Showing posts with label punjabi Bhawan. Show all posts
Showing posts with label punjabi Bhawan. Show all posts

Monday, May 11, 2026

ਇੱਕ ਵਾਰ ਫੇਰ ਬੋਲਣ ਦੀ ਆਜ਼ਾਦੀ ਨੂੰ ਬਣੇ ਵੱਡੇ ਖ਼ਤਰੇ- ਡਾ. ਸੁਖਦੇਵ ਸਿਰਸਾ

Panjabi Bhawan Ludhiana on May 11, 2026 at 1:41 PM Regarding PWA Meeting

ਪ੍ਰਗਤੀਸ਼ੀਲ ਲੇਖਕ ਸੰਘ ਦੀ ਬੈਠਕ ਵਿੱਚ ਹੋਈ ਮੌਜੂਦਾ ਚੁਣੌਤੀਆਂ ਦੀ ਚਰਚਾ 


ਲੁਧਿਆਣਾ
:11 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਅਗਾਂਹਵਧੂ ਲੇਖਕਾਂ ਦੇ ਸੰਗਠਨ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਇੱਕ ਵਾਰ ਫੇਰ ਲੇਖਕ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਅਹਿਮ ਬੈਠਕ ਸੂਬਾਈ ਪ੍ਰਧਾਨ ਪ੍ਰੋ. ਸੁਰਜੀਤ ਜੱਜ ਦੀ ਅਗਵਾਈ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬੈਠਕ ਵਿਚ ਸੂਬਾ ਕਮੇਟੀ ਮੈਂਬਰਾਂ ਸਮੇਤ 17 ਜ਼ਿਲਾ ਇਕਾਈਆਂ ਦੇ 50 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ। 

ਇਸ ਮੀਟਿੰਗ ਵਿਚ ਵਿਚਾਰੇ ਗਏ ਅਹਿਮ ਮੁੱਦਿਆਂ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਇਹ ਬੈਠਕ 11-12 ਅਪ੍ਰੈਲ ਨੂੰ ਮੁੰਬਈ ਵਿਚ ਹੋਈ ਰਾਸ਼ਟਰੀ ਪੱਧਰ ਦੀ ਬੈਠਕ ਅਤੇ ਕੌਮੀ ਸੰਮੇਲਨ ਦੇ ਫੈਸਲਿਆਂ ਦੇ ਵਿਸ਼ੇਸ਼ ਪ੍ਰਸੰਗ ਵਿਚ ਹੋਈ। 

ਇਸ ਰਾਸ਼ਟਰੀ ਸਮਾਗਮ ਦੇ ਹਵਾਲੇ ਨਾਲ ਰਾਸ਼ਟਰੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਤੀਜੇ ਵਿਸ਼ਵ ਯੁੱਧ ਦੀ ਸਾਫ਼ ਆਹਟ ਸੁਣਾਈ ਦੇ ਰਹੀ ਹੈ, ਬੋਲਣ ਦੀ ਆਜ਼ਾਦੀ ਨੂੰ ਵੱਡੇ ਖ਼ਤਰੇ ਹਨ, ਮਨੁੱਖੀ ਅਧਿਕਾਰਾਂ ਦਾ ਗੌਰਵ ਸੰਕਟ ਵਿਚ ਹੈ, ਅਜਿਹੇ ਦੌਰ ਵਿਚ ਸਾਡਾ ਲੇਖਕ ਜ਼ਿਆਦਾਤਰ ਸੰਵੇਦਨਹੀਨ ਹੈ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭਗੌੜਾ ਹੋ ਰਿਹਾ ਹੈ। 

ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਇਸ ਵੇਲੇ ਸਮੁੱਚੇ ਹਾਸ਼ੀਆਗਤ ਸਮਾਜ, ਔਰਤਾਂ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨਾਲ ਜੋੜਨ ਦੀ ਜ਼ਰੂਰਤ ਹੈ ਅਤੇ ਪੰਜਾਬ ਦੀਆਂ ਅਗਾਂਹਵਧੂ ਧਿਰਾਂ ਨੂੰ ਸਿੱਖ ਦਰਸ਼ਨ ਦੇ ਲੋਕਪੱਖੀ ਫ਼ਲਸਫੇ ਨੂੰ ਤਵੱਜੋਂ ਦੇਕੇ ਲੋਕਾਂ ਦੇ ਬੁਨਿਆਦੀ ਮਸਲੇ ਉਠਾਉਣ ਦੀ ਜ਼ਰੂਰਤ ਹੈ। 

ਕੌਮੀ ਵਿੱਤ ਸਕੱਤਰ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵਕਤ ਲੋਕਰਾਜੀ ਕਦਰਾਂ-ਕੀਮਤਾਂ ਤੇ ਮਨੁੱਖਤਾ ਲਈ ਜ਼ਰੂਰੀ ਵਡੇਰੇ ਆਦਰਸ਼ਾਂ ਨੂੰ ਵੱਡੇ ਖਤਰੇ ਹਨ। ਇਹਨੀਂ ਦਿਨੀਂ ਪ੍ਰਲੇਸ ਨੂੰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਉਹਨਾਂ ਦੇ ਲੋਕ ਕਲਿਆਕਾਰੀ ਮਾਡਲ ਨੂੰ ਵਧੇਰੇ ਪ੍ਰਚਾਰਨ-ਪ੍ਰਸਾਰਨ ਦੀ ਜ਼ਰੂਰਤ ਹੈ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਐਨ ਪੀ ਈ 2020 ਦੀਆਂ ਬਹੁਤ ਸਾਰੀਆਂ ਮੱਦਾਂ ਬਹੁਤ ਨੁਕਸਾਨਦੇਹ ਹਨ, ਇਹਨਾਂ ਉੱਪਰ ਹੋਰ ਨਿੱਠ ਕੇ ਚਿੰਤਨ ਕਰਨ ਦੀ ਜ਼ਰੂਰਤ ਹੈ।

ਸ਼ਾਇਰ ਸ਼ਬਦੀਸ਼ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਫਾਸ਼ੀਵਾਦ ਦੇ ਖਿਲਾਫ਼ ਲੋਕਪੱਖੀ ਨੈਰੇਟਿਵ ਖੜ੍ਹਾ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ ਵਰਗੀਆਂ ਸੰਸਥਾਵਾਂ ਦੀ ਬੇਹੱਦ ਜ਼ਰੂਰਤ ਹੈ। ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਦੇ ਰੂਪ ਵਿਚ ਡਾ. ਗੁਲਜਾਰ ਸਿੰਘ ਪੰਧੇਰ (ਲੁਧਿਆਣਾ), ਜਸਪਾਲ ਮਾਨਖੇੜਾ (ਬਠਿੰਡਾ), ਸੰਤੋਖ ਸਿੰਘ ਸੁੱਖੀ (ਪਟਿਆਲਾ), ਹਰਮੀਤ ਵਿਦਿਆਰਥੀ (ਫਰੀਦਕੋਟ ਅਤੇ ਫਿਰੋਜ਼ਪੁਰ), ਕੁਲਦੀਪ ਚੌਹਾਨ (ਮਾਨਸਾ), ਡਾ. ਅਨੂਪ ਸਿੰਘ (ਗੁਰਦਾਸਪੁਰ), ਸੁਖਵਿੰਦਰ ਪੱਪੀ (ਸੰਗਰੂਰ), ਭਗਵੰਤ ਰਸੂਲਪੁਰੀ (ਜਲੰਧਰ), ਤਲਵਿੰਦਰ ਸ਼ੇਰਗਿਲ (ਨਵਾਂ ਸਹਿਰ), ਧਰਵਿੰਦਰ ਔਲਖ (ਅੰਮ੍ਰਿਤਸਰ), ਭੋਲਾ ਸਿੰਘ ਸੰਘੇੜਾ (ਬਰਨਾਲਾ), ਕਰਨੈਲ ਸਿੰਘ ਵਜ਼ੀਰਾਬਾਦ (ਫ਼ਤਹਿਗੜ੍ਹ ਸਾਹਿਬ), ਡਾ. ਗੁਰਮੇਲ ਸਿੰਘ (ਚੰਡੀਗੜ੍ਹ), ਗੁਰਪ੍ਰੀਤ ਸਿੰਘ (ਮੁਕਤਸਰ), ਡਾ. ਬਲਵਿੰਦਰ ਸਿੰਘ (ਮੁਹਾਲੀ), ਰਾਬਿੰਦਰ ਸਿੰਘ ਰੱਬੀ (ਰੋਪੜ) ਸਮੇਤ ਸੂਬਾ ਕਮੇਟੀ ਮੈਂਬਰ ਡਾ. ਅਰਵਿੰਦਰ ਕਾਕੜਾ, ਰਮੇਸ਼ ਯਾਦਵ ਤੇ ਤਰਸੇਮ ਅਤੇ ਹੋਰ ਮੈਂਬਰਾਂ ਵਿੱਚੋਂ ਸ਼ਬਦੀਸ਼, ਡਾ. ਚਰਨਦੀਪ ਸਿੰਘ, ਮਨਦੀਪ ਭਮਰਾ, ਵਰਗਿਸ ਸਲਾਮਤ, ਜਗਪਾਲ ਸਿੰਘ ਚਹਿਲ,ਬਲਵਿੰਦਰ ਸਿੰਘ ਭੱਟੀ, ਇੰਦਰਜੀਤ ਪਾਲ ਕੌਰ, ਅਮਰਜੀਤ ਸ਼ੇਰਪੁਰੀ, ਹਰਜਿੰਦਰ ਸੂਰੇਵਾਲੀਆ, ਹਰਭਗਵਾਨ ਸ਼ਰਮਾ ਅਤੇ ਮਨਦੀਪ ਰਿੰਪੀ ਨੇ ਵੀ ਵੱਖ ਵੱਖ ਮੁੱਦਿਆਂ ਤੇ ਵਿਚਾਰ ਰੱਖੇ। 

ਆਪਣੀ ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਬੇਸ਼ਕ ਲੇਖਕ ਨੇ ਆਪਣੀ ਲੜਾਈ ਕਲਮ ਨਾਲ ਲੜਨੀ ਹੁੰਦੀ ਹੈ ਫਿਰ ਵੀ ਜਦ ਹਾਲਤ ਬਹੁਤ ਸੰਕਟ ਭਰਪੂਰ ਹੋਣ ਤਾਂ ਲੇਖਕ ਨੂੰ ਸਿੱਧੀ ਲੜਾਈ ਲੜਨ ਵਾਲੇ ਸਮਾਜਿਕ ਸੰਘਰਸ਼ਾਂ ਵਿਚ ਵੀ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਪ੍ਰਗਤੀਸ਼ੀਲ ਲੇਖਕ ਸੰਘ ਖਟਕੜ ਕਲਾਂ ਸਮੇਤ ਪੰਜਾਬ ਦੀ ਇਨਕਲਾਬੀ ਵਿਰਾਸਤ ਵਾਲੀਆਂ ਥਾਵਾਂ ਤੇ ਲੱਗਣ ਵਾਲੇ ਮੇਲਿਆਂ ਵਿਚ ਆਪਣੇ ਸਮਾਗਮ ਕਰਵਾਏਗਾ ਤਾਂ ਜੋ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜਿਆ ਜਾ ਸਕੇ। 

ਇਸ ਮੌਕੇ ਹੁਣੇ ਜਿਹੇ ਹੀ ਫੌਤ ਹੋਏ ਚਿੰਤਕ ਮਾਲਵਿੰਦਰਜੀਤ ਸਿੰਘ ਵੜੈਚ, ਕ੍ਰਿਸ਼ਨ ਬੇਤਾਬ ਅਤੇ ਡਾ. ਅਮਰ ਕੋਮਲ ਨੂੰ ਇਕ ਮਿੰਟ ਦਾ ਮੌਨ ਰੱਖ ਕੇ ਅਕੀਦਤ ਪੇਸ਼ ਕੀਤੀ। ਇਹ ਬਹੁਤ ਵੱਡਿਆਂ ਸ਼ਖਸੀਅਤਾਂ ਸਨ ਜਿਹੜੀਆਂ ਸਾਡੇ ਕੋਲੋਂ ਵਿਛੜ ਗਈਆਂ ਹਨ। ਇਹਨਾਂ ਦੀਆਂ ਲਿਖਤਾਂ ਸਾਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ। 

ਇਸ ਮੀਟਿੰਗ ਵਿੱਚ ‘ਪਿੰਡੋ ਪਿੰਡੀ ਸਾਹਿਤ’ ਮੁਹਿੰਮ ਨੂੰ ਹੋਰ ਵੱਡੇ ਪੱਧਰ ਤੇ ਲਾਗੂ ਕਰਨ ਦਾ ਮਤਾ ਵੀ ਪਾਸ ਕੀਤਾ।

Saturday, February 21, 2026

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇੱਕ ਹੋਰ ਖਾਸ ਆਯੋਜਨ

Panjabi Bhawan on Saturday 21st February 2026 at 5:22 PM Regarding International Mother Language Day 

ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਕਰਾਇਆ ਪੰਜਾਬੀ ਮਾਤ-ਭਾਸ਼ਾ ਮੇਲਾ 

*ਡਾ. ਲਖਵਿੰਦਰ ਸਿੰਘ ਜੌਹਲ ਨੂੰ  ਫ਼ੈਲੋਸ਼ਿਪ ਪ੍ਰਦਾਨ 

*ਮਾਤ-ਭਾਸ਼ਾ ਟਰਾਫ਼ੀ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ ਨੂੰ 

*ਅੱਗੋਂ ਤੋਂ ਮਾਤ-ਭਾਸ਼ਾ ਦਿਵਸ ਦੀ ਥਾਂ 'ਮਾਂ ਬੋਲੀ ਦਿਵਸ' ਵਜੋਂ ਮਨਾਇਆ


ਲੁਧਿਆਣਾ
: 21 ਫ਼ਰਵਰੀ 2026: (ਪੰਜਾਬ ਸਕਰੀਨ ਡੈਸਕ)::

ਅੱਜ ਥਾਂ ਥਾਂ ਤੇ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਬਹੁਤ ਸਾਰੇ ਸਮਾਗਮ ਹੋਏ। ਚੰਡੀਗੜ੍ਹ ਦੇ ਸੈਕਟਰ 17 ਵਾਲਾ ਧਰਨਾ ਇਸ ਪੱਖੋਂ ਪੱਖੋਂ ਵੱਡਾ ਉੱਦਮ ਉਪਰਾਲਾ ਰਿਹਾ। ਇਸੇ ਦੌਰਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਗਿਆ। ਪੰਜਾਬੀ ਮਾਤ-ਭਾਸ਼ਾ ਮੇਲੇ ਦੀ ਪ੍ਰਧਾਨਗੀ ਲੁਧਿਆਣਾ ਦੀ ਮੇਅਰ ਸ੍ਰੀਮਤੀ ਇੰਦਰਜੀਤ ਕੌਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਸ. ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸੁਆਗਤ ਕਰਦਿਆਂ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਬੰਗਾਲ ਦੇ ਲੋਕਾਂ ਵਾਂਗ ਆਪਣੀ ਮਾਤ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾ ਕੇ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਡਾ. ਸਰਬਜੀਤ ਸਿੰਘ ਹੋਰਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਦ ਨੇ ਆਪਣੀ ਮਜਬੂਰੀ ਜ਼ਾਹਰ ਕਰਦਿਆਂ ਕਿਹਾ ਕਿ ਅਕਾਡਮੀ ਲਈ 10 ਲੱਖ (ਦਸ ਲੱਖ ਰੁਪਏ) ਦੀ ਗਰਾਂਟ ਮੈਂ ਜਲਦੀ ਭੇਜਾਂਗਾ। 

ਲੁਧਿਆਣਾ ਦੀ ਮੇਅਰ ਸ੍ਰੀਮਤੀ ਇੰਦਰਜੀਤ ਕੌਰ ਨੇ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਵਨ ਮੈਂ ਭਾਵੇਂ ਬਾਰ ਬਾਰ ਆਉਂਦੀ ਹਾਂ, ਜਦੋਂ ਵੀ ਆਉਂਦੀ ਹਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਨੂੰ ਜਦੋਂ ਮੌਕਾ ਮਿਲਦਾ ਹੈ ਮੈਂ ਪੰਜਾਬੀ ਭਾਸ਼ਾ ਵਿਚ ਹੀ ਕੰਮ ਕਰਦੀ ਹਾਂ। ਉਨ੍ਹਾਂ ਇਸ ਮੌਕੇ 'ਤੇ ਅਕਾਡਮੀ ਦੇ ਰਹਿੰਦੇ ਕੰਮਾਂ ਨੂੰ  ਪੂਰਾ ਕਰਨ ਦਾ ਵਾਇਦਾ ਵੀ ਦੁਹਰਾਇਆ। 

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ  ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ। ਸਨਮਾਨ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਫੁਲਕਾਰੀ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਸੀ। 

ਡਾ. ਲਖਵਿੰਦਰ ਸਿੰਘ ਜੌਹਲ ਨੇ ਅਕਾਡਮੀ ਦੀ ਮੌਜੂਦਾ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮੁੱਚੀ ਟੀਮ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦੀ ਹਾਂ, ਅਸੀਂ ਸਾਰੇ ਇਕੋ ਵਿਚਾਰਧਾਰਾ ਦੇ ਲੋਕ ਸਾਂਝੇ ਉਦੇਸ਼ਾਂ ਲਈ ਕਾਰਜਸ਼ੀਲ ਹਾਂ। 

ਅਕਾਡਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਹਰ ਮਾਂ ਬੋਲੀ ਦੀ ਤਰ੍ਹਾਂ ਮੁੱਢਲੀ ਮਹੱਤਤਾ ਹੈ | ਅਕਾਡਮੀ ਵਲੋਂ ਇਹ ਦਿ੍ੜ ਕਰਵਾਉਣ ਲਈ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਹਰ ਸਾਲ ਪਹਿਲਾਂ ਨਾਲੋਂ ਬੇਹਤਰ ਹੁੰਦਾ।

ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਪੰਜਾਬੀ ਕਹਾਣੀ ਸਿਰਜਣ, ਕਾਵਿ-ਸਿਰਜਣ, ਪੰਜਾਬੀ ਲੋਕਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ, ਅਖਾਣ ਅਤੇ ਮੁਹਾਂਵਰੇ ਭਰਪੂਰ ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਵੱਖ ਵੱਖ ਮੁਕਾਬਲਿਆਂ ਲਈ ਜਤਿੰਦਰ ਹਾਂਸ, ਸੁਰਿੰਦਰ ਕੈਲੇ, ਇੰਦਰਜੀਤ ਪਾਲ ਕੌਰ, ਜਗਵਿੰਦਰ ਜੋਧਾ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਡਾ. ਗੁਰਇਕਬਾਲ ਸਿੰਘ, ਸ੍ਰੀਮਤੀ ਕੁਲਵਿੰਦਰ ਕਿਰਨ, ਜਸਵਿੰਦਰ ਧਨਾਨਸੂ, ਡਾ. ਹਰੀ ਸਿੰਘ ਜਾਚਕ, ਰਣਧੀਰ ਕੰਵਲ, ਸ੍ਰੀਮਤੀ ਮਨਪ੍ਰੀਤ ਕੌਰ ਭੰਮਰਾ, ਜਸਵੀਰ ਝੱਜ, ਰਵਿੰਦਰ ਰਵੀ, ਪਾਲੀ ਖ਼ਾਦਿਮ, ਪ੍ਰਭਜੋਤ ਸੋਹੀ, ਡਾ. ਪਰਮਜੀਤ ਸਿੰਘ ਸੋਹਲ, ਸੁਰਿੰਦਰ ਰਾਮਪੁਰੀ, ਰਾਜਦੀਪ ਤੂਰ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ ਨੇ ਨਿਰਣਾਇਕਾਂ ਵਜੋਂ ਭੂਮਿਕਾ ਨਿਭਾਈ।  

ਅੱਜ ਦੇ ਹਾਊਸ ਨੇ ਪਾਸ ਕੀਤਾ ਕਿ ਅੱਗੋਂ ਤੋਂ ਮਾਤ-ਭਾਸ਼ਾ ਦਿਵਸ ਦੀ ਥਾਂ 'ਮਾਂ ਬੋਲੀ ਦਿਵਸ' ਵਜੋਂ ਮਨਾਇਆ ਜਾਇਆ ਕਰੇ | ਸਮੁੱਚੇ ਇਕੱਠ ਨੂੰ  ਮਾਤ ਭਾਸ਼ਾ ਸਹੁੰ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਚੁਕਾਈ। 

ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਸੁਖਨਜੋਤ ਸਿੰਘ ਜੌਹਲ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਪਿ੍ਆ ਖ਼ਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ, ਤੀਜਾ ਸਥਾਨ ਹਰਕਮਲ ਕੌਰ ਸੋਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕਾਵਿ-ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਲਵਪ੍ਰੀਤ ਕੌਰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ, ਦੂਜਾ ਸਥਾਨ ਹਰਮਨਪ੍ਰੀਤ ਸਿੰਘ ਮਾਤਾ ਗੁਜਰੀ ਕਾਲਜ ਫ਼ਤਤਿਗੜ੍ਹ ਸਾਹਿਬ, ਤੀਜਾ ਸਥਾਨ ਰਾਜਨਪ੍ਰੀਤ ਸਿੰਘ ਬੈਂਸ ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਅਤੇ ਹੌਸਲਾ ਵਧਾਊ ਇਨਾਮ ਸੁਖਨਜੋਤ ਸਿੰਘ ਅਤੇ ਦਵਿੰਦਰਪਾਲ ਸਿੰਘ ਨੂੰ , ਪੰਜਾਬੀ ਲੋਕਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਅਰਮਾਨ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਸੁਖਦੀਪ ਕੌਰ ਰਾਮਗੜ੍ਹੀਆ ਗ਼ਰਲਜ਼ ਕਾਲਜ ਮਿੱਲਰਗੰਜ ਲੁਧਿਆਣਾ, ਤੀਜਾ ਸਥਾਨ ਅਕਾਸ਼ਦੀਪ ਸਿੰਘ ਜੀ.ਜੀ. ਐੱਨ.ਖ਼ਾਲਸਾ ਕਾਲਜ, ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਦੂਜਾ ਸਥਾਨ ਜੀ.ਐਚ.ਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਸਿੱਧਵਾਂ ਖੁਰਦ, ਤੀਜਾ ਸਥਾਨ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਮਿ੍ਗਾਕਸੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਦੂਜਾ ਸਥਾਨ ਹਿਮਾਸ਼ੀ ਸ਼ਰਮਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੀਜਾ ਸਥਾਨ ਮਨਪ੍ਰੀਤ ਕੌਰ ਅਤੇ ਦੀਆ ਤਲਵਾਰ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਸੁਖਨਜੋਤ ਸਿੰਘ ਜੌਹਲ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਹਰਮਨਜੋਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ,  ਤੀਜਾ ਸਥਾਨ ਅਮਨਪ੍ਰੀਤ ਸਿੰਘ ਗੁਰੂ ਨੈਸ਼ਨਲ ਕਾਲਜ ਦੋਰਾਹਾ ਅਤੇ ਹੌਸਲਾ ਵਧਾਊ ਇਨਾਮ ਤਰਨਜੀਤ ਕੌਰ ਲਾਬਾਂ, ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਜਸ਼ਨਦੀਪ ਕੌਰ ਅਤੇ ਹੁਸਨਪ੍ਰੀਤ ਕੌਰ ਖ਼ਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ ਦੂਜਾ ਸਥਾਨ ਅੰਕੁਸ਼ ਅਤੇ ਹਿਮਾਂਸ਼ੂੂ ਕਲਿਆਣ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਤੀਜਾ ਸਥਾਨ ਬਲਦੀਪ ਕੌਰ ਅਤੇ ਸਿਮਰਨਜੀਤ ਕੌਰ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲੇ ਵਿਚ ਪਹਿਲਾ ਸਥਾਨ ਖੁਸ਼ਬੂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਦੂਜਾ ਸਥਾਨ ਜਸਕੀਰਤ ਕੌਰ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਤੀਜਾ ਸਥਾਨ ਕ੍ਰਿਸ਼ਨ ਯਾਦਵ ਸਰਕਾਰੀ ਕਾਲਜ ਲੜਕੇ ਲੁਧਿਆਣਾ ਨੇ ਹਾਸਿਲ ਕੀਤਾ।  ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ ਦੀ ਟੀਮ ਨੂੰ  ਮਾਤ-ਭਾਸ਼ਾ ਟਰਾਫ਼ੀ ਦਿੱਤੀ ਗਈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੀਰ ਸਿੰਘ, ਵਾਹਿਦ (ਸਤਨਾਮ ਸਿੰਘ), ਸਤੀਸ਼ ਗੁਲਾਟੀ, ਭਗਵਾਨ ਢਿੱਲੋਂ, ਸਤਨਾਮ ਸਿੰਘ ਕੋਮਲ, ਡਾ. ਕੁਲਵਿੰਦਰ ਕੌਰ ਮਿਨਹਾਸ, ਸੁਰਿੰਦਰ ਦੀਪ, ਡਾ ਹਰਜਿੰਦਰ ਕੌਰ, ਜਸਵਿੰਦਰ ਕੌਰ ਜੱਸੀ, ਪਰਮਿੰਦਰ ਅਲਬੇਲਾ, ਹਰਵਿੰਦਰ ਥਰੀਕੇ, ਕੁਲਵਿੰਦਰ ਵਾਲੀਆ, ਗੁਰਮੀਤ ਕੌਰ ਵਜੀਦਪੁਰ, ਦੀਪ ਲੁਧਿਆਣਵੀ, ਤਰਲੋਚਨ ਝਾਂਡੇ, ਮੇਜਰ ਸਿੰਘ, ਬਲਰਾਜ ਕੁਹਾੜਾ, ਜਸਪਾਲ ਜੱਗਾ ਜਮਾਲਪੁਰੀ, ਕਸਤੂਰੀ ਲਾਲ, ਮਨਪ੍ਰੀਤ ਕੌਰ, ਸਤਵਿੰਦਰ ਸਿੰਘ ਥਰੀਕੇ, ਸੁਮਿਤ ਗੁਲਾਟੀ, ਡਾ. ਗੁਰਪ੍ਰੀਤ ਰਤਨ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। 

Saturday, May 31, 2025

ਜਨਮੇਜਾ ਸਿੰਘ ਜੌਹਲ ਵੱਲੋਂ ਪੰਜਾਬੀ ਵਿੱਚ AI ਸਿਖਾਉਣ ਦੀ ਖੁਲ੍ਹੀ ਪੇਸ਼ਕਸ਼

From Janmeja Singh Johl on Friday 31st May 2025 at 2:28 AM Regarding AI training in Punjabi

ਸਿੱਖੋ AI ਦੀਆਂ ਰਮਜ਼ਾਂ ਵਾਲੇ ਗੁਰ ਜਿਸ ਜਿਸ ਨੇ ਵੀ ਸਿੱਖਣੇ ਹਨ 


ਲੁਧਿਆਣਾ: 31 ਮਈ 2025: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਜਨਮੇਜਾ ਸਿੰਘ ਜੌਹਲ ਸਾਡੇ ਵੇਲਿਆਂ ਦਾ ਇੱਕ ਅਜਿਹਾ ਗਿਆਨ ਸੂਚਨਾ ਦੂਤ ਹੈ ਜਿਸਨੇ ਹਮੇਸ਼ਾਂ ਕਿਸੇ ਵਿਤਕਰੇ ਅਤੇ ਬਿਨਾ ਕਿਸੇ ਸਵਾਰਥ ਦੇ ਹਮੇਸ਼ਾਂ ਗਿਆਨ ਹੀ ਵੰਡਿਆ ਹੈ। ਜਦੋਂ ਬਹੁ ਗਿਣਤੀ ਲੋਕਾਂ ਨੇ ਕੰਪਿਊਟਰ ਦੀ ਸ਼ਕਲ ਵੀ ਨਹੀਂ ਸੀ ਦੇਖੀ ਉਦੋਂ ਵੀ ਵੀ ਉਹ ਕੰਪਿਊਟਰ ਦਾ ਦੇ ਮਾਹਰ ਵੱਜੋਂ ਜਾਣਿਆ ਜਾਂਦਾ ਸੀ। ਵੱਡਿਆਂ ਅਖਬਾਰਾਂ ਦੇ ਮਾਲਕ ਅਤੇ ਪ੍ਰਬੰਧਕ ਉਸਨੂੰ ਕੰਪਿਊਟਰ ਦੇ ਖੇਤਰ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬੁਲਾਇਆ ਕਰਦੇ ਸਨ। ਉਹਨੀਂ ਦਿਨੀਂ ਵੀ ਜਨਮੇਜਾ ਸਿੰਘ ਜੌਹਲ ਕਿਸੇ ਵੀ ਲੋੜਵੰਦ ਨੂੰ ਕਦੇ ਤਕਨੀਕੀ ਗਿਆਨ ਤੋਂ ਨ ਨਾਂਹ ਨਹੀਂ ਸੀ ਕਰਦਾ। 

ਇਸਤੋਂ ਬਾਅਦ ਜਦੋਂ ਕੰਪਿਊਟਰ ਵਿੱਚ ਵੰਨ ਸੁਵੰਨੇ ਡਿਜ਼ਾਈਨ ਵਾਲੇ ਫੌਂਟਾਂ ਦੀ ਗੱਲ ਚੱਲੀ ਤਾਂ ਉਦੋਂ ਵੀ ਜਨਮੇਜਾ ਜੌਹਲ ਨੇ ਬਹੁਤ ਕੁਝ ਨਵਾਂ ਲੱਭਿਆ ਅਤੇ ਸਭਨਾਂ ਦੇ ਸਾਹਮਣੇ ਲਿਆ ਰੱਖਿਆ। ਇਸਤੋਂ ਬਾਅਦ ਕੰਪਿਊਟਰ ਵਿੱਚ ਆਫਲਾਈਨ ਜਾਂ ਆਨਲਾਈਨ ਪੰਜਾਬੀ ਟਾਈਪ ਕਰਨ ਦਾ ਸੁਆਲ ਆਇਆ ਤਾਂ ਉਦੋਂ ਵੀ ਜਨਮੇਜਾ ਜੌਹਲ ਬਹੁਤ ਯਾਦਗਾਰੀ ਸੌਗਾਤ ਲੈ ਕੇ ਸਾਹਮਣੇ ਆਇਆ। ਸਾਹਿਤ ਦੇ ਨਾਲ ਨਾਲ ਪੱਤਰਕਾਰੀ ਅਤੇ ਫੋਟੋਗ੍ਰਾਫੀ ਵਿੱਚ ਵੀ ਜਨਮੇਜਾ ਜੌਹਲ ਸਿਰਮੌਰ ਗਿਣਿਆ ਜਾਂਦਾ ਸੀ। ਇੰਡੀਅਨ ਐਕਸਪ੍ਰੈਸ ਦੇ ਪ੍ਰਸਿੱਧ ਹਿੰਦੀ ਅਖਬਾਰ ਜਨਸੱਤਾ ਵਿੱਚ ਉਸਦੀਆਂ ਟ੍ਰਾਂਸਪ੍ਰੈਸੀਆਂ ਦੀ ਉਡੀਕ ਅਕਸਰ ਸ਼ਿੱਦਤ ਨਾਲ ਰਹਿੰਦੀ। ਐਤਵਾਰ ਅਤੇ ਵੀਰਵਾਰ ਵਾਲੇ ਐਡੀਸ਼ਨਾਂ ਵਿਚ ਆਮ ਤੌਰ ਤੇ ਉਸਦੀ ਟ੍ਰਾਂਸਪੇਰੈਂਸੀ ਹੀ ਅਖਬਾਰ ਦਾ ਸ਼ਿੰਗਾਰ ਹੁੰਦੀ ਸੀ। 

ਹੁਣ ਦੌਰ ਆਰਟੀਫੀਸ਼ਲ ਇੰਟੈਲੀਜੈਂਸ ਦਾ ਹੈ। ਬਹੁਤੀਆਂ ਨੂੰ ਇਸ ਤਕਨੀਕ ਅਤੇ ਸਹੂਲਤ ਕਿਸੇ ਰਸਗੁੱਲੇ ਵਾਂਗ ਜਾਪਦੀ ਹੈ ਅਤੇ ਕਈਆਂ ਨੂੰ ਮੁਸੀਬਤ ਲੱਗਦੀ ਹੈ। ਕਈਆਂ ਨੂੰ ਅਜੇ ਸਮਝ ਵੀ ਨਹੀਂ ਆਈ। ਇਸ ਦੀ ਜਾਣਕਾਰੀ ਲੈਣ ਵਾਲਿਆਂ ਲਈ ਵੀ ਜਨਮੇਜਾ ਜੌਹਲ ਟਰੇਨਿੰਗ ਦੇਣ ਵਾਲੀ ਖੁਸ਼ਖਬਰੀ ਲੈ ਕੇ ਆਇਆ ਹੈ। 

ਜਨਮੇਜਾ ਜੌਹਲ ਨੇ ਟਰੇਨਿੰਗ ਦੇਣ ਵਾਲੀ ਆਪਣੀ ਅਨਮੋਲ ਪੇਸ਼ਕਸ਼ ਵਿੱਚ ਕਿਹਾ ਹੈ ਕਿ AI ਸਿੱਖਣ ਲਈ ਲੰਮੇ ਚੌੜੇ ਚੱਕਰਾਂ ਵਿੱਚ ਪੈਣ ਦੀ ਲੋੜ ਨਹੀਂ। ਹੁਣ ਤੁਸੀਂ ਆਪਣੇ ਲੇਖ, ਆਪਣਾ ਸਾਰਾ ਮੈਟਰ ਪੰਜਾਬੀ ਵਿੱਚ ਆਪੇ ਬੋਲ ਕੇ ਟਾਈਪ ਕਰ ਸਕਦੇ ਹੋ। ਇਸ ਤੋਂ ਇਲਾਵਾ AI ਤੋਂ ਤੁਸੀਂ ਕੋਈ ਵੀ ਸਵਾਲ ਪੰਜਾਬੀ ਵਿੱਚ ਪੁੱਛ ਸਕਦੇ ਹੋ ਤੇ ਜਵਾਬ ਪੰਜਾਬੀ ਵਿੱਚ ਲੈ ਸਕਦੇ ਹੋ। 

ਇਸੇ ਤਰ੍ਹਾਂ ਏਆਈ ਤੋਂ ਤੁਸੀਂ ਲੇਖ ਵੀ  ਲਿਖਵਾ ਸਕਦੇ ਹੋ ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ।  ਇਸੇ ਤਰ੍ਹਾਂ ਹੀ AI ਤੋਂ ਤੁਸੀਂ ਕੋਈ ਵੀ ਜਾਣਕਾਰੀ ਪੰਜਾਬੀ ਵਿੱਚ ਲੈ ਸਕਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਬੋਲ ਕੇ ਪੰਜਾਬੀ ਵਿੱਚ ਫੋਟੋਆਂ ਵੀ ਬਣਵਾ ਸਕਦੇ ਹੋ ਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ। 

ਇਸਦੇ ਲਈ ਮੁਫਤ ਕਲਾਸਾਂ 11 ਵਜੇ ਤੋਂ 1 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਲੱਗਣਗੀਆਂ। ਉਮੀਦ ਹੈ ਕਿ ਮੈਂ ਰੋਜਾਨਾ ਇਹ ਕਲਾਸਾਂ ਲਾ ਸਕਾਂਗਾ ਆਓ ਜਿਹੜਾ ਵੀ ਸਿੱਖਣਾ ਚਾਹੁੰਦਾ ਹੈ ਆ ਜਾਓ ਤੇ ਜਦ ਤੱਕ ਮੇਰਾ ਮੂਡ ਹੈ ਤੁਸੀਂ ਇਹ ਗੱਲਾਂ ਮੇਰੇ ਕੋਲੋਂ ਸਿੱਖ ਲਓ। ਧੰਨਵਾਦ ਇਹਨਾਂ ਗਈਆਂ ਦੇ ਵਿਦਿਆਰਥੀਆਂ ਲਈ ਧੰਨਵਾਦ ਦੇ ਨਾਲ ਨਾਲ ਇਹ ਵਾਅਦਾ ਵੀ ਕਿ ਜੇਕਰ ਦਾਅ ਲੱਗਾ ਤਾਂ ਚਾਹ ਵੀ ਪੀਵਾਂਗੇ। ਇਸਦੇ ਨਾਲ ਹੀ ਇਹ ਹਦਾਇਤ ਵੀ ਕਿ ਆਪਣਾ ਫੋਨ ਲੈ ਕੇ ਆਓ ਜਿਸ ਵਿੱਚ ਇੰਟਰਨੈੱਟ  ਵੀ ਹੋਵੇ ਤੇ ਇਹ ਫੋਨ ਚਾਰਜ ਵੀ ਪੂਰੀ ਤਰ੍ਹਾਂ ਹੋਇਆ ਹੋਵੇ। 

ਇਸ ਵਾਰ ਵੀ ਜਨਮੇਜਾ ਜੌਹਲ ਨੇ ਨਾ ਤਾਂ ਆਪਣੇ ਕਿਸੇ ਸਵਾਰਥ ਦੀ ਕੋਈ ਇੱਛਾ ਪ੍ਰਗਟਾਈ ਹੈ ਅਤੇ ਨਾ ਹੀ ਅਜਿਹੀ ਕੋਈ ਸ਼ਰਤ ਰੱਖੀ ਹੈ। ਬਸ ਜਿਵੇਂ ਫੁਲ ਖਿੜਦੇ ਨੇ, ਧੁੱਪ ਨਿਕਲਦੀ ਹੈ, ਹਵਾ ਰੁਮਕਦੀ ਹੈ, ਪਾਣੀ ਵਗਦਾ ਹੈ ਸਭਨਾਂ ਲਈ ਇੱਕੋ ਜਿਹਾ ਰਹਿੰਦਿਆਂ ਉਵੇਂ ਹੀ ਜਨਮੇਜਾ ਜੌਹਲ ਦੀ ਇਹ ਗੁਰਾਂ ਭਰੇ ਮਾਰਗਦਰਸ਼ਨ ਵਾਲੀ ਇਹ ਟਰੇਨਿੰਗ ਵੀ ਹੋਵੇਗੀ। ਜਿਸ ਜਿਸ ਨੇ ਫਾਇਦਾ ਉਠਾਉਣਾ ਹੈ ਉਹ ਪੰਜਾਬੀ ਭਵਨ ਵਿੱਚ ਪਹੁੰਚ ਜਾਓ। 

ਹੁਣ ਦੇਖਣਾ ਹੈ ਕਿ ਕਿਸ ਕਿਸ ਦੀ ਕਿਸਮਤ ਉਸਨੂੰ ਵੇਲੇ ਸਿਰ ਉੱਦਮ ਦੇ ਕੇ ਪੰਜਾਬੀ ਭਵਨ ਤੱਕ ਲੈ ਜਾਂਦੀ ਹੈ। ਜਨਮੇਜਾ ਸਿੰਘ ਜੌਹਲ ਵੱਲੋਂ ਵੰਡੇ ਜਾਣ ਵਾਲੇ ਇਸ ਗਿਆਨ ਨੂੰ ਆਤਮਸਾਤ ਕਰਨ ਵਿੱਚ ਉਹੀ ਜ਼ਿਆਦਾ ਕਾਮਯਾਬ ਰਹਿਣਗੇ ਜਿਹੜੇ ਹੰਕਾਰ ਤੋਂ ਦੂਰ ਰਹਿੰਦਿਆਂ ਸੱਚੇ ਗਿਆਨ ਦੀ ਪਿਆਸ ਜਗਾ ਕੇ ਪਹੁੰਚਣਗੇ। 

Saturday, June 24, 2023

ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਨਿਕਲੇ ਤਿੰਨ ਦਰਵੇਸ਼

Updated 24th  June 2023 at 08:21 PM

 ਪੰਜਾਬੀ ਭਵਨ ਵਿੱਚ ਲੱਗਿਆ ਕਰਦਾ ਹੈ ਇਹਨਾਂ ਦਾ ਅਜਲਾਸ  

ਲੁਧਿਆਣਾ: 24 ਜੂਨ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪੰਜਾਬੀ ਸਾਹਿਤ ਅਕਾਦਮੀ ਦਾ ਇੱਕ ਪੁਸਤਕ ਵਿਕਰੀ ਕੇਂਦਰ ਹੈ ਜਿੱਥੇ ਸਾਰੀਆਂ ਕਿਤਾਬਾਂ ਰਿਆਇਤੀ ਮੁੱਲ ਤੇ ਵੇਚੀਆਂ ਜਾਂਦੀਆਂ ਹਨ। ਰਿਆਇਤ ਵੀ ਕਿਸੇ ਕਿਤਾਬ ਤੇ 40 ਫ਼ੀਸਦੀ ਅਤੇ ਕਿਸੇ ਕਿਤਾਬ ਤੇ 50 ਫ਼ੀਸਦੀ ਪਰ ਕਿਤਾਬਾਂ ਦੀ ਵਿਕਰੀ ਫਿਰ ਵੀ ਓਨੀ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ। ਇਸਦੇ ਬਾਵਜੂਦ ਇਥੇ ਦੁਨੀਆ ਭਰ ਦੀਆਂ ਉਹਨਾਂ ਕਿਤਾਬਾਂ ਦੀ ਵੀ ਚਰਚਾ ਹੁੰਦੀ ਹੈ ਜਿਹੜੀਆਂ ਨਾ ਕਦੇ ਪੰਜਾਬੀ ਵਿਚ ਛਪੀਆਂ ਅਤੇ ਨਾ ਹੀ ਸ਼ਾਇਦ ਕਦੇ ਛਪਣਗੀਆਂ ਅਤੇ ਨਾਂ ਹੀ ਉਹ ਕਿਤਾਬਾਂ ਕਦੇ ਇਥੇ ਕਿਸੇ ਸਟਾਲ 'ਤੇ ਨਜ਼ਰ ਆਉਂਦੀਆਂ ਹਨ ਫਿਰ ਵੀ ਹਕੀਕਤ ਇਹੀ ਹੈ ਕਿ ਕੋਈ ਜ਼ਮਾਨਾ ਸੀ ਜਦੋਂ ਅੰਗਰੇਜ਼ੀ ਹਿੰਦੀ ਵਿਚ ਇਹਨਾਂ ਕਿਤਾਬਾਂ ਨੇ ਆਪੋ ਆਪਣੇ ਵੇਲਿਆਂ ਵਿੱਚ ਕਾਫੀ ਥਲਕਾ ਮਚਾਈ ਰੱਖਿਆ ਸੀ। 

ਉਦੋਂ ਜਦੋਂ ਕੰਪਿਊਟਰ ਵੀ ਨਹੀਂ ਸਨ ਹੁੰਦੇ ਅਤੇ ਨਾ ਹੀ ਮਹਿੰਗੇ ਮਹਿੰਗੇ ਕੈਮਰੇ ਆਮ ਵਰਤੇ ਜਾਂਦੇ ਸਨ ਉਦੋਂ ਵੀ ਇਹਨਾਂ ਕਿਤਾਬਾਂ ਨੇ ਲਾਜਵਾਬ ਸਨਸਨੀਖੇਜ਼ ਖੁਲਾਸੇ ਕਰ ਕੇ ਦੱਸਿਆ ਸੀ ਕਿ ਮੀਡੀਆ ਸਿਰਫ ਅਖਬਾਰਾਂ, ਰਸਾਲਿਆਂ, ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਦੀ ਜਾਗੀਰ ਨਹੀਂ ਹੁੰਦਾ। ਲੋੜ ਪੈਣ ਤੇ ਕਿਤਾਬਾਂ ਵੀ ਮੀਡੀਆ ਦੀ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਜਦੋਂ ਵੀ ਪੁਸਤਕ ਲੇਖਕਾਂ ਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਰਿਹਾ ਹੈ ਉਦੋਂ ਉਦੋਂ ਕਿਤਾਬਾਂ ਨੇ ਸਾਬਿਤ ਵੀ ਕੀਤਾ ਕਿ ਉਹਨਾਂ ਵਿਚਲੀਆਂ ਲਿਖਤਾਂ ਅਸਲ ਵਿੱਚ ਮੁਕੰਮਲ ਅਤੇ ਖਾਸ ਰਿਪੋਰਟ ਵੀ ਹਨ। ਇਸੇ ਪਿਰਤ ਨੂੰ ਅੱਗੇ ਤੋਰਿਆ ਸੀ ਕੁਝ ਸਾਲ ਪਹਿਲਾਂ ਰਾਣਾ ਅਯੂਬ ਨੇ ਆਪਣੀ ਬਹੁ ਚਰਚਿਤ ਪੁਸਤਕ "ਗੁਜਰਾਤ ਫਾਈਲਾਂ" ਨਾਲ। ਇਸ ਪੁਸਤਕ ਨੂੰ ਤਿਆਰ ਕਰਨਾ ਇੱਕ ਲੰਮਾ ਸੰਘਰਸ਼ ਸੀ ਜਿਸ ਬਾਰੇ ਕਿਸੇ ਵੇਲੇ ਵੱਖਰੀ ਪੋਸਟ ਵੀ ਜਲਦੀ ਹੀ ਲਿਖੀ ਜਾਵੇਗੀ। 

ਰਾਣਾ ਅਯੂਬ ਦੀ ਇਹ ਕਿਤਾਬ ਕਿੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚੀ ਇਸਦਾ ਸਹੀ ਸਹੀ ਪਤਾ ਸ਼ਾਇਦ ਖੁਦ ਰਾਣਾ ਅਯੂਬ ਨੂੰ ਵੀ ਨਹੀਂ ਹੋਣਾ। ਸੱਚ ਦੇ ਖੋਜੀਆਂ ਅਤੇ ਕਿਤਾਬਾਂ ਦੇ ਆਸ਼ਕਾਂ ਨੇ ਹੁਣ ਵੀ ਇਸ ਪੁਸਤਕ ਨੂੰ ਘਰ ਘਰ ਪਹੁੰਚਾਉਣ ਦੀ ਪੂਰੀ ਵਾਹ ਲਾਈ ਹੋਈ ਹੈ। ਕੁਝ ਹੋਰ ਪੁਸਤਕਾਂ ਵੀ ਇਸ ਪੁਸਤਕ ਮਿਸ਼ਨ ਨੂੰ ਚਲਾ ਰਹੇ ਇਸ ਵਿਸ਼ੇਸ਼ ਗਰੁੱਪ ਦੀ ਨਜ਼ਰ ਵਿਚ ਹਨ। ਪ੍ਰਕਾਸ਼ਨ ਦੇ ਏਨੇ ਸਾਲਾਂ ਮਗਰੋਂ ਵੀ ਇਸ ਕਿਤਾਬ ਦੀ ਚਰਚਾ ਜਾਰੀ ਹੈ। 

ਪੁਸਤਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਛਪੀ ਹੋਵੇ ਜਾਂ ਫਿਰ ਕਿਸੇ ਨੇ ਵੀ ਉਸ ਕਿਤਾਬ ਤੇ ਕੋਈ ਫਿਲਮ ਬਣਾ ਕੇ ਯੂਟਿਊਬ 'ਤੇ ਅਪਲੋਡ ਕੀਤੀ ਹੋਵੇ ਤਾਂ ਉਸ ਪੁਸਤਕ ਦੀ ਚਰਚਾ ਪੰਜਾਬੀ ਭਵਨ ਵਿਚਲੇ ਇਸ ਪੁਸਤਕ ਕੇਂਦਰ ਵਿੱਚ ਹੁੰਦੀ ਰਹਿੰਦੀ ਹੈ। ਪੁਸਤਕਾਂ ਦੀ ਚਰਚਾ ਦੇ ਨਾਲ ਨਾਲ ਇਤਿਹਾਸ ਦੀਆਂ ਜੁੱਗ ਪਲਟਾਊ ਘਟਨਾਵਾਂ ਦੀ ਕਹਾਣੀ ਵੀ ਬੜੇ ਹੀ ਦਿਲਚਸਪ ਢੰਗ ਨਾਲ ਸਾਹਮਣੇ ਰੱਖੀ ਜਾਂਦੀ ਹੈ। ਇਥੇ ਆ ਕੇ ਉਹ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਸਕੂਲਾਂ, ਕਾਲਜਾਂ ਜਾਂ ਯੂਨੀਵਰਸਟੀਆਂ ਦੇ ਸਿਲੇਬਸਾਂ ਵਿੱਚੋਂ ਕਦੇ ਨਾ ਸਿੱਖਿਆ ਜਾ ਸਕੇ। ਇਥੇ ਹੁੰਦੀ ਗੱਲਬਾਤ ਸਰੋਤਿਆਂ ਨੂੰ ਕਿਸੇ ਟਾਈਮ ਮਸ਼ੀਨ ਵਾਂਗ ਅਤੀਤ ਵਿਚ ਲੈ ਜਾਂਦੀ ਹੈ। 

ਲੁਧਿਆਣਾ ਦੇ ਪੰਜਾਬੀ ਭਵਨ ਵਿਚਲੀ ਇਸ ਚਰਚਾ ਨੂੰ ਸ਼ੁਰੂ ਕਰਨ ਅਤੇ ਚਲਾਉਣ ਵਾਲੀਆਂ ਆਮ ਤੌਰ ਤੇ ਤਿੰਨ ਸ਼ਖਸੀਅਤਾਂ ਹੀ ਸਾਹਮਣੇ ਹੁੰਦੀਆਂ ਹਨ। ਇਹਨਾਂ ਨੂੰ ਕਈ ਲੋਕ ਪੰਜਾਬੀ ਭਵਨ ਵਿਚ ਤਿੰਨ ਦਰਵੇਸ਼ ਵੀ ਆਖਦੇ ਹਨ। ਇਹਨਾਂ ਦੇ ਅੰਦਾਜ਼ ਨੂੰ ਦੇਖ ਕੇ ਕਦੇ ਕਦੇ ਲੱਗਦਾ ਵੀ ਹੈ ਜਿਵੇਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਆਪ ਇਸ ਅਸਥਾਨ ਤੇ ਉਤਰ ਆਏ ਹੋਣ। ਇਹ ਤਿੰਨੇ ਦਰਵੇਸ਼ ਹਨ ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬਲਵਿੰਦਰ ਔਲਖ ਅਤੇ ਆਰ ਪੀ ਸਿੰਘ। ਇਹਨਾਂ ਦੇ ਨਾਲ ਹੀ ਪੁਸਤਕ ਵਿਕਰੀ ਕੇਂਦਰ ਵਿਚ ਬੈਠੇ ਅਜਮੇਰ ਸਿੰਘ ਅਤੇ ਇਥੋਂ ਦੇ ਦੋ ਤਿੰਨ ਹੋਰ ਸੰਚਾਲਕ ਅਤੇ ਕਦੇ ਕਦੇ ਕੁਝ ਹੋਰ ਲੋਕ ਵੀ ਇਸ ਚਰਚਾ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ। । 

ਜੇਕਰ ਚਰਚਾ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਵੱਧ ਜਾਵੇ ਤਾਂ ਇਹ ਸਾਰੇ ਜਣੇ ਪੰਜਾਬੀ ਭਵਨ ਦੇ ਗਰਾਊਂਡ  ਵਿੱਚ ਆ ਕੇ ਕਿਸੇ ਛਾਂ ਵਾਲੀ ਥਾਂ 'ਤੇ ਪਏ ਕੋਈ ਦੋ ਚਾਰ ਬੈਂਚ ਭਾਲ ਲੈਂਦੇ ਹਨ। ਲੋਹੇ ਦੇ ਬਣੇ ਇਹਨਾਂ ਭਾਰੇ ਭਾਰੇ ਬੈਂਚਾਂ ਨੂੰ ਚੁੱਕ ਕੇ ਇੱਕ ਤੋਂ ਦੂਜੀ ਥਾਂ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਸਾਰੇ ਜਣੇ ਰਲ ਮਿਲ ਕੇ ਇਹ ਸਭ ਕਰ ਹੀ ਲੈਂਦੇ ਹਨ। ਇਹ ਤਿੰਨੇ ਦਰਵੇਸ਼ ਅਤੇ ਇਹਨਾਂ ਦੇ ਸਾਥੀ ਧੁੱਪੇ ਪਏ ਬੈਂਚਾਂ ਨੂੰ ਬੜੇ ਹੀ ਸਨੇਹ ਅਤੇ ਸਤਿਕਾਰ ਨਾਲ ਚੁੱਕ ਕੇ ਛਾਂਵੇਂ ਲੈ ਆਉਂਦੇ ਹਨ। ਇਸ ਅਦਬੀ ਸਥਾਨ ਤੇ ਇਹਨਾਂ ਬੈਂਚਾਂ ਨੂੰ ਵੀ ਬੜੇ ਹੀ ਅਦਬ ਨਾਲ ਏਧਰ ਓਧਰ ਕੀਤਾ ਜਾਂਦਾ ਹੈ। 

ਫਿਰ ਇਸ ਸੰਘਣੀ ਛਾਂ ਵਾਲੀ ਥਾਂ 'ਤੇ ਮੁੜ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਚਰਚਾ ਵਾਲੀ ਬੈਠਕ। ਸੰਸਦ ਮੈਂਬਰਾਂ ਦੇ ਨਵੇਂ ਸੈਸ਼ਨ ਵਾਂਗ ਇਥੇ ਵੀ ਕਾਫੀ ਕੁਝ ਵਿਚਾਰਿਆ ਜਾਂਦਾ ਹੈ। ਵਿੱਚ ਵਿੱਚ ਬਾਪੂ ਬਲਕੌਰ ਸਿੰਘ ਜੀ ਚਾਹ ਪਾਣੀ ਦਾ ਆਰਡਰ ਵੀ ਭੇਜ ਦੇਂਦੇ ਹਨ ਅਤੇ ਕੰਟੀਨ ਵਾਲਾ ਇਥੇ ਚਾਹ, ਬਿਸਕੁਟ, ਪਰੌਂਠੇ ਅਤੇ ਸਮੋਸੇ ਵਗੈਰਾ ਵਰਤਾਅ ਜਾਂਦਾ ਹੈ। ਯਾਦ ਆਉਣ ਲੱਗ ਪੈਂਦੀ ਹੈ ਮੁਨਸ਼ੀ ਪ੍ਰੇਮ ਚੰਦ ਹੁਰਾਂ ਦੀ ਕਹਾਣੀ "ਸ਼ਤਰੰਜ ਕੇ ਖਿਲਾੜੀ" ਦੀ। ਕਾਸ਼ ਇਸ ਕਹਾਣੀ ਦੇ ਉਹਨਾਂ ਪਾਤਰਾਂ ਵੇਲੇ ਵੀ ਪੰਜਾਬੀ ਭਵਨ ਦਾ ਇਹ ਸਥਾਨ ਹੀ ਬੈਠਣ ਵਾਲਾ ਵਿਸ਼ੇਸ਼ ਬਣ ਗਿਆ ਹੁੰਦਾ ਤਾਂ ਇਥੇ ਉਹ ਇਤਿਹਾਸਿਕ ਕਹਾਣੀ ਹੋਰ ਵੀ ਦਿਲਚਸਪ ਹੋ ਜਾਣੀ ਸੀ। ਸਾਹਿਤ ਦੇ ਬਹਾਨੇ ਜ਼ਮਾਨੇ ਭਰ ਦੀ ਚਰਚਾ ਹੋ ਜਾਇਆ ਕਰਨੀ ਸੀ। 

ਸ਼ਤਰੰਜ ਕੇ ਖਿਲਾੜੀ ਯਾਦ ਆਈ ਤਾਂ ਕੁਝ ਹੋਰ ਕਹਾਵਤਾਂ ਵੀ ਯਾਦ ਆਉਣ ਲੱਗੀਆਂ ਹਨ ਜਿਹੜੀਆਂ ਅੱਜ ਵੀ ਵਰਤੀਆਂ ਤਾਂ ਜਾਂਦੀਆਂ ਹਨ ਪਰ ਹੁਣ ਪਹਿਲਾਂ ਵਾਂਗ ਨਹੀਂ। ਤੁਸੀਂ ਹੀ ਦੱਸੋ ਭਲਾ ਕਿਸੇ ਨੂੰ ਪਤਾ ਹੈ ਕਿ ਭੰਗ ਦੇ ਭਾੜੇ ਜਾਨ ਗੁਆਉਣਾ ਕੀ ਹੁੰਦਾ ਹੈ--ਇਹ ਕਹਾਵਤ ਸਭਨਾਂ ਨੇ ਸੁਣੀ ਹੋਣੀ ਹੈ ਪਰ ਇਸਦਾ ਇਤਿਹਾਸ ਕੀ ਹੈ ਇਸਦਾ ਪੂਰਾ ਪਤਾ ਹੈ ਸਰਗਰਮ ਲੇਖਕ ਗਲੈਕਸੀ ਅਰਥਾਤ ਡਾਕਟਰ ਬਲਵਿੰਦਰ ਔਲਖ ਹੁਰਾਂ ਨੂੰ ਜਿਹੜੇ ਕਿੱਤੇ ਪੱਖੋਂ ਵਿਗਿਆਨੀ ਹਨ। ਡਾਕਟਰ ਔਲਖ ਹਰ ਪਲ, ਹਰ ਕਦਮ, ਹਰ ਗੱਲ ਤੇ ਸੁਚੇਤ ਕਰਦੇ ਰਹਿੰਦੇ ਹਨ ਕਿ ਇਹ ਕਰਨਾ ਠੀਕ ਹੈ ਜਾਂ ਗਲਤ? ਜੇਕਰ ਉਹਨਾਂ ਦੀਆਂ ਨਸੀਹਤਾਂ ਨੂੰ ਮਨ ਵਿੱਚ ਵਸਾ ਕੇ ਉਸੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰੀ ਜਾਏ ਤਾਂ ਬਿਮਾਰੀ ਸ਼ਮਾਰੀ ਨੇੜੇ ਨਹੀਂ ਆਉਂਦੀ। ਡਾਕਟਰ ਔਲਖ ਨਾਂ ਤਾਂ ਸ਼ਰਾਬ ਪੀਂਦੇ ਹਨ ਅਤੇ ਨਾਂ ਹੀ ਚਾਹ। ਜ਼ਿੰਦਗੀ ਵਿੱਚ ਬਹੁਤ ਪ੍ਰਹੇਜ਼ਗਾਰ ਵੀ ਹਨ।  ਗਈਆਂ ਤਕਰੀਬਨ ਹਰ ਵਿਸ਼ੇ 'ਤੇ ਹੈ। 

ਭੰਗ ਦੇ ਭਾੜੇ ਵਾਲੀ ਇਸ ਸਾਰੀ ਕਹਾਣੀ ਨੂੰ ਉਹ ਬਹੁਤ ਦਿਲਚਸਪ ਢੰਗ ਨਾਲ ਸੁਣਾਉਂਦੇ ਹਨ। ਕਈ ਤਾਂ ਬਾਰ ਬਾਰ ਗੁਜਾਰਿਸ਼ ਕਰ ਕੇ ਇਹ ਸੱਚੀ ਕਹਾਣੀ ਬਾਰ ਬਾਰ ਸੁਣਦੇ ਹਨ। ਡਾਕਟਰ ਔਲਖ ਅਕਸਰ ਦੱਸਦੇ ਹਨ ਕਿ ਕਿਹੜੇ ਕਿਹੜੇ ਮੁਲਕ ਵਿੱਚ ਕਿਹੜੇ ਕਿਹੜੇ ਮੁਲਕ ਨੇ ਕਦੋਂ ਕਦੋਂ, ਕਿਓਂ ਅਤੇ ਕਿਹੜੇ ਕਿਹੜੇ ਬਹਾਨੇ ਨਾਲ ਹਮਲੇ ਕੀਤੇ ਅਤੇ ਸਾਜ਼ਿਸ਼ਾਂ ਰਚੀਆਂ? ਕਿਸ ਕਿਸ ਨੂੰ ਕਿਸ ਕਿਸ ਨੇ ਕਿਵੇਂ ਬਚਾਇਆ? ਅੰਗੋਲਾ ਅਤੇ ਹੋਰ ਬਹੁਤ ਸਾਰੇ ਮੁਲਕਾਂ ਦਾ ਇਤਿਹਾਸ ਅਤੇ ਉਥੋਂ ਦੀਆਂ ਦੀਆਂ ਸੱਚੀਆਂ ਕਹਾਣੀਆਂ ਸੁਣਾਉਣ ਵਿਚ ਬਹੁਤ ਮਾਹਰ ਹਨ ਡਾਕਟਰ ਔਲਖ। 

ਇਸਦੇ ਨਾਲ ਕਮਿਊਨਿਜ਼ਮ ਦੀ ਮੌਜੂਦਾ ਸਥਿਤੀ ਬਾਰੇ ਵੀ ਉਹ ਬਹੁਤ ਸਾਰਥਕ ਗੱਲਾਂ ਕਰ ਲੈਂਦੇ ਹਨ। ਹੁਣ ਜਦੋਂ ਕਿ ਕਮਿਊਨਿਸਟ ਪਾਰਟੀਆਂ ਹਾਸ਼ੀਏ 'ਤੇ ਆਉਂਦੀਆਂ ਲੱਗ ਰਹੀਆਂ ਹਨ ਤਾਂ ਡਾਕਟਰ ਔਲਖ ਦੱਸਦੇ ਹਨ ਕਿ ਕਿਵੇਂ ਹੁਣ ਵੀ ਮਾਰਕਸਵਾਦ ਸਫਲਤਾ ਵੱਲ ਜਾ ਰਿਹਾ ਹੈ। ਉਹਨਾਂ ਨੇ ਕਮਿਊਨਿਜ਼ਮ ਨੂੰ ਪੂਰੀ ਡੂੰਘਾਈ ਨਾਲ ਪੜ੍ਹਿਆ ਹੈ। ਕਿੱਥੇ ਕਾਰਲ ਮਾਰਕਸ ਨੇ ਕੀ ਕਿਹਾ, ਕਿਸ ਵੇਲੇ ਲੈਨਿਨ ਨੇ ਕੀ ਕਿਹਾ, ਕਿਸ ਵੇਲੇ ਟਰਾਟਸਕੀ ਦੀ ਭੂਮਿਕਾ ਕੀ ਰਹੀ ਅਤੇ ਇਸਦੇ ਨਾਲ ਹੀ ਸਟਾਲਿਨ ਦੇ ਕਾਰਜਕਾਲ ਦੀ ਚਰਚਾ ਵੀ ਬੇਬਾਕੀ ਨਾਲ ਕਰਦੇ ਹਨ। 

ਉਹਨਾਂ ਨੂੰ ਸਭ ਕੁਝ ਜ਼ੁਬਾਨੀ ਯਾਦ ਹੈ। ਪੰਜਾਬ ਵਿਚਲੀ ਨਕਸਲਬਾੜੀ ਮੁਹਿੰਮ ਦੀ ਗੱਲ ਕਰੀਏ ਤਾਂ ਅਕਸਰ ਜ਼ਿਕਰ ਆਉਂਦਾ ਹੈ ਸੀ ਪੀ ਆਈ -ਐਮ ਐਲ (ਲਿਬਰੇਸ਼ਨ) ਵਾਲਿਆਂ ਦਾ ਅਤੇ ਸੀ ਪੀ ਆਈ -ਐਮ ਐਲ (ਨਿਊ ਡੈਮੋਕਰੇਸੀ) ਵਾਲਿਆਂ ਦਾ ਵੀ। ਇੱਕ ਦਿੰਨ ਸਾਡੇ ਵਿੱਚੋਂ ਹੀ ਕਿਸੇ ਨੇ ਆਖ ਦਿੱਤਾ ਕਿ ਕੀ ਵੋਟਾਂ ਵਾਲੇ ਰਾਹ ਪਏ ਨਕਸਲਬਾੜੀ ਧੜਿਆਂ ਨੇ ਹੁਣ ਹਥਿਆਰਬੰਦ ਰਾਹ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ? ਜੁਆਬ ਵਿਚ ਗਲੈਕਸੀ ਸਾਹਿਬ ਬੋਲੇ ਜਿਹੜੇ ਅਜੇ ਵੀ ਦੂਜੇ ਸੂਬਿਆਂ ਵਿੱਚ ਹਥਿਆਰ ਚੁੱਕੀ ਫਿਰਦੇ ਹਨ ਉਹ ਵੀ ਕੀ ਕਰਦੇ ਪਏ ਹਨ? ਲੋਕਾਂ ਵਿਚ ਉਹਨਾਂ ਦੀ ਸਿੱਖ ਗਿਰੋਹਾਂ ਵਾਂਗ ਬਣਦੀ ਜਾ ਰਹੀ ਹੈ। ਕੀ ਉਹਨਾਂ ਨੂੰ ਪਤਾ ਵੀ ਹੈ ਕਿ ਹੁਣ ਆਮ ਲੋਕ ਉਹਨਾਂ ਨੂੰ ਕੀ ਸਮਝਦੇ ਅਤੇ ਕੀ ਆਖਦੇ ਹਨ?

ਖੱਬੀਆਂ ਧਿਰਾਂ ਦੇ ਨਾਲ ਨਾਲ ਕਾਂਗਰਸ ਅਤੇ ਅਕਾਲੀ ਦਲ ਦੀ ਚਰਚਾ ਵੀ ਅਕਸਰ ਹੁੰਦੀ ਹੈ। ਬਾਪੂ ਬਲਕੌਰ ਗਿੱਲ ਹੁਰਾਂ ਨੂੰ ਅੱਜ ਵੀ ਸਭ ਕੁਝ ਜ਼ੁਬਾਨੀ ਯਾਦ ਹੈ ਕਿ ਪ੍ਰਤਾਪ ਸਿੰਘ ਕੈਰੋਂ ਨਾਲ ਕੀ ਕੁਝ ਕਿਵੇਂ ਵਾਪਰਿਆ? ਸੰਜੇ ਗਾਂਧੀ ਦੇ ਹਵਾਈ ਹਾਦਸੇ ਵਿਚਲੇ ਰਾਜ਼ ਕੀ ਹਨ? ਇੰਦਰਾ ਗਾਂਧੀ ਦੇ ਕਤਲ ਦੀ ਕਹਾਣੀ ਬਾਰੇ ਠੱਕਰ ਕਮਿਸ਼ਨ ਦੀ ਰਿਪੋਰਟ ਅੱਜ ਤਕ ਕਿਓਂ ਨਸ਼ਰ ਨਹੀਂ ਕੀਤੀ ਗਈ? ਬੇਅੰਤ ਸਿੰਘ ਦੇ ਕਤਲ ਵਿੱਚ ਹੋਰ ਕਿਸ ਕਿਸ ਦਾ ਹੱਥ ਸੀ? ਗਿਆਨੀ ਜ਼ੈਲ ਸਿੰਘ ਦੀਆਂ ਕੀ ਕੀ ਖੂਬੀਆਂ ਸਨ?ਰਾਜਿੰਦਰ ਕੌਰ ਭੱਠਲ ਕੋਲੋਂ ਕਿਸ ਨੇ ਭਲੇ ਵੇਲਿਆਂ ਵਿਚ ਮੰਗੇ ਸਨ ਚਾਰ ਕਰੋੜ ਰੁਪਏ ਅਤੇ ਜਦੋਂ ਏਨੀ ਵੱਡੀ ਰਕਮ ਦਾ ਪ੍ਰਬੰਧ ਨਾ ਹੋ ਸਕਿਆ ਮੈਡਮ ਭੱਠਲ ਨੂੰ ਮੁਖ ਮੰਤਰੀ ਨਹੀਂ ਸੀ ਬਣਨ ਦਿੱਤਾ ਗਿਆ। ਆਖਿਰ ਕੌਣ ਸੀ ਉਹ ਵਿਅਕਤੀ ਉਸਦੇ ਨਾਮ ਦਾ ਇਥੇ ਜ਼ਿਕਰ ਨਹੀਂ ਕਰਨਾ ਕਿਸੇ ਵੇਲੇ ਮੂਡ ਵਿੱਚ ਆਏ ਤਾਂ ਬਾਪੂ ਬਲਕੌਰ ਗਿਲ ਹੀ ਸੁਣਾਉਣਗੇ ਏਨੀਆਂ ਇਤਿਹਾਸਿਕ ਵਾਰਦਾਤਾਂ ਦਾ ਪੂਰਾ ਕਿੱਸਾ। 

ਜਿਸ ਮਹਿਕਮੇ ਵਿਚ ਬਾਪੂ ਬਲਕੌਰ ਗਿੱਲ ਵੱਡੇ ਅਫਸਰ ਰਹੇ ਉਹ ਐਕਸਾਈਜ਼ ਮਹਿਕਮਾ ਕਿਵੇਂ ਫੜਦਾ ਹੈ ਸ਼ਰਾਬ, ਅਫੀਮ ਅਤੇ ਹੋਰ ਨਸ਼ੀਲੀਆਂ ਚੀਜ਼ਾਂ? ਐਕਸਾਈਜ਼ ਵਾਲਿਆਂ ਦੀਆਂ ਅੱਖਾਂ ਕਿਵੇਂ ਐਕਸਰੇ ਵਾਂਗ ਕੰਮ ਕਰਨ ਲੱਗਦੀਆਂ ਹਨ? ਸੜਕਾਂ ਤੇ ਵਗਦੇ ਗੱਡੀਆਂ ਦੇ ਟਰੈਫਿਕ ਵਿੱਚੋਂ ਉਸਦੀ ਪਛਾਣ ਕਿਵੇਂ ਆਉਂਦੀ ਹੈ ਜਿਸ ਕੋਲ ਮਾਲ ਹੋਵੇ? ਇਹ ਮੁਹਾਰਤ ਬਾਪੂ ਬਲਕੌਰ ਗਿੱਲ ਹੁਰਾਂ ਕੋਲ ਕਿਵੇਂ ਆਈ ਸੀ? ਕੀ ਕੀ ਹਨ ਸੱਚੀਆਂ ਕਹਾਣੀਆਂ? 

ਇਸੇ ਤਰ੍ਹਾਂ ਧਾਰਮਿਕ ਮਾਮਲਿਆਂ ਵਿੱਚ ਵੀ ਬਾਪੂ ਬਲਕੌਰ ਗਿੱਲ ਨੂੰ ਪੂਰੀ ਜਾਣਕਾਰੀ ਹੈ। ਪੂਰੀ ਤਰ੍ਹਾਂ ਪ੍ਰਮਾਣਿਕ ਵੀ। ਕਿਵੇਂ ਹੋਏ ਸਿੱਖ ਪੰਥ ਦੇ ਟੁਕੜੇ? ਨਾਮਧਾਰੀਆਂ ਦੇ ਅੰਦਰਲੇ ਵਿਵਾਦਾਂ ਦੀ ਹਕੀਕਤ ਕੀ ਹੈ ਅਤੇ ਸਿੱਖ ਪੰਥ ਨੂੰ ਅੰਦਰੋਂ ਅੰਦਰੀ ਕਿਹੜਾ ਘੁਣ ਲੱਗਿਆ ਹੋਇਆ ਹੈ ਇਸ ਸਭ ਕੁਝ ਦਾ ਪਤਾ ਹੈ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੂੰ। ਚਿੱਟੇ ਚਾਦਰੇ ਅਤੇ ਚਿੱਟੇ ਕੁੜਤੇ ਨਾਲ ਬੇਹੱਦ ਜਚਵੀਂ ਸ਼ਖ਼ਸੀਅਤ ਵਾਲੇ ਬਾਪੂ ਬਲਕੌਰ ਗਿੱਲ ਛੇਤੀ ਕੀਤੀਆਂ ਗੱਲ ਨਹੀਂ ਕਰਦੇ ਪਰ ਜਦੋਂ ਕਰਦੇ ਹਨ ਤਾਂ ਫਿਰ ਲਿਹਾਜ਼ ਵੀ ਨਹੀਂ ਕਰਦੇ। ਉਹ ਜਦੋਂ ਪਰਦੇਫਾਸ਼ ਕਰਨ ਤੇ ਆਉਂਦੇ ਹਨ ਤਾਂ ਫਿਰ ਉਸ ਵੇਲੇ ਉਹਨਾਂ ਦਾ ਰੰਗ ਦੇਖਣ ਵਾਲਾ ਹੀ ਹੁੰਦਾ ਹੈ। ਚੇਹਰੇ ਦਾ ਜਲਾਲ ਅਤੇ ਅੱਖਾਂ ਦੀ ਚਮਕ ਦੇ ਨਾਲ ਨਾਲ ਉਹ ਕਈ ਵਾਰ ਬਾਹਾਂ ਵੀ ਲਹਿਰਾਉਣ ਲੱਗਦੇ ਹਨ। ਉਦੋਂ ਭਲੇ ਵੇਲਿਆਂ ਵਿੱਚ ਗਿਆਰਾਂ ਗਿਆਰਾਂ ਐਮ ਏ ਵਾਲੀਆਂ ਡਿਗਰੀਆਂ ਦੇ ਨਾਲ ਉਹ ਗਿਆਨ ਵੀ ਠਾਠਾਂ ਮਾਰਨ ਲੱਗਦਾ ਹੈ ਜਿਹੜਾ ਸਿਰਫ ਉਹਨਾਂ ਕੋਲ ਹੀ ਹੈ। ਅਜਿਹਾ ਅਨਮੋਲ ਗਿਆਨ ਕਿਸੇ ਕਿਤਾਬ ਵਿਚੋਂ ਸ਼ਾਇਦ ਨਾ ਮਿਲੇ। 

ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਤੀਜਾ ਸਾਥੀ ਹੁੰਦਾ ਹੈ ਆਰ ਪੀ ਸਿੰਘ। ਆਰ ਪੀ ਸਿੰਘ ਨੂੰ ਸਰਕਾਰੀ ਮਹਿਕਮਿਆਂ ਦੀਆਂ ਅੰਦਰਲੀਆਂ ਘੁੰਡੀਆਂ ਦਾ ਪੂਰਾ ਭੇਦ ਹੈ। ਕਿਹੜਾ ਕਿਹੜਾ ਆਰ ਟੀ ਆਈ ਐਕਟੀਵਿਸਟ ਕਿਸ ਕਿਸ ਨੂੰ ਬਲੈਕਮੇਲ ਕਰ ਰਿਹਾ ਹੈ ਇਸਦਾ ਵੀ ਆਰ ਪੀ ਸਿੰਘ ਨੂੰ ਪਤਾ ਹੁੰਦਾ ਹੈ। ਕਿਹੜਾ ਕਿਹੜਾ ਬੰਦਾ ਭਾਈਚਾਰਕ ਗੱਲ ਕਰਨ ਦੇ ਬਹਾਨੇ ਆਪਣੇ ਅੱਡੇ 'ਤੇ ਬੁਲਾਉਂਦਾ ਹੈ ਅਤੇ ਫਿਰ ਸਭ ਕੁਝ ਸੀ ਸੀ ਟੀ ਵੀ ਰਾਹੀਂ ਰਿਕਾਰਡ ਕਰਦਾ ਹੈ ਇਸਦਾ ਆਰ ਪੀ ਸਿੰਘ ਨੂੰ ਸਭ ਕੁਝ ਪਤਾ ਹੈ। ਪੁਰਾਤਨ ਸਿੰਘ ਘੋੜਿਆਂ ਤੇ ਹਰ ਵੇਲੇ ਸਵਾਰ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਆਰ ਬਪੀ ਸਿੰਘ ਆਪਣੇ ਸਕੂਟਰ ਤੇ ਸਵਾਰ ਮਿਲੇਗਾ। ਪੁਰਾਤਨ ਸਿੰਘ ਛੋਲਿਆਂ ਨੂੰ ਬਦਾਮ ਅੱਖ ਕੇ ਛਕਿਆ ਕਰਦੇ ਸਨ ਅਤੇ ਆਰ ਪੀ ਸਿੰਘ ਹੁਰਾਂ ਨੇ ਛੋਲਿਆਂ ਦੇ ਨਾਲ ਨਾਲ ਭੁਜੀਆ, ਬਦਾਨਾ, ਮੱਕੀ, ਸੌਗੀਆਂ ਅਤੇ ਹੋਰ ਕਈ ਆਈਟਮਾਂ ਨਾਲ ਭਰਿਆ ਵੱਡਾ ਸਾਰਾ ਲਿਫ਼ਾਫ਼ਾ ਸਕੂਟਰ ਦੀ ਡਿੱਕੀ ਵਿਚ ਰੱਖਿਆ ਹੁੰਦਾ ਹੈ। ਜਦੋਂ ਭੁੱਖ ਦੇ ਸਤਾਏ ਸਾਥੀਆਂ ਨੂੰ ਕੁਝ ਹੋਰ ਮਿਲਦਾ ਨਜ਼ਰ ਨਹੀਂ ਆਉਂਦਾ ਤਾਂ ਇਸ ਲਿਫਾਫੇ ਨਾਲ ਸਾਰੇ ਹੀ ਦੁਬਾਰਾ ਕਾਇਮ ਹੋ ਜਾਂਦੇ ਹਨ। 

ਅੱਜਕਲ੍ਹ ਇਹ ਤਿੰਨੇ ਦਰਵੇਸ਼ ਲੋਕਾਂ ਕੋਲ ਆਪ ਜਾ ਕੇ ਸੁਆਲ ਪੁੱਛ ਰਹੇ ਹਨ। ਕੁਰੱਪਸ਼ਨ ਤੋਂ ਕਿੰਨੀ ਕੁ ਨਿਜਾਤ ਮਿਲੀ? ਇਹ ਵੀ ਕਿ ਤੁਹਾਡਾ ਮੌਜੂਦਾ ਸਿਆਸਤ ਬਾਰੇ ਕੀ ਖਿਆਲ ਹੈ, ਸਰਕਾਰ ਨਾਲ ਕੋਈ ਨਾਰਾਜ਼ਗੀ ਹੈ ਤਾਂ ਉਹ ਵੀ ਦੱਸੋ। ਜੇ ਕੋਈ ਕੰਮ ਰੁਕਿਆ ਹੋਇਆ ਹੈ ਤਾਂ ਉਹ ਵੀ ਦੱਸੋ। ਅਪੋਜੀਸ਼ਨ ਪਾਰਟੀਆਂ ਦੀਆਂ ਸਰਗਰਮੀਆਂ ਬਾਰੇ ਜਨਤਾ ਕੀ ਸੋਚਦੀ ਹੈ ਇਸਦਾ ਵੀ ਪਤਾ ਲਗਾ ਰਹੇ ਹਨ। ਆਪਣੇ ਇਸੇ ਮਿਸ਼ਨ ਅਧੀਨ ਇਹ ਤਿੰਨੇ ਸ਼ੁੱਕਰਵਾਰ ਨੂੰ ਭਦੌੜ ਹਾਊਸ ਵਿਚ ਬਣੀ ਏ ਸੀ ਮਾਰਕੀਟ ਵਿਚ ਵੀ ਪਹੁੰਚੇ। ਇਥੇ ਮਾਰਕੀਟ ਵਾਲੇ ਇਹਨਾਂ ਤਿੰਨਾਂ ਨੂੰ ਬੜੇ ਪਿਆਰ ਨਾਲ ਮਿਲੇ। ਇਸ ਮੌਕੇ ਜੇ ਪੀ ਐਸ ਪੰਜਾਬੀ ਵਿਰਸਾ, ਏ ਸੀ ਮਾਰਕੀਟ, ਲੁਧਿਆਣਾ ਦੁਕਾਨ ਦੇ ਮਾਲਕ ਨੇ ਸਾਬਕਾ ਈਟੀਓ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੂੰ ਮਾਂ ਬੋਲੀ ਪੰਜਾਬੀ ਦੀ ਸ਼ਾਲ ਭੇਟ ਕਰਕੇ ਸਨਮਾਨਿਤ ਵੀ ਵੀ ਕੀਤਾ।  

ਇਸ ਤਰ੍ਹਾਂ ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਨਿਕਲੇ ਇਹ ਤਿੰਨੇ ਦਰਵੇਸ਼ ਇਸ ਤੋਂ ਬਾਅਦ ਆਪਣੇ ਅਗਲੇ ਮਿਸ਼ਨ ਵੱਲ ਰਵਾਨਾ ਹੋ ਗਏ। ਸਰਦੀ ਹੋਵੇ, ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ ਇੱਹ ਤਿੰਨੇ ਇਕੱਠੇ ਹੀ ਹੁੰਦੇ ਹਨ। ਆਮ ਜਨਤਾ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ। 

ਹੁਣ ਇਹ ਕਾਰਣ ਲੱਭ ਰਹੇ ਹਨ ਕਿ ਦੁਨੀਆ ਭਰ ਵਿਚ ਫੈਲੀਆਂ ਬੇਚੈਨੀਆਂ ਆਖਰੀ ਕਿਓਂ ਹਨ? ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਅਤੇ ਜਨਤਾ ਦਰਮਿਆਨ ਦੂਰੀਆਂ ਕਿਓਂ ਵਧਣ ਲੱਗ ਪੈਂਦੀਆਂ ਹੈ? ਕੁਰਸੀ ਤੇ ਬੈਠਦਿਆਂ ਹੀ ਬਹੁਤਿਆਂ ਨੂੰ ਲਾਲਚ ਅਤੇ ਕੁਰਪਸ਼ਨ ਵਰਗੀਆਂ ਬਿਮਾਰੀਆਂ ਕਿਓਂ ਘੇਰ ਲੈਂਦੀਆਂ ਹਨ। ਆਜ਼ਾਦੀ ਆਉਣ ਦੇ ਏਨੇ ਦਹਾਕਿਆਂ ਮਗਰੋਂ ਵੀ ਦੇਸ਼ ਵਿਚ ਖੁਸ਼ਹਾਲੀ ਸਭਨਾਂ ਤੀਕ ਕਿਓਂ ਨਹੀਂ ਪਹੁੰਚੀ? ਇਹਨਾਂ ਸੁਆਲਾਂ ਦੇ ਜੁਆਬ ਲੱਭ ਕੇ ਜਲਦੀ ਹੀ ਤੁਹਾਡੇ ਸਭਨਾਂ ਦੇ ਰੂਬਰੂ ਹੋਣਗੇ ਇਹ ਤਿੰਨੇ ਦਰਵੇਸ਼। 

ਜੇ ਤੁਸੀਂ ਇਹਨਾਂ ਤਿੰਨਾਂ ਦਰਵੇਸ਼ਾਂ ਨੂੰ ਆਪਣੇ ਘਰ ਜਾਨ ਇਲਾਕੇ ਵਿੱਚ ਬੁਲਾਉਣਾ ਚਾਹੋ ਤਾਂ ਆਪਣੀ ਇੱਛਾ ਦਾ ਇਜ਼ਹਾਰ ਕਰ ਸਕਦੇ ਹੋ। ਇਹ ਤਿੰਨਦੇ ਤੁਹਾਡੇ ਦਿਲ ਦੀ ਗੱਲ ਜ਼ਰੂਰ ਸੁਣਨਗੇ ਅਤੇ ਸੰਭਵ ਹੋਇਆ ਤਾਂ ਉਸੇ ਮੌਕੇ ਤੇ ਕੋਈ ਮਸਲਾ ਹੱਲ ਕਰਵਾਉਣ ਦਾ ਕੋਈ ਰਾਹ ਵੀ ਕੱਢਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, June 12, 2023

ਫ਼ਿਲਮ ਨਿਰਮਾਣ ਬਾਰੇ ਵਰਕਸ਼ਾਪ ਦਾ ਆਰੰਭ-ਪੰਜਾਬ ਵਿੱਚ ਨਵੀਂ ਸ਼ੁਰੂਆਤ

Monday 12th June 2023 at 12:52 PM

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇਤਿਹਾਸਿਕ ਉਪਰਾਲਾ 


ਲੁਧਿਆਣਾ: 12 ਜੂਨ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
13 ਮਈ ਇਸ ਵਾਰ ਵੀ ਲੰਘ ਗਈ। ਅੱਜ 12 ਜੂਨ ਨੂੰ ਇਸ ਸਾਲ ਵੀ ਇੱਕ ਮਹੀਨਾ ਪੂਰਾ ਹੋ ਗਿਆ। ਇਹ ਉਹੀ 13 ਮਈ ਸੀ ਸੰਨ 1966 ਵਾਲੀ ਜਦੋਂ ਯਾਦਗਾਰੀ ਗੀਤ ਲਿਖਣ ਵਾਲੇ ਮਹਾਨ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਹਾਲਾਤ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਤਾਰੀਖ ਤੋਂ ਬਾਅਦ ਵੀ ਕਈ ਕਲਮਕਾਰ, ਕਈ ਕੈਮਰਾਮੈਨ, ਟੀ ਵੀ ਚੈਨਲਾਂ ਦੇ ਕਈ ਪ੍ਰਸਿੱਧ ਨਾਮ ਅਜਿਹੀ ਨਿਰਾਸ਼ਾ ਵਿਚ ਹੀ ਚੱਲ ਵੱਸੇ ਜਾਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਇਲਾਜ ਖੁਣੋਂ ਕੋਈ ਨ ਕੋਈ ਬਿਮਾਰੀ ਸਾਡੇ ਕੋਲੋਂ ਖੋਹ ਕੇ ਲੈ ਗਈ। ਆਰਥਿਕ ਕਾਰਨਾਂ ਕਰ ਕੇ ਵਾਪਰਦੇ ਅਜਿਹੇ ਦੁਖਾਂਤਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਨੇ ਸ਼ਾਇਦ ਪਹਿਲੀ ਵਾਰ ਗੰਭੀਰਤਾ ਨਾਲ ਲਿਆ ਹੈ। ਇਹਨਾਂ ਖੁਦਕੁਸ਼ੀਆਂ ਅਤੇ ਮੌਤਾਂ ਦੀ ਰੋਕਥਾਮ ਲਈ ਪੰਜਾਬੀ ਸਾਹਿਤ ਅਕਾਦਮੀ ਨੇ ਰੋਜ਼ਗਾਰ ਦੇਣ ਵਾਲੀਆਂ  ਵਰਕਸ਼ਾਪਾਂ ਵੀ ਆਰੰਭੀਆਂ ਹਨ। ਲਓ ਪੜ੍ਹੋ ਤਾਜ਼ਾ ਰਿਪੋਰਟ ਇਸ ਹਥਲੀ ਲਿਖਤ ਵਿੱਚ।  ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।-ਸੰਪਾਦਕ  

ਲਖਵਿੰਦਰ ਜੋਹਲ ਅਤੇ ਉਹਨਾਂ ਦੀ ਟੀਮ ਕੋਲੋਂਅਜਿਹੇ
ਉਪਰਾਲਿਆਂ ਦੀ ਉਮੀਦ  ਕਾਫੀ ਸਮੇਂ ਤੋਂ ਸੀ 
ਪਿਛਲੇ ਕੁਝ ਦਹਾਕਿਆਂ ਦੌਰਾਨ ਤਕਨੀਕੀ ਵਿਕਾਸ ਤਾਂ ਬਹੁਤ ਹੋਇਆ ਹੈ।
ਛਪ ਕੇ ਆਉਂਦੀਆਂ ਕਿਤਾਬਾਂ ਅਤੇ ਰਸਾਲਿਆਂ ਦੀ ਦਿੱਖ ਵੀ ਬਹੁਤ ਸੁਧਰੀ ਹੈ। ਇਸਦੇ ਨਾਲ ਹੀ ਸਾਹਿਤਿਕ ਰਿਪੋਰਟਿੰਗ ਅਤੇ ਕਲਮ ਦੇ ਖੇਤਰ ਵਿੱਚ ਸਵੈ ਨਿਰਭਰਤਾ ਵਾਲੇ ਮਾਮਲੇ ਵਿੱਚ ਚਿੰਤਾਜਨਕ ਹੱਦ ਤੱਕ ਗਿਰਾਵਟ ਵੀ ਨੋਟ ਕੀਤੀ ਗਈ ਹੈ। ਹੁਣ ਪਹਿਲਾਂ ਵਾਂਗ ਸਾਹਿਤਿਕ ਰਿਪੋਰਟਾਂ ਦੀਆਂ ਵੱਖ ਵੱਖ ਵੰਨਗੀਆਂ ਨਜ਼ਰ ਨਹੀਂ ਆਉਂਦੀਆਂ। ਆਮ ਤੌਰ 'ਤੇ ਇੱਕੋ ਪ੍ਰੈਸ ਨੋਟ ਮੀਡੀਆ ਨੂੰ ਰਿਲੀਜ਼ ਕੀਤਾ ਜਾਂਦਾ ਹੈ ਅਤੇ ਉਹੀ ਛਪਦਾ ਵੀ ਹੈ। ਸ਼ਾਇਦ ਇਸਦਾ ਕਾਰਣ ਇਹੀ ਹੈ ਕਿ ਆਰਥਿਕ ਪੱਖੋਂ ਅਜੇ ਵੀ ਇਸ ਖੇਤਰ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਜਿਥੋਂ ਸ਼ਾਇਦ ਕੁਝ ਮਿਲਣ ਦੀ ਆਸ ਨਹੀਂ ਹੁੰਦੀ; ਜਦਕਿ ਅਜਿਹਾ ਹੈ ਨਹੀਂ!

ਕਲਮ ਅਤੇ ਕੈਮਰੇ ਰਾਹੀਂ ਰੋਜ਼ਗਾਰ ਵਾਲੇ ਪਾਸੇ ਸਿਹਤਮੰਦ ਮਾਹੌਲ ਸਿਰਜਣ ਲਈ ਪੰਜਾਬੀ ਸਾਹਿਤ ਅਕਾਦਮੀ ਇਕ ਇਤਿਹਾਸਿਕ ਉਪਰਾਲਾ ਲੈ ਕੇ ਅੱਗੇ ਆਈ ਹੈ। ਯੋਗਤਾ ਦੇ ਨਾਲ ਨਾਲ ਆਰਥਿਕ ਹਾਲਤਾਂ ਨੂੰ ਸੁਧਾਰਨ ਵਾਲੀ ਇਸ ਪਹਿਲ ਨਾਲ ਨੇੜ ਭਵਿੱਖ ਵਿਚ ਬਹੁਤ ਚੰਗੇ ਨਤੀਜੇ ਸਾਹਮਣੇ ਆਉਣਗੇ।  ਪੰਜਾਬੀ ਸਾਹਿਤ ਅਕੈਡਮੀ ਦੀ ਮੌਜੂਦਾ ਟੀਮ ਇਸ ਖੇਤਰ ਦੀ ਅਨੁਭਵੀ ਵੀ ਹੈ ਅਤੇ ਜੇਕਰ ਹੁਣ ਇਸ ਪਾਸੇ ਸਰਗਰਮ ਹੋਈ  ਹੈ ਤਾਂ ਇਹ ਬਹੁਤ ਸੁਖਾਵਾਂ ਮੋੜ ਹੈ। ਇਸਦਾ ਸ਼ੁਭ ਆਰੰਭ ਕੀਤਾ ਗਿਆ ਹੈ ਫਿਲਮ ਸਾਜ਼ੀ ਦੀ ਨਿਪੁੰਨਤਾ ਦੇਣ ਦੇ ਮਕਸਦ ਨਾਲ ਲਗਾਈ ਗਈ ਵਰਕਸ਼ਾਪ ਨਾਲ ਜੋ ਕਿ ਬਿਲਕੁਲ ਮੁਫ਼ਤ ਸ਼ੁਰੂ ਕੀਤੀ ਗਈ ਹੈ।  

ਮੀਡੀਆ ਅਦਾਰਿਆਂ ਨੂੰ ਹੁਣ ਘੱਟ ਵਿਕਸਿਤ ਦਿਨਾਂ ਵਾਲੇ ਪੁਰਾਣੇ ਯੁਗ ਵਾਂਗ ਪ੍ਰਤੀਬੱਧ ਮੈਗਜ਼ੀਨ ਸੈਕਸ਼ਨਾਂ ਦੇ ਮੈਗਜ਼ੀਨ ਸੰਪਾਦਕਾਂ ਅਤੇ ਰਿਪੋਰਟਰਾਂ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ। ਸਿਆਸੀ ਅਤੇ ਸਮਾਜਿਕ ਖਬਰਾਂ ਵਾਲੇ ਰਿਪੋਰਟਰ ਹੀ ਸਾਹਿਤਿਕ ਰਿਪੋਰਟਾਂ ਦੀਆਂ ਖਬਰਾਂ ਵੀ ਲਿਆ ਦੇਂਦੇ ਹਨ। ਬਹੁਤ ਘੱਟ ਅਖਬਾਰਾਂ ਅਤੇ ਟੀ ਵੀ ਚੈਨਲਾਂ ਵਿਚ ਸਾਹਿਤਿਕ ਕਵਰੇਜ ਲਈ ਸੁਤੰਤਰ ਬੀਟ ਇੰਚਾਰਜ ਨਿਯੁਕਤ ਕੀਤੇ ਜਾਂਦੇ ਹਨ। 

ਪੰਜਾਬੀ ਮੀਡੀਆ ਵਿੱਚ ਇਹ ਰਿਵਾਜ ਬਹੁਤ ਘੱਟ ਹੈ। ਸਾਹਿਤਿਕ ਸੰਸਥਾਵਾਂ ਦੇ ਔਹਦੇਦਾਰਾਂ ਵੱਲੋਂ ਮਿਲੀ ਰਿਪੋਰਟ ਛਾਪ ਕੇ ਹੀ ਗੁਜ਼ਾਰਾ ਕਰ ਲਿਆ ਜਾਂਦਾ ਹੈ। ਇਸ ਘਾਟ ਦੇ ਕਾਰਨ ਕਿ ਹੋ ਸਕਦੇ ਹਨ ਪਰ ਵੱਡੇ ਕਾਰਨਾਂ ਵਿੱਚ ਆਰਥਿਕ ਕਾਰਣ ਵੀ ਹੈ। ਪੰਜਾਬੀ ਸਾਹਿਤ ਅਕੈਡਮੀ ਹੁਣ ਇਸ ਪਾਸੇ ਵੀ ਸਰਗਰਮ ਹੋਈ  ਹੈ। ਸ਼ੁਭ ਆਰੰਭ ਕੀਤਾ ਗਿਆ ਹੈ ਫਿਲਮ ਸਾਜ਼ੀ ਦੀ ਨਿਪੂਨਤਾ ਦੇਣ ਦੇ ਮਕਸਦ ਨਾਲ ਲਗਾਈ ਗਈ ਵਰਕਸ਼ਾਪ ਨਾਲ ਜੋ ਕਿ ਬਿਲਕੁਲ ਮੁਫ਼ਤ ਸ਼ੁਰੂ ਕੀਤੀ ਗਈ ਹੈ। 

ਫ਼ਿਲਮ ਨਿਰਮਾਣ ਨਾਲ ਜੁੜੇ ਛੋਟੇ ਵੱਡੇ ਸਾਰੇ ਪਹਿਲੂਆਂ ਬਾਰੇ ਲਗਾਈ ਗਈ ਇਹ ਵਰਕਸ਼ਾਪ ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਲਾਇ ਜਾਂਦੀ ਹੈ।  ਇਸਦਾ ਆਯੋਜਨ ਹੁੰਦਾ ਹੈ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ, ਲੁਧਿਆਣਾ ਵਿਖੇ ਜਿੱਥੇ ਦਾਖਲਾ ਬਿਲਕੁਲ ਮੁਫ਼ਤ ਹੈ। ਇਸ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਦੇਸ਼ਨ ਦੀ ਕਲਾ ਤੇ ਕਰਾਫਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ ਕੰਟੀਨਿਊਟੀ ਤੇ ਫ਼ਿਲਮ ਸੰਪਾਦਨ, ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ, ਰਿਪੋਰਟਿੰਗ ਕਰਨਾ, ਪ੍ਰੋਗਰਾਮ ਲਈ ਸੰਚਾਲਕ ਦੀ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਦਸਿਆ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਐਕਸ਼ਨ ਸ਼ਾਟਸ ਦੀ ਇਕਸੁਰਤਾ ਕਾਇਮ ਰੱਖਣ, ਸਕਰਿਪਟ ਲਿਖਣ, ਪ੍ਰਸਤੁਤੀ ਤੇ ਫ਼ਿਲਮਾਂਕਣ ਕਰਨਾ ਵੀ ਸਿਖਾਇਆ ਜਾਏਗਾ। ਯੂਟਿਊਬ ਅਤੇ ਛੋਟੀਆਂ ਫ਼ਿਲਮਾਂ ਦੇ ਨਿਰਮਾਣ ਵਿੱਚ ਆਈ ਤੇਜ਼ੀ ਨੂੰ ਦੇਖਦਿਆਂ ਇਹ ਉਪਰਾਲਾ ਬਹੁਤ ਸਾਰੇ ਲੋਕਾਂ ਨੂੰ ਮਾਰਗ ਦਰਸ਼ਨ ਦੇਵੇਗਾ। 

ਵਰਕਸ਼ਾਪ ਦੇ ਪਹਿਲੇ ਦਿਨ ਹੀ ਸਿਖਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੁਰਾਂ ਨੇ 12 ਜੂਨ ਤੋਂ 20 ਜੂਨ, 2023 ਤੱਕ ਚਲਣ ਵਾਲੀ ਵਰਕਸ਼ਾਪ ਦਾ ਉਦਘਾਟਨ ਕੀਤਾ। ਡਾ. ਗੁਰਇਕਬਾਲ ਸਿੰਘ ਹੁਰਾਂ ਨੇ ਦਸਿਆ ਕਿ ਅਕਾਡਮੀ ਵਲੋਂ ਬਾਲ ਨਾਟਕ ਵਰਕਸ਼ਾਪ, ਗ਼ਜ਼ਲ ਵਰਕਸ਼ਾਪ, ਗੀਤ ਵਰਕਸ਼ਾਪ ਅਤੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਇਸੇ ਲੜੀ ਅਧੀਨ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਲਗਾਈ ਗਈ ਹੈ। 

ਇਸ ਵਰਕਸ਼ਾਪ ਵਿੱਚ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ ਵੀ ਜਾਣਕਾਰੀ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਐਕਸ਼ਨ ਸ਼ਾਟਸ ਦੀ ਇਕਸੁਰਤਾ ਕਾਇਮ ਰੱਖਣ, ਸਕਰਿਪਟ ਲਿਖਣ, ਪ੍ਰਸਤੁਤੀ ਤੇ ਫ਼ਿਲਮਾਂਕਣ ਕਰਨਾ ਵੀ ਸਿਖਾਇਆ ਜਾਏਗਾ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੁਰਾਂ ਨੇ ਆਖਿਆ ਕਿ ਅਕਾਡਮੀ ਦਾ ਇਹ ਉਪਰਾਲਾ ਫ਼ਿਲਮ, ਪੱਤਰਕਾਰੀ ਅਤੇ ਸੰਚਾਰ ਮਾਧਿਅਮਾਂ ਨੂੰ ਅਪਨਾਉਣ ਵਾਲੇ ਸਿਖਿਆਰਥੀਆਂ ਲਈ ਲਾਹੇਵੰਦ ਹੋਵੇਗਾ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਉਹ ਇਸ ਖੇਤਰ ਵਿਚ ਸਫ਼ਲਤਾਪੂਰਵਕ ਜਾ ਸਕਦੇ ਹਨ। ਵਰਕਸ਼ਾਪ ਦੇ ਸੰਚਾਲਕ ਹਨ ਸ੍ਰੀ ਮਦਨ ਪਰਾਸ਼ਰ  ਜੋ ਕਿ ਕਾਫੀ ਸਮਾਂ ਦੂਰਦਰਸ਼ਨ ਦੇ ਵਿੱਚ ਨਿਰਮਾਤਾ ਵੱਜੋਂ ਸਰਗਰਮ ਰਹੇ ਹਨ। ਉਹਨਾਂ ਨੇ ਜਿਹੜੀਆਂ ਗੱਲਾਂ, ਜੁਗਤਾਂ ਅਤੇ ਗੁਰ ਇਥੇ ਸਿਖਾਉਣੇ ਹਨ ਉਹ ਕਿਤਾਬਾਂ ਵਿੱਚ ਨਹੀਂ ਮਿਲਣਗੇ। ਇਹ ਸਾਰੀਆਂ ਖੂਬੀਆਂ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਬਣਾਉਣ ਦੌਰਾਨ ਹੀ ਹਾਸਲ ਕੀਤੀਆਂ।  ਉਹਨਾਂ ਦੇ ਇਹ ਤਜਰਬੇ ਬੇਹੱਦ ਅਨਮੋਲ ਹਨ ਅਤੇ ਇਹਨਾਂ ਵਿਚਲਾ ਗਿਆਨ ਕਿਸਮਤ ਨਾਲ ਹੀ ਮਿਲਿਆ ਕਰਦਾ ਹੈ। । ਇਸ ਲਈ ਸਿਖਿਆਰਥੀਆਂ ਨੂੰ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਬੜੇ ਵਿਸਥਾਰ ਨਾਲ ਜਿਹਡ਼ੀ ਜਾਣਕਾਰੀ ਉਹਨਾਂ ਦਿੱਤੀ ਉਹ ਵੀ ਬਹੁਤ ਅਨਮੋਲ ਹੈ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਲਗਾਉਣਾ ਬਹੁਤ ਹੀ ਸਾਰਥਕ ਉਪਰਾਲਾ ਹੈ।

ਵਰਕਸ਼ਾਪ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ, ਸਕੱਤਰ ਸ੍ਰੀ ਕੇ. ਸਾਧੂ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਦੀਪ ਜਗਦੀਪ ਸਿੰਘ, ਸੁਰਿੰਦਰ ਦੀਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਸਤ ਸਿੰਘ ਅਤੇ ਲਖਵਿੰਦਰ ਸਿੰਘ, ਜਲੰਧਰ ਤੋਂ ਅਲੀਸ਼ਾ, ਸਤਕਰਨ ਸਿੰਘ, ਦਿਨੇਸ਼ ਕੁਮਾਰ ਮਹਿਰਾ, ਰਿਸ਼ਭ ਚਾਵਲਾ, ਪਰਮਜੀਤ ਸਿੰਘ, ਮਦਨ ਪ੍ਰਭਾਕਰ, ਰੈਕਟਰ ਕਥੂਰੀਆ ਸਮੇਤ ਭਰਵੀਂ ਹਾਜ਼ਰੀ ਸੀ।

ਸਮਾਜਿਕ ਚੇਤਨਾ ਅਤੇ ਜਨ-ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, October 07, 2022

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਹਿਮ ਇਕੱਠ ਲੁਧਿਆਣਾ ਵਿੱਚ ਅੱਠ ਨੂੰ

7th October 2022 at 12:26 PM

ਪੰਜਾਬੀ ਭਵਨ ਵਿੱਚ ਕਾਰਜਕਾਰਣੀ  ਦੀ ਮੀਟਿੰਗ ਅਤੇ ਜਨਰਲ ਇਜਲਾਸ 

ਚੰਡੀਗੜ੍ਹ: 07 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਬਹੁਤ ਸਾਰੇ ਸੁਆਲਾਂ, ਬਹੁਤ ਸਾਰੇ ਮੁੱਦਿਆਂ ਅਤੇ ਬਹੁਤ ਸਾਰੇ ਵਿਚਾਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਟੀਮ ਇੱਕ ਵਾਰ ਫੇਰ ਮੈਦਾਨ ਵਿੱਚ ਹੈ। ਇਸ ਪੁਰਾਣੇ ਲੇਖਕ ਸੰਗਠਨ ਦੇ ਵਿਰੋਧੀ ਵੀ ਸਰਗਰਮ ਹਨ ਅਤੇ ਹਮਾਇਤੀ ਵੀ। ਮੁੱਦਿਆਂ ਬਾਰੇ ਵਿਚਾਰਕ ਜੰਗ ਹੋਣੀ ਲਾਜ਼ਮੀ ਹੈ ਅਤੇ ਸ਼ਾਇਦ ਜ਼ਰੂਰੀ ਵੀ। 

ਅੱਠ ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ ਸਾਹਮਣੇ ਭਾਸ਼ਾ ਵਿਭਾਗ  ਦੇ ਪੁਰਸਕਾਰਾਂ ਦਾ ਮਾਮਲਾ ਵੀ ਹੋਵੇਗਾ ਅਤੇ ਨਵੀਂ ਮੈਂਬਰਸ਼ਿਪ ਦਾ ਵੀ। ਉਂਝ ਮਾਮਲਾ ਉਹਨਾਂ ਕਲਮਕਾਰਾਂ ਦਾ ਵੀ ਵਿਚਾਰਿਆ ਜਾਣਾ ਬਣਦਾ ਹੈ ਜਿਹੜੇ ਲੇਖਕ ਨਹੀਂ ਬਲਕਿ ਪੱਤਰਕਾਰਾਂ ਵਾਲੇ ਵਰਗ ਵਿਚ ਆਉਂਦੇ ਹਨ ਪਰ ਦਮਨ ਦਾ ਸਾਹਮਣਾ ਉਹਨਾਂ ਨੂੰ ਵੀ ਆਪਣੀਆਂ ਲਿਖਤਾਂ ਕਾਰਨ ਹੀ ਕਰਨਾ ਪੈਂਦਾ ਹੈ। ਉਂਝ ਬਹੁਤ ਸਾਰੇ ਪੱਤਰਕਾਰ ਵੀ ਕੇਂਦਰੀ ਲੇਖਕ ਸਭਾ ਦੇ ਸਰਗਮ ਮੈਂਬਰ ਹਨ। ਪਹਿਲਾਂ ਵੀ ਸਨ ਅਤੇ ਹੁਣ ਵੀ ਹਨ। ਇਸਦੇ ਨਾਲ ਹੀ ਆਰਥਿਕ ਪੱਖੋਂ ਕਮਜ਼ੋਰ ਕਲਮਕਾਰਾਂ ਦੇ ਗੁਜ਼ਾਰੇ ਅਤੇ ਆਰਥਿਕ ਪਹਿਲੂਆਂ ਬਾਰੇ ਵੀ ਕੋਈ ਠੋਸ ਪਾਰਦਰਸ਼ੀ ਨੀਤੀ ਬਣਾਉਣ ਦੀ ਗੱਲ ਵਿਚਾਰਨੀ ਬਣਦੀ ਹੈ। ਕੇਂਦਰੀ ਲੇਖਕ ਸਭਾ ਵੱਲੋਂ ਆਪਣੀ ਪਾਰਦਰਸ਼ੀ ਪ੍ਰਕਾਸ਼ਨ ਸੰਸਥਾ ਬਾਰੇ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।ਇਹ ਇੱਕ ਅਜਿਹੀ ਸੰਸਥਾ ਹੋਵੇ ਜਿਹੜੀ ਲਾਗਤ ਮਾਤਰ ਕੀਮਤ ਲੈ ਕੇ ਲੇਖਕਾਂ ਦੀਆਂ ਪੁਸਤਕਾਂ ਖੂਬਸੂਰਤ ਦਿੱਖ ਵਿਚ ਪ੍ਰਕਾਸ਼ਿਤ ਕਰੇ। ਜਿਸ ਕੋਲ ਲਾਗਤ ਮਾਤਰ ਦੇਣ ਜੋਗੀ ਮਾਇਕ ਸਮਰਥਾ ਵੀ ਨਾ ਹੋਵੇ ਉਸ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕਰੇ। ਸੋ ਅਜਿਹੇ ਬਹੁਤ ਸਾਰੇ ਮੁੱਦੇ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਵਿਚਾਰਨੇ ਬਣਦੇ ਹਨ। ਰਾਣਾ ਅਯੂਬ, ਸ਼ਿਆਮ ਮੀਰਾ ਸਿੰਘ ਅਤੇ ਅਜਿਹੇ ਹੋਰਨਾਂ ਕਲਮਕਾਰਾਂ ਨੂੰ ਪੰਜਾਬ ਵਿੱਚ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ। 

ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 08 ਅਕਤੂਬਰ 2022, ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਠੀਕ 10 ਵਜੇ ਕੀਤੀ ਜਾਵੇਗੀ। ਕਾਰਜਕਾਰਣੀ ਮੀਟਿੰਗ ਦਾ ਏਜੰਡਾ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ, ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਪਹੁੰਚ ਸੰਬੰਧੀ ਵਿਚਾਰ, ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਅਤੇ ਕੋਈ ਫੁਟਕਲ ਏਜੰਡਾ ਪ੍ਰਧਾਨ ਜੀ ਦੀ ਆਗਿਆ ਨਾਲ ਲਿਆ ਜਾ ਸਕੇਗਾ।

ਕਾਰਜਕਾਰਣੀ ਦੀ ਮੀਟਿੰਗ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 11.30 ਵਜੇ ਸ਼ੁਰੂ ਹੋਵੇਗਾ।  ਜਨਰਲ ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਕਿਤੇ ਸੈਮੀਨਾਰਾਂ ਬਾਰੇ ਜਥੇਬੰਦਕ ਰਿਪੋਰਟ ਅਤੇ ਵਿੱਤ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੇਂਦਰੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ। ਹੁਣ ਦੇਖਣਾ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਆਪਣਾ ਦਾਇਰਾ ਹੋਰ ਕਿੰਨਾ ਕੁ ਵਿਸ਼ਾਲ ਕਰਨ ਵਿਚ ਸਫਲ ਰਹਿੰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਕੁਝ ਹੋਰ ਲਿਖਤਾਂ//ਪੋਸਟਾਂ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ  

ਪੰਜਾਬੀ ਭਵਨ ਲੁਧਿਆਣਾ ਦੇ ਆਯੋਜਨਾਂ ਨਾਲ ਸਬੰਧਤ ਕੁਝ ਹੋਰ ਲਿਖਤਾਂ//ਪੋਸਟਾਂ ਲਈ ਇਥੇ ਕਲਿੱਕ ਕਰ ਸਕਦੇ ਹੋ 

Thursday, August 04, 2022

ਕਲਮਕਾਰਾਂ ਨੂੰ ਆਧੁਨਿਕ ਬਣਾਉਣ ਲਈ ਵਿਸ਼ੇਸ਼ ਵਰਕਸ਼ਾਪ 15 ਨੂੰ

ਉੱਘੇ ਮਾਹਰ ਜਨਮੇਜਾ ਜੌਹਲ ਸਿਖਾਉਣਗੇ ਕੰਪਿਊਟਰ ਟਾਈਪਿੰਗ ਦੇ ਗੁਝੇ ਗੁਰ

ਲੁਧਿਆਣਾ: 4 ਅਗਸਤ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬੀ ਸਾਹਿਤ ਦੇ ਨਾਲ ਨਾਲ ਸਿਆਸੀ, ਸਮਾਜਿਕ ਅਤੇ ਧਾਰਮਿਕ ਲਿਖਤਾਂ ਲਿਖਣ ਵਾਲਿਆਂ ਨੇ ਬਹੁਤ ਹੀ ਮੇਹਨਤ ਨਾਲ ਆਪਣਾ ਯੋਗਦਾਨ ਪਾਇਆ ਹੈ। ਇਹਨਾਂ ਲਿਖਤਾਂ ਨਾਲ ਇਹ ਸਾਰੇ ਖੇਤਰ ਅਮੀਰ ਵੀ ਹੋਏ ਹਨ। ਇਸ ਲਈ ਇਹਨਾਂ   ਸਾਰੇ ਕਲਮਕਾਰਾਂ ਦੀ ਘਾਲਣਾ ਬੜੀ ਲੰਮੀ ਹੈ। ਦਹਾਕਿਆਂ ਤੋਂ ਇਹ ਮਿਹਨਤੀ ਲੋਕ ਲਗਾਤਾਰ ਲਿਖਦੇ ਚਲੇ ਆ ਰਹੇ ਹਨ। ਅਖਬਾਰਾਂ ਰਸਾਲਿਆਂ ਅਤੇ ਆਕਾਸ਼ਵਾਣੀ ਤੋਂ ਲੈ ਕੇ ਅੱਜ ਦੇ ਡਿਜੀਟਲ ਮੀਡੀਆ ਤਕ ਇਹਨਾਂ ਦੀਆਂ ਲਿਖਤਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਪਰ ਅਜੇ ਤੱਕ ਬਹੁਤਿਆਂ ਨੂੰ ਕੰਪਿਊਟਰ ਟਾਈਪਿੰਗ ਵਿਚ ਦੀਆਂ ਗੁਝੀਆਂ ਰਮਜ਼ਾਂ ਦਾ ਪਤਾ ਨਹੀਂ ਲੱਗਿਆ। ਉਹਨਾਂ ਨੂੰ ਅਜੇ ਤੱਕ ਵੀ ਸਿਰਫ ਅਨਮੋਲ ਫੋਂਟ ਵਿਚ ਲਿਖਣਾ ਹੀ ਸੌਖਾ ਲੱਗਦਾ ਹੈ। ਰਾਵੀ ਜਾਂ ਯੂਨੀਕੋਡ ਉਹਨਾਂ ਦੀ ਸਮਝ ਵਿਚ ਨਹੀਂ ਆਉਂਦੇ। ਬਹੁਤ ਸਾਰੇ ਤਾਂ ਅਜੇ ਵੀ ਆਪਣੀਆਂ ਲਿਖਤਾਂ ਕਾਗਜ਼ |ਤੇ ਲਿਖੇ ਕੇ ਡਾਕ ਜਾਂ ਕੋਰੀਅਰ ਰਾਹੀਂ ਹੀ ਭੇਜਦੇ ਹਨ। ਅਜਿਹੇ ਬਹੁਤ ਸਾਰੇ ਮੁੱਦੇ ਅਤੇ ਮਸਲੇ ਹਨ ਜਿਹਨਾਂ ਸੰਬੰਧੀ ਉਠਦੇ ਸੁਆਲਾਂ ਦਾ ਉਹਨਾਂ ਨੂੰ ਕਦੇ ਜੁਆਬ ਨਹੀਂ ਮਿਲਦਾ। ਇਹਨਾਂ ਸਾਰੇ ਸੁਆਲਾਂ ਦਾ ਜੁਆਬ ਦੇਣ ਲਈ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ ਪੰਜਾਬੀ ਸਾਹਿਤ ਅਕਾਦਮੀ ਵੱਲੋਂ। ਇਸ ਵਿਚ ਬੋਲ ਕੇ ਟਾਈਪ ਕਰਨ ਦੇ ਗੁਰ ਵੀ ਸਿਖਾਏ ਜਾਣਗੇ। ਇਹ ਸਾਰੀ ਟਰੇਨਿੰਗ ਦੇਣਗੇ ਇਸ ਖੇਤਰ ਦੇ ਭੀਸ਼ਮ ਪਿਤਾਮਹ ਵੱਜੋਂ ਜਾਣੇ ਜਾਂਦੇ ਜਨਮੇਜਾ ਸਿੰਘ ਜੌਹਲ। ਜੇ ਇਹਨਾਂ ਵਿੱਚ ਦਸ ਫ਼ੀਸਦੀ ਲੋਕਾਂ ਨੇ ਵੀ ਇਹ ਗੁਰ ਸਿੱਖ ਲਏ ਤਾਂ ਨਿਸਚਿਤ ਹੈ ਕਲਮ  ਦੀ ਦੁਨੀਆਂ ਵਿੱਚ ਕ੍ਰਾਂਤੀ ਆ ਜਾਏਗੀ। 

ਇਹ ਸਾਰੇ ਗੁਰ ਸਿਖਾਉਣ ਦਾ ਮੌਕਾ ਮੁਹਈਆ ਕਰਾਇਆ ਜਾ ਰਿਹਾ ਹੈ ਪੰਜਾਬੀ ਭਵਨ ਲੁਧਿਆਣਾ ਵਿੱਚ। ਪੰਜਾਬੀ ਸਾਹਿਤ ਅਕਾਡਮੀਲੁਧਿਆਣਾ ਵੱਲੋਂ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਵਿੱਚ  ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪ੍ਰੈਕਟੀਕਲ ਉਪਰਾਲੇ ਕੀਤੇ ਜਾ ਰਹੇ ਹਨ। ਕੰਪਿਊਟਰ ਟਾਇਪਿੰਗ ਦੀਆਂ ਸਮੱਸਿਆਵਾਂ ਤੇ ਹੱਲ ਬਾਰੇ ਉਚੇਚ ਵਾਰਤਾ ਹੋਵੇਗੀ। ਇਸਦੇ ਨਾਲ ਹੀ ਬੋਲ ਕੇ ਟਾਇਪ ਕਰਨਾ ਆਦਿ ਵੀ ਮੁਹਾਰਤ ਨਾਲ ਸਿਖਾਇਆ ਜਾਏਗਾ। ਇਸ ਸਾਰੇ ਖੇਤਰ ਦੇ ਜਾਣੇ ਪਛਾਣੇ ਮਾਹਰ ਹੋਣਗੇ ਜਨਮੇਜਾ ਸਿੰਘ ਜੌਹਲ। ਇਸ ਵਿਸ਼ੇਸ਼ ਵਰਕਸ਼ਾਪ ਮਿਤੀ 15 ਅਗਸਤ 2022 ਨੂੰ 10 ਵਜੇ ਸਵੇਰੇ ਸ਼ੁਰੂ ਹੋ ਜਾਵੇਗਾ। ਇਸਦਾ ਸਥਾਨ ਵੀ ਉਹੀ ਹੈ ਤੁਹਾਡਾ ਸਭਨਾਂ ਦਾ ਜਾਣਿਆ ਪਛਾਣਿਆ ਸਾਹਿਤਕ ਕੇਂਦਰ ਅਰਥਾਤ  ਪੰਜਾਬੀ ਭਵਨ , ਲੁਧਿਆਣਾ ਵਾਲਾ ਕੰਪਲੈਕਸ।


ਹਾਂ ਇੱਕ ਛੋਟੀ ਜਿਹੀ ਸ਼ਰਤ ਜ਼ਰੂਰ ਹੈ ਕਿ ਸਿਰਫ 12 ਅਗਸਤ ਤਕ ਆਪਣਾ ਨਾਮ ਦਰਜ ਕਰਵਾਉਣ ਵਾਲੇ ਹੀ   ਦਾਖਲ ਕੀਤੇ ਜਾਣਗੇ।  ਸਭ ਤੋਂ ਵਧੀਆ ਗੱਲ ਇਹ ਕਿ ਇਸਦੀ ਕੋਈ  ਫੀਸ ਨਹੀਂ ਰੱਖੀ ਗਈ। ਸਾਰੀ ਦੀ ਸਾਰੀ ਟਰੇਨਿੰਗ ਇਸ ਵਰਕਸ਼ਾਪ ਵਿੱਚ  ਬਿਲਕੁਲ ਮੁਫ਼ਤ ਟਰੇਨਿੰਗ ਹੋਵੇਗੀ। ਇਥੇ ਤੁਹਾਨੂੰ ਸਾਰੇ ਦੇ ਸਾਰੇ ਗੁਰ ਬਿਲਕੁਲ ਮੁਫ਼ਤ ਸਿਖਾਏ ਜਾਣਗੇ। 


ਇਸਦੇ ਨਾਲ ਹੀ ਇੱਕ ਸਲਾਹ ਵਰਗੀ ਗੁਜਾਰਿਸ਼ ਵੀ ਹੈ ਕਿ ਜੇ ਹੋ ਸਕੇ ਤਾਂ  ਆਪਣਾ ਲੈਪਟਾਪ ਆਦਿ ਨਾਲ ਲੈ   ਕੇ ਆਓ। ਇਸ ਨਾਲ ਤੁਹਾਨੂੰ ਹੋਣ ਵਾਲੇ ਫਾਇਦੇ ਬਹੁਤ ਹੀ ਵੱਧ ਜਾਣਗੇ। ਇਥੇ ਸਿੱਖਿਆਂ ਗੱਲਾਂ ਕਿਧਰੇ ਭੁੱਲ ਭੁਲਾ ਨਾ ਜਾਂ ਇਸ ਲਈ ਇਹਨਾਂ ਨੂੰ ਸੰਭਾਲਣ ਵਿੱਚ ਸਹੂਲਤ ਹੋਵੇਗੀ।


ਸਾਫਟਵੇਅਰ ਪ੍ਰਾਪਤ ਕਰਨ ਲਈ ਖਾਲੀ ਤੇ ਨਵੀਂ ਪੈੱਨ ਡਰਾਇਵ ਲੈ ਕੇ ਆਉਣਾ ਵੀ ਲਾਹੇਵੰਦਾ ਰਹੇਗਾ। ਇਸ ਮੌਕੇ ਆਉਣ ਵਾਲੇ ਸੱਜਣਾਂ ਮਿੱਤਰਣੰ ਦੇ ਸੁਆਗਤ ਲਈ ਪ੍ਰਧਾਨ-ਡਾਲਖਵਿੰਦਰ ਸਿੰਘ ਜੌਹਲ, ਪ੍ਰਸਿੱਧ ਅਖਬਾਰਾਂ ਵਿੱਚ ਚਲੰਤ ਮਾਮਲਿਆਂ ਬਾਰੇ ਅਕਸਰ ਲਿਖਣ ਵਾਲੇ ਸਰਗਰਮ ਲੇਖਕ ਅਤੇ ਪੰਜਾਬੀ ਸਾਹਿਤ ਐਕਡਮੀ ਦੇ ਸੀਨੀਅਰ ਮੀਤ ਪ੍ਰਧਾਨ  ਡਾ . ਸਿਆਮ  ਸੁੰਦਰ ਦੀਪਤੀ,ਸਮੂਹ ਕਾਰਜਕਾਰਨੀ ਮੈਂਬਰਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ . ਗੁਰਇਕਬਾਲ ਸਿੰਘ ਸਿੰਘ ਵੀ ਜੀਅ ਆਇਆਂ ਆਖਣਗੇ। ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਹੀ। 


ਰਜਿਸਟਰੇਸ਼ਨ ਲਈ ਸੰਪਰਕ ਕੀਤਾ ਜਾ ਸਕਦਾ ਹੈ -ਡਾ . ਗੁਰਇਕਬਾਲ ਸਿੰਘ  ਹੁਰਾਂ ਨਾਲ ਜਿਹੜੇ ਪੰਜਾਬੀ ਸਾਹਿਤ ਐਕਡਮੀ ਦੇ ਜਨਰਲ ਸਕੱਤਰ ਹਨ-94645 68905

Saturday, April 16, 2022

ਕਾਵਿ ਪੁਸਤਕ "ਤੇਰੀ ਰੰਗਸ਼ਾਲਾ" ਪੰਜਾਬੀ ਭਵਨ ਚ ਲੋਕ ਅਰਪਣ

16th April 2022 at 3:44 PM

ਟੋਰੰਟੋ ਵੱਸਦੀ ਸ਼ਾਇਰਾ ਸੁਰਜੀਤ ਦੀ ਨਵੀਂ ਪੁਸਤਕ ਹੈ "ਤੇਰੀ ਰੰਗਸ਼ਾਲਾ"


ਲੁਧਿਆਣਾਃ:16 ਅਪ੍ਰੈਲ 2022: (ਸਾਹਿਤ ਸਕਰੀਨ//ਪੰਜਾਬ ਸਕਰੀਨ):: 

ਟੋਰੰਟੋ (ਕੈਨੇਡਾ) ਵੱਸਦੀ ਪ੍ਰਸਿੱਧ ਕਵਿੱਤਰੀ ਸੁਰਜੀਤ ਦੀ ਪੁਸਤਕ "ਤੇਰੀ ਰੰਗਸ਼ਾਲਾ"  ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ,  ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਕੁਲਦੀਪ ਸਿੰਘ ਬੇਦੀ,ਪ੍ਰਭਜੋਤ ਸੋਹੀ,ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਸੁਰਿੰਦਰ ਗਿੱਲ ਜੈਪਾਲ,ਤੇ ਤ੍ਰੈਲੋਚਨ ਲੋਚੀ, ਨੇ ਲੋਕ ਅਰਪਣ ਕੀਤਾ। ਇੱਕ ਸਾਹਿਤਿਕ ਮੇਲੇ ਵਰਗਾ ਮਾਹੌਲ ਸੀ। 
ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਤੇ ਲੋਕ ਮੰਚ ਪੰਜਾਬ ਵਲੋਂ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰਦੇਸੀ ਧਰਤੀ ਤੇ ਗਲੋਬਲ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਸ਼ਬਦਾਂ ਚ ਪੇਸ਼ ਕਰਨ ਵਾਲੀ ਕਵਿੱਤਰੀ ਸੁਰਜੀਤ ਦੀ ਪੁਸਤਕ "ਤੇਰੀ ਰੰਗਸ਼ਾਲਾ" ਦਾ ਸਵਾਗਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਥੂਲ ਸਮਿਆਂ ਵਿੱਚ ਸੂਖਮ ਭਾਵਾਂ ਨੂੰ ਜਗਾਉਂਦੀ ਹੈ। ਉਸ ਦੀ ਕਵਿਤਾ ਉਦਾਸ ਸਮਿਆਂ ਵਿੱਚ ਹੁਲਾਸ ਦੀ ਉਮੀਦ ਜਗਾਉਂਦੀ ਹੋਣ ਕਾਰਨ ਸਵਾਗਤਯੋਗ ਹੈ।
ਸਭ ਤੋਂ ਪਹਿਲਾਂ ਸੁਰਜੀਤ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਉਂਦਿਆਂ ਕਿਹਾ ਕਿ ਕਵਿਤਾ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਮੇਰੇ ਅੰਗ ਸੰਗ ਹੁੰਦੀ ਹੈ।  ਇਹ ਕਦੇ ਵੀ ਮੇਰਾ ਸਾਥ ਨਹੀਂ ਛੱਡਦੀ।
ਪੁਸਤਕ "ਤੇਰੀ ਰੰਗਸ਼ਾਲਾ" ਬਾਰੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਆਪਣੀਆਂ ਸੱਜਰੀਆਂ ਕਵਿਤਾਵਾਂ ਵਿੱਚ ਕੁਦਰਤ ਦੇ ਅੰਦਰੂਨ ਦੀ ਥਾਹ ਪਾਉਣ ਦੇ ਨਾਲ ਨਾਲ ਮਨ ਅੰਦਰ ਨੂੰ ਵੀ ਯਾਤਰਾ ਕਰਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਆਪਾ ਪਿਘਲਾ ਕੇ ਕਵਿਤਾ ਕਸ਼ੀਦ ਕਰਦੀ ਹੈ। ਖ਼ੁਦ ਨੂੰ ਕਵਿਤਾ ਵਿਚ ਅਨੁਵਾਦ ਕਰਦਿਆਂ ਉਹ ਬਹੁਤੀ ਨਾਰੀ ਕਵਿਤਾ ਵਾਂਗ ਮਰਦ ਅਧੀਨਗੀ ਦਾ ਰੁਦਨ ਨਹੀਂ ਕਰਦੀ ਸਗੋਂ ਬਰਾਬਰ ਸਮਤੋਲ ਤੁਰਨ ਦਾ ਸੁਨੇਹੜਾ ਦਿੰਦੀ ਹੈ।
ਪ੍ਰਧਾਨਗੀ ਭਾਸ਼ਨ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸੁਰਜੀਤ ਦੀ ਆਜ਼ਾਦ ਕਵਿਤਾ ਵਿੱਚ ਵੀ ਅਨੁਸ਼ਾਸਨ ਹੈ। ਉਸ ਕੋਲ ਤਰਲ ਮਨ ਦੇ ਨਾਲ ਨਾਲ ਵਿਸ਼ਲੇਸ਼ਣੀ ਅੱਖ ਵੀ ਹੈ ਜੋ ਵਿਸ਼ਵ ਵਰਤਾਰੇ ਦੇ ਸਮੂਲਚੇ ਸੱਚ ਨੂੰ  ਕਵਿਤਾ ਵਿੱਚ ਢਾਲਦੀ ਹੈ। ਉਨ੍ਹਾਂ ਕਿਹਾ ਕਿ ਛੰਦ ਬੱਧ ਕਵਿਤਾ ਵਾਂਗ ਹੀ ਖੁੱਲ੍ਹੀ ਕਵਿਤਾ ਵਿੱਚ ਵੀ ਉਵੇਂ ਹੀ ਅੰਬਰ ਚ ਉੱਡਦੇ ਬੱਦਲਾਂ ਨੂੰ ਵੀ ਵਿਗਿਆਨ ਦਾ ਅਨੁਸ਼ਾਸਨ ਨਿਰਧਾਰਤ ਕਰਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਕਿਹਾ ਕਿ ਸੁਰਜੀਤ ਦੀ ਕਵਿਤਾ ਸਾਨੂੰ ਰੂਹ ਤੋਂ ਰੂਹ ਤੀਕ ਦਾ ਸਫ਼ਰ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ 25ਵੇਂ ਨਾਭਾ ਕਵਿਤਾ ਉਤਸਵ ਵਿੱਚ ਵੀ ਇਸ ਵਾਰ ਨਾਰੀ ਸਿਰਜਕਾਂ ਦੀ ਸ਼ਾਇਰੀ ਫੁਲਕਾਰੀ ਵਾਂਗ ਬਹੁਰੰਗੀ ਤੇ ਵੰਨ ਸੁਵੰਨੇ ਅਨੁਭਵ ਵਾਲੀ ਸੀ। ਇਹ ਸ਼ੁਭ ਸ਼ਗਨ ਹੈ।
ਸਮਾਗਮ ਦਾ ਸੰਚਾਲਨ ਕਾਵਿਕ ਅੰਦਾਜ਼ ਵਿੱਚ ਪ੍ਰਭਜੋਤ ਸੋਹੀ ਨੇ ਕੀਤਾ।
ਇਸ ਮੌਕੇ ਕਹਾਣੀਕਾਰ ਇੰਦਰਜੀਤ ਪਾਲ ਭਿੰਡਰ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਤੇ ਸਰਪੰਚ ਦਾਦ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਪ੍ਰੋਃ ਸ਼ਰਨਜੀਤ ਕੌਰ ਜੀ ਜੀ ਐੱਨ ਖਾਲਸਾ ਕਾਲਿਜ,ਕਵੀ ਵਿਸ਼ਾਲ ਮੁੱਖ ਸੰਪਾਦਕ ਅੱਖਰ,ਬਲਕਾਰ ਸਿੰਘ, ਸਿਮਰਨ ਧੁੱਗਾ,ਰਵੀਦੀਪ ਰਵੀ,ਰੈਕਟਰ ਕਥੂਰੀਆ,ਸਤੀਸ਼ ਗੁਲਾਟੀ, ਡਾਃ ਨਿਰਮਲ ਜੌੜਾ ਡਾਇਰੈਕਟਰ ਯੁਵਕ ਭਲਾਈ ਪੰਜਾਬ ਯੂਨੀਃ ਚੰਡੀਗੜ੍ਹ,ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਕੇ ਸਾਧੂ ਸਿੰਘ, ਅਸ਼ਵਨੀ ਜੇਤਲੀ, ਨਰਿੰਦਰ ਸੱਤੀ ਜਲੰਧਰ,ਜਸਪ੍ਰੀਤ ਅਮਲਤਾਸ, ਮਨਦੀਪ ਕੌਰ ਭਮਰਾ ਵੀ ਹਾਜ਼ਰ ਸਨ।



Tuesday, March 08, 2022

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਮਨਾਇਆ ਅੱਠ ਮਾਰਚ ਦਾ ਦਿਨ

Tuesday 8th March 2022 at 02:32 PM

ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ 


ਲੁਧਿਆਣਾ
: 8 ਮਾਰਚ 2022: (ਇਨਪੁਟ: ਕਾਰਤਿਕਾ ਸਿੰਘ ਸਾਹਿਤ ਸਕਰੀਨ ਡੈਸਕ):: 

ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-  

ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ!
ਜਬ ਜੀ ਚਾਹਾ ਮਸਲਾ, ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ!
ਪਰ ਇਸ ਪੁਰਸ਼ ਸਮਾਜ ਨੇ ਤਾਂ
ਔਰਤਾਂ 'ਤੇ ਬੜੇ ਜ਼ੁਲਮ ਕੀਤੇ। ਫ਼ਿਲਮੀ ਦੁਨੀਆ ਦੋਈਆਂ ਗੱਲਾਂ ਸਿਰਫ ਫ਼ਿਲਮੀ ਨਹੀਂ ਹੁੰਦੀਆਂ ਉਹ ਸਮਾਜ ਈਦ ਹੀ ਇੱਕ ਸੱਚੀ ਝਲਕ ਹੁੰਦੀਆਂ ਹਨ। ਜਦੋਂ ਔਰਤਾਂ 'ਤੇ ਜ਼ੁਲਣਾ ਦੀ ਗੱਲ ਤੁਰੇ ਤਾਂ ਯਾਦ ਆਉਂਦੀ ਹੈ ਮਲਾਲਾ। ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਸਕੂਲੋਂ ਪੜ੍ਹ ਕੇ ਵੈਨ ਵਿੱਚ ਵਾਪਿਸ ਘਰ ਆ ਰਹੀ ਸੀ ਤਾਂ ਦਹਿਸ਼ਤਗਰਦਾਂ ਨੇ ਉਸਦੀ ਬਸ ਰੋਕ ਲਈ ਅਤੇ ਪੁੱਛਿਆ ਕੌਣ ਹੈ ਮਲਾਲਾ? ਪੁਛਪੜਤਾਲ ਕਰਨ ਤੇ ਝੱਟ ਪਤਾ ਲੱਗ ਗਿਆ ਕਿ ਮਲਾਲਾ ਕੌਣ ਹੈ? ਬਸ ਪਤਾ ਲੱਗਦਿਆਂ ਹੀ ਉਸਦੇ ਸਿਰ ਦੇ ਖੱਬੇ ਪਾਸੇ ਉਸਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੰਮੇ ਇਲਾਜ ਮਹਰੋਂ ਉਹ ਫਿਰ ਸਿਹਤਯਾਬ ਹੋ ਗਈ। ਹੁਣ ਉਹ ਫਿਰ ਸੱਸੇ ਰਸਤੇ 'ਤੇ ਹੈ। ਔਰਤਾਂ ਦੇ ਅਧਿਕਾਰਾਂ ਅਤੇ ਕੁੜੀਆਂ ਦੀ ਪੜ੍ਹਾਈ ਲਿਖਾਈ ਲਈ। ਉਸਨੂੰ ਗੋਲੀਆਂ ਮਾਰਨ ਵਾਲੇ ਤਾਲਿਬਾਨ।
ਤਾਲਿਬਾਨ ਦਾ ਜ਼ਿਕਰ ਆਏ ਤਾਂ ਨਾਲ ਹੀ ਯਾਦ ਆਉਂਦਾ ਹੈ ਅਫਗਾਨਿਸਤਾਨ। ਅਚਾਨਕ ਹੀ ਬੜੇ ਸੁਆਲ ਉਠਦੇ ਹਨ ਕਿ ਅਜਿਹਾ ਕਿਓਂ ਹੈ ਅਫਗਾਨਿਸਤਾਨ ਵਿੱਚ? ਇੱਕ ਡਰ ਜਿਹਾ ਪੈਦਾ ਹੁੰਦਾ ਹੈ, ਜਿਸਮ ਵਿੱਚ ਇੱਕ ਸਿਹਰਨ ਜਿਹੀ ਦੌੜਦੀ ਹੈ ਅਤੇ ਦਿਲ ਦਿਮਾਗ ਵਿੱਚ ਸਨਸਨੀ ਵਾਲਾ ਅਹਿਸਾਸ ਜਿਹਾ ਭਰ ਜਾਂਦਾ ਹੈ। ਕਿਓਂ ਹੁੰਦਾ ਹੈ ਇਹ ਸਭ ? ਅਫਗਾਨਿਸਤਾਨ ਬਾਰੇ ਮਨਾਂ ਵਿੱਚ ਉਠਦੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਦੇ ਹੀ ਅਨੁਭਵੀ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਨੇ।

ਸਾਹਿਰ ਲੁਧਿਆਣਵੀ ਸਾਹਿਬ ਦਾ ਜਨਮਦਿਨ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ ਅੱਜ ਸਾਂਝੇ ਤੌਰ 'ਤੇ ਪੰਜਾਬੀ ਭਵਨ ਲੁਧਿਆਣਾ ਵਿੱਚ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸੰਸਾਰ ਅਮਨ ਦੇ ਸਬੰਧ ਵਿੱਚ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਤੇ ਬੜੀ ਹੀ ਉਚੇਚ ਯਾਦ ਕੀਤਾ ਗਿਆ। ਇਸ ਮੌਕੇ ਭੂਪਿੰਦਰ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਰੂਸ-ਯੂਕਰੇਨ ਜੰਗ ਦੀ ਚਰਚਾ ਵੀ ਹੋਈ।

ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਰੂਸ ਯੂਕਰੇਨ ਜੰਗ ਕਾਰਨ ਜੋ ਸੰਸਾਰ ਜੰਗ ਦੇ ਬੱਦਲ ਮੰਡਲਾ ਰਹੇ ਹਨ ਉਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ ਜਗਮੋਹਣ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭੂਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਅਤੇ ਭਗਵਾਨ ਢਿੱਲੋ ਦੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ .ਜਗਮੋਹਣ ਸਿੰਘ ਨੇ ਕਿਹਾ ਕਿ ਸਾਹਿਰ ਦੀ ਜੰਗ ਵਿਰੋਧੀ ਕਵਿਤਾ 'ਸਰੀਫ ਇਨਸਾਨੋਂ' ਦੀ ਅਜੋਕੇ ਜੰਗ ਦੇ ਮਾਹੌਲ ਵਿੱਚ ਪ੍ਰਸੰਗਕਤਾ ਹੋਰ ਵੀ ਵਧ ਜਾਂਦੀ ਹੈ। ਧਾਲੀਵਾਲ ਦੀ ਕਿਤਾਬ ਕਬੀਲਿਆਂ ਦੇ ਝਗੜਾਲੂ ਸੁਭਾਅ ਦਾ ਬਾਖੁਬੀ ਚਿਤਰਣ ਹੈ ਪਰ ਅਫਗਾਨੀ ਲੋਕਾਂ ਦੀਆਂ ਸਿਹਤਮੰਦ ਮਨੁੱਖੀ ਪਰੰਪਰਾਵਾਂ ਵੀ ਹਨ। ਪ੍ਰੋ. ਜਗਮੋਹਣ ਸਿੰਘ ਹੋਰਾਂ ਸਾਫ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਬਹੁਤਾ ਕਸੂਰ ਸਾਮਰਾਜ ਪੱਖੀ 'ਨਾਟੋ' ਦਾ ਹੈ ਜੋ ਸੋਵੀਅਤ ਸੰਘ ਟੁਟਣ ਸਮੇਂ ਕੀਤੇ ਵਾਅਦੇ ਤੋਂ ਮੁਕਰ ਗਏ ਹਨ।

ਹੁਣ ਮੁੜਦੇ ਹਾਂ ਕਿਤਾਬ ਦੇ ਲੋਕ ਅਰਪਣ ਵੱਲ। ਇਸ ਸਮੇਂ ਭੂਪਿੰਦਰ ਸਿੰਘ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ ' ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਜਾਣ ਪਛਾਣ ਨਵਾਂ ਜ਼ਮਾਨਾ ਦੇ ਪੱਤਰਕਾਰ ਸ. ਮਨਿੰਦਰ ਸਿੰਘ ਭਾਟੀਆ ਨੇ ਕਰਾਈ। ਉਹਨਾਂ ਆਖਿਆ ਕਿ ਅਫਗਾਨਿਸਤਾਨ ਦੀ ਸਾਡੇ ਮਹਾਂਦੀਪ ਵਿਚ ਬੜੀ ਯੁਧਨੀਤਕ ਭੁਮਿਕਾ ਹੈ ਸੋ ਸੰਸਾਰ ਅਮਨ ਦੀ ਬਹਾਲੀ ਲਈ ਉਥੋਂ ਦੇ ਭੂਗੋਲ ਅਤੇ ਲੋਕਾਂ ਦੀਆਂ ਰਹੁ ਰੀਤਾਂ ਬਾਰੇ ਜਾਨਣਾ ਅਜੋਕੇ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਵਿੱਚ ਅਫਗਾਨੀ ਲੋਕਾਂ ਦੀ ਲੋਕਧਾਰਾ ਅਤੇ ਇਤਿਹਾਸ ਦੀ ਗੱਲ ਦਾ ਜਿਕਰ ਕਰਦਿਾਆਂ ਆਖਿਆ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲ ਜਾਣ ਅਤੇ ਤਾਲਿਬਾਨੀ ਕਬੀਲਾਈ ਸਾਸ਼ਨ ਆ ਜਾਣ ਤੋਂ ਬਾਅਦ ਸੰਸਾਰ ਅਮਨ ਨੂੰ ਖਤਰਾ ਵਧੇਰੇ ਵਧ ਗਿਆ ਹੈ। ਅਜਿਹੇ ਸਮੇੰ ਸਾਹਿਰ ਲੁਧਿਆਣਵੀ ਦੀ ਮਸਹੂਰ ਨਜ਼ਮ ਦਾ ਸ਼ਿਅਰ 'ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀ' ਦੁਨੀਆਂ ਭਰ ਦੇ ਸਿਆਸਤਦਾਨਾਂ ਦੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਸਮੇੰ ਬਲਵਿੰਦਰ ਸਿੰਘ ਗਲੈਕਸੀ ਜੀ ਨੇ ਜੰਗ ਤੇ ਪੁਸਤਕ ਦੇ ਹਵਾਲੇ ਨਾਲ ਸਾਮਰਾਜ ਤੇ ਨਾਜ਼ੀਵਾਦ ਦੇ ਪਾਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਪੱਖੀ ਤੇ ਅਮਨ ਦੀਆਂ ਸ਼ਕਤੀਆਂ ਨੂੰ ਵਧੇਰੇ ਸੁਚੇਤ ਕੀਤਾ।

ਸਾਹਿਰ ਨੂੰ ਸਮਰਪਤ ਕਵੀ ਦਰਬਾਰ ਵਿਚ ਹੋਰਨਾ ਤੋੰ ਇਲਾਵਾ ਸ਼ਾਇਰ ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੈਡਮ ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਬਲਵਿੰਦਰ ਸਿੰਘ ਮੋਹੀ, ਮਲਕੀਤ ਸਿੰਘ ਮਾਲ਼ੜਾ ਸ਼ਾਮਿਲ ਹੋਏ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਕੌਰ ਸਿੰਘ ਗਿੱਲ, ਰਘਵੀਰ ਸਿੰਘ ਸੰਧੂ, ਮਾਸਟਰ ਕਮਿਕਰ ਸਿੰਘ, ਸਤਿਨਾਮ ਸਿੰਘ ਆਦਿ ਸ਼ਾਮਿਲ ਹੋਏ। ਮੈਡਮ ਮਨਦੀਪ ਕੌਰ ਭੰਵਰਾ ਨੇ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਇਕ ਲੇਖ ਸਾਰਿਆਂ ਨਾਲ ਸਾਂਝਾ ਕੀਤਾ। ਸਮੁੱਚੀ ਇਕੱਤਰਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋੰ ਜਲਦੀ ਬਾਹਰ ਕੱਢਿਆ ਜਾਵੇ ਅਤੇ ਹਿੰਦੁਸਤਾਨ ਵਿੱਚ ਸਰਕਾਰੀ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਮੈਡੀਕਲ ਕਾਲਜ ਖੋਲੇ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਖਤਰੇ ਮੁੱਲ ਲੈ ਕੇ ਪੜ੍ਹਨ ਨਾ ਜਾਣਾ ਪਵੇ। ਅੰਤ ਵਿਚ ਮੰਚ ਵੱਲੋਂ ਭਗਵਾਨ ਢਿੱਲੋੰ ਨੇ ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Friday, November 05, 2021

ਮਿੱਤਰਸੈਨ ਮੀਤ ਦੀ ਅਗਵਾਈ ਹੇਠ ਜੰਗ ਜਾਰੀ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ

ਈਮੇਲ ਵਾਲੀ ਤਕਨੀਕ ਨੂੰ ਵੀ ਵੱਡੀ ਪੱਧਰ ਤੇ ਹਥਿਆਰ ਬਣਾਇਆ 

ਨਾਲ ਨਾਲ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹੋ ਰਹੇ ਹਨ  ਸੈਮੀਨਾਰ 


ਲੁਧਿਆਣਾ: 5 ਨਵੰਬਰ 2021: (ਪੰਜਾਬ ਸਕਰੀਨ ਡੈਸਕ)::
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਉੱਘੇ ਲੇਖਕ ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀ ਸੁਖਿੰਦਰ ਪਾਲ ਸਿੰਘ ਸਿੱਧੂ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਬੁਲੰਦੀ ਤੇ ਲਿਜਾਣ ਵਾਲੀ ਜੰਗ ਜਾਰੀ ਹੈ। ਪਜਾਬ ਵਿੱਚ ਕਈ ਥਾਈਂ ਸੈਮੀਨਾਰ ਵੀ ਕੀਤੇ ਜਾ ਚੁੱਕੇ ਹਨ ਅਤੇ ਆਧੁਨਿਕ ਤਕਨੀਕ ਈਮੇਲ ਦੀ ਵਰਤੋਂ ਵੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ। ਇਹਨਾਂ ਦੋਹਾਂ ਸਰਗਰਮ ਲੇਖਕਾਂ ਨੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾਣ ਵਾਲੇ ‘ਪੰਜਾਬੀ ਸਪਤਾਹ’ ਨੂੰ ਰਵਾਇਤੀ ਦੀ ਥਾਂ ਉਸਾਰੂ ਢੰਗ ਨਾਲ ਮਨਾਏ ਜਾਣ। ਇਸਦੇ ਨਾਲ ਹੀ ਪੰਜਾਬ ਰਾਜ ਭਾਸ਼ਾ ਐਕਟ 1967 ਅਧੀਨ ਡਾਇਰੈਕਟਰ ਭਾਸ਼ਾ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਸੁਝਾਅ ਵੀ ਦਿੱਤੇ ਹਨ। ਜਿੱਥੇ ਇਹਨਾਂ ਦੇ ਸੈਮੀਨਾਰ ਆਮ ਲੋਕਾਂ ਵਿਚ ਜਾ ਕੇ ਹਲੂਣਾ ਦੇ ਰਹੇ ਹਨ ਉੱਥੇ ਇਹਨਾਂ ਦੀਆਂ ਚਿੱਠੀਆਂ ਸਰਕਾਰੀ ਹਲਕਿਆਂ ਵਿੱਚ ਵੀ ਆਪਣਾ ਇੱਕ ਰਿਕਾਰਡ ਬਣਾ ਰਹੀਆਂ ਹਨ। ਚੇਤਨਾ ਜਗਾਉਣ ਦੇ ਨਾਲ ਨਾਲ ਹੱਕਾਂ ਅਤੇ ਅਧਿਕਾਰਾਂ ਦੀ ਪਹਿਰੇਦਾਰੀ ਵੀ ਜ਼ੋਰਾਂ ਤੇ ਹੋ ਰਹੀ ਹੈ।  ਫਰਜ਼ਾਂ ਦੀ ਜ਼ਾਦ ਦੁਆਈ ਜਾ ਰਹੀ ਹੈ ਅਤੇ ਵਾਅਦਿਆਂ ਦਾ ਕਿ ਬਣਿਆ ਇਸ ਬਾਰੇ ਸੁਆਲ ਵੀ ਪੁੱਛੇ ਜਾ ਰਹੇ ਹਨ। ਇਸ ਕਲਮੀ ਜੁਆਬਦੇਹੀ ਨੇ ਇੱਕ ਨਵਾਂ ਸਾਹਿਤਿਕ ਸਮਾਜ ਸਿਰਜਣਾ ਹੈ। ਅਡੰਬਰੀ ਇਨਾਮਾਂ ਦੇ ਖਿਲਾਫ ਸਿਰਹ ਸ਼ੋਸ਼ੇਬਾਜ਼ੀ ਵਾਲੀ ਸ਼ੁਰਲੀ ਨਹੀਂ ਛੱਡੀ ਗਈ ਸੱਚੀਂਮੁਚੀਂ ਇਹ ਯੋਧੇ ਮੈਦਾਨ ਵਿਚ ਹਨ ਹਰ ਅਤੇ ਸ਼ਬਦ ਦੀ ਪੂਰੀ ਜ਼ਿੰਮੇਵਾਰੀ ਲੈ ਕੇ ਗੱਲ ਕਰਦੇ ਹਨ। 

ਭਾਈਚਾਰੇ ਦੇ ਇਹਨਾਂ ਦੋਹਾਂ ਸਹਾਇਕ ਸੰਚਾਲਕਾਂ ਨੇ ਆਪਣੇ ਪੱਤਰ ਵਿੱਚ ਬੜੇ ਹੀ ਅਦਬ ਅਤੇ ਠਰ੍ਹੰਮੇ ਨਾਲ ਆਖਿਆ ਹੈ;

ਸਤਿਕਾਰਯੋਗ ਡਾਇਰੈਕਟਰ ਸਾਹਿਬਾ ਜੀ,

ਨਿਮਰਤਾ ਸਹਿਤ, ਪਹਿਲਾਂ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਮਹੱਤਵਪੂਰਨ ਵਿਵਸਥਾਵਾਂ, ਇਸ ਕਾਨੂੰਨ ਅਧੀਨ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਤੇ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ, ਆਪ ਜੀ ਦੇ ਧਿਆਨ ਵਿਚ ਲਿਆ ਰਿਹਾ ਹੈ।

ਭਾਗ-ੳ : ਕਾਨੂੰਨੀ ਵਿਵਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਵੇਂ ਹੁਕਮ

1.52 ਸਾਲ ਪਹਿਲਾਂ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 3 ਰਾਹੀਂ, ਪੰਜਾਬੀ ਭਾਸ਼ਾ ਨੂੰ ਪੰਜਾਬ ਰਾਜ ਦੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਸਾਲ 2008 ਵਿਚ ‘ਰਾਜ ਭਾਸ਼ਾ (ਤਰਮੀਮ) ਐਕਟ 2008’ ਰਾਹੀਂ ਇਸ ਐਕਟ ਵਿਚ ਮਹੱਤਵਪੂਰਨ ਸੋਧਾਂ ਹੋਈਆਂ। ਨਵੀਂ ਜੋੜੀ ਧਾਰਾ 3(ਅ) ਰਾਹੀਂ ‘ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਸਾਰੇ ਅਦਾਰਿਆਂ ਵਿਚ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਕੀਤੇ ਜਾਣਾ ਜ਼ਰੂਰੀ’ ਕੀਤਾ ਗਿਆ। ਇਸ ਵਿਵਸਥਾ ਦੀ ਇਬਾਰਤ ਇਹ ਹੈ: 

“ਧਾਰਾ 3(ਅ) – ਰਾਜ ਸਰਕਾਰ ਦੇ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਦਫ਼ਤਰਾਂ ਆਦਿ ਵਿਚ ਪੰਜਾਬੀ ਦੀ  ਵਰਤੋਂ ਬਾਰੇ

“ਧਾਰਾ 3(ਅ): ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇਗਾ।“

2. 2008 ਦੇ ਇਸੇ ਸੋਧ ਐਕਟ ਦੀ ਧਾਰਾ 8(ੳ) ਰਾਹੀਂ, ਡਾਇਰੈਕਟਰ ਭਾਸ਼ਾ ਵਿਭਾਗ (ਅਤੇ ਅਗਾਂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ) ਨੂੰ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ, ਕੰਮ-ਕਾਜ ਪੰਜਾਬੀ ਭਾਸ਼ਾ ਵਿਚ ਹੁੰਦਾ ਹੈ ਜਾਂ ਨਹੀਂ, ਇਸ ਤੱਥ ਦੀ ਪੜਤਾਲ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਵਿਵਸਥਾ ਦੀ ਇਬਾਰਤ ਇਹ ਹੈ:

“ਧਾਰਾ 8 (ੳ): ਸਮੀਖਿਆ ਦਾ ਅਧਿਕਾਰ: ਡਾਇਰੈਕਟਰ ਭਾਸ਼ਾ ਵਿਭਾਗ ਜਾਂ ਉਸ ਦੇ ਅਧੀਨ ਅਤੇ ਇਸ ਮੰਤਵ ਲਈ ਉਸ ਵੱਲੋਂ ਨਾਮਜ਼ਦ ਕੀਤੇ ਗਏ ਅਫਸਰਾਂ ਕੋਲ ਇਸ ਐਕਟ ਦੀਆਂ ਧਾਰਾਵਾਂ 3(ੳ) ਅਤੇ 3(ਅ) ਦੀ ਪਾਲਣਾ ਦਾ ਪਤਾ ਲਗਾਉਣ ਵਾਸਤੇ ਰਾਜ ਸਰਕਾਰ ਦੇ ਸਰਕਾਰੀ ਦਫ਼ਤਰਾਂ, ਜਨਤਕ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਦਫ਼ਤਰਾਂ ਦਾ ਮੁਆਇਨਾ ਕਰਨ ਦਾ ਅਧਿਕਾਰ ਹੋਵੇਗਾ। ਦਫ਼ਤਰ ਦਾ ਦਫ਼ਤਰੀ ਰਿਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜੇ ਹੇਠਲਾ ਸਾਰਾ ਰਿਕਾਰਡ ਮੁਆਇਨਾ ਕਰਨ ਵਾਲੇ ਡਾਇਰੈਕਟਰ ਜਾਂ ਅਫ਼ਸਰ ਨੂੰ ਮੁਹੱਈਆ ਕਰਾਉਣਗੇ।‘”

3. ਸਾਲ 2008 ਦੇ ਇਸੇ ਸੋਧ ਐਕਟ ਦੀ ਧਾਰਾ 8(ਸ) ਰਾਹੀਂ, ਉਹਨਾਂ ਕਰਮਚਾਰੀਆਂ/ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ ਜੋ ਆਪਣਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਨਹੀਂ ਕਰਨਗੇ। ਇਸ ਵਿਵਸਥਾ ਦੀ ਇਬਾਰਤ ਇਹ ਹੈ:

“ਧਾਰਾ 8 (ਸ) ਸਜ਼ਾਵਾਂ- ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਹਨਾਂ ਤਹਿਤ ਕੀਤੇ ਨੋਟੀਫਿਕੇਸ਼ਨਾਂ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ, 1970 ਦੇ ਤਹਿਤ ਕਾਰਵਾਈ ਕੀਤੇ ਜਾਣ ਦਾ ਭਾਗੀ ਹੋਵੇਗਾ।“

ਉਪਰੋਕਤ ਉਪ ਧਾਰਾ (1) ਤਹਿਤ ਕਸੂਰਵਾਰ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਬੰਧਤ ਕੰਪੀਟੈਂਟ ਅਥਾਰਟੀ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀਆਂ ਸਿਫਾਰਸ਼ਾਂ ਅਨੁਸਾਰ ਕਰੇਗੀ। 

ਬਸ਼ਰਤੇ ਕਿ ਅਜਿਹੀ ਕਾਰਵਾਈ ਤੋਂ ਪਹਿਲਾਂ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਨੂੰ ਸੁਣੇ ਜਾਣ ਦਾ ਮੌਕਾ ਦਿੱਤਾ ਜਾਵੇਗਾ।‘

4. ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ ਤਾਂ ਬਣਾ ਦਿੱਤੇ ਗਏ ਪਰ ਇਹਨਾਂ ਤੇ ਅਮਲ ਨਹੀਂ ਹੋਇਆ। ਉਲਟਾ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਵੱਧ ਕੰਮ-ਕਾਜ ਹੋਣ ਲੱਗ ਪਿਆ। ਪੰਜਾਬੀ ਭਾਸ਼ਾ ਨਾਲ ਹੁੰਦੀ ਇਸ ਜ਼ਿਆਦਤੀ ਵਿਰੁੱਧ ਕੁਝ ਸੰਸਥਾਵਾਂ (ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ) ਨੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਾਉਣ ਲਈ ਦਬਾਅ ਪਾਇਆ। ਸ਼੍ਰੀ ਹਰੀ ਚੰਦ ਅਰੋੜਾ, ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਨੂੰਨ ਦੀਆਂ ਇਹਨਾਂ ਵਿਵਸਥਾਵਾਂ ਦੀ ਹੋ ਰਹੀ ਘੋਰ ਉਲੰਘਣਾ ਬਾਰੇ ਪੰਜਾਬ ਸਰਕਾਰ ਨੂੰ 20 ਦੇ ਕਰੀਬ ਕਾਨੂੰਨੀ ਨੋਟਿਸ ਦਿੱਤੇ ਗਏ। ਦਬਾਵਾਂ ਹੇਠ ਆਈ ਪੰਜਾਬ ਸਰਕਾਰ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਮਿਤੀ 05.09.2018 ਨੂੰ ਇੱਕ ਹੁਕਮ ਜਾਰੀ ਕੀਤਾ ਅਤੇ ਹਦਾਇਤ ਕੀਤੀ ਕਿ ‘ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਸਾਰਾ ਕੰਮ-ਕਾਜ ਪੰਜਾਬੀ ਵਿਚ ਕੀਤਾ ਜਾਵੇ।‘ ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

“ਇਸ ਲਈ ਆਪ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਦਾ ਸਮੁੱਚਾ ਦਫ਼ਤਰੀ ਕੰਮ-ਕਾਜ, ਭਾਰਤ ਸਰਕਾਰ ਅਤੇ ਦੂਜੇ ਰਾਜਾਂ ਨਾਲ ਕੀਤੀ ਜਾਣ ਵਾਲੀ ਲਿਖਾ-ਪੜ੍ਹੀ ਨੂੰ ਛੱਡ ਕੇ, ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਦੇ ਉਪਬੰਧਾਂ ਅਨੁਸਾਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।“

5. ਇਸ ਮਹੱਤਵਪੂਰਨ ਹੁਕਮ ਰਾਹੀਂ ਪੰਜਾਬ ਸਰਕਾਰ ਨੇ ਆਪਣੇ ਦਫ਼ਤਰਾਂ ਦੇ ਮੁਖੀਆਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਹੈ ਕਿ ਉਹ ਆਪਣੀਆਂ ਇੰਟਰਨੈਟ ਤੇ ਪਾਈਆਂ ਵੈਬਸਾਈਟਾਂ ਵਿਚ ਉਪਲਬਧ ਕਰਵਾਈ ਗਈ ਸੂਚਨਾ, ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ ਵੀ ਉਪਲਬਧ ਕਰਾਉਣ। ਹੁਕਮ ਦੀਆਂ ਸਬੰਧਤ ਸਤਰਾਂ ਹੇਠ ਲਿਖੇ ਅਨੁਸਾਰ ਹਨ:

"ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਜ਼ਿਆਦਾਤਰ ਪੰਜਾਬ ਦੀ ਆਮ ਜਨਤਾ ਲਈ ਹੀ ਹਨ। ਇਸ ਲਈ ਸਮੂਹ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਵੈਬਸਾਈਟਾਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ (ਭਾਵ ਦੋਨੋਂ ਭਾਸ਼ਾਵਾਂ ਵਿਚ) ਤਿਆਰ ਕਰਕੇ ਅਪਲੋਡ ਕਰਨ ਤਾਂ ਜੋ ਪੰਜਾਬ ਵਾਸੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।"

ਨੋਟ: ਕਿਸੇ ਵਿਭਾਗ (ਸਮੇਤ ਯੂਨੀਵਰਸਿਟੀ) ਵੱਲੋਂ ਆਪਣੀ ਵੈਬਸਾਈਟ ਤੇ ਉਪਲਬਧ ਕਰਾਈ ਗਈ ਸੂਚਨਾ ਉਸ ਦੇ ‘ਦਫ਼ਤਰੀ ਕੰਮ ਕਾਜ’ ਦਾ ਹਿੱਸਾ ਹੈ।

ਭਾਗ-ਅ   ਪੰਜਾਬੀ ਸਪਤਾਹ ਨੂੰ ਉਸਾਰੂ ਢੰਗ ਨਾਲ ਮਨਾਏ ਜਾਣ ਲਈ ਸੁਝਾਅ

ਪੰਜਾਬੀ ਭਾਈਚਾਰੇ ਦੇ ਧਿਆਨ ਵਿਚ ਆਇਆ ਹੈ ਕਿ ਆਮ ਸਾਲਾਂ ਵਾਂਗ, ਇਸ ਸਾਲ ਵੀ, ਭਾਸ਼ਾ ਵਿਭਾਗ ਨਵੰਬਰ 2019 ਦੇ ਪਹਿਲੇ ਹਫ਼ਤੇ ‘ਪੰਜਾਬੀ ਸਪਤਾਹ’ ਮਨਾ ਰਿਹਾ ਹੈ। ਇਹ ਵੀ ਧਿਆਨ ਵਿਚ ਆਇਆ ਹੈ ਕਿ ਇਸ ਵਾਰ ਵੀ ਇਸ ਸਪਤਾਹ ਦੌਰਾਨ, ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ, ਸਾਹਿਤਕ/ਪੁਸਤਕ ਮੇਲੇ ਅਤੇ ਸਨਮਾਨ ਆਦਿ ਸਮਾਰੋਹ ਰਚਾਏ ਜਾਣੇ ਹਨ।

ਪੰਜਾਬੀ ਭਾਸ਼ਾ ਦੇ ਪਸਾਰ ਅਤੇ ਵਿਕਾਸ ਲਈ ਪ੍ਰਤੀਬੱਧ, ‘ਪੰਜਾਬੀ ਭਾਈਚਾਰਾ’, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਉਕਤ ਮਹੱਤਵਪੂਰਨ ਵਿਵਸਥਾਵਾਂ ਅਤੇ ਇਸ ਕਾਨੂੰਨ ਅਧੀਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਉਸ ਵੱਲੋਂ ਨਿਯੁਕਤ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਤੇ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਹੁਕਮ ਆਪ ਜੀ ਦੇ ਧਿਆਨ ਵਿਚ ਲਿਆਉਣ ਬਾਅਦ, ਆਪ ਜੀ ਨੂੰ ਇਸ ਵਾਰ ‘ਪੰਜਾਬੀ ਸਪਤਾਹ’ ਦੌਰਾਨ ਕਾਨੂੰਨ ਦੀਆਂ ਇਨ੍ਹਾਂ ਵਿਵਸਥਾਵਾਂ ਅਤੇ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਕੇ ਸਪਤਾਹ ਨੂੰ ਉਸਾਰੂ ਢੰਗ ਨਾਲ ਮਨਾਏ ਜਾਣ ਦੀ ਬੇਨਤੀ ਕਰਦਾ ਹੈ। ਨਾਲ ਕੁਝ ਸੁਝਾਅ ਵੀ ਪੇਸ਼ ਕਰਦਾ ਹੈ।

ਸੁਝਾਅ

1. ਜ਼ਿਲ੍ਹਾ ਭਾਸ਼ਾ ਅਫ਼ਸਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਵਿਚ ਸਰਕਾਰੀ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਦੀ ਗਹਿਰਾਈ ਨਾਲ ਘੋਖ

ਇਸ ਹਫ਼ਤੇ ਦੌਰਾਨ, ਜ਼ਿਲ੍ਹਾ ਭਾਸ਼ਾ ਅਫ਼ਸਰ, ਆਪਣੇ-ਆਪਣੇ ਜ਼ਿਲ੍ਹੇ ਦੇ, ਪੰਜਾਬ ਸਰਕਾਰ ਦੇ ਵੱਧੋ-ਵੱਧ ਸਰਕਾਰੀ ਦਫ਼ਤਰਾਂ ਵਿਚ ਜਾਣ ਅਤੇ ਉਨ੍ਹਾਂ ਵਿਚ ਹੁੰਦੇ ਕੰਮ-ਕਾਜ ਦੀ ਗਹਿਰਾਈ ਨਾਲ ਘੋਖ ਕਰਨ। ਨਾਲ ਇਹ ਯਕੀਨੀ ਬਣਾਉਣ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ, ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਵਿਵਸਥਾਵਾਂ ਅਤੇ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਕੇ, ਆਪਣਾ ਸਾਰਾ ਦਫ਼ਤਰੀ ਕੰਮ-ਕਾਜ ਕੇਵਲ ਪੰਜਾਬੀ ਵਿਚ ਹੀ ਕਰ ਰਹੇ ਹਨ। ਭਾਸ਼ਾ ਅਫ਼ਸਰ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਨਾਖ਼ਤ ਕਰਨ ਜੋ ਇਨ੍ਹਾਂ ਵਿਵਸਥਾਵਾਂ/ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਜੇ ਕੋਈ ਅਧਿਕਾਰੀ/ਕਰਮਚਾਰੀ ਕਾਨੂੰਨ ਅਤੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਜ਼ਿਲ੍ਹਾ ਭਾਸ਼ਾ ਅਫ਼ਸਰ, ਕਸੂਰਵਾਰ ਅਧਿਕਾਰੀ/ਕਰਮਾਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ, ਸਮਰੱਥ ਅਧਿਕਾਰੀ ਨੂੰ ਸਿਫ਼ਾਰਸ਼ ਕਰਨ।

ਅਸਲ ਮਾਅਨਿਆਂ ਵਿਚ ਤਾਂ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਪਸਾਰ ਸੰਭਵ ਹੋ ਸਕੇਗਾ।

2. ਸਮਾਗਮਾਂ ਨੂੰ ਨਵੀਂ ਦਿਖ

ਪਿਛਲੇ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਰਚਾਏ ਜਾਂਦੇ (ਸਾਰਾ ਸਾਲ ਅਤੇ ਖਾਸ ਕਰ ਪੰਜਾਬੀ ਸਪਤਾਹ ਦੌਰਾਨ) ਸਮਾਗਮਾਂ ਵਿਚ ਹਿੱਸਾ/ਪ੍ਰਧਾਨਗੀ/ਸਨਮਾਨ ਲਈ ਉਂਗਲਾਂ ਤੇ ਗਿਣੇ ਜਾਂਦੇ ਵਿਦਵਾਨ/ਲੇਖਕ ਬੁਲਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਕਰ ਰਹੇ ਜਾਂ ਸਮਾਗਮਾਂ ਦੌਰਾਨ ਸਨਮਾਨੇ ਜਾ ਰਹੇ ਬਹੁਤੇ ਵਿਦਵਾਨ/ਲੇਖਕ ਉਹ ਹੁੰਦੇ ਹਨ ਜਿਹੜੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ‘ਸ਼੍ਰੋਮਣੀ ਸਾਹਿਤਕਾਰ’ ਵਰਗੇ ਪ੍ਰਤਿਸ਼ਠਿਤ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹੁੰਦੇ ਹਨ। ਅਜਿਹੇ ਸਨਮਾਨਿਤ ਵਿਦਵਾਨਾਂ/ਲੇਖਕਾਂ ਦਾ ਵਾਰ-ਵਾਰ ਸਨਮਾਨ ਪੰਜਾਬੀ ਭਾਸ਼ਾ ਜਾਂ ਸਾਹਿਤ ਲਈ ਲਾਹੇਵੰਦ ਸਿੱਧ ਨਹੀਂ ਹੁੰਦਾ। ਉਲਟਾ ਭਾਸ਼ਾ ਵਿਭਾਗ ਦੇ ਇਸ ਰਵੱਈਏ ਕਾਰਨ, ਵਧੀਆ ਲਿਖ ਰਹੇ ਹੋਰ ਪੰਜਾਬੀ ਲੇਖਕਾਂ ਦੇ ਮਨਾਂ ਅਤੇ ਉਤਸ਼ਾਹ ਨੂੰ ਠੇਸ ਵੱਜਦੀ ਹੈ। ਜਿਸ ਕਾਰਨ ਪੰਜਾਬੀ ਸਾਹਿਤ ਦੀ ਸਿਰਜਣਾ ਅਤੇ ਭਾਸ਼ਾ ਦਾ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਭਾਈਚਾਰੇ ਵੱਲੋਂ ਬੇਨਤੀ ਹੈ ਕਿ ਅੱਗੋਂ ਤੋਂ ਭਾਸ਼ਾ ਵਿਭਾਗ ਵੱਲੋਂ ਰਚਾਏ ਜਾਂਦੇ ਸਾਹਿਤਕ ਸਮਾਗਮਾਂ ਵਿਚ ਨਵੇਂ/ਪੁੰਘਰਦੇ ਵਿਦਵਾਨਾਂ/ਲੇਖਕਾਂ ਨੂੰ ਵੱਡੀ ਗਿਣਤੀ ਵਿਚ ਬੁਲਾਇਆ ਜਾਵੇ।

ਸਮਾਗਮਾਂ ਵਿਚ ਕਿਸ ਵਿਦਵਾਨ/ਲੇਖਕ ਨੂੰ ਬੁਲਾਇਆ ਜਾਣਾ ਹੈ ਜਾਂ ਕਿਸ ਦਾ ਸਨਮਾਨ ਕਰਨਾ ਹੈ, ਇਸ ਸਬੰਧੀ ਬਕਾਇਦਾ ਨਿਯਮ ਬਣਾਏ ਜਾਣ ਅਤੇ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਭਾਗ-ੲ  ਪੰਜਾਬੀ ਭਾਈਚਾਰੇ ਦੀਆਂ ਪਹਿਲੀਆਂ ਚਿੱਠੀਆਂ ਤੇ ਕਾਰਵਾਈ ਕਰਨ ਸਬੰਧੀ

ਆਪ ਜੀ ਦਾ ਧਿਆਨ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਪੱਤਰ ਨੰ:65 ਮਿਤੀ 24.12.2018 ਵੱਲ ਵੀ ਦਵਾਇਆ ਜਾਂਦਾ ਹੈ। ਇਸ ਬੇਨਤੀ ਪੱਤਰ ਰਾਹੀਂ ਆਪ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀ.ਐਸ.ਪੀ.ਸੀ.ਐਲ. ਅਦਾਰਿਆਂ ਦੇ ਦਫ਼ਤਰਾਂ ਵਿਚ ਹੁੰਦੇ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਅਤੇ ਇਨ੍ਹਾਂ ਅਦਾਰਿਆਂ ਦੀਆਂ ਵੈਬਸਾਈਟਾਂ ਉੱਪਰ ਉਪਲਬਧ ਸੂਚਨਾਵਾਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਉਪਲਬਧ ਕਰਾਉਣ ਲਈ ਬੇਨਤੀ ਕੀਤੀ ਗਈ ਸੀ। ਜਾਪਦਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਇਸ ਬੇਨਤੀ ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਅਦਾਰਿਆਂ ਦੇ ਦਫ਼ਤਰੀ ਕੰਮ-ਕਾਜ ਦੀ ਗਹਿਰਾਈ ਨਾਲ ਪੜਤਾਲ ਨਹੀਂ ਕੀਤੀ ਗਈ। ਇਸੇ ਕਾਰਨ ਇਨ੍ਹਾਂ ਦਫ਼ਤਰਾਂ ਦਾ ਬਹੁਤਾ ਕੰਮ-ਕਾਜ ਹਾਲੇ ਵੀ ਅੰਗਰੇਜ਼ੀ ਵਿਚ ਹੁੰਦਾ ਹੈ। ਖਾਸ ਕਰ ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਦੇ ਖਪਤਕਾਰਾਂ ਨੂੰ ਦੋ ਮਹੀਨਿਆਂ ਵਿਚ ਜਾਰੀ ਕੀਤੇ ਜਾਂਦੇ ਇੱਕ ਕਰੋੜ ਬਿਲ ਹਾਲੇ ਵੀ ਕੇਵਲ ਅੰਗਰੇਜ਼ੀ ਵਿਚ ਜਾਰੀ ਕੀਤੇ ਜਾਂਦੇ ਹਨ। ਬਿਜਲੀ ਨਿਗਮ ਦੀਆਂ ਬਹੁਤੀਆਂ ਵੈਬਸਾਈਟਾਂ ਕੇਵਲ ਅੰਗਰੇਜ਼ੀ ਵਿਚ ਹਨ।

ਭਾਈਚਾਰੇ ਵੱਲੋਂ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਅਗਲੇ ‘ਪੰਜਾਬੀ ਸਪਤਾਹ’ ਦੌਰਾਨ, ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਕੰਮ-ਕਾਜ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ, ਇਨ੍ਹਾਂ ਦਫ਼ਤਰਾਂ ਵਿਚ ਹੁੰਦੇ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣ ਅਤੇ ਇਨ੍ਹਾਂ ਅਦਾਰਿਆਂ ਦੀਆਂ ਵੈਬਸਾਈਟਾਂ ਉੱਪਰ ਉਪਲਬਧ ਸੂਚਨਾ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਕਰਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ ਜੀ।

ਉਪਰੋਕਤ ਦਾ ਉਤਾਰਾ ਮਾਣਯੋਗ ਮੁੱਖ ਮੰਤਰੀ, ਪੰਜਾਬ। ਮੰਤਰੀ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ।ਵਧੀਕ ਮੁੱਖ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ ਅਤੇ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ, ਚੰਡੀਗੜ੍ਹ।ਹੇਠ ਲਿਖਿਆਂ ਨੂੰ ਵੀ ਲੋੜੀਂਦੀ ਕਾਰਵਾਈ ਹਿਤ ਭੇਜਿਆ ਗਿਆ ਹੈ। 

Monday, November 30, 2020

ਆਪਾਂ ਜਿੱਤਣੀ ਹੈ ਇੱਕ ਜੰਗ ਹੋਰ

 ਅਮਨਦੀਪ ਕੌਰ ਵੱਲੋਂ ਜਤਿੰਦਰ ਧਾਲੀਵਾਲ ਨੂੰ ਜਨਮਦਿਨ ਮੁਬਾਰਕ 

ਜਨਮਦਿਨ ਮੁਬਾਰਕ 
ਉਂਝ ਵਿਕਾਸ ਦੀਆਂ ਭਾਵੇਂ ਜਿੰਨੀਆਂ ਮਰਜ਼ੀ ਟਾਹਰਾਂ ਮਾਰੀਆਂ ਜਾਣ ਹਕੀਕਤ ਅਜੇ ਵੀ ਉਹੀ ਹੈ. ਉਹੀ, ਜਿਹੜੀ  ਸੁਰਜੀਤ ਪਾਤਰ ਸਾਹਿਬ ਨੇ ਕਈ ਦਹਾਕੇ ਪਹਿਲਾਂ ਲਿਖੀ ਸੀ:

ਜੋ ਬਦੇਸਾਂ ਚ ਰੁਲਦੇ ਨੇ ਰੋਟੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ 

ਜਾਂ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਤੇ ਜਾਂ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ!

ਇਹੀ ਦਰਦ ਉਸ ਗੀਤ ਵਿੱਚ ਵੀ ਸੀ ਜਿਹੜਾ ਸੰਨ 1986 ਵਿੱਚ ਆਈ ਫਿਲਮ "ਨਾਮ" ਵਿੱਚ ਸੀ। ਚਿੱਠੀ ਆਈ ਹੈ ਆਈ ਹੈ ਚਿਠੀ ਆਈ ਹੈ..ਬਹੁਤ ਹਰਮਨ ਪਿਆਰਾ ਹੋਇਆ ਸੀ ਇਹ ਗੀਤ।  ਰੋਜ਼ੀ ਰੋਟੀ ਲਈ ਵਤਨੋਂ ਦੂਰ ਜਾਣ ਦੀਆਂ ਮਜਬੂਰੀਆਂ ਦਾ ਇਹੀ ਦਰਦ ਹੋਰ ਵੀ ਬਹੁਤ ਸਾਰੇ ਗੀਤਾਂ ਚ ਅਕਸਰ ਝਲਕਦਾ ਮਹਿਸੂਸ ਹੋਇਆ। ਫੌਜ ਵਿੱਚ ਜਾਂਦੇ ਨੌਜਵਾਨਾਂ ਦੇ ਘਰਾਂ ਵਿੱਚ ਹੁੰਦੀ ਉਡੀਕ ਵੀ ਇਸੇ ਦਰਦ ਦੀ ਝਲਕ ਦੇਂਦੀ। ਇੱਕ ਗੀਤ 1997 ਵਿੱਚ ਆਈ ਫਿਲਮ ਬਾਰਡਰ ਵਿੱਚ ਵੀ ਸੀ--ਸੰਦੇਸੇ ਆਤੇ ਹੈਂ ,ਹਮੇਂ ਤੜਪਾਤੇ ਹੈਂ । ਪੂੰਜੀਵਾਦ ਦੀਆਂ ਮੁਨਾਫ਼ੇਖੋਰੀ ਵਾਲੀਆਂ ਨੀਤੀਆਂ ਨੇ ਸਮਾਜ ਨੂੰ ਇਹੋ ਜਿਹੇ ਕਿੰਨੇ ਹੀ ਦਰਦ ਦਿੱਤੇ ਹਨ। ਕਦਮ ਕਦਮ ਤੇ ਮਜਬੂਰੀਆਂ ਹੀ ਵਛਾਈਆਂ ਹਨ। ਆਮ, ਗਰੀਬ ਅਤੇ ਮੱਧ ਵਰਗੀ ਲੋਕਾਂ  ਕਰਕੇ, ਉਹਨਾਂ ਦਾ ਸਾਹ ਸੱਤ ਨਿਚੋੜ ਕੇ, ਉਹਨਾਂ ਦਾ ਸ਼ੋਸ਼ਣ ਕਰਕੇ ਪੂੰਜੀਪਤੀਆਂ ਨੇ ਆਪੋ ਆਪਣੇ ਖਜ਼ਾਨੇ ਭਰੇ ਹਨ। ਜਦੋਂ ਲੋਕ ਪੱਖੀ ਕਲਾ ਨੂੰ ਪ੍ਰਣਾਏ ਸੰਗਠਨ "ਇਪਟਾ"  ਚੜ੍ਹਤ ਵਾਲਾ ਦੌਰ ਤੂਫ਼ਾਨੀ ਬਣਿਆ ਹੋਇਆ ਸੀ ਤਾਂ "ਇਪਟਾ" ਨਾਲ ਜੁੜੇ ਕਲਾਕਾਰ ਗਾਇਆ ਕਰਦੇ ਸਨ-

ਵੇ ਮੁੜਿਆ ਲਾਮਾਂ ਤੋਂ 

ਸਾਡੇ ਘਰੀਂ ਬੜਾ ਰੋਜ਼ਗਾਰ 

ਕਿ ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ...

ਮੁੜਿਆ ਲਾਮਾਂ ਤੋਂ..! ਇਹ ਗੀਤ ਬੇਹੱਦ ਹਰਮਨਪਿਆਰਾ ਹੋਇਆ ਸੀ ਅਤੇ ਸਕੂਲਾਂ ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਅਕਸਰ ਇਸ ਗੀਤ ਦੇ ਅਧਾਰ ਤੇ ਕਈ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਜਿਹਨਾਂ ਵਿੱਚ ਸੰਗੀਤ ਨਾਟਕ ਵੀ ਸ਼ਾਮਲ ਸਨ। 

ਤੁਸੀਂ ਇਸ ਗੀਤ ਨੂੰ ਪੂਰਾ ਪੜ੍ਹ ਸਕਦੇ ਹੋ  ਕਰਕੇ ਸਾਹਿਤ ਸਕਰੀਨ ਵਿੱਚ 

ਇਹ ਸਭ ਕੁਝ ਅੱਜ ਯਾਦ ਆ ਰਿਹਾ ਹੈ ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਅਕਸਰ ਸਰਗਰਮ ਰਹਿਣ ਵਾਲੀ ਮੁਟਿਆਰ ਅਮਨਦੀਪ ਕੌਰ ਦੇ ਇੱਕ ਵਟਸਐਪ ਸੁਨੇਹੇ ਤੋਂ। ਉਸਦਾ ਮੰਗੇਤਰ ਜਤਿੰਦਰ ਧਾਲੀਵਾਲ ਆਰਥਿਕ ਮਜਬੂਰੀਆਂ ਵਾਲੀ ਜੰਗ ਜਿੱਤਣ ਦੀਆਂ ਕੋਸ਼ਿਸ਼ਾਂ ਵਿੱਚ ਵਿਦੇਸ਼ ਗਿਆ ਹੋਇਆ ਹੈ। ਉਸ ਬਿਨਾ ਜ਼ਿੰਦਗੀ ਅਧੂਰੀ ਅਧੂਰੀ ਹੈ। ਹੁਣ 30 ਨਵੰਬਰ ਨੂੰ ਜਤਿੰਦਰ ਦਾ ਜਨਮਦਿਨ ਵੀ ਹੈ। ਜਨਮਦਿਨ ਕਿਵੇਂ ਮਨਾਇਆ ਜਾਵੇ? ਸਰਹੱਦਾਂ ਦੀਆਂ ਦੀਵਾਰਾਂ ਵੀ ਹਨ ਅਸੰਭਵ  ਮੁਸ਼ਕਿਲ ਕੀਤਾ  ਹੋਇਆ ਹੈ। ਜਤਿੰਦਰ ਦਾ ਪਿੰਡ ਭੰਮੀਪੁਰਾ ਹੈ। ਮਾਤਾ ਦਾ ਨਾਮ ਕੁਲਵੰਤ ਕੌਰ  ਨਾਮ ਸਿੰਘ। ਸਭਨਾਂ ਨੂੰ ਉਸਦੀ ਉਡੀਕ ਹੈ। ਸਭਨਾਂ ਦੀ ਇਹੀ ਇੱਛਾ ਹੈ ਕਿ ਉਹ ਆਰਥਿਕ ਮਜਬੂਰੀਆਂ ਦੀ ਇਸ ਜੰਗ ਨੂੰ ਜਿੱਤ ਕੇ ਜਲਦੀ ਮੁੜ ਆਵੇ।

ਆਓ ਸਾਰੇ ਆਪਾਂ ਰਲਮਿਲ ਕੇ ਵੀ ਇਹੀ ਦੁਆ ਕਰੀਏ ਕਿ ਇਹ ਮਜਬੂਰੀਆਂ ਸਾਰੇ ਸੰਸਾਰ ਵਿੱਚੋਂ ਹਮੇਸ਼ਾਂ ਲਈ ਮੁੱਕ ਜਾਣ।  ਕੋਈ ਅਜਿਹਾ ਸਮਾਜਵਾਦੀ ਨਿਜ਼ਾਮ ਆਵੇ ਜਿਸ ਵਿੱਚ ਨਾ ਅਜਿਹੀਆਂ ਔਕੜਾਂ ਹੋਣ, ਨਾ ਸਰਹੱਦਾਂ ਹੋਣ ਨਾ ਹੀ  ਅਜਿਹੀਆਂ ਮਜਬੂਰੀਆਂ ਹੋਣ। ਜਤਿੰਦਰ ਧਾਲੀਵਾਲ ਦੇ ਜਨਮਦਿਨ ਅਮਨਦੀਪ ਕੌਰ ਆਪਣੇ ਦੂਰ ਬਿਰਹੇ ਸੱਜਣ ਨੂੰ ਇਹੀ ਸੁਨੇਹਾ ਭੇਜਦੀ ਹੈ ਕਿ ਆਪਾਂ ਇਹ ਜੰਗ ਵੀ ਜਿੱਤਣੀ ਹੈ। ਅੱਜ ਸਾਡੇ ਕਿਸਾਨ ਵੀ ਘਰਾਂ ਤੋਂ ਦੂਰ ਸਾਡੇ ਸਭਨਾਂ ਦੀ ਜੰਗ ਜਿੱਤਣ ਲਈ ਰਾਜਧਾਨੀ ਦੇ ਬਾਡਰਾਂ 'ਤੇ ਬੈਠੇ ਹਨ। --ਮੀਡੀਆ ਲਿੰਕ ਰਵਿੰਦਰ 

ਅਮਨਦੀਪ ਕੌਰ ਵੱਲੋਂ ਜਤਿੰਦਰ ਧਾਲੀਵਾਲ ਨੂੰ ਜਨਮਦਿਨ  ਮੁਬਾਰਕ 

Thursday, December 26, 2019

ਪ੍ਰਿੰ. ਪ੍ਰੇਮ ਸਿੰਘ ਬਜਾਜ:ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਨੂੰ

ਲੁਧਿਆਣਾ 'ਚ ਅੰਤਿਮ ਸੰਸਕਾਰ ਸਮੇਂ ਪੁੱਜੀਆਂ ਅਹਿਮ ਸ਼ਖਸੀਅਤਾਂ 
ਲੁਧਿਆਣਾ: 26 ਦਸੰਬਰ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਉਹਨਾਂ ਨੂੰ ਸਾਹਿਤ ਨਾਲ ਇਸ਼ਕ ਸੀ। ਕਿਤਾਬਾਂ ਨਾਲ ਇਸ਼ਕ ਸੀ। ਲੋਕਾਂ ਨੂੰ ਗਿਆਨ ਵੰਡਣ ਵਿੱਚ ਉਹਨਾਂ ਨੂੰ ਇੱਕ ਅਲੌਕਿਕ ਆਨੰਦ ਆਉਂਦਾ ਸੀ। ਉਹਨਾਂ ਨੂੰ ਕਦੇ ਥੱਕਿਆ ਹੋਇਆ ਨਹੀਂ ਸੀ ਦੇਖਿਆ। ਉਹਨਾਂ ਨੂੰ ਕਦੇ ਮਾਯੂਸ ਨਹੀਂ ਸੀ ਦੇਖਿਆ। ਸ਼ਬਦਾਂ ਦਾ ਇਹ ਇਸ਼ਕ ਉਹਨਾਂ ਤਕਰੀਬਨ ਆਖ਼ਿਰੀ ਸਾਹਾਂ ਤੀਕ ਨਿਭਾਇਆ। ਨਾ ਕਿਸੇ ਦੁਨਿਆਵੀ ਫਾਇਦੇ ਦੀ ਚਾਹ ਰੱਖੀ ਨਾ ਹੀ ਕੁਝ ਲਿਆ। ਜਿਸ ਜਿਸ ਦਾ ਵੀ ਭਲਾ ਹੋ ਸਕਿਆ ਉਹ ਕਰਦੇ ਗਏ। ਕਿਸੇ ਨੂੰ ਪੜ੍ਹਾਈ ਕਰਵਾਈ, ਕਿਸੇ ਨੂੰ ਕਿਤਾਬਾਂ ਦੁਆਈਆਂ, ਕਿਸੇ ਦੀ ਫੀਸ ਮੁਆਫ ਕਰਾਈ, ਕਿਸੇ ਨੂੰ ਰੋਜ਼ਗਾਰ ਦੁਆਇਆ। ਅਜਿਹੇ ਲੋਕ ਕਦੇ ਮਰਿਆ ਨਹੀਂ ਕਰਦੇ। ਸਿਰਫ ਸਰੀਰਕ ਪੱਖੋਂ ਅਦਿੱਖ ਹ ਜਾਂਦੇ ਹਨ। ਕੁਦਰਤ ਦਾ ਸਤਿਕਾਰ ਕਰਦਿਆਂ ਪੰਜਾਂ ਤੱਤਾਂ ਵਿੱਚ ਮਿਲ ਜਾਂਦੇ ਹਨ। ਉਹ ਅੰਦਰੋਂ ਜੁੜੇ ਹੋਏ ਸਨ ਕਿਸੇ ਅਲੌਕਿਕ ਸ਼ਕਤੀ ਨਾਲ। ਇਸ ਮਿਲਾਪ ਦਾ ਰੰਗ ਉਹਨਾਂ ਦੇ ਚਿਹਰੇ 'ਤੇ ਸਪਸ਼ਟ ਦੇਖਿਆ ਵੀ ਜਾ ਸਕਦਾ ਸੀ। ਆਪਣੀ ਧੁੰਨ ਵਿੱਚ ਪੱਕੇ। ਆਪਣੇ ਨੇਮ ਵਿੱਚ ਪੱਕੇ। ਆਪਣੀ ਲਗਨ ਵਿੱਚ ਪੱਕੇ। ਕਦੇ ਕਿਸੇ ਨੂੰ ਇਹ ਨਹੀਂ ਆਖਿਆ ਮੈਂ ਅੱਜ ਬਿਜ਼ੀ ਬਹੁਤ ਹਾਂ--ਅੱਜ ਨਹੀਂ ਕੱਲ ਆਈਂ। ਬਿਨਾ ਕਿਸੇ ਵਖਾਵੇ ਵਾਲੇ ਰੰਗ ਢੰਗ ਤੋਂ ਉਹ ਆਖ਼ਿਰੀ ਸਾਹਾਂ ਤੀਕ ਸਾਦਗੀ ਭਰੀ ਜ਼ਿੰਦਗੀ ਜਿਊਂਦੇ ਰਹੇ। ਕਦੇ ਕਦਾਈਂ ਹੀ ਆਉਂਦੀਆਂ ਹਨ ਧਰਤੀ ਤੇ ਅਜਿਹੀਆਂ ਸ਼ਖਸੀਅਤਾਂ। ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਪੁੱਜੇ ਹੋਏ ਲੋਕ ਕਿਸੇ ਰਸਮ ਪੂਰਤੀ ਲਈ ਨਹੀਂ ਸਨ ਆਏ। ਉਹਨਾਂ ਦੇ ਚਿਹਰਿਆਂ 'ਤੇ ਵਿਛੋੜੇ ਦਾ ਦੁੱਖ ਸਾਫ ਦੇਖਿਆ ਜਾ ਸਕਦਾ ਸੀ। ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨਘਾਟ ਦਾ ਵਿਹੜਾ ਭਰਿਆ ਹੋਇਆ ਸੀ। ਅਲਵਿਦਾ ਕਹਿਣ ਵਾਲਿਆਂ ਦੀ ਵੱਡੀ ਭੀੜ ਸੀ। ਇੱਕ ਝਲਕ ਦੇਖਣ ਵਾਲਿਆਂ ਦੀ ਲੰਮੀ ਲਾਈਨ ਸੀ। ਪ੍ਰਿੰਸੀਪਲ ਬਜਾਜ ਹੁਰਾਂ ਦੇ ਚਿਹਰੇ ਤੇ ਇੱਕ ਅਨੰਦ ਸੀ। ਇੱਕ ਤਸੱਲੀ ਸੀ ਜਿਹੜੀ ਅਕਸਰ ਮੌਤ ਮਗਰੋਂ ਬਹੁਤ ਹੀ ਵਿਰਲੇ ਟਾਂਵੇਂ ਚਿਹਰਿਆਂ ਤੇ ਮਹਿਸੂਸ ਹੁੰਦੀ ਹੈ। 
ਪੰਜਾਬੀ ਸਾਹਿਤ ਅਕਾਡਮੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਪ੍ਰੇਮ ਸਿੰਘ ਬਜਾਜ ਸਾਬਕਾ ਪ੍ਰਿੰਸੀਪਲ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦਾ ਅੱਜ ਬਾਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਸ ਮੌਕੇ ਪੰਜਾਬ ਸਕਰੀਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਬਹੁਤ ਸਾਰੇ ਲੋਕਾਂ ਨੇ ਆਪਣੇ ਦਿਲ ਦਾ ਦੁੱਖ ਸਾਂਝਾ ਕੀਤਾ। ਮਲਕੀਅਤ ਸਿੰਘ ਔਲਖ, ਉੱਘੇ ਸ਼ਾਇਰ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਿੰਸੀਪਲ ਬਜਾਜ ਦੇ ਸ਼ਗਿਰਦ ਰਹੇ ਐਮ ਐਸ ਭਾਟੀਆ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਾਲੇ ਅਜੀਤ ਸਿੰਘ, ਬੁਲੰਦ ਆਵਾਜ਼ ਵਾਲੇ ਸ਼ਾਇਰ ਅਮਰਜੀਤ ਸ਼ੇਰਪੁਰੀ ਸਮੇਤ ਕਈਆਂ ਨੇ ਆਖਿਆ ਕਿ ਇਸ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ।
ਪ੍ਰਿੰਸੀਪਲ ਬਜਾਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬਰੇਰੀ ਤੇ ਡੀ. ਏ. ਵੀ. ਪਬਲਿਕ ਸਕੂਲ ਮੁਕੰਦਪੁਰ(ਨਵਾਂ ਸ਼ਹਿਰ) ਦੇ ਵੀ ਬਾਨੀ ਪ੍ਰਿੰਸੀਪਲ ਸਨ।
ਪ੍ਰਿੰਸੀਪਲ ਬਜਾਜ ਦੀ ਮ੍ਰਿਤਕ ਦੇਹ ਤੇ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੀਨੀ.ਮੀਤ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਲੋਕ ਵਿਰਾਸਤ ਅਕਾਡਮੀ ਤੇ ਡਾ. ਸ. ਸ ਜੌਹਲ ਜੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪਰਗਟਸਿੰਘ ਗਰੇਵਾਲ, ਗੁਰਦੁਆਰਾ ਮਾਡਲ ਟਾਉਨ ਐਕਸਟੈਨਸ਼ਨ ਵੱਲੋਂ ਕਿਰਪਾਲ ਸਿੰਘ ਚੌਹਾਨ, ਪੰਜਾਬੀ ਗੀਤਕਾਰ  ਸਭਾ ਵੱਲੋਂ ਸਰਬਜੀਤ ਵਿਰਦੀ ਨੇ ਦੋਸ਼ਾਲੇ ਪਹਿਨਾਏ।
ਨਾਮਧਾਰੀ ਦਰਬਾਰ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿ ਸ. ਹਰਪਾਲ ਸਿੰਘ ਸੇਵਕ ਨਾਮਧਾਰੀ ਨੇ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਸਤਿਗੁਰੂ ਜਗਜੀਤ ਸਿੰਘ ਅਤੇ ਸਤਿਗੁਰੂ ਉਦੈ ਸਿੰਘ ਦੇ ਵਿਸ਼ਵਾਸਪਾਤਰ ਸਨ।
ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ ਨੇ ਵੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਾਡੇ ਸਭ ਦੇ ਚਾਨਣ ਮੁਨਾਰੇ ਸਨ।
ਪ੍ਰਿੰਸੀਪਲ ਬਜਾਜ ਦੇ ਦੇਹਾਂਤ ਤੇ ਦੇਸ਼ ਵਿਦੇਸ਼ ਤੋਂ ਸ਼ੋਕ ਸੰਦੇਸ਼ ਮਿਲ ਰਹੇ ਹਨ।ਸਰੀ ਕੈਨੇਡਾ ਕੋਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨਗਿੱਲ, ਕਵਿੰਦਰ ਚਾਂਦ, ਭੁਪਿੰਦਰ ਮੱਲੀ, ਕੁਲਦੀਪ ਸਿੰਘ ਗਿੱਲ, ਡੀ ਪੀ ਅਰਸ਼ੀ, ਹਰਜਿੰਦਰ ਸਿੰਘ ਚੀਮਾ ਠਾਣਾ, ਰਛਪਾਲ ਗਿੱਲ, ਟੋਰੰਟੋ ਤੋਂ ਇਕਬਾਲ ਮਾਹਲ, ਇੰਦਰਜੀਤ ਸਿੰਘ ਬੱਲ, ਜਾਗੀਰ ਸਿੰਘ ਕਾਹਲੋਂ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਕੈਲਗਰੀ ਤੋਂ ਕੇਸਰ ਸਿੰਘ ਨੀਰ,  ਐਡਮਿੰਟਨ ਤੋਂ ਪ੍ਰੋ: ਸੁਖਵੰਤ ਸਿੰਘ ਗਿੱਲ, ਮੌਂਟਰੀਆਲ ਤੋਂ ਅਜਾਇਬ ਸਿੰਘ ਸੰਧੂ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਗੁਰਜਤਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਝੱਜ, ਕੁਲਵਿੰਦਰ, ਦਲਜਿੰਦਰ ਸਹੋਤਾ, ਹਰਜਿੰਦਰ ਕੰਗ, ਲਾਸ ਐਂਜਲਸ ਤੋਂ ਹਰਿੰਦਰ ਬੀਸਲਾ, ਗੁਰਸ਼ਰਨ ਸਿੱਧੂ, ਰਾਜਵਿੰਦਰ ਬੋਪਾਰਾਏ, ਨਿਉਯਾਰਕ ਤੋਂ ਦਲਜੀਤ ਕੈਸ, ਆਸਟਰੇਲੀਆ ਤੋਂ ਸਰਬਜੀਤ ਸੋਹੀ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਇਟਲੀ ਤੋਂ ਦਲਜਿੰਦਰ ਰਹਿਲ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ, ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਰਣਜੀਤ ਸਿੰਘ ਰਾਣਾ ਤੇ ਬਲਵਿੰਦਰ ਸਿੰਘ ਚਾਹਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਅੰਤਿਮ ਸੰਸਕਾਰ ਮੌਕੇ ਹਰਜੀਤ ਸਿੰਘ ਦੂਰਦਰਸ਼ਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐੱਸ. ਪੀ. ਸਿੰਘ, ਰਣਜੋਧ ਸਿੰਘ ਜੀ. ਐੱਸ, ਡਾ. ਗੁਰਇਕਬਾਲਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਤੇਜ ਪਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਸਾਬਕਾ ਪ੍ਰਿੰਸੀਪਲ ਸਾਹਿਬਾਨ ਹਰਮੀਤ ਕੌਰ, ਮਨਜੀਤ ਕੌਰ ਸੋਢੀਆ, ਡਾ. ਸਤੀਸ਼ ਸ਼ਰਮਾ, ਮਨਜਿੰਦਰ ਕੌਰ, ਪ੍ਰੋ. ਜਗਮੋਹਨ ਸਿੰਘ, ਸੰਤੋਖ ਸਿੰਘ ਔਜਲਾ, ਕ੍ਰਿਸ਼ਨ ਸਿੰਘ, ਡਾ. ਸ ਨ ਸੇਵਕ, ਮਲਕੀਤ ਸਿੰਘ ਔਲਖ, ਡਾ. ਫ਼ਕੀਰ ਚੰਦ ਸ਼ੁਕਲਾ, ਪ੍ਰੋ. ਵਰਿਆਮ ਸਿੰਘ ਬਜਾਜ, ਸਕੱਤਰ, ਸਰਬਜੀਤ ਸਿੰਘ ਵਿਰਦੀ, ਪ੍ਰੋ. ਜਗਮੋਹਨ ਸਿੰਘ, ਸਾਬਕਾ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਸਤਿਬੀਰ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ, ਸਤੀਸ਼ ਗੁਲਾਟੀ, ਰਾਜਦੀਪ ਤੂਰ, ਡਾ. ਸਰੂਪ ਸਿੰਘ ਅਲੱਗ, ਪਰਮਜੀਤ ਸੋਹਲ, ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸ੍ਰੀਮਤੀ ਜਸਵੀਰ ਕੌਰ ਅਲੱਗ, ਸੁਰਿੰਦਰ ਕੌਰ,ਬਲਕੌਰ ਸਿੰਘ ਗਿੱਲ, ਅਜਮੇਰ ਸਿੰਘ, ਸਤਨਾਮ ਸਿੰਘ, ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ, ਰੈਕਟਰ ਕਥੂਰੀਆ ਨਾਲ ਪੰਜਾਬ ਸਕਰੀਨ ਦੀ ਸਮੁੱਚੀ ਟੀਮ, ਮਹਿੰਦਰ ਸੇਖੋਂ, ਗੁਰਨਾਮ ਸਿੰਘ ਧਾਲੀਵਾਲ, ਜਸਬੀਰ  ਸਿੰਘ ਘੁਲਾਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਇਪਟਾ ਵੱਲੋਂ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀਆ, ਪ੍ਰਦੀਪ ਸ਼ਰਮਾ ਅਤੇ ਪੀਪਲਜ਼ ਮੀਡੀਆ ਲਿੰਕ ਵੱਲੋਂ ਕਾਰਤਿਕਾ ਸਿੰਘ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਚੰਡੀਗੜ੍ਹ ਤੋਂ ਉੱਘੇ ਲੇਖਕ ਅਤੇ ਅਨੁਵਾਦਕ ਗੁਰਨਾਮ ਕੰਵਰ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਸੁਨੇਹੇ ਭੇਜੇ। 
ਐਫ ਆਈ ਬੀ ਮੀਡੀਆ ਵੱਲੋਂ ਡਾਕਟਰ ਭਾਰਤ, ਓਂਕਾਰ ਸਿੰਘ ਪੁਰੀ, ਨਰਿੰਦਰ ਸੋਨੀ ਅਤੇ ਹੋਰਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਹਿੰਦੀ ਸਾਹਿਤ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵਿੱਚੋਂ  ਬੇਨੂ ਸਤੀਸ਼ ਕਾਂਤ, ਇਰਾ ਤ੍ਰੇਹਨ, ਨੀਲੂ ਬੱਗਾ ਲੁਧਿਆਣਵੀ, ਏਕਤਾ ਪੂਜਾ ਸ਼ਰਮਾ, ਅਮਨਦੀਪ ਦਰਦੀ, ਰਾਜਨ ਸ਼ਰਮਾ, ਏ ਐਸ ਮੋਰਿਆ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। 
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ (ਸਾਹਮਣੇ ਡਾਕਖ਼ਾਨਾ) ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੀਕ ਹੋਵੇਗੀ।