Jul 2, 2018, 7:07 AM
ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ
ਲੇਖਿਕਾ ਗੁਰਮੀਤ ਕੌਰ ਸੰਧਾ |
ਨਸ਼ਿਆਂ ਦੇ ਫੈਲਾਅ ਦਾ ਦੂਸਰਾ ਵੱਡਾ ਕਰਨ ਸਾਡੇ ਸਿਆਸਤਦਾਨ ਹਨ। ਵੋਟਾਂ ਲੈਣ ਲਈ ਪਹਿਲਾਂ ਪਹਿਲਾਂ ਪਿੰਡਾਂ / ਸ਼ਹਿਰਾਂ ਵਿੱਚ ਸ਼ਰਾਬ ਵੰਡਣ ਤੋਂ ਸ਼ੁਰੂ ਹੋਇਆ ਆ ਕੰਮ ਆ ਅੱਜ ਸਾਡੀ ਤਬਾਹੀ ਬਣ ਕੇ ਸਾਡੇ ਸਾਹਮਣੇ ਆਇਆ ਹੈ। ਚੋਣਾਂ ਤੋਂ ਪਹਿਲਾਂ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ, ਉਮੀਦਵਾਰ ਆਪਣੇ ਇਲਾਕੇ ਦੇ ਪਿੰਡਾਂ/ ਸ਼ਹਿਰਾਂ ਵਿੱਚ ਵੋਟਰਾਂ ਪ੍ਰਭਾਵਿਤ ਕਰਨ ਲਈ ਹਰ ਕਿਸਮ ਦਾ ਨਸ਼ਾ ਮੁਫ਼ਤ ਵੰਡਦੇ ਹਨ .....ਸ਼ਰਾਬ , ਅਫ਼ੀਮ , ਭੁੱਕੀ , ਬੀੜੀਆਂ, ਸਿਗਰਟਾਂ ....ਅਤੇ ਹੁਣ ਆਹ ਚਿੱਟਾ ਵੀ। ਇਹ ਸਭ ਕੁਝ ਪਿੰਡ/ਸ਼ਹਿਰ ਦੇ ਮੁਹੱਲਿਆਂ ਵਿੱਚ ਉਮੀਦਵਾਰਾਂ ਦੇ ਕੁਝ ਖ਼ਾਸ ਖ਼ਾਸ ਬੰਦਿਆਂ ਕੋਲ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਜਿਹੜੇ ਇਸ ਸਭ ਕਾਸੇ ਨੂੰ ਅੱਗੇ ਸਪਲਾਈ ਕਰਦੇ ਹਨ। ਹਰ ਸ਼ਾਮ ਨੂੰ ਉਹ ਖ਼ਾਸ ਬੰਦੇ ਇਹ ਨਸ਼ੇ ਲੋੜਵੰਦ ਵੋਟਰਾਂ ਨੂੰ ਹਰ ਰੋਜ਼ ਦੀ ਡੋਜ਼ ਵਜੋਂ ਦਿੰਦੇ ਰਹਿੰਦੇ ਹਨ । ਓਦੋਂ ਕਿਓਂਕਿ ਇਹ ਮੁਫ਼ਤ ਮਿਲਦਾ ਹੈ, ਇਸ ਲਈ ਨਸ਼ਾ ਕਰਨ ਵਾਲੇ ਦਾ ਪਰਿਵਾਰ ਇਸ ਨੂੰ ਬਹੁਤਾ ਨਹੀਂ ਗੌਲਦਾ। ਪਤਾ ਓਦੋਂ ਲਗਦਾ ਹੈ ਜਦੋਂ ਚੋਣਾਂ ਤੋਂ ਬਾਅਦ ਮਰਦ ਲੋਕ ਘਰੋਂ ਪੈਸੇ ਖਰਚ ਕੇ ਨਸ਼ਾ ਖਰੀਦਦੇ ਹਨ। ਉਮੀਦਵਾਰ ਤਾਂ ਮੰਤਰੀ ਬਣ ਕੇ ਆਪਣੇ ਪਿਛਲੇ ਘਾਟੇ ਪੂਰੇ ਕਰਨ ਵਿੱਚ ਰੁੱਝ ਜਾਂਦਾ ਹੈ ਅਤੇ ਨਸ਼ਈ ਆਪਣੀ ਕਮਾਈ ਨਸ਼ੇ ਵਿੱਚ ਉਡਾਉਣ ਲੱਗਦੇ ਹਨ। ਇਹ ਤਬਾਹੀ ਪੰਜਾਬ ਵਿੱਚ ਉਹਨਾਂ ਕਮੀਨੇ ਸਿਆਸੀ ਲੋਕਾਂ ਨੇ ਲਿਆਂਦੀ ਹੈ ਜਿਹਨਾਂ ਨੂੰ ਪੰਜਾਬ ਦੇ ਉੱਜੜਨ ਜਾਂ ਵਸਦੇ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੀ ਵੀ ਸਰਕਾਰ ਬਣਦੀ ਹੈ, ਪਿਛਲੀ ਨਾਲ਼ੋਂ ਦੋ ਰੱਤੀਆਂ ਉਤਾਂਹ ਹੀ ਬਣਦੀ ਹੈ। ਸੱਤਾ ਵਿੱਚ ਆ ਕੇ ਹਰ ਤਰ੍ਹਾਂ ਦੇ ਨਾਜਾਇਜ਼ ਕੰਮ ਕਰਨ ਦਾ ਅਧਿਕਾਰ ਜੋ ਮਿਲ ਜਾਂਦਾ ਹੈ, ਇਸ ਲਈ ਕਮਾਈ ਦਾ ਕੋਈ ਵੀ ਮੌਕਾ ਸਿਆਸਤਦਾਨ ਹੱਥੋਂ ਜਾਣ ਨਹੀਂ ਦਿੰਦੇ। ਕਮਾਈ ਦੇ ਇਹਨਾਂ ਤਰੀਕਿਆਂ ਵਿੱਚੋਂ ਇੱਕ ਤਰੀਕਾ ਨਸ਼ੇ ਦੇ ਤਸਕਰਾਂ ਨੂੰ ਸਿਆਸੀ ਛਤਰੀ ਮੁਹੱਈਆ ਕਰਾ ਕੇ ਉਹਨਾਂ ਕੋਲੋਂ ਮਾਲੀ ਲਾਭ ਪ੍ਰਾਪਤ ਕਰਨਾ ਵੀ ਹੈ। ਚੋਰ ਚੋਰ ਕਿਉਂਕਿ ਮੌਸੇਰੇ ਭਾਈ ਹੁੰਦੇ ਹਨ, ਇਸ ਲਈ ਨਵੀਂ ਆਈ ਸਰਕਾਰ ਪੁਰਾਣਿਆਂ ਦੇ ਪਰਦੇ ਨਹੀਂ ਫੋਲਦੀ, ਇਹ ਸੋਚ ਕੇ ਕਿ ਜਦੋਂ ਅਸੀਂ ਸੱਤਾ ਵਿੱਚ ਨਹੀਂ ਰਹਾਂਗੇ, ਸਾਡੇ ਲਈ ਵੀ ਨਰਮ ਰਵੱਈਆ ਰੱਖਿਆ ਜਾਵੇਗਾ। ਇਹੋ ਸਰਕਾਰਾਂ ਦਾ ਸਾਂਝਾ ਮੁਫ਼ਾਦ ਹੈ ਜਿਸ ਕਰਕੇ ਨਸ਼ੇ ਦੀ ਤਸਕਰੀ ਰੁਕ ਨਹੀਂ ਰਹੀ। ਸਰਕਾਰਾਂ ਜੇ ਚਾਹੁੰਣ ਤਾਂ ਕੀ ਨਹੀਂ ਕਰ ਸਕਦੀਆਂ? ਖ਼ੈਰ ਸਰਕਾਰਾਂ ਤੇ ਟੇਕ ਰੱਖਣੀ ਸਾਡੀ ਮੂਰਖਤਾ ਹੋਵੇਗੀ। ਇਸ ਤੂਫ਼ਾਨ ਨੂੰ ਠੱਲ੍ਹ ਪਾਉਣ ਲਈ ਤਾਂ ਸਾਨੂੰ ਆਪ ਨੂੰ ਹੀ ਲਾਮਬੰਦ ਹੋਣਾ ਪਵੇਗਾ। ਕਾਲੇ ਹਫ਼ਤੇ ਮਨਾਉਣ ਤੋਂ ਅਗਾਂਹ ਕੁਝ ਕਰਨ ਦੀ ਲੋੜ ਹੈ। ਆਪੋ ਆਪਣੇ ਪਿੰਡਾਂ /ਸ਼ਹਿਰਾਂ ਵਿੱਚ ਨਸ਼ਈਆਂ ਨੂੰ ਨਸ਼ਾ ਛੁਡਾਈ ਕੇਂਦਰਾਂ ਤੱਕ ਪਹੁੰਚਾਉਣ ਦਾ ਬੀੜਾ ਉਠਾਉਣਾ ਪਵੇਗਾ। ਨਿਰਾ ਪਹੁੰਚਾਉਣ ਤੱਕ ਹੀ ਨਹੀਂ, ਮਗਰ ਪੈਰਵੀ ਵੀ ਕਰਨੀ ਪਵੇਗੀ ਤਾਂ ਜੋ ਉਹ ਦੁਬਾਰਾ ਓਹੀ ਰਾਹ ਨਾ ਅਪਣਾ ਲੈਣ। ਨੌਜਵਾਨੀ ਨੂੰ ਹੱਥੀਂ ਕੰਮ ਕਰਨ ਲਈ ਪ੍ਰੇਰਨਾ ਪਵੇਗਾ। ਵਿਹਲਿਆਂ ਨੂੰ ਕੰਮਾਂ ਤੇ ਲਾਉਣਾ ਪਵੇਗਾ ਅਤੇ ਉਹਨਾਂ ਦੇ ਅੰਦਰ ਇਹ ਗੱਲ ਬਿਠਾਉਣੀ ਪਵੇਗੀ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ। ਉਹਨਾਂ ਨੂੰ ਤ੍ਰਿਸਕਾਰ ਦੀ ਨਿਗਾਹ ਨਾਲ ਨਾ ਵੇਖ ਕੇ ਉਹਨਾਂ ਪ੍ਰਤੀ ਸੁਹਿਰਦ ਰੁੱਖ ਅਪਣਾਉਣ ਦੀ ਲੋੜ ਹੈ। ਮਾਪਿਆਂ ਨੂੰ ਵੀ ਇਹ ਸਮਝਾਉਣ ਪਵੇਗਾ ਕਿ ਉਹ ਗੱਭਰੂ ਪੁੱਤਰਾਂ ਨੂੰ ਇਓਂ ਬੇ-ਇਜ਼ਤ ਨਾ ਕਰਨ। ਉਹਨਾਂ ਨੂੰ ਹਮਦਰਦੀ ਅਤੇ ਆਪਣੇ-ਪਣ ਦੀ ਲੋੜ ਹੈ। ਤਿਥ ਤਿਓਹਾਰਾਂ, ਗੁਰ ਪੁਰਬਾਂ ਤੇ ਦਾਨ ਪੁੰਨ ਕਰਨ ਅਤੇ ਲੰਗਰ ਲਾਉਣ ਵਾਲੇ ਦੌਲਤਮੰਦ ਲੋਕ ਇਸ ਪਾਸੇ ਧਿਆਨ ਦੇ ਕੇ ਅਸਲ ਪੁੰਨ ਖੱਟ ਸਕਦੇ ਹਨ। ਸਰਕਾਰਾਂ ਤੋਂ ਕੋਈ ਉਮੀਦ ਰੱਖਣ ਦੀ ਹੁਣ ਕੋਈ ਤੁਕ ਨਹੀਂ। ਆਓ ਰਲਕੇ ਆਪਣੇ ਪਿਆਰੇ ਪੰਜਾਬ ਲਈ ਹੰਭਲਾ ਮਾਰੀਏ। ਜਿਹੜੇ ਰਾਹੋਂ ਭਟਕ ਗਏ ਹਨ ਉਹਨਾਂ ਨੂੰ ਮੁੜ ਰਾਹੇ ਪਾਉਣ ਲਈ ਕੋਈ ਸੁਹਿਰਦ ਯਤਨ ਕਰੀਏ। ਕੋਈ ਵੀ ਇਨਕਲਾਬ ਲਿਆਉਣਾ ਇੱਕ ਮੁੱਠ ਹੋਈ ਲੋਕ ਸ਼ਕਤੀ ਅੱਗੇ ਕੋਈ ਵੱਡੀ ਗੱਲ ਨਹੀਂ ਹੁੰਦੀ। ਬੁੱਧੀ ਜੀਵੀਓ ! ਆਓ ਆਪਣੀ ਬੁੱਧੀ ਨੂੰ ਕਿਸੇ ਹੋਰ ਦਾ ਜੀਵਨ ਸੰਵਾਰਨ ਲਈ ਵਰਤਣ ਦਾ ਇੱਕ ਯਤਨ ਕਰੀਏ ....ਸਿਰਫ਼ ਇੱਕ ਸੁਹਿਰਦ ਯਤਨ।
No comments:
Post a Comment