ਕੀ ਮੀਡੀਆ ਇਹਨਾਂ ਚੁਣੌਤੀਆਂ ਨੂੰ ਵੀ ਸਵੀਕਾਰ ਕਰੇਗਾ?
ਮੀਡੀਆ ਉੱਤੇ ਦਬਾਵਾਂ ਅਤੇ ਹਮਲਿਆਂ ਦੇ ਰੰਗ, ਰੂਪ ਅਤੇ ਢੰਗ ਹੁਣ ਬਹੁਤ ਬਦਲ ਗਏ ਹਨ। ਗੋਦੀ ਮੀਡੀਆ ਨੇ ਇਸ ਮਾਮਲੇ ਵਿਚ ਇੱਕ ਨਵਾਂ ਅਧਿਆਇ ਲਿਖਿਆ ਹੈ ਜਿਸਦੀ ਚਰਚਾ ਆਉਣ ਵਾਲੇ ਸਮਿਆਂ ਵਿਚ ਵੀ ਹੁੰਦੀ ਰਹੇਗੀ। ਕਾਲੇ ਦੌਰ ਦੇ ਬਾਵਜੂਦ ਪੱਤਰਕਾਰਾਂ ਨੇ ਉਹ ਮਿਸਾਲਾਂ ਕਾਇਮ ਕੀਤੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਹਨੇਰੀਆਂ ਰਾਤਾਂ ਵਿਚ ਵੀ ਦੀਵੇ ਜਗਾਉਣ ਵਾਲੇ ਬਹੁਤ ਸਾਰੇ ਸਨ। ਉਦੋਂ ਵੀ ਨਿਰਪੱਖ ਪੱਤਰਕਾਰੀ ਦੀਆਂ ਕਿਰਨਾਂ ਹਨੇਰਿਆਂ ਨੂੰ ਚੀਰ ਕੇ ਸਾਹਮਣੇ ਆਉਂਦੀਆਂ ਰਹੀਆਂ ਹਨ।
ਜਦੋਂ ਜਲੰਧਰ ਤੋਂ ਰੋਜ਼ਾਨਾ ਲੋਕ ਲਹਿਰ ਛਪਦਾ ਸੀ ਅਤੇ ਕਾਮਰੇਡ ਸੁਹੇਲ ਸਿੰਘ ਇਸਦੇ ਸੰਪਾਦਕ ਸਨ ਉਦੋਂ ਵੀ। ਜਦੋਂ ਜਲੰਧਰ ਤੋਂ ਹੀ ਨਵਾਂ ਜ਼ਮਾਨਾ ਛਪਦਾ ਸੀ ਅਤੇ ਇਸਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਸਨ ਉਦੋਂ ਵੀ। ਜਦੋਂ ਰੋਜ਼ਾਨਾ ਅੱਜ ਦੀ ਆਵਾਜ਼ 'ਤੇ ਛਾਪੇ ਪਿਆ ਕਰਦੇ ਸਨ ਉਦੋਂ ਵੀ। ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਗੁਰਦੀਪ ਸਿੰਘ ਬਠਿੰਡਾ ਇਸਦੇ ਗਵਾਹ ਵੀ ਰਹੇ ਹਨ।
ਪੁਲਿਸ ਹਿਰਾਸਤ ਵਿੱਚ ਰਾਮ ਸਿੰਘ ਬਲਿੰਗ ਦੀ ਸ਼ਹਾਦਤ ਅਤੇ ਸਾਡੇ ਜ਼ਿੰਦਾ ਸ਼ਹੀਦ ਮਾਲਵਿੰਦਰ ਸਿੰਘ ਮਾਲੀ ਅੱਜ ਵੀ ਉਹਨਾਂ ਵੇਲਿਆਂ ਦੇ ਗਵਾਹ ਹਨ। ਅਫਸੋਸ ਕਿ ਕਾਲੇ ਦੌਰ ਦੇ ਉਹਨਾਂ ਵਰਤਾਰਿਆਂ ਬਾਰੇ ਨਿਰਪੱਖਤਾ ਨਾਲ ਬਹੁਤ ਘੱਟ ਲਿਖਿਆ ਗਿਆ। ਇਸ ਸਬੰਧੀ ਬਹੁਤ ਕੁਝ ਸਾਡੇ ਤੱਕ ਅਜੇ ਵੀ ਨਹੀਂ ਪਹੁੰਚਿਆ।
ਜਿਹੜਾ ਛਪਦਾ ਵੀ ਰਿਹਾ ਉਹ ਵੀ ਆਮ ਲੋਕਾਂ ਤੱਕ ਨਹੀਂ ਪਹੁੰਚਿਆ। ਜਿਹਨਾਂ ਬੁਧੀਜੀਵੀਆਂ ਤੱਕ ਇਹ ਪਹੁੰਚਿਆਂ ਉਹਨਾਂ ਨੇ ਸਿਰਫ ਸਜਾਵਟ ਵੱਜੋਂ ਆਪਣੀਆਂ ਸ਼ੈਲਫਾਂ ਵਿਚ ਸਜਾ ਕੇ ਰੱਖ ਦਿੱਤਾ। ਪੜ੍ਹਨ ਵਾਲੇ ਆਸ਼ਕ ਅੱਜ ਵੀ ਇਹਨਾਂ ਖਾਸ ਪੁਸਤਕਾਂ ਤੋਂ ਵਾਂਝੇ ਹਨ। ਖਰੀਦ ਸ਼ਕਤੀ ਘਟ ਚੁੱਕੀ ਹੈ ਅਤੇ ਇਮਾਰਤਾਂ 'ਤੇ ਸੰਗਮਰਮਰ ਅਤੇ ਸੋਨਾ ਲਾਉਣ ਵਾਲਿਆਂ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ।
ਇਸ ਸਾਰੇ ਰੁਝਾਣ ਦੇ ਬਾਵਜੂਦ ਇੱਕ ਨਵੀਂ ਪੁਸਤਕ ਸਾਡੇ ਦਰਮਿਆਨ ਆਈ ਹੈ-"ਖਾਕੀ-ਖਾੜਕੂ ਅਤੇ ਕਲਮ" ਪੁਸਤਕ ਨੂੰ ਲਿਖਿਆ ਹੈ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਅਤੇ ਰਿਲੀਜ਼ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ। ਇਹ ਪੁਸਤਕ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ ਹੈ। 'ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਮੀਡੀਆ ਅਤੇ ਕਿਤਾਬਾਂ ਦੇ ਇਤਿਹਾਸ ਵਿਚ ਇੱਕ ਵਿਸ਼ੇਸ਼ ਸਮਾਗਮ ਸੀ। ਇਹ ਅਤੀਤ ਦੇ ਖਤਰਿਆਂ ਭਰੇ ਸਮਿਆਂ ਦੇ ਨਾਲ ਨਾਲ ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ ਕਰਦਾ ਹੈ।
ਪੁਸਤਕਾਂ ਰਾਹੀਂ ਪੱਤਰਕਾਰੀ ਦਾ ਅਸਲੀ ਧਰਮ ਨਿਭਾਉਣ ਦੀ ਸ਼ੁਰੂਆਤ ਅਸਲ ਵਿਚ ਰਾਣਾ ਅਯੂਬ ਨੇ ਕਈ ਸਾਲ ਪਹਿਲਾਂ ਕਰ ਦਿੱਤੀ ਸੀ ਜਦੋਂ ਉਸਦੀ ਖਤਰਿਆਂ ਭਰੀ ਖੋਜ ਵਾਲੀ ਰਿਪੋਰਟ ਨੂੰ "ਤਹਿਲਕਾ" ਵਰਗੇ ਨਿਡਰ ਅਤੇ ਬੇਬਾਕ ਮੀਡੀਆ ਨੇ ਵੀ ਛਾਪਣ ਤੋਂ ਨਾਂਹ ਕਰ ਦਿੱਤੀ ਸੀ। ਮੈਥਿਲੀ ਤਿਆਗੀ ਵੱਜੋਂ ਪੱਤਰਕਾਰ ਬਣ ਕੇ ਵਿਚਰਨਾ ਕੋਈ ਸੌਖਾ ਨਹੀਂ ਸੀ। ਹਾਲਾਤ ਵੀ ਏਨੇ ਖਤਰਨਾਕ ਸਨ ਕਿ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਸ ਵੇਲੇ ਇਸ ਖੋਜ ਨੂੰ ਕਰਨ ਵਾਲੀ ਰਾਣਾ ਅਯੂਬ 'ਤੇ ਕੀ ਬੀਤੀ ਹੋਵੇਗੀ ਇਸਦਾ ਅਨੁਮਾਨ ਸੰਵੇਦਨਸ਼ੀਲ ਪੱਤਰਕਾਰ ਚੰਗੀ ਤਰ੍ਹਾਂ ਲਗਾ ਸਕਦੇ ਹਨ। ਰਾਣਾ ਅਯੂਬ ਨੂੰ ਦਰਪੇਸ਼ ਖਤਰਿਆਂ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਵੇਲੇ ਰਾਣਾ ਅਯੂਬ ਅਸਲ ਵਿਚ ਇੱਕ ਸਾਧਾਰਨ ਜਿਹੀ ਮੁਟਿਆਰ ਹੀ ਸੀ। ਉਸਦੀ ਮਾਂ ਨੂੰ ਅਕਸਰ ਖਦਸ਼ਿਆਂ ਭਰੇ ਸੁਪਨੇ ਆਉਂਦੇ ਕਿ ਅਚਾਨਕ ਕਿਸੇ ਟਰੱਕ ਨੇ ਉਸਨੂੰ ਕੁਚਲ ਦਿੱਤਾ ਹੈ। ਉਸਦੇ ਪਰਿਵਾਰ ਨੇ ਉਸਨੂੰ ਬਹੁਤ ਵਾਰ ਕਿਹਾ ਛੱਡ ਪਰ੍ਹਾਂ ਇਸ ਕੰਮ ਨੂੰ ਤੇ ਵਾਪਿਸ ਆ ਜਾ ਪਰ ਉਹ ਨਹੀਂ ਆਈ। ਉਸਦੀ ਪੁਸਤਕ "ਗੁਜਰਾਤ ਫਾਈਲਾਂ" ਆਪਣੇ ਆਪ ਵਿਚ ਕਿਸੇ ਦਸਤਾਵੇਜ਼ ਤੋਂ ਘੱਟ ਵੀ ਨਹੀਂ। ਇਹ ਪੁਸਤਕ ਕਮਾਲ ਦੀ ਪੱਤਰਕਾਰੀ ਵਾਲੀ ਮਿਸਾਲ ਵੀ ਹੈ।
ਜਗਤਾਰ ਸਿੰਘ ਭੁੱਲਰ ਦੀ ਪੁਸਤਕ ਦਾ ਲੋਕ ਅਰਪਣ ਬਹੁਤ ਕੁਝੇ ਚੇਤੇ ਵੀ ਕਰਵਾਉਂਦਾ ਹੈ ਅਤੇ ਬਹੁਤ ਕੁਝ ਬਾਰੇ ਅਗਾਹ ਵੀ ਕਰਦਾ ਹੈ। ਨਾਜ਼ੁਕ ਸਮਿਆਂ ਦੇ ਦੁਹਰਾਓ ਦੇ ਖਤਰਿਆਂ ਵੱਲ ਇੱਕ ਸਪਸ਼ਟ ਜਿਹਾ ਇਸ਼ਾਰਾ ਵੀ ਹੈ ਇਹ ਸਮਾਗਮ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ 'ਖ਼ਾਕੀ, ਖਾੜਕੂ ਤੇ ਕਲਮ' ਰਿਲੀਜ਼ ਕੀਤੀ। ਗੋਦੀ ਮੀਡੀਆ ਦੇ ਦੌਰ ਵਿਚ ਇਸ ਸਮਾਗਮ ਦਾ ਆਯੋਜਨ ਵਿਸ਼ੇਸ਼ ਅਰਥ ਰੱਖਦਾ ਹੈ।
ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸੰਖੇਪ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰ ਤੇ ਲੇਖਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ ਨੂੰ ਜਗਾਉਣਾ ਹੁੰਦਾ ਹੈ। ਕਿਤਾਬ ਵਿੱਚ ਬੀਤੇ ਦਹਾਕਿਆਂ ਦੌਰਾਨ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਦੇ ਹਵਾਲੇ ਨਾਲ ਅਤੇ ਉਤਰ ਪ੍ਰਦੇਸ਼ ਵਿੱਚ ਵਾਪਰ ਰਹੀਆਂ ਹਾਲੀਆ ਘਟਨਾਵਾਂ ਦੇ ਸੰਦਰਭ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਨੂੰਨ ਦਾ ਰਾਜ ਹੀ ਲੋਕਾਂ ਦੀ ਭਲਾਈ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਅਖੌਤੀ ਨਿਆਂ' ਹਮੇਸ਼ਾ ਕੌਮਾਂ ਅਤੇ ਦੇਸ਼ ਲਈ ਮਾਰੂ ਹੁੰਦਾ ਹੈ।
ਆਪਣੇ ਸੰਬੋਧਨ ਦੌਰਾਨ ਮਨਜੀਤ ਸਿੰਘ ਸਿੱਧੂ, ਓਐੱਸਡੀ/ਮੁੱਖ ਮੰਤਰੀ ਪੰਜਾਬ ਨੇ ਜਗਤਾਰ ਸਿੰਘ ਭੁੱਲਰ ਦੇ ਨਾਲ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਦੇ ਆਪਣੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਨੂੰ ਕਿਤਾਬੀ ਰੂਪ ਦੇਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।
ਇਸ ਮੌਕੇ ਲੇਖਕ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਤਰਕਾਰੀ ਦੇ ਦਰਦ ਨੂੰ ਸਮਝਣ ਦੀ ਲੋੜ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਾਲ 1978 ਤੋਂ 1995 ਦਰਮਿਆਨ ਵੱਖ-ਵੱਖ ਅਖ਼ਬਾਰਾਂ ਜ਼ਰੀਏ ਸੂਬੇ ਨੂੰ ਕਵਰ ਕਰਦੇ ਕਰੀਬ 25 ਪੱਤਰਕਾਰਾਂ ਦੀ ਜ਼ਿੰਦਗੀ, ਉਨ੍ਹਾਂ ਵੱਲੋਂ ਬੇਬਾਕੀ ਨਾਲ ਨਿਭਾਈ ਡਿਊਟੀ, ਦੋ ਧਿਰਾਂ ਦੇ ਦਬਾਅ ਦਰਮਿਆਨ ਆਪਣੇ ਫ਼ਰਜ਼ ਦਾ ਨਿਰਬਾਹ, ਹਕੂਮਤੀ ਰਵੱਈਏ, ਪੁਲਿਸ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਵਰਨਣ ਕੀਤਾ ਹੈ।
ਇਸ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ 'ਦਹਿਸ਼ਤ ਦੇ ਪਰਛਾਵੇਂ' (2010), 'ਪ੍ਰੈਸ ਰੂਮ' (2019) ਅਤੇ 'ਪੰਜਾਬ ਸਿਹਾਂ ਮੈਂ ਚੰਡੀਗੜ੍ਹ ਬੋਲਦਾਂ' (2021) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਸਮਾਗਮ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਰਮੇਸ਼ ਵਿਨਾਇਕ, ਜਗਤਾਰ ਸਿੰਘ ਸੀਨੀਅਰ, ਬਲਜੀਤ ਬੱਲੀ, ਸਰਬਜੀਤ ਪੰਧੇਰ, ਦੀਪਕ ਸ਼ਰਮਾ ਚਨਾਰਥਲ ਅਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ।
ਉਂਝ ਇਹ ਗੱਲ ਵੀ ਚੇਤੇ ਰੱਖਾਂਵਾਲੀ ਹੈ ਕਿ ਜਦੋਂ ਜਦੋਂ ਪਾਸ਼ ਅਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਸਾਹਿਤਿਕ ਪੱਤਰਕਾਰੀ ਕਰ ਰਹੇ ਸਨ ਤਾਂ ਹੇਮ ਜਿਓਤੀ, ਸਰਦਲ, ਸਿਆੜ, ਮਾਂ ਅਤੇ ਰੋਹਲੇ ਬਾਣ ਦੇ ਦੌਰ ਵੇਲੇ ਵੀ ਦਬਾਅ ਘੱਟ ਨਹੀਂ ਸਨ।
No comments:
Post a Comment