ਕਲੱਬ ਤੋਂ ਪਹਿਲਾਂ ਦਿਲ ਤੇ ਹੱਥ ਦੋਵੇਂ ਮਿਲਾਉਣੇ ਜ਼ਰੂਰੀ
ਲੁਧਿਆਣਾ: 24 ਜੂਨ 2017: (ਪੰਜਾਬ ਸਕਰੀਨ ਬਿਊਰੋ)::
ਫਿਲਹਾਲ ਲੁਧਿਆਣਾ ਪ੍ਰੈਸ ਕਲੱਬ ਦੀਆਂ 25 ਜੂਨ ਨੂੰ ਹੋਣ ਵਾਲੀਆਂ ਚੋਣਾਂ ਅੱਗੇ ਪੈ ਗਈਆਂ ਹਨ ਅਤੇ ਪ੍ਰੈਸ ਲਾਇਨਜ਼ ਕਲੱਬ ਦੀਆਂ ਚੋਣਾਂ 24 ਜੂਨ ਵਾਲੇ ਦਿਨ ਹੀ ਹੋ ਗਈਆਂ ਸਨ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇਹ ਗੱਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਮੀਡੀਆ ਨੂੰ ਇੱਕ ਵਾਰ ਆਪਣੇ ਆਪ ਬਾਰੇ ਰੀਵਿਊ ਕਰਨਾ ਚਾਹੀਦਾ ਹੈ। ਹੰਕਾਰ ਅਤੇ ਤਾਨਾਸ਼ਾਹੀ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ।
ਪ੍ਰੈਸ ਲਾਇਨਜ਼ ਕਲੱਬ ਦੀ ਚੋਣ ਦੌਰਾਨ ਤਿੰਨ ਨਾਮ ਸਾਹਮਣੇ ਆਏ ਸਨ ਪਰ ਕੁਝ ਕੁ ਮਿੰਟਾਂ ਦੇ ਸਲਾਹ ਮਸ਼ਵਰੇ ਮਗਰੋਂ ਹੀ ਇਹ ਚੋਣ "ਸਰਬਸੰਮਤੀ" ਨਾਲ ਹੋਈ। ਇਸ "ਸਰਬਸੰਮਤੀ" ਦੇ ਬਾਵਜੂਦ ਬਲਵੀਰ ਸਿੱਧੂ ਅਤੇ ਸਮਰਾਟ ਵੱਲੋਂ ਆਪੋ ਆਪਣਾ ਅਹੁਦਾ ਸਵੀਕਾਰ ਕਰਨ ਤੋਂ ਨਾਂਹ ਸੰਕੇਤ ਸੀ ਕਿ ਸਭ ਕੁਝ ਅੱਛਾ ਨਹੀਂ ਹੈ। ਇਸ ਇਨਕਾਰ ਨੇ ਇਸ "ਸਰਬਸੰਮਤੀ" ਬਾਰੇ ਵੀ ਸ਼ੰਕੇ ਖੜੇ ਕੀਤੇ। ਇਸ ਚੋਣ ਮਗਰੋਂ ਸਰਬਜੀਤ ਲੁਧਿਆਣਵੀ ਨੂੰ "ਪ੍ਰਧਾਨ" ਐਲਾਨਿਆ ਗਿਆ। ਬਲਵੀਰ ਸਿੱਧੂ ਵੱਲੋਂ ਦਿਖਾਈ "ਦਰਿਆਦਿਲੀ" ਨਾਲ ਸਾਰੇ ਪ੍ਰਭਾਵਿਤ ਹੋਏ। ਇਸੇ ਤਰਾਂ ਕੁਝ ਹੋਰ ਮਾਮਲਿਆਂ ਵਿੱਚ ਵੀ ਹੋਇਆ। ਪ੍ਰਿਤਪਾਲ ਸਿੰਘ ਪਾਲੀ, ਸਮਰਾਟ ਸ਼ਰਮਾ ਅਤੇ ਕੁਝ ਹੋਰਨਾਂ ਨੇ ਵੀ ਅਹੁਦਾ ਲਏ ਬਿਨਾ ਹੀ ਕਲੱਬ ਦਾ ਹਰ ਕੰਮ ਪੂਰੀ ਤਰਾਂ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਿਸਨੂੰ ਸਵੀਕਾਰ ਨਹੀਂ ਕੀਤਾ ਗਿਆ। ਸੰਗਤ ਨੇ "ਹੁਕਮ" ਦਿੱਤਾ ਕਿ ਹੁਣ ਇਸ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕਿ ਫਤਹਿ ਦੀ ਗੂੰਜ ਦੇ ਨਾਲ ਸ਼ਿਵ ਸ਼ੰਕਰ ਭੋਲੇ ਨਾਥ ਦੇ ਜੈਕਾਰੇ ਵੀ ਲੱਗੇ। ਇਹ "ਧਾਰਮਿਕ ਏਕਤਾ" ਦਾ ਬਹੁਤ ਵੱਡਾ ਸੰਕੇਤ ਸੀ ਪਰ ਪੱਤਰਕਾਰ ਏਕਤਾ ਖੁਰਦੀ ਨਜ਼ਰ ਆ ਰਹੀ ਸੀ। ਮੀਟਿੰਗ ਦੀ ਕਾਰਵਾਈ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਹੁਤ ਹੀ ਸਿਆਣਪ ਨਾਲ ਚਲਾਈ। ਇਹ ਸਭ ਕੁਝ "ਪਾਰਦਰਸ਼ਿਤਾ" ਦੀ ਇੱਕ ਵਿਸ਼ੇਸ਼ ਮਿਸਾਲ ਸੀ। ਜਿਸ ਤਰਾਂ ਫਟਾਫਟ ਨਾਮ ਐਲਾਨੇ ਗਏ ਤੇ ਬਿਨਾ ਹੁੰਗਾਰਾ ਉਡੀਕੇ ਉਹਨਾਂ ਨਵਾਂ ਨੂੰ ਸਹਿਮਤੀ ਦਿੱਤੀ ਗਈ ਉਸ ਨੇ ਇਸ ਸਾਰੇ ਸਿਲਸਿਲੇ ਬਾਰੇ ਸੁਆਲ ਖੜੇ ਕੀਤੇ ਹਨ।
ਇਹ ਵਿਸੇਸ਼ ਇਕੱਤਰਤਾ ਕਲੱਬ ਦੇ ਕਾਰਜਕਾਰੀ ਪ੍ਰਧਾਨ ਆਰ.ਵੀ ਸਮਰਾਟ ਦੀ ਪ੍ਰਧਾਨਗੀ ਹੇਠ ਸਥਾਨਕ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿਚ ਕਲੱਬ ਦੇ 70 ਦੇ ਕਰੀਬ ਮੈਂਬਰਾਂ ਹਿੱਸਾ ਲਿਆ। ਕਲੱਬ ਦੀਆਂ ਪਿਛਲੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਵਿਸ਼ੇਸ ਰਿਪੋਰਟ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਪੇਸ਼ ਕੀਤੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸਰਬਜੀਤ ਸਿੰਘ ਲੁਧਿਆਣਵੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਹਿਗਲ, ਆਰ.ਵੀ ਸਮਰਾਟ, ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਮਾਂਗਟ, ਅਸ਼ੋਕਪੁਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਮਨਜੀਤ ਸਿੰਘ ਦੁੱਗਰੀ, ਸਕੱਤਰ ਨੀਲ ਕਮਲ ਸ਼ਰਮਾ, ਸਰਬਜੀਤ ਸਿੰੰਘ ਬੱਬੀ, ਸ਼ਾਮ ਸੁੰਦਰ ਸਰਪਾਲ, ਮਿਸਟਰ ਬੰਟੀ, ਕੈਸ਼ੀਅਰ ਰਘਬੀਰ ਸਿੰਘ ਤੇ ਕੁਲਵਿੰਦਰ ਸਿੰਘ ਮਿੰਟੂ, ਲੀਗਲ ਐਡਵਾਈਜ਼ਰ ਸ੍ਰੀਪਾਲ ਚੁਣੇ ਗਏ। ਇਸ ਮੌਕੇ ਕਲੱਬ ਦੇ ਸਰਪ੍ਰਸਤ ਬਲਵੀਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਪਾਲੀ, ਗੁਰਮੀਤ ਸਿੰਘ, ਸੁਨੀਲ ਜੈਨ ਨੂੰ ਬਣਾਇਆ ਗਿਆ।
ਇਸ ਮੌਕੇ ਬੁੱਧ ਸਿੰਘ ਨੀਲੋਂ, ਡੀ.ਪੀ ਸਿੰਘ, ਮੋਹਨ ਸਿੰਘ, ਸੁਖਦੇਵ ਸਿੰਘ, ਇੰਦਰਪਾਲ ਸਿੰਘ, ਪ੍ਰੇਮ ਰਤਨ ਕਾਲੀਆ, ਵਿਨੈ ਵਰਮਾ, ਜਸਵਿੰਦਰ ਸਿੰਘ ਚਾਵਲਾ, ਰੈਕਟਰ ਕਥੂਰੀਆ, ਕੁਲਦੀਪ ਦੁੱਗਰੀ, ਮਨਿੰਦਰ ਪਾਲ ਸਿੰਘ, ਆਰ.ਪੀ. ਸਿੰਘ, ਰਾਜ ਜੋਸ਼ੀ, ਸਰਬਜੀਤ ਸਿੰਘ ਪਨੇਸਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਇਹ ਸਭ ਕੁਝ ਹੋ ਠੀਕ ਠਾਕ ਹੋ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਦੇ ਖਿਲਾਫ ਗਿਲਿਆਂ ਸ਼ਿਕਵਿਆਂ ਦਾ ਹੜ੍ਹ ਜਿਹਾ ਹੀ ਆ ਗਿਆ। ਲੁਧਿਆਣਾ ਪ੍ਰੈਸ ਕਲੱਬ ਅਤੇ ਪ੍ਰੈਸ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਦਿਲ ਦੀ ਗੱਲਬਾਤ ਕੀਤੀ ਤਾਂ ਜੋ ਦਿਲ ਦੀਆਂ ਲੁਕੀਆਂ ਗੱਲਾਂ ਵੀ ਬਾਹਰ ਆ ਸਕਣ। ਜੇ ਕਰ ਇਹ ਸਭ ਕੁਝ ਪਹਿਲਾਂ ਹੀ ਦਿਲ ਖੋਹਲ ਕੇ ਕਰ ਲਿਆ ਗਿਆ ਹੁੰਦਾ ਤਾਂ ਸ਼ਾਇਦ ਨੌਬਤ ਬਹਿਸ ਅਤੇ ਝਗੜਿਆਂ ਤਕ ਨਾ ਪਹੁੰਚਦੀ।
ਪਰ ਅਫਸੋਸ ਕਿ ਬਹੁਤਿਆਂ ਦੀ ਜ਼ੁਬਾਨ ਤੇ ਕੁਝ ਹੋਰ ਸੀ ਅਤੇ ਦਿਲ ਵਿੱਚ ਕੁਝ ਹੋਰ। ਮੀਡੀਆ ਨੂੰ ਸ਼ਾਇਦ ਨੇਤਾਗਿਰੀ ਵਾਲਾ ਸਿਆਸੀ ਰੰਗ ਚੜ੍ਹ ਗਿਆ ਸੀ। ਨਵੀਂ ਟੀਮ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਮਾਂ ਨਵੀਂ ਟੀਮ ਦੀ ਕਾਰਗੁਜ਼ਾਰੀ ਦੇਖਣ ਲਈ ਵੀ ਦੇਣਾ ਬਣਦਾ ਹੈ ਪਰ ਚੰਗਾ ਹੁੰਦਾ ਜੇ ਇਸ ਬਾਰੇ ਚੋਣ ਹੀ ਕਰਵਾ ਲਈ ਜਾਂਦੀ। ਇਹਨਾਂ ਚੋਣਾਂ ਵਿੱਚ ਜਿਹੜੀ ਤੇਜ਼ੀ ਦਿਖਾਈ ਗਈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਚੰਗਾ ਹੋਵੇ ਜੇ ਇਸ ਸਾਰੀ ਕਾਰਵਾਈ ਦੀ ਪ੍ਰਵਾਨਗੀ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਸਾਰੀਆਂ ਸਾਹਮਣੇ ਲਈ ਜਾਵੇ।
No comments:
Post a Comment