Gurbhajan Singh Gill on Saturday 9th May 2026 at 5:36 PM Regarding Demise of Prof. Malwinderjit Singh Waraich
ਮ੍ਰਿਤਕ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਦਾਨ
ਮ੍ਰਿਤਕ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਦਾਨ
Saturday 3rd June 2023 at 05:19 PM
ਰਣਜੀਤ ਸਿੰਘ ਕੁੱਕੀ ਗਿੱਲ ਨੇ ਵੀ ਸੁਣਾਈਆਂ ਖਰੀਆਂ ਖਰੀਆਂ
ਉਹਨਾਂ ਵੇਲਿਆਂ ਨੂੰ ਅਤੇ ਉਹਨਾਂ ਵੇਲਿਆਂ ਤੋਂ ਵੀ ਪਹਿਲਾਂ ਸੱਤਰਵਿਆਂ ਵਿੱਚ ਝੁੱਲੀਆਂ ਹਨੇਰੀਆਂ ਦੇ ਕਹਿਰ ਨੂੰ ਬੇਹੱਦ ਨੇੜਿਓਂ ਹੋ ਕੇ ਦੇਖਣ ਵਾਲੇ ਪ੍ਰਮੁੱਖ ਚਿੰਤਕ ਅਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਹੁਰਾਂ ਨੇ ਦੋ ਕੁ ਦਿਨ ਪਹਿਲਾਂ ਹੀ ਆਖਿਆ ਸੀ ਕਿ ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ। ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਤਾਂ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ਸਾਨੂੰ "ਤੀਜੇ ਘੱਲੂਘਾਰੇ" ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ?
ਚੰਡੀਗੜ੍ਹ ਵਿੱਚ ਤਿੰਨ ਜੂਨ ਸ਼ਨੀਵਾਰ ਨੂੰ ਕੀਤਾ ਗਿਆ ਇਹ ਯਾਦਗਾਰੀ ਸਮਾਗਮ ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੀ ਹੀ ਸੁਚੇਤ ਕੋਸ਼ਿਸ਼ ਸੀ। ਇਸ ਮੌਕੇ ਰਾਅ ਦੇ ਸਾਬਕਾ ਉੱਚ ਅਧਿਕਾਰੀ ਜੀ ਬੀ ਐਸ ਸਿੱਧੂ ਨੇ ਵੀ ਸਨਸਨੀਖੇਜ਼ ਖੁਲਾਸੇ ਕੀਤੇ। ਉਹਨਾਂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ ਬਾਰੇ ਚਰਚਾ ਇਸ ਸਮਾਗਮ ਦੇ ਕੇਂਦਰੀ ਬਿੰਦੂ ਵੱਜੋਂ ਪ੍ਰਚਾਰੀ ਗਈ ਸੀ। ਇਸ ਪੁਸਤਕ ਦੇ ਅੰਗਰੇਜ਼ੀ ਅਤੇ ਪੰਜਾਬੀ ਅਨੁਵਾਦ ਵਾਲੇ ਐਡੀਸ਼ਨਾਂ ਦੀ ਵਿਕਰੀ ਵੀ ਹਾਲ ਦੇ ਬਾਹਰ ਲੱਗੇ ਸਟਾਲਾਂ 'ਤੇ ਸਰਗਰਮੀ ਨਾਲ ਕੀਤੀ ਗਈ। ਇਸ ਕਿਤਾਬ ਦੀ ਕੀਮਤ 350/-ਰੁਪਏ ਕਾਫੀ ਜ਼ਿਆਦਾ ਲੱਗ ਰਹੀ ਸੀ।
ਇਹਨਾਂ ਸਟਾਲਾਂ 'ਤੇ ਸਿੱਖ ਮਾਮਲਿਆਂ ਅਤੇ ਬਲਿਊ ਸਟਾਰ ਓਪਰੇਸ਼ਨ ਅਤੇ ਖਾੜਕੂਵਾਦ ਨਾਲ ਸਬੰਧਿਤ ਹੋਰ ਬਹੁਤ ਸਾਰਾ ਸਾਹਿਤ ਵੀ ਸੀ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਤੋਂ ਬਾਅਦ ਇਸ ਤ੍ਰਾਸਦੀ ਦੀ ਚਰਚਾ ਕਰਨ ਵਾਲਾ ਸਾਹਿਤ ਵੀ ਇੱਕ ਇੰਡਸਟਰੀ ਵਾਂਗ ਉਭਰ ਕੇ ਸਾਹਮਣੇ ਆਇਆ ਹੈ। ਸੈਮੀਨਾਰ ਵਰਗੇ ਇਸ ਸਮਾਗਮ ਮੌਕੇ ਹਾਲ ਦੇ ਅੰਦਰ ਵਿਚਾਰ ਵਟਾਂਦਰੇ ਅਤੇ ਭਾਸ਼ਣ ਚੱਲ ਰਹੇ ਸਨ ਅਤੇ ਬਾਹਰ ਇਹਨਾਂ ਕਿਤਾਬਾਂ ਦੀ ਵਿਕਰੀ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਵਿਕਰੀ ਨੇ ਕੋਈ ਬਹੁਤ ਭੀੜ ਵੀ ਨਹੀਂ ਖਿੱਚੀ। ਨਜ਼ਰ ਮਾਰ ਕੇ ਤੁਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਏਨੇ ਚੰਗੇ ਸਾਹਿਤ ਦੀ ਪੰਜਾਬੀ ਵਿਹਕ ਵਿਕਰੀ ਕਮਜ਼ੋਰ ਕਿਓਂ ਇਸ ਬਾਰੇ ਵੀ ਚਿੰਤਨ ਕਰਨ ਦੀ ਲੋੜ ਹੈ।
ਇਸ ਮੌਕੇ ਜਨਰਲ ਵੈਦਿਆ ਦੀ ਹੱਤਿਆ ਵਿੱਚ ਸ਼ਾਮਲ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਵੀ ਹਾਜ਼ਰੀਨ ਸਰੋਤਿਆਂ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰੀ ਬਿੰਦੂ ਬਣੇ ਰਹੇ। ਉਹਨਾਂ ਮਾਈਕ ਤੋਂ ਵੀ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਬੁਲੰਦ ਆਵਾਜ਼ ਨਾਲ ਕਿਹਾ ਕਿ ਬਲਿਊ ਸਟਾਰ ਓਪਰੇਸ਼ਨ ਵਰਗੇ ਸ਼ਬਦਾਂ ਦੀ ਵਰਤੋਂ ਕਰ ਕੇ ਸਟੇਟ ਦੀ ਭਾਸ਼ਾ ਨਾ ਬੋਲੀ ਜਾਏ। ਇਹ ਇੱਕ ਕਤਲ-ਏ- ਆਮ ਸੀ ਅਤੇ ਇਸਨੂੰ ਕਤਲੇਆਮ ਹੀ ਕਿਹਾ ਜਾਏ। ਉਹਨਾਂ ਖਾੜਕੂਵਾਦ ਦੇ ਰਾਹਾਂ 'ਤੇ ਤੁਰਨ ਵਾਲੇ ਆਪਣੇ ਪਿਛੋਕੜ ਬਾਰੇ ਵੀ ਸੰਖੇਪ ਵਿਚ ਦੱਸਿਆ ਕਿ ਉਹਨਾਂ ਦੀ ਮਜਬੂਰੀ ਕੋਈ ਨਹੀਂ ਸੀ। ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਹਨਾਂ ਰਾਹਾਂ 'ਤੇ ਅੱਗੇ ਵਧੇ ਸਨ। ਉਹਨਾਂ ਦੇ ਇਹ ਕਥਨ ਉਹਨਾਂ ਲੋਕਾਂ ਲਈ ਵਿਸ਼ੇਸ਼ ਅਰਥ ਰੱਖਦੇ ਹਨ ਜਿਹਨਾਂ ਦੀ ਜ਼ਮੀਰ ਮਚਲਪੁਣੇ ਵਾਲੀ ਨੀਂਦੇ ਸੁੱਤੀ ਹੋਈ ਹੈ ਅਤੇ ਜਾਗਣ ਦਾ ਨਾਮ ਹੀ ਨਹੀਂ ਲੈ ਰਹੀ। ਰਣਜੀਤ ਸਿੰਘ ਕੁੱਕੀ ਗਿੱਲ ਨੇ ਕਿਹਾ ਕਿ ਸਿੱਖ ਬੁੱਧੀਜੀਵੀਆਂ ਨੂੰ ਸਾਕਾ ਜੂਨ 1984 ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਸਹੀ ਸ਼ਬਦਾਵਲੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਵਿੱਚ ਸਹੀ ਪਰਿਪੇਖ ਪੇਸ਼ ਕੀਤਾ ਜਾ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਕਰ ਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ “ਕਿਛੁ ਸੁਣੀਐ ਕਿਛੁ ਕਹੀਐ” ਦੇ ਸੰਕਲਪ ਤੇ ਪਹਿਰਾ ਦਿੰਦਿਆਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅਪ੍ਰੈਲ 1978 ਦੀ ਵਿਸਾਖੀ ਨੂੰ ਹੋਏ ਨਿਰੰਕਾਰੀ ਕਾਂਡ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਸਮੱਸਿਆ ਨੇ ਜਿਸ ਤਰੀਕੇ ਨਾਲ ਹਿੰਸਕ ਰੂਪ ਅਖਤਿਆਰ ਕੀਤਾ ਅਤੇ ਸਟੇਟ ਦੇ ਜਬਰ ਕਾਰਨ ਸੂਬੇ ਦੀ ਜਵਾਨੀ ਦਾ ਘਾਣ ਹੋਇਆ ਇਸ ਤੋਂ ਅਜੇ ਵੀ ਸਬਕ ਸਿੱਖਣ ਦੀ ਜ਼ਰੂਰਤ ਹੈ।
"ਖਾਲਿਸਤਾਨ ਦੀ ਸਾਜ਼ਿਸ਼" ਪੁਸਤਕ ਲਿਖਣ ਵਾਲੇ ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ. ਐਸ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਕਾ ਜੂਨ 1984, ਸਾਕਾ ਨੀਲਾ ਤਾਰਾ ਅਪਰੇਸ਼ਨ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ ਜਿਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਾ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ’ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ ਸੀ।
ਉੱਘੇ ਐਡਵੋਕੇਟ ਅਤੇ ਮਨੁੱਖੀ ਹੱਕਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਜਿਸ ਤਰ੍ਹਾਂ 1984 ਦੀਆਂ ਘਟਨਾਵਾਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕਾਂਗਰਸ ਨੇ 1985 ਦੀਆਂ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੌਜੂਦਾ ਹਕੂਮਤ ਲਗਾਤਾਰ ਸੱਤਾ ’ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।
ਉੱਘੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਸਾਦਗੀ ਭਰੇ ਸ਼ਬਦਾਂ ਨਾਲ ਭੰਬਲਭੂਸੇ ਵਾਲੀ ਇਸ ਧੁੰਦ ਨੂੰ ਚੀਰਦਿਆਂ ਕਿਹਾ ਕਿ ਪੰਜਾਬ ਦੀ ਸਮੱਸਿਆ ਅਸਲ ਵਿੱਚ 1849 ਤੋਂ ਸ਼ੁਰੂ ਹੁੰਦੀ ਹੈ ਜਦ ਬਰਤਾਨਵੀ ਸ਼ਾਸਕਾਂ ਨੇ ਦੇਸ਼ ਪੰਜਾਬ ਨੂੰ ਹਿੰਦੋਸਤਾਨ ਵਿੱਚ ਸ਼ਾਮਲ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀ ਸਮੱਸਿਆ ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ ਹੱਲ ਹੋ ਸਕਦੀ ਹੈ ਜਿਸ ਵਿੱਚ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ।
ਸਿੱਖ ਨੁਕਤਾ ਨਿਗਾਹ ਤੋਂ ਖੱਬੀਆਂ ਧਿਰਾਂ ਨੂੰ ਅਕਸਰ ਲਾਜਵਾਬ ਕਰਨ ਵਾਲੇ ਪ੍ਰਸਿੱਧ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਸਾਕਾ ਜੂਨ 1984 ਦੌਰਾਨ ਫੌਜੀ ਹਮਲੇ ’ਚ ਤਬਾਹ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੀ ਸਮੱਗਰੀ ਅਤੇ ਪਾਵਨ ਗ੍ਰੰਥ ਲਾਪਤਾ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਉਹਨਾਂ ਅਤੀਤ ਦੀ ਇਸ ਭਿਆਨਕ ਤ੍ਰਾਸਦੀ ਦਾ ਵਰਨਣ ਇਸ ਤਰ੍ਹਾਂ ਕੀਤਾ ਕਿ ਉਹਨਾਂ ਦੇ ਸ਼ਬਦਾਂ ਨੇ ਉਸ ਫੌਜੀ ਕਾਰਵਾਈ ਦੌਰਾਨ ਲਾਇਬ੍ਰੇਰੀ ਸੜਨ ਵਾਲੀ ਘਟਨਾ ਦੀ ਪੂਰੀ ਫਿਲਮ ਜਿਹੀ ਹੀ ਸਾਹਮਣੇ ਲੈ ਆਂਦੀ। ਸਿੱਖ ਇਤਿਹਾਸ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਦੁਰਲਭ ਪੁਸਤਕਾਂ ਦੇ ਇਸ ਡਾਕ ਵਰਗੀ ਸਾਜ਼ਿਸ਼ ਨੂੰ ਉਹਨਾਂ ਗੰਭੀਰਤਾ ਨਾਲ ਸਾਹਮਣੇ ਲਿਆਂਦਾ।
ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੜੇ ਸੁਚੇਤ ਹੋ ਕੇ ਨਿਭਾਈ। ਇੱਕ ਇੱਕ ਬੁਲਾਰੇ ਦੇ ਇੱਕ ਇੱਕ ਸ਼ਬਦ ਵੱਲ ਉਹਨਾਂ ਦੇ ਕੰਨ ਬਾਰੀਕੀ ਨਾਲ ਲੱਗੇ ਹੋਏ ਸਨ। ਉਹ ਪੂਰੇ ਧਿਆਨ ਨਾਲ ਨਾ ਸਿਰਫ ਬੁਲਾਰਿਆਂ ਦੇ ਸ਼ਬਦਾਂ ਨੂੰ ਸੁਣ ਰਹੇ ਸਨ ਬਲਕਿ ਇਹਨਾਂ ਸ਼ਬਦਾਂ ਵਿਚ ਲੁਕੋ ਕੇ ਪੇਸ਼ ਕੀਤੇ ਜਾਂਦੇ ਅਰਥਾਂ ਨੂੰ ਵੀ ਸਮਝ ਰਹੇ ਸਨ। ਕੌਣ ਕੌਣ ਪੰਥ ਅਤੇ ਜੂਨ-84 ਦਾ ਨਾਮ ਲੈ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਲੋੜ ਪੈਣ ਤੇ ਉਹਨਾਂ ਦੀ ਸੁਚੇਤ ਟੋਕਾ-ਟਾਕੀ ਵੀ ਸਾਹਮਣੇ ਆਉਂਦੀ ਰਹੀ। ਸਮਾਗਮਾਂ ਨੂੰ ਆਪਣੇ ਸਿਆਸੀ ਨਿਸ਼ਾਨਿਆਂ ਲਈ ਵਰਤਣ ਦੇ ਮਕਸਦ ਨਾਲ ਜਾਂ ਹਾਈ ਜੈਕ ਕਰਨ ਦੀਆਂ ਕੋਸ਼ਿਸ਼ਾਂ ਦੀ ਰੋਕਥਾਮ ਲਈ ਸ਼ਾਇਦ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ। ਹਰ ਸਮਾਗਮ ਵਿਚ ਅਜਿਹੀ ਸੁਚੇਤ ਪਹਿਰੇਦਾਰੀ ਜ਼ਰੂਰੀ ਬਣਦੀ ਜਾ ਰਹੀ ਹੈ।
ਧਾਰਮਿਕ ਸ਼ਖ਼ਸੀਅਤ ਵੱਜੋਂ ਚਰਚਾ ਵਿਚ ਰਹਿਣ ਵਾਲੇ ਗਿਆਨੀ ਕੇਵਲ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਸਿੰਘ ਸਭਾ ਪੱਤ੍ਰਿਕਾ ਦਾ ਜੂਨ-84 ਵਾਲਾ ਵਿਸ਼ੇਸ਼ ਅੰਕ ਕਿੱਥੇ ਗਈ ਸਿੱਖ ਰੈਫਰੈਂਸ ਲਾਇਬ੍ਰਰੀ? ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਜੀ.ਬੀ ਐਸ ਸਿੱਧੂ ਦੀ ਪੁਸਤਕ ‘ਖਾਲਿਸਤਾਨ ਇਕ ਸਾਜਿਸ਼’ ਦਾ ਨਵਾਂ ਪੰਜਾਬੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ ਜਿਹੜਾ ਵਾਈਟ ਕਰੋਅ ਪਬਲਿਸ਼ਰਜ਼ ਵੱਲੋ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਸਮਾਗਮ ਨੂੰ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਸਲ), ਗੁਰਬੀਰ ਸਿੰਘ ਮਚਾਕੀ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਮਨਜੀਤ ਸਿੰਘ, ਹਰਜੋਤ ਸਿੰਘ, ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ ਮੌਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਡਿਬਡਿਬਾ, ਡਾ. ਭਗਵਾਨ ਸਿੰਘ ਅਤੇ ਹਰੋ ਵਿਦਵਾਨ ਨੇ ਆਪਣੇ ਵਿਚਾਰ ਪੇਸ਼ ਕੀਤੇ।
ਕੀ ਮੀਡੀਆ ਇਹਨਾਂ ਚੁਣੌਤੀਆਂ ਨੂੰ ਵੀ ਸਵੀਕਾਰ ਕਰੇਗਾ?
ਮੀਡੀਆ ਉੱਤੇ ਦਬਾਵਾਂ ਅਤੇ ਹਮਲਿਆਂ ਦੇ ਰੰਗ, ਰੂਪ ਅਤੇ ਢੰਗ ਹੁਣ ਬਹੁਤ ਬਦਲ ਗਏ ਹਨ। ਗੋਦੀ ਮੀਡੀਆ ਨੇ ਇਸ ਮਾਮਲੇ ਵਿਚ ਇੱਕ ਨਵਾਂ ਅਧਿਆਇ ਲਿਖਿਆ ਹੈ ਜਿਸਦੀ ਚਰਚਾ ਆਉਣ ਵਾਲੇ ਸਮਿਆਂ ਵਿਚ ਵੀ ਹੁੰਦੀ ਰਹੇਗੀ। ਕਾਲੇ ਦੌਰ ਦੇ ਬਾਵਜੂਦ ਪੱਤਰਕਾਰਾਂ ਨੇ ਉਹ ਮਿਸਾਲਾਂ ਕਾਇਮ ਕੀਤੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਹਨੇਰੀਆਂ ਰਾਤਾਂ ਵਿਚ ਵੀ ਦੀਵੇ ਜਗਾਉਣ ਵਾਲੇ ਬਹੁਤ ਸਾਰੇ ਸਨ। ਉਦੋਂ ਵੀ ਨਿਰਪੱਖ ਪੱਤਰਕਾਰੀ ਦੀਆਂ ਕਿਰਨਾਂ ਹਨੇਰਿਆਂ ਨੂੰ ਚੀਰ ਕੇ ਸਾਹਮਣੇ ਆਉਂਦੀਆਂ ਰਹੀਆਂ ਹਨ।
ਜਦੋਂ ਜਲੰਧਰ ਤੋਂ ਰੋਜ਼ਾਨਾ ਲੋਕ ਲਹਿਰ ਛਪਦਾ ਸੀ ਅਤੇ ਕਾਮਰੇਡ ਸੁਹੇਲ ਸਿੰਘ ਇਸਦੇ ਸੰਪਾਦਕ ਸਨ ਉਦੋਂ ਵੀ। ਜਦੋਂ ਜਲੰਧਰ ਤੋਂ ਹੀ ਨਵਾਂ ਜ਼ਮਾਨਾ ਛਪਦਾ ਸੀ ਅਤੇ ਇਸਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਸਨ ਉਦੋਂ ਵੀ। ਜਦੋਂ ਰੋਜ਼ਾਨਾ ਅੱਜ ਦੀ ਆਵਾਜ਼ 'ਤੇ ਛਾਪੇ ਪਿਆ ਕਰਦੇ ਸਨ ਉਦੋਂ ਵੀ। ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਗੁਰਦੀਪ ਸਿੰਘ ਬਠਿੰਡਾ ਇਸਦੇ ਗਵਾਹ ਵੀ ਰਹੇ ਹਨ।
ਪੁਲਿਸ ਹਿਰਾਸਤ ਵਿੱਚ ਰਾਮ ਸਿੰਘ ਬਲਿੰਗ ਦੀ ਸ਼ਹਾਦਤ ਅਤੇ ਸਾਡੇ ਜ਼ਿੰਦਾ ਸ਼ਹੀਦ ਮਾਲਵਿੰਦਰ ਸਿੰਘ ਮਾਲੀ ਅੱਜ ਵੀ ਉਹਨਾਂ ਵੇਲਿਆਂ ਦੇ ਗਵਾਹ ਹਨ। ਅਫਸੋਸ ਕਿ ਕਾਲੇ ਦੌਰ ਦੇ ਉਹਨਾਂ ਵਰਤਾਰਿਆਂ ਬਾਰੇ ਨਿਰਪੱਖਤਾ ਨਾਲ ਬਹੁਤ ਘੱਟ ਲਿਖਿਆ ਗਿਆ। ਇਸ ਸਬੰਧੀ ਬਹੁਤ ਕੁਝ ਸਾਡੇ ਤੱਕ ਅਜੇ ਵੀ ਨਹੀਂ ਪਹੁੰਚਿਆ।
ਜਿਹੜਾ ਛਪਦਾ ਵੀ ਰਿਹਾ ਉਹ ਵੀ ਆਮ ਲੋਕਾਂ ਤੱਕ ਨਹੀਂ ਪਹੁੰਚਿਆ। ਜਿਹਨਾਂ ਬੁਧੀਜੀਵੀਆਂ ਤੱਕ ਇਹ ਪਹੁੰਚਿਆਂ ਉਹਨਾਂ ਨੇ ਸਿਰਫ ਸਜਾਵਟ ਵੱਜੋਂ ਆਪਣੀਆਂ ਸ਼ੈਲਫਾਂ ਵਿਚ ਸਜਾ ਕੇ ਰੱਖ ਦਿੱਤਾ। ਪੜ੍ਹਨ ਵਾਲੇ ਆਸ਼ਕ ਅੱਜ ਵੀ ਇਹਨਾਂ ਖਾਸ ਪੁਸਤਕਾਂ ਤੋਂ ਵਾਂਝੇ ਹਨ। ਖਰੀਦ ਸ਼ਕਤੀ ਘਟ ਚੁੱਕੀ ਹੈ ਅਤੇ ਇਮਾਰਤਾਂ 'ਤੇ ਸੰਗਮਰਮਰ ਅਤੇ ਸੋਨਾ ਲਾਉਣ ਵਾਲਿਆਂ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ।
ਇਸ ਸਾਰੇ ਰੁਝਾਣ ਦੇ ਬਾਵਜੂਦ ਇੱਕ ਨਵੀਂ ਪੁਸਤਕ ਸਾਡੇ ਦਰਮਿਆਨ ਆਈ ਹੈ-"ਖਾਕੀ-ਖਾੜਕੂ ਅਤੇ ਕਲਮ" ਪੁਸਤਕ ਨੂੰ ਲਿਖਿਆ ਹੈ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਅਤੇ ਰਿਲੀਜ਼ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ। ਇਹ ਪੁਸਤਕ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ ਹੈ। 'ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਮੀਡੀਆ ਅਤੇ ਕਿਤਾਬਾਂ ਦੇ ਇਤਿਹਾਸ ਵਿਚ ਇੱਕ ਵਿਸ਼ੇਸ਼ ਸਮਾਗਮ ਸੀ। ਇਹ ਅਤੀਤ ਦੇ ਖਤਰਿਆਂ ਭਰੇ ਸਮਿਆਂ ਦੇ ਨਾਲ ਨਾਲ ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ ਕਰਦਾ ਹੈ।
ਪੁਸਤਕਾਂ ਰਾਹੀਂ ਪੱਤਰਕਾਰੀ ਦਾ ਅਸਲੀ ਧਰਮ ਨਿਭਾਉਣ ਦੀ ਸ਼ੁਰੂਆਤ ਅਸਲ ਵਿਚ ਰਾਣਾ ਅਯੂਬ ਨੇ ਕਈ ਸਾਲ ਪਹਿਲਾਂ ਕਰ ਦਿੱਤੀ ਸੀ ਜਦੋਂ ਉਸਦੀ ਖਤਰਿਆਂ ਭਰੀ ਖੋਜ ਵਾਲੀ ਰਿਪੋਰਟ ਨੂੰ "ਤਹਿਲਕਾ" ਵਰਗੇ ਨਿਡਰ ਅਤੇ ਬੇਬਾਕ ਮੀਡੀਆ ਨੇ ਵੀ ਛਾਪਣ ਤੋਂ ਨਾਂਹ ਕਰ ਦਿੱਤੀ ਸੀ। ਮੈਥਿਲੀ ਤਿਆਗੀ ਵੱਜੋਂ ਪੱਤਰਕਾਰ ਬਣ ਕੇ ਵਿਚਰਨਾ ਕੋਈ ਸੌਖਾ ਨਹੀਂ ਸੀ। ਹਾਲਾਤ ਵੀ ਏਨੇ ਖਤਰਨਾਕ ਸਨ ਕਿ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਸ ਵੇਲੇ ਇਸ ਖੋਜ ਨੂੰ ਕਰਨ ਵਾਲੀ ਰਾਣਾ ਅਯੂਬ 'ਤੇ ਕੀ ਬੀਤੀ ਹੋਵੇਗੀ ਇਸਦਾ ਅਨੁਮਾਨ ਸੰਵੇਦਨਸ਼ੀਲ ਪੱਤਰਕਾਰ ਚੰਗੀ ਤਰ੍ਹਾਂ ਲਗਾ ਸਕਦੇ ਹਨ। ਰਾਣਾ ਅਯੂਬ ਨੂੰ ਦਰਪੇਸ਼ ਖਤਰਿਆਂ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਵੇਲੇ ਰਾਣਾ ਅਯੂਬ ਅਸਲ ਵਿਚ ਇੱਕ ਸਾਧਾਰਨ ਜਿਹੀ ਮੁਟਿਆਰ ਹੀ ਸੀ। ਉਸਦੀ ਮਾਂ ਨੂੰ ਅਕਸਰ ਖਦਸ਼ਿਆਂ ਭਰੇ ਸੁਪਨੇ ਆਉਂਦੇ ਕਿ ਅਚਾਨਕ ਕਿਸੇ ਟਰੱਕ ਨੇ ਉਸਨੂੰ ਕੁਚਲ ਦਿੱਤਾ ਹੈ। ਉਸਦੇ ਪਰਿਵਾਰ ਨੇ ਉਸਨੂੰ ਬਹੁਤ ਵਾਰ ਕਿਹਾ ਛੱਡ ਪਰ੍ਹਾਂ ਇਸ ਕੰਮ ਨੂੰ ਤੇ ਵਾਪਿਸ ਆ ਜਾ ਪਰ ਉਹ ਨਹੀਂ ਆਈ। ਉਸਦੀ ਪੁਸਤਕ "ਗੁਜਰਾਤ ਫਾਈਲਾਂ" ਆਪਣੇ ਆਪ ਵਿਚ ਕਿਸੇ ਦਸਤਾਵੇਜ਼ ਤੋਂ ਘੱਟ ਵੀ ਨਹੀਂ। ਇਹ ਪੁਸਤਕ ਕਮਾਲ ਦੀ ਪੱਤਰਕਾਰੀ ਵਾਲੀ ਮਿਸਾਲ ਵੀ ਹੈ।
ਜਗਤਾਰ ਸਿੰਘ ਭੁੱਲਰ ਦੀ ਪੁਸਤਕ ਦਾ ਲੋਕ ਅਰਪਣ ਬਹੁਤ ਕੁਝੇ ਚੇਤੇ ਵੀ ਕਰਵਾਉਂਦਾ ਹੈ ਅਤੇ ਬਹੁਤ ਕੁਝ ਬਾਰੇ ਅਗਾਹ ਵੀ ਕਰਦਾ ਹੈ। ਨਾਜ਼ੁਕ ਸਮਿਆਂ ਦੇ ਦੁਹਰਾਓ ਦੇ ਖਤਰਿਆਂ ਵੱਲ ਇੱਕ ਸਪਸ਼ਟ ਜਿਹਾ ਇਸ਼ਾਰਾ ਵੀ ਹੈ ਇਹ ਸਮਾਗਮ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ 'ਖ਼ਾਕੀ, ਖਾੜਕੂ ਤੇ ਕਲਮ' ਰਿਲੀਜ਼ ਕੀਤੀ। ਗੋਦੀ ਮੀਡੀਆ ਦੇ ਦੌਰ ਵਿਚ ਇਸ ਸਮਾਗਮ ਦਾ ਆਯੋਜਨ ਵਿਸ਼ੇਸ਼ ਅਰਥ ਰੱਖਦਾ ਹੈ।
ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸੰਖੇਪ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰ ਤੇ ਲੇਖਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ ਨੂੰ ਜਗਾਉਣਾ ਹੁੰਦਾ ਹੈ। ਕਿਤਾਬ ਵਿੱਚ ਬੀਤੇ ਦਹਾਕਿਆਂ ਦੌਰਾਨ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਦੇ ਹਵਾਲੇ ਨਾਲ ਅਤੇ ਉਤਰ ਪ੍ਰਦੇਸ਼ ਵਿੱਚ ਵਾਪਰ ਰਹੀਆਂ ਹਾਲੀਆ ਘਟਨਾਵਾਂ ਦੇ ਸੰਦਰਭ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਨੂੰਨ ਦਾ ਰਾਜ ਹੀ ਲੋਕਾਂ ਦੀ ਭਲਾਈ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਅਖੌਤੀ ਨਿਆਂ' ਹਮੇਸ਼ਾ ਕੌਮਾਂ ਅਤੇ ਦੇਸ਼ ਲਈ ਮਾਰੂ ਹੁੰਦਾ ਹੈ।
ਆਪਣੇ ਸੰਬੋਧਨ ਦੌਰਾਨ ਮਨਜੀਤ ਸਿੰਘ ਸਿੱਧੂ, ਓਐੱਸਡੀ/ਮੁੱਖ ਮੰਤਰੀ ਪੰਜਾਬ ਨੇ ਜਗਤਾਰ ਸਿੰਘ ਭੁੱਲਰ ਦੇ ਨਾਲ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਦੇ ਆਪਣੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਨੂੰ ਕਿਤਾਬੀ ਰੂਪ ਦੇਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।
ਇਸ ਮੌਕੇ ਲੇਖਕ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਤਰਕਾਰੀ ਦੇ ਦਰਦ ਨੂੰ ਸਮਝਣ ਦੀ ਲੋੜ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਾਲ 1978 ਤੋਂ 1995 ਦਰਮਿਆਨ ਵੱਖ-ਵੱਖ ਅਖ਼ਬਾਰਾਂ ਜ਼ਰੀਏ ਸੂਬੇ ਨੂੰ ਕਵਰ ਕਰਦੇ ਕਰੀਬ 25 ਪੱਤਰਕਾਰਾਂ ਦੀ ਜ਼ਿੰਦਗੀ, ਉਨ੍ਹਾਂ ਵੱਲੋਂ ਬੇਬਾਕੀ ਨਾਲ ਨਿਭਾਈ ਡਿਊਟੀ, ਦੋ ਧਿਰਾਂ ਦੇ ਦਬਾਅ ਦਰਮਿਆਨ ਆਪਣੇ ਫ਼ਰਜ਼ ਦਾ ਨਿਰਬਾਹ, ਹਕੂਮਤੀ ਰਵੱਈਏ, ਪੁਲਿਸ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਵਰਨਣ ਕੀਤਾ ਹੈ।
ਇਸ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ 'ਦਹਿਸ਼ਤ ਦੇ ਪਰਛਾਵੇਂ' (2010), 'ਪ੍ਰੈਸ ਰੂਮ' (2019) ਅਤੇ 'ਪੰਜਾਬ ਸਿਹਾਂ ਮੈਂ ਚੰਡੀਗੜ੍ਹ ਬੋਲਦਾਂ' (2021) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਸਮਾਗਮ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਰਮੇਸ਼ ਵਿਨਾਇਕ, ਜਗਤਾਰ ਸਿੰਘ ਸੀਨੀਅਰ, ਬਲਜੀਤ ਬੱਲੀ, ਸਰਬਜੀਤ ਪੰਧੇਰ, ਦੀਪਕ ਸ਼ਰਮਾ ਚਨਾਰਥਲ ਅਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ।
ਉਂਝ ਇਹ ਗੱਲ ਵੀ ਚੇਤੇ ਰੱਖਾਂਵਾਲੀ ਹੈ ਕਿ ਜਦੋਂ ਜਦੋਂ ਪਾਸ਼ ਅਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਸਾਹਿਤਿਕ ਪੱਤਰਕਾਰੀ ਕਰ ਰਹੇ ਸਨ ਤਾਂ ਹੇਮ ਜਿਓਤੀ, ਸਰਦਲ, ਸਿਆੜ, ਮਾਂ ਅਤੇ ਰੋਹਲੇ ਬਾਣ ਦੇ ਦੌਰ ਵੇਲੇ ਵੀ ਦਬਾਅ ਘੱਟ ਨਹੀਂ ਸਨ।
Saturday 3rd September 2022 at 01:46 PM
ਬਹੁਤ ਹੀ ਵਿਲੱਖਣ ਹੈ-ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ
ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਵਿੱਚ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਦਾ ਲੋਕ ਅਰਪਣ ਸਮਾਗਮ ਦਾ ਆਯੋਜਨ ਕੀਤਾ। ਇਹ ਪੁਸਤਕ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ।
ਇਸ ਸਮਾਗਮ ਦਾ ਆਰੰਭ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤਾ ਗਿਆ। ਇਸ ਪੁਸਤਕ ਉੱਤੇ ਵਿਚਾਰ ਚਰਚਾ ਕਰਨ ਲਈ ਡਾ ਧਰਮ ਸਿੰਘ ਸਾਬਕਾ ਸੰਪਾਦਕ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ, ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਪ੍ਰੋਫੈਸਰ ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਸ਼ਿਰਕਤ ਕੀਤੀ।
ਡਾ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝਾ ਕੀਤਾ। ਡਾ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਤੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੂੰ ਇਸ ਪੁਸਤਕ ਦੀ ਸਿਰਜਣਾ ਲਈ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਦੀ ਸਿੱਖ ਇਤਿਹਾਸ ਨਾਲ ਸਬੰਧਤ ਲਿਖਤਾਂ ਵਿੱਚ ਵੱਡੀ ਦੇਣ ਹੈ। ਪ੍ਰੋ ਬਲਕਾਰ ਸਿੰਘ ਨੇ ਇਸ ਪੁਸਤਕ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਜੁੜੇ ਮਹੱਤਵਪੂਰਨ ਪੱਖਾਂ ਉੱਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਪੁਸਤਕ ਦੀ ਅਧਿਆਇ ਵੰਡ ਕਰਕੇ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਲੜੀਦਾਰ ਰੂਪ ਵਿੱਚ ਪੇਸ਼ ਕੀਤਾ ਹੈ। ਪ੍ਰੋ ਗੁਰਭਜਨ ਗਿੱਲ ਨੇ ਇਸ ਮੌਕੇ ਤੇ ਕਿਹਾ ਕਿ ਅਜਿਹੀਆਂ ਮੁੱਲਵਾਨ ਇਤਿਹਾਸਕ ਪੁਸਤਕਾਂ ਸਿੱਖ ਇਤਿਹਾਸ ਨੂੰ ਸਮਝਣ ਤੇ ਜਾਣਨ ਵਿੱਚ ਬਹੁਤ ਨਵੀਂ ਪੀੜ੍ਹੀ ਲਈ ਬਹੁਤ ਸਹਾਈ ਸਿੱਧ ਹੋਣਗੀਆਂ।
ਡਾ ਜਸਪਾਲ ਸਿੰਘ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਨੂੰ ਖੋਜਣ ਸਮਝਣ ਅਤੇ ਲਿਖਣ ਦੀ ਜੋ ਮੁਹਾਰਤ ਪ੍ਰੋ ਪ੍ਰਿਥੀਪਾਲ ਸਿੰਘ ਕੋਲ ਹੈ ਉਸ ਦਾ ਕੋਈ ਸਾਨੀ ਨਹੀਂ। ਇਸ ਮੌਕੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੇ ਵੀ ਇਸ ਪੁਸਤਕ ਦੀ ਸਿਰਜਣਾ ਬਾਰੇ ਅਤੇ ਇਸ ਤੋਂ ਪਹਿਲਾਂ ਸਿੱਖ ਸਿਆਸਤਦਾਨਾਂ ਬਾਰੇ ਕੀਤੇ ਆਪਣੇ ਖੋਜਕਾਰਜ ਬਾਰੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ।
ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸਰਦਾਰ ਚਰਨਜੀਤ ਸਿੰਘ ਅਟਵਾਲ ਨੇ ਵੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅਖੀਰ ਤੇ ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਮਨਜੀਤ ਸਿੰਘ ਛਾਬੜਾ ਡਾਇਰੈਕਟਰ-ਜੀਜੀਐਨ ਆਈਐਮਟੀ, ਪ੍ਰਿੰਸੀਪਲ ਸ਼ਿਖਾ ਸਹਿਜਪਾਲ-ਜੀਜੀਐਨ ਕਾਲਜ ਆਫ ਫਾਰਮੇਸੀ, ਜੀਜੀਐਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਨਮੀਤ ਕੌਰ ਅਤੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਹਾਜ਼ਰ ਰਹੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
Friday 5th August 2022 at 06:16 PM
ਅੰਤਿਮ ਸਸਕਾਰ ਅੱਜ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਹੋਵੇਗਾ
Saturday 30th April 2022 at 7:48 PM
ਪੰਜਾਬ ਸਰਕਾਰ ਵਲੋਂ ਇਤਿਹਾਸ ਪੁਸਤਕ ਪ੍ਰਕਾਸ਼ਕਾਂ 'ਤੇ ਸਖਤ ਐਕਸ਼ਨ
![]() |
| ਇਸ ਮੁੱਦੇ ਨੂੰ ਲੈ ਕੇ ਪੱਕਾ ਮੋਰਚਾ//ਧਰਨਾ ਵੀ ਚੱਲਿਆ ਇੱਕ ਫ਼ਾਈਲ ਫੋਟੋ |
![]() |
| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ.ਯੋਗਰਾਜ |
16th April 2022 at 3:44 PM
ਟੋਰੰਟੋ ਵੱਸਦੀ ਸ਼ਾਇਰਾ ਸੁਰਜੀਤ ਦੀ ਨਵੀਂ ਪੁਸਤਕ ਹੈ "ਤੇਰੀ ਰੰਗਸ਼ਾਲਾ"
ਅਗਵਾਈ ਕੀਤੀ ਪ੍ਰੋ. ਕੋਹਾਰਵਾਲਾ,ਪ੍ਰੋ. ਘਈ, ਹਰਮੀਤ ਵਿਦਿਆਰਥੀ ਅਤੇ ਰਾਜੀਵ ਖ਼ਿਆਲ ਨੇ
Tuesday 8th March 2022 at 02:32 PM
ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ
ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-
3rd February 2022 at 1:22 PM
ਪੁਸਤਕ ਰਿਲੀਜ਼ ਕੀਤੀ ਡਾ.ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨੇ
*ਪੰਜਾਬੀ ਭਵਨ ਲੁਧਿਆਣਾ ਵਿੱਚ ਹੋਈ ਸਾਦਗੀ ਭਰੀ ਰਸਮ
*ਪੱਤਰਕਾਰ ਸੀ ਮਾਰਕੰਡਾ ਵੀ ਮੌਜੂਦ ਰਹੇ
*ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਅਥਲੀਟ ਨੀਰਜ ਚੋਪੜਾ ਉਤੇ ਆਧਾਰਿਤ ਹੈ ਕਿਤਾਬ
*ਨੀਰਜ ਚੋਪੜਾ ਦੀ ਜ਼ਿੰਦਗੀ ਦੇ ਵੱਖਵ ਵੱਖ ਪੜਾਵਾਂ ਦੀ ਝਲਕ ਹੈ ਪੁਸਤਕ ਵਿੱਚ
*ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ-ਸੁਰਜੀਤ ਪਾਤਰ
*ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ-ਲਖਵਿੰਦਰ ਜੌਹਲ
ਲੁਧਿਆਣਾ: 3 ਫਰਵਰੀ 2022: (ਪੰਜਾਬ ਸਕਰੀਨ ਡੈਸਕ)::
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀ ਟੋਕੀਓ ਓਲੰਪਿਕ ਖੇਡਾਂ-2021 ਵਿੱਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਬਾਰੇ ਲਿਖੀ ਸੰਖੇਪ ਜੀਵਨੀ ਪੁਸਤਕ ‘ਗੋਲਡਨ ਬਆਏ ਨੀਰਜ ਚੋਪੜਾ’ ਨੂੰ ਰਿਲੀਜ਼ ਕੀਤਾ ਗਿਆ।
ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਇਹ ਪੁਸਤਕ ਲੇਖਕ ਦੀ ਸੱਤਵੀਂ ਪੁਸਤਕ ਹੈ ਜਦੋਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਛੇਵੀਂ ਪੁਸਤਕ ਹੈ। ਲੋਕਗੀਤ ਪ੍ਰਕਾਸ਼ਨ ਵੱਲੋਂ ਇਹ ਪੁਸਤਕ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਛਾਪੀ ਬਾਲ ਸਾਹਿਤ ਦੀ ਪੁਸਤਕ ਹੈ।
72 ਪੰਨਿਆਂ ਦੀ ਇਹ ਸਚਿੱਤਰ ਰੰਗਦਾਰ ਪੁਸਤਕ ਨੀਰਜ ਚੋਪੜਾ ਦੇ ਬਚਪਨ ਤੋਂ ਲੈ ਕੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਦੇ ਸੰਘਰਸ਼ਸੀਲ ਅਤੇ ਸੁਨਹਿਰੀ ਸਫਰ ਉਤੇ ਝਾਤ ਪਾਉਂਦੀ ਹੈ। ਨੀਰਜ ਦੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ, ਉਸ ਦੀ ਖੇਡ ਤਕਨੀਕ, ਉਸ ਨੂੰ ਮਿਲੇ ਮਾਣ-ਸਨਮਾਨ ਅਤੇ ਸਮਕਾਲੀਆਂ ਖਿਡਾਰੀਆਂ ਬਾਰੇ ਵੱਖ-ਵੱਖ ਚੈਪਟਰ ਸ਼ਾਮਲ ਹਨ ਜਿਸ ਦੇ ਹਰ ਚੈਪਟਰ ਵਿੱਚ ਸ਼ਾਮਲ ਤਸਵੀਰਾਂ ਪੁਸਤਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ।
ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ ਜਿਸ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਗਿੱਲ ਵੱਲੋਂ ਆਪਣੀ ਕਲਮ ਨਾਲ ਮਾਣਮੱਤੇ ਖੇਡ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸਾਂਭਣਾ ਵਧੀਆ ਉਪਰਾਲਾ ਹੈ।
ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਜੀਵਨੀਆਂ ਆਧਾਰਿਤ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ ਹੈ, ਇਸ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਸਾਹਿਤ ਸਿਹਤਮੰਦ ਸਮਾਜ ਸਿਰਜਣ ਵਿੱਚ ਅਹਿਮ ਰੋਲ ਨਿਭਾਉਂਦਾ ਹੈ।
ਲੇਖਕ ਨਵਦੀਪ ਸਿੰਘ ਗਿੱਲ ਨੇ ਕਿਹਾ ਨੀਰਜ ਚੋਪੜਾ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਅਥਲੀਟ ਹੈ ਜਿਸ ਦੀ ਕਹਾਣੀ ਘਰ-ਘਰ ਤੱਕ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਵਿਸ਼ਵ ਪ੍ਰਸਿੱਧ ਅਥਲੀਟ ਓਸੈਨ ਬੋਲਟ ਦੀਆਂ ਜੀਵਨੀਆਂ ਉਤੇ ਆਧਾਰਿਤ ਬਾਲ ਸਾਹਿਤ ਦੀਆਂ ਪੁਸਤਕਾਂ ਵੀ ਛਪਾਈ ਅਧੀਨ ਹੈ।
ਇਸ ਮੌਕੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਸ਼ਹਿਣਾ, ਅੰਮ੍ਰਿਤ ਪਾਲ ਸਿੰਘ ਭੰਗੂ ਯੂ.ਐਸ.ਏ., ਉਘੇ ਕਵੀ ਡਾ. ਰਵਿੰਦਰ ਬਟਾਲਾ, ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਤੇ ਸਤਿਬੀਰ ਸਿੰਘ ਵੀ ਹਾਜ਼ਰ ਸਨ।
ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਛੇ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਦੇ ਨਾਮ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’, ‘ਨੌਲੱਖਾ ਬਾਗ਼’, ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਸਿਤਾਰੇ’ ਤੇ ‘ਉੱਡਣਾ ਬਾਜ਼’ ਹਨ। ----0-----
ਇਤਿਹਾਸ ਵਿੱਚ ਵਾਪਰੀ ਦਰਿੰਦਗੀ ਨਾਲ ਜੁੜੀ ਇਸ ਪੁਸਤਕ ਸਬੰਧੀ ਖਾਸ ਲਿਖਤ
ਸੰਘਰਸ਼ਾਂ ਭਰੇ ਸਿੱਖ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖੀ ਨੂੰ ਇੱਕ ਵਾਰ ਫੇਰ ਅਗਨੀਪ੍ਰੀਖਿਆ ਵਿੱਚੋਂ ਲੰਘਣਾ ਪਿਆ। ਇਹ ਗੱਲ ਆਮ ਹੋ ਗਈ ਕਿ "ਪੱਤਾ ਪੱਤਾ ਸਿੰਘਾਂ ਦਾ ਵੈਰੀ।" ਇਹਨਾਂ ਬੇਹੱਦ ਔਖੇ ਦਿਨਾਂ ਦੇ ਬਾਵਜੂਦ ਬਹੁਤ ਸਾਰੇ ਲੇਖਕਾਂ ਨੇ ਉਹਨਾਂ ਵੇਲਿਆਂ ਦੇ ਸੱਚ ਨੂੰ ਲਿਖਿਆ ਅਤੇ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਉਸ ਸੱਚ ਨੂੰ ਸੰਭਾਲਿਆ ਵੀ। ਬਾਬਾ ਨਜਮੀ ਨੇ ਲਿਖਿਆ ਸੀ:
ਬਿਬੇਕਗੜ੍ਹ ਪ੍ਰਕਾਸ਼ਨ ਦੀ ਕੋਈ ਵੀ ਕਿਤਾਬ ਆਵੇ ਤਾਂ ਕਾਹਲ ਪੈ ਜਾਂਦੀ ਕਿ ਕਿਤਾਬ ਲੈ ਆਵਾਂ। ਭਾਈ ਪਰਮਜੀਤ ਸਿੰਘ, ਰਣਜੀਤ ਸਿੰਘ ਤੇ ਅਮਰਿੰਦਰ ਸਿੰਘ ਨੂੰ ਪਟਿਆਲੇ ਜਦੋਂ ਏਸ ਕਿਤਾਬ ਦਾ ਕੰਮ ਜੰਗੀ ਪੱਧਰ ਤੇ ਕਰਦੇ ਅੱਖੀਂ ਵੇਖਿਆ ਸੀ ਤਾਂ ਮਨ ਕੀਤਾ ਸੀ ਕਿ ਇਹ ਕਿਤਾਬ ਜਲਦੀ ਤੋਂ ਪਹਿਲਾਂ ਛਪ ਕੇ ਆ ਜਾਵੇ।
ਇਹ ਕਿਤਾਬ ਆਈ। ਕਿਤਾਬ ਦੇ ਆਉਣ ਤੋਂ ਪਹਿਲਾਂ ਇਸ ਦੀਆਂ ਤਸਵੀਰਾਂ ਪਹੁੰਚ ਗਈਆਂ। ਤਸਵੀਰਾਂ ਵਿੱਚ ਕਿਤਾਬ ਦਾ ਸਰਵਰਕ ਦੇਖਿਆ। ਸਰਵਰਕ ਆਪਣੇ ਆਪ ਵਿਚ ਇੱਕ ਕਿਤਾਬ ਹੈ। ਪੰਥਕ ਦਰਦ ਦਿਲੀਂ ਸਮੋਈ ਬੈਠੇ ਨੌਜਵਾਨ ਚਿਤਰਕਾਰ ਪਰਮ ਸਿੰਘ ਦਾ ਬਣਾਇਆ ਸਰਵਰਕ। ਹਨੇਰ ਤੇ ਰਾਤ ਦੀ ਤਰਜਮਾਨੀ ਕਰਦੇ ਕਾਲੇ ਰੰਗ ਨਾਲ ਕੱਜਿਆ ਕੈਨਵਸ। ਅੱਗ ਨਾਲ ਉੱਠਿਆ ਧੂੰਆਂ ਹੋ ਹਟੇ ਘਾਣ ਦਾ ਸਾਖੀ। ਇੱਕ ਧੂੰਆਂਖਿਆ ਬੂਹਾ ਜੀਹਦੇ ਤੇ ਲਾਲ ਰੰਗ ਨਾਲ ਕਾਟੀ ਲਾ ਕੇ ਕੀਤੀ ਨਿਸ਼ਾਨਦੇਹੀ। ਬੱਸ! ਇਹਦੇ ਤੋਂ ਅੱਗੇ ਨਹੀ ਵਧ ਸਕਿਆ ਮੈਂ। ਸਰਵਰਕ ਨੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਤੋਂ ਰੋਕੀ ਰੱਖਿਆ। ਕਈ ਦਿਨ ਇਸੇ ਸਰਵਰਕ ਨੂੰ ਮੈਂ ਮੁੜ ਮੁੜ ਵੇਖਦਾ ਰਿਹਾ, ਪੜ੍ਹਦਾ ਰਿਹਾ, ਮਹਿਸੂਸ ਕਰਦਾ ਰਿਹਾ। ਇਸ ਨਸਲਕੁਸ਼ੀ ਨੂੰ ਹੱਡੀਂ ਹੰਢਾ ਚੁੱਕਿਆਂ ਕੋਲ ਬੀਤ ਚੁੱਕੇ ਸਮੇਂ ਵਿਚ ਲੈ ਜਾਂਦਾ ਰਿਹਾ ਮੈਨੂੰ ਇਹ ਸਰਵਰਕ। ਕਦੇ ਹਮਲਾਵਰ ਧਾੜ ਦੇ ਹੱਥੀਂ ਮੌਤ ਦਾ ਤਾਂਡਵ ਅੱਖੀਂ ਵੇਖ ਤੇ ਹੱਡੀਂ ਹੰਢਾਅ ਆਉਂਦਾ ਰਿਹਾ ਮੈਂ। ਕਦੇ ਇਸ ਕਾਟੀ ਲੱਗੇ ਘਰ ਅੰਦਰ ਬੈਠ ਆਪਣੀ ਪਛਾਣ ਦੀ ਕੀਮਤ ਤਾਰਨ ਤੇ ਹਮਲਾਵਰਾਂ ਤੋਂ ਬਚਣ ਦੀ ਆਸ ਵਿੱਚ ਧਿਆ ਰਿਹਾ ਹੁੰਦਾ ਉਸ ਪਛਾਣ ਦੇਣ ਵਾਲੇ ਨੂੰ ਮੈਂ।
ਸਰਵਰਕ ਕਰਕੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਦਾ ਹੀਆ ਨਾ ਪਿਆ। ਨਿੱਤ ਦਿਹਾੜੀ ਭਾਈ ਰਣਜੀਤ ਸਿੰਘ ਲਾਗਿਓਂ ਮੁੜ ਆਉਂਦਾ ਰਿਹਾ ਪਰ ਕਿਤਾਬ ਤਕ ਪਹੁੰਚਣ ਦੀ ਹਿੰਮਤ ਨਾ ਪਈ। ਸਰਵਰਕ ਕਰਕੇ ਮੇਰੇ ਮਨ ਅੰਦਰ ਦੀ ਹਾਲਤ ਸ਼ਾਇਦ ਮੈਂ ਲਿਖ ਬੋਲ ਬਿਆਨ ਨਾ ਕਰ ਸਕਾਂ ਪਰ ਕਿਤਾਬ ਵਿੱਚ ਭਾਈ ਸੇਵਕ ਸਿੰਘ ਦੇ ਲੇਖ ਦੇ ਅਖੀਰ ਵਿੱਚ ਸ਼ਾਇਰ ਦੇਬੀ ਮਖਸੂਸਪੁਰੀ ਦੇ ਲਿਖੇ ਬੋਲ ਸ਼ਾਇਦ ਮੇਰੇ ਮਨ ਅੰਦਰ ਦੀ ਸਹੀ ਤਰਜਮਾਨੀ ਕਰਦੇ ਹਨ:
“ਜੋ ਅਣਿਆਈ ਮੌਤੇ ਮਾਰੇ
ਮੇਰੀ ਰੂਹ ਵਿੱਚ ਵਿਲਕਣ ਸਾਰੇ
ਮੈਂ ਬੁਜ਼ਦਿਲ ਜਿੰਨ੍ਹਾਂ ਆਪਣਿਆਂ ਲਈ
ਹਾਅ ਦਾ ਨਾਅਰਾ ਲਾ ਨਹੀਂ ਸਕਿਆ
ਉਨ੍ਹਾਂ ਤੋਂ ਮੁਆਫੀ ਚਾਹੁੰਨਾ
ਜਿਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ
ਉਨ੍ਹਾਂ ਤੋਂ ਮੁਆਫੀ ਚਾਹੁਨਾ”
(ਕਿਤਾਬ ਪੰਨਾ – ੧੯੮)
ਬਾਹਰਲੇ ਦਰਵਾਜ਼ਿਆਂ ਉੱਤੇ ਲੱਗੀ ਇਹ ਕਾਟੀ ਦੱਸ ਪਾਉਂਦੀ ਸੀ ਇਨ੍ਹਾਂ ਘਰਾਂ ਵਿੱਚ ਰਹਿਣ ਵਾਲਿਆਂ ਦੀ ਪਛਾਣ ਦੀ। ਉਨ੍ਹਾਂ ਦੀ ਜੋ ਬਾਕੀਆਂ ਨਾਲੋਂ ਵੱਖਰੇ ਸਨ। ਓਹ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸੀ। ਜਿਨ੍ਹਾਂ ਦੇ ਬੀਅ ਨਾਸ ਦਾ ਮਤਾ ਪਕਾਇਆ ਜਾ ਚੁੱਕਿਆ ਸੀ ਤੇ ਸਾਰੀ ਵਿਉਂਤਬੰਦੀ ਕੀਤੀ ਜਾ ਚੁੱਕੀ ਸੀ ਤੇ ਇਹ ਕਾਟੀ ਵੀ ਉਸੇ ਵਿਉਂਤਬੰਦੀ ਦਾ ਹਿੱਸਾ ਸੀ।
ਨਹੀਂ ਸੀ ਪਤਾ ਉਨ੍ਹਾਂ ਕਾਟੀਆਂ ਲਾਓਣ ਵਾਲਿਆਂ ਨੂੰ ਕਿ ਤੀਹ ਪੈਂਤੀ ਸਾਲ ਬਾਅਦ ਉਨ੍ਹਾਂ ਦੀਆਂ ਲਾਈਆਂ ਇਹ ਕਾਟੀਆਂ ਵਿਚੋਂ ਇਕ ਮੁੜ ਕੰਮ ਆਉਣੀ ਹੈ ਤੇ ਕਿਸੇ ਕਲਾ ਦੇ ਮਾਹਰ ਨੇ ਇਸ ਨੂੰ ਫਿਰ ਵਰਤ ਲੈਣਾ ਹੈ ਉਨ੍ਹਾਂ ਦੀ ਕੀਤੀ ਕਮੀਣੀ ਕਰਤੂਤ ਨੂੰ ਜੱਗ ਜਾਹਰ ਕਰਨ ਲਈ।
ਕਿਤਾਬ ਦੇ ਬਾਹਰਲੇ ਪਿਛਲੇ ਪਾਸੇ ਵੀ ਦਿੱਲੀ ਸਲਤਨਤ ਦੇ ਕਬਜੇ ਹੇਠਲੇ ਸੂਬਿਆਂ ਦੇ ਨਕਸ਼ੇ ਤੇ ਲਹੂ ਦੇ ਲਾਲ ਨਿਸ਼ਾਨ ਲਾ ਕੇ ਉਨ੍ਹਾਂ ਥਾਂਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਇਹ ਮੌਤ ਦਾ ਤਾਂਡਵ ਤੇ ਸਿੱਖ ਨਸਲਕੁਸ਼ੀ ਕੀਤੀ ਗਈ। ਇਹ ਲਹੂ ਦੇ ਰੰਗ ਦੇ ਛੋਟੇ ਵੱਡੇ ਨਿਸ਼ਾਨ ਸ਼ਾਇਦ ਉੱਥੇ ਵਾਪਰੀ ਦਰਿੰਦਗੀ ਦੇ ਵੇਗ ਦੇ ਮਾਪ ਅਨੁਸਾਰ ਛੋਟੇ ਵੱਡੇ ਲਾਏ ਗਏ ਹਨ। ਨਕਸ਼ੇ ਉੱਤੇ ਲਿਖੀਆਂ ਇਹ ਤੁਕਾਂ ਸ਼ਾਇਦ ਆਪਣੇ ਆਪ ਵਿਚ ਇਕ ਪੂਰੀ ਕਹਾਣੀ ਬਿਆਨ ਕਰਦੀਆਂ ਹਨ:
ਜਿੱਥੋਂ ਤਕ ਸਾਇਆ ਦਿੱਲੀ ਦਾ ਅੱਗਾਂ ਹੀ ਅੱਗਾਂ…
ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ…
ਖੈਰ ਇਸ ਕਿਤਾਬ ਦੇ ਨਕਸ਼ੇ ਵਾਲੇ ਮਗਰਲੇ ਬਾਹਰੀ ਪਾਸੇ ਦੇ ਅੰਦਰ ਨੂੰ ਮੁੜੇ ਪੱਤਰੇ ਤੇ ਐਲੀ ਵੀਜ਼ਲ ਦੇ ਹੇਠ ਲਿਖੇ ਬੋਲ ਕਿਤਾਬ ਪੜ੍ਹਨ ਜੋਗੀ ਤਾਕਤ ਦੇ ਦਿੰਦੇ ਹਨ:
ਐਲੀ ਵੀਜ਼ਲ
“ਅਤੀਤ ਨੂੰ ਰੋਣ ਵਾਸਤੇ ਨਹੀਂ ਚਿਤਾਰਿਆ ਜਾਂਦਾ, ਸਗੋਂ ਚਿੰਤਨ ਕਰਨ ਲਈ ਚਿਤਾਰਿਆ ਜਾਂਦਾ ਹੈ। ਅਤੀਤ ਵਿੱਚੋਂ ਪ੍ਰਗਟ ਹੋਇਆ ਭਵਿੱਖ ਉਸ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ, ਤਾਂ ਜੋ ਅਤੀਤ ਮੁੜ ਤੋਂ ਨਾ ਦੁਹਰਾਇਆ ਜਾਵੇ।”
ਇਸੇ ਤਰ੍ਹਾਂ ਸਰਵਰਕ ਦੇ ਮੂਹਰਲੇ ਪਾਸੇ ਦੇ ਅੰਦਰ ਮੋੜੇ ਪੱਤਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਬਹੁਤ ਢੁੱਕਵੇਂ ਤਰੀਕੇ ਲਿਖਿਆ ਹੈ ਜਿਸ ਦੀਆਂ ਆਖਰੀ ਕੁਝ ਸਤਰਾਂ ਹਨ:
ਆਦੇਸ਼, ਸ੍ਰੀ ਅਕਾਲ ਤਖਤ ਸਾਹਿਬ (੧੪-੭-੨੦੧੦)
ਇਸੇ ਆਦੇਸ਼ ਅੱਗੇ ਸੀਸ ਝੁਕਾਉਂਦਿਆਂ ਸ਼ਾਇਦ ਇਸ ਕਿਤਾਬ ਦਾ ਨਾਂ “ਸਿੱਖ ਨਸਲਕੁਸ਼ੀ ੧੯੮੪” ਰੱਖਿਆ ਗਿਆ ਹੈ।
ਭਾਈ ਰਣਜੀਤ ਸਿੰਘ ਪਾਸੋਂ ਇਹ ਕਿਤਾਬ ਦੋ ਕੁ ਦਿਨ ਪਹਿਲਾਂ ਹੀ ਲੈ ਕੇ ਆਇਆ ਹਾਂ ਪਰ ਹਰ ਇੱਕ ਹਿੱਸਾ ਤੇ ਲੇਖ ਸ਼ਾਇਦ ਕਈ ਦਿਨ ਹਿੰਮਤ ਜੋੜਣ ਤੋਂ ਬਾਅਦ ਪੜ੍ਹ ਹੋਣਾ। ਅੱਜ ਤਾਂ ਉਨ੍ਹਾਂ ਬਾਰੇ ਸੋਚਦਿਆਂ ਹੀ ਅੱਗੇ ਪੜ੍ਹਨ ਦੀ ਹਿੰਮਤ ਨਹੀਂ ਪਈ ਜਿਨ੍ਹਾਂ ਨੂੰ ਇਹ ਕਿਤਾਬ ਸੰਪਾਦਕਾਂ ਨੇ ਸਮਰਪਤ ਕੀਤੀ ਹੈ। ਕਿਤਾਬ ਦੇ ਸਮਰਪਤ ਵਾਲੇ ਪੰਨੇ ਤੇ ਲਿਖੇ ਸ਼ਬਦ:
ਆਪਣੀ ਪਛਾਣ ਦੀ ਕੀਮਤ
ਆਪਣੀ ਜਾਨ ਨਾਲ ਤਾਰਨ ਵਾਲਿਆਂ ਦੇ ਨਾਂ….
ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।
ਇੱਕ ਇਤਬਾਰ ਸੀ ਜੋ ਟੁੱਟ ਚੁੱਕਾ
ਜੁੜ ਵੀ ਜਾਵੇਗਾ
ਇਹ ਇਤਬਾਰ ਨਹੀਂ
(ਕਿਤਾਬ ਪੰਨਾ – ੪੭)
ਇਸ ਪੁਸਤਕ ਨੂੰ ਖਰੀਦਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ।
https://wa.me/p/4424896750925140/919988868181
Monday: 20th September 2021 at 05:02 pm
ਇਸ ਵਿਰਾਸਤ ਨੂੰ ਜਾਰੀ ਰੱਖਣ ਲਈ ਸਿੱਖ ਨੌਜਵਾਨ ਅੱਗੇ ਆਉਣ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਡਾ: ਪ੍ਰਭਲੀਨ ਸਿੰਘ ਦੁਆਰਾ ਲਿਖੀ "ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ" ਸਿਰਲੇਖ ਵਾਲੀ ਇੱਕ ਕਿਤਾਬ ਸ਼੍ਰੀ ਰਾਜਨਾਥ ਸਿੰਘ (ਭਾਰਤ ਦੇ ਰੱਖਿਆ ਮੰਤਰੀ) ਅਤੇ ਸਰਦਾਰ ਹਰਦੀਪ ਸਿੰਘ ਪੁਰੀ (ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ) ਦੁਆਰਾ 17 ਸਤੰਬਰ ਨੂੰ ਡੀਆਰਡੀਓ ਭਵਨ, ਦਿੱਲੀ, ਭਾਰਤ ਵਿਖੇ ਸਾਂਝੇ ਰੂਪ ਵਿੱਚ ਪ੍ਰਕਾਸ਼ਤ ਕੀਤੀ ਗਈ।
ਇਹ ਕਿਤਾਬ ਭਾਰਤ ਦੇ ਉਨ੍ਹਾਂ ਸਿੱਖ ਨੌਜਵਾਨਾਂ ਦੁਆਰਾ ਪ੍ਰੇਰਣਾਦਾਇਕ ਅਤੇ ਪ੍ਰੇਰਣਾਦਾਇਕ ਸਫਲਤਾ ਦੀਆਂ ਕਹਾਣੀਆਂ ਨੂੰ ਸ਼ਾਮਲ ਕਰਦੀ ਹੈ ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਮਿਸਾਲੀ ਕੰਮ ਕੀਤਾ ਹੈ । ਕਿਤਾਬ ਇਨ੍ਹਾਂ ਆਦਰਸ਼ਾਂ ਤੋਂ ਪ੍ਰੇਰਣਾਦਾਇਕ ਜੀਵਨ ਕਹਾਣੀਆਂ ਅਤੇ ਅੱਜ ਦੇ ਨੌਜਵਾਨਾਂ ਲਈ ਸੰਦੇਸ਼ਾਂ ਨਾਲ ਬਣਾਈ ਗਈ ਹੈ ਜੋ ਪੀੜ੍ਹੀਆਂ ਨੂੰ ਖੁਸ਼ਹਾਲੀ ਦੇ ਮਾਰਗ 'ਤੇ ਲੈ ਕੇ ਆਉਂਦੀ ਹੈ । ਇਸ ਮੌਕੇ, ਰੱਖਿਆ ਮੰਤਰੀ ਨੇ ਨੌਜਵਾਨ ਪ੍ਰਾਪਤੀਆਂ ਨੂੰ ਸੰਬੋਧਨ ਕੀਤਾ ਅਤੇ ਸਿੱਖ ਭਾਈਚਾਰੇ ਵਲੋਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਲੜੀ ਲੜਾਈ, ਭਾਰਤੀ ਸੰਸਕ੍ਰਿਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਇਤਿਹਾਸ ਨੂੰ ਬਚਾਉਣ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਹਰਦੀਪ ਸਿੰਘ ਪੁਰੀ ਨੇ ਸਿੱਖ ਧਰਮ ਦੇ 3 ਮੁੱਖ ਸਿਧਾਂਤਾਂ “ਨਾਮ ਜਪੋ”, “ਕਿਰਤ ਕਰੋ” ਅਤੇ “ਵਡ ਛਕੋ” ਬਾਰੇ ਗੱਲ ਕੀਤੀ ਅਤੇ ਸਿੱਖ ਨੌਜਵਾਨਾਂ ਨੂੰ ਮਨੁੱਖਤਾ ਅਤੇ ਰਾਸ਼ਟਰ ਨਿਰਮਾਣ ਦੀ ਸੇਵਾ ਵਿੱਚ ਨਿਰਸਵਾਰਥ ਸਮਰਪਣ ਕਰਨ ਲਈ ਕਿਹਾ।
ਡਾ: ਪ੍ਰਭਲੀਨ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਗਏ ਮਿਸਾਲੀ ਕਾਰਜਾਂ ਨੂੰ ਸਬੂਤਾਂ ਵਿੱਚ ਵੇਖਣਾ ਬਹੁਤ ਮਾਣ ਅਤੇ ਮਾਣ ਵਾਲੀ ਗੱਲ ਹੈ ਅਤੇ ਉਹ ਇਸ ਨੂੰ ਉਹ ਸੇਵਾ ਸਮਝਦੇ ਹਨ ਜਿਸ ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਹੈ।
ਇਸ ਮੌਕੇ ਐਸ. ਤਰਲੋਚਨ ਸਿੰਘ ਸਾਬਕਾ ਐਮ.ਪੀ. ਡਾ: ਪੀਐਸ ਪਸਰੀਚਾ, ਸਾਬਕਾ ਡੀਜੀਪੀ, ਸੰਦੀਪ ਸਿੰਘ, ਖੇਡ ਮੰਤਰੀ, ਹਰਿਆਣਾ, ਡਾ: ਰਜਿੰਦਰ ਸਿੰਘ ਚੱਢਾ, ਸ: ਵਿਕਰਮਜੀਤ ਸਿੰਘ ਸਾਹਨੀ (ਡਬਲਯੂਪੀਓ) ਅਤੇ ਦੇਸ਼ ਭਰ ਦੇ ਹੋਰ ਉੱਘੇ ਸਿੱਖ ਪਤਵੰਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਡਾ. ਚੱਢਾ ਦਿੱਲੀ ਅਧਾਰਤ ਸਿੱਖ ਯੁਵਾ ਉੱਦਮੀ, ਪ੍ਰੇਰਕ, ਸਲਾਹਕਾਰ ਅਤੇ ਸਮਾਜਿਕ ਕਾਰਕੁਨ ਹਨ, ਉਹ ਵੱਖ -ਵੱਖ ਸਮਾਜਿਕ ਮੰਚਾਂ ਵਿੱਚ ਵੱਕਾਰੀ ਅਹੁਦਿਆਂ ਤੇ ਹਨ। ਉਹ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਸੰਸਥਾਪਕ ਅਤੇ ਪ੍ਰਧਾਨ ਹਨ, ਇੱਕ ਵਿਸ਼ਵਵਿਆਪੀ ਗੈਰ-ਮੁਨਾਫਾ ਸਿੱਖ ਨੈੱਟਵਰਕਿੰਗ ਪਲੇਟਫਾਰਮ ਜਿਸ ਵਿੱਚ ਸਿੱਖ ਕਾਰੋਬਾਰੀ, ਪੇਸ਼ੇਵਰ, ਉੱਦਮੀ ਅਤੇ ਦੁਨੀਆ ਭਰ ਦੇ ਸਟਾਰਟ ਅਪਸ ਸ਼ਾਮਲ ਹਨ ਅਤੇ ਉਹ ਯੰਗ ਪ੍ਰੋਗਰੈਸਿਵ ਸਿੱਖ ਫੋਰਮ (ਵਾਈਪੀਐਸਐਫ) ਦੇ ਦਿੱਲੀ ਕੋਆਰਡੀਨੇਟਰ ਵੀ ਹਨ। ਡਾ: ਚੱਢਾ ਵਲੋਂ ਸ਼੍ਰੀ ਰਾਜਨਾਥ ਸਿੰਘ ਅਤੇ ਸ. ਹਰਦੀਪ ਸਿੰਘ ਪੁਰੀ ਜੀ ਨੂੰ ਵਧਾਈ ਦਿੱਤੀ ਅਤੇ ਦੋਵਾਂ ਨੂੰ ਇੱਕ ਸੁੰਦਰ ਭਾਰਤੀ ਝੰਡਾ ਫਰੇਮ ਭੇਟ ਕੀਤਾ।
28th August 2021 at 3:26 PM
ਸਕੂਲ ਸਿੱਖਿਆ ਵਿਭਾਗ ਵੱਲੋਂ ਡਿਸਕਾਊਂਟ-ਸ਼ਰਤਾਂ ਸਮੇਤ ਹੁਕਮ ਜਾਰੀ
ਚੰਡੀਗੜ: 28 ਅਗਸਤ 2021: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2021-22 ਦੌਰਾਨ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜਨ ਦੀ ਆਦਤ ਪੈਦਾ ਕਰਨ ਅਤੇ ਉਨਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖਰੀਦਣ ਲਈ ਆਖਿਆ ਗਿਆ ਹੈ। ਇਸ ਨਾਲ ਨਿਸਚੇ ਹੀ ਨਵੇਂ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਬੇਹੱਦ ਫਾਇਦਾ ਹੋਵੇਗਾ।
ਹੁਣ ਦੇਖਣਾ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਕਿੰਨੇ ਕੁ ਸਕੂਲ ਆਪੋ ਆਪਣੀਆਂ ਲਾਇਬ੍ਰੇਰੀਆਂ ਲਈ ਇਸ ਸੁਨਹਿਰੀ ਮੌਕੇ ਦਾ ਕਿੰਨਾ ਕੁ ਫਾਇਦਾ ਉਠਾਉਣ ਵਿੱਚ ਕਾਮਯਾਬ ਰਹਿੰਦੇ ਹਨ।
Friday: 9th July 2021 at 6:36 pm