Showing posts with label Prof Gurdial Singh. Show all posts
Showing posts with label Prof Gurdial Singh. Show all posts

Wednesday, January 10, 2018

ਪ੍ਰੋ. ਗੁਰਦਿਆਲ ਸਿੰਘ-"ਹਰਫ਼ਾਂ `ਚ ਮੱਘਦਾ ਸੂਰਜ"//ਡਾ. ਅਰਵਿੰਦਰ ਕੌਰ ਕਾਕੜਾ

ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ 
ਡਾ. ਅਰਵਿੰਦਰ ਕੌਰ ਕਾਕੜਾ 
ਪ੍ਰੋ. ਗੁਰਦਿਆਲ ਸਿੰਘ ਸਾਡੇ ਚੇਤਿਆਂ ਦੇ ਅੰਬਰ ਉਤੇ ਛਾਇਆ ਉਹ ਅਹਿਸਾਸ ਹੈ ਜਿਸਦੀ ਹਰ ਰਚਨਾ ਪਾਠਕ ਦੇ ਨਾਲ ਇੱਕ ਰਿਸ਼ਤਾ ਸਥਾਪਿਤ ਕਰ ਲੈਂਦੀ ਹੈ। ਮਨ ਅੰਦਰ ਉਪਜਦੀ ਡੂੰਘੀ ਖਿੱਚ ਵਰਤਮਾਨ ਦੇ ਅਤੀਤ ਵਿਚਲੀ ਲੀਕ ਮੇਟ ਦਿੰਦੀ ਹੈ। ਗੁਰਦਿਆਲ ਸਿੰਘ ਜੀ ਨੂੰ ਜਿਸਮਾਨੀ ਤੌਰ ਤੇ ਸਾਡੇ ਤੋਂ ਵਿਛੜਿਆਂ ਭਾਵੇਂ ਇੱਕ ਵਰ੍ਹੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹਨਾਂ ਦੀ ਜੁਦਾਈ ਵਿਚਲੇ ਖਲਾਅ ਦੀ ਪੂਰਤੀ ਉਨ੍ਹਾਂ ਦੀਆਂ ਲਿਖਤਾਂ ਰਾਹੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਲੱਗਦੀ ਹੈ ਕਿ ਸਾਹਿਤਕ ਦਾਇਰੇ ਵਿੱਚ ਵਿਚਰਦਿਆਂ ਕੁਝ ਲੇਖਕ, ਕਵੀ ਤੇ ਸਾਹਿਤਕਾਰ ਸਾਨੂੰ ਆਪਣੇ ਸਾਕ ਸਬੰਧੀ ਲੱਗਦੇ ਹਨ। ਇਹ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਚੰਗੀਆਂ ਲਿਖਤਾਂ ਨਾਲ ਸਾਡੀ ਸਾਂਝ ਜੁੜਦੀ ਹੈ ਤਾਂ ਆਪ ਮੁਹਾਰੇ ਉਸ ਲੇਖਕ ਪ੍ਰਤੀ ਸਤਿਕਾਰ ਤੇ ਮੋਹ ਭਰੀ ਭਾਵਨਾ ਫੁੱਟ ਪੈਂਦੀ ਹੈ। ਸਾਡਾ ਲਿਖਤ ਨਾਲ ਜੁੜਿਆ ਨਾਤਾ ਲੇਖਕ ਦੇ ਨਕਸ਼ਾਂ ਨੂੰ ਆਪੇ ਨੁਹਾਰ ਲੈਂਦਾ ਹੈ। ਕਈ ਵਾਰੀ ਅਸੀਂ ਲੇਖਕ ਨੂੰ ਮਿਲੇ ਵੀ ਨਹੀਂ ਹੁੰਦੇ। ਇਹ ਵਿਸ਼ਵਾਸ ਉਦੋਂ ਸੱਚ ਵਿੱਚ ਬਦਲ ਜਾਂਦਾ ਹੈ ਜੇਕਰ ਲੇਖਕ ਦੀ ਰਚਨਾ ਤੇ ਉਹਦੀ ਅਸਲ ਜ਼ਿੰਦਗੀ ਵਿੱਚ ਕੋਈ ਪਾੜਾ ਨਾ ਹੋਵੇ। ਕਈ ਵਾਰੀ ਇਹ ਭਰਮ ਟੁੱਟ ਵੀ ਜਾਂਦਾ ਹੈ ਜਦੋਂ ਲਿਖਤ ਕੁਝ ਹੋਰ ਕਹੇ ਤੇ ਲੇਖਕ ਦੀ ਜ਼ਿੰਦਗੀ ਕੋਈ ਹੋਰ ਹੋਵੇ। ਇਸ ਪੱਖੋਂ ਵੀ ਕਦੇ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਚੰਗੀਆਂ ਰਚਨਾਵਾਂ ਸਾਡੇ ਅੰਦਰ ਇਸ ਤਰ੍ਹਾਂ ਰਚ-ਮਿਚ ਜਾਂਦੀਆਂ ਹਨ ਤੇ ਸਾਡੇ ਕਦਮਾਂ ਦੇ ਨਾਲ ਤੁਰਦਿਆਂ ਇਕੱਲਤਾ ਵਿੱਚ ਵੀ ਸਾਥ ਦਿੰਦੀਆਂ ਹਨ। ਇੱਥੋਂ ਹੀ ਲੇਖਕ ਹੋਣ ਦਾ ਅਸਲ-ਅਰਥ ਸਾਹਮਣੇ ਆਉਂਦਾ ਹੈ।
ਗੁਰਦਿਆਲ ਸਿੰਘ ਅਸਲ ਰੂਪ ਵਿੱਚ ਅਜਿਹਾ ਹੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਪਾਠਕਾਂ ਦੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਦੀਆਂ ਹਨ। ਉਹ ਅਜਿਹਾ ਵਿਲੱਖਣ ਨਾਵਲਕਾਰ ਹੋਇਆ ਜਿਸ ਨੇ ਪੰਜਾਬੀ ਨਾਵਲ ਦੇ ਘੇਰੇ ਨੂੰ ਹੋਰ ਵੀ ਮੋਕਲਾ ਕਰ ਦਿੱਤਾ ਹੈ ਤੇ ਉਸ ਨੇ ਪੰਜਾਬੀ ਨਾਵਲ ਨੂੰ ਜ਼ਿੰਦਗੀ ਦੇ ਅਸਲੀਅਤ ਦੇ ਰੂ-ਬਰੂ ਕੀਤਾ।ਇੱਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋਂ ਦੇ ਮਿਹਨਤਕਸ਼ ਪਰਿਵਾਰ ਵਿੱਚ 10 ਜਨਵਰੀ 1933 ਨੂੰ ਪੈਦਾ ਹੋਏ ਇਸ ਨਾਵਲਕਾਰ ਨੇ ਪੰਜਾਬ ਦੇ ਨਾਵਲ ਦਾ ਨਾਮ ਵਿਸ਼ਵ-ਪੱਧਰ ਤੇ ਰੌਸ਼ਨ ਕੀਤਾ।
ਪ੍ਰੋ. ਗੁਰਦਿਆਲ ਸਿੰਘ ਜੀ ਨਾਲ ਮੇਰਾ ਉਹ ਰਿਸ਼ਤਾ ਹੈ ਜੋ ਉਨ੍ਹਾਂ ਨਾਲ ਕੀਤੀ ਮੁਲਾਕਾਤ ਤੋਂ ਪਹਿਲਾਂ ਪੈਦਾ ਹੋਇਆ ਤੇ ਉਨਾਂ ਦੇ ਜਿਸਮਾਨੀ ਤੌਰ ਤੇ ਜੁਦਾ ਹੋਣ ਤੋਂ ਬਾਅਦ ਵੀ ਜਿਉਂਦਾ ਰਹੇਗਾ। ਇਹ ਗੱਲ ਵਾਜਿਬ ਹੈ ਕਿ ਲੇਖਕ ਨੂੰ ਉਸ ਦੀ ਰਚਨਾ ਅਮਰ ਕਰਦੀ ਹੈ।ਇੱਕ ਚੰਗੀ ਲਿਖਤ ਲੋਕ-ਕਚਹਿਰੀ ਵਿੱਚ ਪੇਸ਼ ਹੋਣ ਤੋਂ ਬਾਅਦ ਲੋਕਾਂ ਦੀ ਹੀ ਬਣ ਕੇ ਰਹਿ ਜਾਂਦੀ ਹੈ। ਅਜਿਹੀ ਲਿਖਤ ਹੀ ਮਾਨਵੀਂ ਅਹਿਸਾਸਾਂ ਦੀ ਬਾਤ-ਪਾਉਂਦੀ ਹੈ ਤੇ ਸਮਾਜਿਕ ਸਰੋਕਾਰ ਨਾਲ ਲਬਰੇਜ਼ ਹੋ ਕੇ ਸਮਾਜ ਵਿੱਚ ਹੋ ਰਹੀ ਧੱਕਾਸ਼ਾਹੀ ਵਿਰੁੱਧ ਖੜ੍ਹਦੀ ਹੈ। ਇਹ ਹੀ ਸਮਾਜ ਵਿੱਚ ਪਸਰੇ ਹਨੇਰੇ ਦੀਆਂ ਬਹੁ-ਪੱਖੀ ਤੰਦਾਂ ਲੋਕਾਂ ਸਾਹਵੇਂ ਖੋਲਦੀ ਚੇਤੰਨਤਾ ਦਾ ਪਾਸਾਰ ਕਰਦੀ ਹੈ। ਗੁਰਦਿਆਲ ਸਿੰਘ ਅਜਿਹਾ ਹੀ ਨਾਵਲਕਾਰ ਹੈ ਜਿਸਨੇ ਆਪਣੇ ਨਾਵਲਾਂ ਵਿੱਚ ਕਿਰਤੀ ਵਰਗ ਦੇ ਯਥਾਰਥ ਨੂੰ ਕਲਾਤਮਿਕ ਜਾਮਾ ਪਹਿਨਾਇਆ। ਜਿਉਂ-ਜਿਉਂ ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਸਾਡੀ ਵਾਕਫ਼ੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਗੁਰਦਿਆਲ ਸਿੰਘ ਦੀ ਲੋਕ-ਪੱਖੀ ਤੇ ਯਥਾਰਥਵਾਦੀ ਦ੍ਰਿਸ਼ਟੀ ਸਾਹਮਣੇ ਆਉਂਦੀ ਜਾਂਦੀ ਹੈ। ਮੈਂ ਗੁਰਦਿਆਲ ਸਿੰਘ ਦੀਆਂ ਕੁੱਝ ਕਹਾਣੀਆਂ ਸਕੂਲ ਪੜ੍ਹਦਿਆਂ ਸਿਲੇਬਸ ਵਿੱਚ ਪੜ੍ਹੀਆਂ ਸਨ। ਉਦੋਂ ਮੇਰੇ ਲਈ ਕੋਈ ਖਾਸ ਨਹੀਂ ਸੀ ਸਿਰਫ ਇੱਕ ਪਾਠ ਦਾ ਲੇਖਕ ਹੀ ਸੀ। ਉਸ ਤੋਂ ਬਾਅਦ ਕਾਲਜ ਵਿੱਚ ਬੀ.ਏ. ਜਮਾਤ ਦੇ ਸਿਲੇਬਸ ਵਿੱਚ ਲੱਗਿਆ ਨਾਵਲ ‘ਮੜ੍ਹੀ ਦਾ ਦੀਵਾ’ ਪੜ੍ਹਦਿਆਂ ਉਦੋਂ ਨਾਵਲ ਦੀ ਤਹਿ ਤੱਕ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ। ਪੇਪਰਾਂ ਵਾਸਤੇ ਭਾਵੇਂ ਨਾਵਲ ਦਾ ਵਿਸ਼ਾ ਵਸਤੂ ਤੇ ਸਾਰ ਜ਼ੁਬਾਨੀ ਯਾਦ ਕਰ ਲਿਆ ਜਾਂਦਾ ਸੀ। ਉਸ ਰਚਨਾ ਦੇ ਬਾਹਰੀ ਤੇ ਅੰਦਰੂਨੀ ਬਹੁ-ਪੱਖਾਂ ਵੱਲ ਧਿਆਨ ਖਿੱਚਿਆ ਜਾਣਾ ਮੇਰੇ ਲਈ ਦੂਰ ਦੀ ਗੱਲ ਸੀ। ਉਸੇ ਹੀ ਸਮੇਂ ਗੁਰਦਿਆਲ ਸਿੰਘ ਨੂੰ ਵੇਖਣ ਦਾ ਮੌਕਾ ਵੀ ਮਿਲਿਆ ਜਦੋਂ ਕਾਲਜ ਵਿੱਚ ਉਨ੍ਹਾਂ ਦਾ ਪੰਜਾਬੀ ਵਿਭਾਗ ਵੱਲੋਂ ਰੂ-ਬਰੂ ਕਰਵਾਇਆ ਗਿਆ। ਸਾਡੇ ਪ੍ਰੋ. ਸਹਿਬਾਨ ਨੇ ਵੀ ਉਨ੍ਹਾਂ ਨੂੰ ਵੱਡੇ ਨਾਵਲਕਾਰ ਦੇ ਤੋਰ ਤੇ ਪੇਸ਼ ਕਰਦੇ ਹੋਏ ਉਨਾਂ ਦੀ ਸ਼ਖਸੀਅਤ ਦੇ ਵੀ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਜ਼ਿੰਦਗੀ ਦੀ ਕਹਾਣੀ ਤੇ ਸਾਹਿਤਕ ਸਫ਼ਰ ਬਾਰੇ ਗੁਰਦਿਆਲ ਸਿੰਘ ਹੋਰਾਂ ਨੇ ਖੋਲ੍ਹ ਕੇ ਦੱਸਿਆ। ਕਵਿਤਾ ਵਿੱਚ ਰੁਚੀ ਹੋਣ ਕਰਕੇ ਕਵੀਆਂ ਬਾਰੇ ਮੇਰੇ ਅੰਦਰ ਜਾਨਣ ਦੀ ਭਾਵਨਾ ਸ਼ਿੱਦਤ ਨਾਲ ਜਾਗਦੀ ਸੀ। ਉਦੋਂ ਮੈਨੂੰ ਤਾਂ ਸਿਰਫ਼ ਇਹ ਹੀ ਯਾਦ ਸੀ ਕਿ ਅਸਮਾਨੀ ਪੱਗ, ਚਿੱਟਾ ਕੁੜਤਾ ਤੇ ਸਲੇਠੀ ਪੈਂਟ ਪਾਈ ਪਤਲਾ ਜਿਹਾ ਇਹ ਨਾਵਲਕਾਰ ਕਿੰਨਾਂ ਸਾਧਾਰਨ, ਸਾਊ ਤੇ ਸ਼ਰੀਫ਼ ਵਿਅਕਤੀ ਹੈ। ਜਦੋਂ ਵੀ ਕਦੇ ਪ੍ਰੋ. ਗੁਰਦਿਆਲ ਸਿੰਘ ਦੀ ਗੱਲ ਤੁਰਦੀ ਤਾਂ ਅਜਿਹੀ ਸ਼ਖਸੀਅਤ ਦੀ ਬਾਹਰੀ ਦਿੱਖ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ।
ਵਕਤ ਨੇ ਉਸ ਸਮੇਂ ਕਰਵਟ ਲਈ ਜਦੋਂ ਕਾਲਜ ਵਿੱਚ ਐਮ.ਏ ਜਮਾਤ ਨੂੰ ਗਲਪ ਦਾ ਪੇਪਰ ਪੜਾਉਂਦਿਆਂ ਮੇਰਾ ਡੂੰਘਾ ਵਾਸਤਾ ਨਾਵਲ ਤੇ ਕਹਾਣੀ ਨਾਲ ਜੁੜਿਆ ਮਨ ਅੰਦਰ ਨਾਵਲਕਾਰਾਂ ਪ੍ਰਤੀ ਜਾਨਣ ਲਈ ਜਗਿਆਸਾ ਪੈਦਾ ਹੋਈ। ਗੁਰਦਿਆਲ ਸਿੰਘ ਹੋਰਾਂ ਦਾ ‘ਪਰਸਾ’ ਨਾਵਲ ਸਿਲੇਬਸ ਵਿੱਚ ਲੱਗਾ ਹੋਇਆ ਸੀ। ਮੇਰੇ ਲਈ ਨਾਵਲ ਦੀ ਵਿਧਾ, ਰੂਪ ਤੇ ਵਿਸ਼ਾਗਤ ਡੂੰਘਾ ਅਧਿਐਨ ਕਰਨਾ ਜਰੂਰੀ ਸੀ। ਕਈ ਵਿਦਵਾਨ ਦੋਸਤਾਂ ਨੇ ਮੈਨੂੰ ਕਈ ਨਾਵਲ ਦੀਆਂ ਸਿਧਾਂਤਕ ਪੁਸਤਕਾਂ ਪੜ੍ਹਣ ਦੀ ਸਲਾਹ ਦਿੱਤੀ। ਮੁੱਢਲੇ ਦੌਰ ਦੇ ਨਾਵਲਕਾਰ ਤੋਂ ਲੈ ਆਧੁਨਿਕ ਨਾਵਲਕਾਰਾਂ ਦੇ ਚੰਗੇ ਨਾਵਲ ਪੜ੍ਹਣ ਲਈ ਕਿਹਾ।ਫਿਰ ਕਈ ਨਾਵਲਾਂ ਨਾਲ ਵਾਸਤਾ ਪਿਆ ਤੇ ਜਦੋਂ "ਪਰਸਾ" ਨਾਵਲ ਪੜ੍ਹਣਾ ਸ਼ੁਰੂ ਕੀਤਾ ਤਾਂ ਇਸ ਨਾਵਲ ਨੇ ਮੈਨੂੰ ਪੰਜਾਬੀ ਨਾਵਲ ਵੱਲ ਐਸਾ ਖਿੱਚਿਆ ਕਿ ਕਈ ਨਾਵਲ ਪੜ੍ਹਣੇ ਹੀ ਨਹੀਂ ਸਗੋਂ ਨਾਵਲਾਂ ਬਾਰੇ ਸੋਚਣਾ ਵੀ ਸ਼ੁਰੂ ਕੀਤਾ।
ਇਹੀ ਇਸ ਨਾਵਲਕਾਰ ਦੀ ਲਿਖਤ ਕਲਾ ਦੀ ਸ਼ਕਤੀ ਹੈ।ਜਿਸ ਨੂੰ ਪੜ੍ਹਦਿਆਂ ਮਾਲਵੇ ਦੇ ਲੋਕ ਜੀਵਨ ਦੀ ਝਲਕ ਸਹਿਜੇ ਨੂੰ ਦਿੱਖ ਜਾਂਦੀ ਹੈ। ਉਨ੍ਹਾਂ ਦੇ ਨਾਵਲ ‘ਮੜ੍ਹੀ ਦਾ ਦੀਵਾ’ ਪੰਜਾਬੀ ਨਾਵਲ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਸਾਰੇ ਨਾਵਲ ਅਣਖ, ਪੇਂਡੂ ਜੀਵਨ, ਪਿਛਾਕੜੀ ਸੋਚ, ਪੂਰਵ-ਪੂੰਜੀਵਾਦ ਦੇ ਕਈ ਪੱਖਾਂ ਨੂੰ ਬੇਬਾਕੀ ਨਾਲ ਪੇਸ਼ ਕਰਦੇ ਹਨ।ਗੁਰਦਿਆਲ ਸਿੰਘ ਨੇ ਪੇਂਡੂ ਜੀਵਨ ਖ਼ਾਸ ਕਰਕੇ ਕਿਰਤੀ ਵਰਗ, ਕਿਸ਼ਾਨਾਂ, ਔਰਤ ਆਦਿ ਦੀ ਜ਼ਿੰਦਗੀ ਨੂੰ ਨੇੜੇ ਤੋਂ ਤੱਕਦਿਆਂ ਉਨਾਂ ਦੀ ਅਜਿਹੀ ਸਥਿਤੀ ਪਿਛਲੇ ਕਾਰਨਾਂ ਨੂੰ ਵੀ ਢੂੰਡਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖੀ ਰਿਸ਼ਤੇ, ਸਮਾਜਿਕ ਰਿਸ਼ਤੇ ਤੇ ਪੈਦਾਵਾਰੀ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਆਪਣੀਆਂ ਲਿਖਤਾਂ ਵਿੱਚੋਂ ਉਜਾਗਰ ਕੀਤਾ ਹੈ।ਪੰਜਾਬੀ ਨਾਵਲ ਦੇ ਵਿੱਚ ਦੱਬੇ-ਕੁਚਲੇ ਵਰਗ ਨੂੰ ਨਾਇਕ ਬਣਾ ਕੇ ਪੇਸ਼ ਕਰਨਾ ਤੇ ਕਿਰਤ ਸ਼ਕਤੀ ਦੀ ਪੈਰਵੀ ਕਰਨਾ ਹੀ ਗੁਰਦਿਆਲ ਸਿੰਘ ਦੀ ਰਚਨਾਵਾਂ ਦਾ ਸ਼ਾਹੀ ਗੁਣ ਹੈ।ਨਿਮਾਣੇ, ਅਣਹੋਇਆ ਵਰਗੇ ਲੋਕਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗੁਰਦਿਆਲ ਸਿੰਘ ਨੇ ਜਗਸ਼ੀਰ, ਬਿਸ਼ਨੇ ਤੇ ਮੋਦਨ ਵਰਗੇ ਅਜਿਹੇ ਨਾਇਕ ਨਾਵਲਾਂ ਵਿੱਚ ਪੇਸ਼ ਕਰਕੇ ਲੁੱਟੀ ਜਾ ਰਹੀ ਸ਼੍ਰੇਣੀ ਦੀ ਗੱਲ ਤੋਰੀ  ਤੇ ਆਪਣਾ ਨਾਮ ਪ੍ਰਗਤੀਵਾਦੀ ਨਾਵਲਕਾਰਾਂ ਵਿੱਚ ਸ਼ਾਮਲ ਕਰਵਾਇਆ
ਗੁਰਦਿਆਲ ਸਿੰਘ ਦੀ ਸ਼ਖਸੀਅਤ ਦਾ ਇੱਕ ਨਿਵਕਲਾ ਪੱਖ ਇਹ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਚੰਗੀਆਂ ਲਿਖਤਾਂ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਵੀ ਕਰਦੇ ਸਨ। ਮੈਨੂੰ ਯਾਦ ਹੈ ਜਦੋਂ 10 ਦਸੰਬਰ 2010 ਨੂੰ "ਪੰਜਾਬੀ ਟ੍ਰਿਬਿਊਨ" ਵਿੱਚ ਸੰਪਾਦਕੀ ਪੰਨੇ ਤੇ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ’ ਮੇਰਾ ਆਰਟੀਕਲ ਛਪਿਆ। ਅਜੇ ਮੈਂ ਅਖ਼ਬਾਰ ਵੇਖਿਆ ਹੀ ਨਹੀਂ ਸੀ ਕਿ ਅਚਾਨਕ ਹੀ ਮੋਬਾਈਲ ਦੀ ਰਿੰਗ ਵੱਜੀ.... ਅਣਜਾਨ ਜਿਹਾ ਨੰਬਰ........ ਸਮਝ ਨਾ ਆਇਆ ਕਿਸ ਦਾ ਹੈ ....... ਕਾਹਲੀ ਨਾਲ ਮੋਬਾਈਲ ਚੁੱਕਿਆ ਇੱਕ ਹੋਲੀ ਜਹੀ ਮੱਧਮ ਜਹੀ ਅਵਾਜ਼........ਅੱਗੋਂ ਸੁਣਾਈ ਦਿੱਤੀ....... ‘ਅਰਵਿੰਦਰ ਮੈਂ ਗੁਰਦਿਆਲ ਸਿੰਘ ਜੈਤੋਂ ਬੋਲ ਰਿਹਾ ਹਾਂ’।... ਅਵਾਜ਼ ਵਿੱਚਲੀ ਅੱਪਣਤ ਨੇ ....... ਮੈਨੂੰ ਇੱਕ ਦਮ ਖਿੱਚ ਲਿਆ ਇਉਂ ਲੱਗਿਆ ਜਿਵੇਂ ਕਿੰਨੀ ਵੀ ਉਨਾਂ ਨਾਲ ਡੂੰਘੀ ਸਾਂਝ ਹੋਵੇ...... ਮਿਲਣਾ ਤਾਂ ਮੈਂ ਚਾਹੁੰਦੀ ਸਾਂ ਪਰ ਇਹ ਕੀ........ ਇਹ ਫੋਨ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚਮੁੱਚ ਪ੍ਰੋ. ਗੁਰਦਿਆਲ ਸਿੰਘ ਜੀ  ਬੋਲ ਰਹੇ ਨੇ......... ਮੇਰੀ ਖੁਸ਼ੀ ਦੀ ਟਿਕਾਣਾ ਨਾ ਰਿਹਾ........ 20-25 ਮਿੰਟ ਮੇਰੇ ਨਾਲ ਗੱਲਾਂ ਕਰਦੇ ਰਹੇ....... ਤੇ ਆਖਦੇ ਰਹੇ....... ‘‘ਪੜ੍ਹਿਆ ਕਰ........ ਚੰਗਾ ਲਿਖਿਆ ਕਰ।’’ ਬਸ ਮੈਂ ਉਡੀਕ ਕਰਦਾ ਰਹਾਂਗਾ ਤੇਰੀਆਂ ਲਿਖਤਾਂ ਦੀ........ ਇਹ ਗੱਲ ਸੱਚੀ ਨਿਕਲੀ। ਜਦੋਂ ਵੀ ਮੇਰਾ ਆਰਟੀਕਲ ਆਉਂਦਾ........ ਉਨ੍ਹਾਂ ਦਾ ਦਿੱਤਾ ਗਿਆ ਹੌਸਲਾ ਮੈਨੂੰ ਹੋਰ ਵੀ ਉਤਸ਼ਾਹਿਤ ਕਰਦਾ ਰਿਹਾ। ਮੈਨੂੰ ਉਨ੍ਹਾਂ ਦੇ ਫੋਨ ਦੀ ਉਡੀਕ ਰਹਿੰਦੀ...... ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ ਉਨ੍ਹਾਂ ਨਾਲ ਬਠਿੰਡੇ ਟੀਚਰਜ਼ ਹੋਮ’ ਵਿੱਚ ਬਹੁਤ ਵਾਰੀ ਬੈਠ ਕੇ ਅਜੋਕੇ ਸਾਹਿਤ ਤੇ ਸਹਿਤ ਸਭਾਵਾਂ ਬਾਰੇ ਗੱਲਾਂ ਕੀਤੀਆਂ ਜੋ ਮੇਰੀਆਂ ਚੇਤਿਆਂ ’ਚ ਕੈਦ ਹਨ ਤੇ ਵਕਤ-ਵਕਤ ਤੇ ਮੈਨੂੰ ਨਸੀਹਤ ਦਿੰਦੀਆਂ ਰਹਿਣਗੀਆਂ।
ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਹੋਏ 40 ਸਾਲ ਤੋਂ  ਜਿਆਦਾ ਸਮਾਂ ਅਧਿਆਪਨ ਕਾਰਜ ਨਿਭਾਇਆ। ਉਨ੍ਹਾਂ ਦੇ ‘ਮੜ੍ਹੀ ਦਾ ਦੀਵਾ’, ‘ਅਣਹੋਏ’, ‘ਕੁਵੇਲਾ’, ‘ਅੱਧ ਚਾਨਣੀ ਰਾਤ’, ‘ਆਥਣ ਉਗਣ’, ‘ਪਹੁ-ਫੁਟਾਲੇ ਤੋਂ ਪਹਿਲਾਂ’, ‘ਪਰਸਾ’,‘ਰੇਤ ਦੀ ਇੱਕ ਮੁੱਠੀ, ‘ਆਹਣ’, ‘ਅੰਨੇ ਘੋੜੇ ਦਾ ਦਾਨ’ ਕਾਫੀ ਚਰਚਿਤ ਨਾਵਲ ਰਹੇ। ਉਹਨਾਂ ਨੇ 12 ਕਹਾਣੀ ਸੰਗ੍ਰਹਿ 3 ਨਾਟਕ ਸੰਗ੍ਰਹਿ, 2 ਲੇਖ ਸੰਗ੍ਰਹਿ, ਇੱਕ ਖੋਜ ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਹਨ। ਉਨ੍ਹਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਚੁੱਕੇ ਹਨ। ‘ਮੜ੍ਹੀ ਦਾ ਦੀਵਾ’ ਤੇ ‘ਅੰਨੇ ਘੋੜੇ ਦਾ ਦਾਨ’ ਨਾਵਲ ਤੇ ਬਣੀ ਫਿਲਮ ਨੇ ਵਿਸ਼ਵ ‘ਚ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਭਾਵੇਂ ‘ਗਿਆਨਪੀਠ ਪੁਰਸਕਾਰ’ ਪਦਮ ਸ਼੍ਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਪਰ ਜੋ ਪਿਆਰ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਉਸ ਤੋਂ ਵੱਡਾ ਹੋਰ ਕੋਈ ਪੁਰਸਕਾਰ ਨਹੀਂ ਹੈ।
ਇਸ ਮਕਬੂਲ ਨਾਵਲਕਾਰ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਤੇ ਸਾਹਿਤਕ ਕਿਰਤ ਦੀ ਅਸਲ ਪਹਿਚਾਣ ਦਾ ਹੋਕਾ ਦੇਣ ਲਈ ਉਨ੍ਹਾਂ ਦੇ ਜਨਮ ਦਿਨ ਉਤੇ 10 ਜਨਵਰੀ ਨੂੰ ਜੈਤੋਂ ਮੰਡੀ ਵਿੱਚ ਗੁਰਦਿਆਲ ਸਿੰਘ ਦਿਵਸ ਮਨਾਇਆ ਜਾ ਰਿਹਾ ਹੈ। ਕਰੀਬ 83 ਵਰ੍ਹੇ ਦੀ ਉਮਰ ਦੇ ਆਖਰ ਤੱਕ ਲੋਕ ਸਰੋਕਾਰਾਂ ਨਾਲ ਪਰਨਾਏ ਤੇ ਲੋਕ ਸੰਘਰਸ਼ੀ ਰਾਹਾਂ ਦੀ ਹਮਾਇਤ ਕਰਦੇ ਸ਼੍ਰੋਮਣੀ ਨਾਵਲਕਾਰ ਨੂੰ ਪੰਜਾਬੀ ਸਾਹਿਤ ਜਗਤ ਦਿਲੋਂ ਪ੍ਰਣਾਮ ਕਰਦਾ ਹੈ।
ਡਾ. ਅਰਵਿੰਦਰ ਕੌਰ ਕਾਕੜਾ ਲੋਕਾਂ ਨਾਲ ਜੁੜੇ ਸਰੋਕਾਰਾਂ ਬਾਰੇ ਲਿਖ ਵਾਲੀ ਸਾਹਿਤਿਕ ਪੱਤਰਕਾਰ ਹਨ ਅਤੇ ਪਬਲਿਕ ਕਾਲਜ ਸਮਾਣਾ ਵਿੱਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੇ ਹਨ। ਉਹਨਾਂ ਦਾ ਮੋਬਾਇਲ ਨੰਬਰ ਹੈ: 94636-15536

  

Thursday, August 18, 2016

ਪੰਜਾਬੀ ਨਾਵਲ ਦੇ ਸਮਾਜ-ਸ਼ਾਸ਼ਤਰੀ ਦਾ ਚਿਹਰਾ ਹੋਇਆ ਗੁੰਮ-ਲਾਲ ਸਿੰਘ ਦਸੂਹਾ

Thu, Aug 18, 2016 at 7:58 AM
ਨਾਵਲਕਾਰ ਗੁਰਦਿਆਲ ਸਿੰਘ ਜੈਤੋ ਦੀ ਮੌਤ ਦੀ ਦੁੱਖ ਦਾ ਪ੍ਰਗਟਾਵਾ
ਦਸੂਹਾ: 18 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਗਿਆਨ ਪੀਠ ਪੁਰਸਕਾਰ ਜੇਤੂ ਨਵਾਲਕਾਰ ਗੁਰਦਿਆਲ ਸਿੰਘ ਦੇ ਅਚਾਨਕ ਦੇਹਾਂਤ ਹੋਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ । ਕਹਾਣੀਕਾਰ ਲਾਲ ਸਿੰਘ ਸਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਗੁਰਦਿਆਲ ਸਿੰਘ ਦਾ ਨਾਂ ਲੈਦਿਆਂ ਪੰਜਾਬੀ ਨਾਵਲ ਦਾ ਉਹ ਚਿਹਰਾ ਇੱਕ ਦਮ ਸਾਹਮਣੇ ਆ ਜਾਂਦਾ ਹੈ, ਜਿਸਨੇ ਮੜੀ ਦਾ ਦੀਵਿਆਂ , ਅਣਹੋਇਆ ਜਿਹੇ ਅਨੇਕਾਂ ਅਣਗੋਲੇ, ਪਾਤਰਾਂ ਦੀ ਹੋਂਦ ਭਾਰਤੀ/ਪੰਜਾਬੀ ਸਮਾਜਿਕ, ਸੱਭਿਆਚਾਰਕ ਚਿੱਤਰਪੱਟ ਤੇ ਇਸ ਢੰਗ ਨਾਲ ਉਜਾਗਰ ਕੀਤੀ ਕਿ ਉਹ ਕਿਰਦਾਰ ਭਾਰਤੀ ਪੱਧਰ ਦੇ ਪਾਤਰਾਂ ਨਾਲ ਆਪਣਾ ਕੱਦ ਮੇਚਣ ਲੱਗ ਪਏ। ਗੁਰਦਿਆਲ ਸਿੰਘ ਦੇ ਚਲੇ ਜਾਣ ਨਾਲ ਪੰਜਾਬੀ ਨਾਵਲ ਦਾ ਸਮਾਜ-ਸ਼ਾਸ਼ਤਰੀ ਚਿਹਰਾ ਹੀ ਗੁੰਮ ਨਹੀ ਹੋਇਆ ਸਗੋਂ ਨਾਵਲ ਦੇ ਇਤਿਹਾਸ ਦੇ ਇੱਕ ਵੱਡੇ ਥੰਮ ਦੇ ਡਿੱਗ ਜਾਣ ਵਰਗਾ ਅਹਿਸਾਸ ਮੇਰੇ ਤਨ ਬਦਨ ਤੇ ਹਾਵੀ ਹੋਇਆ ਜਾਪਦਾ ਹੈ। ਉਸਦਾ ਵਿਯੋਗ ਭੁੱਲ ਜਾਣ ਲਈ  ਸਮੇਂ ਦੀ ਸੀਮਾ ਮਿਥਣੀ ਉਸਦੇ ਹੋਰਨਾਂ ਪਾਠਕਾਂ ਵਾਂਗ ਮੈਨੂੰ ਵੀ ਬੇ-ਹੱਕ ਦੁਸ਼ਵਾਰ ਜਾਪ ਰਹੀ ਹੈ। ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਇੱਕ ਚੰਗੇ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸਨ।  ਗੁਰਦਿਆਲ ਸਿੰਘ ਦੇ 9 ਨਾਵਲ, 10 ਕਹਾਣੀਆਂ ਸੰਗ੍ਰਹਿ, 3 ਵਾਰਤਕ ਕਿਤਾਬਾਂ, 10 ਬਾਲ ਸਾਹਿਤ ਸੰਗ੍ਰਹਿ, 3 ਨਾਟਕ ਅਤੇ 4 ਹੋਰ ਕਿਤਾਬਾਂ ਦਾ ਪੰਜਾਬੀ ਸਾਹਿਤ ਵਿਚ ਆਪਣਾ ਵਿਲੱਖਣ ਯੋਗਦਾਨ ਹੈ । ਉਹਨਾਂ ਦੀਆਂ 9 ਕਿਤਾਬਾਂ ਦਾ ਹਿੰਦੀ ਵਿਚ ਅਤੇ 3 ਨਾਵਲਾਂ ਦਾ ਅੰਗਰੇਜੀ ਵਿਚ ਅਨੁਵਾਦ ਅਤੇ ਮੜੀ ਦਾ ਦੀਵਾ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਹੋਣਾ ਪੰਜਾਬੀ ਜੁਬਾਨ ਲਈ ਫ਼ਖਰ ਦੀ ਗੱਲ ਹੈ । ਪ੍ਰੋ. ਗੁਰਦਿਆਲ ਸਿੰਘ ਜੈਤੋ ਨੂੰ ਮਿਲੇ ਪਦਮਸ੍ਰੀ, ਸਾਹਿਤ ਅਕਾਦਮੀ, ਸ਼੍ਰੋਮਣੀ ਸਾਹਿਤਕਾਰ, ਪੰਜਾਬੀ ਅਕਾਦਮੀ ਅਤੇ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਭਾਰਤੀ ਗਿਆਨ ਪੀਠ ਪੁਰਸਕਾਰ ਨਾਲ ਉਹਨਾਂ ਪੰਜਾਬੀ ਜੁਬਾਨ ਨੂੰ ਪ੍ਰਫੁੱਲਤ ਕਰਨ ਵਿੱਚ ਪੂਰਾ ਯੋਗਦਾਨ ਪਾਇਆ।

Tuesday, August 16, 2016

ਪ੍ਰੋ. ਗੁਰਦਿਆਲ ਸਿੰਘ ਦਾ ਸਦੀਵੀ ਵਿਛੋੜਾ- ਝੰਜੋੜਿਆ ਗਿਆ ਸਾਹਿਤ ਜਗਤ

Tue, Aug 16, 2016 at 4:26 PM
ਆਮ ਲੋਕਾਂ ਦੇ ਸੰਘਰਸ਼ਾਂ ਦਾ ਲੇਖਕ ਬਣਿਆ ਰਹੇਗਾ ਰਚਨਾਵਾਂ ਰਾਹੀਂ ਪ੍ਰੇਰਨਾ ਸਰੋਤ 
ਲੁਧਿਆਣਾ: 16 ਅਗਸਤ, 2016: (ਪੰਜਾਬ ਸਕਰੀਨ ਬਿਊਰੋ):  
ਅੱਜ ਦੁਪਹਿਰ ਇਹ ਖ਼ਬਰ ਆਈ ਕਿ ਪ੍ਰੋ. ਗੁਰਦਿਆਲ ਸਿੰਘ ਜੋ ਗਿਆਨਪੀਠ ਸਨਮਾਨ ਜਿੱਤ ਕੇ ਪੰਜਾਬੀ ਸਾਹਿਤ ਜਗਤ ਦਾ ਮਾਣ ਸਨ, ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਨਮਾਨਿਤ ਆਜੀਵਨ ਮੈਂਬਰ ਸਨ। ਉਨ੍ਹਾਂ ਦੇ ਨਾਵਲਾਂ ਤੇ ਹੋਰ ਲਿਖਤਾਂ ਦੀ ਪੰਜਾਬੀ ਲੋਕ ਮਨ ਵਿੱਚ ਇੱਕ ਵਿਸ਼ੇਸ਼ ਥਾਂ ਹੈ। ਉਨ੍ਹਾਂ ਦੇ ਸਦੀਵੀ ਵਿਛੋੜੇ ਦੀ ਖ਼ਬਰ ਨਾਲ਼ ਸਮੁੱਚਾ ਸਾਹਿਤ ਜਗਤ ਝੰਜੋੜਿਆ ਗਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਇਸ ਮੌਕੇ ਗਹਿਰਾ ਦੁੱਖ ਪ੍ਰਗਟ ਕਰਦਿਆਂ  ਕਿਹਾ-
ਅੱਜ ਦੁਪਹਿਰ ਜਦੋਂ ਪ੍ਰੋ. ਗੁਰਦਿਆਲ ਸਿੰਘ ਦੇ ਅੰਦਰ ਤੱਕ ਝੰਜੋੜ ਦੇਣ ਵਾਲ਼ੀ ਖ਼ਬਰ ਕਿ ਉਹ ਸਦੀਵੀ ਵਿਛੋੜਾ ਦੇ ਗਏ ਹਨ, ਸੁਣੀ ਤਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕਹਾਣੀ ‘‘ਇੱਕ ਯੋਧੇ ਦਾ ਚਲਾਣਾ’’ ਯਾਦ ਆਈ। ਪ੍ਰੋ. ਗੁਰਦਿਆਲ ਸਿੰਘ ਭਾਰਤੀ ਸਾਹਿਤਕਾਰਾਂ ਦੀ ਪ੍ਰੰਪਰਾ ਦੇ ਇੱਕ ਵੱਡੇ ਦਿੱਗਜ ਸਨ। ਇਸ ਪ੍ਰੰਪਰਾ ਦੀ ਸ਼ੁਰੂਆਤ ਉਰਦੂ ਦੇ ਵੱਡੇ ਨਾਮਣੇ ਵਾਲ਼ੇ ਕਥਾਕਾਰ ਨਾਲ਼ ਹੋਈ ਸੀ, ਜਿਸ ਨੂੰ ਭਾਰਤੀ ਲੋਕ ਮਨ ਦੀ ਆਤਮਾ ਦੀ ਪੀੜ ਨੂੰ ਸਮਝਿਆ ਸੀ- ਸਾਡੀ ਮੁਰਾਦ ਮੁਨਸ਼ੀ ਪ੍ਰੇਮਚੰਦ ਤੋਂ ਹੈ। ਪ੍ਰੋ. ਗੁਰਦਿਆਲ ਸਿੰਘ ਨੂੰ ਹਿੰਦੀ ਦੇ ਵੱਡੇ ਨਾਮਵਰ ਚਿੰਤਕ ਪ੍ਰੋ. ਨਾਮਵਰ ਸਿੰਘ ਨੇ ਪੰਜਾਬੀ ਵਿੱਚ ਲਿਖਣ ਵਾਲ਼ਾ ਭਾਰਤੀ ਨਾਵਲਕਾਰ ਕਹਿ ਕੇ ਮਾਣ ਦਿੱਤਾ ਹੈ। ਮੁਨਸ਼ੀ ਪ੍ਰੇਮਚੰਦ ਦੇ ਪਾਏ ਪੂਰਣਿਆਂ ਨੂੰ ਹੋਰ ਗੂੜ੍ਹੇ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਹਾਸ਼ੀਏ ’ਤੇ ਸੁੱਟ ਦਿੱਤੇ ਗਏ ਉਸ ਕਿਰਤੀ ਵਰਗ ਨੂੰ ਆਪਣੇ ਗਲਪ ਵਿੱਚ ਥਾਂ ਦਿੱਤੀ, ਜਿਸ ਨੂੰ ਨਾ ਕੇਵਲ ਉਸਦੀ ਕਿਰਤ ਦੇ ਮੁੱਲ ਤੋਂ ਵਾਂਝਾ ਕੀਤਾ ਗਿਆ ਸੀ ਸਗੋਂ ਉਸ ਦੇ ਸਵੈਮਾਣ ਨੂੰ ਵੀ ਮਿੱਧ-ਮਧੋਲ਼ ਦਿੱਤਾ ਸੀ। ਜ਼ਿੰਦਗੀ ਦੇ ਸਾਰੇ ਸੁੱਖਾਂ ਅਤੇ ਸਮਾਜਿਕ ਨਿਆਂ ਤੋਂ ਵੰਚਿਤ ਕਰ ਦਿੱਤੇ ਗਏ। ਜਿਸ ਕਿਰਤੀ ਵਰਗ ਨੂੰ ਖ਼ਾਮੋਸ਼ ਕਰ ਦਿੱਤਾ ਗਿਆ ਸੀ, ਪ੍ਰੋ. ਗੁਰਦਿਆਲ ਸਿੰਘ ਨੇ ਉਸ ਦੀ ਆਤਮਾ ਦੀ ਚੀਤਕਾਰ ਨੂੰ ਸੁਣਿਆ ਵੀ ਅਤੇ ਉਸ ਨੂੰ ਕਲਾਤਮਕ ਸੁਰ ਵਿੱਚ ਜ਼ੁਬਾਨ ਦਿੱਤੀ। ਜਗਸੀਰ ਤੇ ਰੌਣਕ ਨਾਵਲ ਮੜ੍ਹੀ ਦਾ ਦੀਵਾ, ਮੋਦਮ ਤੇ ਦਾਨੀ ਨਾਵਲ ਅੱਧ ਚਾਨ੍ਹਣੀ ਰਾਤ, ਬਿਸ਼ਨਾ ਨਾਵਲ ਅਣਹੋਏ, ਪਰਸਾ ਤੇ ਮੁਖਤਿਆਰੋ ਨਾਵਲ ਪਰਸਾ ਆਦਿ ਅਜਿਹੇ ਅਮਰ ਪਾਤਰ ਹਨ, ਜਿਹੜੇ ਸਭ ਸੁੱਖ ਸਾਧਨਾਂ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਤੋਂ ਨਿਰਵਾਸਿਤ ਹੋ ਜਾਣ ਦੇ ਬਾਵਜੂਦ ਸਥਿਤੀਆਂ ਅੱਗੇ ਹਾਰ ਨਹੀਂ ਮੰਨਦੇ। 
ਇਨ੍ਹਾਂ ਅਣਹੋਏ ਪਰ ਮਹਾਨ ਮਨੁੱਖਾਂ ਦਾ ਧੀਮੀ ਸੁਰ ਵਾਲ਼ਾ ਪ੍ਰਤੀਰੋਧ ਨਾ ਕੇਵਲ ਗੁਰਦਿਆਲ ਸਿੰਘ ਸਗੋਂ ਪੰਜਾਬ ਦੀ ਨਾਵਲ ਪ੍ਰੰਪਰਾ ਦਾ ਹਾਂਸਲ ਹੈ। ਗੁਰਦਿਆਲ ਸਿੰਘ ਜਿੰਨਾ ਆਪਣੇ ਵਰਤ-ਵਰਤਾਅ ਵਿੱਚ ਕੋਮਲ ਚਿੱਤ ਅਤੇ ਨਿਰਮਾਣ ਸੀ, ਉਨੇ ਹੀ ਉਸਦੇ ਪਾਤਰ ਸਮਾਜਿਕ ਅਨਿਆਂ ਦੇ ਖ਼ਿਲਾਫ਼ ਮੋਰਚੇ ਬੰਨ੍ਹ ਲੈਣ ਵਾਲ਼ੇ ਰਿਲੱਥ ਸਾਬਿਤ ਹੋਏ। ਗੁਰਦਿਆਲ ਸਿੰਘ ਨੇ ਭਾਰਤ ਦੇ ਮਧੋਲ਼ੇ ਹੋਏ ਲੋਕਾਂ ਲਈ ਆਤਮ ਸਨਮਾਨ ਨੂੰ ਪਰਸੇ ਜਿਹੇ ਪ੍ਰਤੀਕਾਤਮਕ ਸ਼ਾਹਕਾਰ ਦੁਆਰਾ ਇੱਕ ਨਵੀਂ ਪਛਾਣ ਦਿੱਤੀ। ਗੁਰਦਿਆਲ ਸਿੰਘ ਦੇ ਜਾਣ ਨਾਲ਼ ਨਾ ਕੇਵਲ ਪੰਜਾਬੀ  ਸਾਹਿਤ ਸੱਭਿਆਚਾਰ ਨੂੰ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ ਸਗੋਂ ਅਸੀਂ ਪੰਜਾਬ ਦੇ ਇੱਕ ਸੰਵੇਦਨਸ਼ੀਲ ਬੁੱਧੀਜੀਵੀ ਅਤੇ ਸਿਰਜਕ ਤੋਂ ਵਾਂਝੇ ਹੋ ਗਏ ਹਾਂ। ਜਿਸ ਨੇ ਬਾਜ਼ਾਰ, ਕਾਰਪੋਰੇਟ ਜਗਤ ਅਤੇ ਧਾਰਮਿਕ ਹੱਠਧਰਮੀਆਂ ਵੱਲੋਂ ਪੈਦਾ ਕੀਤੇ ਨਵੇਂ ਸੱਭਿਆਚਾਰਕ ਸੰਕਟ ਨੂੰ ਸੰਬੋਧਨ ਵੀ ਕੀਤਾ ਹੈ। ਉਹ ਸ਼ਬਦ ਦੇ ਸਹੀ ਅਰਥਾਂ ਵਿੱਚ ਇੱਕ ਅਜਿਹਾ ਧਰਤੀ ਪੁੱਤਰ ਸੀ ਜਿਸ ਨੇ ਆਪਣੀ ਰਚਨਾਤਮਕ ਸੰਵੇਦਨਸ਼ੀਲਤਾ ਅਤੇ ਫ਼ਿਕਰਮੰਦੀ ਕਰਕੇ ਪੰਜਾਬੀ ਲੇਖਕਾਂ ਦੀ ਪੱਤ ਰੱਖ ਵਿਖਾਈ। ਗੁਰਦਿਆਲ ਸਿੰਘ ਬਾਰੇ ‘‘ਹੈ’’ ਦੀ ਥਾਂ ‘‘ਸੀ’’ ਸੋਚ ਕੇ ਹੀ ਰੂਹ ਕੰਬ ਉੱਠੀ ਹੈ।
ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਆਖਿਆ ਕਿ ਪ੍ਰੋ. ਗੁਰਦਿਆਲ ਸਿੰਘ ਦੇ ਜਾਣ ਨਾਲ਼ ਸਾਡੇ ਸਮਿਆਂ ਦੀ ਰੌਸ਼ਨ ਦਿਮਾਗ਼ ਸ਼ਖਸੀਅਤ ਸਾਡੇ ਕੋਲ਼ੋਂ ਚਲੀ ਗਈ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮਹਿਸੂਸ ਕੀਤਾ ਕਿ ਪ੍ਰੋ. ਗੁਰਦਿਆਲ ਸਿੰਘ ਹੋਰਾਂ ਦੀ ਸਾਹਿਤ ਜਗਤ ਨੂੰ ਦੇਣ ਭੁਲਾਈ ਨਹੀਂ ਜਾ ਸਕੇਗੀ। ਉਨ੍ਹਾਂ ਦੀਆਂ ਲਿਖਤਾਂ ’ਤੇ ਹਮੇਸ਼ਾ ਪੰਜਾਬੀ ਸਾਹਿਤ ਜਗਤ ਨੂੰ ਮਾਣ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਨਿਰੰਜਨ ਤਸਨੀਮ, ਮਿੱਤਰ ਸੈਨ ਮੀਤ, ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤਰਲੋਚਨ ਲੋਚੀ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਸਹਿਜਪ੍ਰੀਤ ਮਾਂਗਟ, ਸਰੂਪ ਸਿੰਘ ਅਲੱਗ, ਅਜੀਤ ਪਿਆਸਾ, ਡਾ. ਦਵਿੰਦਰ ਦਿਲਰੂਪ, ਜਨਮੇਜਾ ਸਿੰਘ ਜੌਹਲ, ਡਾ. ਗੁਰਇਕਬਾਲ ਸਿੰਘ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਭਗਵਾਨ ਢਿੱਲੋਂ ਆਦਿ ਨੇ ਲੇਖਕਾਂ ਨੇ ਗ਼ਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।