀ ਅੰਬਾ ਪ੍ਰਸ਼ਾਦ ਦੇ ਨਾਲ ਦੇਸ਼ ਚੋਂ ਨਿਕਲ ਗਏ ਅਤੇ ਇਰਾਨ ਚਲੇ ਗਏ ਅਤੇ ਉੱਥੇ ਅਠੱਤੀ ਸਾਲ ਰਹੇ।  

ਉਹ ਮਾਰਚ 1947 ਵਿੱਚ ਭਾਰਤ ਵਾਪਸ ਆਏ ਅਤੇ 15 ਅਗਸਤ 1947 ਜਿਸ ਦਿਨ ਭਾਰਤ ਆਜ਼ਾਦ ਹੋਇਆ, ਨੂੰ  ਡਲਹੌਜ਼ੀ ਵਿਖੇ ਸਾਨੂੰ ਅਲਵਿਦਾ ਕਹਿ ਗਏ। ਸੰਨ 1999 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤੀ ਸੀ । ਸਰਦਾਰ ਅਜੀਤ ਸਿੰਘ ਦਾ ਜਨਮ ਇੱਕ ਦੇਸ਼ ਭਗਤ ਪਰਿਵਾਰ ਵਿੱਚ ਖਟਕੜ ਕਲਾਂ  ਜ਼ਿਲ੍ਹਾ ਜਲੰਧਰ  (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਦਸਵੀਂ ਤਕ ਦੀ ਪੜ੍ਹਾਈ ਉਨ੍ਹਾਂ ਨੇ ਸਾਂਈਦਾਸ ਸਕੂਲ ਜਲੰਧਰ ਵਿਖੇ ਕੀਤੀ ਅਤੇ ਉਸ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਲਈ  ਕਾਲਜ ਵਿਖੇ ਦਾਖ਼ਲਾ ਲਿਆ।

ਪੰਜਾਬ ਉਸ ਵੇਲੇ ਇਸ ਅੰਦੋਲਨ ਦਾ ਧੁਰਾ ਬਣ ਗਿਆ ਅਤੇ ਸਰਦਾਰ ਅਜੀਤ ਸਿੰਘ ਇਹਦਾ ਕੇਂਦਰ।  ਇਸ ਅੰਦੋਲਨ ਵਿੱਚ ਪੰਜਾਬ ਦੇ ਹਰ ਹਿੱਸੇ ਵਿਚੋਂ ਲੋਕ ਜਿਨ੍ਹਾਂ ਵਿੱਚ ਰਿਟਾਇਰਡ ਮਿਲਟਰੀ ਦੇ ਬੰਦੇ ਸਨ ਜੋ ਆਰਮੀ ਦੇ ਵਿਚ ਬਗ਼ਾਵਤ ਕਰਾਉਣ ਦੇ  ਲਈ ਫ਼ਾਇਦੇਮੰਦ ਹੋ ਸਕਦੇ ਸਨ ਸ਼ਾਮਿਲ ਹੋਏ।

ਵੱਡੇ ਪੱਧਰ ਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਨੂੰ ਦੇਖਦਿਆਂ ਅੰਗਰੇਜ਼ ਸਰਕਾਰ ਨੇ ਛੋਟੀਆਂ ਮੋਟੀਆਂ  ਸੋਧਾਂ ਕਰ ਦਿੱਤੀਆਂ ਅਤੇ ਅੰਦੋਲਨ ਖ਼ਤਮ ਕਰਾਉਣਾਦੀ ਚਾਲ ਚੱਲੀ। 

ਲੇਖਕ ਐਮ ਐਸ ਭਾਟੀਆ 
ਭਗਤ ਸਿੰਘ ਦੇ 1931 ਵਿੱਚ ਲਿਖਿਆ ਸੀ" ਇਸ ਮੀਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਲਾਲਾ ਜੀ ਨੇ ਚਾਚਾ ਅਜੀਤ ਸਿੰਘ ਨੂੰ ਦੱਸਿਆ ਕਿ ਅੰਗਰੇਜ਼ ਸਰਕਾਰ ਨੇ ਕਾਲੋਨੀ ਐਕਟ ਵਿੱਚ ਕੁਝ ਸੋਧਾਂ ਕੀਤੀਆਂ ਹਨ।  ਇਸ ਇਕੱਠ ਵਿਚ ਸੋਧਾਂ ਲਈ ਸਾਨੂੰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ  ਅਤੇ ਕਾਨੂੰਨ ਰੱਦ ਕਰਨ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਹੈ। ਅਜੀਤ ਸਿੰਘ ਨੇ ਲਾਲਾ ਜੀ ਨੂੰ ਇਹ ਗੱਲ ਸਾਫ਼ ਕਹਿ ਦਿੱਤੀ ਕਿ ਮੀਟਿੰਗ ਦਾ ਏਜੰਡਾ ਲੋਕਾਂ ਨੂੰ ਟੈਕਸ ਦੇਣ ਤੋਂ ਰੋਕਣ ਲਈ ਪ੍ਰੇਰਿਤ ਕਰਨਾ ਹੈ ।"   ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਬਰੀਅਡ ਅਲਾਈਵ ਵਿੱਚ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਪਹਿਲਾਂ  ਮੀਟਿੰਗ ਨੂੰ ਸੰਬੋਧਨ ਕਰਨ ਲਈ ਸੰਕੋਚ ਕਰ ਰਹੇ ਸਨ, ਪਰ  ਜਦੋਂ ਲੋਕਾਂ ਨੇ ਲਾਲਾ ਜੀ ਨੂੰ ਸੁਣਨ ਲਈ ਰੌਲਾ ਪਾਇਆ ਤਾਂ ਲੋਕਾਂ ਦਾ ਜੋਸ਼ ਦੇਖ ਕੇ  ਲਾਲਾ ਜੀ ਨੇ ਭਾਸ਼ਨ ਦਿੱਤਾ ਜੋ ਜੋਸ਼ ਭਰਪੂਰ ਸੀ। 

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਰਾਵਲਪਿੰਡੀ, ਗੁੱਜਰਾਂਵਾਲਾ ਅਤੇ ਲਾਹੌਰ ਵਗੈਰਾ ਵਿੱਚ ਦੰਗੇ ਹੋਏ। ਅੰਗਰੇਜ਼ਾਂ ਨਾਲ ਹੱਥੋਪਾਈ ਹੋਈ। ਟੈਲੀਗ੍ਰਾਫ ਦੇ ਖੰਭੇ ਅਤੇ ਤਾਰਾਂ ਕੱਟ ਦਿੱਤੀਆਂ ਗਈਆਂ।  ਮੁਲਤਾਨ ਡਿਵੀਜ਼ਨ ਵਿੱਚ ਰੇਲਵੇ ਵਰਕਰਾਂ ਨੇ ਹੜਤਾਲ ਕਰ ਦਿੱਤੀ  ਅਤੇ ਇਹ ਹੜਤਾਲ ਉਦੋਂ ਹੀ ਵਾਪਸ ਲਈ ਗਈ ਜਦੋਂ ਇਹ ਕਾਨੂੰਨ  ਰੱਦ ਕੀਤੇ ਗਏ । ਪੁਲਸ ਦੇ ਸੁਪਰਡੈਂਟ ਫਿਲਿਪਸ ਨੂੰ ਲਾਹੌਰ ਵਿੱਚ ਦੰਗਾਕਾਰੀਆਂ ਵੱਲੋਂ ਕੁੱਟਿਆ ਗਿਆ।  ਅੰਗਰੇਜ਼ ਅਧਿਕਾਰੀਆਂ ਨੇ ਆਪਣੇ ਪਰਿਵਾਰਾਂ ਨੂੰ ਬੰਬੇ ਭੇਜ ਦਿੱਤਾ ਅਤੇ ਜੇ ਹਾਲਾਤ ਖ਼ਰਾਬ ਹੋਏ ਤਾਂ  ਜਹਾਜਾਂ  ਰਾਹੀਂ ਉਨ੍ਹਾਂ ਨੂੰ ਇੰਗਲੈਂਡ ਭੇਜਣ ਦੀ ਤਿਆਰੀ ਸੀ ।ਕੁਝ ਪਰਿਵਾਰਾਂ ਨੂੰ ਤਾਂ ਕਿਲਿਆਂ  ਵਿੱਚ  ਭੇਜ ਦਿੱਤਾ ਗਿਆ। ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ 1907 ਅਤੇ 2020 ਦੇ ਕਿਸਾਨ ਅੰਦੋਲਨ ਵਿਚ ਇਕ ਵੱਡਾ ਫਰਕ ਇਹ ਹੈ ਕਿ ਜਿਥੇ 1907 ਵਾਲੇ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਉਥੇ 2020 ਵਾਲਾ ਅੰਦੋਲਨ ਲਗਾਤਾਰ ਸ਼ਾਂਤਮਈ ਬਣਿਆ ਹੋਇਆ ਹੈ। 

ਇਹ ਗੀਤ ਝੰਗ ਸਿਆਲ ਰਸਾਲੇ ਦੇ ਐਡੀਟਰ ਲਾਲਾ ਬਾਂਕੇ ਦਿਆਲ ਦੁਆਰਾ ਲਿਖਿਆ ਗਿਆ ਸੀ ਅਤੇ ਉਸ ਵੱਲੋਂ  1907 ਵਿੱਚ ਲਾਇਲਪੁਰ ਦੀ ਕਿਸਾਨ ਰੈਲੀ ਵਿਚ ਪਹਿਲੀ ਵਾਰੀ ਗਾਇਆ ਗਿਆ। ਇਸ ਤੋਂ ਬਾਅਦ ਇਸ ਅੰਦੋਲਨ ਦਾ ਨਾਂ ਪੱਗੜੀ ਸੰਭਾਲ ਜੱਟਾ ਪੈ ਗਿਆ:

ਕੀਮਤੀ ਗੱਲਾਂ ਚੋਂ ਧੰਨਵਾਦ ਸਹਿਤ 

ਪੱਗੜੀ ਸੰਭਾਲ ਜੱਟਾ 

ਪੱਗੜੀ ਸੰਭਾਲ ਓ

ਹਿੰਦ ਸੀ ਮੰਦਰ ਸਾਡਾ, ਇਸ ਦੇ ਪੁਜਾਰੀ ਓ

ਝੱਲੇਂਗਾ ਹੋਰ ਅਜੇ ਕਦ ਤਕ ਖੁਆਰੀ ਓ

ਮਰਨੇ ਦੀ ਕਰ ਲੈ ਹੁਣ ਤੂੰ  ਛੇਤੀ ਤਿਆਰੀ ਓ

ਮਰਨੇ ਤੋਂ ਜੀਣਾ ਭੈੜਾ  

ਪੱਗੜੀ ਸੰਭਾਲ ਜੱਟਾ

ਟਰਾਲੀ ਟਾਈਮਜ਼ ਵੱਲੋਂ ਟਵਿੱਟਰ ਤੇ ਪੋਸਟ ਫੋਟੋ 
ਪੱਗੜੀ ਸੰਭਾਲ ਉਏ

ਫ਼ਸਲਾਂ ਨੂੰ ਖਾ ਗਏ ਕੀੜੇ 

ਤਨ ਤੇ ਨਾ ਦਿਸਦੇ ਲੀੜੇ 

ਭੁੱਖਾਂ ਨੇ ਖ਼ੂਬ ਨਪੀੜੇ  

ਰੋਂਦੇ ਨੀ ਬਾਲ ਓ

ਪੱਗੜੀ ਸੰਭਾਲ ਜੱਟਾ

ਪੱਗੜੀ ਸੰਭਾਲ ਓਏ 

ਸੀਨੇ ਵਿਚ ਖਾਵੇਂ ਤੀਰ, 

ਸੰਭਲ ਕੇ ਚੱਲ ਓਏ ਵੀਰ

ਰਸਤੇ ਵਿੱਚ ਖ਼ਾਲ ਓ

ਪੱਗੜੀ ਸੰਭਾਲ ਜੱਟਾ

ਪੱਗੜੀ ਸੰਭਾਲ ਓਏ

ਖੋਜ, ਸੰਕਲਨ ਅਤੇ ਪੇਸ਼ਕਸ਼: 

ਮਨਿੰਦਰ ਭਾਟੀਆ  

9988491002


Wednesday, April 19, 2017

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ'

ਅੰਮ੍ਰਿਤਸਰ ਅਤੇ ਹੋਸ਼ਿਆਰਪੁਰ ਵਿੱਚ ਵੀ ਸਵਾਗਤ ਦੀਆਂ ਤਿਆਰੀਆਂ
ਨਵੀਂ ਦਿੱਲੀ: 18 ਅਪ੍ਰੈਲ 2017: (ਪੰਜਾਬ ਸਕਰੀਨ ਬਿਓਰੋ):: 
ਵਿਵਾਦਾਂ ਦੇ ਬਾਵਜੂਦ ਸੱਜਣ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਸ਼ਸ਼ੋਪੰਜ ਦਰਮਿਆਨ ਭਾਰਤ ਦੇ ਸੱਤ ਦਿਨਾਂ ਦੌਰੇ 'ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ਰਾਇਸਿਨਾ ਹਿੱਲਸ 'ਤੇ ਆਖਰਕਾਰ ਟਰਾਈ ਸਰਵਿਸ 'ਗਾਰਡ ਆਫ ਆਨਰ' ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਸੱਜਣ ਦਾ ਸ਼ਾਨਦਾਰ ਸਵਾਗਤ ਹੋਏਗਾ। ਬੁਧਵਾਰ 19 ਅਪ੍ਰੈਲ ਨੂੰ ਅੰਮ੍ਰਿਤਸਰ ਨੇੜੇ ਮਾਨਾਂਵਾਲਾ ਵਿਖੇ ਪਿੰਗਲਵਾੜਾ ਦੇ ਪ੍ਰਬੰਧਕਾਂ ਵਲੋਂ ਸੱਜਣ ਦੇ ਸਵਾਗਤ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਜਿੱਥੇ 20 ਅਪ੍ਰੈਲ ਨੂੰ ਸੱਜਣ ਪਹੁੰਚਣਗੇ। ਇਸੇ ਤਰਾਂ ਹੋਂਦ-ਚਿੱਲੜ ਸੰਘਰਸ਼ ਕਮੇਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਵੀ ਸੱਜਣ ਦੇ ਸਵਾਗਤ ਦੀ ਗੱਲ ਖੁੱਲ੍ਹ ਕੇ ਆਖ ਚੁੱਕੇ ਹਨ। 
ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬੰਬੇਲੀ ਵਿਖੇ ਵੀ ਸੱਜਣ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਗਈਆਂ ਹਨ। ਭਾਵੇਂ ਜ਼ਿਲਾ ਪ੍ਰਸ਼ਾਸਨ ਨੂੰ ਸੱਜਣ ਦੇ ਪਿੰਡ ਵਿੱਚ ਆਉਣ ਬਾਰੇ ਕੋਈ ਸਰਕਾਰੀ ਇਤਲਾਹ ਨਹੀਂ ਹੈ ਪਰ ਫਿਰ ਵੀ ਪਿੰਡ ਦੇ ਸਰਪੰਚ ਅਤੇ ਪਰਿਵਾਰ ਵਾਲੇ ਗਰਮਜੋਸ਼ੀ ਵਾਲੇ ਸਵਾਗਤ ਲਈ ਤਿਆਰ ਬਰ ਤਿਆਰ ਹਨ। ਇਹ ਉਹੀ ਪਿੰਡ ਹੈ ਜਿੱਥੇ ਕੈਨੇਡਾ ਦੇ ਇਸ ਬਹੁ ਚਰਚਿਤ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਜਨਮ ਹੋਇਆ ਸੀ। ਸਿਰਫ ਪੰਜਾਂ ਕੁ ਸਾਲਾਂ ਦੀ ਉਮਰ ਵਿੱਚ ਹੀ ਹਰਜੀਤ ਸਿੰਘ ਸੱਜਣ ਦਾ ਦਾਣਾ ਪਾਣੀ ਪੰਜਾਬ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੇ ਤਬਦੀਲ ਹੋ ਗਿਆ ਸੀ। ਕੈਨੇਡਾ ਹੀ ਅਸਲ ਵਿੱਚ ਸੱਜਣ ਦੀ ਕਰਮਭੂਮੀ ਬਣਿਆ। ਪੁਲਸ ਅਤੇ ਫੌਜੀ ਜੀਵਨ ਵਿੱਚ ਸੱਜਣ ਨੇ ਬਹੁਤ ਮੇਹਨਤ ਕੀਤੀ। ਕਈ ਅਹੁਦਿਆਂ ਉੱਤੇ ਕੰਮ ਕੀਤਾ। ਸੱਜਣ ਨੇ ਅਫਗਾਨਿਸਤਾਨ ਅਤੇ ਬੋਸਨੀਆ ਸਮੇਤ ਕਈ ਮੋਰਚੇ ਦੇਖੇ ਅਤੇ ਲੜੇ। ਕਈ ਕਈ ਵਾਰ ਗੰਭੀਰ ਖਤਰਿਆਂ ਦਾ ਸਾਹਮਣਾ ਵੀ ਕੀਤਾ ਅਤੇ ਆਪਣੇ ਆਤਮ ਵਿਸ਼ਵਾਸ ਅਤੇ ਸੰਘਰਸ਼ ਸੜਾਕ ਜਿੱਤ ਨੂੰ ਗਲੇ ਨਾਲ ਲਾਇਆ। ਹੁਣ ਬੰਬੇਲੀ ਵਾਸੀਆਂ ਨੂੰ  ਸੱਜਣ  ਉੱਤੇ ਮਾਣ ਹੈ। ਬੰਬੇਲੀ ਦੀ ਧਰਤੀ 'ਤੇ  ਵੀ ਸੱਜਣ ਦੀ ਉਡੀਕ ਪਲਕਾਂ ਵਿਛਾ ਕੇ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਇਹ ਉਹੀ ਪਿੰਡ ਹੈ ਜਿੱਥੇ ਸੱਜਣ ਦਾ ਜਨਮ ਹੋਇਆ ਸੀ। ਸੱਜਣ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਪੁਲਿਸ ਵਿੱਚ ਹੈਡ ਕਾਂਸਟੇਬਲ ਹੋਇਆ ਕਰਦੇ ਸਨ। 
ਦਰਅਸਲ ਬੀਤੇ ਦਿਨੀਂ ਭਾਰਤ ਪਹੁੰਚੇ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਦਿੱਤੇ ਜਾਣ ਸੰਬੰਧੀ ਦੁਬਿਧਾ ਪੈਦਾ ਹੋ ਗਈ ਸੀ। ਦੇਰ ਰਾਤ ਰੱਖਿਆ ਮੰਤਰਾਲੇ ਦੇ ਬੁਲਾਰੇ ਨਿਤਿਨ ਵਾਕਾਂਕਰ ਨੇ ਸਾਫ ਕੀਤਾ ਕਿ ਰੱਖਿਆ ਮੰਤਰਾਲੇ ਵੱਲੋਂ ਗਲਤੀ ਨਾਲ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਨਾ ਦਿੱਤੇ ਜਾਣ ਸੰਬੰਧੀ ਐਡਵਾਈਜ਼ਰੀ ਜਾਰੀ ਹੋ ਗਈ ਸੀ, ਜਦਕਿ ਪ੍ਰੋਗਰਾਮ ਮੁਤਾਬਕ ਭਾਰਤ ਪਹੁੰਚਣ ਤੋਂ ਬਾਅਦ ਮੰਗਲਵਾਰ ਸਵੇਰੇ 10:45 ਵਜੇ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ' ਦਿੱਤਾ ਜਾਣਾ ਸੀ। ਮੰਤਰਾਲੇ ਨੇ ਸੋਮਵਾਰ ਸ਼ਾਮ ਨੂੰ ਆਪਣੇ ਆਦੇਸ਼ 'ਚ ਸੁਧਾਰ ਕਰਦਿਆਂ ਲਿਖਿਆ ਕਿ ਟਰਾਈ ਸਰਵਿਸ 'ਗਾਰਡ ਆਫ ਆਨਰ' ਰੱਦ ਹੈ। ਜਦਕਿ ਇੱਕ ਦਿਨ ਪਹਿਲਾਂ ਮੀਡੀਆ ਨੂੰ ਇਹ ਈਵੈਂਟ ਕਵਰ ਕਰਨ ਦਾ ਆਫੀਸ਼ੀਅਲ ਸੱਦਾ ਦਿੱਤਾ ਗਿਆ ਸੀ, ਪਰ ਬੀਤੀ ਦੇਰ ਰਾਤ ਸਪੱਸ਼ਟੀਕਰਨ ਤੋਂ ਬਾਅਦ ਅੱਜ ਕਰਨਲ ਸੱਜਣ ਨੂੰ ਇਹ ਸਨਮਾਨ ਦਿੱਤਾ ਗਿਆ। ਟਰਾਈ ਸਰਵਿਸ 'ਗਾਰਡ ਆਫ ਆਨਰ' ਪਤਵੰਤੇ ਮਹਿਮਾਨਾਂ ਦੇ ਸਨਮਾਨ ਲਈ ਫੌਜ ਵੱਲੋਂ ਪੂਰੀ ਵਰਦੀ ਵਿੱਚ ਆਪਣੇ ਹਥਿਆਰ ਝੁਕਾ ਕੇ ਸਲਿਊਟ ਕੀਤੇ ਜਾਣ ਵਾਲਾ ਸਨਮਾਨ ਹੈ। ਹੁਣ ਦੇਖਣਾ ਹੈ ਕਿ ਸੱਜਣ ਦੇ ਵਿਰੋਧੀ ਇਸ ਮਾਮਲੇ ਤੇ ਪੂਰੀ ਤਰਾਂ ਅਲੱਗ ਥਲੱਗ ਹੋਣ ਤੋਂ ਬਾਅਦ ਕਿ ਰੁੱਖ ਅਪਣਾਉਂਦੇ ਹਨ। 

Friday, February 17, 2017

ਚੀਨ ਵਿੱਚ ਕਰਜ਼ਦਾਰ ਲੋਕਾਂ ਦਾ ਲਗਭਗ ਸਮਾਜਕ ਬਾਈਕਾਟ

ਕਰਜ਼ਦਾਰਾਂ 'ਤੇ ਵੱਡੀਆਂ ਪਾਬੰਦੀਆਂ , ਟਰੇਨ, ਪਲੇਨ ਤੇ ਹੋਟਲ 'ਚ ਨੋ ਐਂਟਰੀ
ਚੀਨ 'ਚ 70 ਲੱਖ ਤੋਂ ਜ਼ਿਆਦਾ ਕਰਜ਼ਦਾਰ
ਨਵੀਂ ਦਿੱਲੀ: 16 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: 
ਜਦਕਿ ਛੋਟੇ ਕਰਜ਼ਦਾਰਾਂ ਖੁਦਕੁਸ਼ੀਆਂ ਕਰਨ ਅਤੇ ਵੱਡੇ ਕਰਜ਼ਦਾਰਾਂ ਵੱਲੋਂ ਵਿਦੇਸ਼ਾਂ ਵਿੱਚ ਭੱਜ ਜਾਣ ਅਤੇ ਕਰਜ਼ਿਆਂ ਨੂੰ ਦੱਬ ਲੈਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਉਦੋਂ ਚੀਨ ਤੋਂ ਇੱਕ ਮਿਸਾਲੀ ਖਬਰ ਆਈ ਹੈ। ਚੀਨ ਨੇ ਤਕਰੀਬਨ 70 ਲੱਖ ਕਰਜ਼ਦਾਰਾਂ ਦੀ ਜ਼ਿੰਦਗੀ ਨੂੰ ਔਖਾ ਬਣਾ ਦਿੱਤਾ ਹੈ ਤਾਂਕਿ ਉਹਨਾਂ ਨੂੰ ਆਪਣੀਆਂ ਕਰਨੀਆਂ ਦਾ ਅਹਿਸਾਸ ਹੋ ਸਕੇ। 
ਚੀਨ 'ਚ 70 ਲੱਖ ਤੋਂ ਜ਼ਿਆਦਾ ਕਰਜ਼ਦਾਰਾਂ ਨੂੰ ਹੁਣ ਸਖਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨ ਦੀ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰਕੇ ਕਰਜ਼ਦਾਰ ਲੋਕਾਂ ਦਾ ਲਗਭਗ ਸਮਾਜਕ ਬਾਈਕਾਟ ਕਰਨ ਦਾ ਆਦੇਸ਼ ਦੇ ਦਿੱਤਾ ਹੈ।
ਅਜਿਹੇ ਕਰਜ਼ਦਾਰਾਂ ਦੇ ਪਰਸਨਲ ਆਈ ਈ ਡੀ ਨੰਬਰਾਂ ਨੂੰ ਵੀ ਬਲਾਕ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਨੰਬਰ ਬਲਾਕ ਹੋਣ ਨਾਲ ਕਰਜ਼ਦਾਰਾਂ ਨੂੰ ਮਿਲਣ ਵਾਲੀਆਂ ਤਮਾਮ ਨਾਗਰਿਕ ਸਹੂਲਤਾਂ ਵੀ ਨਹੀਂ ਮਿਲ ਸਕਣਗੀਆਂ। ਇਸ ਤਰ੍ਹਾਂ ਹੁਣ ਚੀਨ ਦੇ ਕਰਜ਼ਦਾਰ ਨਾ ਤਾਂ ਹਵਾਈ ਸਫਰ ਕਰ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਹਾਈ ਸਪੀਡ ਟਰੇਨਾਂ 'ਤੇ ਜਗ੍ਹਾ ਮਿਲ ਸਕੇਗੀ। ਉਹ ਕਰਜ਼ ਵਾਲੇ ਪੈਸੇ ਨਾਲ ਹੁਣ ਇਹਨਾਂ ਸਹੂਲਤਾਂ ਦਾ ਹੁਣ ਕੋਈ ਫਾਇਦਾ ਨਹੀਂ ਉਠਾ ਸਕਣਗੇ। ਉਹਨਾਂ ਦੀ ਇਹ ਕਰਜ਼ੇ ਮਾਰੂ ਅਮੀਰੀ ਹੁਣ ਉਹਨਾਂ ਦੇ ਕਿਸੇ ਕੰਮ ਨਹੀਂ ਆ ਸਕੇਗੀ। 
ਜਿਕਰਯੋਗ ਹੈ ਕਿ ਅਜਿਹੇ ਲੋਕਾਂ ਨੂੰ ਕਈ  ਮੌਕੇ ਦੇਣ ਮਗਰੋਂ ਹੁਣ ਸਖਤੀ ਦਾ ਰੁੱਖ ਅਪਣਾਇਆ ਗਿਆ ਹੈ। ਚੀਨ 'ਚ ਬੈਂਕਾਂ ਤੇ ਹੋਰਨਾਂ ਸਰਕਾਰੀ ਸੰਸਥਾਵਾਂ ਤੋਂ ਕਰਜ਼ਾ ਲੈ ਕੇ ਉਸ ਨੂੰ ਨਾ ਚੁਕਾਉਣ ਵਾਲੇ ਲੋਕਾਂ ਦੀ ਇਕ ਬਲੈਕ ਲਿਸਟ ਬਣਾਈ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਨਾਂਅ ਦੇ ਨਾਲ ਪਰਸਨਲ ਆਈ ਈ ਡੀ ਸਮੇਤ ਸਮੁੱਚੀਆਂ ਜਾਣਕਾਰੀਆਂ ਸ਼ਾਮਲ ਹਨ। ਬੈਕ ਕਰਜ਼ੇ ਨਾ ਮੋੜਨ ਵਾਲਿਆਂ ਦੀਆਂ ਲਿਸਟਾਂ ਭਾਰਤ ਵਿੱਚ ਵੀ ਬਣੀਆਂ ਸਨ ਅਤੇ ਉਹਨਾਂ ਦੇ ਨਾਮ ਬੈਂਕਾਂ ਵਿੱਚ ਜਨਤਕ ਵੀ ਕੀਤੇ ਗਏ ਸਨ ਪਰ ਇਸਦੇ ਬਾਵਜੂਦ ਕਰਜ਼ੇ ਦੱਬਣ ਦੇ ਰੁਝਾਨ ਨੂੰ ਕੋਈ ਠੱਲ ਨਹੀਂ ਪਈ।  ਕਰੇ ਵਸੂਲਣ ਦੀ ਸਖਤੀ ਆਮ ਤੌਰ ਤੇ ਗਰੀਬ ਅਤੇ ਮੱਧ ਵਰਗ ਨਾਲ ਸਬੰਧਿਤ ਲੋਕਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੀ। 
ਚੀਨ ਵਿੱਚ ਵੀ ਇਹ ਲਿਸਟ ਚਾਰ ਸਾਲ ਪਹਿਲਾਂ 2013 'ਚ ਬਣਾਈ ਗਈ ਸੀ, ਜਿਸ ਵਿਚ ਆਮਦਨ ਕਰ ਚੋਰੀ ਕਰਨ ਵਾਲਿਆਂ ਦੇ ਨਾਂਅ ਵੀ ਸ਼ਾਮਲ ਕੀਤੇ ਗਏ ਸਨ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੀਨ ਦੇ ਸਾਰੇ ਵੱਡੇ ਬੈਂਕਾਂ ਸਮੇਤ ਕੁੱਲ 44 ਸੰਸਥਾਵਾਂ ਨੇ ਇਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ, ਜਿਸ ਅਧੀਨ ਕਰਜ਼ਦਾਰਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਣਗੀਆਂ, ਜਿਸ ਤੋਂ ਬਾਅਦ ਕਰਜ਼ਦਾਰਾਂ ਲਈ ਹਵਾਈ ਅਤੇ ਟਰੇਨ ਯਾਤਰਾ ਤੋਂ ਇਲਾਵਾ ਹੋਟਲਾਂ 'ਚ ਠਹਿਰਨਾ ਤੇ ਕਿਰਾਏ 'ਤੇ ਕਮਰੇ ਲੈਣਾ ਨਾ ਮੁਮਕਿਨ ਹੋ ਜਾਵੇਗਾ। ਉਹਨਾਂ ਨੂੰ ਬਾਰ ਬਾਰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਅਤੇ ਉਹਨਾਂ ਦੇ ਮਨਾਂ ਵਿੱਚ ਇੱਕ ਹੀਂ ਭਾਵਨਾ ਪੈਦਾ ਹੋਵੇਗੀ ਜਿਹੜੀ ਉਹਨਾਂ ਲਈ ਸਖਤ ਸਜ਼ਾ ਤੋਂ ਘੱਟ ਨਹੀਂ ਹੋਵੇਗੀ। 
ਇਸ ਹੁਕਮ ਦਾ ਅਸਰ ਸਮਾਜਿਕ ਜਨਜੀਵਨ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਸਖਤ ਰੁਖ ਤੋਂ ਬਾਅਦ ਚੀਨ 'ਚ ਕਰਜ਼ਦਾਰਾਂ ਲਈ ਸਮੱਸਿਆਵਾਂ ਖੜੀਆਂ ਹੋ ਗਈਆਂ ਹਨ। ਇਕ ਅਖਬਾਰ ਮੁਤਾਬਕ ਇਕ ਨੌਜਵਾਨ ਦੇ ਪਿਤਾ ਦਾ ਨਾਂਅ ਕਰਜ਼ਦਾਰਾਂ ਦੀ ਸੂਚੀ 'ਚ ਆਉਣ ਨਾਲ ਉਸ ਦੀ ਸ਼ਾਦੀ 'ਚ ਮੁਸ਼ਕਲ ਆ ਗਈ। ਉਸ ਨੌਜਵਾਨ ਨੇ ਬੜੀ ਮੁਸ਼ਕਲ ਨਾਲ ਆਪਣੇ ਪਿਤਾ ਨੂੰ ਕਰਜ਼ਾ ਚੁਕਾਉਣ ਲਈ ਮਨਾਇਆ ਤੇ ਆਪਣੀ ਸ਼ਾਦੀ ਬਚਾਈ। ਅੰਦਾਜ਼ਾ ਲਾਓ ਕਿ ਕਰਜ਼ਦਾਰ ਕਿੰਨੀ ਮੁਸ਼ਕਿਲ ਵਿੱਚ ਪੈ ਜਾਣਗੇ। ਸ਼ਾਇਦ ਇਹੀ ਤਰੀਕਾ ਉਹਨਾਂ ਨੂੰ ਮਹਿਸੂਸ ਕਰ ਸਕੇਗਾ ਕਿ ਉਹਨਾਂ ਨੂੰ ਦੂਜਿਆਂ ਦੇ ਪੈਸੇ ਮਾਰ ਕੇ ਅਮੀਰੀ ਹਾਸਲ ਕੀਤੀ। ਇਸੇ ਤਰ੍ਹਾਂ 10 ਲੱਖ ਦੇ ਕਰਜ਼ੇ ਦੀ ਵਜ੍ਹਾ ਕਾਰਨ ਇਕ ਕਾਰੋਬਾਰੀ ਦਾ ਨਾਂਅ ਵੀ ਇਸ ਸੂਚੀ ਵਿੱਚ ਆ ਗਿਆ ਤਾਂ ਉਸ ਨੂੰ ਹਵਾਈ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਜਦਕਿ ਇਹ ਗੱਲ ਉਸ ਦੇ ਭਾਈਵਾਲ ਨੂੰ ਪਤਾ ਲੱਗੀ ਤਾਂ ਉਸ ਨੇ 2.92 ਕਰੋੜ ਰੁਪਏ ਦਾ ਸੌਦਾ ਰੋਕ ਦਿੱਤਾ। ਇਸ ਹੁਕਮ ਨਾਲ ਕਰਜ਼ੇ ਨਾ ਮੋੜਨ ਵਾਲਿਆਂ ਦੀ ਕਾਰੋਬਾਰੀ ਜ਼ਿੰਦਗੀ ਵੀ ਤਬਾਹ ਹੋਣੀ ਨਿਸਚਿਤ ਹੈ। ਜਦਕਿ ਭਾਰਤ ਦੀਆਂ ਸਥਿਤੀਆਂ ਅਜਿਹੇ ਵੀ ਵੱਖਰੀਆਂ ਹਨ। ਇਥੇ ਖੁਦ ਨੂੰ ਦਵਾਲੀਆ ਐਲਾਨ ਕੇ ਨਵੀਆਂ ਕੰਪਨੀਆਂ ਖੜੀਆਂ ਕਰਨ ਦਾ ਰੁਝਾਨ ਵੀ ਮੌਜੂਦ ਹੈ।