Showing posts with label Journalist. Show all posts
Showing posts with label Journalist. Show all posts

Sunday, November 01, 2020

ਕੁਲਵੰਤ ਸਿੰਘ ਢੇਸੀ ਵੱਲੋਂ ਮੌਜੂਦਾ ਸਥਿਤੀਆਂ ਬਾਰੇ ਵਿਸ਼ੇਸ਼ ਲਿਖਤ

31st  October 2020 at 2:16 PM

 ਮੁੱਦਤੇਂ ਗੁਜ਼ਰੀਂ ਹੈਂ ਰੰਜੋ ਗ਼ਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੂਏ 

ਪੰਜ ਨਵੰਬਰ 2020 ਨੂੰ ਰਾਏਕੋਟ ਦੇ ਮੁੱਖ ਚੌਂਕ ਵਿੱਚ ਲੱਗੇ ਵਿਸ਼ਾਲ ਧਰਨੇ ਦੀਆਂ ਤਸਵੀਰਾਂ ਦਾ ਕੋਲਾਜ 

ਉਰਦੂ ਭਾਸ਼ਾ ਦੇ ਅਣਵੰਡੇ ਭਾਰਤ ਦੇ ਮਹਾਨ ਸ਼ਾਇਰ ਅਲਾਮਾ ਇਕਬਾਲ ਨੇ ਦੇਸ਼ ਪ੍ਰੇਮ ਵਿਚ ਇਕ ਨਜ਼ਮ ਲਿਖੀ ਸੀ ਜੋ ਕਿ ਬਹੁਤ ਲੋਕ ਪ੍ਰਿਅ ਹੋਈ ਜਿਸ ਦਾ ਮੁਖੜਾ ਸੀ, ‘ਸਾਰੇ ਜਹਾਂ ਦੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸ ਕੀ ਯੇ ਗੁਲਿਸਤਾਂ ਹਮਾਰਾ’। ਇਹ ਨਜ਼ਮ ਅੱਜ ਵੀ ਦੇਸ਼ ਪ੍ਰੇਮ ਵਿਚ ਗਾਈ ਜਾਂਦੀ ਹੈ ਜਦ ਕਿ ਇਸ ਨਜ਼ਮ ਨੂੰ ਲਿਖਣ ਵਾਲੇ ਨੇ ਇਹ ਨਜ਼ਮ ਲਿਖ ਕੇ ਸ਼ਰਮ ਮਹਿਸੂਸ ਕੀਤੀ ਸੀ।

ਕੁਲਵੰਤ ਸਿੰਘ ਢੇਸੀ

ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਅਲਾਮਾ ਇਕਬਾਲ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਭਾਰਤ ਵਿਚ ਰਹਿੰਦਿਆਂ ਇੱਕ ਸ਼ਿਅਰ ਐਸਾ ਵੀ ਲਿਖਿਆ ਸੀ ਜੋ ਕਿ ਇਸ ਮਹਾਨ ਸ਼ਾਇਰ ਦੇ ਹਿੰਦੋਸਤਾਨ ਪ੍ਰਤੀ ਉਦਾਸੀਨਤਾ ਦਾ ਪ੍ਰਤੀਕ ਸੀ। ਸ਼ਾਇਰ ਇਕਬਾਲ ਨੇ ਲਿਖਿਆ ਸੀ, ‘ਮੁੱਦਤੇਂ ਗੁਜ਼ਰੀਂ ਹੈਂ ਰੰਜੋ-ਗਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੂਏ’। ਅੱਜ ਹਿੰਦੁਤਵਾ ਦੇ ਫਿਰਕੂ ਮਹੌਲ ਵਿਚ ਦੇਸ਼ ਦੀਆਂ ਘੱਟਗਿਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਭਾਜਪਾ ਦੀਆਂ ਮਾਰੂ ਨੀਤੀਆਂ ਕਾਰਨ ਭਾਰਤ ਵਾਸੀਆਂ ਦਾ ਤਰਾਹ ਨਿਕਲ ਰਿਹਾ ਹੈ। ਭਾਜਪਾ ਦੀਆਂ ਮਾਰੂ ਨੀਤੀਆਂ ਕਾਰਨ ਦੇਸ਼ ਆਰਥਿਕ ਤੌਰ ਤੇ ਦੀਵਾਲੀਆ ਹੋਣ ਵਾਲ ਵਧ ਰਿਹਾ ਹੈ ਅਤੇ ਭਾਜਪਾ ਦੀ ਨਾਕਾਮ ਸਾਬਤ ਹੋ ਚੁੱਕੀ ਸਰਕਾਰ ਦੇ ਹੱਥੋਂ ਜਨਤਾ ਬੇਰੁਜ਼ਗਾਰੀ, ਅਨਪੜਤਾ, ਭੁੱਖਮਰੀ ਅਤੇ ਬਿਮਾਰੀ ਵਿਚ ਧੱਸਦੀ ਜਾ ਰਹੀ ਹੈ। 

ਇਸ ਵਿਸ਼ੇ ਨਾਲ ਸਬੰਧਤ ਅਸੀਂ ਕੁਝ ਕੁ ਝਾਕੀਆਂ ਇਸ ਲੇਖ ਵਿਚ ਪੇਸ਼ ਕਰ ਰਹੇ ਹਾਂ--

ਬੇਰੁਜ਼ਗਾਰੀ ਦੀਆਂ ਭਿਆਨਕ ਝਲਕਾਂ

ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ ਜਿਥੇ ਕਿ ਵੀਹ ਵਰਿਆਂ ਤੋਂ ਘੱਟ ਉਮਰ ਦੇ ਨੌਜਵਾਨਾ ਦੀ ਸੰਖਿਆ ੯੪ ਕਰੋੜ ਹੈ। ਦੇਸ਼ ਭਰ ਵਿਚ ਬੇਰੁਜ਼ਗਾਰੀ ਨੇ ਪੜ੍ਹੇ ਲਿਖੇ ਨੌਜਵਾਨਾ ਦਾ ਭਵਿੱਖ ਕਾਲਾ ਕਰ ਦਿਤਾ ਹੈ ਜੋ ਕਿ ਤਰਸਯੋਗ ਹਾਲਤ ਵਿਚ ਕੁਝ ਵੀ ਕਰਨ ਲਈ ਮਜ਼ਬੂਰ ਹਨ। 

ਮੁਰਾਦਾਬਾਦ ਨਗਰ ਪਾਲਿਕਾ ਵਿਚ ਸਫਾਈ ਕਰਮੀਆਂ ਦੀਆਂ ਅਸਾਮੀਆਂ ਲਈ 58 ਹਜ਼ਾਰ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਜੋ ਕਿ ਗੰਦੇ ਨਾਲੇ ਵਿਚ ਵੜ ਕੇ ਆਪਣੀ ਸ਼ਰੀਰਕ ਯੋਗਤਾ ਦਾ ਟੈਸਟ ਬਿਨਾ ਸੁਰੱਖਿਆ ਦਿੰਦੇ ਦਿਖਾਈ ਦੇ ਰਹੇ ਹਨ। ਇਹਨਾਂ ਨੌਜਵਾਨਾਂ ਨੇ ਗੰਦੇ ਨਾਲੇ ਤੋਂ ਸੁਰੱਖਿਆ ਲਈ ਕੋਈ ਵੀ ਦਸਤਾਨੇ, ਓਵਰਹਾਲ ਜਾਂ ਮਾਸਕ ਵਗੈਰਾ ਨਹੀਂ ਪਾਏ ਹੋਏ ਅਤੇ ਇਹ ਨਾਲੇ ਵਿਚੋਂ ਗੰਦ ਕੱਢਦੇ ਦਿਖਾਈ ਦੇ ਰਹੇ ਹਨ। ਕਿਹਾ ਗਿਆ ਹੈ ਕਿ ਇਹਨਾਂ ਵਿਚ ਕਈ ਤਾਂ ਡਿਗਰੀ ਯਾਫਤਾ ਨੋਜਵਾਨ ਹਨ ਜੋ ਕਿ ਬੇਰੁਜ਼ਗਾਰ ਹਨ ਅਤੇ ਭੁੱਖਮਰੀ ਤੋਂ ਬਚਣ ਲਈ ਕੋਈ ਵੀ ਕੰਮ ਕਰਨ ਨੂੰ ਤਿਆਰ ਹਨ। ਇਸੇ ਤਰਾਂ ਕੁਝ ਸਮਾਂ ਪਹਿਲਾਂ ਪੰਜਾਬ ਵਿਚ ਬੀ ਏ ਜਾਂ ਬੀ ਐਡ ਤਕ ਪੜ੍ਹਾਈ ਕਰ ਚੁੱਕੀਆਂ ਝੋਨਾ ਲਾਉਂਦੀਆਂ ਲੜਕੀਆਂ ਦਿਖਾਈਆਂ ਗਈਆਂ ਸਨ ਜਦ ਕਿ ਸਰਕਾਰਾਂ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਜਾਅਲੀ ਐਲਾਨ ਕਰ ਰਹੀਆਂ ਹਨ। ਇਸੇ ਤਰਾਂ ਯੂ ਪੀ ਵਿਚ ਵਿਧਾਨ ਸਭਾ ਅਦਾਰੇ ਵਿਚ ਚਪੜਾਸੀ ਦੀ ਨੌਕਰੀ ਦੀਆਂ ਅਸਾਮੀਆਂ ਲਈ ਅਨੇਕਾਂ ਐਸੇ ਨੌਜਵਾਨ ਸਨ ਜਿਹਨਾ ਕੋਲ ਪੀ ਐਚ ਡੀ ਦੀਆਂ ਡਿਗਰੀਆਂ ਸਨ। ਜਦ ਕਿ ਬੀ ਏ, ਬੀ ਟੈਕ ਅਤੇ ਬੀ ਐਸ ਸੀ ਪਾਸ ਬਿਨੇਕਾਰਾਂ ਦੀ ਸੰਖਿਆ ਇੱਕ ਲੱਖ ਤੋਂ ਜ਼ਿਆਦਾ ਸੀ। 

ਕਾਰਪੋਰੇਟਾਂ ਹੱਥੀਂ ਵਿਕ ਰਿਹਾ ਹੈ ਦੇਸ਼

ਸੰਨ 1947 ਤੋਂ ਹੁਣ ਤਕ ਦੇ ਭਾਰਤੀ ਸਾਸ਼ਕਾਂ ਦੀ ਕੌਮੀ ਕਾਰਗੁਜ਼ਾਰੀ ਦਾ ਲੇਖਾ ਕਰਨਾ ਹੋਵੇ ਤਾਂ ਮੋਦੀ ਸਰਕਾਰ ਸਭ ਤੋਂ ਗਈ ਗੁਜ਼ਰੀ ਸਰਕਾਰ ਸਾਬਤ ਹੁੰਦੀ ਹੈ। ਅੰਬਾਨੀਆਂ, ਅੰਡਾਨੀਆਂ ਅਤੇ ਕਾਰਪੋਰੇਟਾਂ ਹੱਥੀਂ ਵਿਕ ਰਿਹਾ ਦੇਸ਼ ਕਿਥੋਂ ਚੱਲ ਕੇ ਕਿੱਥੇ ਪਹੁੰਚਿਆਂ ਹੈ ਇਸ ਦਾ ਸਬੂਤ ਹੇਠ ਲਿਖੀ ਸੂਚੀ ਤੋਂ ਮਿਲਦਾ ਹੈ—

ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 33 ਸਰਕਾਰੀ ਕੰਪਨੀਆਂ ਦਾ ਨਿਰਮਾਣ ਕੀਤਾ ਅਤੇ ਉਸ ਦੇ 16 ਸਾਲ ਦੇ ਕਾਰਜ ਕਾਲ ਵਿਚ ਇੱਕ ਵੀ ਕੰਪਨੀ ਵਿਕੀ ਨਹੀਂ।

ਲਾਲ ਬਹਾਦਰ ਸ਼ਾਸਤਰੀ ਨੇ ੫ ਕੰਪਨੀਆਂ ਦਾ ਨਿਰਮਾਣ ਕੀਤਾ ਵਿਕੀ ਕੋਈ ਨਹੀਂ।

ਇੰਦਰਾਂਗਾਧੀ ਦੇ ਲੰਬੇ ਕਾਰਜ ਕਾਲ ਵਿਚ 66 ਕੰਪਨੀਆਂ ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

ਮੁਰਾਰਜੀ ਡਿਸਾਈ ਦੇ ਵੇਲੇ 9 ਕੰਪਨੀਆਂ ਦਾ ਨਰਮਾਣ ਹੋਇਆ ਵਿਕੀ ਕੋਈ ਨਹੀਂ।

ਵਿਸ਼ਵਾਨਾਥ ਪ੍ਰਤਾਪ ਸਿੰਘ ਵੇਲੇ ਦੋ ਕੰਪਨੀਆਂ ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

ਰਾਜੀਵ ਗਾਂਧੀ ਵੇਲੇ 16 ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ। 

ਐਚ ਡੀ ਗੌਡਵਾ ਵੇਲੇ 3 ਦਾ ਨਿਰਮਾਣ ਹੋਇਆ ਕੋਈ ਵਿਕੀ ਨਹੀਂ।

ਨਰਸਿਮਾ ਰਾਓ ਵੇਲੇ 14 ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

ਅਟੱਲ ਬਿਹਾਰੀ ਵਾਜਪਾਈ ਦੀ ਭਾਜਪਾ ਦੀ ਪਹਿਲੀ ਸਰਕਾਰ ਵੇਲੇ 17 ਕੰਪਨੀਆਂ ਦਾ ਨਿਰਮਾਣ ਹੋਇਆ ਅਤੇ ਅਜ਼ਾਦ ਭਾਰਤ ਦੇ ਇਤਹਾਸ ਵਿਚ ਪਹਿਲੀ ਵੇਰੀ ਬਾਜਪਾ ਨੇ 7 ਸਰਕਾਰੀ ਕੰਪਨੀਆਂ ਵੇਚੀਆਂ। 

ਡਾ: ਮਨਮੋਹਨ ਸਿੰਘ ਦੀ ਸਰਕਾਰ ਨੇ 23 ਕੰਪਨਿਆਂ ਦਾ ਨਿਰਮਾਣ ਕੀਤਾ ਅਤੇ 3 ਵਿਕੀਆਂ।

ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸੇ ਵੀ  ਇੱਕ ਸਰਕਾਰੀ ਕੰਪਨੀ ਦਾ ਨਿਰਮਾਣ ਨਹੀਂ ਕੀਤਾ ਪਰ 23 ਸਰਕਾਰੀ ਕੰਪਨੀਆਂ ਵੇਚ ਚੁੱਕਾ ਹੈ। ਇਹਨਾ ਕੰਪਨੀਆਂ ਵਿਚੋਂ ਲੋਕਾਂ ਨੂੰ ਕੱਢਣ ਤੋਂ ਪਹਿਲਾਂ ਉਹਨਾਂ ਦੀਆਂ ਪੈਨਸ਼ਨਾਂ ਅਤੇ ਹੋਰ ਭੱਤੇ ਬੰਦ ਕਰਕੇ ਪ੍ਰਧਾਨ ਮੰਤਰੀ ਇਹ ਕਹਿੰਦਾ ਸੁਣਦਾ ਹੈ ਕਿ "ਭਾਈਓ ਅਤੇ ਬਹਿਨੋਂ ਮੈਂ ਵੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਗਰੀਬ ਸੀ"। ਇਹ ਕੈਸਾ ਮਜ਼ਾਕ ਹੈ ਕਿ ਪ੍ਰਧਾਨ ਮੰਤਰੀ ਦੀ ਪਾਰਟੀ ਕਰੋੜਾਂ ਰੁਪਏ ਇਸੇ ਇਸ਼ਤਿਹਾਰਬਾਜ਼ੀ ‘ਤੇ ਖਰਚ ਕਰੀ ਜਾ ਰਹੀ ਹੈ ਕਿ ਉਹਨਾਂ ਦਾ ਆਗੂ ਕਦੀ ਚਾਹ ਵੇਚਦਾ ਸੀ ਤੇ ਬੜਾ ਗਰੀਬ ਸੀ। ਅੱਜ ਭਾਰਤ ਦੀ ਜੀ ਡੀ ਪੀ ਬੰਗਲਾ ਦੇਸ਼ ਤੋਂ ਵੀ ਨਿਘਰਦੀ ਜਾ ਰਹੀ ਹੈ ਪਰ ਹਾਕਮ ਧਿਰ ਕੇਵਲ ਹਿੰਦੁਤਵ ਦੀਆਂ ਡੀਂਗਾਂ ਮਾਰ ਕੇ ਅਤੇ ਮੰਦਰ ਮਸਜਿਦ ਦੀ ਰਾਜਨੀਤੀ ਦੇ ਸਿਰ "ਤੇ  ਦਿਨ ਕਟੀ ਕਰ ਰਹੀ ਹੈ।

ਜਲ੍ਹਿਆਂ ਵਾਲੇ ਬਾਗ ਦਾ ਦੂਜਾ ਸਾਕਾ ਹੋਣ ਦੀ ਤਿਆਰੀ- ਡਾ: ਕੇ. ਐਲ. ਗਰਗ

ਕੇਂਦਰ ਦੇ ਅੜੀਅਲ, ਉਲਾਰ ਅਤੇ ਪੱਖਪਾਤੀ ਰਵੱਈਏ ਕਾਰਨ ਪੰਜਬ, ਕਸ਼ਮੀਰ ਅਤੇ ਦੇਸ਼ ਦੇ ਅਨੇਕਾਂ ਹੋਰ ਸੂਬੇ ਬਰੂਦ ਦੇ ਢੇਰ "ਤੇ ਬੈਠੇ ਹਨ ਅਤੇ ਇਹ ਸੁਲਘਦੀ ਅੱਗ ਹੁਣ ਭਾਂਬੜ ਬਣਨ ਵਾਲੀ ਹੈ। ਇਸ ਸਬੰਧੀ ਅਸੀਂ ਇਥੇ ਇੱਕ ਦੂਰ ਅੰਦੇਸ਼ ਅਤੇ ਸਿਆਸੀ ਮਾਮਲਿਆਂ ਦੇ ਮਾਹਰ ਡਾ: ਕੇ ਐਲ ਗਰਗ ਦੇ ਵਿਚਾਰ ਦੇ ਰਹੇ ਹਾਂ ਜੋ ਕਿ ਭਾਰਤ ਦੀ ਭਵਿੱਖ ਦੀ ਹੋਣੀ ਵਲ ਇਸ਼ਾਰਾ ਕਰਦੇ ਹਨ—

ਕੇਂਦਰ ਨੇ ਬਾਕੀ ਸਾਰਾ ਕੁਝ ਸੂਬਿਆਂ ਤੋਂ ਹੌਲੀ ਹੌਲੀ ਖੋਹ ਲਿਆ ਅਤੇ ਹੁਣ ਇੱਕ ਖੇਤੀ ਬਚੀ ਸੀ ਜਿਸ ਨੂੰ ਖੋਹਣ ਵਾਸਤੇ ਕਾਨੂੰਨ ਬਣਾ ਦਿੱਤਾ ਹੈ। ਇਸ ਧੱਕੇ ਦੇ ਖਿਲਾਫ ਕਿਸਾਨੀ ਅੰਦੋਲਨ ਚਲ ਪਿਆ ਤਾਂ ਮਜਬੂਰੀ ਵਸ ਪੰਜਾਬ ਦੀ ਕਾਂਗਰਸ ਸਰਕਾਰ ਵੀ ਹਰਕਤ ਵਿਚ ਆ ਗਈ, ਜਦ ਕਿ ਪਹਿਲਾਂ ਜਦੋਂ ਸਰਵਿਸ ਟਰਾਂਸਪੋਰਟ ਐਕਟ ਬਣਿਆਂ ਅਤੇ ਜੀ ਐਸ ਟੀ ਲਾਗੂ ਕਰ ਦਿੱਤੀ ਤਾਂ ਕਾਂਗਰਸ ਸਰਕਾਰ ਬੋਲੀ ਨਹੀਂ ਸੀ। ਪੰਜਾਬ ਕਾਂਗਰਸ ਵਲੋਂ ਪਾਸ ਕੀਤੇ ਤਿੰਨ ਬਿੱਲ ਅਸਲ ਵਿਚ ਪਹਿਲਾਂ ਲਾਗੂ ਬਿੱਲਾਂ ਵਿਚ ਤਰਮੀਮਾਂ ਹਨ ਜੋ ਕਿ ਰਾਜਪਾਲ ਤੋਂ ਹੁੰਦੇ ਹੋਏ ਰਾਸ਼ਟਰਪਤੀ ਤਕ ਪਹੁੰਚਣਗੇ ਅਤੇ ਰਾਸ਼ਟਰਪਤੀ ਜਦੋਂ ਤਕ ਚਾਹੇ ਇਹਨਾਂ ਤਰਮੀਮਾਂ ਨੂੰ ਠੰਢੇ ਬਸਤੇ ਵਿਚ ਪਾ ਸਕਦਾ ਹੈ। 

ਇਸ ਵੇਲੇ ਸਭ ਤੋਂ ਵੱਡਾ ਖਿਲਵਾੜ ਤਾਂ ਭਾਰਤੀ ਸੰਵਿਧਾਨ ਨਾਲ ਹੋ ਰਿਹਾ ਹੈ ਕਿਓਂਕਿ ਜਿਹਨਾਂ ਉਦੇਸ਼ਾਂ ਨੂੰ ਮੁਖ ਰੱਖ ਕੇ ਇਹ ਸੰਵਿਧਾਨ ਬਣਾਇਆ ਸੀ ਭਾਜਪਾ ਸਰਕਾਰ ਉਹਨਾਂ ਉਦੇਸ਼ਾਂ ਤੋਂ ਉਲਟ ਜਾ ਰਹੀ ਹੈ ਜਦ ਕਿ ਕੇਂਦਰ ਦੀਆਂ ਪਹਿਲੀਆਂ ਸਰਕਾਰਾਂ ਨੇ ਵੀ ਇਹ ਸੰਵਿਧਾਨਕ ਧਰੋਹ ਕੀਤੇ ਹਨ। ਪੰਜਾਬੀਆਂ ਅਤੇ ਵਿਸ਼ੇਸ ਕਰਕੇ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤਾਂ ਕਿ ਉਹ ਆਪਣੇ ਖਿੱਤੇ ਵਿਚ ਅਜ਼ਾਦੀ ਦਾ ਨਿੱਘ ਮਾਣ ਸਕਣ। ਭਾਰਤ ਦੀ ਅਜ਼ਾਦੀ ਤੋਂ ਸ਼ੁਰੂ ਹੁੰਦਿਆਂ ਹੀ ਕੇਂਦਰ ਵਿਚ ਰਾਜ ਕਰ ਰਹੀ ਹਰ ਸਰਕਾਰ ਨੇ ਸੂਬਾ ਸਰਕਾਰਾਂ ਦੇ ਅਧਿਕਾਰ ਖੋਹਣੇ ਸ਼ੁਰੂ ਕਰ ਦਿੱਤੇ। 

ਕੇਂਦਰ ਅਤੇ ਰਾਜਾਂ ਦੇ ਸਬੰਧਾਂ ਪ੍ਰਤੀ ਭਾਰਤੀ ਸੰਵਿਧਾਨ ਵਿਚ ਤਿੰਨ ਸੂਚੀਆਂ ਹਨ। ਪਹਿਲੀ ਸੂਚੀ ਵਿਚ ਉਹ ਸਾਰੇ ਅਧਿਕਾਰ ਸ਼ਾਮਲ ਹਨ ਜਿਹਨਾ ਤਹਿਤ ਕੇਂਦਰ ਨੇ ਕਾਨੂੰਨ ਬਨਾਉਣੇ ਅਤੇ ਲਾਗੂ ਕਰਨੇ ਹੁੰਦੇ ਹਨ, ਜਿਵੇਂ ਕਿ ਕਰੰਸੀ, ਰੇਲਵੇ,ਡਾਕ, ਰੱਖਿਆ ਅਤੇ ਬਿਦੇਸ਼ ਮਹਿਕਮੇ ਹਨ, ਇਹ ਸਾਰੇ ਅਧਿਕਾਰ ਕੇਂਦਰ ਕੋਲ ਹਨ। ਦੂਜੀ ਸੂਚੀ ਵਿਚ ਉਹ ਮਹਿਕਮੇ ਅਤੇ ਅਧਿਕਾਰ ਹਨ ਜਿਹਨਾ ‘ਤੇ ਸੂਬੇ ਨੇ ਕਾਨੂੰਨ ਬਨਾਉਣੇ ਅਤੇ ਲਾਗੂ ਕਰਨੇ ਹੁੰਦੇ ਹਨ ਜਦ ਕਿ ਤੀਜੀ ਸੂਚੀ ਸਾਂਝੇ ਅਧਿਕਾਰਾਂ ਦੀ ਹੈ ਜਿਥੇ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਰਲ ਕੇ ਕੰਮ ਕਰਨਾ ਹੁੰਦਾ ਹੈ।

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਖੇਤੀ ਸਬੰਧੀ ਅਧਿਕਾਰ ਨਾ ਤਾਂ ਕੇਂਦਰ ਦੀ ਸੂਚੀ ਵਿਚ ਹਨ ਅਤੇ ਨਾ ਹੀ ਸਾਂਝੀ ਸੂਚੀ ਵਿਚ ਹਨ ਸਗੋਂ ਇਹ ਨਿਰੋਲ ਸੂਬਾਈ ਸਰਕਾਰਾਂ ਦੇ ਅਧਿਕਾਰਾਂ ਹੇਠ ਹਨ। ਮੌਜੂਦਾ ਤਿੰਨੇ ਖੇਤੀ ਕਾਨੂੰਨ ਸੂਬੇ ਦੀ ਸੂਚੀ ਦੀ ੧੪ਵੀਂ ਮੱਦ ‘ਤੇ ਦਰਜ ਹਨ। ਇਸੇ ਸੂਚੀ ਦੀ 28ਵੀਂ ਮੱਦ ਮੰਡੀਕਰਨ ਬਾਰੇ ਹੈ ਜਿਸ ਦਾ ਅਧਿਕਾਰ ਸੂਬੇ ਕੋਲ ਹੈ ਨਾ ਕਿ ਕੇਂਦਰ ਕੋਲ। ਕੇਂਦਰ ਨੇ ਸਿੱਖਿਆ ,ਸਿਹਤ ਦੇ ਨਾਲ ਨਾਲ ਅਨੇਕਾਂ ਹੋਰ ਮਹਕਮਿਆਂ ਦੇ ਅਧਿਕਾਰ ਆਪਣੇ ਹੱਥਾਂ ਹੇਠ ਲੈ ਲਏ ਜਿਹਨਾਂ ਦਾ ਕਿ ਕਦੀ ਜਨਤਾ ਵਿਚ ਚਰਚਾ ਤਕ ਨਹੀਂ ਹੋਇਆ ਮਿਸਾਲ ਦੇ ਤੌਰ ਤੇ ਵਾਹਨਾਂ ਦੀ ਲਾਇਸੰਸ ਅਤੇ ‘ਆਰ.ਸੀ’ ਆਦਿ ਦੇ ਅਧਿਕਾਰ ਵੀ ਨਿਤਨ ਗਡਕਰੀ ਨੇ ਸਰਵਿਸ ਟਰਾਂਸਪੋਰਟ ਐਕਟ ਬਣਾ ਕੇ ਕੇਂਦਰ ਹੇਠ ਕਰ ਲਏ। ਸੂਬੇ ਦੇ ਟੈਕਸ ਦੇ ਅਧਿਕਾਰਾਂ ਨੂੰ ਜੀ ਐਸ ਟੀ ਦੇ ਨਾਮ "ਤੇ ਕੇਂਦਰ ਨੇ ਖੋਹ ਲਿਆ ਤਾਂ ਹੁਣ ਕੇਵਲ ਖੇਤੀ ਬਾਕੀ ਸੀ ਜਿਸ ਨੂੰ ਖੇਤੀ ਆਰਡੀਨੈਂਸ ਜਾਰੀ ਕਰਕੇ ਕੇਂਦਰ ਕਬਜੇ ਵਿਚ ਕਰ ਚੁੱਕਾ ਹੈ।  

ਇਹਨਾਂ ਤੋਂ ਇਲਾਵਾ ਕੇਂਦਰ ਨੇ ਇੱਕ ਤਰੀਕਾ ਹੋਰ ਵਰਤਿਆ ਕਿ ਜਿਹਨਾਂ ਅਧਿਕਾਰਾਂ ਪ੍ਰਤੀ ਕੇਂਦਰ ਨੂੰ ਲਾਲਸਾ ਹੋਵੇ ਉਹਨਾਂ ਨੂੰ ਸਾਂਝੀ ਸੂਚੀ ਵਿਚ ਪਾ ਕੇ ਹਥਿਆ ਲਿਆ ਜਾਂਦਾ ਹੈ ਜਿਵੇਂ ਕਿ ਮੈਡੀਕਲ ਸਿੱਖਿਆ ਨੂੰ ਸਾਂਝੀ ਸੂਚੀ ਵਿਚ ਪਾ ਦਿੱਤਾ। ਸੂਬਾ ਸਰਕਾਰਾਂ ਨੂੰ ਕੇਂਦਰ "ਤੇ ਨਿਰਭਰ ਕਰਨ ਲਈ ਪਹਿਲਾਂ ਕੁਝ ਲਾਲਚ ਦਿਤੇ ਜਾਣ ਲੱਗ ਪਏ ਕਿ ਸਬੰਧਤ ਮਹਿਕਮੇ ਵਿਚ ਪਹਿਲਾਂ ਫੰਡ ਦੇ ਦਿੱਤੇ ਜਾਣ ਅਤੇ ਫਿਰ ਰੋਕ ਦਿੱਤੇ ਜਾਣ ਤਾਂ ਕਿ ਇਹ ਬਹਾਨਾ ਬਣਾਇਆ ਜਾਵੇ ਕਿ ਇਹ ਮਹਿਕਮਾ ਤਾਂ ਤੁਹਾਡੇ ਕੋਲੋਂ ਚਲਦਾ ਨਹੀਂ ਇਸ ਕਰਕੇ ਕੇਂਦਰ ਕੋਲ ਜਾਣਾ ਜਰੂਰੀ ਹੈ। ਇਹਨਾਂ ਕਾਨੂੰਨਾਂ ਦੀ ਆੜ ਵਿਚ ਸੰਨ 1947 ਤੋਂ ਕੇਂਦਰ ਪੰਜਾਬ ਨਾਲ ਮਿਥ ਕੇ ਵਧੀਕੀਆਂ ਕਰਦਾ ਆ ਰਿਹਾ ਹੈ ਜਦ ਕਿ ਕੇਂਦਰ ਨਾਲ ਭਾਈਵਾਲ ਪੰਜਾਬ ਦੀਆਂ ਸਥਾਨਕ ਸਰਕਾਰਾਂ ਨੇ ਵੀ ਸੂਬੇ ਨੂੰ ਬਚਾਉਣ ਲਈ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ।   

ਬੇਸ਼ਕ ਪੰਜਾਬ ਨੇ ਦੇਸ਼ ਦੀ ਅਜ਼ਾਦੀ ਵਿਚ ਵਿੱਤੋਂ ਵੱਧ ਹਿੱਸਾ ਪਾਇਆ ਅਤੇ ਸਿੱਖਾਂ ਨੇ ਅੰਗ੍ਰੇਜ਼ ਤੋਂ ਆਪਣੇ ਵੱਖਰੇ ਅਧਿਕਾਰ ਲੈਣ ਦੀ ਬਜਾਏ ਭਾਰਤ ਨਾਲ ਰਹਿਣ ਨੂੰ ਤਰਜੀਹ ਦਿੱਤੀ ਸੀ ਜਦ ਕਿ ਕਮਿਊਨਲ ਅਵਾਰਡ ਤਹਿਤ 3 ਕੌਮਾਂ ਨੂੰ ਮਾਨਤਾ ਦਿੱਤੀ ਗਈ ਸੀ ਜਿਸ ਮੁਤਾਬਕ ਸਿੱਖਾਂ ਨੇ ਆਪਣੇ ਸਿੱਖ ਵਿਧਾਇਕਾਂ ਨੂੰ, ਮੁਸਲਮਾਨ ਮੁਸਲਮਾਨਾਂ ਨੂੰ ਅਤੇ ਹਿੰਦੂਆਂ ਨੇ ਹਿੰਦੂਆਂ ਨੂੰ ਵੋਟ ਪਉਣੀ ਸੀ। ਉਸ ਦੀ ਆੜ ਵਿਚ ਹੀ ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਪਾਕਿਸਤਾਨ ਬਣਾ ਲਿਆ ਸੀ ਜਦ ਕਿ ਦੇਸ਼ ਦੇ ਹਿੰਦੂਆਂ ਨੇ ਭਾਰਤ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਜੋ ਯੂਨੀਅਨ ਆਫ ਸਟੇਟ ਦਾ ਸਾਂਝਾ ਰਾਸ਼ਟਰ ਬਣਨਾ ਸੀ। ਪੰਜਾਬ ਦੇ ਸਿੱਖਾਂ ਨੇ ਆਪਣੀ ਕਿਸਮਤ ਨੂੰ ਇਸ ਯੂਨੀਅਨ ਆਫ ਸਟੇਟ ਦੇ ਸੰਕਲਪ ਨਾਲ ਜੋੜਨ ਦਾ ਫੈਸਲਾ ਲਿਆ । ਜਦੋਂ ਭਸ਼ਾਈ ਅਧਾਰ ‘ਤੇ ਸੂਬਿਆਂ ਦਾ ਗਠਨ ਹੋਇਆ ਤਾਂ ਦੇਸ਼ ਦੀਆਂ 14 ਬੋਲੀਆਂ ਵਿਚ ਪੰਜਾਬੀ ਵੀ ਇੱਕ ਭਾਸ਼ਾ ਸੀ। ਦੇਸ਼ ਦੀ ਅਜ਼ਾਦੀ ਦੇ ਤੁਰੰਤ ਬਾਅਦ ਸਿੱਖਾਂ (ਪੰਜਾਬੀਆਂ) ਨੂੰ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬੇ ਦੀ ਲੜਾਈ ਲੜਨੀ ਪਈ ਜਦ ਕਿ ਬਾਕੀ ਸੂਬਿਆਂ ਨੂੰ ਇਹ ਅਧਿਕਾਰ ਬਿਨਾ ਲੜਿਆਂ ਪ੍ਰਾਪਤ ਹੋ ਗਿਆ ਸੀ। ਪੰਜਾਬੀਆਂ ਦੇ ਖਾੜਕੂ ਸੁਭਾਅ ਤੋਂ ਵਾਕਫ ਹੋਣ ਕਾਰਨ ਕੇਂਦਰ ਇਸ ਨੂੰ ਮਿਲਗੋਭਾ ਸੂਬਾ ਰੱਖ ਕੇ ਸੁਰੱਖਿਅਤ ਮਹਿਸੂਸ ਕਰਦਾ ਸੀ। 

16 ਸਾਲ ਦੀ ਲੰਬੀ ਜੱਦੋਜਹਿਦ ਮਗਰੋਂ ਲੰਗੜਾ ਪੰਜਾਬੀ ਸੂਬਾ ਬਣਿਆ ਜਿਸ ਵਿਚੋਂ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ। ਇੱਕ ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ । ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਬੜਾ ਟੁੱਟਾ ਫੁੱਟਾ ਪੰਜਾਬੀ ਸੂਬਾ ਬਣਾਇਆ। ਪੰਜਾਬ ਨੂੰ ਨਾਂ ਤਾਂ ਆਪਣੀ ਰਾਜਧਾਨੀ ਦਿੱਤੀ ਅਤੇ ਭਾਖੜਾ ਡੈਮ ਜੋ ਕਿ ਬਣਿਆ ਹੀ ਪੰਜਾਬ ਲਈ ਸੀ, ਥੀਨ ਡੈਮ ਪੰਜਾਬ ਲਈ ਬਣਨਾ ਸੀ ਅਤੇ ਬਿਆਸ ਵਾਲਾ ਡੈਮ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਲਈ ਬਣਨਾ ਸੀ ਪਰ ਉਸ ਤੇ ਵੀ "ਬੀ ਬੀ ਐਮ ਬੀ" ਦੇ ਨਾਮ ਤੇ ਕੇਂਦਰ ਨੇ ਕਬਜਾ ਕਰ ਲਿਆ। ਪੰਜਾਬ ਯੂਨੀਵਰਸਿਟੀ ਜੋ ਕਿ ਪਹਿਲਾਂ ਵੀ ਲਹੌਰ ਵਿਚ ਸੀ ਭਾਵ ਕਿ ਪੰਜਾਬ ਵਿਚ ਸੀ ਉਸ "ਤੇ ਵੀ ਕੇਂਦਰ ਨੇ ਕਬਜਾ ਕਰ ਲਿਆ। ਹਿਮਾਚਲ ਯੂਨੀਅਨ ਟੈਰੇਟਰੀ ਸੀ ਪਰ ਉਸ ਨੂੰ ਬਤੌਰ ਸੂਬੇ ਦਾ ਦਰਜਾ ਦੇ ਦਿੱਤਾ ਅਤੇ ਧਰਮਸ਼ਾਲਾ, ਕਾਂਗੜਾ ਅਤੇ ਊਨਾ ਵਗੈਰਾ ਪੰਜਾਬੀ ਬੋਲਦੇ ਸਾਰੇ ਇਲਾਕੇ ਪੰਜਾਬ ਤੋਂ ਖੋਹ ਲਏ । ਇਸੇ ਤਰਾਂ ਸਰਸਾ ਦੇ ਆਲੇ ਦੁਆਲੇ ਬਾਗੜੀ ਨਾਮ ਦੀ ਪੰਜਾਬੀ ਦੀ ਉੱਪ ਬੋਲੀ ਬੋਲੀ ਜਾਂਦੀ ਹੈ, ਕੈਥਲ ਅਤੇ ਪੱਤਣਾ ਤੋਂ ਅੱਗੇ ਨਿਰਵਾਣਾ ਦੇ ਆਸ ਪਾਸ ਦੇ ਇਲਾਕੇ ਜਿਥੇ ਕਿ ਬਾਂਗੜੂ ਨਾਮ ਦੀ ਪੰਜਾਬੀ ਦੀ ਉੱਪ ਭਾਸ਼ਾ ਬੋਲੀ ਜਾਂਦੀ ਹੈ ਇਸ ਤਰਾਂ ਦੇ ਅਨੇਕਾਂ ਇਲਾਕੇ ਪੰਜਾਬ ਤੋਂ ਖੋਹ ਲਏ ਗਏ।

ਲੰਗੜੇ ਪੰਜਾਬੀ ਸੂਬੇ ਤੋਂ ਬਾਅਦ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਲਈ ਫਿਰ ਸੰਘਰਸ਼ ਕਰਨਾ ਪਿਆ। ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ਤਾਂ ਪੰਜਾਬ ਨੂੰ ਬਲਦੀ ਦੇ ਬੂਥੇ ਜਾਣਾ ਪਿਆ। ਸੰਨ 1975 ਵਿਚ ਜਿਸ ਵੇਲੇ ਇੰਦਰਾਂ ਨੇ ਐਮਰਜੈਂਸੀ ਲਾਈ ਤਾਂ 19 ਮਹੀਨੇ ਸਿੱਖਾਂ (ਪੰਜਾਬੀਆਂ) ਨੂੰ ਸੰਘਰਸ਼ ਕਰਨਾ ਪਿਆ । ਅਕਾਲੀ ਦਲ 19 ਮਹੀਨੇ ਹਰ ਦਿਨ 5 ਬੰਦੇ ਜਿਹਲ ਵਿਚ ਭੇਜਦਾ ਰਿਹਾ ਅਤੇ ਸੂਬੇ ਦੀਆਂ ਜਿਹਲਾਂ ਭਰ ਦਿੱਤੀਆਂ ਜਦ ਕਿ ਭਾਰਤ ਵਿਚ ਹੋਰ ਕਿਸੇ ਵੀ ਸੂਬੇ ਵਿਚ ਐਮਰਜੈਂਸੀ ਦਾ ਏਨਾ ਵਿਰੋਧ ਨਹੀਂ ਹੋਇਆ। 

ਸੰਵਿਧਾਨਕ ਬਣਤਰ ਮੁਤਾਬਕ ਕੇਂਦਰ ਅਤੇ ਸੂਬੇ ਦੇ ਸਬੰਧ ਬਰਾਬਰ ਦੇ ਸਹਿਯੋਗੀਆਂ ਦੇ ਹਨ ਜਦ ਕਿ ਅਜ਼ਾਦ ਭਾਰਤ ਵਿਚ ਸ਼ੁਰੂ ਤੋਂ ਹੀ ਕੇਂਦਰ ਵਿਚ ਬੈਠੀਆਂ ਸਰਕਾਰਾਂ ਸੂਬਿਆਂ ਨੂੰ ਆਪਣੇ ਅਧੀਨ ਸਮਝਦੀਆਂ ਰਹੀਆਂ ਹਨ। ਸੂਬਿਆਂ ਦੇ ਸੰਵਿਧਾਨਕ ਹੱਕਾਂ ਨੂੰ ਤੋੜਨ ਦੀ ਪਹਿਲ ਕੇਂਦਰ ਨੇ ਕੀਤੀ ਜਦ ਕਿ ਹੁਣ ਅੱਤ ਹੋ ਚੁੱਕੀ ਹੈ। ਹੁਣ ਤਾਂ ਸੂਬੇ ਵਿਚ ਨਾਮ ਦੀ ਸਰਕਾਰ ਹੈ ਜਦ ਕਿ ਕਰੋਨਾ ਦੌਰਾਨ ਸਾਡੇ ਪਟਿਆਲੇ ਜ਼ਿਲੇ ਵਿਚ ਕਿਹੜੀ ਦੁਕਾਨ ਖੋਹਲਣੀ ਜਾਂ ਕਿਹੜੀ ਨਹੀਂ ਖੋਹਲਣੀ ਹੈ ਦਾ ਫੈਸਲਾ ਵੀ ਕੇਂਦਰ ਤੋਂ ਅਉਂਦਾ ਹੈ। ਕਿਸ ਘਰ ਨੂੰ ਇਕਾਂਤਵਾਸ ਕਰਨਾ ਹੈ ਇਹ ਫੈਸਲਾ ਵੀ ਦਿੱਲੀ ਤੋਂ ਅਉਂਦਾ ਹੈ। ਕੇਂਦਰ ਦਾ ਇਹ ਰਵਈਆ ਸੰਵਿਧਾਨਕ, ਵਿਹਾਰਕ ਜਾਂ ਟੈਕਨੀਕਲ ਤੌਰ ‘ਤੇ ਵੀ ਠੀਕ ਨਹੀਂ ਹੈ ਕਿਓਂਕਿ ਜੇ ਬਿਮਾਰੀ ਨੂੰ ਕਾਬੂ ਕਰਨਾ ਹੈ ਤਾਂ ਇਸ ਦੀ ਖਬਰ ਸਥਾਨਕ ਸਰਕਾਰ ਨੂੰ ਹੋਣੀ ਚਾਹੀਦੀ ਹੈ ਨਾ ਕਿ ਦਿੱਲੀ ਨੂੰ । 

ਹੁਣ ਅੱਤ ਇਹ ਵੀ ਹੋ ਗਈ ਕਿ ਜਿਸ ਪੰਜਾਬ ਦੇ 55% ਪਰਿਵਾਰ ਖੇਤੀ ‘ਤੇ ਪਲ ਰਹੇ ਹਨ ਉਹ ਆਖਰੀ ਹੱਕ ਵੀ ਪੰਜਾਬ ਤੋਂ ਖੋਹਿਆ ਜਾ ਰਿਹਾ ਹੈ। ਹੁਣ ਪੰਜਾਬ ਆਪਣੇ ਜਿਊਂਦੇ ਰਹਿਣ ਦੀ ਲੜਾਈ ਲੜ ਰਿਹਾ ਹੈ।ਇਸ ਵੇਲੇ ਪਟਿਆਲੇ ਵਿਚ ਪਾਣੀ ਦੀ ਬੋਤਲ 63 ਰੁਪਏ ਵਿਚ ਵਿਕ ਰਹੀ ਹੈ ਭਾਵੇਂ ਕਿ ਉਸ ਦੀ ਲਿਖੀ ਹੋਈ ਕੀਮਤ 20 ਰੁਪਏ ਹੈ। ਪਾਣੀ 63 ਰੁਪਏ ਲੀਟਰ ਅਤੇ ਵੇਰਕਾ ਦੇ ਦੁੱਧ ਦੀ ਬੋਤਲ 45 ਰੁਪਏ ਵਿਚ ਵਿਕ ਰਹੀ ਹੈ ਕੀ ਇਸ ਤੋਂ ਵੱਡਾ ਕੋਈ ਜ਼ੁਲਮ ਹੋਰ ਹੋ ਸਕਦਾ ਹੈ?

ਮੌਜੂਦਾ ਕਿਸਾਨ ਅੰਦੋਲਨ ਬੜੀ ਸ਼ਾਨੋਸ਼ੌਕਤ ਨਾਲ ਚੱਲ ਰਿਹਾ ਹੈ ਜਿਸ ਨੂੰ ਦਬਾਉਣ ਲਈ ਸਰਕਾਰ ਹਰ ਹੱਥ ਕੰਡਾ ਵਰਤੇਗੀ ਪਰ ਪੰਜਾਬੀ ਸਿਰ ਦੇਣਾ ਜਾਣਦੇ ਹਨ ਅਤੇ ਇਹ ਅੰਦੋਲਨ ਜਿੱਤਣਗੇ। ਪੰਜਾਬ ਨੇ ਪਹਿਲ ਕੀਤੀ ਹੈ ਚੰਗਾ ਹੋਵੇ ਕਿ ਸਭ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣ। ਇਥੇ ਇੱਕ ਗੱਲ ਦਾ ਜ਼ਿਕਰ ਕਰਨਾ ਜਰੂਰੀ ਹੈ ਕਿ ਜਿਸ ਤਰਾਂ ਖੇਤੀ ਬਿੱਲਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ ਮੋਦੀ ਨੇ ਧੱਕੇ ਨਾਲ ਪਾਸ ਕਰਵਾਇਆ ਠੀਕ ਏਹੋ ਜਿਹਾ ਰਵਈਆ ਹੀ ਕੈਪਟਨ ਦਾ ਪੰਜਾਬ ਵਿਧਾਨ ਸਭਾ ਵਿਚ ਰਿਹਾ ਹੈ ਕਿ ਪ੍ਰਸਤਾਵਤ ਬਿੱਲਾਂ ਦੀਆਂ ਕਾਪੀਆਂ ਅਗਾਊਂ ਵਿਰੋਧੀ ਧਿਰਾਂ ਨੂੰ ਨਾ ਦਿੱਤੀਆਂ ਗਈਆਂ ਅਤੇ ਬਹਿੰਸ ਵਾਲੇ ਦਿਨ ਵੀ ਵਿਰੋਧੀ ਧਿਰ ਵਲੋਂ ਇਹ ਬਿੱਲ ਪੜ੍ਹਨ ਲਈ ਅੱਧੇ ਘੰਟੇ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ। ਇਹ ਕਾਰਵਾਈਆਂ ਲੋਕ ਰਾਜੀ ਕੀਮਤਾਂ ‘ਤੇ ਧੱਬਾ ਹਨ।

ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਹੁਣ ਜਾਗ ਪਿਆ ਹੋਵੇ। ਹੁਣ ਤਾਂ ਇਹ ਵੀ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਇਸ ਸੰਘਰਸ਼ ਵਿਚੋਂ ਕੋਈ ਨਵੀਂ ਲੀਡਰਸ਼ਿਪ ਉੱਭਰੇਗੀ ਜਿਸ ਦੇ ਨਾਲ ਨਾਲ ਪੂਰੇ ਦੇਸ਼ ਵਿਚ ਨਵੀਂ ਲੀਡਰਸ਼ਿਪ ਪੈਦਾ ਹੋ ਸਕਦੀ ਹੈ। ਇਹ ਹੁਣ ਇੱਕ ਨਵੇਂ ਇਨਕਲਾਬ ਦਾ ਸੂਰਜ ਉਦੇ ਹੋ ਰਿਹਾ ਹੈ ਜਿਸ ਨੂੰ ਦਬਾਉਣ ਲਈ ਕੇਂਦਰ ਮੁੜ ਜਲਿਆਂਵਾਲੇ ਬਾਗ ਦਾ ਸਾਕਾ ਵਰਤਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸ਼ਾਂਤਮਈ ਅੰਦੋਲਨ ਤਿਵੇਂ ਹੀ ਚਲ ਰਿਹਾ ਹੈ ਜਿਵੇਂ ਕਿ ਕਦੀ ਭਾਰਤ ਦੀ ਅਜ਼ਾਦੀ ਦਾ ਅੰਦੋਲਨ ਚਲਿਆ ਸੀ ਅਤੇ ਇਸ ਅੰਦੋਲਨ ਤੋਂ ਬਹੁਤ ਆਸਾਂ ਹਨ।

Monday, July 29, 2019

ਬਿਹਾਰ ਵਿੱਚ ਪੱਤਰਕਾਰ ਪ੍ਰਦੀਪ ਮੰਡਲ ਦਾ ਗੋਲੀ ਮਾਰ ਕੇ ਕਤਲ

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ 'ਤੇ ਫਰਾਰ 
ਮਧੂਬਨੀ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਇੱਕ ਹੋਰ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰ ਘਟਨਾ ਵਾਪਰੀ ਹੈ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਥਾਣਾ ਪੰਡੋਲ ਵਿੱਚ ਪੈਂਦੇ ਸਰਿਸਬ ਪਾਹੀ ਬਾਜ਼ਾਰ ਵਿੱਚ। ਇਹ ਵਾਰਦਾਤ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਮੌਤ ਦਾ ਸ਼ਿਕਾਰ ਹੋਏ ਪੱਤਰਕਾਰ ਪ੍ਰਦੀਪ ਮੰਡਲ ਦੀ ਉਮਰ ਅਜੇ ਸਿਰਫ 36 ਸਾਲਾਂ ਦੀ ਸੀ ਅਤੇ ਉਹ ਇੱਕ ਕੌਮੀ ਪੱਧਰ ਦੇ ਅਖਬਾਰ ਲਈ ਸਟਰਿੰਗਰ ਵੱਜੋਂ ਕੰਮ ਕਰਦੇ ਸਨ।  ਇਸ ਕਤਲ ਨੇ ਇੱਕ ਵਾਰ ਫੇਰ ਮੀਡੀਆ ਦੀ ਚੁਣੌਤੀਆਂ ਭਰੀ ਸਥਿਤੀ ਨੂੰ ਸਾਹਮਣੇ ਲੈ ਆਂਦਾ ਹੈ। 
ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਜਿੰਨੀਆਂ ਮਰਜ਼ੀ ਗਾਹਲਾਂ ਕੱਢ ਲਈਆਂ ਜਾਣ ਪਰ ਹਕੀਕਤ ਇਹੀ ਹੈ ਕਿ ਮੀਡੀਆ ਲਈ ਕੰਮ ਕਰਨ ਵਾਲੇ ਅਸਲੀ ਕਿਰਤੀ ਪੱਤਰਕਾਰ ਲਗਾਤਾਰ ਦਬਾਅ ਹੇਠ ਹਨ। ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਘੰਟੇ ਕੰਮ ਕਰਨਾ ਪੈਣਾ ਹੈ। ਡੈਸਕ ਵਾਲਿਆਂ ਦੀ ਹਾਲਤ ਜ਼ਿਆਦਾ ਖਰਾਬ ਹੈ ਜਦਕਿ ਫੀਲਡ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ। ਜਦੋਂ ਕਿਸੇ ਪਤਰਕਾਰ ਨੂੰ ਕੋਈ ਵਿਸ਼ੇਸ਼ ਸਟੋਰੀ ਕਵਰ ਕਰਨ ਦੀ ਡਿਊਟੀ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਉਸਨੂੰ ਹਰ ਮਾਮਲੇ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਕੁ ਖਤਰਿਆਂ ਨੂੰ ਸਹੇੜਨ ਵਾਲਾ ਹੈ। ਸਿਰਫ ਕੁਝ ਕੁ ਮਾਮਲੇ ਹੁੰਦੇ ਹਨ ਜਿਹਨਾਂ ਦਾ ਉਸਨੂੰ ਅੰਦਾਜ਼ਾ ਲੱਗ ਸਕਦਾ ਹੁੰਦਾ ਹੈ। ਜੇ ਸਟੋਰੀ ਵਿੱਚੋਂ ਕੋਈ ਵੱਡਾ ਇਸ਼ਤਿਹਾਰੀ ਗੇਮ ਨਿਕਲਦੀ ਵੀ ਹੈ ਤਾਂ ਪੱਤਰਕਾਰ ਨੂੰ ਸਿਰਫ ਉਸਦੀ ਨਿਸਚਿਤ ਕਮਿਸ਼ਨ ਹੀ ਮਿਲਦੀ ਹੈ। ਇਸ ਫਾਇਦੇ ਦੇ ਨਾਲ ਨਾਲ ਉਸਨੂੰ ਕਦੋਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋਣਾ ਪੈ ਜਾਵੇ ਇਹ ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ। 
ਪੰਡਾਲ ਥਾਣੇ ਦੇ ਮੁਖੀ ਅਨੁਜ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਦੀ ਲਾਸ਼ ਦਾ ਪੋਸਟ ਮਾਰਟਮ ਜ਼ਿਲਾ ਸਦਰ ਹਸਪਤਾਲ ਵਿੱਚ ਕਰਾਇਆ ਗਿਆ ਹੈ ਅਤੇ ਪਹਿਲੀ ਨਜ਼ਰੇ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। 
ਗੋਲੀਆਂ ਚਲਾਉਣ ਮਗਰੋਂ ਦੋਵੇਂ ਹਮਲਾਵਰ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਹਮਲਾਵਰ ਸਨ ਸੁਸ਼ੀਲ ਸ਼ਾਹ ਅਤੇ ਅਸ਼ੋਕ ਕਾਮਤ। ਦੋਹਾਂ ਦਾ ਪਿਛੋਕੜ ਵੀ ਮੁਜਰਿਮਾਨਾ ਰਿਕਾਰਡ ਵਾਲਾ ਹੈ। 
ਪੱਤਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਇਸ ਕਤਲ ਦੀ ਸਖਤ ਨਿਖੇਧੀ ਕੀਤੀ ਹੈ। ਬਿਹਾਰ ਦੀ ਪ੍ਰਮੁੱਖ ਸਿਆਸੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੇ ਵੀ ਇਸ ਕਤਲ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ਆਰ ਜੇ ਡੀ ਦੇ ਐਮ ਐਲ ਏ ਅਤੇ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਇਸ ਕਤਲ ਤੋਂ ਸਾਫ ਜ਼ਾਹਿਰ ਹੈ ਕਿ ਬਿਹਾਰ ਦੀ ਅਮਨ ਕਾਨੂੰਨ  ਦੀ ਹਾਲਤ ਕਿੰਨੀ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਏ।  
ਪੀਪਲਜ਼ ਮੀਡੀਆ ਲਿੰਕ ਨੇ ਵੀ ਇਸ ਕਤਲ ਦੀ ਤਿੱਖੀ ਨਿਖੇਧੀ ਕੀਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਕਿਹਾ ਕਿ ਆਏ ਦਿਨ ਪੱਤਰਕਾਰਾਂ 'ਤੇ ਵੱਧ ਰਹੇ ਹਮਲੇ ਇੱਕ ਖਤਰਨਾਕ ਸੰਕੇਤ ਹਨ। ਆਉਣ ਵਾਲਾ ਸਮਾਂ ਜ਼ਿਆਦਾ ਭਿਆਨਕ ਲੱਗ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਦੇਖਦਿਆਂ ਪੱਤਰਕਾਰਾਂ ਨੂੰ ਜਲਦੀ ਤੋਂ ਜਲਦੀ ਇੱਕ ਜੁੱਟ ਹੋਣਾ ਚਾਹੀਦਾ ਹੈ। 

Sunday, October 15, 2017

ਪ੍ਰੈਸ ਲਾਇਨਜ਼ ਕਲੱਬ ਘਟੀਆ ਸਿਆਸਤ ਕਾਰਨ ਹੋਈ ਫੇਰ ਦੁਫਾੜ

ਸਰਗਰਮ ਪੱਤਰਕਾਰਾਂ ਖਿਲਾਫ ਐਕਸ਼ਨ ਦੀ ਸ਼ੁਰੂਆਤ ਕਿਸ ਦੇ ਇਸ਼ਾਰੇ ਉੱਤੇ? 
ਲੁਧਿਆਣਾ: 18 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈਸ ਲਾਇਨਜ਼ ਕਲੱਬ ਫਿਰ ਚਰਚਾ ਵਿੱਚ ਹੈ।  ਵਟਸਐਪ ਗਰੁੱਪ ਵਿੱਚ ਇਹ ਚਰਚਾ ਅੱਜ ਵੀ ਭਖੀ  ਹੋਈ ਸੀ। ਸੋਚਿਆ ਕਿਓਂ ਨਾ ਕਰੀਬ ਇੱਕ ਮਹੀਨਾ ਪਿਛੇ ਚੱਲੀਏ ਜਦੋਂ ਇਸ ਚਰਚਾ ਦਾ ਮੁੱਢ ਬੱਝਾ ਸੀ। ਇੱਕ ਜਰਨਲਿਸਟ ਸਾਥੀ ਦਾ ਐਕਸੀਡੈਂਟ ਹੋ ਗਿਆ। ਲੋਕ ਦੂਰੋਂ ਦੂਰੋਂ ਹਾਲ ਪੁੱਛਣ ਲਈ ਆਏ ਪਰ ਆਪਣੇ ਸਾਥੀਆਂ ਵਿੱਚੋਂ ਹੀ ਕਿਸੇ ਨੇ ਉਸਨੂੰ ਅਹੁਦੇ ਤੋਂ "ਫਾਰਗ" ਕਰ ਦਿੱਤਾ ਅਤੇ ਬਾਕੀਆਂ ਨੇ "ਸਹਿਮਤੀ" ਦੇ ਦਿੱਤੀ। ਜਦੋਂ ਇਹ ਕੁਝ ਕਰਨ ਵਾਲੇ ਅਜਿਹੇ ਲੋਕ ਏਕਤਾ ਦੇ ਦਾਅਵੇ ਕਰਦੇ ਹਨ ਤਾਂ ਹਾਸਾ ਆਉਂਦਾ ਹੈ। ਕਿਸੇ ਵੇਲੇ "ਪ੍ਰੈਸ ਲਾਇਨਜ਼ ਕਲੱਬ" ਪੱਤਰਕਾਰਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਇੱਕ ਸਿਰਮੌਰ ਜੱਥੇਬੰਦੀ ਸੀ। ਇਸਨੇ ਪੱਤਰਕਾਰਾਂ ਨੂੰ ਇੱਕ ਮੰਚ ਥੱਲੇ ਲਾਮਬੰਦ ਕੀਤਾ ਸੀ। "ਪੰਜਾਬ ਯੂਨੀਅਨ ਆਫ ਜਰਨਲਿਸਟਸ" ਤੋਂ ਬਾਅਦ ਐਹ ਇੱਕ ਸਫਲ ਤਜਰਬਾ ਸੀ। ਇਸ ਹਕੀਕਤ ਦੇ  ਬਾਵਜੂਦ ਇਸ  ਦਾ ਪੱਤਨ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ। ਦਰਅਸਲ ਇਹ ਸਿਲਸਿਲਾ ਉਸੇ ਦਿਨ ਸ਼ੁਰੂ ਹੋ ਗਿਆ ਸੀ। ਜਿਸ ਦਿਨ ਇਸਦੇ ਮੌਜੂਦਾ ਪ੍ਰਧਾਨ ਨੇ ਘਟੀਆ ਸਿਆਸਤ ਖੇਡ ਕੇ ਪ੍ਰਧਾਨਗੀ ਦੀ ਕੁਰਸੀ ਪ੍ਰਾਪਤ ਕਰਨ ਲਈ ਪੂਰਵਨਿਯੋਜਿਤ ਸਾਜ਼ਿਸ਼ੀ ਚਾਲ ਚੱਲੀ ਸੀ। ਜੱਥੇਬੰਦੀ ਦੇ ਕਈ ਦੂਸਰੇ ਸੂਝਵਾਨ ਸੀਨੀਅਰ ਆਗੂਆਂ ਨੇ ਜੱਥੇਬੰਦੀ ਅਤੇ ਆਪਣੀ ਇੱਜ਼ਤ ਦਾ ਖਿਆਲ ਕਰਦਿਆਂ ਚੁੱਪ ਰਹਿਣ ਵਿੱਚ ਹੀ ਬੇਹਤਰੀ ਸਮਝੀ ਸੀ।ਇਸ ਗੱਲ ਨੂੰ ਉਹਨਾਂ ਸਾਥੀਆਂ ਦੀ ਗੰਭੀਰਤਾ ਅਤੇ ਤਿਆਗ ਦੀ ਭਾਵਨਾ ਹੀ ਸਮਝਿਆ ਜਾ ਸਕਦਾ ਹੈ।  ਕਈਆਂ ਨੇ ਏਸੇ ਦਿਨ ਇਸ ਜੱਥੇਬੰਦੀ ਤੋਂ ਤੋੜਵਿਛੋੜਾ ਕਰਦਿਆਂ ਇਸ ਦੀਆਂ ਮੀਟਿੰਗਾਂ ਵਿੱਚ ਆਉਣਾ ਹੀ ਛੱਡ ਦਿੱਤਾ ਸੀ। ਆਖਿਰ ਹਾਲਾਤ ਅਜਿਹੇ ਬਣ ਗਏ ਕਿ ਜਿਸ ਲਾਇਨਜ਼ ਕਲੱਬ ਦੇ ਇੱਕ ਸੱਦੇ ਤੇ 100-150 ਪੱਤਰਕਾਰ ਤੁਰੰਤ ਪਹੁੰਚ ਜਾਂਦੇ ਸਨ ਉਸ ਦੀ ਮੀਟਿੰਗ ਵਿੱਚ ਹੁਣ 10 ਪੱਤਰਕਾਰਾਂ ਤੋਂ ਜਿਆਦਾ ਦਾ ਕੋਰਮ ਨਹੀ ਹੁੰਦਾ।  ਜਿਹਨਾਂ ਵਿੱਚੋਂ ਕਈਆਂ ਦਾ ਤਾਂ ਪ੍ਰੈਸ ਕਲੱਬ ਨਾਲ ਕੋਈ ਦੂਰ ਤੱਕ ਦਾ ਵਾਸਤਾ ਵੀ ਨਹੀਂ ਹੁੰਦਾ। ਨਵੀਂ ਪ੍ਰਧਾਨਗੀ ਵੇਲੇ ਹੀ ਕਈ ਫਾੜ ਹੋਈ ਇਹ ਜੱਥੇਬੰਦੀ ਆਖਰਕਾਰ ਅੱਜ ਆਪਣਾ ਆਖਰੀ ਸ਼ਾਹ ਵੀ ਉਦੋਂ ਛੱਡ ਗਈ ਜਦੋਂ ਬੜੀ ਹੀ ਘਟੀਆ ਤੇ ਹੋਛੀ ਸਿਆਸਤ ਕਰਦਿਆਂ ਪੱਤਰਕਾਰਾਂ ਦੀ ਭਲਾਈ ਅਤੇ ਏਕਤਾ ਲਈ ਹਮੇਸ਼ਾਂ ਸਰਗਰਮ ਰਹਿੰਦੇ ਪ੍ਰੈਸ ਲਾਇਨਜ਼ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਅੜੀ ਤਕਰੀਬਨ ਇੱਕ ਮਹੀਨਾ ਬਾਅਦ ਵੀ ਜਾਰੀ ਰੱਖੀ ਗਈ। ਜ਼ਿਕਰਯੋਗ ਹੈ ਕਿ ਸੜਕ ਹਾਦਸਾ ਹੋ ਜਾਣ ਕਾਰਨ ਸਾਥੀ ਮਹਿਦੂਦਾਂ ਕਾਫੀ ਦੇਰ ਤੋਂ ਜ਼ੇਰੇ ਇਲਾਜ ਹੈ।  ਉਸਦੀ ਇਸ ਮਜਬੂਰੀ ਮੌਕੇ ਇਸ ਪ੍ਰੈਸ ਕਲੱਬ ਨੇ ਮਹਿਦੂਦਾਂ ਨਾਲ ਆਪਣੀ ਇਹ "ਇੱਕਜੁੱਟਤਾ" ਦਿਖਾਈ ਹੈ।  ਜੁਝਾਰੂ ਪੱਤਰਕਾਰ ਮਹਿਦੂਦਾਂ ਨਾਲ ਇਸ ਧੱਕੇਸ਼ਾਹੀ ਦਾ ਜੋ ਕਾਰਨ ਸਾਹਮਣੇ ਆਇਆ ਹੈ ਉਹ ਵੀ ਹੈਰਾਨ ਕਰਨ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਦੂਦਾਂ ਜ਼ਿਲੇ ਦੀ ਕਲੱਬ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਚੋਣਾਂ ਦਾ ਹਮੇਸ਼ਾਂ ਹਾਮੀ ਸੀ। ਕਲੱਬ ਦਾ ਮੌਜੂਦਾ ਪ੍ਰਧਾਨ ਪੱਤਰਕਾਰਾਂ ਵਿੱਚ ਸਾਥੀ ਮਹਿਦੂਦਾਂ ਦੀ ਚੜ੍ਹਤ ਤੋਂ ਇਸ ਕਦਰ ਖਾਰ ਖਾਂਦਾ ਸੀ ਕਿ ਪ੍ਰਧਾਨ ਬਣਦੇ ਸਾਰ ਉਸਨੇ ਬਿਨਾ ਵਜਾਹ ਹੀ ਉਸਨੂੰ ਕਲੱਬ ਦੇ ਵਟਸਅਪ ਗਰੁੱਪ ਵਿੱਚੋਂ ਰਿਮੂਵ ਕਰ ਦਿੱਤਾ। ਇਸ ਤੋਂ ਬਾਅਦ ਸੱਚ ਨੂੰ ਸੱਚ ਆਖਣ ਵਾਲੇ ਬਾਕੀ ਪੱਤਰਕਾਰ ਵੀ ਹੋਲੀ ਹੋਲੀ ਰਿਮੂਵ ਕੀਤੇ ਗਏ। ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਏਸੇ ਨਾਮ ਦਾ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸਤੋਂ ਇਲਾਵਾ ਟੋਲ ਪਲਾਜ਼ਾ ਦੀ ਮੁਆਫੀ ਦੇ ਸਬੰਧ ਵਿੱਚ ਪੰਜਾਬ ਜਰਨਲਿਸਟ ਅਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਸਮੇਂ ਮੋਹਰੀ ਵੀ ਰਿਹਾ ਸੀ। ਟੋਲ ਪਲਾਜਾ ਤੇ ਧਰਨੇ ਦੌਰਾਨ ਪੱਤਰਕਾਰਾਂ ਉੱਤੇ ਹੋਏ ਝੂਠੇ ਪਰਚਿਆਂ ਦੇ ਹੱਕ ਵਿੱਚ ਅਤੇ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਕਤਲ ਦੇ ਵਿਰੋਧ ਵਿੱਚ ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਕਲੱਬ ਵੱਲੋਂ ਸਾਰੇ ਅਖਬਾਰਾਂ ਨੂੰ ਪ੍ਰੈਸ ਨੋਟ ਵੀ ਜਾਰੀ ਕੀਤੇ ਸਨ। ਵੱਖਰਾ ਵਟਸਅਪ ਗਰੁੱਪ ਅਤੇ ਪੱਤਰਕਾਰਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਨੂੰ ਮੁੱਦਾ ਬਣਾ ਕੇ ਮੌਜੂਦਾ ਪ੍ਰਧਾਨ ਵੱਲੋਂ ਇਸਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ। ਪਤਾ ਲੱਗਾ ਕਿ ਸ: ਮਹਿਦੂਦਾਂ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ ਕਿ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇ ਉਸ ਵਿੱਚ ਲਿਖਤੀ ਜਵਾਬ ਦਿੱਤਾ ਜਾਵੇਗਾ। ਚੱਲ ਸਕਣ ਤੋਂ ਅਸਮਰੱਥ ਹੋਣ ਕਾਰਨ ਉਹਨਾਂ ਇਸਦੇ ਲਈ ਥੋੜਾ ਸਮਾਂ ਵੀ ਮੰਗਿਆ। ਇਸਦੇ ਬਾਵਜੂਦ ਉਸਨੂੰ ਗਿਣਤੀ ਦੇ ਚਾਰ ਅਹੁਦੇਦਾਰਾਂ ਨੇ ਉਸਨੂੰ ਅਹੁਦਾ ਮੁਕਤ ਕਰਨ ਦਾ ਨਾਦਰਸ਼ਾਹੀ ਫੈਸਲਾ ਵੀ ਸੁਣਾ ਦਿੱਤਾ। ਏਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਨੂੰ ਨੋਟਿਸ ਕਲੱਬ ਦੇ ਕਿਸੇ ਜਨਰਲ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਤੇ ਸਵਾਲ  ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਸੀ ਕਿ ਸੰਵਿਧਾਨ ਮੁਤਾਬਿਕ ਕਲੱਬ ਦਾ ਜਨਰਲ ਸਕੱਤਰ ਇੱਕ ਹੈ ਅਤੇ ਉਹ ਮੈਂ ਖੁਦ ਹਾਂ ਇਸ ਲਈ ਮੈਨੂੰ ਨੋਟਿਸ ਪ੍ਰਧਾਨ ਜਾਰੀ ਕਰੇ। ਇਸ ਤੋਂ ਬਾਅਦ ਕਲੱਬ ਦੀ ਮੇਲ ਤੋਂ ਨੋਟਿਸ ਆਉਣ ਤੇ ਹੀ ਉਸਨੇ ਉਪਰੋਕਤ ਜਵਾਬ ਭੇਜਿਆ ਸੀ। ਏਥੇ ਵੀ ਪਤਾ ਲੱਗਾ ਹੈ ਕਿ ਅੱਜ ਦੀ ਕਾਰਵਾਈ ਦਾ ਜਵਾਬ ਵੀ ਸ: ਮਹਿਦੂਦਾਂ ਵੱਲੋਂ ਤੁਰੰਤ ਮੈਂਬਰਾਂ ਨੂੰ ਹੋਛੀ ਕਾਰਵਾਈ ਦੀ ਲਾਹਣਤ ਪਾਉਂਦਿਆਂ ਦਿੱਤਾ ਗਿਆ। ਹੁਣ ਮਾਮਲਾ ਕੀ ਹੈ ਏਹ ਤਾਂ ਮਹਿਦੂਦਾਂ ਹੀ ਦੱਸ ਸਕਦਾ ਹੈ ਪਰ ਏਹ ਗੱਲ ਤਾਂ ਸਾਫ ਹੋ ਗਈ ਹੈ ਕਿ ਪ੍ਰੈਸ ਲਾਇਨਜ਼ ਕਲੱਬ ਹੁਣ ਕਈ ਫਾੜ ਹੋ ਗਈ ਹੈ ਜੇ ਇੰਜ ਕਹਿ ਲਿਆ ਜਾਵੇ ਕਿ ਏਹ ਮੋਹਾਲੀ ਤੋਂ ਛੱਪਦੇ ਇੱਕ ਅਖਬਾਰ ਦੀ ਜੱਥੇਬੰਦੀ ਬਣ ਕੇ ਰਹਿ ਗਈ ਹੈ ਤਾਂ ਇਸ ਵਿੱਚ ਵੀ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਂਕਿ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਅਤੇ ਕੈਸ਼ੀਅਰ ਏਸੇ ਅਖਬਾਰ ਦੇ ਪੱਤਰਕਾਰ ਹਨ। ਉਂਝ ਖਦਸ਼ਾ ਹੈ ਕਿ ਇਸਦੀ ਮੌਜੂਦਾ ਟੀਮ ਨੂੰ ਕੋਈ ਅਜਿਹਾ ਵਿਅਕਤੀ ਰੀਮੋਟ ਕੰਟਰੋਲ ਰਾਹੀਂ ਚਲਾ ਰਿਹਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਲੁਧਿਆਣਾ ਦੇ ਪੱਤਰਕਾਰਾਂ ਦਰਮਿਆਨ ਵੀ ਬਾਕੀ ਸ਼ਹਿਰਾਂ ਦੇ ਪੱਤਰਕਾਰਾਂ ਵਾਂਗ ਮਜ਼ਬੂਤ ਇਕ ਹੋਵੇ। 
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਜਦੋਂ ਕਿਸੇ ਨਿਜੀ ਮਜਬੂਰੀ ਕਾਰਨ ਇਸਦੇ ਸੰਸਥਾਪਕ ਪ੍ਰਧਾਨ ਬੱਲੀ ਬਰਾੜ ਨੇ ਇਹ ਅਹੁਦਾ ਛੱਡਣ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਸ ਵੇਲੇ ਬੜੀ ਮੁਸ਼ਕਿਲ ਪ੍ਰਿਤਪਾਲ ਸਿੰਘ ਪਾਲੀ ਹੁਰਾਂ ਨੂੰ ਕਾਰਜਾਕਾਰੀ ਪ੍ਰਧਾਨ ਬਣਾਇਆ ਗਿਆ ਸੀ। ਕਈ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਲਿਹਾਜ਼ ਨਾਲ ਅਸਲੀ ਪ੍ਰਧਾਨ ਤਾਂ ਅਜੇ ਵੀ ਬੱਲੀ ਬਰਾੜ ਹੀ ਹੈ। ਜਨਾਬ ਬੱਲੀ ਬਰਾੜ ਆਪਣੇ ਹੀ ਲਾਏ ਪੌਦੇ ਨੂੰ ਦਰਖਤ ਬਣ ਜਾਣ ਮਗਰੋਂ ਹੁਣ ਕੱਟਿਆ ਜਾਂਦਾ ਕਿਓਂ ਦੇਖ ਰਹੇ ਹਨ ਇਹ ਉਹੀ ਜਾਨਣ। ਬਰਾੜ  ਸਾਹਿਬ ਨੂੰ ਅੱਗੇ ਆ ਕੇ ਇਸ ਟੀਮ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਵਰਨਾ ਗੁਰਪ੍ਰੀਤ ਮਹਿਦੂਦਾਂ ਵਾਂਗ ਹਰ ਅਗਾਂਹਵਧੂ ਪੱਤਰਕਾਰ ਨੂੰ ਇਸ ਕਲੱਬ ਤੋਂ ਅਲੱਗ ਕਰ ਦਿੱਤਾ ਜਾਏਗਾ ਤਾਂਕਿ ਇਸ ਵਿੱਚ ਹੱਕ ਦੀ ਆਵਾਜ਼ ਉਠਾਉਣ ਵਾਲਾ ਕੋਈ ਨਾ ਰਹੇ। 
ਜਦੋਂ ਪਿੱਛੇ ਜਿਹੇ ਸਰਕਾਰੀ ਮਦਦ ਵਾਲਾ ਪ੍ਰੈਸ ਕਲੱਬ ਬਣਾਉਣ ਦਾ ਜ਼ਿੱਦੀ ਤੂਫ਼ਾਨ ਖੜਾ ਕੀਤਾ ਗਿਆ ਅਤੇ ਇਸ ਮਕਸਦ ਲਈ ਸਰਕਟ ਹਾਊਸ ਵਿੱਚ ਡੇਰਾ ਹੀ ਲਾ ਲਿਆ ਗਿਆ  ਸੀ ਉਸ ਵੇਲੇ ਜਿਹਨਾਂ ਨੇ ਖੁੱਲ ਕੇ ਸਟੈਂਡ ਲਿਆ ਉਹਨਾਂ ਵਿੱਚ ਲਾਇਨਜ਼ ਪ੍ਰੈਸ ਕਲੱਬ ਦੇ ਅਗਾਂਹਵਧੂ ਅਹੁਦੇਦਾਰ ਅਤੇ ਮੈਂਬਰ ਵੀ ਸ਼ਾਮਲ ਸਨ। ਜੇ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਭਗਵਾ ਬ੍ਰਿਗੇਡ ਦੇ ਪ੍ਰਭਾਵ ਵਾਲਾ ਪ੍ਰੈਸ ਕਲੱਬ ਬਣ ਚੁੱਕਿਆ ਹੋਣਾ ਸੀ। ਹੁਣ ਵੀ ਇਸਦੀਆਂ ਸਾਜ਼ਿਸ਼ਾਂ ਅੰਦਰਖਾਤੇ ਜਾਰੀ ਹਨ। ਲਾਇਨਜ਼ ਪ੍ਰੈਸ ਕਲੱਬ ਨੂੰ ਕਮਜ਼ੋਰ ਕਰਨਾ ਅਤੇ ਫਿਰ ਟੁਕੜੇ ਟੁਕੜੇ ਕਰ ਕੇ ਖਤਮ ਕਰਨ ਦੇ ਅੰਜਾਮ ਵੱਲ ਲਿਜਾਣਾ ਇਸ ਸਾਜ਼ਿਸ਼ ਦਾ ਹੀ ਹਿੱਸਾ ਹਨ।ਪੀਪਲਜ਼ ਮੀਡੀਆ ਕਲੱਬ ਅਤੇ ਅਤੇ ਹੋਰ ਲੋਕ ਪੱਖੀ ਅਗਾਂਹਵਧੂ ਹਲਕਿਆਂ ਦੀ ਇਸ ਸਾਰੇ ਘਟਨਾਕ੍ਰਮ ਉੱਪਰ ਪੂਰੀ ਨਜ਼ਰ ਹੈ। ਛੇਤੀ ਹੀ ਇਸ ਬਾਰੇ ਇੱਕ ਉਚੇਚੀ ਮੀਟਿੰਗ ਵੀ ਬੁਲਾਈ ਜਾਏਗੀ ਜਿਸ ਵਿੱਚ ਇਸ ਬਾਰੇ ਵਿਸਥਾਰਤ ਚਰਚਾ ਹੋਵੇਗੀ।  ਕੁਲ ਮਿਲਾ ਕੇ ਉਹਨਾਂ ਅਨਸਰਾਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ ਜਿਹੜੇ ਆਪਣੇ ਸਵਾਰਥਾਂ ਅਤੇ ਹੋਰ ਮੰਤਵਾਂ ਕਾਰਨ ਲੁਧਿਆਣਾ ਦੇ ਪੱਤਰਕਾਰਾਂ ਵਿੱਚ ਏਕਤਾ ਨਹੀਂ ਹੋਣ ਦੇਣਾ ਚਾਹੁੰਦੇ। 

ਸਬੰਧਤ ਲਿੰਕ ਵੀ ਦੇਖੋ:





Wednesday, October 04, 2017

Protest 5 ਅਕਤੂਬਰ ਨੂੰ: ਗੌਰੀ ਲੰਕੇਸ਼ ਦੇ ਲਹੂ ਦੀ ਲੋਅ ਸਾਡਾ ਰਾਹ ਰੁਸ਼ਨਾਏਗੀ

ਪੀਪਲਜ਼ ਮੀਡੀਆ ਲਿੰਕ ਵੀ ਸ਼ਾਮਲ ਹੋਵੇਗਾ CPI ਦੇ  ਰੋਸ ਮਾਰਚ ਵਿੱਚ 
ਲੁਧਿਆਣਾ: 4 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਇੱਕ ਮਹੀਨਾ ਹੋ ਗਿਆ ਹੈ ਲੋਕਾਂ ਦੀ ਹਰਮਨ ਪਿਆਰੀ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ।  ਉਸ ਤੋਂ ਬਾਅਦ ਮੋਹਾਲੀ ਵਿੱਚ ਪੱਤਰਕਾਰ ਕੇ ਜੇ ਸਿੰਘ ਅਤੇ ਤ੍ਰਿਪੁਰਾ ਵਿੱਚ ਪੱਤਰਕਾਰ ਸ਼ਾਂਤਨੂੰ ਭੌਮਿਕ ਨੂੰ ਵੀ ਕਤਲ ਕਰ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਇਸ ਨਾਜ਼ੁਕ ਹਾਲਾਤ ਨੇ ਸਾਡੇ ਦਿਲ ਨੂੰ ਕੋਈ ਹਲੂਣਾ ਨਹੀਂ ਦਿੱਤਾ।  ਸਾਡੀ ਅੰਤਰ ਆਤਮਾ ਨਹੀਂ ਜਾਗੀ। ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਅਚਾਨਕ ਕਿਸੇ ਦਿਨ ਸਾਡੀ ਵਾਰੀ ਵੀ ਆ ਸਕਦੀ ਹੈ ਜਾਂ ਸਾਡੇ ਵਿੱਚੋਂ ਹੀ ਕਿਸੇ ਹੋਰ ਦੀ ਵੀ। ਅਸੀਂ ਕਦੇ ਨਹੀਂ ਸੋਚਿਆ ਕਿ ਆਖਿਰ ਅਜੇ ਤੱਕ ਕਿਓਂ ਨਹੀਂ ਫੜੇ ਗਏ ਗੌਰੀ ਲੰਕੇਸ਼ ਦੇ ਕਾਤਲ। ਅਸੀਂ ਚੱਜ ਨਾਲ ਆਪਣੇ ਇਹਨਾਂ ਜਾਂਬਾਜ਼ ਪੱਤਰਕਾਰਾਂ ਦੇ ਕਤਲ ਦਾ ਸੋਗ ਵੀ ਨਹੀਂ ਮਨਾਇਆ। ਸ਼ਾਇਦ ਅਸੀਂ, ਖਾਸ ਕਰਕੇ ਲੁਧਿਆਣਾ ਦੇ ਜਮਹੂਰੀ ਲੋਕ ਅਤੇ ਕਲਮਕਾਰ, ਬੁਰੀ ਤਰ੍ਹਾਂ ਡਰ ਗਏ ਹਾਂ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਜ਼ੁਬਾਨਬੰਦੀ ਦੇ ਦੌਰ ਵਿੱਚ ਅਜਿਹਾ ਅਕਸਰ ਹੁੰਦਾ ਹੈ। ਸ਼ਾਇਦ ਅਸੀਂ ਵੀ ਇਸ ਦੌਰ ਦੀ ਦਹਿਸ਼ਤ ਦਾ ਸ਼ਿਕਾਰ ਹਾਂ। ਸ਼ਾਇਦ ਅਸੀਂ ਵੀ ਆਪਣੇ ਕਤਲ ਹੋਣ ਦੀ ਉਡੀਕ ਕਰ ਰਹੇ ਹਾਂ।   ਦੇਖ ਲੈਣਾ--ਸਾਡੇ ਕਤਲ ਤੇ ਵੀ ਜਾਂ ਤਾਂ ਬੋਲਣ ਵਾਲਾ ਕੋਈ ਬਚਿਆ ਨਹੀਂ ਹੋਵੇਗਾ ਜਾਂ ਫੇਰ ਕੋਈ ਬੋਲੇਗਾ ਹੀ ਨਹੀਂ। ਕਿਤੇ ਅਜਿਹਾ ਤਾਂ ਨਹੀਂ ਕਿ ਸਾਡੇ ਆਲੇ ਦੁਆਲੇ, ਸਾਡੀ ਸੋਚ, ਸਾਡੀ ਕਲਮ, ਸਾਡੀ ਆਜ਼ਾਦੀ 'ਤੇ ਗੌਰੀ ਦੇ ਕਾਤਲਾਂ ਨੇ ਕਬਜ਼ਾ ਤਾਂ ਨਹੀਂ ਕਰ ਲਿਆ? ਗੌਰੀ ਲੰਕੇਸ਼ ਦੇ ਕਤਲ 'ਤੇ ਖੁਸ਼ੀਆਂ ਮਨਾਉਣ ਵਾਲੇ  ਕਿਤੇ ਸਾਨੂੰ ਅੱਖਾਂ ਤਾਂ ਨਹੀਂ ਦਿਖਾਉਣ ਲੱਗ ਪਏ? 
ਜਿਹਨਾਂ ਨੇ ਅਜੇ ਤੱਕ ਗੌਰੀ ਲੰਕੇਸ਼ ਦੇ ਕਤਲ ਬਾਰੇ ਆਪਣੀ ਖਾਮੋਸ਼ੀ ਨਹੀਂ ਤੋੜੀ ਸ਼ਾਇਦ ਸਮਾਂ ਉਹਨਾਂ ਨੂੰ ਕਦੇ ਵੀ ਮਾਫ ਨਾ ਕਰੇ। ਸ਼ਾਇਦ ਉਹ ਵਿਚਾਰੇ ਨਹੀਂ ਜਾਣਦੇ ਕਿ ਗੌਰੀ ਦੀ ਕੁਰਬਾਨੀ ਕਿੰਨੀ ਅਰਥਪੂਰਨ ਹੈ, ਕਿੰਨੀ ਮਹੱਤਵਪੂਰਨ ਹੈ। ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਕਿ ਅੱਜ ਦੇ ਕਾਰਪੋਰੇਟ ਮੀਡੀਆ ਵਾਲੇ ਕਾਰੋਬਾਰੀ ਦੌਰ ਵਿੱਚ ਗੌਰੀ ਸਾਨੂੰ ਕਿੰਨੇ ਹੀ ਰਸਤੇ ਦਿਖਾ ਗਈ ਹੈ, ਕਿੰਨੇ ਹੀ ਅਨਮੋਲ ਸਬਕ ਦੇ ਗਈ ਹੈ, ਜਿਹਨਾਂ 'ਤੇ ਚੱਲ ਕੇ ਹੀ ਅਸੀਂ ਆਪਣੀ ਕਲਮੀ ਆਜ਼ਾਦੀ ਨੂੰ ਵੀ ਬਚਾ ਸਕਦੇ ਹਾਂ ਅਤੇ ਕਿਰਤ ਕਮਾਈ ਵਾਲੀ ਜ਼ਿੰਦਗੀ ਵੀ ਸਿਰ ਚੁੱਕ ਕੇ ਗੁਜ਼ਾਰ ਸਕਦੇ ਹਾਂ। 
ਗੌਰੀ ਕੋਲ ਨੌਕਰੀਆਂ ਦੀ ਕੋਈ ਕਮੀ ਨਹੀਂ ਸੀ ਪਰ ਉਸਨੇ ਆਪਣਾ ਪਰਚਾ ਕੱਢਣ ਦਾ ਰਾਹ ਚੁਣਿਆ। ਉਸਨੂੰ ਪਤਾ ਸੀ ਇਸ਼ਤਿਹਾਰਾਂ ਬਿਨਾ ਇਹ ਪਰਚੇ ਨਹੀਂ ਚੱਲਦੇ ਪਰ ਉਸਨੇ ਬਿਨਾ ਇਸ਼ਤਿਹਾਰਾਂ ਦੇ ਇਹ ਪਰਚਾ ਘਰ ਘਰ ਪਹੁੰਚਾ ਕੇ ਦਿਖਾਇਆ। ਉਸਨੂੰ ਇਹ ਵੀ ਪਤਾ ਸੀ ਕਿ ਆਜ਼ਾਦੀ ਦੇ ਰਸਤੇ 'ਤੇ ਚੱਲਦਿਆਂ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ। ਗੌਰੀ ਨੇ ਹਮਖਿਆਲ ਲੋਕਾਂ ਦੀ ਇੱਕ ਟੀਮ ਬਣਾਈ। ਇਸ ਟੀਮ ਦੇ ਮੈਂਬਰਾਂ ਦੀ ਗਿਣਤੀ ਸਿਰਫ 50 ਸੀ। ਪਰ ਇਸ ਟੀਮ ਨੇ ਆਪਣੇ ਰਸਤੇ ਵਿੱਚ ਆਈ ਕਿਸੇ ਵੀ ਰੁਕਾਵਟ ਨੂੰ ਟਿਕਣ ਨਾ ਦਿੱਤਾ। ਆਖਿਰ ਗੌਰੀ ਨੇ ਜਿਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਤੋਂ ਦੁਸ਼ਮਣ ਹੋਰ ਬੁਖਲਾ ਗਏ।  ਗੌਰੀ ਦਾ ਪਰਚਾ ਬੰਦ ਕਰਾਉਣ ਲਈ ਨਾ ਤਾਂ ਇਸ਼ਤਿਹਾਰ ਬੰਦ ਕਰਨ ਦਾ ਰੋਅਬ ਦਿਤਾ  ਜਾ ਸਕਦਾ ਸੀ ਅਤੇ ਨਾ ਹੀ ਕੋਈ ਹੋਰ ਧਮਕੀ। ਗੌਰੀ ਦੀ ਆਵਾਜ਼ ਲਗਾਤਾਰ ਹਰਮਨ ਪਿਆਰ ਹੋ ਰਹੀ ਸੀ। ਇਸ ਆਵਾਜ਼ 'ਤੇ ਸੈਂਸਰ ਲਾਉਣ ਲਈ ਆਖੀਰ ਗੋਲੀ ਦਾ ਸਹਾਰਾ ਲਿਆ ਗਿਆ। ਦੇਵੀ ਦੇ 9 ਰੂਪਾਂ ਦੀ ਪੂਜਾ ਕਰਨ ਵਾਲੇ ਦੇਸ਼ ਵਿੱਚ ਇੱਕ ਨਿਹੱਥੀ ਪੱਤਰਕਾਰ ਨੂੰ ਉਸਦੇ ਘਰ ਜਾ ਕੇ ਗੋਲੀਆਂ ਨਾਲ  ਭੁੰਨ ਦਿੱਤਾ ਗਿਆ। ਫਿਰ ਇਸ ਦੀਆਂ ਖੁਸ਼ੀਆਂ ਮਨਾਈਆਂ ਗਈਆਂ।  ਸੋਸ਼ਲ ਮੀਡੀਆ ਉੱਤੇ ਇਸ ਕਤਲ ਦੀ ਖੁਸ਼ੀ ਵਾਲੀ ਇੱਕ ਮੁਹਿੰਮ ਚਲਾਈ ਗਈ ਪਰ ਸਰਕਾਰ ਨੂੰ ਐਸ ਆਈ ਟੀ ਬਣਾ ਕੇ ਵੀ ਅਜੇ ਤੱਕ ਕਾਤਲ ਨਹੀਂ ਲੱਭੇ। 
ਅਸੀਂ ਸਾਰੇ ਇਸ ਸਭ ਕੁਝ ਨੂੰ ਦੇਖ ਰਹੇ ਹਾਂ। ਨੋਟ ਵੀ ਕਰ ਰਹੇ ਹਾਂ।  ਅਸੀਂ ਸਾਰੇ ਪੂਰੀ ਗੰਭੀਰਤਾ ਨਾਲ ਕਹਿਣਾ ਚਾਹੁੰਦੇ ਹਾਂ ਕਿ ਇਸ ਮਚਲੇਪਨ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ। ਹੁਣ ਘਰ ਘਰ ਗੌਰੀ ਲੰਕੇਸ਼ ਦਾ ਜਨਮ ਹੋਣ ਵਾਲਾ ਹੈ। ਜ਼ੁਬਾਨਬੰਦੀ ਦਾ ਇਹ ਖਤਰਨਾਕ ਦੌਰ ਸਾਨੂੰ ਹੋਰ ਤਕੜਿਆਂ ਕਰ ਰਿਹਾ ਹੈ। ਅਸੀਂ ਸਭਨਾਂ ਨੂੰ ਸੱਦਾ ਦੇਂਦੇ ਹਾਂ---
ਬੋਲ, ਕਿ ਲਬ ਆਜ਼ਾਦ ਹੈਂ ਤੇਰੇ
ਬੋਲ, ਜ਼ਬਾਂ ਅਬ ਤਕ ਤੇਰੀ ਹੈ
ਤੇਰਾ ਸੁਤਵਾਂ ਜਿਸਮ ਹੈ ਤੇਰਾ
ਬੋਲ, ਕਿ ਜਾਂ ਅਬ ਤਕ ਤੇਰੀ ਹੈ
ਗੌਰੀ ਲੰਕੇਸ਼ ਦੇ ਲਹੂ ਨੂੰ ਸਲਾਮੀ ਦੇਣ ਲਈ ਅਸੀਂ ਸਾਰੇ 5 ਅਕਤੂਬਰ 2017 ਨੂੰ ਰੇਲਵੇ ਸਟੇਸ਼ਨ 'ਤੇ ਸੀਪੀਆਈ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵੇ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋਵਾਂਗੇ। ਅਸੀਂ ਸਭਨਾਂ ਨੂੰ ਸੱਦਾ ਦੇਂਦੇ ਹਾਂ ਕਿ ਉਹ ਇਸ ਇਕੱਤਰਤਾ ਅਤੇ ਮਾਰਚ ਵਿੱਚ ਸ਼ਾਮਲ ਹੋਣ। ਗੌਰੀ  ਦੇ ਲਹੂ ਦੀ ਲੋਅ ਸਾਡਾ ਰਾਹ ਰੁਸ਼ਨਾਏਗੀ। ਜ਼ੁਬਾਨਬੰਦੀ ਦੇ ਇਸ ਦੌਰ ਵਿੱਚ ਗੌਰੀ ਦੀ ਕੁਰਬਾਨੀ ਸਾਨੂੰ ਨਵੀਂ ਹਿੰਮਤ ਦੇਵੇਗੀ। 

ਦ ਪੀਪਲਜ਼ ਮੀਡੀਆ ਲਿੰਕ, ਲੋਕ ਮੀਡੀਆ ਮੰਚ, ਜਨ ਮੀਡੀਆ ਮੰਚ, ਪੰਜਾਬ ਸਕਰੀਨ, 
ਸਤੀਸ਼ ਸਚਦੇਵਾ, ਪ੍ਰਦੀਪ ਸ਼ਰਮਾ, ਗੁਰਮੇਲ ਮੈਡਲੇ, ਰੈਕਟਰ ਕਥੂਰੀਆ, ਪਰਮਜੀਤ ਔਜਲਾ, ਪਰਮਿੰਦਰ ਕੌਰ, ਦਿਲਜੋਤ ਕੌਰ 

Sunday, September 24, 2017

ਹੁਣ ਮੋਹਾਲੀ ਵਿੱਚ ਸੀਨੀਅਰ ਪੱਤਰਕਾਰ ਦਾ ਵਹਿਸ਼ੀਆਨਾ ਕਤਲ

"ਦ ਪੀਪਲਜ਼ ਮੀਡੀਆ ਲਿੰਕ" ਨੇ ਕੀਤੀ ਤਿੱਖੀ ਨਿਖੇਧੀ 
ਮੋਹਾਲੀ: 23 ਸਤਬੰਰ 2017: (ਪੰਜਾਬ ਸਕਰੀਨ ਬਿਊਰੋ):: 
ਮੀਡੀਆ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਮੋਹਾਲੀ ਵਿੱਚ ਇੱਕ ਸੀਨੀਅਰ ਪੱਤਰਕਾਰ ਨੂੰ ਭੇਦ ਭਰੀਆਂ ਹਾਲਤਾਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਹਨਾਂ ਦੀ ਬਜ਼ੁਰਗ ਮਾਂ ਨੂੰ ਵੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਹੈ। "ਦ ਪੀਪਲਜ਼ ਮੀਡੀਆ ਲਿੰਕ" ਨੇ  ਇਸ ਵਾਰਦਾਤ ਨੂੰ ਬੇਹੱਦ ਚਿੰਤਾਜਨਕ ਅਤੇ ਅਫਸੋਸਨਾਕ ਦੱਸਦਿਆਂ ਇਸ ਦੀ ਤਿੱਖੀ ਨਿਖੇਧੀ ਕੀਤੀ ਹੈ। 
ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ ਮ੍ਰਿਤਕ ਹਾਲਤ ਵਿੱਤ ਮਿਲੇ। ਉਨ੍ਹਾਂ ਦੇ ਮੋਹਾਲੀ ਦੇ ਫੇਸ 3ਬੀ-2 ਵਿਚਲੇ ਘਰ ਦੀ ਭੰਨ-ਤੋੜ ਵੀ ਕੀਤੀ ਜਾਪਦੀ ਹੈ। ਜਾਪਦਾ ਹੈ ਕਾਤਲ ਕਿਸੇ ਖਾਸ ਸਟੋਰੀ ਨਾਲ ਸਬੰਧਤ ਦਸਤਾਵੇਜ਼ਾਂ ਜਾਂ ਸਬੂਤਾਂ ਦੀ ਭਾਲ ਵਿੱਚ ਆਏ ਸਨ ਕਿਓਂਕਿ ਉਹਨਾਂ ਨੇ ਗਲੇ ਵਿੱਚ ਪਈ ਸੋਨੇ ਦੀ ਚੇਨੀ ਨਹੀਂ ਉਤਾਰੀ। ਹਮਲਾਵਰਾਂ ਨੇ ਨੇੜੇ ਹੀ ਪਰਸ ਵਿੱਚ 25 ਹਜ਼ਾਰ ਰੁਪਏ ਵੀ ਨਹੀਂ ਛੇੜੇ। ਜ਼ਾਹਿਰ ਹੈ ਮਾਮਲਾ ਲੁੱਟਮਾਰ ਦਾ ਨਹੀਂ।  ਘਰ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਇਹ ਵੀ ਜ਼ਾਹਿਰ ਹੈ ਕਿ ਪੱਤਰਕਾਰ ਕੇ ਜੇ ਸਿੰਘ ਦੀ ਕਿਸੇ ਨਾਲ ਰੰਜਿਸ਼ ਜਾਂ ਦੁਸ਼ਮਣੀ ਨਹੀਂ ਸੀ। 
ਮੁੱਢਲੀ ਰਿਪੋਰਟ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਕੇ. ਜੇ. ਸਿੰਘ ਦੀ ਲਾਸ਼ ਸਥਿਰ ਹਾਲਤ ਵਿੱਚ ਪਾਈ ਗਈ, ਪਰ ਉਨ੍ਹਾਂ ਦੇ ਮਾਤਾ ਦੀ ਗਰਦਨ 'ਤੇ ਅਜਿਹੇ ਨਿਸ਼ਾਨ ਹਨ, ਕਿ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਦੋਵੇਂ ਲਾਸ਼ਾਂ ਖ਼ੂਨ ਨਾਲ ਲਥਪਥ ਸਨ। ਕਤਲ ਨੂੰ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ਇਸ ਬਾਰੇ ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਕੰਮ ਵਾਲੀ ਨੇ ਇਸ ਘਟਨਾ ਬਾਰੇ ਗੁਆਂਢੀਆਂ ਨੂੰ ਦੱਸਿਆ ਤੇ ਉਨ੍ਹਾਂ ਦੇ ਸੱਦਣ 'ਤੇ ਪੁਲਸ ਆਈ। ਦੂਜੀ ਗੱਲ ਸਾਹਮਣੇ ਆਈ ਹੈ ਕਿ ਪੱਤਰਕਾਰ ਕੇ ਜੇ ਸਿੰਘ ਦੀ ਭੈਣ ਯਸ਼ਪਾਲ ਕੌਰ ਅਤੇ ਭਤੀਜਾ ਅਜੇ ਪਾਲ ਸਿੰਘ ਲੰਚ ਲੈ ਕੇ ਉੱਥੇ ਗਏ। 
ਪੱਤਰਕਾਰ ਦੀ ਫ਼ੋਰਡ ਆਈਕੌਨ ਕਾਰ, ਐਲ.ਸੀ.ਡੀ. ਅਤੇ ਘਰ ਦਾ ਹੋਰ ਸਾਮਾਨ ਵੀ ਗ਼ਾਇਬ ਸੀ, ਪਰ ਦੋਵਾਂ ਮ੍ਰਿਤਕਾਂ ਦੇ ਗਲ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਚੇਨਾਂ ਸਲਾਮਤ ਸਨ। ਇਹ ਜਾਪਦਾ ਹੈ ਕਿ ਇਹ ਕਤਲ ਬੀਤੀ ਰਾਤ ਪੱਤਰਕਾਰ ਦੀ ਨੌਕਰਾਣੀ ਦੇ ਘਰੋਂ ਜਾਣ ਤੋਂ ਬਾਅਦ ਹੋਏ ਅਤੇ ਇਸ ਘਟਨਾ ਦਾ ਖੁਲਾਸਾ ਉਸ ਦੇ ਦੁਪਹਿਰ ਸਮੇਂ ਕੰਮ 'ਤੇ ਪਰਤਣ ਤੋਂ ਬਾਅਦ ਹੋਇਆ।
ਕੇ. ਜੇ. ਸਿੰਘ ਦੀ ਉਮਰ ਤਕਰੀਬਨ 60 ਸਾਲ ਸੀ, ਜਦਕਿ ਉਨ੍ਹਾਂ ਦੇ ਮਾਤਾ 92 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਨ। "ਇੰਡੀਅਨ ਐਕਸਪ੍ਰੈਸ" ਅਤੇ "ਟਾਈਮਜ਼ ਆਫ਼ ਇੰਡੀਆ" ਵਿੱਚ ਕੰਮ ਕਰਨ ਤੋਂ ਬਾਅਦ ਕੇ.ਜੇ. ਸਿੰਘ "ਦਿ ਟ੍ਰਿਬਿਊਨ" ਦੇ ਮੁੱਖ ਖ਼ਬਰ ਸੰਪਾਦਕ ਵਜੋਂ ਸੇਵਾ-ਮੁਕਤ ਹੋਏ ਸਨ। ਜ਼ਿਕਰਯੋਗ ਹੈ ਕਿ ਕੇ ਜੇ ਸਿੰਘ ਨੇ ਆਪਣਾ ਪੱਤਰਕਾਰੀ ਦਾ ਇਹ ਕੈਰੀਅਰ ਸੰਨ 1978 ਵਿਛਕ ਇੰਡੀਅਨ ਐਕਸਪ੍ਰੈਸ ਵਿੱਚ ਸਬ ਐਡੀਟਰ ਵੱਜੋਂ ਕੰਮ ਕਰਕੇ ਸ਼ੁਰੂ ਕੀਤਾ ਸੀ। 
ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੇ ਆਈ ਜੀ ਪੀ ਕਰਾਈਮ ਸ਼ਸ਼ੀ ਪ੍ਰਭਾ ਦਿਰਵੇਦੀ ਨਾਲ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਸਾਨੂੰ ਕੁਝ ਸੁਰਾਗ ਮਿਲੇ ਹਨ ਜਿਹਨਾਂ ਦਾ ਅਧਿਐਨ ਅਦੀਨ ਆਪਣੇ ਨਿਯਮਾਂ ਅਤੇ ਸਿਸਟਮ ਅਧੀਨ ਕਰ ਰਹੇ ਹਾਂ। ਛੇਤੀ ਹੀ ਸੱਚ ਸਾਹਮਣੇ ਆ ਜਾਏਗਾ। 
ਪੰਜਾਬ ਪੁਲਸ ਨੇ ਮੁੱਖ ਮੰਤਰੀ ਦੀ ਹਦਾਇਤ 'ਤੇ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਗੁਰਚਰਨ ਕੌਰ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਮੋਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਇੱਕ ਤੋਂ ਵੱਧ ਸੀ। ਉਹਨਾਂ ਕਿਹਾ ਕਿ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ, ਪਰ ਉਨ੍ਹਾਂ ਨੇ ਕਤਲ ਲਈ ਚੋਰੀ ਨੂੰ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਸ ਨੂੰ ਮਾਮਲੇ 'ਚ ਸੂਹ ਮਿਲੀ ਹੈ ਤੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੀ ਨਿਖੇਧੀ ਕੀਤੀ ਹੈ ਅਤੇ ਪੁਲਸ ਤੋਂ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਪੱਤਰਕਾਰ ਸੰਗਠਨਾਂ ਨੇ ਇਸ ਕਤਲ ਦੀ ਨਿਖੇਧੀ ਕੀਤੀ ਹੈ। 

Friday, September 22, 2017

ਮੇਰੇ ਸ਼ਹਿਰ ਦੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੇ ਖਾਮੌਸ਼ ਕਿਉਂ ?

Thu, Sep 21, 2017 at 11:32 PM
ਪ੍ਰੈਸ ਕਲੱਬਾਂ ਦਾ ਨਿਰਮਾਣ ਸਿਰਫ ਤੇ ਸਿਰਫ ਕਾਲੇ ਕਾਰਨਾਮੇ ਛੁਪਾਉਣ ਲਈ?
ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੀ ਪ੍ਰਤੀਕ ਬਣੀ ਗੌਰੀ ਲੰਕੇਸ਼ ਨਾਲ ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਨਾਰਾਜਗੀ
5 ਸਤੰਬਰ ਤੋਂ ਬਾਅਦ ਪੱਤਰਕਾਰਤਾ ਨੂੰ ਲੈ ਕੇ ਮੇਰੇ ਮਨ ‘ਚ ਅਜੀਬ ਜਿਹੀ ਬਚੈਨੀ ਪੈਦਾ ਹੋ ਗਈ ਜਿਸ ਵਿੱਚ ਪ੍ਰਤੀ ਦਿਨ ਇਜਾਫਾ ਹੁੰਦਾ ਗਿਆ। ਇਸ ਬੇਚੈਨੀ ਦੇ ਕਾਰਨ ਤੋਂ ਉੱਭਰਨ ਲਈ ਅਤੇ ਆਪਣੇ ਮਨ ਨੂੰ ਹਲਕਾ ਕਰਨ ਲਈ ਮੈਂ ਕਈ ਵਾਰ ਲਿਖਣ ਬੈਠਦਾ ਤੇ ਫੇਰ ਬੰਦ ਕਰ ਦਿੰਦਾ। ਕਈ ਵਾਰ ਰੋਜਮਰਾ ਦੀਆਂ ਖਬਰਾਂ ਲਿਖਦੇ ਦਾ ਮੇਰਾ ਮਨ ਏਸੇ ਬੇਚੈਨੀ ਦੇ ਕਾਰਨ ਦੇ ਚੱਲਦਿਆਂ ਖਬਰਾਂ ਲਿਖਣਾ ਬੰਦ ਕਰ ਦਿੰਦਾ ਅਤੇ ਇੱਕ ਸਿਰਲੇਖ ਲਿਖ ਕੇ ਉਸ ਨੂੰ ਤੱਕਦਾ ਰਹਿੰਦਾ, ਤੱਕਦਾ ਤੱਕਦਾ ਉਸ ਸਿਰਲੇਖ ਨੂੰ ਮਿਟਾ ਕੇ ਮੁੜ ਖਬਰਾਂ ਲਿਖਣ ਲੱਗ ਜਾਂਦਾ। ਅੱਧਾ ਮਹੀਨਾ ਬੀਤ ਗਿਆ ਅਜਿਹਾ ਹੀ ਕਰਦਿਆਂ, ਤੇ ਆਖਰਕਾਰ ਮਸ਼ਹੂਰ ਪੱਤਰਕਾਰ ਤੇ ਲੇਖਿਕਾ ਉਪਮਾ ਡਾਗਾ ਦੇ ਲੇਖ ਨੂੰ ਪੜ੍ਹ ਕੇ ਲਿਖਣ ਬੈਠ ਗਿਆ ਕਈ ਦਿਨਾਂ ਦੀ ਬੇਚੈਨੀ ਨੂੰ ਖਤਮ ਕਰਨ ਲਈ। ਇਸਦੇ ਸਿਰਲੇਖ ਤੋਂ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਕਿ ਮੈਂ ਸਦਾ ਲਈ ਸਤਿਕਾਰਯੋਗ ਰਹਿਣ ਵਾਲੀ ਸ਼ਖਸੀਅਤ ਗੌਰੀ ਲੰਕੇਸ਼ ਬਾਰੇ ਲਿਖਣ ਜਾ ਰਿਹਾ ਹਾਂ ਪਰ ਏਹ ਮੇਰੀ ਬੇਚੈਨੀ ਨਹੀ ਜੋ ਮੈਨੂੰ ਵੱਢ ਵੱਢ ਖਾਂਦੀ ਰਹੀ, ਇਸਨੂੰ ਬੇਚੈਨੀ ਦਾ ਹਿੱਸਾ ਜਰੂਰ ਕਿਹਾ ਜਾ ਸਕਦਾ। 
ਪਾਠਕੋ ਤੁਸੀਂ ਪੜ੍ਹ ਚੁੱਕੋ ਹੋ ਅਤੇ ਜਾਣ ਚੁੱਕੇ ਹੋ ਕਿ 5 ਸਤੰਬਰ ਨੂੰ ਕੰਨੜ ਭਾਸ਼ਾ ਦੀ ਮਸ਼ਹੂਰ ਪੱਤਰਕਾਰ ਤੇ ਕ੍ਰਾਂਤੀਕਾਰੀ ਲੇਖਿਕਾ ਗੌਰੀ ਲੰਕੇਸ਼ ਨੂੰ ਦੋ ਅਣਪਛਾਤਿਆਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਪਿੱਛੇ ਦੇਸ਼ ਦੀ ਅੰਖਡਤਾ ਨੂੰ ਤਾਰ ਤਾਰ ਕਰਨ ‘ਤੇ ਤੁਲੀਆਂ ਅਤੇ ਦੇਸ਼ ਦੀ ਏਕਤਾ ਦੀ ਦੁਸ਼ਮਣ ਬਣੀਆਂ ਹਿੰਦੂਤਵੀਂ ਤਾਕਤਾਂ ਦਾ ਹੱਥ ਹੋਣ ਦੀ ਗੱਲ ਪੂਰੇ ਦੇਸ਼ ਵਿੱਚੋਂ ਹਰ ਜਾਤ ਧਰਮ ਨਾਲ ਸਬੰਧਿਤ ਬੁੱਧੀਜੀਵੀ ਵਰਗ ਦੀ ਇੱਕ ਸਾਂਝੀ ਅਵਾਜ ਬਣ ਕੇ ਉੱਠੀ। ਹਿੰਦੂਵਾਦ ਪ੍ਰਤੀ ਦੋਸ਼ਾਂ ਨਾਲ ਭਰੀ ਇਸ ਤਰਕ ਸੰਗਤ ਆਵਾਜ਼ ਨੂੰ ਕਿਸੇ ਵੀ ਕੀਮਤ ਤੇ ਨਕਾਰਿਆ ਨਹੀ ਜਾ ਸਕਦਾ ਕਿਉਂਕਿ ਗੌਰੀ ਲੰਕੇਸ਼ ਹੀ ਨਹੀ ਬਲਕਿ 20 ਅਗਸਤ 2013 ਨੂੰ ਕਤਲ ਕੀਤੇ ਡਾ: ਨਰਿੰਦਰ ਡਭੋਲਕਰ, 20 ਫਰਵਰੀ 2015 ਨੂੰ ਕਤਲ ਕੀਤੇ ਕਾਮਰੇਡ ਗੋਵਿੰਦ ਪਾਨਸਾਰੇ ਅਤੇ 30 ਅਗਸਤ 2015 ਨੂੰ ਕਤਲ ਕੀਤੇ ਪ੍ਰੋਫੈਸਰ ਐਮ ਐਮ ਕਲਬੁਰਗੀ ਦੀਆਂ ਲਿਖਤਾਂ ਇਸ ਵੰਡ ਪਾੳੂ ਤੇ ਵਰਣ ਅਤੇ ਜਾਤੀ ਵਿਵਸਥਾ ਨੂੰ ਮੁੜ ਤੋਂ ਮਜਬੂਤ ਕਰਨ ਲਈ ਤੇਜੀ ਨਾਲ ਕੰਮ ਕਰ ਰਹੀ ਹਿੰਦੂਵਾਦੀ ਸੋਚ ਦੇ ਪਾਜ ਉਦੇੜ ਰਹੀਆਂ ਹਨ। ਇਸਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਲਈ ਭਗਵਾਂ ਪਾਰਟੀ ਵੱਲੋਂ ਖੇਡੀ ਜਾ ਰਹੀ ਘਟੀਆ ਤੇ ਗੰਦੀ ਰਾਜਨੀਤੀ ਬਾਰੇ ਤਰਕਸੰਗਤ ਸੁਚੇਤ ਕਰ ਰਹੀਆਂ ਹਨ। ਕਿਸ ਪ੍ਰਕਾਰ ਏਹਨਾਂ ਦੁਆਰਾ ਬਣਾਇਆ ਜਾ ਰਿਹਾ ਹਿੰਦੂ ਰਾਸ਼ਟਰ ਭਵਿੱਖ ਵਿੱਚ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਬਹੁਤ ਹੀ ਜਿਆਦਾ ਘਾਤਕ ਹੈ ਬਾਰੇ ਚਿੰਤਾ ਪ੍ਰਗਟਾ ਰਹੀਆਂ ਹਨ ਅਤੇ ਹੱਲ ਲਈ ਬੁੱਧੀਜੀਵੀ ਵਰਗ ਨੂੰ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਅੱਗੇ ਆਉਣ ਲਈ ਪ੍ਰੇਰਤ ਕਰ ਰਹੀਆਂ ਹਨ ਏਹ ਲਿਖਤਾਂ। ਦੇਸ਼ ਵਿੱਚ ਪਤਾ ਨਹੀ ਕੌਣ ਕੀ ਕੀ ਲਿਖੀ ਜਾ ਰਿਹਾ ਹੈ ਤੇ ਕੀ ਕੀ ਲਿਖ ਚੁੱਕਾ ਹੈ। ਅਜਿਹੀਆਂ ਲਿਖਤਾਂ ਪੜੀਆਂ, ਸੁਣੀਆਂ ਤੇ ਸਾਇਦ ਵਿਚਾਰੀਆਂ ਵੀ ਜਾਂਦੀਆਂ ਰਹੀਆਂ ਹੋਣ। ਜਿਨ੍ਹਾਂ ਤੇ ਕਿਸੇ ਨੂੰ ਕੋਈ ਇਤਰਾਜ ਵੀ ਨਹੀ ਹੋਇਆ। ਪਰ ਗੌਰੀ ਲੰਕੇਸ਼ ਵਰਗੇ ਲੇਖਕਾਂ ਦੀਆਂ ਲਿਖਤਾਂ ਜੇਕਰ ਕਤਲ ਕੀਤੇ ਜਾਣ ਤੱਕ ਦੀ ਹੱਦ ਤੇ ਪਹੁੰਚ ਗਈਆਂ ਤਾਂ ਸਿੱਧਾ ਸਿੱਧਾ ਇਸਦਾ ਕੋਈ ਕਾਰਨ ਜਰੂਰ ਹੋਵੇਗਾ ਐਵੇਂ ਕੋਈ ਕਿਸੇ ਨੂੰ ਕਤਲ ਥੋੜੀ ਕਰ ਦੇਵੇਗਾ। ਏਹ ਕਤਲਾਂ ਸੰਬਧੀ ਪੈਦਾ ਹੋਇਆ ਅਜਿਹਾ ਸਵਾਲ ਹੈ ਜੋ ਏਸੇ ਸਵਾਲ ਦਾ ਖੁਦ ਹੀ ਉੱਤਰ ਵੀ ਹੈ ਕਿ ਹਿੰਦੂਰਾਸ਼ਟਰ ਦਾ ਨਿਰਮਾਣ ਕਰਨ ਤੁਰੀਆਂ ਤਾਕਤਾਂ ਨੂੰ ਅਜਿਹੇ ਲੇਖਿਕਾਂ ਦੀਆਂ ਲਿਖਤਾਂ ਕੰਮਜੋਰ ਕਰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਏਹ ਅਜਿਹੀ ਕਿਰਿਆ ਹਨ ਜਿਸ ਤੋਂ ਖਿੱਝ ਕੇ ਹਿੰਦੂਵਾਦੀ ਤਾਕਤਾਂ ਪ੍ਰਤੀਕਿਰਿਆ ਕਰਨ ਲਈ ਮਜਬੂਰ ਹੋ ਰਹੀ ਹਨ। ਇਨ੍ਹਾਂ ਹਿੰਦੂਵਾਦੀ ਤਾਕਤਾਂ ਦੇ ਅੱਖਾਂ ਵਿੱਚ ਰਵੀਸ਼ ਕੁਮਾਰ ਵਰਗਾ ਅਗਾਂਹ ਵਧੂ ਤੇ ਨਿਡਰ ਪੱਤਰਕਾਰ ਵੀ ਹੁਣ ਰੜਕਣ ਹੈ ਜੋ ਇੱਕ ਤੋਂ ਬਾਅਦ ਦੂਸਰੀ ਤਰਕਸੰਗਤ ਤਿੱਖੀ ਕਿਰਿਆ ਕਰ ਰਿਹਾ ਹੈ। ਜਿਸਨੂੰ ਹਿੰਦੂਵਾਦੀਆਂ ਦੀ ਕਿਸੇ ਵੀ ਪ੍ਰਕਾਰ ਦੀ ਪ੍ਰਤੀਕਿਰਿਆ ਤੋਂ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਸੁਚੇਤ ਹੋਣਾ ਹੋਵੇਗਾ। 
ਗੌਰੀ ਲੰਕੇਸ਼ ਕੰਨੜ ਭਾਸ਼ਾ ਵਿੱਚ ਲਿਖਦੀ ਸੀ ਜਿਸ ਬਾਰੇ ਪੰਜਾਬ ਸਮੇਤ ਕੰਨੜ ਭਾਸ਼ਾ ਨੂੰ ਨਾ ਸਮਝਣ ਵਾਲੇ ਹੋਰਨਾਂ ਸੂਬਿਆਂ ਦਾ ਬੁੱਧੀਜੀਵੀ ਵਰਗ ਸਾਇਦ ਉਸਦੀਆਂ ਲਿਖਤਾਂ ਜੋ ਉਸ ਦੀ ਸੋਚ ਤੇ ਵਿਚਾਰਧਾਰਾ ਨੂੰ ਪ੍ਰਗਟ ਕਰਦੀਆਂ ਸਨ ਬਾਰੇ ਨਹੀ ਸੀ ਜਾਣਦਾ ਪਰ ਉਸਦੇ ਕਤਲ ਕੀਤੇ ਜਾਣ ਤੋਂ ਬਾਅਦ ਉਸਦੀ ਆਖਰੀ ਸੰਪਾਦਿਕੀ ਨੂੰ ਸ਼ੋਸਲ ਮੀਡੀਆ ਤੋਂ ਇਲਾਵਾ ਪੰਜਾਬ ਦੇ ਹਰ ਭਾਸ਼ਾ ਦੇ ਅਖਬਾਰ ਨੇ ਆਪਣੇ ਆਡੀਟੋਰੀਅਲ ਪੰਨੇ ਤੇ ਵਿਸ਼ੇਸ ਸਥਾਨ ਦਿੱਤਾ। ਏਸੇ ਕਾਰਨ ਗੌਰੀ ਲੰਕੇਸ਼ ਨੂੰ ਨਾ ਜਾਨਣ ਵਾਲੇ ਲੋਕ ਵੀ ਉਸਦੇ ਵਿਚਾਰਾਂ ਤੱਕ ਤੋਂ ਜਾਣੂ ਹੋ ਗਏ ਸਨ। ਕਰੋੜਾਂ ਲੋਕਾਂ ਦੁਆਰਾ ਪੜੀ ਜਾ ਚੁੱਕੀ ਉਸਦੀ ਇਸ ਸੰਪਾਦਿਕੀ ਵਿੱਚ ਅਜਿਹਾ ਕੁਝ ਨਹੀ ਸੀ ਜਿਸ ਕਾਰਨ ਆਮ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਦਾ ਤੇ ਉਹ ਗੌਰੀ ਲੰਕੇਸ਼ ਨੂੰ ਕਤਲ ਕਰ ਦਿੰਦੇ। ਪਰ ਉਸਦੀ ਸੰਪਾਦਿਕੀ ਵਿੱਚ ਅਜਿਹਾ ਬਹੁਤ ਕੁਝ ਸੀ ਜਿਸਨੇ ਹਿੰਦੂਵਾਦੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਉਨ੍ਹਾਂ ਵਿੱਚ ਪਹਿਲਾਂ ਹੀ ਪੈਦਾ ਹੋਈ ਘਬਰਾਹਟ ਵਿੱਚ ਹੋਰ ਵਾਧਾ ਕੀਤਾ। ਮੈਂ ਏਥੇ ਬੇਖੌਫ ਅਤੇ ਬਿਨ੍ਹਾਂ ਕਿਸੇ ਨਤੀਜੇ ਦੀ ਪ੍ਰਵਾਹ ਕੀਤਿਆਂ ਲਿਖਾਂਗਾ ਕਿ ਏਹ ਘਬਰਾਹਟ ਹੀ ਉਸਦੀ ਸ਼ਹੀਦੀ ਦਾ ਕਾਰਨ ਬਣੀ ਜਿਸ ਤੋਂ ਭਗਵਾਂ ਰੰਗ ਹੁਣ ਮੁਨਕਰ ਹੋ ਰਿਹਾ ਹੈ। 
ਪੰਜਾਬ ਦੇ ਲੋਕ ਚੰਗਾ ਖਾਣ ਪੀਣ ਦਾ ਸੌਂਕ ਤਾਂ ਰੱਖਦੇ ਹਨ ਪਰ ਪੜ੍ਹਨ ਦਾ ਸੌਂਕ ਘੱਟ ਹੀ ਰੱਖਦੇ ਹਨ। ਪੜ੍ਹਨ ਦਾ ਸੌਂਕ ਚਾਹੇ ਕਿਤਾਬਾਂ, ਰਸਾਲਿਆਂ ਦਾ ਹੋਵੇ ਜਾਂ ਅਖਬਾਰਾਂ ਦਾ, ਜਿਆਦਾ ਜਨ ਸੰਖਿਆ ਦੀ ਇਸਤੋਂ ਦੂਰੀ ਹੀ ਬਣੀ ਹੋਈ ਹੈ। ਜਿਆਦਾਤਰ ਲੇਖਕਾਂ ਦੀ ਕਲਮ ਵੀ ਗੌਰੀ ਲੰਕੇਸ਼ ਜਿਹੇ ਕਲਮਕਾਰਾਂ ਦੀ ਸੋਚ ਤੱਕ ਪਹੁੰਚਣੀ ਤਾਂ ਦੂਰ ਉਹ ਹੀਰ ਰਾਂਝਿਆਂ ਦੇ ਗਾਣਿਆਂ, ਚਿੜੀਆਂ ਕਬੂਤਰਾਂ ਦੀਆਂ ਕਹਾਣੀਆਂ, ਖਿਆਲੀ ਕੁਦਰਤੀ ਨਜਾਰਿਆਂ ਰੂਪੀ ਕਵਿਤਾਵਾਂ ਅਤੇ ਕਾਲਪਨਿਕ ਨਾਵਲਾਂ ਤੱਕ ਹੀ ਸੀਮਤ ਰਹੀ। ਜੇਕਰ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਬਹੁਤਿਆਂ ਨੂੰ ਦੂਸਰੇ ਅਖਬਾਰਾਂ ਦੀ ਤਾਂ ਛੱਡੋ ਆਪਣੇ ਅਖਬਾਰ ਵਿੱਚ ਕੀ ਛਪਿਆ ਬਾਰੇ ਵੀ ਪਤਾ ਨਹੀ  ਹੁੰਦਾ। ਆਪਣੀ ਇਸ ਕਮਜੋਰੀ ਤੇ ਪਰਦਾ ਪਾਉਣ ਦਾ ਇਨ੍ਹਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਅੱਜ ਮੈਨੂੰ ਘਰੋਂ ਜਲਦੀ ਨਿਕਲਣਾ ਪੈ ਗਿਆ ਜਿਸ ਕਾਰਨ ਮੈਂ ਅਖਬਾਰ ਨਹੀ ਪੜ੍ਹ ਸਕਿਆ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੱਤਰਕਾਰਾਂ ਨੇ ਆਪਣੇ ਹੀ ਅਖਬਾਰ ਦੀ ਸੰਪਾਦਕੀ ਤੱਕ ਨਹੀ ਪੜ੍ਹੀ ਹੁੰਦੀ। ਏਸੇ ਕਾਰਨ ਹੀ ਪੰਜਾਬ ਵਿੱਚ ਅਜਿਹੇ ਪੱਤਰਕਾਰਾਂ ਜਾਂ ਲੇਖਕਾਂ ਦੀ ਬਹੁਤ ਘਾਟ ਹੈ ਜੋ ਗੌਰੀ ਲੰਕੇਸ਼ ਵਾਂਗ ਸਾਂਝੇ ਪੀੜੇ ਜਾਣ ਵਾਲੇ ਰਾਸ਼ਟਰੀ ਵਿਸ਼ਿਆਂ ਤੇ ਲਿਖਦੇ ਹੋਣ ਜੋ ਭਵਿੱਖ ਵਿੱਚ ਆਉਣ ਵਾਲੇ ਵੱਡੇ ਖਤਰਿਆਂ ਦੇ ਬਾਰੇ ਦੱਸਦੇ ਹੋਣ। ਅਜਿਹੇ ਖਤਰੇ ਜੋ ਸਮਾਜ ਤੋਂ ਹੱਲ ਹੋਣ ਦੀ ਚਾਹਨਾ ਰੱਖਦੇ ਹੋਣ। 
ਆਪਣੀ ਬੇਚੈਨੀ ਬਾਰੇ ਦੱਸਣ ਤੋਂ ਪਹਿਲਾਂ ਉਪਰੋਕਤ ਜਾਣਕਾਰੀ ਦੇਣਾ ਬਹੁਤ ਜਰੂਰੀ ਸੀ ਕਿਉਂਕਿ ਏਹ ਲੇਖ ਲਿਖਣ ਦਾ ਮੇਰਾ ਮਕਸਦ ਹੰਕਾਰ ਤੇ ਫੌਕੀ ਹਉਮੇ ਦੀ ਗੂੜੀ ਨੀਂਦੇ ਸੁੱਤੇ ਪੱਤਰਕਾਰਾਂ ਅਤੇ ਲੇਖਕਾਂ ਨੂੰ ਉਨ੍ਹਾਂ ਦੀ ਬਣਦੀ ਜਿੰਮੇਵਾਰੀ ਪ੍ਰਤੀ ਹਿਲੂਣਾ ਦੇਣਾ ਸੀ ਕਿ ਪਿਛਲੇ 3 ਸਾਲਾਂ ਵਿੱਚ ਹੀ 10 ਤੋਂ ਜਿਆਦਾ ਪੱਤਰਕਾਰ/ ਲੇਖਕ ਕਤਲ ਕੀਤੇ ਜਾ ਚੁੱਕੇ ਹਨ ਅਤੇ ਡੇਢ ਸੌ ਦੇ ਕਰੀਬ ਪੱਤਰਕਾਰਾਂ/ ਲੇਖਕਾਂ ਤੇ ਵੱਡੇ ਹਮਲੇ ਹੋ ਚੁੱਕੇ ਹਨ। ਛੋਟੇ ਹਮਲਿਆਂ ਅਤੇ ਆਮ ਹੀ ਜਲੀਲ ਕੀਤੇ ਜਾਣ ਵਾਲੇ ਕੇਸਾਂ ਦੀ ਤਾਂ ਕੋਈ ਗਿਣਤੀ ਹੀ ਨਹੀ। ਏਨ੍ਹਾਂ ਕੁਝ ਹੋਣ ਤੇ ਵੀ ਮੇਰੇ ਸ਼ਹਿਰ ਦੇ ਪੱਤਰਕਾਰ (ਜੇਕਰ ਕਿਸੇ ਹੋਰ ਸ਼ਹਿਰ ਦੇ ਵੀ ਅਜਿਹੇ ਹਾਲਾਤ ਹਨ ਤਾਂ ਏਹ ਅਵਾਜ ਉਥੋਂ ਦੇ ਗੁਰਪ੍ਰੀਤ ਦੀ ਮੰਨੀ ਜਾ ਸਕਦੀ ਹੈ) ਗੌਰੀ ਲੰਕੇਸ਼ ਦੇ ਕਤਲ ਜਿਹੇ ਮਾਮਲਿਆਂ ਤੇ ਖਾਮੌਸ਼ ਕਿਉਂ ਹਨ ਜਦਕਿ ਏਹ ਵਿਚਾਰ ਦੇਸ਼ ਦੀ ਏਕਤਾ ਬਣਾਈ ਰੱਖਣ ਲਈ ਰੌਲਾ ਪਾ ਰਹੇ ਹਨ। ਗੌਰੀ ਲੰਕੇਸ਼ ਜਿਹੇ ਲੇਖਕਾਂ ਨੇ ਮੇਰੇ ਸ਼ਹਿਰ ਦੇ ਪੱਤਰਕਾਰਾਂ ਦਾ ਅਜਿਹਾ ਕੀ ਬਿਗਾੜ ਦਿੱਤਾ ਕਿ ਉਹ ਅਜਿਹੀ ਕਲਮ ਤੋਂ ਨਾਰਾਜਗੀ ਬਣਾਈ ਬੈਠੇ ਹਨ ਜੋ ਅਖੰਡ ਭਾਰਤ ਤੇ ਟੋਟੇ ਹੋਣ ਦੀ ਚਿੰਤਾ ਵਿੱਚ ਵਿਖਾਈ ਦੇ ਰਹੀ ਹੈ। ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਧਰਨੇ ਲੱਗੇ, ਜਲਸੇ ਜਲੂਸ ਨਿਕਲੇ, ਕਈਆਂ ਨੇ ਜਿਆਦਾ ਨਹੀ ਤਾਂ ਬਿਆਨਬਾਜੀ ਕਰ ਇਸ ਕਤਲ ਦੀ ਨਿੰਦਾ ਕੀਤੀ। ਪਰ ਮੇਰੇ ਸ਼ਹਿਰ ਦੇ 400 ਤੋਂ ਜਿਆਦਾ ਪੱਤਰਕਾਰਾਂ ਦੀ ਅਵਾਜ ਸੰਘੀ ਵਿੱਚ ਹੀ ਕਿਉਂ ਘੁੱਟੀ ਰਹਿ ਗਈ। ਏਹ ਜਿਲ੍ਹੇ ਦੀ ਸਰਕਾਰੀ ਪ੍ਰੈਸ ਕਲੱਬ ਦੀ ਚੋਣ ਲਈ ਖੁਦ ਦੇ ਵੋਟਰ ਹੋਣ ਦੀਆਂ ਧਮਕੀਆਂ ਏਸੇ ਸੰਘ ‘ਚੋਂ ਦੇ ਰਹੇ ਸਨ, ਏਸੇ ਸੰਘ ‘ਚੋਂ ਉੱਚੀ  ਉੱਚੀ ਵੱਡੇ ਪੱਤਰਕਾਰ ਹੋਣ ਦਾ ਦਾਅਵਾ ਕਰ ਆਹੁਦੇਦਾਰੀਆਂ ਲਈ ਲ਼ਾਲ਼ਾਂ ਸੁੱਟ ਰਹੇ ਸਨ। ਹੁਣ ਤਾਂ ਅਜਿਹੇ ਪੱਤਰਕਾਰ ਏਹ ਕਹਿ ਕੇ ਵੀ ਪੱਲਾ ਨਹੀ ਛੁਡਾ ਸਕਦੇ ਕਿ ਉਨ੍ਹਾਂ ਦਾ ਅਖਬਾਰ ਇਸ ਦੀ ਇਜਾਜਤ ਨਹੀ ਸੀ ਦਿੰਦਾ, ਕਿਉਂਕਿ ਏਨ੍ਹਾਂ ਅਖਬਾਰਾਂ ਨੇ ਹੀ ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ, ਗੌਰੀ ਲੰਕੇਸ਼ ਨਾਲ ਸਬੰਧਿਤ ਵੱਖ ਵੱਖ ਲੇਖਕਾਂ ਦੇ ਹਾਂ ਦਾ ਨਾਅਰਾ ਮਾਰਦੇ ਲੇਖ ਅਤੇ ਵੱਖ ਸਥਾਨਾਂ ਤੇ ਪੱਤਰਕਾਰਾਂ ਅਤੇ ਵਿਚਾਰਾਂ ਦੀ ਅਜਾਦੀ ਦੇ ਹਾਮੀਂ ਸੰਗਠਨਾਂ ਦੁਆਰਾ ਕੀਤੇ ਪ੍ਰਦਰਸ਼ਨਾਂ ਦੀ ਕਵਰੇਜ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਪ੍ਰਮੁੱਖਤਾ ਨਾਲ ਛਾਪੀ, ਜਿਨ੍ਹਾਂ ‘ਚ ਮੇਰੇ ਸ਼ਹਿਰ ਦੇ ਪੱਤਰਕਾਰਾਂ ਦੇ ਅਦਾਰਿਆਂ ਦੇ ਪੱਤਰਕਾਰ ਵੀ ਅੱਗੇ ਦਿਖਾਈ ਦਿੱਤੇ ਹਨ। ਕੀ ਫਾਇਦਾ ਪ੍ਰੈਸ ਕਲੱਬਾਂ ਬਣਾਉਣ ਦਾ ਜੇਕਰ ਅਸੀ ਆਪਣੇ ਭਾਈਚਾਰੇ ਤੇ ਹੋਏ ਕਤਲ ਵਰਗੇ ਹਮਲੇ ਤੇ ਮੂੰਹ ਹੀ ਨਹੀ ਖੋਲਣਾ। ਪਹਿਲਾਂ ਮੈਂ ਸੋਚਿਆ ਸੀ ਕਿ ਸਾਇਦ ਇਸਦੇ ਲਈ ਕਿਸੇ ਨੇ ਕੋਸ਼ਿਸ ਹੀ ਨਹੀ ਕੀਤੀ ਹੋਣੀ ਪਰ ਮੈਨੂੰ ਉਦੋਂ ਹੋਰ ਵੱਡੀ ਹੈਰਾਨੀ ਹੋਈ ਜਦੋਂ ਪਹਿਰੇਦਾਰ ਦੇ ਮੁੱਖ ਸੰਪਾਦਿਕ ਸ: ਜਸਪਾਲ ਸਿੰਘ ਹੇਰਾਂ ਨਾਲ ਉਪਰੋਕਤ ਵਿਸ਼ਾ ਸਾਂਝਾ ਕਰਨ ਤੇ ਉਨ੍ਹਾਂ ਦੱਸਿਆ ਕਿ ਮੈਂ ਸ਼ਹਿਰ ਦੇ ਕਈ ਮੋਹਰੀ ਪੱਤਰਕਾਰਾਂ ਨਾਲ ਲੁਧਿਆਣਾ ਵਿਖੇ ਵੀ ਅਜਿਹਾ ਹੀ ਕੋਈ ਪ੍ਰਦਰਸ਼ਨ ਕਰਨ ਲਈ ਖੁਦ ਫੋਨ ਕਰਕੇ ਗੱਲ ਕੀਤੀ ਸੀ ਪਰ ਕਿਸੇ ਨੇ ਵੀ ਕੋਈ ਜਵਾਬ ਨਹੀ ਦਿੱਤਾ ਤੇ ਹੁਣ ਤੱਕ ਖਾਮੋਸ਼ ਹਨ। ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਏਹ ਖਾਮੋਸ਼ੀ ਦੱਸ ਰਹੀ ਹੈ ਕਿ ਪ੍ਰੈਸ ਕਲੱਬਾਂ ਦਾ ਨਿਰਮਾਣ ਸਿਰਫ ਤੇ ਸਿਰਫ ਆਪਣੇ ਕਾਲੇ ਕਾਰਨਾਮੇ ਛੁਪਾਉਣ ਜਾਂ ਨਿੱਜੀ ਮਾਮਲਿਆਂ ਵਿੱਚ ਅਫਸਰਸ਼ਾਹੀ ਅਤੇ ਆਮ ਲੋਕਾਂ ਤੇ ਫੌਕਾ ਰੋਅਬ ਜਮਾਉਣ ਲਈ ਕੀਤੀ ਜਾ ਰਿਹਾ ਸੀ ਨਾ ਕਿ ਪੱਤਰਕਾਰਾਂ ਜਾਂ ਪੱਤਰਕਾਰਤਾ ਦੇ ਹਿੱਤ ਲਈ। ਮੇਰੀ ਬੇਚੈਨੀ ਏਹੀ ਸੀ ਕਿ ਮੇਰੇ ਸ਼ਹਿਰ ਵਿੱਚ ਅਜਿਹਾ ਕੁਝ ਨਹੀ ਹੋਇਆ ਜੋ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਹੁੰਦਾ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਆਸ ਨਹੀ ਦਿਖਾਈ ਦੇ ਰਹੀ ਜਿਸ ਕਾਰਨ ਮੇਰੀ ਬੇਚੈਨੀ ਹੋਰ ਵਧ ਰਹੀ ਹੈ। ਹੁਣ ਖਾਮੋਸ਼ ਪੱਤਰਕਾਰਤਾ ਨੂੰ ਆਪਣਾ ਮੂੰਹ ਖੋਲ ਕੇ ਏਹ ਦੱਸਣਾ ਹੋਵੇਗਾ ਕਿ ਕੀ ਗੌਰੀ ਲੰਕੇਸ਼ ਦੇ ਵਿਚਾਰ ਠੀਕ ਨਹੀ ਸਨ ਜਿਸ ਕਾਰਨ ਉਸਦੇ ਹੱਕ ਦੇ ਵਿੱਚ ਉਨ੍ਹਾਂ ਮੂੰਹ ਨਹੀ ਖੋਲਿਆ। ਜਾਂ ਖਾਮੌਸ਼ ਪੱਤਰਕਾਰਤਾ ਨੂੰ ਏਹ ਮੰਨਣਾ ਹੋਵੇਗਾ ਕਿ ਅਸੀ ਸਾਰੇ (ਮੇਰੇ ਸਮੇਤ) ਅਜੇ ਨਾਸਮਝ ਹਾਂ ਅਤੇ ਸਾਨੂੰ ਸਾਰਿਆਂ ਨੂੰ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਮੰਡਰਾ ਰਹੇ ਝੱਪਟਮਾਰ ਬਾਜਾਂ ਤੋਂ ਬਚਾਓ ਲਈ ਇਕੱਠਿਆਂ ਰਲ ਕੇ ਚੱਲਣ ਤੇ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। 
ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ
98889-75440
  

Sunday, June 25, 2017

ਪ੍ਰੈਸ ਕਲੱਬਾਂ: ਚੋਣਾਂ ਵਾਲੇ ਝਮੇਲੇ ਮਗਰੋਂ ਹੁਣ ਲੋੜ ਹੈ ਇੱਕ ਹੋ ਕੇ ਸੋਚਣ ਦੀ

ਕਲੱਬ ਤੋਂ ਪਹਿਲਾਂ ਦਿਲ ਤੇ ਹੱਥ ਦੋਵੇਂ ਮਿਲਾਉਣੇ ਜ਼ਰੂਰੀ 
ਲੁਧਿਆਣਾ: 24 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਫਿਲਹਾਲ ਲੁਧਿਆਣਾ ਪ੍ਰੈਸ ਕਲੱਬ ਦੀਆਂ 25 ਜੂਨ ਨੂੰ ਹੋਣ ਵਾਲੀਆਂ ਚੋਣਾਂ ਅੱਗੇ ਪੈ ਗਈਆਂ ਹਨ ਅਤੇ ਪ੍ਰੈਸ ਲਾਇਨਜ਼ ਕਲੱਬ ਦੀਆਂ ਚੋਣਾਂ 24 ਜੂਨ ਵਾਲੇ ਦਿਨ ਹੀ ਹੋ ਗਈਆਂ ਸਨ।  ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇਹ ਗੱਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਮੀਡੀਆ ਨੂੰ ਇੱਕ ਵਾਰ ਆਪਣੇ ਆਪ ਬਾਰੇ ਰੀਵਿਊ ਕਰਨਾ ਚਾਹੀਦਾ ਹੈ। ਹੰਕਾਰ ਅਤੇ ਤਾਨਾਸ਼ਾਹੀ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ। 
ਪ੍ਰੈਸ ਲਾਇਨਜ਼ ਕਲੱਬ ਦੀ ਚੋਣ ਦੌਰਾਨ ਤਿੰਨ ਨਾਮ ਸਾਹਮਣੇ ਆਏ ਸਨ ਪਰ ਕੁਝ ਕੁ ਮਿੰਟਾਂ ਦੇ ਸਲਾਹ ਮਸ਼ਵਰੇ ਮਗਰੋਂ ਹੀ ਇਹ ਚੋਣ "ਸਰਬਸੰਮਤੀ" ਨਾਲ ਹੋਈ। ਇਸ "ਸਰਬਸੰਮਤੀ" ਦੇ ਬਾਵਜੂਦ ਬਲਵੀਰ ਸਿੱਧੂ ਅਤੇ ਸਮਰਾਟ ਵੱਲੋਂ ਆਪੋ ਆਪਣਾ ਅਹੁਦਾ ਸਵੀਕਾਰ ਕਰਨ ਤੋਂ ਨਾਂਹ ਸੰਕੇਤ ਸੀ ਕਿ ਸਭ ਕੁਝ ਅੱਛਾ ਨਹੀਂ ਹੈ। ਇਸ ਇਨਕਾਰ ਨੇ ਇਸ "ਸਰਬਸੰਮਤੀ" ਬਾਰੇ ਵੀ ਸ਼ੰਕੇ ਖੜੇ ਕੀਤੇ। ਇਸ ਚੋਣ ਮਗਰੋਂ ਸਰਬਜੀਤ ਲੁਧਿਆਣਵੀ ਨੂੰ "ਪ੍ਰਧਾਨ" ਐਲਾਨਿਆ ਗਿਆ। ਬਲਵੀਰ ਸਿੱਧੂ ਵੱਲੋਂ ਦਿਖਾਈ "ਦਰਿਆਦਿਲੀ" ਨਾਲ ਸਾਰੇ ਪ੍ਰਭਾਵਿਤ ਹੋਏ। ਇਸੇ ਤਰਾਂ ਕੁਝ ਹੋਰ ਮਾਮਲਿਆਂ ਵਿੱਚ ਵੀ ਹੋਇਆ। ਪ੍ਰਿਤਪਾਲ ਸਿੰਘ ਪਾਲੀ,  ਸਮਰਾਟ ਸ਼ਰਮਾ ਅਤੇ ਕੁਝ ਹੋਰਨਾਂ ਨੇ ਵੀ ਅਹੁਦਾ ਲਏ ਬਿਨਾ ਹੀ ਕਲੱਬ ਦਾ ਹਰ ਕੰਮ ਪੂਰੀ ਤਰਾਂ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਿਸਨੂੰ ਸਵੀਕਾਰ ਨਹੀਂ ਕੀਤਾ ਗਿਆ। ਸੰਗਤ ਨੇ "ਹੁਕਮ" ਦਿੱਤਾ ਕਿ ਹੁਣ ਇਸ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕਿ ਫਤਹਿ ਦੀ ਗੂੰਜ ਦੇ ਨਾਲ ਸ਼ਿਵ ਸ਼ੰਕਰ ਭੋਲੇ ਨਾਥ ਦੇ ਜੈਕਾਰੇ ਵੀ ਲੱਗੇ। ਇਹ "ਧਾਰਮਿਕ ਏਕਤਾ" ਦਾ ਬਹੁਤ ਵੱਡਾ ਸੰਕੇਤ ਸੀ ਪਰ ਪੱਤਰਕਾਰ ਏਕਤਾ ਖੁਰਦੀ ਨਜ਼ਰ ਆ ਰਹੀ ਸੀ। ਮੀਟਿੰਗ ਦੀ ਕਾਰਵਾਈ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਹੁਤ ਹੀ ਸਿਆਣਪ ਨਾਲ ਚਲਾਈ। ਇਹ ਸਭ ਕੁਝ "ਪਾਰਦਰਸ਼ਿਤਾ" ਦੀ ਇੱਕ ਵਿਸ਼ੇਸ਼ ਮਿਸਾਲ ਸੀ। ਜਿਸ ਤਰਾਂ ਫਟਾਫਟ ਨਾਮ ਐਲਾਨੇ ਗਏ ਤੇ ਬਿਨਾ ਹੁੰਗਾਰਾ ਉਡੀਕੇ ਉਹਨਾਂ ਨਵਾਂ ਨੂੰ ਸਹਿਮਤੀ ਦਿੱਤੀ ਗਈ ਉਸ ਨੇ ਇਸ ਸਾਰੇ ਸਿਲਸਿਲੇ ਬਾਰੇ ਸੁਆਲ ਖੜੇ ਕੀਤੇ ਹਨ। 
ਇਹ ਵਿਸੇਸ਼ ਇਕੱਤਰਤਾ ਕਲੱਬ ਦੇ ਕਾਰਜਕਾਰੀ ਪ੍ਰਧਾਨ ਆਰ.ਵੀ ਸਮਰਾਟ ਦੀ ਪ੍ਰਧਾਨਗੀ ਹੇਠ ਸਥਾਨਕ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿਚ ਕਲੱਬ ਦੇ 70 ਦੇ ਕਰੀਬ ਮੈਂਬਰਾਂ ਹਿੱਸਾ ਲਿਆ। ਕਲੱਬ ਦੀਆਂ ਪਿਛਲੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਵਿਸ਼ੇਸ ਰਿਪੋਰਟ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਪੇਸ਼ ਕੀਤੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸਰਬਜੀਤ ਸਿੰਘ ਲੁਧਿਆਣਵੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਹਿਗਲ, ਆਰ.ਵੀ ਸਮਰਾਟ, ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਮਾਂਗਟ, ਅਸ਼ੋਕਪੁਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਮਨਜੀਤ ਸਿੰਘ ਦੁੱਗਰੀ, ਸਕੱਤਰ ਨੀਲ ਕਮਲ ਸ਼ਰਮਾ, ਸਰਬਜੀਤ ਸਿੰੰਘ ਬੱਬੀ, ਸ਼ਾਮ ਸੁੰਦਰ ਸਰਪਾਲ, ਮਿਸਟਰ ਬੰਟੀ, ਕੈਸ਼ੀਅਰ ਰਘਬੀਰ ਸਿੰਘ ਤੇ ਕੁਲਵਿੰਦਰ ਸਿੰਘ ਮਿੰਟੂ, ਲੀਗਲ ਐਡਵਾਈਜ਼ਰ ਸ੍ਰੀਪਾਲ ਚੁਣੇ ਗਏ। ਇਸ ਮੌਕੇ ਕਲੱਬ ਦੇ ਸਰਪ੍ਰਸਤ ਬਲਵੀਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਪਾਲੀ, ਗੁਰਮੀਤ ਸਿੰਘ, ਸੁਨੀਲ ਜੈਨ ਨੂੰ ਬਣਾਇਆ ਗਿਆ।
ਇਸ ਮੌਕੇ ਬੁੱਧ ਸਿੰਘ ਨੀਲੋਂ, ਡੀ.ਪੀ ਸਿੰਘ, ਮੋਹਨ ਸਿੰਘ, ਸੁਖਦੇਵ ਸਿੰਘ, ਇੰਦਰਪਾਲ ਸਿੰਘ, ਪ੍ਰੇਮ ਰਤਨ ਕਾਲੀਆ, ਵਿਨੈ ਵਰਮਾ, ਜਸਵਿੰਦਰ ਸਿੰਘ ਚਾਵਲਾ, ਰੈਕਟਰ ਕਥੂਰੀਆ, ਕੁਲਦੀਪ ਦੁੱਗਰੀ, ਮਨਿੰਦਰ ਪਾਲ ਸਿੰਘ, ਆਰ.ਪੀ. ਸਿੰਘ, ਰਾਜ ਜੋਸ਼ੀ, ਸਰਬਜੀਤ ਸਿੰਘ ਪਨੇਸਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਇਹ ਸਭ ਕੁਝ ਹੋ ਠੀਕ ਠਾਕ ਹੋ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਦੇ  ਖਿਲਾਫ ਗਿਲਿਆਂ ਸ਼ਿਕਵਿਆਂ ਦਾ ਹੜ੍ਹ ਜਿਹਾ ਹੀ ਆ ਗਿਆ। ਲੁਧਿਆਣਾ ਪ੍ਰੈਸ ਕਲੱਬ ਅਤੇ ਪ੍ਰੈਸ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਦਿਲ ਦੀ ਗੱਲਬਾਤ ਕੀਤੀ ਤਾਂ ਜੋ ਦਿਲ ਦੀਆਂ ਲੁਕੀਆਂ ਗੱਲਾਂ ਵੀ ਬਾਹਰ ਆ ਸਕਣ। ਜੇ ਕਰ ਇਹ ਸਭ ਕੁਝ ਪਹਿਲਾਂ ਹੀ ਦਿਲ ਖੋਹਲ ਕੇ ਕਰ ਲਿਆ ਗਿਆ ਹੁੰਦਾ ਤਾਂ ਸ਼ਾਇਦ ਨੌਬਤ ਬਹਿਸ ਅਤੇ ਝਗੜਿਆਂ ਤਕ ਨਾ ਪਹੁੰਚਦੀ।  
ਪਰ ਅਫਸੋਸ ਕਿ ਬਹੁਤਿਆਂ ਦੀ ਜ਼ੁਬਾਨ ਤੇ ਕੁਝ ਹੋਰ ਸੀ ਅਤੇ ਦਿਲ ਵਿੱਚ ਕੁਝ ਹੋਰ। ਮੀਡੀਆ ਨੂੰ ਸ਼ਾਇਦ ਨੇਤਾਗਿਰੀ ਵਾਲਾ ਸਿਆਸੀ ਰੰਗ ਚੜ੍ਹ ਗਿਆ ਸੀ। ਨਵੀਂ ਟੀਮ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਮਾਂ ਨਵੀਂ ਟੀਮ ਦੀ ਕਾਰਗੁਜ਼ਾਰੀ ਦੇਖਣ ਲਈ ਵੀ ਦੇਣਾ ਬਣਦਾ ਹੈ ਪਰ ਚੰਗਾ ਹੁੰਦਾ ਜੇ ਇਸ ਬਾਰੇ ਚੋਣ ਹੀ ਕਰਵਾ ਲਈ ਜਾਂਦੀ। ਇਹਨਾਂ ਚੋਣਾਂ ਵਿੱਚ ਜਿਹੜੀ ਤੇਜ਼ੀ ਦਿਖਾਈ ਗਈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਚੰਗਾ ਹੋਵੇ ਜੇ ਇਸ ਸਾਰੀ ਕਾਰਵਾਈ ਦੀ ਪ੍ਰਵਾਨਗੀ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਸਾਰੀਆਂ ਸਾਹਮਣੇ ਲਈ ਜਾਵੇ। 


Wednesday, June 21, 2017

ਕਈ ਜੱਥੇਬੰਦੀਆਂ ਨੇ ਕੀਤਾ 25 ਜੂਨ ਵਾਲੀ ਪ੍ਰੈਸ ਕਲੱਬ ਦੀ ਚੋਣ ਦਾ ਬਾਈਕਾਟ

Wed, Jun 21, 2017 at 9:40 PM
ਹੁਣ 24 ਜੂਨ ਨੂੰ ਹੋਵੇਗੀ ਪ੍ਰੈਸ ਲਾਇਨਜ਼ ਕਲੱਬ ਦੀ ਚੋਣ 
ਲੁਧਿਆਣਾ: 21 ਜੂਨ 2017:(ਪੰਜਾਬ ਸਕਰੀਨ ਬਿਊਰੋ):: 
25 ਜੂਨ ਨੂੰ ਪ੍ਰੈਸ ਕਲੱਬ ਦੀ ਹੋਣ ਜਾ ਰਹੀ ਚੋਣ ਸੰਬਧੀ ਕਈ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਨੂੰ ਆਖਰਕਾਰ ਉਦੋਂ ਪੱਕੀ ਬ੍ਰੇਕ ਲੱਗ ਗਈ ਜਦੋਂ ਪੱਤਰਕਾਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਵਫਦ ਨੂੰ ਅੱਜ ਮੁੜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅੱਗਰਵਾਲ ਨੇ ਏਹ ਆਖ ਦਿੱਤਾ ਕਿ ਕੋਈ ਵੀ ਚੋਣ ਪ੍ਰਸ਼ਾਸਨ ਵੱਲੋਂ ਨਹੀ ਕਰਵਾਈ ਜਾ ਰਹੀ ਅਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਆਦੇਸ਼ ਸਾਨੂੰ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਪੱਤਰਕਾਰਾਂ ਨੇ ਪ੍ਰੈੱਸ ਕਲੱਬ ਬਣਾਉਣ ਲਈ ਚੋਣਾਂ ਕਰਵਾਉਣ ਦੀ ਗੱਲ ਕੀਤੀ ਸੀ ਪਰ ਪੱਤਰਕਾਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇਸ ਚੋਣ ਵਿੱਚ ਕੋਈ ਵੀ ਰੋਲ ਅਦਾ ਨਹੀ ਕੀਤਾ ਜਾ ਰਿਹਾ। ਅੱਜ ਇਸ ਜੰਗ ਦੇ ਮੈਦਾਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਪਿਛਲੇ ਤਿੰਨਾਂ ਦਹਾਕਿਆਂ ਤੋਂ ਸਰਗਰਮ ਪੱਤਰਕਾਰ ਬਲਵੀਰ ਸਿੱਧੂ, ਸੁਨੀਲ ਜੈਨ, ਆਰ ਵੀ ਸਮਰਾਟ, ਸੰਜੀਵ ਸ਼ਰਮਾ, ਡਾਕਟਰ ਭਾਰਤ, ਵਿਸ਼ਨੂੰ ਅਤੇ ਕਿ ਹੋਰ ਸਰਗਰਮ ਸਾਥੀ। 
ਹੁਣ ਜੋ ਵੀ ਕਲੱਬ ਦੀ ਚੋਣ ਹੋਣ ਜਾ ਰਹੀ ਹੈ ਉਹ ਪੱਤਰਕਾਰਾਂ ਦੀ ਨਿੱਜੀ ਹੋ ਸਕਦੀ ਹੈ ਨਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ। ਉਹਨਾਂ ਵਫਦ ਨੂੰ ਸਾਫ ਆਖ ਦਿੱਤਾ ਕਿ ਜੇਕਰ ਕੱਲ ਨੂੰ ਮੈਂ ਪ੍ਰਦੀਪ ਕਲੱਬ ਬਣਾ ਲਵਾਂਗਾ ਤਾਂ ਉਹ ਕੇਵਲ ਨਿੱਜੀ ਹੋ ਸਕਦੀ ਹੈ। ਡੀ ਸੀ ਤੋਂ ਪਹਿਲਾਂ ਜ਼ਿਲਾ ਲੋਕ ਸੰਪਰਕ ਅਧਿਕਾਰੀ ਪ੍ਰਭਜੋਤ ਸਿੰਘ ਨੱਥੋਵਾਲ ਵੱਲੋਂ ਵੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਪ੍ਰਕਾਰ ਦੀ ਵਿਵਾਦਿਤ ਕਲੱਬ ਨੂੰ ਬਣਾਉਣ 'ਚ ਲੋਕ ਸੰਪਰਕ ਵਿਭਾਗ ਦਾ ਕੋਈ ਵੀ ਸਹਿਯੋਗ ਜਾਂ ਰੋਲ ਹੋਣ ਤੋਂ ਸਾਫ ਇਨਕਾਰ ਕਰ ਚੁੱਕੇ ਹਨ। ਜ਼ਿਲੇ ਦੇ ਦੋਵਾਂ ਅਧਿਕਾਰੀਆਂ ਦੇ ਅਜਿਹੇ ਜਵਾਬ ਤੋਂ ਸਤੁੰਸਟ ਹੋਏ ਪ੍ਰੈਸ ਲਾਇਨਜ ਕਲੱਬ ਨਾਲ ਗਈਆਂ ਚਾਰ ਹੋਰਨਾਂ ਜੱਥੇਬੰਦੀਆਂ ਦੇ ਪੱਤਰਕਾਰਾਂ ਨੇ ਵੀ 25 ਜੂਨ ਨੂੰ ਹੋਣ ਜਾ ਰਹੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਗੱਲ ਕਰਦਿਆਂ ਕਾਰਜਕਾਰੀ ਪ੍ਰਧਾਨ ਆਰ ਵੀ ਸਮਰਾਟ ਨੇ ਕਿਹਾ ਕਿ 25 ਜੂਨ ਨੂੰ ਪ੍ਰੈਸ ਕਲੱਬ ਦੀ ਚੋਣ ਕਰਵਾਉਣ ਵਾਲੀ ਕਮੇਟੀ ਤੋਂ ਵਾਰ ਵਾਰ ਸੰਵਿਧਾਨ ਮੰਗਣ ਤੇ ਉਨਾਂ ਸੰਵਿਧਾਨ ਦੀ ਕਾਪੀ, ਰਜਿਟਰੇਸ਼ਨ ਦੀ ਕਾਪੀ ਅਤੇ ਇਸ ਕਲੱਬ ਵੱਲੋਂ ਪਾਸ ਕੀਤੇ ਮਤਿਆਂ ਦੀ ਕਾਪੀ ਨਹੀ ਦਿੱਤੀ। ਇਸ ਕਲੱਬ ਦੇ ਕਾਰਵਾਈ ਰਜਿਸਟਰ ਦੀ ਕੋਈ ਰਿਪੋਰਟ ਨਹੀ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਚੋਣਾਂ ਕਰਵਾਉਣ ਤੋਂ ਪਹਿਲਾਂ ਇਸ ਕਲੱਬ ਦੇ ਅਹੁਦੇਦਾਰਾਂ ਨੇ ਅਪਣੇ ਅਸਤੀਫੇ ਦਿੱਤੇ ਹਨ ਕਿ ਨਹੀ। ਸਾਰਾ ਮਾਮਲਾ ਗੋਲਮੋਲ ਅਤੇ ਜਾਲਸਾਜੀ ਵਾਲਾ ਹੋਣ ਕਾਰਨ ਅਤੇ ਪ੍ਰਸ਼ਾਸਨ ਵੱਲੋਂ ਇਸ ਤੋਂ ਪੱਲਾ ਝਾੜਨ ਕਾਰਨ ਅਸੀਂ ਵੀ 25 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀ ਲੁਧਿਆਣਾ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰੈਸ ਕਲੱਬ ਬਣਾਉਣ ਲਈ ਯਤਨਸੀਲ ਹਾਂ ਅਤੇ ਏਸੇ ਕਾਰਨ ਇਸ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇ ਰਹੇ ਸੀ। ਉਹਨਾਂ ਕਿਹਾ ਕਿ ਪ੍ਰੈਸ ਲਾਇਨਜ ਕਲੱਬ ਤਾਂ ਪਹਿਲਾਂ ਹੀ ਇਸ ਤੋਂ ਬੇਹਤਰ ਹੈ ਜੋ ਤਿੰਨ ਸਾਲ ਤੋਂ ਰਜਿਸਟਰ ਹੈ, ਮਤੇ ਪਾਉਂਦੀ ਹੈ, ਜਿਸ ਕੋਲ ਕਾਰਵਾਈ ਰਜਿਸਟਰ ਵੀ ਹੈ ਤੇ ਅਹੁਦੇਦਾਰ ਵੀ ਹਨ। ਮੌਜੂਦਾ ਸਮੇਂ ਪੱਤਰਕਾਰਾਂ ਨੂੰ ਮਿਲ ਰਹੀਆਂ ਸਹੂਲਤਾਵਾਂ ਅਕਾਲੀ ਭਾਜਪਾ ਸਰਕਾਰ ਤੋਂ ਲੈ ਚੁੱਕੀ ਹੈ, ਪ੍ਰੈਸ ਕਲੱਬ ਲਈ ਜਿਥੇ 1284 ਗਜ ਜਗਾ ਲੱਗਭਗ ਅਲਾਟ ਕਰਵਾ ਚੁੱਕੀ ਹੈ ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੌਜੂਦਾ ਕਾਂਗਰਸ ਸਰਕਾਰ ਨੇ 1 ਕਰੋੜ ਦਾ ਬਜਟ ਵੀ ਲੁਧਿਆਣਾ ਦੀ ਪ੍ਰੈਸ ਕਲੱਬ ਲਈ ਰਾਖਵਾਂ ਰੱਖਿਆ ਹੈ। ਪਿਛਲੀ ਮੀਟਿੰਗ ਦੇ ਪਾਸ ਕੀਤੇ 7 ਮੁੱਦਿਆਂ 'ਚੋਂ ਇੱਕ ਅਹਿਮ ਮੁੱਦਾ ਵੀ ਇਸ ਸਰਕਾਰ ਨੇ ਜਲਦ ਮੰਨਣ ਦੀ ਹਾਮੀਂ ਭਰ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਸਮੇਤ ਸਾਰੀ ਬਾਡੀ ਭੰਗ ਕਰਕੇ ਪ੍ਰੈਸ ਲਾਇਨਜ਼ ਕਲੱਬ ਨੂੰ ਮੌਜੂਦਾ ਸਮੇਂ ਅਜਾਦ ਛੱਡ ਦਿੱਤਾ ਗਿਆ ਹੈ। ਪੱਤਰਕਾਰਾਂ ਦੀ ਬੇਹਤਰੀ ਲਈ 24 ਜੂਨ ਨੂੰ ਇਸ ਦੀ ਬਾਡੀ ਦੀ ਚੋਣ ਪੰਜਾਬੀ ਭਵਨ ਵਿਖੇ ਸਵੇਰੇ 11 ਵਜੇ ਰੱਖੀ ਗਈ ਹੈ। ਉਹਨਾਂ ਪੱਤਰਕਾਰਤਾ ਦੇ ਖੇਤਰ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਤਜੁਰਬਾ ਰੱਖਣ ਵਾਲੇ ਪੱਤਰਕਾਰਾਂ ਨੂੰ ਇਸ ਚੋਣ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਲਈ ਕਿਹਾ। ਉਹਨਾਂ ਕਿਹਾ 24 ਜੂਨ ਨੂੰ ਅਬਜ਼ਰਵਰ ਕਮੇਟੀ ਪਾਰਦਰਸ਼ੀ ਢੰਗ ਨਾਲ ਚੋਣ ਕਰਵਾ ਕੇ ਨਵੀਂ ਬਾਡੀ ਦਾ ਐਲਾਨ ਕਰੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜੂਦ ਸੀ।   

Monday, August 22, 2016

ਸਿੱਖ ਸੰਘਰਸ਼ ਦੇ ਇੱਕ ਮੁੱਖ ਗਵਾਹ ਭਰਪੂਰ ਸਿੰਘ ਬਲਬੀਰ ਦਾ ਦੇਹਾਂਤ

ਪੱਤਰਕਾਰੀ ਦੇ ਇੱਕ ਯੁਗ ਦਾ ਅੰਤ-ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ 
ਜਲੰਧਰ: 22 ਅਗਸਤ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੰਜਾਬੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਥਾਂ ਸਰਦਾਰ ਭਰਪੂਰ ਸਿੰਘ ਬਲਬੀਰ ਉਰਫ ਨੇਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ 30 ਮਾਡਰਨ ਕਾਲੋਨੀ ਨੇਡ਼ੇ ਜਵਾਹਰ ਨਗਰ ਜਲੰਧਰ ਤੋਂ ਆਰੰਭ ਹੋਵੇਗੀ। ਉਹਨਾਂ ਦੀ ਵੀ ਉਮਰ ਕਾਫੀ ਸੀ, ਸਿਹਤ ਵੀ ਖਰਾਬ ਸੀ ਸੋ ਇਹ ਖਬਰ ਕਿਸੇ ਵੀ ਵੇਲੇ ਆ ਸਕਦੀ ਸੀ ਪਰ ਫਿਰ ਵੀ ਇਹ ਖਬਰ ਬੇਹੱਦ ਦੁੱਖਦਾਈ ਸੀ। ਅਜੇ ਉਹਨਾਂ ਦੀ ਕਾਫੀ ਲੋੜ ਸੀ। ਉਹਨਾਂ ਨੂੰ ਬਹੁਤ ਕੁਝ ਅਜਿਹਾ ਪਤਾ ਸੀ ਜਿਸਦਾ ਵੇਰਵਾ ਉਹੀ ਸੰਗਤ ਨੂੰ ਦੇ ਸਕਦੇ ਸਨ। 
ਅਪਰੇਸ਼ਨ ਬਲਿਊ ਸਟਾਰ ਵਾਲੀਆਂ ਹਾਲਤਾਂ ਨੂੰ ਬਹੁਤ ਹੀ ਨੇੜਿਓਂ ਦੇਖਣ ਵਾਲੇ ਗਵਾਹ ਉਰਫ ਨੇਤਾ ਜੀ ਹੁਣ ਹਮੇਸ਼ਾਂ ਲਈ ਖਾਮੋਸ਼ ਹੋ ਗਏ ਹਨ। ਓਸ਼ੋ ਰਜਨੀਸ਼ ਦੇ ਵਿਚਾਰਾਂ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਇਸ ਦਰਵੇਸ਼ ਪੱਤਰਕਾਰ ਨੇ ਉਸ ਥਾਂ ਵੱਲ ਸਫ਼ਰ ਕਰ ਲਿਆ ਹੈ ਜਿੱਥੋਂ ਕੋਈ ਵਾਪਿਸ ਨਹੀਂ ਮੁੜਦਾ। ਰੋਜ਼ਾਨਾ ਅੱਜ ਦੀ ਆਵਾਜ਼ ਦੇ ਫਾਊਂਡਰ ਅਤੇ   ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਿਕਟਵਰਤੀਆਂ ਵਿੱਚੋਂ ਇੱਕ,
ਪੰਜਾਬ ਦੇ ਬੇਹੱਦ ਨਾਜ਼ੁਕ ਦਿਨਾਂ ਵਿੱਚ ਰੋਜ਼ਾਨਾ ਅਕਾਲੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਰਹਿਣ ਵਾਲੇ ਸਰਦਾਰ ਬਲਬੀਰ ਦੀ ਲੇਖਣੀ ਵਿੱਚ ਇੱਕ ਜਾਦੂ ਸੀ। ਇਸ ਲੇਖਣੀ ਨੇ ਹੀ ਅਕਾਲੀ ਪਤ੍ਰਿਕਾ ਦੀ ਸਰਕੂਲੇਸ਼ਨ ਨੂੰ ਰਿਕਾਰਡ ਤੋੜ ਉਚਾਈ  ਦਿੱਤਾ ਸੀ। ਬਲਿਓ ਸਟਾਰ ਤੋਂ ਬਾਅਦ ਰੋਜ਼ਾਨਾ ਅੱਜ ਦੀ ਆਵਾਜ਼ ਫਾਊਂਡਰ ਵੱਜੋਂ ਉਭਰ ਕੇ ਸਾਹਮਣੇ ਆਏ ਭਰਪੂਰ ਸਿੰਘ ਬਲਬੀਰ ਦਾ ਸ਼ਾਇਰਾਨਾ ਅੰਦਾਜ਼ ਉਹਨਾਂ ਦੇ ਸੰਪਾਦਕੀ ਲੇਖਾਂ ਨੂੰ ਲੋਕਾਂ ਦੇ ਦਿਲਾਂ  ਸੀ। ਜਦੋਂ ਸਿੱਖ ਸਿਆਸਤ ਦੇ ਬਹੁਤ ਸਾਰੇ ਕਹਿੰਦੇ ਕਹਾਉਂਦੇ ਆਗੂ ਕਈ ਕਈ ਤਰਾਂ ਦੀ ਬੋਲੀ ਬੋਲ ਰਹੇ ਸਨ ਉਸ ਵੇਲੇ ਉਹਨਾਂ ਇੱਕ ਸੰਪਾਦਕੀ ਵਿੱਚ ਲਿਖਿਆ ਸੀ--
ਝੁਕ ਕਰ ਸਲਾਮ ਕਰਨੇ ਮੈਂ ਕਿਆ ਹਰਜ ਹੈ ਮਗਰ,
ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ। 
ਉਹਨਾਂ ਨਾਲ ਬਿਤਾਏ ਦਿਨ ਅੱਜ ਬਹੁਤ ਯਾਦ ਆ ਰਹੇ ਹਨ। ਉਹ ਬੋਲ ਕੇ ਸੰਪਾਦਕੀ ਲਿਖਵਾਉਂਦੇ ਸਨ। ਅਕਾਲੀ ਪੱਤ੍ਰਿਕਾ ਵਿੱਚ ਕਰਦਿਆਂ ਮੈਨੂੰ ਕਈ ਵਾਰ ਉਹਨਾਂ ਦੇ ਨੇੜੇ ਬੈਠਣ ਅਤੇ ਉਹਨਾਂ ਦੇ ਕੰਮ ਦੀ ਸ਼ੈਲੀ ਨੂੰ ਦੇਖਣ ਸਮਝਣ ਦਾ ਮੌਕਾ ਮਿਲਿਆ। ਜਦੋਂ ਉਹ ਸੰਪਾਦਕੀ ਟੇਬਲ ਆਪਣੀ ਕੁਰਸੀ 'ਤੇ ਆ ਕੇ ਬੈਠਦੇ ਤਾਂ ਉਹਨਾਂ ਦੇ ਹੱਥ ਵਿੱਚ ਅਕਸਰ ਸਿੱਖ ਪਰਚਿਆਂ ਦੇ ਨਾਲ ਨਾਲ ਨਕਸਲੀ ਵਿਚਾਰਧਾਰਾ ਵਾਲੇ ਖੱਬੇ ਪੱਖੀ ਪਰਚਿਆਂ ਦੇ ਵੀ ਕੁਝ ਚੋਣਵੈਂ ਅੰਕ ਹੁੰਦੇ ਜਿਹਨਾਂ ਦੀ ਵਰਤੋਂ ਉਹ ਆਪਣੇ ਵਿਚਾਰ ਪ੍ਰਗਟਾਵੇ ਦੌਰਾਨ ਹਵਾਲਿਆਂ ਵੱਜੋਂ ਕਰਦੇ। ਉਹਨਾਂ ਕੋਲ ਮਹੱਤਵਪੂਰਨ ਦਸਤਾਵੇਜ਼ਾਂ ਦਾ ਇੱਕ ਵਿਸ਼ਾਲ ਭੰਡਾਰ ਸੀ ਇਹਨਾਂ ਵਿੱਚ ਉਸ ਵੇਲੇ ਦੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲਿਖੀ ਇੱਕ ਇਤਿਹਾਸਿਕ ਚਿੱਠੀ ਵੀ ਸ਼ਾਮਲ ਹੈ ਜਿਹੜੀ ਉਹਨਾਂ ਕੁਝ ਮਹੀਨੇ ਪਹਿਲਾਂ ਮੀਡੀਆ ਨੂੰ ਵੀ ਦਿਖਾਈ ਸੀ। 
ਕੁਝ ਬਾਜ਼ਮੀਰ ਪੱਤਰਕਾਰ ਅਜੇ ਵੀ ਮੌਜੂਦ ਹਨ ਜਿਹੜੇ ਉਹਨਾਂ ਐਡ ਬਹੁਤ ਨੇੜੇ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ  ਉਹ ਘਟੋਘੱਟ ਅਜਿਹੇ ਰਾਜ ਜ਼ਰੂਰ ਸਭਨਾਂ ਦੇ ਸਾਹਮਣੇ ਲਿਆਉਣਗੇ ਜਿਹੜੇ ਅੱਜ ਦੇ ਹਾਲਾਤ ਵਿੱਚ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਵਾਲੇ ਸੰਕਲਪ ਦੀ ਪੂਰਤੀ ਲਈ ਸਾਹਮਣੇ ਆਉਣੇ ਜ਼ਰੂਰੀ ਹਨ। ਇਹੀ ਹੋਵੇਗੀ ਬਲਬੀਰ ਜੀ ਨੂੰ  ਸ਼ਰਧਾਂਜਲੀ।  ਇਹੀ ਹੋਵੇਗੀ ਨੇਤਾ ਜੀ ਨੂੰ ਸਲਾਮ। 

Friday, May 13, 2016

ਬਿਹਾਰ ਅਤੇ ਝਾਰਖੰਡ ਵਿੱਚ ਦੋ ਪੱਤਰਕਾਰ ਸ਼ਹੀਦ

ਦੋਹਾਂ ਨੂੰ ਬਿਲਕੁਲ ਨੇੜਿਓਂ ਗੋਲੀ ਮਾਰੀ ਗਈ--ਹਮਲਾਵਰ ਫਰਾਰ 
ਰਾਜਦੇਵ ਰੰਜਨ 
ਗੁੰਡਾਗਰਦੀ ਅਤੇ ਗੈਂਗਸ਼ਾਹੀ ਹਰ ਪਾਸੇ ਆਪਣੀ ਦਹਿਸ਼ਤ ਫੈਲਾ ਰਹੀ ਹੈ। ਜੇ ਅੰਮ੍ਰਿਤਸਰ  ਵਿੱਚ ਐਸ ਐਮ ਓ ਡਾਕਟਰ ਆਰ ਐਸ ਸੇਠੀ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਤਾਂ ਹੁਣ ਖਤਰਨਾਕ ਖਬਰ ਆਈ ਹੈ ਬਿਹਾਰ ਤੋਂ ਜਿੱਥੇ ਇੱਕ ਪ੍ਰਮੁਖ ਹਿੰਦੀ ਅਖਬਾਰ "ਹਿੰਦੋਸਤਾਨ" ਦੇ ਸੀਵਾਨ ਸਥਿਤ ਬਿਊਰੋ ਚੀਫ਼ ਰਾਜਦੇਵ ਰੰਜਨ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਡਿਊਟੀ ਕਰਨ ਮਗਰੋਂ ਰਾਤੀਂ ਅਠ ਵਜੇ ਘਰ ਪਰਤਦਿਆਂ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇੱਕ ਗੋਲੀ ਸਿਰ ਵਿੱਚ ਲੱਗੀ ਅਤੇ ਦੂਸਰੀ ਗੋਲੀ ਗਰਦਨ ਵਿੱਚ। ਹਮਲਾਵਰ ਮੋਟਰਸਾਈਕਲ ਤੇ ਆਏ ਅਤੇ ਕਾਰਾ ਕਰਨ ਮਗਰੋਂ ਆਰਾਮ ਨਾਲ ਫਰਾਰ ਹੋ ਗਏ। ਗੰਭੀਰ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਤੁਰੰਤ ਹਸਪਟਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਏ। ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਦੇਵ ਕਰੀਬ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕਈ ਵਾਰ ਧਮਕੀਆਂ ਆ ਚੁੱਕੀਆਂ ਸਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਕਤਲ ਦਾ ਮਕਸਦ ਅਜੇ ਤੱਕ ਅਸਪਸ਼ਟ ਹੈ ਕਿਓਂਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। 
ਇਸੇ ਦੌਰਾਨ ਵੀਰਵਾਰ ਦੀ ਰਾਤ ਨੂੰ ਝਾਰਖੰਡ ਦੇ ਛਤਰਾ ਵਿੱਚ ਇੱਕ ਸਥਾਨਕ ਚੈਨਲ ਦੇ ਪੱਤਰਕਾਰ ਅਖਿਲੇਸ਼ ਪ੍ਰਤਾਪ ਸਿੰਘ ਨੂੰ ਪਿੰਡ ਦੀ ਪੰਚਾਇਤ ਸਕੱਤਰੇਤ ਨੇੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਮੁੱਖ ਮੰਤਰੀ ਰਘਬੀਰ ਦਾਸ ਨੇ ਇਸ ਘਟਨਾ ਦੀ  ਕੀਤੀ ਹੈ ਅਤੇ ਡੀਜੀਪੀ ਦੀ ਕੇ ਪਾਂਡੇ ਨੂੰ ਕਿਹਾ ਹੈ ਕਿ ਉਹ ਹਮਲਾਵਰਾਂ ਨੂੰ ਛੇਤੀ ਗ੍ਰਿਫਤਾਰ ਕਰਨ। ਅਖਿਲੇਸ਼ ਦੀ ਉਮਰ ਅਜੇ 35 ਸਾਲਾਂ ਦੀ ਸੀ। 

Monday, October 05, 2015

ਮਾਮੂਲੀ ਗੱਲ ਨਹੀਂ ਹੈ ਮੀਡੀਆ 'ਤੇ ਵਧ ਰਹੇ ਹਮਲੇ

ਲੋਕ-ਹੱਕਾਂ ਲਈ ਉਠਦੀਆਂ ਆਵਾਜ਼ਾਂ ਨੂੰ ਬੰਦ ਕਰਨ ਦੀ ਸਾਜਿਸ਼ ਨੇ ਇਹ ਹਮਲੇ 
ਲੁਧਿਆਣਾ: 5 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੱਤਰਕਾਰਾਂ ਦੇ ਖਿਲਾਫ਼ ਹਿੰਸਾ ਲਗਾਤਾਰ ਵਧ ਰਹੀ ਹੈ। ਕਦੇ ਕਿਸੇ ਪੱਤਰਕਾਰ ਨੂੰ ਸਾੜ ਦਿੱਤਾ ਜਾਂਦਾ ਹੈ, ਕਦੇ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਕਦੇ ਕਿਸੇ ਨੂੰ ਸੜਕ ਹਾਦਸੇ ਰਾਹੀਂ ਸਦਾ ਦੀ ਨੀਂਦ ਸੁਆ ਦਿੱਤਾ ਜਾਂਦਾ ਹੈ। ਕਸੂਰ ਸਿਰਫ ਏਨਾ ਕਿ ਜਾਗਦੀ ਜ਼ਮੀਰ ਦੀ ਆਵਾਜ਼ ਕਾਰਣ ਉਸਨੇ ਕੁਰੱਪਸ਼ਨ ਨਾਲ ਭਰੇ ਸਿਸਟਮ ਦੀਆਂ ਧਮਕੀਆਂ ਅਤੇ ਲਾਲਚਾਂ ਵਾਲੀਆਂ ਆਵਾਜ਼ਾਂ ਨਹੀਂ ਸੁਣੀਆਂ ਹੁੰਦੀਆਂ ਜਾਂ ਸੁਣ ਕੇ ਵੀ ਅਣਸੁਣੀਆਂ ਕੀਤੀਆਂ ਹੁੰਦੀਆਂ ਹਨ। ਅੱਖੀਂ ਦੇਖਿਆ ਸਚ, ਕੰਨੀ ਸੁਣੇ ਬੋਲ ਉਸ ਨੇ ਬਿਨਾ ਲਿਹਾਜ਼ ਬਿਆਨ ਕੀਤੇ ਹੁੰਦੇ ਹਨ। ਇਸ ਜੁਰਮ ਦੀ ਸਜ਼ਾ ਉਸਨੂੰ ਬਾਰ ਬਾਰ ਦਿੱਤੀ ਜਾਂਦੀ ਹੈ। ਕਦੇ ਕਿਸੇ ਚੈਨਲ ਦੇ ਪੱਤਰਕਾਰ ਉੱਪਰ ਹਮਲਾ ਕੀਤਾ ਜਾਂਦਾ ਹੈ ਅਤੇ ਕਦੇ ਕਿਸੇ ਬਲਾਗਰ ਉੱਪਰ। ਅੱਜ ਜਿਸ ਸਮਾਜ ਵਿੱਚ ਅਸੀਂ ਵਿਚਰ ਰਹੇ ਹਾਂ ਉਸਦੇ ਠੇਕੇਦਾਰਾਂ ਦੇ ਹੱਥ ਪੱਤਰਕਾਰਾਂ ਦੇ ਖੂਨ ਨਾਲ ਰੰਗੇ ਹੋਏ ਹਨ। ਅਫਸੋਸ ਹੈ ਕਿ ਸਮਾਜ ਚੁੱਪ ਹੈ। ਸਿੱਟੇ ਵੱਜੋਂ ਇਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਨਵੀਂ ਵਾਰਦਾਤ ਹੋਈ ਹੈ ਸਾਹਨੇਵਾਲ ਵਿੱਚ ਜਿੱਥੇ ਜਗਬਾਣੀ ਦੇ ਰਿਪੋਰਟਰ ਰਵੀ ਭਾਟੀਆ ਦੀ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਪਿਛੇ ਜ਼ਿਲਾ ਪ੍ਰੀਸ਼ਦ ਦੇ ਇੱਕ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਦਾ ਹੱਥ ਦੱਸਿਆ ਗਿਆ ਹੈ। ਇਸਦੇ ਖਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਪੱਤਰਕਾਰ ਭਾਈਚਾਰਾ 6 ਅਕਤੂਬਰ ਨੂੰ ਡੀਸੀ ਦਫਤਰ ਸਾਹਮਣੇ ਇਕੱਤਰ ਹੋ ਰਿਹਾ ਹੈ। ਦੇਖਦੇ ਹਾਂ ਦੋਸ਼ੀ ਦੇ ਖਿਲਾਫ਼ ਕੀ ਐਕਸ਼ਨ ਲਿਆ ਜਾਂਦਾ ਹੈ। ਸਭ ਨੂੰ ਅਪੀਲ ਹੈ ਕਿ ਵਧ ਚੜ੍ਹ ਕੇ ਪੁੱਜੋ। ਅੱਜ ਜੇ ਤੁਸੀਂ ਅਜਿਹੀਆਂ ਖਬਰਾਂ ਨੂੰ ਨਜ਼ਰੰਦਾਜ਼ ਕਰ ਦਿੱਤਾ ਤਾਂ ਤੁਹਾਡੇ ਦੁੱਖ ਵਿੱਚ ਬੋਲਣ ਵਾਲੀਆਂ , ਤੁਹਾਡੇ ਹੱਕ ਵਿੱਚ ਬੋਲਣ ਵਾਲੀਆਂ ਆਵਾਜ਼ਾਂ ਮੁੱਕ ਮੁਕਾ ਜਾਣਗੀਆਂ। ਇਸ ਲਈ ਸਾਰਾ ਭਾਈਚਾਰਾ ਸਾਰੇ ਮਤਭੇਦਾਂ ਨੂੰ ਭੁਲਾ ਕੇ ਆਪਣੀ ਇੱਕਜੁੱਟਤਾ ਦਾ ਸਬੂਤ ਦੇਵੇ। 

Sunday, May 10, 2015

ਕੀ ਆਪਾ ਵਾਰਨ ਵਾਲੇ ਮੀਡੀਆ ਕਰਮੀਆਂ ਦੀ ਵੀ ਫੜੇਗਾ ਕੋਈ ਬਾਂਹ ?

Sun, May 10, 2015 at 5:03 PM
ਆਰਥਿਕ ਤੰਗੀ ਦੇ ਸ਼ਿਕਾਰ ਕੈਮਰਾਮੈਨ ਵਿੱਕੀ ਦੇ ਇਲਾਜ ਲਈ ਮੱਦਦ ਦੀ ਗੁਹਾਰ
ਲੁਧਿਆਣਾ: 10 ਮਈ 2015:(ਗੁਰਪ੍ਰੀਤ ਸਿੰਘ//ਪੰਜਾਬ ਸਕਰੀਨ):
ਸੰਕਟ ਵਿੱਚ ਕੈਮਰਾਮੈਨ ਵਿੱਕੀ 
ਲੇਖਕ ਗੁਰਪ੍ਰੀਤ ਸਿੰਘ 
ਭਾਵੇਂ ਅੱਜ ਹਰ ਕੋਈ ਜਾਣਦਾ ਹੈ ਕਿ ਜੋ ਵੀ ਖਬਰ ਲੋਕਾਂ ਤੱਕ ਪੰਹੁਚੀ ਹੈ ਉਸ ਨੂੰ ਜੱਗ ਜਾਹਰ ਕਰਨ ਲਈ ਪੱਤਰਕਾਰ ਅਤੇ ਉਸਦੇ ਸਹਾਇਕ ਕੈਮਰਾਮੈਨ ਜਾਂ ਫੋਟੋ ਗ੍ਰਾਫ਼ਰ ਦੀ ਬਹੁਤ ਵੱਡੀ ਘਾਲਣਾ ਹੰੁਦੀ ਹੈ। ਪਰ ਲੋਕਤੰਤਰ ਦੇ ਚੌਥਾ ਥੰਮ ਕਹੇ ਜਾਣ ਵਾਲੇ ਮੀਡੀਆ ਦੀ ਇਸ ਘਾਲਣਾ ਨੂੰ ਕੋਈ ਵਿਰਲਾ ਹੀ ਸਮਝ ਕੇ ਇਸ ਦੀ ਕਦਰ ਪਾਉਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਜਨਤਾ ਖਾਤਰ ਘਾਲਣਾ ਘਾਲਣ ਵਾਲੇ ਕਿਸੇ ਮੀਡੀਆ ਕਰਮੀਂ ਨੂੰ ਜਨਤਾ ਦੇ ਸਹਾਰੇ ਦੀ ਲੋੜ ਹੰੁਦੀ ਹੈ ਤਾਂ ਏਹ ਲੋਕਤੰਤਰ ਦਾ ਚੌਥੇ ਥੰਮ ਦਾ ਰੋਲਾ ਪਾਉਣ ਵਾਲੇ ਨਜਰਾਂ ਬਚਾਉਂਦੇ ਆਮ ਦੇਖੇ ਜਾ ਸਕਦੇ ਹਨ। ਹਾਂ ਜੇਕਰ ਅਜਿਹਾ ਨਹੀ ਏ ਤਾਂ ਅੱਜ ਆਮ ਲੋਕਾਂ ਅਤੇ ਖਾਸ ਕਰ ਲੋਕਤੰਤਰ ਦੇ ਰਾਖੇ ਕਹਾਉਣ ਵਾਲੇ ਉਨ੍ਹਾਂ ਤਮਾਮ ਨੁਮਾਇੰਦਿਆਂ ਤੋਂ ਕਿਡਨੀਆਂ ਦੀਆਂ ਬਿਮਾਰੀ ਤੋਂ ਪੀੜਤ ਕੈਮਰਾਮੈਨ ਵਿੱਕੀ ਅਤੇ ਉਸਦਾ ਪਰਿਵਾਰ ਮੱਦਦ ਦੀ ਆਸ ਰੱਖ ਰਿਹਾ ਹੈ। ਜੇਰੇ ਇਲਾਜ ਵਿੱਕੀ ਦੀ ਪਤਨੀ ਸੁਮਨ ਨੇ ਦੱਸਿਆ ਕਿ ਵਿੱਕੀ ਕੁਝ ਸਮੇਂ ਤੋਂ ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਸਿਵਲ ਹਸਪਤਾਲ ਲੁਧਿਆਣਾ ਤੋਂ ਬਿਨ੍ਹਾਂ ਪੀ ਜੀ ਆਈ ਚੰਡੀਗੜ੍ਹ ਤੋਂ ਵੀ ਚੱਲਿਆ। 
ਪਹਿਲਾਂ ਤਾਂ ਅਸੀ ਇਲਾਜ ਕਰਵਾਉਂਦੇ ਰਹੇ ਪਰ ਰੋਜਾਨਾ ਆਉਂਦੇ ਹਜਾਰਾਂ ਦੇ ਖਰਚੇ ਨੇ ਸਾਡਾ ਆਰਥਿਕ ਤੌਰ ਤੇ ਲੱਕ ਤੋੜ ਦਿੱਤਾ ਜਿਸ ਕਾਰਨ ਮੈਂ ਬੇਵੱਸੀ ਦੀ ਹਾਲਤ ‘ਚ ਮੈਨੂੰ ਅਪਣੇ ਬਿਮਾਰ ਪਤੀ ਨੂੰ ਘਰ ਲੈ ਕੇ ਆਉਣ ਲਈ ਮਜਬੂਰ ਹੋਣਾ ਪਿਆ। ਆਰਥਿਕ ਤੰਗੀ ਕਾਰਨ ਅਧੂਰੇ ਪਏ ਇਲਾਜ ਲਈ ਉਸਨੇ ਮੱਦਦ ਦੀ ਗੁਹਾਰ ਲਗਾਈ। ਕੁਝ ਪੱਤਰਕਾਰਾਂ ਨੇ ਬਿਮਾਰ ਵਿੱਕੀ ਦਾ ਇਲਾਜ ਕਰਵਾਉਣ ਦੇ ਮਕਸਦ ਨਾਲ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਬੀੜ੍ਹਾ ਚੁੱਕਿਆ ਹੈ। ਜਿਸ ਦੇ ਲਈ ਰੋਜ ਆਉਣ ਵਾਲੇ ਹਜਾਰਾਂ ਦੇ ਖਰਚੇ ਲਈ ਪੱਤਰਕਾਰ ਭਾਈਚਾਰੇ, ਸ਼ਹਿਰ ਦੀਆਂ ਤਮਾਮ ਸਮਾਜਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਪ੍ਰਸ਼ਾਸਨ ਤੋਂ ਮੱਦਦ ਮੰਗੀ ਗਈ ਹੈ।

Sunday, May 03, 2015

ਪੰਜਾਬੀ ਭਵਨ 'ਚ ਹੋਇਆ ਮਹਾਂਰਿਸ਼ੀ ਨਾਰਦਮੁਨੀ ਨੂੰ ਸਮਰਪਿਤ ਸਮਾਗਮ

ਸਮਾਗਮ 'ਚ ਹੋਈ ਮੌਜੂਦਾ ਪੱਤਰਕਾਰੀ 'ਚ ਆਏ ਨਿਘਾਰ ਦੀ ਬੇਖੌਫ ਚਰਚਾ
ਲੁਧਿਆਣਾ: 3 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਪੰਜਾਬੀ ਭਵਨ ਦਾ ਮਾਹੌਲ ਕੁਝ ਵੱਖਰਾ ਵੱਖਰਾ ਜਿਹਾ ਸੀ। ਬੜਾ ਸ਼ਾਂਤ, ਬੜਾ ਸਕੂਨ ਮਈ ਪਰ ਬੜੇ ਭਖਦੇ ਮਸਲਿਆਂ ਦੀ ਗੱਲ ਕਰਦਾ ਹੋਈ। ਜਦੋਂ ਮੈਂ ਉੱਥੇ ਪੁੱਜਿਆ ਤਾਂ ਗੱਲ ਹੋ ਰਹੀ ਸੀ ਉਹਨਾਂ ਦੀ ਜਿਹਨਾਂ ਦੀ ਗੱਲ ਆਮ ਤੌਰ ਤੇ ਕੋਈ ਨਹੀਂ ਕਰਦਾ। ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ ਵਾਲੀ ਭਾਵਨਾ ਨਾਲ ਦਿਨ ਰਾਤ ਕੰਮ ਕਰਦੇ ਪੱਤਰਕਾਰਾਂ ਅਤੇ ਅੱਜ ਦੀ ਪੱਤਰਕਾਰੀ ਬਾਰੇ ਚਰਚਾ ਕਰ ਰਹੇ ਸਨ ਡਾਕਟਰ ਕੁਲਦੀਪ ਅਗਨੀਹੋਤਰੀ।ਇਹ ਸਾਰਾ ਆਯੋਜਨ ਆਰ ਐਸ ਐਸ  ਦਾ ਸਮਰਥਕ ਆਖੀ ਜਾਂਦੀ ਇੱਕ ਸੰਸਥਾ ਵਿਸ਼ਵ ਸੰਵਾਦ ਕੇਂਦਰ ਅਤੇ ਖੱਬੇਪੱਖੀਆਂ ਦਾ ਵਿਸ਼ੇਸ਼ ਅਧਾਰ ਸਮਝੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਹੋ ਰਿਹਾ ਸੀ। ਮਹਾਂ ਰਿਸ਼ੀ ਨਾਰਦਮੁਨੀ ਜੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਪੰਜਾਬੀ ਸਭਿਆਚਾਰ, ਸਮਾਜਿਕ ਏਕਤਾ ਅਤੇ ਮੀਡੀਆ ਵਿਸ਼ੇ ਤੇ ਚਰਚਾ ਹੋ ਰਹੀ ਸੀ। ਮੁੱਖ ਮਹਿਮਾਨ ਡਾਕਟਰ ਕੁਲਦੀਪ ਅਗਨੀਹੋਤਰੀ ਸਨ। ਕਾਬਿਲੇ ਜ਼ਿਕਰ ਹੈ ਕਿ ਡਾਕਟਰ ਕੁਲਦੀਪ ਅਗਨੀਹੋਤਰੀ ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਵਾਈਸ ਚਾਂਸਲਰ ਹਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਗੁਰਭਜਨ ਗਿੱਲ, ਡਾਕਟਰ ਗੁਰਚਰਨ ਕੌਰ ਕੋਚਰ, ਸ਼੍ਰੀ ਰਾਮ ਗੋਪਾਲ, ਡਾਕਟਰ ਗੁਲਜ਼ਾਰ ਪੰਧੇਰ ਅਤੇ ਇੰਜੀਨੀਅਰ ਕਰਮਜੀਤ ਔਜਲਾ ਸੁਸ਼ੋਭਿਤ ਸਨ। 
ਅਖਬਾਰਾਂ ਅਤੇ ਚੈਨਲਾਂ ਦੇ ਮਾਲਕਾਂ ਵੱਲੋਂ ਇਹਨਾਂ ਦੇ ਪ੍ਰਬੰਧ ਵਿੱਚ ਵਧ ਰਹੀ ਦਖਲੰਦਾਜ਼ੀ ਤੇ ਚਰਚਾ ਕਰਦਿਆਂ ਡਾਕਟਰ ਕੁਲਦੀਪ ਅਗਨੀਹੋਤਰੀ ਨੇ ਬਹੁਤ ਹੀ ਸਾਦਗੀ ਭਰੇ ਅੰਦਾਜ਼ ਨਾਲ ਉਹਨਾਂ ਸਾਰੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਜਿਹੜੀਆਂ ਇਸ ਰਹੀ ਦਖਲੰਦਾਜ਼ੀ ਕਾਰਣ ਉਹਨਾਂ ਪੱਤਰਕਾਰਾਂ  ਨੂੰ ਪੇਸ਼ ਆ ਰਹੀਆਂ ਹਨ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਭਲੇ ਦੀ ਕੋਈ ਖਬਰ ਤਿਆਰ ਕਰਦੇ ਹਨ ਪਰ ਐਨ ਮੌਕੇ ਤੇ ਕਿਸੇ ਅਚਨਚੇਤੀ ਆਏ ਇਸ਼ਤਿਹਾਰ ਨੂੰ ਛਾਪਣ ਲਈ ਖਬਰ ਨੂੰ ਜਾਂ ਤਾਂ ਪੂਰੀ ਤਰਾਂ ਕਢ  ਤੇ ਜਾਂ ਫਿਰ ਉਸਦਾ ਕਚੂਮਰ ਇਸ ਤਰਾਂ ਕਢਿਆ ਜਾਂਦਾ ਹੈ ਕਿ ਖਬਰ ਵਿੱਚ ਜਾਨ ਹੀ ਨਹੀਂ ਬਚਦੀ। ਉਹਨਾਂ ਬੜੇ ਦੁੱਖ ਨਾਲ ਦੱਸਿਆ ਕਿ ਕਿਵੇਂ ਅੱਜਕਲ੍ਹ ਰਿਪੋਰਟਰਾਂ ਅਤੇ ਡੈਸਕ  ਵਾਲੇ ਸਬ ਐਡੀਟਰਾਂ ਨੂੰ ਹਦਾਇਤ ਭਰੇ ਅੰਦਾਜ਼ ਵਿੱਚ ਸਮਝਾਇਆ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਖਬਰ ਲਿਖਣੀ ਹੈ ਉਹ ਇਸ਼ਤਿਹਾਰਾਂ ਦੀਆਂ ਖੂਬੀਆਂ ਨੂੰ ਵਧਾਉਣ ਅਤੇ ਲਿਸ਼ਕਾਉਣ ਵਾਲੀ ਹੋਵੇ। 
ਇਸ ਤਰਾਂ ਇਹ ਉਸ ਵਰਗ ਦੇ ਦਰਦ ਅਤੇ ਮੁਸ਼ਕਿਲਾਂ ਦੀ ਚਰਚਾ ਸੀ ਜਿਹੜਾ ਵਰਗ ਸਾਰੇ ਸਮਾਜ ਲਈ  ਦਿਨ ਰਾਤ ਸੰਘਰਸ਼ ਕਰਦਾ ਹੈ। ਮੀਡੀਆ ਨਾਲ ਜੁੜੀਆਂ ਮੁਸ਼ਕਿਲਾਂ ਬਾਰੇ ਆਮ ਲੋਕਾਂ ਨੂੰ ਦੱਸਣ ਲਈ ਅਜਿਹੇ ਕਿਸੇ ਸਮਾਗਮ ਦੀ ਜਰੂਰਤ ਬੜੇ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਸੀ। 

Sunday, January 05, 2014

ਸ਼ਹੀਦ ਕਰਤਾਰ ਸਿੰਘ ਸਰਾਭਾ ਪੱਤਰਕਾਰ ਕਲੱਬ ਦੀ ਇੱਕ ਅਹਿਮ ਮੀਟਿੰਗ

ਮੀਡੀਆ ਦੇ ਭਲੇ ਲਈ ਹੋਈਆਂ ਡੂੰਘੀਆਂ ਵਿਚਾਰਾਂ 
ਲੁਧਿਆਣਾ: 4 ਜਨਵਰੀ 2014: (ਪੰਜਾਬ ਸਕਰੀਨ):
ਲੁਧਿਆਣਾ ਵਿੱਚ ਪੱਤਰਕਾਰ ਇੱਕ ਵਾਰ ਫੇਰ ਇੱਕਜੁੱਟ ਹੋਣ ਲਈ ਸਰਗਰਮ ਹਨ। ਪਿਛਲੇ ਦਿਨੀ ਆਨ ਲਾਈਨ ਮੀਡੀਆ ਕਲੱਬ ਦੇ ਗਠਨ ਦਾ ਐਲਾਨ ਹੋਇਆ ਸੀ ਅਤੇ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰੈਸ ਕਲੱਬ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੀਡੀਆ ਦੇ ਭਲੇ ਲਈ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿੱਚ ਲੁਧਿਆਣਾ ਦੇ ਕਈ ਅਹਿਮ ਅਤੇ ਸਰਗਰਮ ਪੱਤਰਕਾਰ ਸ਼ਾਮਿਲ ਹੋਏ।
ਮੀਡੀਆ ਵਿੱਚ ਇੱਕਜੁੱਟ ਹੋਣ ਦਾ ਇਹ ਲਗਾਤਾਰ ਵਧ ਰਿਹਾ ਰੁਝਾਨ ਕੁਲ ਮਿਲਾ ਕੇ ਇੱਕ ਸ਼ੁਭ ਸ਼ਗਨ ਹੈ।  ਉਮੀਦ ਕਰਨੀ ਬਣਦੀ ਹੈ ਕਿ ਇਸ ਇੱਕਜੁੱਟਤਾ ਨਾਲ ਪੱਤਰਕਾਰਾਂ ਨੂੰ ਉਹਨਾਂ ਦੇ ਬਣਦੇ  ਅਧਿਕਾਰ ਛੇਤੀ ਮਿਲ ਸਕਣਗੇ ਅਤੇ ਉਹਨਾਂ ਦਾ ਸ਼ੋਸ਼ਣ ਰੁਕਵਾਉਣ ਦੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।  ਇਸਦੇ ਨਾਲ ਹੀ ਦੇਹਾਤ ਦੇ ਖੇਤਰਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਅਤੇ ਗੈਰ ਜਥੇਬੰਦ ਪੱਤਰਕਾਰਾਂ ਨੂੰ ਵੀ ਇੱਕਮੁਠ ਕਰਨਾ ਜਰੂਰੀ ਹੈ। ਆਉਂਦੀਆਂ ਚੋਣਾਂ ਵਿੱਚ ਇਸ ਮਕਸਦ ਲਈ ਸਾਰੀਆਂ ਪਾਰਟੀਆਂ ਕੋਲੋਂ ਸਪਸ਼ਟ ਨੀਤੀ ਅਤੇ ਏਜੰਡੇ ਦੀ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਜਿੱਤਣ ਤੋਂ ਬਾਅਦ ਓਹ ਮੀਡੀਆ ਦੇ ਭਲੇ ਲਈ ਕੀ ਕੀ ਕਦਮ ਚੁੱਕਣਗੀਆਂ ।

Sunday, December 29, 2013

ਲੁਧਿਆਣਾ ਵਿੱਚ ਓਪਨ ਆਨਲਾਈਨ ਪ੍ਰੈਸ ਕਲੱਬ ਦਾ ਐਲਾਨ

Sun, Dec 29, 2013 at 5:33 PM
ਵਿਸ਼ਵ ਭਰ ਤੋਂ ਆਨਲਾਈਨ ਮੀਡੀਆ ਦੀ ਸੰਸਥਾ ਆਈ ਹੋਂਦ 'ਚ
ਆਨਲਾਈਨ ਪ੍ਰੈਸ ਕਲੱਬ ਦੇ ਵਿਸ਼ਵ ਪ੍ਰਧਾਨ ਬਣੇ ਗੁਰਨਾਮ ਸਿੰਘ ਅਕੀਦਾ
ਭਾਰਤੀ ਸੰਵਿਧਾਨ ਨੂੰ ਮਨਣ ਵਾਲਾ ਬਣ ਸਕਦਾ ਹੈ ਮੈਂਬਰ : ਅਕੀਦਾ
23 ਫਰਵਰੀ ਨੂੰ ਲੁਧਿਆਣਾ ਵਿਚ ਕਰਾਇਆ ਜਾਵੇਗਾ ਵਿਸ਼ਵ ਪੱਧਰ ਦਾ ਸੈਮੀਨਾਰ

ਸਰਪ੍ਰਸਤ ਜਨਮੇਜਾ ਸਿੰਘ ਜੌਹਲ, ਜਨਰਲ ਸਕੱਤਰ ਸੁਖਨੈਬ ਸਿੱਧੂ, ਖਜਾਨਚੀ ਬਲਤੇਜ ਪੰਨੂੰ ਬਣੇ

ਲੁਧਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਚ ਪੰਜਾਬੀ ਭਵਨ ਵਿਚ ਹੋਈ ਮੀਟਿੰਗ ਵਿਚ ਖੜੇ ਆਨਲਾਈਨ ਪ੍ਰੈਸ ਕਲੱਬ ਦੇ ਅਹੁਦੇਦਾਰ
ਲੁਧਿਆਣਾ 29 ਦਸੰਬਰ (ਪੰਜਾਬ ਸਕਰੀਨ ਬਿਊਰੋ):: 
ਅੱਜ ਸਥਾਨਕ ਪੰਜਾਬੀ ਭਵਨ ਵਿਚ ਆਨਲਾਈਨ ਮੀਡੀਆ ਕਰਮੀਆਂ ਦੀ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿਚ ਵਿਦੇਸ਼ਾਂ ਵਿਚੋਂ ਹੀ ਆਨ ਲਾਇਨ ਮੀਡੀਆ ਚਲਾ ਰਹੇ ਕਰਮੀ ਵੀ ਆਨ ਲਾਇਨ ਸੁਵਿਧਾ ਨਾਲ ਸ਼ਾਮਲ ਹੋਏ, ਇਸ ਮੀਟਿੰਗ ਵਿਚ ਇਕ ਵਿਸ਼ਵ ਭਰ ਦੇ ਆਨ ਲਾਇਨ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਕ  'ਓਪਨ ਆਨ ਲਾਇਨ ਪ੍ਰੈਸ ਕਲੱਬ' ਨਾਮ ਦੀ ਸੰਸਥਾ ਬਣਾਈ ਗਈ, ਇਸ ਸੰਸਥਾ ਦੇ ਸਰਪ੍ਰਸਤ ਜਨਮੇਜਾ ਜੌਹਲ ਨੂੰ ਬਣਾਇਆ ਗਿਆ ਜਦ ਕਿ ਵਿਸ਼ਵ ਪੱਧਰ ਦੀ ਮੀਡੀਆ ਕਰਮੀਆਂ ਦੀ ਸਹਿਮਤੀ ਨਾਲ ਗੁਰਨਾਮ ਸਿੰਘ ਅਕੀਦਾ ਨੂੰ ਸਰਬ ਸੰਮਤੀ ਨਾਲ ਵਿਸ਼ਵ ਦਾ ਪ੍ਰਧਾਨ ਚੁਣ ਲਿਆ ਗਿਆ, ਇਸੇ ਤਰ੍ਹਾਂ ਜਨਰਲ ਸਕੱਤਰ ਸੁਖਨੈਬ ਸਿੱਧੂ ਬਠਿੰਡਾ, ਖਜਾਨਚੀ ਬਲਤੇਜ ਪਨੂੰ ਕਨੈਡਾ, ਪ੍ਰੈਸ ਸਕੱਤਰ ਕੁਲਦੀਪ ਚੰਦ ਨੰਗਲ,  ਮੀਤ ਪ੍ਰਧਾਨ ਆਸਟ੍ਰੇਲੀਆ ਤੋਂ ਮਿੰਟੂ ਬਰਾੜ, ਸਕੱਤਰ ਮਨਪ੍ਰੀਤ ਸਿੰਘ ਰੇÎਡਿਓ 24 ਤੋਂ, ਮਨਦੀਪ ਖੁਰਮੀ ਹਿੰਮਤਪੁਰਾ ਯੂਕੇ ਤੋਂ ਨੂੰ ਸਕੱਤਰ, ਮੀਡੀਆ ਪੰਜਾਬ ਯੁਰਪ ਤੋਂ ਬਲਦੇਵ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ, ਕੈਲਗਰੀ ਤੋਂ ਪੰਜਾਬੀ ਅਖਬਾਰ ਤੋਂ ਹਰਬੰਸ ਬੁਟਰ ਨੂੰ ਜੋਆਇੰਟ ਸਕੱਤਰ, ਕਾਰਜਕਾਰੀ ਮੈਂਬਰਾਂ ਵਿਚ ਹਾਂਗ ਕਾਂਗ ਤੋਂ ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚੇਤਨਾ,  ਰੈਕਟਰ ਕਥੂਰੀਆ ਪੰਜਾਬ ਸਕਰੀਨ ਲੁਧਿਆਣਾ, ਹਰਦੇਵ ਸਿੰਘ ਬਲਿੰਗ ਸਰੀ ਕਨੈਡਾ ਤੋਂ, ਰਘਬੀਰ ਬਲਾਸਪੁਰੀ,  ਪੰਜਾਬੀ ਟਾÎਇਮਜ਼ ਸ਼ਰਨਜੀਤ ਸਿੰਘ ਕੈਂਥ, ਪਰਮੇਸ਼ਰ ਸਿੰਘ , ਦਰਸ਼ਨ ਬਰਸਾਉਂ (ਅਮਰੀਕਾ), ਸ਼ਰਨਜੀਤ ਬੈਂਸ ( ਅਮਰੀਕਾ), ਹਰਬੰਸ ਬੁੱਟਰ ( ਕੈਲਗਰੀ ), ਰਘਬੀਰ ਬਲਾਸਪੁਰੀ( ਐਡਮਿੰਟਨ), ਹਰਦੇਵ ਸਿੰਘ ਬਿਲਿੰਗ ( ਅਬਟਸਫੋਰਡ ), ਐਚ ਐਸ ਬਾਵਾ,  ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੀ ਅਗਲੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ। ਇਥੇ ਇਹ ਵੀ ਫੈਸਲਾ ਲਿਆ ਗਿਆ ਕਿ 23 ਫਰਵਰੀ ਨੂੰ ਲੁਧਿਆਣਾ ਵਿਚ ਆਨ ਲਾਇਨ ਮੀਡੀਆ ਦੀ ਦਿਸ਼ਾ ਤੇ ਦਸ਼ਾ ਆਦਿ ਹੋਰ ਵਿਸ਼ਿਆਂ ਤੇ ਇਕ ਸੈਮੀਨਾਰ ਵੀ ਕਰਾਇਆ ਜਾਵੇਗਾ, ਅਜਿਹੇ ਸੈਮੀਨਾਰ ਹੀ ਵਿਦੇਸ਼ਾਂ ਵਿਚ ਵੀ ਕਰਾਏ ਜਾਣਗੇ ਜਿਸ ਨਾਲ ਵਿਸ਼ਵ ਭਰ ਵਿਚ ਆਨ ਲਾਇਨ ਮੀਡੀਆ ਵਿਚ ਆ ਰਹੀ ਜਾਗ੍ਰਿਤੀ ਨੂੰ ਹੋਰ ਪ੍ਰਚੰਡ ਕੀਤਾ ਜਾਵੇ। ਇਥੇ ਆਨ ਲਾਇਨ ਮੀਡੀਆ ਤੇ ਬਣੇ ਸੰਵਿਧਾਨ ਤੇ ਵੀ ਮੁੜ ਚਰਚਾ ਹੋਈ ਜੋ ਕਿ ਪਹਿਲਾਂ ਹੀ ਆਨ ਲਾਇਨ ਪਾ ਕੇ ਸੱਜਣਾ ਤੋਂ ਸੁਝਾਅ ਮੰਗ ਕੇ ਕਬੂਲ ਕੀਤਾ ਜਾ ਚੁੱਕਾ ਹੈ ਉਸ ਵਿਚ ਇਕ ਵਿਸ਼ੇਸ਼ ਇਹ ਵੀ ਹੈ ਕਿ ਜੋ ਮੀਡੀਆ ਕਰਮੀਂ ਕਿਤੇ ਵੀ ਬੈਠੇ ਹਨ ਉਹ ਘੱਟੋ ਘੱਟ ਭਾਰਤੀ ਸੰਵਿਧਾਨ, ਕਾਨੂੰਨ ਅਤੇ ਮਾਨਯੋਗ ਰਾਸਟਰਪਤੀ ਨੂੰ ਸਵਿਕਾਰ ਕਰਦੇ ਹੋਣ ਅਤੇ ਜਿਥੇ ਵੀ ਉਹ ਰਹਿੰਦੇ ਹਨ ਉਸ ਦੇਸ਼ ਦੇ ਸੰਵਿਧਾਨ ਦਾ ਵੀ ਆਦਰ ਕਰਦੇ ਹੋਣ। ਇਸ ਤੇ ਸਾਰੇ ਵਿਸ਼ਵ ਵਿਚ ਬੈਠੇ ਮੀਡੀਆ ਕਰਮੀਆਂ ਨੇ ਸਹਿਮਤੀ ਪ੍ਰਗਟਾਈ ਹੈ। ਇਹ ਸੰਸਥਾ ਹੋਂਦ ਵਿਚ ਆਉਣ ਤੇ ਸਾਰੇ ਵਿਸ਼ਵ ਵਿਚ ਉਤਸਾਹ ਪਾਇਆ ਜਾ ਰਿਹਾ ਹੈ। 
ਭਾਰਤ ਦਾ ਸੰਪਰਕ ਨੰਬਰ-8146001100

Friday, August 23, 2013

ਕਰੋੜਪਤੀ ਤੋਂ 'ਰੋਡਪਤੀ'

ਮੰਨੀ-ਪ੍ਰਮੰਨੀ ਸਾਬਕਾ ਪੱਤਰਕਾਰ ਦੀ ਦਰਦ ਭਰੀ ਕਹਾਣੀ-------ਕ੍ਰਿਸ਼ਨਾ ਕੁਮਾਰ
ਕਰੋੜਪਤੀ ਤੋਂ 'ਰੋਡਪਤੀ' ਬਣਨ ਦੀ ਸਾਬਕਾ ਪੱਤਰਕਾਰ ਸੁਨੀਤਾ ਨਾਇਕ ਦੀ ਦੁੱਖ ਭਰੀ ਕਹਾਣੀ ਨੇ ਉਦੋਂ ਬਹੁਤ ਅਜੀਬ ਮੋੜ ਕੱਟਿਆ, ਜਦੋਂ ਮੁੰਬਈ ਦੇ ਇਕ ਜੋੜੇ ਨੇ ਵਿਲੇ ਪਾਰਲੇ ਤੋਂ ਆਪਣੇ ਘਰ 'ਚ ਉਨ੍ਹਾਂ ਨੂੰ ਰਹਿਣ ਦੀ ਪੇਸ਼ਕਸ਼ ਕੀਤੀ। ਗ੍ਰੇਗਰੀ ਅਤੇ ਕ੍ਰਿਸਟੀਨ ਮਿਸਕਿਵਾ ਨੇ ਇਕ ਸਥਾਨਕ ਅਖਬਾਰ 'ਚ ਸੁਨੀਤਾ ਦੀ ਦਰਦ ਭਰੀ ਕਹਾਣੀ ਪੜ੍ਹੀ ਅਤੇ ਉਸ ਦੇ ਲਈ ਕੁਝ ਕਰਨ ਦਾ ਸੰਕਲਪ ਲਿਆ।
ਇਸ ਜੋੜੇ ਨੇ ਸੁਨੀਤਾ ਨੂੰ 12 ਸਾਲਾਂ ਤੋਂ ਉਸ ਦੇ ਨਾਲ ਰਹਿ ਰਹੇ ਇਕੋ-ਇਕ ਸਾਥੀ ਉਸ ਦੇ ਪਾਲਤੂ ਕੁੱਤੇ ਸ਼ਸ਼ੀ ਸਮੇਤ ਉਸ ਨੂੰ ਆਪਣੇ ਘਰ ਲਿਆਉਣ ਦਾ ਫੈਸਲਾ ਕੀਤਾ। 65 ਸਾਲਾ ਸੁਨੀਤਾ ਮਰਾਠੀ ਭਾਸ਼ਾ ਦੀ ਮੰਨੀ-ਪ੍ਰਮੰਨੀ ਮੈਗਜ਼ੀਨ 'ਗ੍ਰਹਿ ਲਕਸ਼ਮੀ' ਦੀ ਸਾਬਕਾ ਸੰਪਾਦਕ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਵਰਸੋਵਾ ਦੇ ਆਰਾਮ ਨਗਰ ਗੁਰਦੁਆਰੇ ਦੇ ਬਾਹਰ ਫੁੱਟਪਾਥ 'ਤੇ ਰਹਿ ਰਹੀ ਹੈ। ਸ਼ਸ਼ੀ ਉਸ ਨੂੰ ਛੱਡ ਕੇ ਕਿਤੇ ਨਹੀਂ ਗਿਆ ਅਤੇ ਖਾਣੇ ਲਈ ਭੋਜਨ ਉਨ੍ਹਾਂ ਦੋਹਾਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ 'ਚੋਂ ਮਿਲ ਜਾਂਦਾ ਹੈ।
ਸੁਨੀਤਾ ਦੀ ਮੌਜੂਦਾ ਪੀੜਾ ਉਨ੍ਹਾਂ ਦਿਨਾਂ ਦੇ ਇਕਦਮ ਉਲਟ ਹੈ, ਜਦੋਂ ਉਹ ਇਕ ਅਮੀਰ ਅਤੇ ਆਜ਼ਾਦ ਔਰਤ ਹੁੰਦੀ ਸੀ। ਜਿਸ ਦੇ ਕੋਲ ਵਰਲੀ ਦੇ ਖੁਸ਼ਹਾਲ ਇਲਾਕੇ 'ਚ ਦੋ ਮਕਾਨ ਹੁੰਦੇ ਸਨ ਅਤੇ ਪੁਣੇ 'ਚ ਵੀ ਇਕ ਬੰਗਲਾ ਸੀ। ਉਸ ਕੋਲ ਘੁੰਮਣ ਵਾਸਤੇ ਕਾਰ ਹੁੰਦੀ ਸੀ, ਜਿਸ ਨੂੰ ਚਲਾਉਣ ਲਈ ਡਰਾਈਵਰ ਵੀ ਰੱਖਿਆ ਹੋਇਆ ਸੀ। ਉਸ ਦਾ ਮੁੰਬਈ ਦੇ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਬੈਠਣਾ-ਉੱਠਣਾ ਸੀ ਪਰ ਇਹ ਸਭ ਕੁਝ ਸਾਲ ਪਹਿਲਾਂ ਬਦਲ ਗਿਆ, ਜਦੋਂ ਉਸ ਦੀ ਨੌਕਰੀ ਖੁੱਸ ਗਈ।
ਇਸ ਤੋਂ ਬਾਅਦ ਸੁਨੀਤਾ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਏਜੰਟ ਬਣ ਗਈ ਪਰ ਇਸ ਨਵੇਂ ਕਾਰੋਬਾਰ 'ਚ ਉਸ ਨੂੰ ਬਹੁਤ ਨੁਕਸਾਨ ਹੋਇਆ ਅਤੇ ਕਈ ਲੋਕਾਂ ਨੇ ਉਸ ਦਾ ਖੂਬ ਖੂਨ ਚੂਸਿਆ। ਛੇਤੀ ਹੀ ਉਸ ਦੇ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋ ਗਿਆ ਅਤ ਮਜਬੂਰੀ 'ਚ ਉਸ ਨੂੰ ਆਪਣੇ ਤਿੰਨੋਂ ਮਕਾਨ ਅਤੇ ਦੋ ਕਾਰਾਂ ਵੇਚਣੀਆਂ ਪਈਆਂ, ਜਿਸ ਕਾਰਨ ਉਸ ਨੂੰ ਠਾਣੇ 'ਚ ਕਿਰਾਏ ਦੇ ਮਕਾਨ 'ਚ ਰਹਿਣਾ ਪਿਆ। ਮਕਾਨ ਅਤੇ ਕਾਰਾਂ ਵੇਚ ਕੇ ਉਸ ਨੂੰ ਜਿਹੜੇ 86 ਲੱਖ ਰੁਪਏ ਮਿਲੇ ਸਨ, ਉਹ ਛੇਤੀ ਹੀ ਖਤਮ ਹੋ ਗਏ ਅਤੇ ਉਸ ਨੂੰ ਠਾਣੇ ਵਾਲਾ ਬੰਗਲਾ ਵੀ ਖਾਲੀ ਕਰਨਾ ਪਿਆ।
ਰੋਜ਼ਾਨਾ ਜਗਬਾਣੀ 
ਉਹ ਦੁਖੀ ਮਨ ਨਾਲ ਦੱਸਦੀ ਹੈ ਕਿ ''ਮੇਰੇ ਬੈਂਕ ਖਾਤੇ 'ਚ 50 ਲੱਖ ਤੋਂ ਜ਼ਿਆਦਾ ਰਕਮ ਸੀ ਪਰ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਏ। ਮੈਨੂੰ ਸ਼ੱਕ ਹੈ ਕਿ ਮੇਰੀ ਇਕ ਮੁਲਾਜ਼ਮ ਨੇ ਪੈਸਾ ਹੜੱਪ ਲਿਆ ਹੈ। ਉਸ ਵਿਰੁੱਧ ਮੁਕੱਦਮਾ ਵੀ ਦਰਜ ਕਰਵਾਇਆ ਹੈ, ਜਿਸ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਵਕੀਲ ਨੂੰ ਦੇਣ ਲਈ ਮੇਰੇ ਕੋਲ ਪੈਸਾ ਨਹੀਂ, ਇਸ ਲਈ ਮੈਂ ਨਹੀਂ ਜਾਣਦੀ ਕਿ ਮੇਰੇ ਮੁਕੱਦਮੇ ਦਾ ਅੰਜਾਮ ਕੀ ਹੋਵੇਗਾ।''
ਪਰ ਸਿਰ ਦੀ ਛੱਤ ਖੁੱਸ ਜਾਣ ਤੋਂ ਬਾਅਦ ਸੁਨੀਤਾ ਕੋਲ ਫੁੱਟਪਾਥ 'ਤੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਹ ਭਰੇ ਮਨ ਨਾਲ ਕਹਿੰਦੀ ਹੈ, ''ਮੈਨੂੰ ਸਮੱਸਿਆ ਤਾਂ ਆਉਂਦੀ ਹੈ ਪਰ ਮੈਂ ਕੀ ਕਰ ਸਕਦੀ ਹਾਂ। ਮੇਰਾ ਤਾਂ ਕੋਈ ਪਰਿਵਾਰਕ ਮੈਂਬਰ ਵੀ ਨਹੀਂ ਹੈ।''
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਵਿਨੋਦ ਸਿੰਘ ਨੇ ਦੱਸਿਆ ਕਿ ਉਸ ਨੇ ਸਾਡੇ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਠਹਿਰਨ ਦੀ ਇਜਾਜ਼ਤ ਮੰਗੀ ਸੀ ਪਰ ਜਦੋਂ ਪੂਰੀ ਕਹਾਣੀ ਦਾ ਪਤਾ ਲੱਗਾ ਤਾਂ ਸਾਨੂੰ ਬਹੁਤ ਤਕਲੀਫ ਹੋਈ। ਸੁਨੀਤਾ ਦੀ ਕਹਾਣੀ ਇਕ ਸਥਾਨਕ ਅਖਬਾਰ ਵਲੋਂ ਛਾਪੀ ਗਈ ਤਾਂ ਸ਼ੁਭਚਿੰਤਕ ਉਸ ਨੂੰ ਸਹਾਰਾ ਦੇਣ ਲਈ ਅੱਗੇ ਆਏ ਪਰ ਉਨ੍ਹਾਂ ਨੇ ਉਸ ਦਾ ਕੁੱਤਾ ਨਾਲ ਰੱਖਣ ਦੀ ਸਹਿਮਤੀ ਨਹੀਂ ਦਿੱਤੀ। ਸੁਨੀਤਾ ਨੇ ਕਿਹਾ, ''ਮੈਂ ਇਸ ਨੂੰ ਕਿਵੇਂ ਛੱਡ ਸਕਦੀ ਹਾਂ, ਜਿਹੜਾ ਪਿਛਲੇ 12 ਸਾਲਾਂ ਤੋਂ ਮੇਰਾ ਵਫਾਦਾਰ ਸਾਥੀ ਹੈ।''
ਗ੍ਰੇਗਰੀ ਅਤੇ ਕ੍ਰਿਸਟੀਨ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਤੇ ਨੂੰ ਵੀ ਘਰ 'ਚ ਰੱਖਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਦਸ ਕੁੱਤੇ ਹਨ। ਗ੍ਰੇਗਰੀ ਨੇ ਕਿਹਾ ਕਿ ''ਜਿਵੇਂ ਹੀ ਮੈਂ ਸੁਨੀਤਾ ਦੀ ਕਹਾਣੀ ਪੜ੍ਹੀ, ਮੈਂ ਫੌਰਨ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਅਸੀਂ ਦੋਹਾਂ ਨੇ ਸੁਨੀਤਾ ਨੂੰ ਉਸ ਦੇ ਕੁੱਤੇ ਸਮੇਤ ਘਰ ਲਿਆਉਣ ਦਾ ਫੈਸਲਾ ਕੀਤਾ।'' 
--ਕ੍ਰਿਸ਼ਨਾ ਕੁਮਾਰ (ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ
--------------------------------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ