Saturday 3rd June 2023 at 05:19 PM
ਰਣਜੀਤ ਸਿੰਘ ਕੁੱਕੀ ਗਿੱਲ ਨੇ ਵੀ ਸੁਣਾਈਆਂ ਖਰੀਆਂ ਖਰੀਆਂ
ਉਹਨਾਂ ਵੇਲਿਆਂ ਨੂੰ ਅਤੇ ਉਹਨਾਂ ਵੇਲਿਆਂ ਤੋਂ ਵੀ ਪਹਿਲਾਂ ਸੱਤਰਵਿਆਂ ਵਿੱਚ ਝੁੱਲੀਆਂ ਹਨੇਰੀਆਂ ਦੇ ਕਹਿਰ ਨੂੰ ਬੇਹੱਦ ਨੇੜਿਓਂ ਹੋ ਕੇ ਦੇਖਣ ਵਾਲੇ ਪ੍ਰਮੁੱਖ ਚਿੰਤਕ ਅਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਹੁਰਾਂ ਨੇ ਦੋ ਕੁ ਦਿਨ ਪਹਿਲਾਂ ਹੀ ਆਖਿਆ ਸੀ ਕਿ ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ। ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਤਾਂ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ਸਾਨੂੰ "ਤੀਜੇ ਘੱਲੂਘਾਰੇ" ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ?
ਚੰਡੀਗੜ੍ਹ ਵਿੱਚ ਤਿੰਨ ਜੂਨ ਸ਼ਨੀਵਾਰ ਨੂੰ ਕੀਤਾ ਗਿਆ ਇਹ ਯਾਦਗਾਰੀ ਸਮਾਗਮ ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੀ ਹੀ ਸੁਚੇਤ ਕੋਸ਼ਿਸ਼ ਸੀ। ਇਸ ਮੌਕੇ ਰਾਅ ਦੇ ਸਾਬਕਾ ਉੱਚ ਅਧਿਕਾਰੀ ਜੀ ਬੀ ਐਸ ਸਿੱਧੂ ਨੇ ਵੀ ਸਨਸਨੀਖੇਜ਼ ਖੁਲਾਸੇ ਕੀਤੇ। ਉਹਨਾਂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ ਬਾਰੇ ਚਰਚਾ ਇਸ ਸਮਾਗਮ ਦੇ ਕੇਂਦਰੀ ਬਿੰਦੂ ਵੱਜੋਂ ਪ੍ਰਚਾਰੀ ਗਈ ਸੀ। ਇਸ ਪੁਸਤਕ ਦੇ ਅੰਗਰੇਜ਼ੀ ਅਤੇ ਪੰਜਾਬੀ ਅਨੁਵਾਦ ਵਾਲੇ ਐਡੀਸ਼ਨਾਂ ਦੀ ਵਿਕਰੀ ਵੀ ਹਾਲ ਦੇ ਬਾਹਰ ਲੱਗੇ ਸਟਾਲਾਂ 'ਤੇ ਸਰਗਰਮੀ ਨਾਲ ਕੀਤੀ ਗਈ। ਇਸ ਕਿਤਾਬ ਦੀ ਕੀਮਤ 350/-ਰੁਪਏ ਕਾਫੀ ਜ਼ਿਆਦਾ ਲੱਗ ਰਹੀ ਸੀ।
ਇਹਨਾਂ ਸਟਾਲਾਂ 'ਤੇ ਸਿੱਖ ਮਾਮਲਿਆਂ ਅਤੇ ਬਲਿਊ ਸਟਾਰ ਓਪਰੇਸ਼ਨ ਅਤੇ ਖਾੜਕੂਵਾਦ ਨਾਲ ਸਬੰਧਿਤ ਹੋਰ ਬਹੁਤ ਸਾਰਾ ਸਾਹਿਤ ਵੀ ਸੀ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਤੋਂ ਬਾਅਦ ਇਸ ਤ੍ਰਾਸਦੀ ਦੀ ਚਰਚਾ ਕਰਨ ਵਾਲਾ ਸਾਹਿਤ ਵੀ ਇੱਕ ਇੰਡਸਟਰੀ ਵਾਂਗ ਉਭਰ ਕੇ ਸਾਹਮਣੇ ਆਇਆ ਹੈ। ਸੈਮੀਨਾਰ ਵਰਗੇ ਇਸ ਸਮਾਗਮ ਮੌਕੇ ਹਾਲ ਦੇ ਅੰਦਰ ਵਿਚਾਰ ਵਟਾਂਦਰੇ ਅਤੇ ਭਾਸ਼ਣ ਚੱਲ ਰਹੇ ਸਨ ਅਤੇ ਬਾਹਰ ਇਹਨਾਂ ਕਿਤਾਬਾਂ ਦੀ ਵਿਕਰੀ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਵਿਕਰੀ ਨੇ ਕੋਈ ਬਹੁਤ ਭੀੜ ਵੀ ਨਹੀਂ ਖਿੱਚੀ। ਨਜ਼ਰ ਮਾਰ ਕੇ ਤੁਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਏਨੇ ਚੰਗੇ ਸਾਹਿਤ ਦੀ ਪੰਜਾਬੀ ਵਿਹਕ ਵਿਕਰੀ ਕਮਜ਼ੋਰ ਕਿਓਂ ਇਸ ਬਾਰੇ ਵੀ ਚਿੰਤਨ ਕਰਨ ਦੀ ਲੋੜ ਹੈ।
ਇਸ ਮੌਕੇ ਜਨਰਲ ਵੈਦਿਆ ਦੀ ਹੱਤਿਆ ਵਿੱਚ ਸ਼ਾਮਲ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਵੀ ਹਾਜ਼ਰੀਨ ਸਰੋਤਿਆਂ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰੀ ਬਿੰਦੂ ਬਣੇ ਰਹੇ। ਉਹਨਾਂ ਮਾਈਕ ਤੋਂ ਵੀ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਬੁਲੰਦ ਆਵਾਜ਼ ਨਾਲ ਕਿਹਾ ਕਿ ਬਲਿਊ ਸਟਾਰ ਓਪਰੇਸ਼ਨ ਵਰਗੇ ਸ਼ਬਦਾਂ ਦੀ ਵਰਤੋਂ ਕਰ ਕੇ ਸਟੇਟ ਦੀ ਭਾਸ਼ਾ ਨਾ ਬੋਲੀ ਜਾਏ। ਇਹ ਇੱਕ ਕਤਲ-ਏ- ਆਮ ਸੀ ਅਤੇ ਇਸਨੂੰ ਕਤਲੇਆਮ ਹੀ ਕਿਹਾ ਜਾਏ। ਉਹਨਾਂ ਖਾੜਕੂਵਾਦ ਦੇ ਰਾਹਾਂ 'ਤੇ ਤੁਰਨ ਵਾਲੇ ਆਪਣੇ ਪਿਛੋਕੜ ਬਾਰੇ ਵੀ ਸੰਖੇਪ ਵਿਚ ਦੱਸਿਆ ਕਿ ਉਹਨਾਂ ਦੀ ਮਜਬੂਰੀ ਕੋਈ ਨਹੀਂ ਸੀ। ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਹਨਾਂ ਰਾਹਾਂ 'ਤੇ ਅੱਗੇ ਵਧੇ ਸਨ। ਉਹਨਾਂ ਦੇ ਇਹ ਕਥਨ ਉਹਨਾਂ ਲੋਕਾਂ ਲਈ ਵਿਸ਼ੇਸ਼ ਅਰਥ ਰੱਖਦੇ ਹਨ ਜਿਹਨਾਂ ਦੀ ਜ਼ਮੀਰ ਮਚਲਪੁਣੇ ਵਾਲੀ ਨੀਂਦੇ ਸੁੱਤੀ ਹੋਈ ਹੈ ਅਤੇ ਜਾਗਣ ਦਾ ਨਾਮ ਹੀ ਨਹੀਂ ਲੈ ਰਹੀ। ਰਣਜੀਤ ਸਿੰਘ ਕੁੱਕੀ ਗਿੱਲ ਨੇ ਕਿਹਾ ਕਿ ਸਿੱਖ ਬੁੱਧੀਜੀਵੀਆਂ ਨੂੰ ਸਾਕਾ ਜੂਨ 1984 ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਸਹੀ ਸ਼ਬਦਾਵਲੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਵਿੱਚ ਸਹੀ ਪਰਿਪੇਖ ਪੇਸ਼ ਕੀਤਾ ਜਾ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਕਰ ਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ “ਕਿਛੁ ਸੁਣੀਐ ਕਿਛੁ ਕਹੀਐ” ਦੇ ਸੰਕਲਪ ਤੇ ਪਹਿਰਾ ਦਿੰਦਿਆਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅਪ੍ਰੈਲ 1978 ਦੀ ਵਿਸਾਖੀ ਨੂੰ ਹੋਏ ਨਿਰੰਕਾਰੀ ਕਾਂਡ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਸਮੱਸਿਆ ਨੇ ਜਿਸ ਤਰੀਕੇ ਨਾਲ ਹਿੰਸਕ ਰੂਪ ਅਖਤਿਆਰ ਕੀਤਾ ਅਤੇ ਸਟੇਟ ਦੇ ਜਬਰ ਕਾਰਨ ਸੂਬੇ ਦੀ ਜਵਾਨੀ ਦਾ ਘਾਣ ਹੋਇਆ ਇਸ ਤੋਂ ਅਜੇ ਵੀ ਸਬਕ ਸਿੱਖਣ ਦੀ ਜ਼ਰੂਰਤ ਹੈ।
"ਖਾਲਿਸਤਾਨ ਦੀ ਸਾਜ਼ਿਸ਼" ਪੁਸਤਕ ਲਿਖਣ ਵਾਲੇ ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ. ਐਸ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਕਾ ਜੂਨ 1984, ਸਾਕਾ ਨੀਲਾ ਤਾਰਾ ਅਪਰੇਸ਼ਨ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ ਜਿਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਾ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ’ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ ਸੀ।
ਉੱਘੇ ਐਡਵੋਕੇਟ ਅਤੇ ਮਨੁੱਖੀ ਹੱਕਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਜਿਸ ਤਰ੍ਹਾਂ 1984 ਦੀਆਂ ਘਟਨਾਵਾਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕਾਂਗਰਸ ਨੇ 1985 ਦੀਆਂ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੌਜੂਦਾ ਹਕੂਮਤ ਲਗਾਤਾਰ ਸੱਤਾ ’ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।
ਉੱਘੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਸਾਦਗੀ ਭਰੇ ਸ਼ਬਦਾਂ ਨਾਲ ਭੰਬਲਭੂਸੇ ਵਾਲੀ ਇਸ ਧੁੰਦ ਨੂੰ ਚੀਰਦਿਆਂ ਕਿਹਾ ਕਿ ਪੰਜਾਬ ਦੀ ਸਮੱਸਿਆ ਅਸਲ ਵਿੱਚ 1849 ਤੋਂ ਸ਼ੁਰੂ ਹੁੰਦੀ ਹੈ ਜਦ ਬਰਤਾਨਵੀ ਸ਼ਾਸਕਾਂ ਨੇ ਦੇਸ਼ ਪੰਜਾਬ ਨੂੰ ਹਿੰਦੋਸਤਾਨ ਵਿੱਚ ਸ਼ਾਮਲ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀ ਸਮੱਸਿਆ ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ ਹੱਲ ਹੋ ਸਕਦੀ ਹੈ ਜਿਸ ਵਿੱਚ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ।
ਸਿੱਖ ਨੁਕਤਾ ਨਿਗਾਹ ਤੋਂ ਖੱਬੀਆਂ ਧਿਰਾਂ ਨੂੰ ਅਕਸਰ ਲਾਜਵਾਬ ਕਰਨ ਵਾਲੇ ਪ੍ਰਸਿੱਧ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਸਾਕਾ ਜੂਨ 1984 ਦੌਰਾਨ ਫੌਜੀ ਹਮਲੇ ’ਚ ਤਬਾਹ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੀ ਸਮੱਗਰੀ ਅਤੇ ਪਾਵਨ ਗ੍ਰੰਥ ਲਾਪਤਾ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਉਹਨਾਂ ਅਤੀਤ ਦੀ ਇਸ ਭਿਆਨਕ ਤ੍ਰਾਸਦੀ ਦਾ ਵਰਨਣ ਇਸ ਤਰ੍ਹਾਂ ਕੀਤਾ ਕਿ ਉਹਨਾਂ ਦੇ ਸ਼ਬਦਾਂ ਨੇ ਉਸ ਫੌਜੀ ਕਾਰਵਾਈ ਦੌਰਾਨ ਲਾਇਬ੍ਰੇਰੀ ਸੜਨ ਵਾਲੀ ਘਟਨਾ ਦੀ ਪੂਰੀ ਫਿਲਮ ਜਿਹੀ ਹੀ ਸਾਹਮਣੇ ਲੈ ਆਂਦੀ। ਸਿੱਖ ਇਤਿਹਾਸ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਦੁਰਲਭ ਪੁਸਤਕਾਂ ਦੇ ਇਸ ਡਾਕ ਵਰਗੀ ਸਾਜ਼ਿਸ਼ ਨੂੰ ਉਹਨਾਂ ਗੰਭੀਰਤਾ ਨਾਲ ਸਾਹਮਣੇ ਲਿਆਂਦਾ।
ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੜੇ ਸੁਚੇਤ ਹੋ ਕੇ ਨਿਭਾਈ। ਇੱਕ ਇੱਕ ਬੁਲਾਰੇ ਦੇ ਇੱਕ ਇੱਕ ਸ਼ਬਦ ਵੱਲ ਉਹਨਾਂ ਦੇ ਕੰਨ ਬਾਰੀਕੀ ਨਾਲ ਲੱਗੇ ਹੋਏ ਸਨ। ਉਹ ਪੂਰੇ ਧਿਆਨ ਨਾਲ ਨਾ ਸਿਰਫ ਬੁਲਾਰਿਆਂ ਦੇ ਸ਼ਬਦਾਂ ਨੂੰ ਸੁਣ ਰਹੇ ਸਨ ਬਲਕਿ ਇਹਨਾਂ ਸ਼ਬਦਾਂ ਵਿਚ ਲੁਕੋ ਕੇ ਪੇਸ਼ ਕੀਤੇ ਜਾਂਦੇ ਅਰਥਾਂ ਨੂੰ ਵੀ ਸਮਝ ਰਹੇ ਸਨ। ਕੌਣ ਕੌਣ ਪੰਥ ਅਤੇ ਜੂਨ-84 ਦਾ ਨਾਮ ਲੈ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਲੋੜ ਪੈਣ ਤੇ ਉਹਨਾਂ ਦੀ ਸੁਚੇਤ ਟੋਕਾ-ਟਾਕੀ ਵੀ ਸਾਹਮਣੇ ਆਉਂਦੀ ਰਹੀ। ਸਮਾਗਮਾਂ ਨੂੰ ਆਪਣੇ ਸਿਆਸੀ ਨਿਸ਼ਾਨਿਆਂ ਲਈ ਵਰਤਣ ਦੇ ਮਕਸਦ ਨਾਲ ਜਾਂ ਹਾਈ ਜੈਕ ਕਰਨ ਦੀਆਂ ਕੋਸ਼ਿਸ਼ਾਂ ਦੀ ਰੋਕਥਾਮ ਲਈ ਸ਼ਾਇਦ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ। ਹਰ ਸਮਾਗਮ ਵਿਚ ਅਜਿਹੀ ਸੁਚੇਤ ਪਹਿਰੇਦਾਰੀ ਜ਼ਰੂਰੀ ਬਣਦੀ ਜਾ ਰਹੀ ਹੈ।
ਧਾਰਮਿਕ ਸ਼ਖ਼ਸੀਅਤ ਵੱਜੋਂ ਚਰਚਾ ਵਿਚ ਰਹਿਣ ਵਾਲੇ ਗਿਆਨੀ ਕੇਵਲ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਸਿੰਘ ਸਭਾ ਪੱਤ੍ਰਿਕਾ ਦਾ ਜੂਨ-84 ਵਾਲਾ ਵਿਸ਼ੇਸ਼ ਅੰਕ ਕਿੱਥੇ ਗਈ ਸਿੱਖ ਰੈਫਰੈਂਸ ਲਾਇਬ੍ਰਰੀ? ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਜੀ.ਬੀ ਐਸ ਸਿੱਧੂ ਦੀ ਪੁਸਤਕ ‘ਖਾਲਿਸਤਾਨ ਇਕ ਸਾਜਿਸ਼’ ਦਾ ਨਵਾਂ ਪੰਜਾਬੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ ਜਿਹੜਾ ਵਾਈਟ ਕਰੋਅ ਪਬਲਿਸ਼ਰਜ਼ ਵੱਲੋ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਸਮਾਗਮ ਨੂੰ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਸਲ), ਗੁਰਬੀਰ ਸਿੰਘ ਮਚਾਕੀ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਮਨਜੀਤ ਸਿੰਘ, ਹਰਜੋਤ ਸਿੰਘ, ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ ਮੌਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਡਿਬਡਿਬਾ, ਡਾ. ਭਗਵਾਨ ਸਿੰਘ ਅਤੇ ਹਰੋ ਵਿਦਵਾਨ ਨੇ ਆਪਣੇ ਵਿਚਾਰ ਪੇਸ਼ ਕੀਤੇ।
No comments:
Post a Comment