Showing posts with label Writers. Show all posts
Showing posts with label Writers. Show all posts

Friday, August 05, 2022

ਪ੍ਰਸਿੱਧ ਵਿਦਵਾਨ ਅਤੇ ਲੇਖਕ 'ਸਰਦਾਰ-ਏ-ਕੌਮ' ਡਾ ਸਰੂਪ ਸਿੰਘ ਅਲੱਗ ਨਹੀਂ ਰਹੇ

Friday 5th August 2022 at 06:16 PM

ਅੰਤਿਮ ਸਸਕਾਰ ਅੱਜ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਹੋਵੇਗਾ 


ਲੁਧਿਆਣਾ: 5 ਅਗਸਤ 2022: (ਪੰਜਾਬ ਸਕਰੀਨ ਬਿਊਰੋ)::
ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣੀਆਂ ਨਿਜੀ ਕੋਸ਼ਿਸ਼ਾਂ ਅਤੇ ਪਰਿਵਾਰਿਕ ਆਰਥਿਕ ਵਸੀਲਿਆਂ ਨਾਲ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਡਾ. ਸਰੂਪ ਸਿੰਘ ਅਲੱਗ ਨੇ ਵੱਡੀਆਂ ਵੱਡੀਆਂ ਅਤੇ ਬਹੁਤ ਹੀ ਮਹਿੰਗੀ ਰੰਗੀਨ ਛਪਾਈ ਵਾਲੀਆਂ ਕਿਤਾਬਾਂ ਛਪਵਾ ਕੇ ਪੂਰੀ ਤਰ੍ਹਾਂ ਮੁਫਤ ਵੰਡਣ ਵਾਲੇ ਧਾਰਮਿਕ ਲੇਖਕ ਦਾ ਅੱਜ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਸਰਦਾਰ-ਏ-ਕੌਮ' ਦੇ ਐਵਾਰਡ ਨਾਲ ਸਨਮਾਨਿਤ ਵੱਖ ਵੱਖ ਭਾਸ਼ਾਵਾਂ ਵਿੱਚ 110 ਦੇ ਕਰੀਬ ਧਾਰਮਿਕ ਪੁਸਤਕਾਂ ਦੇ ਲੇਖਕ ਅਤੇ ਵਿਦਵਾਨ ਡਾ: ਸਰੂਪ ਸਿੰਘ ਅਲੱਗ ਇਸ ਵੇਲੇ 86 ਵਰ੍ਹਿਆਂ ਦੇ ਸਨ। ਸਿੱਖਧਰਮ ਦੇ ਪ੍ਰਚਾਰ ਦੀ ਘਾਟ ਦਿਲ ਨੂੰ ਲੱਗੀ ਤਾਂ ਉਹਨਾਂ ਇਸ ਨੂੰ ਦਿਲ ਤੇ ਲਾਇਆ ਅਤੇ ਫਿਰ ਜੁੱਟ ਗਏ ਇਸ ਮਕਸਦ ਲਈ। ਸ਼ਾਇਦ ਹੀ ਕੋਈ ਧਾਰਮਿਕ ਆਜੋਜਨ ਹੋਵੇ ਜਿਥੇ ਉਹਨਾਂ ਦੀ ਪੁਸਤਕ ਨਾ ਵੰਡੀ ਗਈ ਹੋਵੇ। ਅਸਲ ਵਿਚ ਇਹ ਸ਼ਬਦ ਦਾ  ਇੱਕ ਅਟੂਟ ਅਤੇ ਅਤੁੱਟ ਲੰਗਰ ਸੀ। ਉਮੀਦ ਹੈ ਉਹਨਾਂ ਦਾ ਪਰਿਵਾਰ ਉਹਨਾਂ ਦੇ ਬਾਅਦ ਵੀ ਇਸ ਸ਼ਬਦ ਲੰਗਰ ਨੂੰ ਜਾਰੀ ਰੱਖੇਗਾ। ਉਹਨਾ ਨ ਦੀਆਂ ਲਿਖੀਆਂ ਕਿਤਾਬਾਂ ਦੇਸ਼ ਵਿਦੇਸ਼ ਹਰ ਕੋਨੇ ਵਿਚ ਪਹੁੰਚ ਚੁੱਕੀਆਂ ਸਨ। 

ਡਾ: ਅਲੱਗ ਪਿਛਲੇ ਲਗਪਗ ਡੇਢ ਮਹੀਨੇ ਤੋਂ ਸੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਅੱਜ ਸ਼ਾਮ ਉਨ੍ਹਾਂ ਅੰਤਮ ਸਾਹ ਲਿਆ। ਡਾ: ਸਰੂਪ ਸਿੰਘ ਅਲੱਗ ਵੱਲੋਂ ਅਲੱਗ ਸ਼ਬਦ ਯੱਗ ਟਰੱਸਟ ਦੀ ਸਥਾਪਨਾ ਕਰਕੇ ਕਰੋੜਾਂ ਰੁਪਏ ਦੇ ਮੁੱਲ ਦੀਆਂ ਇਹ ਪੁਸਤਕਾਂ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ। ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਸਨ ਇਹ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਵੰਡੀ ਜਾ ਰਹੀ ਹੈ। ਇਹ ਪੁਸਤਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਨੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਨਾਮ ਵੀ ਜਿੱਤਿਆ ਹੈ। 

ਡਾ ਸਰੂਪ ਸਿੰਘ ਅਲੱਗ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਅਤੇ ਉਸਤੋਂ ਬਾਅਦ ਧਾਰਮਿਕ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਲੱਗ ਗਏ ਸਨ। ਉਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਇਹ ਪੁਸਤਕਾਂ ਮੁਫ਼ਤ  ਵੰਡਕੇ ਇਕ ਰਿਕਾਰਡ ਬਣਾਇਆ ਗਿਆ ਹੈ। ਡਾ: ਅਲੱਗ ਨੂੰ ਦੇਸ਼ ਵਿਦੇਸ਼ ਵਿੱਚ ਸੈਂਕੜੇ ਐਵਾਰਡ ਹਾਸਲ ਹੋਏ ਸਨ। ਉਨ੍ਹਾਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਦੇ ਸਪੁੱਤਰ ਸੁਖਿੰਦਰਪਾਲ ਸਿੰਘ ਅਲੱਗ ਨੇ ਦੱਸਿਆ ਹੈ ਕਿ ਡਾ: ਸਰੂਪ ਸਿੰਘ ਅਲੱਗ ਦਾ ਅੰਤਮ ਸੰਸਕਾਰ ਭਲਕੇ 6 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਅਜੇ ਕੁਝ ਦਿਨ ਪਹਿਲਾਂ ਹੀ 29 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਜੀ ਧਾਮੀ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਹਰਿਮੰਦਰ ਦਰਸ਼ਨ ਦਾ 218 ਵਾਂ ਐਡੀਸ਼ਨ ਹੁਸ਼ਿਆਰਪੁਰ ਵਿਖੇ ਰਲੀਜ਼ ਕੀਤਾ। 

ਉਨ੍ਹਾਂ ਨੇ ਡਾ ਅਲੱਗ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾ. ਅਲੱਗ ਦੀ ਸਿਹਤਯਾਬੀ ਲਈ ਵੀ ਅਰਦਾਸ ਕੀਤੀ। ਸ ਸੁਖਿੰਦਰ ਪਾਲ ਸਿੰਘ ਅਲੱਗ ਸਕਤਰ ਜਨਰਲ ਅਲੱਗ ਸ਼ਬਦ ਯਗ ਨੇ ਡਾ ਅਲੱਗ ਦੀਆਂ ਪੁਸਤਕਾਂ ਦਾ ਸੈੱਟ ਵੀ ਧਾਮੀ ਸਾਹਿਬ ਨੂੰ ਭੇਂਟ ਕੀਤਾ। ਸਕੱਤਰ ਜਨਰਲ ਅਲੱਗ ਸ਼ਬਦ ਯਗ ਸ ਸੁਖਿੰਦਰ ਪਾਲ ਸਿੰਘ ਅਲੱਗ ਨੇ ਦੱਸਿਆ ਕਿ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਡਾਕਟਰ ਸਰੂਪ ਸਿੰਘ ਅਲੱਗ ਵਲੋਂ ਤਿੰਨ ਪੁਸਤਕਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤੇ ਜਲਦੀ ਹੀ ਇਨ੍ਹਾਂ ਤਿੰਨਾਂ ਪੁਸਤਕਾਂ ਦੀਆਂ ਇਕ ਲੱਖ ਕਾਪੀਆਂ ਸੰਗਤਾਂ ਦੇ ਸਹਿਯੋਗ ਨਾਲ ਛਾਪ ਕੇ ਸਾਰੀ ਦੁਨੀਆਂ ਵਿੱਚ ਸ਼ਬਦ ਦੇ ਲੰਗਰ ਲਾਏ ਜਾਣਗੇ।
ਸਿੱਖਧਰਮ ਦੇ ਪ੍ਰਚਾਰ ਦਾ ਜਿਹੜਾ ਕੰਮ ਕਰਨ ਵਿੱਚ ਵੱਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਕਰਨਾ ਬਣਦਾ ਸੀ ਉਹ ਕੰਮ ਡਾਕਟਰ ਅਲੱਗ ਨੇ ਇਕੱਲੇ ਆਪਣੇ ਅਤੇ ਆਪਣੇ ਪਰਿਵਾਰ ਦੇ ਆਸਰੇ ਕੀਤਾ। ਉਹਨਾਂ ਦੇ ਕੁਝ ਹੋਰ ਸਹਿਯੋਗੀ ਵੀ ਇਸ ਮਕਸਦ ਲਈ ਉਹਨਾਂ ਦੇ ਨਾਲ ਰਹੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੇ ਉਹਾਂ  ਡੀ ਦੇਖਰੇਖ ਹੇਠ ਇੱਕ ਵੱਖਰੀ ਪ੍ਰ੍ਕ੍ਸਹਨ ਸੰਸਥਾ ਸ਼ੁਰੂ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਹੁਣ ਵੀ ਉਹਨਾਂ ਦੇ ਪਰਿਵਾਰ ਨੂੰ ਇਸ ਮਕਸਦ ਲਈ ਮਾਣਤਾ ਦੇਂਦਿਆਂ ਕਿਸੇ ਵਿਸ਼ੇਸ਼ ਅਹੁਦੇ ਅਤੇ ਜਿੰਮੇਦਾਰੀ ਨਾਲ ਨਵਾਜਿਆ ਜਾਣਾ ਚਾਹਿਦਾ ਹੈ। 

Thursday, April 07, 2022

ਪੰਜਾਬੀ ਲੇਖਕਾਂ ਦਾ ਇੱਕ ਵਫ਼ਦ ਪੰਚਾਇਤ ਮੰਤਰੀ ਨੂੰ ਮਿਲਿਆ

7th April 2022 at 01:23 PM

ਅਗਵਾਈ ਕੀਤੀ ਪ੍ਰੋ. ਕੋਹਾਰਵਾਲਾ,ਪ੍ਰੋ. ਘਈ, ਹਰਮੀਤ ਵਿਦਿਆਰਥੀ ਅਤੇ ਰਾਜੀਵ ਖ਼ਿਆਲ ਨੇ 


ਫ਼ਿਰੋਜ਼ਪੁਰ: 7 ਅਪ੍ਰੈਲ 2022:  (ਪੰਜਾਬ ਸਕਰੀਨ ਬਿਊਰੋ):: 
ਪਿੰਡਾਂ ਵਿੱਚ ਵਿਕਾਸ ਦਾ ਮਤਲਬ ਸਿਰਫ਼ ਗਲੀਆਂ ਨਾਲੀਆਂ ਹੀ  ਨਹੀਂ ਹੁੰਦਾ ਸਗੋਂ ਪੇਂਡੂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਮੌਕੇ ਮੁਹੱਈਆ ਕਰਵਾਉਣਾ ਲਾਜ਼ਮੀ ਹੈਂ ਅਤੇ ਕਿਤਾਬਾਂ ਇਸ ਪਾਸੇ ਮਹੱਤਵਪੂਰਨ ਰੋਲ ਨਿਭਾ ਸਕਦੀਆਂ ਹਨ। ਇਸ ਸੋਚ ਨੂੰ ਲੈ ਕੇ ਪੰਜਾਬੀ ਲੇਖਕਾਂ ਦਾ ਇੱਕ ਵਫ਼ਦ ਪ੍ਰੋ.ਗੁਰਤੇਜ ਕੋਹਾਰਵਾਲਾ,ਪ੍ਰੋ.ਜਸਪਾਲ ਘਈ,ਹਰਮੀਤ ਵਿਦਿਆਰਥੀ ਅਤੇ ਰਾਜੀਵ ਖ਼ਿਆਲ ਦੀ ਅਗਵਾਈ ਹੇਠ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ। ਵਫ਼ਦ ਨੇ ਮੰਗ ਪੱਤਰ ਪੇਸ਼ ਕਰਕੇ ਮੰਗ ਕੀਤੀ ਕਿ ਪੰਜਾਬ ਸਦਾ ਮੁਲਕ ਦੀ ਖੜਗ ਭੁਜਾ ਅਤੇ ਅੰਨਦਾਤਾ ਰਿਹਾ ਹੈ ਪਰ ਬਾਬਾ ਨਾਨਕ ਦੇ ਸ਼ਬਦ ਨਾਲ ਵਰੋਸਾਈ ਇਸ ਧਰਤੀ ਤੇ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਉਪਰਾਲੇ ਨਹੀਂ ਹੋਏ। ਪੰਜਾਬੀ ਲੇਖਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਉਹ ਪਿੰਡ ਜਿੰਨਾ ਦੀ ਆਬਾਦੀ 2000 ਤੋਂ ਉੱਤੇ ਹੈ । ਉਹਨਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਅਤੇ ਉਹਨਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਲਈ ਨੀਤੀ ਬਣਾਈ ਜਾਵੇ।  ਫ਼ਿਰੋਜ਼ਪੁਰ ਸ਼ਹਿਰੀ ਦੇ ਐਮ.ਐਲ.ਏ. ਸ.ਰਣਬੀਰ ਸਿੰਘ ਭੁੱਲਰ ਅਤੇ ਗੁਰੂਹਰਸਹਾਏ ਦੇ ਵਿਧਾਇਕ ਸ.ਫੌਜਾ ਸਿੰਘ ਸਰਾਰੀ ਨੇ ਪੰਜਾਬੀ ਲੇਖਕਾਂ ਦੀ ਇਸ ਮੰਗ ਦਾ ਜੋਰਦਾਰ ਸਮਰਥਨ ਕੀਤਾ। ਇਸ ਮੌਕੇ ਤੇ ਵਫ਼ਦ ਨਾਲ ਗੱਲ ਕਰਦਿਆਂ ਸ.ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪਾਇਲਟ ਪ੍ਰਾਜੈਕਟ ਦੇ ਤੌਰ ਉਹਨਾਂ ਦਾ ਮਹਿਕਮੇ ਵੱਲੋਂ ਪੰਜਾਬ ਦੇ ਦਸ ਵੱਡੇ ਲੇਖਕਾਂ ਦੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ ਅਤੇ ਇਸ ਪਾਇਲਟ ਪ੍ਰਾਜੈਕਟ ਦੀ ਜਾਂਚ ਪੜਤਾਲ ਕਰਕੇ ਇਸ ਕਾਰਜ ਨੂੰ ਅੱਗੇ ਵਧਾਇਆ ਜਾਏਗਾ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਇਹਨਾਂ ਲਾਇਬ੍ਰੇਰੀਆਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਨੀਤੀ ਬਨਾਉਣ ਵਾਸਤੇ ਛੇਤੀ ਹੀ ਪੰਜਾਬ ਦੇ ਬੁੱਧੀਜੀਵੀਆਂ/ਲੇਖਕਾਂ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ। ਵਫ਼ਦ ਵਿੱਚ ਸ਼ਾਮਲ ਲੇਖਕਾਂ ਨੇ ਮੰਤਰੀ ਜੀ ਅਤੇ ਦੋਵਾਂ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਛੇਤੀ ਹੀ ਪੰਜਾਬ ਦੇ ਦਸ ਪਿੰਡਾਂ ਵਿੱਚ ਲਾਇਬ੍ਰੇਰੀਆਂ ਸ਼ੁਰੂ ਹੋ ਜਾਣਗੀਆਂ।ਇਸ ਵਫ਼ਦ ਵਿੱਚ ਕਮਲ ਸ਼ਰਮਾ ਗੁਰਬਖਸ਼ ਸਿੰਘ ਸਮੇਤ ਬਹੁਤ ਸਾਰੇ ਲੇਖਕ ਬੁੱਧੀਜੀਵੀ ਸ਼ਾਮਲ ਸਨ।

Thursday, February 03, 2022

ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼

 3rd February 2022 at 1:22 PM

ਪੁਸਤਕ ਰਿਲੀਜ਼ ਕੀਤੀ ਡਾ.ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨੇ 

*ਪੰਜਾਬੀ ਭਵਨ ਲੁਧਿਆਣਾ ਵਿੱਚ ਹੋਈ ਸਾਦਗੀ ਭਰੀ ਰਸਮ 

*ਪੱਤਰਕਾਰ ਸੀ ਮਾਰਕੰਡਾ ਵੀ ਮੌਜੂਦ ਰਹੇ 

*ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਅਥਲੀਟ ਨੀਰਜ ਚੋਪੜਾ ਉਤੇ ਆਧਾਰਿਤ ਹੈ ਕਿਤਾਬ

*ਨੀਰਜ ਚੋਪੜਾ ਦੀ ਜ਼ਿੰਦਗੀ ਦੇ ਵੱਖਵ ਵੱਖ ਪੜਾਵਾਂ ਦੀ ਝਲਕ ਹੈ ਪੁਸਤਕ ਵਿੱਚ 

*ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ-ਸੁਰਜੀਤ ਪਾਤਰ

*ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ-ਲਖਵਿੰਦਰ ਜੌਹਲ

ਲੁਧਿਆਣਾ: 3 ਫਰਵਰੀ 2022: (ਪੰਜਾਬ ਸਕਰੀਨ ਡੈਸਕ)::

ਸਿਆਸਤ ਅਤੇ ਸਿਆਸਤ ਦੀਆਂ ਖਬਰਾਂ ਬਾਰੇ ਲਿਖਣ ਵਾਲਿਆਂ ਦੀ ਭੀੜ ਵਿੱਚ ਖੇਡਾਂ ਵਾਲਾ ਖੇਤਰ ਸੁੰਨਾ ਸੁੰਨਾ ਜਿਹਾ ਹੁੰਦਾ ਜਾ ਰਿਹਾ ਸੀ। ਪ੍ਰਿੰਸੀਪਲ ਸਰਵਣ ਸਿੰਘ ਨੇ ਜਿਹੜੀਆਂ ਪਿਰਤਾਂ ਇਸ ਪਾਸੇ ਪਾਈਆਂ ਉਹਨਾਂ ਨੂੰ ਸੰਭਾਲਣਾ,ਨਿਖਾਰਨਾ ਅਤੇ ਅੱਗੇ ਤੋਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਮਕਸਦ ਲਈ ਜਿਹਨਾਂ ਲੇਖਕਾਂ ਨੇ ਕਲਮ ਚਲਾਈ ਉਹਨਾਂ ਵਿੱਚ ਨਵਦੀਪ ਗਿੱਲ ਮੋਹਰਲੀ ਕਤਾਰ ਵਿਚ ਹੈ। ਬਾਲ ਸਾਹਿਤ ਇਸ ਅੰਦਾਜ਼ ਵਿੱਚ ਲਿਖਣਾ ਕਿ ਬੱਚਿਆਂ ਨੂੰ ਸਮਝ ਵੀ ਆਵੇ ਅਤੇ ਦਿਲਚਸਪ ਵੀ ਲੱਗੇ ਇਹ ਬੜੀ ਸਾਧਨਾ ਮੰਗਦਾ ਹੈ। ਨਵਦੀਪ ਗਿੱਲ ਦੀਆਂ ਪੁਸਤਕਾਂ ਅਤੇ ਇਹਨਾਂ ਦੇ ਕਵਰ ਇਸ ਪੱਖੋਂ ਕਾਮਯਾਬ ਹਨ। 

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀ ਟੋਕੀਓ ਓਲੰਪਿਕ ਖੇਡਾਂ-2021 ਵਿੱਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਬਾਰੇ ਲਿਖੀ ਸੰਖੇਪ ਜੀਵਨੀ ਪੁਸਤਕ ‘ਗੋਲਡਨ ਬਆਏ ਨੀਰਜ ਚੋਪੜਾ’ ਨੂੰ ਰਿਲੀਜ਼ ਕੀਤਾ ਗਿਆ।

ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਇਹ ਪੁਸਤਕ ਲੇਖਕ ਦੀ ਸੱਤਵੀਂ ਪੁਸਤਕ ਹੈ ਜਦੋਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਛੇਵੀਂ ਪੁਸਤਕ ਹੈ। ਲੋਕਗੀਤ ਪ੍ਰਕਾਸ਼ਨ ਵੱਲੋਂ ਇਹ ਪੁਸਤਕ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਛਾਪੀ ਬਾਲ ਸਾਹਿਤ ਦੀ ਪੁਸਤਕ ਹੈ।

72 ਪੰਨਿਆਂ ਦੀ ਇਹ ਸਚਿੱਤਰ ਰੰਗਦਾਰ ਪੁਸਤਕ ਨੀਰਜ ਚੋਪੜਾ ਦੇ ਬਚਪਨ ਤੋਂ ਲੈ ਕੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਦੇ ਸੰਘਰਸ਼ਸੀਲ ਅਤੇ ਸੁਨਹਿਰੀ ਸਫਰ ਉਤੇ ਝਾਤ ਪਾਉਂਦੀ ਹੈ। ਨੀਰਜ ਦੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ, ਉਸ ਦੀ ਖੇਡ ਤਕਨੀਕ, ਉਸ ਨੂੰ ਮਿਲੇ ਮਾਣ-ਸਨਮਾਨ ਅਤੇ ਸਮਕਾਲੀਆਂ ਖਿਡਾਰੀਆਂ ਬਾਰੇ ਵੱਖ-ਵੱਖ ਚੈਪਟਰ ਸ਼ਾਮਲ ਹਨ ਜਿਸ ਦੇ ਹਰ ਚੈਪਟਰ ਵਿੱਚ ਸ਼ਾਮਲ ਤਸਵੀਰਾਂ ਪੁਸਤਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ।

ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ ਜਿਸ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਗਿੱਲ ਵੱਲੋਂ ਆਪਣੀ ਕਲਮ ਨਾਲ ਮਾਣਮੱਤੇ ਖੇਡ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸਾਂਭਣਾ ਵਧੀਆ ਉਪਰਾਲਾ ਹੈ।

ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਜੀਵਨੀਆਂ ਆਧਾਰਿਤ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ ਹੈ, ਇਸ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਸਾਹਿਤ ਸਿਹਤਮੰਦ ਸਮਾਜ ਸਿਰਜਣ ਵਿੱਚ ਅਹਿਮ ਰੋਲ ਨਿਭਾਉਂਦਾ ਹੈ।

ਲੇਖਕ ਨਵਦੀਪ ਸਿੰਘ ਗਿੱਲ ਨੇ ਕਿਹਾ ਨੀਰਜ ਚੋਪੜਾ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਅਥਲੀਟ ਹੈ ਜਿਸ ਦੀ ਕਹਾਣੀ ਘਰ-ਘਰ ਤੱਕ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਵਿਸ਼ਵ ਪ੍ਰਸਿੱਧ ਅਥਲੀਟ ਓਸੈਨ ਬੋਲਟ ਦੀਆਂ ਜੀਵਨੀਆਂ ਉਤੇ ਆਧਾਰਿਤ ਬਾਲ ਸਾਹਿਤ ਦੀਆਂ ਪੁਸਤਕਾਂ ਵੀ ਛਪਾਈ ਅਧੀਨ ਹੈ।

ਇਸ ਮੌਕੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਸ਼ਹਿਣਾ, ਅੰਮ੍ਰਿਤ ਪਾਲ ਸਿੰਘ ਭੰਗੂ ਯੂ.ਐਸ.ਏ., ਉਘੇ ਕਵੀ ਡਾ. ਰਵਿੰਦਰ ਬਟਾਲਾ, ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਤੇ ਸਤਿਬੀਰ ਸਿੰਘ ਵੀ ਹਾਜ਼ਰ ਸਨ।

ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਛੇ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਦੇ ਨਾਮ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’, ‘ਨੌਲੱਖਾ ਬਾਗ਼’, ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਸਿਤਾਰੇ’ ਤੇ ‘ਉੱਡਣਾ ਬਾਜ਼’ ਹਨ।  ----0-----

Friday, November 12, 2021

ਲੇਖਕ ਆਗੂ ਦਰਸ਼ਨ ਬੁੱਟਰ ਨੂੰ ਗਹਿਰਾ ਸਦਮਾ

12th November 2021 at 03:28 PM WhatsApp

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਚੰਡੀਗੜ੍ਹ: 12 ਨਵੰਬਰ 2021: (ਕਰਮ ਵਕੀਲ//ਪੰਜਾਬ ਸਕਰੀਨ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੂੰ ਅੱਜ ਉਦੋਂ ਗਹਿਰਾ ਸਦਮਾ ਲਗਿਆ ਜਦ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਅਕਾਲ ਚਲਾਣਾ ਕਰ ਗਏ। ਉਹ ਨਾਭੇ ਨੇੜੇ ਪਿੰਡ ਖੋਖ ਦੇ ਜੰਮਪਲ ਸਨ ਅਤੇ ਤਕਰੀਬਨ 65 ਸਾਲ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਦਰਸ਼ਨ ਬੁੱਟਰ ਪਰਿਵਾਰ ਨੇ ਪਤਨੀ ਦੇ ਇਲਾਜ ਲਈ ਬੜੇ ਯਤਨ ਕੀਤੇ ਪਰ ਕੁਦਰਤ ਅੱਗੇ ਜ਼ੋਰ ਨਹੀਂ ਚਲਦਾ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ੍ਰੀ ਦਰਸ਼ਨ ਬੁੱਟਰ ਦੇ ਜੱਦੀ ਪਿੰਡ ਥੂਹੀ, ਨੇੜੇ ਨਾਭਾ ਵਿਖੇ ਕਰ ਦਿਤਾ ਗਿਆ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਸਕੱਤਰ ਜਗਦੀਪ ਸਿੱਧੂ, ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਡਾ. ਗੁਰਮੇਲ ਸਿੰਘ ਨੇ ਸ੍ਰੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਉਤੇ ਸ਼ੋਕ-ਗ੍ਰਸਤ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। 

ਬਹੁਤ ਸਾਰੇ ਸਾਹਿਤਿਕ ਸੰਗਠਨਾਂ ਅਤੇ ਹੋਰਨਾਂ ਸਾਹਿਤ ਸਭਾਵਾਂ ਨੇ ਵੀ ਸ਼੍ਰੀ ਬੁੱਟਰ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹੁਤ ਸਾਰੇ ਲੇਖਕਾਂ ਨੇ ਵੀ ਸ਼੍ਰੀ ਬੁੱਟਰ ਨਾਲ ਇਸ ਔਖੀ ਘੜੀ ਵੇਲੇ ਦੁੱਖ ਵੰਡਾਇਆ ਹੈ। ਭੋਗ ਦੀ ਤਾਰੀਖ ਬਾਰੇ ਵੀ ਅਸੀਂ ਛੇਤੀ ਹੀ ਜਾਣਕਾਰੀ ਦਿਆਂਗੇ। 

Thursday, July 29, 2021

'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਵਫਦ ਦੀ ਉਚੇਚੀ ਪਹਿਲ

 29th July 2021 at 5:52 PM

 'ਸਕਾਚ ਲਾਇਬ੍ਰੇਰੀ' ਦੇ ਮਾਲਕ ਨੂੰ ਮਿਲ ਕੇ ਲਿਆ ਨਾਮ ਬਦਲਣ ਦਾ ਭਰੋਸਾ 


ਅੰਮ੍ਰਿਤਸਰ
//
ਲੁਧਿਆਣਾ: 29 ਜੁਲਾਈ 2021: (ਸਾਹਿਤ ਸਕਰੀਨ//ਪੰਜਾਬ ਸਕਰੀਨ)::
'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ 'ਦੀ ਅੰਮ੍ਰਿਤਸਰ ਇਕਾਈ ਦੇ ਸਮੂਹ ਮੈਂਬਰਾਂ ਨੇ ਅੱਜ 'ਸਕਾਚ ਲਾਇਬ੍ਰੇਰੀ  ਦੇ ਮਾਲਕ  ਰਣਦੀਪ ਸਿੰਘ ਰਿੰਪਲ ਨਾਲ ਬਹੁਤ ਹੀ ਸੁਖਾਵੇਂ ਅਤੇ ਅਪਣੱਤ ਭਰੇ ਮਾਹੌਲ ਵਿੱਚ ਮੁਲਾਕਾਤ ਕੀਤੀ ਅਤੇ ਸ਼ਰਾਬ ਦੇ ਠੇਕੇ ਦੇ ਰੱਖੇ ਉਪਰੋਕਤ ਨਾਮ ਉੱਤੇ  ਇਤਰਾਜ਼ ਪ੍ਰਗਟਾਇਆ। ਇੱਥੇ ਵਰਨਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਸ਼ਾ ਪ੍ਰੇਮੀਆਂ, ਸਾਹਿਤ ਪ੍ਰੇਮੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਠੇਕੇ ਦੇ ਉਪਰੋਕਤ ਨਾਮ ਨੂੰ ਲੈ ਕੇ ਸੋਸ਼ਲ ਤੇ ਪ੍ਰਿੰਟ ਮੀਡੀਆ 'ਤੇ ਇਤਰਾਜ਼  ਜਤਾਇਆ ਜਾ ਰਿਹਾ ਹੈ  ਪਰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਅੰਮ੍ਰਿਤਸਰ ਇਕਾਈ ਵੱਲੋਂ ਅੱਜ ਉਕਤ ਠੇਕੇ ਦੇ ਮਾਲਕ ਨਾਲ ਮੁਲਾਕਾਤ ਕੀਤੀ ਅਤੇ ਲਾਇਬਰੇਰੀ ਸ਼ਬਦ ਨਾਲ ਜੁੜੀਆਂ ਭਾਵਨਾਵਾਂ ਅਤੇ ਪੁਸਤਕ ਸੱਭਿਆਚਾਰ ਦੀ ਵਿਆਖਿਆ ਕੀਤੀ।
ਰਣਦੀਪ ਸਿੰਘ ਰਿੰਪਲ ਵੱਲੋਂ ਜਿੱਥੇ  ਭਾਈਚਾਰੇ ਦੇ ਮੈਂਬਰਾਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਦੀ ਕਦਰ ਕੀਤੀ ਉਥੇ ਅਗਲੇ ਦੋ-ਚਾਰ ਦਿਨਾਂ ਅੰਦਰ ਉਕਤ ਨਾਮ ਬਦਲਣ ਦੀ ਸਹਿਮਤੀ ਵੀ  ਪ੍ਰਗਟ ਕੀਤੀ। 
ਇਸ ਮੌਕੇ ਪ੍ਰਿੰਸੀਪਲ ਗੁਰਬਿੰਦਰ ਸਿੰਘ ਭੱਟੀ, ਸਤਿੰਦਰ ਸਿੰਘ ਓਠੀ, ਜਸਪਾਲ ਕੌਰ ਅਤੇ ਗੁਰਮਿੰਦਰ ਸਿੰਘ ਬਾਜਵਾ ਉਚੇਚੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਰਣਦੀਪ ਸਿੰਘ ਰਿੰਪਲ ਨੇ ਕਿਹਾ ਕਿ ਉਹ ਜਨ- ਮਾਨਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਤਾਂ ਹੀ ਨਾਮ ਬਦਲ ਰਹੇ ਹਨ ਪਰ ਦੂਜੇ ਪਾਸੇ ਅਧਿਆਪਕ ਵਰਗ ਦੀ ਕਦਰ ਨੂੰ ਮੁੱਖ ਰੱਖਦਿਆਂ ਸ਼ਰਾਬ ਦਾ 'ਟੀਚਰ ਬ੍ਰਾਂਡ'  ਵੀ ਬਦਲਣ ਲਈ ਯਤਨ ਹੋਣੇ ਚਾਹੀਦੇ ਹਨ। ਇਹ ਜਾਣਕਾਰੀ ਅੱਜ ਇਥੇ ਮਿੱਤਰ ਸੈਨ ਮੀਤ ਹੁਰਾਂ ਨੇ ਮੀਡੀਆ ਨੂੰ ਦਿੱਤੀ। 

Sunday, November 01, 2020

ਕੁਲਵੰਤ ਸਿੰਘ ਢੇਸੀ ਵੱਲੋਂ ਮੌਜੂਦਾ ਸਥਿਤੀਆਂ ਬਾਰੇ ਵਿਸ਼ੇਸ਼ ਲਿਖਤ

31st  October 2020 at 2:16 PM

 ਮੁੱਦਤੇਂ ਗੁਜ਼ਰੀਂ ਹੈਂ ਰੰਜੋ ਗ਼ਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੂਏ 

ਪੰਜ ਨਵੰਬਰ 2020 ਨੂੰ ਰਾਏਕੋਟ ਦੇ ਮੁੱਖ ਚੌਂਕ ਵਿੱਚ ਲੱਗੇ ਵਿਸ਼ਾਲ ਧਰਨੇ ਦੀਆਂ ਤਸਵੀਰਾਂ ਦਾ ਕੋਲਾਜ 

ਉਰਦੂ ਭਾਸ਼ਾ ਦੇ ਅਣਵੰਡੇ ਭਾਰਤ ਦੇ ਮਹਾਨ ਸ਼ਾਇਰ ਅਲਾਮਾ ਇਕਬਾਲ ਨੇ ਦੇਸ਼ ਪ੍ਰੇਮ ਵਿਚ ਇਕ ਨਜ਼ਮ ਲਿਖੀ ਸੀ ਜੋ ਕਿ ਬਹੁਤ ਲੋਕ ਪ੍ਰਿਅ ਹੋਈ ਜਿਸ ਦਾ ਮੁਖੜਾ ਸੀ, ‘ਸਾਰੇ ਜਹਾਂ ਦੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸ ਕੀ ਯੇ ਗੁਲਿਸਤਾਂ ਹਮਾਰਾ’। ਇਹ ਨਜ਼ਮ ਅੱਜ ਵੀ ਦੇਸ਼ ਪ੍ਰੇਮ ਵਿਚ ਗਾਈ ਜਾਂਦੀ ਹੈ ਜਦ ਕਿ ਇਸ ਨਜ਼ਮ ਨੂੰ ਲਿਖਣ ਵਾਲੇ ਨੇ ਇਹ ਨਜ਼ਮ ਲਿਖ ਕੇ ਸ਼ਰਮ ਮਹਿਸੂਸ ਕੀਤੀ ਸੀ।

ਕੁਲਵੰਤ ਸਿੰਘ ਢੇਸੀ

ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਅਲਾਮਾ ਇਕਬਾਲ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਭਾਰਤ ਵਿਚ ਰਹਿੰਦਿਆਂ ਇੱਕ ਸ਼ਿਅਰ ਐਸਾ ਵੀ ਲਿਖਿਆ ਸੀ ਜੋ ਕਿ ਇਸ ਮਹਾਨ ਸ਼ਾਇਰ ਦੇ ਹਿੰਦੋਸਤਾਨ ਪ੍ਰਤੀ ਉਦਾਸੀਨਤਾ ਦਾ ਪ੍ਰਤੀਕ ਸੀ। ਸ਼ਾਇਰ ਇਕਬਾਲ ਨੇ ਲਿਖਿਆ ਸੀ, ‘ਮੁੱਦਤੇਂ ਗੁਜ਼ਰੀਂ ਹੈਂ ਰੰਜੋ-ਗਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੂਏ’। ਅੱਜ ਹਿੰਦੁਤਵਾ ਦੇ ਫਿਰਕੂ ਮਹੌਲ ਵਿਚ ਦੇਸ਼ ਦੀਆਂ ਘੱਟਗਿਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਭਾਜਪਾ ਦੀਆਂ ਮਾਰੂ ਨੀਤੀਆਂ ਕਾਰਨ ਭਾਰਤ ਵਾਸੀਆਂ ਦਾ ਤਰਾਹ ਨਿਕਲ ਰਿਹਾ ਹੈ। ਭਾਜਪਾ ਦੀਆਂ ਮਾਰੂ ਨੀਤੀਆਂ ਕਾਰਨ ਦੇਸ਼ ਆਰਥਿਕ ਤੌਰ ਤੇ ਦੀਵਾਲੀਆ ਹੋਣ ਵਾਲ ਵਧ ਰਿਹਾ ਹੈ ਅਤੇ ਭਾਜਪਾ ਦੀ ਨਾਕਾਮ ਸਾਬਤ ਹੋ ਚੁੱਕੀ ਸਰਕਾਰ ਦੇ ਹੱਥੋਂ ਜਨਤਾ ਬੇਰੁਜ਼ਗਾਰੀ, ਅਨਪੜਤਾ, ਭੁੱਖਮਰੀ ਅਤੇ ਬਿਮਾਰੀ ਵਿਚ ਧੱਸਦੀ ਜਾ ਰਹੀ ਹੈ। 

ਇਸ ਵਿਸ਼ੇ ਨਾਲ ਸਬੰਧਤ ਅਸੀਂ ਕੁਝ ਕੁ ਝਾਕੀਆਂ ਇਸ ਲੇਖ ਵਿਚ ਪੇਸ਼ ਕਰ ਰਹੇ ਹਾਂ--

ਬੇਰੁਜ਼ਗਾਰੀ ਦੀਆਂ ਭਿਆਨਕ ਝਲਕਾਂ

ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ ਜਿਥੇ ਕਿ ਵੀਹ ਵਰਿਆਂ ਤੋਂ ਘੱਟ ਉਮਰ ਦੇ ਨੌਜਵਾਨਾ ਦੀ ਸੰਖਿਆ ੯੪ ਕਰੋੜ ਹੈ। ਦੇਸ਼ ਭਰ ਵਿਚ ਬੇਰੁਜ਼ਗਾਰੀ ਨੇ ਪੜ੍ਹੇ ਲਿਖੇ ਨੌਜਵਾਨਾ ਦਾ ਭਵਿੱਖ ਕਾਲਾ ਕਰ ਦਿਤਾ ਹੈ ਜੋ ਕਿ ਤਰਸਯੋਗ ਹਾਲਤ ਵਿਚ ਕੁਝ ਵੀ ਕਰਨ ਲਈ ਮਜ਼ਬੂਰ ਹਨ। 

ਮੁਰਾਦਾਬਾਦ ਨਗਰ ਪਾਲਿਕਾ ਵਿਚ ਸਫਾਈ ਕਰਮੀਆਂ ਦੀਆਂ ਅਸਾਮੀਆਂ ਲਈ 58 ਹਜ਼ਾਰ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਜੋ ਕਿ ਗੰਦੇ ਨਾਲੇ ਵਿਚ ਵੜ ਕੇ ਆਪਣੀ ਸ਼ਰੀਰਕ ਯੋਗਤਾ ਦਾ ਟੈਸਟ ਬਿਨਾ ਸੁਰੱਖਿਆ ਦਿੰਦੇ ਦਿਖਾਈ ਦੇ ਰਹੇ ਹਨ। ਇਹਨਾਂ ਨੌਜਵਾਨਾਂ ਨੇ ਗੰਦੇ ਨਾਲੇ ਤੋਂ ਸੁਰੱਖਿਆ ਲਈ ਕੋਈ ਵੀ ਦਸਤਾਨੇ, ਓਵਰਹਾਲ ਜਾਂ ਮਾਸਕ ਵਗੈਰਾ ਨਹੀਂ ਪਾਏ ਹੋਏ ਅਤੇ ਇਹ ਨਾਲੇ ਵਿਚੋਂ ਗੰਦ ਕੱਢਦੇ ਦਿਖਾਈ ਦੇ ਰਹੇ ਹਨ। ਕਿਹਾ ਗਿਆ ਹੈ ਕਿ ਇਹਨਾਂ ਵਿਚ ਕਈ ਤਾਂ ਡਿਗਰੀ ਯਾਫਤਾ ਨੋਜਵਾਨ ਹਨ ਜੋ ਕਿ ਬੇਰੁਜ਼ਗਾਰ ਹਨ ਅਤੇ ਭੁੱਖਮਰੀ ਤੋਂ ਬਚਣ ਲਈ ਕੋਈ ਵੀ ਕੰਮ ਕਰਨ ਨੂੰ ਤਿਆਰ ਹਨ। ਇਸੇ ਤਰਾਂ ਕੁਝ ਸਮਾਂ ਪਹਿਲਾਂ ਪੰਜਾਬ ਵਿਚ ਬੀ ਏ ਜਾਂ ਬੀ ਐਡ ਤਕ ਪੜ੍ਹਾਈ ਕਰ ਚੁੱਕੀਆਂ ਝੋਨਾ ਲਾਉਂਦੀਆਂ ਲੜਕੀਆਂ ਦਿਖਾਈਆਂ ਗਈਆਂ ਸਨ ਜਦ ਕਿ ਸਰਕਾਰਾਂ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਜਾਅਲੀ ਐਲਾਨ ਕਰ ਰਹੀਆਂ ਹਨ। ਇਸੇ ਤਰਾਂ ਯੂ ਪੀ ਵਿਚ ਵਿਧਾਨ ਸਭਾ ਅਦਾਰੇ ਵਿਚ ਚਪੜਾਸੀ ਦੀ ਨੌਕਰੀ ਦੀਆਂ ਅਸਾਮੀਆਂ ਲਈ ਅਨੇਕਾਂ ਐਸੇ ਨੌਜਵਾਨ ਸਨ ਜਿਹਨਾ ਕੋਲ ਪੀ ਐਚ ਡੀ ਦੀਆਂ ਡਿਗਰੀਆਂ ਸਨ। ਜਦ ਕਿ ਬੀ ਏ, ਬੀ ਟੈਕ ਅਤੇ ਬੀ ਐਸ ਸੀ ਪਾਸ ਬਿਨੇਕਾਰਾਂ ਦੀ ਸੰਖਿਆ ਇੱਕ ਲੱਖ ਤੋਂ ਜ਼ਿਆਦਾ ਸੀ। 

ਕਾਰਪੋਰੇਟਾਂ ਹੱਥੀਂ ਵਿਕ ਰਿਹਾ ਹੈ ਦੇਸ਼

ਸੰਨ 1947 ਤੋਂ ਹੁਣ ਤਕ ਦੇ ਭਾਰਤੀ ਸਾਸ਼ਕਾਂ ਦੀ ਕੌਮੀ ਕਾਰਗੁਜ਼ਾਰੀ ਦਾ ਲੇਖਾ ਕਰਨਾ ਹੋਵੇ ਤਾਂ ਮੋਦੀ ਸਰਕਾਰ ਸਭ ਤੋਂ ਗਈ ਗੁਜ਼ਰੀ ਸਰਕਾਰ ਸਾਬਤ ਹੁੰਦੀ ਹੈ। ਅੰਬਾਨੀਆਂ, ਅੰਡਾਨੀਆਂ ਅਤੇ ਕਾਰਪੋਰੇਟਾਂ ਹੱਥੀਂ ਵਿਕ ਰਿਹਾ ਦੇਸ਼ ਕਿਥੋਂ ਚੱਲ ਕੇ ਕਿੱਥੇ ਪਹੁੰਚਿਆਂ ਹੈ ਇਸ ਦਾ ਸਬੂਤ ਹੇਠ ਲਿਖੀ ਸੂਚੀ ਤੋਂ ਮਿਲਦਾ ਹੈ—

• ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 33 ਸਰਕਾਰੀ ਕੰਪਨੀਆਂ ਦਾ ਨਿਰਮਾਣ ਕੀਤਾ ਅਤੇ ਉਸ ਦੇ 16 ਸਾਲ ਦੇ ਕਾਰਜ ਕਾਲ ਵਿਚ ਇੱਕ ਵੀ ਕੰਪਨੀ ਵਿਕੀ ਨਹੀਂ।

• ਲਾਲ ਬਹਾਦਰ ਸ਼ਾਸਤਰੀ ਨੇ ੫ ਕੰਪਨੀਆਂ ਦਾ ਨਿਰਮਾਣ ਕੀਤਾ ਵਿਕੀ ਕੋਈ ਨਹੀਂ।

• ਇੰਦਰਾਂਗਾਧੀ ਦੇ ਲੰਬੇ ਕਾਰਜ ਕਾਲ ਵਿਚ 66 ਕੰਪਨੀਆਂ ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

• ਮੁਰਾਰਜੀ ਡਿਸਾਈ ਦੇ ਵੇਲੇ 9 ਕੰਪਨੀਆਂ ਦਾ ਨਰਮਾਣ ਹੋਇਆ ਵਿਕੀ ਕੋਈ ਨਹੀਂ।

• ਵਿਸ਼ਵਾਨਾਥ ਪ੍ਰਤਾਪ ਸਿੰਘ ਵੇਲੇ ਦੋ ਕੰਪਨੀਆਂ ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

• ਰਾਜੀਵ ਗਾਂਧੀ ਵੇਲੇ 16 ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ। 

• ਐਚ ਡੀ ਗੌਡਵਾ ਵੇਲੇ 3 ਦਾ ਨਿਰਮਾਣ ਹੋਇਆ ਕੋਈ ਵਿਕੀ ਨਹੀਂ।

• ਨਰਸਿਮਾ ਰਾਓ ਵੇਲੇ 14 ਦਾ ਨਿਰਮਾਣ ਹੋਇਆ ਵਿਕੀ ਕੋਈ ਨਹੀਂ।

• ਅਟੱਲ ਬਿਹਾਰੀ ਵਾਜਪਾਈ ਦੀ ਭਾਜਪਾ ਦੀ ਪਹਿਲੀ ਸਰਕਾਰ ਵੇਲੇ 17 ਕੰਪਨੀਆਂ ਦਾ ਨਿਰਮਾਣ ਹੋਇਆ ਅਤੇ ਅਜ਼ਾਦ ਭਾਰਤ ਦੇ ਇਤਹਾਸ ਵਿਚ ਪਹਿਲੀ ਵੇਰੀ ਬਾਜਪਾ ਨੇ 7 ਸਰਕਾਰੀ ਕੰਪਨੀਆਂ ਵੇਚੀਆਂ। 

• ਡਾ: ਮਨਮੋਹਨ ਸਿੰਘ ਦੀ ਸਰਕਾਰ ਨੇ 23 ਕੰਪਨਿਆਂ ਦਾ ਨਿਰਮਾਣ ਕੀਤਾ ਅਤੇ 3 ਵਿਕੀਆਂ।

• ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸੇ ਵੀ  ਇੱਕ ਸਰਕਾਰੀ ਕੰਪਨੀ ਦਾ ਨਿਰਮਾਣ ਨਹੀਂ ਕੀਤਾ ਪਰ 23 ਸਰਕਾਰੀ ਕੰਪਨੀਆਂ ਵੇਚ ਚੁੱਕਾ ਹੈ। ਇਹਨਾ ਕੰਪਨੀਆਂ ਵਿਚੋਂ ਲੋਕਾਂ ਨੂੰ ਕੱਢਣ ਤੋਂ ਪਹਿਲਾਂ ਉਹਨਾਂ ਦੀਆਂ ਪੈਨਸ਼ਨਾਂ ਅਤੇ ਹੋਰ ਭੱਤੇ ਬੰਦ ਕਰਕੇ ਪ੍ਰਧਾਨ ਮੰਤਰੀ ਇਹ ਕਹਿੰਦਾ ਸੁਣਦਾ ਹੈ ਕਿ "ਭਾਈਓ ਅਤੇ ਬਹਿਨੋਂ ਮੈਂ ਵੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਗਰੀਬ ਸੀ"। ਇਹ ਕੈਸਾ ਮਜ਼ਾਕ ਹੈ ਕਿ ਪ੍ਰਧਾਨ ਮੰਤਰੀ ਦੀ ਪਾਰਟੀ ਕਰੋੜਾਂ ਰੁਪਏ ਇਸੇ ਇਸ਼ਤਿਹਾਰਬਾਜ਼ੀ ‘ਤੇ ਖਰਚ ਕਰੀ ਜਾ ਰਹੀ ਹੈ ਕਿ ਉਹਨਾਂ ਦਾ ਆਗੂ ਕਦੀ ਚਾਹ ਵੇਚਦਾ ਸੀ ਤੇ ਬੜਾ ਗਰੀਬ ਸੀ। ਅੱਜ ਭਾਰਤ ਦੀ ਜੀ ਡੀ ਪੀ ਬੰਗਲਾ ਦੇਸ਼ ਤੋਂ ਵੀ ਨਿਘਰਦੀ ਜਾ ਰਹੀ ਹੈ ਪਰ ਹਾਕਮ ਧਿਰ ਕੇਵਲ ਹਿੰਦੁਤਵ ਦੀਆਂ ਡੀਂਗਾਂ ਮਾਰ ਕੇ ਅਤੇ ਮੰਦਰ ਮਸਜਿਦ ਦੀ ਰਾਜਨੀਤੀ ਦੇ ਸਿਰ "ਤੇ  ਦਿਨ ਕਟੀ ਕਰ ਰਹੀ ਹੈ।

ਜਲ੍ਹਿਆਂ ਵਾਲੇ ਬਾਗ ਦਾ ਦੂਜਾ ਸਾਕਾ ਹੋਣ ਦੀ ਤਿਆਰੀ- ਡਾ: ਕੇ. ਐਲ. ਗਰਗ

ਕੇਂਦਰ ਦੇ ਅੜੀਅਲ, ਉਲਾਰ ਅਤੇ ਪੱਖਪਾਤੀ ਰਵੱਈਏ ਕਾਰਨ ਪੰਜਬ, ਕਸ਼ਮੀਰ ਅਤੇ ਦੇਸ਼ ਦੇ ਅਨੇਕਾਂ ਹੋਰ ਸੂਬੇ ਬਰੂਦ ਦੇ ਢੇਰ "ਤੇ ਬੈਠੇ ਹਨ ਅਤੇ ਇਹ ਸੁਲਘਦੀ ਅੱਗ ਹੁਣ ਭਾਂਬੜ ਬਣਨ ਵਾਲੀ ਹੈ। ਇਸ ਸਬੰਧੀ ਅਸੀਂ ਇਥੇ ਇੱਕ ਦੂਰ ਅੰਦੇਸ਼ ਅਤੇ ਸਿਆਸੀ ਮਾਮਲਿਆਂ ਦੇ ਮਾਹਰ ਡਾ: ਕੇ ਐਲ ਗਰਗ ਦੇ ਵਿਚਾਰ ਦੇ ਰਹੇ ਹਾਂ ਜੋ ਕਿ ਭਾਰਤ ਦੀ ਭਵਿੱਖ ਦੀ ਹੋਣੀ ਵਲ ਇਸ਼ਾਰਾ ਕਰਦੇ ਹਨ—

ਕੇਂਦਰ ਨੇ ਬਾਕੀ ਸਾਰਾ ਕੁਝ ਸੂਬਿਆਂ ਤੋਂ ਹੌਲੀ ਹੌਲੀ ਖੋਹ ਲਿਆ ਅਤੇ ਹੁਣ ਇੱਕ ਖੇਤੀ ਬਚੀ ਸੀ ਜਿਸ ਨੂੰ ਖੋਹਣ ਵਾਸਤੇ ਕਾਨੂੰਨ ਬਣਾ ਦਿੱਤਾ ਹੈ। ਇਸ ਧੱਕੇ ਦੇ ਖਿਲਾਫ ਕਿਸਾਨੀ ਅੰਦੋਲਨ ਚਲ ਪਿਆ ਤਾਂ ਮਜਬੂਰੀ ਵਸ ਪੰਜਾਬ ਦੀ ਕਾਂਗਰਸ ਸਰਕਾਰ ਵੀ ਹਰਕਤ ਵਿਚ ਆ ਗਈ, ਜਦ ਕਿ ਪਹਿਲਾਂ ਜਦੋਂ ਸਰਵਿਸ ਟਰਾਂਸਪੋਰਟ ਐਕਟ ਬਣਿਆਂ ਅਤੇ ਜੀ ਐਸ ਟੀ ਲਾਗੂ ਕਰ ਦਿੱਤੀ ਤਾਂ ਕਾਂਗਰਸ ਸਰਕਾਰ ਬੋਲੀ ਨਹੀਂ ਸੀ। ਪੰਜਾਬ ਕਾਂਗਰਸ ਵਲੋਂ ਪਾਸ ਕੀਤੇ ਤਿੰਨ ਬਿੱਲ ਅਸਲ ਵਿਚ ਪਹਿਲਾਂ ਲਾਗੂ ਬਿੱਲਾਂ ਵਿਚ ਤਰਮੀਮਾਂ ਹਨ ਜੋ ਕਿ ਰਾਜਪਾਲ ਤੋਂ ਹੁੰਦੇ ਹੋਏ ਰਾਸ਼ਟਰਪਤੀ ਤਕ ਪਹੁੰਚਣਗੇ ਅਤੇ ਰਾਸ਼ਟਰਪਤੀ ਜਦੋਂ ਤਕ ਚਾਹੇ ਇਹਨਾਂ ਤਰਮੀਮਾਂ ਨੂੰ ਠੰਢੇ ਬਸਤੇ ਵਿਚ ਪਾ ਸਕਦਾ ਹੈ। 

ਇਸ ਵੇਲੇ ਸਭ ਤੋਂ ਵੱਡਾ ਖਿਲਵਾੜ ਤਾਂ ਭਾਰਤੀ ਸੰਵਿਧਾਨ ਨਾਲ ਹੋ ਰਿਹਾ ਹੈ ਕਿਓਂਕਿ ਜਿਹਨਾਂ ਉਦੇਸ਼ਾਂ ਨੂੰ ਮੁਖ ਰੱਖ ਕੇ ਇਹ ਸੰਵਿਧਾਨ ਬਣਾਇਆ ਸੀ ਭਾਜਪਾ ਸਰਕਾਰ ਉਹਨਾਂ ਉਦੇਸ਼ਾਂ ਤੋਂ ਉਲਟ ਜਾ ਰਹੀ ਹੈ ਜਦ ਕਿ ਕੇਂਦਰ ਦੀਆਂ ਪਹਿਲੀਆਂ ਸਰਕਾਰਾਂ ਨੇ ਵੀ ਇਹ ਸੰਵਿਧਾਨਕ ਧਰੋਹ ਕੀਤੇ ਹਨ। ਪੰਜਾਬੀਆਂ ਅਤੇ ਵਿਸ਼ੇਸ ਕਰਕੇ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤਾਂ ਕਿ ਉਹ ਆਪਣੇ ਖਿੱਤੇ ਵਿਚ ਅਜ਼ਾਦੀ ਦਾ ਨਿੱਘ ਮਾਣ ਸਕਣ। ਭਾਰਤ ਦੀ ਅਜ਼ਾਦੀ ਤੋਂ ਸ਼ੁਰੂ ਹੁੰਦਿਆਂ ਹੀ ਕੇਂਦਰ ਵਿਚ ਰਾਜ ਕਰ ਰਹੀ ਹਰ ਸਰਕਾਰ ਨੇ ਸੂਬਾ ਸਰਕਾਰਾਂ ਦੇ ਅਧਿਕਾਰ ਖੋਹਣੇ ਸ਼ੁਰੂ ਕਰ ਦਿੱਤੇ। 

ਕੇਂਦਰ ਅਤੇ ਰਾਜਾਂ ਦੇ ਸਬੰਧਾਂ ਪ੍ਰਤੀ ਭਾਰਤੀ ਸੰਵਿਧਾਨ ਵਿਚ ਤਿੰਨ ਸੂਚੀਆਂ ਹਨ। ਪਹਿਲੀ ਸੂਚੀ ਵਿਚ ਉਹ ਸਾਰੇ ਅਧਿਕਾਰ ਸ਼ਾਮਲ ਹਨ ਜਿਹਨਾ ਤਹਿਤ ਕੇਂਦਰ ਨੇ ਕਾਨੂੰਨ ਬਨਾਉਣੇ ਅਤੇ ਲਾਗੂ ਕਰਨੇ ਹੁੰਦੇ ਹਨ, ਜਿਵੇਂ ਕਿ ਕਰੰਸੀ, ਰੇਲਵੇ,ਡਾਕ, ਰੱਖਿਆ ਅਤੇ ਬਿਦੇਸ਼ ਮਹਿਕਮੇ ਹਨ, ਇਹ ਸਾਰੇ ਅਧਿਕਾਰ ਕੇਂਦਰ ਕੋਲ ਹਨ। ਦੂਜੀ ਸੂਚੀ ਵਿਚ ਉਹ ਮਹਿਕਮੇ ਅਤੇ ਅਧਿਕਾਰ ਹਨ ਜਿਹਨਾ ‘ਤੇ ਸੂਬੇ ਨੇ ਕਾਨੂੰਨ ਬਨਾਉਣੇ ਅਤੇ ਲਾਗੂ ਕਰਨੇ ਹੁੰਦੇ ਹਨ ਜਦ ਕਿ ਤੀਜੀ ਸੂਚੀ ਸਾਂਝੇ ਅਧਿਕਾਰਾਂ ਦੀ ਹੈ ਜਿਥੇ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਰਲ ਕੇ ਕੰਮ ਕਰਨਾ ਹੁੰਦਾ ਹੈ।

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਖੇਤੀ ਸਬੰਧੀ ਅਧਿਕਾਰ ਨਾ ਤਾਂ ਕੇਂਦਰ ਦੀ ਸੂਚੀ ਵਿਚ ਹਨ ਅਤੇ ਨਾ ਹੀ ਸਾਂਝੀ ਸੂਚੀ ਵਿਚ ਹਨ ਸਗੋਂ ਇਹ ਨਿਰੋਲ ਸੂਬਾਈ ਸਰਕਾਰਾਂ ਦੇ ਅਧਿਕਾਰਾਂ ਹੇਠ ਹਨ। ਮੌਜੂਦਾ ਤਿੰਨੇ ਖੇਤੀ ਕਾਨੂੰਨ ਸੂਬੇ ਦੀ ਸੂਚੀ ਦੀ ੧੪ਵੀਂ ਮੱਦ ‘ਤੇ ਦਰਜ ਹਨ। ਇਸੇ ਸੂਚੀ ਦੀ 28ਵੀਂ ਮੱਦ ਮੰਡੀਕਰਨ ਬਾਰੇ ਹੈ ਜਿਸ ਦਾ ਅਧਿਕਾਰ ਸੂਬੇ ਕੋਲ ਹੈ ਨਾ ਕਿ ਕੇਂਦਰ ਕੋਲ। ਕੇਂਦਰ ਨੇ ਸਿੱਖਿਆ ,ਸਿਹਤ ਦੇ ਨਾਲ ਨਾਲ ਅਨੇਕਾਂ ਹੋਰ ਮਹਕਮਿਆਂ ਦੇ ਅਧਿਕਾਰ ਆਪਣੇ ਹੱਥਾਂ ਹੇਠ ਲੈ ਲਏ ਜਿਹਨਾਂ ਦਾ ਕਿ ਕਦੀ ਜਨਤਾ ਵਿਚ ਚਰਚਾ ਤਕ ਨਹੀਂ ਹੋਇਆ ਮਿਸਾਲ ਦੇ ਤੌਰ ਤੇ ਵਾਹਨਾਂ ਦੀ ਲਾਇਸੰਸ ਅਤੇ ‘ਆਰ.ਸੀ’ ਆਦਿ ਦੇ ਅਧਿਕਾਰ ਵੀ ਨਿਤਨ ਗਡਕਰੀ ਨੇ ਸਰਵਿਸ ਟਰਾਂਸਪੋਰਟ ਐਕਟ ਬਣਾ ਕੇ ਕੇਂਦਰ ਹੇਠ ਕਰ ਲਏ। ਸੂਬੇ ਦੇ ਟੈਕਸ ਦੇ ਅਧਿਕਾਰਾਂ ਨੂੰ ਜੀ ਐਸ ਟੀ ਦੇ ਨਾਮ "ਤੇ ਕੇਂਦਰ ਨੇ ਖੋਹ ਲਿਆ ਤਾਂ ਹੁਣ ਕੇਵਲ ਖੇਤੀ ਬਾਕੀ ਸੀ ਜਿਸ ਨੂੰ ਖੇਤੀ ਆਰਡੀਨੈਂਸ ਜਾਰੀ ਕਰਕੇ ਕੇਂਦਰ ਕਬਜੇ ਵਿਚ ਕਰ ਚੁੱਕਾ ਹੈ।  

ਇਹਨਾਂ ਤੋਂ ਇਲਾਵਾ ਕੇਂਦਰ ਨੇ ਇੱਕ ਤਰੀਕਾ ਹੋਰ ਵਰਤਿਆ ਕਿ ਜਿਹਨਾਂ ਅਧਿਕਾਰਾਂ ਪ੍ਰਤੀ ਕੇਂਦਰ ਨੂੰ ਲਾਲਸਾ ਹੋਵੇ ਉਹਨਾਂ ਨੂੰ ਸਾਂਝੀ ਸੂਚੀ ਵਿਚ ਪਾ ਕੇ ਹਥਿਆ ਲਿਆ ਜਾਂਦਾ ਹੈ ਜਿਵੇਂ ਕਿ ਮੈਡੀਕਲ ਸਿੱਖਿਆ ਨੂੰ ਸਾਂਝੀ ਸੂਚੀ ਵਿਚ ਪਾ ਦਿੱਤਾ। ਸੂਬਾ ਸਰਕਾਰਾਂ ਨੂੰ ਕੇਂਦਰ "ਤੇ ਨਿਰਭਰ ਕਰਨ ਲਈ ਪਹਿਲਾਂ ਕੁਝ ਲਾਲਚ ਦਿਤੇ ਜਾਣ ਲੱਗ ਪਏ ਕਿ ਸਬੰਧਤ ਮਹਿਕਮੇ ਵਿਚ ਪਹਿਲਾਂ ਫੰਡ ਦੇ ਦਿੱਤੇ ਜਾਣ ਅਤੇ ਫਿਰ ਰੋਕ ਦਿੱਤੇ ਜਾਣ ਤਾਂ ਕਿ ਇਹ ਬਹਾਨਾ ਬਣਾਇਆ ਜਾਵੇ ਕਿ ਇਹ ਮਹਿਕਮਾ ਤਾਂ ਤੁਹਾਡੇ ਕੋਲੋਂ ਚਲਦਾ ਨਹੀਂ ਇਸ ਕਰਕੇ ਕੇਂਦਰ ਕੋਲ ਜਾਣਾ ਜਰੂਰੀ ਹੈ। ਇਹਨਾਂ ਕਾਨੂੰਨਾਂ ਦੀ ਆੜ ਵਿਚ ਸੰਨ 1947 ਤੋਂ ਕੇਂਦਰ ਪੰਜਾਬ ਨਾਲ ਮਿਥ ਕੇ ਵਧੀਕੀਆਂ ਕਰਦਾ ਆ ਰਿਹਾ ਹੈ ਜਦ ਕਿ ਕੇਂਦਰ ਨਾਲ ਭਾਈਵਾਲ ਪੰਜਾਬ ਦੀਆਂ ਸਥਾਨਕ ਸਰਕਾਰਾਂ ਨੇ ਵੀ ਸੂਬੇ ਨੂੰ ਬਚਾਉਣ ਲਈ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ।   

ਬੇਸ਼ਕ ਪੰਜਾਬ ਨੇ ਦੇਸ਼ ਦੀ ਅਜ਼ਾਦੀ ਵਿਚ ਵਿੱਤੋਂ ਵੱਧ ਹਿੱਸਾ ਪਾਇਆ ਅਤੇ ਸਿੱਖਾਂ ਨੇ ਅੰਗ੍ਰੇਜ਼ ਤੋਂ ਆਪਣੇ ਵੱਖਰੇ ਅਧਿਕਾਰ ਲੈਣ ਦੀ ਬਜਾਏ ਭਾਰਤ ਨਾਲ ਰਹਿਣ ਨੂੰ ਤਰਜੀਹ ਦਿੱਤੀ ਸੀ ਜਦ ਕਿ ਕਮਿਊਨਲ ਅਵਾਰਡ ਤਹਿਤ 3 ਕੌਮਾਂ ਨੂੰ ਮਾਨਤਾ ਦਿੱਤੀ ਗਈ ਸੀ ਜਿਸ ਮੁਤਾਬਕ ਸਿੱਖਾਂ ਨੇ ਆਪਣੇ ਸਿੱਖ ਵਿਧਾਇਕਾਂ ਨੂੰ, ਮੁਸਲਮਾਨ ਮੁਸਲਮਾਨਾਂ ਨੂੰ ਅਤੇ ਹਿੰਦੂਆਂ ਨੇ ਹਿੰਦੂਆਂ ਨੂੰ ਵੋਟ ਪਉਣੀ ਸੀ। ਉਸ ਦੀ ਆੜ ਵਿਚ ਹੀ ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਪਾਕਿਸਤਾਨ ਬਣਾ ਲਿਆ ਸੀ ਜਦ ਕਿ ਦੇਸ਼ ਦੇ ਹਿੰਦੂਆਂ ਨੇ ਭਾਰਤ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਜੋ ਯੂਨੀਅਨ ਆਫ ਸਟੇਟ ਦਾ ਸਾਂਝਾ ਰਾਸ਼ਟਰ ਬਣਨਾ ਸੀ। ਪੰਜਾਬ ਦੇ ਸਿੱਖਾਂ ਨੇ ਆਪਣੀ ਕਿਸਮਤ ਨੂੰ ਇਸ ਯੂਨੀਅਨ ਆਫ ਸਟੇਟ ਦੇ ਸੰਕਲਪ ਨਾਲ ਜੋੜਨ ਦਾ ਫੈਸਲਾ ਲਿਆ । ਜਦੋਂ ਭਸ਼ਾਈ ਅਧਾਰ ‘ਤੇ ਸੂਬਿਆਂ ਦਾ ਗਠਨ ਹੋਇਆ ਤਾਂ ਦੇਸ਼ ਦੀਆਂ 14 ਬੋਲੀਆਂ ਵਿਚ ਪੰਜਾਬੀ ਵੀ ਇੱਕ ਭਾਸ਼ਾ ਸੀ। ਦੇਸ਼ ਦੀ ਅਜ਼ਾਦੀ ਦੇ ਤੁਰੰਤ ਬਾਅਦ ਸਿੱਖਾਂ (ਪੰਜਾਬੀਆਂ) ਨੂੰ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬੇ ਦੀ ਲੜਾਈ ਲੜਨੀ ਪਈ ਜਦ ਕਿ ਬਾਕੀ ਸੂਬਿਆਂ ਨੂੰ ਇਹ ਅਧਿਕਾਰ ਬਿਨਾ ਲੜਿਆਂ ਪ੍ਰਾਪਤ ਹੋ ਗਿਆ ਸੀ। ਪੰਜਾਬੀਆਂ ਦੇ ਖਾੜਕੂ ਸੁਭਾਅ ਤੋਂ ਵਾਕਫ ਹੋਣ ਕਾਰਨ ਕੇਂਦਰ ਇਸ ਨੂੰ ਮਿਲਗੋਭਾ ਸੂਬਾ ਰੱਖ ਕੇ ਸੁਰੱਖਿਅਤ ਮਹਿਸੂਸ ਕਰਦਾ ਸੀ। 

16 ਸਾਲ ਦੀ ਲੰਬੀ ਜੱਦੋਜਹਿਦ ਮਗਰੋਂ ਲੰਗੜਾ ਪੰਜਾਬੀ ਸੂਬਾ ਬਣਿਆ ਜਿਸ ਵਿਚੋਂ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ। ਇੱਕ ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ । ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਬੜਾ ਟੁੱਟਾ ਫੁੱਟਾ ਪੰਜਾਬੀ ਸੂਬਾ ਬਣਾਇਆ। ਪੰਜਾਬ ਨੂੰ ਨਾਂ ਤਾਂ ਆਪਣੀ ਰਾਜਧਾਨੀ ਦਿੱਤੀ ਅਤੇ ਭਾਖੜਾ ਡੈਮ ਜੋ ਕਿ ਬਣਿਆ ਹੀ ਪੰਜਾਬ ਲਈ ਸੀ, ਥੀਨ ਡੈਮ ਪੰਜਾਬ ਲਈ ਬਣਨਾ ਸੀ ਅਤੇ ਬਿਆਸ ਵਾਲਾ ਡੈਮ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਲਈ ਬਣਨਾ ਸੀ ਪਰ ਉਸ ਤੇ ਵੀ "ਬੀ ਬੀ ਐਮ ਬੀ" ਦੇ ਨਾਮ ਤੇ ਕੇਂਦਰ ਨੇ ਕਬਜਾ ਕਰ ਲਿਆ। ਪੰਜਾਬ ਯੂਨੀਵਰਸਿਟੀ ਜੋ ਕਿ ਪਹਿਲਾਂ ਵੀ ਲਹੌਰ ਵਿਚ ਸੀ ਭਾਵ ਕਿ ਪੰਜਾਬ ਵਿਚ ਸੀ ਉਸ "ਤੇ ਵੀ ਕੇਂਦਰ ਨੇ ਕਬਜਾ ਕਰ ਲਿਆ। ਹਿਮਾਚਲ ਯੂਨੀਅਨ ਟੈਰੇਟਰੀ ਸੀ ਪਰ ਉਸ ਨੂੰ ਬਤੌਰ ਸੂਬੇ ਦਾ ਦਰਜਾ ਦੇ ਦਿੱਤਾ ਅਤੇ ਧਰਮਸ਼ਾਲਾ, ਕਾਂਗੜਾ ਅਤੇ ਊਨਾ ਵਗੈਰਾ ਪੰਜਾਬੀ ਬੋਲਦੇ ਸਾਰੇ ਇਲਾਕੇ ਪੰਜਾਬ ਤੋਂ ਖੋਹ ਲਏ । ਇਸੇ ਤਰਾਂ ਸਰਸਾ ਦੇ ਆਲੇ ਦੁਆਲੇ ਬਾਗੜੀ ਨਾਮ ਦੀ ਪੰਜਾਬੀ ਦੀ ਉੱਪ ਬੋਲੀ ਬੋਲੀ ਜਾਂਦੀ ਹੈ, ਕੈਥਲ ਅਤੇ ਪੱਤਣਾ ਤੋਂ ਅੱਗੇ ਨਿਰਵਾਣਾ ਦੇ ਆਸ ਪਾਸ ਦੇ ਇਲਾਕੇ ਜਿਥੇ ਕਿ ਬਾਂਗੜੂ ਨਾਮ ਦੀ ਪੰਜਾਬੀ ਦੀ ਉੱਪ ਭਾਸ਼ਾ ਬੋਲੀ ਜਾਂਦੀ ਹੈ ਇਸ ਤਰਾਂ ਦੇ ਅਨੇਕਾਂ ਇਲਾਕੇ ਪੰਜਾਬ ਤੋਂ ਖੋਹ ਲਏ ਗਏ।

ਲੰਗੜੇ ਪੰਜਾਬੀ ਸੂਬੇ ਤੋਂ ਬਾਅਦ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਲਈ ਫਿਰ ਸੰਘਰਸ਼ ਕਰਨਾ ਪਿਆ। ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ਤਾਂ ਪੰਜਾਬ ਨੂੰ ਬਲਦੀ ਦੇ ਬੂਥੇ ਜਾਣਾ ਪਿਆ। ਸੰਨ 1975 ਵਿਚ ਜਿਸ ਵੇਲੇ ਇੰਦਰਾਂ ਨੇ ਐਮਰਜੈਂਸੀ ਲਾਈ ਤਾਂ 19 ਮਹੀਨੇ ਸਿੱਖਾਂ (ਪੰਜਾਬੀਆਂ) ਨੂੰ ਸੰਘਰਸ਼ ਕਰਨਾ ਪਿਆ । ਅਕਾਲੀ ਦਲ 19 ਮਹੀਨੇ ਹਰ ਦਿਨ 5 ਬੰਦੇ ਜਿਹਲ ਵਿਚ ਭੇਜਦਾ ਰਿਹਾ ਅਤੇ ਸੂਬੇ ਦੀਆਂ ਜਿਹਲਾਂ ਭਰ ਦਿੱਤੀਆਂ ਜਦ ਕਿ ਭਾਰਤ ਵਿਚ ਹੋਰ ਕਿਸੇ ਵੀ ਸੂਬੇ ਵਿਚ ਐਮਰਜੈਂਸੀ ਦਾ ਏਨਾ ਵਿਰੋਧ ਨਹੀਂ ਹੋਇਆ। 

ਸੰਵਿਧਾਨਕ ਬਣਤਰ ਮੁਤਾਬਕ ਕੇਂਦਰ ਅਤੇ ਸੂਬੇ ਦੇ ਸਬੰਧ ਬਰਾਬਰ ਦੇ ਸਹਿਯੋਗੀਆਂ ਦੇ ਹਨ ਜਦ ਕਿ ਅਜ਼ਾਦ ਭਾਰਤ ਵਿਚ ਸ਼ੁਰੂ ਤੋਂ ਹੀ ਕੇਂਦਰ ਵਿਚ ਬੈਠੀਆਂ ਸਰਕਾਰਾਂ ਸੂਬਿਆਂ ਨੂੰ ਆਪਣੇ ਅਧੀਨ ਸਮਝਦੀਆਂ ਰਹੀਆਂ ਹਨ। ਸੂਬਿਆਂ ਦੇ ਸੰਵਿਧਾਨਕ ਹੱਕਾਂ ਨੂੰ ਤੋੜਨ ਦੀ ਪਹਿਲ ਕੇਂਦਰ ਨੇ ਕੀਤੀ ਜਦ ਕਿ ਹੁਣ ਅੱਤ ਹੋ ਚੁੱਕੀ ਹੈ। ਹੁਣ ਤਾਂ ਸੂਬੇ ਵਿਚ ਨਾਮ ਦੀ ਸਰਕਾਰ ਹੈ ਜਦ ਕਿ ਕਰੋਨਾ ਦੌਰਾਨ ਸਾਡੇ ਪਟਿਆਲੇ ਜ਼ਿਲੇ ਵਿਚ ਕਿਹੜੀ ਦੁਕਾਨ ਖੋਹਲਣੀ ਜਾਂ ਕਿਹੜੀ ਨਹੀਂ ਖੋਹਲਣੀ ਹੈ ਦਾ ਫੈਸਲਾ ਵੀ ਕੇਂਦਰ ਤੋਂ ਅਉਂਦਾ ਹੈ। ਕਿਸ ਘਰ ਨੂੰ ਇਕਾਂਤਵਾਸ ਕਰਨਾ ਹੈ ਇਹ ਫੈਸਲਾ ਵੀ ਦਿੱਲੀ ਤੋਂ ਅਉਂਦਾ ਹੈ। ਕੇਂਦਰ ਦਾ ਇਹ ਰਵਈਆ ਸੰਵਿਧਾਨਕ, ਵਿਹਾਰਕ ਜਾਂ ਟੈਕਨੀਕਲ ਤੌਰ ‘ਤੇ ਵੀ ਠੀਕ ਨਹੀਂ ਹੈ ਕਿਓਂਕਿ ਜੇ ਬਿਮਾਰੀ ਨੂੰ ਕਾਬੂ ਕਰਨਾ ਹੈ ਤਾਂ ਇਸ ਦੀ ਖਬਰ ਸਥਾਨਕ ਸਰਕਾਰ ਨੂੰ ਹੋਣੀ ਚਾਹੀਦੀ ਹੈ ਨਾ ਕਿ ਦਿੱਲੀ ਨੂੰ । 

ਹੁਣ ਅੱਤ ਇਹ ਵੀ ਹੋ ਗਈ ਕਿ ਜਿਸ ਪੰਜਾਬ ਦੇ 55% ਪਰਿਵਾਰ ਖੇਤੀ ‘ਤੇ ਪਲ ਰਹੇ ਹਨ ਉਹ ਆਖਰੀ ਹੱਕ ਵੀ ਪੰਜਾਬ ਤੋਂ ਖੋਹਿਆ ਜਾ ਰਿਹਾ ਹੈ। ਹੁਣ ਪੰਜਾਬ ਆਪਣੇ ਜਿਊਂਦੇ ਰਹਿਣ ਦੀ ਲੜਾਈ ਲੜ ਰਿਹਾ ਹੈ।ਇਸ ਵੇਲੇ ਪਟਿਆਲੇ ਵਿਚ ਪਾਣੀ ਦੀ ਬੋਤਲ 63 ਰੁਪਏ ਵਿਚ ਵਿਕ ਰਹੀ ਹੈ ਭਾਵੇਂ ਕਿ ਉਸ ਦੀ ਲਿਖੀ ਹੋਈ ਕੀਮਤ 20 ਰੁਪਏ ਹੈ। ਪਾਣੀ 63 ਰੁਪਏ ਲੀਟਰ ਅਤੇ ਵੇਰਕਾ ਦੇ ਦੁੱਧ ਦੀ ਬੋਤਲ 45 ਰੁਪਏ ਵਿਚ ਵਿਕ ਰਹੀ ਹੈ ਕੀ ਇਸ ਤੋਂ ਵੱਡਾ ਕੋਈ ਜ਼ੁਲਮ ਹੋਰ ਹੋ ਸਕਦਾ ਹੈ?

ਮੌਜੂਦਾ ਕਿਸਾਨ ਅੰਦੋਲਨ ਬੜੀ ਸ਼ਾਨੋਸ਼ੌਕਤ ਨਾਲ ਚੱਲ ਰਿਹਾ ਹੈ ਜਿਸ ਨੂੰ ਦਬਾਉਣ ਲਈ ਸਰਕਾਰ ਹਰ ਹੱਥ ਕੰਡਾ ਵਰਤੇਗੀ ਪਰ ਪੰਜਾਬੀ ਸਿਰ ਦੇਣਾ ਜਾਣਦੇ ਹਨ ਅਤੇ ਇਹ ਅੰਦੋਲਨ ਜਿੱਤਣਗੇ। ਪੰਜਾਬ ਨੇ ਪਹਿਲ ਕੀਤੀ ਹੈ ਚੰਗਾ ਹੋਵੇ ਕਿ ਸਭ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣ। ਇਥੇ ਇੱਕ ਗੱਲ ਦਾ ਜ਼ਿਕਰ ਕਰਨਾ ਜਰੂਰੀ ਹੈ ਕਿ ਜਿਸ ਤਰਾਂ ਖੇਤੀ ਬਿੱਲਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ ਮੋਦੀ ਨੇ ਧੱਕੇ ਨਾਲ ਪਾਸ ਕਰਵਾਇਆ ਠੀਕ ਏਹੋ ਜਿਹਾ ਰਵਈਆ ਹੀ ਕੈਪਟਨ ਦਾ ਪੰਜਾਬ ਵਿਧਾਨ ਸਭਾ ਵਿਚ ਰਿਹਾ ਹੈ ਕਿ ਪ੍ਰਸਤਾਵਤ ਬਿੱਲਾਂ ਦੀਆਂ ਕਾਪੀਆਂ ਅਗਾਊਂ ਵਿਰੋਧੀ ਧਿਰਾਂ ਨੂੰ ਨਾ ਦਿੱਤੀਆਂ ਗਈਆਂ ਅਤੇ ਬਹਿੰਸ ਵਾਲੇ ਦਿਨ ਵੀ ਵਿਰੋਧੀ ਧਿਰ ਵਲੋਂ ਇਹ ਬਿੱਲ ਪੜ੍ਹਨ ਲਈ ਅੱਧੇ ਘੰਟੇ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ। ਇਹ ਕਾਰਵਾਈਆਂ ਲੋਕ ਰਾਜੀ ਕੀਮਤਾਂ ‘ਤੇ ਧੱਬਾ ਹਨ।

ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਹੁਣ ਜਾਗ ਪਿਆ ਹੋਵੇ। ਹੁਣ ਤਾਂ ਇਹ ਵੀ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਇਸ ਸੰਘਰਸ਼ ਵਿਚੋਂ ਕੋਈ ਨਵੀਂ ਲੀਡਰਸ਼ਿਪ ਉੱਭਰੇਗੀ ਜਿਸ ਦੇ ਨਾਲ ਨਾਲ ਪੂਰੇ ਦੇਸ਼ ਵਿਚ ਨਵੀਂ ਲੀਡਰਸ਼ਿਪ ਪੈਦਾ ਹੋ ਸਕਦੀ ਹੈ। ਇਹ ਹੁਣ ਇੱਕ ਨਵੇਂ ਇਨਕਲਾਬ ਦਾ ਸੂਰਜ ਉਦੇ ਹੋ ਰਿਹਾ ਹੈ ਜਿਸ ਨੂੰ ਦਬਾਉਣ ਲਈ ਕੇਂਦਰ ਮੁੜ ਜਲਿਆਂਵਾਲੇ ਬਾਗ ਦਾ ਸਾਕਾ ਵਰਤਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸ਼ਾਂਤਮਈ ਅੰਦੋਲਨ ਤਿਵੇਂ ਹੀ ਚਲ ਰਿਹਾ ਹੈ ਜਿਵੇਂ ਕਿ ਕਦੀ ਭਾਰਤ ਦੀ ਅਜ਼ਾਦੀ ਦਾ ਅੰਦੋਲਨ ਚਲਿਆ ਸੀ ਅਤੇ ਇਸ ਅੰਦੋਲਨ ਤੋਂ ਬਹੁਤ ਆਸਾਂ ਹਨ।

Saturday, January 25, 2020

ਫਾਸ਼ੀ ਧਮਕੀਆਂ ਦੇ ਬਾਵਜੂਦ ਲੇਖਕਾਂ ਨੇ ਬੁਲੰਦ ਕੀਤੀ ਤਾਨਾਸ਼ਾਹੀ ਦੇ ਖਿਲਾਫ ਆਵਾਜ਼

 Saturday: 25th January 2020 at 17:21 Whats App
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਸਫ਼ਲ ਧਰਨਾ ਅਤੇ ਰੈਲੀ ਆਯੋਜਿਤ
ਚੰਡੀਗੜ੍ਹ: 25 ਜਨਵਰੀ 2020: (ਪੰਜਾਬ ਸਕਰੀਨ ਬਿਊਰੋ)::
     ਵਿਰੋਧ ਕਰਨ ਵਾਲਿਆਂ ਨੂੰ ਜਿਊਂਦਿਆਂ ਸਾੜਨ ਅਤੇ ਵਿਰੋਧੀਆਂ ਦੀਆਂ ਜਾਇਦਾਦਾਂ ਨੂੰ ਨਿਲਾਮ ਕੀਤੇ ਜਾਣ ਦੀਆਂ ਧਮਕੀਆਂ ਵਾਟਸਅਪ ਰਾਹੀਂ ਪਰਚਾਰੀਆਂ ਜਾਣ ਦੇ ਬਾਵਜੂਦ ਲੇਖਕ ਖੁੱਲ ਕੇ ਮੈਦਾਨ ਵਿੱਚ ਨਿੱਤਰੇ ਹਨ। ਉਹਨਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਛਕ ਇਕੱਤਰ ਹੋ ਕੇ  ਐਨ. ਆਰ. ਸੀ, ਸੀ. ਏ. ਏ. ਅਤੇ ਸੀ. ਏ. ਬੀ. ਦਾ ਡੱਟਵਾਂ ਵਿਰੋਧ ਕੀਤਾ ਹੈ। ਇਸਦੇ ਨਾਲ ਹੀ ਧਾਰਾ 370 ਨੂੰ ਖਤਮ ਕੀਤੇ ਜਾਣ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਹੈ। ਇਹਨਾਂ ਲੇਖਕਾਂ ਦੀ ਅਗਵਾਈ ਕੀਤੀ ਹੈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ। 
       ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਇਕ ਵਿਸ਼ਾਲ ਰੋਸ ਧਰਨਾ ਅੱਜ ਬ੍ਰਿਜ ਹੇਠ, ਚੰਡੀਗੜ੍ਹ ਵਿਖੇ ਸ੍ਰੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਡਾ. ਸੁਖਦੇਵ ਸਿੰਘ ਸਿਰਸਾ (ਜਨਰਲ ਸਕੱਤਰ), ਡਾ. ਜੋਗਾ ਸਿੰਘ (ਸੀਨੀਅਰ ਮੀਤ ਪ੍ਰਧਾਨ), ਡਾ. ਸਰਬਜੀਤ ਸਿੰਘ (ਸਾਬਕਾ ਪ੍ਰਧਾਨ), ਡਾ. ਕਰਮਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ (ਦੋਵੇਂ ਸਾਬਕਾ ਜਨਰਲ ਸਕੱਤਰ) ਸ਼ਾਮਲ ਸਨ।
ਸਵਾਗਤੀ ਸ਼ਬਦਾਂ ਵਿਚ ਸ਼੍ਰੀ ਦਰਸ਼ਨ ਬੁੱਟਰ ਨੇ ਕਿਹਾ ਅੱਜ ਹਿੰਦੋਸਤਾਨ ਦੇ ਹਾਲਾਤ ਬੜੇ ਚਿੰਤਾਜਨਕ ਬਣ ਰਹੇ ਹਨ। ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਅਤੇ ਲਦਾਖ਼ ਵਿਚੋਂ ਧਾਰਾ 370 ਅਤੇ ਧਾਰਾ 35-ਏ ਖਤਮ ਕਰਨ, ਐਨ. ਆਰ. ਸੀ, ਸੀ. ਏ. ਏ. ਅਤੇ ਸੀ. ਏ. ਬੀ. ਜਿਹੇ ਲੋਕ ਦੋਖੀ ਕਾਲੇ ਕਾਨੂੰਨ ਲਾਗੂ ਕਰਨ ਕਰਕੇ ਲੋਕਾਂ ਵਿਚ ਬਹੁਤ ਰੋਸ ਹੈ। ਜੇ. ਐਨ. ਯੂ. ਦਿੱਲੀ, ਜਾਮੀਆ ਮੀਲੀਆ ਯੂਨਿਵਰਸਿਟੀ ਦਿੱਲੀ, ਅਤੇ ਮੁਸਲਿਮ ਯੂਨਿਵਰਸਿਟੀ ਅਲੀਗੜ੍ਹ ਵਿਚ ਨਿਰਦੋਸ਼ੇ ਵਿਦਿਆਰਥੀਆਂ ਉਤੇ ਪੁਲਿਸ ਅਤੇ ਗੁੰਡਿਆਂ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਨਾਲ ਆਮ ਨਾਗਰਿਕਾਂ ਵਿਚ ਭੈਅ ਅਤੇ ਸਹਿਮ ਦਾ ਮਾਹੌਲ ਹੈ। ਅਸੀਂ ਆਪਣਾ ਫ਼ਰਜ ਸਮਝ ਕੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਰਾਹ ਉਤੇ ਹਾਂ ਅਤੇ ਪੁਰਜੋਰ ਮੰਗ ਕਰਦੇ ਹਾਂ ਕਿ ਸਰਕਾਰ ਕਾਲੇ ਕਨੂੰਨ ਫ਼ੌਰੀ ਤੌਰ ਤੇ ਵਾਪਸ ਲਵੇ।
      ਧਰਨੇ ਦੌਰਾਨ ਜਗਜੀਤ ਅਤੇ ਅਮ੍ਰਿਤਪਾਲ ਦੀ ਰੰਗਕਰਮੀ ਟੀਮ ਨੇ ਡੱਫ਼ਲ਼ੀ ਦੀ ਸੁਰਮਈ ਤਾਲ ਨਾਲ ਇਨਕਲਾਬੀ ਗੀਤਾਂ ਤੇ ਨਾਅਰਿਆਂ ਨਾਲ, ਮਾਹੌਲ ਹੋਰ ਵੀ ਕ੍ਰਾਂਤੀਕਾਰੀ ਅਤੇ ਰੌਚਕ ਬਣਾਈ ਰੱਖਿਆ।
      ਡਾ. ਸਰਬਜੀਤ ਸਿੰਘ ਨੇ ਕਿਹਾ ਭਾਰਤ ਬਹੁਤ ਖਤਰਨਾਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅੱਤ ਦੀ ਮਹਿੰਗਾਈ, ਅੱਤ ਦੀ ਬੇਰੁਜ਼ਗਾਰੀ, ਅੱਤ ਦਾ ਖ਼ਤਰਨਾਕ ਨਾਗਰਿਕ ਸੋਧ ਬਿੱਲ ਹੈ ਜਿਹੜਾ ਭਾਰਤ ਦੀ ਸਾਂਝੀ ਲੋਕਾਈ ਨੂੰ ਧਰਮਾਂ ’ਚ ਵੰਡ ਕੇ ਟੁਕੜੇ ਟੁਕੜੇ ਕਰ ਦੇਵੇਗਾ। ਕੇਂਦਰ ਸਰਕਾਰ ਖਿਲਾਫ਼ ਸਵਿਧਾਨਿਕ ਅਤੇ ਲੋਕਤਾਂਤਰਿਕ ਹੱਕਾਂ ਲਈ ਸੰਘਰਸ਼ ਕਰ ਰਹੀਆਂ ਸ਼ਾਹੀਨਬਾਗ ਦਿੱਲੀ ਅਤੇ ਲਖਨਊ ਦੀਆਂ ਔਰਤਾਂ ਨੂੰ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਡਰਾਇਆਂ ਧਮਕਾਇਆ ਜਾ ਰਿਹਾ ਹੈ। ਦੇਸ਼ ਵਿਚ ਆਮ ਲੋਕ ਬਹੁਤ ਡਰੇ ਹੋਏ ਮਹਿਸੂਸ ਕਰ ਰਹੇ ਹਨ ਅਜਿਹੇ ਮੌਕੇ ਬੁੱਧੀਜੀਵੀਆਂ ਨੂੰ ਉਨ੍ਹਾਂ ਦਾ ਸਹਾਰਾ ਬਣਨਾ ਹੋਵੇਗਾ।
      ਡਾ. ਕਰਮਜੀਤ ਸਿੰਘ ਨੇ ਕਿਹ ਅੱਜ ਨਾਗਰਿਕ ਕਾਨੂੰਨ ਦੇ ਵਿਰੁੱਧ ਔਰਤਾਂ ਅਤੇ ਵਿਦਿਆਰਥੀ ਸੜਕਾਂ ਉਤੇ ਹਨ ਪਰ ਬੀ. ਜੇ. ਪੀ ਦੀ ਸਰਕਾਰ ਦੇ ਕੰਨ ਉਤੇ ਜੂੰ ਵੀ ਨਹੀਂ ਸਰਕਦੀ। ਇਹ ਕਾਨੂੰਨ ਘੱਟ ਗਿਣਤੀਆਂ ਨੂੰ ਪੀੜ ਦੇਣ ਵਾਲਾ ਹੈ ਜਿਸ ਦਾ ਵਿਰੋਧ ਕਰਨਾ ਸਮੇਂ ਦੀ ਸਖ਼ਤ ਲੋੜ ਹੈ।
        ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਭਾਰਤ ਦੀ ਸਰਕਾਰ ਭਾਰਤੀਆਂ ਦਾ ਦਮਨ ਕਰ ਰਹੀ ਹੈ। ਭਾਰਤੀ ਬੰਦੇ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਆਪਣੇ ਧਾਰਮਕ ਫਿਰਕੂ ਜਨੂੰਨ ਵਾਲੇ ਫੈਸਲਿਆ ਨਾਲ ਭਾਰਤੀ ਬੰਦੇ ਨੂੰ ਇਕ ਦੂਜੇ ਨੂੰ ਨਫ਼ਰਤ ਕਰਨ ਲਈ ਤਿਆਰ ਕਰਕੇ ਸਿਆਸੀ ਖੇਡ ਖੇਡ ਰਹੀ ਹੈ।
           ਪ੍ਰੋ. ਮਨਜੀਤ ਸਿੰਘ ਨੇ ਕਿਹਾ ਬੀ. ਜੇ. ਪੀ ਸਰਕਾਰ ਲਗਾਤਾਰ ਲੋਕ ਤਾਂਤਰਿਕ ਪ੍ਰੀਕਿਰਿਆ ਨੂੰ ਕਮਜੋਰ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਮਨ ਅਤੇ ਗੈਰ ਸਵਿਧਾਨਿਕ ਢੰਗ ਤਰੀਕੇ ਵਰਤ ਕੇ ਦਬਾ ਰਹੀ ਹੈ। 
         ਕਮਲਜੀਤ ਸਿੰਘ ਨੇ ਕਿਹਾ ਮੋਦੀ ਸ਼ਾਹ ਦੀ ਜੋੜੀ ਨਾਗਪੁਰ ਦੇ ਇਸ਼ਾਰੇ ’ਤੇ ਭਾਰਤ ਦੇ ਸੰਵੀਧਾਨ ਨੂੰ ਧਾਰਮਕ ਕਾਨੂੰਨ ਬਣਾ ਦੇਣਾ ਚਾਹੁੰਦੀ ਹੈ ਅਤੇ ਹਿੰਦੂ ਧਰਮ ਦੇ ਆਧਾਰ ’ਤੇ ਦਲਿਤਾਂ-ਮਜ਼ਦੂਰਾਂ ਅਤੇ ਔਰਤਾਂ ਨੂੰ ਫਿਰਕਾਪ੍ਰਸਤ ਬਣਾ ਦੇਣਾ ਚਾਹੁੰਦੀ ਹੈ। ਇਹ ਸੰਵਿਧਾਨ ਨੂੰ ਅਤੇ ਦੇਸ਼ ਨੂੰ ਬਚਾਉਣ ਦਾ ਵਕਤ ਹੈ।
         ਸੱਜਣ ਸਿੰਘ (ਪਾਸਲਾ) ਨੇ ਕਿਹਾ ਅੱਜ ਬੀ. ਜੇ. ਪੀ. ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਨਾਲ ਧੋਖਾ ਹੋ ਰਿਹਾ ਹੈ। ਲੋਕ ਆਰਥਿਕ ਪੱਖੋਂ ਲੁਟੇ ਜਾ ਰਹੇ ਹਨ।ਸ਼ਰੇਆਮ ਸਵਿਧਾਨ ਦੀ ਉਲੰਘਣਾ ਹੋ ਰਹੀ ਹੈ ਅਤੇ ਹੱਕੀਂ ਅੰਦੋਲਨ ਦਬਾਏ ਜਾ ਰਹੇ ਹਨ ਜਿਸ ਕਾਰਣ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
         ਉਪਰੋਕਤ ਤੋਂ ਇਲਾਵਾ ਰਿਪੁਦਮਨ ਸਿੰਘ ਰੂਪ, ਪਰਮਜੀਤ ਸਿੰਘ ਗਿੱਲ, ਦੇਵੀ ਦਿਆਲ ਸ਼ਰਮਾਂ, ਬਲਵਿੰਦਰ ਸਿੰਘ ਚਾਹਲ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਪੰਜਾਬ ਅਤੇ ਹਰਿਆਣਾ ਵਿਚੋਂ ਅਨੇਕ ਸਾਹਿਤ ਸਭਾਵਾਂ ਦੇ ਨੁਮਾਂਇੰਦੇ ਸ਼ਾਮਲ ਹੋਏ। ਉਪਰੋਕਤ ਤੋਂ ਇਲਾਵਾ ਮੱਖਣ ਕੁਹਾੜ, ਓਮ ਪ੍ਰਕਾਸ਼ ਗਾਸੋ, ਡਾ. ਸੁਰਿੰਦਰ ਗਿੱਲ, ਡਾ. ਲਾਭ ਸਿੰਘ ਖੀਵਾ, ਕਰਮ ਸਿੰਘ ਵਕੀਲ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਧਰਵਿੰਦਰ ਸਿੰਘ ਔਲਖ, ਜਗਦੀਪ ਸਿੱਧੂ, ਵਰਗਿਸ ਸਲਾਮਤ, ਡਾ. ਸਰਬਜੀਤ ਕੌਰ ਸੋਹਲ, ਤੇਜਵੰਤ ਮਾਨ, ਪਵਨ ਹਰਚੰਦਪੁਰੀ, ਡਾ. ਨੀਤੂ ਅਰੋੜਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਰਾਬਿੰਦਰ ਨਾਥ ਸ਼ਰਮਾ, ਕੁਲਦੀਪ ਸਿੰਘ ਦੀਪ, ਹਜ਼ਾਰਾ ਸਿੰਘ ਚੀਮਾ, ਸਿਰੀ ਰਾਮ ਅਰਸ਼, ਡਾ. ਭੁਪਿੰਦਰ ਸਿੰਘ, ਕਮਲ ਦੁਸਾਂਝ, ਜੈਨਿੰਦਰ ਚੌਹਾਨ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਮੇਲ ਸਿੰਘ, ਡਾ. ਸੰਤੋਖ ਸਿੰਘ ਸੁੱਖੀ, ਡਾ. ਗੁਰਮੀਤ ਕੱਲਰਮਾਜਰੀ, ਜਸਪਾਲ ਮਾਨਖੇੜਾ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਜੀ. ਐਸ. ਪਾਹੜਾ,  ਸ਼ੈਲਿੰਦਰਜੀਤ ਸਿੰਘ ਰਾਜਨ, ਮੰਗਤ ਚੰਚਲ, ਸੁਮੀਤ ਸਿੰਘ, ਕਾ. ਗੁਰਨਾਮ ਸਿੰਘ, ਸੁਖਦਰਸ਼ਨ ਗਰਗ, ਸਰਦਾਰਾ ਸਿੰਘ ਚੀਮਾ, ਕਾ. ਸੁਦਾਗਰ ਸਿੰਘ ਗਰੇਵਾਲ, ਹਰਨਾਮ ਸਿੰਘ ਡੱਲਾ, ਸੇਵਾ ਸਿੰਘ ਭਾਸ਼ੋ, ਸਿਮਰਨ ਅਕਸ, ਬਲਵਿੰਦਰ ਗਲੈਕਸੀ, ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ ਅਤੇ ਹਰਬੰਸ ਮਾਲਵਾ ਤੋਂ ਇਲਾਵਾ 400 ਨੇੜੇ ਸਾਹਿਤਕਾਰਾਂ ਤੇ ਪੰਜਾਬੀ ਪਿਆਰਿਆਂ ਨੇ ਰੈਲੀ ਵਿਚ ਹਿਸਾ ਲਿਆ। ਅੰਤ ਵਿਚ ਧੰਨਵਾਦ ਮਤਾ ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਘਰ ਘਰ ਹੋਕਾ ਦੇ ਕੇ ਲੋਕਾਂ ਨੂੰ ਕਾਲੇ ਕਨੂੰਨਾਂ ਖਿਲਾਫ਼ ਲਾਮਬੰਦ ਕਰੀਏ। ਉਨ੍ਹਾਂ ਕਿਹਾ ਹਾਲੇ ਸਰਕਾਰ ਇਨਰ ਲਾਇਨ ਪਰਮਿਟ ਵੀ ਲਿਆ ਰਹੀ ਹੈ ਜਿਸ ਨਾਲ ਘੱਟ ਗਿਣਤੀ ਭਾਈਚਾਰਿਆਂ ਦੇ ਹੱਕ ਹੋਰ ਵੀ ਮਸਲੇ ਕੁਚਲੇ ਜਾਣਗੇ।                  
      ਉਨ੍ਹਾਂ ਧਰਨੇ ਨੂੰ ਸਫ਼ਲ਼ ਦਸਿਆ ਅਤੇ ਧਰਨੇ ਦਾ ਸੰਦੇਸ਼ ਪਿੰਡ ਪਿੰਡ ਪਹੁੰਚਾਉਣ ਦਾ ਸੰਦੇਸ਼ ਦਿੱਤ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਾਹਿਤ ਸਭਾਵਾਂ ਅਤੇ ਪ੍ਰਬੰਧਕੀ ਕਮੇਟੀ ਗੁਰਦਵਾਰਾ ਸੈਕਟਰ 22, ਚੰਡੀਗੜ੍ਹ ਦਾ ਧਰਨੇ ਨੂੰ ਸਫਲ ਕਰਨ ਵਿਚ ਸਹਾਈ ਹੋਣ ਅਤੇ ਗੁਰੂ-ਕਾ-ਅਤੁੱਟ ਲੰਗਰ ਵਰਤਾਏ ਜਾਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।     

Thursday, November 14, 2019

ਸ੍ਰ. ਅਲੱਗ ਨੂੰ ਕਿਸੇ ਪ੍ਰਕਾਸ਼ਨ ਸੰਸਥਾ ਦਾ ਮੁਖੀ ਬਣਾਇਆ ਜਾਵੇ

ਇਸਦੇ ਨਾਲ ਹੀ ਕੈਬਨਿਟ ਰੈਂਕ ਦੇ ਬਰਾਬਰ ਦੀਆਂ ਸਹੂਲਤਾਂ ਦੇਣ ਦੀ ਵੀ ਮੰਗ 
ਲੁਧਿਆਣਾ: 14 ਨਵੰਬਰ 2019:  (ਪੰਜਾਬ ਸਕਰੀਨ ਬਿਊਰੋ):: 
ਪੰਥਕ ਹਲਕਿਆਂ ਵਿੱਚ ਉਮੀਦ ਸੀ ਕਿ ਸਿੱਖ ਪੰਥ ਬਾਰੇ ਲੰਮੇ  ਸਮੇਂ  ਤੋਂ ਮੁਫ਼ਤ ਕਿਤਾਬਾਂ ਛਾਪ ਛਾਪ ਵੰਡਦੇ ਆ ਰਹੇ  ਸਰਦਾਰ ਸਰੂਪ ਸਿੰਘ ਅਲੱਗ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀ ਕਿਸੇ ਧਾਰਮਿਕ ਪ੍ਰਕਾਸ਼ਨ ਸੰਸਥਾ ਦਾ ਮੁਖੀ  ਜਾਂ ਅਜਿਹਾ ਹੀ ਕੋਈ ਹੋਰ ਅਹੁਦਾ ਸਨਮਾਨ ਵੱਜੋਂ ਦਿੱਤਾ ਜਾਏਗਾ ਪਰ ਅਜਿਹਾ ਕੁਝ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸਰਦਾਰ ਅਲੱਗ ਨੇ ਆਰਥਿਕ ਸੰਕਟ ਸਮੇਂ ਵੀ ਸਿੱਖ ਧਰਮ ਬਾਰੇ ਮੁਫ਼ਤ ਕਿਤਾਬਾਂ ਛਪਵਾਉਣ ਅਤੇ ਵੰਡਣ ਦਾ ਸਿਲਸਿਲਾ ਬੰਦ ਨਹੀਂ ਸੀ ਕੀਤਾ ਹਾਲਾਂਕਿ ਉਸ ਸਮੇਂ ਉਹਨਾਂ ਨੂੰ ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਵੇਚਣੇ ਪਏ ਸਨ।  ਇਸ ਲਈ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਨੀ ਪੰਥਕ ਹਲਕਿਆਂ ਦਾ ਇਖਲਾਕੀ ਫਰਜ਼ ਬਣਦਾ ਹੈ। ਮੁਫ਼ਤ ਕਿਤਾਬਾਂ ਛਾਪਣ ਅਤੇ ਵੰਡਣ ਦਾ ਖਿਆਲ ਉਹਨਾਂ ਨੂੰ ਉਦੋਂ ਆਇਆ ਜਦੋਂ ਉਹਨਾਂ ਨੇ ਵਿਦੇਸ਼ੀ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਇਸ ਗਿਆਨ ਬਾਰੇ ਬੜੀ ਹੀ ਸ਼ਿੱਦਤ ਵਾਲੀ ਪਿਆਸ ਦੇਖੀ ਪਰ ਉਹਨਾਂ ਨੂੰ ਲੁੜੀਂਦਾ ਸਾਹਿਤ ਹਰਿਮੰਦਰ ਸਾਹਿਬ ਪਹੁੰਚ ਕੇ ਵੀ ਨਹੀਂ ਸੀ ਮਿਲਦਾ। 
ਉਨਾਂ ਨੇ ਸਿੱਖ ਧਰਮ ਵਿੱਚ ਪ੍ਰਚਾਰ ਅਤੇ ਪ੍ਰਸਾਰ ਦੇ ਮਕਸਦ ਨੂੰ ਮੁੱਖ ਰੱਖ ਕੇ ਈਸਾਈ ਮਿਸ਼ਨਰੀਆਂ ਦੇ ਬਰਾਬਰ ਇੱਕ ਰਵਾਇਤ ਤੋਰੀ ਅਤੇ ਉਹ ਵੀ ਸਿਰਫ ਗੁਰੂ ਕੋਲੋਂ ਓਟ ਆਸਰਾ ਲੈ ਕੇ। ਬਾਅਦ ਵਿੱਚ ਕਈ ਹੋਰ ਵਿਦੇਸ਼ੀ ਪਰਿਵਾਰ ਵੀ ਉਹਨਾਂ ਨਾਲ ਜੁੜੇ ਜਿਸ ਨਾਲ ਉਹਨਾਂ ਇਸ ਕੰਮ ਨੂੰ ਹੋਰ ਤੇਜ਼ ਵੀ ਕੀਤਾ। ਇਸਦੇ ਬਾਵਜੂਦਅਜੇ ਵੀ ਸਮੁੱਚੇ ਤੌਰ ਤੇ ਇਸ ਕੰਮ ਨੂੰ ਕੌਮਾਂਤਰੀ ਪੱਧਰ ਉੱਤੇ ਫੈਲਾਉਣ ਲਈ ਬਹੁਤ ਸਾਰੇ ਉੱਦਮ ਉਪਰਾਲਿਆਂ ਦੀ ਲੋੜ ਹੈ। ਅਜਿਹੇ ਉੱਦਮ ਉਪਰਾਲੇ ਕਿਸੇ ਇਕੱਲੇ ਵਿਅਕਤੀ ਜਾਂ ਇਕੱਲੇ ਪਰਿਵਾਰ ਲਈ ਸੰਭਵ ਨਹੀਂ ਹੋਇਆ ਕਰਦੇ। ਇਸ  ਮਕਸਦ ਲਈ ਸਮੂਹ ਸਿੱਖ ਸੰਸਥਾਵਾਂ ਅਤੇ ਸਰਦੇ ਪੁੱਜਦੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। 
ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਕੌਮ ਦੇ ਨਿਮਾਣੇ ਉਦਮੀ ਬਜ਼ੁਰਗ ਡਾ. ਅਲੱਗ ਦੀਆਂ ਦੁਰਲੱਭ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਵਿਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਸੁਭਾਗੇ ਅਵਸਰ ਤੇ ਪੰਜਾਬ ਸਰਕਾਰ, ਸ਼੍ਰੌਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਾਲ ਸਮਾਗਮਾਂ ਵਿੱਚ ਸਨਮਾਨਤ ਵੀ ਕੀਤਾ ਗਿਆ ਹੈ। 
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਾਈਟੇਸ਼ਨ ਵਿਚ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਕੌਮੀ ਤੇ ਮਨੁੱਖੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਅਚੀਵਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਡਾਕਟਰ ਸਰੂਪ ਸਿੰਘ ਅਲੱਗ ਨੂੰ ਸੁਲਤਾਨ ਪੁਰ ਲੋਧੀ ਵਿਖੇ 550ਸਾਲਾ ਯਾਦਗਾਰੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਗਿਆ।
ਇਹਨਾਂ ਸਾਰੇ ਮਾਨਾਂ ਸਨਮਾਨਾਂ ਦੇ ਬਾਵਜੂਦ ਪੰਥਕ ਹਲਕਿਆਂ ਵਿੱਚ ਅਜੇ ਵੀ ਇਹ ਮੰਗ ਹੈ ਕਿ ਸਰਦਾਰ ਸਰੂਪ ਸਿੰਘ ਅਲੱਗ ਨੂੰ ਧਾਰਮਿਕ ਪ੍ਰਚਾਰ ਦੇ ਕਿਸੇ ਸਨਮਾਨਿਤ ਅਹੁਦੇ ਤੇ ਲਾਇਆ ਜਾਵੇ। ਕਿਤਾਬਾਂ ਦੇ ਪ੍ਰਕਾਸ਼ਨ ਦੀ ਕਿਸੇ ਵੱਕਾਰੀ ਸੰਸਥਾ ਦਾ ਮੁਖੀ ਸਰਦਾਰ ਅਲੱਗ ਨੂੰ ਬਣਾਇਆ ਜਾਵੇ। ਉਹਨਾਂ ਨੇ ਸਾਰੀ ਉਮਰ ਮੁਫ਼ਤ ਕਿਤਾਬਾਂ ਛਾਪ ਅਤੇ ਵੰਡ ਕੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਵੱਡਾ ਉੱਦਮ ਉਪਰਾਲਾ ਕੀਤਾ ਹੈ। ਇਸ ਮਿਸ਼ਨ ਨੂੰ ਇੱਕ ਸਾਂਝੀ ਮੁਹਿੰਮ ਬਣਾਏ ਜਾਣ ਦੀ ਵੀ ਲੋੜ ਹੈ।  ਇਸ ਲਈ ਪੰਥਕ ਧਿਰਾਂ ਦਾ ਇਹ ਫਰਜ਼ ਬਣਦਾ ਹੈ ਕਿ ਸਰਦਾਰ ਸਰੂਪ ਸਿੰਘ ਅਲੱਗ ਨੂੰ ਹੁਣ ਕਿਸੇ ਚੰਗੇ ਅਹੁਦੇ ਤੇ ਨਿਯੁਕਤ ਕਰ ਕੇ ਉਹਨਾਂ ਦੇ ਤਜਰਬਿਆਂ ਅਤੇ ਉਹਨਾਂ ਦੀ ਪ੍ਰਤੀਬੱਧਤਾ ਦਾ ਲਾਭ ਪੰਥ ਦੇ ਭਲੇ ਲਈ ਲਿਆ ਜਾਵੇ।  ਇਸ ਮਕਸਦ ਲਈ ਉਹਨਾਂ ਨੂੰ ਕੈਬਨਿਟ ਰੈਂਕ ਮੰਤਰੀ ਵਾਲੀਆਂ  ਸਹੁਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। 
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਾਲ ਹੀ ਵਿੱਚ ਸਰਦਾਰ ਅਲੱਗ ਸਿਹਤ ਪੱਖੋਂ ਵੀ ਕਾਫੀ ਢਿੱਲੇ ਰਹੇ ਹਨ। ਉਹਨਾਂ ਦੀ ਉਮਰ ਵੀ ਹੁਣ ਕਾਫੀ ਹੋ ਰਹੀ ਹੈ। ਇਸ ਲਈ ਬਿਨਾ ਵੇਲਾ ਗਵਾਏ ਸਰਦਾਰ ਅਲੱਗ ਨੂੰ ਕਿਸੇ ਪ੍ਰਚਾਰ/ਪ੍ਰਕਾਸ਼ਨ ਸੰਸਥਾ ਦਾ ਮੁਖੀ ਬਣਾਇਆ ਜਾਵੇ। ਇਸ ਨਾਲ ਜਿੱਥੇ ਸਿੱਖ ਪੰਥ ਨੂੰ ਕਾਫੀ ਲਾਭ ਮਿਲ ਸਕੇਗਾ ਉੱਥੇ ਹੋਰਨਾਂ ਵਿਦਵਾਨਾਂ ਨੂੰ ਵੀ ਇਸ ਪਾਸੇ ਆਉਣ ਦੀ ਪ੍ਰੇਰਨਾ ਮਿਲੇਗੀ। 

Friday, August 23, 2019

ਪ੍ਰੋ: ਨਰਿੰਜਨ ਤਸਨੀਮ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਚਿਹਰਾ ਸੀ

ਸੈਂਕੜੇ ਲੇਖਕਾਂ ਵੱਲੋਂ ਸ਼ਰਧਾਂਜਲੀ
ਲੁਧਿਆਣਾ: 23 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਸਿਰਮੌਰ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ ਜੀ ਨੂੰ ਅੰਤਿਮ ਅਰਦਾਸ ਮੌਕੇ ਪੂਰੇ ਪੰਜਾਬ ਤੋਂ ਲੇਖਕ, ਸਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ, ਪੱਤਰਕਾਰ ਤੇ ਬੁੱਧੀ ਜੀਵੀ ਪਹੁੰਚੇ।  ਮਾਡਲ ਟਾਊਨ ਐਕਸਟੈਨਸ਼ਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿਖੇ ਹਜ਼ੂਰੀ ਰਾਗੀਆਂ ਨੇ ਗੁਰੂ ਜਸ ਗਾਇਨ ਕੀਤਾ। ਪ੍ਰੋ: ਨਰਿੰਜਨ ਤਸਨੀਮ ਜੀ ਦੇ ਦਾਮਾਦ ਸ: ਬਲਜੀਤ ਸਿੰਘ ਸੰਦਲੀ ਪੈੜਾਂ (ਦੂਰਦਰਸ਼ਨ ਸੇਵਾ ਮੁਕਤ ਅਧਿਕਾਰੀ) 
ਨੇ ਤਸਨੀਮ ਜੀ ਦੇ ਜੀਵਨ ਤੇ ਵਿਦਿਅਕ, ਸਾਹਿੱਤਕ ਪ੍ਰਾਪਤੀਆਂ ਬਾਰੇ ਸੰਬੋਧਨ ਕੀਤਾ। ਵੱਖ ਵੱਖ ਸਭਾਵਾਂ ਵੱਲੋਂ ਆਏ ਸ਼ੋਕ ਮਤੇ ਵੀ ਪੜ੍ਹ ਕੇ ਸੁਣਾਏ ਗਏ ਅਤੇ ਪ੍ਰੋ: ਤਸਨੀਮ ਦੇ ਸਪੁੱਤਰ ਡਾ: ਗੁਰਿੰਦਰਜੀਤ ਸਿੰਘ ਪੁਰੀ, ਨੂੰਹ ਹਰਪ੍ਰੀਤ ਕੌਰ ਤੇ ਧੀਆਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸਰੂਪ ਸਿੰਘ ਅਲਗ, ਕੁਲਦੀਪ ਸਿੰਘ ਬੇਦੀ , ਇੰਜਨੀਅਰ ਕਰਮਜੀਤ ਸਿੰਘ ਜਲੰਧਰ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ:,ਗੁਰਇਕਬਾਲ ਸਿੰਘ, ਡਾ: ਗੁਲਜ਼ਾਰ ਪੰਧੇਰ, ਸਤਿਨਾਮ ਸਿੰਘ ਕੋਮਲ, ਤੇਜ ਪਰਤਾਪ ਸਿੰਘ ਸੰਧੂ,ਰਣਜੋਧ ਸਿੰਘ, ਦਰਸ਼ਨ ਸਿੰਘ ਮੱਕੜ, ਕ੍ਰਿਪਾਲ ਸਿੰਘ ਚੌਹਾਨ ਬਿਊਰੋ ਚੀਫ ਇੰਡੋ ਅਮੈਰਿਕਨ ਟਾਈਮਜ਼, ਦਲਬੀਰ ਲੁਧਿਆਣਵੀ, ਕੁਲਵਿੰਦਰ ਕੌਰ ਮਿਨਹਾਸ, ਜਸਪ੍ਰੀਤ ਕੌਰ ਫਲਕ, ਪ੍ਰਿੰ: ਮਨਜੀਤ ਕੌਰ ਸੋਢੀਆ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਹਰਜਿੰਦਰ ਸਿੰਘ ਬਰਾੜ, ਪ੍ਰਿੰ: ਸਵਰਨਜੀਤ ਸਿੰਘ ਦਿਓਲ,ਮਲਕੀਤ ਸਿੰਘ ਔਲਖ, ਚਰਨਜੀਤ ਸਿੰਘ ਯੂ ਐੱਸ ਏ, ਡਾ: ਅਨੁਰਾਗ ਸਿੰਘ, ਬਲਕਾਰ ਸਿੰਘ ਸੰਧਾਵਾਲੀਆ, ਤਲਜੀਤ ਸਿੰਘ ਆਰਟਿਸਟ, ਡਾ: ਜਗਤਾਰ ਧੀਮਾਨ ਰਜਿਸਟਰਾਰ ਸੀ ਟੀ ਯੂਨੀ ਵਰਸਿਟੀ ਲੁਧਿਆਣਾ ਹਾਜ਼ਰ ਸਨ। 
ਪੰਜਾਬ ਦੇ ਉੱਘੇ ਡਾਕਟਰ ਸਾਹਿਬਾਨ ਤੇ ਉੱਘੇ ਸਮਾਜ ਸੇਵਕ ਤੇ ਮੈਡੀਵੇਜ਼ ਹਸਪਤਾਲ ਦੇ ਮਾਲਕ ਸ: ਭਗਵਾਨ ਸਿੰਘ ਗੁਰੂਮੇਲ,ਸਾਬਕਾ ਕੰਸਲਰ  ਤਨਵੀਰ ਸਿੰਘ ਧਾਲੀਵਾਲ ਵੀ ਹਾਜ਼ਰ ਹੋਏ। 
ਪ੍ਰੋ:ਗੁਰਭਜਨ ਗਿੱਲ ਨੇ ਤਸਨੀਮ ਜੀ ਬਾਰੇ  ਗੁਰਦਵਾਰਾ ਮਾਡਲ ਟਾਉਨ ਐਕਸਟੈਨਸ਼ਨ ਦੇ ਦਫ਼ਤਰ ਚ ਹਾਜ਼ਰ ਲੇਖਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਦੱਸਿਆ ਕਿ  ਤਸਨੀਮ ਜੀ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ  ਨਾਵਲ 'ਸੋਗਵਾਰ' ਲਿਖਿਆ। ਇਹ ਨਾਵਲ 1960 ਵਿੱਚ ਪ੍ਰਕਾਸ਼ਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ ਮੋਨਾਲੀਜ਼ਾ ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ। 
ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਪਰਛਾਵੇਂ ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿੱਚ ਤਸਨੀਮ ਜੀ ਦਾ ਪਹਿਲਾ ਪੰਜਾਬੀ ਨਾਵਲ ਕਸਕ ਤੋਂ ਬਾਦ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇਕੋ ਜਿੰਨੀ ਸਲਾਹੀ ਗਈ। 
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਤਸਨੀਮ ਜੀ ਦੇ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ। 
ਸ਼ਿਮਲੇ ਰਹਿੰਦਿਆਂ ਤਸਨੀਮ ਜੀ ਦੀ ਦੋਸਤੀ ਪੰਜਾਬੀ ਸ਼ਾਇਰ ਈਸ਼ਵਰ ਚਿਤਰਕਾਰ ਨਾਲ ਐਸੀ ਪਈ ਕਿ ਆਖਰੀ  ਸਾਹਾਂ ਤੀਕ ਉਨ੍ਹਾਂ ਦੇ ਰੋਮ ਰੋਮ ਵਿਚੋਂ ਈਸ਼ਵਰ ਦੀ ਗੂੰਜ ਸੁਣਾਈ ਦਿੰਦੀ ਰਹੀ । ਮੀਰ ਦੇ ਸੰਪਾਦਕ ਸ੍ਵ: ਪੁਰਦਮਨ ਸਿੰਘ ਬੇਦੀ ਦੀ ਮਦਦ ਨਾਲ ਉਨ੍ਹਾਂ ਨੇ ਸਾਂਝੀ ਸੰਪਾਦਨਾ ਹੇਠ ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ ਤਿਆਰ ਕਰਵਾਇਆ। ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿੱਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ। ਭਾਰਤੀ ਸਾਹਿਤ ਅਕਾਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 
ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ
ਸਾਰੀ ਜਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ । ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ। ਅੰਗਰੇਜ਼ੀ ਵਿੱਚ ਵੀ ਆਪ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਮੇਰੀਆਂ ਪੰਜ ਕਵਿਤਾਵਾਂ ਵੀ ਉਨ੍ਹਾਂ ਅੰਗਰੇਜ਼ੀ ਚ ਕੀਤੀਆਂ।ਪ੍ਰੋ: ਤਸਨੀਮ ਜੀ ਦੇ ਜਾਣ ਤੇ ਸੱਚਮੁੱਚ ਵੱਡਾ ਘਾਟਾ ਪਿਆ ਹੈ।

Saturday, July 07, 2018

ਕਾਲਾ ਹਫ਼ਤਾ ਬਨਾਮ ਨਸ਼ਿਆਂ ਖਿਲਾਫ਼ ਜੰਗ ਦਾ ਬਿਗਲ//ਗੁਰਮੀਤ ਕੌਰ ਸੰਧਾ

Jul 2, 2018, 7:07 AM
ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ
ਲੇਖਿਕਾ ਗੁਰਮੀਤ ਕੌਰ ਸੰਧਾ 
ਮਨੁੱਖੀ ਸੁਭਾਅ ਹੈ ਕਿ ਉਹ ਓਨਾ ਚਿਰ ਖ਼ਤਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਜਿੰਨਾ ਚਿਰ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ। ਛੰਨ ਸਿਰ ਤੇ ਆਣ ਡਿੱਗੇ, ਤਾਂ ਹੀ ਅਸੀਂ ਸੋਚਣ ਲਗਦੇ ਹਾਂ ਕਿ ਇਹਦਾ ਹੁਣ ਕੁਝ ਕਰਨਾ ਚਾਹੀਦਾ ਹੈ।  ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਵਾਲੀ ਗੱਲ ਨਾਲ ਵੀ ਇਵੇਂ ਹੀ ਹੋਇਆ ਹੈ। ਜਦੋਂ ਸਮਾਂ ਸੀ,ਅਸੀਂ ਅਣਭੋਲ ਰਹੇ, ਹੁਣ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।  ਸਾਡੇ ਪਿੰਡਾਂ ਸ਼ਹਿਰਾਂ ਵਿੱਚ ਸ਼ਰਾਬ ਦੇ ਖਾਲ ਵਗਦੇ ਸਨ, ਅਸੀਂ ਗੱਲ ਨਹੀਂ ਗੌਲ਼ੀ। ਟਾਵਾਂ ਟਾਵਾਂ ਅਫ਼ੀਮ ਅਤੇ ਭੁੱਕੀ ਦਾ ਅਮਲੀ ਵੀ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਸੀ, ਓਦੋਂ ਤੱਕ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ।  ਯੂ ਪੀ , ਬਿਹਾਰ ਦਾ ਮਜ਼ਦੂਰ ਤਬਕਾ ਪੰਜਾਬ ਵਿੱਚ ਆਇਆ ਤਾਂ ਜ਼ਰਦੇ ਦੀ ਸੌਗਾਤ ਲੈ ਕੇ ਆਇਆ, ਜਿਹੜਾ ਸਾਡੇ ਇੱਧਰ ਦੇ ਮਜ਼ਦੂਰਾਂ ਤੱਕ ਪਹੁੰਚ ਗਿਆ ਅਤੇ ਫਿਰ ਆਮ ਹੋ ਗਿਆ। ਸ਼ਰਾਬ ਦੇ ਵਗਦੇ ਖਾਲ਼ ਵਧਦੇ ਵਧਦੇ ਦਰਿਆ ਬਣੇ, ਅਸੀਂ ਸੁੱਤੇ ਰਹੇ। ਸਰਕਾਰਾਂ ਸ਼ਰਾਬ ਤੋਂ ਮਿਲਦੇ ਟੈਕਸ ਵਿੱਚੋਂ ਆਪਣੀ ਖ਼ੁਸ਼ਹਾਲੀ ਤਲਾਸ਼ ਕਰਨ ਲੱਗੀਆਂ,  ਅਸੀਂ ਫਿਰ ਵੀ ਖਬਰਦਾਰ ਨਹੀਂ ਹੋਏ। ਵਿਆਹਾਂ ਸ਼ਾਦੀਆਂ ਵਿੱਚ ਸ਼ਰਾਬ  ਸਟੇਟਸ ਸਿੰਬਲ ਬਣ ਗਈ। ਪਿਓ ਪੁੱਤ ਇਕੱਠੇ ਬਹਿ ਬਹਿ ਕੇ ਪੀਣ ਲੱਗ ਪਏ ਤੇ ਨਿੱਕਲਦੇ ਨਿੱਕਲਦੇ ਸਾਡੇ ਪੁੱਤਰ ਆਪਣੇ ਪਿਓਆਂ ਨਾਲ਼ੋਂ ਕਈ ਕਦਮ ਅੱਗੇ ਨਿੱਕਲ ਗਏ। ਸੁਣਿਆ ਜਾਣ ਲੱਗਾ ਕਿ ਕਾਲਜਾਂ ਦੇ ਹੋਸਟਲਾਂ ਵਿੱਚ ਨਸ਼ੇ ਦੇ ਕੈਪਸੂਲ ਖਾਂਦੇ ਨੇ ਮੁੰਡੇ , ਓਦੋਂ ਏਹੋ ਗੱਲਾਂ ਹੀ ਬੜੀਆਂ ਹੈਰਾਨੀਜਨਕ ਪ੍ਰ੍ਤੀਤ ਹੁੰਦੀਆਂ ਸਨ।  ਫਿਰ ਆਹ ਚਿੱਟਾ ਪਤਾ ਨਹੀਂ ਕਦੋਂ ਅਤੇ ਕਿੱਧਰੋਂ ਆ ਗਿਆ ....ਬਸ ਜਾਨ ਦਾ ਖ਼ੌਅ ਬਣ ਕੇ ਰਹਿ ਗਿਆ। ਇਹ ਹੈ ਕੀ ਬਲਾ ?...ਇਹ ਮੇਰੇ ਸਮੇਤ ਬਹੁਤਿਆਂ ਨੂੰ  ਇਹਦੇ ਬਾਰੇ ਬਹੁਤਾ ਨਹੀਂ ਪਤਾ, ਪਰ ਏਨਾ ਜਰੂਰ ਪਤਾ ਹੈ ਕਿ ਜੀਹਨੇ ਇਹਦਾ ਸਵਾਦ ਇੱਕ ਵਾਰੀ ਚੱਖ ਲਿਆ, ਮੁੜ ਇਹਨੂੰ ਛੱਡ ਨਹੀਂ ਸਕਿਆ। ਇਸ ਮਹਿੰਗੇ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ, ਪਰ ਕਿਸੇ ਸਰਕਾਰ ਨੇ ਇਹਨੂੰ ਨੱਥ ਪਾਉਣ ਦੀ ਨਹੀਂ ਸੋਚੀ। ਨੌਜਵਾਨਾਂ ਕੋਲ ਕੋਈ ਰੋਜ਼ਗਾਰ ਨਹੀਂ, ਘਰਾਂ ਦੀਆਂ ਥੋੜਾਂ ਅਤੇ ਅਨਪੜ੍ਹ ਮਾਪਿਆਂ ਵੱਲੋਂ ਨਿੱਤ ਕੀਤੀ ਜਾਂਦੀ ਕੁੱਤੇ-ਖਾਣੀ ਉਹਨਾਂ ਨੂੰ ਲਗਾਤਾਰ ਨਸ਼ਿਆਂ ਵੱਲ ਧੱਕ ਰਹੀ ਹੈ। ਮਾਪਿਆਂ ਨੇ ਔਖੇ ਹੋ ਕੇ ਪੁੱਤ ਪੜ੍ਹਾਏ ਹੁੰਦੇ ਹਨ, ਜਦੋਂ ਮੁੰਡੇ ਨੂੰ ਆਸ ਮੁਤਾਬਕ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ ਅਤੇ ਇਹ ਪਰੇਸ਼ਾਨੀ ਗੁੱਸਾ ਬਣ ਕੇ ਪੜ੍ਹ ਲਿਖ ਕੇ ਵਿਹਲੇ ਫਿਰਦੇ ਪੁੱਤ ਤੇ ਨਿੱਕਲ ਜਾਂਦੀ ਹੈ। ਨੌਜਵਾਨ ਉਪਰਾਮ ਅਤੇ ਬੇ-ਇਜ਼ਤ ਮਹਿਸੂਸ ਕਰਨ ਲੱਗਦੇ ਹਨ ਅਤੇ ਉਹਨਾਂ ਦਾ ਬਹੁਤਾ ਸਮਾਂ ਆਪਣੇ ਘਰ ਪਰਿਵਾਰ ਤੋਂ ਪਰੇ ਕਿਸੇ ਵਿਹਲੀ ਢਾਣੀ ਵਿੱਚ ਬਤੀਤ ਹੋਣ ਲੱਗਦਾ ਹੈ।  ਇੱਥੇ ਹੀ ਉਹ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ। ਘਰੋਂ ਜਿਵੇਂ ਜਿਵੇਂ ਦੁਰਕਾਰ ਫਿਟਕਾਰ ਵਧਦੀ ਜਾਂਦੀ ਹੈ, ਉਹ ਇਹਨਾਂ ਨਸ਼ਿਆਂ ਵਿੱਚ ਹੋਰ ਵਧੇਰੇ ਧਸਣ ਲੱਗਦੇ ਹਨ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਚੱਤੋ-ਪਹਿਰ ਨਸ਼ੇ ਵਿੱਚ ਰਹਿਣ ਲੱਗ ਪੈਂਦੇ  ਹਨ| ਪੜ੍ਹੇ ਲਿਖਿਆਂ ਨੂੰ ਵਿਹਲੇ ਫਿਰਦੇ ਵੇਖ ਕੇ ਨਵੀਂ ਪੀੜ੍ਹੀ ਪੜ੍ਹਾਈ ਵੱਲੋਂ ਮੂੰਹ ਮੋੜਨ ਲੱਗੀ ਹੈ। ਨਤੀਜਾ ਤੁਹਾਡੇ ਸਾਹਮਣੇ ਹੈ।  ਸਰਕਾਰਾਂ ਨੇ ਕਦੇ ਨਹੀਂ ਸੋਚਿਆ ਕਿ ਜਿਹੜੇ ਪੰਜਾਬ ਦਾ ਦਿੱਤਾ ਖਾਂਦੇ ਹਾਂ ਉਹਦੇ ਪੁੱਤਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੀਏ।  ਸਿਆਸਤਦਾਨਾਂ ਦਾ ਇੱਕੋ ਇੱਕ ਟੀਚਾ ਸਿਰਫ ਧਨ ਇਕੱਠਾ ਕਰਨਾ ਹੀ ਹੋ ਗਿਆ ਹੈ। ਸਾਡੇ ਸਕੂਲ ਕਾਲਜ ਲਗਾਤਾਰ ਸਫੈਦਪੋਸ਼ ਨਫਰੀ ਤਿਆਰ ਕਰੀ ਜਾ ਰਹੇ ਹਨ ਜਿਹੜੀ ਹੱਥੀਂ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੀ ਹੈ। ਸੋ ਨੌਕਰੀ ਨਾ ਮਿਲਣ ਦੀ ਹਾਲਤ ਵਿੱਚ ਵਿਹਲੀ ਫਿਰਦੀ ਹੈ। ਰੋਜ਼ਗਾਰ ਦੀ ਕਮੀ ਨੇ ਅਨੇਕਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਦੇਸੀਂ ਲਿਜਾ ਸੁੱਟਿਆ। ਓਥੇ ਜਾ ਕੇ ਉਹ ਚੰਗਾ ਕਮਾਉਣ ਖਾਣ ਲੱਗੇ ਅਤੇ ਦੇਸ਼ ਵਾਪਸੀ ਤੇ ਆਪਣੇ ਹਮ ਉਮਰ ਦੋਸਤਾਂ ਨਾਲ ਓਥੋਂ ਦੀ ਖੁਸ਼ਹਾਲੀ ਦੀਆਂ ਬਾਤਾਂ ਵੀ ਸਾਂਝੀਆਂ ਕੀਤੀਆਂ ਪਰ ਵਿਦੇਸ਼ਾਂ ਵਿੱਚ ਕੀਤੀ ਜਾਂਦੀ ਸਖਤ ਮਿਹਨਤ ਦੀ ਭਿਣਕ ਨਹੀਂ ਪੈਣ ਦਿੱਤੀ। ਇਓਂ ਉਹਨਾਂ ਦੇ ਵਿਖਾਏ ਸਬਜ਼ ਬਾਗਾਂ ਨੇ ਹਾਣੀਆਂ ਦੇ ਮਨ ਵਿੱਚ ਵੀ ਕਿਸੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵਿਦੇਸ਼ੀਂ ਜਾਣ ਦੀ ਤਾਂਘ ਪੈਦਾ ਕੀਤੀ ਜਿਹੜੀ ਬਣਦੀ ਬਣਦੀ ਇੱਕ  ਤੀਬਰ ਇੱਛਾ ਬਣ ਗਈ | ਟਰੈਵਲ ਏਜੰਟਾਂ ਨੇ ਇਸੇ ਆੜ ਹੇਠ ਕਰੋੜਾਂ ਦੀਆਂ ਠੱਗੀਆਂ ਕੀਤੀਆਂ, ਘੋਰ ਨਿਰਾਸ਼ਾ ਦੇ ਆਲਮ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਰੁਚਿਤ ਕਰ ਦਿੱਤਾ। 
                                                          ਨਸ਼ਿਆਂ ਦੇ ਫੈਲਾਅ ਦਾ ਦੂਸਰਾ ਵੱਡਾ ਕਰਨ ਸਾਡੇ ਸਿਆਸਤਦਾਨ ਹਨ।  ਵੋਟਾਂ ਲੈਣ ਲਈ ਪਹਿਲਾਂ ਪਹਿਲਾਂ ਪਿੰਡਾਂ / ਸ਼ਹਿਰਾਂ ਵਿੱਚ ਸ਼ਰਾਬ ਵੰਡਣ ਤੋਂ ਸ਼ੁਰੂ ਹੋਇਆ ਆ ਕੰਮ ਆ ਅੱਜ ਸਾਡੀ ਤਬਾਹੀ ਬਣ ਕੇ ਸਾਡੇ ਸਾਹਮਣੇ ਆਇਆ ਹੈ। ਚੋਣਾਂ ਤੋਂ   ਪਹਿਲਾਂ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ, ਉਮੀਦਵਾਰ ਆਪਣੇ ਇਲਾਕੇ ਦੇ ਪਿੰਡਾਂ/ ਸ਼ਹਿਰਾਂ ਵਿੱਚ ਵੋਟਰਾਂ ਪ੍ਰਭਾਵਿਤ ਕਰਨ ਲਈ ਹਰ ਕਿਸਮ ਦਾ ਨਸ਼ਾ ਮੁਫ਼ਤ ਵੰਡਦੇ ਹਨ .....ਸ਼ਰਾਬ , ਅਫ਼ੀਮ , ਭੁੱਕੀ , ਬੀੜੀਆਂ, ਸਿਗਰਟਾਂ ....ਅਤੇ ਹੁਣ ਆਹ ਚਿੱਟਾ ਵੀ। ਇਹ ਸਭ ਕੁਝ ਪਿੰਡ/ਸ਼ਹਿਰ ਦੇ ਮੁਹੱਲਿਆਂ  ਵਿੱਚ ਉਮੀਦਵਾਰਾਂ ਦੇ ਕੁਝ ਖ਼ਾਸ ਖ਼ਾਸ ਬੰਦਿਆਂ ਕੋਲ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਜਿਹੜੇ  ਇਸ ਸਭ ਕਾਸੇ ਨੂੰ ਅੱਗੇ ਸਪਲਾਈ ਕਰਦੇ ਹਨ।  ਹਰ ਸ਼ਾਮ ਨੂੰ ਉਹ ਖ਼ਾਸ ਬੰਦੇ ਇਹ ਨਸ਼ੇ ਲੋੜਵੰਦ ਵੋਟਰਾਂ ਨੂੰ ਹਰ ਰੋਜ਼ ਦੀ ਡੋਜ਼ ਵਜੋਂ ਦਿੰਦੇ ਰਹਿੰਦੇ ਹਨ । ਓਦੋਂ ਕਿਓਂਕਿ ਇਹ ਮੁਫ਼ਤ ਮਿਲਦਾ ਹੈ, ਇਸ ਲਈ ਨਸ਼ਾ ਕਰਨ ਵਾਲੇ ਦਾ ਪਰਿਵਾਰ ਇਸ ਨੂੰ ਬਹੁਤਾ ਨਹੀਂ ਗੌਲਦਾ। ਪਤਾ ਓਦੋਂ ਲਗਦਾ ਹੈ ਜਦੋਂ ਚੋਣਾਂ ਤੋਂ ਬਾਅਦ ਮਰਦ ਲੋਕ ਘਰੋਂ ਪੈਸੇ ਖਰਚ ਕੇ ਨਸ਼ਾ ਖਰੀਦਦੇ ਹਨ। ਉਮੀਦਵਾਰ ਤਾਂ ਮੰਤਰੀ ਬਣ ਕੇ ਆਪਣੇ ਪਿਛਲੇ ਘਾਟੇ ਪੂਰੇ ਕਰਨ ਵਿੱਚ ਰੁੱਝ ਜਾਂਦਾ ਹੈ ਅਤੇ ਨਸ਼ਈ ਆਪਣੀ ਕਮਾਈ ਨਸ਼ੇ ਵਿੱਚ ਉਡਾਉਣ ਲੱਗਦੇ ਹਨ। ਇਹ ਤਬਾਹੀ ਪੰਜਾਬ ਵਿੱਚ ਉਹਨਾਂ ਕਮੀਨੇ ਸਿਆਸੀ ਲੋਕਾਂ ਨੇ ਲਿਆਂਦੀ ਹੈ ਜਿਹਨਾਂ ਨੂੰ ਪੰਜਾਬ ਦੇ ਉੱਜੜਨ ਜਾਂ ਵਸਦੇ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੀ ਵੀ ਸਰਕਾਰ ਬਣਦੀ ਹੈ, ਪਿਛਲੀ ਨਾਲ਼ੋਂ ਦੋ ਰੱਤੀਆਂ ਉਤਾਂਹ ਹੀ ਬਣਦੀ ਹੈ। ਸੱਤਾ ਵਿੱਚ ਆ ਕੇ ਹਰ ਤਰ੍ਹਾਂ ਦੇ ਨਾਜਾਇਜ਼ ਕੰਮ ਕਰਨ ਦਾ ਅਧਿਕਾਰ ਜੋ ਮਿਲ ਜਾਂਦਾ ਹੈ, ਇਸ ਲਈ ਕਮਾਈ ਦਾ ਕੋਈ ਵੀ ਮੌਕਾ ਸਿਆਸਤਦਾਨ ਹੱਥੋਂ ਜਾਣ ਨਹੀਂ ਦਿੰਦੇ। ਕਮਾਈ ਦੇ ਇਹਨਾਂ ਤਰੀਕਿਆਂ ਵਿੱਚੋਂ ਇੱਕ ਤਰੀਕਾ ਨਸ਼ੇ ਦੇ ਤਸਕਰਾਂ ਨੂੰ ਸਿਆਸੀ ਛਤਰੀ ਮੁਹੱਈਆ ਕਰਾ ਕੇ ਉਹਨਾਂ ਕੋਲੋਂ ਮਾਲੀ ਲਾਭ ਪ੍ਰਾਪਤ ਕਰਨਾ ਵੀ ਹੈ। ਚੋਰ ਚੋਰ ਕਿਉਂਕਿ ਮੌਸੇਰੇ ਭਾਈ ਹੁੰਦੇ ਹਨ, ਇਸ ਲਈ ਨਵੀਂ ਆਈ ਸਰਕਾਰ ਪੁਰਾਣਿਆਂ ਦੇ ਪਰਦੇ ਨਹੀਂ ਫੋਲਦੀ, ਇਹ ਸੋਚ ਕੇ ਕਿ ਜਦੋਂ ਅਸੀਂ ਸੱਤਾ ਵਿੱਚ ਨਹੀਂ ਰਹਾਂਗੇ, ਸਾਡੇ ਲਈ ਵੀ ਨਰਮ ਰਵੱਈਆ ਰੱਖਿਆ ਜਾਵੇਗਾ। ਇਹੋ ਸਰਕਾਰਾਂ ਦਾ ਸਾਂਝਾ ਮੁਫ਼ਾਦ ਹੈ ਜਿਸ ਕਰਕੇ ਨਸ਼ੇ ਦੀ ਤਸਕਰੀ ਰੁਕ ਨਹੀਂ ਰਹੀ। ਸਰਕਾਰਾਂ ਜੇ ਚਾਹੁੰਣ ਤਾਂ ਕੀ ਨਹੀਂ ਕਰ ਸਕਦੀਆਂ? ਖ਼ੈਰ ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ। ਇਸ ਤੂਫ਼ਾਨ ਨੂੰ ਠੱਲ੍ਹ ਪਾਉਣ ਲਈ ਤਾਂ ਸਾਨੂੰ ਆਪ ਨੂੰ ਹੀ ਲਾਮਬੰਦ ਹੋਣਾ ਪਵੇਗਾ। ਕਾਲੇ ਹਫ਼ਤੇ ਮਨਾਉਣ ਤੋਂ ਅਗਾਂਹ ਕੁਝ ਕਰਨ ਦੀ ਲੋੜ ਹੈ। ਆਪੋ ਆਪਣੇ ਪਿੰਡਾਂ /ਸ਼ਹਿਰਾਂ ਵਿੱਚ ਨਸ਼ਈਆਂ ਨੂੰ ਨਸ਼ਾ ਛੁਡਾਈ ਕੇਂਦਰਾਂ ਤੱਕ ਪਹੁੰਚਾਉਣ ਦਾ ਬੀੜਾ ਉਠਾਉਣਾ ਪਵੇਗਾ। ਨਿਰਾ ਪਹੁੰਚਾਉਣ ਤੱਕ ਹੀ ਨਹੀਂ, ਮਗਰ ਪੈਰਵੀ ਵੀ ਕਰਨੀ ਪਵੇਗੀ ਤਾਂ ਜੋ ਉਹ ਦੁਬਾਰਾ ਓਹੀ ਰਾਹ ਨਾ ਅਪਣਾ ਲੈਣ। ਨੌਜਵਾਨੀ ਨੂੰ ਹੱਥੀਂ ਕੰਮ ਕਰਨ ਲਈ ਪ੍ਰੇਰਨਾ ਪਵੇਗਾ। ਵਿਹਲਿਆਂ ਨੂੰ ਕੰਮਾਂ ਤੇ ਲਾਉਣਾ ਪਵੇਗਾ ਅਤੇ ਉਹਨਾਂ ਦੇ ਅੰਦਰ ਇਹ ਗੱਲ ਬਿਠਾਉਣੀ ਪਵੇਗੀ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ। ਉਹਨਾਂ ਨੂੰ ਤ੍ਰਿਸਕਾਰ ਦੀ ਨਿਗਾਹ ਨਾਲ ਨਾ ਵੇਖ ਕੇ ਉਹਨਾਂ ਪ੍ਰਤੀ ਸੁਹਿਰਦ ਰੁੱਖ ਅਪਣਾਉਣ ਦੀ ਲੋੜ ਹੈ। ਮਾਪਿਆਂ ਨੂੰ ਵੀ ਇਹ ਸਮਝਾਉਣ ਪਵੇਗਾ ਕਿ ਉਹ ਗੱਭਰੂ ਪੁੱਤਰਾਂ ਨੂੰ ਇਓਂ ਬੇ-ਇਜ਼ਤ ਨਾ ਕਰਨ। ਉਹਨਾਂ ਨੂੰ ਹਮਦਰਦੀ ਅਤੇ ਆਪਣੇ-ਪਣ ਦੀ ਲੋੜ ਹੈ। ਤਿਥ ਤਿਓਹਾਰਾਂ, ਗੁਰ ਪੁਰਬਾਂ ਤੇ ਦਾਨ ਪੁੰਨ ਕਰਨ ਅਤੇ ਲੰਗਰ ਲਾਉਣ ਵਾਲੇ ਦੌਲਤਮੰਦ ਲੋਕ ਇਸ ਪਾਸੇ ਧਿਆਨ ਦੇ ਕੇ ਅਸਲ ਪੁੰਨ ਖੱਟ ਸਕਦੇ ਹਨ। ਸਰਕਾਰਾਂ ਤੋਂ ਕੋਈ ਉਮੀਦ ਰੱਖਣ ਦੀ ਹੁਣ ਕੋਈ ਤੁਕ ਨਹੀਂ। ਆਓ ਰਲਕੇ ਆਪਣੇ ਪਿਆਰੇ ਪੰਜਾਬ ਲਈ ਹੰਭਲਾ ਮਾਰੀਏ। ਜਿਹੜੇ ਰਾਹੋਂ ਭਟਕ ਗਏ ਹਨ ਉਹਨਾਂ ਨੂੰ ਮੁੜ ਰਾਹੇ ਪਾਉਣ ਲਈ ਕੋਈ ਸੁਹਿਰਦ ਯਤਨ ਕਰੀਏ। ਕੋਈ ਵੀ ਇਨਕਲਾਬ ਲਿਆਉਣਾ ਇੱਕ ਮੁੱਠ ਹੋਈ ਲੋਕ ਸ਼ਕਤੀ ਅੱਗੇ ਕੋਈ ਵੱਡੀ ਗੱਲ ਨਹੀਂ ਹੁੰਦੀ। ਬੁੱਧੀ ਜੀਵੀਓ ! ਆਓ ਆਪਣੀ ਬੁੱਧੀ ਨੂੰ ਕਿਸੇ ਹੋਰ ਦਾ ਜੀਵਨ ਸੰਵਾਰਨ ਲਈ ਵਰਤਣ ਦਾ ਇੱਕ ਯਤਨ ਕਰੀਏ ....ਸਿਰਫ਼ ਇੱਕ ਸੁਹਿਰਦ ਯਤਨ। 

Tuesday, March 06, 2018

PSA meet: ਸੰਸਥਾਵਾਂ ਉਸਾਰਨੀਆਂ ਬਹੁਤ ਔਖੀਆਂ ਹੁੰਦੀਆਂ ਹਨ-ਡਾਕਟਰ ਸਿਰਸਾ

Mon, Mar 5, 2018 at 3:22 PM
ਰੌਲੇ ਗੌਲੇ ਦੇ ਬਾਵਜੂਦ ਸ਼ਾਂਤੀ ਨਾਲ ਸੰਪੰਨ ਹੋਇਆ ਜਨਰਲ ਅਜਲਾਸ 
ਲੁਧਿਆਣਾ: 5 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਵਿਵਾਦਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਪੰਜਾਬੀ ਸਾਹਿਤ ਅਕਾਦਮੀ ਦਾ ਜਨਰਲ ਅਜਲਾਸ ਬਹੁਤ ਹੀ ਸ਼ਾਂਤੀ ਅਤੇ ਸਫਲਤਾ ਨਾਲ  ਸਿਰੇ ਚੜਿਆ। ਵਿਵਾਦਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਪੰਜਾਬੀ ਸਾਹਿਤ ਅਕਾਦਮੀ ਦਾ ਜਨਰਲ ਅਜਲਾਸ ਬਹੁਤ ਹੀ ਸ਼ਾਂਤੀ ਅਤੇ ਸਫਲਤਾ ਨਾਲ  ਸਿਰੇ ਚੜਿਆ। ਮੂਲ ਸਾਬਿਤ ਹੋਏ। ਮੀਟਿੰਗ ਵਿੱਚ ਕੌਰਮ ਨਾਲੋਂ ਜ਼ਿਆਦਾ ਮੈਂਬਰਾਂ ਦੀ ਹਾਜ਼ਰੀ ਦਾ ਦਾਅਵਾ ਕੀਤਾ ਗਿਆ।  ਹਾਜ਼ਰ ਮੈਂਬਰਾਂ ਦੀ ਗਿਣਤੀ ਜਨਰਲ ਸੱਤ ਡਾਕਟਰ ਸੁਰਜੀਤ ਸਿੰਘ ਹੁਰਾਂ ਨੇ ਕਈ ਵੱਲ ਸਟੇਜ ਤੋਂ ਆਇਆਲਨ ਕੀਤੀ ਅਤੇ ਇਸਦੀ ਪੁਸ਼ਟੀ ਵੀ ਕਰਵਾਈ। ਇਸੇ ਦੌਰਾਨ ਅਕਾਦਮੀ ਦੇ ਪਰ੍ਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ  ਉਹਨਾਂ ਲੋਕਾਂ ਦੀ ਆਲੋਚਨਾ ਕੀਤੀ ਜਿਹੜੇ ਲੇਖਕ ਹੋਣ ਦੇ ਬਾਵਜੂਦ ਲੇਖਕਾਂ ਦੀ ਇਸ ਸਿਰਮੌਰ ਸੰਸਥਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਸੀਂ ਸਾਰਿਆਂ ਐਡ ਸੁਝਾਅ ਅਤੇ ਸਲਾਹਾਂ ਨੂੰ ਸੁਣਦੇ ਵੀ ਹਾਂ ਅਤੇ ਅਮਲ ਵੀ ਕਰਦੇ ਹਾਂ। ਸੰਸਥਾਵਾਂ ਨੂੰ ਤੋੜਨ ਵਾਲੇ ਇਹ ਗੱਲ ਯਾਦ ਰੱਖਣ ਕਿ ਸੰਸਥਾਵਾਂ ਉਸਾਰਨੀਆਂ ਸੌਖੀਆਂ ਨਹੀਂ ਹੁੰਦੀਆਂ। ਸਾਨੂੰ ਗੁੰਡੇ ਦੱਸਣ ਵਾਲੇ ਲੋਕ ਲੇਖਕ ਹੋ ਕੇ ਘਟੋਘੱਟ ਗਲਤ ਬਿਆਨੀਆਂ ਨਾ ਕਰਨ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜਨਰਲ ਇਜਲਾਸ ਅਤੇ ਸਨਮਾਨ ਸਮਾਗਮ ਹੋਇਆ ਜਿਸ ਦੀ ਪਰਧਾਨਗੀ  ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਪਿ੍ਰੰ. ਸਰਵਣ ਸਿੰਘ, ਡਾ. ਸੁਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਤੇਜਵੰਤ ਸਿੰਘ ਮਾਨ ਨੇ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਬਕਾਇਦਾ ਛਪੀ ਹੋਈ ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਅਤੇ ਬਜਟ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਰਵਾਨ ਕੀਤਾ ਗਿਆ। ਜਨਰਲ ਇਜਲਾਸ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਨੇ ਭਾਗ ਲਿਆ। ਇਹ ਪਹਿਲੀ ਵਾਰੀ ਸੀ ਕਿ ਲੇਖਕ ਵੱਡੀ ਗਿਣਤੀ ਵਿਚ ਆਏ ਅਤੇ ਰਿਪੋਰਟ ’ਤੇ ਬਹਿਸ ਸਮੇਤ ਸੁਝਾਅ ਦੇਣ ਵਾਲੀ ਸਰਗਰਮੀ ਵਿਚ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇੰਜ. ਕਰਮਜੀਤ ਸਿੰਘ ਔਜਲਾ, ਸੁਰਿੰਦਰ ਗਿੱਲ, ਹਰਭਜਨ ਸਿੰਘ ਸੂਚ, ਜਸਵੰਤ ਸਿੰਘ ਕੋਮਲ ਸੰਧੂ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਹਰਮੀਤ ਵਿਦਿਆਰਥੀ, ਸੁਖਮਿੰਦਰ ਰਾਮਪੁਰੀ, ਹਰਬੰਸ ਮਾਲਵਾ ਆਦਿ ਨੇ ਬਹਿਸ ਵਿਚ ਭਾਗ ਲਿਆ। ਪ੍ਰਧਾਨਗੀ ਮੰਡਲ ਵਿਚੋਂ ਡਾ. ਸੁਰਬਜੀਤ ਸਿੰਘ ਅਤੇ ਤੇਜਵੰਤ ਸਿੰਘ ਮਾਨ ਨੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਵਲੋਂ ਸੁਝਾਅ ਸਾਂਝੇ ਕੀਤੇ। 
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੀ ਬਹਿਸ ’ਤੇ ਪ੍ਰਧਾਨਗੀ ਟਿੱਪਣੀ ਕਰਦਿਆਂ ਕਿਹਾ ਕਿ ਲੇਖਕਾਂ ਦੀ ਵੱਡੀ ਸ਼ਮੂਲੀਅਤ ਨਾਲ ਅਕਾਡਮੀ ਦੀਆਂ ਵਧੇਰੇ ਸਰਗਰਮੀਆਂ ਦੀ ਸੰਭਾਵਨਾ ਵਧੀ ਹੈ। ਇਹ ਲੇਖਕਾਂ ਲਈ ਵੀ ਤੇ ਸਮਾਜ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਬਾਹਰ ਬੈਠ ਕੇ ਊਜਾਂ ਲਾਉਣ ਨਾਲੋਂ ਲੇਖਕਾਂ ਵਿਚ ਸ਼ਾਮਲ ਹੋ ਕੇ ਸਭ ਨੂੰ ਆਪਦੀ ਗਲ ਕਹਿਣ ਦਾ ਅਤੇ ਦੂਸਰਿਆਂ ਦੀ ਸੁਣਨ ਦਾ ਸੱਦਾ ਦਿੱਤਾ ਹੈ।
ਦੂਜੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸ. ਰੂਪ ਸਿੰਘ ਰੂਪਾ, ਸ. ਨਵਜੋਤ ਸਿੰਘ ਅਤੇ ਸ੍ਰੀ ਸੁਕੀਰਤ ਆਨੰਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੜੀ ਖ਼ੂਬਸੂਰਤੀ ਨਾਲ ਵਿਉਤੇ ਹੋਏ ਸਮਾਗਮ ਵਿਚ ਛੇ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਡਾ. ਸ. ਤਰਸੇਮ ਜੀ ਨੂੰ ਉਨ੍ਹਾਂ ਦੀਆਂ ਸਾਹਿਤਕ ਘਾਲਣਾਵਾਂ ਕਰਕੇ ਦਿੱਤਾ ਗਿਆ। ਕਾਮਰੇਡ ਜਗਜੀਤ ਸਿੰਘ ਆਨੰਦ ਬਾਰੇ ਆਦਾਰਾ ਨਵਾਂ ਜ਼ਮਾਨਾ ਜਲੰਧਰ ਤੋਂ ਕਾਮਰੇਡ ਗੁਰਮੀਤ ਸ਼ੁਗਲੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਨੰਦ ਸਾਹਿਬ ਸਹੀ ਸ਼ਬਦਾਂ ਵਿਚ ਲਫ਼ਜ਼ਾਂ ਦੇ ਜਾਦੂਗਰ ਸਨ। ਇਹ ਉਨ੍ਹਾਂ ਦੀ ਕੀਰਤੀ ਕਰਕੇ ਹੀ ਹੈ ਕਿ ਪੰਜਾਬੀ ਸਾਹਿਤ ਵਿਚ ਉਨ੍ਹਾਂ ਬੜੇ ਸ਼ਬਦ ਪ੍ਰਚਲਿਤ ਕੀਤੇ। ਡਾ. ਸ. ਤਰਸੇਮ ਜੀ ਦਾ ਸ਼ੋਭਾ ਪੱਤਰ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇੇਰ ਨੇ ਪੇਸ਼ ਕੀਤਾ। ਡਾ. ਸ. ਤਰਸੇਮ ਜੀ ਨੇ ਸਨਮਾਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਨੰਦ ਸਾਹਿਬ ਦੇ ਨਾਮ ਤੇ ਸਨਮਾਨ ਮਿਲਣਾ ਮੈਨੂੰ ਵਿਸ਼ੇਸ਼ ਖ਼ੁਸ਼ੀ ਦਿੰਦਾ ਹੈ ਤੇ ਜ਼ਿੰਮੇਂਵਾਰੀ ਵਧਾਉਦਾ ਹੈ। ਸ. ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਡਾ. ਜਗਵਿੰਦਰ ਜੋਧਾ ਨੂੰ ਦਿੱਤਾ ਗਿਆ। ਲਾਇਲਪੁਰੀ ਜੀ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਬੋਲਦਿਆਂ ਕਿਹਾ ਕਿ  ਲਾਇਲਪੁਰੀ ਉਸ ਦੌਰ ਦੇ ਉਹ ਚਿੰਤਕ ਸਨ ਜਿਨ੍ਹਾਂ ਨੇ ਆਪਣੇ ਆਜ਼ਾਦ ਵੱਖਰੇ ਵਿਚਾਰ ਵੀ ਰੱਖੇ ਤੇ ਮਿਹਨਕਸ਼ ਲੋਕਾਂ ਦੇ ਸੰਘਰਸ਼ ਵਿਚ ਬਣਦਾ ਯੋਗਦਾਨ ਵੀ ਪਾਇਆ। ਡਾ. ਜਗਵਿੰਦਰ ਜੋਧਾ ਬਾਰੇ ਸ਼ੋਭਾ ਪੱਤਰ ਡਾ. ਅਨੂਪ ਸਿੰਘ ਨੇ ਪੇਸ਼ ਕੀਤਾ। ਡਾ. ਜਗਵਿੰਦਰ ਜੋਧਾ ਨੇ ਸਨਮਾਨ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸਨਮਾਨ ਮੈਨੂੰ ਸਾਹਿਤ ਲਈ ਵਧੇਰੇ ਨਿੱਠ ਕੇ ਕਾਰਜਸ਼ੀਲ ਹੋਣ ਲਈ ਪ੍ਰੇਰਨਾ ਦਿੰਦਾ ਰਹੇਗਾ। ਪਿਛਲੇ ਚਾਰ ਸਾਲਾਂ ਦੇ ਬਕਾਇਆ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ ਕ੍ਰਮਵਾਰ ਸ੍ਰੀ ਪਰਦੀਪ ਦੀ ਪੁਸਤਕ ‘ਤਿ੍ਰਕੁਟੀ’ ਤੇ, ਅਮਰਜੀਤ ਕੌਰ ਅਮਰ ਦੇ ਪੁਸਤਕ ‘ਟੁੱਟੇ ਤਾਰੇ ਦੀ ਬਗ਼ਾਵਤ’, ਸ੍ਰੀ ਵਾਹਿਦ ਦੀ ਪੁਸਤਕ ‘ਪ੍ਰਜ਼ਮ ’ਚੋਂ ਲੰਘਦਾ ਸ਼ਹਿਰ’, ਤਨਵੀਰ ਦੀ ਪੁਸਤਕ ‘ਕੋਈ ਸੁਣਦਾ ਹੈ’ ਨੂੰ ਦਿੱਤਾ ਗਿਆ। ਸ੍ਰੀ ਭਗਵੰਤ ਰਸੂਲਪੁਰੀ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਸੁਰਿੰਦਰ ਕੈਲੇ ਤੇ ਸ਼ਾਇਰ ਗੁਰਪ੍ਰੀਤ ਨੇ ਸਨਮਾਨਤ ਲੇਖਕਾਂ ਦੇ ਸ਼ੋਭਾ ਪੱਤਰ ਪੇਸ਼ ਕੀਤੇ। ਇਹ ਸਨਮਾਨ ਲੇਖਕਾਂ ਦੀ ਪਲੇਠੀ ਪੁਸਤਕ ਨੂੰ ਦਿੱਤਾ ਜਾਂਦਾ ਹੈ। ਪ੍ਰੋ. ਕੁਲਵੰਤ ਜਗਰਾਉ ਬਾਰੇ ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਜਿਥੇ ਅਸੀਂ ਦੋਨੋਂ ਜਗਰਾਉ ਤੋਂ ਆ ਕੇ ਲੁਧਿਆਣੇ ਵਿਚ ਸਾਹਿਤਕ ਸਰਗਰਮੀਆਂ ਕਰਦੇ ਰਹੇ ਉਥੇ ਸਾਡੀਆਂ ਲਿਖਤਾਂ ਤੇ ਵਿਚਾਰਾਂ ਵਿਚ ਵੀ ਸਾਂਝ ਮਿਲਦੀ ਹੈ। ਉਨ੍ਹਾਂ ਪ੍ਰੋ. ਜਗਰਾਉ ਦੇ ਪਰਿਵਾਰ ਦਾ ਧੰਨਵਾਦ ਕੀਤਾ। ਸ੍ਰੀ ਸੁਕੀਰਤ ਆਨੰਦ ਹੋਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਐਲਾਨ ਕੀਤਾ ਕਿ ਉਹ ਆਪਣੇ ਪਿਤਾ ਆਨੰਦ ਸਾਹਿਬ ਅਤੇ ਮਾਤਾ ਓਰਮਿਲਾ ਆਨੰਦ ਜੀ ਦੇ ਨਾਮ ਤੇ ਦੋ ਬਿਹਤਰੀਨ ਪੱਤਰਕਾਰ ਅਤੇ ਕਹਾਣੀਕਾਰ ਪੁਰਸਕਾਰ ਸ਼ੁਰੂ ਕੀਤੇ ਜਾਣਗੇ ਜੋ ਆਨੰਦ ਜੀ ਦੇ ਵਿਆਹ ਦੀ ਵਰ੍ਹੇਗੰਢ 21 ਮਾਰਚ ਨੂੰ ਦਿੱਤੇ ਜਾਇਆ ਕਰਨਗੇ। ਜਗਜੀਤ ਸਿੰਘ ਆਨੰਦ ਪੁਰਸਕਾਰ ਸਥਾਪਿਤ ਕਰਨ ਵਾਲੇ ਸ. ਰੂਪ ਸਿੰਘ ਰੂਪਾ ਨੇ ਪਿਛਲੇ ਪੰਜਾਂ ਸਾਲਾਂ ਤੋਂ ਅਕਾਡਮੀ ਵਲੋਂ ਕੀਤੀ ਗਈ ਚੋਣ ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸੇ ਤਰ੍ਹਾਂ ਪ੍ਰੋ. ਕੁਲਵੰਤ ਜਗਰਾਉ ਦੇ ਸਪੁੱਤਰ ਸ. ਨਵਜੋਤ ਸਿੰਘ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪੁਰਸਕਾਰ ਲਈ ਢੁੱਕਵੇਂ ਲੇਖਕਾਂ ਦੀ ਚੋਣ ਕੀਤੀ।
ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਸਰਵਣ ਸਿੰਘ ਢੁੱਡੀਕੇ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕਾਡਮੀ ਦੀ ਰਹਿਨੁਮਾਈ ਹੇਠ ਇਹ ਬੜਾ ਸਿਹਤਮੰਦ ਕਾਰਜ ਹੋ ਰਿਹਾ ਹੈ ਜਿਸ ਲਈ ਅਕਾਡਮੀ ਵਧਾਈ ਦੀ ਪਾਤਰ ਹੈ। ਇਸ ਨਾਲ ਲੋਕਾਂ ਵਿਚ ਅਕਾਡਮੀ ਦੀ ਸ਼ਾਖ ਵਧੇਰੇ ਪੱਕੀ ਹੁੰਦੀ ਹੈ। ਅੰਤ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੇ ਸਨਮਾਨਤ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਸਨਮਾਨ ਸਥਾਪਿਤ ਕਰਨ ਵਾਲੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਅਕਾਡਮੀ ਇਨ੍ਹਾਂ ਹੀ ਲੀਹਾਂ ਤੇ ਅੱਗੇ ਵਧਦੀ ਰਹੇਗੀ। ਉਨ੍ਹਾਂ ਇਕੱਤਰਿਤ ਹੋਏ ਸਮੁੱਚੇ ਲੇਖਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੋ. ਰਵਿੰਦਰ ਭੱਠਲ, ਪਿ੍ਰੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਜੋਗਿੰਦਰ ਸਿੰਘ ਨਿਰਾਲਾ, ਮਨਜਿੰਦਰ ਧਨੋਆ, ਡਾ. ਗੁਰਇਕਬਾਲ ਸਿੰਘ, ਖੁਸ਼ਵੰਤ ਬਰਗਾੜੀ, ਡਾ. ਹਰਪ੍ਰੀਤ ਸਿੰਘ ਹੁੰਦਲ, ਜਨਮੇਜਾ ਸਿੰਘ ਜੌਹਲ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਗੁਲਜ਼ਾਰ ਸਿੰਘ ਸ਼ੌਕੀ, ਸੁਖਦਰਸ਼ਨ ਗਰਗ, ਡਾ. ਹਰਵਿੰਦਰ ਸਿੰਘ ਸਿਰਸਾ, ਭਗਵਾਨ ਢਿੱਲੋਂ, ਡਾ. ਕੁਲਵਿੰਦਰ ਕੌਰ ਮਿਨਹਾਸ, ਡਾ. ਮਨੂੰ ਸ਼ਰਮਾ, ਇੰਦਰਜੀਤ ਪਾਲ ਕੌਰ, ਸਤੀਸ਼ ਗੁਲਾਟੀ, ਸਤਨਾਮ ਸਿੰਘ ਕੋਮਲ, ਸੰਤੋਖ ਸਿੰਘ ਔਜਲਾ, ਪ੍ਰੋ. ਪ੍ਰੋ. ਕ੍ਰਿਸ਼ਨ ਸਿੰਘ, ਵਰਗਿਸ ਸਲਾਮਤ, ਡਾ. ਗੁਰਮੀਤ ਸਿੰਘ ਹੁੰਦਲ, ਸ਼ਿਵਇੰਦਰ ਸਿੰਘ, ਅਰਵਿੰਦਰ ਕੌਰ ਕਾਕੜਾ, ਸੁਖਚਰਨਜੀਤ ਕੌਰ ਗਿੱਲ, ਡਾ. ਹਰੀ ਸਿੰਘ ਜਾਚਕ, ਰਾਮ ਸਿੰਘ, ਅਮਰੀਕ ਸਿੰਘ ਤਲਵੰਡੀ, ਹਰਭਜਨ ਬਾਜਵਾ, ਹਰਮੀਤ ਵਿਦਿਆਰਥੀ, ਗੁਰਦਿਆਲ ਦਲਾਲ, ਦਰਸ਼ਨ ਬੁੱਟਰ, ਹਰਬੀਰ ਸਿੰਘ ਭੰਵਰ, ਜਗੀਰ ਕਾਹਲੋਂ, ਜਸਪਾਲ ਘਈ, ਤੇਲੂ ਰਾਮ ਕੁਹਾੜਾ, ਸੁਰਜੀਤ ਸਿੰਘ ਅਲਬੇਲਾ, ਬੀਬਾ ਬਲਵੰਤ, ਬਲਵਿੰਦਰ ਸਿੰਘ ਗਲੈਕਸੀ, ਭੁਪਿੰਦਰ ਸਿੰਘ ਚੌਕੀਂਮਾਨ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਹੋਏ। 
ਪੰਜਾਬੀ ਸਾਹਿਤ ਅਕਾਦਮੀ ਦੇ ਇਸ ਮਹੱਤਵਪੂਰਨ ਜਨਰਲ ਹਾਊਸ ਅਜਲਾਸ ਦੀ ਮੀਟਿੰਗ ਵਿੱਚ ਮੀਡੀਆ ਉੱਤੇ ਰੋਕਟੋਕ ਦੀ "ਪੀਪਲਜ਼ ਮੀਡੀਆ ਲਿੰਕ" ਨੇ ਨਿਖੇਧੀ ਕੀਤੀ ਹੈ। 

Wednesday, January 10, 2018

ਪ੍ਰੋ. ਗੁਰਦਿਆਲ ਸਿੰਘ-"ਹਰਫ਼ਾਂ `ਚ ਮੱਘਦਾ ਸੂਰਜ"//ਡਾ. ਅਰਵਿੰਦਰ ਕੌਰ ਕਾਕੜਾ

ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ 
ਡਾ. ਅਰਵਿੰਦਰ ਕੌਰ ਕਾਕੜਾ 
ਪ੍ਰੋ. ਗੁਰਦਿਆਲ ਸਿੰਘ ਸਾਡੇ ਚੇਤਿਆਂ ਦੇ ਅੰਬਰ ਉਤੇ ਛਾਇਆ ਉਹ ਅਹਿਸਾਸ ਹੈ ਜਿਸਦੀ ਹਰ ਰਚਨਾ ਪਾਠਕ ਦੇ ਨਾਲ ਇੱਕ ਰਿਸ਼ਤਾ ਸਥਾਪਿਤ ਕਰ ਲੈਂਦੀ ਹੈ। ਮਨ ਅੰਦਰ ਉਪਜਦੀ ਡੂੰਘੀ ਖਿੱਚ ਵਰਤਮਾਨ ਦੇ ਅਤੀਤ ਵਿਚਲੀ ਲੀਕ ਮੇਟ ਦਿੰਦੀ ਹੈ। ਗੁਰਦਿਆਲ ਸਿੰਘ ਜੀ ਨੂੰ ਜਿਸਮਾਨੀ ਤੌਰ ਤੇ ਸਾਡੇ ਤੋਂ ਵਿਛੜਿਆਂ ਭਾਵੇਂ ਇੱਕ ਵਰ੍ਹੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹਨਾਂ ਦੀ ਜੁਦਾਈ ਵਿਚਲੇ ਖਲਾਅ ਦੀ ਪੂਰਤੀ ਉਨ੍ਹਾਂ ਦੀਆਂ ਲਿਖਤਾਂ ਰਾਹੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਲੱਗਦੀ ਹੈ ਕਿ ਸਾਹਿਤਕ ਦਾਇਰੇ ਵਿੱਚ ਵਿਚਰਦਿਆਂ ਕੁਝ ਲੇਖਕ, ਕਵੀ ਤੇ ਸਾਹਿਤਕਾਰ ਸਾਨੂੰ ਆਪਣੇ ਸਾਕ ਸਬੰਧੀ ਲੱਗਦੇ ਹਨ। ਇਹ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਚੰਗੀਆਂ ਲਿਖਤਾਂ ਨਾਲ ਸਾਡੀ ਸਾਂਝ ਜੁੜਦੀ ਹੈ ਤਾਂ ਆਪ ਮੁਹਾਰੇ ਉਸ ਲੇਖਕ ਪ੍ਰਤੀ ਸਤਿਕਾਰ ਤੇ ਮੋਹ ਭਰੀ ਭਾਵਨਾ ਫੁੱਟ ਪੈਂਦੀ ਹੈ। ਸਾਡਾ ਲਿਖਤ ਨਾਲ ਜੁੜਿਆ ਨਾਤਾ ਲੇਖਕ ਦੇ ਨਕਸ਼ਾਂ ਨੂੰ ਆਪੇ ਨੁਹਾਰ ਲੈਂਦਾ ਹੈ। ਕਈ ਵਾਰੀ ਅਸੀਂ ਲੇਖਕ ਨੂੰ ਮਿਲੇ ਵੀ ਨਹੀਂ ਹੁੰਦੇ। ਇਹ ਵਿਸ਼ਵਾਸ ਉਦੋਂ ਸੱਚ ਵਿੱਚ ਬਦਲ ਜਾਂਦਾ ਹੈ ਜੇਕਰ ਲੇਖਕ ਦੀ ਰਚਨਾ ਤੇ ਉਹਦੀ ਅਸਲ ਜ਼ਿੰਦਗੀ ਵਿੱਚ ਕੋਈ ਪਾੜਾ ਨਾ ਹੋਵੇ। ਕਈ ਵਾਰੀ ਇਹ ਭਰਮ ਟੁੱਟ ਵੀ ਜਾਂਦਾ ਹੈ ਜਦੋਂ ਲਿਖਤ ਕੁਝ ਹੋਰ ਕਹੇ ਤੇ ਲੇਖਕ ਦੀ ਜ਼ਿੰਦਗੀ ਕੋਈ ਹੋਰ ਹੋਵੇ। ਇਸ ਪੱਖੋਂ ਵੀ ਕਦੇ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਚੰਗੀਆਂ ਰਚਨਾਵਾਂ ਸਾਡੇ ਅੰਦਰ ਇਸ ਤਰ੍ਹਾਂ ਰਚ-ਮਿਚ ਜਾਂਦੀਆਂ ਹਨ ਤੇ ਸਾਡੇ ਕਦਮਾਂ ਦੇ ਨਾਲ ਤੁਰਦਿਆਂ ਇਕੱਲਤਾ ਵਿੱਚ ਵੀ ਸਾਥ ਦਿੰਦੀਆਂ ਹਨ। ਇੱਥੋਂ ਹੀ ਲੇਖਕ ਹੋਣ ਦਾ ਅਸਲ-ਅਰਥ ਸਾਹਮਣੇ ਆਉਂਦਾ ਹੈ।
ਗੁਰਦਿਆਲ ਸਿੰਘ ਅਸਲ ਰੂਪ ਵਿੱਚ ਅਜਿਹਾ ਹੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਪਾਠਕਾਂ ਦੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਦੀਆਂ ਹਨ। ਉਹ ਅਜਿਹਾ ਵਿਲੱਖਣ ਨਾਵਲਕਾਰ ਹੋਇਆ ਜਿਸ ਨੇ ਪੰਜਾਬੀ ਨਾਵਲ ਦੇ ਘੇਰੇ ਨੂੰ ਹੋਰ ਵੀ ਮੋਕਲਾ ਕਰ ਦਿੱਤਾ ਹੈ ਤੇ ਉਸ ਨੇ ਪੰਜਾਬੀ ਨਾਵਲ ਨੂੰ ਜ਼ਿੰਦਗੀ ਦੇ ਅਸਲੀਅਤ ਦੇ ਰੂ-ਬਰੂ ਕੀਤਾ।ਇੱਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋਂ ਦੇ ਮਿਹਨਤਕਸ਼ ਪਰਿਵਾਰ ਵਿੱਚ 10 ਜਨਵਰੀ 1933 ਨੂੰ ਪੈਦਾ ਹੋਏ ਇਸ ਨਾਵਲਕਾਰ ਨੇ ਪੰਜਾਬ ਦੇ ਨਾਵਲ ਦਾ ਨਾਮ ਵਿਸ਼ਵ-ਪੱਧਰ ਤੇ ਰੌਸ਼ਨ ਕੀਤਾ।
ਪ੍ਰੋ. ਗੁਰਦਿਆਲ ਸਿੰਘ ਜੀ ਨਾਲ ਮੇਰਾ ਉਹ ਰਿਸ਼ਤਾ ਹੈ ਜੋ ਉਨ੍ਹਾਂ ਨਾਲ ਕੀਤੀ ਮੁਲਾਕਾਤ ਤੋਂ ਪਹਿਲਾਂ ਪੈਦਾ ਹੋਇਆ ਤੇ ਉਨਾਂ ਦੇ ਜਿਸਮਾਨੀ ਤੌਰ ਤੇ ਜੁਦਾ ਹੋਣ ਤੋਂ ਬਾਅਦ ਵੀ ਜਿਉਂਦਾ ਰਹੇਗਾ। ਇਹ ਗੱਲ ਵਾਜਿਬ ਹੈ ਕਿ ਲੇਖਕ ਨੂੰ ਉਸ ਦੀ ਰਚਨਾ ਅਮਰ ਕਰਦੀ ਹੈ।ਇੱਕ ਚੰਗੀ ਲਿਖਤ ਲੋਕ-ਕਚਹਿਰੀ ਵਿੱਚ ਪੇਸ਼ ਹੋਣ ਤੋਂ ਬਾਅਦ ਲੋਕਾਂ ਦੀ ਹੀ ਬਣ ਕੇ ਰਹਿ ਜਾਂਦੀ ਹੈ। ਅਜਿਹੀ ਲਿਖਤ ਹੀ ਮਾਨਵੀਂ ਅਹਿਸਾਸਾਂ ਦੀ ਬਾਤ-ਪਾਉਂਦੀ ਹੈ ਤੇ ਸਮਾਜਿਕ ਸਰੋਕਾਰ ਨਾਲ ਲਬਰੇਜ਼ ਹੋ ਕੇ ਸਮਾਜ ਵਿੱਚ ਹੋ ਰਹੀ ਧੱਕਾਸ਼ਾਹੀ ਵਿਰੁੱਧ ਖੜ੍ਹਦੀ ਹੈ। ਇਹ ਹੀ ਸਮਾਜ ਵਿੱਚ ਪਸਰੇ ਹਨੇਰੇ ਦੀਆਂ ਬਹੁ-ਪੱਖੀ ਤੰਦਾਂ ਲੋਕਾਂ ਸਾਹਵੇਂ ਖੋਲਦੀ ਚੇਤੰਨਤਾ ਦਾ ਪਾਸਾਰ ਕਰਦੀ ਹੈ। ਗੁਰਦਿਆਲ ਸਿੰਘ ਅਜਿਹਾ ਹੀ ਨਾਵਲਕਾਰ ਹੈ ਜਿਸਨੇ ਆਪਣੇ ਨਾਵਲਾਂ ਵਿੱਚ ਕਿਰਤੀ ਵਰਗ ਦੇ ਯਥਾਰਥ ਨੂੰ ਕਲਾਤਮਿਕ ਜਾਮਾ ਪਹਿਨਾਇਆ। ਜਿਉਂ-ਜਿਉਂ ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਸਾਡੀ ਵਾਕਫ਼ੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਗੁਰਦਿਆਲ ਸਿੰਘ ਦੀ ਲੋਕ-ਪੱਖੀ ਤੇ ਯਥਾਰਥਵਾਦੀ ਦ੍ਰਿਸ਼ਟੀ ਸਾਹਮਣੇ ਆਉਂਦੀ ਜਾਂਦੀ ਹੈ। ਮੈਂ ਗੁਰਦਿਆਲ ਸਿੰਘ ਦੀਆਂ ਕੁੱਝ ਕਹਾਣੀਆਂ ਸਕੂਲ ਪੜ੍ਹਦਿਆਂ ਸਿਲੇਬਸ ਵਿੱਚ ਪੜ੍ਹੀਆਂ ਸਨ। ਉਦੋਂ ਮੇਰੇ ਲਈ ਕੋਈ ਖਾਸ ਨਹੀਂ ਸੀ ਸਿਰਫ ਇੱਕ ਪਾਠ ਦਾ ਲੇਖਕ ਹੀ ਸੀ। ਉਸ ਤੋਂ ਬਾਅਦ ਕਾਲਜ ਵਿੱਚ ਬੀ.ਏ. ਜਮਾਤ ਦੇ ਸਿਲੇਬਸ ਵਿੱਚ ਲੱਗਿਆ ਨਾਵਲ ‘ਮੜ੍ਹੀ ਦਾ ਦੀਵਾ’ ਪੜ੍ਹਦਿਆਂ ਉਦੋਂ ਨਾਵਲ ਦੀ ਤਹਿ ਤੱਕ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ। ਪੇਪਰਾਂ ਵਾਸਤੇ ਭਾਵੇਂ ਨਾਵਲ ਦਾ ਵਿਸ਼ਾ ਵਸਤੂ ਤੇ ਸਾਰ ਜ਼ੁਬਾਨੀ ਯਾਦ ਕਰ ਲਿਆ ਜਾਂਦਾ ਸੀ। ਉਸ ਰਚਨਾ ਦੇ ਬਾਹਰੀ ਤੇ ਅੰਦਰੂਨੀ ਬਹੁ-ਪੱਖਾਂ ਵੱਲ ਧਿਆਨ ਖਿੱਚਿਆ ਜਾਣਾ ਮੇਰੇ ਲਈ ਦੂਰ ਦੀ ਗੱਲ ਸੀ। ਉਸੇ ਹੀ ਸਮੇਂ ਗੁਰਦਿਆਲ ਸਿੰਘ ਨੂੰ ਵੇਖਣ ਦਾ ਮੌਕਾ ਵੀ ਮਿਲਿਆ ਜਦੋਂ ਕਾਲਜ ਵਿੱਚ ਉਨ੍ਹਾਂ ਦਾ ਪੰਜਾਬੀ ਵਿਭਾਗ ਵੱਲੋਂ ਰੂ-ਬਰੂ ਕਰਵਾਇਆ ਗਿਆ। ਸਾਡੇ ਪ੍ਰੋ. ਸਹਿਬਾਨ ਨੇ ਵੀ ਉਨ੍ਹਾਂ ਨੂੰ ਵੱਡੇ ਨਾਵਲਕਾਰ ਦੇ ਤੋਰ ਤੇ ਪੇਸ਼ ਕਰਦੇ ਹੋਏ ਉਨਾਂ ਦੀ ਸ਼ਖਸੀਅਤ ਦੇ ਵੀ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਜ਼ਿੰਦਗੀ ਦੀ ਕਹਾਣੀ ਤੇ ਸਾਹਿਤਕ ਸਫ਼ਰ ਬਾਰੇ ਗੁਰਦਿਆਲ ਸਿੰਘ ਹੋਰਾਂ ਨੇ ਖੋਲ੍ਹ ਕੇ ਦੱਸਿਆ। ਕਵਿਤਾ ਵਿੱਚ ਰੁਚੀ ਹੋਣ ਕਰਕੇ ਕਵੀਆਂ ਬਾਰੇ ਮੇਰੇ ਅੰਦਰ ਜਾਨਣ ਦੀ ਭਾਵਨਾ ਸ਼ਿੱਦਤ ਨਾਲ ਜਾਗਦੀ ਸੀ। ਉਦੋਂ ਮੈਨੂੰ ਤਾਂ ਸਿਰਫ਼ ਇਹ ਹੀ ਯਾਦ ਸੀ ਕਿ ਅਸਮਾਨੀ ਪੱਗ, ਚਿੱਟਾ ਕੁੜਤਾ ਤੇ ਸਲੇਠੀ ਪੈਂਟ ਪਾਈ ਪਤਲਾ ਜਿਹਾ ਇਹ ਨਾਵਲਕਾਰ ਕਿੰਨਾਂ ਸਾਧਾਰਨ, ਸਾਊ ਤੇ ਸ਼ਰੀਫ਼ ਵਿਅਕਤੀ ਹੈ। ਜਦੋਂ ਵੀ ਕਦੇ ਪ੍ਰੋ. ਗੁਰਦਿਆਲ ਸਿੰਘ ਦੀ ਗੱਲ ਤੁਰਦੀ ਤਾਂ ਅਜਿਹੀ ਸ਼ਖਸੀਅਤ ਦੀ ਬਾਹਰੀ ਦਿੱਖ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ।
ਵਕਤ ਨੇ ਉਸ ਸਮੇਂ ਕਰਵਟ ਲਈ ਜਦੋਂ ਕਾਲਜ ਵਿੱਚ ਐਮ.ਏ ਜਮਾਤ ਨੂੰ ਗਲਪ ਦਾ ਪੇਪਰ ਪੜਾਉਂਦਿਆਂ ਮੇਰਾ ਡੂੰਘਾ ਵਾਸਤਾ ਨਾਵਲ ਤੇ ਕਹਾਣੀ ਨਾਲ ਜੁੜਿਆ ਮਨ ਅੰਦਰ ਨਾਵਲਕਾਰਾਂ ਪ੍ਰਤੀ ਜਾਨਣ ਲਈ ਜਗਿਆਸਾ ਪੈਦਾ ਹੋਈ। ਗੁਰਦਿਆਲ ਸਿੰਘ ਹੋਰਾਂ ਦਾ ‘ਪਰਸਾ’ ਨਾਵਲ ਸਿਲੇਬਸ ਵਿੱਚ ਲੱਗਾ ਹੋਇਆ ਸੀ। ਮੇਰੇ ਲਈ ਨਾਵਲ ਦੀ ਵਿਧਾ, ਰੂਪ ਤੇ ਵਿਸ਼ਾਗਤ ਡੂੰਘਾ ਅਧਿਐਨ ਕਰਨਾ ਜਰੂਰੀ ਸੀ। ਕਈ ਵਿਦਵਾਨ ਦੋਸਤਾਂ ਨੇ ਮੈਨੂੰ ਕਈ ਨਾਵਲ ਦੀਆਂ ਸਿਧਾਂਤਕ ਪੁਸਤਕਾਂ ਪੜ੍ਹਣ ਦੀ ਸਲਾਹ ਦਿੱਤੀ। ਮੁੱਢਲੇ ਦੌਰ ਦੇ ਨਾਵਲਕਾਰ ਤੋਂ ਲੈ ਆਧੁਨਿਕ ਨਾਵਲਕਾਰਾਂ ਦੇ ਚੰਗੇ ਨਾਵਲ ਪੜ੍ਹਣ ਲਈ ਕਿਹਾ।ਫਿਰ ਕਈ ਨਾਵਲਾਂ ਨਾਲ ਵਾਸਤਾ ਪਿਆ ਤੇ ਜਦੋਂ "ਪਰਸਾ" ਨਾਵਲ ਪੜ੍ਹਣਾ ਸ਼ੁਰੂ ਕੀਤਾ ਤਾਂ ਇਸ ਨਾਵਲ ਨੇ ਮੈਨੂੰ ਪੰਜਾਬੀ ਨਾਵਲ ਵੱਲ ਐਸਾ ਖਿੱਚਿਆ ਕਿ ਕਈ ਨਾਵਲ ਪੜ੍ਹਣੇ ਹੀ ਨਹੀਂ ਸਗੋਂ ਨਾਵਲਾਂ ਬਾਰੇ ਸੋਚਣਾ ਵੀ ਸ਼ੁਰੂ ਕੀਤਾ।
ਇਹੀ ਇਸ ਨਾਵਲਕਾਰ ਦੀ ਲਿਖਤ ਕਲਾ ਦੀ ਸ਼ਕਤੀ ਹੈ।ਜਿਸ ਨੂੰ ਪੜ੍ਹਦਿਆਂ ਮਾਲਵੇ ਦੇ ਲੋਕ ਜੀਵਨ ਦੀ ਝਲਕ ਸਹਿਜੇ ਨੂੰ ਦਿੱਖ ਜਾਂਦੀ ਹੈ। ਉਨ੍ਹਾਂ ਦੇ ਨਾਵਲ ‘ਮੜ੍ਹੀ ਦਾ ਦੀਵਾ’ ਪੰਜਾਬੀ ਨਾਵਲ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਸਾਰੇ ਨਾਵਲ ਅਣਖ, ਪੇਂਡੂ ਜੀਵਨ, ਪਿਛਾਕੜੀ ਸੋਚ, ਪੂਰਵ-ਪੂੰਜੀਵਾਦ ਦੇ ਕਈ ਪੱਖਾਂ ਨੂੰ ਬੇਬਾਕੀ ਨਾਲ ਪੇਸ਼ ਕਰਦੇ ਹਨ।ਗੁਰਦਿਆਲ ਸਿੰਘ ਨੇ ਪੇਂਡੂ ਜੀਵਨ ਖ਼ਾਸ ਕਰਕੇ ਕਿਰਤੀ ਵਰਗ, ਕਿਸ਼ਾਨਾਂ, ਔਰਤ ਆਦਿ ਦੀ ਜ਼ਿੰਦਗੀ ਨੂੰ ਨੇੜੇ ਤੋਂ ਤੱਕਦਿਆਂ ਉਨਾਂ ਦੀ ਅਜਿਹੀ ਸਥਿਤੀ ਪਿਛਲੇ ਕਾਰਨਾਂ ਨੂੰ ਵੀ ਢੂੰਡਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖੀ ਰਿਸ਼ਤੇ, ਸਮਾਜਿਕ ਰਿਸ਼ਤੇ ਤੇ ਪੈਦਾਵਾਰੀ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਆਪਣੀਆਂ ਲਿਖਤਾਂ ਵਿੱਚੋਂ ਉਜਾਗਰ ਕੀਤਾ ਹੈ।ਪੰਜਾਬੀ ਨਾਵਲ ਦੇ ਵਿੱਚ ਦੱਬੇ-ਕੁਚਲੇ ਵਰਗ ਨੂੰ ਨਾਇਕ ਬਣਾ ਕੇ ਪੇਸ਼ ਕਰਨਾ ਤੇ ਕਿਰਤ ਸ਼ਕਤੀ ਦੀ ਪੈਰਵੀ ਕਰਨਾ ਹੀ ਗੁਰਦਿਆਲ ਸਿੰਘ ਦੀ ਰਚਨਾਵਾਂ ਦਾ ਸ਼ਾਹੀ ਗੁਣ ਹੈ।ਨਿਮਾਣੇ, ਅਣਹੋਇਆ ਵਰਗੇ ਲੋਕਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗੁਰਦਿਆਲ ਸਿੰਘ ਨੇ ਜਗਸ਼ੀਰ, ਬਿਸ਼ਨੇ ਤੇ ਮੋਦਨ ਵਰਗੇ ਅਜਿਹੇ ਨਾਇਕ ਨਾਵਲਾਂ ਵਿੱਚ ਪੇਸ਼ ਕਰਕੇ ਲੁੱਟੀ ਜਾ ਰਹੀ ਸ਼੍ਰੇਣੀ ਦੀ ਗੱਲ ਤੋਰੀ  ਤੇ ਆਪਣਾ ਨਾਮ ਪ੍ਰਗਤੀਵਾਦੀ ਨਾਵਲਕਾਰਾਂ ਵਿੱਚ ਸ਼ਾਮਲ ਕਰਵਾਇਆ
ਗੁਰਦਿਆਲ ਸਿੰਘ ਦੀ ਸ਼ਖਸੀਅਤ ਦਾ ਇੱਕ ਨਿਵਕਲਾ ਪੱਖ ਇਹ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਚੰਗੀਆਂ ਲਿਖਤਾਂ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਵੀ ਕਰਦੇ ਸਨ। ਮੈਨੂੰ ਯਾਦ ਹੈ ਜਦੋਂ 10 ਦਸੰਬਰ 2010 ਨੂੰ "ਪੰਜਾਬੀ ਟ੍ਰਿਬਿਊਨ" ਵਿੱਚ ਸੰਪਾਦਕੀ ਪੰਨੇ ਤੇ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ’ ਮੇਰਾ ਆਰਟੀਕਲ ਛਪਿਆ। ਅਜੇ ਮੈਂ ਅਖ਼ਬਾਰ ਵੇਖਿਆ ਹੀ ਨਹੀਂ ਸੀ ਕਿ ਅਚਾਨਕ ਹੀ ਮੋਬਾਈਲ ਦੀ ਰਿੰਗ ਵੱਜੀ.... ਅਣਜਾਨ ਜਿਹਾ ਨੰਬਰ........ ਸਮਝ ਨਾ ਆਇਆ ਕਿਸ ਦਾ ਹੈ ....... ਕਾਹਲੀ ਨਾਲ ਮੋਬਾਈਲ ਚੁੱਕਿਆ ਇੱਕ ਹੋਲੀ ਜਹੀ ਮੱਧਮ ਜਹੀ ਅਵਾਜ਼........ਅੱਗੋਂ ਸੁਣਾਈ ਦਿੱਤੀ....... ‘ਅਰਵਿੰਦਰ ਮੈਂ ਗੁਰਦਿਆਲ ਸਿੰਘ ਜੈਤੋਂ ਬੋਲ ਰਿਹਾ ਹਾਂ’।... ਅਵਾਜ਼ ਵਿੱਚਲੀ ਅੱਪਣਤ ਨੇ ....... ਮੈਨੂੰ ਇੱਕ ਦਮ ਖਿੱਚ ਲਿਆ ਇਉਂ ਲੱਗਿਆ ਜਿਵੇਂ ਕਿੰਨੀ ਵੀ ਉਨਾਂ ਨਾਲ ਡੂੰਘੀ ਸਾਂਝ ਹੋਵੇ...... ਮਿਲਣਾ ਤਾਂ ਮੈਂ ਚਾਹੁੰਦੀ ਸਾਂ ਪਰ ਇਹ ਕੀ........ ਇਹ ਫੋਨ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚਮੁੱਚ ਪ੍ਰੋ. ਗੁਰਦਿਆਲ ਸਿੰਘ ਜੀ  ਬੋਲ ਰਹੇ ਨੇ......... ਮੇਰੀ ਖੁਸ਼ੀ ਦੀ ਟਿਕਾਣਾ ਨਾ ਰਿਹਾ........ 20-25 ਮਿੰਟ ਮੇਰੇ ਨਾਲ ਗੱਲਾਂ ਕਰਦੇ ਰਹੇ....... ਤੇ ਆਖਦੇ ਰਹੇ....... ‘‘ਪੜ੍ਹਿਆ ਕਰ........ ਚੰਗਾ ਲਿਖਿਆ ਕਰ।’’ ਬਸ ਮੈਂ ਉਡੀਕ ਕਰਦਾ ਰਹਾਂਗਾ ਤੇਰੀਆਂ ਲਿਖਤਾਂ ਦੀ........ ਇਹ ਗੱਲ ਸੱਚੀ ਨਿਕਲੀ। ਜਦੋਂ ਵੀ ਮੇਰਾ ਆਰਟੀਕਲ ਆਉਂਦਾ........ ਉਨ੍ਹਾਂ ਦਾ ਦਿੱਤਾ ਗਿਆ ਹੌਸਲਾ ਮੈਨੂੰ ਹੋਰ ਵੀ ਉਤਸ਼ਾਹਿਤ ਕਰਦਾ ਰਿਹਾ। ਮੈਨੂੰ ਉਨ੍ਹਾਂ ਦੇ ਫੋਨ ਦੀ ਉਡੀਕ ਰਹਿੰਦੀ...... ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ ਉਨ੍ਹਾਂ ਨਾਲ ਬਠਿੰਡੇ ਟੀਚਰਜ਼ ਹੋਮ’ ਵਿੱਚ ਬਹੁਤ ਵਾਰੀ ਬੈਠ ਕੇ ਅਜੋਕੇ ਸਾਹਿਤ ਤੇ ਸਹਿਤ ਸਭਾਵਾਂ ਬਾਰੇ ਗੱਲਾਂ ਕੀਤੀਆਂ ਜੋ ਮੇਰੀਆਂ ਚੇਤਿਆਂ ’ਚ ਕੈਦ ਹਨ ਤੇ ਵਕਤ-ਵਕਤ ਤੇ ਮੈਨੂੰ ਨਸੀਹਤ ਦਿੰਦੀਆਂ ਰਹਿਣਗੀਆਂ।
ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਹੋਏ 40 ਸਾਲ ਤੋਂ  ਜਿਆਦਾ ਸਮਾਂ ਅਧਿਆਪਨ ਕਾਰਜ ਨਿਭਾਇਆ। ਉਨ੍ਹਾਂ ਦੇ ‘ਮੜ੍ਹੀ ਦਾ ਦੀਵਾ’, ‘ਅਣਹੋਏ’, ‘ਕੁਵੇਲਾ’, ‘ਅੱਧ ਚਾਨਣੀ ਰਾਤ’, ‘ਆਥਣ ਉਗਣ’, ‘ਪਹੁ-ਫੁਟਾਲੇ ਤੋਂ ਪਹਿਲਾਂ’, ‘ਪਰਸਾ’,‘ਰੇਤ ਦੀ ਇੱਕ ਮੁੱਠੀ, ‘ਆਹਣ’, ‘ਅੰਨੇ ਘੋੜੇ ਦਾ ਦਾਨ’ ਕਾਫੀ ਚਰਚਿਤ ਨਾਵਲ ਰਹੇ। ਉਹਨਾਂ ਨੇ 12 ਕਹਾਣੀ ਸੰਗ੍ਰਹਿ 3 ਨਾਟਕ ਸੰਗ੍ਰਹਿ, 2 ਲੇਖ ਸੰਗ੍ਰਹਿ, ਇੱਕ ਖੋਜ ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਹਨ। ਉਨ੍ਹਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਚੁੱਕੇ ਹਨ। ‘ਮੜ੍ਹੀ ਦਾ ਦੀਵਾ’ ਤੇ ‘ਅੰਨੇ ਘੋੜੇ ਦਾ ਦਾਨ’ ਨਾਵਲ ਤੇ ਬਣੀ ਫਿਲਮ ਨੇ ਵਿਸ਼ਵ ‘ਚ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਭਾਵੇਂ ‘ਗਿਆਨਪੀਠ ਪੁਰਸਕਾਰ’ ਪਦਮ ਸ਼੍ਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਪਰ ਜੋ ਪਿਆਰ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਉਸ ਤੋਂ ਵੱਡਾ ਹੋਰ ਕੋਈ ਪੁਰਸਕਾਰ ਨਹੀਂ ਹੈ।
ਇਸ ਮਕਬੂਲ ਨਾਵਲਕਾਰ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਤੇ ਸਾਹਿਤਕ ਕਿਰਤ ਦੀ ਅਸਲ ਪਹਿਚਾਣ ਦਾ ਹੋਕਾ ਦੇਣ ਲਈ ਉਨ੍ਹਾਂ ਦੇ ਜਨਮ ਦਿਨ ਉਤੇ 10 ਜਨਵਰੀ ਨੂੰ ਜੈਤੋਂ ਮੰਡੀ ਵਿੱਚ ਗੁਰਦਿਆਲ ਸਿੰਘ ਦਿਵਸ ਮਨਾਇਆ ਜਾ ਰਿਹਾ ਹੈ। ਕਰੀਬ 83 ਵਰ੍ਹੇ ਦੀ ਉਮਰ ਦੇ ਆਖਰ ਤੱਕ ਲੋਕ ਸਰੋਕਾਰਾਂ ਨਾਲ ਪਰਨਾਏ ਤੇ ਲੋਕ ਸੰਘਰਸ਼ੀ ਰਾਹਾਂ ਦੀ ਹਮਾਇਤ ਕਰਦੇ ਸ਼੍ਰੋਮਣੀ ਨਾਵਲਕਾਰ ਨੂੰ ਪੰਜਾਬੀ ਸਾਹਿਤ ਜਗਤ ਦਿਲੋਂ ਪ੍ਰਣਾਮ ਕਰਦਾ ਹੈ।
ਡਾ. ਅਰਵਿੰਦਰ ਕੌਰ ਕਾਕੜਾ ਲੋਕਾਂ ਨਾਲ ਜੁੜੇ ਸਰੋਕਾਰਾਂ ਬਾਰੇ ਲਿਖ ਵਾਲੀ ਸਾਹਿਤਿਕ ਪੱਤਰਕਾਰ ਹਨ ਅਤੇ ਪਬਲਿਕ ਕਾਲਜ ਸਮਾਣਾ ਵਿੱਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੇ ਹਨ। ਉਹਨਾਂ ਦਾ ਮੋਬਾਇਲ ਨੰਬਰ ਹੈ: 94636-15536

  

Wednesday, June 21, 2017

ਪੰਜਾਬੀ ਲੇਖਕ ਸਭਾ ਜਲੰਧਰ ਨਾਲ ਲੰਬੇ ਸਮੇਂ ਤੋਂ ਜੁੜੇ ਲੇਖਕਾਂ ਦੀ ਇਕੱਤਰਤਾ

Wed, Jun 21, 2017 at 3:19 PM
ਸਵਰਗਵਾਸੀ ਸੰਤ ਜਗਦੀਸ਼ ਸਿੰਘ ਵਰਿਆਮ ਦੀ ਭੂਮਿਕਾ ਵੀ ਯਾਦ ਕੀਤੀ 
ਜਲੰਧਰ: 12 ਜੂਨ 2017: (ਕੇਸਰ//ਪੰਜਾਬ ਸਕਰੀਨ)::
ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬੀ ਲੇਖਕ ਸਭਾ ਜਲੰਧਰ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਲੇਖਕ ਮਿੱਤਰਾਂ ਦੀ ਇਕੱਤਰਤਾ ਹੋਈ। ਇਸ ਵਿਚ ਸਵਰਗਵਾਸੀ ਸੰਤ ਜਗਦੀਸ਼ ਸਿੰਘ ਵਰਿਆਮ ਦੀ ਇਸ ਸਭਾ ਲਈ ਨਿਭਾਈ ਭੂਮਿਕਾ ਨੂੰ ਯਾਦ ਕੀਤਾ ਗਿਆ। ਇਸ ਸਭਾ ਦੇ ਗੌਰਵਮਈ ਇਤਿਹਾਸ ਨੂੰ ਅੱਗੇ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਉਪਰੰਤ ਸਭਾ ਦੀ ਨਵੀਂ ਟੀਮ ਦਾ ਗਠਿਨ ਕੀਤਾ ਗਿਆ ਜਿਸ ਵਿਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਡਾ. ਵਰਿਆਮ ਸਿੰਘ ਸੰਧੂ ਨੂੰ ਸਭਾ ਦਾ ਸਰਪ੍ਰਸਤ ਬਣਾਇਆ ਗਿਆ। ਡਾ. ਹਰਜਿੰਦਰ ਸਿੰਘ ਅਟਵਾਲ ਨੂੰ ਪ੍ਰਧਾਨ ਅਤੇ ਕਾਮਰੇਡ ਗੁਰਮੀਤ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਥਾਪਤ ਗਲਪਕਾਰ ਬਲਬੀਰ ਪਰਵਾਨਾ ਅਤੇ ਸੰਤ ਨਰਾਇਣ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਡਾ. ਉਮਿੰਦਰ ਜੌਹਲ ਸਕੱਤਰ ਅਤੇ ਸਵਰਨ ਟਹਿਣਾ ਪ੍ਰੈਸ ਸਕੱਤਰ ਬਣਾਏ ਗਏ। ਖਜਾਨਚੀ ਦੀ ਜ਼ਿੰਮੇਵਾਰੀ ਕੇਸਰ ਨੂੰ ਦਿੱਤੀ ਗਈ। ਕਾਰਕਾਰਨੀ ਵਿਚ ਕੁਲਦੀਪ ਸਿੰਘ ਬੇਦੀ, ਡਾ. ਲਖਵਿੰਦਰ ਸਿੰਘ ਜੌਹਲ, ਚਿਰੰਜੀ ਲਾਲ ਕੰਗਣੀਵਾਲ, ਨਿਰੰਜਣ ਸਿੰਘ ਸਾਥੀ, ਸਤਨਾਮ ਸਿੰਘ ਮਾਣਕ, ਡਾ. ਸੁਰਿੰਦਰ ਸਿੱਧੂ, ਡਾ. ਨਿਰਮਲ ਕੌਰ ਸੰਧੂ, ਪ੍ਰੋ. ਕਮਲਜੀਤ ਕੌਰ ਅਤੇ ਵਿਪਨ ਕੁਮਾਰ ਲਏ ਗਏ। ਇਸ ਇਕੱਤਰਤਾ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਅਮੋਲਕ ਸਿੰਘ ਹੋਰਾਂ ਵੱਲੋਂ ਸੰਪਾਦਿਤ ਪੁਸਤਕ ਕਿਰਤੀ ਲਹਿਰ ਦੀ ਕਵਿਤਾ ‘ਕਿਰਤੀ ਕਾਵਿ’ ਬਾਰੇ 22 ਜੁਲਾਈ 2017 ਨੂੰ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ। ਜਿਸ ਵਿਚ ਡਾ. ਲਖਵਿੰਦਰ ਸਿੰਘ ਜੌਹਲ ਇਸ ਪੁਸਤਕ ਬਾਰੇ ਪਰਚਾ ਪੇਸ਼ ਕਰਨਗੇ ਅਤੇ ਇਸ ਵਿਚਾਰ ਚਰਚਾ ਦਾ ਆਰੰਭ ਡਾ. ਸੁਰਜੀਤ ਕਰਨਗੇ ਅਤੇ ਹਰਵਿੰਦਰ ਭੰਡਾਲ ਅਤੇ ਦੇਸ ਰਾਜ ਕਾਲੀ ਇਸ ਪੁਸਤਕ ਅਤੇ ਕਿਰਤੀ ਲਹਿਰ ਬਾਰੇ ਵਿਚਾਰ ਪੇਸ਼ ਕਰਨਗੇ।

Tuesday, February 28, 2017

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਕੀਤੀ ABVP ਵੱਲੋਂ ਸ਼ਰੇਆਮ ਹਿੰਸਾ ਦੀ ਨਿਖੇਧੀ

ਮੋਦੀ ਸਰਕਾਰ 'ਤੇ ਲਾਇਆ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਵਿਗਾੜਨ ਦਾ ਦੋਸ਼
ਚੰਡੀਗੜ੍ਹ: 27 ਫਰਵਰੀ 2017: (ਦੀਪ ਜਗਦੀਪ ਸਿੰਘ//ਪੰਜਾਬ ਸਕਰੀਨ):
ਪੰਜਾਬੀ ਲੇਖਕਾਂ ਅਤੇ ਚਿੰਤਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਮੈਂਬਰਾਂ ਵੱਲੋਂ ਕੀਤੀ ਗਈ ਹਿੰਸਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਵੱਲੋਂ ਕੀਤੇ ਜਾਂਦੇ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਕੋਝਾ ਹਮਲਾ ਕਰਾਰ ਦਿੱਤਾ।
ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਪ੍ਰੈਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ, "ਇਸ ਹਿੰਸਕ ਹਮਲੇ ਨਾਲ ਇੱਕ ਵਾਰ ਫਿਰ ਸਾਬਿਤ ਹੋਇਆ ਕਿ ਮੋਦੀ ਸਰਕਾਰ ਨਾ ਸਿਰਫ ਦੇਸ਼ ਦੇ ਉਚ ਸਿੱਖਿਆ ਸੰਸਥਾਨਾਂ ਵਿੱਚ ਨਿਯੁਕਤੀਆਂ ਅਤੇ ਕੰਮਕਾਜ ਦੇ ਪੱਧਰ ਤੇ ਦਖ਼ਲਅੰਦਾਜੀ ਕਰ ਰਹੀ ਹੈ, ਸਗੋਂ ਸ਼ਰੇਆਮ ਕੈਂਪਸ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਉੱਥੇ ਦਾ ਮਾਹੌਲ ਵੀ ਵਿਗਾੜ ਰਹੀ ਹੈ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੇਐਨਯੂ ਵਿੱਚ ਇਹ ਖੇਡ ਕਿਸ ਤਰ੍ਹਾਂ ਖੇਡੀ ਗਈ, ਪੂਰੇ ਦੇਸ਼ ਨੇ ਵੇਖਿਆ। ਹੁਣ ਡੀਯੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਰਾਮਜਸ ਕਾਲਜ ਦੇ ਇੱਕ ਪ੍ਰੋਗਰਾਮ ਵਿੱਚ ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ਾਹਿਲਾ ਰਾਸ਼ਿਦ ਅਤੇ ਉਥੇ ਹੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਬੀਤੇ ਮੰਗਲਵਾਰ ਨੂੰ ਏਬੀਵੀਪੀ ਦੇ ਕਰਮਚਾਰੀਆਂ ਨੇ ਕਾਫ਼ੀ ਹੰਗਾਮਾ ਕੀਤਾ ਸੀ, ਜਿਸਦੇ ਚਲਦੇ ਉਹ ਦੋਵੇਂ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਏਬੀਵੀਪੀ ਦੇ ਇਸ ਹੰਗਾਮੇ ਦੇ ਵਿਰੋਧ ਵਿੱਚ ਆਇਸਾ ਅਤੇ ਐਸਐਫਆਈ ਸਮੇਤ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਵਿਰੋਧ ਮਾਰਚ ਕੱਢਿਆ, ਜਿਸ ਤੇ ਏਬੀਵੀਪੀ ਦੇ ਕਰਮਚਾਰੀਆਂ ਨੇ ਹਿੰਸਕ ਹਮਲਾ ਕੀਤਾ। ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਟਾਂ ਵੱਜੀਆਂ| ਪੱਤਰਕਾਰਾਂ ਦੀ ਵੀ ਮਾਰ ਕੁਟਾਈ ਕੀਤੀ ਗਈ, ਪਰ ਇਸ ਦੌਰਾਨ ਉੱਥੇ ਮੌਜੂਦ ਦਿੱਲੀ ਪੁਲੀਸ ਦਾ ਰਵੱਈਆ ਬੇਹੱਦ ਲਚਰ ਸੀ। ਜੇਕਰ ਉਸਨੇ ਮੁਸਤੈਦੀ ਵਿਖਾਈ ਹੁੰਦੀ ਤਾਂ ਹਾਲਾਤ ਇਸ ਕਦਰ ਨਹੀਂ ਵਿਗੜਦੇ ਅਤੇ ਏਬੀਵੀਪੀ ਕਾਰਕੁੰਨਾਂ ਨੂੰ ਹੋਰ ਥਾਵਾਂ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਕਰਨ ਦਾ ਹੌਸਲਾ ਨਾ ਮਿਲਦਾ।

ਕੇਂਦਰੀ ਸਭਾ ਦੇ ਲੇਖਕ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਬੀਜੇਪੀ ਦੇ ਕੇਂਦਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਉਸਨੂੰ ਲੱਗਦਾ ਹੈ ਕਿ ਵਿਦਿਆਰਥੀ ਰਾਜਨੀਤੀ ਵਿੱਚ ਜੋ ਵੀ ਉਦਾਰਵਾਦੀ ਜ਼ਮੀਨ ਬਚੀ ਹੈ, ਉਸਨੂੰ ਹਥਿਆਉਣ ਦਾ ਇਹੀ ਵਕਤ ਹੈ। ਬੀਜੇਪੀ ਅਤੇ ਸੰਘ ਦੇ ਨੇਤਾਵਾਂ ਦਾ ਇਨ੍ਹਾਂ ਨੂੰ ਖੁੱਲ੍ਹਾ ਸਮਰਥਨ ਮਿਲ ਹੀ ਰਿਹਾ ਹੈ, ਸਰਕਾਰੀ ਤੰਤਰ ਵੀ ਉਸਦੇ ਨਾਲ ਖੜ੍ਹਾ ਹੈ। ਸਰਕਾਰੀ ਸ਼ਹਿ ਉੱਤੇ ਦੇਸ਼ ਅੰਦਰ ਅਧਿਆਪਕਾਂ, ਵਿਦਿਆਰਥੀਆਂ, ਕਲਾਕਾਰਾਂ ਅਤੇ ਆਮ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰਕੇ ਉਨ੍ਹਾਂ ਦੀਆਂ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਦੇ ਉਪਰੋਕਤ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਸਮੂਹ ਅਹੁਦੇਦਾਰਾਂ ਦੀਪ ਦੇਵਿੰਦਰ ਸਿੰਘ, ਅਰਤਿੰਦਰ ਕੌਰ ਸੰਧੂ, ਜਸਵੀਰ ਝੱਜ, ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਸੁਰਿੰਦਰਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਵਰਗਿਸ ਸਲਾਮਤ, ਸੁਰਿੰਦਰ ਕੌਰ ਖਰਲ ਨੇ ਇਕਸੁਰ ਵਿਚ ਕਿਹਾ ਕਿ ਕੇਂਦਰੀ ਸਭਾ ਇਨ੍ਹਾਂ ਹਿੰਸਕ ਹਮਲਿਆਂ ਦੀ ਪੁਰਜ਼ੋਰ ਨਖੇਧੀ ਕਰਦੀ ਹੈ। ਲੇਖਕ ਆਪਣੀਆਂ ਕਲਮਾਂ ਰਾਹੀਂ ਵੀ ਇਸ ਦਾ ਵਿਰੋਧ ਕਰਨਗੇ ਅਤੇ ਸੜਕਾਂ ਉੱਤੇ ਵੀ ਉਤਰਨਗੇ। ਦੋਸ਼ੀ ਹਮਲਾਵਰਾਂ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
*Deep Jagdeep Singh: Media Co-ordinator:Kendri Punjabi Lekhak Sabha:+919818003625

Monday, February 20, 2017

ਮਾਤ ਭਾਸ਼ਾ ਨੂੰ ਲਾਗੂ ਕਰਾਉਣ ਲਈ ਲੇਖਕਾਂ ਵੱਲੋਂ ਗ੍ਰਿਫਤਾਰੀਆਂ ਦਾ ਐਲਾਨ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 21 ਫਰਵਰੀ ਦੇ ਐਕਸ਼ਨ ਦੀ ਹਮਾਇਤ  
ਲੁਧਿਆਣਾ:: 20 ਫਰਵਰੀ 2017: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਪੰਜਾਬੀ ਨਾਲ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਣ ਲਈ ਪੰਜਾਬੀ ਲੇਖਕ ਕੱਲ੍ਹ 21 ਫਰਵਰੀ ਨੂੰ ਸੜਕਾਂ ਉੱਤੇ ਉਤਰ ਰਹੇ ਹਨ। ਇਸ ਮਾਮਲੇ ਵਿੱਚ ਟਕਰਾਓ ਵੀ ਹੋ ਸਕਦਾ ਹੈ ਅਤੇ ਡਾਂਗਾਂ ਵੀ ਖਾਣੀਆਂ ਪੈ ਸਕਦੀਆਂ ਹਨ। ਪੰਜਾਬੀ ਲੇਖਕ ਇਹਨਾਂ ਸਾਰੇ ਖਤਰਿਆਂ ਬਾਰੇ ਭਲੀਭਾਂਤ ਜਾਣਦੇ ਹਨ ਪਰ ਫਿਰ ਵੀ ਖਤਰਿਆਂ ਨੂੰ ਮੁੱਲ ਲੈ ਰਹੇ ਹਨ ਕਿਓਂਕਿ ਹੋਰ ਸ਼ਾਇਦ ਕੋਈ ਰਸਤਾ ਵੀ ਨਹੀਂ ਬਚਿਆ। ਉਹਨਾਂ ਦੇ ਜਜ਼ਬੇ ਨੂੰ ਸਲਾਮ। ਅਜਿਹੇ ਜਜ਼ਬਿਆਂ ਨਾਲ ਨਿਸਚੇ ਹੀ ਪੰਜਾਬੀ ਮਜ਼ਬੂਤ ਹੋਵੇਗੀ। 
ਪਰ ਇੱਕ ਸੁਆਲ  ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੁੱਛਣਾ ਵੀ ਬਣਦਾ ਹੈ ਕਿ ਕੀ ਇਹ ਜ਼ਿੰਮੇਵਾਰੀ ਸਿਰਫ ਲੇਖਕਾਂ ਦੀ ਹੈ? ਕੀ ਸਮਾਜ ਦੇ ਬਾਕੀ ਹਿੱਸਿਆਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ? ਪੰਜਾਬ ਦੀ ਧਰਤੀ ਦੇ ਜੰਮਪਲ, ਪੰਜਾਬ ਦੀ ਹਵਾ ਵਿੱਚ ਸਾਹ ਲੈਣ ਵਾਲੇ, ਪੰਜਾਬ ਦਾ ਪਾਣੀ ਪੀਣ ਵਾਲੇ--ਇਹ ਸਾਰੇ ਲੋਕ ਪੰਜਾਬੀ ਪ੍ਰਤੀ ਕੋਈ ਜ਼ਿੰਮੇਦਾਰੀ ਨਹੀਂ ਸਮਝਦੇ? ਕੀ ਇਹਨਾਂ ਨੂੰ ਆਪਣੀ ਮਾਂ  ਬੋਲੀ ਨਾਲ ਵੀ ਕੋਈ ਪਿਆਰ ਨਹੀਂ?

ਸਮੂਹ ਪੰਜਾਬੀ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ

ਥਾਂ ਥਾਂ ਤੇ ਗਲਤ ਪੰਜਾਬੀ ਵਿੱਚ ਲਿਖੇ ਸਾਈਨ ਬੋਰਡ ਸਮਾਜ ਦੇ ਇਹਨਾਂ ਹਲਕਿਆਂ ਦੀ ਪੜ੍ਹਾਈ-ਲਿਖਾਈ ਅਤੇ ਨੀਅਤ ਦਾ ਵੀ ਪਤਾ ਦੇਂਦੇ ਹਨ। ਅਫਸੋਸ ਕਿ ਅਜਿਹੀਆਂ ਗਲਤੀਆਂ ਯੂਨੀਵਰਸਿਟੀਆਂ ਅਤੇ ਹੋਰ ਪੋਸ਼ ਇਲਾਕਿਆਂ ਵਿੱਚ ਵੀ ਨਜ਼ਰ ਆ ਜਾਂਦੀਆਂ ਹਨ। ਪੰਜਾਬੀ ਦੀ ਥਾਂ ਤੇ ਹਿੰਦੀ ਜਾਂ ਕੋਈ ਹੋਰ ਭਾਸ਼ਾ ਦੀ ਵਰਤੋਂ ਭਾਸ਼ਾਵਾਂ ਦਰਮਿਆਨ ਦੂਰੀ ਹੀ ਵਧਾ ਰਹੀ ਹੈ। ਜੇ ਇੱਕ ਥਾਂ ਸ਼ਹੀਦ ਊਧਮ ਸਿੰਘ ਨੂੰ ਉੱਦਮ ਸਿੰਘ ਲਿਖਿਆ ਗਿਆ ਹੈ ਤਾਂ ਇੱਕ ਪ੍ਰਸਿੱਧ ਹਸਪਤਾਲ ਵਿੱਚ ਲਿੰਗ ਟੈਸਟ ਵਿਰੁੱਧ ਲਿਖੇ ਕਾਨੂੰਨੀ ਨਿਰਦੇਸ਼  ਵਿੱਚ ਲਿਖਿਆ ਸੀ-ਦੰਡਨੀਏ।  ਕੀ ਪੰਜਾਬੀ ਵਿੱਚ ਇਸਦਾ ਬਦਲ ਨਹੀਂ ਸੀ ਲਭਦਾ? ਦਿਲਚਸਪ ਗੱਲ ਹੈ ਕਿ ਹਿੰਦੀ ਵਿੱਚ ਲਿਖਣ ਵਾਲੇ ਬਹੁਤ ਸਾਰੇ ਫਖਰਯੋਗ ਕਲਮਕਾਰਾਂ ਨੇ ਪੰਜਾਬੀ ਲਈ ਬਹੁਤ ਕੁਝ ਪ੍ਰਸੰਸਾਯੋਗ ਕੀਤਾ ਹੈ ਜਿਸਦੀ ਅਹਿਮੀਅਤ ਫਿਰਕੂ ਸੋਚ ਵਾਲੇ ਅਨਸਰਾਂ ਦੀਆਂ ਸਾਜ਼ਿਸ਼ਾਂ ਅਤੇ ਨਫਰਤਾਂ ਤੋਂ ਕਿਤੇ ਜ਼ਿਆਦਾ ਵੱਡੀ ਹੈ। ਅਜਿਹੇ ਫਿਰਕੂ ਸਾਜ਼ਿਸ਼ੀ ਲੋਕਾਂ ਦੇ ਗੁਪਤ ਏਜੰਡੇ ਅਤੇ ਮਨਸੂਬੇ ਬਾਰ ਬਾਰ ਅਸਫਲ ਹੋਏ ਹਨ ਪਰ ਇਹਨਾਂ ਨੇ ਤੌਬਾ ਨਹੀਂ ਕੀਤੀ। ਦੂਜੇ ਪਾਸੇ ਹਿੰਦੀ ਦੇ ਪ੍ਰਮੁੱਖ ਅਖਬਾਰਾਂ ਨੇ ਵੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਾਇਆ ਹੈ। ਅਜਿਹੇ ਹਾਲਾਤ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਘਟੋਘੱਟ ਪੰਜਾਬ ਵਿੱਚ ਸ਼ੁੱਧ ਪੰਜਾਬੀ ਸੁਨਿਸਚਿਤ ਕਿਓਂ ਨਹੀਂ ਹੋ ਸਕੀ?

ਸਮੂਹ ਪੰਜਾਬੀ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ

ਚੰਡੀਗੜ੍ਹ ਵਿਖੇ ਪੰਜਾਬੀ ਮੰਚ ਵਲੋਂ ਮਾਤ ਭਾਸ਼ਾ ਨੂੰ ਸਹੀ ਰੂਪ ਵਿਚ ਲਾਗੂ ਕਰਾਉਣ ਲਈ 21 ਫਰਵਰੀ ਅੰਤਰਾਸ਼ਟਰੀ ਮਾਤਭਾਸ਼ਾ ਦਿਵਸ ਤੇ ਗ੍ਰਿਫਤਾਰੀਆਂ ਦੇਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸਮੁੱਚੇ ਰੂਪ ਵਿਚ ਇਸ ਮੋਕੇ ਦੀ ਹਮਾਇਤ ਕਰ ਚੁੱਕੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਇਸ ਸੱਦੇ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਚੰਡੀਗੜ ਦੀਆਂ ਸਰਕਾਰਾਂ ਵਲੋਂ ਮਾਂ ਬੋਲੀ ਨੂੰ ਬਣਦਾ ਸਥਾਨ ਦੇਣ ਤੋਂ ਬਾਰ ਬਾਰ ਟਾਲਾ ਵੱਟਣ ਦੀ ਨੀਤੀ ਅਪਣਾਈ ਜਾ ਰਹੀ ਹੈ। ਰਾਜਾਂ ਦੀ ਵੰਡ ਸਮੇਂ ਜਿਵੇਂ ਅਕਸਰ ਹੁੰਦਾ ਹੈ ਚੰਡੀਗੜ੍ਹ ਜਿਸ ਰਾਜ ਵਿਚੋਂ ਦੂਜਾ ਵੱਖ ਹੁੰਦਾ ਹੈ ਯਾਨੀ ਪਹਿਲਾ ਪ੍ਰਾਂਤ ਪੰਜਾਬ ਦੀ ਹੈ। ਉੱਥੇ ਪੰਜਾਬੀ ਮਾਂ ਬੋਲੀ ਨਾਲ ਹੋ ਰਹੀ ਜਿਆਦਤੀ ਪੰਜਾਬੀਆਂ ਅਤੇ ਵਿਸ਼ੇਸ਼ ਕਰ ਲੇਖਕਾਂ ਵਿਚ ਭਾਰੀ ਰੋਸ ਪੈਦਾ ਕਰ ਰਹੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਆਖਿਆ ਕਿ ਗ੍ਰਿਫਤਾਰੀਆਂ ਦੇ ਸੱਦੇ ਨੂੰ ਅਕਾਡਮੀ ਦੀ ਪੂਰਨ ਹਮਾਇਤ ਹੈ ਅਤੇ ਵੱਡੀ ਗਿਣਤੀ ਵਿਚ ਲੇਖਕ ਅਤੇ ਪੰਜਾਬੀ ਪ੍ਰੇਮੀ ਚੰਡੀਗੜ੍ਹ ਗਿ੍ਰਫਤਾਰੀਆਂ ਦੀਆਂ ਤਿਆਰੀਆਂ ਕਰ ਰਹੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਯਾਨੀ ਮਾਂ ਬੋਲੀ ਦਾ ਸੰੰਘਜਸ਼ ਲੋਕਾਂ ਦਾ ਆਪਣੇ ਹੱਕ ਲਈ ਲੜਿਆ ਜਾਣ ਵਾਲਾ ਸੰਘਰਸ਼ ਹੈ, ਇਸ ਸੰਘਰਸ਼ ਵਿਚ ਸਾਰੇ ਲੇਖਕ ਵੱਧ ਚੜ੍ਹ ਕੇ ਸਾਥ ਦੇਣਗੇ। ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਸੁਦਰਸ਼ਨ ਗਾਸੋਂ ਨੇ ਲੇਖਕਾਂ ਨੂੰ ਵੱਡੀ ਗਿਣਤੀ ਵਿਚ ਸਮੂਲੀਅਤ ਦੀ ਅਪੀਲ ਕੀਤੀ। ਅਕਾਡਮੀ ਤੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਮਨਜਿੰਦਰ ਧਨੋਆ, ਭੁਪਿੰਦਰ ਸੰਧੂ ਨੇ ਦੱਸਿਆ ਕਿ ਇਸ ਸੰਘਰਸ਼ ਵਿਚ ਸਮੂਲੀਅਤ ਲਈ ਜੋਰਦਾਰ ਤਿਆਰਿਆਂ ਚੱਲ ਰਹੀਆ ਹਨ।  ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਇਹ ਬਿਆਨ ਪ੍ਰੈਸ ਦੇ ਨਾ ਜਾਰੀ ਕਰਦਿਆਂ ਕਿਹਾ ਕਿ ਇਸ ਮਸਲੇ ਤੇ ਸਮੁੱਚਾ ਲੇਖਕ ਭਾਈਚਾਰਾ ਇਕਮੁੱਠ ਹੈ।
ਇਸ ਸੰਘਰਸ਼ ਦੀ ਹਮਾਇਤ ਲਈ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੋਰ ਤੇ ਡਾ. ਐਸ. ਪੀ. ਸਿੰਘ, ਪ੍ਰੋ. ਨਿਰੰਜਣ ਤਸਨੀਮ, ਡਾ. ਤੇਜਵੰਤ ਗਿੱਲ, ਪ੍ਰੋ. ਗੁਰਭਜਨ ਗਿੱਲ, ਡਾ. ਐਸ. ਤਰਲੇਮ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਡਾ. ਕਰਮਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਪਿ੍ਰੰਸੀਪਲ ਪੇ੍ਰਮ ਸਿੰਘ ਬਜ਼ਾਜ਼, ਭਗਵਾਨ ਢਿਲੋਂ , ਅਜੀਤ ਪਿਆਸਾ, ਹਰਬੰਸ ਸਿੰਘ ਅਖਾੜਾ, ਪ੍ਰੋ. ਸੰਤੋਖ ਸਿੰਘ, ਪ੍ਰੋ. ਜਗਮੋਹਨ ਸਿੰਘ, ਖੁਸ਼ਵੰਤ ਬਰਗਾੜੀ, ਜਨਮੇਜਾ ਸਿੰਘ ਜੋਹਲ, ਬਲਕੌਰ ਸਿੰਘ ਗਿੱਲ, ਸੁੱਲਖਣ ਸਰਹੱਦੀ, ਮੱਖਣ ਕੁਹਾੜ, ਪ੍ਰੋ. ਸੁਰਜੀਤ ਜੱਜ, ਮੀਤਰਸੈਨ ਮੀਤ, ਤਰਲੋਚਨ ਝਾਂਡੇ ਆਦਿ ਉੱਘੇ ਲੇਖਕਾਂ ਨੇ ਹਮਾਇਤ ਕੀਤੀ ਹੈ।