ਪੱਤਰਕਾਰੀ ਦੇ ਇੱਕ ਯੁਗ ਦਾ ਅੰਤ-ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ
ਜਲੰਧਰ: 22 ਅਗਸਤ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਥਾਂ ਸਰਦਾਰ ਭਰਪੂਰ ਸਿੰਘ ਬਲਬੀਰ ਉਰਫ ਨੇਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ 30 ਮਾਡਰਨ ਕਾਲੋਨੀ ਨੇਡ਼ੇ ਜਵਾਹਰ ਨਗਰ ਜਲੰਧਰ ਤੋਂ ਆਰੰਭ ਹੋਵੇਗੀ। ਉਹਨਾਂ ਦੀ ਵੀ ਉਮਰ ਕਾਫੀ ਸੀ, ਸਿਹਤ ਵੀ ਖਰਾਬ ਸੀ ਸੋ ਇਹ ਖਬਰ ਕਿਸੇ ਵੀ ਵੇਲੇ ਆ ਸਕਦੀ ਸੀ ਪਰ ਫਿਰ ਵੀ ਇਹ ਖਬਰ ਬੇਹੱਦ ਦੁੱਖਦਾਈ ਸੀ। ਅਜੇ ਉਹਨਾਂ ਦੀ ਕਾਫੀ ਲੋੜ ਸੀ। ਉਹਨਾਂ ਨੂੰ ਬਹੁਤ ਕੁਝ ਅਜਿਹਾ ਪਤਾ ਸੀ ਜਿਸਦਾ ਵੇਰਵਾ ਉਹੀ ਸੰਗਤ ਨੂੰ ਦੇ ਸਕਦੇ ਸਨ।
ਅਪਰੇਸ਼ਨ ਬਲਿਊ ਸਟਾਰ ਵਾਲੀਆਂ ਹਾਲਤਾਂ ਨੂੰ ਬਹੁਤ ਹੀ ਨੇੜਿਓਂ ਦੇਖਣ ਵਾਲੇ ਗਵਾਹ ਉਰਫ ਨੇਤਾ ਜੀ ਹੁਣ ਹਮੇਸ਼ਾਂ ਲਈ ਖਾਮੋਸ਼ ਹੋ ਗਏ ਹਨ। ਓਸ਼ੋ ਰਜਨੀਸ਼ ਦੇ ਵਿਚਾਰਾਂ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਇਸ ਦਰਵੇਸ਼ ਪੱਤਰਕਾਰ ਨੇ ਉਸ ਥਾਂ ਵੱਲ ਸਫ਼ਰ ਕਰ ਲਿਆ ਹੈ ਜਿੱਥੋਂ ਕੋਈ ਵਾਪਿਸ ਨਹੀਂ ਮੁੜਦਾ। ਰੋਜ਼ਾਨਾ ਅੱਜ ਦੀ ਆਵਾਜ਼ ਦੇ ਫਾਊਂਡਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਿਕਟਵਰਤੀਆਂ ਵਿੱਚੋਂ ਇੱਕ,
ਪੰਜਾਬ ਦੇ ਬੇਹੱਦ ਨਾਜ਼ੁਕ ਦਿਨਾਂ ਵਿੱਚ ਰੋਜ਼ਾਨਾ ਅਕਾਲੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਰਹਿਣ ਵਾਲੇ ਸਰਦਾਰ ਬਲਬੀਰ ਦੀ ਲੇਖਣੀ ਵਿੱਚ ਇੱਕ ਜਾਦੂ ਸੀ। ਇਸ ਲੇਖਣੀ ਨੇ ਹੀ ਅਕਾਲੀ ਪਤ੍ਰਿਕਾ ਦੀ ਸਰਕੂਲੇਸ਼ਨ ਨੂੰ ਰਿਕਾਰਡ ਤੋੜ ਉਚਾਈ ਦਿੱਤਾ ਸੀ। ਬਲਿਓ ਸਟਾਰ ਤੋਂ ਬਾਅਦ ਰੋਜ਼ਾਨਾ ਅੱਜ ਦੀ ਆਵਾਜ਼ ਫਾਊਂਡਰ ਵੱਜੋਂ ਉਭਰ ਕੇ ਸਾਹਮਣੇ ਆਏ ਭਰਪੂਰ ਸਿੰਘ ਬਲਬੀਰ ਦਾ ਸ਼ਾਇਰਾਨਾ ਅੰਦਾਜ਼ ਉਹਨਾਂ ਦੇ ਸੰਪਾਦਕੀ ਲੇਖਾਂ ਨੂੰ ਲੋਕਾਂ ਦੇ ਦਿਲਾਂ ਸੀ। ਜਦੋਂ ਸਿੱਖ ਸਿਆਸਤ ਦੇ ਬਹੁਤ ਸਾਰੇ ਕਹਿੰਦੇ ਕਹਾਉਂਦੇ ਆਗੂ ਕਈ ਕਈ ਤਰਾਂ ਦੀ ਬੋਲੀ ਬੋਲ ਰਹੇ ਸਨ ਉਸ ਵੇਲੇ ਉਹਨਾਂ ਇੱਕ ਸੰਪਾਦਕੀ ਵਿੱਚ ਲਿਖਿਆ ਸੀ--
ਝੁਕ ਕਰ ਸਲਾਮ ਕਰਨੇ ਮੈਂ ਕਿਆ ਹਰਜ ਹੈ ਮਗਰ,
ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ।
ਉਹਨਾਂ ਨਾਲ ਬਿਤਾਏ ਦਿਨ ਅੱਜ ਬਹੁਤ ਯਾਦ ਆ ਰਹੇ ਹਨ। ਉਹ ਬੋਲ ਕੇ ਸੰਪਾਦਕੀ ਲਿਖਵਾਉਂਦੇ ਸਨ। ਅਕਾਲੀ ਪੱਤ੍ਰਿਕਾ ਵਿੱਚ ਕਰਦਿਆਂ ਮੈਨੂੰ ਕਈ ਵਾਰ ਉਹਨਾਂ ਦੇ ਨੇੜੇ ਬੈਠਣ ਅਤੇ ਉਹਨਾਂ ਦੇ ਕੰਮ ਦੀ ਸ਼ੈਲੀ ਨੂੰ ਦੇਖਣ ਸਮਝਣ ਦਾ ਮੌਕਾ ਮਿਲਿਆ। ਜਦੋਂ ਉਹ ਸੰਪਾਦਕੀ ਟੇਬਲ ਆਪਣੀ ਕੁਰਸੀ 'ਤੇ ਆ ਕੇ ਬੈਠਦੇ ਤਾਂ ਉਹਨਾਂ ਦੇ ਹੱਥ ਵਿੱਚ ਅਕਸਰ ਸਿੱਖ ਪਰਚਿਆਂ ਦੇ ਨਾਲ ਨਾਲ ਨਕਸਲੀ ਵਿਚਾਰਧਾਰਾ ਵਾਲੇ ਖੱਬੇ ਪੱਖੀ ਪਰਚਿਆਂ ਦੇ ਵੀ ਕੁਝ ਚੋਣਵੈਂ ਅੰਕ ਹੁੰਦੇ ਜਿਹਨਾਂ ਦੀ ਵਰਤੋਂ ਉਹ ਆਪਣੇ ਵਿਚਾਰ ਪ੍ਰਗਟਾਵੇ ਦੌਰਾਨ ਹਵਾਲਿਆਂ ਵੱਜੋਂ ਕਰਦੇ। ਉਹਨਾਂ ਕੋਲ ਮਹੱਤਵਪੂਰਨ ਦਸਤਾਵੇਜ਼ਾਂ ਦਾ ਇੱਕ ਵਿਸ਼ਾਲ ਭੰਡਾਰ ਸੀ ਇਹਨਾਂ ਵਿੱਚ ਉਸ ਵੇਲੇ ਦੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲਿਖੀ ਇੱਕ ਇਤਿਹਾਸਿਕ ਚਿੱਠੀ ਵੀ ਸ਼ਾਮਲ ਹੈ ਜਿਹੜੀ ਉਹਨਾਂ ਕੁਝ ਮਹੀਨੇ ਪਹਿਲਾਂ ਮੀਡੀਆ ਨੂੰ ਵੀ ਦਿਖਾਈ ਸੀ।
ਕੁਝ ਬਾਜ਼ਮੀਰ ਪੱਤਰਕਾਰ ਅਜੇ ਵੀ ਮੌਜੂਦ ਹਨ ਜਿਹੜੇ ਉਹਨਾਂ ਐਡ ਬਹੁਤ ਨੇੜੇ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਉਹ ਘਟੋਘੱਟ ਅਜਿਹੇ ਰਾਜ ਜ਼ਰੂਰ ਸਭਨਾਂ ਦੇ ਸਾਹਮਣੇ ਲਿਆਉਣਗੇ ਜਿਹੜੇ ਅੱਜ ਦੇ ਹਾਲਾਤ ਵਿੱਚ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਵਾਲੇ ਸੰਕਲਪ ਦੀ ਪੂਰਤੀ ਲਈ ਸਾਹਮਣੇ ਆਉਣੇ ਜ਼ਰੂਰੀ ਹਨ। ਇਹੀ ਹੋਵੇਗੀ ਬਲਬੀਰ ਜੀ ਨੂੰ ਸ਼ਰਧਾਂਜਲੀ। ਇਹੀ ਹੋਵੇਗੀ ਨੇਤਾ ਜੀ ਨੂੰ ਸਲਾਮ।
No comments:
Post a Comment