Friday, August 23, 2019

ਪ੍ਰੋ: ਨਰਿੰਜਨ ਤਸਨੀਮ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਚਿਹਰਾ ਸੀ

ਸੈਂਕੜੇ ਲੇਖਕਾਂ ਵੱਲੋਂ ਸ਼ਰਧਾਂਜਲੀ
ਲੁਧਿਆਣਾ: 23 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਸਿਰਮੌਰ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ ਜੀ ਨੂੰ ਅੰਤਿਮ ਅਰਦਾਸ ਮੌਕੇ ਪੂਰੇ ਪੰਜਾਬ ਤੋਂ ਲੇਖਕ, ਸਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ, ਪੱਤਰਕਾਰ ਤੇ ਬੁੱਧੀ ਜੀਵੀ ਪਹੁੰਚੇ।  ਮਾਡਲ ਟਾਊਨ ਐਕਸਟੈਨਸ਼ਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿਖੇ ਹਜ਼ੂਰੀ ਰਾਗੀਆਂ ਨੇ ਗੁਰੂ ਜਸ ਗਾਇਨ ਕੀਤਾ। ਪ੍ਰੋ: ਨਰਿੰਜਨ ਤਸਨੀਮ ਜੀ ਦੇ ਦਾਮਾਦ ਸ: ਬਲਜੀਤ ਸਿੰਘ ਸੰਦਲੀ ਪੈੜਾਂ (ਦੂਰਦਰਸ਼ਨ ਸੇਵਾ ਮੁਕਤ ਅਧਿਕਾਰੀ) 
ਨੇ ਤਸਨੀਮ ਜੀ ਦੇ ਜੀਵਨ ਤੇ ਵਿਦਿਅਕ, ਸਾਹਿੱਤਕ ਪ੍ਰਾਪਤੀਆਂ ਬਾਰੇ ਸੰਬੋਧਨ ਕੀਤਾ। ਵੱਖ ਵੱਖ ਸਭਾਵਾਂ ਵੱਲੋਂ ਆਏ ਸ਼ੋਕ ਮਤੇ ਵੀ ਪੜ੍ਹ ਕੇ ਸੁਣਾਏ ਗਏ ਅਤੇ ਪ੍ਰੋ: ਤਸਨੀਮ ਦੇ ਸਪੁੱਤਰ ਡਾ: ਗੁਰਿੰਦਰਜੀਤ ਸਿੰਘ ਪੁਰੀ, ਨੂੰਹ ਹਰਪ੍ਰੀਤ ਕੌਰ ਤੇ ਧੀਆਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸਰੂਪ ਸਿੰਘ ਅਲਗ, ਕੁਲਦੀਪ ਸਿੰਘ ਬੇਦੀ , ਇੰਜਨੀਅਰ ਕਰਮਜੀਤ ਸਿੰਘ ਜਲੰਧਰ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ:,ਗੁਰਇਕਬਾਲ ਸਿੰਘ, ਡਾ: ਗੁਲਜ਼ਾਰ ਪੰਧੇਰ, ਸਤਿਨਾਮ ਸਿੰਘ ਕੋਮਲ, ਤੇਜ ਪਰਤਾਪ ਸਿੰਘ ਸੰਧੂ,ਰਣਜੋਧ ਸਿੰਘ, ਦਰਸ਼ਨ ਸਿੰਘ ਮੱਕੜ, ਕ੍ਰਿਪਾਲ ਸਿੰਘ ਚੌਹਾਨ ਬਿਊਰੋ ਚੀਫ ਇੰਡੋ ਅਮੈਰਿਕਨ ਟਾਈਮਜ਼, ਦਲਬੀਰ ਲੁਧਿਆਣਵੀ, ਕੁਲਵਿੰਦਰ ਕੌਰ ਮਿਨਹਾਸ, ਜਸਪ੍ਰੀਤ ਕੌਰ ਫਲਕ, ਪ੍ਰਿੰ: ਮਨਜੀਤ ਕੌਰ ਸੋਢੀਆ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਹਰਜਿੰਦਰ ਸਿੰਘ ਬਰਾੜ, ਪ੍ਰਿੰ: ਸਵਰਨਜੀਤ ਸਿੰਘ ਦਿਓਲ,ਮਲਕੀਤ ਸਿੰਘ ਔਲਖ, ਚਰਨਜੀਤ ਸਿੰਘ ਯੂ ਐੱਸ ਏ, ਡਾ: ਅਨੁਰਾਗ ਸਿੰਘ, ਬਲਕਾਰ ਸਿੰਘ ਸੰਧਾਵਾਲੀਆ, ਤਲਜੀਤ ਸਿੰਘ ਆਰਟਿਸਟ, ਡਾ: ਜਗਤਾਰ ਧੀਮਾਨ ਰਜਿਸਟਰਾਰ ਸੀ ਟੀ ਯੂਨੀ ਵਰਸਿਟੀ ਲੁਧਿਆਣਾ ਹਾਜ਼ਰ ਸਨ। 
ਪੰਜਾਬ ਦੇ ਉੱਘੇ ਡਾਕਟਰ ਸਾਹਿਬਾਨ ਤੇ ਉੱਘੇ ਸਮਾਜ ਸੇਵਕ ਤੇ ਮੈਡੀਵੇਜ਼ ਹਸਪਤਾਲ ਦੇ ਮਾਲਕ ਸ: ਭਗਵਾਨ ਸਿੰਘ ਗੁਰੂਮੇਲ,ਸਾਬਕਾ ਕੰਸਲਰ  ਤਨਵੀਰ ਸਿੰਘ ਧਾਲੀਵਾਲ ਵੀ ਹਾਜ਼ਰ ਹੋਏ। 
ਪ੍ਰੋ:ਗੁਰਭਜਨ ਗਿੱਲ ਨੇ ਤਸਨੀਮ ਜੀ ਬਾਰੇ  ਗੁਰਦਵਾਰਾ ਮਾਡਲ ਟਾਉਨ ਐਕਸਟੈਨਸ਼ਨ ਦੇ ਦਫ਼ਤਰ ਚ ਹਾਜ਼ਰ ਲੇਖਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਦੱਸਿਆ ਕਿ  ਤਸਨੀਮ ਜੀ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ  ਨਾਵਲ 'ਸੋਗਵਾਰ' ਲਿਖਿਆ। ਇਹ ਨਾਵਲ 1960 ਵਿੱਚ ਪ੍ਰਕਾਸ਼ਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ ਮੋਨਾਲੀਜ਼ਾ ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ। 
ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਪਰਛਾਵੇਂ ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿੱਚ ਤਸਨੀਮ ਜੀ ਦਾ ਪਹਿਲਾ ਪੰਜਾਬੀ ਨਾਵਲ ਕਸਕ ਤੋਂ ਬਾਦ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇਕੋ ਜਿੰਨੀ ਸਲਾਹੀ ਗਈ। 
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਤਸਨੀਮ ਜੀ ਦੇ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ। 
ਸ਼ਿਮਲੇ ਰਹਿੰਦਿਆਂ ਤਸਨੀਮ ਜੀ ਦੀ ਦੋਸਤੀ ਪੰਜਾਬੀ ਸ਼ਾਇਰ ਈਸ਼ਵਰ ਚਿਤਰਕਾਰ ਨਾਲ ਐਸੀ ਪਈ ਕਿ ਆਖਰੀ  ਸਾਹਾਂ ਤੀਕ ਉਨ੍ਹਾਂ ਦੇ ਰੋਮ ਰੋਮ ਵਿਚੋਂ ਈਸ਼ਵਰ ਦੀ ਗੂੰਜ ਸੁਣਾਈ ਦਿੰਦੀ ਰਹੀ । ਮੀਰ ਦੇ ਸੰਪਾਦਕ ਸ੍ਵ: ਪੁਰਦਮਨ ਸਿੰਘ ਬੇਦੀ ਦੀ ਮਦਦ ਨਾਲ ਉਨ੍ਹਾਂ ਨੇ ਸਾਂਝੀ ਸੰਪਾਦਨਾ ਹੇਠ ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ ਤਿਆਰ ਕਰਵਾਇਆ। ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿੱਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ। ਭਾਰਤੀ ਸਾਹਿਤ ਅਕਾਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 
ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ
ਸਾਰੀ ਜਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ । ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ। ਅੰਗਰੇਜ਼ੀ ਵਿੱਚ ਵੀ ਆਪ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਮੇਰੀਆਂ ਪੰਜ ਕਵਿਤਾਵਾਂ ਵੀ ਉਨ੍ਹਾਂ ਅੰਗਰੇਜ਼ੀ ਚ ਕੀਤੀਆਂ।ਪ੍ਰੋ: ਤਸਨੀਮ ਜੀ ਦੇ ਜਾਣ ਤੇ ਸੱਚਮੁੱਚ ਵੱਡਾ ਘਾਟਾ ਪਿਆ ਹੈ।

No comments: