Showing posts with label Sangowal. Show all posts
Showing posts with label Sangowal. Show all posts

Saturday, March 02, 2019

ਪਿੰਡ ਸੰਗੋਵਾਲ:ਜਮਹੂਰੀ ਅਧਿਕਾਰ ਸਭਾ ਵੱਲੋਂ ਕੀਤੀ ਗਈ ਜਾਂਚ

Mar 2, 2019, 4:50 PM
ਛੇੜਛਾੜ ਮਗਰੋਂ ਪਿੰਡ ਸੰਗੋਵਾਲ ਦੀ ਦਲਿਤ ਲੜਕੀ ਨੇ ਕੀਤੀ ਸੀ ਖੁਦਕੁਸ਼ੀ 
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਟੀਮ)::

ਜਮਹੂਰੀ ਅਧਿਕਾਰ ਸਭਾ (ਜ਼ਿਲ੍ਹਾ ਲੁਧਿਆਣਾ) ਨੇ ਪਿਛਲੇ ਦਿਨੀਂ ਲੁਧਿਆਣਾ ਨੇੜੇ ਪੈਂਦੇ ਪਿੰਡ ਸੰਗੋਵਾਲ ਦੀ ਇਕ ਦਲਿਤ ਲੜਕੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਕਾਰਣਾਂ  ਬਾਰੇ ਜਾਂਚ ਕੀਤੀ ਗਈ। ਜਾਂਚ ਕਮੇਟੀ ਵਿੱਚ ਜਸਵੰਤ ਜੀਰਖ, ਸਤੀਸ਼ ਸੱਚਦੇਵਾ ਅਤੇ ਰੈਕਟਰ ਕਥੂਰੀਆ ਸ਼ਾਮਲ ਹਨ। ਇਸ ਦੌਰਾਨ ਪਾਇਆ ਗਿਆ ਕਿ ਇਹ 22 ਕੁ ਸਾਲਾ ਲੜਕੀ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ, ਜੋ ਪਿੰਡ ਦੇ ਹੀ ਇਕ ਕਿਸਾਨ ਬਿੱਕਰ ਸਿੰਘ ਦੇ ਘਰ ਸਾਫ਼ ਸਫਾਈ ਦਾ ਕੰਮ ਕਰਦੀ ਸੀ। 19 ਫ਼ਰਵਰੀ ਦੀ ਸ਼ਾਮ ਜਦੋਂ ਇਹ ਲੜਕੀ ਆਪਣਾ ਕੰਮ ਖਤਮ ਕਰਨ ਬਾਅਦ ਆਪਣੇ ਘਰ ਨੂੰ ਆ ਰਹੀ ਸੀ ਤਾਂ ਪਿੰਡ ਦੇ ਹੀ ਦੋ ਲੜਕਿਆਂ ਜੋ ਦੋਵੇਂ ਹੀ ਜੌੜੇ ਭਰਾ ਹਨ, ਨੇ ਇਸ ਲੜਕੀ ਨੂੰ ਮੰਦ ਭਾਵਨਾ ਨਾਲ ਫੜਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ। ਪਰ ਲੜਕੀ ਦੇ ਰੌਲਾ ਪਾਣ ਤੇ ਉਸੇ ਰਸਤੇ ਪੱਠੇ ਲੈਕੇ ਲੰਘ ਰਹੀਆਂ ਔਰਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਲੜਕੀ ਨੇ ਨੇੜੇ ਪੈਂਦੇ ਇਕ ਘਰ ਅੰਦਰ ਬੜਕੇ ਆਪਣਾ ਬਚਾਅ ਕੀਤਾ।ਉਸ ਨੇ ਘਰ ਆਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਸ਼ਾਮ ਵੇਲੇ ਬਿੱਕਰ ਸਿੰਘ ਨੇ ਲੜਕੀ ਦੇ ਘਰ ਆਕੇ ਕਿਹਾ ਕਿ ਤੁਸੀਂ ਕੋਈ ਕਾਰਵਾਈ ਨਾ ਕਰੋ ਮੈਂ ਆਪ ਉਹਨਾਂ ਲੜਕਿਆਂ ਨੂੰ ਸਬਕ ਸਿਖਾਵਾਂਗਾ। ਇਸ ਬਾਅਦ ਬਿੱਕਰ ਸਿੰਘ ਦੋਵਾਂ ਲੜਕਿਆਂ ਨੂੰ ਕਾਰ ‘ਚ ਬਿਠਾਕੇ ਆਲਮਗੀਰ ਛੱਡ ਆਇਆ । ਜਦੋਂ ਦੋ ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਲੜਕੀ ਨੇ ਮਯੂਸੀ ਵਿੱਚ ਆਕੇ 22 ਫ਼ਰਵਰੀ ਨੂੰ ਆਪਣੇ ਘਰ ਅੰਦਰ ਹੀ ਪੱਖੇ ਨਾਲ ਲਟਕਕੇ ਖ਼ੁਦਕੁਸ਼ੀ ਕਰ ਲਈ।
       ਪਤਾ ਲੱਗਣ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਵੀ ਪਹੁੰਚ ਗਈ। ਲੜਕੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੁਧਿਆਣੇ ਲਿਜਾਇਆ ਗਿਆ, ਜਿੱਥੇ ਉਸ ਦਿਨ ਪੋਸਟ-ਮਾਰਟਮ ਨਹੀਂ ਹੋਇਆ। ਦੂਜੇ ਦਿਨ 12.30 ਵਜੇ ਪੋਸਟ-ਮਾਰਟਮ ਹੋ ਗਿਆ , ਪਰ ਹਸਪਤਾਲ ਨੇ ਲਾਸ਼ ਪਿੰਡ ਲੈਕੇ ਜਾਣ ਲਈ ਵੈਨ ਦੇਣੋ ਇਨਕਾਰ ਕਰ ਦਿੱਤਾ। ਪੁਲਸ ਵੀ ਮੌਕੇ ਤੇ ਲੇਟ ਆਣ ਕਰਕੇ ਲੋਕਾਂ ਵਿੱਚ ਗ਼ੁੱਸਾ ਫੈਲ ਗਿਆ। ਮੌਕੇ ਤੇ SHO ਪ੍ਰੇਮ ਸਿੰਘ ਨਾਲ ਵੀ ਲੇਟ ਪਹੁੰਚਣ ਕਰਕੇ ਬਹਿਸ ਮੁਵਾਸਾ ਹੋਇਆ। ਪ੍ਰੇਮ ਸਿੰਘ ਵੱਲੋਂ ਉਲਟਾ ਧਮਕੀਆਂ ਦੇਣ ਕਾਰਨ ਮਾਮਲਾ ਹੋਰ ਵਿਗੜ ਗਿਆ ਜਿਸ ਕਰਕੇ ਲੋਕਾਂ ਨੇ ਲੜਕੀ ਦੀ ਲਾਸ਼ ਨੂੰ ਮੰਜੇ ਉੱਪਰ ਚੁੱਕਕੇ ਹੀ D C ਦਫਤਰ ਲੈਕੇ ਜਾਣ ਦਾ ਫੈਸਲਾ ਕਰ ਲਿਆ। ਪੁਲਸ ਨੇ ਉਸ ਵੇਲੇ ਵੀ ਲੋਕਾਂ ਨਾਲ ਬਦਸਲੂਕੀ ਕੀਤੀ, ਇੱਥੋਂ ਤੱਕ ਕਿ ਪੰਚਾਇਤ ਮੈਂਬਰ ਰਣਬੀਰ ਸਿੰਘ ਦੀ ਪੁਲਿਸ ਨੇ ਧੱਕਾ ਮੁੱਕੀ ਕਰਦਿਆਂ ਪੱਗ ਵੀ ਲਾਹ ਦਿੱਤੀ ਤੇ ਉਸ ਦੇ ਭਰਾ ਨੂੰ ਵੀ ਚੁੱਕਕੇ ਲੈ ਗਈ।ਪਿੰਡ ਵਾਸੀ  ਗੁਰਬਖਸ ਸਿੰਘ ਫ਼ੌਜੀ ਨੂੰ ਵੀ ਲੈ ਗਈ ।
     D C ਦਫਤਰ ਲਾਸ਼ ਰੱਖਕੇ ਇਨਸਾਫ਼ ਦੀ ਮੰਗ ਕੀਤੀ ਗਈ ਜਿੱਥੇ A D C ਜਸਕਰਨ ਸਿੰਘ ਤੇਜਾ ਨੇ ਸਾਰੀ ਸਥਿਤੀ ਸਮਝਦਿਆਂ ਪੁਲਸ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਉਸੇ ਵੇਲੇ SHO ਪ੍ਰੇਮ ਸਿੰਘ ਨੂੰ ਲਾਈਨ ਹਾਜ਼ਰ ਕਰਨ ਬਾਰੇ ਵੀ ਲੋਕਾਂ ਨੂੰ ਸੂਚਨਾ ਦੇਕੇ ਉਹਨਾਂ ਨੂੰ ਸ਼ਾਂਤ ਕੀਤਾ। ਦੋਸ਼ੀਆਂ ਜਗਦੀਪ ਸਿੰਘ ਅਤੇ ਜੁਗਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਵੀ ਕੀਤੀ ਗਈ ਅਤੇ ਬਿੱਕਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਭਾ ਨੇ ਸਿੱਟਾ ਕੱਢਦਿਆਂ ਸਪਸਟ ਕੀਤਾ  ਹੈ ਕਿ ਆਮ ਗਰੀਬ ਲੋਕਾਂ ਲਈ ਕੋਈ ਪੱਕਾ ਰੋਜ਼ਗਾਰ ਨਾ ਹੋਣ ਕਾਰਣ, ਉਹਨਾਂ ਦੇ ਬੱਚਿਆਂ/ ਔਰਤਾਂ ਨੂੰ ਅਜਿਹੇ ਵਰਤਾਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਉਹਨਾਂ ਦੀ ਗਰੀਬੀ ਦਾ ਅਕਸਰ ਹੀ ਗੁੰਡਾ ਅਨਸਰ ਫ਼ਾਇਦਾ ਉਠਾਉਂਦੇ ਹਨ।ਸਰਕਾਰ ਉਹਨਾਂ ਦੀਆਂ ਵੋਟਾਂ ਲੈਕੇ ਗੱਦੀਆਂ ਤਾਂ ਸਾਂਭ ਲੈਂਦੀ ਹੈ ਪਰ ਉਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਠੋਸ ਉਪਰਾਲੇ ਨਹੀਂ ਕਰਦੀ।ਪੁਲਸ ਵੱਲੋਂ ਕਾਨੂੰਨ ਅਵਸਥਾ ਸੁਧਾਰਨ ਦੀ ਬਜਾਏ ਖ਼ੁਦ ਹੀ ਕਾਨੂੰਨ ਦੀ ਉਲੰਘਣਾ ਕਰਨਾ ਆਮ ਗੱਲ ਹੈ। ਸਭਾ ਮੰਗ ਕਰਦੀ  ਸਿਵਲ ਹਸਪਤਾਲ ਵੱਲੋਂ ਲਾਸ਼ ਲਿਜਾਣ ਲਈ ਵੈਨ ਨਾ ਦੇਣ ਖ਼ਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।ਪੁਲਸ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ਅਤਿ ਘਟੀਆ ਹੋਣ ਕਰਕੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਲੜਕੀ ਦੇ ਅਤਿ ਗਰੀਬ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਹੀਂ ਪੈਰਾਂ ਸਿਰ ਕੀਤਾ ਜਾਵੇ। ਲੜਕੀ ਦਾ ਭਰਾ ਜੋ ਕੰਮ ਕਾਰ ਕਰਨ ਤੋਂ ਅਪਾਹਜ ਹੈ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇ।  

ਮਨਵਿੰਦਰ ਸਿੰਘ ਗਿਆਸਪੁਰਾ ਦੇ ਉੱਦਮ ਸਦਕਾ ਸੰਗੋਵਾਲ 'ਚ ਲੋਕ ਲਾਮਬੰਦੀ ਸ਼ੁਰੂ

ਦਲਿਤ ਪਰਿਵਾਰ ਦੇ ਹੱਕ ਵਿੱਚ ਟੋਰਾਂਟੋ ਦੀ ਸੋਸਾਇਟੀ ਵੀ ਪਰਿਵਾਰ ਕੋਲ ਪੁੱਜੀ
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਅਜੇ ਈਸੇਵਾਲ ਅਤੇ ਹੋਰਨਾਂ ਥਾਵਾਂ ਤੇ ਇਆਨ ਘਟਨਾਵਾਂ ਦੀ ਚਰਚਾ ਠੰਡੀ ਵੀ ਨਹੀਂ ਸੀ ਪਈ ਕਿ ਪਿਡਂ ਸੰਗੋਵਾਲ ਵਿੱਚ ਨਵਾਂ ਕਾਂਡ ਵਾਪਰ ਗਿਆ। ਇੱਕ ਗਰੀਬ ਦਲਿਤ ਪਰਿਵਾਰ ਦੀ ਕੁੜੀ ਨੇ ਸਮਾਜਿਕ ਨਮੋਸ਼ੀ ਅਤੇ ਬਹੂਬਲੀਆਂ ਦੇ ਦਾਬੇ ਕਾਰਨ ਖ਼ੁਦਕੁਸ਼ੀ ਵਾਲਾ ਰਾਹ ਚੁਣ ਲਿਆ। ਚੇਤੇ ਰਹੇ ਕਿ ਪਿੰਡ ਸੰਗੋਵਾਲ ਵਿੱਚ ਦੋ ਲੜਕਿਆਂ ਵਲੋਂ ਦਲਿਤ ਲੜਕੀ ਨਾਲ ਦਿਨ ਦਿਹਾੜੇ ਜਬਰਦਸਤੀ ਕੀਤੀ ਗਈ ਸੀ। ਸ਼ਰੇਆਮ ਕੀਤਾ ਗਿਆ ਇਹ ਕਾਰਾ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਦੀ ਤਾਜ਼ਾ ਤਸਵੀਰ ਸੀ। ਇਹ ਘਟਨਾ ਦੱਸਦੀ ਸੀ ਕਿ ਅਮਨ ਕਾਨੂੰਨ ਦੇ ਰੱਖੀਆਂ ਦਾ ਹੁਣ ਗੁੰਡਾਗਰਦੀ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਰਿਹਾ। ਇਸ ਘਟਨਾ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਨੇ ਇਹ ਸਾਰਾ ਮਾਮਲਾ ਰਫੜਫਾ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵੀ ਨਾਕਾਮ ਕਰ ਦਿਤੀਆਂ। ਇਸ ਘਟਨਾ ਨੇ ਦੂਰ ਤੱਕ ਆਪਣਾ ਅਸਰ ਛੱਡਿਆ ਅਤੇ ਟੋਰਾਂਟੋ ਰਹਿੰਦੇ ਲੋਕ ਪੱਖੀ ਸੰਗਠਨ ਵੀ ਇਸ ਪਰਿਵਾਰ ਦੀ ਸਹਾਇਤਾ ਲਈ ਆ ਪਹੁੰਚੇ। ਇਹ ਜਾਣਕਾਰੀ ਦੇਂਦਿਆਂ ਹੋਂਦ ਚਿਲੱੜ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਵੀ ਆਪਣੇ ਸਾਥੀਆਂ ਸਮੇਤ ਪਿੰਡ ਸੰਗੋਵਾਲ ਵਿੱਚ ਕਈ ਵਾਰ ਪੁੱਜੇ ਤਾਂਕਿ ਪੀੜਿਤ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਦਾ ਮਨੋਬਲ ਤਕੜਾ ਰੱਖਿਆ ਜਾ ਸਕੇ। ਇਸ ਦਾ ਮਕਸਦ ਇਹ ਵੀ ਸੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਆਖਿਰ ਲੜਕੀ ਨੇ ਕਿਉਂ ਕੀਤੀ ਆਤਮ ਹੱਤਿਆ?  ਦੋਸੀਆਂ ਨੂੰ ਕਿਸ ਨੇ ਬਚਾਇਆ? ਪੁਲਿਸ ਦਾ ਰੋਲ ਕਿਹੋ ਜਿਹਾ ਰਿਹਾ?  ਜੱਟ ਕਮਿਉਨਿਟੀ ਦਾ ਰੋਲ ਕੀ ਸੀ???
ਸੰਗੋਵਾਲ ਦਾ ਦਲਿਤ ਪਰਿਵਾਰ ਇਕ ਧਨਾਢ ਕੋਲ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਘਰ ਦਾ ਸਾਫ ਸਫਾਈ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਦਲਿਤ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਵੀ ਸੀ ਪਰ ਬਦਕਿਸਮਤੀ ਕਿ ਉਸ ਦੀ ਮਹੀਨਾ ਕੁ ਪਹਿਲਾ ਮੌਤ ਹੋ ਗਈ ਸੀ। ਪਰਿਵਾਰ ਅਜੇ ਗਹਿਰੇ ਸਦਮੇ ਤੋਂ ਉਭਰ ਵੀ ਨਹੀਂ ਸੀ ਪਾਇਆ ਕਿ ਹਵਸ ਦੇ ਭੇੜੀਆਂ ਨੇ ਭਰਾ ਦੀ ਮੌਤ ਮਗਰੋਂ ਇਸ ਕੁੜੀ ਨੂੰ ਲਾਵਾਰਸ ਹੀ ਸਮਝ ਲਿਆ। ਭਰਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਵਿੱਚ ਇਕ ਲੜਕੀ ਅਤੇ ਇਕ ਲੱਤਾਂ ਤੋ ਨਕਾਰਾ ਲੜਕਾ ਅਤੇ ਬੇਹੱਦ ਗਰੀਬ ਮਾਂ ਬਾਪ ਹੀ ਸਨ। ਲੜਕੀ ਸੁਨੱਖੀ ਸੀ ਤੇ ਉੱਚ ਜਾਤੀਏ ਭੇੜੀਆਂ ਦੀ ਉਸ 'ਤੇ ਮਾੜੀ ਨਜ਼ਰ ਸੀ। ਮਹੀਨਾ ਪਹਿਲਾਂ ਹੀ ਭਰਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਲਈ ਲੜਕੀ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਸੁਖਾਲਾ ਹੋ ਗਿਆ ਸੀ। ਇਹ ਦਰਿੰਦਗੀ ਭਰੀ ਘਟਨਾ ਸਾਡੇ ਸਮਾਜ ਦਾ ਕਰੂਪ ਚੇਹਰਾ ਬੇਨਕਾਬ ਕਰਦੀ ਹੈ। 
ਮਿਲੇ ਵੇਰਵੇ ਮੁਤਾਬਿਕ 19 ਫਰਵਰੀ 2019 ਨੂੰ ਸ਼ਾਮੀ ਤਕਰੀਬਨ 5 ਵਜੇ ਇਹ ਲੜਕੀ ਜਮੀਦਾਰਾਂ ਦੇ ਘਰ ਤੋਂ ਘਰੇਲੂ ਕੰਮ ਨਿਪਟਾ ਕੇ ਘਰ ਵਾਪਿਸ ਆ ਰਹੀ ਸੀ ਤਾਂ ਪਹਿਲਾਂ ਤੋਂ ਹੋ ਘਾਤ ਲਗਾਈ ਬੈਠੇ ਜਮੀਦਾਰਾਂ ਦੇ ਲੜਕਿਆਂ ਨੇ ਸਰੇਆਮ ਇਸ ਲੜਕੀ ਨੂੰ ਫੜ ਲਿਆ। ਉਹਨਾਂ ਭੇੜੀਏ ਦੀ ਤਰਾਂ ਇਸ ਲੜਕੀ ਨੂੰ ਨੋਚਣਾ ਸੁਰੂ ਕਰ ਦਿਤਾ। ਲੜਕੀ ਨੇ ਬਹੁਤ ਰੌਲਾ ਪਾਇਆ  ਕੁੱਝ ਬੀਬੀਆਂ ਭੱਜ ਕੇ ਵੀ ਆਈਆਂ ਪਰ ਅਮਨ ਕਾਨੂੰਨ ਅਤੇ ਸਮਾਜ ਤੋਂ ਬੇਖੌਫ ਹੋਏ ਹਵਸ ਦੇ ਉਹਨਾਂ ਦਰਿੰਦਿਆਂ ਦੀ ਹਿੰਮਤ ਐਨੀ ਸੀ ਕਿ ਲੜਕੀ ਨੂੰ ਛੱਡ ਨਹੀ ਸੀ ਰਹੇ। ਸਭ ਦੇ ਸਾਹਮਣੇ ਵੀ ਖਿੱਚੇ ਧੂਹੀ ਕਰਦੇ ਰਹੇ। ਕਹਿੰਦੇ ਚਮਾਰੀ ਮਸਾਂ ਹੱਥ ਆਈ ਆ ਅੱਜ ਨੀ ਛੱਡਦੇ। ਲੜਕੀ ਦੇ ਮਾ ਬਾਪ ਪਹੁੰਚ ਗਏ ਉਹਨਾ ਨੇ ਇਹਨਾਂ ਮੁਸ਼ਟੰਡਿਆਂ ਨੂੰ ਕਾਬੂ ਕੀਤਾ। ਏਨੇ ਨੂੰ ਉਹ ਜਮੀਦਾਰ ਜਿਸ ਕੋਲ ਲੜਕੀ ਕੰਮ ਕਰਦੀ ਸੀ ਉਹ ਆਇਆ ਤੇ ਉਹਨਾਂ ਲੜਕਿਆਂ ਨੂੰ ਇਹ ਕਹਿ ਕੇ ਗੱਡੀ ਵਿਚ ਬੈਠਾ ਕੇ ਨਾਲ ਲੈ ਗਿਆ ਕਿ ਮੈਂ ਇਹਨਾਂ ਸਾਲਿਆਂ ਦਾ ਕੰਮ ਮੁਕਾ ਕੇ ਆਉਂਦਾ ਹਾਂ ਤੁਸੀ ਫਿਕਰ ਨਾ ਕਰੋ ਕਿਸੇ ਕੋਲ ਗੱਲ ਨਹੀਂ ਕਰਨੀ।
ਧਨਾਢ ਜਿੰਮੀਦਾਰ ਉਹਨਾਂ ਨੂੰ ਗੱਡੀ ਵਿੱਚ ਬੈਠਾ ਕੇ ਆਲਮਗੀਰ ਛੱਡ ਆਇਆ। ਇਹ ਗੱਲ ਹੌਲੀ ਹੌਲੀ ਪਿੰਡ ਵਿੱਚ ਫੈਲਣ ਲੱਗੀ।  ਉਸ ਧਨਾਢ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇ ਉਹਨਾਂ ਨੇ ਇਸ ਬਾਰੇ ਕਿਸੇ ਕੋਲ ਮੂੰਹ ਖੋਲਿਆ ਤਾਂ ਉਸਨੂੰ ਮਾਰ ਦਿਤਾ ਜਾਵੇਗਾ। ਇਸਦੇ ਨਾਲ ਹੀ ਉਸਨੇ ਇਸ ਲੜਕੀ ਨੂੰ ਕੰਮ ਤੇ ਆਉਣ ਤੋਂ ਵੀ ਮਨਾ ਕਰ ਦਿਤਾ। ਜੰਗ ਦੇ ਮਾਹੌਲ ਵਿੱਚ ਇਹ ਪਰਿਵਾਰ ਆਪਣੀ ਇਜ਼ਤ ਦੀ ਜੰਗ ਹਾਰ ਗਿਆ ਸੀ। ਬਾਹੂਬਲੀਏ ਇੱਕ ਵਾਰ ਫੇਰ ਜਿੱਤ ਗਏ ਸਨ। 
ਲੜਕੀ ਇਕ ਤਾਂ ਇੱਜ਼ਤ ਗੁਆਉਣ ਕਾਰਨ ਸਦਮੇ ਵਿੱਚ ਸੀ ਦੂਸਰਾ ਜਿਸ ਕੋਲ 8 ਸਾਲ ਤੋਂ ਬਿਨਾ ਤਨਖਾਹ ਲਏ ਇਸ ਆਸ ਤੇ ਹੀ ਕੰਮ ਕਰ ਰਹੀ ਸੀ ਕਿ ਇਹ ਧਨਾਢ ਮੇਰੇ ਵਿਆਹ ਤੇ ਖਰਚਾ ਕਰੇਗਾ ਉਸ ਵਲੋਂ ਹੀ ਧੋਖਾ ਦਿੱਤੇ ਜਾਣ ਤੋਂ ਗਹਿਰੇ ਸਦਮੇ ਵਿੱਚ ਆ ਗਈ ਸੀ।  ਉਸ ਨੇ ਜੀਣ ਨਾਲੋਂ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਉਸ ਨੂੰ ਪਤਾ ਸੀ ਕਿ ਉਸ ਦੇ ਬੇਹੱਦ ਗਰੀਬ ਮਾਂ ਬਾਪ ਅਤੇ ਅਪਾਹਜ ਭਰਾ ਇਹਨਾਂ ਬਾਹੂਬਲੀਆਂ ਨਾਲ ਨਹੀਂ ਲੜ ਸਕਣਗੇ।  ਸੋਹਣੀ ਸੁਨੱਖੀ ਸੁਚੱਜੀ ਧੀ ਨੇ ਪੱਖੇ ਨੂੰ ਚੁੰਨੀ ਵਲੇਟ ਕੇ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਸਾਡੇ ਗਰੀਬਾਂ ਪੱਲੇ ਇੱਜ਼ਤ ਤੋਂ ਬਿਨਾ ਹੀ ਹੈ ਹੋਰ ਹੈ ਕੀ??
ਏਨਾ ਕੁਝ ਹੋ ਜਾਣ ਤੇ ਵੀ ਪੁਲਿਸ ਨਹੀਂ ਜਾਏਗੀ। ਪੁਲਿਸ ਦਾ ਰੋਲ ਮਾਮਲੇ ਨੂੰ ਰਫੜਫਾ ਕਰਾਉਣ ਵਾਲੇ ਵਿਚੋਲੀਏ ਵਾਂਗ ਰਿਹਾ। 
22 ਫਰਵਰੀ ਦੀ ਦੁਪਿਹਰ ਦਲਿਤ ਦੀ ਬੇਟੀ ਨੇ ਇੱਜ਼ਤ ਗੁਆ ਕੇ ਮੌਤ ਨੂੰ ਅਪਣਾਉਣ ਦੀ ਤਰਜੀਹ ਦੇਣ ਤੋਂ ਬਾਅਦ ਪੁਲਿਸ ਆਈ ਅਤੇ ਉਸ ਨੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਕਬਜੇ ਵਿੱਚ ਲਿਆ ਅਤੇ ਲੁਧਿਆਣੇ ਸਿਵਲ ਹਸਪਤਾਲ ਲੈ ਆਏ। ਪਿੰਡ ਦੇ ਗਮਗੀਨ ਲੋਕ ਵੀ ਹਸਪਤਾਲ ਪਹੁੰਚੇ। ਸ਼ਾਮੀ ਸੱਤ ਵਜੇ ਤੱਕ ਖੜੇ ਰਹੇ। ਕੋਈ ਪਰਸ਼ਾਸਨਿਕ ਅਧਿਕਾਰੀ ਨਹੀ ਪੁੱਜਾ। ਪਰਸ਼ਾਸਨ ਨੇ  ਸ਼ਾਇਦ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਿਆ ਹੋਇਆ ਹੈ। ਉਹਨਾਂ ਨੂੰ ਕੀ! ਥਾਣਾ ਡੇਹਲੋਂ ਇੰਚਾਰਜ ਆਇਆ ਤੇ ਅਗਲੇ ਦਿਨ 23 ਫਰਵਰੀ ਨੂੰ ਸਵੇਰੇ 9 ਵਜੇ ਪੋਸਟਮਾਰਟਮ ਦਾ ਟਾਈਮ ਦੇ ਕੇ ਚਲਾ ਗਿਆ। ਪੁਲਿਸ ਦੀ ਹਰ ਗੱਲ ਨੂੰ ਸੱਤ ਕਹਿ ਕੇ ਮੰਨਣ ਵਾਲੇ ਲੋਕ ਘਰਾਂ ਨੂੰ ਪਰਤ ਗਏ। ਅਗਲੇ ਦਿਨ ਸਵੇਰੇ 9 ਵਜੇ ਪਿੰਡ ਵਾਸੀ ਹਸਪਤਾਲ ਪਹੁੰਚੇ।  ਤਕਰੀਬਨ 200 ਲੋਕ ਪੋਸਟਮਾਰਟਮ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸੀ ਸਰਕ ਰਹੀ ਸੀ। ਲੋਕੀ ਅੱਕ ਥੱਕ ਚੁੱਕੇ ਸਨ। ਆਖਿਰ ਦੁਪਹਿਰ ਦੇ 12 ਵੱਜ ਗਏ ।  ਲੋਕਾਂ ਦਾ ਪਾਰਾ ਚੜਨਾ ਸ਼ੁਰੂ ਹੋ ਗਿਆ ਅਤੇ ਨਾਹਰੇਬਾਜੀ ਸੁਰੂ ਹੋ ਗਈ। ਇਥੋਂ ਹੀ ਇਸ ਮਾਮਲੇ ਨੇ ਸੰਘਰਸ਼ ਵਾਲਾ ਰੁੱਖ ਅਖਤਿਆਰ ਕੀਤਾ। ਬਾਅਦ ਦੁਪਹਿਰ 12.30 ਤੇ ਇੰਸਪੈਕਟਰ ਪਰੇਮ ਸਿੰਘ ਪਹੁੰਚਿਆ ਅਤੇ ਉਸ ਨੇ ਆਉਂਦਿਆਂ ਹੀ ਰੋਅਬ ਝਾੜਨਾ ਸੁਰੂ ਕਰ ਦਿਤਾ। ਏਥੋਂ ਤੱਕ ਕਹਿ ਦਿਤਾ ਕਿ ਮੈਂ ਬੜੇ ਮਾਰੇ ਨੇ 1984 ਵਿਚ ਤੁਸੀ ਕਿਹੜੇ ਬਾਗ ਦੀ ਮੂਲੀ ਹੋ ਚੁੱਪ ਕਰ ਜਾਓ। ਗਰੀਬ ਹੱਥ ਜੋੜ ਕੇ ਪਿੱਛੇ ਖੜ ਗਏ। ਪੋਸਟ ਮਾਰਟਮ ਹੋਇਆ। ਬੇਟੀ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਮੰਜੇ ਤੇ ਪਾ ਗੇਟ ਤੇ ਰੱਖ ਦਿਤਾ। ਸਾਰੇ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਸ਼ਾਇਦ  ਵਾਪਿਸ  ਲੈ ਜਾਣ ਦਾ ਕੋਈ ਇੰਤਜ਼ਾਮ ਹੋਵੇਗਾ। ਲੋਕਾਂ ਦੇ ਗੁੱਸੇ ਦਾ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਅੱਧੇ ਘੰਟੇ ਦੀ ਉਡੀਕ ਤੋ ਬਾਅਦ ਲੋਕਾਂ ਦਾ ਗੁੱਸਾ ਭਾਂਬੜ ਬਣ ਬਲਣ ਲੱਗਾ ਉਹਨਾਂ ਲਾਸ਼ ਨੂੰ ਮੋਢਿਆਂ ਤੇ ਚੁੱਕ ਕਮਿਸ਼ਨਰ ਦਫਤਰ ਲੈ ਜਾਣ ਦਾ ਫੈਸਲਾ ਕੀਤਾ ਕਿਉਂਕਿ ਕਮਿਸਨਰ ਸਾਹਿਬ ਕੋਲ ਗਰੀਬ ਦਲਿਤ ਲਈ ਟਾਈਮ ਨਹੀਂ ਸੀ ਕਿਉਂ ਨਾ ਲਾਸ਼ ਹੀ ਉਸ ਤੱਕ ਲਿਜਾਈ ਜਾਏ ।
ਗੁੱਸੇ ਵਿੱਚ ਭੀੜ ਨੇ ਨਾਹਰੇਬਾਜੀ ਕਰਦਿਆਂ ਛੇ ਕਿਲੋਮੀਟਰ ਦਾ ਲੰਬਾ ਪੈਂਡਾ ਤਹਿ ਕੀਤਾ। ਰਸਤੇ ਵਿੱਚ ਪੁਲਿਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਅਤੇ ਇਸ ਮਕਸਦ ਲਈ ਹਰ ਵਧੀਕੀ ਵੀ ਕੀਤੀ ।
ਹੰਕਾਰੀ ਅਧਿਕਾਰੀ ਪਰੇਮ ਸਿੰਘ ਨੇ ਸੰਗੋਵਾਲ ਦੇ ਪੰਚ ਰਣਬੀਰ ਸਿੰਘ ਦੀ ਕੁੱਟਮਾਰ ਕਰ ਕੇ ਦਸਤਾਰ ਉਤਾਰ ਦਿਤੀ। ਲੋਕੀ ਹੋਰ ਭੜਕ ਪਏ ਅਤੇ ਉਹਨਾਂ ਨੇ ਲਾਸ਼ ਨੂੰ ਕਚਹਿਰੀਆਂ ਵਿੱਚ ਲਿਜਾ ਕੇ ਹੀ ਦਮ ਲਿਆ।
ਪਰਸ਼ਾਸਨ ਨੇ ਕਾਰਵਾਈ ਦਾ ਵਿਸ਼ਵਾਸ ਦਿਵਾਇਆ। ਪਰਿਵਾਰ ਨੇ ਫੈਸਲਾ ਕੀਤਾ ਕਿ ਲੜਕੀ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀ ਫੜੇ ਨੀ ਜਾਂਦੇ ਅਤੇ ਦਸਤਾਰ ਉਤਾਰਨ ਵਾਲੇ 'ਤੇ ਕਾਰਵਾਈ ਨਹੀ ਹੋ ਜਾਂਦੀ। ਲੜਕੀ ਦੀ ਲਾਸ਼ ਸੰਗੋਵਾਲ ਲੁਧਿਆਣੇ ਫਰੀਜਰ ਵਿੱਚ ਰੱਖ ਦਿੱਤੀ। ਏਧਰੋਂ ਸੰਘਰਸ਼ ਦੇ ਪਰਚੰਡ ਹੋਣ ਦਾ ਸਮਾਂ ਆਇਆ ਤਾਂ ਇਸਦਾ ਵਿਰੋਧ ਵੀ ਤਿੱਖਾ ਹੋ ਗਿਆ। ਜੱਟ ਕਮਿਉਨਿਟੀ ਦਾ ਰੋਲ ਵੀ ਵਿਵਾਦਤ ਰਿਹਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ  23 ਫਰਵਰੀ ਦੀ ਸ਼ਾਮ ਨੂੰ ਜਦੋਂ ਪੁਲਿਸ ਨੇ ਕਾਰਵਾਈ ਕਰ ਕੇ  ਦੋਸ਼ੀ ਫੜੇ ਤਾਂ ਸੰਗੋਵਾਲ ਦੇ ਜੱਟ ਭਰਾਂਵਾ ਨੇ ਉਹਨਾਂ ਬਲਤਕਾਰੀਆਂ ਨੂੰ ਬੱਚਾਉਣ ਲਈ ਗਿਲ ਨਹਿਰ ਤੇ ਧਰਨਾ ਲਗਾ ਦਿਤਾ। ਇਸ ਤੇ ਸੰਘਰਸ਼ ਹੋਰ ਤਿੱਖਾ ਹੋ ਗਿਆ। ਇਸ ਪਿੰਡ ਦਾ ਦੌਰਾ ਕਰਨ ਮਗਰੋਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਇਹ ਦਲਿਤ ਪਰਿਵਾਰ ਬੇਹੱਦ ਗਰੀਬ ਹੈ। ਜੇ ਮਦਦ ਨਾ ਮਿਲੀ ਤਾਂ ਉਹ ਜਲਦੀ ਟੁੱਟ ਜਾਵੇਗਾ। ਇਸ ਪਰਿਵਾਰ ਨੂੰ ਲੜਾਈ ਵਿੱਚ ਖੜਾ ਰੱਖਣ ਲਈ ਮਾਇਆ ਦੀ ਲੋੜ ਹੈ। ਜੇ ਕਿਸੇ ਨੇ ਮੱਦਦ ਨਾ ਕੀਤੀ ਤਾਂ ਮਾਮਲਾ ਦੋ ਚਾਰ ਦਿਨਾ ਵਿੱਚ ਹੀ ਰਫਾ ਦਫਾ ਹੋ ਜਾਵੇਗਾ। 
ਕੌੜੀ ਸਚਾਈ ਹੈ ਕਿ ਸਿਰਫ ਕਰਜ਼ਿਆਂ ਕਰਕੇ ਆਤਮ ਹੱਤਿਆ ਕਰਨ  ਵਾਲਿਆਂ ਲਈ ਪਰਸ਼ਾਸਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ ਅਤੇ ਰਾਹਤ ਰਾਸ਼ੀ ਵਾਲੀ ਸਮੇਤ ਰਕਮ ਕਰਜਾ ਮੁਆਫੀ ਲੈ ਕੇ ਤੁਰੰਤ ਪਹੁੰਚ ਜਾਂਦਾ ਹੈ ਪਰ ਏਥੇ ਗਰੀਬ ਦੀ ਲੜਕੀ ਨਾਲ ਧੱਕਾ ਹੋਇਆ ਅਤੇ ਉਸਨੂੰ ਆਤਮਹੱਤਿਆ ਲਈ ਮਜਬੂਰ ਕੀਤਾ ਗਿਆ ਕੋਈ ਮੱਦਦ ਦੇਣ ਨਹੀਂ ਬਹੁੜਿਆ। ਹੁਣ ਉਮੀਦ ਇੰਨਸਾਫ ਪਸੰਦ ਲੋਕਾਂ ਤੋਂ ਹੀ ਹੈ।
ਇਸ ਅਪੀਲ ਨੇ ਅਸਰ ਦਿਖਾਇਆ ਅਤੇ ਲੋਕ ਅੱਗੇ ਆਉਣਾ ਸ਼ੁਰੂ ਹੋਏ। 
ਦਲਿਤ ਲੜਕੀ ਨਾਲ ਛੇੜ ਛਾੜ ,ਜਗੀਰਦਾਰ ਪਰਿਵਾਰ ਵਲੋਂ ਸੁਰੱਖਿਆ ਦਾ ਭਰੋਸਾ ਦੇ ਕੇ ਗੁੰਡਿਆ ਨਾਲ ਰਲ ਜਾਣਾ ਅਤੇ ਲੜਕੀ ਵਲੋਂ ਆਤਮਹੱਤਿਆ ਕਰ ਜਾਣਾ ਸਾਡੇ ਸਮਾਜ ਲਈ ਕਲੰਕਿਤ ਗੱਲ ਹੈ। ਪੁਲਿਸ ਵਲੋਂ ਇੰਨਸਾਫ ਮੰਗਦੇ ਲੋਕਾਂ ਤੇ ਡਾਗਾਂ ਵਰਾਉਣੀਆਂ, ਉਹਨਾਂ ਦਰਿੰਦਿਆਂ ਦਾ ਬਿਨਾ ਰਿਮਾਂਡ ਲਏ ਬਿਨਾ ਪੁੱਛਗਿੱਛ ਦੇ ਜੇਲ ਭੇਜ ਲੇਣਾ ਕਿਤੇ ਨਾ ਕਿਤੇ ਪੁਲਿਸ ਅਤੇ ਗੁੰਡਾਤੰਤਰ ਦਾ ਮੈਲੇ ਹੋਣਾ ਸਿੱਧ ਕਰਦਾ ਹੈ। ਘਟਨਾ ਨੂੰ ਬੀਤਿਆਂ ਛੇ ਦਿਨ ਹੋ ਜਾਣੇ ਕਿਸੇ ਵੀ ਲੀਡਰ ਵਲੋਂ ਨਾ ਬਹੁੜਨਾ ਨਾ ਹੀ ਇਲਾਕੇ ਦੇ  ਐਮ ਐਲ ਏ  ਨਾ ਹੀ ਇਲਾਕੇ ਦੇ ਐਮ ਪੀ ਦਾ ਨਾ ਆਉਣਾ ਦਲਿਤਾਂ ਨੂੰ ਸਿਰਫ ਭੇਡਾਂ ਬੱਕਰੀਆਂ ਸਮਝਣ ਦੇ ਤੁਲ ਹੈ ਕਿ ਇਹਨਾਂ ਦੀਆਂ ਵੋਟਾਂ ਜਿਵੇ ਮਰਜੀ ਕੰਨਮਰੋੜ ਕੇ ਪੁਆਈਆ ਜਾ ਸਕਦੀਆਂ ਹਨ। ਗੁੰਡਿਆ ਅਤੇ ਰਾਜਨੀਤਕ ਲੋਕਾਂ ਦਾ ਗੱਠਜੋੜ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਵਧਾਈ ਦੇ ਪਾਤਰ ਹਨ ਬਸਪਾ ਵਾਲੇ ਜਿਹਨਾਂ ਨੇ ਮਜ਼ਲੂਮ ਦੀ ਬਾਂਹ ਫੜੀ। ਸਿਮਰਜੀਤ ਸਿੰਘ ਬੈਂਸ ਜਿਹਨਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣ ਲਈ ਡਿਟੇਲ ਲਈ ਅਤੇ ਉਹਨਾਂ ਵਲੋਂ ਵਾਕਾਉਟ ਕੀਤੇ ਜਾਣ ਕਾਰਨ ਨਹੀਂ ਉਠਾ ਸਕੇ। ਉਹਨਾਂ ਸੁਨੇਹਾ ਦਿਤਾ ਕਿ ਉਹ ਇਸ ਮਾਮਲੇ ਨੂੰ ਲੈ ਪਿੰਡ ਵਿੱਚ ਆਉਂਦੇ ਰਹਿਣਗੇ ਤਾਂਕਿ ਦਲਿਤ ਪਰਿਵਾਰ ਦਾ ਹੌਂਸਲਾ ਬਣਿਆ ਰਹੇ। 
ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਹਨਾਂ ਦੀ ਟੀਮ ਨੇ ਮੀਡੀਆ ਨੂੰ ਵੀ ਕਿਹਾ ਕਿ ਅਸੀਂ ਪੁੱਛਣਾ ਚਹੁੰਦੇ ਹਾ ਕਿ ਹੁਣ ਵੂਮੈਨ ਕਮਿਸ਼ਨ ਕਿਥੇ ਹੈ? ਕੀ ਉਹਨਾ ਨੂੰ ਸਿਰਫ ਕੁਲੀਨ ਵਰਗ ਹੀ ਦਿਸਦਾ ਹੈ?
ਐਸ ਸੀ ਐਸ ਟੀ ਕਮਿਸ਼ਨ ਕਿਥੇ ਹੈ? ਕੀ ਉਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹਨ? ਡੀਸੀ ਕਿਥੇ ਹੈ ਕੀ ਉਹ ਜਿਲੇ ਦਾ ਮਾਲਕ ਨਹੀ?
ਇੰਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਨੇ ਕੁੱਝ ਨੀ ਕਰਨਾ ਤੁਹਾਡੇ ਸਹਿਯੋਗ ਨਾਲ ਹੀ ਮੋਰਚਾ ਸਰ ਹੋਵੇਗਾ। ਭੈਣ ਦੀ ਅੰਤਿਮ ਅਰਦਾਸ 5 ਮਾਰਚ ਦਿਨ ਮੰਗਲਵਾਰ ਨੂੰ ਪਿੰਡ ਸੰਗੋਵਾਲ ਵਿਖੇ ਰੱਖੀ ਗਈ ਹੈ। ਆਪ ਸੱਭ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਪਰਸ਼ਾਸਨ ਤੇ ਲੋਕਾਂ ਨੂੰ ਜਗਾਓ।
ਸੰਗੋਵਾਲ ਕਾਂਡ ਨੇ ਲੋਕਾਂ ਨੂੰ ਉਹਨਾਂ ਦੀ ਅਸਲੀ ਹਾਲਤ ਇੱਕ ਵਾਰ ਫੇਰ ਦਿਖਾਈ ਹੈ। ਉਹਨਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਟੋਰਾਂਟੋ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਹਨਾਂ ਨੇ ਉਚ ਨੀਚ ਜਾਤ ਬਰਾਦਰੀ ਦੀਆਂ ਸਾਰੀਆਂ ਹੱਦਾਂ ਤੋੜਦੇ ਹੋਏ ਗਰੀਬ ਮਜਲੂਮ ਦੇ ਹੱਕ ਵਿੱਚ ਖੜਨ ਦਾ ਫੈਸਲਾ ਕੀਤਾ। ਅਸੀਂ ਧੰਨਵਾਦੀ ਹਾਂ ਟਰਾਂਟੋ ਵਾਲੇ ਵੀਰਾਂ ਦਾ ਜਿਹਨਾ ਬਿਨਾ ਦੇਰੀ ਕੀਤਿਆਂ 15 ਹਜਾਰ ਦੀ ਰਾਸੀ ਨੂੰ ਪਰਿਵਾਰ ਤੱਕ ਪਹੁੰਚਾਇਆ ਹੀ ਨਹੀ ਸਗੋ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਲੜਨ ਲਈ ਪਰੇਰਿਤ ਵੀ ਕੀਤਾ ਅਤੇ ਭਵਿੱਖ  ਵਿੱਚ ਵੀ ਨਾਲ ਖੜਨ ਦਾ ਅਹਿਦ ਵੀ ਲਿਆ। ਇਹ ਉਹਨਾਂ ਮੁਤੱਸਬੀ ਲੋਕਾਂ ਦੇ ਮੂੰਹ 'ਤੇ ਇੱਕ ਚਪੇੜ ਹੈ ਜਿਹੜੇ ਜਾਤ ਬਰਾਦਰੀ ਦੀਆਂ ਗੱਲਾਂ ਕਰਕੇ ਜ਼ਾਲਮਾਂ ਦੇ ਹੱਕ ਵਿੱਚ ਧਰਨੇ ਲਗਾ ਰਹੇ ਹਨ ਅਤੇ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਐਤਵਾਰ ਨੂੰ ਗੁਰੂਘਰ ਇਕੱਠ ਕਰ ਕਰਕੇ ਗਰੀਬ ਬੇਟੀ ਦੇ ਘਰ ਮੰਗਲਵਾਰ ਨੂੰ ਭੋਗ ਤੇ ਸਮੂਹਿਕ ਰੂਪ ਵਿੱਚ ਨਾ ਜਾਣ ਦਾ ਅਹਿਦ ਲੈਣਗੇ। ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਪਰ ਅਜਿਹੇ ਕੁਕਰਮੀਆਂ ਦੇ ਹੱਕ ਵਿੱਚ ਗੁਰੂਘਰ ਨੂੰ ਵਰਤਣ ਦੀ ਆਗਿਆ ਨਹੀ ਹੋਣੀ ਚਾਹੀਦੀ। ਸੋ ਇੰਨਸਾਫ ਅਤੇ ਮਨੁੱਖਤਾ ਪਰਸਤ  ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਗਰੀਬ ਪਰਿਵਾਰ ਦਾ ਮਾਇਆ ਰੂਪ  ਵਿਚ ਵੱਧ ਤੋਂ ਵੱਧ ਸਹਿਯੋਗ ਦੇਣ।
ਨਾਲ ਹੀ ਅਪੀਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਗੱਲ ਕਰਨ ਤੇ ਗੁਰੂਘਰ ਅਜਿਹੇ ਇਕੱਠ ਨੂੰ ਰੋਕਿਆ ਜਾਵੇ। ਕਿਸੇ ਨੂੰ ਕੇਸ ਸੰਬੰਧੀ ਸੱਕ ਹੋਵੇ ਤਾਂ ਦਾਸ ਕਿਸੇ ਨਾਲ ਵੀ ਵਾਰਤਾ ਕਰਨ ਲਈ ਹਾਜ਼ਿਰ ਹੈ।
5 ਮਾਰਚ ਦਿਨ ਮੰਗਲਵਾਰ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਕਿ ਉਹ ਪਹੁੰਚ ਕੇ ਦਰਦ ਵੰਡਾਓ ਅਤੇ ਦਿਲ ਖੋਲ ਕੇ ਮੱਦਦ ਦੇਵੋ। ਹੁਣ ਦੇਖਣਾ ਹੈ ਕਿ ਲੋਕ ਰੋਹ ਕਿੰਨੀ ਜਲਦੀ ਇਸ ਪਰਿਵਾਰ ਨੂੰ ਇਨਸਾਫ ਦੁਆਉਂਦਾ ਹੈ!

Thursday, November 07, 2013

ਨਸ਼ਿਆਂ ਵਿਰੁਧ ਜਾਗ੍ਰਤੀ ਦੀ ਮੁਹਿੰਮ ਹੋਰ ਤੇਜ਼

 Thu, Nov 7, 2013 at 2:58 PM
ਪਿੰਡ ਸੰਗੋਵਾਲ਼ ਵਿਖੇ ਖੇਡਿਆ ਜਾਵੇਗਾ ਨਾਟਕ :ਇੰਜੀ.ਗਿਆਸਪੁਰਾ, ਬੀਰ ਸਿੰਘ
ਗਿਆਸਪੁਰਾ (ਲੁਧਿਆਣਾ):07 ਨਵੰਬਰ 2013; ( ਰੈਕਟਰ ਕਥੂਰੀਆ//ਪੰਜਾਬ ਸਕਰੀਨ): ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਾ.ਬੀ.ਆਰ.ਅੰਬੇਦਕਰ ਯੂਥ ਕਲੱਬ ਦੇ ਪ੍ਰਧਾਨ ਮਾਸਟਰ ਬੀਰ ਸਿੰਘ ਨੇ ਦੱਸਿਆ ਕਿ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਸਮਾਜਿਕ ਚੇਤਨਾ ਨੂੰ ਸਮਰਪਿਤ ਸ.ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐਸ.) ਦੀ ਲਿਖੀ ਕਿਤਾਬ ਸੰਭਲੋ ਪੰਜਾਬ ਦੇ ਅਧਾਰਿਤ ਪੰਜਾਬੀ ਨਾਟਕ ‘ਮਾਵਾਂ ਦੇ ਦੁੱਖੜੇ ਕੌਣ ਸੁਣੇ’ਕਰਵਾਇਆ ਜਾ ਰਿਹਾ ਹੈ । ਇਹ ਨਾਟਕ  ਅਕਸ਼ ਰੰਗ ਮੰਚ ਸਮਰਾਲਾ ਦੁਆਰਾ ਮਿਤੀ 09 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਪਿੰਡ ਸੰਗੋਵਾਲ਼ ਜਿਲਾ ਲੁਧਿਆਣਾ ਵਿਖੇ ਹੋਵੇਗਾ । ਪ੍ਰੈਸ ਨੂੰ ਸੰਬੋਧਿਤ ਨੂੰ ਸੰਬੋਧਿਨ ਹੁੰਦਿਆਂ ਸ.ਗਿਆਸਪੁਰਾ ਨੇ ਕਿਹਾ ਕਿ ਅੱਜ ਦੀ ਨੌਜੁਆਨੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ । ਨੌਜੁਆਨਾ ਨੂੰ ਨਸ਼ਿਆਂ ਤੋਂ ਬਚਾ ਕੇ ਇੱਕ ਆਦਰਸ਼ਕ ਸਮਾਜ ਸਿਰਜਣਾ ਦੀ ਬਹੁਤ ਜਰੂਰਤ ਹੈ । ਨੌਜੁਆਨਾਂ ਨੂੰ ਇਹ ਦ੍ਰਿੜ ਕਰਾਉਣ ਦੀ ਜਰੂਰਤ ਹੈ ਕਿ ‘ਨਸ਼ਿਆਂ ਦੀ ਨਾ ਕਰੋ ਗੁਲਾਮੀ, ਰੁਲ਼ਦੀ ਪੱਤ ਨਿਰੀ ਬਦਨਾਮੀ’ ਤਾਂ ਕਿ ਉਹ ਨਸ਼ੇ ਛੱਡ ਸਮਾਜ ਸੇਵਾ ਵਿੱਚ ਆਪਣਾ ਹਿਸਾ ਪਾਉਣ । ਅੱਜ ਲੋੜ ਹੈ ਉਹਨਾਂ ਨੂੰ ਦੱਸਣ ਦੀ ਕਿ ਨਸ਼ੇ ਮਨੁੱਖੀ ਸਰੀਰ ਨੂੰ ਘੁਣ ਵਾਗੂੰ ਖਾ ਜਾਂਦੇ ਹਨ । ਉਹਨਾਂ ਇਸ ਸਮਾਜਿਕ ਪ੍ਰੋਗਰਾਮ ਵਿੱਚ ਸਮੂੰਹ ਸਮਾਜ ਦਰਦੀਆਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਉਹਨਾਂ ਨਾਲ਼ ਗਿਆਨ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਸ਼ਿਗਾਰਾ ਸਿੰਘ, ਬਲਬੀਰ ਸਿੰਘ ਅਤੇ ਮੱਖਣ ਸਿੰਘ ਆਦਿ ਹਾਜਿਰ ਸਨ ।