Tuesday, March 08, 2022

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਮਨਾਇਆ ਅੱਠ ਮਾਰਚ ਦਾ ਦਿਨ

Tuesday 8th March 2022 at 02:32 PM

ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ 


ਲੁਧਿਆਣਾ
: 8 ਮਾਰਚ 2022: (ਇਨਪੁਟ: ਕਾਰਤਿਕਾ ਸਿੰਘ ਸਾਹਿਤ ਸਕਰੀਨ ਡੈਸਕ):: 

ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-  

ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ!
ਜਬ ਜੀ ਚਾਹਾ ਮਸਲਾ, ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ!
ਪਰ ਇਸ ਪੁਰਸ਼ ਸਮਾਜ ਨੇ ਤਾਂ
ਔਰਤਾਂ 'ਤੇ ਬੜੇ ਜ਼ੁਲਮ ਕੀਤੇ। ਫ਼ਿਲਮੀ ਦੁਨੀਆ ਦੋਈਆਂ ਗੱਲਾਂ ਸਿਰਫ ਫ਼ਿਲਮੀ ਨਹੀਂ ਹੁੰਦੀਆਂ ਉਹ ਸਮਾਜ ਈਦ ਹੀ ਇੱਕ ਸੱਚੀ ਝਲਕ ਹੁੰਦੀਆਂ ਹਨ। ਜਦੋਂ ਔਰਤਾਂ 'ਤੇ ਜ਼ੁਲਣਾ ਦੀ ਗੱਲ ਤੁਰੇ ਤਾਂ ਯਾਦ ਆਉਂਦੀ ਹੈ ਮਲਾਲਾ। ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਸਕੂਲੋਂ ਪੜ੍ਹ ਕੇ ਵੈਨ ਵਿੱਚ ਵਾਪਿਸ ਘਰ ਆ ਰਹੀ ਸੀ ਤਾਂ ਦਹਿਸ਼ਤਗਰਦਾਂ ਨੇ ਉਸਦੀ ਬਸ ਰੋਕ ਲਈ ਅਤੇ ਪੁੱਛਿਆ ਕੌਣ ਹੈ ਮਲਾਲਾ? ਪੁਛਪੜਤਾਲ ਕਰਨ ਤੇ ਝੱਟ ਪਤਾ ਲੱਗ ਗਿਆ ਕਿ ਮਲਾਲਾ ਕੌਣ ਹੈ? ਬਸ ਪਤਾ ਲੱਗਦਿਆਂ ਹੀ ਉਸਦੇ ਸਿਰ ਦੇ ਖੱਬੇ ਪਾਸੇ ਉਸਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੰਮੇ ਇਲਾਜ ਮਹਰੋਂ ਉਹ ਫਿਰ ਸਿਹਤਯਾਬ ਹੋ ਗਈ। ਹੁਣ ਉਹ ਫਿਰ ਸੱਸੇ ਰਸਤੇ 'ਤੇ ਹੈ। ਔਰਤਾਂ ਦੇ ਅਧਿਕਾਰਾਂ ਅਤੇ ਕੁੜੀਆਂ ਦੀ ਪੜ੍ਹਾਈ ਲਿਖਾਈ ਲਈ। ਉਸਨੂੰ ਗੋਲੀਆਂ ਮਾਰਨ ਵਾਲੇ ਤਾਲਿਬਾਨ।
ਤਾਲਿਬਾਨ ਦਾ ਜ਼ਿਕਰ ਆਏ ਤਾਂ ਨਾਲ ਹੀ ਯਾਦ ਆਉਂਦਾ ਹੈ ਅਫਗਾਨਿਸਤਾਨ। ਅਚਾਨਕ ਹੀ ਬੜੇ ਸੁਆਲ ਉਠਦੇ ਹਨ ਕਿ ਅਜਿਹਾ ਕਿਓਂ ਹੈ ਅਫਗਾਨਿਸਤਾਨ ਵਿੱਚ? ਇੱਕ ਡਰ ਜਿਹਾ ਪੈਦਾ ਹੁੰਦਾ ਹੈ, ਜਿਸਮ ਵਿੱਚ ਇੱਕ ਸਿਹਰਨ ਜਿਹੀ ਦੌੜਦੀ ਹੈ ਅਤੇ ਦਿਲ ਦਿਮਾਗ ਵਿੱਚ ਸਨਸਨੀ ਵਾਲਾ ਅਹਿਸਾਸ ਜਿਹਾ ਭਰ ਜਾਂਦਾ ਹੈ। ਕਿਓਂ ਹੁੰਦਾ ਹੈ ਇਹ ਸਭ ? ਅਫਗਾਨਿਸਤਾਨ ਬਾਰੇ ਮਨਾਂ ਵਿੱਚ ਉਠਦੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਦੇ ਹੀ ਅਨੁਭਵੀ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਨੇ।

ਸਾਹਿਰ ਲੁਧਿਆਣਵੀ ਸਾਹਿਬ ਦਾ ਜਨਮਦਿਨ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ ਅੱਜ ਸਾਂਝੇ ਤੌਰ 'ਤੇ ਪੰਜਾਬੀ ਭਵਨ ਲੁਧਿਆਣਾ ਵਿੱਚ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸੰਸਾਰ ਅਮਨ ਦੇ ਸਬੰਧ ਵਿੱਚ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਤੇ ਬੜੀ ਹੀ ਉਚੇਚ ਯਾਦ ਕੀਤਾ ਗਿਆ। ਇਸ ਮੌਕੇ ਭੂਪਿੰਦਰ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਰੂਸ-ਯੂਕਰੇਨ ਜੰਗ ਦੀ ਚਰਚਾ ਵੀ ਹੋਈ।

ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਰੂਸ ਯੂਕਰੇਨ ਜੰਗ ਕਾਰਨ ਜੋ ਸੰਸਾਰ ਜੰਗ ਦੇ ਬੱਦਲ ਮੰਡਲਾ ਰਹੇ ਹਨ ਉਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ ਜਗਮੋਹਣ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭੂਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਅਤੇ ਭਗਵਾਨ ਢਿੱਲੋ ਦੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ .ਜਗਮੋਹਣ ਸਿੰਘ ਨੇ ਕਿਹਾ ਕਿ ਸਾਹਿਰ ਦੀ ਜੰਗ ਵਿਰੋਧੀ ਕਵਿਤਾ 'ਸਰੀਫ ਇਨਸਾਨੋਂ' ਦੀ ਅਜੋਕੇ ਜੰਗ ਦੇ ਮਾਹੌਲ ਵਿੱਚ ਪ੍ਰਸੰਗਕਤਾ ਹੋਰ ਵੀ ਵਧ ਜਾਂਦੀ ਹੈ। ਧਾਲੀਵਾਲ ਦੀ ਕਿਤਾਬ ਕਬੀਲਿਆਂ ਦੇ ਝਗੜਾਲੂ ਸੁਭਾਅ ਦਾ ਬਾਖੁਬੀ ਚਿਤਰਣ ਹੈ ਪਰ ਅਫਗਾਨੀ ਲੋਕਾਂ ਦੀਆਂ ਸਿਹਤਮੰਦ ਮਨੁੱਖੀ ਪਰੰਪਰਾਵਾਂ ਵੀ ਹਨ। ਪ੍ਰੋ. ਜਗਮੋਹਣ ਸਿੰਘ ਹੋਰਾਂ ਸਾਫ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਬਹੁਤਾ ਕਸੂਰ ਸਾਮਰਾਜ ਪੱਖੀ 'ਨਾਟੋ' ਦਾ ਹੈ ਜੋ ਸੋਵੀਅਤ ਸੰਘ ਟੁਟਣ ਸਮੇਂ ਕੀਤੇ ਵਾਅਦੇ ਤੋਂ ਮੁਕਰ ਗਏ ਹਨ।

ਹੁਣ ਮੁੜਦੇ ਹਾਂ ਕਿਤਾਬ ਦੇ ਲੋਕ ਅਰਪਣ ਵੱਲ। ਇਸ ਸਮੇਂ ਭੂਪਿੰਦਰ ਸਿੰਘ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ ' ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਜਾਣ ਪਛਾਣ ਨਵਾਂ ਜ਼ਮਾਨਾ ਦੇ ਪੱਤਰਕਾਰ ਸ. ਮਨਿੰਦਰ ਸਿੰਘ ਭਾਟੀਆ ਨੇ ਕਰਾਈ। ਉਹਨਾਂ ਆਖਿਆ ਕਿ ਅਫਗਾਨਿਸਤਾਨ ਦੀ ਸਾਡੇ ਮਹਾਂਦੀਪ ਵਿਚ ਬੜੀ ਯੁਧਨੀਤਕ ਭੁਮਿਕਾ ਹੈ ਸੋ ਸੰਸਾਰ ਅਮਨ ਦੀ ਬਹਾਲੀ ਲਈ ਉਥੋਂ ਦੇ ਭੂਗੋਲ ਅਤੇ ਲੋਕਾਂ ਦੀਆਂ ਰਹੁ ਰੀਤਾਂ ਬਾਰੇ ਜਾਨਣਾ ਅਜੋਕੇ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਵਿੱਚ ਅਫਗਾਨੀ ਲੋਕਾਂ ਦੀ ਲੋਕਧਾਰਾ ਅਤੇ ਇਤਿਹਾਸ ਦੀ ਗੱਲ ਦਾ ਜਿਕਰ ਕਰਦਿਾਆਂ ਆਖਿਆ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲ ਜਾਣ ਅਤੇ ਤਾਲਿਬਾਨੀ ਕਬੀਲਾਈ ਸਾਸ਼ਨ ਆ ਜਾਣ ਤੋਂ ਬਾਅਦ ਸੰਸਾਰ ਅਮਨ ਨੂੰ ਖਤਰਾ ਵਧੇਰੇ ਵਧ ਗਿਆ ਹੈ। ਅਜਿਹੇ ਸਮੇੰ ਸਾਹਿਰ ਲੁਧਿਆਣਵੀ ਦੀ ਮਸਹੂਰ ਨਜ਼ਮ ਦਾ ਸ਼ਿਅਰ 'ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀ' ਦੁਨੀਆਂ ਭਰ ਦੇ ਸਿਆਸਤਦਾਨਾਂ ਦੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਸਮੇੰ ਬਲਵਿੰਦਰ ਸਿੰਘ ਗਲੈਕਸੀ ਜੀ ਨੇ ਜੰਗ ਤੇ ਪੁਸਤਕ ਦੇ ਹਵਾਲੇ ਨਾਲ ਸਾਮਰਾਜ ਤੇ ਨਾਜ਼ੀਵਾਦ ਦੇ ਪਾਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਪੱਖੀ ਤੇ ਅਮਨ ਦੀਆਂ ਸ਼ਕਤੀਆਂ ਨੂੰ ਵਧੇਰੇ ਸੁਚੇਤ ਕੀਤਾ।

ਸਾਹਿਰ ਨੂੰ ਸਮਰਪਤ ਕਵੀ ਦਰਬਾਰ ਵਿਚ ਹੋਰਨਾ ਤੋੰ ਇਲਾਵਾ ਸ਼ਾਇਰ ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੈਡਮ ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਬਲਵਿੰਦਰ ਸਿੰਘ ਮੋਹੀ, ਮਲਕੀਤ ਸਿੰਘ ਮਾਲ਼ੜਾ ਸ਼ਾਮਿਲ ਹੋਏ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਕੌਰ ਸਿੰਘ ਗਿੱਲ, ਰਘਵੀਰ ਸਿੰਘ ਸੰਧੂ, ਮਾਸਟਰ ਕਮਿਕਰ ਸਿੰਘ, ਸਤਿਨਾਮ ਸਿੰਘ ਆਦਿ ਸ਼ਾਮਿਲ ਹੋਏ। ਮੈਡਮ ਮਨਦੀਪ ਕੌਰ ਭੰਵਰਾ ਨੇ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਇਕ ਲੇਖ ਸਾਰਿਆਂ ਨਾਲ ਸਾਂਝਾ ਕੀਤਾ। ਸਮੁੱਚੀ ਇਕੱਤਰਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋੰ ਜਲਦੀ ਬਾਹਰ ਕੱਢਿਆ ਜਾਵੇ ਅਤੇ ਹਿੰਦੁਸਤਾਨ ਵਿੱਚ ਸਰਕਾਰੀ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਮੈਡੀਕਲ ਕਾਲਜ ਖੋਲੇ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਖਤਰੇ ਮੁੱਲ ਲੈ ਕੇ ਪੜ੍ਹਨ ਨਾ ਜਾਣਾ ਪਵੇ। ਅੰਤ ਵਿਚ ਮੰਚ ਵੱਲੋਂ ਭਗਵਾਨ ਢਿੱਲੋੰ ਨੇ ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

No comments: