Monday, July 29, 2019

ਬਿਹਾਰ ਵਿੱਚ ਪੱਤਰਕਾਰ ਪ੍ਰਦੀਪ ਮੰਡਲ ਦਾ ਗੋਲੀ ਮਾਰ ਕੇ ਕਤਲ

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ 'ਤੇ ਫਰਾਰ 
ਮਧੂਬਨੀ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਇੱਕ ਹੋਰ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰ ਘਟਨਾ ਵਾਪਰੀ ਹੈ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਥਾਣਾ ਪੰਡੋਲ ਵਿੱਚ ਪੈਂਦੇ ਸਰਿਸਬ ਪਾਹੀ ਬਾਜ਼ਾਰ ਵਿੱਚ। ਇਹ ਵਾਰਦਾਤ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਮੌਤ ਦਾ ਸ਼ਿਕਾਰ ਹੋਏ ਪੱਤਰਕਾਰ ਪ੍ਰਦੀਪ ਮੰਡਲ ਦੀ ਉਮਰ ਅਜੇ ਸਿਰਫ 36 ਸਾਲਾਂ ਦੀ ਸੀ ਅਤੇ ਉਹ ਇੱਕ ਕੌਮੀ ਪੱਧਰ ਦੇ ਅਖਬਾਰ ਲਈ ਸਟਰਿੰਗਰ ਵੱਜੋਂ ਕੰਮ ਕਰਦੇ ਸਨ।  ਇਸ ਕਤਲ ਨੇ ਇੱਕ ਵਾਰ ਫੇਰ ਮੀਡੀਆ ਦੀ ਚੁਣੌਤੀਆਂ ਭਰੀ ਸਥਿਤੀ ਨੂੰ ਸਾਹਮਣੇ ਲੈ ਆਂਦਾ ਹੈ। 
ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਜਿੰਨੀਆਂ ਮਰਜ਼ੀ ਗਾਹਲਾਂ ਕੱਢ ਲਈਆਂ ਜਾਣ ਪਰ ਹਕੀਕਤ ਇਹੀ ਹੈ ਕਿ ਮੀਡੀਆ ਲਈ ਕੰਮ ਕਰਨ ਵਾਲੇ ਅਸਲੀ ਕਿਰਤੀ ਪੱਤਰਕਾਰ ਲਗਾਤਾਰ ਦਬਾਅ ਹੇਠ ਹਨ। ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਘੰਟੇ ਕੰਮ ਕਰਨਾ ਪੈਣਾ ਹੈ। ਡੈਸਕ ਵਾਲਿਆਂ ਦੀ ਹਾਲਤ ਜ਼ਿਆਦਾ ਖਰਾਬ ਹੈ ਜਦਕਿ ਫੀਲਡ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ। ਜਦੋਂ ਕਿਸੇ ਪਤਰਕਾਰ ਨੂੰ ਕੋਈ ਵਿਸ਼ੇਸ਼ ਸਟੋਰੀ ਕਵਰ ਕਰਨ ਦੀ ਡਿਊਟੀ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਉਸਨੂੰ ਹਰ ਮਾਮਲੇ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਕੁ ਖਤਰਿਆਂ ਨੂੰ ਸਹੇੜਨ ਵਾਲਾ ਹੈ। ਸਿਰਫ ਕੁਝ ਕੁ ਮਾਮਲੇ ਹੁੰਦੇ ਹਨ ਜਿਹਨਾਂ ਦਾ ਉਸਨੂੰ ਅੰਦਾਜ਼ਾ ਲੱਗ ਸਕਦਾ ਹੁੰਦਾ ਹੈ। ਜੇ ਸਟੋਰੀ ਵਿੱਚੋਂ ਕੋਈ ਵੱਡਾ ਇਸ਼ਤਿਹਾਰੀ ਗੇਮ ਨਿਕਲਦੀ ਵੀ ਹੈ ਤਾਂ ਪੱਤਰਕਾਰ ਨੂੰ ਸਿਰਫ ਉਸਦੀ ਨਿਸਚਿਤ ਕਮਿਸ਼ਨ ਹੀ ਮਿਲਦੀ ਹੈ। ਇਸ ਫਾਇਦੇ ਦੇ ਨਾਲ ਨਾਲ ਉਸਨੂੰ ਕਦੋਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋਣਾ ਪੈ ਜਾਵੇ ਇਹ ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ। 
ਪੰਡਾਲ ਥਾਣੇ ਦੇ ਮੁਖੀ ਅਨੁਜ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਦੀ ਲਾਸ਼ ਦਾ ਪੋਸਟ ਮਾਰਟਮ ਜ਼ਿਲਾ ਸਦਰ ਹਸਪਤਾਲ ਵਿੱਚ ਕਰਾਇਆ ਗਿਆ ਹੈ ਅਤੇ ਪਹਿਲੀ ਨਜ਼ਰੇ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। 
ਗੋਲੀਆਂ ਚਲਾਉਣ ਮਗਰੋਂ ਦੋਵੇਂ ਹਮਲਾਵਰ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਹਮਲਾਵਰ ਸਨ ਸੁਸ਼ੀਲ ਸ਼ਾਹ ਅਤੇ ਅਸ਼ੋਕ ਕਾਮਤ। ਦੋਹਾਂ ਦਾ ਪਿਛੋਕੜ ਵੀ ਮੁਜਰਿਮਾਨਾ ਰਿਕਾਰਡ ਵਾਲਾ ਹੈ। 
ਪੱਤਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਇਸ ਕਤਲ ਦੀ ਸਖਤ ਨਿਖੇਧੀ ਕੀਤੀ ਹੈ। ਬਿਹਾਰ ਦੀ ਪ੍ਰਮੁੱਖ ਸਿਆਸੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੇ ਵੀ ਇਸ ਕਤਲ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ਆਰ ਜੇ ਡੀ ਦੇ ਐਮ ਐਲ ਏ ਅਤੇ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਇਸ ਕਤਲ ਤੋਂ ਸਾਫ ਜ਼ਾਹਿਰ ਹੈ ਕਿ ਬਿਹਾਰ ਦੀ ਅਮਨ ਕਾਨੂੰਨ  ਦੀ ਹਾਲਤ ਕਿੰਨੀ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਏ।  
ਪੀਪਲਜ਼ ਮੀਡੀਆ ਲਿੰਕ ਨੇ ਵੀ ਇਸ ਕਤਲ ਦੀ ਤਿੱਖੀ ਨਿਖੇਧੀ ਕੀਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਕਿਹਾ ਕਿ ਆਏ ਦਿਨ ਪੱਤਰਕਾਰਾਂ 'ਤੇ ਵੱਧ ਰਹੇ ਹਮਲੇ ਇੱਕ ਖਤਰਨਾਕ ਸੰਕੇਤ ਹਨ। ਆਉਣ ਵਾਲਾ ਸਮਾਂ ਜ਼ਿਆਦਾ ਭਿਆਨਕ ਲੱਗ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਦੇਖਦਿਆਂ ਪੱਤਰਕਾਰਾਂ ਨੂੰ ਜਲਦੀ ਤੋਂ ਜਲਦੀ ਇੱਕ ਜੁੱਟ ਹੋਣਾ ਚਾਹੀਦਾ ਹੈ। 

No comments: