Saturday, January 25, 2020

ਫਾਸ਼ੀ ਧਮਕੀਆਂ ਦੇ ਬਾਵਜੂਦ ਲੇਖਕਾਂ ਨੇ ਬੁਲੰਦ ਕੀਤੀ ਤਾਨਾਸ਼ਾਹੀ ਦੇ ਖਿਲਾਫ ਆਵਾਜ਼

 Saturday: 25th January 2020 at 17:21 Whats App
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਸਫ਼ਲ ਧਰਨਾ ਅਤੇ ਰੈਲੀ ਆਯੋਜਿਤ
ਚੰਡੀਗੜ੍ਹ: 25 ਜਨਵਰੀ 2020: (ਪੰਜਾਬ ਸਕਰੀਨ ਬਿਊਰੋ)::
     ਵਿਰੋਧ ਕਰਨ ਵਾਲਿਆਂ ਨੂੰ ਜਿਊਂਦਿਆਂ ਸਾੜਨ ਅਤੇ ਵਿਰੋਧੀਆਂ ਦੀਆਂ ਜਾਇਦਾਦਾਂ ਨੂੰ ਨਿਲਾਮ ਕੀਤੇ ਜਾਣ ਦੀਆਂ ਧਮਕੀਆਂ ਵਾਟਸਅਪ ਰਾਹੀਂ ਪਰਚਾਰੀਆਂ ਜਾਣ ਦੇ ਬਾਵਜੂਦ ਲੇਖਕ ਖੁੱਲ ਕੇ ਮੈਦਾਨ ਵਿੱਚ ਨਿੱਤਰੇ ਹਨ। ਉਹਨਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਛਕ ਇਕੱਤਰ ਹੋ ਕੇ  ਐਨ. ਆਰ. ਸੀ, ਸੀ. ਏ. ਏ. ਅਤੇ ਸੀ. ਏ. ਬੀ. ਦਾ ਡੱਟਵਾਂ ਵਿਰੋਧ ਕੀਤਾ ਹੈ। ਇਸਦੇ ਨਾਲ ਹੀ ਧਾਰਾ 370 ਨੂੰ ਖਤਮ ਕੀਤੇ ਜਾਣ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਹੈ। ਇਹਨਾਂ ਲੇਖਕਾਂ ਦੀ ਅਗਵਾਈ ਕੀਤੀ ਹੈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ। 
       ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਇਕ ਵਿਸ਼ਾਲ ਰੋਸ ਧਰਨਾ ਅੱਜ ਬ੍ਰਿਜ ਹੇਠ, ਚੰਡੀਗੜ੍ਹ ਵਿਖੇ ਸ੍ਰੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਡਾ. ਸੁਖਦੇਵ ਸਿੰਘ ਸਿਰਸਾ (ਜਨਰਲ ਸਕੱਤਰ), ਡਾ. ਜੋਗਾ ਸਿੰਘ (ਸੀਨੀਅਰ ਮੀਤ ਪ੍ਰਧਾਨ), ਡਾ. ਸਰਬਜੀਤ ਸਿੰਘ (ਸਾਬਕਾ ਪ੍ਰਧਾਨ), ਡਾ. ਕਰਮਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ (ਦੋਵੇਂ ਸਾਬਕਾ ਜਨਰਲ ਸਕੱਤਰ) ਸ਼ਾਮਲ ਸਨ।
ਸਵਾਗਤੀ ਸ਼ਬਦਾਂ ਵਿਚ ਸ਼੍ਰੀ ਦਰਸ਼ਨ ਬੁੱਟਰ ਨੇ ਕਿਹਾ ਅੱਜ ਹਿੰਦੋਸਤਾਨ ਦੇ ਹਾਲਾਤ ਬੜੇ ਚਿੰਤਾਜਨਕ ਬਣ ਰਹੇ ਹਨ। ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਅਤੇ ਲਦਾਖ਼ ਵਿਚੋਂ ਧਾਰਾ 370 ਅਤੇ ਧਾਰਾ 35-ਏ ਖਤਮ ਕਰਨ, ਐਨ. ਆਰ. ਸੀ, ਸੀ. ਏ. ਏ. ਅਤੇ ਸੀ. ਏ. ਬੀ. ਜਿਹੇ ਲੋਕ ਦੋਖੀ ਕਾਲੇ ਕਾਨੂੰਨ ਲਾਗੂ ਕਰਨ ਕਰਕੇ ਲੋਕਾਂ ਵਿਚ ਬਹੁਤ ਰੋਸ ਹੈ। ਜੇ. ਐਨ. ਯੂ. ਦਿੱਲੀ, ਜਾਮੀਆ ਮੀਲੀਆ ਯੂਨਿਵਰਸਿਟੀ ਦਿੱਲੀ, ਅਤੇ ਮੁਸਲਿਮ ਯੂਨਿਵਰਸਿਟੀ ਅਲੀਗੜ੍ਹ ਵਿਚ ਨਿਰਦੋਸ਼ੇ ਵਿਦਿਆਰਥੀਆਂ ਉਤੇ ਪੁਲਿਸ ਅਤੇ ਗੁੰਡਿਆਂ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਨਾਲ ਆਮ ਨਾਗਰਿਕਾਂ ਵਿਚ ਭੈਅ ਅਤੇ ਸਹਿਮ ਦਾ ਮਾਹੌਲ ਹੈ। ਅਸੀਂ ਆਪਣਾ ਫ਼ਰਜ ਸਮਝ ਕੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਰਾਹ ਉਤੇ ਹਾਂ ਅਤੇ ਪੁਰਜੋਰ ਮੰਗ ਕਰਦੇ ਹਾਂ ਕਿ ਸਰਕਾਰ ਕਾਲੇ ਕਨੂੰਨ ਫ਼ੌਰੀ ਤੌਰ ਤੇ ਵਾਪਸ ਲਵੇ।
      ਧਰਨੇ ਦੌਰਾਨ ਜਗਜੀਤ ਅਤੇ ਅਮ੍ਰਿਤਪਾਲ ਦੀ ਰੰਗਕਰਮੀ ਟੀਮ ਨੇ ਡੱਫ਼ਲ਼ੀ ਦੀ ਸੁਰਮਈ ਤਾਲ ਨਾਲ ਇਨਕਲਾਬੀ ਗੀਤਾਂ ਤੇ ਨਾਅਰਿਆਂ ਨਾਲ, ਮਾਹੌਲ ਹੋਰ ਵੀ ਕ੍ਰਾਂਤੀਕਾਰੀ ਅਤੇ ਰੌਚਕ ਬਣਾਈ ਰੱਖਿਆ।
      ਡਾ. ਸਰਬਜੀਤ ਸਿੰਘ ਨੇ ਕਿਹਾ ਭਾਰਤ ਬਹੁਤ ਖਤਰਨਾਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅੱਤ ਦੀ ਮਹਿੰਗਾਈ, ਅੱਤ ਦੀ ਬੇਰੁਜ਼ਗਾਰੀ, ਅੱਤ ਦਾ ਖ਼ਤਰਨਾਕ ਨਾਗਰਿਕ ਸੋਧ ਬਿੱਲ ਹੈ ਜਿਹੜਾ ਭਾਰਤ ਦੀ ਸਾਂਝੀ ਲੋਕਾਈ ਨੂੰ ਧਰਮਾਂ ’ਚ ਵੰਡ ਕੇ ਟੁਕੜੇ ਟੁਕੜੇ ਕਰ ਦੇਵੇਗਾ। ਕੇਂਦਰ ਸਰਕਾਰ ਖਿਲਾਫ਼ ਸਵਿਧਾਨਿਕ ਅਤੇ ਲੋਕਤਾਂਤਰਿਕ ਹੱਕਾਂ ਲਈ ਸੰਘਰਸ਼ ਕਰ ਰਹੀਆਂ ਸ਼ਾਹੀਨਬਾਗ ਦਿੱਲੀ ਅਤੇ ਲਖਨਊ ਦੀਆਂ ਔਰਤਾਂ ਨੂੰ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਡਰਾਇਆਂ ਧਮਕਾਇਆ ਜਾ ਰਿਹਾ ਹੈ। ਦੇਸ਼ ਵਿਚ ਆਮ ਲੋਕ ਬਹੁਤ ਡਰੇ ਹੋਏ ਮਹਿਸੂਸ ਕਰ ਰਹੇ ਹਨ ਅਜਿਹੇ ਮੌਕੇ ਬੁੱਧੀਜੀਵੀਆਂ ਨੂੰ ਉਨ੍ਹਾਂ ਦਾ ਸਹਾਰਾ ਬਣਨਾ ਹੋਵੇਗਾ।
      ਡਾ. ਕਰਮਜੀਤ ਸਿੰਘ ਨੇ ਕਿਹ ਅੱਜ ਨਾਗਰਿਕ ਕਾਨੂੰਨ ਦੇ ਵਿਰੁੱਧ ਔਰਤਾਂ ਅਤੇ ਵਿਦਿਆਰਥੀ ਸੜਕਾਂ ਉਤੇ ਹਨ ਪਰ ਬੀ. ਜੇ. ਪੀ ਦੀ ਸਰਕਾਰ ਦੇ ਕੰਨ ਉਤੇ ਜੂੰ ਵੀ ਨਹੀਂ ਸਰਕਦੀ। ਇਹ ਕਾਨੂੰਨ ਘੱਟ ਗਿਣਤੀਆਂ ਨੂੰ ਪੀੜ ਦੇਣ ਵਾਲਾ ਹੈ ਜਿਸ ਦਾ ਵਿਰੋਧ ਕਰਨਾ ਸਮੇਂ ਦੀ ਸਖ਼ਤ ਲੋੜ ਹੈ।
        ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਭਾਰਤ ਦੀ ਸਰਕਾਰ ਭਾਰਤੀਆਂ ਦਾ ਦਮਨ ਕਰ ਰਹੀ ਹੈ। ਭਾਰਤੀ ਬੰਦੇ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਆਪਣੇ ਧਾਰਮਕ ਫਿਰਕੂ ਜਨੂੰਨ ਵਾਲੇ ਫੈਸਲਿਆ ਨਾਲ ਭਾਰਤੀ ਬੰਦੇ ਨੂੰ ਇਕ ਦੂਜੇ ਨੂੰ ਨਫ਼ਰਤ ਕਰਨ ਲਈ ਤਿਆਰ ਕਰਕੇ ਸਿਆਸੀ ਖੇਡ ਖੇਡ ਰਹੀ ਹੈ।
           ਪ੍ਰੋ. ਮਨਜੀਤ ਸਿੰਘ ਨੇ ਕਿਹਾ ਬੀ. ਜੇ. ਪੀ ਸਰਕਾਰ ਲਗਾਤਾਰ ਲੋਕ ਤਾਂਤਰਿਕ ਪ੍ਰੀਕਿਰਿਆ ਨੂੰ ਕਮਜੋਰ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਮਨ ਅਤੇ ਗੈਰ ਸਵਿਧਾਨਿਕ ਢੰਗ ਤਰੀਕੇ ਵਰਤ ਕੇ ਦਬਾ ਰਹੀ ਹੈ। 
         ਕਮਲਜੀਤ ਸਿੰਘ ਨੇ ਕਿਹਾ ਮੋਦੀ ਸ਼ਾਹ ਦੀ ਜੋੜੀ ਨਾਗਪੁਰ ਦੇ ਇਸ਼ਾਰੇ ’ਤੇ ਭਾਰਤ ਦੇ ਸੰਵੀਧਾਨ ਨੂੰ ਧਾਰਮਕ ਕਾਨੂੰਨ ਬਣਾ ਦੇਣਾ ਚਾਹੁੰਦੀ ਹੈ ਅਤੇ ਹਿੰਦੂ ਧਰਮ ਦੇ ਆਧਾਰ ’ਤੇ ਦਲਿਤਾਂ-ਮਜ਼ਦੂਰਾਂ ਅਤੇ ਔਰਤਾਂ ਨੂੰ ਫਿਰਕਾਪ੍ਰਸਤ ਬਣਾ ਦੇਣਾ ਚਾਹੁੰਦੀ ਹੈ। ਇਹ ਸੰਵਿਧਾਨ ਨੂੰ ਅਤੇ ਦੇਸ਼ ਨੂੰ ਬਚਾਉਣ ਦਾ ਵਕਤ ਹੈ।
         ਸੱਜਣ ਸਿੰਘ (ਪਾਸਲਾ) ਨੇ ਕਿਹਾ ਅੱਜ ਬੀ. ਜੇ. ਪੀ. ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਨਾਲ ਧੋਖਾ ਹੋ ਰਿਹਾ ਹੈ। ਲੋਕ ਆਰਥਿਕ ਪੱਖੋਂ ਲੁਟੇ ਜਾ ਰਹੇ ਹਨ।ਸ਼ਰੇਆਮ ਸਵਿਧਾਨ ਦੀ ਉਲੰਘਣਾ ਹੋ ਰਹੀ ਹੈ ਅਤੇ ਹੱਕੀਂ ਅੰਦੋਲਨ ਦਬਾਏ ਜਾ ਰਹੇ ਹਨ ਜਿਸ ਕਾਰਣ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
         ਉਪਰੋਕਤ ਤੋਂ ਇਲਾਵਾ ਰਿਪੁਦਮਨ ਸਿੰਘ ਰੂਪ, ਪਰਮਜੀਤ ਸਿੰਘ ਗਿੱਲ, ਦੇਵੀ ਦਿਆਲ ਸ਼ਰਮਾਂ, ਬਲਵਿੰਦਰ ਸਿੰਘ ਚਾਹਲ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਪੰਜਾਬ ਅਤੇ ਹਰਿਆਣਾ ਵਿਚੋਂ ਅਨੇਕ ਸਾਹਿਤ ਸਭਾਵਾਂ ਦੇ ਨੁਮਾਂਇੰਦੇ ਸ਼ਾਮਲ ਹੋਏ। ਉਪਰੋਕਤ ਤੋਂ ਇਲਾਵਾ ਮੱਖਣ ਕੁਹਾੜ, ਓਮ ਪ੍ਰਕਾਸ਼ ਗਾਸੋ, ਡਾ. ਸੁਰਿੰਦਰ ਗਿੱਲ, ਡਾ. ਲਾਭ ਸਿੰਘ ਖੀਵਾ, ਕਰਮ ਸਿੰਘ ਵਕੀਲ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਧਰਵਿੰਦਰ ਸਿੰਘ ਔਲਖ, ਜਗਦੀਪ ਸਿੱਧੂ, ਵਰਗਿਸ ਸਲਾਮਤ, ਡਾ. ਸਰਬਜੀਤ ਕੌਰ ਸੋਹਲ, ਤੇਜਵੰਤ ਮਾਨ, ਪਵਨ ਹਰਚੰਦਪੁਰੀ, ਡਾ. ਨੀਤੂ ਅਰੋੜਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਰਾਬਿੰਦਰ ਨਾਥ ਸ਼ਰਮਾ, ਕੁਲਦੀਪ ਸਿੰਘ ਦੀਪ, ਹਜ਼ਾਰਾ ਸਿੰਘ ਚੀਮਾ, ਸਿਰੀ ਰਾਮ ਅਰਸ਼, ਡਾ. ਭੁਪਿੰਦਰ ਸਿੰਘ, ਕਮਲ ਦੁਸਾਂਝ, ਜੈਨਿੰਦਰ ਚੌਹਾਨ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਮੇਲ ਸਿੰਘ, ਡਾ. ਸੰਤੋਖ ਸਿੰਘ ਸੁੱਖੀ, ਡਾ. ਗੁਰਮੀਤ ਕੱਲਰਮਾਜਰੀ, ਜਸਪਾਲ ਮਾਨਖੇੜਾ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਜੀ. ਐਸ. ਪਾਹੜਾ,  ਸ਼ੈਲਿੰਦਰਜੀਤ ਸਿੰਘ ਰਾਜਨ, ਮੰਗਤ ਚੰਚਲ, ਸੁਮੀਤ ਸਿੰਘ, ਕਾ. ਗੁਰਨਾਮ ਸਿੰਘ, ਸੁਖਦਰਸ਼ਨ ਗਰਗ, ਸਰਦਾਰਾ ਸਿੰਘ ਚੀਮਾ, ਕਾ. ਸੁਦਾਗਰ ਸਿੰਘ ਗਰੇਵਾਲ, ਹਰਨਾਮ ਸਿੰਘ ਡੱਲਾ, ਸੇਵਾ ਸਿੰਘ ਭਾਸ਼ੋ, ਸਿਮਰਨ ਅਕਸ, ਬਲਵਿੰਦਰ ਗਲੈਕਸੀ, ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ ਅਤੇ ਹਰਬੰਸ ਮਾਲਵਾ ਤੋਂ ਇਲਾਵਾ 400 ਨੇੜੇ ਸਾਹਿਤਕਾਰਾਂ ਤੇ ਪੰਜਾਬੀ ਪਿਆਰਿਆਂ ਨੇ ਰੈਲੀ ਵਿਚ ਹਿਸਾ ਲਿਆ। ਅੰਤ ਵਿਚ ਧੰਨਵਾਦ ਮਤਾ ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਘਰ ਘਰ ਹੋਕਾ ਦੇ ਕੇ ਲੋਕਾਂ ਨੂੰ ਕਾਲੇ ਕਨੂੰਨਾਂ ਖਿਲਾਫ਼ ਲਾਮਬੰਦ ਕਰੀਏ। ਉਨ੍ਹਾਂ ਕਿਹਾ ਹਾਲੇ ਸਰਕਾਰ ਇਨਰ ਲਾਇਨ ਪਰਮਿਟ ਵੀ ਲਿਆ ਰਹੀ ਹੈ ਜਿਸ ਨਾਲ ਘੱਟ ਗਿਣਤੀ ਭਾਈਚਾਰਿਆਂ ਦੇ ਹੱਕ ਹੋਰ ਵੀ ਮਸਲੇ ਕੁਚਲੇ ਜਾਣਗੇ।                  
      ਉਨ੍ਹਾਂ ਧਰਨੇ ਨੂੰ ਸਫ਼ਲ਼ ਦਸਿਆ ਅਤੇ ਧਰਨੇ ਦਾ ਸੰਦੇਸ਼ ਪਿੰਡ ਪਿੰਡ ਪਹੁੰਚਾਉਣ ਦਾ ਸੰਦੇਸ਼ ਦਿੱਤ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਾਹਿਤ ਸਭਾਵਾਂ ਅਤੇ ਪ੍ਰਬੰਧਕੀ ਕਮੇਟੀ ਗੁਰਦਵਾਰਾ ਸੈਕਟਰ 22, ਚੰਡੀਗੜ੍ਹ ਦਾ ਧਰਨੇ ਨੂੰ ਸਫਲ ਕਰਨ ਵਿਚ ਸਹਾਈ ਹੋਣ ਅਤੇ ਗੁਰੂ-ਕਾ-ਅਤੁੱਟ ਲੰਗਰ ਵਰਤਾਏ ਜਾਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।     

No comments: