Friday, August 05, 2022

ਪ੍ਰਸਿੱਧ ਵਿਦਵਾਨ ਅਤੇ ਲੇਖਕ 'ਸਰਦਾਰ-ਏ-ਕੌਮ' ਡਾ ਸਰੂਪ ਸਿੰਘ ਅਲੱਗ ਨਹੀਂ ਰਹੇ

Friday 5th August 2022 at 06:16 PM

ਅੰਤਿਮ ਸਸਕਾਰ ਅੱਜ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਹੋਵੇਗਾ 


ਲੁਧਿਆਣਾ5 ਅਗਸਤ 2022: (ਪੰਜਾਬ ਸਕਰੀਨ ਬਿਊਰੋ)::
ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣੀਆਂ ਨਿਜੀ ਕੋਸ਼ਿਸ਼ਾਂ ਅਤੇ ਪਰਿਵਾਰਿਕ ਆਰਥਿਕ ਵਸੀਲਿਆਂ ਨਾਲ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਡਾ. ਸਰੂਪ ਸਿੰਘ ਅਲੱਗ ਨੇ ਵੱਡੀਆਂ ਵੱਡੀਆਂ ਅਤੇ ਬਹੁਤ ਹੀ ਮਹਿੰਗੀ ਰੰਗੀਨ ਛਪਾਈ ਵਾਲੀਆਂ ਕਿਤਾਬਾਂ ਛਪਵਾ ਕੇ ਪੂਰੀ ਤਰ੍ਹਾਂ ਮੁਫਤ ਵੰਡਣ ਵਾਲੇ ਧਾਰਮਿਕ ਲੇਖਕ ਦਾ ਅੱਜ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਸਰਦਾਰ-ਏ-ਕੌਮ' ਦੇ ਐਵਾਰਡ ਨਾਲ ਸਨਮਾਨਿਤ ਵੱਖ ਵੱਖ ਭਾਸ਼ਾਵਾਂ ਵਿੱਚ 110 ਦੇ ਕਰੀਬ ਧਾਰਮਿਕ ਪੁਸਤਕਾਂ ਦੇ ਲੇਖਕ ਅਤੇ ਵਿਦਵਾਨ ਡਾ: ਸਰੂਪ ਸਿੰਘ ਅਲੱਗ ਇਸ ਵੇਲੇ 86 ਵਰ੍ਹਿਆਂ ਦੇ ਸਨ। ਸਿੱਖਧਰਮ ਦੇ ਪ੍ਰਚਾਰ ਦੀ ਘਾਟ ਦਿਲ ਨੂੰ ਲੱਗੀ ਤਾਂ ਉਹਨਾਂ ਇਸ ਨੂੰ ਦਿਲ ਤੇ ਲਾਇਆ ਅਤੇ ਫਿਰ ਜੁੱਟ ਗਏ ਇਸ ਮਕਸਦ ਲਈ। ਸ਼ਾਇਦ ਹੀ ਕੋਈ ਧਾਰਮਿਕ ਆਜੋਜਨ ਹੋਵੇ ਜਿਥੇ ਉਹਨਾਂ ਦੀ ਪੁਸਤਕ ਨਾ ਵੰਡੀ ਗਈ ਹੋਵੇ। ਅਸਲ ਵਿਚ ਇਹ ਸ਼ਬਦ ਦਾ  ਇੱਕ ਅਟੂਟ ਅਤੇ ਅਤੁੱਟ ਲੰਗਰ ਸੀ। ਉਮੀਦ ਹੈ ਉਹਨਾਂ ਦਾ ਪਰਿਵਾਰ ਉਹਨਾਂ ਦੇ ਬਾਅਦ ਵੀ ਇਸ ਸ਼ਬਦ ਲੰਗਰ ਨੂੰ ਜਾਰੀ ਰੱਖੇਗਾ। ਉਹਨਾ ਨ ਦੀਆਂ ਲਿਖੀਆਂ ਕਿਤਾਬਾਂ ਦੇਸ਼ ਵਿਦੇਸ਼ ਹਰ ਕੋਨੇ ਵਿਚ ਪਹੁੰਚ ਚੁੱਕੀਆਂ ਸਨ। 

ਡਾ: ਅਲੱਗ ਪਿਛਲੇ ਲਗਪਗ ਡੇਢ ਮਹੀਨੇ ਤੋਂ ਸੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਅੱਜ ਸ਼ਾਮ ਉਨ੍ਹਾਂ ਅੰਤਮ ਸਾਹ ਲਿਆ। ਡਾ: ਸਰੂਪ ਸਿੰਘ ਅਲੱਗ ਵੱਲੋਂ ਅਲੱਗ ਸ਼ਬਦ ਯੱਗ ਟਰੱਸਟ ਦੀ ਸਥਾਪਨਾ ਕਰਕੇ ਕਰੋੜਾਂ ਰੁਪਏ ਦੇ ਮੁੱਲ ਦੀਆਂ ਇਹ ਪੁਸਤਕਾਂ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ। ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਸਨ ਇਹ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਵੰਡੀ ਜਾ ਰਹੀ ਹੈ। ਇਹ ਪੁਸਤਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਨੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਨਾਮ ਵੀ ਜਿੱਤਿਆ ਹੈ। 

ਡਾ ਸਰੂਪ ਸਿੰਘ ਅਲੱਗ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਅਤੇ ਉਸਤੋਂ ਬਾਅਦ ਧਾਰਮਿਕ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਲੱਗ ਗਏ ਸਨ। ਉਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਇਹ ਪੁਸਤਕਾਂ ਮੁਫ਼ਤ  ਵੰਡਕੇ ਇਕ ਰਿਕਾਰਡ ਬਣਾਇਆ ਗਿਆ ਹੈ। ਡਾ: ਅਲੱਗ ਨੂੰ ਦੇਸ਼ ਵਿਦੇਸ਼ ਵਿੱਚ ਸੈਂਕੜੇ ਐਵਾਰਡ ਹਾਸਲ ਹੋਏ ਸਨ। ਉਨ੍ਹਾਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਦੇ ਸਪੁੱਤਰ ਸੁਖਿੰਦਰਪਾਲ ਸਿੰਘ ਅਲੱਗ ਨੇ ਦੱਸਿਆ ਹੈ ਕਿ ਡਾ: ਸਰੂਪ ਸਿੰਘ ਅਲੱਗ ਦਾ ਅੰਤਮ ਸੰਸਕਾਰ ਭਲਕੇ 6 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਅਜੇ ਕੁਝ ਦਿਨ ਪਹਿਲਾਂ ਹੀ 29 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਜੀ ਧਾਮੀ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਹਰਿਮੰਦਰ ਦਰਸ਼ਨ ਦਾ 218 ਵਾਂ ਐਡੀਸ਼ਨ ਹੁਸ਼ਿਆਰਪੁਰ ਵਿਖੇ ਰਲੀਜ਼ ਕੀਤਾ। 

ਉਨ੍ਹਾਂ ਨੇ ਡਾ ਅਲੱਗ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾ. ਅਲੱਗ ਦੀ ਸਿਹਤਯਾਬੀ ਲਈ ਵੀ ਅਰਦਾਸ ਕੀਤੀ। ਸ ਸੁਖਿੰਦਰ ਪਾਲ ਸਿੰਘ ਅਲੱਗ ਸਕਤਰ ਜਨਰਲ ਅਲੱਗ ਸ਼ਬਦ ਯਗ ਨੇ ਡਾ ਅਲੱਗ ਦੀਆਂ ਪੁਸਤਕਾਂ ਦਾ ਸੈੱਟ ਵੀ ਧਾਮੀ ਸਾਹਿਬ ਨੂੰ ਭੇਂਟ ਕੀਤਾ। ਸਕੱਤਰ ਜਨਰਲ ਅਲੱਗ ਸ਼ਬਦ ਯਗ ਸ ਸੁਖਿੰਦਰ ਪਾਲ ਸਿੰਘ ਅਲੱਗ ਨੇ ਦੱਸਿਆ ਕਿ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਡਾਕਟਰ ਸਰੂਪ ਸਿੰਘ ਅਲੱਗ ਵਲੋਂ ਤਿੰਨ ਪੁਸਤਕਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤੇ ਜਲਦੀ ਹੀ ਇਨ੍ਹਾਂ ਤਿੰਨਾਂ ਪੁਸਤਕਾਂ ਦੀਆਂ ਇਕ ਲੱਖ ਕਾਪੀਆਂ ਸੰਗਤਾਂ ਦੇ ਸਹਿਯੋਗ ਨਾਲ ਛਾਪ ਕੇ ਸਾਰੀ ਦੁਨੀਆਂ ਵਿੱਚ ਸ਼ਬਦ ਦੇ ਲੰਗਰ ਲਾਏ ਜਾਣਗੇ।
ਸਿੱਖਧਰਮ ਦੇ ਪ੍ਰਚਾਰ ਦਾ ਜਿਹੜਾ ਕੰਮ ਕਰਨ ਵਿੱਚ ਵੱਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਕਰਨਾ ਬਣਦਾ ਸੀ ਉਹ ਕੰਮ ਡਾਕਟਰ ਅਲੱਗ ਨੇ ਇਕੱਲੇ ਆਪਣੇ ਅਤੇ ਆਪਣੇ ਪਰਿਵਾਰ ਦੇ ਆਸਰੇ ਕੀਤਾ। ਉਹਨਾਂ ਦੇ ਕੁਝ ਹੋਰ ਸਹਿਯੋਗੀ ਵੀ ਇਸ ਮਕਸਦ ਲਈ ਉਹਨਾਂ ਦੇ ਨਾਲ ਰਹੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੇ ਉਹਾਂ  ਡੀ ਦੇਖਰੇਖ ਹੇਠ ਇੱਕ ਵੱਖਰੀ ਪ੍ਰ੍ਕ੍ਸਹਨ ਸੰਸਥਾ ਸ਼ੁਰੂ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਹੁਣ ਵੀ ਉਹਨਾਂ ਦੇ ਪਰਿਵਾਰ ਨੂੰ ਇਸ ਮਕਸਦ ਲਈ ਮਾਣਤਾ ਦੇਂਦਿਆਂ ਕਿਸੇ ਵਿਸ਼ੇਸ਼ ਅਹੁਦੇ ਅਤੇ ਜਿੰਮੇਦਾਰੀ ਨਾਲ ਨਵਾਜਿਆ ਜਾਣਾ ਚਾਹਿਦਾ ਹੈ। 

No comments: