ਇਸਦੇ ਨਾਲ ਹੀ ਕੈਬਨਿਟ ਰੈਂਕ ਦੇ ਬਰਾਬਰ ਦੀਆਂ ਸਹੂਲਤਾਂ ਦੇਣ ਦੀ ਵੀ ਮੰਗ
ਲੁਧਿਆਣਾ: 14 ਨਵੰਬਰ 2019: (ਪੰਜਾਬ ਸਕਰੀਨ ਬਿਊਰੋ)::
ਪੰਥਕ ਹਲਕਿਆਂ ਵਿੱਚ ਉਮੀਦ ਸੀ ਕਿ ਸਿੱਖ ਪੰਥ ਬਾਰੇ ਲੰਮੇ ਸਮੇਂ ਤੋਂ ਮੁਫ਼ਤ ਕਿਤਾਬਾਂ ਛਾਪ ਛਾਪ ਵੰਡਦੇ ਆ ਰਹੇ ਸਰਦਾਰ ਸਰੂਪ ਸਿੰਘ ਅਲੱਗ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀ ਕਿਸੇ ਧਾਰਮਿਕ ਪ੍ਰਕਾਸ਼ਨ ਸੰਸਥਾ ਦਾ ਮੁਖੀ ਜਾਂ ਅਜਿਹਾ ਹੀ ਕੋਈ ਹੋਰ ਅਹੁਦਾ ਸਨਮਾਨ ਵੱਜੋਂ ਦਿੱਤਾ ਜਾਏਗਾ ਪਰ ਅਜਿਹਾ ਕੁਝ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸਰਦਾਰ ਅਲੱਗ ਨੇ ਆਰਥਿਕ ਸੰਕਟ ਸਮੇਂ ਵੀ ਸਿੱਖ ਧਰਮ ਬਾਰੇ ਮੁਫ਼ਤ ਕਿਤਾਬਾਂ ਛਪਵਾਉਣ ਅਤੇ ਵੰਡਣ ਦਾ ਸਿਲਸਿਲਾ ਬੰਦ ਨਹੀਂ ਸੀ ਕੀਤਾ ਹਾਲਾਂਕਿ ਉਸ ਸਮੇਂ ਉਹਨਾਂ ਨੂੰ ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਵੇਚਣੇ ਪਏ ਸਨ। ਇਸ ਲਈ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਨੀ ਪੰਥਕ ਹਲਕਿਆਂ ਦਾ ਇਖਲਾਕੀ ਫਰਜ਼ ਬਣਦਾ ਹੈ। ਮੁਫ਼ਤ ਕਿਤਾਬਾਂ ਛਾਪਣ ਅਤੇ ਵੰਡਣ ਦਾ ਖਿਆਲ ਉਹਨਾਂ ਨੂੰ ਉਦੋਂ ਆਇਆ ਜਦੋਂ ਉਹਨਾਂ ਨੇ ਵਿਦੇਸ਼ੀ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਇਸ ਗਿਆਨ ਬਾਰੇ ਬੜੀ ਹੀ ਸ਼ਿੱਦਤ ਵਾਲੀ ਪਿਆਸ ਦੇਖੀ ਪਰ ਉਹਨਾਂ ਨੂੰ ਲੁੜੀਂਦਾ ਸਾਹਿਤ ਹਰਿਮੰਦਰ ਸਾਹਿਬ ਪਹੁੰਚ ਕੇ ਵੀ ਨਹੀਂ ਸੀ ਮਿਲਦਾ।
ਉਨਾਂ ਨੇ ਸਿੱਖ ਧਰਮ ਵਿੱਚ ਪ੍ਰਚਾਰ ਅਤੇ ਪ੍ਰਸਾਰ ਦੇ ਮਕਸਦ ਨੂੰ ਮੁੱਖ ਰੱਖ ਕੇ ਈਸਾਈ ਮਿਸ਼ਨਰੀਆਂ ਦੇ ਬਰਾਬਰ ਇੱਕ ਰਵਾਇਤ ਤੋਰੀ ਅਤੇ ਉਹ ਵੀ ਸਿਰਫ ਗੁਰੂ ਕੋਲੋਂ ਓਟ ਆਸਰਾ ਲੈ ਕੇ। ਬਾਅਦ ਵਿੱਚ ਕਈ ਹੋਰ ਵਿਦੇਸ਼ੀ ਪਰਿਵਾਰ ਵੀ ਉਹਨਾਂ ਨਾਲ ਜੁੜੇ ਜਿਸ ਨਾਲ ਉਹਨਾਂ ਇਸ ਕੰਮ ਨੂੰ ਹੋਰ ਤੇਜ਼ ਵੀ ਕੀਤਾ। ਇਸਦੇ ਬਾਵਜੂਦਅਜੇ ਵੀ ਸਮੁੱਚੇ ਤੌਰ ਤੇ ਇਸ ਕੰਮ ਨੂੰ ਕੌਮਾਂਤਰੀ ਪੱਧਰ ਉੱਤੇ ਫੈਲਾਉਣ ਲਈ ਬਹੁਤ ਸਾਰੇ ਉੱਦਮ ਉਪਰਾਲਿਆਂ ਦੀ ਲੋੜ ਹੈ। ਅਜਿਹੇ ਉੱਦਮ ਉਪਰਾਲੇ ਕਿਸੇ ਇਕੱਲੇ ਵਿਅਕਤੀ ਜਾਂ ਇਕੱਲੇ ਪਰਿਵਾਰ ਲਈ ਸੰਭਵ ਨਹੀਂ ਹੋਇਆ ਕਰਦੇ। ਇਸ ਮਕਸਦ ਲਈ ਸਮੂਹ ਸਿੱਖ ਸੰਸਥਾਵਾਂ ਅਤੇ ਸਰਦੇ ਪੁੱਜਦੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਕੌਮ ਦੇ ਨਿਮਾਣੇ ਉਦਮੀ ਬਜ਼ੁਰਗ ਡਾ. ਅਲੱਗ ਦੀਆਂ ਦੁਰਲੱਭ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਵਿਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਸੁਭਾਗੇ ਅਵਸਰ ਤੇ ਪੰਜਾਬ ਸਰਕਾਰ, ਸ਼੍ਰੌਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਾਲ ਸਮਾਗਮਾਂ ਵਿੱਚ ਸਨਮਾਨਤ ਵੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਾਈਟੇਸ਼ਨ ਵਿਚ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਕੌਮੀ ਤੇ ਮਨੁੱਖੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਅਚੀਵਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਡਾਕਟਰ ਸਰੂਪ ਸਿੰਘ ਅਲੱਗ ਨੂੰ ਸੁਲਤਾਨ ਪੁਰ ਲੋਧੀ ਵਿਖੇ 550ਸਾਲਾ ਯਾਦਗਾਰੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਗਿਆ।
ਇਹਨਾਂ ਸਾਰੇ ਮਾਨਾਂ ਸਨਮਾਨਾਂ ਦੇ ਬਾਵਜੂਦ ਪੰਥਕ ਹਲਕਿਆਂ ਵਿੱਚ ਅਜੇ ਵੀ ਇਹ ਮੰਗ ਹੈ ਕਿ ਸਰਦਾਰ ਸਰੂਪ ਸਿੰਘ ਅਲੱਗ ਨੂੰ ਧਾਰਮਿਕ ਪ੍ਰਚਾਰ ਦੇ ਕਿਸੇ ਸਨਮਾਨਿਤ ਅਹੁਦੇ ਤੇ ਲਾਇਆ ਜਾਵੇ। ਕਿਤਾਬਾਂ ਦੇ ਪ੍ਰਕਾਸ਼ਨ ਦੀ ਕਿਸੇ ਵੱਕਾਰੀ ਸੰਸਥਾ ਦਾ ਮੁਖੀ ਸਰਦਾਰ ਅਲੱਗ ਨੂੰ ਬਣਾਇਆ ਜਾਵੇ। ਉਹਨਾਂ ਨੇ ਸਾਰੀ ਉਮਰ ਮੁਫ਼ਤ ਕਿਤਾਬਾਂ ਛਾਪ ਅਤੇ ਵੰਡ ਕੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਵੱਡਾ ਉੱਦਮ ਉਪਰਾਲਾ ਕੀਤਾ ਹੈ। ਇਸ ਮਿਸ਼ਨ ਨੂੰ ਇੱਕ ਸਾਂਝੀ ਮੁਹਿੰਮ ਬਣਾਏ ਜਾਣ ਦੀ ਵੀ ਲੋੜ ਹੈ। ਇਸ ਲਈ ਪੰਥਕ ਧਿਰਾਂ ਦਾ ਇਹ ਫਰਜ਼ ਬਣਦਾ ਹੈ ਕਿ ਸਰਦਾਰ ਸਰੂਪ ਸਿੰਘ ਅਲੱਗ ਨੂੰ ਹੁਣ ਕਿਸੇ ਚੰਗੇ ਅਹੁਦੇ ਤੇ ਨਿਯੁਕਤ ਕਰ ਕੇ ਉਹਨਾਂ ਦੇ ਤਜਰਬਿਆਂ ਅਤੇ ਉਹਨਾਂ ਦੀ ਪ੍ਰਤੀਬੱਧਤਾ ਦਾ ਲਾਭ ਪੰਥ ਦੇ ਭਲੇ ਲਈ ਲਿਆ ਜਾਵੇ। ਇਸ ਮਕਸਦ ਲਈ ਉਹਨਾਂ ਨੂੰ ਕੈਬਨਿਟ ਰੈਂਕ ਮੰਤਰੀ ਵਾਲੀਆਂ ਸਹੁਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਾਲ ਹੀ ਵਿੱਚ ਸਰਦਾਰ ਅਲੱਗ ਸਿਹਤ ਪੱਖੋਂ ਵੀ ਕਾਫੀ ਢਿੱਲੇ ਰਹੇ ਹਨ। ਉਹਨਾਂ ਦੀ ਉਮਰ ਵੀ ਹੁਣ ਕਾਫੀ ਹੋ ਰਹੀ ਹੈ। ਇਸ ਲਈ ਬਿਨਾ ਵੇਲਾ ਗਵਾਏ ਸਰਦਾਰ ਅਲੱਗ ਨੂੰ ਕਿਸੇ ਪ੍ਰਚਾਰ/ਪ੍ਰਕਾਸ਼ਨ ਸੰਸਥਾ ਦਾ ਮੁਖੀ ਬਣਾਇਆ ਜਾਵੇ। ਇਸ ਨਾਲ ਜਿੱਥੇ ਸਿੱਖ ਪੰਥ ਨੂੰ ਕਾਫੀ ਲਾਭ ਮਿਲ ਸਕੇਗਾ ਉੱਥੇ ਹੋਰਨਾਂ ਵਿਦਵਾਨਾਂ ਨੂੰ ਵੀ ਇਸ ਪਾਸੇ ਆਉਣ ਦੀ ਪ੍ਰੇਰਨਾ ਮਿਲੇਗੀ।
No comments:
Post a Comment