Sunday, May 03, 2015

ਪੰਜਾਬੀ ਭਵਨ 'ਚ ਹੋਇਆ ਮਹਾਂਰਿਸ਼ੀ ਨਾਰਦਮੁਨੀ ਨੂੰ ਸਮਰਪਿਤ ਸਮਾਗਮ

ਸਮਾਗਮ 'ਚ ਹੋਈ ਮੌਜੂਦਾ ਪੱਤਰਕਾਰੀ 'ਚ ਆਏ ਨਿਘਾਰ ਦੀ ਬੇਖੌਫ ਚਰਚਾ
ਲੁਧਿਆਣਾ: 3 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਪੰਜਾਬੀ ਭਵਨ ਦਾ ਮਾਹੌਲ ਕੁਝ ਵੱਖਰਾ ਵੱਖਰਾ ਜਿਹਾ ਸੀ। ਬੜਾ ਸ਼ਾਂਤ, ਬੜਾ ਸਕੂਨ ਮਈ ਪਰ ਬੜੇ ਭਖਦੇ ਮਸਲਿਆਂ ਦੀ ਗੱਲ ਕਰਦਾ ਹੋਈ। ਜਦੋਂ ਮੈਂ ਉੱਥੇ ਪੁੱਜਿਆ ਤਾਂ ਗੱਲ ਹੋ ਰਹੀ ਸੀ ਉਹਨਾਂ ਦੀ ਜਿਹਨਾਂ ਦੀ ਗੱਲ ਆਮ ਤੌਰ ਤੇ ਕੋਈ ਨਹੀਂ ਕਰਦਾ। ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ ਵਾਲੀ ਭਾਵਨਾ ਨਾਲ ਦਿਨ ਰਾਤ ਕੰਮ ਕਰਦੇ ਪੱਤਰਕਾਰਾਂ ਅਤੇ ਅੱਜ ਦੀ ਪੱਤਰਕਾਰੀ ਬਾਰੇ ਚਰਚਾ ਕਰ ਰਹੇ ਸਨ ਡਾਕਟਰ ਕੁਲਦੀਪ ਅਗਨੀਹੋਤਰੀ।ਇਹ ਸਾਰਾ ਆਯੋਜਨ ਆਰ ਐਸ ਐਸ  ਦਾ ਸਮਰਥਕ ਆਖੀ ਜਾਂਦੀ ਇੱਕ ਸੰਸਥਾ ਵਿਸ਼ਵ ਸੰਵਾਦ ਕੇਂਦਰ ਅਤੇ ਖੱਬੇਪੱਖੀਆਂ ਦਾ ਵਿਸ਼ੇਸ਼ ਅਧਾਰ ਸਮਝੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਹੋ ਰਿਹਾ ਸੀ। ਮਹਾਂ ਰਿਸ਼ੀ ਨਾਰਦਮੁਨੀ ਜੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਪੰਜਾਬੀ ਸਭਿਆਚਾਰ, ਸਮਾਜਿਕ ਏਕਤਾ ਅਤੇ ਮੀਡੀਆ ਵਿਸ਼ੇ ਤੇ ਚਰਚਾ ਹੋ ਰਹੀ ਸੀ। ਮੁੱਖ ਮਹਿਮਾਨ ਡਾਕਟਰ ਕੁਲਦੀਪ ਅਗਨੀਹੋਤਰੀ ਸਨ। ਕਾਬਿਲੇ ਜ਼ਿਕਰ ਹੈ ਕਿ ਡਾਕਟਰ ਕੁਲਦੀਪ ਅਗਨੀਹੋਤਰੀ ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਵਾਈਸ ਚਾਂਸਲਰ ਹਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਗੁਰਭਜਨ ਗਿੱਲ, ਡਾਕਟਰ ਗੁਰਚਰਨ ਕੌਰ ਕੋਚਰ, ਸ਼੍ਰੀ ਰਾਮ ਗੋਪਾਲ, ਡਾਕਟਰ ਗੁਲਜ਼ਾਰ ਪੰਧੇਰ ਅਤੇ ਇੰਜੀਨੀਅਰ ਕਰਮਜੀਤ ਔਜਲਾ ਸੁਸ਼ੋਭਿਤ ਸਨ। 
ਅਖਬਾਰਾਂ ਅਤੇ ਚੈਨਲਾਂ ਦੇ ਮਾਲਕਾਂ ਵੱਲੋਂ ਇਹਨਾਂ ਦੇ ਪ੍ਰਬੰਧ ਵਿੱਚ ਵਧ ਰਹੀ ਦਖਲੰਦਾਜ਼ੀ ਤੇ ਚਰਚਾ ਕਰਦਿਆਂ ਡਾਕਟਰ ਕੁਲਦੀਪ ਅਗਨੀਹੋਤਰੀ ਨੇ ਬਹੁਤ ਹੀ ਸਾਦਗੀ ਭਰੇ ਅੰਦਾਜ਼ ਨਾਲ ਉਹਨਾਂ ਸਾਰੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਜਿਹੜੀਆਂ ਇਸ ਰਹੀ ਦਖਲੰਦਾਜ਼ੀ ਕਾਰਣ ਉਹਨਾਂ ਪੱਤਰਕਾਰਾਂ  ਨੂੰ ਪੇਸ਼ ਆ ਰਹੀਆਂ ਹਨ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਭਲੇ ਦੀ ਕੋਈ ਖਬਰ ਤਿਆਰ ਕਰਦੇ ਹਨ ਪਰ ਐਨ ਮੌਕੇ ਤੇ ਕਿਸੇ ਅਚਨਚੇਤੀ ਆਏ ਇਸ਼ਤਿਹਾਰ ਨੂੰ ਛਾਪਣ ਲਈ ਖਬਰ ਨੂੰ ਜਾਂ ਤਾਂ ਪੂਰੀ ਤਰਾਂ ਕਢ  ਤੇ ਜਾਂ ਫਿਰ ਉਸਦਾ ਕਚੂਮਰ ਇਸ ਤਰਾਂ ਕਢਿਆ ਜਾਂਦਾ ਹੈ ਕਿ ਖਬਰ ਵਿੱਚ ਜਾਨ ਹੀ ਨਹੀਂ ਬਚਦੀ। ਉਹਨਾਂ ਬੜੇ ਦੁੱਖ ਨਾਲ ਦੱਸਿਆ ਕਿ ਕਿਵੇਂ ਅੱਜਕਲ੍ਹ ਰਿਪੋਰਟਰਾਂ ਅਤੇ ਡੈਸਕ  ਵਾਲੇ ਸਬ ਐਡੀਟਰਾਂ ਨੂੰ ਹਦਾਇਤ ਭਰੇ ਅੰਦਾਜ਼ ਵਿੱਚ ਸਮਝਾਇਆ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਖਬਰ ਲਿਖਣੀ ਹੈ ਉਹ ਇਸ਼ਤਿਹਾਰਾਂ ਦੀਆਂ ਖੂਬੀਆਂ ਨੂੰ ਵਧਾਉਣ ਅਤੇ ਲਿਸ਼ਕਾਉਣ ਵਾਲੀ ਹੋਵੇ। 
ਇਸ ਤਰਾਂ ਇਹ ਉਸ ਵਰਗ ਦੇ ਦਰਦ ਅਤੇ ਮੁਸ਼ਕਿਲਾਂ ਦੀ ਚਰਚਾ ਸੀ ਜਿਹੜਾ ਵਰਗ ਸਾਰੇ ਸਮਾਜ ਲਈ  ਦਿਨ ਰਾਤ ਸੰਘਰਸ਼ ਕਰਦਾ ਹੈ। ਮੀਡੀਆ ਨਾਲ ਜੁੜੀਆਂ ਮੁਸ਼ਕਿਲਾਂ ਬਾਰੇ ਆਮ ਲੋਕਾਂ ਨੂੰ ਦੱਸਣ ਲਈ ਅਜਿਹੇ ਕਿਸੇ ਸਮਾਗਮ ਦੀ ਜਰੂਰਤ ਬੜੇ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਸੀ। 

No comments: