Showing posts with label ਹਰਮੀਤ ਵਿਦਿਆਰਥੀ. Show all posts
Showing posts with label ਹਰਮੀਤ ਵਿਦਿਆਰਥੀ. Show all posts

Friday, April 29, 2016

ਕਾਮਰੇਡ ਸਤਨਾਮ ਦਾ ਤੁਰ ਜਾਣਾ-ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ

ਅਸੀਂ ਨਹੀਂ ਸਮਝ ਸਕਾਂਗੇ, ਤੇਰੀ ਤਲਖ਼ੀ ਨੂੰ, ਤੇਰੇ ਦਰਦ ਨੂੰ
ਜੰਗਲਨਾਮਾ ਵਰਗੀ ਲਿਖਤ ਪੰਜਾਬੀ ਸਾਹਿਤ ਦੇ ਨਾਲ ਨਾਲ ਪੰਜਾਬੀ ਲੋਕਾਂ ਦੀ ਝੋਲੀ ਪਾਉਣ ਵਾਲੇ ਕਾਮਰੇਡ ਸਤਨਾਮ ਦਾ ਤੁਰ ਜਾਣਾ ਇੱਕ ਅਜਿਹੀ ਸੂਖਮ ਘਟਨਾ ਹੈ ਜਿਸ ਨੇ ਸਾਹਿਤਿਕ ਹਲਕਿਆਂ ਵਿੱਚ ਵੀ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ। ਸਾਨੂੰ ਹਰਮੀਤ ਵਿਦਿਆਰਥੀ ਦੀ ਲਿਖੀ ਇੱਕ ਨਜ਼ਮ ਪ੍ਰਾਪਤ ਹੋਈ ਹੈ ਜਿਹੜੀ ਇਥੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਇਹ ਤਸਵੀਰ ਗੁਰਪ੍ਰੀਤ ਚੀਮਾ ਦੀ ਵਾਲ ਤੋਂ ਧੰਨਵਾਦ ਸਹਿਤ
ਨਜ਼ਮ.........ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ//ਹਰਮੀਤ ਵਿਦਿਆਰਥੀ 
ਹਲ੍ਹਾ ਬਈ
ਤੁਰ ਗਿਆ ਏਂ 
ਚਲੇ ਜਾਣਾ ਹੀ ਸੀ
ਸਾਨੂੰ ਓਦੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ
ਜਦ ਤੂੰ ਆਪੇ ਹੀ ਕਿਹਾ ਸੀ
"ਤੇਰਾ ਹੋਣਾ ਤੈਨੂੰ ਗੁਨਾਹ ਵਰਗਾ ਲੱਗਦਾ ਹੈ"
ਪਰ ਅਸੀਂ ਕਦ ਸੁਣਦੇ ਹਾਂ 
ਵਾਰਨਿੰਗ ਬੈੱਲ
ਅਸੀਂ ਵੱਡੀਆਂ ਵੱਡੀਆਂ
ਬਹਿਸਾਂ ਚ ਮਸਰੂਫ਼ ਹਾਂ
ਤੇਰੀ ਪੀੜ੍ਹ ਦਾ
        ਤੜਪ ਦਾ
      ਭਟਕਣ ਦਾ
ਕਿਸ ਨੇ ਕਰਨਾ ਸੀ
ਕੁਝ ਦਿਨ ਸ਼ੋਰ ਹੋਵੇਗਾ
ਬੜ੍ਹਾ ਕੁਝ ਹੋਰ ਹੋਵੇਗਾ
ਤੇ ਫਿਰ ਇਹ ਭਟਕਣ
ਤੁਰ ਪਵੇਗੀ 
ਆਪਣਾ ਨਵਾਂ ਸ਼ਿਕਾਰ ਲੱਭਣ
ਫ਼ਿਰ ਇੱਕ ਖ਼ਬਰ ਬਣੇਗੀ
ਹਰ ਵਾਰ ਇੰਜ ਹੀ ਹੁੰਦਾ ਹੈ
ਉਂਜ ਇਹ ਫ਼ੈਸਲਾ 
ਤੇਰੇ ਲਈ ਔਖਾ ਤਾਂ ਬਹੁਤ ਹੋਣਾ ਏ
ਸਤਨਾਮ ਬਾਈ
ਜ਼ਿੰਦਗੀ ਦੀ ਸ਼ਾਨ ਲਈ 
ਹਰ ਪਲ ਜੂਝਣਾ
ਤੇ ਫਿਰ
ਅਚਨਚੇਤ ਹੀ 
ਜ਼ਿੰਦਗੀ ਦਾ ਠੀਕਰਾ ਭੰਨ ਦੇਣਾ
ਅਸੀਂ ਨਹੀਂ ਸਮਝ ਸਕਾਂਗੇ
ਤੇਰੀ ਤਲਖ਼ੀ ਨੂੰ
ਤੇਰੇ ਦਰਦ ਨੂੰ
ਤੇਰੀ ਤੜ੍ਹਪ ਨੂੰ 
ਜਾਣਨ 
ਸਮਝਣ  ਲਈ

ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ 


ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰ



Sunday, February 07, 2016

ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਵਿਦਾ ਕੀਤਾ ਪ੍ਰੋ ਰਣਧੀਰ ਸਿੰਘ ਨੂੰ

ਥਾਂ ਥਾਂ ਹੋਏ ਸਵਾਗਤ ਨੇ ਕਰਾਇਆ ਕਾਮਰੇਡ ਯੋਧੇ ਦੀ ਅਮਰਤਾ ਦਾ ਅਹਿਸਾਸ 
ਹੁਸੈਨੀਵਾਲਾ: (ਫਿਰੋਜਪੁਰ): 7  ਫਰਵਰੀ 2016: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ):
ਚੰਡੀਗੜ੍ਹ ਤੋਂ ਅਸਥਿਆਂ ਜਲ ਪ੍ਰਵਾਹ ਕਰਨ ਲਈ ਤੁਰੇ ਇਹਨਾਂ ਲੋਕਾਂ ਵਿੱਚ ਸਿਰਫ ਸੋਗ ਹੀ ਨਹੀਂ ਬਲਕਿ ਇੱਕ ਜੋਸ਼ ਵੀ ਸੀ। ਪ੍ਰੋਫੈਸਰ ਰਣਧੀਰ ਸਿੰਘ ਹੁਰਾਂ ਦੀ ਖਾਮੋਸ਼ ਹੋਈ ਆਵਾਜ਼ ਅੱਜ ਇਹਨਾਂ ਦੇ ਖੂਨ ਵਿੱਚ ਰਚ ਕੇ ਨਾਅਰੇ ਬਣ ਬਣ ਬਾਹਰ ਆ ਰਹੀ ਸੀ। ਇਹ ਸਬੂਤ ਸੀ ਕਿ ਜਿਹੜਾ ਲੋਕਾਂ ਲਈ ਜੀਵ੍ਨ੍ਲਾਉਂਦਾ ਹੈ ਉਹ ਕਦੇ ਮਰਿਆ ਨਹੀਂ ਕਰਦਾ।  ਉਹ ਆਪਣੇ ਲੋਕਾਂ ਵਿੱਚ ਰਚ ਕੇ ਫਿਰ ਨਵਾਂ ਕਾਫਲਾ ਸਿਰਜਦਾ ਹੈ। ਇਹੀ ਹੋਇਆ ਇਸ ਵਾਰ ਵੀ। 
ਭਾਰਤ ਦੇ ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ.ਰਣਧੀਰ ਸਿੰਘ,ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ , ਦੀਆਂ ਅਸਥੀਆਂ ਉਹਨਾਂ ਦੀ ਆਪਣੀ ਇੱਛਾ ਮੁਤਾਬਕ ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਉਹਨਾਂ ਦੀਆਂ ਅਸਥੀਆਂ ਦਾ ਕਾਫ਼ਲਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਫ਼ਿਰੋਜ਼ਪੁਰ ਪੁੱਜਾ ਜਿੱਥੇ ਫ਼ਿਰੋਜ਼ਪੁਰ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਲੋਕਾਂ ਨੇ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਨੇ ਇਸ ਕਾਫ਼ਲੇ ਦਾ ਸੁਆਗਤ ਕੀਤਾ।
ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਨੇ ਪ੍ਰੋ.ਰਣਧੀਰ ਸਿੰਘ ਨੂੰ ਭਾਰਤੀ ਰਾਜਨੀਤੀ ਦੇ ਨਵ ਮਾਰਕਸਵਾਦੀ ਵਿਸ਼ਲੇਸ਼ਕ ਦੇ ਤੌਰ ਤੇ ਯਾਦ ਕੀਤਾ। ਉੱਘੇ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਪ੍ਰੋ.ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਉਹਨਾਂ ਨੂੰ ਲੋਕਾਂ ਦੇ ਹੱਕ ਦੀ ਬੁਲੰਦ ਆਵਾਜ਼ ਕਿਹਾ । ਸ਼ਾਇਰ ਹਰਮੀਤ ਵਿਦਿਆਰਥੀ ਅਤੇ ਅਨਿਲ ਆਦਮ ਨੇ ਪ੍ਰੋ.ਰਣਧੀਰ ਸਿੰਘ ਨੂੰ ਅਜਿਹੇ ਨਿਧੜਕ ਚਿੰਤਕ ਦੇ ਤੌਰ ਤੇ ਯਾਦ ਕੀਤਾ ਜੋ ਪੰਜਾਬ ਦੇ ਕਾਲੇ ਦਿਨਾਂ ਵਿੱਚ ਵੀ ਆਪਣੀ ਗੱਲ ਬੇਖ਼ੌਫ਼ ਹੋ ਕੇ ਕਰਦਾ ਰਿਹਾ ਹੈ । ਡਾ.ਜਗਵਿੰਦਰ ਜੋਧਾ ਨੇ ਕਿਹਾ ਕਿ ਪ੍ਰੋ.ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਹਨਾਂ ਦੀ ਅਮੀਰ ਚਿੰਤਨ ਪਰੰਪਰਾ ਨਾਲ ਜੁੜ ਕੇ ਜ਼ਿੰਦਗੀ ਨੂੰ ਸਮਝਣ ਦੀ ਜ਼ਰੂਰਤ ਤੇ ਜੋਰ ਦਿੱਤਾ। ਡਾ.ਪਰਮਿੰਦਰ ਸਿੰਘ ਨੇ ਰਣਧੀਰ ਸਿੰਘ ਹੋਰਾਂ ਦੇ ਕਵੀ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸੂਖ਼ਮ ਭਾਵੀ ਮਨੁੱਖ ਕਿਹਾ।
ਇਸ ਕਾਫ਼ਲੇ ਵਿੱਚ ਅਮੋਲਕ ਸਿੰਘ, ਕੰਵਲਜੀਤ ਖੰਨਾ, ਗੁਰਮੀਤ,ਸੁਖਦਰਸ਼ਨ ਨੱਤ, ਜਸਵੀਰ ਨੱਤ,ਅਮਰਜੀਤ ਬਾਈ ,ਪ੍ਰੋ.ਕੁਲਦੀਪ,ਸੁਖਜਿੰਦਰ ਫ਼ਿਰੋਜ਼ਪੁਰ,ਰਾਜੀਵ ਖ਼ਯਾਲ ਤੋਂ ਇਲਾਵਾ ਪ੍ਰੋ.ਰਣਧੀਰ ਸਿੰਘ ਦੀਆੰ ਦੋਵੇਂ ਬੇਟੀਆਂ ਪ੍ਰੀਆਲੀਨ ਕੌਰ,ਸ਼ਿਮਰੀਤ ਕੌਰ ਗੁਰਸ਼ਰਨ ਭਾਜੀ(ਭਾਈ ਮੰਨਾ ਸਿੰਘ)ਦੀਆਂ ਬੇਟੀਆਂ ਨਵਸ਼ਰਨ ਅਤੇ ਅਰੀਤ ਕੌਰ , ਦਾਮਾਦ ਅਤੁਲ ਸੂਦ, ਰਵਿੰਦਰਪਾਲ ਸ਼ਰਮਾ, ਕਾਮਰੇਡ ਜਗਰੂਪ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਅਤੇ  ਕਾਰਕੁੰਨ ਸ਼ਾਮਲ  ਹੋਏ । ਸ਼ਹੀਦ ਭਗਤ ਸਿੰਘ ,ਰਾਜਗੁਰੂ ,ਸੁਖਦੇਵ ਦੀ ਸਾਂਝੀ ਸਮਾਧ ਉਪਰ ਨਮਨ ਕਰਨ ਉਪਰੰਤ ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਲੋਕਾਂ ਦੇ ਇਸ ਬੁੱਧੀਜੀਵੀ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕੀਤਾ ਗਿਆ। ਸੋਚਣ ਸਮਝਣ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀ ਇੱਕ ਹੋਰ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ।            

Tuesday, April 21, 2015

ਤੁਫਾਨਾਂ ਨਾਲ ਟੱਕਰ ਲੈਣ ਵਾਲੇ ਪ੍ਰੋਫੈਸਰ ਦਰਸ਼ਨ ਢਿੱਲੋਂ ਨਾਲ ਰੂਬਰੂ

ਰੂਬਰੂ ਦਾ ਆਯੋਜਨ ਕੀਤਾ ਕਲਾਪੀਠ ਨੇ ਫਿਰੋਜ਼ਪੁਰ ਵਿੱਚ 
ਫਿਰੋਜ਼ਪੁਰ: 21 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ): 
ਸ਼ਬਦ ਸਭਿਆਚਾਰ ਅਧਾਰ ਲਈ ਨਿਰੰਤਰ ਜਤਨਸ਼ੀਲ ਸੰਸਥਾ ਕਲਾਪੀਠ (ਰਜਿ.) ਵੱਲੋਂ ਨਾਮਵਰ  ਸਾਹਿਤਕਾਰ ਚਰਚਾ ਪੰਜਾਬ ਦੇ ਸੰਪਾਦਕ ਦਰਸ਼ਨ ਢਿੱਲੋਂ ਨਾਲ ਰੂਬਰੂ ਕਰਵਾਇਆ ਗਿਆ। ਇਸ ਬੇਹੱਦ ਸਾਦੇ ਅਤੇ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਜਸਪਾਲ ਘਈ ਨੇ ਕੀਤੀ। ਵਿਅੰਗਕਾਰ ਐਮ ਕੇ ਰਾਹੀ ਅਤੇ ਦੀਪਕ ਸ਼ਰਮਾ ਵਿਸ਼ੇਸ਼ ਮਹਿਮਾਣ ਵੱਜੋਂ ਸ਼ਾਮਲ।  ਅਨਿਲ ਆਦਮ ਨੇ ਕਲਾਪੀਥ ਸਮਾਗਮ ਦੀ ਜਾਣਕਾਰੀ ਦਿੱਤੀ। ਪ੍ਰੋਫੈਸਰ ਘਈ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਦੇਵ ਹਸਨ, ਰੇਣੂ ਸੋਢੀ, ਵਿਜੇ ਵਿਕਟਰ, ਸੁਰਿੰਦਰ ਢਿੱਲੋਂ ਅਤੇ ਵਿਨੋਦ ਗਰਗ ਦੀਆਂ  ਉਪਰੰਤ ਆਪਣੀ ਜ਼ਿੰਦਗੀ ਦੇ ਰਾਜ਼ ਖੋਹਲੇ ਦਰਸ਼ਨ ਢਿੱਲੋਂ ਹੁਰਾਂ ਨੇ। ਉਹਨਾਂ ਦੱਸਿਆ ਕਿ ਉਹ ਆਪਣੇ ਕਦੇ ਵੀ  ਅੱਗੇ ਝੁਕੇ ਨਹੀਂ।  ਉਹਨਾਂ ਹਮੇਸ਼ਾਂ ਅੜ ਕੇ ਜਿੱਤ ਪ੍ਰਾਪਤ ਕੀਤੀ। 
ਅੱਜ ਦੇ ਪੂੰਜੀਵਾਦੀ ਸਿਸਟਮ ਵਾਲੀ ਵਿੱਦਿਆ ਦੇ ਹੜ੍ਹਾਂ ਵਿੱਚ ਵਹਿਣ ਦੀ ਬਜਾਏ 13 ਕਾਲਜਾਂ ਵਿੱਚ ਧੱਕੇ ਧੇੜੇ ਖਾ ਕੇ ਬੀ ਏ ਕਰਨ ਵਾਲਾ ਵਿਦਿਆਰਥੀ ਆਪਣੀ ਵਿਚਾਰਧਾਰਕ ਸਟਡੀ  ਵਿੱਚ ਪੱਕਾ ਰਿਹਾ। ਇਸ ਵਿਚਾਰਧਾਰਕ ਪ੍ਰਤਿਬਧਤਾ  ਸਦਕਾ ਇੰਗਲੈਂਡ ਵਰਗੇ ਵਿਕਸਿਤ ਮੁਲਕ ਵਿੱਚ 16 ਸਾਲ ਕੌਂਸਲਰ ਅਤੇ ਡਿਪਟੀ ਮੇਅਰ ਰਿਹਾ। 
ਆਖਦੇ ਨੇ  ਲੱਗੀ ਵਾਲੇ ਤੇ ਕਦੇ ਵੀ ਨਾ ਸੌਂਦੇ---- 1972 ਵਿੱਚ ਹੋਏ ਮੋਗਾ ਗੋਲੀਕਾਂਡ ਵਿਖੇ ਜਦੋਂ ਦਿਲ ਦੀ ਅੱਖ ਖੱਬੇ ਪੱਖੀ ਵਿਚਾਰਧਾਰਾ ਨਾਲ ਲੱਗੀ ਤਾਂ ਉਹ ਨਾਤਾ ਅੱਜ ਤੱਕ ਕਾਇਮ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦੀ ਚੜ੍ਹਤ ਹੋਈ ਰਾਂ ਇਹ ਦਰਸ਼ਨ ਢਿੱਲੋਂ ਹੀ ਸੀ ਜਿਸਨੇ ਆਪਣੇ ਵਿਚਾਰਾਂ 'ਤੇ ਪਹਿਰਾ ਦੇਂਦਿਆਂ ਲੋਕ ਪੱਖੀ ਲੇਖਕਾਂ ਅਤੇ ਪਾਠਕਾਂ ਨੂੰ ਮੰਚ ਮੁਹਈਆ ਕਰਾਉਣ ਵਿੱਚ ਸਰਗਰਮ ਰੋਲ ਅਦਾ ਕੀਤਾ। ਇਸੇ ਦੌਰਾਨ ਚਰਚਾ ਪੰਜਾਬ ਦੀ ਸ਼ੁਰੂਆਤ ਵੀ ਹੋਈ ਜਿਹੜੀ ਅੱਜ ਤੱਕ  ਜਾਰੀ ਹੈ। 
ਪ੍ਰਵਾਸ ਦੇ ਦੁੱਖਾਂ ਸਹਿੰਦਿਆਂ ਵੀ ਭਾਰਤੀ ਪੰਜਾਬ ਵਿਚ ਪੰਜਾਬੀ ਦੇ ਪਸਾਰ ਲਈ ਲਾਇਬ੍ਰੇਰੀਆਂ ਖੋਲ੍ਹਣ ਦਾ ਪ੍ਰਾਜੈਕਟ ਸ਼ੁਰੂ ਕੀਤਾ। ਕਲਾਪੀਠ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਅੱਜ ਜਦੋਂ ਲੋਕ ਵਿਰੋਧੀ ਤਾਕਤਾਂ ਦੀ ਚੜ੍ਹਤ ਹੈ, ਸੰਸਥਾਵਾਂ ਦੀ ਜਿੰਮੇਵਾਰੀ ਤੇ ਅਹਿਮੀਅਤ ਵੱਧ ਜਾਂਦੀ ਹੈ। ਪ੍ਰੋ ਕੁਲਦੀਪ, ਸੁਖਜਿੰਦਰ, ਸੁਰਿੰਦਰ ਕੰਬੋਜ, ਰਛਪਾਲ ਸਿੰਘ, ਰਾਜੀਵ ਖੁਸ਼ਾਲ, ਕਮਲ ਸ਼ਰਮਾ ਆਦਿ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਸ੍ਰੀ ਢਿੱਲੋਂ ਨੇ ਵਿਸਥਾਰ ਨਾਲ ਦਿੱਤੇ | ਕਲਾਪੀਠ ਵਲੋਂ ਪੋ੍ਰ. ਘਈ, ਅਨਿਲ ਆਦਮ, ਦੀਪਕ ਸ਼ਰਮਾ, ਹਰਮੀਤ ਵਿਦਿਆਰਥੀ, ਕੁਲਦੀਪ ਅਤੇ ਸੁਰਿੰਦਰ ਕੰਬੋਜ ਨੇ ਸ਼ਾਲ ਪਹਿਨਾ ਕੇ ਸ੍ਰੀ ਢਿੱਲੋਂ ਦਾ ਸਨਮਾਨ ਕੀਤਾ ਅਤੇ ਫ਼ਿਰੋਜ਼ਪੁਰ ਦੇ ਲੇਖਕਾਂ ਦੀਆਂ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ। ਪ੍ਰੋ ਕੁਲਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਪੂੰਜੀਵਾਦ ਦੀ ਗੁਲਾਮੀ 'ਤੇ ਲੱਗੇ ਮੌਜੂਦਾ ਸਿਸਟਮ ਦੇ ਮਾਰੂ ਹੱਲਿਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਕਿਸਤਰਾਂ ਅੱਜਕਲ੍ਹ ਬਾਜ਼ਾਰ ਘਰਾਂ ਦੀ ਥਾਂ ਘਰਾਂ ਵਿੱਚ ਘਰ ਕਰ ਗਿਆ ਹੈ। ਉਹਨਾਂ ਹੋਰ ਵੀ  ਗੱਲਾਂ ਕੀਤੀਆਂ ਜਿਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਜਰੂਰੀ ਵੀ ਹੈ ਪਰ ਇਹ ਕੋਸ਼ਿਸ਼ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ। 

Thursday, April 09, 2015

ਹਰਦਿਆਲ ਕੇਸ਼ੀ ਦੀਆਂ ਯਾਦਾਂ ਤਾਜ਼ਾ ਕਰਾਉਂਦਾ ਹਰਮੀਤ ਵਿਦਿਆਰਥੀ

ਓਸ ਮਹਿਫ਼ਿਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ, ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ। 
ਫਿਰੋਜ਼ਪੁਰ ਕਾਫੀ ਸਮੇਂ ਤੋਂ ਗੇੜਾ ਨਹੀਂ ਲੱਗ ਸਕਿਆ। ਸ਼ਹੀਦੀ ਦਿਨ 23 ਮਾਰਚ ਵਾਲੇ ਦਿਨ ਵੀ ਨਹੀਂ।  ਇਹਨਾਂ ਛੋਟੀਆ  ਛੋਟੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ਕਾਰਣ ਕਈ ਵਾਰ ਖੁਦ 'ਤੇ ਸ਼ਰਮ ਆਉਂਦੀ ਹੈ ਪਰ ਜ਼ਿੰਦਗੀ ਦੇ ਉਲਝੇਵੇਂ ਬੜਾ ਕੁਝ ਏਧਰ -ਓਧਰ  ਕਰ ਦੇਂਦੇ ਨੇ। ਹਰ ਵਾਰ ਨਵਾਂ ਦਰਦ ਪੁਰਾਣੇ ਦਰਦ ਨੂੰ ਭੁਲਾਉਂਦਾ ਨਹੀਂ ਤਾਂ ਘਟਾ ਜਰੁਰ ਦੇਂਦਾ ਹੈ। ਇਸ ਉਦਾਸ ਹਕੀਕਤ ਦੇ ਬਾਵਜੂਦ  ਇੱਕ ਤਸੱਲੀ ਵਾਲੀ ਗੱਲ ਹੈ ਕਿ ਕਾਰੋਬਾਰੀ ਰੁਝੇਵਿਆਂ  ਵਿੱਚ ਗੁਆਚੀ ਭੀੜ ਦੇ ਅਜਗਰੀ ਮੂੰਹ ਤੋਂ ਅਜੇ ਵੀ ਕੁਝ ਲੋਕ ਹਨ ਜੋ ਅਤੀਤ ਦੇ ਚਿਰਾਗਾਂ ਨੂੰ ਰੌਸ਼ਨ ਰੱਖਣ ਦੀ ਕੋਸ਼ਿਸ਼ ਜਾਰੀ ਰੱਖ ਰਹੇ ਹਨ। ਅਜਿਹਾ ਹੀ ਇੱਕ ਨਾਮ ਹੈ ਹਰਮੀਤ ਵਿਦਿਆਰਥੀ ਦਾ ਜਿਸ ਕੋਲ ਮੁਹਾਰਤ ਹੈ ਉਹਨਾਂ ਪਲਾਂ ਨੂੰ ਵੀ ਵਾਪਿਸ ਬੁਲਾਉਣ ਦੀ ਜਿਹੜੇ ਮੁੜ ਕਦੇ ਨਹੀਂ ਆਏ।
ਫੇਸਬੁਕ 'ਤੇ ਉਸਦੀ ਨਵੀਂ ਪੋਸਟ ਨੇ ਅਤੀਤ ਨੂੰ ਕਿਸੇ ਫਿਲਮ ਵਾਂਗ ਸਾਹਮਣੇ ਲੈ ਆਂਦਾ ਹੈ। ਉਸਨੇ ਇੱਕ ਪੁਰਾਣੇ ਮਿੱਤਰ ਹਰਦਿਆਲ ਕੇਸ਼ੀ ਦੀਆਂ ਸਤਰਾਂ ਪੋਸਟ ਕੀਤੀਆਂ ਹਨ--ਕੇਸ਼ੀ ਦੀ ਤਸਵੀਰ ਦੇ ਨਾਲ।
ਖ਼ੁਦ ਨੂੰ ਖ਼ੁਦ ਨਾਲ ਹੀ ਜ਼ਰਬ ਦੇਂਦੇ ਰਹੇ,
ਖ਼ੁਦ ਨੂੰ ਖ਼ੁਦ ਨਾਲ ਤਕਸੀਮ ਕਰਦੇ ਰਹੇ ,
ਸਾਡਾ ਹਾਸਲ ਤੇਰੀ ਇੰਤਜ਼ਾਰੀ ਰਿਹਾ ,
ਸਾਡਾ ਅੱਜ ਵੀ ਗਿਆ ਕੱਲ੍ਰ ਹੀ ਵਾਂਗਰਾਂ ।

ਜਿਹੜੀ ਮਹਿਫ਼ਿਲ 'ਚ ਹਵਾ ਸੀ ਲੁੱਟੀ ਗਈ,
ਜਿਹੜੀ ਮਹਿਫ਼ਿਲ ;ਚ ਸ਼ੈਤਾਨ ਹਾਵੀ ਰਿਹਾ,

ਓਸ ਮਹਿਫ਼ਿਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ ,
ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ ।
                                                                                                      ---ਹਰਦਿਆਲ ਕੇਸ਼ੀ (ਮਰਹੂਮ)

ਹਰਦਿਆਲ ਕੇਸ਼ੀ ਆਪਣੇ ਆਪ ਵਿੱਚ ਜਿਊਂਦੀ ਜਾਗਦੀ ਕਵਿਤਾ ਦਾ ਇੱਕ ਯੁਗ ਸੀ। ਮਿੱਤਰ ਵਿਦਿਆਰਥੀ ਦਿਨ ਇਸ ਪੋਸਟ ਨਾਲ ਕਈ ਚੇਹਰੇ, ਕਈ ਨਾਮ, ਕਈ ਮੀਟਿੰਗਾਂ, ਕਈ ਆਯੋਜਨ ਜ਼ਹਿਨ ਵਿੱਚ ਤਾਜ਼ਾ ਹੋ ਗਏ  ਹਨ। ਕਦੇ ਕਿਸੇ ਵੱਖਰੀ ਪੋਸਟ ਵਿੱਚ ਇਹਨਾਂ ਦਾ ਜ਼ਿਕਰ ਵੀ ਜਰੁਰ ਕੀਤਾ ਜਾਵੇਗਾ। ਜੇ ਤੁਹਾਡੇ ਕੋਲ ਫਿਰੋਜ਼ਪੁਰ ਵਿੱਚ ਹੋਏ ਸਮਾਗਮਾਂ, ਫਿਰੋਜ਼ਪੁਰ ਨਾਲ ਜੁੜੀਆਂ ਸ਼ਖਸੀਅਤਾਂ ਦੀਆਂ ਤਸਵੀਰਾਂ ਹੋਣ ਤਾਂ ਜਰੁਰ ਭੇਜੋ। ਵਿਚਾਰਾਂ ਦੀਆਂ ਮੋਮਬੱਤੀਆਂ ਜਗਾਉਣ ਦਾ ਜਿਹੜਾ ਸਿਹਤਮੰਦ ਸਿਲਸਿਲਾ ਸ਼ੁਰੂ ਕੀਤਾ ਹੈ ਮਿੱਤਰ ਹਰਮੀਤ ਵਿਦਿਆਰਥੀ ਨੇ ਉਸ ਵਿੱਚ ਸ਼ਾਮਿਲ ਹੋਣਾ ਸਾਡੇ ਸਾਰਿਆਂ ਲਈ  ਜ਼ਰੂਰੀ  ਹੈ। --ਰੈਕਟਰ ਕਥੂਰੀਆ