ਇਤਿਹਾਸ ਵਿੱਚ ਵਾਪਰੀ ਦਰਿੰਦਗੀ ਨਾਲ ਜੁੜੀ ਇਸ ਪੁਸਤਕ ਸਬੰਧੀ ਖਾਸ ਲਿਖਤ
ਪੰਜਾਬੀ ਪੁਸਤਕ ਜਗਤ: 18 ਜਨਵਰੀ 2022: (ਪੰਜਾਬ ਸਕਰੀਨ ਡੈਸਕ)::
ਸੰਘਰਸ਼ਾਂ ਭਰੇ ਸਿੱਖ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖੀ ਨੂੰ ਇੱਕ ਵਾਰ ਫੇਰ ਅਗਨੀਪ੍ਰੀਖਿਆ ਵਿੱਚੋਂ ਲੰਘਣਾ ਪਿਆ। ਇਹ ਗੱਲ ਆਮ ਹੋ ਗਈ ਕਿ "ਪੱਤਾ ਪੱਤਾ ਸਿੰਘਾਂ ਦਾ ਵੈਰੀ।" ਇਹਨਾਂ ਬੇਹੱਦ ਔਖੇ ਦਿਨਾਂ ਦੇ ਬਾਵਜੂਦ ਬਹੁਤ ਸਾਰੇ ਲੇਖਕਾਂ ਨੇ ਉਹਨਾਂ ਵੇਲਿਆਂ ਦੇ ਸੱਚ ਨੂੰ ਲਿਖਿਆ ਅਤੇ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਉਸ ਸੱਚ ਨੂੰ ਸੰਭਾਲਿਆ ਵੀ। ਬਾਬਾ ਨਜਮੀ ਨੇ ਲਿਖਿਆ ਸੀ:
ਬਿਬੇਕਗੜ੍ਹ ਪ੍ਰਕਾਸ਼ਨ ਦੀ ਕੋਈ ਵੀ ਕਿਤਾਬ ਆਵੇ ਤਾਂ ਕਾਹਲ ਪੈ ਜਾਂਦੀ ਕਿ ਕਿਤਾਬ ਲੈ ਆਵਾਂ। ਭਾਈ ਪਰਮਜੀਤ ਸਿੰਘ, ਰਣਜੀਤ ਸਿੰਘ ਤੇ ਅਮਰਿੰਦਰ ਸਿੰਘ ਨੂੰ ਪਟਿਆਲੇ ਜਦੋਂ ਏਸ ਕਿਤਾਬ ਦਾ ਕੰਮ ਜੰਗੀ ਪੱਧਰ ਤੇ ਕਰਦੇ ਅੱਖੀਂ ਵੇਖਿਆ ਸੀ ਤਾਂ ਮਨ ਕੀਤਾ ਸੀ ਕਿ ਇਹ ਕਿਤਾਬ ਜਲਦੀ ਤੋਂ ਪਹਿਲਾਂ ਛਪ ਕੇ ਆ ਜਾਵੇ।
ਇਹ ਕਿਤਾਬ ਆਈ। ਕਿਤਾਬ ਦੇ ਆਉਣ ਤੋਂ ਪਹਿਲਾਂ ਇਸ ਦੀਆਂ ਤਸਵੀਰਾਂ ਪਹੁੰਚ ਗਈਆਂ। ਤਸਵੀਰਾਂ ਵਿੱਚ ਕਿਤਾਬ ਦਾ ਸਰਵਰਕ ਦੇਖਿਆ। ਸਰਵਰਕ ਆਪਣੇ ਆਪ ਵਿਚ ਇੱਕ ਕਿਤਾਬ ਹੈ। ਪੰਥਕ ਦਰਦ ਦਿਲੀਂ ਸਮੋਈ ਬੈਠੇ ਨੌਜਵਾਨ ਚਿਤਰਕਾਰ ਪਰਮ ਸਿੰਘ ਦਾ ਬਣਾਇਆ ਸਰਵਰਕ। ਹਨੇਰ ਤੇ ਰਾਤ ਦੀ ਤਰਜਮਾਨੀ ਕਰਦੇ ਕਾਲੇ ਰੰਗ ਨਾਲ ਕੱਜਿਆ ਕੈਨਵਸ। ਅੱਗ ਨਾਲ ਉੱਠਿਆ ਧੂੰਆਂ ਹੋ ਹਟੇ ਘਾਣ ਦਾ ਸਾਖੀ। ਇੱਕ ਧੂੰਆਂਖਿਆ ਬੂਹਾ ਜੀਹਦੇ ਤੇ ਲਾਲ ਰੰਗ ਨਾਲ ਕਾਟੀ ਲਾ ਕੇ ਕੀਤੀ ਨਿਸ਼ਾਨਦੇਹੀ। ਬੱਸ! ਇਹਦੇ ਤੋਂ ਅੱਗੇ ਨਹੀ ਵਧ ਸਕਿਆ ਮੈਂ। ਸਰਵਰਕ ਨੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਤੋਂ ਰੋਕੀ ਰੱਖਿਆ। ਕਈ ਦਿਨ ਇਸੇ ਸਰਵਰਕ ਨੂੰ ਮੈਂ ਮੁੜ ਮੁੜ ਵੇਖਦਾ ਰਿਹਾ, ਪੜ੍ਹਦਾ ਰਿਹਾ, ਮਹਿਸੂਸ ਕਰਦਾ ਰਿਹਾ। ਇਸ ਨਸਲਕੁਸ਼ੀ ਨੂੰ ਹੱਡੀਂ ਹੰਢਾ ਚੁੱਕਿਆਂ ਕੋਲ ਬੀਤ ਚੁੱਕੇ ਸਮੇਂ ਵਿਚ ਲੈ ਜਾਂਦਾ ਰਿਹਾ ਮੈਨੂੰ ਇਹ ਸਰਵਰਕ। ਕਦੇ ਹਮਲਾਵਰ ਧਾੜ ਦੇ ਹੱਥੀਂ ਮੌਤ ਦਾ ਤਾਂਡਵ ਅੱਖੀਂ ਵੇਖ ਤੇ ਹੱਡੀਂ ਹੰਢਾਅ ਆਉਂਦਾ ਰਿਹਾ ਮੈਂ। ਕਦੇ ਇਸ ਕਾਟੀ ਲੱਗੇ ਘਰ ਅੰਦਰ ਬੈਠ ਆਪਣੀ ਪਛਾਣ ਦੀ ਕੀਮਤ ਤਾਰਨ ਤੇ ਹਮਲਾਵਰਾਂ ਤੋਂ ਬਚਣ ਦੀ ਆਸ ਵਿੱਚ ਧਿਆ ਰਿਹਾ ਹੁੰਦਾ ਉਸ ਪਛਾਣ ਦੇਣ ਵਾਲੇ ਨੂੰ ਮੈਂ।
ਸਰਵਰਕ ਕਰਕੇ ਹੀ ਕਈ ਦਿਨ ਕਿਤਾਬ ਤਕ ਪਹੁੰਚਣ ਦਾ ਹੀਆ ਨਾ ਪਿਆ। ਨਿੱਤ ਦਿਹਾੜੀ ਭਾਈ ਰਣਜੀਤ ਸਿੰਘ ਲਾਗਿਓਂ ਮੁੜ ਆਉਂਦਾ ਰਿਹਾ ਪਰ ਕਿਤਾਬ ਤਕ ਪਹੁੰਚਣ ਦੀ ਹਿੰਮਤ ਨਾ ਪਈ। ਸਰਵਰਕ ਕਰਕੇ ਮੇਰੇ ਮਨ ਅੰਦਰ ਦੀ ਹਾਲਤ ਸ਼ਾਇਦ ਮੈਂ ਲਿਖ ਬੋਲ ਬਿਆਨ ਨਾ ਕਰ ਸਕਾਂ ਪਰ ਕਿਤਾਬ ਵਿੱਚ ਭਾਈ ਸੇਵਕ ਸਿੰਘ ਦੇ ਲੇਖ ਦੇ ਅਖੀਰ ਵਿੱਚ ਸ਼ਾਇਰ ਦੇਬੀ ਮਖਸੂਸਪੁਰੀ ਦੇ ਲਿਖੇ ਬੋਲ ਸ਼ਾਇਦ ਮੇਰੇ ਮਨ ਅੰਦਰ ਦੀ ਸਹੀ ਤਰਜਮਾਨੀ ਕਰਦੇ ਹਨ:
“ਜੋ ਅਣਿਆਈ ਮੌਤੇ ਮਾਰੇ
ਮੇਰੀ ਰੂਹ ਵਿੱਚ ਵਿਲਕਣ ਸਾਰੇ
ਮੈਂ ਬੁਜ਼ਦਿਲ ਜਿੰਨ੍ਹਾਂ ਆਪਣਿਆਂ ਲਈ
ਹਾਅ ਦਾ ਨਾਅਰਾ ਲਾ ਨਹੀਂ ਸਕਿਆ
ਉਨ੍ਹਾਂ ਤੋਂ ਮੁਆਫੀ ਚਾਹੁੰਨਾ
ਜਿਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ
ਉਨ੍ਹਾਂ ਤੋਂ ਮੁਆਫੀ ਚਾਹੁਨਾ”
(ਕਿਤਾਬ ਪੰਨਾ – ੧੯੮)
ਬਾਹਰਲੇ ਦਰਵਾਜ਼ਿਆਂ ਉੱਤੇ ਲੱਗੀ ਇਹ ਕਾਟੀ ਦੱਸ ਪਾਉਂਦੀ ਸੀ ਇਨ੍ਹਾਂ ਘਰਾਂ ਵਿੱਚ ਰਹਿਣ ਵਾਲਿਆਂ ਦੀ ਪਛਾਣ ਦੀ। ਉਨ੍ਹਾਂ ਦੀ ਜੋ ਬਾਕੀਆਂ ਨਾਲੋਂ ਵੱਖਰੇ ਸਨ। ਓਹ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸੀ। ਜਿਨ੍ਹਾਂ ਦੇ ਬੀਅ ਨਾਸ ਦਾ ਮਤਾ ਪਕਾਇਆ ਜਾ ਚੁੱਕਿਆ ਸੀ ਤੇ ਸਾਰੀ ਵਿਉਂਤਬੰਦੀ ਕੀਤੀ ਜਾ ਚੁੱਕੀ ਸੀ ਤੇ ਇਹ ਕਾਟੀ ਵੀ ਉਸੇ ਵਿਉਂਤਬੰਦੀ ਦਾ ਹਿੱਸਾ ਸੀ।
ਨਹੀਂ ਸੀ ਪਤਾ ਉਨ੍ਹਾਂ ਕਾਟੀਆਂ ਲਾਓਣ ਵਾਲਿਆਂ ਨੂੰ ਕਿ ਤੀਹ ਪੈਂਤੀ ਸਾਲ ਬਾਅਦ ਉਨ੍ਹਾਂ ਦੀਆਂ ਲਾਈਆਂ ਇਹ ਕਾਟੀਆਂ ਵਿਚੋਂ ਇਕ ਮੁੜ ਕੰਮ ਆਉਣੀ ਹੈ ਤੇ ਕਿਸੇ ਕਲਾ ਦੇ ਮਾਹਰ ਨੇ ਇਸ ਨੂੰ ਫਿਰ ਵਰਤ ਲੈਣਾ ਹੈ ਉਨ੍ਹਾਂ ਦੀ ਕੀਤੀ ਕਮੀਣੀ ਕਰਤੂਤ ਨੂੰ ਜੱਗ ਜਾਹਰ ਕਰਨ ਲਈ।
ਕਿਤਾਬ ਦੇ ਬਾਹਰਲੇ ਪਿਛਲੇ ਪਾਸੇ ਵੀ ਦਿੱਲੀ ਸਲਤਨਤ ਦੇ ਕਬਜੇ ਹੇਠਲੇ ਸੂਬਿਆਂ ਦੇ ਨਕਸ਼ੇ ਤੇ ਲਹੂ ਦੇ ਲਾਲ ਨਿਸ਼ਾਨ ਲਾ ਕੇ ਉਨ੍ਹਾਂ ਥਾਂਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਇਹ ਮੌਤ ਦਾ ਤਾਂਡਵ ਤੇ ਸਿੱਖ ਨਸਲਕੁਸ਼ੀ ਕੀਤੀ ਗਈ। ਇਹ ਲਹੂ ਦੇ ਰੰਗ ਦੇ ਛੋਟੇ ਵੱਡੇ ਨਿਸ਼ਾਨ ਸ਼ਾਇਦ ਉੱਥੇ ਵਾਪਰੀ ਦਰਿੰਦਗੀ ਦੇ ਵੇਗ ਦੇ ਮਾਪ ਅਨੁਸਾਰ ਛੋਟੇ ਵੱਡੇ ਲਾਏ ਗਏ ਹਨ। ਨਕਸ਼ੇ ਉੱਤੇ ਲਿਖੀਆਂ ਇਹ ਤੁਕਾਂ ਸ਼ਾਇਦ ਆਪਣੇ ਆਪ ਵਿਚ ਇਕ ਪੂਰੀ ਕਹਾਣੀ ਬਿਆਨ ਕਰਦੀਆਂ ਹਨ:
ਜਿੱਥੋਂ ਤਕ ਸਾਇਆ ਦਿੱਲੀ ਦਾ ਅੱਗਾਂ ਹੀ ਅੱਗਾਂ…
ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ…
ਖੈਰ ਇਸ ਕਿਤਾਬ ਦੇ ਨਕਸ਼ੇ ਵਾਲੇ ਮਗਰਲੇ ਬਾਹਰੀ ਪਾਸੇ ਦੇ ਅੰਦਰ ਨੂੰ ਮੁੜੇ ਪੱਤਰੇ ਤੇ ਐਲੀ ਵੀਜ਼ਲ ਦੇ ਹੇਠ ਲਿਖੇ ਬੋਲ ਕਿਤਾਬ ਪੜ੍ਹਨ ਜੋਗੀ ਤਾਕਤ ਦੇ ਦਿੰਦੇ ਹਨ:
ਐਲੀ ਵੀਜ਼ਲ
“ਅਤੀਤ ਨੂੰ ਰੋਣ ਵਾਸਤੇ ਨਹੀਂ ਚਿਤਾਰਿਆ ਜਾਂਦਾ, ਸਗੋਂ ਚਿੰਤਨ ਕਰਨ ਲਈ ਚਿਤਾਰਿਆ ਜਾਂਦਾ ਹੈ। ਅਤੀਤ ਵਿੱਚੋਂ ਪ੍ਰਗਟ ਹੋਇਆ ਭਵਿੱਖ ਉਸ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ, ਤਾਂ ਜੋ ਅਤੀਤ ਮੁੜ ਤੋਂ ਨਾ ਦੁਹਰਾਇਆ ਜਾਵੇ।”
ਇਸੇ ਤਰ੍ਹਾਂ ਸਰਵਰਕ ਦੇ ਮੂਹਰਲੇ ਪਾਸੇ ਦੇ ਅੰਦਰ ਮੋੜੇ ਪੱਤਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਬਹੁਤ ਢੁੱਕਵੇਂ ਤਰੀਕੇ ਲਿਖਿਆ ਹੈ ਜਿਸ ਦੀਆਂ ਆਖਰੀ ਕੁਝ ਸਤਰਾਂ ਹਨ:
ਆਦੇਸ਼, ਸ੍ਰੀ ਅਕਾਲ ਤਖਤ ਸਾਹਿਬ (੧੪-੭-੨੦੧੦)
ਇਸੇ ਆਦੇਸ਼ ਅੱਗੇ ਸੀਸ ਝੁਕਾਉਂਦਿਆਂ ਸ਼ਾਇਦ ਇਸ ਕਿਤਾਬ ਦਾ ਨਾਂ “ਸਿੱਖ ਨਸਲਕੁਸ਼ੀ ੧੯੮੪” ਰੱਖਿਆ ਗਿਆ ਹੈ।
ਭਾਈ ਰਣਜੀਤ ਸਿੰਘ ਪਾਸੋਂ ਇਹ ਕਿਤਾਬ ਦੋ ਕੁ ਦਿਨ ਪਹਿਲਾਂ ਹੀ ਲੈ ਕੇ ਆਇਆ ਹਾਂ ਪਰ ਹਰ ਇੱਕ ਹਿੱਸਾ ਤੇ ਲੇਖ ਸ਼ਾਇਦ ਕਈ ਦਿਨ ਹਿੰਮਤ ਜੋੜਣ ਤੋਂ ਬਾਅਦ ਪੜ੍ਹ ਹੋਣਾ। ਅੱਜ ਤਾਂ ਉਨ੍ਹਾਂ ਬਾਰੇ ਸੋਚਦਿਆਂ ਹੀ ਅੱਗੇ ਪੜ੍ਹਨ ਦੀ ਹਿੰਮਤ ਨਹੀਂ ਪਈ ਜਿਨ੍ਹਾਂ ਨੂੰ ਇਹ ਕਿਤਾਬ ਸੰਪਾਦਕਾਂ ਨੇ ਸਮਰਪਤ ਕੀਤੀ ਹੈ। ਕਿਤਾਬ ਦੇ ਸਮਰਪਤ ਵਾਲੇ ਪੰਨੇ ਤੇ ਲਿਖੇ ਸ਼ਬਦ:
ਆਪਣੀ ਪਛਾਣ ਦੀ ਕੀਮਤ
ਆਪਣੀ ਜਾਨ ਨਾਲ ਤਾਰਨ ਵਾਲਿਆਂ ਦੇ ਨਾਂ….
ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।
ਇੱਕ ਇਤਬਾਰ ਸੀ ਜੋ ਟੁੱਟ ਚੁੱਕਾ
ਜੁੜ ਵੀ ਜਾਵੇਗਾ
ਇਹ ਇਤਬਾਰ ਨਹੀਂ
(ਕਿਤਾਬ ਪੰਨਾ – ੪੭)
ਇਸ ਪੁਸਤਕ ਨੂੰ ਖਰੀਦਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ।
https://wa.me/p/4424896750925140/919988868181
No comments:
Post a Comment