29th July 2021 at 5:52 PM
'ਸਕਾਚ ਲਾਇਬ੍ਰੇਰੀ' ਦੇ ਮਾਲਕ ਨੂੰ ਮਿਲ ਕੇ ਲਿਆ ਨਾਮ ਬਦਲਣ ਦਾ ਭਰੋਸਾ
'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ 'ਦੀ ਅੰਮ੍ਰਿਤਸਰ ਇਕਾਈ ਦੇ ਸਮੂਹ ਮੈਂਬਰਾਂ ਨੇ ਅੱਜ 'ਸਕਾਚ ਲਾਇਬ੍ਰੇਰੀ ਦੇ ਮਾਲਕ ਰਣਦੀਪ ਸਿੰਘ ਰਿੰਪਲ ਨਾਲ ਬਹੁਤ ਹੀ ਸੁਖਾਵੇਂ ਅਤੇ ਅਪਣੱਤ ਭਰੇ ਮਾਹੌਲ ਵਿੱਚ ਮੁਲਾਕਾਤ ਕੀਤੀ ਅਤੇ ਸ਼ਰਾਬ ਦੇ ਠੇਕੇ ਦੇ ਰੱਖੇ ਉਪਰੋਕਤ ਨਾਮ ਉੱਤੇ ਇਤਰਾਜ਼ ਪ੍ਰਗਟਾਇਆ। ਇੱਥੇ ਵਰਨਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਸ਼ਾ ਪ੍ਰੇਮੀਆਂ, ਸਾਹਿਤ ਪ੍ਰੇਮੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਠੇਕੇ ਦੇ ਉਪਰੋਕਤ ਨਾਮ ਨੂੰ ਲੈ ਕੇ ਸੋਸ਼ਲ ਤੇ ਪ੍ਰਿੰਟ ਮੀਡੀਆ 'ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਪਰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਅੰਮ੍ਰਿਤਸਰ ਇਕਾਈ ਵੱਲੋਂ ਅੱਜ ਉਕਤ ਠੇਕੇ ਦੇ ਮਾਲਕ ਨਾਲ ਮੁਲਾਕਾਤ ਕੀਤੀ ਅਤੇ ਲਾਇਬਰੇਰੀ ਸ਼ਬਦ ਨਾਲ ਜੁੜੀਆਂ ਭਾਵਨਾਵਾਂ ਅਤੇ ਪੁਸਤਕ ਸੱਭਿਆਚਾਰ ਦੀ ਵਿਆਖਿਆ ਕੀਤੀ।
ਰਣਦੀਪ ਸਿੰਘ ਰਿੰਪਲ ਵੱਲੋਂ ਜਿੱਥੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਦੀ ਕਦਰ ਕੀਤੀ ਉਥੇ ਅਗਲੇ ਦੋ-ਚਾਰ ਦਿਨਾਂ ਅੰਦਰ ਉਕਤ ਨਾਮ ਬਦਲਣ ਦੀ ਸਹਿਮਤੀ ਵੀ ਪ੍ਰਗਟ ਕੀਤੀ।
ਇਸ ਮੌਕੇ ਪ੍ਰਿੰਸੀਪਲ ਗੁਰਬਿੰਦਰ ਸਿੰਘ ਭੱਟੀ, ਸਤਿੰਦਰ ਸਿੰਘ ਓਠੀ, ਜਸਪਾਲ ਕੌਰ ਅਤੇ ਗੁਰਮਿੰਦਰ ਸਿੰਘ ਬਾਜਵਾ ਉਚੇਚੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਰਣਦੀਪ ਸਿੰਘ ਰਿੰਪਲ ਨੇ ਕਿਹਾ ਕਿ ਉਹ ਜਨ- ਮਾਨਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਤਾਂ ਹੀ ਨਾਮ ਬਦਲ ਰਹੇ ਹਨ ਪਰ ਦੂਜੇ ਪਾਸੇ ਅਧਿਆਪਕ ਵਰਗ ਦੀ ਕਦਰ ਨੂੰ ਮੁੱਖ ਰੱਖਦਿਆਂ ਸ਼ਰਾਬ ਦਾ 'ਟੀਚਰ ਬ੍ਰਾਂਡ' ਵੀ ਬਦਲਣ ਲਈ ਯਤਨ ਹੋਣੇ ਚਾਹੀਦੇ ਹਨ। ਇਹ ਜਾਣਕਾਰੀ ਅੱਜ ਇਥੇ ਮਿੱਤਰ ਸੈਨ ਮੀਤ ਹੁਰਾਂ ਨੇ ਮੀਡੀਆ ਨੂੰ ਦਿੱਤੀ।
No comments:
Post a Comment