Showing posts with label Punjabi. Show all posts
Showing posts with label Punjabi. Show all posts

Thursday, September 17, 2026

ਨਰੇਂਦਰ ਮੋਦੀ ਅਜਿੱਤ ਕਿਉਂ ਹਨ?

PIB on Thursday 17th September 2026 at 17>42 Regarding Prime Minister Narinder Modi 

ਕਿਹੜੇ ਗੁਣ ਅਤੇ ਖੂਬੀਆਂ ਹਨ ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ?

ਕਲਾਕ੍ਰਿਤੀ: ਪੰਜਾਬ ਸਕਰੀਨ ਬਲਾਗ | AI ਸਹਿਯੋਗ: ChatGPT (OpenAI)
ਮੋਦੀ ਜੀ ਨੇ ਲਗਾਤਾਰ 25 ਵਰ੍ਹਿਆਂ ਤੱਕ ਕਈ ਖੇਤਰਾਂ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਅਤੇ ਟਿਕਾਊ ਗਤੀ ਦੇਣਾ, ਕੇਂਦਰ ਵਿੱਚ ਤਿੰਨ ਵਾਰ ਚੋਣਾਂ ਜਿੱਤਣਾ ਅਤੇ ਕਈ ਰਾਜਾਂ ਵਿੱਚ ਚੋਣਾਂ ਵਿੱਚ ਸਫ਼ਲਤਾ ਹਾਸਲ ਕਰਨਾ ਸ਼ਾਮਲ ਹੈ। ਇਨ੍ਹਾਂ ਪ੍ਰਾਪਤੀਆਂ ਦੇ ਪਿੱਛੇ ਮੋਦੀ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਪ੍ਰਬੰਧਨ, ਮਨੁੱਖਤਾ ਅਤੇ ਆਧਿਆਤਮਿਕ ਗੁਣ ਹਨ। 
*ਲੇਖਕ ਹਸਮੁਖ ਅਧਿਆ

ਮੈਨੂੰ 2001 ਵਿੱਚ ਪਹਿਲੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਰਾਜ ਅਤੇ ਕੇਂਦਰ, ਦੋਵਾਂ ਪੱਧਰਾਂ ’ਤੇ ਮੋਦੀ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਵਰ੍ਹੇ ਤੱਕ ਵਾਧੂ ਪ੍ਰਧਾਨ ਸਕੱਤਰ ਅਤੇ ਫਿਰ ਦੋ ਵਰ੍ਹਿਆਂ ਤੱਕ ਪ੍ਰਧਾਨ ਸਕੱਤਰ ਦੇ ਰੂਪ ਵਿੱਚ ਵੀ ਕੰਮ ਕੀਤਾ। ਇਸ ਦੌਰਾਨ ਮੈਨੂੰ ਉਨ੍ਹਾਂ ਦੇ ਕਈ ਉੱਤਮ ਗੁਣਾਂ ਨੂੰ ਕਰੀਬ ਤੋਂ ਦੇਖਣ ਦਾ ਮੌਕਾ ਮਿਲਿਆ।

ਆਓ, ਸਭ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਬੰਧਨ ਦੇ ਗੁਣਾਂ ਦੀ ਗੱਲ ਕਰਦੇ ਹਾਂ। ਪਹਿਲਾ, ਉਹ ਹਮੇਸ਼ਾ ਦੇਸ਼ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਦੂਰਅੰਦੇਸ਼ੀ ਸੋਚ ਰੱਖਦੇ ਹਨ। ਲੰਬੇ ਸਮੇਂ ਲਈ ਯੋਜਨਾ ਬਣਾਉਣ ਦੀ ਉਨ੍ਹਾਂ ਦੀ ਸਮਰੱਥਾ ਹੀ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖ ਬਣਾਉਂਦੀ ਹੈ।

ਦੂਜਾ, ਉਹ ਹਰ ਕਿਸੇ ਨੂੰ ਦੇਖਦੇ ਹਨ, ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਉਨ੍ਹਾਂ ਤੋਂ ਸਿੱਖਦੇ ਹਨ। ਮੈਨੂੰ ਯਾਦ ਹੈ ਕਿ ਕੇਂਦਰੀ ਬਜਟ ਤਿਆਰ ਕਰਨ ਦੌਰਾਨ ਉਹ ਵਿੱਤ ਮੰਤਰਾਲੇ ਦੇ ਹਰ ਵਿਭਾਗ ਦੀ ਪ੍ਰਸਤੁਤੀ ਨੂੰ ਘੰਟਿਆਂ ਬੱਧੀ ਧਿਆਨ ਨਾਲ ਸੁਣਦੇ ਸਨ। ਇਸ ਤੋਂ ਬਾਅਦ ਮੀਟਿੰਗ ਵਿੱਚ ਮੌਜੂਦ ਲੋਕਾਂ ਨਾਲ ਵਿਸਤਾਰ ਨਾਲ ਚਰਚਾ ਕਰਦੇ ਅਤੇ ਅੰਤ ਵਿੱਚ  ਆਪਣੀ ਸਲਾਹ ਰੱਖਦੇ ਸਨ।


ਤੀਜਾ, ਉਹ ਆਯੁਸ਼ ਮੰਤਰਾਲੇ, ਕਬਾਇਲੀ ਕਾਰਜ ਮੰਤਰਾਲੇ ਅਤੇ ਖੇਡ ਮੰਤਰਾਲੇ ਸਮੇਤ ਹਰ ਮੰਤਰਾਲੇ ਦੇ ਕੰਮਕਾਜ ਦੀ ਲਗਾਤਾਰ ਸਮੀਖਿਆ ਕਰਦੇ ਸਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸਬੰਧਿਤ ਮੰਤਰਾਲਿਆਂ ਨੂੰ ਨਵੀਂ ਅਤੇ ਬਿਹਤਰ ਦਿਸ਼ਾ ਦੇਣ ਦੇ ਨਾਲ ਹੀ ਉਨ੍ਹਾਂ ਦਾ ਉਤਸ਼ਾਹ ਵੀ ਵਧਾਉਂਦੇ ਸਨ।


ਚੌਥਾ, ਉਨ੍ਹਾਂ ਨੇ ਗੁਜਰਾਤ ਵਿੱਚ ਸੀਨੀਅਰ ਅਧਿਕਾਰੀਆਂ ਲਈ ‘ਚਿੰਤਨ ਸ਼ਿਵਿਰ’ ਦੇ ਰੂਪ ਵਿੱਚ ਸਾਲਾਨਾ ਮੀਟਿੰਗ ਆਯੋਜਿਤ ਕਰਨ ਦੀ ਚੰਗੀ ਪਰੰਪਰਾ ਸ਼ੁਰੂ ਕੀਤੀ। ਇਹ ਵੱਡੇ ਸੰਗਠਨਾਂ ਵਿੱਚ ਅਪਣਾਈ ਜਾਣ ਵਾਲੀ ਇੱਕ ਬਿਹਤਰੀਨ ਪ੍ਰਬੰਧਨ ਪੱਧਤੀ ਹੈ। ਬਾਅਦ ਵਿੱਚ ਕੇਂਦਰ ਵਿੱਚ ਵੀ ਇਸ ਨੂੰ ਸਾਲਾਨਾ ਮੁੱਖ ਸਕੱਤਰ ਸੰਮੇਲਨ ਦੇ ਰੂਪ ਵਿੱਚ ਲਾਗੂ ਕੀਤਾ ਗਿਆ।


ਪੰਜਵਾਂ, ਇੱਕ ਚੰਗੇ ਟੀਮ ਪ੍ਰਬੰਧਕ ਦੇ ਰੂਪ ਵਿੱਚ ਮੈਂ ਉਨ੍ਹਾਂ ਨੂੰ ਹਮੇਸ਼ਾ ਅਧਿਕਾਰੀਆਂ ਅਤੇ ਸਹਿਯੋਗੀਆਂ ਲਈ ਸਹਿਜਤਾ ਨਾਲ ਉਪਲਬਧ ਪਾਇਆ। ਉਨ੍ਹਾਂ ਦੀ ਇਹ ਉਪਲਬਧਤਾ ਉਨ੍ਹਾਂ ਨੂੰ ਆਸ-ਪਾਸ ਹੋ ਰਹੀਆਂ ਗਤੀਵਿਧੀਆਂ ਦੀ ਸਹੀ ਜਾਣਕਾਰੀ ਦਿੰਦੀ ਸੀ।


ਛੇਵਾਂ, ਮੋਦੀ ਜੀ ਕਿਸੇ ਵੀ ਨਵੀਂ ਪਹਿਲਕਦਮੀ ਨੂੰ ਸ਼ੁਰੂ ਕਰਨ ਅਤੇ ਉਸ ਨੂੰ ਸੁਚਾਰੂ ਬਣਾਉਣ ਵਿੱਚ ਪੂਰਾ ਧਿਆਨ ਦਿੰਦੇ ਸਨ। ਇਸ ਦੀ ਉਦਾਹਰਣ ਪਹਿਲੀ ਵਾਰ ਆਯੋਜਿਤ ਕੀਤਾ ਗਿਆ ‘ਵਾਈਬ੍ਰੈਂਟ ਗੁਜਰਾਤ’ ਸੰਮੇਲਨ ਹੈ। ਇਸ ਤੋਂ ਬਾਅਦ ਉਹ ਚਾਹੁੰਦੇ ਸਨ ਕਿ ਉਸ ਤਜ਼ਰਬੇ ਨੂੰ ਸਹੀ ਢੰਗ ਨਾਲ ਦਰਜ ਕੀਤਾ ਜਾਵੇ ਅਤੇ ਉਸ ਨੂੰ ਇੱਕ ਸਥਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਵੀ ਉਸ ਦਾ ਲਾਭ ਮਿਲ ਸਕੇ।


ਅੰਤ ਵਿੱਚ, ਕਿਸੇ ਵਿਚਾਰ ਨੂੰ ਆਪਣੀ ਟੀਮ ਜਾਂ ਵੱਡੇ ਇਕੱਠ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਦੀ ਉਨ੍ਹਾਂ ਦੀ ਸਮਰੱਥਾ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਮਾਮਲੇ ਵਿੱਚ ਉਨ੍ਹਾਂ ਦਾ ਹੁਨਰ ਅਸਾਧਾਰਨ ਹੈ। ਪ੍ਰਬੰਧਨ ਦੇ ਇਹ ਉੱਤਮ ਗੁਣ ਮੋਦੀ ਜੀ ਨੂੰ ‘ਟੀਮ ਇੰਡੀਆ’ ਦਾ ਇੱਕ ਮਹਾਨ ਨੇਤਾ ਬਣਾਉਂਦੇ ਹਨ।


ਮੋਦੀ ਜੀ ਦੇ ਮਨੁੱਖੀ ਗੁਣਾਂ ਦੀ ਗੱਲ ਕਰੀਏ ਤਾਂ ਗ਼ਰੀਬਾਂ ਅਤੇ ਵਾਂਝਿਆਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਸੱਚੀ ਸੰਵੇਦਨਾ ਹੈ। ਮੈਨੂੰ ਵਰ੍ਹੇ 2003 ਵਿੱਚ ਗੁਜਰਾਤ ਦੇ ਪਹਿਲੇ ਚਿੰਤਨ ਸ਼ਿਵਿਰ ਵਿੱਚ ਦਿੱਤਾ ਗਿਆ ਉਨ੍ਹਾਂ ਦਾ ਸਮਾਪਣ ਭਾਸ਼ਣ ਯਾਦ ਹੈ। ਇਸ ਵਿੱਚ ਉਨ੍ਹਾਂ ਨੇ ਵਾਂਝੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਇੰਨੀ ਭਾਵੁਕਤਾ ਨਾਲ ਦੱਸਿਆ ਕਿ ਬਹੁਤੇ ਅਧਿਕਾਰੀਆਂ ਅਤੇ ਮੰਤਰੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ।


ਆਪਣੀ ਟੀਮ ਪ੍ਰਤੀ ਵੀ ਉਨ੍ਹਾਂ ਦਾ ਮਨੁੱਖੀ ਜੁੜਾਅ ਓਨਾ ਹੀ ਡੂੰਘਾ ਹੈ। ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਕੋਈ ਅਧਿਕਾਰੀ ਜਾਂ ਰਾਜਨੀਤਕ ਵਰਕਰ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ, ਤਾਂ ਉਹ ਫ਼ੋਨ ਕਰਕੇ ਉਸ ਦਾ ਹਾਲ-ਚਾਲ ਪੁੱਛਦੇ ਹਨ। ਉਹ ਲੋਕਾਂ ਨੂੰ ਉਨ੍ਹਾਂ ਦੇ ਖ਼ਾਸ ਮੌਕਿਆਂ ’ਤੇ ਸ਼ੁਭਕਾਮਨਾਵਾਂ ਵੀ ਦਿੰਦੇ ਹਨ।


ਇੱਕ ਇਨਸਾਨ ਦੇ ਰੂਪ ਵਿੱਚ ਉਨ੍ਹਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਜਿਨ੍ਹਾਂ ਲੋਕਾਂ ਨੂੰ ਮਿਲਦੇ ਹਨ, ਉਨ੍ਹਾਂ ਦੇ ਨਾਮ ਯਾਦ ਰੱਖਦੇ ਹਨ। ਕਈ ਸਾਲ ਬਾਅਦ ਮਿਲਣ ’ਤੇ ਵੀ ਉਨ੍ਹਾਂ ਨੂੰ ਨਾਮ ਤੋਂ ਪਛਾਣ ਲੈਂਦੇ ਹਨ। ਇਸ ਨਾਲ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ। ਇਹ ਉਨ੍ਹਾਂ ਦੀ ਸਹਿਜ ਅਤੇ ਸੁਭਾਵਿਕ ਸਮਰੱਥਾ ਹੈ।


ਮੋਦੀ ਜੀ ਦੀ ਸ਼ਖ਼ਸੀਅਤ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਉਨ੍ਹਾਂ ਦੇ ਆਧਿਆਤਮਿਕ ਗੁਣ ਹਨ। ਕੰਮ ਕਰਨ ਦਾ ਉਨ੍ਹਾਂ ਦਾ ਤਰੀਕਾ ਅਤੇ ਜੀਵਨ ਵਿੱਚ ਚੰਗੇ ਜਾਂ ਮਾੜੇ ਨਤੀਜਿਆਂ ਨੂੰ ਸਵੀਕਾਰ ਕਰਨ ਦਾ ਉਨ੍ਹਾਂ ਦਾ ਭਾਵ ਭਗਵਦ ਗੀਤਾ ਵਿੱਚ ਦੱਸੇ ਗਏ ਕਰਮਯੋਗ ਨੂੰ ਦਰਸਾਉਂਦਾ ਹੈ।


ਪਹਿਲਾਂ, ਉਹ ਜੋ ਵੀ ਕੰਮ ਕਰਦੇ ਹਨ, ਉਸ ਨੂੰ ਪੂਰੀ ਮਿਹਨਤ ਅਤੇ ਗੁਣਵੱਤਾ ਨਾਲ ਕਰਦੇ ਹਨ। ਉਹ ਕਿਸੇ ਵੀ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦੇ। ਜਿਸ ਕੰਮ ਨੂੰ ਉਹ ਕਰ ਰਹੇ ਹੁੰਦੇ ਹਨ, ਉਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ ਉਸੇ ’ਤੇ ਹੁੰਦਾ ਹੈ। ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਦੇ। ਜਦੋਂ ਉਨ੍ਹਾਂ ਦੀ ਮਿਹਨਤ ਦੇ ਸ਼ਾਨਦਾਰ ਨਤੀਜੇ ਮਿਲਦੇ ਹਨ, ਤਦ ਵੀ ਉਹ ਨਿਮਰ ਬਣੇ ਰਹਿੰਦੇ ਹਨ। ਸਫ਼ਲਤਾ ਉਨ੍ਹਾਂ ਨੂੰ ਨਾ ਤਾਂ ਲਾਪਰਵਾਹ ਬਣਾਉਂਦੀ ਹੈ ਅਤੇ ਨਾ ਹੀ ਅਹੰਕਾਰੀ।


ਜਦੋਂ ਨਤੀਜੇ ਉਨ੍ਹਾਂ ਦੀ ਉਮੀਦ ਦੇ ਅਨੁਸਾਰ ਨਹੀਂ ਹੁੰਦੇ, ਤਦ ਵੀ ਉਹ ਸ਼ਾਂਤ ਰਹਿੰਦੇ ਹਨ। ਮੁਸੀਬਤਾਂ ਉਨ੍ਹਾਂ ਨੂੰ ਹੋਰ ਵੱਧ ਪ੍ਰੇਰਿਤ ਕਰਦੀਆਂ ਹਨ। ਇਹ ਸਭ ਜਾਣਦੇ ਹਨ ਕਿ ਉਹ ਕਿਵੇਂ ਮੁਸ਼ਕਿਲਾਂ ਨੂੰ ਮੌਕੇ ਵਿੱਚ ਬਦਲ ਦਿੰਦੇ ਹਨ।


ਭਗਵਦ ਗੀਤਾ ਵਿੱਚ ਦੱਸੇ ਗਏ ਆਧਿਆਤਮਿਕ ਗੁਣਾਂ ਵਿੱਚੋਂ ਇੱਕ ਹੈ ‘ਆਰਜਵ’, ਜਿਸ ਦਾ ਅਰਥ ਹੈ ਸਰਲਤਾ ਅਤੇ ਸਪੱਸ਼ਟਤਾ। ਵਿਚਾਰ, ਵਾਣੀ ਅਤੇ ਕਰਮ ਵਿੱਚ ਇੱਕਰੂਪਤਾ ਨੂੰ ਆਰਜਵ ਕਿਹਾ ਜਾਂਦਾ ਹੈ। ਮੋਦੀ ਜੀ ਵਿੱਚ ਇਹ ਗੁਣ ਦਿਖਾਈ ਦਿੰਦਾ ਹੈ।


ਮੋਦੀ ਜੀ ਪਰਮਾਤਮਾ ਭਾਵ ਬ੍ਰਹਿਮੰਡ ਦੇ ਰਚੇਤਾ ਵਿੱਚ ਡੂੰਘੀ ਆਸਥਾ ਰੱਖਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਉੱਥੇ ਕਿਸੇ ਪ੍ਰਸਿੱਧ ਧਾਰਮਿਕ ਸਥਲ ’ਤੇ ਜਾਣ ਦਾ ਮੌਕਾ ਨਹੀਂ ਛੱਡਦੇ। ਸੰਭਵ ਤੌਰ ’ਤੇ ਈਸ਼ਵਰ ਦੀ ਸ਼ਕਤੀ ਵਿੱਚ ਇਹੀ ਵਿਸ਼ਵਾਸ ਉਨ੍ਹਾਂ ਨੂੰ ਲਗਾਤਾਰ ਕੰਮ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ। ਇਸੇ ਆਸਥਾ ਨਾਲ ਉਨ੍ਹਾਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਵੀ ਮਿਲਦੀ ਹੈ।


ਵੇਦਾਂਤ ਵਿੱਚ ਦੱਸੇ ਗਏ ਅਦਵੈਤ ਦੇ ਵਿਚਾਰ ਵਿੱਚ ਮੋਦੀ ਜੀ ਦੀ ਆਧਿਆਤਮਿਕ ਆਸਥਾ ਬਾਰੇ ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈ। ਜਦੋਂ ਮੈਂ ਉਨ੍ਹਾਂ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ, ਤਦ ਉਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ ਸੀ। ਉਨ੍ਹਾਂ ਨੇ ਦੱਸਿਆ ਕਿ ਬਚਪਨ ਵਿੱਚ ਇੱਕ ਵਾਰ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਕਿਸੇ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਬਹੁਤ ਦਰਦ ਹੋ ਰਿਹਾ ਹੈ? ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਸਹਿਜ ਰੂਪ ਵਿੱਚ ਉਨ੍ਹਾਂ ਦੇ ਮੂੰਹੋਂ ਨਿਕਲਿਆ, “ਨਹੀਂ, ਮੈਨੂੰ ਦਰਦ ਨਹੀਂ ਹੋ ਰਿਹਾ ਹੈ, ਸਗੋਂ ਮੇਰੇ ਸਰੀਰ ਨੂੰ ਦਰਦ ਹੋ ਰਿਹਾ ਹੈ।” ਇਸ ਜਵਾਬ ਦੇ ਜ਼ਰੀਏ ਉਨ੍ਹਾਂ ਨੇ ਸਹਿਜ ਰੂਪ ਵਿੱਚ ਵੇਦਾਂਤ ਦੇ ਇਸ ਮੂਲ ਵਿਚਾਰ ਨੂੰ ਪ੍ਰਗਟ ਕੀਤਾ ਕਿ ਸਾਡਾ ਅਸਲ ਸਰੂਪ ਆਤਮਾ ਹੈ, ਸਰੀਰ ਅਤੇ ਮਨ ਦਾ ਮੇਲ ਨਹੀਂ।

(ਲੇਖਕ ਹਸਮੁਖ ਅਧਿਆ ਭਾਰਤ ਦੇ ਸਾਬਕਾ ਵਿੱਤ ਅਤੇ ਮਾਲ ਸਕੱਤਰ ਹਨ।

Saturday, May 16, 2026

ਆਰਮੀ ਸਕੂਲਾਂ ‘ਚ ਪੰਜਾਬੀਆਂ ਨਾਲ ਸ਼ਰੇਆਮ ਧੱਕਾ

HVKP on Saturday 16th May 2026 at 12:46 PM 

ਪੰਜਾਬੀ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਦੀ ਪੜ੍ਹਾਈ ਕਰਾਉਣਾ ਇੱਕ ਹੋਰ ਵਧੀਕੀ 


ਫ਼ਿਰੋਜ਼ਪੁਰ
: 16 ਮਈ 2026: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਵਿੱਚ ਕੰਮ ਕਰ ਰਹੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਦੀ ਲਾਜ਼ਮੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ। ਹਰ ਭਾਸ਼ਾ ਗਿਆਨ ਦੇ ਸੰਸਾਰ ਵੱਲ ਨਵੀਂ ਖੁੱਲਦੀ ਖਿੜਕੀ ਹੁੰਦੀ ਹੈ ਪਰ ਮਾਂ ਬੋਲੀ ਦੀ ਕੀਮਤ ਤੇ ਕੀਤਾ ਜਾ ਰਿਹਾ ਇਹ ਧੱਕਾ ਕਿਸੇ ਵੀ ਪੱਧਰ ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ। 

ਆਰਮੀ  ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਬੱਚਿਆਂ ਦੇ ਮਾਪਿਆਂ ਤੋਂ ਇੱਕ ਐਲਾਨਨਾਮੇ ਉਤੇ ਦਸਤਖ਼ਤ ਕਰਵਾ ਕੇ ਸਹਿਮਤੀ ਲਈ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਪੰਜਾਬੀ ਭਾਸ਼ਾ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਨ ਲਈ ਤਿਆਰ ਹਨ।

ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੀ ਇਸ ਧੱਕੇਸ਼ਾਹੀ ਵਾਲੇ ਫ਼ੈਸਲੇ ਖ਼ਿਲਾਫ਼ ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਨੇ ਤਿੱਖਾ ਵਿਰੋਧ ਦਰਜ ਕਰਵਾਇਆ ਹੈ। 

ਕਲਾਪੀਠ ਨੇ ਇਸ ਨੂੰ ਨਾ ਸਿਰਫ਼ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਭਾਸ਼ਾ ਕਾਨੂੰਨ-2008 ਦੀ ਉਲੰਘਣਾ ਕਰਾਰ ਦਿੱਤਾ ਹੈ, ਸਗੋਂ ਸਿੱਖਿਆ ਨੀਤੀ-2020 ਅਤੇ  ਕੌਮੀ ਪਾਠਕ੍ਰਮ ਢਾਂਚੇ ਦੀਆਂ ਭਾਵਨਾਵਾਂ ਦੇ ਵੀ ਖ਼ਿਲਾਫ਼ ਦੱਸਿਆ ਹੈ। ਕਲਾਪੀਠ ਦੇ ਪ੍ਰਧਾਨ ਪ੍ਰੋ. ਜਸਪਾਲ ਘਈ ਜਨਰਲ ਸਕੱਤਰ ਸੁਖਜਿੰਦਰ, ਪ੍ਰੋ. ਗੁਰਤੇਜ ਕੋਹਾਰਵਾਲਾ, ਪ੍ਰੋ. ਕੁਲਦੀਪ, ਰਾਜੀਵ ਖ਼ਿਆਲ, ਸੁਰਿੰਦਰ ਕੰਬੋਜ ਸੁਖਦੇਵ ਭੱਟੀ ਅਤੇ ਹਰਮੀਤ ਵਿਦਿਆਰਥੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਾਂਝਾ ਕਰਨਾ ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਸ਼ਾ ਕਾਨੂੰਨ The Punjab Learning of Punjabi and other Languages (Amendment)Act -2008 ਅਨੁਸਾਰ ਪੰਜਾਬ ਦੇ ਹਰ ਸਕੂਲ ਵਿੱਚ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਹੈ, ਪਰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ (AWES) ਵੱਲੋਂ ਜਾਰੀ ਕੀਤੇ ਪੱਤਰ  ਵਿੱਚ ਪੰਜਾਬੀ ਨੂੰ ਵਾਧੂ ਵਿਸ਼ੇ  (Additional) ਵਜੋਂ ਰੱਖ ਕੇ ਸੰਸਕ੍ਰਿਤ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਉਣਾ ਬੱਚਿਆਂ ਦੇ ਸਿੱਖਣ ਦੇ ਅਧਿਕਾਰਾਂ, ਮਨੋਵਿਗਿਆਨਕ ਆਜ਼ਾਦੀ ਅਤੇ ਉਨ੍ਹਾਂ ਦੀ ਭਾਸ਼ਾਈ ਪਸੰਦ ਨਾਲ ਸਿੱਧਾ ਵਿਰੋਧ ਹੈ।

ਉਨ੍ਹਾਂ ਕਿਹਾ ਕਿ NEP-2020 ਅਤੇ NCF ਦੋਵੇਂ ਹੀ ਬੱਚਿਆਂ ਲਈ ਲਚਕੀਲੇ ਪਾਠਕ੍ਰਮ ,ਮਾਤ ਭਾਸ਼ਾ ਅਧਾਰਿਤ ਸਿੱਖਿਆ ਅਤੇ “R3” ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਸਥਾਨਕ ਭਾਸ਼ਾਈ ਪਿਛੋਕੜ ਦੇ ਅਨੁਸਾਰ ਵਿਸ਼ਿਆਂ ਦੀ ਚੋਣ ਦੀ ਆਜ਼ਾਦੀ ਹੈ ਪਰ  ਆਰਮੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਿੱਖਿਆ ਨੀਤੀ ਦੀ ਭਾਵਨਾ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਾਪਿਆਂ ਵੱਲੋਂ ਵੀ ਇਸ ਮਾਮਲੇ ’ਤੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

ਆਗੂਆਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਚੌਥੇ ਬਦਲ  ਵਜੋਂ ਰੱਖਿਆ ਗਿਆ ਹੈ ਅਤੇ ਜੇਕਰ 15 ਤੋਂ ਘੱਟ ਵਿਦਿਆਰਥੀ ਪੰਜਾਬੀ ਚੁਣਦੇ ਹਨ ਤਾਂ ਸਕੂਲ ਪੰਜਾਬੀ ਅਧਿਆਪਕ ਦੀ ਨਿਯੁਕਤੀ ਵੀ ਨਹੀਂ ਕਰੇਗਾ। ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਘਰ ਬੈਠ ਕੇ ਪੜ੍ਹਨ ਲਈ ਮਜਬੂਰ ਹੋਣਾ ਪਵੇਗਾ। 

ਇਹ ਨੀਤੀ ਸਪੱਸ਼ਟ ਤੌਰ ’ਤੇ ਵਿਦਿਆਰਥੀਆਂ ਦੀ ਭਾਸ਼ਾਈ ਵਿਕਲਪ ਸਿੱਖਿਆ ਨੀਤੀ ਨਾਲ ਵਿਤਕਰਾ ਕਰਦੀ ਹੈ। ਲੇਖਕ ਆਗੂਆਂ ਨੇ ਦੱਸਿਆ ਕਿ ਮੰਗ ਵੀ ਕੀਤੀ ਸੀ ਪਰ ਪੰਜਾਬ ਸਰਕਾਰ   ਇਸ ਅਨਿਆਂ ਵਿਰੁੱਧ ਸਖ਼ਤੀ ਨਾਲ ਕਦਮ ਚੁੱਕੇ ਅਤੇ  ਸੀ.ਬੀ.ਐਸ.ਈ. ਨੂੰ ਮਜਬੂਰ ਕਰਨ ਕਿ ਉਸ ਨਾਲ ਸਬੰਧਤ ਸਾਰੇ ਸਕੂਲ ਭਾਸ਼ਾ ਨੀਤੀ ਅਤੇ ਸਿੱਖਿਆ ਨੀਤੀ ਦੇ ਨਿਯਮਾਂ ਦੀ ਪਾਲਣਾ ਕਰਨ।

ਕਲਾਪੀਠ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਸਥਿਤ ਸਾਰੇ ਆਰਮੀ ਸਕੂਲਾਂ ਵਿੱਚ ਪੰਜਾਬ ਦੇ ਬੱਚਿਆਂ ਲਈ ਪੰਜਾਬੀ ਭਾਸ਼ਾ ਦੀ ਲਾਜ਼ਮੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇ ।ਸੰਸਥਾ ਨੇ ਪੰਜਾਬ ਦੀਆਂ ਸਮੂਹ ਸਾਹਿਤਿਕ, ਸੱਭਿਆਚਾਰਕ, ਲੋਕ ਪੱਖੀ ਸੰਸਥਾਵਾਂ, ਵਿਦਿਆਰਥੀ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਨੂੰ ਪੜ੍ਹਾਅ ਵਾਰ ਖ਼ਤਮ ਕਰਨ ਦੀਆਂ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਭ ਸਿਰ ਜੋੜ ਕੇ ਬੈਠੀਏ ਅਤੇ ਭਵਿੱਖ ਲਈ ਕੋਈ ਨਰੋਈ ਰਣਨੀਤੀ ਉਲੀਕੀਏ ਤਾਂ ਕਿ ਪੰਜਾਬੀ ਬੋਲੀ ਤੇ ਲਗਾਤਾਰ ਹੁੰਦੇ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਜਾ ਸਕੇ। 

Saturday, May 31, 2025

ਜਨਮੇਜਾ ਸਿੰਘ ਜੌਹਲ ਵੱਲੋਂ ਪੰਜਾਬੀ ਵਿੱਚ AI ਸਿਖਾਉਣ ਦੀ ਖੁਲ੍ਹੀ ਪੇਸ਼ਕਸ਼

From Janmeja Singh Johl on Friday 31st May 2025 at 2:28 AM Regarding AI training in Punjabi

ਸਿੱਖੋ AI ਦੀਆਂ ਰਮਜ਼ਾਂ ਵਾਲੇ ਗੁਰ ਜਿਸ ਜਿਸ ਨੇ ਵੀ ਸਿੱਖਣੇ ਹਨ 


ਲੁਧਿਆਣਾ: 31 ਮਈ 2025: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਜਨਮੇਜਾ ਸਿੰਘ ਜੌਹਲ ਸਾਡੇ ਵੇਲਿਆਂ ਦਾ ਇੱਕ ਅਜਿਹਾ ਗਿਆਨ ਸੂਚਨਾ ਦੂਤ ਹੈ ਜਿਸਨੇ ਹਮੇਸ਼ਾਂ ਕਿਸੇ ਵਿਤਕਰੇ ਅਤੇ ਬਿਨਾ ਕਿਸੇ ਸਵਾਰਥ ਦੇ ਹਮੇਸ਼ਾਂ ਗਿਆਨ ਹੀ ਵੰਡਿਆ ਹੈ। ਜਦੋਂ ਬਹੁ ਗਿਣਤੀ ਲੋਕਾਂ ਨੇ ਕੰਪਿਊਟਰ ਦੀ ਸ਼ਕਲ ਵੀ ਨਹੀਂ ਸੀ ਦੇਖੀ ਉਦੋਂ ਵੀ ਵੀ ਉਹ ਕੰਪਿਊਟਰ ਦਾ ਦੇ ਮਾਹਰ ਵੱਜੋਂ ਜਾਣਿਆ ਜਾਂਦਾ ਸੀ। ਵੱਡਿਆਂ ਅਖਬਾਰਾਂ ਦੇ ਮਾਲਕ ਅਤੇ ਪ੍ਰਬੰਧਕ ਉਸਨੂੰ ਕੰਪਿਊਟਰ ਦੇ ਖੇਤਰ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬੁਲਾਇਆ ਕਰਦੇ ਸਨ। ਉਹਨੀਂ ਦਿਨੀਂ ਵੀ ਜਨਮੇਜਾ ਸਿੰਘ ਜੌਹਲ ਕਿਸੇ ਵੀ ਲੋੜਵੰਦ ਨੂੰ ਕਦੇ ਤਕਨੀਕੀ ਗਿਆਨ ਤੋਂ ਨ ਨਾਂਹ ਨਹੀਂ ਸੀ ਕਰਦਾ। 

ਇਸਤੋਂ ਬਾਅਦ ਜਦੋਂ ਕੰਪਿਊਟਰ ਵਿੱਚ ਵੰਨ ਸੁਵੰਨੇ ਡਿਜ਼ਾਈਨ ਵਾਲੇ ਫੌਂਟਾਂ ਦੀ ਗੱਲ ਚੱਲੀ ਤਾਂ ਉਦੋਂ ਵੀ ਜਨਮੇਜਾ ਜੌਹਲ ਨੇ ਬਹੁਤ ਕੁਝ ਨਵਾਂ ਲੱਭਿਆ ਅਤੇ ਸਭਨਾਂ ਦੇ ਸਾਹਮਣੇ ਲਿਆ ਰੱਖਿਆ। ਇਸਤੋਂ ਬਾਅਦ ਕੰਪਿਊਟਰ ਵਿੱਚ ਆਫਲਾਈਨ ਜਾਂ ਆਨਲਾਈਨ ਪੰਜਾਬੀ ਟਾਈਪ ਕਰਨ ਦਾ ਸੁਆਲ ਆਇਆ ਤਾਂ ਉਦੋਂ ਵੀ ਜਨਮੇਜਾ ਜੌਹਲ ਬਹੁਤ ਯਾਦਗਾਰੀ ਸੌਗਾਤ ਲੈ ਕੇ ਸਾਹਮਣੇ ਆਇਆ। ਸਾਹਿਤ ਦੇ ਨਾਲ ਨਾਲ ਪੱਤਰਕਾਰੀ ਅਤੇ ਫੋਟੋਗ੍ਰਾਫੀ ਵਿੱਚ ਵੀ ਜਨਮੇਜਾ ਜੌਹਲ ਸਿਰਮੌਰ ਗਿਣਿਆ ਜਾਂਦਾ ਸੀ। ਇੰਡੀਅਨ ਐਕਸਪ੍ਰੈਸ ਦੇ ਪ੍ਰਸਿੱਧ ਹਿੰਦੀ ਅਖਬਾਰ ਜਨਸੱਤਾ ਵਿੱਚ ਉਸਦੀਆਂ ਟ੍ਰਾਂਸਪ੍ਰੈਸੀਆਂ ਦੀ ਉਡੀਕ ਅਕਸਰ ਸ਼ਿੱਦਤ ਨਾਲ ਰਹਿੰਦੀ। ਐਤਵਾਰ ਅਤੇ ਵੀਰਵਾਰ ਵਾਲੇ ਐਡੀਸ਼ਨਾਂ ਵਿਚ ਆਮ ਤੌਰ ਤੇ ਉਸਦੀ ਟ੍ਰਾਂਸਪੇਰੈਂਸੀ ਹੀ ਅਖਬਾਰ ਦਾ ਸ਼ਿੰਗਾਰ ਹੁੰਦੀ ਸੀ। 

ਹੁਣ ਦੌਰ ਆਰਟੀਫੀਸ਼ਲ ਇੰਟੈਲੀਜੈਂਸ ਦਾ ਹੈ। ਬਹੁਤੀਆਂ ਨੂੰ ਇਸ ਤਕਨੀਕ ਅਤੇ ਸਹੂਲਤ ਕਿਸੇ ਰਸਗੁੱਲੇ ਵਾਂਗ ਜਾਪਦੀ ਹੈ ਅਤੇ ਕਈਆਂ ਨੂੰ ਮੁਸੀਬਤ ਲੱਗਦੀ ਹੈ। ਕਈਆਂ ਨੂੰ ਅਜੇ ਸਮਝ ਵੀ ਨਹੀਂ ਆਈ। ਇਸ ਦੀ ਜਾਣਕਾਰੀ ਲੈਣ ਵਾਲਿਆਂ ਲਈ ਵੀ ਜਨਮੇਜਾ ਜੌਹਲ ਟਰੇਨਿੰਗ ਦੇਣ ਵਾਲੀ ਖੁਸ਼ਖਬਰੀ ਲੈ ਕੇ ਆਇਆ ਹੈ। 

ਜਨਮੇਜਾ ਜੌਹਲ ਨੇ ਟਰੇਨਿੰਗ ਦੇਣ ਵਾਲੀ ਆਪਣੀ ਅਨਮੋਲ ਪੇਸ਼ਕਸ਼ ਵਿੱਚ ਕਿਹਾ ਹੈ ਕਿ AI ਸਿੱਖਣ ਲਈ ਲੰਮੇ ਚੌੜੇ ਚੱਕਰਾਂ ਵਿੱਚ ਪੈਣ ਦੀ ਲੋੜ ਨਹੀਂ। ਹੁਣ ਤੁਸੀਂ ਆਪਣੇ ਲੇਖ, ਆਪਣਾ ਸਾਰਾ ਮੈਟਰ ਪੰਜਾਬੀ ਵਿੱਚ ਆਪੇ ਬੋਲ ਕੇ ਟਾਈਪ ਕਰ ਸਕਦੇ ਹੋ। ਇਸ ਤੋਂ ਇਲਾਵਾ AI ਤੋਂ ਤੁਸੀਂ ਕੋਈ ਵੀ ਸਵਾਲ ਪੰਜਾਬੀ ਵਿੱਚ ਪੁੱਛ ਸਕਦੇ ਹੋ ਤੇ ਜਵਾਬ ਪੰਜਾਬੀ ਵਿੱਚ ਲੈ ਸਕਦੇ ਹੋ। 

ਇਸੇ ਤਰ੍ਹਾਂ ਏਆਈ ਤੋਂ ਤੁਸੀਂ ਲੇਖ ਵੀ  ਲਿਖਵਾ ਸਕਦੇ ਹੋ ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ।  ਇਸੇ ਤਰ੍ਹਾਂ ਹੀ AI ਤੋਂ ਤੁਸੀਂ ਕੋਈ ਵੀ ਜਾਣਕਾਰੀ ਪੰਜਾਬੀ ਵਿੱਚ ਲੈ ਸਕਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਬੋਲ ਕੇ ਪੰਜਾਬੀ ਵਿੱਚ ਫੋਟੋਆਂ ਵੀ ਬਣਵਾ ਸਕਦੇ ਹੋ ਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ। 

ਇਸਦੇ ਲਈ ਮੁਫਤ ਕਲਾਸਾਂ 11 ਵਜੇ ਤੋਂ 1 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਲੱਗਣਗੀਆਂ। ਉਮੀਦ ਹੈ ਕਿ ਮੈਂ ਰੋਜਾਨਾ ਇਹ ਕਲਾਸਾਂ ਲਾ ਸਕਾਂਗਾ ਆਓ ਜਿਹੜਾ ਵੀ ਸਿੱਖਣਾ ਚਾਹੁੰਦਾ ਹੈ ਆ ਜਾਓ ਤੇ ਜਦ ਤੱਕ ਮੇਰਾ ਮੂਡ ਹੈ ਤੁਸੀਂ ਇਹ ਗੱਲਾਂ ਮੇਰੇ ਕੋਲੋਂ ਸਿੱਖ ਲਓ। ਧੰਨਵਾਦ ਇਹਨਾਂ ਗਈਆਂ ਦੇ ਵਿਦਿਆਰਥੀਆਂ ਲਈ ਧੰਨਵਾਦ ਦੇ ਨਾਲ ਨਾਲ ਇਹ ਵਾਅਦਾ ਵੀ ਕਿ ਜੇਕਰ ਦਾਅ ਲੱਗਾ ਤਾਂ ਚਾਹ ਵੀ ਪੀਵਾਂਗੇ। ਇਸਦੇ ਨਾਲ ਹੀ ਇਹ ਹਦਾਇਤ ਵੀ ਕਿ ਆਪਣਾ ਫੋਨ ਲੈ ਕੇ ਆਓ ਜਿਸ ਵਿੱਚ ਇੰਟਰਨੈੱਟ  ਵੀ ਹੋਵੇ ਤੇ ਇਹ ਫੋਨ ਚਾਰਜ ਵੀ ਪੂਰੀ ਤਰ੍ਹਾਂ ਹੋਇਆ ਹੋਵੇ। 

ਇਸ ਵਾਰ ਵੀ ਜਨਮੇਜਾ ਜੌਹਲ ਨੇ ਨਾ ਤਾਂ ਆਪਣੇ ਕਿਸੇ ਸਵਾਰਥ ਦੀ ਕੋਈ ਇੱਛਾ ਪ੍ਰਗਟਾਈ ਹੈ ਅਤੇ ਨਾ ਹੀ ਅਜਿਹੀ ਕੋਈ ਸ਼ਰਤ ਰੱਖੀ ਹੈ। ਬਸ ਜਿਵੇਂ ਫੁਲ ਖਿੜਦੇ ਨੇ, ਧੁੱਪ ਨਿਕਲਦੀ ਹੈ, ਹਵਾ ਰੁਮਕਦੀ ਹੈ, ਪਾਣੀ ਵਗਦਾ ਹੈ ਸਭਨਾਂ ਲਈ ਇੱਕੋ ਜਿਹਾ ਰਹਿੰਦਿਆਂ ਉਵੇਂ ਹੀ ਜਨਮੇਜਾ ਜੌਹਲ ਦੀ ਇਹ ਗੁਰਾਂ ਭਰੇ ਮਾਰਗਦਰਸ਼ਨ ਵਾਲੀ ਇਹ ਟਰੇਨਿੰਗ ਵੀ ਹੋਵੇਗੀ। ਜਿਸ ਜਿਸ ਨੇ ਫਾਇਦਾ ਉਠਾਉਣਾ ਹੈ ਉਹ ਪੰਜਾਬੀ ਭਵਨ ਵਿੱਚ ਪਹੁੰਚ ਜਾਓ। 

ਹੁਣ ਦੇਖਣਾ ਹੈ ਕਿ ਕਿਸ ਕਿਸ ਦੀ ਕਿਸਮਤ ਉਸਨੂੰ ਵੇਲੇ ਸਿਰ ਉੱਦਮ ਦੇ ਕੇ ਪੰਜਾਬੀ ਭਵਨ ਤੱਕ ਲੈ ਜਾਂਦੀ ਹੈ। ਜਨਮੇਜਾ ਸਿੰਘ ਜੌਹਲ ਵੱਲੋਂ ਵੰਡੇ ਜਾਣ ਵਾਲੇ ਇਸ ਗਿਆਨ ਨੂੰ ਆਤਮਸਾਤ ਕਰਨ ਵਿੱਚ ਉਹੀ ਜ਼ਿਆਦਾ ਕਾਮਯਾਬ ਰਹਿਣਗੇ ਜਿਹੜੇ ਹੰਕਾਰ ਤੋਂ ਦੂਰ ਰਹਿੰਦਿਆਂ ਸੱਚੇ ਗਿਆਨ ਦੀ ਪਿਆਸ ਜਗਾ ਕੇ ਪਹੁੰਚਣਗੇ। 

Saturday, October 14, 2023

ਪੰਜਾਬੀ ਦੇ ਦੁਸ਼ਮਣਾਂ ਨਾਲ ਲਗਾਤਾਰ ਸੰਘਰਸ਼ ਜਾਰੀ ਹੈ-ਪੰਜਾਬੀ ਹਿਤੈਸ਼ੀਆਂ ਦਾ

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ


ਲੁਧਿਆਣਾ
: 14 ਅਕਤੂਬਰ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਪੰਜਾਬ ਅਤੇ ਪੰਜਾਬੀ ਨਾਲ ਦੁਸ਼ਮਣੀਆਂ ਕਮਾਉਣ ਦੀਆਂ ਸਾਜ਼ਿਸ਼ਾਂ ਤਾਂ ਕਈ ਵਾਰ ਹੋਈਆਂ ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬੀ ਨੂੰ ਖਤਰਿਆਂ ਵਾਲੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਨਾਕਾਮ ਰਹੀਆਂ। ਓਨਾ ਨੁਕਸਾਨ ਨਹੀਂ ਹੋ ਸਕਿਆ ਜਿੰਨਾ ਕੁ ਦੁਸ਼ਮਣਾਂ ਨੇ ਚਿਤਵਿਆ ਸੀ। ਇਹਨਾਂ ਨਫਰਤਾਂ ਨੂੰ ਯਾਦ ਕਰੀਏ ਤਾਂ ਯਾਦ ਆ ਰਹੀਆਂ ਨੇ ਉਸਤਾਦ ਦਾਮਨ ਹੁਰਾਂ ਦੀਆਂ ਸਤਰਾਂ:

ਮੈਨੂੰ ਇੰਜ ਲਗਦਾ, ਲੋਕੀਂ ਆਖਦੇ ਨੇ

ਤੂੰ ਪੁੱਤਰਾ ਆਪਣੀ ਮਾਂ ਛੱਡਦੇ

ਇਸੇ ਮੌਕੇ ਬਾਬਾ ਨਜਮੀ ਹੁਰਾਂ ਦੀ ਗੱਲ ਵੀ ਜ਼ਰੂਰੀ ਜਾਪਦੀ ਹੈ। ਉਹ ਬੜੀ ਡੂੰਘੀ ਗੱਲ ਕਰਦਿਆਂ ਆਖਦੇ ਨੇ: 

ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ।

ਦੋਵੇਂ ਗੱਲਾਂ ਹਕੀਕਤ ਨੇ। ਇਹ ਵੀ ਸੱਚ ਹੀ ਜਾਪਦੈ ਕਿ ਪੰਜਾਬੀ ਦੇ ਖਿਲਾਫ਼ ਸਾਜ਼ਿਸ਼ਾਂ ਰਚਦਿਆਂ ਸਵਾਰਥੀ ਕਿਸਮ ਦੇ ਲੋਕ ਕੁਝ ਇਹੀ ਭਾਵਨਾ ਦਰਸਾਉਂਦੇ ਰਹੇ ਕਿ ਤੂੰ ਪੁੱਤਰ ਆਪਣੀ ਮਾਂ ਛੱਡ ਦੇ! ਜਦੋਂ ਪੰਜਾਬੀ ਸੂਬੇ ਵੇਲੇ ਹਿੰਦੀ ਪੰਜਾਬੀ ਭਾਸ਼ਾ ਦਾ ਅਨੁਪਾਤ ਦੇਖਿਆ ਜਾ ਰਿਹਾ ਸੀ ਤਾਂ ਉਦੋਂ ਹੋਏ ਸਰਵੇਖਣਾਂ ਦੌਰਾਨ ਲੋਕ ਪੰਜਾਬੀ ਵਿਚ ਬੋਲਦਿਆਂ ਅੱਖ ਰਹੇ ਸਨ ਕਿ ਤੂੰ ਲਿਖ ਸਾਡੀ ਮਨ ਬੋਲੀ ਹਿੰਦੀ ਏ।ਉਹਨਾਂ ਨੂੰ ਹਿੰਦੀ ਬੋਲਣੀ ਵੀ ਨਹੀਂ ਸੀ ਆਉਂਦੀ ਪਰ ਉਹ ਲਿਖਵਾਉਂਦੇ ਰਹੇ ਕਿ ਹਿੰਦੀ ਸਾਡੀ ਮਾਤ ਭਾਸ਼ਾ ਹੈ। ਮਕਸਦ ਤਾਂ ਪੰਜਾਬ ਵਿਚ ਪੰਜਾਬੀ ਬੋਲਦੇ ਲੋਕਾਂ ਦਾ ਨੁਪਾਤ ਘਟਾਉਣਾ ਸੀ।  ਨਿਸਚੇ ਹੀ ਇਹ ਲੋਕ ਨਾ ਤਾਂ ਪੰਜਾਬੀ ਦੇ ਸੱਕੇ ਨਿਕਲੇ ਅਤੇ ਨਾ ਹੀ ਹਿੰਦੀ ਦੇ ਕਦੇ ਨਿਕਲਣਗੇ। ਸਾਜ਼ਿਸ਼ੀ ਸਿਆਸਤ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਨੂੰ ਕਦੇ ਵੀ ਪਤਾ ਨਾ ਲੱਗਿਆ ਕਿ ਉਹ ਆਪਣੀ ਮਾਂ  ਬੋਲੀ ਨਾਲ ਕਿੰਨਾ ਵੱਡਾ ਧ੍ਰੋਹ ਕਮਾ ਗਏ। ਅੰਧ ਭਗਤਾਂ ਦਾ ਉਹ ਵਰਗ ਅੱਜ ਵੀ ਮੌਜੂਦ ਹੈ। 

ਪਰ ਦੂਜੇ ਪਾਸੇ ਪੰਜਾਬੀ ਨਾਲ ਪਿਆਰ ਦਰਸਾਉਣ ਵਾਲੇ ਵੀ ਖੁੱਲ੍ਹ ਕੇ ਨਿੱਤਰਦੇ ਰਹੇ। ਪ੍ਰਸਿੱਧ ਵਿਦਵਾਨ ਅਤੇ ਸੰਸਦ ਮੈਂਬਰ ਵਿਸ਼ਵਾਨਾਥ ਤਿਵਾੜੀ ਆਪਣੀ ਟੀਮ ਦੇ ਨਾਲ ਖੁਦ ਹੱਥਾਂ ਵਿਚ ਟੇਪ ਰਿਕਾਰਡਰ ਲੈ ਕੇ ਚੰਡੀਗੜ੍ਹ ਦੇ ਗਲੀ ਮੋਹਲਿਆਂ ਵਿਚ ਘੁੰਮਦੇ ਰਹੇ ਕਿ ਮਾਂ ਬੋਲੀ ਬੋਲਣ ਵਾਲਿਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇ। ਨਿਸਚੇ ਹੀ ਉਹਨਾਂ ਦੇ ਇਸ ਉਪਰਾਲੇ ਤੋਂ ਉਹਨਾਂ  ਲੋਕਾਂ ਨੂੰ ਸਭ ਤੋਂ ਵੱਧ ਤਕਲੀਫ ਹੋਈ ਜਿਹੜੇ ਪੰਜਾਬੀ ਵਿਚ ਗੱਲ ਕਰਦਿਆਂ ਹਿੰਦੀ ਦੇ ਹੱਕ ਵਿੱਚ ਵੋਟ ਪਾ ਰਹੇ ਸਨ। 

ਟੇਪ ਰਿਕਾਰਡਰ ਵਾਲੇ ਢੰਗ ਤਰੀਕੇ ਨਾਲ ਉਹਨਾਂ ਲੋਕਾਂ ਦਾ ਸਾਰਾ ਪਾਜ ਖੁੱਲ੍ਹ ਰਿਹਾ ਸੀ। ਵਿਸ਼ਵਾਨਾਥ ਤਿਵਾੜੀ ਸੱਚੇ ਪੰਜਾਬੀ ਸਪੂਤ ਹੋਣ ਦਾ ਫਰਜ਼ ਆਧੁਨਿਕ ਤਕਨੀਕ ਨੂੰ ਨਾਲ ਲੈ ਕੇ ਬੜੇ ਹੀ ਸ਼ਾਂਤਮਈ ਢੰਗ ਨਾਲ ਨਿਭਾ ਰਹੇ ਸਨ। ਉਹਨਾਂ ਦਾ ਇਹ ਉਪਰਾਲਾ ਪੰਜਾਬੀ ਵਿਰੋਧੀ ਸਿਆਸਤ ਦਾ ਹਿੱਸਾ ਬਣੇ ਹੋਏ ਲੋਕਾਂ ਲਈ ਬੇਹੱਦ ਦਿੱਕਤ ਵਾਲੀ ਗੱਲ ਸੀ। ਤਿਵਾੜੀ ਸਾਹਿਬ ਨੂੰ ਉਹਨਾਂ ਦੇ ਸਿਆਸੀ ਸਮਰਥਕਾਂ ਨੇ ਵੀ ਬੜਾ ਸਮਝਾਇਆ ਗਿਆ ਪਰ ਗੱਲ ਨਾ ਬਣੀ। ਹੁਣ ਉਹਨਾਂ ਦਾ ਬੇਟਾ  ਮਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਸੰਸਦ ਮੈਂਬਰ ਹੈ। ਉਹੀ ਮਨੀਸ਼ ਤਿਵਾੜੀ ਜਿਹਨਾਂ ਨੇ ਲੁਧਿਆਣਾ ਵਿਚ ਆਕਾਸ਼ਵਾਣੀ ਦਾ ਕੇਂਦਰ ਖੁਲ੍ਹਵਾ ਕੇ ਐਫ ਐਮ ਗੋਲਡ ਸ਼ੁਰੂ ਕਰਵਾਇਆ ਸੀ। ਆਪਣੇ ਪਿਤਾ ਦੀ ਸ਼ਹਾਦਤ ਦਾ ਦਰਦ ਅੱਜ ਵੀ ਉਹਨਾਂ ਦੀਆਂ ਗੱਲਾਂ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਦਰਦਾਂ ਦਾ ਸ਼ਿਕਾਰ ਬਣਾਏ ਗਏ ਲੋਕਾਂ ਨੂੰ ਅਤੀਤ ਏਨੀ ਜਲਦੀ  ਭੁੱਲਦਾ ਵੀ ਕਿਥੇ ਹੈ।ਜਜ਼ਬਾਤਾਂ  ਅਤੇ ਭਾਵਨਾਵਾਂ ਨਾਲ ਹੀ ਪੈਦਾ ਹੁੰਦਾ ਹੈ ਅਸਲੀ ਜ਼ਿੰਦਗੀ ਵਾਲਾ ਅਹਿਸਾਸ।  

ਇਸੇ ਦੌਰਾਨ ਅੱਤਵਾਦ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਗਿਆ। ਇੱਕ ਦਿਨ ਅਚਾਨਕ ਤਿੰਨ ਅਪ੍ਰੈਲ 1984 ਵਾਲੇ ਦਿਨ ਉਸ ਸ਼ਾਇਰ ਵਿਸ਼ਵਾਨਾਥ ਤਿਵਾੜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੇ ਕੈਂਪ ਦੇ ਨੇੜੇ ਸਨ ਉਹ ਦੱਸਦੇ ਹਨ ਇਹ ਖਬਰ ਸੁਣ ਕੇ ਸੰਤ ਭਿੰਡਰਾਂਵਾਲੇ ਬੇਹੱਦ ਨਿਰਾਸ਼ ਹੋਏ। ਉਹਨਾਂ ਗੁੱਸੇ ਵਿਚ ਆਖਿਆ ਹੁਣ ਇਹ ਕਾਰਾ ਕਿਸਨੇ ਕੀਤਾ ਹੈ? ਪਰ ਦੂਜੇ ਪਾਸੇ ਚਰਚਾ ਇਹ ਵੀ ਰਹੀ ਕਿ ਇਹ ਕਤਲ ਸੰਤ ਭਿੰਡਰਾਂਵਾਲਿਆਂ ਦੀ ਸੱਜੀ ਬਾਂਹ ਵੱਜੋਂ ਜਾਣੇ ਜਾਂਦੇ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਜਾਂ ਕਰਵਾਇਆ ਸੀ।

ਉਸ ਵੇਲੇ ਗੋਲੀ ਦੀ ਸਿਆਸਤ ਹੀ ਭਾਰੂ ਸੀ ਅਤੇ 03 ਅਪ੍ਰੈਲ 1984 ਨੂੰ ਉਸ ਮਹਾਨ ਲੇਖਕ ਅਤੇ ਪੰਜਾਬੀ ਹਿਤੈਸ਼ੀ ਵੀ ਐਨ ਤਿਵਾੜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਵਿਚ ਇੱਕ ਹੋਰ ਕਾਲਾ ਵਰਕਾ ਦਰਜ ਹੋ ਗਿਆ। ਖਿੜਿਆ ਫੁਲ ਗੁਲਾਬ ਦਾ-ਚੰਡੀਗੜ੍ਹ ਪੰਜਾਬ ਦਾ---ਬਸ ਇਹ ਨਾਅਰਾ ਬਣ ਕੇ ਹੀ  ਰਹਿ ਗਿਆ। ਪੰਜਾਬ ਦੇ ਹੱਕਾਂ ਦਾ ਮਾਮਲਾ ਹੋਰ ਪਿੱਛੜ ਗਿਆ। ਚੰਡੀਗੜ੍ਹ ਅੱਜ ਤਕ ਪੰਜਾਬ ਨੂੰ ਨਹੀਂ ਮਿਲਿਆ।  

ਬਹੁਤ ਸਾਰੇ ਕਤਲ ਅਤੇ ਬਸਾਂ ਵਿਚੋਂ ਕੱਢ ਕੇ ਬਹੁਤ ਸਾਰੇ ਲੋਕਾਂ ਨੂੰ ਮਾਰੇ ਜਾਣ ਵਾਲੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਵੇਲਿਆਂ ਦੌਰਾਨ ਵਾਪਰੀਆਂ ਉਹ ਸਾਰੀਆਂ ਹੀ ਘਟਨਾਵਾਂ ਅੱਜ ਵੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਕਰਦੀਆਂ ਹਨ ਜਿਹੜੀ ਸ਼ਾਇਦ ਕਦੇ ਨਹੀਂ ਹੋਣੀ। ਅਸੀਂ ਬਹੁਤ ਕੁਝ ਗੁਆ ਲਿਆ। ਸਾਡੇ ਬਹੁਤ ਸਾਰੇ ਬੁਧੀਜੀਵੀ ਅਤੇ ਨੇਕ ਇਨਸਾਨ ਸਾਡੇ ਕੋਲੋਂ ਖੋਹ ਲੈ ਗਏ।  ਸਾਡੇ ਜੋ ਪੱਲੇ ਪਿਆ ਉਹ ਅਫਸੋਸ ਹੀ ਸੀ। ਨਹੀਂਓ ਲੱਭਣੇ ਲਾਲ ਗੁਆਚੇ--ਮਿੱਟੀ ਨਾ ਫਰੋਲ ਜੋਗੀਆ। 

ਇੱਕ ਹੋਰ ਸੰਵੇਦਨਸ਼ੀਲ ਸ਼ਾਇਰ ਅਨੂਪ ਸਿੰਘ ਵਿਰਕ ਹੁਰਾਂ ਹੀ ਲਿਖਿਆ ਸੀ--

ਪਿੱਪਲ ਦਿਆ ਪੱਤਿਆ ਵੇ ਦਸ ਦਈਂ ਹਵਾਂਵਾਂ ਨੂੰ!

ਪੁਤ ਰੋਹੀਏਂ ਰੁਲ ਗਏ  ਨੇ ਨਈਂ ਲਭਣੇ ਮਾਂਵਾਂ ਨੂੰ!

ਉਸ ਬੇਰਹਿਮੀਆਂ ਭਰੇ ਦੌਰ ਬਾਰੇ ਪ੍ਰਸਿੱਧ ਸ਼ਾਇਰ ਭੂਸ਼ਨ ਹੁਰਾਂ ਨੇ ਅੰਮ੍ਰਿਤਾ ਪ੍ਰੀਤਮ ਹੁਰਾਂ ਨੂੰ ਲਿਖੀ ਇੱਕ ਕਾਵਿਕ ਚਿੱਠੀ ਵਿਚ ਲਿਖਿਆ ਸੀ:

ਮੌਸਮਾਂ ‘ਚ ਠੰਡ ਏ ਤੇ ਦਿਲਾਂ ਵਿੱਚ ਅੱਗ ਏ

ਬੰਦੇ ਦੀ ਪਛਾਣ ਏਥੇ ਬੱਸ ਦਾੜ੍ਹੀ-ਪੱਗ ਏ

ਚੰਦਰਾ ਗੁਆਂਢ, ਘਰ ਵਾਲਾ ਲਾਈ-ਲੱਗ ਏ

ਅੱਖਰਾਂ ‘ਚ ਅੱਥਰੂ ਨੇ, ਖ਼ਬਰਾਂ ‘ਚ ਖੂਨ ਏ

ਕੁੱਕੜਾਂ ਦੇ ਖੁੱਡਿਆਂ ‘ਚ ਦੁਬਕਿਆ ਕਨੂੰਨ ਏ

ਦਿਲਾਂ ‘ਚ ਕੀਨੇ-ਸਾੜੇ, ਸਿਰਾਂ ‘ਚ ਜਨੂੰਨ ਏ

ਉਸ ਦੌਰ ਦੌਰਾਨ ਵਾਪਰੀ ਹਿੰਸਾ ਨੇ ਪੰਜਾਬ ਦੇ ਮਾਹੌਲ ਨੂੰ ਬੁਰੀ ਤਰ੍ਹਾਂ ਬਦਲ ਦਿੱਤਾ। ਗਲੀਆਂ ਵਿਚ ਘਰਾਂ ਮੂਹਰੇ ਮੰਜੀਆਂ ਡਾਹ ਕੇ ਬਹਿਣਾ ਜਾਂ ਸੌਣਾ ਹੁਣ ਗਏ ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ ਹਨ। ਗੁਆਂਢੀ ਨੂੰ ਗੁਆਂਢੀ ਨਾਲ ਪਹਿਲਾਂ ਵਰਗਾ ਪ੍ਰੇਮ ਪਿਆਰ ਨਹੀਂ ਰਿਹਾ। ਇਤਬਾਰ ਵੀ ਨਹੀਂ ਰਿਹਾ। ਦੁੱਖ ਸੁੱਖ ਸਾਂਝਾ ਕਰਨ ਦੀ ਉਹ ਆਦਤ ਅਤੇ ਰਵਾਇਤ ਵੀ ਨਹੀਂ ਰਹੀ।  

ਹਨੇਰੀਆਂ, ਤੁਫ਼ਾਨਾਂ ਅਤੇ ਬੇਵਿਸ਼ਵਾਸੀਆਂ ਦੇ ਇਸ ਸੂਖਮ ਖਤਰਿਆਂ ਨਾਲ ਭਰੇ ਦੌਰ ਵਿੱਚ ਵੀ ਜਿਹੜੇ ਕੁਝ ਕੁ ਸ਼ੁਭ ਚਿੰਤਕ ਸਰਗਰਮ ਹਨ ਉਹਨਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੀ ਸਰਗਰਮ ਹਨ। ਉਹਨਾਂ ਦੇ ਉਪਰਾਲਿਆਂ ਵਿੱਚ ਕੋਈ ਕਸਰ ਬਾਕੀ ਨਹੀਂ। ਇਸ ਸੰਬੰਧੀ ਪੂਰੀ ਖਬਰ ਨੂੰ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, August 19, 2023

ਪੰਜਾਬੀ ਵਿੱਚ ਅੰਗਰੇਜ਼ੀ ਅਤੇ ਹਿੰਦੀ ਸ਼ਬਦ ਵਰਤਣ ਪਿੱਛੇ ਕੀ ਕੋਈ ਮਜਬੂਰੀ ਹੈ?

ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਦੱਸਦੀ ਹੈ ਪੰਜਾਬੀ ਸ਼ਬਦਾਂ ਦਾ ਭੰਡਾਰਾ 

ਚੰਡੀਗੜ੍ਹ//ਮੋਹਾਲੀ: 18 ਅਗਸਤ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ ਹੁਰੀਂ ਖੁਦ ਨਿਊਜ਼ ਰੂਮ ਵਿੱਚ ਉਚੇਚੀ ਫੇਰੀ ਮਾਰ ਕੇ ਦੱਸਿਆ ਕਰਦੇ ਸਨ ਕਿ ਅੱਜ ਕਿਹੜੀ ਖਬਰ ਵਿਚ ਸਪੈਲਿੰਗ ਦੀ ਗਲਤੀ ਰਹੀ ਅਤੇ ਕਿਥੇ ਕਿੱਥੇ  ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਹੋਈ। ਕਾਮਰੇਡ ਆਨੰਦ ਹੁਰਾਂ ਵਾਲੀ ਇਹੀ ਜ਼ਿੰਮੇਦਾਰੀ ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਕਾਮਰੇਡ ਸੁਰਜਨ ਸਿੰਘ ਜ਼ੀਰਵੀ ਵੀ ਨਿਭਾਇਆ ਕਰਦੇ ਸਨ। ਇਸੇ ਤਰ੍ਹਾਂ ਛੋਟੀ ਉਮਰੇ ਕਿਸੇ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਗਏ ਸਰਗਰਮ ਪੱਤਰਕਾਰ ਬਲਜੀਤ ਪੰਨੂੰ ਵੀ ਇਸ ਪਾਸੇ ਪੂਰੀ ਤਰ੍ਹਾਂ ਨਜ਼ਰ ਰੱਖਦੇ ਸਨ। ਇੱਕ ਹੋਰ ਕਾਮਰੇਡ ਪੱਤਰਕਾਰ ਜੋ ਅੱਜਕਲ੍ਹ ਅੰਗਰੇਜ਼ੀ ਮੀਡੀਆ ਨਾਲ ਸਬੰਧਤ ਹੈ ਅਰਥਾਤ ਦਿਲਬਾਗ ਸਿੰਘ ਬਾਗਾ ਵੀ ਇਸ ਮਾਮਲੇ ਵਿੱਚ ਬਹੁਤ ਸੁਚੇਤ ਰਹਿੰਦਾ। ਉਹ ਇਸ ਮਾਮਲੇ ਵਿੱਚ ਕਈ ਵਾਰ ਕਿਸੇ ਕਮਾਂਡੋ ਵਰਗਾ ਹੀ ਜਾਪਦਾ ਸੀ। ਪੰਜਾਬੀ ਦੇ ਮਾਮਲੇ ਤੇ ਕੋਈ ਵੀ ਵਧੀਕੀ ਜਾਂ ਕੋਈ ਗੰਭੀਰ ਗਲਤੀ ਜਿਵੇਂ ਉਸਦੀ ਆਤਮਾ ਨੂੰ ਲੂਹ ਦੇਂਦੀ ਹੋਵੇ।  

ਇੱਕ ਵਾਰ ਉਸਨੇ ਬਿਜਲੀ ਬੋਰਡ ਦੇ ਸਰਕਾਰੀ ਪ੍ਰੈਸ ਨੋਟ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਪੰਜਾਬ ਵਿਚ ਹੋਣ ਦੇ ਬਾਵਜੂਦ ਪੰਜਾਬੀ ਵਿਚ ਕਿਓਂ ਨਹੀਂ ਆਇਆ। ਇਸੇ ਤਰ੍ਹਾਂ ਅੱਜ ਦੇ ਸਰਗਰਮ ਪੱਤਰਕਾਰ ਅਤੇ ਫ਼ਿਲਮਸਾਜ਼ ਸਤਨਾਮ ਚਾਨਾ ਵੀ ਜਦੋਂ ਜਦੋਂ ਵੀ ਨਵਾਂ ਜ਼ਮਾਨਾ ਡੈਸਕ ਦੇ ਨੇੜੇ ਤੇੜੇ ਹੁੰਦੇ ਤਾਂ ਉਹ ਅੰਗਰੇਜ਼ੀ ਅਤੇ ਹਿੰਦੀ ਦੇ ਬਦਲਵੇਂ ਪੰਜਾਬੀ ਸ਼ਬਦਾਂ ਦਾ ਸੁਝਾਅ ਦੇ ਕੇ ਸਾਡੇ ਸਭਨਾਂ ਦੇ ਸ਼ਬਦ ਭੰਡਾਰਾਂ ਨੂੰ ਅਮੀਰ ਬਣਾਉਂਦੇ। 

ਇਸੇ ਤਰ੍ਹਾਂ ਵਰਿਆਮ ਨਾਮ ਦਾ ਪਰਚਾ ਕੱਢਣ ਵਾਲੇ ਨਾਮਧਾਰੀ ਆਗੂ ਜਗਦੀਸ਼ ਸਿੰਘ ਵਰਿਆਮ ਜਦੋਂ ਵੀ ਸ਼ਾਮ ਨੰ ਆਉਂਦੇ ਤਾਂ ਸਮੋਸਿਆਂ ਅਤੇ ਜਲੇਬੀਆਂ ਦਾ ਆਰਡਰ ਵੀ ਦੇਂਦੇ ਅਤੇ ਸਾਨੂੰ ਪੰਜਾਬੀ ਦੇ ਨਵੇਂ ਸ਼ਬਦਾਂ ਤੋਂ ਵੀ ਜਾਣੂੰ ਕਰਾਉਂਦੇ। ਦੂਜੇ ਪਾਸੇ ਲਖਵਿੰਦਰ ਜੌਹਲ ਅਤੇ ਉਹਨਾਂ ਦਾ ਭਰਾ ਦੇਵਿੰਦਰ ਜੌਹਲ ਕਈ ਵਾਰ ਜੁਆਬੀ ਚੁਣੌਤੀਆਂ ਵੀ ਦੇਂਦੇ  ਕਿ ਅਨੁਭੂਤੀ ਕੀ ਅਭਿਵਿਅਕਤੀ ਨੂੰ ਫਿਰ ਪੰਜਾਬੀ ਵਿਚ ਕੀ ਲਿਖਾਂਗੇ? ਇਸੇ ਤਰ੍ਹਾਂ ਉਰਦੂ ਅਤੇ ਅੰਗਰੇਜ਼ੀ ਦੇ ਕਈ ਸ਼ਬਦ ਵਿਚ ਏਨੇ ਮੌਲਿਕ ਹੁੰਦੇ ਹਨ ਕਿ ਉਹਨਾਂ ਨੂੰ ਅਨੁਵਾਦ ਕਰਨ ਦਾ ਮਨ ਹੀ ਨਹੀਂ ਕਰਦਾ। ਇਹ ਸਭ ਕੁਝ ਸਾਡੀ ਦਿਮਾਗੀ ਕਸਰਤ ਵੀ ਕਰਾਉਂਦਾ ਸੀ। ਪੈਂਟ ਨੂੰ ਪਤਲੂਨ ਲਿਖਦਿਆਂ ਜਾਂ ਫਿਰ ਬਟਨਾਂ ਨੂੰ ਬੀੜੇ ਲਿਖਦਿਆਂ ਵੀ ਅਜੀਬ ਜਿਹਾ ਹੀ ਲੱਗਦਾ। ਟਰੇਨ ਨੂੰ ਹਿੰਦੀ ਵਿੱਚ ਲੋਹ ਪਥ  ਗਾਮਿਨੀ ਲਿਖਦਿਆਂ ਵੀ ਅਜਿਹਾ ਮਹਿਸੂਸ ਹੋਇਆ ਕਰਦਾ। ਲੁਧਿਆਣਾ ਦੇ ਉਘੇ ਵਕੀਲ ਗੁਰਿੰਦਰ ਸੂਦ ਬੜੇ ਖੂਬਸੂਰਤ ਅੰਦਾਜ਼ ਨਾਲ ਦੱਸਿਆ ਕਰਦੇ ਕਿ ਰੇਲਵੇ ਸਟੇਸ਼ਨ ਨੂੰ ਹਿੰਦੀ ਵਿੱਚ ਲੋਹ ਪਥ  ਗਾਮਿਨੀ ਆਵਣ ਜਾਵਣ ਕਿਹਾ ਜਾਂਦਾ ਹੈ। 

ਜਲੰਧਰ ਤੋਂ ਛਪਦੇ ਹਿੰਦੀ ਅਖਬਾਰਾਂ-ਹਿੰਦੀ ਮਿਲਾਪ, ਵੀਰ ਪ੍ਰਤਾਪ ਅਤੇ ਪੰਜਾਬ ਕੇਸਰੀ ਵਿਚ ਜਦੋਂ ਜਦੋਂ ਵੀ ਆਉਣਾ ਜਾਣਾ ਹੁੰਦਾ ਤਾਂ ਉਥੋਂ ਦੇ ਸੰਚਾਲਕ ਬੜੀ ਸ਼ੁੱਧ ਪੰਜਾਬੀ ਬੋਲਦੇ ਸਨ। ਪੱਤਰਕਾਰਾਂ ਦੀ ਟਰੇਡ ਯੂਨੀਅਨ ਦੇ ਆਗੂ ਜਦੋਂ ਮੀਟਿੰਗਾਂ ਵਿੱਚ ਪੰਜਾਬ ਤੋਂ ਚੰਡੀਗੜ੍ਹ ਗਏ ਪੱਤਰਕਾਰਾਂ ਨੂੰ ਹਿੰਦੀ ਬੋਲਦਿਆਂ ਦੇਖਦੇ ਤਾਂ ਉਹ ਨਾਰਾਜ਼ ਵੀ ਹੁੰਦੇ ਅਤੇ ਅਕਸਰ ਆਖਦੇ ਕਿ ਤੁਹਾਨੂੰ ਪੰਜਾਬੀ ਬੜੀ ਚੰਗੀ ਤਰ੍ਹਾਂ ਆਉਂਦੀ ਹੈ ਤੁਸੀਂ ਹਿੰਦੀ ਕਿਓਂ ਬੋਲਦੇ ਹੋ? ਤੁਸੀਂ ਪੰਜਾਬੀ ਬੋਲਿਆ ਕਰੋ। ਇਹੀ ਤਰ੍ਹਾਂ ਜਨੱਸਤਾ ਨਾਮ ਦੀ ਪ੍ਰਸਿੱਧ ਹਿੰਦੀ ਅਖਬਾਰ ਦੇ ਸੰਪਾਦਕ ਜਤਿੰਦਰ ਬਜਾਜ ਅਸਾਡੇ ਸਭਨਾਂ ਨਾਲ ਅਕਸਰ ਪੰਜਾਬੀ ਹੀ ਬੋਲਦੇ। ਜਿਹਨਾਂ ਜਿਹਨਾਂ ਤੋਂ ਵੀ ਸਾਡੇ ਆਮ ਲੋਕ ਹਿੰਦੀ ਦਾ ਪ੍ਰਭਾਵ ਕਬੂਲ ਕਰਦੇ ਸਨ ਉਹ ਸਾਰੇ ਪੰਜਾਬੀ ਨੂੰ ਪਿਆਰ ਕਰਦੇ ਸਨ ਅਤੇ ਪੰਜਾਬੀ ਬੋਲਣ ਵਿਚ ਬੜੇ ਨਿਪੁੰਨ ਵੀ ਸਨ। 

ਖੈਰ  ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਉਵੇਂ ਉਵੇਂ ਜ਼ੁਬਾਨਾਂ, ਬੋਲੀਆਂ ਅਤੇ ਭਾਸ਼ਾਵਾਂ  ਨਾਲ ਇਸ ਸ਼ੁੱਧ ਪ੍ਰੇਮ ਦੀਆਂ ਇਹ ਗੱਲਾਂ ਸੁਪਨਾ ਬਣਦੀਆਂ ਚਲੀਆਂ ਗਈਆਂ। ਹੋਲੀ ਹੋਲੀ ਆਵਾ ਹੀ ਊਤ ਗਿਆ। ਹੁਣ ਬਹੁਤੀਆਂ ਪੰਜਾਬੀ ਅਖਬਾਰਾਂ ਵਿੱਚ ਹਿੰਦੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਆਮ ਹੋ ਗਈ ਹੈ। ਕਦੇ ਕਦਾਈਂ ਕੋਈ ਚਿੰਤਾ ਵੀ ਪ੍ਰਗਟ ਕਰਦਾ ਹੈ ਤਾਂ ਉਹ ਰਸਮੀ ਜਿਹੇ ਅਖਬਾਰੀ ਬਿਆਨ ਵਰਗੀ ਹੁੰਦੀ ਹੈ। 

ਹੁਣ ਇਸ ਵਿਸ਼ੇ ਨਾਲ ਸਬੰਧਤ ਇੱਕ ਨਵਾਂ ਬਿਆਨ ਮਿਲਿਆ ਹੈ ਜਿਹੜਾ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇੱਕ ਦਰਦ ਦਾ ਅਹਿਸਾਸ ਕਰਾਉਂਦਿਆਂ ਸਪਸ਼ਟ ਲਿਖਿਆ ਗਿਆ ਹੈ ਕਿ ਪੰਜਾਬੀ ਭਾਸ਼ਾ ਦੀਆਂ ਖ਼ਬਰਾਂ ਵਿਚ ਪੰਜਾਬੀ ਲਫਜ਼ਾਂ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ। 

ਇਸ ਬਿਆਨ ਵਿੱਚ ਇਹ ਵੀ ਯਾਦ ਕਰਾਇਆ ਗਿਆ ਹੈ ਕਿ ਪੰਜਾਬੀ ਭਾਸ਼ਾ ਭਾਰਤ ਦੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿਚੋਂ ਇਕ ਹੈ। ਅਤੇ, ਸਰਕਾਰਾਂ ਵੀ ਸਥਾਨਕ ਭਾਸ਼ਾਵਾਂ ਨੂੰ ਬਹੁਤ ਤਰਜੀਹ ਦਿੰਦੀਆਂ ਹਨ।

ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਗਿਆ ਗਿਆ ਹੈ ਕਿ ਆਪ ਜੀ ਦਾ ਚੈਨਲ (Channel) ਵੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਵਿੱਚ ਖਬਰਾਂ ਪਹੁੰਚਾ ਕੇ, ਸਹਿਜੇ ਹੀ ਪੰਜਾਬੀ ਪ੍ਰਤੀ ਬਹੁਤ ਅਹਿਮ ਸੇਵਾ ਨਿਭਾ ਰਿਹਾ ਹੈ। ਪਰੰਤੂ, ਇਹ ਦੇਖਣ ਵਿੱਚ ਆਇਆ ਹੈ ਕਿ, ਜਾਣੇ-ਅਣਜਾਣੇ ਵਿੱਚ, ਪੰਜਾਬੀ ਖ਼ਬਰਾਂ ਦੌਰਾਨ ਅੰਗਰੇਜ਼ੀ ਦੇ ਸ਼ਬਦ, ਬਿਨਾਂ ਤਰਜਮੇ ਦੇ, ਗੁਰਮੁਖੀ ਲਿੱਪੀ ਵਿਚ ਹੀ ਹੂ-ਬ-ਹੂ ਲਿਖ ਦਿੱਤੇ ਜਾਂਦੇਂ ਹਨ। ਪਰੰਤੂ ਇਹ ਤਰੀਕਾ ਪੰਜਾਬੀ ਭਾਸ਼ਾ ਦੇ ਪ੍ਰਸਾਰ ਪ੍ਰਤੀ ਘਾਤਕ ਸਾਬਤ ਹੋ ਰਿਹਾ ਹੈ। ਮਿਸਾਲ ਦੇ ਤੌਰ ਤੇ ਪਿਛਲੇ ਦਿਨੀਂ ਵਰਤੇ ਸ਼ਬਦਾਂ ਵਿਚੋਂ ਕੁੱਝ ਸ਼ਬਦ ਹੇਠਾਂ ਦਿੱਤੇ ਹਨ, ਅਤੇ ਨਾਲ ਹੀ ਉਹਨਾਂ ਨੂੰ Roman (ਰੋਮਨ) ਲਿਪੀ ਵਿੱਚ, ਅਤੇ ਉਹਨਾਂ ਦੇ ਪੰਜਾਬੀ ਬਦਲ ਵੀ ਦਿੱਤੇ ਹਨ। ਇਹ ਸਾਰੇ ਸੁਝਾਅ ਬਹੁਤ ਹੀ ਜ਼ਬਰਦਸਤ ਹਨ। 

- ਰੈਜ਼ੀਡੈਂਸ਼ੀਅਲ (Residential/ ਰਿਹਾਇਸ਼ੀ)

- ਫੂਡ ਪੌਇਜ਼ਨਿੰਗ (Food Poisoning/ ਖੁਰਾਕੀ ਜ਼ਹਿਰਬਾਦ)

- ਪੁਲੀਸ ਕਸਟਡੀ (Police Custody/ ਪੁਲਿਸ ਹਿਰਾਸਤ)

- ਨਾਨ ਟੀਚਿੰਗ ਸਟਾਫ (Non-Teaching Staff/ ਗੈਰ-ਅਧਿਆਪਕੀ ਅਮਲਾ)

- ਵਾਇਸ ਸੈਂਪਲ (Voice Sample/ ਆਵਾਜ਼-ਨਮੂਨਾ)

- ਡਿਪਲੋਮੈਟ (Diplomat/ ਰਾਜਦੂਤ, ਨੀਤੀਵਾਨ)

- ਸਸਪੈਂਡ (Suspend/ ਮੁਅੱਤਲ ਕਰਨਾ, ਲਟਕਾਉਣਾ)

- ਰੈਸਲਰਾਂ (Wrestlers/ ਪਹਿਲਵਾਨਾਂ)

- ਸ਼ੂਟਿੰਗ ਰੇਂਜ (Shooting Range: ਚਾਂਦਮਾਰੀ-ਮੈਦਾਨ)

- ਇੰਨਵੈਸਟੀਗੇਟ (Investigate/ ਤਫ਼ਤੀਸ਼ ਕਰਨੀ, ਜਾਂਚ-ਪੜਤਾਲ ਕਰਨੀ, ਤਹਿਕੀਕਾਤ)

- ਬ੍ਰੇਨਵਾਸ਼ (Brainwash/ ਮੱਤ-ਉਲਟਾਉ, ਮਗਜ਼-ਸਫ਼ਾਇਆ)

- ਜੁਡੀਸ਼ੀਅਲ ਰਿਮਾਂਡ (Judicial Remand/ ਨਿਆਇਕ ਸਪੁਰਦਗੀ)

- ਪੇ ਸਕੇਲ (Pay Scale: ਵੇਤਨਮਾਨ)

- ਬ੍ਰੇਕਿੰਗ ਨਿਊਜ਼ (Breaking News/ ਕੜਕੀਲੀ ਖ਼ਬਰ)

- ਮੌਨੀਟਰਿੰਗ (Monitoring/ ਚੌਕਸੀ, ਨਿਗਰਾਨੀ, ਖ਼ਬਰ ਰੱਖਣੀ)

- ਡੀਰਿਜਸਟਰ (Deregister/ ਸੂਚੀ ਵਿੱਚੋਂ ਕੱਢਣਾ, ਇੰਦਰਾਜ਼ ਕੱਟਣਾ)

- ਪੋਸਟਰ (Poster/  ਇਸ਼ਤਿਹਾਰ, ਇਤਲਾਹਨਾਮਾ)

- ਫਾਇਰਿੰਗ (Firing/ ਗੋਲੀਬਾਰੀ, ਬੰਬਾਰੀ)

- ਐਕਸ਼ਨ (Action/ ਕਾਰਜ, ਅਮਲ, ਕਾਰਵਾਈ)

- ਸੈਸ (Cess/ ਸਥਾਨਕ ਕਰ)

- ਹਾਈਡਰੋ ਪਾਵਰ (Hydro Power/ ਜਲ-ਸ਼ਕਤੀ, ਤਰਲ ਸ਼ਕਤੀ)

- ਲਿੰਕ (Link/ ਸੰਪਰਕ, ਸੰਬੰਧ, ਸਾਂਝੀ ਕੜੀ)

- ਏਅਰਪੋਰਟ (Airport/ ਹਵਾਈ ਅੱਡਾ)

- ਲਿਫਟਿੰਗ (Lifting/ ਚੱਕਣਾ)

- ਟ੍ਰੈਕਿੰਗ (Tracking/ ਖੁਰਾ ਨੱਪਣਾ, ਖਬਰ ਰੱਖਣੀ)

- ਚਾਰਜਸ਼ੀਟ (Charge Sheet/ ਦੋਸ਼-ਪੱਤਰ, ਫਰਦ ਜੁਰਮ)

- ਸ਼ੈਡਿਊਲ (Schedule/ ਸਮਾਂ-ਸੂਚੀ, ਸਾਰਨੀ, ਕਾਰਜ-ਕ੍ਰਮ), ਆਦਿ॥

- ਜ਼ੀਰੋ ਟਾਲਰੈਂਸ (Zero Tolerance/ ਸ਼ੂਨਯ-ਸਹਿਨਸ਼ੀਲਤਾ/ ਬਰਦਾਸ਼ਤ ਦੀ ਅਣਹੋਂਦ) 

- ਸਪਲੀਮੈਂਟਰੀ (Supplementary/ ਸਮਪੂਰਕ, ਜ਼ਮੀਮੀ, ਉਪ-ਪੂਰਕ, ਜਿਮਨੀ)

ਦੋਂਨੋਂ ਭਾਸ਼ਾਵਾਂ ਦੇ ਜਾਣੂ ਨੂੰ ਵੀ ਕਾਫ਼ੀ ਸਮਾਂ ਲਗਦਾ ਹੈ ਇਹੋ ਜਿਹੇ ਸ਼ਬਦਾਂ ਨੂੰ ਪੜ੍ਹਨ ਅਤੇ ਸਮਝਣ ਵਿੱਚ। ਜ਼ਾਹਿਰ ਹੈ ਕਿ ਪੰਜਾਬ ਦਾ ਉਹ ਬਹੁਤ ਵੱਡਾ ਤਬਕਾ, ਜੋ ਅੰਗਰੇਜ਼ੀ ਨਹੀਂ ਜਾਣਦਾ, ਉਹ ਇਹਨਾਂ ਸ਼ਬਦਾਂ ਦੇ ਅਰਥ ਨਹੀਂ ਸਮਝ ਸਕਦਾ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਗਰਿਕਾਂ ਨਾਲ ਕਿੰਨੀ ਬੇਇਨਸਾਫ਼ੀ ਹੋ ਰਹੀ ਹੈ, ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਵਿਚ ਕਿੰਨਾਂ ਵਿਘਣ ਪੈ ਰਿਹਾ ਹੈ। ਇਸ ਤਰਜ਼ ਦੇ ਚਲਦਿਆਂ, ਪੰਜਾਬੀ ਭਾਸ਼ਾ ਦੇ ਅੱਖਰ ਹੌਲੇ-ਹੌਲੇ ਅਲੋਪ ਹੋ ਜਾਣਗੇ, ਅਤੇ ਨਵੀਂਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਦੇ ਵਿਰਸੇ ਤੋਂ ਵਾਂਝੀਆਂ ਰਹਿ ਜਾਣਗੀਆਂ।

ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਪੰਜਾਬੀ ਭਾਸ਼ਾ ਦੀਆਂ ਖਥਰਾਂ ਦੇ ਪ੍ਰਸਾਰਣ ਦੌਰਾਨ ਨਾ ਕੇਵਲ ਖਬਰਾਂ ਸ਼ੁਧ ਪੰਜਾਬੀ ਵਿੱਚ ਪੜ੍ਹੀਆਂ ਜਾਣ, ਬਲਕਿ ਲਿਖ਼ਤੀ ਰੂਪ ਵਿੱਚ ਵੀ ਪੰਜਾਬੀ ਲਫਜ਼ਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਅਤੇ, ਜੇਕਰ ਕਿਸੇ ਅੰਗਰੇਜ਼ੀ ਅੱਖਰ ਦਾ ਪੰਜਾਬੀ ਅਨੁਵਾਦ ਨਹੀਂ ਲੱਭਦਾ, ਤਾਂ ਉਸ ਨੂੰ ਦੋਨੋਂ - ਗੁਰਮੁਖੀ ਅਤੇ Roman, ਲਿੱਪੀਆਂ ਵਿਚ ਲਿਖਿਆ ਜਾਵੇ।

ਹੁਣ ਦੇਖਣਾ ਹੈ ਕਿ ਇਸ ਅਪੀਲ ਨੰ ਪੜ੍ਹ ਕੇ ਪੰਜਾਬੀ ਭਾਸ਼ਾ ਪ੍ਰਤੀ ਸੱਚਾ ਪ੍ਰੇਮ ਕਿਸ ਕਿਸ ਦੇ ਦਿਲ ਨੂੰ ਟੁੰਬਦਾ ਹੈ! ਕੌਣ ਕੌਣ ਜਾਗਦਾ ਹੈ ਅਤੇ ਕੌਣ ਕੌਣ ਜਗਾਉਂਦਾ ਹੈ। ਅਸਲ ਵਿਚ ਇਹ ਮਾਮਲਾ ਬੇਹੱਦ ਗੰਭੀਰ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਸ ਨੂੰ ਗੰਭੀਰਤਾ ਨਾਲ ਹੀ ਲਈਏ। 

ਅਖੀਰ ਵਿੱਚ ਉਸਤਾਦ ਦਾਮਨ ਹੁਰਾਂ ਦੀਆਂ ਕੁਝ ਸਤਰਾਂ ਵੀ:

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,

ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।

ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,

ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।


ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,

ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ।

ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,

ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

           --ਉਸਤਾਦ ਦਾਮਨ

Wednesday, May 31, 2023

ਕੇਂਦਰ ਸਰਕਾਰ ਵੱਲ਼ੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ:ਕੇਂਦਰੀ ਸਿੰਘ ਸਭਾ

 ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ 


ਚੰਡੀਗੜ੍ਹ: 31 ਮਈ 2023: (ਪੰਜਾਬ ਸਕਰੀਨ ਡੈਸਕ)::

ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰ ਕੇ ਰਾਜਧਾਨੀ ਤੋਂ ਪੰਜਾਬ ਦਾ ਦਾਆਵਾ ਖ਼ਤਮ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਸ਼ੁਰੂ ਹਨ। ਇਹ ਸਭ ਕੁਝ ਜੂਨ-84 ਦੀ ਯਾਦ ਤਾਜ਼ਾ ਕਰਾਉਣ ਵਾਲੇ ਘੱਲੂਘਾਰੇ ਹਫਤੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੀਤਾ।  ਮਈ ਮਹੀਨੇ ਦੀਆਂ ਆਖ਼ਿਰੀ ਤਾਰੀਖਾਂ ਵਿੱਚ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਾਠਕ੍ਰਮ ਚੋਂ ਵੀ ਪੰਜਾਬੀ ਭਾਸ਼ਾ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ

ਕੇਂਦਰੀ ਸਿੰਘ ਸਭਾ ਨੇ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਉਪਰ ਕੀਤੇ ਜਾ ਰਹੇ ਹਮਲਿਆਂ ਅਤੇ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ।

ਇੱਥੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਚੱਲ ਰਹੇ ਆਕਾਸ਼ਵਾਣੀ ਡਾਇਰੈਕਟੋਰੇਟ ਨੇ ਚੰਡੀਗੜ੍ਹ ਤੋਂ ਪੰਜਾਬੀ ਖ਼ਬਰਾਂ ਦਾ ਯੂਨਿਟ ਜਲੰਧਰ ਤਬਦੀਲ ਕਰ ਕੇ ਜਿੱਥੇ ਆਕਾਸ਼ਵਾਣੀ ਚੰਡੀਗੜ੍ਹ ਨਾਲ ਜੁੜੇ ਲੱਖਾਂ ਸਰੋਤਿਆਂ ਨੂੰ ਪੰਜਾਬੀ ਖ਼ਬਰਾਂ ਅਤੇ ਇਸ ਉਪਰ ਆਧਾਰਿਤ ਪ੍ਰੋਗਰਾਮ ਤੋਂ ਵਾਂਝੇ ਕੀਤਾ ਹੈ ਉੱਥੇ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਵੀ ਕਮਜ਼ੋਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।

ਬੁਲਾਰਿਆਂ ਨੇ ਦਸਿਆ ਕਿ 14 ਮਈ ਤੇ ਆਕਾਸ਼ਵਾਣੀ ਦੀ ਵੈਬਸਾਈਟ ਤੋਂ ਪੰਜਾਬੀ ਦੀਆਂ ਪ੍ਰਦੇਸ਼ਕ ਖ਼ਬਲਾਂ ਦੀ ਟੈਕਸਟ ਗਾਇਬ ਹੈ ਜੋ ਦੇਸ਼ ਵਿਦੇਸ਼ ’ਚ ਬੈਠੇ ਲੋਕਾਂ ਤੱਕ ਪੰਜਾਬ ਦੀਆਂ ਖ਼ਬਰਾਂ ਪੁਚਾਉਂਦੀ ਸੀ। ਇਸ ਤੋਂ ਇਲਾਵਾ ਸ਼ਾਮ ਨੂੰ ਚੰਡੀਗੜ੍ਹ ਸਟੇਸ਼ਨ ਤੋਂ 2 ਵਾਰ ਨਸ਼ਰ ਹੋਣ ਵਾਲੀਆਂ ਐਫ.ਐਮ ਹੈਡਲਾਈਨਜ਼ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ ਦੀਆਂ ਖ਼ਬਰਾਂ ਹਟਾ ਦਿੱਤੀਆਂ ਗਈਆਂ ਹਨ।

ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ (ਜਿਸ ਵਿੱਚ ਬਹੁਤੇ ਮੈਂਬਰ ਪੰਜਾਬ ਵਿਰੋਧੀ ਹਨ) ਨੇ ਯੂਨੀਵਰਸਿਟੀ ਦੀ ਗਰੈਜੂਏਸ਼ਨ ਕੋਰਸਾਂ ਵਿੱਚੋਂ  ਪੰਜਾਬੀ ਦਾ ਲਾਜ਼ਮੀ ਵਿਸ਼ਾ ਹਟਾਉਣ ਦਾ ਫੈਸਲਾ ਲਿਆ ਹੈ, ਜੋ ਸਰਾਸਰ ਪੰਜਾਬੀ ਅਤੇ ਪੰਜਾਬ ਵਿਰੋਧੀ ਫੈਸਲਾ ਹੈ। 

ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਇਹ ਸ਼ਹਿਰ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ। ਉਹਨਾਂ ਨੇ ਕਿਹਾ ਦੇਸ਼ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਸਿਰਫ਼ ਚੰਡੀਗੜ੍ਹ ਹੀ ਅਜਿਹਾ ਪ੍ਰਦੇਸ਼ ਹੈ ਜਿਸ ਨੂੰ ਇਸ ਦੀ ਮਾਂ ਬੋਲੀ ਤੋਂ ਤੋੜਿਆ ਗਿਆ ਹੈ ਜਦ ਕਿ ਹੋਰਨਾਂ ਕੇਂਦਰੀ ਪ੍ਰਦੇਸ਼ਾਂ ਦੀ ਸਰਕਾਰੀ ਭਾਸ਼ਾ ਉਥੋਂ ਦੇ ਲੋਕਾਂ ਦੀ ਬੋਲੀ ਹੀ ਰੱਖੀ ਗਈ ਹੈ ਸਿਰਫ਼ ਚੰਡੀਗੜ੍ਹ ਉਪਰ ਹੀ ਅੰਗਰੇਜ਼ੀ ਅਤੇ ਹਿੰਦੀ ਥੋਪੀ ਗਈ ਹੈ। 

ਇਹ ਸਾਂਝਾ ਬਿਆਨ ਜਿਹਨਾਂ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ(ਅਕਾਲ ਪੁਰਖ ਕੀ ਫੌਜ), ਭਾਈ ਅਸੋਕ ਸਿੰਘ ਬਾਗੜੀਆਂ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਆਦਿ ਵੀ ਸ਼ਾਮਲ ਰਹੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, February 22, 2022

ਕੈਨੇਡਾ ਅਮਰੀਕਾ ਚ ਵੱਸਦੇ ਪੰਜਾਬੀ ਵਿਰਾਸਤ ਲਈ ਪੰਜਾਬ ਨਾਲੋਂ ਵਧੇਰੇ ਸੁਚੇਤ

22nd February 2022 at 6:44 PM

  ਲੁਧਿਆਣਾ ਫੇਰੀ ਤੇ ਆਏ ਇੰਦਰਜੀਤ ਸਿੰਘ ਬੱਲ ਨੇ ਆਖੀ ਪਤੇ ਦੀ ਗੱਲ 


ਲੁਧਿਆਣਾ
: 22 ਫਰਵਰੀ 2022: (ਪ੍ਰੋ. ਗੁਰਭਜਨ ਗਿੱਲ//ਪੰਜਾਬ ਸਕਰੀਨ)::

ਟੋਰੰਟੋ (ਕੈਨੇਡਾ ) ਵੱਸਦੇ ਸਿਰਕੱਢ ਪੰਜਾਬੀ ਸਮਾਜ ਦੇ ਆਗੂ ਸਃ ਇੰਦਰਜੀਤ ਸਿੰਘ ਬੱਲ ਨੇ  ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ  ਅਮਰੀਕਾ ਕੈਨੇਡਾ ਚ ਵੱਸਦੇ ਪੰਜਾਬੀ ਆਪਣੀ ਵਿਰਾਸਤ ਅਤੇ ਕਦਰਾਂ ਕੀਮਤਾਂ ਲਈ ਇਧਰਲੇ ਪੰਜਾਬ ਨਾਲੋਂ ਵਧੇਰੇ ਸੁਚੇਤ ਹਨ। ਉਨ੍ਹਾਂ ਇਸ ਦਾ ਕਾਰਨ ਸਪਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਵਿਕਸਤ ਮੁਲਕਾਂ ਵਿੱਚ 125 ਸਾਲ ਪਹਿਲਾਂ ਗਈ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਉਥੇ ਵੱਸਣ, ਸਤਿਕਾਰ ਯੋਗ ਸਥਾਨ ਹਾਸਲ ਕਰਨ ਅਤੇ ਨਸਲੀ ਵਿਤਕਰੇ ਦੇ ਨਾਲ ਨਾਲ ਗੁਲਾਮੀ ਦਾ ਵੀ ਅਹਿਸਾਸ ਸੀ ਪਰ ਕਰੜੀ ਮਿਹਨਤ ਅਤੇ ਸੰਘਰਸ਼ ਨਾਲ ਉਹ ਉਥੋਂ ਦੇ ਸੰਸਾਰ ਵਿੱਚ ਸਨਮਾਨਿਤ ਸ਼ਹਿਰੀ ਬਣ ਗਏ। ਰੋਟੀ ਕੱਪੜਾ ਤੇ ਮਕਾਨ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਹੀ ਵਿਰਸਾ ਤੇ ਵਿਰਾਸਤ ਸੰਭਾਲਣ ਦੀ ਸੋਝੀ ਆਉਂਦੀ ਹੈ। 

ਸਃ ਬੱਲ ਨੇ ਕਿਹਾ ਕਿ ਪਿਛਲੇ 50 ਸਾਲ ਤੇਂ ਕੈਨੇਡਾ ਵੱਸਣ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਫ਼ਲਸਫੇ, ਸੰਗੀਤ , ਸਾਹਿੱਤ ਤੇ ਕੋਮਲ ਕਲਾਵਾਂ ਵਿੱਚ ਚੋਖੀ ਦਿਲਚਸਪੀ ਹੈ। ਉਥੇ ਵਿਰਾਸਤੀ ਮੇਲੇ, ਸੰਗੀਤ ਤੇ ਨਾਟਕ ਪੇਸ਼ਕਾਰੀਆਂ ਵਿੱਚ ਪੰਜਾਬੀ ਪਰਿਵਾਰਾਂ ਦੀ ਸ਼ਮੂਲੀਅਤ ਵਧ ਰਹੀ ਹੈ। ਸਾਡੇ ਕੋਲ ਪੂਰੇ ਕੈਨੇਡਾ ਚ ਨਿਰੋਲ ਪੰਜਾਬੀ ਰੇਡੀਉ ਤੇ ਟੀ ਵੀ ਚੈਨਲਜ਼ ਵੀ ਸੌ ਤੋਂ ਵਧੇਰੇ ਹਨ ਜਿੰਨ੍ਹਾਂ ਨੂੰ ਪੂਰੇ ਵਿਸ਼ਵ ਚ ਸੁਣਿਆ ਜਾਂਦਾ ਹੈ। 

ਸਃ ਬੱਲ ਆਪਣੇ ਜੱਦੀ ਪਿੰਡ ਬੁਤਾਲਾ (ਕਪੂਰਥਲਾ) ਵਿੱਚ  ਆਪਣੀ ਜੀਵਨ ਸਾਥਣ ਸੁਰਿੰਦਰ ਕੌਰ ਸਮੇਤ ਲਗਪਗ ਦੋ ਮਹੀਨੇ ਗੁਜ਼ਾਰ ਕੇ ਕਲ੍ਹ ਕੈਨੇਡਾ ਪਰਤ ਰਹੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਃ ਇੰਦਰਜੀਤ ਸਿੰਘ ਬੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। 

ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਃ ਇੰਦਰਜੀਤ ਬੱਲ ਨੇ ਟੋਰੰਟੋ ਵਿੱਚ ਆਪਣੇ ਸਹਿਯੋਗੀਆਂ ਇਕਬਾਲ ਮਾਹਲ ਤੇ ਹੋਰਨਾਂ ਦੇ ਸੰਗ ਸਾਥ ਅਜਿਹਾ ਮਾਹੌਲ ਉਸਾਰਿਆ ਹੈ ਕਿ ਪੰਜਾਬੀ ਮੂਲ ਦੇ ਨਵੇਂ ਨਵੇਲੇ ਗੱਭਰੂ ਵੀ ਇਨ੍ਹਾਂ ਕੋਂ ਚਾਨਣ ਮੁਨਾਰੇ ਵਾਂਗ ਸੇਧ ਲੈਂਦੇ ਹਨ। ਸਃ ਬੱਲ ਹੁਣ ਤੀਕ ਪ੍ਰੇਰਨਾ ਤੇ ਅਗਵਾਈ ਦੇ ਕੇ ਲਗਪਗ 37 ਨੌਜਵਾਨ ਲੜਕੇ ਲੜਕੀਆਂ ਨੂੰ ਕੈਨੇਡੀਅਨ ਪਾਰਲੀਮੈਂਟ, ਸੂਬਾਈ ਅਸੈਂਬਲੀ ਅਤੇ ਗਰੇਟਰ ਟੋਰੰਟੋ ਦੇ ਵੱਖ ਵੱਖ ਹਿੱਸਿਆਂ ਦੇ ਕੌਂਸਲਰ ਬਣਾ ਚੁਕੇ ਹਨ।

Monday, February 21, 2022

ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ//*ਗੁਰਭਜਨ ਸਿੰਘ ਗਿੱਲ

ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਚੰਡੀਗੜ੍ਹ ਤੋਂ ਲੁਧਿਆਣਾ ਜਾਂਦਿਆਂ ਰਸਤੇ ਵਿੱਚ ਆਉਂਦਾ ਹੈ ਇਹ ਬੋਰਡ ਜਿਸ 'ਤੇ ਸਮਰਾਲਾ ਨੂੰ ਸਸਰਾਲਾ ਲਿਖਿਆ ਹੋਇਆ ਹੈ 
ਲੁਧਿਆਣਾ: 20 ਫਰਵਰੀ 2022: (ਪ੍ਰੋ. ਗੁਰਭਜਨ ਸਿੰਘ ਗਿੱਲ//ਪੰਜਾਬ ਸਕਰੀਨ)::
ਫਾਈਲ ਫੋਟੋ 
ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ
ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ  ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ  ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?
ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ?  ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ?  ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ  ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ  ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ•ਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ•ਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ•ਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ । ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ•ਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ• ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ•ਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।
ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ  ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ•ਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।
ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ 500  ਸਾਲ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ•ਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ  ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ•ਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ•ਨੇ ਤੇ ਪੜ•ਾਵਨੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਣ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ  ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ  ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। 
ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-

ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸ਼ੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰ੍ਹਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ। ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।
ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ। ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।
ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨ•ਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ। ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜ•ਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜ•ੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ । ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮ•ਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ । ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂ ੰਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋਹੜਾ ਥੋਹੜਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।
ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨ੍ਹਾਂ ਨੇ ਕਿਰਤ ਦਾ ਸਬਕ ਪੜ੍ਹਾਉਣ ਲਈ ਕਰਤਾਰਪੁਰ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜ੍ਹਿਆ  ਹੈ ਉਨਾ ਉਨਾ ਹੀ ਸੁਖ ਪਾਇਆ ਹੈ। 
ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ। ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ  ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ। 
ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ  ਤਾਂ ਪੜ੍ਹਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨ੍ਹਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। 
ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ। ਧਰਤੀ ਦੇ ਇਨ੍ਹਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨ੍ਹਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। 
ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ। ਅਨਾਜ ਉਗਾਉਣ ਦੇ ਲਾਲਚਵਸ ਕਿਸੇ ਖੇਤ ਦੇ ਵੱਟਾਂ ਬੰਨੇ ਛੱਤਰੀਦਾਰ ਬਿਰਖ ਨਹੀਂ, ਨਾ ਹੀ ਬਿਰਖਾਂ ਵਰਗੇ ਬਾਬੇ ਹਨ। ਧਰਤੀ ਦੀ ਇਹ ਖੂਬਸੂਰਤ ਰਵਾਇਤ ਰਹੀ ਹੈ ਕਿ ਬਿਰਖਾਂ ਵਰਗੇ ਬਾਬੇ ਅਤੇ ਪਿੱਪਲ ਬੋਹੜ ਸਾਡੀ ਸਾਂਝੀ ਜੀਵਨ ਤੋਰ ਦੇ ਗਵਾਹ ਰਹੇ ਹਨ। ਅਸੀਂ ਇਨ•ਾਂ ਰੁਖਾਂ ਹੇਠ ਇਕੱਠਿਆਂ ਜੀਣ ਮਰਨ ਦੇ ਅਹਿਸਾਸ ਨੂੰ ਮਾਣਦੇ ਰਹੇ ਹਾਂ। ਸਾਡਾ ਸਭਿਆਚਾਰ ਧਰਤ ਮੁਖੀ ਹੈ। ਸਾਰਾ ਕੁਝ ਧਰਤੀ ਵੱਲ ਵੇਖ ਕੇ ਅੱਗੇ ਤੁਰਦਾ ਹੈ। ਪੰਜਾਬੀ ਸਭਿਆਚਾਰ ਫੈਲਵਾਂ ਹੈ ਪਰ ਅੱਜ ਸਫੈਦਿਆਂ ਦੇ ਯੁਗ ਵਿੱਚ ਅਸੀਂ ਅਕਾਸ਼ ਮੁਖੀ ਹੋ ਗਏ ਹਾਂ। ਸਾਡਾ ਆਸ ਪਾਸ ਵੀਰਾਨ ਹੈ, ਸੁੰਨਾ ਹੈ। ਵਿਅਕਤੀਗਤ ਵਿਕਾਸ ਨੂੰ ਪ੍ਰਾਪਤੀ ਮੰਨਣਾ ਪੰਜਾਬੀ ਸਭਿਆਚਾਰ ਨਹੀਂ। ਪੰਜਾਬੀ ਸਭਿਆਚਾਰ ਤਾਂ ਜੀਓ ਅਤੇ ਜਿਊਣ ਦਿਓ ਤੋਂ ਅੱਗੇ ਤੁਰ ਕੇ ਸਾਂਝੀ ਧੜਕਣ ਦਾ ਵਿਸਵਾਸ਼ੀ ਹੈ।
ਹਰ ਪੰਜਾਬੀ ਦੇ ਸਭਿਆਚਾਰ ਵਿੱਚ ਤਿੰਨ ਮਾਵਾਂ ਦਾ ਯੋਗਦਾਨ ਪ੍ਰਮੁਖ ਰਿਹਾ ਹੈ। ਪਹਿਲਾਂ ਮਾਂ ਜਣਨਹਾਰੀ ਹੈ ਜਿਸ ਨੇ ਆਪਣੀ ਕੁੱਖ ਵਿੱਚ ਸਾਨੂੰ ਵਿਕਸਤ ਕੀਤਾ। ਉਸ ਦੀ ਕੁਖ ਨੂੰ ਅੱਜ ਅਸੀਂ ਮਸ਼ੀਨਾਂ ਹਵਾਲੇ ਕਰ ਚੁਕੇ ਹਾਂ। ਦੂਸਰੀ ਮਾਂ ਬੋਲੀ ਹੈ ਜਿਸ ਦਾ ਹਸ਼ਰ ਤੁਹਾਨੂੰ ਸਭ ਨੂੰ ਮੈਂ ਕੱਲ• ਹੀ ਦਸ ਚੁੱਕਾ ਹਾਂ। ਆਪਣੀ ਮਾਂ ਬੋਲੀ ਬੋਲਣ ਲੱਗਿਆਂ ਜੇਕਰ ਪੁੱਤਰਾਂ ਧੀਆਂ ਨੂੰ ਹੀ ਸੰਗ ਆਉਣ ਲੱਗ ਜਾਵੇ ਤਾਂ ਉਹ ਮਾਂ ਕਿਧਰ ਜਾਵੇ। ਮਾਂ ਧਰਤੀ ਦਾ ਹਾਲ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਵੰਨ ਸੁਵੰਨੀਆਂ ਜ਼ਹਿਰਾਂ ਛਿੜਕ ਛਿੜਕ ਕੇ ਅਸੀਂ ਆਪਣੀਆਂ ਹਵਾਵਾਂ ਵਿੱਚ ਜ਼ਹਿਰ ਘੋਲ ਲਿਆ ਹੈ। ਰਸਾਇਣਕ ਖਾਦਾਂ, ਨਦੀਨ ਨਾਸ਼ਕ ਜ਼ਹਿਰਾਂ ਅਤੇ ਉੱਲੀ ਨਾਸ਼ਕ ਜ਼ਹਿਰਾਂ ਦੇ ਅਸਰ ਕਾਰਨ ਧਰਤੀ ਦੀ ਹਾਲਤ ਨਿਘਾਰ ਵੱਲ ਚੱਲ ਰਹੀ ਹੈ। ਜਲ ਸੋਮਿਆਂ ਦੀ ਬੇਹਿਸਾਬ ਵਰਤੋਂ ਨਾਲ ਖੂਹਾਂ ਦੇ ਪਾਣੀ ਲੱਭਦੇ ਨਹੀਂ। ਮੱਛੀ ਮੋਟਰਾਂ ਲਾ ਕੇ ਧਰਤੀ ਹੇਠੋਂ ਪਾਣੀ ਖਿੱਚਣ ਲੱਗਿਆਂ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਇਹ ਸੀਮਤ ਸਰਮਾਇਆ ਹੈ ਜੋ ਕਦੇ ਵੀ ਮੁੱਕ ਸਕਦਾ ਹੈ। ਇਸ ਧਰਤੀ ਤੇ ਜੇਕਰ ਕਦੇ ਤੀਸਰਾ ਵਿਸ਼ਵ ਯੁਧ ਹੋਇਆ ਤਾਂ ਉਸ ਦਾ ਮੁੱਦਾ ਪਾਣੀ ਹੋਵੇਗਾ ਜਿਸ ਨੂੰ ਅਸੀਂ ਬੇਰਹਿਮੀ ਨਾਲ ਖਰਚ ਰਹੇ ਹਾਂ। ਆਪਣੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦਾ ਵੀ ਸਾਡਾ ਸਭਿਆਚਾਰ ਹੈ।
ਗੀਤ ਸੰਗੀਤ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਅਸੀਂ ਸਰਕਾਰਾਂ ਤੇ ਕਿਉਂ ਸੁੱਟੀਏ । ਸਾਡੀਆਂ ਸਰਕਾਰਾਂ ਨੂੰ ਹੋਰ ਪੰਜਾਹ ਕੰਮਾਂ ਤੋਂ ਵਿਹਲ ਨਹੀਂ ਨਾਲੇ ਸਰਕਾਰਾਂ ਕਿਉਂ ਚਾਹੁੰਣਗੀਆਂ ਕਿ ਤੁਹਾਡਾ ਸੁਹਜ ਸੁਆਦ ਨਾ ਵਿਗੜੇ। ਆਪਣੇ ਘਰ ਦੀ ਰਾਖੀ ਸਾਨੂੰ ਖੁਦ ਹੀ ਕਰਨੀ ਪੈਣੀ ਹੈ। ਸ਼ੋਰ ਅਤੇ ਸੰਗੀਤ ਵਿਚਕਾਰਲੀ ਲਕੀਰ ਵਾਹੁੰਣੀ ਪੈਣੀ ਹੈ। ਤੁਸੀਂ ਆਪ ਦੱਸੋ ਕਿ ਕਿਸੇ ਵੀ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਕਦੇ ਕਿਸੇ ਗਵੱਈਏ ਦਾ ਇਕ ਵੀ ਬੋਲ ਸੁਣ ਸਕੇ ਹੋ, ਸਾਜਾਂ ਦਾ ਲਾਠੀਚਾਰਜ ਤੁਹਾਨੂੰ ਸ਼ੋਰ ਵਿੱਚ ਗਲਤਾਨ ਕਰ ਦਿੰਦਾ ਹੈ । ਤੁਸੀਂ ਆਪਣੇ ਆਪ ਨੂੰ ਉਸ ਪਲ ਵੇਖੋ ਜਦੋਂ ਇਹ ਸ਼ੋਰ ਬੰਦ ਹੁੰਦਾ ਹੈ। ਕੰਨਾਂ ਨੂੰ ਸਾਹ ਜਿਹਾ ਆ ਜਾਂਦਾ ਹੈ। ਕੀ ਸਮੁੱਚੀ ਪ੍ਰਕਿਰਤੀ ਇਸ ਸ਼ੋਰ ਨੂੰ ਨਾ ਪਸੰਦ ਨਹੀਂ ਕਰਦੀ ਹੋਵੇਗੀ? ਸੰਗੀਤ ਤਾਂ ਬਿਰਤੀਆਂ ਨੂੰ ਇਕਾਗਰਚਿਤ ਕਰਨ ਦਾ ਢੰਗ ਹੈ ਨਾ ਕਿ ਵਿਸਫੋਟ ਕਰਨ ਦਾ । ਸ਼ੋਰ ਵਿਸਫੋਟ ਕਰਦਾ ਹੈ ਇਹ ਸਾਡਾ ਸਭਿਆਚਾਰ ਨਹੀਂ। ਅਸੀਂ ਰੰਗਾਂ, ਖੁਸ਼ਬੂਆਂ ਅਤੇ  ਸਹਿਜ ਤੋਰ ਦੇ ਸਹਿਯਾਤਰੀ ਹਾਂ। ਸਾਡੀ ਧਰਤੀ ਉੱਪਰ ਮਹਿਕਦੇ ਖਿੜਦੇ ਫੁੱਲ ਬਗੀਚੇ, ਫ਼ਸਲਾਂ ਵਾੜੀਆਂ ਕਦੇ ਧਿਆਨ ਨਾਲ ਵੇਖੋ। ਸਾਰਾ ਕੁਝ ਹੀ ਇਕ ਵਿਸੇਸ਼ ਅੰਦਾਜ਼ ਦੀ ਸਹਿਜ ਤੋਰ ਦਾ ਝਲਕਾਰਾ ਦਿੰਦਾ ਹੈ। ਜ਼ਿੰਦਗੀ ਨੂੰ ਸਭਿਆਚਾਰ ਦੇ ਸੀਮਤ ਅਰਥਾਂ ਵਾਲੀ ਐਨਕ ਨਾਲ ਨਾ ਵੇਖੋ। ਨੰਗੀ ਅੱਖ ਨਾਲ ਵੇਖਿਆਂ ਹੀ ਜ਼ਿੰਦਗੀ ਦੇ ਸਭ ਅੰਦਾਜ਼ ਤੁਹਾਨੂੰ ਸਮਝ ਪੈਣਗੇ।
ਔਰਤ ਪ੍ਰਤੀ ਮਰਦ ਦੀ ਖਿੱਚ ਸੁਭਾਵਿਕ ਹੈ। ਉਸ ਦੀ ਸ਼ਲਾਘਾ ਕਰਨ ਦਾ ਵੀ ਅੰਦਾਜ਼ ਹੈ। ਉਸ ਨਾਲ ਤੁਰਨ ਦਾ ਵੀ ਨਿਸ਼ਚਿਤ ਸਲੀਕਾ ਹੈ ਪਰ ਸਰਮਾਏ ਦੀ ਤੇਜ਼ ਹਨੇਰੀ ਨੇ ਸਾਨੂੰ ਔਰਤ ਦਾ ਮਾਂ, ਧੀ ਅਤੇ ਭੈਣ ਵਾਲਾ ਰਿਸ਼ਤਾ ਭੁਲਾ ਦਿੱਤਾ ਹੈ। ਹੁਣ ਸਿਰਫ ਉਹ ਮਾਨਣ ਅਤੇ ਭੋਗਣ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ। ਸਵੇਰ ਸਾਰ ਟੈਲੀਵੀਜ਼ਨ ਤੋਂ ਲੈ ਕੇ ਅਖ਼ਬਾਰਾਂ, ਰੇਡੀਓ ਅਤੇ ਹੋਰ ਸੰਚਾਰ ਮਾਧਿਅਮ ਔਰਤ ਦੇ ਹੀ ਸਾਰੇ ਅੰਗਾਂ ਦੀ ਮਹਿਮਾ ਵਿੱਚ ਲੱਗੇ ਹੋਏ ਹਨ। ਰਿਸ਼ਤਿਆਂ ਦੀ ਇਹ ਪਰਿਭਾਸ਼ਾ ਨਵੀਂ ਵਿਕਸਤ ਹੋਈ ਹੈ ਕਿ ਔਰਤ ਨੂੰ ਸਿਰਫ ਧੌਣ ਤੋਂ ਹੇਠਾਂ ਹੇਠਾਂ ਹੀ ਗਿਣੋ, ਧੌਣ ਤੋਂ ਉੱਪਰ ਜਿਥੇ ਸੋਚਣ ਵਾਲੀ ਮਸ਼ੀਨ ਪਈ ਹੈ ਉਸ ਦਾ ਅਹਿਸਾਸ ਔਰਤ ਨੂੰ ਹੋਣ  ਹੀ ਨਾ ਦਿਓ। ਇਹ ਸਾਡੀ ਸਭਿਆਚਾਰਕ ਗਿਰਾਵਟ ਦਾ ਹੀ ਪ੍ਰਮਾਣ ਕਹੀ ਜਾ ਸਕਦੀ ਹੈ, ਸ਼ਕਤੀ ਨਹੀ।  ਅਸੀਂ ਤਾਂ ਦੇਵੀ ਪੂਜਕ ਹਾਂ, ਧਨ ਦੀ ਦੇਵੀ ਲੱਛਮੀ, ਗਿਆਨ ਦੀ ਦੇਵੀ ਸਰਸਵਤੀ, ਸ਼ਕਤੀ ਦੀ ਦੇਵੀ ਦੁਰਗਾ ਅਤੇ ਹੋਰ ਅਨੇਕਾਂ ਦੇਵੀਆਂ ਸਦੀਆਂ ਤੋਂ ਸਾਡੇ ਅੰਗ ਸੰਗ ਹਨ। ਅਸੀਂ ਉਸ ਪਾਸੋਂ ਸ਼ਕਤੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਜ਼ਿੰਦਗੀ ਦੀ ਸਮਤੋਲ ਤੋਰ ਵਿੱਚ ਇਹੀ ਸੁਮੇਲ ਸ਼ਕਤੀ ਬਣ ਕੇ ਸਾਨੂੰ ਸਭਿਅਕ ਇਨਸਾਨ ਬਣਨ ਦੇ ਰਾਹ ਤੋਰ ਸਕਦਾ ਹੈ।
ਸਾਡੀ ਮੁਹੱਬਤ ਵਿੱਚ ਜਿਸਮ ਸ਼ਾਮਿਲ ਨਹੀਂ। ਸਾਡਾ ਰਾਂਝਾ ਸਿਦਕੀ ਹੈ, 14 ਸਾਲ ਮੱਝੀਆਂ ਚਾਰਨ ਵਾਲਾ, ਫਰਹਾਦ ਆਪਣੀ ਸ਼ੀਰੀਂ ਲਈ ਪਰਬਤ ਚੀਰਦਾ ਹੈ, ਮਹੀਂਵਾਲ ਆਪਣੀ ਸੋਹਣੀ ਲਈ ਪੱਟ ਦਾ ਮਾਸ ਖੁਆਉਂਦਾ ਹੈ। ਇੰਦਰ ਬਾਣੀਆਂ ਆਪਣੀ ਬੇਗੋਨਾਰ ਲਈ ਪੂਰੀ ਹੱਟੀ ਨੂੰ ਅਗਨ ਭੇਂਟ ਕਰ ਦਿੰਦਾ ਹੈ। ਸਿਰਫ ਮਿਰਜ਼ੇ ਨੂੰ ਹੀ ਤਨ ਭੋਗੀ ਕਹਿ ਸਕਦੇ ਹਾਂ ਬਾਕੀ ਸਾਰੇ ਰੂਹਾਂ ਦੇ ਵਣਜਾਰੇ ਸੱਜਣ ਪਿਆਰੇ ਸਨ। ਸਾਡੇ ਸਭਿਆਚਾਰ ਦੀ ਸ਼ਕਤੀ ਇਨ੍ਹਾਂ ਮੁਹੱਬਤੀ ਰੂਹਾਂ ਸਦਕਾ ਹੋਰ ਵੀ ਬਲਵਾਨ ਹੋ ਕੇ ਨਿਖਰਦੀ ਹੈ।
ਆਪਣੀ ਧਰਤੀ ਦੀ ਵਿਰਾਸਤ ਵਿੱਚ ਸੂਰਮਿਆਂ ਦਾ ਬਹੁਤ ਉਚੇਰਾ ਸਥਾਨ ਹੈ। ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦਾਂ ਮੁਰੀਦਾਂ ਦੀ ਲੰਮੀ ਕਤਾਰ ਵੇਖਦਿਆਂ ਹੀ ਇਸ ਧਰਤੀ ਦੇ ਲੋਕਾਂ ਦੀ ਜਾਂਬਾਜ਼ ਵਿਰਾਸਤ ਦਾ ਪਤਾ ਲੱਗਦਾ ਹੈ। ਮੁਗਲਾਂ ਦੇ ਟਾਕਰੇ ਤੋਂ ਲੈ ਕੇ ਫਰੰਗੀਆਂ ਨਾਲ ਮੁਕਾਬਲੇ ਤੋਂ ਬਾਅਦ ਹਰ ਸੰਕਟ ਦੀ ਘੜੀ ਪੰਜਾਬੀਆਂ ਦਾ ਸਿੱਧੇ ਖੜੇ ਹੋ ਕੇ ਸੰਘਰਸ਼ ਕਰਨਾ ਵੀ ਸਾਡਾ ਸਭਿਆਚਾਰ ਹੈ। ਪੈਸੇ ਦੇ ਪੁੱਤ ਬਣਨ ਦੀ ਹੋੜ ਨੇ ਸਾਨੂੰ ਹੌਲੀ ਹੌਲੀ  ਬੰਦੇ ਦਾ ਪੁੱਤ ਨਹੀਂ ਰਹਿਣ ਦਿੱਤਾ। ਬੰਦਾ ਬੰਦਗੀ ਨਾਲ ਬਣਦਾ ਹੈ ਅਤੇ ਬੰਦਗੀ ਸਾਡੇ ਵਿਚੋਂ ਗੈਰ ਹਾਜ਼ਰ ਹੋ ਰਹੀ ਹੈ। ਸਭਿਆਚਾਰ ਦੀ ਅਸਲ ਸੂਰਤ ਪਛਾਣੋ, ਤੁਹਾਨੂੰ ਕਣ ਕਣ ਵਿਚੋਂ ਕਾਇਨਾਤ ਦਿਸੇਗੀ।

*ਗੁਰਭਜਨ ਸਿੰਘ ਗਿੱਲ
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ,
ਲੁਧਿਆਣਾ

Monday, November 01, 2021

ਆਓ ! ਪੰਜਾਬੀਓ ਰਲ ਕੇ ਮਾਤਮ ਕਰੀਏ !//ਬੁੱਧ ਸਿੰਘ ਨੀਲੋਂ

 ਬੁੱਧ ਚਿੰਤਨ 01 ਨਵੰਬਰ 2021//ਪੰਜਾਬ  ਦੀ 55ਵੀ ਬਰਸੀ  ਉਤੇ ਵਿਸ਼ੇਸ਼ ...

The above map shows the boundaries of Punjab,after the
annexation of Delhi and surrounding districts until the
establishment of NWFP as a separate province in 1901

ਤੁਹਾਨੂੰ  ਬਹੁਤ ਹੀ ਦੁੱਖੀ  ਹਿਰਦੇ ਨਾਲ  ਦੱਸਦਿਆਂ ਮਨ ਭਰਦਾ ਹੈ ਕਿ ਸਾਡੇ  ਬਹੁਤ  ਹੀ ਸਤਿਕਾਰਯੋਗ ਮਹਾਂਪੰਜਾਬ  ਦੀ  55ਵੀਂ ਬਰਸੀ  ਹੈ।  ਇਹਨਾਂ  ਦੀ ਬਰਸੀ  ਦੇ ਉਪਰ ਪਟਿਆਲੇ ਸ਼ਹਿਰ ਵਿੱਚ  ਹਰ ਸਾਲ ਦੀ ਤਰ੍ਹਾਂ  ਬਹੁਤ  ਹੀ ਧੂਮ ਧੜੱਕੇ ਦੇ ਨਾਲ ਕੀਰਨੇ ਪਾਏ ਜਾਣਗੇ।  ਇਸ ਮੌਕੇ  ਲਿਖਾਰੀ,  ਪੁਜਾਰੀ,  ਅਧਿਕਾਰੀ ,  ਕਰਮਚਾਰੀ  ਤੇ ਵਿਦਵਾਨਾਂ ਨੂੰ  ਵਿਸ਼ੇਸ਼ ਤੌਰ  ਤੇ ਸ਼ਾਮਲ ਕਰਨ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।  ਸਮਾਗਮ  ਨੂੰ  ਸਫਲ ਬਣਾਉਣ ਦੇ ਲਈ ਯੂਨੀਵਰਸਿਟੀਆਂ  ਦੇ ਪੇਸ਼ਾਵਰ ਮਿਰਾਸੀ ਤੇ ਮਰਾਸਣਾਂ ਵੀ ਉਚੇਚੇ ਤੌਰ 'ਤੇ ਆ ਰਹੇ ਹਨ।  ਇਸ ਮੌਕੇ ਨਾਮਵਰ ਅਦਾਕਾਰ ਵੱਲੋਂ  ਵਿਸ਼ੇਸ਼  ਸਿਆਪਾ  ਕਰਨ ਵਾਲੀਆਂ  ਟੀਮਾਂ  ਨੂੰ  ਸੱਦਿਆ  ਗਿਆ  ਹੈ। 

ਲੇਖਕ ਬੁੱਧ ਸਿੰਘ ਨੀਲੋਂ 
ਮੁਆਫ਼ ਕਰਨਾ ਮੈਂ  ਪੰਜਾਬੀ ਬੰਦੇ ਦੇ ਕਤਲ ਦੀ ਗੱਲ ਨਹੀਂ  ਕਰਦਾ ਜੀ।  ਗੱਲ ਮਾਂ ਬੋਲੀ ਪੰਜਾਬੀ ਦੀ ਕਰਦਾ ਹਾਂ ।  ਇਹ ਕਤਲ ਨਾਲੋਂ  ਵੀ ਵੱਡਾ  ਅਪਰਾਧ  ਹੈ ਕਿ ਅਸੀਂ ਪੰਜਾਬੀ  ਮਾਂ ਬੋਲੀ ਦਾ ਕਤਲ ਕਰਦ ਦਿੱਤਾ.ਇਸੇ ਹੀ ਕਰਕੇ  ਉਹ ਜਿਉਂਦੇ ਜੀਅ ਘਰੋਂ ਬੇਘਰ ਹੋਈ ਫਿਰਦੀ ਹੈ, ਜਿਵੇਂ  ਬਹੁਤੇ ਅਮੀਰਾਂ ਨੇ ਆਪਣੇ ਮਾਪਿਆਂ ਨੂੰ  ਬੇਘਰ ਕੀਤਾ  ਹੋਇਆ  ਹੈ।  

 ਇਕ ਪਾਸੇ ਅਸੀਂ  ਪੰਜਾਬੀ ਹੋਣ ਦੀਆਂ  ਚਾਂਗਰਾਂ ਮਾਰਦੇ ਨੀ ਥੱਕਦੇ ਤੇ ਦੂਜੇ ਬੰਨੇ ਅਸੀਂ  ਮਾਤ ਭਾਸ਼ਾ ਨੂੰ  ਵਸਾਰੀ ਜਾ ਰਹੇ ਹਾਂ ।   ਸਾਡੇ  ਦੋਹਰੇ ਤੇ ਚੌਹਰੇ ਕਿਰਦਾਰ ਨੰਗੇ ਹੋ ਰਹੇ ਹਨ ।

 ਅਸੀਂ  ਘਰਾਂ ਦੇ ਵਿੱਚੋ "ਊੜਾ ਤੇ ਜੂੜਾ"  ਦੋਵੇਂ  ਬੇਦਖਲ ਕਰ ਦਿੱਤੇ। ਇਥੇ   ਮੈਨੂੰ  ਸਾਵਲ ਧਾਮੀ ਦੀ ਉਹ ਗੱਲ ਚੇਤੇ ਆਉਦੀ ਹੈ ; ਜਿਹੜੀ  ਉਸਨੂੰ  ਦੇਸ਼ ਵੰਡ  ਵੇਲੇ ਬਚੇ ਬਜ਼ੁਰਗ  ਨੇ ਕਹੀ।

ਕਹਿੰਦਾ  ਪਾਕਿਸਤਾਨ ਦੇ ਵਿੱਚ  ਰਹਿੰਦਾ  ਤਾਇਆ ਅਬਦੁੱਲ  ਮੇਰਾ  ਘੋਨ ਮੋਨ ਸਿਰ ਦੇਖ ਕੇ ਅੱਖਾਂ ਭਰਦਾ ਬੋਲਿਆ ; "  ਪੁੱਤਰਾ ਜੇ ਘੋਨਮੋਨ ਹੀ ਹੋਣਾ  ਸੀ ਫੇਰ ਪਾਕਿਸਤਾਨ ਕਿਉਂ  ਛੱਡਕੇ  ਗਏ....ਆ ਕੰਮ ਤੇ ਇਥੇ ਵੀ ਹੋ ਜਾਣਾ ਸੀ...ਤੁਸੀਂ  ਨਾ ਸਿੱਖੀ  ਸੰਭਾਲ  ਸਕੇ ਤੇ ਨਾ ਮਾਂ ਬੋਲੀ ਪੰਜਾਬੀ ...ਤੇਰੀਆਂ  ਅੱਧੀਆਂ ਗੱਲਾਂ  ਮੇਰੇ ਸਿਰ ਤੋਂ  ਲੰਘ ਜਾਂਦੀਆਂ ਨੇ....ਨਾ ਸ਼ੁੱਧ ਪੰਜਾਬੀ ਬੋਲਦੇ ਹੋ...ਤੇ...!""

 ਉਹਦਾ ਗ਼ਲਾ ਭਰ ਆਇਆ । 

***

ਹੁਣ ਅਸੀਂ ( ਅਖੌਤੀ ਅਮੀਰ ) ਘਰ, ਬਾਹਰ ਤੇ ਬਜ਼ਾਰ ਦੇ ਵਿੱਚ ਪੰਜਾਬੀ ਦੇ ਨਾਲੋਂ  ਹਿੰਦੀ ਜਾਂ  ਅੰਗਰੇਜ਼ੀ ਵਿੱਚ  ਗੱਲਬਾਤ ਕਰਨੀ ਪਸੰਦ ਕਰਦੇ ਹਾਂ ।  ਕਈ ਵਾਰ ਤੇ ਪਤਾ ਹੀ ਨਹੀ ਲੱਗਦਾ ਕਿਹੜੀ ਪਸਤੋ ਬੋਲਦੇ ਹਾਂ ।

***

 ਸਰਕਾਰੀ ਤੇ ਗੈਰ ਸਰਕਾਰੀ  ਅਦਾਰਿਆਂ ਦੇ ਵਿੱਚ  ਅਜੇ ਤੱਕ ਭਾਸ਼ਾ ਕਾਨੂੰਨ ਲਾਗੂ ਨਹੀਂ  ਹੋਇਆ ।  ਕਈ ਕੌਨਵੈਟ ਸਕੂਲਾਂ  ਨੇ ਪੰਜਾਬੀ ਬੋਲੀ ਵਿੱਚ  ਘਰ ਤੇ ਸਕੂਲਾਂ ਦੇ ਵਿੱਚ ਗੱਲਬਾਤ ਕਰਨ ਉਤੇ ਪਾਬੰਦੀ ਲਾ ਦਿੱਤੀ  ਹੈ।  ਇਸ ਗੱਲ ਦਾ ਕਿਸੇ ਨੇ  ਕੋਈ   ਉਜਰ ਨਹੀ ਕੀਤਾ ।  ਸਭ ਨੇ ਆਪੋ ਆਪਣਾ ਮੂੰਹ  ਸੀਤਾ ਹੋਇਆ  ਹੈ।  ਲੇਖਕ ਜੱਥੇਦਾਰ  ਆਪਣੀਆਂ  ਰੋਟੀਆਂ  ਸੇਕ ਦੇ ਹਨ...ਭਾਵ ਪੁਰਸਕਾਰ  ਵੰਡਣ ਤੇ ਖੋਹਣ ਵਿੱਚ  ਮਸ਼ਰੂਫ ਹਨ।

**

 ਪੰਜਾਬ ਦੇ ਬਜ਼ਾਰਾਂ ਦੇ ਵਿੱਚ  ਬਹੁਗਿਣਤੀ ਦੁਕਾਨਾਂ ਦੇ ਬੋਰਡ  ਅੰਗਰੇਜ਼ੀ ਵਿੱਚ  ਹਨ।  ਸਾਹਿਤ ਦੇ ਜੱਥੇਦਾਰ  ਇਸ ਬਾਰੇ ਵੀ ਚੁੱਪ ਹਨ ।  ਕਾਨੂੰਨ ਦੇ ਕਾਗਜ਼ਾਂ ਦੇ ਵਿੱਚ ਤਾਂ  ਪੰਜਾਬ ਦੇ ਸਾਰੇ ਹੀ ਅਦਾਰਿਆਂ ਨੂੰ  ਹਿਦਾਇਤ ਹੈ ਕਿ ਪੰਜਾਬੀ ਵਿੱਚ  ਚਿੱਠੀ ਪੱਤਰ ਕਰੋ।  ਪਰ ਹੁੰਦਾ  ਨਹੀਂ । ਇਹ ਕਿਉਂ  ਨਹੀਂ ਹੁੰਦਾ  ? 

 ਤਾਂ  ਮੈਨੂੰ  ਕਹਾਵਤ ਯਾਦ ਆ ਗਈ."  ਮਾਂ  ਪਰ ਧੀ ਬਾਪ ਪਰ ਘੋੜਾ ..ਬਹੁਤਾ ਨਹੀਂ  ਤਾਂ  ਥੋੜ੍ਹਾ  !"" ਗੱਲ ਸਮਝੋ ਵਿੱਚੋ ਕੀ ਹੈ ?

      ਜਦ ਕਿਸੇ ਦੇ ਘਰ ਜੁਆਕ ਜਨਮ ਲੈਦਾ ਤਾਂ  ਉਸਦੇ ਨੈਣ ਨਕਸ਼ ਦੇਖ ਕੇ   ਪਛਾਣੇ  ਜਾਂਦੇ ਹਨ ।  .... ਜੇ ਤਾਂ  ਜੁਆਕ ਦੇ ਘਰਦਿਆਂ ਨਾਲ ਨੈਣ ਨਕਸ਼ ਮਿਲਦੇ ਹੋਣ ,ਪਿਓ ਤੇ ਜਾਂ  ਚਾਚੇ 'ਤੇ   ਮਾਮਿਆਂ ' ਤੇ  ਗਿਆ  ਆਖਿਆ  ਜਾਂਦਾ ।  ਜੇ ਫੇਰ ਦੋਹਾਂ ਨਾਲ ਨੈਣ ਨਕਸ਼ ਨਾ ਮਿਲਦੇ ਹੋਣ... ਫੇਰ....ਬੇਬੇ ਮੋਟੀ ਜਿਹੀ ਗਾਲ ਕੱਢ ਕੇ..ਬੇਬੇ ਆਖਦੀ ਹੈ...""..ਜੈ ਖਾਣਾ  ਪਤਾ ਨੀ ਕੀਹਦੇ ' ਤੇ ਗਿਆ ?  ਨਾਲੇ ਆਪਣੀ  ਨੂੰਹ  ਦੇ ਵੱਲ ਘੂਰੀ ਵੱਟ ਕੇ ਝਾਕਦੀ !

 ਹੁਣ ਹੋਰ ਵਿਚਲੀ ਗੱਲ ਸਮਝਣ ਦੇ ਲਈ ਲੋਕ ਬੋਲੀ ਦੇ ਅਰਥ ਸਮਝੋ  ਕਿ ਅਸਲ ਗੱਲ  ਕੀ  ਹੁੰਦੀ ਹੈ ? ਪਰ ਇਹ ਸਭ ਉਤੇ ਲਾਗੂ ਨਹੀਂ । 

"" ਪਹਿਲਾ ਮੁੰਡਾ ਮਿੱਤਰਾਂ ਦਾ 

ਲਾਵਾਂ ਵਾਲੇ ਦਾ ਉਜਰ ਨਾ ਕੋਈ ...!""

The above map shows the linguistic division of
Punjab.The red area is New Delhi, separated
from Punjab in1911 and declared as
the new capital of British India
₹₹₹  ਖੈਰ ਆਪਾਂ  ਤੇ ਪੰਜਾਬੀ ਭਾਸ਼ਾ  ਦੇ ਕਤਲ ਦੀਆਂ ਗੱਲਾਂ  ਕਰਦੇ ਹਾਂ ।  ਜਿਵੇਂ  ਕਿਸੇ ਦੇ ਮਰਨ ਤੋਂ ਬਾਅਦ ਉਸ ਨਾਲ ਜੁੜੀਆਂ  ਯਾਦਾਂ  ਨੂੰ  ਅੰਤਮ ਅਰਦਾਸ  ਵੇਲੇ ਯਾਦ ਕਰਦੇ ਹਾਂ ।

ਭਾਸ਼ਾ  ਕੋਈ ਵੀ ਬੁਰੀ ਨਹੀਂ  ਹੁੰਦੀ ...! ਸਭ ਭਾਸ਼ਾਵਾਂ ਦਾ ਸਤਿਕਾਰ  ਕਰੋ..ਪਰ ਮਾਂ  ਬੋਲੀ ਨਾਲ ਪਿਆਰ  ਕਰੋ।

ਕਹਾਵਤ  ਹੋਰ ਸਮਝਣ  ਲਈ ਹੈ...

ਸੌ ਨਿਆਮਤਾਂ ਇਕ ਘਿਓ

ਲੱਖ ਚਾਚੇ ਤੇ ਇਕ ਪਿਓ.!

...

ਪੰਜਾਬੀ ਦਾ ਕਤਲ ਆਪਣੇ ਹੱਥੀਂ ਕਰਨ ਵਾਲਿਆਂ ਵਿੱਚ  ਡਿਗਰੀਆਂ ਵਾਲੇ ਆਪੇ ਬਣੇ ਉਹ ਵਿਦਵਾਨ ਹਨ, ਜਿਹੜੇ ਪਤਾ  ਹੀ ਨਹੀਂ  ਕਿਹੜੀ ਭਾਸ਼ਾ ਦੇ ਵਿੱਚ ਕੀਹਨਾਂ ਦੇ ਵਾਸਤੇ ਕਿਤਾਬਾਂ ਲਿਖ ਰਹੇ ਹਨ ?  ਕਈ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ ਵੇਲੇ ਹਿੰਦੀ ,  ਅੰਗਰੇਜ਼ੀ ਤੇ ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦੇ ਸ਼ਬਦਕੋਸ਼ ਕੋਲ ਰੱਖਣੇ ਪੈਦੇ ਹਨ।  ਉਹ ਕਿਸਦੇ ਲਈ ਲਿਖਦੇ ਹਨ ? 

  ਨੌਕਰੀ ਤੇ ਪੁਰਸਕਾਰ  ਵਾਸਤੇ....ਕੋਈ ਬੋਲਦਾ ਹੈ !

###   ਵਿਦਵਾਨ ਤੇ ਲੇਖਕ  ਫਰਵਰੀ  ਮਹੀਨੇ ਜਾਂ  ਕੋਈ  ਫੰਡ  ਛਕਣ ਦੇ ਚੀਕਦੇ ਹਨ ਤੇ ਸੈਮੀਨਾਰ  ਕਰਦੇ ਹਨ।

 ਹੁਣ ਪੰਜਾਬ, ਪੰਜਾਬੀ ਤੇ ਪੰਜਾਬੀਅਤ  ਖਤਰੇ ਵਿੱਚ  ਹੈ !

 ਪਰ ਪੰਜਾਬੀ  ਨੂੰ  ਖਤਰਾ ਕਿਸੇ ਹੋਰ ਬਦੇਸ਼ੀ  ਤੋਂ  ਨਹੀਂ  ਸਗੋ

ਖਤਰਾ  ਹੋਰ ਭਾਸ਼ਵਾਂ ਤੋਂ  ਨਹੀ ਸਗੋ ਅਖੌਤੀ ਪੰਜਾਬੀਆਂ  ਤੋਂ  ਹੈ। ਜਿਹੜੇ  ਉਸਦਾ ਗਲਾ ਘੁੱਟ  ਰਹੇ ਹਨ ਪਰ ਕਾਤਲ ਨਹੀਂ  ਅਖਵਾਉਦੇ.....!

 ਆਓ !   ਆਪਾਂ ਆਪਣੇ ਹੱਥੀਂ  ਪੰਜਾਬੀ ਦਾ ਗਲ਼ਾ ਘੁੱਟ ਕੇ ...ਬੇਦਾਵਾ..ਦੇਈਏ.! ਬੇਗਾਨੀ ਤੇ ਮਤਰੇਈ  ਦੇ ਛਿੱਤਰ ਖਾਈਏ ! ਮਤਰੇਈ  ਮਾਂ ਵੱਲੋ ਬੇਗਾਨੇ ਧੀਆਂ  ਪੁੱਤਾਂ ਬਾਰੇ ਵਿਵਹਾਰ ਦੀਆਂ  ਤੁਸੀਂ  ਰੋਜ਼  ਖਬਰਾਂ  ਪੜ੍ਹ ਦੇ ਹੀ ਹੋ...!

 ਪਤਾ  ਨਹੀਂ  ਸਾਡੇ  ਸੁਭਾਅ ਨੂੰ  ਕੀ ਹੋ ਗਿਆ , ਹੁਣ ਸਾਨੂੰ  ਆਪਣੇ ਘਰਦੇ   ਚੰਗੇ ਨਹੀਂ  ਲੱਗਦੇ ਸਗੋਂ .ਬੇਗਾਨੇ ਚੰਗੇ ਲੱਗਦੇ ਹਨ! ਬੇਗਾਨਗੀ  ਦਾ ਦਰਦ ਬਦੇਸ਼ੀ ਨੇ ਭੁਗਤਿਆ ਹੈ..ਅਸੀਂ ਨਹੀਂ !  ਹੁਣ ਸਾਡੀ  ਹਾਲਤ ਧੋਬੀ ਦੇ ਕੁੱਤੇ ਵਰਗੀ  ਹੈ....ਨਾ ਘਰਦੇ ਤੇ ਘਾਟ ਦੇ ਰਹੇ ਹਾਂ ।

###

 ਸਾਡੇ  ਨਾਲੋਂ  ਤੇ ਉਹ ਚੰਗੇ ਹਨ ਜਿਹਨਾਂ ਦੀ ਮਾਂ ਬੋਲੀ ਹੋਰ ਹੈ ਤੇ ਪੰਜਾਬੀ ਨੂੰ  ਗਲੇ ਲਗਾ ਰਹੇ ਹਨ । ਅਸੀਂ  ਅੰਗਰੇਜ਼ੀ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਹਾਂ !

 ਇਹ ਵੀ ਸੱਚ ਹੈ :-

₹₹  ਕਿਸੇ ਕੌਨਵੈਟ ਸਕੂਲ ਦਾ ਟੂਰ ਸੀ...ਉਹ ਸ਼ਹਿਰ ਦੇ ਕਿਸੇ ਬਿਰਧ ਆਸ਼ਰਮ ਵਿੱਚ  ਵਿਦਿਆਰਥੀਆਂ ਨੂੰ  ਲੈ ਕੇ ਗਏ ਤਾਂ ਉਥੇ  ਕੀ ਭਾਣਾ  ਵਾਪਰਿਆ ..ਬਿਰਧ ਆਸ਼ਰਮ ਦੇ ਵਿੱਚ ਕਿਸੇ ਬੱਚੇ ਦੀ ਦਾਦੀ  ਤੇ ਕਿਸੇ ਦਾ ਦਾਦਾ ਸੀ।  ਉਥੋਂ ਆਪਣੀ ਦਾਦੀ ਦੇਖ ਕੇ ਇਕ ਬੱਚੇ ਨੇ ਸਵਾਲ ਕੀਤਾ  ਕਿ  "  ਦਾਦੀ ਮਾਂ ..ਇਹ ਆਪਣੇ ਕਿਹੜੇ  ਰਿਸ਼ਤੇਦਾਰ ਦਾ ਘਰ ਹੈ ? 

 ਦਾਦੀ  ਦੇ ਨੈਣ ਭਰ ਆਏ...ਦੋਵੇਂ  ਬਹੁਤ  ਰੋਣ ਲੱਗੀਆਂ ।  ਬੱਚੇ  ਨੇ ਦੱਸਿਆ  ਕਿ ਸਾਨੂੰ  ਤੇ ਕਿਹਾ ਹੈ ਕਿ ਦਾਦੀ ਆਪਣੇ  ਕਿਸੇ ਰਿਸ਼ਤੇਦਾਰ ਦੇ ਘਰ ਗਏ ਹਨ।  ਪਰ ਇਹ ਤੇ ਬਿਰਧ ਅਸ਼ਰਮ ਹੈ!

ਬੱਚੇ ਦੀ ਇਹ ਗੱਲ ਸੁਣ ਕੇ ਮਹੌਲ ਗ਼ਮਗੀਨ ਹੋ ਗਿਆ । 

 ਪੰਜਾਬੀ ਭਾਸ਼ਾ ਦੀ ਵੀ ਹਾਲਤ  ਇਹੋ ਬਣੀ ਹੈ।

 ਜੋ ਅਪਣਾਇਆ ਦੇ ਜਿਉਂਦੇ  ਜੀਅ ਬੇਗਾਨੀ ਹੋ ਕੇ ਬਿਰਧ ਆਸ਼ਰਮਾਂ ਦੇ ਵਿੱਚ  ਰੁਲ ਰਹੀ ਹੈ।  ਅਸੀਂ  ਪੰਜਾਬੀ  ਤੇ ਮਨੁੱਖ  ਹੋਣ ਦਾ ਮਾਣ ਕਰਦੇ ਹਾਂ ।

 ਇਹ ਬੋਲ ਸਾਨੂੰ  ਸੋਚਣ ਲਈ ਮਜਬੂਰ  ਕਿਉ ਨਹੀਂ ਕਰਦੇ ?

 " ਮਾਂ  ਬੋਲੀ ਨੂੰ  ਭੁੱਲ ਜਾਓਗੇ,

 ਕੱਖਾਂ ਵਾਂਗੂੰ  ਰੁਲ ਜਾਓਗੇ ! "

****

 ਆਓ ! ਪੰਜਾਬੀਓ....ਆਪਾਂ  ਪੰਜਾਬੀ  ਮਾਤ ਭਾਸ਼ਾ  ਦਾ ਸਤਿਕਾਰ  ਕਰੀਏ  ਤੇ ਨਾ ਕਿ ਬੇਗਾਨੀ ਦਾ ਅਨੰਦ ਮਾਣੀਏ।  ਜੇ ਨਹੀਂ  ਸਰਦਾ ਜਰੂਰ  ਅਨੰਦ  ਲਵੋ ਪਰ ਮਾਂ  ਬੋਲੀ ਨਾ ਵਿਸਾਰੋ ।  ਕੀਹਨੇ ਕੀਹਨੇ ਆਪਣੇ  ਘਰਾਂ ਦੇ ਵਿੱਚ  ਵਿਸਾਰਿਆ ਹੈ..ਤੁਸੀਂ  ਸਭ ਜਾਣਦੇ ਹੀ ਹੋ...ਪੰਜਾਬੀਓ !  ਦੇਖੋ ਤਾਂ ਆਪੋ ਆਪਣੇ ਗਿਰੇਵਾਨ ਵਿੱਚ ਝਾਕ ਕੇ...?

ਸ਼ਰਮ ਧਰਮ ਦਾ ਡੇਰਾ ਦੂਰਿ....ਹੋਇਆ ਕਿ ਨਹੀ ?

***

 ਬੁੱਧ  ਸਿੰਘ  ਨੀਲੋਂ--9464370823