"ਦ ਪੀਪਲਜ਼ ਮੀਡੀਆ ਲਿੰਕ" ਨੇ ਕੀਤੀ ਤਿੱਖੀ ਨਿਖੇਧੀ
ਮੋਹਾਲੀ: 23 ਸਤਬੰਰ 2017: (ਪੰਜਾਬ ਸਕਰੀਨ ਬਿਊਰੋ)::
ਮੀਡੀਆ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਮੋਹਾਲੀ ਵਿੱਚ ਇੱਕ ਸੀਨੀਅਰ ਪੱਤਰਕਾਰ ਨੂੰ ਭੇਦ ਭਰੀਆਂ ਹਾਲਤਾਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਹਨਾਂ ਦੀ ਬਜ਼ੁਰਗ ਮਾਂ ਨੂੰ ਵੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਹੈ। "ਦ ਪੀਪਲਜ਼ ਮੀਡੀਆ ਲਿੰਕ" ਨੇ ਇਸ ਵਾਰਦਾਤ ਨੂੰ ਬੇਹੱਦ ਚਿੰਤਾਜਨਕ ਅਤੇ ਅਫਸੋਸਨਾਕ ਦੱਸਦਿਆਂ ਇਸ ਦੀ ਤਿੱਖੀ ਨਿਖੇਧੀ ਕੀਤੀ ਹੈ।
ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ ਮ੍ਰਿਤਕ ਹਾਲਤ ਵਿੱਤ ਮਿਲੇ। ਉਨ੍ਹਾਂ ਦੇ ਮੋਹਾਲੀ ਦੇ ਫੇਸ 3ਬੀ-2 ਵਿਚਲੇ ਘਰ ਦੀ ਭੰਨ-ਤੋੜ ਵੀ ਕੀਤੀ ਜਾਪਦੀ ਹੈ। ਜਾਪਦਾ ਹੈ ਕਾਤਲ ਕਿਸੇ ਖਾਸ ਸਟੋਰੀ ਨਾਲ ਸਬੰਧਤ ਦਸਤਾਵੇਜ਼ਾਂ ਜਾਂ ਸਬੂਤਾਂ ਦੀ ਭਾਲ ਵਿੱਚ ਆਏ ਸਨ ਕਿਓਂਕਿ ਉਹਨਾਂ ਨੇ ਗਲੇ ਵਿੱਚ ਪਈ ਸੋਨੇ ਦੀ ਚੇਨੀ ਨਹੀਂ ਉਤਾਰੀ। ਹਮਲਾਵਰਾਂ ਨੇ ਨੇੜੇ ਹੀ ਪਰਸ ਵਿੱਚ 25 ਹਜ਼ਾਰ ਰੁਪਏ ਵੀ ਨਹੀਂ ਛੇੜੇ। ਜ਼ਾਹਿਰ ਹੈ ਮਾਮਲਾ ਲੁੱਟਮਾਰ ਦਾ ਨਹੀਂ। ਘਰ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਇਹ ਵੀ ਜ਼ਾਹਿਰ ਹੈ ਕਿ ਪੱਤਰਕਾਰ ਕੇ ਜੇ ਸਿੰਘ ਦੀ ਕਿਸੇ ਨਾਲ ਰੰਜਿਸ਼ ਜਾਂ ਦੁਸ਼ਮਣੀ ਨਹੀਂ ਸੀ।
ਮੁੱਢਲੀ ਰਿਪੋਰਟ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਕੇ. ਜੇ. ਸਿੰਘ ਦੀ ਲਾਸ਼ ਸਥਿਰ ਹਾਲਤ ਵਿੱਚ ਪਾਈ ਗਈ, ਪਰ ਉਨ੍ਹਾਂ ਦੇ ਮਾਤਾ ਦੀ ਗਰਦਨ 'ਤੇ ਅਜਿਹੇ ਨਿਸ਼ਾਨ ਹਨ, ਕਿ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਦੋਵੇਂ ਲਾਸ਼ਾਂ ਖ਼ੂਨ ਨਾਲ ਲਥਪਥ ਸਨ। ਕਤਲ ਨੂੰ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ਇਸ ਬਾਰੇ ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਕੰਮ ਵਾਲੀ ਨੇ ਇਸ ਘਟਨਾ ਬਾਰੇ ਗੁਆਂਢੀਆਂ ਨੂੰ ਦੱਸਿਆ ਤੇ ਉਨ੍ਹਾਂ ਦੇ ਸੱਦਣ 'ਤੇ ਪੁਲਸ ਆਈ। ਦੂਜੀ ਗੱਲ ਸਾਹਮਣੇ ਆਈ ਹੈ ਕਿ ਪੱਤਰਕਾਰ ਕੇ ਜੇ ਸਿੰਘ ਦੀ ਭੈਣ ਯਸ਼ਪਾਲ ਕੌਰ ਅਤੇ ਭਤੀਜਾ ਅਜੇ ਪਾਲ ਸਿੰਘ ਲੰਚ ਲੈ ਕੇ ਉੱਥੇ ਗਏ।
ਪੱਤਰਕਾਰ ਦੀ ਫ਼ੋਰਡ ਆਈਕੌਨ ਕਾਰ, ਐਲ.ਸੀ.ਡੀ. ਅਤੇ ਘਰ ਦਾ ਹੋਰ ਸਾਮਾਨ ਵੀ ਗ਼ਾਇਬ ਸੀ, ਪਰ ਦੋਵਾਂ ਮ੍ਰਿਤਕਾਂ ਦੇ ਗਲ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਚੇਨਾਂ ਸਲਾਮਤ ਸਨ। ਇਹ ਜਾਪਦਾ ਹੈ ਕਿ ਇਹ ਕਤਲ ਬੀਤੀ ਰਾਤ ਪੱਤਰਕਾਰ ਦੀ ਨੌਕਰਾਣੀ ਦੇ ਘਰੋਂ ਜਾਣ ਤੋਂ ਬਾਅਦ ਹੋਏ ਅਤੇ ਇਸ ਘਟਨਾ ਦਾ ਖੁਲਾਸਾ ਉਸ ਦੇ ਦੁਪਹਿਰ ਸਮੇਂ ਕੰਮ 'ਤੇ ਪਰਤਣ ਤੋਂ ਬਾਅਦ ਹੋਇਆ।
ਕੇ. ਜੇ. ਸਿੰਘ ਦੀ ਉਮਰ ਤਕਰੀਬਨ 60 ਸਾਲ ਸੀ, ਜਦਕਿ ਉਨ੍ਹਾਂ ਦੇ ਮਾਤਾ 92 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਨ। "ਇੰਡੀਅਨ ਐਕਸਪ੍ਰੈਸ" ਅਤੇ "ਟਾਈਮਜ਼ ਆਫ਼ ਇੰਡੀਆ" ਵਿੱਚ ਕੰਮ ਕਰਨ ਤੋਂ ਬਾਅਦ ਕੇ.ਜੇ. ਸਿੰਘ "ਦਿ ਟ੍ਰਿਬਿਊਨ" ਦੇ ਮੁੱਖ ਖ਼ਬਰ ਸੰਪਾਦਕ ਵਜੋਂ ਸੇਵਾ-ਮੁਕਤ ਹੋਏ ਸਨ। ਜ਼ਿਕਰਯੋਗ ਹੈ ਕਿ ਕੇ ਜੇ ਸਿੰਘ ਨੇ ਆਪਣਾ ਪੱਤਰਕਾਰੀ ਦਾ ਇਹ ਕੈਰੀਅਰ ਸੰਨ 1978 ਵਿਛਕ ਇੰਡੀਅਨ ਐਕਸਪ੍ਰੈਸ ਵਿੱਚ ਸਬ ਐਡੀਟਰ ਵੱਜੋਂ ਕੰਮ ਕਰਕੇ ਸ਼ੁਰੂ ਕੀਤਾ ਸੀ।
ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੇ ਆਈ ਜੀ ਪੀ ਕਰਾਈਮ ਸ਼ਸ਼ੀ ਪ੍ਰਭਾ ਦਿਰਵੇਦੀ ਨਾਲ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਸਾਨੂੰ ਕੁਝ ਸੁਰਾਗ ਮਿਲੇ ਹਨ ਜਿਹਨਾਂ ਦਾ ਅਧਿਐਨ ਅਦੀਨ ਆਪਣੇ ਨਿਯਮਾਂ ਅਤੇ ਸਿਸਟਮ ਅਧੀਨ ਕਰ ਰਹੇ ਹਾਂ। ਛੇਤੀ ਹੀ ਸੱਚ ਸਾਹਮਣੇ ਆ ਜਾਏਗਾ।
ਪੰਜਾਬ ਪੁਲਸ ਨੇ ਮੁੱਖ ਮੰਤਰੀ ਦੀ ਹਦਾਇਤ 'ਤੇ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਗੁਰਚਰਨ ਕੌਰ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਮੋਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਇੱਕ ਤੋਂ ਵੱਧ ਸੀ। ਉਹਨਾਂ ਕਿਹਾ ਕਿ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ, ਪਰ ਉਨ੍ਹਾਂ ਨੇ ਕਤਲ ਲਈ ਚੋਰੀ ਨੂੰ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਸ ਨੂੰ ਮਾਮਲੇ 'ਚ ਸੂਹ ਮਿਲੀ ਹੈ ਤੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੀ ਨਿਖੇਧੀ ਕੀਤੀ ਹੈ ਅਤੇ ਪੁਲਸ ਤੋਂ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਪੱਤਰਕਾਰ ਸੰਗਠਨਾਂ ਨੇ ਇਸ ਕਤਲ ਦੀ ਨਿਖੇਧੀ ਕੀਤੀ ਹੈ।
No comments:
Post a Comment