Showing posts with label Blue Star Operation. Show all posts
Showing posts with label Blue Star Operation. Show all posts

Saturday, June 03, 2023

ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ ਐਸ ਸਿੱਧੂ ਨੇ ਕੀਤੇ ਸਨਸਨੀਖੇਜ਼ ਪ੍ਰਗਟਾਵੇ

Saturday 3rd June 2023 at 05:19 PM

ਰਣਜੀਤ ਸਿੰਘ ਕੁੱਕੀ ਗਿੱਲ ਨੇ ਵੀ ਸੁਣਾਈਆਂ ਖਰੀਆਂ ਖਰੀਆਂ 


ਚੰਡੀਗੜ੍ਹ: 3 ਜੂਨ 2023:(ਕਾਰਤਿਕਾ ਸਿੰਘ//ਰੈਕਟਰ ਕਥੂਰੀਆ//ਪੰਜਾਬ ਸਕਰੀਨ ਟੀਮ):: 

39 ਸਾਲ ਹੋ ਗਏ ਨੇ ਸਾਕਾ ਨੀਲਾ ਤਾਰਾ ਵਾਲੀ ਕਾਰਵਾਈ ਨੂੰ। ਅਜੇ ਤੱਕ ਸਿੱਖ ਜਗਤ ਨੂੰ ਨਾਂ ਤਾਂ ਜੂਨ-84 ਭੁੱਲਿਆ ਹੈ ਅਤੇ ਨਾਂ ਹੀ ਨਵੰਬਰ-84 ਵਾਲਾ ਕਤਲੇਆਮ। ਸੰਨ 84 ਤੋਂ ਬਾਅਦ ਜਿਹੜੇ ਪਰਿਵਾਰ ਉੱਜੜੇ ਅਤੇ ਜਿਹਨਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਗਏ ਉਹਨਾਂ ਦੀ ਦਾਸਤਾਨ ਵੱਖਰੀ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਆਖ਼ਿਰੀ ਸਾਹਾਂ ਤੀਕ ਲੋਕ ਨਾਇਕ ਬਣੇ ਰਹੇ ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ ਹੁਰਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਕੋਲ ਅਜੇ ਵੀ ਅਜਿਹਾ ਬਹੁਤ ਕੁਝ ਪਿਆ ਹੈ ਜਿਹੜਾ ਲੋਕਾਂ ਸਾਹਮਣੇ ਆਉਣਾ ਅਜੇ ਬਾਕੀ ਹੈ। ਦੁਸ਼ਮਣ ਕਿੰਨਾ ਸ਼ਾਤਰ ਹੈ ਕਿ ਅਜੇ ਤੱਕ ਸਿੱਖ ਕੌਮ ਨੂੰ ਇਹੀ ਸਪਸ਼ਟ ਨਹੀਂ ਹੋ ਸਕਿਆ ਕਿ ਦੁਸ਼ਮਣ ਹੈ ਕੌਣ? ਹਮਲਾ ਕੀਤਾ ਕਿਸਨੇ ਸੀ? ਹਮਲਾ ਕਰਵਾਇਆ ਕਿਸਨੇ ਸੀ? ਇਹਨਾਂ ਹਮਲਿਆਂ ਦਾ ਨਿਸ਼ਾਨਾ ਕੀ ਸੀ?

ਉਹਨਾਂ ਵੇਲਿਆਂ ਨੂੰ ਅਤੇ ਉਹਨਾਂ ਵੇਲਿਆਂ ਤੋਂ ਵੀ ਪਹਿਲਾਂ ਸੱਤਰਵਿਆਂ ਵਿੱਚ ਝੁੱਲੀਆਂ ਹਨੇਰੀਆਂ ਦੇ ਕਹਿਰ ਨੂੰ ਬੇਹੱਦ ਨੇੜਿਓਂ ਹੋ ਕੇ ਦੇਖਣ ਵਾਲੇ ਪ੍ਰਮੁੱਖ ਚਿੰਤਕ ਅਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਹੁਰਾਂ ਨੇ ਦੋ ਕੁ ਦਿਨ ਪਹਿਲਾਂ ਹੀ ਆਖਿਆ ਸੀ ਕਿ  ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ। ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਤਾਂ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ  ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ਸਾਨੂੰ "ਤੀਜੇ ਘੱਲੂਘਾਰੇ" ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ?

ਚੰਡੀਗੜ੍ਹ ਵਿੱਚ ਤਿੰਨ ਜੂਨ ਸ਼ਨੀਵਾਰ ਨੂੰ ਕੀਤਾ ਗਿਆ ਇਹ ਯਾਦਗਾਰੀ ਸਮਾਗਮ ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੀ ਹੀ ਸੁਚੇਤ ਕੋਸ਼ਿਸ਼ ਸੀ। ਇਸ ਮੌਕੇ ਰਾਅ ਦੇ ਸਾਬਕਾ ਉੱਚ ਅਧਿਕਾਰੀ  ਜੀ ਬੀ ਐਸ ਸਿੱਧੂ ਨੇ ਵੀ ਸਨਸਨੀਖੇਜ਼ ਖੁਲਾਸੇ ਕੀਤੇ। ਉਹਨਾਂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ ਬਾਰੇ ਚਰਚਾ ਇਸ ਸਮਾਗਮ ਦੇ ਕੇਂਦਰੀ ਬਿੰਦੂ ਵੱਜੋਂ ਪ੍ਰਚਾਰੀ ਗਈ ਸੀ। ਇਸ ਪੁਸਤਕ ਦੇ ਅੰਗਰੇਜ਼ੀ ਅਤੇ ਪੰਜਾਬੀ ਅਨੁਵਾਦ ਵਾਲੇ ਐਡੀਸ਼ਨਾਂ ਦੀ ਵਿਕਰੀ ਵੀ ਹਾਲ ਦੇ ਬਾਹਰ ਲੱਗੇ ਸਟਾਲਾਂ 'ਤੇ ਸਰਗਰਮੀ ਨਾਲ ਕੀਤੀ ਗਈ। ਇਸ ਕਿਤਾਬ ਦੀ ਕੀਮਤ 350/-ਰੁਪਏ ਕਾਫੀ ਜ਼ਿਆਦਾ ਲੱਗ ਰਹੀ ਸੀ। 

ਇਹਨਾਂ ਸਟਾਲਾਂ 'ਤੇ ਸਿੱਖ ਮਾਮਲਿਆਂ  ਅਤੇ ਬਲਿਊ ਸਟਾਰ ਓਪਰੇਸ਼ਨ ਅਤੇ ਖਾੜਕੂਵਾਦ ਨਾਲ ਸਬੰਧਿਤ ਹੋਰ ਬਹੁਤ ਸਾਰਾ ਸਾਹਿਤ ਵੀ ਸੀ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਤੋਂ ਬਾਅਦ ਇਸ ਤ੍ਰਾਸਦੀ ਦੀ ਚਰਚਾ ਕਰਨ ਵਾਲਾ ਸਾਹਿਤ ਵੀ ਇੱਕ ਇੰਡਸਟਰੀ ਵਾਂਗ ਉਭਰ ਕੇ ਸਾਹਮਣੇ ਆਇਆ ਹੈ। ਸੈਮੀਨਾਰ ਵਰਗੇ ਇਸ ਸਮਾਗਮ ਮੌਕੇ ਹਾਲ ਦੇ ਅੰਦਰ ਵਿਚਾਰ ਵਟਾਂਦਰੇ ਅਤੇ ਭਾਸ਼ਣ ਚੱਲ ਰਹੇ ਸਨ ਅਤੇ ਬਾਹਰ ਇਹਨਾਂ ਕਿਤਾਬਾਂ ਦੀ ਵਿਕਰੀ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਵਿਕਰੀ ਨੇ ਕੋਈ ਬਹੁਤ ਭੀੜ ਵੀ ਨਹੀਂ ਖਿੱਚੀ।  ਨਜ਼ਰ ਮਾਰ ਕੇ ਤੁਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਏਨੇ ਚੰਗੇ ਸਾਹਿਤ ਦੀ ਪੰਜਾਬੀ ਵਿਹਕ ਵਿਕਰੀ ਕਮਜ਼ੋਰ ਕਿਓਂ ਇਸ ਬਾਰੇ ਵੀ ਚਿੰਤਨ ਕਰਨ ਦੀ ਲੋੜ ਹੈ। 

ਇਸ ਮੌਕੇ ਜਨਰਲ ਵੈਦਿਆ ਦੀ ਹੱਤਿਆ ਵਿੱਚ ਸ਼ਾਮਲ ਰਹੇ ਰਣਜੀਤ ਸਿੰਘ ਕੁੱਕੀ ਗਿੱਲ ਵੀ ਹਾਜ਼ਰੀਨ ਸਰੋਤਿਆਂ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰੀ  ਬਿੰਦੂ ਬਣੇ ਰਹੇ। ਉਹਨਾਂ ਮਾਈਕ ਤੋਂ ਵੀ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਬੁਲੰਦ ਆਵਾਜ਼ ਨਾਲ ਕਿਹਾ ਕਿ ਬਲਿਊ ਸਟਾਰ ਓਪਰੇਸ਼ਨ ਵਰਗੇ ਸ਼ਬਦਾਂ ਦੀ ਵਰਤੋਂ ਕਰ ਕੇ ਸਟੇਟ ਦੀ ਭਾਸ਼ਾ ਨਾ ਬੋਲੀ ਜਾਏ। ਇਹ ਇੱਕ ਕਤਲ-ਏ- ਆਮ ਸੀ ਅਤੇ ਇਸਨੂੰ ਕਤਲੇਆਮ ਹੀ ਕਿਹਾ ਜਾਏ। ਉਹਨਾਂ ਖਾੜਕੂਵਾਦ ਦੇ ਰਾਹਾਂ 'ਤੇ ਤੁਰਨ ਵਾਲੇ ਆਪਣੇ ਪਿਛੋਕੜ ਬਾਰੇ ਵੀ ਸੰਖੇਪ ਵਿਚ ਦੱਸਿਆ ਕਿ ਉਹਨਾਂ ਦੀ ਮਜਬੂਰੀ ਕੋਈ ਨਹੀਂ ਸੀ। ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਹਨਾਂ ਰਾਹਾਂ 'ਤੇ ਅੱਗੇ ਵਧੇ ਸਨ। ਉਹਨਾਂ ਦੇ ਇਹ ਕਥਨ ਉਹਨਾਂ ਲੋਕਾਂ ਲਈ ਵਿਸ਼ੇਸ਼ ਅਰਥ ਰੱਖਦੇ ਹਨ ਜਿਹਨਾਂ ਦੀ ਜ਼ਮੀਰ ਮਚਲਪੁਣੇ ਵਾਲੀ ਨੀਂਦੇ ਸੁੱਤੀ ਹੋਈ ਹੈ ਅਤੇ ਜਾਗਣ ਦਾ ਨਾਮ ਹੀ  ਨਹੀਂ ਲੈ ਰਹੀ। ਰਣਜੀਤ ਸਿੰਘ ਕੁੱਕੀ ਗਿੱਲ ਨੇ ਕਿਹਾ ਕਿ ਸਿੱਖ ਬੁੱਧੀਜੀਵੀਆਂ ਨੂੰ ਸਾਕਾ ਜੂਨ 1984 ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਸਹੀ ਸ਼ਬਦਾਵਲੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਵਿੱਚ ਸਹੀ ਪਰਿਪੇਖ ਪੇਸ਼ ਕੀਤਾ ਜਾ ਸਕੇ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ "ਸਾਕਾ ਜੂਨ 1984 ਦਾ ਸਿਆਸੀ ਪਿਛੋਕੜ" ਵਿਸ਼ੇ ਉਪਰ ਕਰਵਾਏ ਗਏ ਇਸ ਯਾਦਗਾਰੀ ਸਮਾਗਮ ਵਿੱਚ ਪ੍ਰੋ. ਸ਼ਾਮ ਸਿੰਘ (ਪ੍ਰਧਾਨ) ਵੱਲੋਂ ਇਸ ਨੁਕਤੇ ਉਪਰ ਜ਼ੋਰ ਦਿੱਤਾ ਕਿ ਸਿੱਖ ਪੰਥ ਨੂੰ ਮੌਜੂਦਾ ਹਾਲਾਤ ਵਿੱਚ ਸੰਵਾਦ ਰਚਾਉਣ ਦੀ ਤੀਬਰ ਜ਼ਰੂਰਤ ਹੈ।  ਇਸਦੇ ਨਾਲ ਹੀ ਉਹਨਾਂ ਫੈਂਡਰਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੁਰਅਮਨ ਸੰਘਰਸ਼  ਉਪਰ ਟੇਕ ਰੱਖਣ ਦੀ ਸਲਾਹ ਤੇ ਵੀ ਜ਼ੋਰ ਦਿੱਤਾ। 

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਕਰ ਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ “ਕਿਛੁ ਸੁਣੀਐ ਕਿਛੁ ਕਹੀਐ” ਦੇ ਸੰਕਲਪ ਤੇ ਪਹਿਰਾ ਦਿੰਦਿਆਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। 

ਉਹਨਾਂ ਕਿਹਾ ਕਿ ਅਪ੍ਰੈਲ 1978 ਦੀ ਵਿਸਾਖੀ ਨੂੰ ਹੋਏ ਨਿਰੰਕਾਰੀ ਕਾਂਡ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਸਮੱਸਿਆ ਨੇ ਜਿਸ ਤਰੀਕੇ ਨਾਲ ਹਿੰਸਕ ਰੂਪ ਅਖਤਿਆਰ ਕੀਤਾ ਅਤੇ ਸਟੇਟ ਦੇ ਜਬਰ ਕਾਰਨ ਸੂਬੇ ਦੀ ਜਵਾਨੀ ਦਾ ਘਾਣ ਹੋਇਆ ਇਸ ਤੋਂ ਅਜੇ ਵੀ ਸਬਕ ਸਿੱਖਣ ਦੀ ਜ਼ਰੂਰਤ ਹੈ।  

"ਖਾਲਿਸਤਾਨ ਦੀ ਸਾਜ਼ਿਸ਼" ਪੁਸਤਕ ਲਿਖਣ ਵਾਲੇ ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ. ਐਸ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਕਾ ਜੂਨ 1984,  ਸਾਕਾ ਨੀਲਾ ਤਾਰਾ ਅਪਰੇਸ਼ਨ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ ਜਿਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਾ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ’ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ ਸੀ। 

ਉੱਘੇ ਐਡਵੋਕੇਟ ਅਤੇ ਮਨੁੱਖੀ ਹੱਕਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਜਿਸ ਤਰ੍ਹਾਂ 1984 ਦੀਆਂ ਘਟਨਾਵਾਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕਾਂਗਰਸ ਨੇ 1985 ਦੀਆਂ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੌਜੂਦਾ ਹਕੂਮਤ ਲਗਾਤਾਰ ਸੱਤਾ ’ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।

ਉੱਘੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਸਾਦਗੀ ਭਰੇ ਸ਼ਬਦਾਂ ਨਾਲ ਭੰਬਲਭੂਸੇ ਵਾਲੀ ਇਸ ਧੁੰਦ ਨੂੰ ਚੀਰਦਿਆਂ ਕਿਹਾ ਕਿ ਪੰਜਾਬ ਦੀ ਸਮੱਸਿਆ ਅਸਲ ਵਿੱਚ 1849 ਤੋਂ ਸ਼ੁਰੂ ਹੁੰਦੀ ਹੈ ਜਦ ਬਰਤਾਨਵੀ ਸ਼ਾਸਕਾਂ ਨੇ ਦੇਸ਼ ਪੰਜਾਬ ਨੂੰ ਹਿੰਦੋਸਤਾਨ ਵਿੱਚ ਸ਼ਾਮਲ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀ ਸਮੱਸਿਆ ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ ਹੱਲ ਹੋ ਸਕਦੀ ਹੈ ਜਿਸ ਵਿੱਚ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ।

ਸਿੱਖ ਨੁਕਤਾ ਨਿਗਾਹ ਤੋਂ ਖੱਬੀਆਂ ਧਿਰਾਂ ਨੂੰ ਅਕਸਰ ਲਾਜਵਾਬ ਕਰਨ ਵਾਲੇ ਪ੍ਰਸਿੱਧ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਸਾਕਾ ਜੂਨ 1984 ਦੌਰਾਨ ਫੌਜੀ ਹਮਲੇ ’ਚ ਤਬਾਹ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੀ ਸਮੱਗਰੀ ਅਤੇ ਪਾਵਨ ਗ੍ਰੰਥ ਲਾਪਤਾ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਉਹਨਾਂ ਅਤੀਤ ਦੀ ਇਸ ਭਿਆਨਕ ਤ੍ਰਾਸਦੀ ਦਾ ਵਰਨਣ ਇਸ ਤਰ੍ਹਾਂ ਕੀਤਾ ਕਿ ਉਹਨਾਂ ਦੇ ਸ਼ਬਦਾਂ ਨੇ ਉਸ ਫੌਜੀ ਕਾਰਵਾਈ ਦੌਰਾਨ ਲਾਇਬ੍ਰੇਰੀ ਸੜਨ ਵਾਲੀ ਘਟਨਾ ਦੀ ਪੂਰੀ ਫਿਲਮ ਜਿਹੀ ਹੀ ਸਾਹਮਣੇ ਲੈ ਆਂਦੀ। ਸਿੱਖ ਇਤਿਹਾਸ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਦੁਰਲਭ ਪੁਸਤਕਾਂ ਦੇ ਇਸ ਡਾਕ ਵਰਗੀ ਸਾਜ਼ਿਸ਼ ਨੂੰ ਉਹਨਾਂ ਗੰਭੀਰਤਾ ਨਾਲ ਸਾਹਮਣੇ ਲਿਆਂਦਾ। 

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੜੇ ਸੁਚੇਤ ਹੋ ਕੇ ਨਿਭਾਈ। ਇੱਕ ਇੱਕ ਬੁਲਾਰੇ ਦੇ ਇੱਕ ਇੱਕ ਸ਼ਬਦ ਵੱਲ ਉਹਨਾਂ ਦੇ ਕੰਨ ਬਾਰੀਕੀ ਨਾਲ ਲੱਗੇ ਹੋਏ ਸਨ। ਉਹ ਪੂਰੇ ਧਿਆਨ ਨਾਲ ਨਾ  ਸਿਰਫ ਬੁਲਾਰਿਆਂ ਦੇ ਸ਼ਬਦਾਂ ਨੂੰ ਸੁਣ ਰਹੇ ਸਨ ਬਲਕਿ ਇਹਨਾਂ ਸ਼ਬਦਾਂ ਵਿਚ ਲੁਕੋ ਕੇ ਪੇਸ਼ ਕੀਤੇ ਜਾਂਦੇ ਅਰਥਾਂ ਨੂੰ ਵੀ ਸਮਝ ਰਹੇ ਸਨ। ਕੌਣ ਕੌਣ ਪੰਥ ਅਤੇ ਜੂਨ-84 ਦਾ ਨਾਮ ਲੈ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਲੋੜ ਪੈਣ ਤੇ ਉਹਨਾਂ ਦੀ ਸੁਚੇਤ ਟੋਕਾ-ਟਾਕੀ ਵੀ ਸਾਹਮਣੇ ਆਉਂਦੀ ਰਹੀ। ਸਮਾਗਮਾਂ ਨੂੰ ਆਪਣੇ ਸਿਆਸੀ ਨਿਸ਼ਾਨਿਆਂ ਲਈ ਵਰਤਣ ਦੇ ਮਕਸਦ ਨਾਲ ਜਾਂ ਹਾਈ ਜੈਕ ਕਰਨ ਦੀਆਂ ਕੋਸ਼ਿਸ਼ਾਂ ਦੀ ਰੋਕਥਾਮ ਲਈ ਸ਼ਾਇਦ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ। ਹਰ ਸਮਾਗਮ ਵਿਚ ਅਜਿਹੀ ਸੁਚੇਤ ਪਹਿਰੇਦਾਰੀ ਜ਼ਰੂਰੀ ਬਣਦੀ ਜਾ ਰਹੀ ਹੈ। 

ਧਾਰਮਿਕ ਸ਼ਖ਼ਸੀਅਤ ਵੱਜੋਂ ਚਰਚਾ ਵਿਚ ਰਹਿਣ ਵਾਲੇ ਗਿਆਨੀ ਕੇਵਲ ਸਿੰਘ ਜੀ  ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਸਿੰਘ ਸਭਾ ਪੱਤ੍ਰਿਕਾ  ਦਾ ਜੂਨ-84 ਵਾਲਾ ਵਿਸ਼ੇਸ਼ ਅੰਕ ਕਿੱਥੇ ਗਈ ਸਿੱਖ ਰੈਫਰੈਂਸ ਲਾਇਬ੍ਰਰੀ? ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਜੀ.ਬੀ ਐਸ ਸਿੱਧੂ ਦੀ ਪੁਸਤਕ ‘ਖਾਲਿਸਤਾਨ ਇਕ ਸਾਜਿਸ਼’ ਦਾ ਨਵਾਂ ਪੰਜਾਬੀ  ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ ਜਿਹੜਾ ਵਾਈਟ ਕਰੋਅ ਪਬਲਿਸ਼ਰਜ਼ ਵੱਲੋ ਪ੍ਰਕਾਸ਼ਿਤ ਕੀਤਾ ਗਿਆ ਹੈ। 

ਇਸ ਸਮਾਗਮ ਨੂੰ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਸਲ), ਗੁਰਬੀਰ ਸਿੰਘ ਮਚਾਕੀ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਮਨਜੀਤ ਸਿੰਘ, ਹਰਜੋਤ ਸਿੰਘ, ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ ਮੌਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਡਿਬਡਿਬਾ, ਡਾ. ਭਗਵਾਨ ਸਿੰਘ ਅਤੇ ਹਰੋ ਵਿਦਵਾਨ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸਮਾਜਿਕ ਚੇਤਨਾ ਅਤੇ ਜਨ-ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, June 02, 2023

ਮਾਲਵਿੰਦਰ ਮਾਲੀ ਨੇ ਘੱਲੂਘਾਰੇ ਹਫਤੇ ਦੌਰਾਨ ਫਿਰ ਸੁਚੇਤ ਕੀਤਾ

ਕੀ ਹੈ ਸਟੇਟ ਅਤੇ ਸਾਡੇ ਦਰਮਿਆਨ ਅਸਲੀ ਰੌਲਾ? 
ਸੈਮੀਨਾਰ ਵਿਚ ਪੁੱਜ ਰਹੇ ਹਨ ਅਹਿਮ ਵਿਦਵਾਨ ਬੁਲਾਰੇ 
ਚੰਡੀਗੜ੍ਹ:2 ਜੂਨ 2023: (ਪੰਜਾਬ ਸਕਰੀਨ ਡੈਸਕ)::
ਜੂਨ-84 ਦੀ ਯਾਦ ਵਾਲੇ ਜ਼ਖਮ ਕਦੇ ਭੁੱਲੇ ਵੀ ਨਹੀਂ ਅਤੇ ਭੁੱਲਣੇ ਵੀ ਨਹੀਂ। ਇਹਨਾਂ ਕੌੜੀਆਂ ਕੁਸੈਲੀਆਂ ਯਾਦਾਂ ਦੇ ਨਾਲ ਵਿਚਰਦਿਆਂ ਜੇਕਰ ਬੀਤੇ ਸਮਿਆਂ ਤੋਂ ਕੋਈ ਸਬਕ ਨਾ ਸਿੱਖਿਆ ਜਾਵੇ ਤਾਂ ਇਹ ਹੋਰ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦਾ ਹੈ। ਇਸ ਪਾਸੇ ਲਗਾਤਰ ਜ਼ੋਰ ਦੇਣ ਵਾਲਿਆਂ ਵਿੱਚ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਵੀ ਸ਼ਾਮਲ ਹਨ। ਹੁਣ ਵੀ ਉਹਨਾਂ ਕੁਝ ਠੋਸ ਅਤੇ ਅਰਥਪੂਰਨ ਗੱਲਾਂ ਕਹੀਆਂ ਹਨ ਜਿਹਨਾਂ ਨੂੰ ਸਮਝਣਾ ਪੰਥ ਦੇ ਨਾਲ ਨਾਲ ਬਾਕੀ ਦੇਸ਼ ਅਤੇ ਦੁਨੀਆ ਦੇ ਭਲੇ ਵਿੱਚ ਵੀ ਹੋਵੇਗਾ। 

ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ ##

 ** ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ  ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ** 

** ਸਾਨੂੰ “ ਤੀਜੇ ਘੱਲੂਘਾਰੇ “ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ ? **

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਪੁਰ ਅਮਨ ਤਰੀਕੇ ਨਾਲ ਲੜੇ ਜਾਣ ਵਾਲਾ ਸਿਆਸੀ ਮੋਰਚਾ ਸੀ ਜਿਸਦਾ ਮੰਤਵ ਅਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿੱਚ ਪੇਸ਼ ਕੀਤੀਆਂ ਮੰਗਾਂ ਦੀ ਪ੍ਰਾਪਤੀ ਮਿੱਥਿਆ ਗਿਆ ਸੀ। ਸੰਤ ਜਰਨੈਲ ਸਿੰਘ ਨੇ ਉੱਥੇ ਪਹਿਲਾਂ ਆਪਣੇ ਕੁੱਝ ਸਾਥੀਆਂ ਦੀ ਪੁਲਸ ਵੱਲੋਂ ਕਿਸੇ ਮੁੱਦੇ ਬਹਾਨੇ ਕੀਤੀ ਗ੍ਰਿਫ਼ਤਾਰੀ ਖਿਲਾਫ ਤੇ ਉਹਨਾਂ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ। ਇਸ ਕਰਕੇ ਉਹ ਮੰਗ ਵੀ ਧਰਮ-ਯੁੱਧ ਮੋਰਚੇ ਦਾ ਹਿੱਸਾ ਬਣ ਗਈ ਤੇ ਉਹ ਰਿਹਾਈਆਂ ਉਸ ਵੇਲੇ ਹੀ ਹੋ ਗਈਆਂ ਸਨ ** 

**ਧਰਮ-ਯੁੱਧ ਮੋਰਚੇ ਅੰਦਰ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਲੱਖਾਂ ਲੋਕ ਵੱਖ ਵੱਖ ਸੰਘਰਸ ਦੇ ਸੱਦਿਆਂ ਵਿੱਚ ਸਰਗਰਮ ਹੋਏ, ਗ੍ਰਿਫ਼ਤਾਰੀਆਂ ਦਿੱਤੀਆਂ ਤੇ ਕਿੰਨੇ ਹੀ ਲੋਕ ਸ਼ਹੀਦ ਵੀ ਹੋਏ ** 

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਸ਼ੁਰੂ ਹੋਇਆ ਤੇ ਲੜਿਆ ਗਿਆ। ਜੂਨ 84 ਵੇਲੇ ਫ਼ੌਜੀ ਹਮਲੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਵੱਲੋਂ ਬਹਾਦਰੀ ਨਾਲ ਹਥਿਆਰਬੰਦ ਟਾਕਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ** 

**ਸੰਤਾਂ ਦਾ ਇਹ ਐਲਾਨ ਸੀ ਕਿ ਇਸ ਵਾਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੇਸ਼ ਮੰਗਾਂ ਦੀ ਪੂਰਤੀ ਤੋਂ ਘੱਟ ਧਰਮ-ਯੁੱਧ ਮੋਰਚੇ ਦਾ ਸਮਝੌਤਾ ਨਹੀ ਕਰਨ ਦੇਣਾ। ਪਰ ਫਿਰ ਕਿੱਥੇ ਗਈਆਂ ਅਨੰਦਪੁਰ ਸਾਹਿਬ ਦੇ ਮਤੇ ਅਧਾਰਤ ਮੰਗਾਂ ਤੇ ਸਿਆਸਤ? ਦਿੱਲੀ ਦਰਬਾਰ ਚਾਹੁੰਦਾ ਹੈ ਕਿ ਅਸੀ ਇਹ ਭੁੱਲ ਜਾਈਏ। ਖਾਲਸਤਾਨ ਦੇ ਨਾਹਰੇ ਲਾਉਣੇ ਤੇ ਸਿਰਫ ਹਥਿਆਰਬੰਦ ਟਾਕਰੇ ਦੇ ਹੋਕਰੇ ਮਾਰਨੇ ਅਤੇ ਧਰਮ ਯੁੱਧ ਮੋਰਚੇ ਦੀ ਸਿਆਸਤ ਨੂੰ ਤਿਲਾਂਜਲੀ ਦੇਕੇ ਸਰਕਾਰਾਂ ਬਣਾਉਣੀਆਂ ਤੇ ਚਲਾਉਣੀਆਂ ਉਹਨਾਂ ਨੂੰ ਰਾਸ ਹੀ ਆ ਰਹੀਆਂ ਨੇ **

**ਕਿਤੇ ਇਸ ਮਾਮਲੇ ਅੰਦਰ ਵੀ ਅਸੀਂ ਬਰਾਹਮਨਵਾਦੀ ਮੱਛਲੀ ਜਾਲ ਵਿੱਚ ਹੀ ਤਾਂ ਨਹੀ ਫਸ ਰਹੇ ?? ਸਿਰਫ ਹਥਿਆਰਬੰਦ ਟਾਕਰੇ ਦੀਆਂ ਬਾਤਾਂ ਪਾਈ ਜਾਓ ਤੇ ਧਰਮ-ਯੁੱਧ ਮੋਰਚੇ ਦੇ ਮੰਤਵ ਤੇ ਪੁਰਅਮਨ ਲੋਕ ਲਾਮਬੰਦੀ ਦਾ ਬਿਰਤਾਂਤ ਭੁੱਲ ਜਾਓ। ਸੁਣੋ, ਸੋਚੋ, ਸਮਝੋ ਤੇ ਠੰਡੇ ਮਨ ਨਾਲ ਵਿਚਾਰੋ !! **

** ਹਾਲੇ ਐਨਾ ਹੀ **

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, June 19, 2021

ਆਖਿਰ ਕਿੱਥੇ ਗਈ ਸਿੱਖ ਰੈਫਰੈਂਸ ਲਾਇਬਰੇਰੀ?

ਸੈਮੀਨਾਰ 'ਚ ਬੜੀ ਹੀ ਬੇਬਾਕੀ ਪਰ ਸਲੀਕੇ ਨਾਲ ਉਠਾਏ ਗਏ ਕਈ ਨੁਕਤੇ 


ਚੰਡੀਗੜ੍ਹ
: 19 ਜੂਨ 2021: (ਪੰਜਾਬ ਸਕਰੀਨ ਟੀਮ)::

ਮਾਨਾ ਕਿ ਤਬਾਹੀ ਮੇਂ, ਕੁਛ ਹਾਥ ਹੈ ਦੁਸ਼ਮਨ ਕਾ!

ਪਰ ਚਾਲ ਕਿਆਮਤ ਕੀ ਅਪਨੇ ਭੀ ਤੋਂ ਚਲਤੇ ਹੈਂ!

ਬਲਿਊ ਸਟਾਰ ਓਪਰੇਸ਼ਨ ਨੂੰ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ। ਅੱਜ 37 ਸਾਲਾਂ ਬਾਅਦ ਵੀ ਅਸੀਂ ਉਹਨਾਂ ਜ਼ਖਮਾਂ ਦੀ ਨਾ ਤਾਂ ਮਰਹਮ ਲੱਭ ਸਕੇ ਅਤੇ ਨਾ ਹੀ ਉਹਨਾਂ ਨੂੰ ਭੁੱਲ ਸਕੇ। ਨਾ ਭੁੱਲਣਯੋਗ, ਨਾ ਬਖਸ਼ਣਯੋਗ ਅਜਿਹੇ ਨਾਅਰੇ ਬਹੁਤ ਲੱਗੇ। ਚੋਣਾਂ ਦੇ ਦਿਨ ਨੇੜੇ ਆਉਂਦੀਆਂ ਹੀ ਇਹ ਮੁੱਦੇ ਚੁੱਕ ਲਏ ਜਾਂਦੇ ਤੇ ਚੋਣਾਂ ਮਗਰੋਂ ਵਿਸਾਰ ਦਿੱਤੇ ਜਾਂਦੇ। ਇਹਨਾਂ ਸਾਰੀਆਂ ਗੱਲਾਂ ਤੇ ਬਾਰੀਕੀ ਨਾਲ ਬਾਜ਼ ਨਜ਼ਰ ਰੱਖ ਰਹੇ ਉਹਨਾਂ ਬੁਧੀਜੀਵੀਆਂ ਨੇ ਅੱਜ ਫਿਰ ਚਰਚਾ ਕੀਤੀ ਜਿਹਨਾਂ ਨੇ ਨਾ ਤਾਂ ਅਸੰਬਲੀ ਚੋਣਾਂ ਵਿੱਚੋਂ ਕੁਝ ਲੈਣਾ ਹੁੰਦਾ ਹੈ ਤੇ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚੋਂ। ਹਾਂ ਚੋਣਾਂ ਦੇ ਮੌਸਮ ਨੂੰ ਇਹਨਾਂ ਮੁੱਦਿਆਂ ਦੇ ਹੱਕ ਵਿੱਚ ਵਰਤਣ ਦੀ ਕੋਈ ਰਣਨੀਤੀ ਜ਼ਰੂਰ ਹੋ ਸਕਦੀ ਹੈ। ਅੱਜ ਦੇ ਸੈਮੀਨਾਰ ਵਿੱਚ ਮੁਖ ਬੁਲਾਰੇ ਸਨ ਉਘੇ ਸਿੱਖ ਸਕਾਲਰ ਰਾਜਵਿੰਦਰ ਸਿੰਘ ਰਾਹੀਂ। ਪੰਥਕ ਸ਼ਖ਼ਸੀਅਤ ਸੁਖਦੇਵ ਸਿੰਘ ਭੌਰ ਪਤਾ ਨਹੀਂ ਕਿਸੇ ਕਾਰਨ ਕਿਓਂ ਨਹੀਂ ਪੁੱਜ ਸਕੇ। ਸਮਾਗਮ ਕਰਵਾਇਆ ਚੰਡੀਗੜ੍ਹ ਦੇ ਸੈਕਟਰ 28 ਵਿੱਚ ਸਥਿਤ ਗੁਰੂ ਗ੍ਰੰਥ ਸਾਹਿਬ ਭਵਨ ਦੇ ਗਿਆਨੀ ਗੁਰਦਿੱਤ ਸਿੰਘ ਲਾਇਬ੍ਰੇਰੀ ਹਾਲ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ। ਇਸ ਸੰਬੰਧੀ ਕੁਝ ਹੋਰ  ਠੋਸ ਕਦਮ ਚੁੱਕੇ ਜਾਣ ਦੀ ਵੀ ਸੰਭਾਵਨਾ ਹੈ। ਇਸ ਵਾਰ ਇਸ ਸੰਘਰਸ਼ ਦੀ ਲੜਾਈ ਹੋਰ ਤਿੱਖੀ ਹੋ ਸਕਦੀ ਹੈ। 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੂਨ 1984 ਵਿੱਚ ਲਾਪਤਾ ਹੋਈ ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਸੱਦੇ ਸੈਮੀਨਾਰ ਉੱਤੇ ਬੋਲਦਿਆਂ ਸਿੱਖ ਬੁੱਧਜੀਵੀਆਂ ਨੇ ਕਿਹਾ ਕਿ ਲਾਇਬਰੇਰੀ ਦਾ ਲਾਪਤਾ ਕਰਨਾ ਸਿੱਖ ਧਾਰਮਿਕ ਅਤੇ ਇਤਿਹਾਸਕ ਵਿਰਸੇ ਨੂੰ ਤਬਾਹ ਕਰਨਾ ਹੈ। ਉਹਨਾਂ ਨੇ ਅਕਾਲੀ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ 37 ਸਾਲ ਤੱਕ ਲਾਇਬਰੇਰੀ ਮੁੱਦੇ ਨੂੰ ਲਮਕਾ ਕੇ ਰੱਖਣ ਦੇ ਦੋਸ਼ੀ ਗਰਦਾਨਦਿਆਂ ਇਸ ਸਬੰਧ ਵਿੱਚ ਅਕਾਲ ਤਖਤ ਉੱਤੇ ਜਾਣ ਦਾ ਫੈਸਲਾ ਵੀ ਕੀਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੰਘ ਸਭਾ ਹਰ ਸਾਲ ਜੂਨ ਮਹੀਨੇ ਨੂੰ ਜੂਨ ਚੌਰਾਸੀ ਦੇ ਸਾਕੇ ਨੂੰ ਸਮਰਪਿਤ ਕਰਿਆ ਕਰੇਗੀ ਤੇ ਸਾਰਾ ਮਹੀਨੇ ਵੱਖ-ਵੱਖ ਮੁੱਦਿਆਂ ’ਤੇ ਸੈਮੀਨਾਰ ਕਰਵਾਇਆ ਜਾਇਆ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਕੇਂਦਰੀ ਸਿੰਘ ਸਭਾ ਅਤੇ  ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਇਸ ਮਸਲੇ ਨੂੰ ਲੈ ਕੇ ਕਾਫੀ ਚਿਰ ਤੋਂ ਸਰਗਰਮ ਹਨ। 

ਇੱਕ ਹੋਰ ਬੁਲਾਰੇ ਨੇ ਦਸਿਆ ਕਿ ਜੂਨ 1984 ਵਿੱਚ ਲੱਗੀ ਜਾਂ ਲਗਾਈ ਗਈ ਇਹ ਅੱਗ ਵੀ ਅਜੀਬ ਸੀ। ਜਿਸਨੇ ਮੇਜ਼ਾਂ ਤੇ ਬਾਹਰ ਪਏ ਵੱਡੇ  ਨੂੰ ਤਾਂ ਨਹੀਂ ਸਾੜਿਆ, ਦਹਾਕਿਆਂ  ਨਾਲ  ਭਰੇ ਕਮਰਿਆਂ ਨੂੰ ਵੀ ਨਹੀਂ ਸਾੜਿਆ ਪਰ ਜੋ ਜੋ ਅਨਮੋਲ ਸੀ ਉਹ ਸਭ ਕੁਝ ਸਾੜਿਆ।  ਮਹਾਰਾਜਾ ਰਣਜੀਤ ਸਿੰਘ ਵੱਲੋਂ ਤੋਹਫੇ ਵੱਜੋਂ ਦਿੱਤੀ ਚਾਂਦਨੀ ਦਾ ਜ਼ਿਕਰ ਵੀ ਛਿੜਿਆ ਤਾਂ ਦੱਸਿਆ ਗਿਆ ਕਿ ਉਹ ਵੀ ਸੁਆਹ ਹੋ ਗਈ।  ਉਸ ਸੁਆਹ ਨੂੰ ਹੱਥਾਂ ਵਿੱਚ ਲੈ ਕੇ ਫਰੋਲਿਆ ਗਿਆ ਤਾਂ ਨਾ ਤਾਂ ਉਸ ਵਿੱਚੋਂ ਹੀਰੇ ਲੱਭੇ ਅਤੇ ਨਾ ਹੀ  ਸੋਨਾ।  ਇਹ ਸਭ ਕੁਝ ਵੀ ਸੁਆਹ ਆਖ ਕੇ ਹੀ ਸਾਰੇ ਮਾਮਲੇ ਤੇ ਮਿੱਟੀ ਪਾ ਦਿੱਤੀ ਗਈ। 

ਇਹਨਾਂ ਕਈ ਨੁਕਤਿਆਂ ਦੇ ਨਾਲ ਨਾਲ ਆਰ ਐਸ ਐਸ ਦੇ ਇਸ਼ਾਰਿਆਂ ਹੇਠ ਕਾਰਸੇਵਾ ਕਰਾਉਣ ਦੀਆਂ ਗੱਲਾਂ ਵੀ ਸੈਮੀਨਾਰ ਵਿੱਚ ਉੱਠੀਆਂ। ਕਾਰਸੇਵਾ ਦੇ ਨਾਮ ਹੇਠ ਅਸਲੀ ਨਿਸ਼ਾਨੀਆਂ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਬਾਰੇ ਵੀ ਸੰਖੇਪ ਜਿਹੀ ਚਰਚਾ ਹੋਈ। ਸਰਕਾਰਾਂ ਨੇ ਬਲਿਊ ਸਟਾਰ ਓਪਰੇਸ਼ਨ ਦੇ ਜਬਰ ਜ਼ੁਲਮ ਮਗਰੋਂ ਜਿਹੜੀਆਂ ਕਲੋਲਾਂ ਸਿੱਖ ਕੌਮ ਨਾਲ ਕੀਤੀਆਂ ਉਹਨਾਂ ਬਾਰੇ ਵੀ ਇਸ਼ਾਰਿਆਂ ਵਿੱਚ ਗੱਲਾਂ ਹੋਈਆਂ। ਅੱਜ ਦੇ ਸੈਮੀਨਾਰ ਵਿੱਚ ਦਿਲਚਸਪ ਗੱਲ ਇਹ ਸੀ ਕਿ ਨਾ ਤਾਂ ਦਲੀਲ ਦਾ ਪੱਲਾ ਹੱਥੋਂ ਛੱਡਿਆ ਗਿਆ ਅਤੇ ਨਾ ਹੀ ਕੋਈ ਭੜਕਾਊ ਸ਼ਬਦਾਵਲੀ ਜਾਂ ਅੰਦਾਜ਼ ਹੀ ਵਰਤਿਆ ਗਿਆ। ਇੱਕੋ ਗੱਲ ਤੇ ਹੀ  ਸੀ ਕਿ ਕਿਸੇ ਨ ਕਿਸੇ ਤਰੀਕੇ ਉਹ ਸਾਰੀਆਂ ਦੁਰਲਭ ਵਸਤਾਂ  ਨੂੰ ਸੌਂਪੀਆਂ ਜਾਣ ਜੇ ਇਸ ਕੰਮ ਲਈ ਪੈਸੇ ਅਸੀਂ ਸਬੰਧਿਤ ਧਿਰਾਂ ਨੂੰ ਪੈਸੇ ਲਈ ਵੀ ਤਿਆਰ ਹਾਂ। 

ਮੁੱਖ ਪਰਚੇ ਨੂੰ ਪੇਸ਼ ਕਰਦਿਆ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ 2004 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਇੱਕ ਪਟੀਸ਼ਨ ਅਹਿਮ ਫੈਸਲਾ ਦਿੱਤਾ ਗਿਆ। ਉਸ ਫੈਸਲੇ ਦੀਆਂ ਸ. ਰਾਹੀ ਨੇ ਪਰਤਾਂ ਖੋਹਲੀਆਂ। ਇਸ ਕੇਸ਼ ਵਿੱਚ ਸੀ.ਬੀ.ਆਈ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ ਗਿਆ ਸੀ। ਸ. ਰਾਹੀ ਨੇ ਕਿਹਾ ਕਿ ਹਾਈਕੋਰਟ ਵੱਲੋਂ ਆਏ ਫੈਸਲੇ ਵਿੱਚ ਸੀ.ਬੀ.ਆਈ ਜੁਆਬ ਦੇ ਚੁੱਕੀ ਹੈ ਕਿ ਫੌਜ ਨੇ ਜੂਨ 1984 ਵਿੱਚ ਸਿੱਖ ਲਾਇਬਰੇਰੀ ਦਾ ਸਮਾਨ ਚੁੱਕਿਆ ਸੀ। ਅਤੇ ਸ਼੍ਰੋਮਣੀ ਕਮੇਟੀ ਨੂੰ ਸਾਰਾ ਵਾਪਸ ਕਰ ਚੁੱਕੀ ਹੈ। ਪਰ ਸ਼੍ਰੋਮਣੀ ਕਮੇਟੀ ਨੇ ਵੀਂ ਹਾਈਕੋਰਟ ਵਿੱਚ ਇਸ ਤੋਂ ਇਨਕਾਰ ਨਹੀਂ ਕੀਤਾ। ਇਸ ਕਰਕੇ, ਸਮਾਨ ਖੁਰਦ-ਬੁਰਦ ਕਰਨ ਦੀ ਮੁੱਖ ਦੋਸ਼ੀ ਸ਼੍ਰੋਮਣੀ ਕਮੇਟੀ ਹੈ ਸ. ਰਾਹੀ ਨੇ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਕੁਝ ਲੋਕ ਵਿਦੇਸ਼ਾਂ ਵਿੱਚ ਦੁਰਲਭ ਬੀੜਾਂ ਦੇ ਦਰਸ਼ਨ ਕਰਵਾ ਆਪਣਾ ਨਾਮਣਾ ਵੀ ਖੱਟਦੇ ਰਹੇ ਹਨ। ਆਖਿਰ ਉਹ ਉਹ ਦੁਰਲਭ ਬੀੜਾਂ ਇਹਨਾਂ ਵਪਾਰੀ ਕਿਸਮ ਦੇ ਲੋਕਾਂ ਤੱਕ ਕਿਵੇਂ ਪਹੁੰਚੀਆਂ। 

ਪੰਜਾਬ ਹਰਿਆਣਾ ਹਾਈਕੋਰਟ ਵਿੱਚ 2002 ਵਿੱਚ ਪਟੀਸ਼ਨ ਪਾਉਣ ਵਾਲੇ ਭਾਈ ਸਤਨਾਮ ਸਿੰਘ ਖੰਡਾ ਵੀ ਸੈਮੀਨਾਰ ਵਿੱਚ ਸ਼ਾਮਿਲ ਸਨ। ਉਹਨਾਂ ਦੇ ਇੱਕ ਇੱਕ ਸ਼ਬਦ ਨੂੰ ਹਾਲ ਵਿੱਚ ਮੌਜੂਦ ਸਭਨਾਂ ਨੇ ਬੜੇ ਹੀ ਧਿਆਨ ਨਾਲ ਸੁਣਿਆ। ਮੀਡੀਆ ਦੇ ਵੱਡੇ ਹਿੱਸੇ ਨੇ ਵੀ ਉਹਨਾਂ ਦੇ ਵਿਚਾਰ ਬਹੁਤ ਬਾਰੀਕੀ ਨਾਲ ਰਿਕਾਰਡ ਕੀਤੇ। ਇਹ ਉਹ ਗੱਲਾਂ ਸਨ  ਲੰਮੇ ਅਰਸੇ ਮਗਰੋਂ ਵੀ  ਹਨ। ਉਹਨਾਂ ਬਹੁਤ ਕੁਝ ਅਜਿਹਾ ਦੱਸਿਆ ਜਿਹੜਾ ਬੇਹੱਦ ਸਨਸਨੀਖੇਜ਼ ਸੀ। ਲਾਇਬ੍ਰੇਰੀ ਵਾਲੇ ਜਮੁੱਦੇ ਨੂੰ ਖੁਰਦ ਬੁਰਦ ਕਰਾਉਣ ਲਈ ਡਰਾਵਿਆਂ ਅਤੇ ਲਾਲਚਾਂ ਦੋਹਾਂ ਦੀ ਝੜੀ ਵੀ ਲੱਗੀ ਰਹੀ।  ਉਹਨਾਂ ਨੇ ਕਿਹਾ ਕਿ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਨੂੰ ਜੱਜ ਨੇ ਬਾਕਾਇਦਾ ਝਾੜਿਆ ਅਤੇ ਝਾੜ ਪਾਉਂਦਿਆਂ ਹੀ ਕਿਹਾ ਸੀ ਕਿ ਏਨੇ ਸਾਲਾਂ ਬਾਅਦ ਉਹ ਇਸ ਕੇਸ ਵਿੱਚ ਪਾਰਟੀ ਨਹੀਂ ਬਣ ਸਕਦੇ। ਇਸ ਕਰਕੇ ਕਮੇਟੀ ਨੂੰ ਸੈਕਿੰਡ ਪਾਰਟੀ ਮੰਨ ਲਿਆ ਗਿਆ ਸੀ। ਉਹਨਾਂ ਕਿਹਾ ਕਿ ਹਾਈਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਫੈਸਲੇ ਤੇ ਸਤੁੰਸ਼ਟ ਨਹੀਂ ਹੈ ਤਾਂ ਸੁਪਰੀਮ ਕੋਰਟ ਜਾ ਸਕਦੀ ਹੈ। ਪਰ ਸ਼੍ਰੋਮਣੀ ਕਮੇਟੀ ਵੀ ਸੁਪਰੀਮ ਕੋਰਟ ਨਹੀਂ ਗਈ। ਉਹਨਾਂ ਕਿਹਾ ਕਿ ਲਾਇਬਰੇਰੀ ਖੁਰਦ-ਬੁਰਦ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੋਵੇਂ ਜ਼ੁੰਮੇਵਾਰ ਹਨ। ਭਾਈ ਸਤਨਾਮ ਸਿੰਘ ਖੰਡਾ ਨੇ ਇਸ ਮੁੱਦੇ ਤੇ ਬੋਲਦਿਆਂ ਬਹੁਤ ਸਾਰੇ  ਪ੍ਰਗਟਾਵੇ ਕੀਤੇ। ਉਹਨਾਂ ਆਪਣੇ ਸੰਘਰਸ਼ ਦੌਰਾਨ ਜੋ ਜੋ ਵਾਪਰਿਆ ਉਸ ਬਾਰੇ ਵੀ ਇਸ਼ਰੀ ਇਸ਼ਾਰਿਆਂ ਵਿੱਚ ਦੱਸਿਆ। ਇਹਨਾਂ ਇਸ਼ਾਰਿਆਂ ਤੋਂ ਆਹਰ ਹੁੰਦਾ ਸੀ ਕਿ ਅਸਲ ਦੋਸ਼ੀ ਕੌਣ ਕੌਣ ਹਨ?
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰੇ ਲਾਲ ਗਰਗ, ਸ਼੍ਰੋਮਣੀ ਕਮੇਟੀ ਮੈੰਬਰ ਅਮਰਿੰਦਰ ਸਿੰਘ, ਦਵਿੰਦਰਪਾਲ ਸਿੰਘ ਪੰਜਾਬ ਡਿਜੀਟਲ ਲਾਇਬਰੇਰੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਪ੍ਰੋਫੈਸਰ ਸ਼ਾਮ ਸਿੰਘ, ਪ੍ਰੋਫੈਸਰ ਹਰਪਾਲ ਸਿੰਘ, ਸਿਕਰੀ ਤੋਂ ਡਾ. ਜਸਵੰਤ ਸਿੰਘ ਵੱਲੋ ਵੀ ਆਪਣੇ ਵਿਚਾਰ ਰੱਖ ਗਏ।
ਸੈਮੀਨਾਰ ਵਿੱਚ ਜਸਪਾਲ ਸਿੰਘ ਢਿੱਲੋਂ, ਇੰਜ. ਗੁਰਪਾਲ ਸਿੰਘ ਸਿੱਧੂ, ਗਿਆਨੀ ਦਿੱਤ ਸਿੰਘ ਫਾਉਂਡੇਸ਼ਨ ਤੋਂ ਇੰਜ. ਸੁਰਿੰਦਰ ਸਿੰਘ ਕਲੌੜ, ਨਵਤੇਜ ਸਿੰਘ, ਨਿਸ਼ਾਨ ਸਿੰਘ ਸੋਢੀ ਜ਼ੀਰਕਪੁਰ, ਭੁਪਿੰਦਰ ਸਿੰਘ ਵਾਲੀਆ ਜ਼ੀਰਕਪੁਰ ਅਤੇ ਪ੍ਰੋਫੈਸਰ ਸਤਨਾਮ ਸਿੰਘ ਸੇਖੋਂ ਆਦਿ ਸ਼ਾਮਿਲ ਸਨ।
ਕੈਫ਼ੀ ਆਜ਼ਮੀ ਸਾਹਿਬ ਦਾ ਇੱਕ ਸ਼ੇਅਰ ਸੀ:
ਵੋ ਤੇਗ ਮਿਲ ਗਈ ਜਿਸ ਸੇ  ਹੂਆ ਥਾ ਕਤਲ ਮੇਰਾ
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ!
ਪਰ ਰੈਫਰੈਂਸ ਲਾਇਬ੍ਰੇਰੀ ਦੇ ਨਾਲ ਆਖਿਰ ਕੀ ਕੀ ਹੋਇਆ ਇਸ ਬਾਰੇ ਖੋਜ ਪੜਤਾਲ ਕਰਨ ਲੱਗੀ ਹੋਈ ਇਸ ਟੀਮ ਨੇ ਭਾਵੇਂ ਉਹਨਾਂ ਹੱਥਾਂ ਦੇ ਨਿਸ਼ਾਨ ਵੀ ਲੱਭ ਲਏ ਹੋਣੇ ਹਨ ਜਿਹਨਾਂ ਨੇ ਇਸ ਨਾਜ਼ੁਕ ਅਤੇ ਦਰਦਭਰੀ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ ਪਰ ਫਿਰ ਵੀ ਇਸ ਕਾਫ਼ਿਲੇ ਨੇ ਆਪਣੇ ਮੂੰਹੋਂ ਕਿਸੇ ਤੇ ਦੋਸ਼ ਨਹੀਂ ਲਾਇਆ ਨਾ ਹੀ ਲਾਉਣਾ ਹੈ। ਇਸ ਟੀਮ ਨੇ ਸਭ ਕੁਝ ਬੜੇ ਹੀ ਸਬੂਤਾਂ ਨਾਲ ਸਭਨਾਂ ਦੇ ਸਾਹਮਣੇ ਲਿਆ ਕੇ ਰੱਖਣਾ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਉਣ ਦੀਆਂ ਵੀ ਤਿਆਰੀਆਂ ਹਨ ਜਿਹੜੀ ਨਿਸਚਿਤ ਸਮੇਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਲਿਆਵੇਗੀ। ਜਿਸ ਤਰ੍ਹਾਂ ਫੌਰੈਂਸਿਕ ਸਾਇੰਸ ਦੇ ਮਾਹਰ ਲੋਕ ਸਭ ਕੁਝ ਲੱਭ ਲਿਆਉਂਦੇ ਹਨ  ਮਾਹਿਰਾਂ ਦੀਆਂ ਸੇਵਾਵਾਂ ਇਹ ਟੀਮ ਵੀ ਲਵੇਗੀ। 

Thursday, June 10, 2021

ਕਿਸਨੇ ਦਿੱਤੀ ਸੀ ਸੰਤਾਂ ਨੂੰ ਪਿੰਡਾਂ ਵਿੱਚ ਗੁਰੀਲਾ ਦਸਤੇ ਬਣਾਉਣ ਦੀ ਸਲਾਹ?

ਰਾਜਵਿੰਦਰ ਸਿੰਘ ਰਾਹੀ ਵੱਲੋਂ ਵੱਖ ਵੱਖ ਹਵਾਲਿਆਂ ਨਾਲ ਵਿਸ਼ੇਸ਼ ਪ੍ਰਗਟਾਵੇ          


ਰਾਜਵਿੰਦਰ ਸਿੰਘ ਰਾਹੀ ਵੱਲੋਂ ਲਿਖੀਆਂ ਲਿਖਤਾਂ ਮੁੱਦੇ ਵੀ ਉਠਾਉਂਦੀਆਂ ਹਨ ਅਤੇ ਉਸ ਮੁੱਦੇ ਨੂੰ ਲੈ ਕੇ ਦਲੀਲਾਂ  ਵੀ ਦੇਂਦੀਆਂ ਹਨ। ਪਿਛਲੇ ਕੁਝ ਕੁ ਸਾਲਾਂ ਤੋਂ ਕਈ ਖੱਬੇਪੱਖੀਆਂ ਨੇ ਕਈ ਲਿਖਤਾਂ ਦਾ ਬੁਰਾ ਵੀ ਮਨਾਇਆ ਹੈ। ਇਸਦੇ ਬਾਵਜੂਦ ਇਹਨਾਂ ਲਿਖਤਾਂ ਦਾ ਆਉਣਾ ਅਤੇ ਪ੍ਰਚਾਰੇ ਜਾਣਾ ਜਾਰੀ ਹੈ। ਸੱਚ ਨੂੰ ਲੁਕਾਉਣ ਲਈ ਫੈਲਾਏ ਜਾਂਦੇ ਭੰਬਲਭੂਸੇ ਨੂੰ ਚੀਰਨ ਲਈ ਅਜਿਹੇ ਵਰਤਾਰੇ ਸਹਾਇਕ ਵੀ ਬਣਦੇ ਹਨ। ਨਕਸਲੀਆਂ ਵਿੱਚੋਂ ਕੌਣ ਕੌਣ ਸੰਤਾਂ ਵਾਲੇ ਪਾਸੇ ਸੀ? ਇਸ ਸੁਆਲ ਬਾਰੇ ਚਰਚਾ ਪੜ੍ਹੋ ਇਸ ਲਿਖਤ ਵਿੱਚ। --ਸੰਪਾਦਕ

ਕਿਸਾਨ ਮੋਰਚੇ ਦੀ ਰਸਾਕਸੀ ਦੌਰਾਨ ਬਹੁਤ ਹੀ ਨੀਵੇਂ ਦਰਜੇ ਦੀ  ਸਿੱਖ ਬਨਾਮ ਕਾਮਰੇਡ ਸ਼ਬਦੀ ਜੰਗ ਚੱਲੀ ਹੈ। ਕਾਮਰੇਡਾਂ ਦੇ ਕਈ ਗਰੁਪ ਤੇ ਪਾਰਟੀਆਂ ਹੋਣ ਕਾਰਨ ਨਿੰਦਣ ਭੰਡਣ ਵਾਲਿਆਂ ਨੂੰ ਬਹੁਤ ਘੱਟ ਜਾਣਕਾਰੀ ਹੈ, ਉਹ ਸਾਰੇ ਕਾਮਰੇਡਾਂ ਨੂੰ ਇੱਕੇ ਰੱਸੇ  ਬੰਨ੍ਹ ਲੈਂਦੇ ਹਨ।ਪਿਛਲੇ ਦਿਨੀਂ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਉਹਨਾਂ ਦੋ ਕਾਮਰੇਡਾਂ ਦਾ ਜਿਕਰ ਕੀਤਾ ਹੈ ,ਜੋ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਬਹੁਤ ਨੇੜੇ ਸਨ।ਇਹ ਸਨ ਭਾਈ ਨਛੱਤਰ ਸਿੰਘ ਰੋਡੇ ਤੇ ਪੱਤਰਕਾਰ ਦਲਵੀਰ ਸਿੰਘ! ਇਸ ਨਾਲ ਮੈਨੂੰ ਹੋਰ ਕਾਮਰੇਡਾਂ ਦੀ ਵੀ ਯਾਦ ਆ ਗਈ ਜੋ ਸੰਤਾਂ ਦੇ ਨੇੜੇ ਸਨ। ਉਹਨਾਂ ’ਚੋਂ ਇੱਕ ਸਨ ਕਾਮਰੇਡ ਪਾਲ ਸਿੰਘ ਭੁੱਲਰ ਪਿੰਡ ਜੇਠੂ ਨੰਗਲ ਜ਼ਿਲਾ ਸ੍ਰੀ ਅੰਮ੍ਰਿਤਸਰ। ਉਹਨਾਂ ਦਾ ਜਨਮ ਸੰਨ 1914 ਦਾ ਸੀ, ਉਹਨਾਂ ਨੇ ਲਹੌਰ ਤੋਂ ਐਫ.ਐਸ.ਸੀ ਕੀਤੀ ਹੋਈ ਸੀ। ਉਹਨਾਂ ਬਾਰੇ ਅਗਲੀ ਜਾਣਕਾਰੀ ਪ੍ਰਸਿੱਧ ਕਹਾਣੀਕਾਰ ਸਵ:ਰਘੁਬੀਰ ਢੰਡ ਦੀ ਸਵੈ ਜੀਵਨੀ ‘ਉਮਰੋਂ ਲੰਮੀ ਬਾਤ’ ਦੇ ਹਵਾਲੇ ਨਾਲ ਦੇਵਾਂਗੇ। 1954 ਵਿਚ ਰਘੁਬੀਰ ਦੀ ਪੋਸਟਿੰਗ ਵੇਰਕੇ  ਦੇ ਸਕੂਲ ਵਿੱਚ ਹੋਈ। ਉਸੇ ਸਕੂਲ ਵਿੱਚ ਪਾਲ ਸਿੰਘ ਭੁੱਲਰ ਆ ਗਏ।ਰਘੁਬੀਰ ਉਹਨਾਂ ਨੂੰ ਆਪਣਾ ਸਿਆਸੀ ਤੇ ਸਾਹਿਤਕ ਗੁਰੁ ਮੰਨਦਾ ਹੈ। ਪਾਲ ਸਿੰਘ ਭੁੱਲਰ ਦੀ ਸੰਗਤ ਨਾਲ ਉਸ ’ਤੇ ਕਮਿਉਨਿਸਟ ਵਿਚਾਰਧਾਰਾ ਦਾ ਗੂਹੜਾ ਰੰਗ ਚੜਿਆ, ਉਹ ਤਾਅ ਉਮਰ ਕਮਿੳੇੁਨਿਸਟ ਰਹੇ। ਪਾਲ ਸਿੰਘ ਭੁੱਲਰ ਦੇ ਸ਼ਖਸ਼ੀਗੁਣਾਂ ਦਾ ਜ਼ਿਕਰ ਢੰਡ ਦੋ ਪੰਨਿਆਂ ’ਚ  ਕਰਦੇ ਹਨ। ਪਾਲ ਸਿੰਘ ਭੁੱਲਰ ਸਿਰੇ ਦਾ ਨਿਮਰ, ਮਿਠ ਬੋਲੜਾ, ਸ਼ਰਾਫਤ ਤੇ ਸਲੀਕੇ ਦੀ  ਮੂਰਤ ਸੀ। ਢੰਡ ਲਿਖਦਾ ਹੈ ,  “ਜਦੋਂ ਉਹ ਬਹਿਸ ਕਰਦੇ ਹਨ ਤਾਂ ਇੰਨੀ ਸ਼ਾਤੀ ਤੇ ਠਰੰਮੇ ਨਾਲ ਕਰਦੇ ਹਨ ਕਿ ਜੇ ਵਿਰੋਧੀ ਗਾਲ੍ਹਾਂ ਵੀ ਕੱਢੇ ਤਾਂ ਉਹ ਆਪਣੀ ਸ਼ਾਂਤੀ ਤੇ ਠਰੰਮੇ ਨੂੰ ਕਦੇ ਨਹੀਂ ਤਿਆਗਦੇ।…ਉਹਨਾਂ ਦੀ ਮਿਸਾਲੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਮੈਂ ਮਾਰਕਸਵਾਦੀ ਬਣਿਆ।… ਆਪਣੇ ਮਤਲਬ ਲਈ ਤਾਂ ਉਹਨਾਂ ਨੇ ਜ਼ਿੰਦਗੀ ਭਰ ਇੱਕ ਵੀ ਕੰਮ ਨਹੀਂ ਕੀਤਾ ਹੋਵੇਗਾ। ਮੈਂ ਅੱਜ ਵੀ ਬਹੁਤ ਵਿਸ਼ਵਾਸ ਨਾਲ ਆਖਾਂਗਾ ਕਿ ਮੈਂ ਆਪਣੀ ਜ਼ਿੰਦਗੀ ’ਚ ਉਹਨਾਂ ਵਰਗਾ ਨਫੀਸ ਇਨਸਾਨ ਘੱਟ ਹੀ ਵੇਖਿਆ” ਜਦ ਪਾਲ ਸਿੰਘ  ਭੁੱਲਰ ਤੇ ਢੰਡ ਪਹਿਲੀ ਵਾਰ ਮਿਲੇ ਸਨ ਤਾਂ ਪਾਲ ਸਿੰਘ ਭੁੱਲਰ ਦੇ ਝੋਲੇ ਵਿਚ ਤਾਲਸਤਾਏ ਦਾ ਨਾਵਲ ‘War and Peace’ ਸੀ।

 ਹੁਣ  ਮੈਂ ਆਪਣੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ। 1981-82 ਵਿੱਚ ਜਦ ਧਰਮ ਯੁੱਧ ਮੋਰਚਾ ਲੱਗਿਆ ਤਾਂ ਖੱਬੇ ਪਰਚਿਆਂ ਦੇ ਨਾਲ ਹੀ ‘ਪੰਜਾਬੀ ਕੌਮ’ ਨਾਂ ਦਾ ਇੱਕ ਹੋਰ ਪੇਪਰ ਆਉਣ ਲੱਗਿਆ।ਉਸ ਦੀ ਜਿਹੜੀ ਗੱਲ ਨੇ ਧਿਆਨ ਖਿੱਚਿਆ, ਉਹ ਸੀ ਟਾਈਟਲ ਪੰਨੇ ’ਤੇ ਦਾਤੀ ਹਥੌੜੇ ਦੇ ਨਿਸ਼ਾਨ  ਨਾਲ  ਖੰਡੇ ਦਾ ਨਿਸ਼ਾਨ ਛਪਿਆ ਹੋਣਾ! ਪਰਚੇ ਦੇ ਸੰਪਾਦਕ ਸਨ ਪਾਲ ਸਿੰਘ ਭੁੱਲਰ ਤੇ ਪ੍ਰਕਾਸ਼ਕ ਸਨ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਤੇ ਉਹਨਾਂ ਦੇ ਘਰ ਗੁਰੂੁ ਖਾਲਸਾ ਨਿਵਾਸ ਦਾ ਹੀ ਪਤਾ ਛਪਿਆ ਹੁੰਦਾ ਸੀ।ਕਮਿਉਨਿਸਟ ਹਲਕਿਆਂ ’ਚ ਇਸ ਪਰਚੇ ਨੂੰ ਅਚੰਭੇ ਤੇ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਗਿਆ, ਕਿਓਂਕਿ  ਅੱਜ  ਦੇ ਸਿੱਖ ਚਿੰਤਕ ਅਜਮੇਰ ਸਿੰਘ ਸਮੇਤ ਨਕਸਲੀ ਗਰੁਪ ਤੇ ਕਮਿਉਨਿਸਟ ਪਾਰਟੀਆਂ ਅਕਾਲੀ ਮੋਰਚੇ ਨੂੰ ਫਿਰਕਾਪ੍ਰਸਤੀ ਕਹਿ ਕੇ ਭੰਡ ਰਹੀਆਂ ਸਨ। ਜਦ ਸਿਆਸੀ ਮੰਜ਼ਰ ’ਤੇ ਸੰਤ ਜਰਨੈਲ ਸਿੰਘ ਵਾਰਦ ਹੋਏ ਤਾਂ ਪਾਲ ਸਿੰਘ ਭੁੱਲਰ ਸੰਤਾਂ ਕੋਲ ਜਾਣ ਲੱਗ ਪਿਆ। ਮਈ 1984 ਦੇ ਅਖੀਰ ’ਚ ਪਾਲ ਸਿੰਘ ਭੁੱਲਰ ਨੇ ਸ੍ਰੀ ਦਰਬਾਰ ਸਾਹਿਬ ਵੱਲ ਚੜੀ ਆਉਂਦੀ ਕਾਲ਼ੀ ਬੋਲ਼ੀ ਹਨੇਰੀ ਨੂੰ ਭਾਂਪ ਲਿਆ ਸੀ। ਉਸ ਨੇ ਸੰਤਾਂ ਨੂੰ ਸਲਾਹ ਦਿੱਤੀ ਕਿ ਇੱਥੇ ਹਥਿਆਰ ਜਮ੍ਹਾਂ ਕਰਨ ਦੀ ਵਜਾਏ ਪਿੰਡਾਂ ਵਿੱਚ ਗੁਰੀਲਾ ਦਸਤੇ ਕਾਇਮ ਕੀਤੇ ਜਾਣ, ਜਦ ਫੌਜ ਚੜ੍ਹ ਕੇ ਆਵੇ ਤਾਂ ਉਹ ਦਸਤੇ ਥਾਂਓ ਥਾਂਈ  ਹਮਲੇ ਕਰ ਦੇਣ ਤੇ ਇਸ ਤਰਾਂ ਫੌਜ ਦੀ ਸਪਲਾਈ ਲਾਈਨ ਕੱਟੀ ਜਾਵੇਗੀ। ਪਾਲ ਸਿੰਘ ਭੁੱਲਰ ਨੇ ਮਾਓ ਜੇ ਤੁੰਗ ਦੀ ਗੁਰੀਲਾ ਯੁੱਧ ਨੀਤੀ ਪੜ੍ਹੀ ਹੋਈ ਸੀ। ਪਰ ਇਹ ਯੋਜਨਾ ਸਿਰੇ ਚੜਾਉਣ ਦਾ ਵਕਤ ਹੀ ਨਹੀਂ ਰਿਹਾ ਸੀ।ਕਲਪਣਾ ਕਰ ਸਕਦੇ ਹਾਂ ਕਿ  ਜੇ ਪਾਲ ਸਿੰਘ ਭੁੱਲਰ ਵਾਲੀ ਯੁੱਧ ਨੀਤੀ ਲਾਗੂ ਹੋ ਜਾਂਦੀ ਤਾਂ ਇਸ ਜੰਗ ਤੇ ਇਤਿਹਾਸ ਦਾ ਰੰਗ ਢੰਗ ਹੋਰ ਹੀ ਹੋਣਾ ਸੀ। ਪਰ ਇਹ ਕੁਲੈਹਣੀ ‘ਜੇ’ ਕਿਸੇ ਦੇ ਹੱਥ ਨਹੀਂ ਆਉਂਦੀ।

ਜੂਨ 84 ਤੋਂ ਬਾਦ ਜਦ ਕੁਛ ਕੁ ਕਮਿਉਨਿਸਟ ਧਿਰਾਂ ਨੂੰ ਛੱਡ ਕੇ ਬਾਕੀ ਸਭ ਸਰਕਾਰ ਦੀ ਬੋਲੀ ਬੋਲਣ ਲੱਗ ਪਏ ਤਾਂ ਪਾਲ ਸਿੰਘ ਭੁੱਲਰ ਨੇ ਗੁਰਸ਼ਰਨ ਸਿੰਘ  ਵਲੋਂ ਛਾਪੇ ਜਾਂਦੇ ਮਾਸਕ ਪਰਚੇ ‘ਸਮਤਾ’ ਵਿਚ ਕਮਿਉਨਿਸਟ ਧਿਰਾਂ ਨੂੰ ਵੰਗਾਰਿਆ ਕਿ ਉਹਨਾਂ ਨੇ ਮਾਰਕਸਵਾਦ-ਲੈਨਿਨਵਾਦ ਪਾੜ ਸੁੱਟਿਆ ਹੈ। ਮਾਰਕਸਵਾਦ-ਲੈਨਿਨਵਾਦ ਬਾਰੇ ਉਨਾਂ ਨੂੰ ਕਿੰਨਾਂ ਕੁ ਗਿਆਨ ਸੀ, ਇਸਦਾ ਅੰਦਾਜ਼ਾ ਮੈਨੂੰ ਸਾਡੀ ਪਹਿਲੀ ਮੁਲਾਕਾਤ ਸਮੇਂ ਬਰਨਾਲੇ 1988 ’ਚ ਲੱਗਿਆ। ਉਥੇ ਨਕਸਲੀਆਂ ਦੇ ਹਾਰਡਕੋਰ ਗਰੁੱਪ ਵਜੋਂ ਜਾਣੇ ਜਾਂਦੇ ਚਾਰੂ ਮਾਜ਼ੂਮਦਾਰ ਦੇ ਗਰੁੱਪ ਨੇ ਤਿੰਨ ਰੋਜ਼ਾ ਕਾਨਫਰੰਸ ਰੱਖੀ ਹੋਈ ਸੀ। ਉਦੋਂ ਇਸ ਗਰੁਪ ਦਾ ਆਗੂ ਜੰਮੂ-ਕਸ਼ਮੀਰ ਦਾ ਬਜ਼ੁਰਗ ਨਕਸਲੀ ਆਰ.ਪੀ ਸ਼ਰਾਫ ਸੀ। ਉਸ ਕਾਨਫਰੰਸ ਵਿਚ ਇਸ ਗਰੁਪ ਨੇ ਖੁੱਲਮ-ਖੁੱਲਾ ਕਾਨੂੰਨੀ ਕੰਮ ਕਰਨ ਦਾ ਐਲਾਨ ਕਰਨਾ ਸੀ। ਕਾਨਫਰੰਸ ਵਿੱਚ ਸ਼ਰਾਫ ਸਾਹਿਬ (ਜਿੰਨਾਂ ਨੂੰ ਪੰਡਤ ਜੀ ਆਖਿਆ ਜਾਂਦਾ ਸੀ) ਸਮੇਤ ਤਿੰਨ ਨਕਸਲੀ ਲੰਬੀ ਰੂਪੋਸ਼ੀ  ’ਚੋਂ ਬਾਹਰ ਆਏ ਸਨ,ਬਾਬਾ ਠਾਕਰ ਦਾਸ ਕੁਤਬੇਵਾਲ (ਨੇੜੇ ਗੁਰਾਇਆਂ) ਰੂਪ ਸਿੰਘ ਮਾਹਮਦ ਪੁਰ (ਨੇੜੇ ਮਲੇਰਕੋਟਲਾ)। ਇਸ ਕਾਨਫਰੰਸ ਵਿੱਚ ਜਸਵੰਤ ਸਿੰਘ ਖਾਲੜਾ ਪਾਲ ਸਿੰਘ ਭੁੱਲਰ ਨੂੰ ਲੈ ਕੇ ਆਇਆ ਸੀ। ਪਹਿਲੀ ਨਜ਼ਰੇ ਮੈਨੂੰ ਜਸਵੰਤ ਸਿੰਘ ਕੰਵਲ ਦਾ ਭੁਲੇਖਾ ਲੱਗਿਆ। ਦੁੱਧ ਚਿੱਟੀ ਦਾਹੜੀ, ਤੂਤ ਦੀ ਛਟੀ ਵਰਗਾ ਛਾਂਟਵਾ ਸਰੀਰ, ਲੰਬਾ ਕੱਦ ਤੇ ਤਿੱਖੀ ਚੁੰਝ ਵਾਲੀ ਸੁਰਮਈ ਪੱਗ!

ਕਾਨਫਰੰਸ ਵਿਚ ਸ਼ਰਾਫ ਸਾਹਿਬ ਨੇ ਆਪਣੇ ਤਿੰਨ ਘੰਟੇ ਦੇ ਲੰਬੇ ਭਾਸ਼ਣ ਵਿਚ ਕਿਹਾ ਅਸੀਂ ਕਿ ਹੁਣ ਕਮਿਉਨਿਸਟ ਨਹੀਂ ਰਹੇ,ਮਾਰਕਸਵਾਦ-ਲੈਨਿਨਵਾਦ-ਮਾਓਵਾਦ ਵੇਲਾ ਵਿਹਾ ਚੁਕਿਆ ਹੈ, ਸਾਡੀ ਪਾਰਟੀ ਖੁੱਲਾ ਕੰਮ ਕਰੇਗੀ ਤੇ ਚੋਣਾਂ ’ਚ ਭਾਗ ਲਵੇਗੀ। ਉਸ ਤੋਂ ਬਾਦ ਬੋਲਣ ਦੀ ਵਾਰੀ ਪਾਲ ਸਿੰਘ ਭੁੱਲਰ ਦੀ ਸੀ, ਉਸ ਨੇ ਆਪਣੀ ਗੱਲ ਅੰਗਰੇਜੀ ’ਚ ਪੂਰੀ ਰਵਾਨਗੀ ਨਾਲ ਰੱਖੀ। ਉਸ ਦੀ ਆਵਾਜ਼ ਮੁਲਾਇਮ, ਮਧੁਰ ਅਤੇ ਡਾਢੀ ਸ਼ਾਤਮਈ ਸੀ। ਉਹ ਮਾਰਕਸਵਾਦ-ਲੈਨਿਨਵਾਦ ਦੇ ਹੱਕ ’ਚ ਹਿੱਕ ਡਾਹ ਕੇ ਖੜ ਗਿਆ ਸੀ। ਉਹ ਮਾਰਕਸਵਾਦ-ਲੈਨਿਨਵਾਦ ਦੇ ਗਰੰਥਾਂ ਦਾ ਵੱਡਾ ਝੋਲਾ ਭਰ ਕੇ ਲਿਆਇਆ ਸੀ। ਉਹ ਜਿਲਦਾਂ ਖੋਲ੍ਹ ਖੋਲ੍ਹ ਸ਼ਰਾਫ ਸਾਹਿਬ ਅੱਗੇ ਕਰ ਰਿਹਾ ਸੀ, ਜਿਵੇਂ ਚੰਗਾਂ ਬਜਾਜ ਥਾਨ ਖੋਹਲ ਖੋਹਲ ਗਾਹਕ ਨੂੰ ਘੁੰਮਣ ਘੇਰੀਆਂ ਵਿੱਚ ਪਾ ਦਿੰਦਾ ਹੈ।ਕਾਨਫਰੰਸ ਦੇ ਤਿੰਨੇ ਦਿਨ ਪਾਲ ਸਿੰਘ ਭੁੱਲਰ ਨੇ ਪੈਰ ਪੈਰ ’ਤੇ ਸ਼ਰਾਫ ਸਾਹਿਬ ਨਾਲ ਆਢਾ ਲਿਆ ਸੀ। ਸ਼ਰਾਫ ਸਾਹਿਬ ਤਾਂ ਕਈ ਵਾਰ ਤਲਖ ਹੋਏ ਸਨ, ਮਜ਼ਾਲ ਐ ਪਾਲ ਸਿੰਘ ਭੁੱਲਰ ਨੇ ਕਦੇ ਦਲੀਲ ਤੇ ਸਹਿਜ ਦਾ ਪੱਲਾ ਛੱਡਿਆ ਹੋਵੇ। ਮੇਰੀ ਉਸ ਵਿੱਚ ਪਹਿਲੇ ਦਿਨ ਹੀ ਦਿਲਚਸਪੀ ਜਾਗ ਪਈ ਸੀ। ਕਾਨਫਰੰਸ ਤੋਂ  ਵੇਹਲੇ ਹੋ ਕੇ ਅਸੀਂ ਕੁਛ ਨੌਜੁਆਨਾਂ ਨੇ ਪਾਲ ਸਿੰਘ ਭੁੱਲਰ ਦੇ ਨੇੜੇ ਹੋ ਜਾਣਾ ਤੇ ਉਸ ਨੂੰ ਸੁਆਲ ਪੁੱਛਣੇ। ਉਹ ਖਾੜਕੂ ਸਿੱਖ ਸੰਘਰਸ਼ ਨੂੰ ਵੀ ਮਾਰਕਸਵਾਦ- ਲੈਨਿਨਵਾਦ ਦੇ ਹਵਾਲੇ ਦੇ ਦੇ ਕੇ ਲੋਕ ਯੁੱਧ ਸਾਬਤ ਕਰ ਰਿਹਾ ਸੀ। 

ਪਾਲ ਸਿੰਘ ਭੁੱਲਰ ਨਾਲ ਮੇਰੀ ਦੂਜੀ ਮੁਲਾਕਾਤ ਸ੍ਰੀ ਅੰਮ੍ਰਿਤਸਰ ਵਿੱਚ 1992-93 ਦੌਰਾਨ ਹੋਈ,ਜਦ ਪੰਜਾਬ ਖੂਨ ਨਾਲ ਭਰੀ ਥਾਲੀ ਵਾਂਗ ਛਲਕ ਰਿਹਾ ਸੀ; ਸਟੇਟ ਜਬਰ ਜੋਰਾਂ ’ਤੇ ਸੀ। ਮੈਂ ਤੇ ਮੇਰਾ ਮਿੱਤਰ ਅਮਰਜੀਤ ਕੰਵਰ ਕਵੀ ਪ੍ਰਮਿੰਦਰਜੀਤ ਕੋਲ ਕੋਈ ਮੈਟਰ ਛਪਵਾਉਣ ਲਈ ਗਏ ਹੋਏ ਸਾਂ। ਪ੍ਰਮਿੰਦਰਜੀਤ ਬੱਸ ਸਟੈਂਡ ਦੇ ਸਾਹਮਣੇ ਪੁਰਾਣੀ ਜਿਹੀ ਇਮਾਰਤ ’ਚੋਂ ਅੱਖਰ ਨਾਂ ਦਾ ਮੈਗਜ਼ੀਨ ਕੱਢਦਾ ਸੀ ਤੇ ਲੋਅ ਪ੍ਰਿੰਟਰਜ ਨਾਂ ਦਾ ਛਾਪਾਖਾਨਾ ਚਲਾਉਂਦਾ ਸੀ। ਸਾਡੇ ਬੈਠਿਆਂ ਤੋਂ ਜਸਵੰਤ ਸਿੰਘ ਖਾਲੜਾ ਤੇ ਪਾਲ ਸਿੰਘ ਭੁੱਲਰ ਵੀ ਆ ਗਏ। ਪ੍ਰਮਿੰਦਰਜੀਤ ਨੇ ਉਠ ਕੇ ਜਿਸ ਤਰਾਂ ਪਾਲ ਸਿੰਘ ਭੁੱਲਰ ਦੇ ਗੋਡੀਂ ਹੱਥ ਲਾਏ, ਸਪੱਸ਼ਟ ਸੀ ਕਿ ਉਹਨਾਂ ਦੇ ਮਨ ਵਿੱਚ ਇਸ ਸ਼ਖਸ਼ੀਅਤ ਪ੍ਰਤੀ ਡਾਢਾ ਸਤਿਕਾਰ ਸੀ।ਪਾਲ ਸਿੰਘ ਭੁੱਲਰ ਨੇ ਕਿਹਾ ਕਿ ਉਹ ਕੋਈ ਪੈਂਫਲਿਟ ਛਪਵਾਉਣਾ ਚਾਹੁੰਦੇ ਹਨ, ਜੋ ਸ਼ਾਇਦ ਮਾਝੇ ’ਚ ਪੁਲਸ ਜਬਰ ਦੇ ਖਿਲਾਫ ਸੀ। ਉਹਨਾਂ ਮੁਤਾਬਕ ਅੰਮ੍ਰਿਤਸਰ ਦੀਆਂ ਪਰੈਸਾਂ ਨੇ ਛਾਪਣ ਤੋਂ ਇਨਕਾਰ ਕਰ ਦਿਤਾ ਸੀ। ਪ੍ਰਮਿੰਦਰਜੀਤ ਨੇ ਕਿਹਾ ਲਿਆਓ ਮੈਟਰ ਕਿਥੇ ਹੈ? ਪਾਲ ਸਿੰਘ ਨੇ ਹੌਲੀ ਹੌਲੀ ਪੱਗ ਦੇ ਪੇਚ ਖੋਹਲਣੇ ਸੁਰੂ ਕਰ ਦਿੱਤੇ। ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਵਰਕੇ ਉਹਨਾਂ ਨੇ ਪੱੱਗ ਦੀ ਪੂਣੀ ’ਚ ਲੁਕੋਏ ਹੋਏ ਸਨ। ਇਹ ਰੂਪੋਸ਼ ਕਾਮਰੇਡਾਂ ਵਾਲੀ ਚੌਕਸੀ ਸੀ। ਮੇਰਾ ਖਿਆਲ ਹੈ ਕਿ ਜਸਵੰਤ ਸਿੰਘ ਖਾਲੜਾ ਨੂੰ ਖਾੜਕੂ ਵਿਚਾਰਧਾਰਾ ਵਾਲੇ ਪਾਸੇ ਲਿਆਉਣ ਵਾਲੇ ਵੀ ਪਾਲ ਸਿੰਘ ਭੁੱਲਰ ਹੀ ਸਨ।

                     ਪਾਲ ਸਿੰਘ ਭੁੱਲਰ ਨਾਲ ਤੀਜੀ ਤੇ ਆਖਰੀ ਮੁਲਾਕਾਤ 1999 ’ਚ ਸਰਸੇ ਤੋਂ ਪਰਲੇ ਪਾਸੇ ਜਗ ਮਲੇਰਾ ਪਿੰਡ ਵਿੱਚ ਹੋਈ ਸੀ। ਲੋਕ ਕਵੀ ਸੰਤ ਰਾਮ ਉਦਾਸੀ ਦੇ ਦੋ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਤੇ ਪ੍ਰਕਾਸ਼ ਸਿੰਘ ਘਾਰੂ ਇਸ ਪਿੰਡ ਵਿੱਚ ਰਹਿੰਦੇ ਸਨ। ਗੁਰਦਾਸ ਸਿੰਘ ਘਾਰੂ ਨਾਲ ਮੇਰਾ ਪਿਉ ਪੁੱਤ ਵਾਲਾ ਰਿਸ਼ਤਾ ਸੀ, ਉਹ ਮੇਰੇ ਪਿਤਾ ਜੀ ਦੇ ਦੋਸਤ ਸਨ; ਬਰਨਾਲੇ ਇਲਾਕੇ ’ਚ ਛੂਤ-ਛਾਤ ਵਿਰੁੱਧ ਉਹ ਇਕੱਠੇ ਸੰਘਰਸ਼ ਕਰਦੇ ਰਹੇ ਸਨ, ਬਾਦ ’ਚ ਨਕਸਲੀਆਂ ਦੀ ਸਾਹਿਤਕ ਜਥੇਬੰਦੀ ਕਰਾਂਤੀਕਾਰੀ ਸਾਹਿਤ ਸਭਾ ਵਿੱਚ ਅਸੀਂ ਇਕੱਠੇ ਹੋ ਗਏ ਸਾਂ। ਜਦ ਸ਼ਾਮ ਨੂੰ ਮੈਂ ਤੇ ਗੁਰਦਾਸ ਸਿੰਘ ਘਾਰੂ ਸੈਰ ਕਰਨ ਲਈ ਨਿਕਲੇ ਤਾਂ ਸਾਹਮਣਿਓ ਪਾਲ ਸਿੰਘ ਭੁੱਲਰ ਨਜ਼ਰ ਆਏ। ਉਹਨਾਂ ਨੂੰ ਅਚਨਚੇਤ ਦੇਖ ਕੇ ਖੁਸ਼ੀ ਭਰੀ ਹੈਰਾਨੀ ਹੋਈ! ਉਹ ਬਹੁਤ ਹੀ ਪਿਆਰ ਤੇ ਨਿੱਘ ਨਾਲ  ਮਿਲੇ। ਉਹਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਉਸ ਦੀਆਂ ਦੋ ਭੈਣਾਂ ਹਨ, ਜੋ ਚੰਗੀ ਜਾਇਦਾਦ ਵਾਲੇ ਨਾਮਧਾਰੀ ਪ੍ਰਵਾਰ ਹਨ। ਉਦੋਂ ਕੇ.ਪੀ.ਐਸ ਗਿੱਲ ਦੀ ਕਿਤਾਬ Knights of Falsehood  ਛਪ ਕੇ ਆਈ ਸੀ, ਪਾਲ ਸਿੰਘ ਭੁੱਲਰ ਨੇ ‘ਸਿੱਖ ਕੌਮ ਦੇ ਸੱਚੇ ਸੂਰਮੇ’ ਪੁਸਤਕ ਲਿਖ ਕੇ ਉਸ ਦਾ ਬਾਦਲੀਲ ਉਤਰ ਦਿੱਤਾ ਸੀ।ਉਸ ਨੇ ਆਪਣੇ ਹੱਥੀਂ ਦਸਖਤ ਕਰਕੇ ਦੋ ਕਾਪੀਆਂ ਮੈਨੂੰ ਦਿੱਤੀਆਂ। ਇਸ ਤੋਂ ਬਾਦ ਮੈਂ ਜ਼ਿੰਦਗੀ ਦੇ ਥਪੇੜਿਆਂ ਵਿੱਚ ਰੁਲ਼ ਗਿਆ ਤੇ ਭੁੱਲਰ ਸਾਹਿਬ ਨਾਲ ਚਾਹੁੰਦੇ ਹੋਏ ਵੀ ਤਾਲਮੇਲ ਨਾ ਰੱਖ ਸਕਿਆ।

ਪਾਲ ਸਿੰਘ ਭੁੱਲਰ ਦੀ ਪਤਨੀ  ਗੁਰਦਿਆਲ  ਕੌਰ ਵੀ ਜਬ੍ਹੇਦਾਰ ਔਰਤ ਸੀ। ਜਦ 1998 ਦੇ ਕਰੀਬ ਭਾਅ ਜੀ ਕਰਮਜੀਤ ਸਿੰਘ ਨੇ ਚੰਡੀਗੜ ਤੋਂ ‘ਸ਼ਹਾਦਤ’ ਨਾਂ ਦਾ ਮੈਗਜ਼ੀਨ ਕੱਢਿਆ ਤਾਂ ਉਹਨਾਂ ਨੇ ਮਾਤਾ ਗੁਰਦਿਆਲ ਕੌਰ ਦਾ ਰੇਖਾ ਚਿਤਰ ਲਿਿਖਆ ਸੀ,ਜਿਸ ਤੋਂ ਮਾਤਾ ਸਿੱਖ ਕੌਮ ਦੀ ਸ਼ੀਹਣੀ ਤੇ ਪੰਜਾਬਣ ਔਰਤ ਦਾ ਰੋਲ ਮਾਡਲ ਪ੍ਰਤੀਤ ਹੁੰਦੀ ਸੀ।ਭਾਅ ਜੀ ਕਰਮਜੀਤ ਮੁਤਾਬਕ ਪਾਲ ਸਿੰਘ ਭੁੱਲਰ ਨੇ ਥੋੜਾ ਸਮਾਂ ਮਾਸਟਰੀ ਕੀਤੀ ਸੀ ਤੇ ਬਾਦ ’ਚ ਕਮਿਉਨਿਸਟ ਪਾਰਟੀ ਦੇ ਕੁਲਵਕਤੀ ਕਾਰਕੁੰਨ ਬਣ ਗਏ ਸਨ। ਜਦ 1964 ਵਿਚ ਪਾਰਟੀ ਦੁਫਾੜ ਹੋ ਕੇ ਸੀ.ਪੀ.ਐਮ ਬਣੀ ਤਾਂ ਭੱੁਲਰ ਸਾਹਿਬ ਇਸ ਪਾਰਟੀ ਵਿੱਚ ਸਾਮਲ ਹੋ ਗਏ।ਜਦ 1969-70 ਵਿੱਚ ਨਕਸਲਬਾੜੀ ਪਾਰਟੀ ਹੋਂਦ ਵਿੱਚ ਆਈ ਤਾਂ ਭੁੱਲਰ ਸਾਹਿਬ ਇਸ ਵਿਚ ਸਰਗਰਮ ਹੋ ਗਏ।ਪਰ ਜਦ ਪਾਰਟੀ  ਦੁਫਾੜ ਹੋ ਕੇ ਕਈ ਗਰੁੱਪਾਂ ’ਚ ਵੰਡੀ ਗਈ ਤਾਂ ਭੁੱਲਰ ਸਾਹਿਬ ਇਹਨਾਂ ਤੋਂ ਵੀ ਨਿਰਾਸ ਹੋ ਗਏ ਕਿ ਇਹ ਹੁਣ ਇਨਕਲਾਬ ਦੀ ਬੇੜੀ ਪਾਰ ਨਹੀਂ ਲਾਉਂਦੇ!ਜਦ ਅਕਾਲੀ ਮੋਰਚਾ ਲੱਗਿਆ ਤਾਂ ਪਾਲ ਸਿੰਘ ਭੁੱਲਰ ਇਸ ਦੇ ਹੱਕ ਵਿੱਚ ਡਟ ਕੇ ਖਲੋ ਗਏ।84 ਤੋਂ ਬਾਦ ਉਹਨਾਂ ਨੇ ਸਟੇਟ ਦੇ ਪੁਲਸ ਜ਼ਬਰ ਖਿਲਾਫ ਨਿਧੱੜਕ ਹੋ ਕੇ ਲਿਿਖਆ ਸੀ।ਜਦ ਉਹ ਕਮਿਉਨਿਸਟ ਪਾਰਟੀ ਦੇ ਕਾਰਕੁੰਨ ਹੁੰਦੇ ਸਨ ਤਾਂ ਮਾਤਾ ਗੁਰਦਿਆਲ ਕੌਰ ਨੇ ਲੱਕ ਬੰਨ ਕੇ ਘਰ ਚਲਾਇਆ ਸੀ। ਉਹ ਰਾਤਾਂ ਨੂੰ ਖੇਤਾਂ ਵਿੱਚ ਨੱਕੇ ਮੋੜਦੀ ਸੀ, ਗੱਡਾ ਜੋੜ ਕੇ ਪੱਠੇ ਦੱਥੇ ਲਿਆਉਂਦੀ ਤੇ ਫਸਲ ਬਾੜੀ ਸਾਂਭਦੀ ਸੀ । ਉਸ ਨੇ ਔਲਾਦ ਨੂੰ ਵਧੀਆ ਢੰਗ ਨਾਲ ਪਾਲ਼ਿਆ ਸੀ।ਨਕਸਲੀ ਲਹਿਰ ਮੌਕੇ ਉਸ ਨੇ ਤਸ਼ੱਦਦ ਝੱਲਿਆ ਸੀ ਤੇ ਫਿਰ ਖਾੜਕੂ ਲਹਿਰ ਵੇਲੇ ਉਸ ਨੇ ਦਸੌਂਟੇ ਕੱਟੇ ਸਨ।ਭਾਅ ਜੀ ਕਰਮਜੀਤ ਸਿੰਘ ਅਨੁਸਾਰ ਉਹ ਅੱਧੀ ਅੱਧੀ  ਰਾਤੀਂ ਉਠ ਕੇ ਖਾੜਕੂ ਸਿੰਘਾਂ ਲਈ ਖੁਸ਼ੀ ਖੁਸ਼ੀ ਪ੍ਰਸ਼ਾਦੇ ਬਣਾਉਂਦੀ ਹੁੰਦੀ ਸੀ।ਮਾਤਾ ਗੁਰਦਿਆਲ ਕੌਰ ਦੀ ਰੂਹ ਕਿਸੇ ਨਾਵਲ ਦੀ ਨਾਇਕਾ ਬਣਨ ਦੀ ਉਡੀਕ ਕਰ ਰਹੀ ਹੈ।

ਪਾਲ ਸਿੰਘ ਭੁੱਲਰ ਨੇ ਜੋ ਖਾੜਕੂ ਲਹਿਰ ਦੇ ਹੱਕ ਅਤੇ ਸਟੇਟ ਜ਼ਬਰ ਦੇ ਵਿਰੁੱਧ ਲੇਖ ਲਿਖੇ ਸਨ ਉਹਨਾਂ ਦੀ ਕਣਸੋਅ ਇੰਗਲੈਂਡ ਤੱਕ ਵੀ ਪਹੁੰਚ ਗਈ ਸੀ। ਉਥੇ ਬੈਠਾ ਰਘੁਬੀਰ ਢੰਡ ਬੇਚੈਨ ਹੋ ਉਠਿਆ! ਉਸ ਨੇ ਹੰਮੇ ਨਾਲ ਪਾਲ ਸਿੰਘ ਭੁੱਲਰ ਨੂੰ ਚਿੱਠੀ ਲਿਖੀ ਕਿ ਇੱਕ ਕਮਿਉਨਿਸਟ ਹੋ ਕੇ ਤੁਸੀਂ ਕਿੱਧਰ ਨੂੰ ਤੁਰ ਪਏ ਹੋਂ? ਢੰਡ ਆਪ ਹਰਕਿਸ਼ਨ ਸਿੰਘ ਸੁਰਜੀਤ ਵਾਲੀ ਸੀ.ਪੀ.ਐਮ ਨਾਲ ਜੁੜਿਆ ਹੋਇਆ ਸੀ। ਭੁੱਲਰ ਸਾਹਿਬ ਨੇ ਜੁਆਬ ਦਿੱਤਾ ਕਿ ਮੈਂ ਜੋ ਲਿਖ ਰਿਹਾਂ ਹਾਂ ਤੇ ਕਰ ਰਿਹਾਂ ਹਾਂ ਉਹ ਮਾਰਕਸਵਾਦ- ਲੈਨਿਨਵਾਦ ਅਨੁਸਾਰ ਹੀ ਹੈ। ਢੰਡ ਨੇ ਫਿਰ ਆਖਰੀ ਤਰਲਾ ਮਾਰਿਆ ਕਿ ਤੁਸੀਂ ਕਮਿਉਨਿਸਟ ਹੋਂ, ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਆਖਰੀ ਸਮੇਂ ਕਾਇਆ ਦਾ ਚੋਲਾ ਇੱਕ ਕਮਿਉਨਿਸਟ ਵਜੋਂ ਹੀ ਤਿਆਗੋ! ਭੁੱਲਰ ਸਾਹਿਬ ਨੇ ਲਿਖਿਆ ਕਿ ਮੈਂ ਇੱਕ ਕਮਿਉਨਿਸਟ ਹਾਂ, ਰਹਾਂਗਾ ਤੇ ਆਖਰੀ ਸਮੇਂ ਇੱਕ ਕਮਿਉਨਿਸਟ ਵਜੋਂ ਹੀ ਮਰਾਂਗਾ! ਕੱਟੜ ਸਿਆਸੀ ਵਿਰੋਧੀ ਹੋਣ ਅਤੇ ਬਿਲਕੁਲ ਆਪੋਜਿਟ ਪੋਲਾਂ ’ਤੇ ਖੜੇ ਹੋਣ ਦੇ ਬਾਵਜੂਦ ਵੀ ਢੰਡ ਸਾਹਿਬ ਦੇ ਮਨ ਵਿੱਚ ਇਸ ਸ਼ਖਸ਼ੀਅਤ ਦਾ ਕਿਹੋ ਜਿਹਾ ਸਨਮਾਨ ਸੀ, ਉਹ ਢੰਡ ਸਾਹਿਬ ਦੇ ਇਹਨਾਂ ਸ਼ਬਦਾਂ ਤੋਂ ਪਤਾ ਲਗਦਾ ਹੈ, “ਮੈਂ ਉਹਨਾਂ ਨੂੰ ਏਨੇ ਗਲਤ ਹੋਣ ਦੇ ਬਾਵਜੂਦ ਇੱਕ ਵੀ ਸ਼ਬਦ ਉਹਨਾਂ ਦੀ ਸ਼ਾਨ ਦੇ ਵਿਰੁੱਧ ਬੋਲ ਨਹੀਂ ਸਕਦਾ ਤੇ ਨਾ ਹੀ ਚਿਤਵ ਸਕਦਾ ਹਾਂ।” ਢੰਡ ਸਾਹਿਬ ਨੂੰ ਪਤਾ ਸੀ ਉਸ ਦਾ ਸਾਹਿਤਕ ਤੇ ਸਿਆਸੀ ਗੁਰੁ ਜੋ ਲਿਖ ਬੋਲ ਰਿਹਾ ਹੈ, ਉਹ ਬਗੈਰ ਕਿਸੇ ਲਾਲਚ ਦੇ ਆਪਣੀ ਜ਼ਮੀਰ ਅਨੁਸਾਰ ਤੇ ਵਿਚਾਰਧਾਰਾ ਅਨੁਸਾਰ ਲਿਖ ਬੋਲ ਰਿਹਾ ਹੈ।ਢੰਡ ਸਾਹਿਬ ਕਹਿੰਦੇ ਨੇ ਕਿ ਇਸ ਸ਼ਖਸ਼ ਦੀ ਸ਼ੋਹਬਤ ਵਿਚ ਮੈਂ ਜਾਤ-ਪਾਤ ਦੇ ਭੇਦ ਭਾਵ ਤੋਂ ਮੁਕਤ ਹੋਇਆਂ ਹਾਂ ਤੇ  ਮੇਰੀਆਂ ਰੂਹਾਨੀ ਸ਼ਕਤੀਆਂ ਪ੍ਰਫੁਲਤ ਹੋਈਆਂ ਹਨ।

ਖਾੜਕੂ ਲਹਿਰ ਦੇ ਪਤਨ ਤੋਂ ਬਾਦ ਅਜੇ ਤੱਕ ਕਿਸੇ ਵੀ ਸਿੱਖ ਚਿੰਤਕ ਨੇ ਖਾੜਕੂ ਲਹਿਰ ਦਾ ਮੁਲੰਕਣ ਕਰਨ ਵੱਲ ਰਜੂਅ ਨਹੀਂ ਕੀਤਾ, ਸਿਰਫ ਪਾਲ ਸਿੰਘ ਭੁੱਲਰ ਨੇ ਇਹ ਯਤਨ ਕੀਤਾ ਸੀ।ਉਹਨਾਂ ਦੀ ਪੁਸਤਕ ‘ਖਾੜਕੂ ਸੰਘਰਸ਼ ਫੇਲ੍ਹ ਕਿਉਂ ਹੋਇਆ ’ ਲਹਿਰ ਦੀਆਂ ਘਾਟਾਂ ਕਮਜੋਰੀਆਂ ’ਤੇ ਬੇਬਾਕੀ ਨਾਲ ਉਂਗਲ ਰੱਖਦੀ ਹੈ। ਇਹ ਚੇਤੰਨ ਬੁੱਧ, ਨਿਸ਼ਠਾਵਾਨ, ਪਿਆਰੀ ਤੇ ਨਿਰਮਾਣ ਸ਼ਖਸ਼ੀਅਤ ਪਹਿਲੀ ਜੁਲਾਈ ਸੰਨ 2000 ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਜਦ ਕਦੇ ਉਹਨਾਂ ਦੀ ਯਾਦ ਆਉਂਦੀ ਹੈ ਤਾਂ ਹੌਲ ਜਿਹਾ ਪੈਂਦਾ ਹੈ ਕਿ ਉਹਨਾਂ ਦੀਆਂ ਅਣਛਪੀਆਂ ਲਿਖਤਾਂ ਤੇ ਕਿਤਾਬਾਂ ਦਾ ਕੀ  ਬਣਿਆ ਹੋਵੇਗਾ!

ਰਾਜਵਿੰਦਰ ਸਿੰਘ ਰਾਹੀ  

ਮੋਬਾਈਲ ਨੰਬਰ: 98157-51332       

Sunday, June 23, 2019

6 ਜੂਨ ਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਮਿਉਨਿਸਟਾਂ ਦੇ ਲਈ ਵੱਡੀ ਚੁਣੌਤੀ

ਫ਼ਿਰਕੂ ਸ਼ਕਤੀਆਂ ਨੂੰ ਹਾਰ ਦੇਣਾ ਪਰਮੁੱਖ ਕੰਮ
6 ਜੂਨ 2019 ਵਾਲੇ ਦਿਨ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿਹਨਾਂ ਨੇ ਪੰਜਾਬ ਦੇ ਸੰਤਾਪ ਵਾਲੇ ਦਹਾਕੇ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਘਟਨਾਵਾਂ ਲੁਧਿਆਣਾ ਵਿੱਚ ਵੀ ਹੋਈਆਂ ਅਤੇ ਹੋਰਨਾਂ ਥਾਂਵਾਂ 'ਤੇ ਵੀ। ਇਹਨਾਂ ਘਟਨਾਵਾਂ ਬਾਰੇ ਕਮਿਊਨਿਸਟ ਦ੍ਰਿਸ਼ਟੀਕੋਣ ਖਾਸ ਕਰਕੇ ਸੀਪੀਆਈ ਦੇ ਨਜ਼ਰੀਏ ਤੋਂ ਜਾਣੂ ਕਰਵਾ ਰਹੇ ਹਨ-ਡਾਕਟਰ ਅਰੁਣ ਮਿੱਤਰਾ। 
ਰੈਫ਼ਰੈਂਡਮ ਦੀਆਂ ਗੱਲਾਂ ਚਲਦੇ ਨੂੰ ਤਾਂ ਕੁੱਝ ਸਮਾਂ ਹੋ ਗਿਆ ਹੈ, ਪਰ ਇਸਨੂੰ ਹਵਾ ਦੇਣ ਲਈ 6 ਜੂਨ ਨੂੰ ਬਾਕਾਇਦਾ ਵਿਉਂਤ ਬਣਾ ਕੇ ਥਾਂ ਪਰ ਥਾਂ ਤੇ ਗੜਬੜਾਂ ਕੀਤੀਆਂ ਗਈਆਂ। ਭਾਵੇਂ ਪੰਜਾਬ ਦੇ ਲੋਕਾਂ ਨੇ, ਜੋ ਕਿ ਵੱਡੇ ਸੰਤਾਪ ਵਿਚੋਂ ਗੁਜ਼ਰ ਚੁੱਕੇ ਹਨ ਤੇ ਉਸ ਸਮੇਂ ਵਰਗੇ ਹਾਲਾਤ ਮੁੜ ਨਹੀਂ ਚਾਹੁੰਦੇ, ਇਹਨਾਂ ਕੱਟੜ ਪੰਥੀਆਂ ਨੂੰ ਮੂੰਹ ਨਹੀਂ ਲਾਇਆ, ਪਰ ਇਸਤੋਂ ਅਵੇਸਲੇ ਹੋ ਕੇ ਬੈਠਣਾ ਵੀ ਸਹੀ ਨਹੀਂਂ ਹੈ। ਕਿਸਨੇ ਸੋਚਿਆ ਸੀ ਕਿ ਭਾਰਤ ਵਿੱਚ ਆਰ ਐਸ ਐਸ ਦੀ ਹੱਥਠੋਕੀ ਸਰਕਾਰ ਬਣ ਜਾਏਗੀ ਤੇ ਦੁਬਾਰਾ ਵੀ ਜਿੱਤ ਜਾਏਗੀ। ਇਤਹਾਸ ਗਵਾਹ ਹੈ ਕਿ ਆਰ ਐਸ ਐਸ ਤੇ ਇਸਦੀਆਂ ਇਕਾਈਆਂ ਅਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਦੀਆਂ ਪਿੱਠੂ ਸਨ। ਇਹਨਾਂ ਨੇ ਤਿਰੰਗੇ ਝੰਡੇ ਸਾੜੇ, ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ, ਭਗਤ ਸਿੰਘ ਵਰਗੇ ਇਨਕਲਾਬੀਆਂ ਨੂੰ ਕੁਰਾਹੇ ਪਏ ਨੌਜਵਾਨ ਦੱਸਿਆ ਤੇ ਇਹਨਾਂ ਦੇ ਸਫ਼ਾਂ ਦੇ ਲੋਕਾਂ ਨੇ ਸ਼ਹੀਦਾਂ ਦੇ ਵਿਰੁੱਧ ਗਵਾਈਆਂ ਦਿੱਤੀਆਂ। ਇਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਕਰਨ ਵਿੱਚ ਆਪਣੀ ਸ਼ਕਤੀ ਵਿਅਰਥ ਨਾ ਗਵਾਉਣ, ਇਸਦੀ ਬਜਾਏ ਆਪਣੀ ਉਰਜਾ ਮੁਸਲਮਾਨਾਂ, ਇਸਾਈਆਂ ਤੇ ਕਮਿਊਨਿਸਟਾਂ ਵਿਰੁੱਧ ਲੜਨ ਦੇ ਲਈ ਬਚਾ ਕੇ ਰਖੱਣ। ਅੱਜ ਉਹੀ ਸ਼ਕਤੀਆਂ ਆਪਣੇ ਆਪ ਨੂੰ ਦੇਸ਼ ਭਗਤ ਸਾਬਿਤ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ। ਆਮ ਲੋਕ ਛੇਤੀ ਹੀ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਹਿਤਹਾਸ ਦੇ ਉਹਨਾ ਤੱਥਾਂ ਤੋਂ ਵਾਕਫ਼ ਨਹੀਂ ਹੈ, ਇਸ ਲਈ ਉਹਨਾਂ ਨੂੰ ਇਤਹਾਸ ਬਾਰੇ ਗਲਤ ਬਿਆਨੀ ਕਰਕੇ ਮਗਰ ਲਾਉਣਾ ਅਸਾਨ ਹੈ।
ਇਸ ਵੇਰ 6 ਜੂਨ ਨੂੰ ਇੱਕ ਹੋਰ ਪੱਖ ਸ੍ਹਾਮਣੇ ਆਇਆ ਹੈ ਕਿ ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਦੀ ਬਰਸੀ ਮਨਾਉਣ ਦੇ ਬਹਾਨੇ ਕੁੱਝ ਹਿੰਦੂ ਕੱਟੜਪੰਥੀਆਂ ਵਲੋਂ ਭੜਕਾਊ ਪੋਸਟਰ ਛਾਪੇ ਗਏ। ਇਹਨਾਂ ਪੋਸਟਰਾਂ ਨੂੰ ਖਾਲਿਸਤਾਨੀ ਕੱਟੜਪੰਥੀਆਂ ਨੇ ਪਾੜਿਆ ਜਿਸ ਕਾਰਨ ਤਣਾਅ ਵੱਧ ਗਿਆ। ਇਹ ਵੀ ਇੱਕ ਸਾਜ਼ਿਸ਼ ਤਹਿਤ ਹੀ ਹੋਇਆ ਜਾਪਦਾ ਹੈ। ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਕਿ ਕੱਟੜਪੰਥੀ ਸ਼ਕਤੀਆਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਅੰਤ ਧਰਮ ਨਿਰਪੱਖਤਾ ਤੇ ਸਮਾਜੀ ਭਾਈਚਾਰਾ ਹੀ ਇਹਨਾਂ ਦਾ ਨਿਸ਼ਾਨਾ ਹੁੰਦਾ ਹੈ। ਇਹ ਸ਼ਕਤੀਆਂ  ਵਿਰੋਧੀ ਜਾਂ ਵੱਖਰੇ ਵਿਚਾਰ ਨੂੰ ਨਹੀਂ ਸਹਿੰਦੀਆਂ ਤੇ ਫ਼ਾਸ਼ੀਵਾਦੀ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਇਹਨਾਂ ਦੇ ਲਈ ਮਨੁੱਖੀ ਜੀਵਨ ਦੀ ਕੋਈ ਅਹਿਮੀਅਤ ਨਹੀਂ ਹੁੰਦੀ।
ਇਤਹਾਸ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਤਾਂ ਜੋ ਗਲਤੀਆਂ ਦੋਹਰਾਈਆਂ ਨਾ ਜਾਣ। ਪੰਜਾਬ ਦੇ ਮਾੜੇ ਦਿਨਾ ਵਿੱਚ ਜੋ ਕੁਝ ਵਾਪਰਿਆ ਉਸਦੇ ਪਿਛੋਖੜ ਤੇ ਉਸ ਦੌਰਾਨ ਹੋਈਆਂ ਘਟਨਾਵਾਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਦਾ ਵਿਗਿਆਨਕ ਢੰਗ ਨਾਲ ਵਿਸ਼ਲੇਸ਼ਣ ਕਰਕੇ ਅੱਜ ਦੀ ਪੀੜ੍ਹੀ ਨੂੰ ਦੱਸਿਆ ਜਾਏ ਤਾਂ ਜੋ ਉਹ ਗਲਤ ਸੂਚਨਾਵਾਂ ਤੇ ਪਰਚਾਰ ਦੇ ਰੌਹ ਵਿੱਚ ਨਾ ਵਹਿ ਜਾਣ।
ਉਸ ਵੇਲੇ ਜਦੋਂ ਅੱਤਵਾਦੀ ਦਨਦਨਾਂਦੇ ਪਏ ਸਨ, ਤੇ ਅਨੇਕਾਂ ਪੁਲਿਸ ਵਾਲੇ ਵੀ ਡਰਦੇ ਮਾਰੇ ਮੂੰਹ ਮੋੜ ਲੈਂਦੇ ਸਨ, ਭਾਰਤੀ ਕਮਿਉਨਿਸਟ ਪਾਰਟੀ ਦੇ ਕਾਰਕੁਨਾਂ ਨੇ ਵਿਚਾਰਧਾਰਕ ਲੜਾਈ ਲੜ ਕੇ ਅਤੇ ਆਪਣੇ ਜੀਵਨ ਦੇ ਬਲਿਦਾਨ ਦੇ ਕੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੀਤੀ। ਇਸ ਦੌਰਾਨ  ਪਾਰਟੀ ਕਾਰਕੁਨਾਂ ਨੇ ਅੱਤਵਾਦੀਆਂ ਦਾ ਮੁਕਾਬਲਾ ਵੀ ਕੀਤਾ ਤੇ ਸਮਾਜਿਕ ਸਦਭਾਵਨਾ ਕਾਇਮ ਕਰਨ ਵਿੱਚ ਵੀ ਭੂਮਿਕਾ ਅਦਾ ਕੀਤੀ। ਕਈ ਥਾਵਾਂ ਤੇ ਫਿਰਕੂ ਦੰਗੇ ਰੋਕਣ ਵਿੱਚ ਵੀ ਸਾਥੀਆਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਰੋਲ ਅਦਾ ਕੀਤਾ। ਇਸ ਸੰਘਰਸ਼ ਵਿੱਚ ਕਾਮਰੇਡ ਅਰਜਨ ਸਿੰਘ ਮਸਤਾਨਾ, ਦਰਸ਼ਨ ਸਿੰਘ ਕੈਨੇਡੀਅਨ, ਗੁਰਮੇਲ ਹੂੰਝਣ, ਅਮੋਲਕ ਸਿੰਘ, ਗੁਰਸੇਵਕ ਸਿੰਘ, ਰਵਿੰਦਰ ਰਵੀ, ਹਰਪਾਲ ਸਿੰਘ ਖੋਖਰ ਵਰਗੇ ਅਨੇਕਾਂ ਹੀਰੇ ਸ਼ਹੀਦੀਆਂ ਪਾ ਗਏ। ਪਾਰਟੀ ਨੇ ਸਹੀ ਮਾਹਣਿਆਂ ਵਿੱਚ ਸਾਮਰਾਜੀ ਸਾਜ਼ਿਸ਼ ਨੂੰ ਪਛਾਣਿਆ ਅਤੇ ਤਿੱਖੀ ਵਿਚਾਰਕ ਲੜਾਈ ਦੇ ਕੇ ਇਸਦਾ ਪਰਦਾ ਫਾਸ਼ ਕੀਤਾ। ਉਸ ਦੌਰ ਵਿੱਚ ਪਾਰਟੀ ਵਲੋਂ ਦਿੱਤਾ ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੋਸਤਾਨ ਦਾ ਨਾਅਰਾ ਨਾ ਕੇਵਲ ਪੰਜਾਬ ਵਿੱਚ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਦਾ ਸੋਮਾ ਬਣਿਆ ਬਲਕਿ ਸਾਰੇ ਦੇਸ਼ ਵਿੱਚ ਸਲਾਹਿਆ ਗਿਆ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਅਕਾਲੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ (ਪੁਰਾਣੀ ਭਾਰਤੀ ਜਨਸੰਘ ਪਾਰਟੀ) ਹਮੇਸ਼ਾਂ ਇੱਕ ਦੂਜੇ ਦੇ ਵਿਰੁੱਧ ਫ਼ਿਰਕੂ ਤੋਹਮਤਾਂ ਲਾਉਂਦੇ ਹੋਏ ਲੋਕਾਂ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਦੀ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਇਸ ਮਾਹੌਲ ਨੇ ਭਿੰਡਰਾਂਵਾਲੇ ਵਰਗੇ ਫ਼ਿਰਕੂ ਸੌੜੀ ਸੋਚ ਵਾਲਿਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਕਾਂਗਰਸ ਵਲੋਂ ਸੌੜੇ ਰਾਜਨੀਤਿਕ ਹਿੱਤਾਂ ਲਈ ਭਿਂਡਰਾਂਵਾਲੇ ਨੂੰ ਵਰਤਣ ਦੇ ਕਾਰਨ ਮਹੌਲ ਹੋਰ ਖਰਾਬ ਹੋਇਆ। ਕਾਂਗਰਸ ਦੀ ਉਸ ਗਲਤ ਨੀਤੀ ਕਰਕੇ ਬਾਅਦ ਵਿੱੰਚ ਪੰਜਾਬ ਦੀ ਜਨਤਾ ਨੂੰ ਗੰਭੀਰ ਸਿੱਟੇ ਭੁਗਤਣੇ ਪਏ। ਪਹਿਲਾਂ ਅਕਾਲੀ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਦਸਦੇ ਰਹੇ ਪਰ ਬਾਅਦ ਵਿੱਚ ਉਹਨਾ ਨੇ ਉਸਨੂੰ ਵਰਤਣ ਵਿੱਚ ਕੋਈ ਕਸਰ ਨਾ ਛੱਡੀ। ਚੰਗੀ ਤਰਾਂ ਯਾਦ ਹੈ ਕਿ ਉਸ ਵੇਲੇ ਕਿਵੇਂ ਅਕਾਲੀ ਤੇ ਭਾਜਪਾਈ ਘੁਰਨਿਆਂ ਵਿੱਚ ਵੜੇ ਬੈਠੇ ਸਨ। ਅਕਾਲੀਆਂ ਵਲੋਂ ਸੰਵਿਧਾਨ ਨੂੰ ਪਾੜਨ ਦੀ ਘਟਨਾ ਪੂਰੀ ਤਰਾਂ ਚੇਤੇ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਵੇਲੇ ਅਕਾਲੀਆਂ ਵਿੱਚ ਨਰਮ ਤੇ ਗਰਮ ਖਿਆਲੀਆਂ ਦੀ ਚਰਚਾ ਵੀ ਚੱਲੀ ਸੀ।  ਨਿਰਦੋਸ਼ਾਂ ਦੇ ਕਾਤਿਲ ਅੱਤਵਾਦੀਆਂ ਨੂੰ ਸਿਵਾਏ ਕਮਿਉਨਿਸਟਾਂ ਦੇ ਸਭ ਡਰਦੇ ਮਾਰੇ ਖਾੜਕੂ ਆਖਣ ਲੱਗ ਪਏ ਸਨ। ਇਹ ਗੱਲ ਭੁੱਲੀ ਨਹੀਂ ਕਿ ਕਿਵੇਂ ਅਮਨ ਕਮੇਟੀਆਂ ਵਿੱਚ ਅਕਾਲੀ ਤੇ ਸੰਘੀ ਇੱਕ ਦੂਸਰੇ ਤੇ ਫ਼ਿਰਕੂ ਦ੍ਰਿਸ਼ਟੀਕੋਣ ਨਾਲ ਦੂਸ਼ਣਬਾਜ਼ੀ ਕਰਦੇ ਸਨ ਤੇ ਕਮਿਉਨਿਸਟ ਅਤੇ ਅਗਾਂਹਵਧੂ ਲੋਕ ਉਹਨਾਂ ਨੂੰ ਠੰਡੇ ਕਰਦੇ ਰਹਿ ਜਾਂਦੇ ਸਨ। ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਕਿ ਜੋ ਕੋਈ ਵੀ ਵੱਖਵਾਦੀ ਅਤੇ ਫ਼ਿਰਕੂ ਸੋਚ ਦਾ ਵਿਰੋਧ ਕਰਦਾ ਸੀ ਉਸਨੂੰ ਡਰਾਉਣਾ ਧਮਕਾਉਣਾ ਆਮ ਗੱਲ ਸੀ ਅਤੇ ਅਤੇ ਕਈਆਂ ਨੂੰ ਤਾਂ ਜਾਨੋਂ  ਮਾਰ ਦਿੱਤਾ ਗਿਆ।
ਅੱਜ ਬਲਿਊ ਸਟਾਰ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਉਸਦੇ ਪਿੱਛੇ ਪਵਿੱਤਰ ਦਰਬਾਰ ਸਾਹਿਬ ਦੀ ਬੇਅਦਬੀ ਜੋ ਲਗਾਤਾਰ ਹੋ ਰਹੀ ਸੀ ਬਾਰੇ ਅੱਖਾਂ ਮੀਟੀਆਂ ਹੋਈਆਂ ਹਨ। ਬਲੈਕ ਥੰਡਰ ਆਪਰੇਸ਼ਨ ਜੋ ਬਰਨਾਲਾ ਸਰਕਾਰ ਵੇਲੇ ਕੀਤਾ ਗਿਆ, ਉਸਨੂੰ ਤਾਂ ਬਿਲਕੁਲ ਭੁਲਾ ਹੀ ਦਿੱਤਾ ਗਿਆ ਹੈ ਕਿਓਂਕਿ  ਉਸ ਵਿੱਚ ਸਭ ਕੁੱਝ ਟੈਲੀਵੀਜ਼ਨ ਤੇ ਦਿਖਾਇਆ ਜਾ ਰਿਹਾ ਸੀ ਤੇ ਹਰ ਚੀਜ਼ ਪਾਰਦਰਸ਼ੀ ਸੀ। ਅੱਜ ਪੰਜਾਬ ਵਿੱਚ ਨਿਰਦੋਸ਼ਾਂ ਦੇ ਕਤਲਾਂ ਦੀ ਗੱਲ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ। ਇਸ ਗੱਲ ਦਾ ਵੀ ਕੋਈ ਜਿਕਰ ਨਹੀ ਹੋ ਰਿਹਾ ਹੈ ਕਿ ਕਿਵੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਉੱਪਰ ਫੌਜੀ ਕਾਰਵਾਈ ਦਾ ਦਬਾਅ ਪਾਇਆ। ਦੂਜੇ ਪਾਸੇ  ਅਕਾਲੀ ਡਰਦੇ ਹੋਏ ਕੁਝ ਨਹੀ ਸਨ ਬੋਲਦੇ।  ਦਿੱਲੀ ਤੇ ਹੋਰ ਥਾਵਾਂ ਤੇ ਦੰਗਿਆਂ ਵਿੱਚ ਸੰਘੀਆਂ ਦਾ ਵੀ ਹੱਥ ਸੀ, ਇਸਦੀ ਪੜਤਾਲ ਦੀ ਗੱਲ ਕੋਈ ਨਹੀਂ ਕਰਦਾ। ਮਈ ਵਿੱਚ ਹੋਈਆਂ ਸੰਸਦੀ ਚੋਣਾਂ ਦੌਰਾਨ ਪੰਜਾਬ ਵਿੱਚ ਲੋਕ ਮੁੱਦੇ ਪਿੱਛੇ ਰਹਿ ਗਏ ਤੇ ਬਰਗਾੜੀ ਦੀਆਂ ਘਟਨਾਵਾਂ ਨੂੰ ਚੋਣ ਪਰਚਾਰ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ। ਪੰਜਾਬ ਦਾ ਮੁੱਖ ਮੰਤਰੀ ਵੀ ਇਸ ਕਿਸਮ ਦੀ ਸੋਚ ਦਾ ਸਮਰਥਕ ਹੈ।
ਇਸ ਲਈ ਅੱਜ ਇਸ ਗੱਲ ਦੀ ਲੋੜ ਹੈ ਕਿ ਸੱਚ ਲੋਕਾਂ ਨੂੰ ਦੱਸਿਆ ਜਾਏ। ਘਟਨਾਵਾਂ ਦਾ ਜ਼ਿਕਰ ਵਿਗਿਆਨਕ ਢੰਗ ਦੇ ਨਾਲ ਨਾ ਕਿ ਫ਼ਿਰਕੂ ਨਿਗਾਹ ਨਾਲ ਕੀਤਾ ਜਾਏ। ਜਿਹੜੇ ਧਰਮਨਿਰਪੱਖ ਤੇ ਜਮਹੂਰੀ ਸੋਚ ਰੱਖਣ ਵਾਲੇ ਬੁੱਧੀਜੀਵੀ ਉਦੋਂ ਕਾਰਜਸ਼ੀਲ ਸਨ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਮਾਹੌਲ ਅੱਜ ਬਣਾਇਆ ਜਾ ਰਿਹਾ ਹੈ ਉਸਤੇ ਚੁੱਪ ਨਾ ਬੈਠਣ ਬਲਕਿ ਆਪਣੇ ਉਸ ਸਮੇਂ ਦੇ ਅਨੁਭਵਾਂ ਨੂੰ ਲੋਕਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਸਾਂਝਾ ਕਰਨ। ਅੱਜ ਹਾਲਾਤ 1980ਵਿਆਂ ਨਾਲੋਂ ਇਸ ਕਾਰਨ ਵੀ ਬਦਤਰ ਹਨ ਕਿ ਕੇਂਦਰ ਵਿੱਚ ਅੱਤ ਦੀ ਫ਼ਿਰਕੂ ਸਰਕਾਰ ਸੱਤਾ ਵਿੱਚ ਦੁਬਾਰਾ ਆ ਗਈ ਹੈ।  ਫ਼ਿਰਕੂ ਸ਼ਕਤੀਆਂ ਹਮੇਸ਼ਾਂ ਹੀ ਇੱਕ ਦੂਸਰੇ ਦੀਆਂ ਪੂਰਕ ਹੁੰਦੀਆਂ ਹਨ। ਕੇਂਦਰ ਵਿੱਚ ਬੈਠੇ ਸ਼ਾਸਕ ਸੂਬੇ ਅੰਦਰ ਫ਼ਿਰਕੂ ਸਦਭਾਵਨਾ ਨੂੰ ਅੱਗ ਲਾਉਣ ਵਿੱਚ ਦੇਰ ਨਹੀਂ ਲਾਉਣਗੇ। ਵਿਦੇਸ਼ਾਂ ਵਿੱਚ ਬੈਠੇ ਜੀਵਨ ਦਾ ਅਨੰਦ ਮਾਣਦੇ ਸਾਜ਼ਿਸ਼ਾਂ ਕਰਨ ਵਾਲੇ ਕੁੱਝ ਮੁੱਠੀਭਰ ਧਨੀ ਲੋਕ ਇੱਕ ਵਾਰ ਫਿਰ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦਾ ਉਪਰਾਲਾ ਕਰ ਰਹੇ ਹਨ। ਇਸਦੇ ਵਿਰੁੱਧ ਚੇਤਨ ਰਹਿਣਾ ਤੇ ਇਸਨੂੰ ਸ਼ਿਕਸਤ ਦੇਣੀ ਜ਼ਰੂਰੀ ਹੈ। ਪੰਜਾਬ ਸਰਕਾਰ ਇਸ ਬਾਰੇ ਬਿਲਕੁਲ ਅਵੇਸਲੀ ਹੈ। ਸੱਤਾ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ, ਸਮਾਜੀ ਸਦਭਾਵਨਾ ਦੀ ਰਾਖੀ ਵਿੱਚ ਸਮਾਂ ਰਹਿੰਦੇ ਕਦਮ ਚੁੱਕੇ।
ਇਸ ਲਈ ਅੱਜ ਕਮਿਉਨਿਸਟਾਂ ਦੇ ਲਈ ਜਰੂਰੀ ਬਣ ਗਿਆ ਹੈ ਕਿ ਜਿੱਥੇ ਲੋਕਾਂ ਦੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕੀਤੇ ਜਾਣ ਉੱਥੇ ਨਾਲ ਹੀ ਮੌਜੂਦਾ ਹਾਲਾਤ ਉੱਪਰ ਲਗਾਤਾਰ ਤਿੱਖੀ ਨਜ਼ਰ ਰੱਖ ਕੇ ਇਹਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਲੋਕ ਲਾਮਬੰਦੀ ਕੀਤੀ ਜਾਏ। ਅਸੀਂ ਭੁੱਲੇ ਨਹੀਂ ਕਿ ਉਸ ਵੇਲੇ ਦੇ ਮਾਹੌਲ ਵਿੱਚ ਲੋਕਾਂ ਦੇ ਰੋਜ਼ਮਰਾ ਜ਼ਿੰਦਗੀ ਦੇ ਮੁੱਦੇ ਤੇ ਉਹਨਾਂ ਲਈ ਸੰਘਰਸ਼ ਪਿੱਛੇ ਪੈ ਗਏ ਸੀ ਕਿਉਂਕਿ ਡਰ, ਖੌਫ਼ ਤੇ ਜ਼ਿੰਦਗੀ ਨੂੰ ਬਚਾਉਣ ਦਾ ਸਵਾਲ ਸਭ ਤੋਂ ਪਰਮੁੱਖ ਬਣ ਗਿਆ ਸੀ। 
ਅੱਤਵਾਦ ਵਲੋਂ ਦਿੱਤੇ ਜ਼ਖ਼ਮ, 31 ਸਾਲਾਂ ਬਾਅਦ ਵੀ 'ਅੱਲ੍ਹੇ

ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ-ਅੰਮ੍ਰਿਤਪਾਲ

ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ

Thursday, June 06, 2019

ਪੰਜਾਬ ਦੇ ਅਮਨ ਨੂੰ ਫਿਰ ਲਾਂਬੂ ਲਾਉਣ ਦੀ ਖਤਰਨਾਕ ਸਾਜ਼ਿਸ਼

ਸੀਪੀਆਈ ਲੁਧਿਆਣਾ ਨੇ ਕੀਤੀ ਭੜਕਾਊ ਹਰਕਤਾਂ ਦੀ ਤਿੱਖੀ ਨਿਖੇਧੀ  
                                                                                                          ਤਸਵੀਰਾਂ:ਵਿਸ਼ਾਲ 
ਲੁਧਿਆਣਾ 6 ਜੂਨ 2019: (ਪੰਜਾਬ ਸਕਰੀਨ ਡੈਸਕ):: 
ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਮਗਰੋਂ ਪੰਜਾਬ ਵਿੱਚ ਪਰਤਿਆ ਅਮਨ ਹੁਣ ਫਿਰ ਖਤਰਨਾਕ ਫਿਰਕੂ ਸਾਜ਼ਿਸ਼ਾਂ ਦੀ ਮਾਰ ਹੇਠ ਹੈ। ਅੱਜ ਲੁਧਿਆਣਾ ਅਤੇ ਪੰਜਾਬ ਦੀਆਂ ਕੁਝ ਹਰ ਥਾਂਵਾਂ 'ਤੇ ਪੈਦਾ ਕੀਤਾ ਗਿਆ ਤਣਾਅ ਇਹੀ ਸੰਕੇਤ ਦੇ ਰਿਹਾ ਹੈ। ਬਲਿਊ ਸਟਾਰ ਆਪਰੇਸ਼ਨ ਦੀ ਯਾਦ ਵਿੱਚ ਇਸ ਵਾਰ ਵੀ ਘੱਲੂਘਾਰਾ ਦਿਵਸ ਮਨਾਇਆ ਜਾਣਾ ਸੀ ਜੋ ਕਿ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ 35 ਸਾਲਾਂ ਤੋਂ ਬਹੁਤ ਸਾਰੇ ਸੁਆਲਾਂ ਨੂੰ ਲੈ ਇਹ ਘੱਲੂਘਾਰਾ ਹਫਤਾ ਜਾਂ ਦਿਨ ਮਨਾਇਆ ਜਾਂਦਾ ਹੈ। ਇੱਕ ਦਰਦ ਹੈ ਜੋ ਅੱਜ ਵੀ ਤਾਜ਼ਾ ਹੈ। ਬਹੁਤ ਸਾਰੇ ਸੁਆਲ ਹਨ ਜਿਹਨਾਂ ਦਾ ਜੁਆਬ ਅੱਜ ਵੀ ਨਹੀਂ ਮਿਲਿਆ। ਸਿਆਸੀ ਸਾਜ਼ਿਸ਼ਾਂ ਉਸ ਦਰਦ ਦੀ ਸ਼ਿੱਦਤ ਅਤੇ ਅਹਿਸਾਸ ਦੀ ਤੀਬਰਤਾ ਨੂੰ ਅਜੇ ਵੀ ਘਟਾ ਨਹੀਂ ਸਕੀਆਂ। ਹਾਂ ਸਕਿਓਰਟੀ ਲੈਣ ਦੀਆਂ ਚਾਲਾਂ ਚੱਲਣ ਵਾਲੇ ਹਰ ਵਾਰ ਨਵੀਆਂ ਬਿਆਨਬਾਜ਼ੀਆਂ ਕਰਕੇ ਇਸਨੂੰ ਵਧ ਜ਼ਰੂਰ ਦੇਂਦੇ ਹਨ। ਇਸ ਵਾਰ ਵੀ ਇਹੀ ਕੁਝ ਹੋਇਆ। ਸਿੱਖ ਪੰਥ ਅਤੇ ਸਿੱਖ ਪੰਥ ਦੇ ਹਮਦਰਦ ਜਿਹਨਾਂ ਵਿੱਚ ਬਹੁਤ ਸਾਰੇ ਗੈਰ ਸਿੱਖ ਵੀ ਸ਼ਾਮਲ ਹਨ, ਹਰ ਸਾਲ ਇਸ ਦਿਨ ਨੂੰ ਮਨਾਉਂਦੇ ਹਨ। ਇਸਦੇ ਵਿਰੋਧ ਵਿੱਚ ਹਵਨ ਕਰਨ ਕਰਾਉਣ ਵਰਗੀਆਂ ਕਾਰਵਾਈਆਂ ਇਸ ਵਾਰ ਕੁਝ ਜ਼ਿਆਦਾ ਸਨ। ਇਹਨਾਂ ਹਵਨਾਂ ਦੇ ਪੋਸਟਰ ਵੀ ਕਈ ਦਿਨ ਪਹਿਲਾਂ ਲੱਗ ਚੁੱਕੇ ਸਨ। ਸੋਸ਼ਲ ਮੀਡੀਆ 'ਤੇ ਵੀ ਇਹਨਾਂ ਦਾ ਖੂਬ ਪ੍ਰਚਾਰ ਹੋ ਰਿਹਾ ਸੀ। ਇਹ ਸਭ ਕੁਝ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਪਤਾ ਸੀ ਅਤੇ ਪੁਲਿਸ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਇਸਦੀ ਜਾਣਕਾਰੀ ਸੀ। ਦਰੇਸੀ ਰੋਡ ਵਾਲਾ ਹਵਨ 11 ਵਜੇ ਸ਼ੁਰੂ ਹੋਣਾ ਸੀ ਅਤੇ 11 ਵਜੇ ਹੀ ਸ਼ੁਰੂ ਹੋਇਆ। ਰੇਲਵੇ ਸਟੇਸ਼ਨ ਮਾਲ ਗੋਦਾਮ ਨੇੜਲੇ ਮੰਦਰ ਵਿੱਚ ਵੀ ਹਵਨ ਕਰਨ ਦੀਆਂ ਕੋਸ਼ਿਸ਼ਾਂ ਸਨ ਜਿਹਨਾਂ ਨੂੰ ਪੁਲਿਸ ਦੀ ਸਮੇਂ ਸਰ ਕੀਤੀ ਗਈ ਕਾਰਵਾਈ ਨੇ ਨਾਕਾਮ ਬਣਾ ਦਿੱਤਾ। 
ਜ਼ਿਕਰਯੋਗ ਹੈ ਕਿ ਅੱਜ ਦੀਆਂ ਘਟਨਾਵਾਂ ਮਗਰੋਂ ਲੁਧਿਆਣਾ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਅੱਜ ਸਥਾਨਕ ਨਿੱਕਾਮਲ ਚੌਕ ਵਿਚ ਅੱਜ ਦੁਪਹਿਰ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ। ਜਦਕਿ ਪੁਲੀਸ ਵੱਲੋਂ ਇਲਾਕੇ ਨੂੰ ਪੂਰੀ ਤਰਾਂ ਨਾਲ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ। ਇੱਕ ਇਹ ਸਭ ਕੁਝ ਅੱਜ ਹੋਈ ਹੁੱਲੜਬਾਜ਼ੀ ਤੋਂ ਵਧਿਆ।  ਜਾਣਕਾਰੀ ਅਨੁਸਾਰ ਇੱਕ ਸਿੱਖ ਨੌਜਵਾਨ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਕਿਓਂਕਿ ਉਸਨੇ ਸ਼ਾਇਦ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀਸ਼ਰਟ ਪੈ ਹੋਈ ਸੀ। ਸੂਚਨਾ ਮਿਲਣ 'ਤੇ ਇਹ ਨਿਹੰਗ ਸਿੰਘ ਉੱਥੇ ਪਹੁੰਚ ਗਏ ਸਨ, ਇਸ ਸਿੱਖ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਮ ਦੀ ਟੀ ਸ਼ਰਟ ਪਾਈ ਹੋਈ ਸੀ, ਜਦੋਂ ਇਹ ਨੌਜਵਾਨ ਉੱਥੇ ਪਹੁੰਚਿਆ ਤਾਂ ਇਸ ਦੀ ਕੁੱਝ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕਰ ਦਿੱਤੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਉੱਥੇ ਸਡ਼ਕ 'ਤੇ ਲੱਗੇ ਸ਼ਿਵ ਸੈਨਾ ਦੇ ਪੋਸਟਰ ਪਾਡ਼ ਦਿੱਤੇ ਗਏ ਜਿਸ ਤੇ ਸ਼ਿਵ ਸੈਨਾ ਵਰਕਰ ਵੀ ਭਾਰੀ ਗਿਣਤੀ ਵਿਚ ਨਿੱਕਾਮਲ ਚੌਕ ਵਿਖੇ ਪਹੁੰਚ ਗਏ ਹਨ। ਸੂਚਨਾ ਮਿਲਦੇ ਉੱਚ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਤਨਾਅਪੂਰਨ ਵੇਖਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਗਰਮ ਖਿਆਲੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। 
ਇਸੇ ਦੌਰਾਨ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਵੱਲੋਂ ਕੁਝ ਬੈਨਰਾਂ ਹੇਠ ਇੱਕ ਹਵਨ ਯੱਗ ਵੀ ਕਰਾਇਆ ਗਿਆ ਜਿਸ ਵਿੱਚ ਗਰਮਖਿਆਲੀ ਸਿੱਖ ਆਗੂਆਂ ਦੀਆਂ ਤਸਵੀਰਾਂ ਵੀ ਅਹੂਤੀ ਦੇ ਕੇ ਸਾੜੀਆਂ ਗਈਆਂ। ਅਜਿਹਾ ਕਰਨ ਦਾ ਐਲਾਨ ਕਈ ਦਿਨ ਪਹਿਲਾਂ ਹੋ ਚੁੱਕਿਆ ਸੀ ਅਤੇ ਇਸ ਬਾਰੇ ਬਾਕਾਇਦਾ ਪੋਸਟਰ ਵੀ ਲਗਾਏ ਗਏ ਸਨ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਧਾਰਮਿਕ ਵਖਰੇਵਿਆਂ ਤੋਂ ਬਹੁਤ ਉੱਚਾ ਉੱਠ ਕੇ ਆਪਣੀ ਕੁਰਬਾਨੀ ਦਿੱਤੀ ਸੀ ਪਰ ਖੁਦ ਨੂੰ ਸ਼ਹੀਦ ਸੁਖਦੇਵ ਦਾ ਵਾਰਿਸ ਕਹਾਉਣ ਵਾਲਿਆਂ ਨੇ ਜਾਣੇ ਅਣਜਾਣੇ ਵਿੱਚ ਹਵਨ ਕਰਕੇ ਸ਼ਹੀਦਾਂ ਨੂੰ ਸਿਰਫ ਹਿੰਦੂ ਧਰਮ ਤੱਕ ਸੀਮਿਤ ਕਰਨ ਵਾਲਾ ਕੰਮ ਹੀ ਕੀਤਾ। ਇਸ ਹਵਨ ਦੀ ਚਰਚਾ ਕਈ ਦਿਨਾਂ ਤੋਂ ਸੀ। ਸੋਸ਼ਲ ਮੀਡੀਆ 'ਤੇ ਵੀ ਇਸਦਾ ਪ੍ਰਚਾਰ ਕੀਤਾ ਗਿਆ ਸੀ।  ਇਸਦੇ ਬਾਵਜੂਦ ਪ੍ਰਸ਼ਾਸਨ ਅਤੇ ਪੁਲਿਸ ਨੇ ਸਬੰਧਿਤ ਧਿਰਾਂ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਲਈ ਅੰਦਰ ਨਹੀਂ ਕੀਤਾ ਗਿਆ। ਜਦੋਂ ਮਾਹੌਲ ਤਿੱਖਾ ਹੋ ਗਿਆ ਉਦੋਂ ਵੀ ਪੁਲਿਸ ਮੂਕ  ਦਰਸ਼ਕ ਵਾਂਗ ਵਿਚਰਦੀ ਨਜ਼ਰ ਆਈ। ਇਸ ਤੋਂ ਲੱਗਦਾ ਸੀ ਕਿ ਪੁਲਿਸ ਸਪਸ਼ਟ ਸਿਆਸੀ ਹੁਕਮਾਂ ਦੀ ਅਣਹੋਂਦ ਕਾਰਨ ਸ਼ਸ਼ੋਪੰਜ ਵਿੱਚ ਸੀ। 
ਸੀਪੀਆਈ ਲੁਧਿਆਣਾ ਦੇ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸੱਤਰ ਡਾਕਟਰ ਅਰੁਣ ਮਿੱਤਰਾ ਅਤੇ ਹੋਰਾਂ ਨੇ ਇਹਨਾਂ ਘਟਨਾਵਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾ ਕਿਸੇ ਲਿਹਾਜ਼ ਦੇ ਇਹਨਾਂ ਫਿਰਕੂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ।  

Wednesday, June 06, 2018

ਲੁਧਿਆਣਾ ਵਿੱਚ ਅਮਨ ਅਮਾਨ ਨਾਲ ਗੁਜ਼ਰਿਆ ਘੱਲੂਘਾਰਾ ਦਿਵਸ

ਸ਼ਿਵਸੈਨਾ ਰਾਸ਼ਟਰਵਾਦੀ ਨੇ ਲਗਾਏ ਭਾਰਤ ਮਾਤਾ ਕਿ ਜੈ ਦੇ ਨਾਅਰੇ 
ਲੁਧਿਆਣਾ: 6 ਜੂਨ 2018: (ਪੰਜਾਬ ਸਕਰੀਨ ਬਿਊਰੋ)::
34 ਸਾਲ ਪਹਿਲਾਂ ਸਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਓਪਰੇਸ਼ਨ ਬਲਿਊ ਸਟਾਰ ਵਾਲੀ ਦੁਖਦਾਈ ਘਟਨਾ ਦਾ ਦਰਦ ਅੱਜ ਵੀ ਤਾਜ਼ਾ ਹੈ। ਤਕਰੀਬਨ ਹਰ ਗੁਰਦੁਆਰੇ ਵਿੱਚ ਇਸ ਹਫਤੇ ਸਮਾਗਮ ਹੁੰਦੇ ਹਨ। ਹਰ ਸਾਲ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਜਿਸ ਨਾਲ ਇਹ ਜ਼ਖਮੀ ਹਰ ਸਾਲ ਫਿਰ ਹਰੇ ਹੋ ਜਾਂਦੇ ਹਨ।  ਢਹਿ ਢੇਰੀ ਹੋਏ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਅਤੇ ਫੌਜੀ ਐਕਸ਼ਨ ਦੇ 34 ਸਾਲ ਪੁਰਾਣੇ ਚਰਚੇ ਉਸ ਪੀੜ੍ਹੀ ਨੂੰ ਵੀ ਪਤਾ ਹਨ ਜਿਹੜੀ ਸੰਨ 1984 ਤੋਂ ਬਾਅਦ ਪੈਦਾ ਹੋਈ। 
ਦੂਜੇ ਪਾਸੇ ਇਸ ਐਕਸ਼ਨ ਦਾ ਸਮਰਥਨ ਕਰਨ ਵਾਲੇ ਹਰ ਸਾਲ ਇਆਸਦਾ ਸਮਰਥਨ ਕਰਦੇ ਹਨ ਜਿਸ ਨਾਲ ਮਾਮਲਾ ਹਰ ਵਾਰ ਨਾਜ਼ੁਕ ਸਥਿਤੀ ਵਾਲਾ ਬਣ ਜਾਂਦਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਵੀ ਇਸ ਵਾਰ ਸਥਿਤ ਕੁਝ ਕੁ ਸਮੇਂ ਲਈ ਤਣਾਅ ਪੂਰਨ ਬਣ ਗਈ। ਚੌੜਾ ਬਾਜ਼ਾਰ ਵਿੱਚ ਖੁਸ਼ੀ ਰਾਮ ਹਲਵਾਈ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਹਿੰਦੂ ਸੰਗਠਨਾਂ ਨੇ ਵੀ ਆਪਣਾ ਆਯੋਜਨ ਕੀਤਾ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਵੀ ਆਪਣੇ ਪੂਰੇ ਬੰਦੋਬਸਤ ਕੀਤੇ। 
ਹਰ ਸਾਲ ਦੀ ਤਰਾਂ ਇਸ ਵਾਰ ਵੀ ਸੁਰੱਖਿਆ ਦੇ ਸਖਤ ਪਰਬੰਧ ਕੀਤੇ ਗਏ ਸਨ। ਹਰ ਸ਼ਹਿਰ ਵਿੱਚ ਸੁਰੱਖਿਆ ਫੋਰਸਾਂ ਨੇ ਫਲੈਗ ਮਾਰਚ ਕੀਤੇ ਤਾਂ ਕਿ ਅਫਵਾਹਾਂ ਕਾਰਨ ਫੈਲਣ ਵਾਲੀ ਦਹਿਸ਼ਤ ਦੇ ਮਾਹੌਲ ਨੂੰ ਕਾਬੂ ਕੀਤਾ ਜਾ ਸਕੇ। ਧਾਰਮਿਕ ਥਾਵਾਂ ਦੇ ਨਾਲ ਨਾਲ ਮੁਖ ਵਪਾਰਕ ਕੇਂਦਰਾਂ ਅਤੇ ਬਾਜ਼ਾਰਾਂ ਵਿੱਚ ਵੀ ਸੁਰੱਖਿਆ ਫੋਰਸਾਂ ਦੀ ਸਰਗਰਮ ਗਸ਼ਤ ਜਾਰੀ ਰਹੀ। 
ਲੁਧਿਆਣਾ ਦੇ ਮੁਖ ਅਤੇ ਪੁਰਾਣੇ ਵਪਾਰਕ ਕੇਂਦਰ ਚੋੜਾ ਬਾਜ਼ਾਰ ਵਿੱਚ ਸਥਿਤ ਇਲਾਇਚਿਗਿਰੀ ਮੰਦਰ ਵਾਲੀ ਗਲੀ ਵਿੱਚ ਕਾਫ਼ੀ ਦੇਰ ਤਣਾਅ ਵਾਲਾ ਮਹੌਲ ਬਣਿਆ ਰਿਹਾ। ਇਥੇ ਨੇੜੇ ਹੀ ਮੰਦਿਰ ਲਾਲੂ ਮਲ ਸੋਸਾਇਟੀ ਵਿੱਚ ਸ਼ਿਵ ਸੈਨਾ ਰਾਸ਼ਟਰਵਾਦੀ ਨੇ ਆਪਣੇ ਹਮ ਖਿਆਲ ਸੰਗਠਨਾਂ ਨਾਲ ਮਿਲ ਕੇ ਆਤੰਕਵਾਦ ਦੇ ਖਿਲਾਫ਼ ਹਵਨ ਦਾ ਆਯੋਜਨ ਕੀਤਾ ਅਤੇ ਭਾਰਤ ਮਾਤਾ ਕਿ ਜੈ ਦੇ ਨਾਅਰੇ ਲਗਾਏ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਅਤੇ ਕਈ ਹੋਰ ਲੀਡਰ ਵੀ ਮੌਜੂਦ ਰਹੇ। ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਇਹ ਲੋਕ ਦਹਿਸ਼ਤਗਰਦੀ ਦੇ ਖਿਲਾਫ਼ ਮਾਰਚ ਵੀ ਕਢਣਾ ਚਾਹੁੰਦੇ ਸਨ ਪਰ ਪੁਲਿਸ ਨੇ ਲੰਮੀ ਬਹਿਸ ਮਗਰੋਂ ਇਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਮਾਰਚ ਦਾ ਖਿਆਲ ਤਿਆਗ ਦਿੱਤਾ ਜਾਵੇ। ਇਹਨਾਂ ਦੀ ਮੁੱਖ ਮੰਗ ਸੀ ਕਿ ਬਾਜ਼ਾਰਾਂ ਵਿੱਚ ਵਿਕਦੀ ਉਸ ਸਾਰੀ ਸਮਗਰੀ 'ਤੇ ਰੋਕ ਲਗਾਈ ਜਾਵੇ ਜਿਹੜੀ ਅੱਤਵਾਦ ਜਾਂ ਦਹਿਸ਼ਤਗਰਦੀ ਨੂੰ ਉਕਸਾਉਂਦੀ ਹੈ ਜਾਂ ਫਿਰ ਇਸਦਾ ਪਰਚਾਰ ਕਰਦੀ ਹੈ।  
ਇਸ ਮੌਕੇ ਏ ਡੀ ਸੀ ਪੀ ਗੁਰਪਰੀਤ ਸਿੰਘ ਸਿਕੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਕੁਝ ਬੜੇ ਹੀ ਸ਼ਾਂਤੀਪੂਰਨ ਮਾਹੌਲ ਨਾਲ ਨਿੱਬੜ ਗਿਆ। ਉਹਨਾਂ ਲੁਧਿਆਣਾ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਥੋਂ ਦੇ ਲੋਕ ਬੜੇ ਹੀ ਸ਼ਾਂਤੀ ਪਸੰਦ ਲੋਕ ਹਨ ਇਸ ਲਈ ਅੱਜ ਦੇ ਨਾਜ਼ੁਕ ਹਾਲਾਤ ਮੌਕੇ ਵੀ ਇਥੇ ਕੋਈ ਗੜਬੜ ਨਹੀਂ ਹੋਈ। ਇਸ ਮੌਕੇ ਤੇ ਏਡੀਸੀਪੀ-ਵਨ, ਏਸੀਪੀ-ਸੁਰਿੰਦਰ ਮੋਹਨ, ਐਸ ਐਚ ਓ ਸੁਰਿੰਦਰ ਚੋਪੜਾ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਪੁਲਿਸ ਦੇ ਇਹਨਾਂ ਅਧਿਕਾਰੀਆਂ ਨੇ ਮਾਮਲਾ ਨਿੱਬੜ ਜਾਂ ਤੋਂ ਬਾਅਦ ਵੀ ਇਸ ਇਲਾਕੇ ਦੇ ਬਾਜ਼ਾਰਾਂ ਦਾ ਗੇੜਾ ਲਾਇਆ। 
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਨੇ ਇਸ ਗੱਲ 'ਤੇ ਦੁੱਖ ਅਤੇ ਚਿੰਤਾ ਦਾ ਪਰਗਟਾਵਾ ਕੀਤਾ ਕਿ ਵਿਦੇਸ਼ਾਂ ਵਿੱਚ ਬੈਠੇ ਕੱਟੜਪੰਥੀ ਅਜੇ ਵੀ ਪੰਜਾਬ ਵਿੱਚ ਦਹਿਸ਼ਤਗਰਦੀ ਵਾਲਾ ਉਹ ਪੁਰਾਣਾ ਦੌਰ ਲਿਆਉਣ ਚਾਹੁਦੇ ਹਨ। ਉਹਨਾਂ ਇਸ ਗੱਲ ਦੀ ਨਿਖੇਧੀ ਕੀਤੀ ਕਿ ਬਾਜ਼ਾਰਾਂ ਵਿੱਚ ਦਹਿਸ਼ਤਗਰਦਾਂ ਨੂੰ ਹੀਰੋ ਬਣਾਉਣ ਵਾਲੀ ਬਹੁਤ ਸਾਰੀ ਸਮਗਰੀ ਲਗਾਤਾਰ ਵਿਕ ਰਹੀ ਹੈ। ਇਸ ਮੌਕੇ 'ਤੇ ਦਲੀਪ ਗਰੋਵਰ, ਅਸ਼ਵਨੀ ਚੋਪੜਾ, ਰਾਕੇਸ਼ ਅਰੋੜਾ, ਸੌਰਭ ਅਰੋੜਾ, ਰਿਸ਼ਭ ਕਨੌਜੀਆ, ਅਮਨ ਟੱਕਰ, ਦੀਪਕ ਸ਼ਰਮਾ, ਵਿਨੋਦ ਸ਼ਰਮਾ, ਅਮਿਤ ਕੋੰਡਲ ਸਮੇਤ ਕਈ ਹੋਰ ਹਿੰਦੂ ਲੀਡਰ ਵੀ ਮੌਜੂਦ ਸਨ। ਇਹਨਾਂ ਨੇ ਆਪਣੇ ਦੋ ਦੋ ਮੈਂਬਰਾਂ ਨੂੰ ਚੁੱਪ ਚੁਪੀਤੇ ਬਾਹਰ ਕਢ ਕੇ ਮਾਰਚ ਵਾਲੀ ਯੋਜਨਾ  ਸਫਲ ਬਣਾਉਣ ਦੀ ਕੋਸਿਸ਼ ਵੀ ਕੀਤੀ ਪਰ ਭਾਰੀ ਪੁਲੁਸ ਫੋਰਸ ਨੇ ਲਗਾਈ ਸਖਤ ਨਾਕੇਬੰਦੀ ਨਾਲ ਇਹ ਸਾਰੀ ਯੋਜਨਾ ਨਾਕਾਮ ਬਣਾ ਦਿੱਤੀ। 
ਜ਼ਿਕਰਯੋਗ ਹੈ ਕਿ ਇਸ ਗਲੀ ਦੇ ਨਾਲ ਹੀ ਹੀ ਲੱਗਦੀ ਗਲੀ ਵਿੱਚ ਆਪਣੇ ਵੇਲੇ ਦੇ ਪ੍ਰ੍ਸਿਧ ਹਿੰਦੂ ਲੀਡਰ "ਸ਼ੇਰੇ ਪੰਜਾਬ" ਕਾਲੀ ਚਰਨ ਦਾ ਘਰ ਵੀ ਮੌਜੂਦ ਹੈ ਜਿਹਨਾਂ ਨੂੰ ਦਹਿਸ਼ਤਗਰਦੀ ਵਾਲੇ ਦਿਨਾਂ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਇਥੇ ਚੋਂਕ ਦਾ ਨਾਂ ਵੀ ਰੱਖਿਆ ਗਿਆ ਹੈ।  ਉਹਨਾਂ ਦੇ ਸ਼ਰਧਾਲੂ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਯਾਦ ਕਰਦੇ ਹਨ। 

Tuesday, September 19, 2017

ਨਹੀਂ ਰਹੇ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ

ਰਚਨਾਵਾਂ ਨਾਲ ਹਮੇਸ਼ਾਂ ਰਹਿਣਗੇ ਸਾਡੇ ਦਰਮਿਆਨ 
ਵਕਾਲਤ ਦਾ ਪੇਸ਼ਾ, ਕਾਨੂੰਨ ਦੀ ਪੜ੍ਹਾਈ, ਲਾਅ ਅਫਸਰ ਵੱਜੋਂ ਨੌਕਰੀ ਅਤੇ ਜਜ਼ਬਾਤਾਂ ਦਾ ਅਨੁਭਵ ਪੂਰੀ ਸ਼ਿੱਦਤ ਨਾਲ। ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਹੁਰਾਂ ਦਾ ਤੁਰ ਜਾਣਾ ਦਿਲ ਨੂੰ ਬੇਹੱਦ ਉਦਾਸ ਕਰ ਗਿਆ। ਸਰਬੱਤ ਦਾ ਭਲਾ ਮੰਗਣ ਵਾਲੇ ਅਸਥਾਨ--ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੇ ਜਿਹਨਾਂ ਨੂੰ ਚੋਟ ਪਹੁੰਚਾਈਂ ਉਹਨਾਂ ਵਿੱਚ ਅਫ਼ਜ਼ਲ ਸਾਹਿਬ ਵੀ ਸਨ। ਉਹਨਾਂ ਇਸ ਮੌਕੇ ਨੂੰ ਆਪਣੀਂ ਕਲਮੀ ਗਵਾਹੀ ਨਾਲ ਸੰਭਾਲਦਿਆਂ ਇੱਕ ਅਮਰ ਰਚਨਾ ਲਿਖੀ-ਨਵਾਂ ਘੱਲੂਘਾਰਾ। ਉਹਨਾਂ ਦੇ ਅਲਵਿਦਾ ਕਹਿ ਜਾਣ ਮਗਰੋਂ ਇਸ ਕਵਿਤਾ ਦੀ ਅਹਿਮੀਅਤ ਹੋਰ ਵੱਧ ਗਈ ਹੈ। ਇਸ ਦੁਖਦਾਈ ਅਤੇ ਉਦਾਸ ਮੌਕੇ ਤੇ ਅਸੀਂ ਉਹੀ ਰਚਨਾ ਪ੍ਰਕਾਸ਼ਿਤ ਕਰ ਰਹੇ ਹਾਂ।-ਸੰਪਾਦਕ 
ਨਵਾਂ ਘੱਲੂਘਾਰਾ 
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।

ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।

ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।

ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।

ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।

ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।

ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।

Monday, June 06, 2016

ਜੱਥੇਦਾਰ ਵੱਲੋਂ ਕੌਮੀ ਸਵੈਮਾਣ ਦਾ ਜਜ਼ਬਾ ਪੈਦਾ ਕਰਨ ਦਾ ਸੱਦਾ

 Mon, Jun 6, 2016 at 12:36 PM 
ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਕੂੜ ਪ੍ਰਚਾਰ ਦੀ ਵੀ ਆਲੋਚਨਾ 
ਸੰਦੇਸ਼: ਜੂਨ 84 ਦਾ ਸਾਕਾ ਕੱਲ ਵਾਂਗ ਹੀ ਲੱਗ ਰਿਹਾ ਹੈ                  
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਜੁੜ ਬੈਠੀ ਸਾਧ-ਸੰਗਤ ਜੀ 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਅੱਜ ਖ਼ਾਲਸਾ ਪੰਥ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ ਜਿਹਨਾਂ ਨੇ ਜੂਨ 1984 ਵਿਚ ਕਾਂਗਰਸ ਦੀ ਹਕੂਮਤ ਵੱਲੋਂ ਸਾਡੇ ਪਾਵਨ ਅਸਥਾਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਸਮੇਂ ਸਿੱਖ ਕੌਮ ਦੇ ਜਰਨੈਲ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਜੀ ਦੀ ਅਗਵਾਈ ਵਿਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸ਼ੁਬੇਗ ਸਿੰਘ ਜੀ, ਬਾਬਾ ਠਾਹਰਾ ਸਿੰਘ ਆਦਿ ਸਿੰਘਾਂ ਨੇ ਜੂਝਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।
ਖ਼ਾਲਸਾ ਜੀ! ਅੱਜ 32 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਜੂਨ 84 ਦਾ ਸਾਕਾ ਕੱਲ ਵਾਂਗ ਹੀ ਲੱਗ ਰਿਹਾ ਹੈ। ਜਦ ਸਮੁੱਚੀ ਦੁਨੀਆਂ ਨੂੰ ਪਿਆਰ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦੇਣ ਵਾਲੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰਕਰਮਾਂ ਭਾਰਤੀ ਫੌਜ ਦੇ ਟੈਂਕਾਂ ਦੇ ਗੋਲਿਆਂ ਨੇ ਸ਼ਰਧਾਲੂ ਸਿੱਖਾਂ ਦੇ ਖੂਨ ਨਾਲ ਲਥਪੱਥ ਕਰ ਦਿੱਤੀਆਂ ਸਨ। ਸਿੱਖ ਕੌਮ ਦੇ ਸੀਨੇ ਵਿਚ ਲੱਗੇ ਇਹ ਜਖ਼ਮ ਅਜੇ ਵੀ ਅੱਲੇ ਹਨ। ਸਮੇਂ ਦੀ ਕਾਂਗਰਸ ਸਰਕਾਰ ਆਪਣੀ ਕੀਤੀ ਇਸ ਅਤਿ ਘਿਨੌਣੀ ਕਾਰਵਾਈ ਨੂੰ ਭੁੱਲ ਜਾਣ ਲਈ ਦੁਹਾਈ ਦਿੰਦੀ ਹੈ, ਖ਼ਾਲਸਾ ਜੀ ਇਹ ਤਾਂ ਉਹਨਾਂ ਕੌਮਾਂ ਨੂੰ ਪਤਾ ਹੁੰਦਾ ਹੈ ਜਿਹਨਾਂ ਦੇ ਸਿਰ ਤੋਂ ਇਹ ਹੋਣੀ ਲੰਘੀ ਹੁੰਦੀ ਹੈ। ਪਰ ਸਾਨੂੰ ਮਾਣ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਜੀ ਇਸ ਮਹਾਨ ਕੌਮ 'ਤੇ, ਜਿਨ•ਾਂ ਹਮੇਸ਼ਾਂ ਹੀ ਆਪਣੇ ਮਹਾਨ ਸ਼ਹੀਦਾਂ, ਸੂਰਬੀਰਾਂ, ਯੋਧਿਆਂ ਨੂੰ ਕਦੇ ਨਹੀਂ ਵਿਸਾਰਿਆ। 

ਅੱਜ 100 ਸਾਲ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾਮਾਗਾਟਾਮਾਰੂ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਦਿਆਂ ਹੋਇਆਂ ਉਸ ਬੱਜ਼ਰ ਗਲਤੀ ਲਈ ਮੁਆਫੀ ਮੰਗੀ ਹੈ, ਜਿਸ ਦੀ ਖ਼ਾਲਸਾ ਪੰਥ ਸ਼ਲਾਘਾ ਕਰਦਾ ਹੈ। ਪ੍ਰੰਤੂ ਸਾਡੇ ਦੇਸ਼ ਦੇ ਹਾਕਮ ਬਹੁ-ਗਿਣਤੀ ਦੇ ਜੋਰ ਨਾਲ ਅੱਜ ਵੀ ਸਾਕਾ ਨੀਲਾ ਤਾਰਾ ਬਾਰੇ ਕੋਈ ਲਫਜ਼ ਕਹਿਣ ਤੋਂ ਗੁਰੇਜ਼ ਕਰ ਰਹੇ ਹਨ, ਜੋ ਕਿ ਸਾਡੇ ਲਈ ਹੋਰ ਵੀ ਦੁਖਦਾਈ ਹੈ।
ਖ਼ਾਲਸਾ ਜੀ! ਸਾਨੂੰ ਅੱਜ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਅਤਿਅੰਤ ਜਰੂਰਤ ਹੈ। ਅੱਜ ਸਿੱਖ ਸਿਧਾਂਤਾਂ ਤੇ ਰਹਿਤ ਮਰਿਯਾਦਾ ਦੇ ਮਸਲਿਆਂ ਬਾਰੇ ਵਾਦ-ਵਿਵਾਦ ਪੈਦਾ ਕਰਕੇ ਸਿੱਖੀ ਦੇ ਦੁਸ਼ਮਣ ਛਾਤਿਰ ਚਾਲਾਂ ਚੱਲ ਰਹੇ ਹਨ। 
ਖਾਲਸਾ ਜੀ! ਜਿਥੇ ਅਸੀਂ ਪਿਛਲੇ ਸਮੇਂ ਦੌਰਾਨ ਸਰਕਾਰੀ ਜਬਰ, ਅਨਿਆਂ ਅਤੇ ਵਿਤਕਰੇ ਦਾ ਸ਼ਿਕਾਰ ਹੋਏ ਹਾਂ ਉਥੇ ਹੀ ਬੜੇ ਦੁਖ ਦੀ ਗੱਲ ਹੈ ਇਹ ਕਿ ਅੱਜ ਕੌਮ ਆਪਸੀ ਫੁਟ ਦਾ ਬੁਰੀ ਤਰਾਂ ਸ਼ਿਕਾਰ ਹੋ ਚੁਕੀ ਹੈ। 
ਗੁਰਬਾਣੀ ਦੇ ਫੁਰਮਾਨ: 'ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ' ਦੇ ਮੁਤਾਬਿਕ ਅੱਜ ਅਸੀਂ ਆਪਣੇ ਵਿਰੋਧੀਆਂ ਅਤੇ ਪੰਥ ਦੋਖੀਆਂ ਦੇ ਖਿਲਾਫ਼ ਲੜਾਈ ਲੜਨ ਦੀ ਬਜਾਏ ਅਸੀਂ ਭਰਾ ਮਾਰੂ ਜੰਗ ਵੱਲ ਵੱਧ ਰਹੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨਿਤਾਪ੍ਰਤੀ ਬੇ-ਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ ਹਨ। ਪੀਲੀਭੀਤ ਕਾਂਡ ਵਰਗੇ ਦਿਲ ਕੰਬਾਊ ਹਾਦਸੇ ਸਾਨੂੰ ਸਿਰ ਤੋਂ ਪੈਰਾ ਤੀਕ ਝੰਜੋੜ ਰਹੇ ਹਨ। ਇਸ ਸਭ ਦੇ ਹਲ ਲਈ ਅਤੇ ਇੰਨਸਾਫ਼ ਪ੍ਰਾਪਤੀ ਲਈ ਸਾਨੂੰ ਸਾਰਿਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਇਕੱਠਿਆਂ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਭਰਾ ਮਾਰੂ ਜੰਗ ਤੋਂ ਨਿਜਾਤ ਪਾ ਸਕੀਏ।
ਖ਼ਾਲਸਾ ਜੀ! ਅੱਜ ਨਾ ਸਾਨੂੰ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਸਤਿਕਾਰ ਦੀ ਚਿੰਤਾ ਹੈ, ਨਾ ਸੰਗਤ-ਪੰਗਤ ਦੇ ਸਿਧਾਂਤ ਨੂੰ ਸਮਝ ਰਹੇ ਹਾਂ ਅਤੇ ਨਾ ਹੀ ਆਪਣੀ ਸ਼ਕਤੀ ਦੇ ਟੁੱਟਣ ਦਾ ਖਤਰਾ ਮਹਿਸੂਸ ਕਰ ਰਹੇ ਹਾਂ। ਦਾਸ ਅੱਜ ਉਨ•ਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸਮੇਂ ਸਮੁੱਚੀ ਕੌਮ ਅਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜ•ੀ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀ ਸ਼ਕਤੀ ਨੂੰ ਕੌਮ ਦੇ ਉਜਲੇ ਭਵਿੱਖ ਲਈ ਵਰਤਣ, ਜਿਸ ਨਾਲ ਕੌਮ ਚੜਦੀ ਕਲਾ ਵਿਚ ਹੋਵੇ।
ਨੌਜਵਾਨ ਬੱਚਿਓ- ਅੱਜ ਦੁਨੀਆਂ ਤਰੱਕੀ ਦੇ ਰਾਹ ਜਾ ਰਹੀ ਹੈ ਅਤੇ ਸਾਡੀ ਸਹੂਲਤ ਲਈ ਬਹੁਤ ਸਾਧਨ ਸਾਨੂੰ ਮਿਲ ਰਹੇ ਹਨ ਪਰ ਜਿਹੜੀਆਂ ਸਹੂਲਤਾ ਜਾ ਸਾਧਨ ਸਾਡੀ ਕੌਮ ਲਈ ਘਾਤਕ ਬਣ ਰਹੀਆਂ ਹਨ ਉਹਨਾਂ ਨੂੰ ਬੜੇ ਸੰਭਲ ਕੇ ਵਰਤਣ ਦੀ ਲੋੜ ਹੈ। ਅੱਜ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਕੂੜ ਪ੍ਰਚਾਰ ਤੁਹਾਨੂੰ ਤੁਹਾਡੇ ਸਿਧਾਂਤ ਜਾਂ ਇਤਿਹਾਸ ਤੋਂ ਹੀ ਨਹੀਂ ਗੁਮਰਾਹ ਕਰ ਰਿਹਾ ਬਲਕਿ ਤੁਹਾਡੇ ਮਨਾ ਵਿਚ ਆਪਣੇ ਗੁਰੂ ਪ੍ਰਤੀ ਸ਼ਰਧਾ ਘਟਾ ਕੇ ਵੱਡੇ-ਛੋਟੇ ਦੇ ਸਤਿਕਾਰ ਵਿਚ ਵੀ ਫਰਕ ਪਾ ਰਿਹਾ ਹੈ। ਜਿਸ ਨਾਲ ਸਾਡੀ ਕੌਮ ਦੇ ਭਵਿੱਖ ਤੇ ਇਕ ਬੜਾ ਵੱਡਾ ਸੁਆਲੀਆ ਨਿਸ਼ਾਨ ਲੱਗ ਜਾਵੇਗਾ। ਇਸ ਤੋਂ ਬਚਣ ਦੀ ਲੋੜ ਹੈ ਅਤੇ ਦਾਸ ਸਾਰੇ ਮਾਪਿਆਂ ਨੂੰ ਸੁਚੇਤ ਕਰਦਾ ਹੈ ਕਿ ਮਾਪੇ ਆਪੋ-ਆਪਣੇ ਘਰਾਂ ਅੰਦਰ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦਾ ਯਤਨ ਕਰਨ।
ਖ਼ਾਲਸਾ ਜੀ! ਇਹਨਾਂ ਸਾਰੇ ਮਸਲਿਆਂ ਦਾ ਹੱਲ ਗੁਰੂ-ਗ੍ਰੰਥ ਤੇ ਗੁਰੂ-ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ। ਜਿਸ ਨਾਲ ਨਸ਼ੇ, ਪਤਿਤਪੁਣਾ, ਭਰੂਣ-ਹੱਤਿਆ, ਦੇਹਧਾਰੀ ਗੁਰੂ ਡੰਮ-ਪੰਥ ਦੋਖੀਆਂ ਦੀਆਂ ਚਾਲਾਂ ਅਤੇ ਹੋਰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਦੂਰ ਹੋ ਜਾਣਗੀਆਂ। ਜੂਨ 1984 ਦਾ ਘੱਲੂਘਾਰਾ ਦਿਵਸ 'ਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਆਪਣੇ ਸੀਨੇ ਵਿਚ ਵਸਾ ਕੇ ਆਪਣੇ ਅੰਦਰ ਕੌਮੀ ਸਵੈਮਾਣ ਦਾ ਜਜ਼ਬਾ ਪੈਦਾ ਕਰੀਏ। ਇਸ ਸੰਕਲਪ ਸਦਕਾ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੰਨਕਲਾਬੀ ਸਪਿਰਟ ਨੂੰ ਕਾਇਮ ਕੀਤਾ ਜਾ ਸਕਦਾ ਹੈ। ਅੰਤ ਵਿਚ ਸਮੂੰਹ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਫ਼ਤਹਿ ਬੁਲਾਉਂਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

Saturday, June 06, 2015

ਓਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਮੌਕੇ ਫਿਰ ਖਾਲਿਸਤਾਨੀ ਨਾਅਰੇ

ਸਮਾਗਮ ਅਤੇ ਭਾਸ਼ਣ ਵਿੱਚ ਛਾਈ ਰਹੀ ਜੰਮੂ ਦੀ ਘਟਨਾ 
ਸਿੰਘ ਸਾਹਿਬ ਨੇ ਕੀਤਾ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣ ਦਾ ਐਲਾਨ
ਅੰਮ੍ਰਿਤਸਰ: 6 ਜੂਨ 2015: (ਪੰਜਾਬ ਸਕਰੀਨ ਬਿਊਰੋ):
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਓਪਰੇਸ਼ਨ ਬਲਿਊ ਸਟਾਰ ਦੀ 31ਵੀ ਬਰਸੀ ਦੇ ਮੌਕੇ  ਜੰਮੂ ਵਿੱਚ ਇੱਕ ਸਿੱਖ ਨੌਜਵਾਨ ਦੀ ਸ਼ਹਾਦਤ ਦਾ ਸਖਤ ਨੋਟਿਸ ਲਿਆ। ਉਹਨਾਂ ਇਹ ਵੀ ਕਿਹਾ ਕਿ ਉਹ ਅੱਜ ਹੀ ਜੰਮੂ ਆ ਕੇ ਇਸ ਸ਼ਹੀਦ ਦੇ ਪਰਿਵਾਰ ਨੂੰ ਮਿਲਣਗੇ। ਉਹ ਅਪਰੇਸ਼ਨ ਬਲੂ ਸਟਾਰ ਦੀ 31ਵੀ ਬਰਸੀ ਦੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਦੇ ਨਾਮ ਆਪਣਾ ਸੁਨੇਹਾ ਪੜ੍ਹਦਿਆਂ ਇਸ ਗੱਲ 'ਤੇ ਵੀ ਤਸੱਲੀ ਪ੍ਰਗਟਾਈ ਕਿ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। 
ਪਰ ਪੁੱਜੀਆਂ ਰਿਪੋਰਟਾਂ ਮੁਤਾਬਿਕ ਸ਼੍ਰੀ ਅਕਾਲ ਤਖ਼ਤੇ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਨੇਹੇ ਖ਼ਤਮ ਕਰਨ ਦੇ ਤੁਰੰਤ ਬਾਅਦ ਉੱਥੇ ਮੌਜੂਦ ਸਿੱਖ ਸੰਗਤ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨਾਅਰੇਬਾਜ਼ੀ ਨਾਲ ਮਾਹੌਲ ਕਾਫ਼ੀ ਭਖ ਗਿਆ। ਪੁਲਿਸ ਫੋਰਸ ਤੇ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਸਾਂਝੀਆਂ ਕੋਸ਼ਿਸ਼ਾਂ ਨਾਲ ਬੀਤੇ ਸਾਲ ਦੀ ਘਟਨਾ ਵਰਗੀ ਕੋਈ ਵੀ ਘਟਨਾ ਨਹੀਂ ਹੋਈ। ਉੱਧਰ, ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਜਿੱਥੇ ਅਜੋਕੇ ਦਿਨ 1984 ਦੇ ਸ਼ਹੀਦਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੌਮੀ ਸ਼ਹੀਦ ਕਰਾਰ ਦਿੱਤਾ, ਉੱਥੇ ਹੀ ਉਨ੍ਹਾਂ ਨੇ ਜੰਮੂ 'ਚ ਹੋਈ ਹਿੰਸਕ ਘਟਨਾ ਲਈ ਜੰਮੂ ਪੁਲਿਸ, ਜੰਮੂ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ ਜਥੇਦਾਰ ਅਕਾਲ ਤਖ਼ਤ ਨੇ ਬਰਸੀ ਦੇ ਸ਼ਾਂਤੀਪੂਰਨ ਸੰਪੰਨ ਹੋਣ 'ਤੇ ਪੁਲਿਸ ਤੇ ਐਸਜੀਪੀਸੀ ਟਾਸਕ ਫੋਰਸ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਜੰਮੂ ਦੇ ਪੁਲਿਸ ਕਮਿਸ਼ਨਰ ਦੇ ਤਬਾਦਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜੰਮੂ 'ਚ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਉਹ ਅੱਜ ਹੀ ਜੰਮੂ ਜਾ ਕੇ ਸ਼ਹੀਦ ਨੌਜਵਾਨ ਦੇ ਪਰਿਵਾਰ ਨੂੰ ਮਿਲਣਗੇ ਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨਗੇ।

Thursday, June 04, 2015

ਜੰਮੂ ਵਿੱਚ ਸਿੱਖ ਨੌਜਵਾਨਾਂ ਅਤੇ ਪੁਲਿਸ ਦਰਮਿਆਨ ਝੜੱਪ

ਕਈ ਪੁਲਿਸ ਵਾਲੇ ਜ਼ਖਮੀ-ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ 
ਜੰਮੂ: 4 ਜੂਨ 2015:(ਪੰਜਾਬ ਸਕਰੀਨ ਬਿਊਰੋ): 
ਸਿੱਖ ਵਰਲਡ ਗਰੁੱਪ 
ਫਿਰਕੂ ਅਮਨ ਨੂੰ ਅੱਗ ਲਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ। ਆਮ ਲੋਕਾਂ ਦਾ ਧੀਆਂ ਆਰਥਿਕ ਮਸਲਿਆਂ ਅਤੇ ਹੋਰ ਨਿੱਤ ਦੀਆਂ ਮੁਸੀਬਤਾਂ ਤੋਂ ਲਾਂਭੇ ਕਰਨ ਲਈ ਆਏ ਦਿਨ ਕੋਈ ਨ ਕੋਈ ਸ਼ੋਏਸ਼ੇ ਬਾਜ਼ੀ ਛੱਡੀ ਜਾ ਰਹੀ ਹੈ। ਬਲਿਊ ਸਟਾਰ ਓਪਰੇਸ਼ਨ ਦੀ ਯਾਦ ਮੌਕੇ ਸਿੱਖ ਸੰਗਤਾਂ ਹਰ ਸਾਲ ਇਸ ਹਫਤੇ ਨੂੰ ਘੱਲੂਘਾਰੇ ਹਫਤੇ ਵੱਜੋਂ ਮਨਾਉਂਦੀਆਂ ਹਨ। ਇਸ ਸੰਵੇਦਨਸ਼ੀਲ ਸਮੇਂ ਤੇ ਕੁਝ ਲੋਕ ਜਾਣਬੁਝ ਕੇ ਭੜਕਾਊ ਕਾਰਵਾਈਆਂ ਕਰ ਰਹੇ ਹਨ। ਇਹ ਸਾਰੇ ਕਦਮ ਸਮਾਜ ਦੇ ਦੋ ਪ੍ਰਮੁੱਖ ਵਰਗਾਂ ਨੂੰ ਹੋਰ ਦੂਰ ਲਿਜਾਣ ਵਦੀ ਇੱਕ ਖਤਰਨਾਕ ਸਾਜਿਸ਼ ਹੀ ਕਹੇ ਜਾ ਸਕਦੇ ਹਨ। ਦਿਲਚਸਪ ਗੱਲ ਹੈ ਕਿ ਇਹਨਾਂ ਕਦਮਾਂ ਵਿੱਚ ਆਪਣੇ ਆਪ ਨੂੰ ਇੰਦਰਾ ਗਾਂਧੀ ਦੇ ਪੈਰੋਕਾਰ ਅਤੇ ਕਾਂਗਰਸੀ ਅਖਵਾਉਣ ਵਾਲੇ ਸ਼ਾਮਿਲ ਹਨ। ਇਹਨਾਂ ਸਾਰੇ ਵਰਗਾਂ ਨੂੰ ਨਿੱਤ ਦਿਹਾੜੇ ਮਹਿੰਗੀ ਹੁੰਦੀ ਜਾ ਰਹੀ ਜ਼ਿੰਦਗੀ ਨਾਲ ਸ਼ਾਇਦ ਕੋਈ ਸਰੋਕਾਰ ਨਹੀਂ।ਬਲਿਊ ਸਟਾਰ ਓਪਰੇਸ਼ਨ ਕਿਓਂ ਕੀਤਾ ਗਿਆ? ਇਸ ਸਖਤ ਫੌਜੀ ਐਕਸ਼ਨ ਤੱਕ ਹਾਲਾਤ ਕਿਓਂ ਅਤੇ ਕਿਵੇਂ ਪਹੁੰਚੇ? ਇਸ ਐਕਸ਼ਨ ਲਈ ਗੁਰਪੂਰਬ ਵਾਲਾ ਦਿਨ ਕਿਓਂ ਚੁਣਿਆ ਗਿਆ?ਸ੍ਰੀ ਹਰਿਮੰਦਿਰ ਸਾਹਿਬ ਵਰਗੀ ਪਾਵਨ ਪਵਿੱਤਰ ਥਾਂ ਤੇ ਖਤਰਨਾਕ ਗੈਸਾਂ ਅਤੇ ਹਥਿਆਰਾਂ ਦੀ ਵਰਤੋਂ ਕਿਓਂ ਹੋਈ? ਇਹ ਸਾਰੇ ਸਵਾਲ ਅੱਜ ਵੀ ਜੁਆਬ ਮੰਗਦੇ ਹਨ। ਇਹਨਾਂ ਸਾਰੇ ਮਸਲਿਆਂ ਨੂੰ ਛੱਡ ਕੇ ਹਾਲਾਤ ਨੂੰ ਇੱਕ ਵਾਰ 1984 ਵਾਲੀ ਹਾਲਤ ਵਿੱਚ ਲਿਜਾਣ ਦੇ ਖਤਰਨਾਕ ਮਨਸੂਬੇ ਸਿਰੇ ਚੜ੍ਹਾਏ ਜਾ ਰਹੇ ਹਨ। ਜੂਨ-84 ਵਿੱਚ ਵੀ ਸਿਆਸਦਾਨਾਂ ਨੇ ਹਾਲਾਤ ਵਿਗੜੇ, ਨਵੰਬਰ-84 ਵਿੱਚ ਵੀ ਇਹੀ ਕੁਝ ਹੋਇਆ ਅਤੇ ਹੁਣ ਜੂਨ 2015 ਵਿੱਚ ਵੀ ਉਹੀ ਕੁਝ ਦੁਹਰਾਉਣ ਦੀ ਨਾਪਾਕ ਕੋਸ਼ਿਸ਼ ਜਾਰੀ ਹੈ। ਨਵੀਂ ਖਬਰ ਜੰਮੂ ਤੋਂ ਆਈ ਹੈ। 
ਜੰਮੂ 'ਚ ਇੱਕ ਪੁਲਿਸ ਅਧਿਕਾਰੀ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਰ ਪਾੜੇ ਜਾਣ ਤੋਂ ਬਾਅਦ ਸਿੱਖਾਂ 'ਚ ਰੋਸ ਦੀ ਤਿੱਖੀ ਲਹਿਰ ਦੌੜ ਗਈ ਤੇ ਰੋਹ  'ਚ ਆਏ ਸਿੱਖਾਂ ਨੇਰੋਸ ਵਖਾਵਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਖ਼ਬਰਾਂ ਮੁਤਾਬਿਕ ਪੁਲਿਸ ਵਲੋਂ ਚਲਾਈ ਗਈ ਗੋਲੀ 'ਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਹਨ। ਮਾਰੇ ਗਾਏ ਨੌਜਵਾਨ ਦਾ ਨਾਮ ਜਗਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਦੱਸਿਆ ਗਿਆ ਹੈ। ਵਾਟਸਅਪ 'ਤੇ ਬਣੇ ਸਿੱਖ ਵਰਲਡ ਗਰੁੱਪ ਵਿੱਚ ਅੰਗ੍ਰੇਜ਼ੀ ਭਾਸ਼ਾ 'ਚ ਜਾਰੀ ਵੇਰਵੇ ਮੁਤਾਬਿਕ ਇਹ ਸਾਰਾ ਮਾਮਲਾ ਸੰਤਾਂ ਦਾ ਪੋਸਟਰ ਪਾੜ੍ਹੇ ਜਾਣ ਤੇ ਭੜਕਿਆ। ਇਹ ਪੋਸਟਰ ਸਤਵਾਰੀ-ਆਰ ਐਸ ਪੁਰਾ ਰੋਡ 'ਤੇ ਲਗਾਏ ਗਏ ਸਨ ਜਿਹਨਾਂ ਨੂੰ ਸਤਵਾਰੀ ਥਾਣੇ ਦੇ ਥਾਣੇਦਾਰ ਨੇ ਪਾੜ੍ਹ ਦਿੱਤਾ। ਪੋਸਟਰ ਨੂੰ ਪਾੜ੍ਹੇ ਜਾਣ 'ਤੇ ਰੋਹ ਵਿੱਚ ਆਏ ਸਿੱਖ ਨੌਜਵਾਨਾਂ ਨੇ ਤਿੱਖ ਪ੍ਰਤੀਕਰਮ ਪ੍ਰਗਟ ਕੀਤਾ। ਰੋਸ ਵਖਾਵੇ ਦੌਰਾਨ ਸਬ ਇੰਸਪੈਕਟਰ ਅਰੁਣ ਕੁਮਾਰ ਨਾਲ ਕੁੱਟਮਾਰ ਵੀ ਕੀਤੀ ਗਈ।  ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਾਏ ਹਮਲੇ ਦੌਰਾਨ ਸਬ ਇੰਸਪੈਕਟਰ ਅਰੁਣ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਦੋ ਹੋਰ ਪੁਲਿਸ ਵਾਲਿਆਂ ਸਮੇਤ ਜੀਐਮਸੀ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ। ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਅਤੇ ਕੁਝ ਪੁਲਿਸ ਅਫਸਰ ਤੁਰੰਤ ਮੌਕੇ ਤੇ ਪੁੱਜੇ। ਦੂਜੇ ਪਾਸੇ ਸਿੱਖ ਨੌਜਵਾਨ ਗਾਂਧੀ ਨਗਰ ਗੁਰਦਵਾਰੇ ਵਿੱਚ ਇਕੱਤਰ ਹੋਏ। ਇਸ ਖਬਰ ਤੋਂ ਪਹਿਲਾਂ ਵੀ ਵਾਟਸਅਪ 'ਤੇ ਇਹੋ ਜਿਹੀਆਂ ਤਸਵੀਰਾਂ ਪੋਸਟ ਹੋ ਰਹੀਆਂ ਹਨ। ਇਹ ਅੱਗ ਪੰਜਾਬ ਵਿੱਚ ਵੀ ਫੈਲਣ ਦਾ ਖਦਸ਼ਾ ਹੈ ਕਿਓਂਕਿ ਵਾਟਸਅਪ ਤੇ ਲੁਧਿਆਣਾ ਦੇ ਇੱਕ ਕੋਂਸਲਰ ਵੱਲੋਂ ਵੀ ਸੰਤਾਂ ਦੀ ਤਸਵੀਰ ਪਾੜ੍ਹੇ ਜਾਣ ਦੀਆਂ ਤਸਵੀਰਾਂ ਜਾਰੀ ਹੋਈਆਂ ਹਨ। ਇਹਨਾਂ ਚੋਂ ਇੱਕ ਤਸਵੀਰ ਇੱਕ ਕਾਂਗਰਸੀ ਕੋਂਸਲਰ ਦੀ ਹੈ ਜਿਹੜਾ ਸੰਤਾਂ ਦੇ ਪੋਸਟਰ ਨੂੰ ਫਾੜ੍ਹ ਰਿਹਾ ਹੈ।  ਇੱਕ ਹੋਰ ਤਸਵੀਰ ਇਸੇ ਕੋਂਸਲਰ ਦੇ ਭਤੀਜੇ ਦੀ ਹੈ ਜਿਹੜਾ ਸਿੱਖ ਗੁਰੋਆਂ ਬਾਰੇ ਵੀ ਜਹਿਰ ਉਗਲਦਾ ਦਿਖਾਇਆ ਗਿਆ ਹੈ। ਜੇ ਇਹ ਤਸਵੀਰਾਂ ਸੱਚੀਆਂ ਹਨ ਤਾਂ ਨਿਸਚੇ ਹੀ ਹਾਲਾਤ ਨੂੰ ਖਰਾਬ ਕਰਨ ਵਾਲੇ ਮਾੜੇ ਸਮੇਂ ਦੀ ਦਸਤਕ ਹਨ। 

Friday, June 06, 2014

ਸਾਨੂੰ ਆਪਣੇ ਸ਼ਹੀਦਾਂ ਉਪਰ ਫ਼ਖ਼ਰ ਹੈ--ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ

Fri, Jun 6, 2014 at 2:59 PM
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ
ਤਿੰਨ ਦਹਾਕੇ ਬੀਤ ਜਾਣ ਤੇ ਵੀ ਹਰ ਸਿੱਖ ਲਈ ਇਹ ਅਸਹਿ ਤੇ ਅਕਹਿ ਪੀੜਾ 
ਸਮੇਂ ਦੀ ਕੇਂਦਰ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਵਾਕੇ ਪੰਥ ਦੀ ਨਿਆਰੀ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਕੋਝਾ ਯਤਨ ਕੀਤਾ - ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ:: 06 ਜੂਨ 2014: (ਪੰਜਾਬ ਸਕਰੀਨ ਬਿਊਰੋ):
ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਭਾਰਤੀ ਫੌਜ ਵੱਲੋਂ ਕੀਤੀ ਇਸ ਅਣ-ਮਨੁੱਖੀ ਤੇ ਜਾਲਮਾਨਾ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਚ ਸੈਂਕੜੇ ਜੁਝਾਰੂ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ ਉਨਾਂ ਸਿੰਘਾਂ ਦੀ 30 ਵੀਂ ਸਾਲਾਨਾ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਨੇ ਕੀਤੀ, ਉਪਰੰਤ  ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਲਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।
ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਅੱਜ ਜਿਥੇ ਵਿਸ਼ਵ ਭਰ ਵਿਚ ਵਸਦੀਆਂ ਸਿੱਖ ਸੰਗਤਾਂ 6 ਜੂਨ, 1984 ਨੂੰ ਵਾਪਰੇ ਭਿਆਨਕ ਘੱਲੂਘਾਰੇ ਦੀ ਯਾਦ ਮਨਾ ਰਹੀਆਂ ਹਨ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਦਲ ਤੇ ਜੁੜ ਕੇ ਉਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਹਨ ਜਿਨਾਂ ਨੇ ਜੂਨ 1984 ਵਿਚ ਸਮੇਂ ਦੀ ਕਾਂਗਰਸ ਹਕੂਮਤ ਵੱਲੋਂ ਸਾਡੇ ਇਨਾਂ ਧਾਰਮਿਕ ਮੁਕੱਦਸ ਅਸਥਾਨਾਂ ‘ਤੇ ਕੀਤੇ ਫੌਜੀ ਹਮਲੇ ਦੌਰਾਨ ਤੋਪਾਂ, ਟੈਂਕਾਂ ਅੱਗੇ ਲੜਦਿਆਂ ਸ਼ਹਾਦਤਾਂ ਦੇ ਜਾਮ ਪੀਤੇ ਸਨ।
ਉਨਾਂ ਆਪਣੇ ਸੰਦੇਸ਼ ’ਚ ਕਿਹਾ ਕਿ 30 ਸਾਲ ਬੀਤ ਜਾਣ ਤੋਂ ਪਿਛੋਂ ਵੀ ਇਹ ਸਾਕਾ ਸਾਨੂੰ ਅੱਜ ਵੀ ਕੱਲ ਦੀ ਤਰਾਂ ਤਰੋ-ਤਾਜਾ ਲਗਦਾ ਹੈ ਅਤੇ ਇਹ ਜਖ਼ਮ ਸਿੱਖ ਮਾਨਸਿਕਤਾ ਵਿਚ ਨਾ ਭੁੱਲਣ ਵਾਲੇ ਹਨ। ਇਹ ਪੀੜ ਸਾਡੇ ਲਈ ਇਸ ਕਰਕੇ ਵਧੇਰੇ ਦੁਖਦਾਈ ਅਤੇ ਨਾ ਸਹਾਰੇ ਜਾਣ ਵਾਲੀ ਹੈ ਕਿਉਂਕਿ ਜਿਸ ਹਿੰਦੁਸਤਾਨ ਦੇ ਹਾਕਮਾਂ ਨੇ ਸਾਡੇ ਮਹਾਨ ਧਾਰਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣੀਆਂ ਫੌਜਾਂ, ਤੋਪਾਂ, ਟੈਂਕਾਂ ਸਮੇਤ ਚਾੜ ਕੇ ਸਾਡੀ ਹੋਂਦ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਕੋਝਾ ਯਤਨ ਕੀਤਾ ਹੈ, ਅੱਜ ਵਿਸ਼ਵ ਭਰ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ 6 ਜੂਨ 1984 ਦੇ ਭਿਆਨਕ ਘੱਲੂਘਾਰੇ ਦੀ ਯਾਦ ਮਨਾਉਂਦਿਆਂ ਚਿੰਤਨ ਕਰ ਰਹੇ ਹਨ। ਤਿੰਨ ਦਹਾਕੇ ਬੀਤ ਜਾਣ ਦੇ ਬਾਅਦ ਵੀ ਹਰ ਸਿੱਖ ਲਈ ਇਹ ਅਸਹਿ ਤੇ ਅਕਹਿ ਪੀੜਾ ਹੈ। ਜਿਹਨਾਂ ਦੇਸ਼ ਦੇ ਹਾਕਮਾਂ ਸਾਡੇ ਮਹਾਨ ਧਾਰਮਿਕ ਕੇਂਦਰ ਉਪਰ ਆਪਣੀਆਂ ਫੌਜਾਂ, ਤੋਪਾਂ ਤੇ ਟੈਂਕ ਚਾੜ ਕੇ ਇਸ ਨਿਰਮਲ ਪੰਥ ਦੀ ਨਿਆਰੀ ਹਸਤੀ ਨੂੰ  ਨੇਸਤੋ- ਨਾਬੂਦ ਕਰਨ ਦਾ ਘਿਨਾਉਣਾ ਯਤਨ ਕੀਤਾ, ਉਨਾਂ ਇਹ ਨਾ ਖਿਆਲ ਕੀਤਾ ਕਿ ਇਸ ਦੇਸ਼ ਦੀ ਅਜ਼ਾਦੀ ਲਈ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਨੂੰ ਅਜ਼ਾਦ ਕਰਵਾਇਆ ਸੀ। ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਉਪਰ ਨਿੱਜੀ ਸਿਆਸੀ ਮੁਫਾਦਾਂ ਲਈ ਰੱਜ ਕੇ ਜ਼ੁਲਮ ਕੀਤਾ ਗਿਆ। ਇਸ ਨਾਲ ਦਿੱਲੀ ਦੇ ਹਾਕਮਾਂ ਪ੍ਰਤੀ ਸਿੱਖ ਸਮਾਜ ਦੇ ਮਨਾਂ ਵਿਚ ਨਫ਼ਰਤ ਪੈਦਾ ਹੋਈ ਅਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਸਮੂੰਹ ਮਰਜੀਵੜਿਆਂ ਪ੍ਰਤੀ ਸ਼ਰਧਾ ਤੇ ਕੌਮੀ ਜਜ਼ਬਾ ਹੋਰ ਪ੍ਰਚੰਡ ਹੋਇਆ। ਇਹਨਾਂ ਸ਼ਹੀਦਾਂ ਦੀ ਸਿਮਰਤੀ ਵਿਚ ਸ਼ਹੀਦੀ ਯਾਦਗਾਰ ਦੀ ਸਥਾਪਨਾ ਇਸ ਇਤਿਹਾਸ ਦੀ ਸਦਾ ਗਵਾਹੀ ਭਰਦੀ ਰਹੇਗੀ। ਸਾਨੂੰ ਆਪਣੇ ਸ਼ਹੀਦਾਂ ਉਪਰ ਫ਼ਖ਼ਰ ਹੈ, ਜਿਨਾਂ ਨੇ ਜ਼ਾਬਰ ਹਕੂਮਤ ਦਾ ਸਬਰ-ਸਿਦਕ ਤੇ ਸੂਰਮਗਤੀ ਨਾਲ ਡੱਟ ਕੇ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤੇ। ਉਨਾਂ ਕਿਹਾ ਖਾਲਸਾ ਜੀ ਆਪ ਜੀ ਦੇਖ ਰਹੇ ਹੋ ਕਿ ਅੱਜ ਸਮੂਹ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ, ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ਰਧਾਵਾਨ ਸਿੰਘ/ਸਿੰਘਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ। ਸਤਿਕਾਰਤ ਸ਼ਹੀਦਾਂ ਦੀ ਯਾਦ ਵਿਚ ਇਕੱਤਰ ਹੋਏ ਕੌਮੀ ਵਿਰਾਸਤ ਤੇ ਸ਼ਹੀਦਾਂ ਦੇ ਵਾਰਸੋ! ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੁਝ ਅਹਿਮ ਫੈਸਲੇ ਤੇ ਪ੍ਰਣ ਕਰਨ ਦੀ ਮੁੱਖ ਲੋੜ ਹੈ ਜੇ ਅੱਜ ਅਸੀਂ ਛੋਟੇ-ਛੋਟੇ ਸਵਾਰਥਾਂ ਲਈ ਕੌਮ ਵਿੱਚ ਵੰਡੀਆਂ ਪਾਈ ਜਾ ਰਹੇ ਹਾਂ, ਜਿਸ ਦਾ ਮੁੱਖ ਲਾਭ ਪੰਥ ਵਿਰੋਧੀ ਸ਼ਕਤੀਆਂ ਨੂੰ ਹੋ ਰਿਹਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪੰਥ ਵਿਰੋਧੀ ਤਾਕਤਾਂ ਆਪਸੀ ਤਾਲ-ਮੇਲ ਬਣਾ ਕੇ ਇੱਕ ਜੁੱਟ ਹੋ ਰਹੀਆਂ ਹਨ। ਅੱਜ ਵਕਤ ਦੀ ਲੋੜ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਕੌਮੀ ਸ਼ਕਤੀ ਪ੍ਰਚੰਡ ਕਰੀਏ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰੇ ਹੀ ਵਚਨਬੱਧ ਹੋਈਏ। ਸਮੂਹ ਪੰਥ ਦੇ ਵਾਰਸ ਪੰਥਕ ਰਹਿਤ ਮਰਯਾਦਾ ਉਪਰ ਪਹਿਰਾ ਦੇਈਏ ਅਤੇ ਗੁਰਮਤਿ ਅਨੁਸਾਰੀ ਜੀਵਨ ਜੀਵੀਏ ਤਾਂ ਸਾਡੀ ਨਿਆਰੀ ਹੋਂਦ ਨੂੰ ਕੋਈ ਖਤਰਾ ਨਹੀਂ ਹੋਏਗਾ। ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਪਹਿਲਾਂ ਸਾਡੀ ਨੌਜਵਾਨ ਪੀੜੀ ਸਰਕਾਰੀ ਤੰਤਰ ਨੇ ਨਿਗਲ ਲਈ ਅਤੇ ਹੁਣ ਨਸ਼ਿਆਂ ਨੇ ਸਾਡੀ ਕੌਮ ਦੀ ਵੱਡੀ ਬਰਬਾਦੀ ਕੀਤੀ ਹੈ। ਅਸੀਂ ਲਾਮਬੰਦ ਹੋਈਏ, ਨਸ਼ਿਆਂ ਦੀ ਰੋਕਥਾਮ ਲਈ ਅਵਾਜ਼ ਬੁਲੰਦ ਕਰੀਏ, ਨਸ਼ਾ ਛੁਡਾਊ ਕੈਂਪਾਂ ਪ੍ਰਤੀ ਜਾਗ੍ਰਤੀ ਪੈਦਾ ਕਰੀਏ ਅਤੇ ਆਪਣੇ ਘਰਾਂ ਤੋਂ ਲੈ ਕੇ ਹਰ ਸਮਾਗਮਾਂ ਵਿਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਣ ਕਰੀਏ ਤਾਂ ਹੀ ਪੰਜਾਬ ਨਸ਼ਿਆਂ ਦੀ ਬਰਬਾਦੀ ਤੋਂ ਬਚ ਸਕਦਾ ਹੈ। ਗੁਰਦੁਆਰਾ ਸਾਹਿਬਾਨ ਵਿਚ ਸਿੱਖ ਜਾਗ੍ਰਤੀ ਦੀ ਲਹਿਰ ਚਲਾਈਏ, ਛੋਟੇ-ਛੋਟੇ ਕੈਂਪ, ਗੁਰਬਾਣੀ ਸੰਥਿਆ ਅਤੇ ਸਿੱਖ ਇਤਿਹਾਸ ਤੇ ਫਲਸਫ਼ੇ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਤੱਕ ਗੁਰਮਤਿ ਵਿਦਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰੀਏ। ਇਸ ਵਿਚ ਹੀ ਪਤਿਤਪੁਣੇ ਦਾ ਹੱਲ ਹੈ। ਇਸ ਦੇ ਨਾਲ ਆਪੋ ਆਪਣੇ ਪਰਿਵਾਰਾਂ ਵਿਚ ਸਿੱਖੀ ਦੀ ਖੁਸ਼ਬੋ ਪੈਦਾ ਕਰੀਏ। ਇਸੇ ਤਰਾਂ ਧੀਆਂ ਦਾ ਸਤਿਕਾਰ ਕਰੀਏ ਤਾਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਕਿਧਰੇ ਨਹੀਂ ਰਹਿਣਗੀਆਂ।
ਉਨਾਂ ਕਿਹਾ ਖਾਲਸਾ ਪੰਥ ਇੱਕ ਬਾਗ ਦੀ ਨਿਆਈਂ ਹੈ। ਇਸ ਲਈ ਸਮੁੂੰਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸਟੱਡੀ ਸਰਕਲ, ਮਿਸ਼ਨਰੀ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ, ਤਾਂ ਹੀ ਅਸੀਂ ਪੰਥ ਦੋਖੀ ਸ਼ਕਤੀਆਂ, ਨਾਸਤਿਕਵਾਦੀ ਸੋਚ ਤੇ ਵਾਦ-ਵਿਵਾਦੀ ਮੁੱਦਿਆਂ ਤੋਂ ਉਪਰ ਉੱਠ ਕੇ ਆਪਣੇ ਧਰਮ ਲਈ ਉਸਾਰੂ ਕਾਰਜ ਕਰ ਸਕਦੇ ਹਾਂ।
ਇਸੇ ਤਰਾਂ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲਾਂ ਵਿਚ ਬੰਦ ਹਨ, ਉਨਾਂ ਦੀ ਰਿਹਾਈ ਲਈ ਸਾਨੂੰ ਰਲ ਕੇ ਉਦਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਦਲਿਤ ਭਾਈਚਾਰਾ, ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਲਈ ਵੀ ਹਰ ਪੱਖੋਂ ਮਦਦ ਕਰੀਏ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰੀਏ, ਇਹ ਸਾਡੀ ਕੌਮੀ ਸ਼ਕਤੀ ਹੈ। ਉਨਾਂ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਦਾ ਮੁੱਖ ਹੱਲ -ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ। ਇਹ ਨਸ਼ੇ, ਪਤਿਤਪੁਣਾ, ਭਰੂਣ ਹੱਤਿਆ, ਦੇਹਧਾਰੀ ਗੁਰੂ ਡੰਮ, ਪੰਥ ਦੋਖੀਆਂ ਦੀਆਂ ਚਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ।
30ਵੇਂ ਘੱਲੂਘਾਰਾ ਦੇ ਸਮਾਗਮ ਸਮੇਂ ਭਾਈ ਈਸਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਬੀਬੀ ਹਰਮੀਤ ਕੌਰ ਸੁਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ (ਸਪੁੱਤਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ) ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਤੇ ਸ.ਗੁਰਬਚਨ ਸਿੰਘ ਕਰਮੂੰਵਾਲ ਤੇ ਸ.ਦਿਆਲ ਸਿੰਘ ਕੋਲਿਆਂਵਾਲੀ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਭਾਈ ਅਮਰਜੀਤ ਸਿੰਘ ਚਾਵਲਾ, ਸ.ਹਰਜਾਪ ਸਿੰਘ ਸੁਲਤਾਨਵਿੰਡ, ਬਾਬਾ ਚਰਨਜੀਤ ਸਿੰਘ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ.ਭੁਪਿੰਦਰ ਸਿੰਘ ਭਲਵਾਨ, ਸ.ਭਗਵੰਤ ਸਿੰਘ ਸਿਆਲਕਾ, ਸ.ਹਰਪਾਲ ਸਿੰਘ ਚੀਮਾਂ, ਸ.ਜਗਜੀਤ ਸਿੰਘ ਖਾਲਸਾ, ਸ.ਬੋਹੜ ਸਿੰਘ, ਸ.ਨਵਤੇਜ ਸਿੰਘ ਕਾਉਣੀ, ਸ.ਉਜਾਗਰ ਸਿੰਘ ਵਡਾਲੀ, ਸ.ਜਸਬੀਰ ਸਿੰਘ ਘੁੰਮਣ, ਸ.ਗੁਰਬਖਸ਼ ਸਿੰਘ, ਸ.ਸੁਰਜੀਤ ਸਿੰਘ ਭਿੱਟੇਵੱਡ, ਸ.ਖੁਸ਼ਵਿੰਦਰ ਸਿੰਘ ਭਾਟੀਆ, ਸ.ਬਲਦੇਵ ਸਿੰਘ ਚੁੰਘਾ ਤੇ ਸ.ਨਿਰਮਲ ਸਿੰਘ ਘਰਾਚੋਂ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ, ਸ.ਹਰਭਜਨ ਸਿੰਘ ਮਨਾਵਾਂ, ਸ.ਰਣਜੀਤ ਸਿੰਘ, ਸ.ਕੇਵਲ ਸਿੰਘ, ਸ.ਪਰਮਜੀਤ ਸਿੰਘ ਸਰੋਆ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਬਿਜੈ ਸਿੰਘ, ਸ.ਜਗਜੀਤ ਸਿੰਘ, ਸ.ਸਕੱਤਰ ਸਿੰਘ, ਸ.ਗੁਰਬਚਨ ਸਿੰਘ, ਸ.ਪਰਮਜੀਤ ਸਿੰਘ, ਸ.ਜਸਵਿੰਦਰ ਸਿੰਘ ਦੀਨਪੁਰ ਤੇ ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਤੇ ਸ.ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਸੁਪਿ੍ਰੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪਿ੍ਰੰਟੈਂਡੈਂਟ, ਡਾਕਟਰ ਏ.ਪੀ. ਸਿੰਘ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਚੌਂਕ, ਬਾਬਾ ਅਵਤਾਰ ਸਿੰਘ(ਬਿਧੀ ਚੰਦ ਸੰਪਰਦਾਇ) ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਹਰ ਸਿੰਘ, ਬਾਬਾ ਮੇਜਰ ਸਿੰਘ ਵਾਂ, ਨਿਹੰਗ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਬਾਬਾ ਗੁਰਦੇਵ ਸਿੰਘ ਤਰਨਾ ਦਲ, ਬਾਬਾ ਸੁਖਵਿੰਦਰ ਸਿੰਘ ਸਿਰਸਾ (ਹਰਿਆਣਾ),  ਬਾਬਾ ਹਰੀਦੇਵ ਸਿੰਘ ਈਸਾਪੁਰ, ਬਾਬਾ ਸੱਜਣ ਸਿੰਘ ਬੇਰ ਸਾਹਿਬ ਮੱਤੇਵਾਲ, ਭਾਈ ਗੁਰਬਖਸ਼ ਸਿੰਘ ਖਾਲਸਾ, ਸ.ਸਿਮਰਨਜੀਤ ਸਿੰਘ ਮਾਨ, ਸ.ਇਮਾਨ ਸਿੰਘ ਮਾਨ, ਸ.ਧਿਆਨ ਸਿੰਘ ਮੰਡ ਸਾਬਕਾ ਐਮ.ਪੀ., ਸ.ਦਇਆ ਸਿੰਘ ਕੱਕੜ, ਸ.ਮੋਹਨ ਸਿੰਘ ਮਟੀਆ, ਭਾਈ ਗੁਰਮਿੰਦਰ ਸਿੰਘ ਚਾਵਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ਸਿੱਖ ਸੰਗਤਾਂ ਮੌਜੂਦ ਸਨ।