Showing posts with label Antim Ardaas. Show all posts
Showing posts with label Antim Ardaas. Show all posts

Tuesday, March 01, 2022

ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ

1st March 2022 at 6:02 PM

 ਉੱਦੋਵਾਲੀ ਕਲਾਂ ਵਿਖੇ ਹੋਵੇਗਾ ਵਿਸ਼ੇਸ਼ ਆਯੋਜਨ 

ਲੁਧਿਆਣਾਃ 1ਮਾਰਚ 2022:: (ਪੰਜਾਬ ਸਕਰੀਨ ਬਿਊਰੋ)::  

ਆਜ਼ਾਦੀ ਆਉਣ ਤੋਂ ਬਾਅਦ ਜਦੋਂ ਕੁਝ ਦਹਾਕੇ ਪਹਿਲਾਂ ਖੱਬੀ ਲਹਿਰ ਆਜ਼ਾਦ ਭਾਰਤ ਵਾਲੇ ਪੰਜਾਬ ਵਿੱਚ ਪੂਰੀ ਚੜ੍ਹਤ ਵਿੱਚ ਸੀ ਤਾਂ ਉਸ ਲਹਿਰ ਦਾ ਦਾਇਰਾ ਵਧਾਉਣ ਵਿੱਚ ਗੀਤ ਸੰਗੀਤ ਦਾ ਬਹੁਤ ਵੱਡਾ ਹਿੱਸਾ ਸੀ। ਇਸ ਮਕਸਦ ਲਈ ਇਪਟਾ ਪੂਰੇ ਜੋਬਨ ਤੇ ਸੀ। ਸ਼ਾਇਦ ਹੀ ਕੋਈ ਕਲਾਕਾਰ ਹੋਵੇ ਜਿਹੜਾ ਉਸ ਵੇਲੇ ਇਪਟਾ ਨਾਲ ਨਾ ਜੁੜਿਆ ਹੋਵੇ। ਇਪਟਾ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ। 

ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਹਰਮਨ ਪਿਆਰੀ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਗਿਣੇ ਜਾਂਦੇ ਰਹੇ   ਸਰਗਰਮ ਲੇਖਕ  ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ (ਜੋ ਕਿ ਧਿਆਨਪੁਰ ਦੇ ਨੇੜੇ ਹੈ) ਵਿੱਚ ਹੋਵੇਗੀ। 

ਇਸ ਸ਼ਰਧਾਂਜਲੀ ਸਮਾਗਮ ਦੇ ਇਸ ਆਯੋਜਨ ਬਾਰੇ ਇਹ ਜਾਣਕਾਰੀ ਗੁਰਦਾਸਪੁਰੀ ਜੀ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਦੇ ਸਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਨੇ ਅਮਰੀਕਾ ਤੋਂ ਤੁਰਨ ਲੱਗਿਆਂ ਫੋਨ ਤੇ ਦੱਸਿਆ ਕਿ ਉਹ ਬੁੱਧਵਾਰ ਸਵੇਰ ਤੀਕ ਪਿੰਡ ਪੁੱਜ ਜਾਣਗੇ।  

ਭੋਗ ਤੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 2 ਵਜੇ ਤੀਕ ਹੋਵੇਗੀ। ਗੁਰਦਾਸਪੁਰੀ ਜੀ ਦੇ ਪ੍ਰਸ਼ੰਸਕਾਂ ਚੋਂ ਇੱਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉੱਦੋਵਾਲੀ ਕਲਾਂ ਦੇ ਖੇਤਾਂ ਵਿੱਚ ਹੀ ਅਮਰਜੀਤ ਗੁਰਦਾਸਪੁਰੀ ਜੀ ਦਾ ਨਖਾਸੂ ਨਾਲ਼ੇ ਕੰਢੇ ਡੇਰਾ ਹੈ। ਭੋਗ ਏਥੇ ਹੀ ਪਾਇਆ ਜਾ ਰਿਹਾ ਹੈ। ਉੱਦੋਵਾਲੀ ਪੁੱਜਣ ਲਈ ਬਰਾਸਤਾ ਕਾਲਾ ਅਫਗਾਨਾ ਤੇ ਬਰਾਸਤਾ ਕੋਟਲੀ ਸੂਰਤ ਮੱਲ੍ਹੀ ਵੀ ਪਹੁੰਚਿਆ ਜਾ ਸਕਦਾ ਹੈ।

Friday, August 23, 2019

ਪ੍ਰੋ: ਨਰਿੰਜਨ ਤਸਨੀਮ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਚਿਹਰਾ ਸੀ

ਸੈਂਕੜੇ ਲੇਖਕਾਂ ਵੱਲੋਂ ਸ਼ਰਧਾਂਜਲੀ
ਲੁਧਿਆਣਾ: 23 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਸਿਰਮੌਰ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ ਜੀ ਨੂੰ ਅੰਤਿਮ ਅਰਦਾਸ ਮੌਕੇ ਪੂਰੇ ਪੰਜਾਬ ਤੋਂ ਲੇਖਕ, ਸਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ, ਪੱਤਰਕਾਰ ਤੇ ਬੁੱਧੀ ਜੀਵੀ ਪਹੁੰਚੇ।  ਮਾਡਲ ਟਾਊਨ ਐਕਸਟੈਨਸ਼ਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿਖੇ ਹਜ਼ੂਰੀ ਰਾਗੀਆਂ ਨੇ ਗੁਰੂ ਜਸ ਗਾਇਨ ਕੀਤਾ। ਪ੍ਰੋ: ਨਰਿੰਜਨ ਤਸਨੀਮ ਜੀ ਦੇ ਦਾਮਾਦ ਸ: ਬਲਜੀਤ ਸਿੰਘ ਸੰਦਲੀ ਪੈੜਾਂ (ਦੂਰਦਰਸ਼ਨ ਸੇਵਾ ਮੁਕਤ ਅਧਿਕਾਰੀ) 
ਨੇ ਤਸਨੀਮ ਜੀ ਦੇ ਜੀਵਨ ਤੇ ਵਿਦਿਅਕ, ਸਾਹਿੱਤਕ ਪ੍ਰਾਪਤੀਆਂ ਬਾਰੇ ਸੰਬੋਧਨ ਕੀਤਾ। ਵੱਖ ਵੱਖ ਸਭਾਵਾਂ ਵੱਲੋਂ ਆਏ ਸ਼ੋਕ ਮਤੇ ਵੀ ਪੜ੍ਹ ਕੇ ਸੁਣਾਏ ਗਏ ਅਤੇ ਪ੍ਰੋ: ਤਸਨੀਮ ਦੇ ਸਪੁੱਤਰ ਡਾ: ਗੁਰਿੰਦਰਜੀਤ ਸਿੰਘ ਪੁਰੀ, ਨੂੰਹ ਹਰਪ੍ਰੀਤ ਕੌਰ ਤੇ ਧੀਆਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸਰੂਪ ਸਿੰਘ ਅਲਗ, ਕੁਲਦੀਪ ਸਿੰਘ ਬੇਦੀ , ਇੰਜਨੀਅਰ ਕਰਮਜੀਤ ਸਿੰਘ ਜਲੰਧਰ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ:,ਗੁਰਇਕਬਾਲ ਸਿੰਘ, ਡਾ: ਗੁਲਜ਼ਾਰ ਪੰਧੇਰ, ਸਤਿਨਾਮ ਸਿੰਘ ਕੋਮਲ, ਤੇਜ ਪਰਤਾਪ ਸਿੰਘ ਸੰਧੂ,ਰਣਜੋਧ ਸਿੰਘ, ਦਰਸ਼ਨ ਸਿੰਘ ਮੱਕੜ, ਕ੍ਰਿਪਾਲ ਸਿੰਘ ਚੌਹਾਨ ਬਿਊਰੋ ਚੀਫ ਇੰਡੋ ਅਮੈਰਿਕਨ ਟਾਈਮਜ਼, ਦਲਬੀਰ ਲੁਧਿਆਣਵੀ, ਕੁਲਵਿੰਦਰ ਕੌਰ ਮਿਨਹਾਸ, ਜਸਪ੍ਰੀਤ ਕੌਰ ਫਲਕ, ਪ੍ਰਿੰ: ਮਨਜੀਤ ਕੌਰ ਸੋਢੀਆ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਹਰਜਿੰਦਰ ਸਿੰਘ ਬਰਾੜ, ਪ੍ਰਿੰ: ਸਵਰਨਜੀਤ ਸਿੰਘ ਦਿਓਲ,ਮਲਕੀਤ ਸਿੰਘ ਔਲਖ, ਚਰਨਜੀਤ ਸਿੰਘ ਯੂ ਐੱਸ ਏ, ਡਾ: ਅਨੁਰਾਗ ਸਿੰਘ, ਬਲਕਾਰ ਸਿੰਘ ਸੰਧਾਵਾਲੀਆ, ਤਲਜੀਤ ਸਿੰਘ ਆਰਟਿਸਟ, ਡਾ: ਜਗਤਾਰ ਧੀਮਾਨ ਰਜਿਸਟਰਾਰ ਸੀ ਟੀ ਯੂਨੀ ਵਰਸਿਟੀ ਲੁਧਿਆਣਾ ਹਾਜ਼ਰ ਸਨ। 
ਪੰਜਾਬ ਦੇ ਉੱਘੇ ਡਾਕਟਰ ਸਾਹਿਬਾਨ ਤੇ ਉੱਘੇ ਸਮਾਜ ਸੇਵਕ ਤੇ ਮੈਡੀਵੇਜ਼ ਹਸਪਤਾਲ ਦੇ ਮਾਲਕ ਸ: ਭਗਵਾਨ ਸਿੰਘ ਗੁਰੂਮੇਲ,ਸਾਬਕਾ ਕੰਸਲਰ  ਤਨਵੀਰ ਸਿੰਘ ਧਾਲੀਵਾਲ ਵੀ ਹਾਜ਼ਰ ਹੋਏ। 
ਪ੍ਰੋ:ਗੁਰਭਜਨ ਗਿੱਲ ਨੇ ਤਸਨੀਮ ਜੀ ਬਾਰੇ  ਗੁਰਦਵਾਰਾ ਮਾਡਲ ਟਾਉਨ ਐਕਸਟੈਨਸ਼ਨ ਦੇ ਦਫ਼ਤਰ ਚ ਹਾਜ਼ਰ ਲੇਖਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਦੱਸਿਆ ਕਿ  ਤਸਨੀਮ ਜੀ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ  ਨਾਵਲ 'ਸੋਗਵਾਰ' ਲਿਖਿਆ। ਇਹ ਨਾਵਲ 1960 ਵਿੱਚ ਪ੍ਰਕਾਸ਼ਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ ਮੋਨਾਲੀਜ਼ਾ ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ। 
ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਪਰਛਾਵੇਂ ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿੱਚ ਤਸਨੀਮ ਜੀ ਦਾ ਪਹਿਲਾ ਪੰਜਾਬੀ ਨਾਵਲ ਕਸਕ ਤੋਂ ਬਾਦ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇਕੋ ਜਿੰਨੀ ਸਲਾਹੀ ਗਈ। 
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਤਸਨੀਮ ਜੀ ਦੇ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ। 
ਸ਼ਿਮਲੇ ਰਹਿੰਦਿਆਂ ਤਸਨੀਮ ਜੀ ਦੀ ਦੋਸਤੀ ਪੰਜਾਬੀ ਸ਼ਾਇਰ ਈਸ਼ਵਰ ਚਿਤਰਕਾਰ ਨਾਲ ਐਸੀ ਪਈ ਕਿ ਆਖਰੀ  ਸਾਹਾਂ ਤੀਕ ਉਨ੍ਹਾਂ ਦੇ ਰੋਮ ਰੋਮ ਵਿਚੋਂ ਈਸ਼ਵਰ ਦੀ ਗੂੰਜ ਸੁਣਾਈ ਦਿੰਦੀ ਰਹੀ । ਮੀਰ ਦੇ ਸੰਪਾਦਕ ਸ੍ਵ: ਪੁਰਦਮਨ ਸਿੰਘ ਬੇਦੀ ਦੀ ਮਦਦ ਨਾਲ ਉਨ੍ਹਾਂ ਨੇ ਸਾਂਝੀ ਸੰਪਾਦਨਾ ਹੇਠ ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ ਤਿਆਰ ਕਰਵਾਇਆ। ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿੱਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ। ਭਾਰਤੀ ਸਾਹਿਤ ਅਕਾਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 
ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ
ਸਾਰੀ ਜਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ । ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ। ਅੰਗਰੇਜ਼ੀ ਵਿੱਚ ਵੀ ਆਪ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਮੇਰੀਆਂ ਪੰਜ ਕਵਿਤਾਵਾਂ ਵੀ ਉਨ੍ਹਾਂ ਅੰਗਰੇਜ਼ੀ ਚ ਕੀਤੀਆਂ।ਪ੍ਰੋ: ਤਸਨੀਮ ਜੀ ਦੇ ਜਾਣ ਤੇ ਸੱਚਮੁੱਚ ਵੱਡਾ ਘਾਟਾ ਪਿਆ ਹੈ।

Tuesday, July 17, 2018

ਸੱਚ ਮੁੱਚ ਦਿਲਾਂ ਦਾ ਮਹਿਰਮ-ਮਨਜੀਤ ਸਿੰਘ ਮਹਿਰਮ

Jul 17, 2018, 2:11 PM
ਭੋਗ 'ਤੇ ਵਿਸ਼ੇਸ਼ 18 ਜੁਲਾਈ 2018
ਸਾਡਾ ਨਿੱਘਾ ਮਿੱਤਰ ਸ. ਮਨਜੀਤ ਸਿੰਘ ਬੀਤੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਉਹ ਸੱਚ ਮੁੱਚ ਦਿਲਾਂ ਦਾ ਮਹਿਰਮ ਸੀ। ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਸ਼ਾ ਤੇ ਸੱਭਿਆਚਾਰ ਵਿਭਾਗ ਵਿਚ ਕੰਮ ਕਰਦਿਆਂ ਉਹਸ ਨੇ ਲੇਖ ਲਿਖਣਾ ਤੇ ਛਪਣਾ ਆਰੰਭ ਕੀਤਾ ਤਾਂ ਦੋਸਤਾਂ ਦੇ ਦਾਇਰੇ ਅਤੇ ਉਹਨੇ ਖ਼ੁਦ ਮਹਿਸੂਸ ਕੀਤਾ ਕਿ ਛਪਣ ਲਈ ਇਕ ਸੋਹਣਾ ਤਖ਼ੱਲਸ ਹੋਣਾ ਚਾਹੀਦਾ ਹੈ। ਦੋਸਤਾਂ ਦੇ ਦਾਇਰੇ ਵਿਚ ਡਾ. ਸ. ਸ. ਦੁਸਾਂਝ, ਡਾ. ਸਾਧੂ ਸਿੰਘ, ਡਾ. ਸ. ਨ. ਸੇਵਕ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਪਾਤਰ ਜੀ ਤੇ ਸਾਰਿਆਂ ਨੇ ਸਹਿਮਤੀ ਦਿੱਤੀ। ਫਿਰ ਮਹਿਰਮ ਤਖ਼ੱਲਸ ਹੀ ਨਹੀਂ ਬਣਿਆ ਸਗੋਂ ਮਨਜੀਤ ਸਿੰਘ ਮਹਿਰਮ ਸੱਚੀ ਮੁੱਚੀ ਮਹਿਰਮ ਬਣ ਕੇ ਨਿਭਿਆ। ਉਹ ਅਕਸਰ ਆਖਿਆ ਕਰਦਾ ਸੀ ਕਿ ਮੈਂ ਗ਼ਰੀਬ ਪਰਿਵਾਰ ਵਿਚੋਂ ਮਿਹਨਤ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਤੱਕ ਪਹੁੰਚਿਆ ਹਾਂ। ਗ਼ਰੀਬ ਲੋਕਾਂ ਦਾ ਉਹ ਮਹਿਰਮ ਦੀ ਹੱਦ ਤਕ ਹਮਦਰਦ ਸੀ। ਇਹੀ ਕਾਰਨ ਸੀ ਕਿ ਉਹ ਪੀ. ਏ .ਯੂ. ਦੀ ਮੁਲਾਜ਼ਮ ਯੂਨੀਅਨ ਦੇ ਸਾਬਕਾ ਪ੍ਰਧਾਨ ਰੂਪ ਵਿਚ ਰੂਪਾ ਦੇ ਨਾਲ ਨਾਲ ਰਹਿੰਦਿਆਂ ਸਾਬਕਾ ਪ੍ਰਧਾਨ ਡੀ. ਪੀ. ਮੌੜ ਤਕ ਉਹਨਾਂ ਦੀ ਸੱਜੀ ਬਾਂਹ ਬਣ ਕੇ ਵਿਚਰਿਆ। ਇਥੇ ਹੀ ਉਸ ਦੇ ਸੰਬੰਧ ਮੁਲਾਜ਼ਮਾਂ ਦੇ ਆਗੂ ਚਰਨ ਸਿੰਘ ਗੁਰਮ ਨਾਲ ਬਣੇ। ਰੂਪ ਸਿੰਘ ਰੂਪਾ ਅਤੇ ਚਰਨ ਸਿੰਘ ਗੁਰਮ ਅੱਜ ਕਲ• ਅਮਰੀਕਾ ਰਹਿੰਦੇ ਹਨ। ਜਦੋਂ ਵੀ ਲੋੜ ਪੈਂਦੀ ਇਹ ਉਪਰੋਕਤ ਦੋਨਾਂ ਦੋਸਤਾਂ ਤੋਂ ਲੋਕ ਹਿਤ ਵਿਚ ਵਿਤੀ ਸਹਾਇਤਾ ਵੀ ਕਰਵਾਉਂਦਾ। ਮਹਿਰਮ ਦਾ ਜਨਮ 9 ਦਸੰਬਰ 1949 ਦਾ ਸੀ। ਸੰਨ 2000 ਵਿਚ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਉਪਰੋਕਤ ਦੋਸਤਾਂ ਦੀ ਟੀਮ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਜੁਟ ਗਿਆ। ਉਹ ਦੇਸ ਭਗਤਾਂ ਬਾਰੇ ਖੋਜ ਭਰਪੂਰ ਲੇਖ ਲਿਖਦਾ। ਰੋਜ ਵਾਪਰਦੇ ਐਕਸੀਡੈਂਟਾਂ ਤੋਂ ਉਹ ਬਹੁਤ ਚਿੰਤਤ ਹੁੰਦਾ ਅਤੇ ਟਰੈਫਿਕ ਦੇ ਨਿਯਮਾਂ ਆਦਿ ਬਾਰੇ ਸੋਸ਼ਲ ਮੀਡੀਆ ਤੇ ਲਿਖਦਾ ਰਹਿੰਦਾ। ਸਾਹਿਤ ਮੱਸ ਹੋਣ ਕਰਕੇ ਆਪਣੀ ਮਾਂ ਬੋਲੀ ਪ੍ਰਤੀ ਗਹਿਰਾ ਮੋਹ ਹੋਣ ਕਰਕੇ ਉਹ ਪੰਜਾਬੀ ਸਭਿਆਚਾਰ ਅਕਾਡਮੀ ਲੁਧਿਆਣਾ ਦਾ ਮੀਡੀਆ ਸਲਾਹਕਾਰ ਬਣਿਆ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਿਚ ਉਹ ਵੱਧ ਚੜ• ਕੇ ਕੰਮ ਕਰਦਾ ਸੀ। ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦਾ ਪ੍ਰਧਾਨ ਸ. ਬਲਦੇਵ ਸਿੰਘ ਵਾਲੀਆ ਅਤੇ ਹੋਰ ਆਗੂ ਅੱਜ ਵੀ ਮਹਿਰਮ ਦੀਆਂ ਯੂਨੀਅਨ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹਨ।
ਸੇਵਾ ਮੁਕਤੀ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦੇ ਮੀਡੀਆ ਸਲਾਹਕਾਰ ਵੀ ਰਹੇ। ਇਸੇ ਤਰਾਂ ਉਸ ਦੇ ਸੰਬੰਧ ਕਾਂਗਰਸੀ ਆਗੂ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਅਤੇ ਚਰਨ ਸਿੰਘ ਗੁਰਮ ਨਾਲ ਇੰਨੇ ਹੀ ਗੂੜੇ ਸਨ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਸ. ਦਰਸ਼ਨ ਸਿੰਘ ਡੀ. ਪੀ. ਆਰ. ਓ. ਦੇ ਵੀ ਉਹ ਗੂੜੇ ਮਿੱਤਰ ਸਨ। ਸਿਆਸੀ ਤੌਰ ਤੇ ਭਾਵੇਂ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਪੱਕੇ ਤੌਰ 'ਤੇ ਨਹੀਂ ਜੁੜੇ ਪਰ ਸਭ ਤੋਂ ਨੇੜੇ ਦੇ ਸੰਬੰਧ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਕਾ. ਡੀ. ਪੀ. ਮੌੜ ਨਾਲ ਹੀ ਸਨ। ਅਸ਼ਵਨੀ ਜੇਤਲੀ ਤੋਂ ਲੈ ਕੇ ਜਸਵੀਰ ਝੱਜ ਤਕ ਲੁਧਿਆਣੇ ਦਾ ਸਮੁੱਚਾ ਮੀਡੀਆ ਪਰਿਵਾਰ ਉਹਨਾਂ ਦੇ ਦੋਸਤਾਂ ਦੇ ਦਾਇਰੇ ਵਿਚ ਸਨ।
ਸ. ਮਨਜੀਤ ਸਿੰਘ ਮਹਿਰਮ ਆਪਣੇ ਪਿਤਾ ਸ. ਲਛਮਣ ਸਿੰਘ ਦੇ ਤਿੰਨਾਂ ਪੁੱਤਰਾਂ ਸ. ਹਰਭਗਵਾਨ ਸਿੰਘ ਅਤੇ ਸ. ਹਰੀ ਸਿੰਘ ਤੋਂ ਛੋਟੇ ਸਨ ਜੋ ਇਹਨਾਂ ਦਿਨਾਂ ਵਿੱਚ 679 ਸੀ ਦੁੱਗਰੀ ਫੇਜ਼ 2 ਲੁਧਿਆਣਾ ਵਿਖੇ ਆਪਣੀ ਸੁਪਤਨੀ ਸਿੰਦਰ ਕੌਰ ਸਮੇਤ ਰਹਿੰਦੇ ਸਨ। ਉਹਨਾਂ ਦੇ ਇਕ ਪੁੱਤਰ ਦੀ ਪਹਿਲਾਂ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ ਤੇ ਇਕ ਬੇਟੀ  ਨੂਰੀ ਵਿਆਹੀ ਹੋਈ ਹੈ। ਸੋ ਪਰਿਵਾਰਕ ਤੌਰ ਤੇ ਪਤਨੀ ਲਈ ਜੀਵਨ ਵਧੇਰੇ ਕਠਿਨ ਹੋ ਗਿਆ ਹੈ।
ਉਹ ਆਪਣੇ ਲੋਕ-ਪੱਖੀ ਕਾਰਜਾਂ ਕਰਕੇ ਆਪਣੇ ਦੋਸਤਾਂ ਦੇ ਵਸੀਹ ਦਾਇਰੇ ਵਿਚ ਹੀ ਨਹੀਂ ਸਮੁੱਚੇ ਸਮਾਜ ਵਿਚ ਯਾਦ ਕੀਤੇ ਜਾਂਦੇ ਰਹਿਣਗੇ।
ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰਧਾਨ,
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ
9464762825

Tuesday, June 05, 2018

ਦਰਸ਼ਨ ਸਿੰਘ ਤਬੀਬਾ ਦੀ ਯਾਦ ਵਿੱਚ ਹੋਇਆ ਵਿਸ਼ਾਲ ਇਕੱਠ

ਚਰਨਜੀਤ ਸਿੰਘ ਅਟਵਾਲ ਅਤੇ ਹੋਰ ਕਈ ਸ਼ਖਸੀਅਤਾਂ ਪੁੱਜੀਆਂ 
ਹਯਾਤਪੁਰਾ (ਮਾਛੀਵਾੜਾ): 5 ਜੂਨ 2018: (ਪੰਜਾਬ ਸਕਰੀਨ ਟੀਮ)::
ਪੰਜ ਜੂਨ-ਮੰਗਲਵਾਰ। ਸਿਖਰ ਦੁਪਹਿਰਾ। ਅੱਤ ਦੀ ਗਰਮੀ। ਤੇਜ਼ੀ ਨਾਲ ਚੱਲਦੀ ਲੂ। ਇਸਦੇ ਬਾਵਜੂਦ ਸਾਰੇ ਲੋਕ ਕਾਮਰੇਡ ਦਰਸ਼ਨ ਸਿੰਘ ਤਬੀਬਾ ਦੀ ਅੰਤਿਮ ਅਰਦਾਸ ਮੌਕੇ ਪਿੰਡ ਹਯਾਤਪੁਰਾ ਵਿੱਚ ਹੁੰਮ ਹੁੰਮਾ ਕੇ ਪੁੱਜੇ।  ਇਹ ਸਾਰੇ ਓਹ ਲੋਕ ਸਨ ਜਿਹੜੇ ਕਾਮਰੇਡ ਤਬੀਬਾ ਨੂੰ ਚਾਹੁਣ ਵਾਲਿਆਂ ਵਿੱਚ ਸਨ। ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਦੇ ਬਾਵਜੂਦ ਹੋਇਆ ਏਨਾ ਵੱਡਾ ਇਕੱਠ ਦੱਸ ਰਿਹਾ ਸੀ ਕਿ ਕਾਮਰੇਡ ਤਬੀਬਾ ਸੱਚਮੁੱਚ ਲੋਕਾਂ ਦਾ ਨਾਇਕ ਸੀ। 
ਕਿਸਾਨੀ ਦੇ ਖੇਤਰ ਵਿੱਚ ਸਫਲਤਾ ਕਿਵੇਂ ਹਾਸਲ ਕਰਨੀ ਹੈ? ਖੇਤੀਬਾੜੀ ਅਤੇ ਸਹਾਇਕ ਧੰਦਿਆਂ ਤੋਂ ਵੱਧ ਆਮਦਨ ਕਿਵੇਂ ਲੈਣੀ ਹੈ? ਕਿਸਾਨੀ ਭਾਈਚਾਰਾ ਕਿਵੇਂ ਮਜ਼ਬੂਤ ਬਣਾਉਣਾ ਹੈ? ਲੋਕਾਂ ਨਾਲ ਹੋਰ ਚੰਗੀ ਤਰਾਂ ਕਿਵੇਂ ਜੁੜਨਾ ਹੈ? ਇਹਨਾਂ ਸਾਰੇ ਮਸਲਿਆਂ ਦੇ ਹੱਲ ਕਾਮਰੇਡ ਦਰਸ਼ਨ ਸਿੰਘ ਤਬੀਬਾ ਨੇ ਬੜੇ ਹੀ ਅਨੁਸ਼ਾਸਿਤ ਢੰਗ ਨਾਲ ਜ਼ਿੰਦਗੀ ਜੀਊ ਕੇ ਦੱਸੇ। ਬਹੁਤ ਸਾਰੇ ਐਵਾਰਡ ਵੀ ਮਿਲੇ। ਮਾਣ ਸਨਮਾਣ ਵੀ ਮਿਲੇ। ਕਈ ਕਿਤਾਬਾਂ ਵੀ ਲਿਖੀਆਂ। ਇਹ ਸਭ ਕੁਝ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ। ਪਰ ਇਸ ਗੱਲ ਦਾ ਭੇਦ ਅੱਜ ਖੁੱਲੀਆਂ ਕਿ ਕਾਮਰੇਡ ਦਰਸ਼ਨ ਸਿੰਘ ਤਬੀਬਾ ਦਾ ਪ੍ਰੇਮ ਅਤੇ ਜੀਵਨ ਜਾਚ ਲੋਕਾਂ ਦੇ ਦਿਲਾਂ ਵਿੱਚ ਉਕਰੀ ਹੋਈ ਹੈ। 
ਇਸ ਮੌਕੇ 14ਵੀਂ ਲੋਕ ਸਭਾ (2004-2009) ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਉਚੇਚੇ ਤੌਰ ਤੇ ਪੁੱਜੇ। ਉਹਨਾਂ ਇਸ ਦੀਵਾਨ ਦੇ ਰੂਹਾਨੀ ਪਲਾਂ ਦਾ ਅਨੰਦ ਬੜੀ ਹੀ ਸਹਿਜ ਨਾਲ ਮਾਣਿਆ। ਸਵਰਗੀ ਦਰਸ਼ਨ ਸਿੰਘ ਤਬੀਬਾ ਨਮਿਤ    ਅੰਤਿਮ ਅਰਦਾਸ ਮਗਰੋਂ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਸਰਦਾਰ ਅਟਵਾਲ ਨੇ ਕਿਹਾ ਕਿ ਅਸੀਂ ਅਕਸਰ ਤਬੀਬਾ ਨੂੰ ਅਨਪੜ੍ਹ ਵਿਗਿਆਨੀ ਆਖਿਆ ਕਰਦੇ ਸਾਂ ਕਿਓਂਕਿ ਉਹ ਵਿਗਿਆਨ ਦੀ ਪੜ੍ਹਾਈ ਨਾ ਪੜ੍ਹੀ ਹੋਣ ਦੇ ਬਾਵਜੂਦ ਹਰ ਤਜਰਬੇ ਵਿੱਚੋਂ ਕੋਈ ਨ ਕੋਈ ਨਵੀਂ ਕੱਢ ਕੱਢ ਲੈਂਦੇ ਸਨ ਜਿਸਦਾ ਫਾਇਦਾ ਸਾਰੀ ਕਿਸਾਨੀ ਨੂੰ ਹੁੰਦਾ ਸੀ। ਦਰਸ਼ਨ ਸਿੰਘ ਤਬੀਬਾ ਵੱਲੋਂ ਦੇਹ ਦਾਨ ਦੇ ਫੈਸਲੇ ਦੀ ਵੀ ਸਰਦਾਰ ਅਟਵਾਲ ਨੇ ਬਹੁਤ ਪਰਸੰਸਾ ਕੀਤੀ। 
ਕਾਮਰੇਡ ਰਮੇਸ਼ ਰਤਨ ਨੇ ਦੱਸਿਆ ਕਿ ਜਿਹੜਾ ਸ਼ਾਨਦਾਰ ਮਕਾਨ ਅੱਜ ਪਿੰਡ ਵਿੱਚ ਨਜਰ ਅ ਰਿਹਾ ਹੈ ਇਹ ਮਕਾਨ ਸਰਾਦਰ ਤਬੀਬਾ ਨੇ ਕੁਝ ਦੇਰ ਪਹਿਲਾਂ ਹੀ ਬਣਾਇਆ। ਇਸ ਵਿੱਚ ਤਬੀਬਾ ਪਰਿਵਾਰ ਦੀ ਹੱਕ ਹਲਾਲ ਵਾਲੀ ਕਿਰਤ ਕਮਾਈ ਲੱਗੀ ਹੋਈ ਹੈ। 
ਤਬੀਬਾ ਪਰਿਵਾਰ ਦੇ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਾਂਗੇ ਪਰ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਵਰਗੀ ਕਾਮਰੇਡ ਤਬੀਬਾ ਦੀ ਬੇਟੀ ਕਿਰਨਪਰੀਤ ਕੌਰ ਨੇ ਵੀ ਆਪਣੇ ਪਿਤਾ ਦੇ ਸੰਘਰਸ਼ ਅਤੇ ਖੂਬੀਆਂ ਦੀਆਂ ਗੱਲਾਂ ਸਾਂਝੀਂ ਕੀਤੀਆਂ। 
ਮਾਲਵਾ ਕਾਲਜ ਬੌਂਦਲੀ ਤੋਂ ਆਏ ਡਾਕਟਰ ਹਰਿੰਦਰਜੀਤ ਸਿੰਘ ਕਲੇਰ ਨੇ ਵੀ ਸਵਰਗੀ ਤਬੀਬਾ ਵੱਲੋਂ ਕੀਤੇ ਸੰਘਰਸ਼, ਕੰਮ ਦੀ ਲਗਨ ਅਤੇ ਖੇਤੀਬਾੜੀ ਬਾਰੇ ਨਵੇਂ ਤਜਰਬਿਆਂ ਦੀਆਂ ਗੱਲਾਂ ਕੀਤੀਆਂ।  
ਇਸ ਮੌਕੇ ਕਿਸਾਨ ਵੱਧ ਚੜ ਕੇ ਸ਼ਾਮਲ ਹੋਏ। ਲੇਖਕਾਂ ਦੀ ਨੁਮਾਇੰਦਗੀ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਅਤੇ ਇਪਟਾ ਕਲਾਕਾਰਾਂ ਦੀ ਨੁਮਾਇੰਦਗੀ ਐਮ ਐਸ ਭਾਟੀਆ ਨੇ ਕੀਤੀ। 
ਪੀਏਯੂ ਨੇ ਵੀ ਆਪਣਾ ਪਰ੍ਤੀਨਿਧੀ ਮੰਡਲ ਉਚੇਚੇ ਤੌਰ 'ਤੇ ਭੇਜਿਆ। ਅਗਾਂਹਵਧੂ ਹਲਕਿਆਂ ਵੱਲੋਂ ਸਵਰਗੀ ਤਬੀਬਾ ਦੀ ਯਾਦ ਵਿੱਚ ਛੇਤੀ ਹੀ ਕੋਈ ਸਮਾਗਮ ਦੀ ਯੋਜਨਾ ਵੀ ਵਿਚਾਰ ਅਧੀਨ ਹੈ। 

Friday, April 27, 2018

ਜਨਮ ਤੋਂ ਪਹਿਲਾ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ

ਕਾਸ਼ ਅੰਤਿਮ ਅਰਦਾਸਾਂ ਜਿਊਂਦਿਆਂ ਨਾਲ ਮੇਲੇ ਗੇਲੇ ਵਧਾਉਣ ਦੀ ਪਰੇਰਣਾ ਦੇਣ 
ਕਦੋਂ ਕਿਸੇ ਦਾ ਕੋਈ ਸਾਹ ਆਖਿਰੀ ਸਾਹ ਬਣ ਜਾਂਦਾ ਹੈ---!
ਕੋਈ ਦਿਨ ਆਖਿਰੀ ਦਿਨ ਬਣ ਜਾਂਦਾ ਹੈ---!
ਕੋਈ ਪਲ ਆਖਿਰੀ ਪਲ ਬਣ ਜਾਂਦਾ ਹੈ---!
ਕਦੋਂ ਉਮਰ ਮੁੱਕ ਜਾਂਦੀ ਹੈ...!
ਕਦੋਂ ਕੋਈ ਜਿਊਂਦਾ ਜਾਗਦਾ ਇਨਸਾਨ ਬੇਜਾਨ ਹੋ ਜਾਂਦਾ ਹੈ---!
ਇਸ  ਦਾ ਕੁਝ ਪਤਾ ਨਹੀਂ ਲੱਗਦਾ।  
ਹਰ ਇੱਕ ਨੇ ਤੁਰ ਜਾਣਾ ਹੈ ਪਰ ਇਸਦਾ ਅਹਿਸਾਸ ਅਕਸਰ ਕਿਸੇ ਦੇ ਤੁਰ ਜਾਣ ਮਗਰੋਂ ਹੀ ਹੁੰਦਾ ਹੈ।  ਇਸਦਾ ਅਹਿਸਾਸ ਇੱਕ ਵਾਰ ਫੇਰ ਜਰਨਲਿਸਟ ਸੁਖਦੇਵ ਸਿੰਘ ਕਥੂਰੀਆ ਨਮਿਤ ਅੰਤਿਮ ਅਰਦਾਸ ਮੌਕੇ ਹੋਇਆ। ਬਹੁਤ ਸਾਰੇ ਅਜਿਹੇ ਸੱਜਣ ਮਿੱਤਰ ਵੀ ਪਹੁੰਚੇ ਜਿਹਨਾਂ ਨੇ ਉਹਨਾਂ ਨੂੰ ਮਿਲਣਾ ਸੀ ਪਰ ਜ਼ਿੰਦਗੀ ਦੀਆਂ ਨਿੱਤ ਦੀਆਂ ਔਕੜਾਂ ਮਿਲਣ ਨਹੀਂ ਦੇਂਦੀਆਂ। 
ਕੁਝ ਲੋਕ ਕਹਿੰਦੇ ਹਨ ਮੌਤ ਨਾਲ ਸਭ ਕੁਝ ਮੁੱਕ ਜਾਂਦਾ ਹੈ। ਕੁਝ ਹੋਰ ਕਹਿੰਦੇ ਹਨ ਨਹੀਂ ਨਹੀਂ ਅਜਿਹਾ ਨਹੀਂ ਹੁੰਦਾ। ਮੌਤ ਤੋਂ ਬਾਅਦ ਵੀ ਜ਼ਿੰਦਗੀ ਹੁੰਦੀ ਹੈ। ਇਹਨਾਂ ਧਾਰਨਾਵਾਂ ਵਿੱਚੋਂ ਕਿਹੜੀ ਧਾਰਣਾ ਸਚ ਹੈ ਇਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਸਦੀ ਪੁਸ਼ਟੀ ਕੋਈ ਅਜਿਹਾ ਵਿਅਕਤੀ ਹੀ ਕਰ ਸਕਦਾ ਹੈ ਜਿਹੜਾ ਉਸ ਦੁਨੀਆ ਤੋਂ ਪਰਤ ਆਇਆ ਹੋਵੇ। ਪਰ ਹਰ ਮੌਤ ਅਤੇ ਇਸਦੀਆਂ ਧਾਰਮਿਕ ਜਾਂ ਸਮਾਜਿਕ ਰਸਮਾਂ ਸਾਨੂੰ ਹਲੂਣਾ ਜਿਹਾ ਦੇਂਦਿਆਂ ਹਨ। ਯਾਦ ਕਰਾਉਂਦੀਆਂ ਹਨ- 
ਐਸਾ ਕੋਈ ਨ ਡਿੱਠਾ ਮੈਂ ਢੂੰਡ ਥੱਕੀ;
ਜਿਹੜਾ ਗਿਆਂ ਨੂੰ  ਮੋੜ ਲਿਆਂਵਦਾ ਏ। 
ਅੰਤਿਮ ਅਰਦਾਸ, ਅਜਿਹੇ ਮੌਕੇ ਰੱਖੇ ਜਾਣ ਵਾਲੇ ਪਾਠ ਦਾ ਭੋਗ ਜੇ ਗੰਭੀਰਤਾ ਨਾਲ ਮਹਿਸੂਸ ਕੀਤੇ ਜਾਣ ਤਾਂ ਉਸ ਅੰਤਿਮ ਸਮੇਂ ਵਾਲੇ ਅਹਿਸਾਸ ਦਾ ਕੁਝ ਕੁ ਅਨੁਭਵ ਅਗਾਊਂ ਕਰਨ ਦੇ ਤਜਰਬੇ ਹੋ ਸਕਦੇ ਹਨ। ਜਾਣ ਵਾਲੇ ਦਾ ਵਿਛੋੜਾ ਕੁਝ ਕੁ ਲੋਕਾਂ ਲਈ ਸਚਮੁਚ ਅਸਹਿ ਹੁੰਦਾ ਹੈ ਪਰ ਜਿਊਂਦੇ ਬਚੇ ਸੱਜਣਾਂ ਮਿੱਤਰਾਂ ਨਾਲ ਮਿਲਣ ਗਿਲਣ ਲਈ ਸਮਾਂ ਕੱਢਣ ਦਾ ਜ਼ੋਰਦਾਰ ਸੁਨੇਹਾ ਵੀ ਦੇਂਦਾ ਹੈ। 
ਬਹੁਤ ਪਹਿਲਾਂ ਕਿਸੇ ਨੇ ਦੱਸਿਆ ਸੀ ਕਿ ਬੁਧ ਧਰਮ ਵਿੱਚ ਜੇ ਕੋਈ ਦੀਕਸ਼ਾ ਮੰਗਦਾ ਹੈ ਤਾਂ ਉਸਨੂੰ ਆਸਾਨੀ ਨਾਲ ਦੀਕਸ਼ਾ ਨਹੀਂ ਦਿੱਤੀ ਜਾਂਦੀ। ਉਸਨੂੰ ਕਿਹਾ ਜਾਂਦਾ ਹੈ ਤੂੰ ਜਾ-ਹਰ ਰੋਜ਼  ਜਾ ਕੇ ਸ਼ਮਸ਼ਾਨਘਾਟ ਵਿੱਚ ਬੈਠਿਆ ਕਰ।  ਇਹ ਅਰਸਾ ਮਹੀਨਾ ਵੀ ਹੋ ਸਕਦਾ ਹੈ ਛੇ ਮਹੀਨੇ ਵੀ। ਇਸ ਤੋਂ ਜਿਆਦਾ ਵੀ। ਜਦੋਂ ਉਹ ਉੱਥੇ ਜਾ ਕੇ ਹਰ ਰੋਜ਼ ਸ਼ਮਸ਼ਾਨਘਾਟ ਵਿੱਚ ਬੈਠਦਾ ਹੈ।  ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਰਦੇ ਸੜਦੇ ਦੇਖਦਾ ਹੈ। ਉਦੋਂ ਉਸਨੂੰ ਪਤਾ ਲੱਗਦਾ ਹੈ ਕਿ ਮੌਤ ਹੀ ਅਟੱਲ ਸਚਾਈ ਹੈ।  ਇਹ ਕਿਸੇ ਵੀ ਵੇਲੇ ਆ ਸਕਦੀ ਹੈ।  ਕਿਸੇ ਨੂੰ ਵੀ ਆ ਸਕਦੀ ਹੈ।  ਬੱਚੇ ਨੂੰ ਵੀ, ਜੁਆਨ ਨੂੰ ਵੀ, ਬਜੁਰਗ ਨੂੰ ਵੀ। ਅਮੀਰ ਨੂੰ ਵੀ ਗਰੀਬ ਨੂੰ ਵੀ। ਚੰਗਾ ਭਲਾ ਵਿਅਕਤੀ ਵੀ ਅਚਾਨਕ ਅਕਾਲ ਚਲਾਣਾ ਕਰ ਸਕਦਾ ਹੈ। 
ਅੱਜ ਦੇ ਸਮਾਗਮ ਵਿੱਚ ਕਾਮਰੇਡ ਰਮੇਸ਼ ਰਤਨ ਵੀ ਆਏ ਹੋਏ ਸਨ। ਉਹਨਾਂ ਨਾਲ ਇਹ ਹਾਦਸਾ ਕੁਝ ਸਾਲ ਪਹਿਲਾਂ ਵਾਪਰਿਆ ਸੀ। ਲੁਧਿਆਣਾ ਦੇ ਇੱਕ ਬਹੁਤ ਵੱਡੇ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਦਾਖਲ ਸੀ। ਇੱਕ ਦਿਨ ਡਾਕਟਰਾਂ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੋ ਗਏ ਹਾਂ। ਤੁਸੀਂ ਅੱਜ ਇਹਨਾਂ ਨੂੰ ਆਪਣੇ ਘਰ ਲਿਜਾ ਸਕਦੇ ਹਨ। ਕਾਮਰੇਡ ਰਮੇਸ਼ ਰਤਨ ਨੇ ਪੁਛਿਆ ਕਿ ਸਿਹਤ ਬਾਰੇ ਦੁਬਾਰਾ ਕੋਈ ਸਮੱਸਿਆ ਤਾਂ ਖੜੀ ਨਹੀਂ ਹੋਵੇਗੀ? ਡਾਕਟਰਾਂ ਨੇ ਕਿਹਾ  ਸੁਆਲ ਹੀ ਪੈਦਾ ਨਹੀਂ ਹੁੰਦਾ।  ਸਾਡੇ ਕੋਲੋਂ ਬੇਸ਼ਕ ਅਸ਼ਟਾਮ 'ਤੇ ਲਿਖਵਾ ਲਵੋ। ਕਾਮਰੇਡ ਰਮੇਸ਼ ਰਤਨ ਖੁਸ਼ੀ ਖੁਸ਼ੀ ਘਰ ਆਏ। ਘਰ ਆ ਕੇ ਆਪਣੇ ਪਰਿਵਾਰ ਖਾਸ ਕਰਕੇ ਬੇਟੀ ਨੂੰ ਕਿਹਾ ਕਿ ਉਹ ਆਪਣੀ ਮਾਂ ਵਾਲਾ ਕਮਰਾ ਪੂਰੀ ਤਰਾਂ ਸਾਫ਼ ਕਰਕੇ ਸਜਾ ਕੇ ਰੱਖੇ। ਏਨੇ ਵਿੱਚ ਹੀ ਹਸਪਤਾਲ ਤੋਂ ਫੋਨ ਆਇਆ ਕਿ ਜਲਦੀ ਪਹੁੰਚੋ। ਕੋਈ ਇੰਜੈਕਸ਼ਨ ਹੁਣੇ ਲਗਾਉਣਾ ਜਰੂਰੀ ਹੈ। ਕਾਮਰੇਡ ਰਤਨ ਨੇ ਕਿਹਾ ਤੁਸੀਂ ਦੇਰ ਨਾ ਕਰੋ--ਦਸਖਤ ਮੈਂ ਆ ਕੇ ਕਰ ਦੇਂਦਾ ਹਾਂ। ਜਦੋਂ ਵਾਪਿਸ ਹਸਪਤਾਲ ਪਹੁੰਚੇ ਤਾਂ ਮਾੜੀ ਖਬਰ ਸੁਣਨੀ ਪਈ। ਉਸ ਵਿਛੋੜੇ ਦੀ ਗੱਲ ਕਰਦਿਆਂ ਅੱਜ ਵੀ ਕਾਮਰੇਡ ਰਮੇਸ਼ ਰਤਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਜਿਸ ਜੀਵਨ ਸਾਥਣ ਨੂੰ ਘਰ ਲਿਆ ਕੇ ਦੁੱਖ ਸੁੱਖ ਸਾਂਝੇ ਕਰਨੇ ਸਨ ਉਸਦੀ ਲਾਸ਼ ਘਰ ਲਿਆਉਣੀ ਪਈ।  ਜ਼ਿੰਦਗੀ ਸਾਡੇ ਸਾਰਿਆਂ ਸਾਹਮਣੇ ਹੀ ਅਕਸਰ ਉਹ ਕੁਝ ਲਿਆ ਰੱਖਦੀ ਹੈ ਜਿਹੜਾ ਅਸੀਂ ਕਦੇ ਨਹੀਂ ਸੋਚਿਆ ਹੁੰਦਾ।
ਮਾਡਲ ਗਰਾਮ ਸਰਗੋਧਾ ਕਲੋਨੀ ਵਿਖੇ ਇੱਕ ਸੰਸਥਾ ਹੁੰਦੀ ਸੀ। ਮੁਲਾਕਾਤ ਹੋਇਆਂ ਕਾਫੀ ਦੇਰ ਹੋ ਗਈ ਹੈ। ਸ਼ਾਇਦ ਇਹ ਸੰਸਥਾ ਹੁਣ ਵੀ ਉੱਥੇ ਹੀ ਹੋਵੇ। ਗੁਰਮਤਿ ਨਾਲ ਜੁੜੀ ਹੋਈ ਸੰਸਥਾ ਕਿਸੇ ਵੇਲੇ ਬਹੁਤ ਸਰਗਰਮ ਸੀ। ਉਹਨਾਂ ਇੱਕ ਕਿਤਾਬਚਾ ਛਾਪਿਆ ਸੀ। ਉਸ ਕਿਤਾਬਚੇ ਦਾ ਨਾਮ ਸੀ "ਅਬਿਨਾਸੀ ਲੀਲਾ"। ਅਸਲ ਵਿੱਚ ਇਹ ਪੁਸਤਕ ਰੂਥ ਮਾਂਟਗੁਮਰੀ ਦੀ ਲਿਖੀ ਪੁਸਤਕ A World Beyond ਦਾ ਖੁੱਲਾ ਉਲਥਾ ਹੈ। ਉਸ ਵਿੱਚ ਉਹਨਾਂ ਵਿਦੇਸ਼ੀ ਵਿਗਿਆਨੀਆਂ ਦੇ ਹਵਾਲੇ ਦੇ ਦੇ ਕੇ ਸਾਬਿਤ ਕੀਤਾ ਕਿ ਮੌਤ ਨਾਲ ਸਭ ਕੁਝ ਖਤਮ ਨਹੀਂ ਹੁੰਦਾ। ਰੂਥ ਮਾਂਟਗੁਮਰੀ ਕੋਈ ਸੰਤ ਸਾਧਵੀ ਜਾਂ ਅੰਧ ਵਿਸ਼ਵਾਸਨ ਨਹੀਂ ਸੀ।  ਉਸਨੇ  The Waco News Tribune, The New York Daily News ਅਤੇ United Press International ਵਰਗੇ ਵੱਕਾਰੀ ਅਤੇ ਵੱਡੇ ਮੀਡੀਆ ਘਰਾਣਿਆਂ ਲਈ ਸਰਗਰਮ ਪੱਤਰਕਾਰ ਵੱਜੋਂ ਕੰਮ ਵੀ ਕੀਤਾ। ਸੰਨ 1959 ਵਿੱਚ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਰਿਚਰਡ ਨਿਕਸਨ ਨਾਲ ਮਾਸਕੋ ਵੀ ਗਈ। ਉਸ ਨੂੰ ਵੁਮੈਨਜ਼ ਨੈਸ਼ਨਲ ਪਰੈਸ ਕਲੱਬ ਦਾ ਪਰਧਾਨ ਵੀ ਚੁਣਿਆ ਗਿਆ। ਉਸਨੇ ਅਮਰੀਕਾ ਦੇ ਛੇ ਰਾਸ਼ਟਰਪਤੀਆਂ ਨਾਲ ਕੰਮ ਕੀਤਾ। ਉਸਨੇ ਦਾਅਵਾ ਕੀਤਾ ਸੀ ਕਿ ਉਸਨੇ ਆਪਣੇ ਪਤੀ ਰੋਬਰਟ ਮਾਂਟਗੁਮਰੀ ਦੀ ਮੌਤ ਤੋਂ ਬਾਅਦ ਵੀ ਇਕ ਵਿਸ਼ੇਸ਼ ਸਪਿਰਿਟ ਰਾਹੀਂ ਉਸਦੇ ਸੰਪਰਕ ਵਿੱਚ ਰਹੀ। ਜਨਮ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਉਸਨੇ ਬਹੁਤ ਕੁਝ ਲਿਖਿਆ ਜਿਹੜਾ ਬਹੁਤ ਹਰਮਨ ਪਿਆਰਾ ਵੀ ਹੋਇਆ। 
ਅਮਰੀਕਾ ਹੀ ਨਹੀਂ ਭਾਰਤ ਵਿੱਚ ਇਹ ਆਸਥਾ ਬਹੁਤ ਜ਼ਿਆਦਾ ਹੈ। ਅਧਿਆਤਮ ਦੀ ਦੁਨੀਆ ਵਿੱਚ ਅਕਸਰ ਯੋਗ ਮਾਇਆ ਦੀ ਗੱਲ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਸਦੇ ਪਰਭਾਵ ਹੇਠਾਂ ਆਉਣ 'ਤੇ ਜੋ ਕੁਝ ਸਾਕਾਰ ਜਿਹਾ ਲੱਗਦਾ ਹੈ ਉਹ ਅਸਲ ਵਿਚ ਹੁੰਦਾ ਹੀ ਨਹੀਂ। ਜੋ ਕੁਝ ਨਜ਼ਰ ਹੀ ਨਹੀਂ ਆਉਂਦਾ ਅਸਲ ਵਿੱਚ ਉਹੀ ਕੁਝ ਹਕੀਕਤ ਹੁੰਦਾ ਹੈ। 
ਇਹ ਗੱਲਾਂ ਸਚ ਹਨ ਜਾਂ ਝੂਠ ਇਹ ਕੋਈ ਬਹੁਤਾ ਮਹੱਤਵ ਵਾਲੀ ਗੱਲ ਨਹੀਂ।  ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਅਜਿਹਾ ਬਹੁਤ ਕੁਝ ਵਾਪਰਦਾ ਹੈ। ਜਦੋਂ ਕੋਈ ਸਾਡੇ ਸਾਹਮਣੇ ਹੁੰਦਾ ਹੈ। ਸਾਡਾ ਕੋਈ ਬਹੁਤ ਹੀ ਆਪਣਾ।  ਸਾਡਾ ਬੇਹੱਦ ਖਾਸ। ਉਸ ਵੇਲੇ ਉਹ ਸਾਨੂੰ ਦੇਖ ਕੇ ਵੀ ਨਜ਼ਰ ਨਹੀਂ ਆਉਂਦਾ। ਪੂੰਜੀਵਾਦ ਦੇ ਮਾਰੂ ਪਰਭਾਵਾਂ ਦੀ ਮਾਰੀ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਸਾਨੂੰ ਸਾਡੇ ਆਪਣਿਆਂ ਨਾਲ ਦੋ ਪਲ ਬੈਠ ਕੇ ਦੁੱਖ ਸੁੱਖ ਸਾਂਝਾ ਕਰਨ ਦਾ ਸਮਾਂ ਵੀ ਨਹੀਂ ਦੇਂਦੀ। ਅਸੀਂ ਬਹੁਤ ਸਾਰੀਆਂ ਖੁਸ਼ੀਆਂ ਇਸੇ ਤਰਾਂ ਛੱਡ ਦੇਂਦੇ ਹਾਂ। ਹਰ ਰੋਜ਼-ਹਰ ਪਲ। ਜਦੋਂ ਸਾਡੇ ਕਿਸੇ ਪਿਆਰੇ ਦਾ ਜਿਸਮ ਬੇਜਾਨ ਹੋ ਜਾਂਦਾ ਹੈ ਉਦੋਂ ਅਸੀਂ ਉਸ ਨਾਲ ਗੱਲਾਂ ਕਰਨਾ ਚਾਹੁੰਦੇ ਹਾਂ ਪਰ ਅੱਗੋਂ ਹੁੰਗਾਰਾ ਨਹੀਂ ਮਿਲਦਾ। ਉਦੋਂ ਅਸੀਂ ਤਰਲੇ ਲੈਂਦੇ ਹਾਂ ਬਸ ਇੱਕ ਮਿੰਟ ਹੋਰ ਬੋਲ ਪਵੇ। ਉਸਦਾ ਬੇਜਾਨ ਜਿਸਮ ਸਾਡੇ ਸਾਹਮਣੇ ਹੁੰਦਾ ਹੈ ਸਾਨੂੰ ਨਜ਼ਰ ਆਉਂਦਾ ਹੈ ਪਰ ਜਿਸ ਨਾਲ ਗੱਲ ਕਰਨੀ ਹੈ ਉਹ ਉੱਥੇ ਮੌਜੂਦ ਨਹੀਂ ਹੁੰਦਾ। ਸ਼ਾਇਦ ਇਹੀ ਹੈ ਯੋਗ ਮਾਇਆ ਦੀ ਮਾਇਆ। ਅਸੀਂ ਬੁਧ ਧਰਮ ਦੇ  ਪੈਰੋਕਾਰਾਂ ਵਾਂਗ ਹਰ ਰੋਜ਼ ਸ਼ਮਸ਼ਾਨਘਾਟ ਵੀ ਨਹੀਂ ਜਾ ਸਕਦੇ। ਪਰ ਜਦੋਂ ਕਿਸੇ ਮਿੱਤਰ ਪਿਆਰੇ ਦਾ ਵਿਛੋੜਾ ਸਾਨੂੰ ਬਿਹਬਲ ਕਰਦਾ ਹੈ ਤਾਂ ਉਦੋਂ ਸਾਨੂੰ ਅਹਿਸਾਸ ਵੀ ਹੋਣਾ ਚਾਹਿਦਾ ਹੈ ਜੋ ਅੱਜ ਸਾਡੇ ਵਿੱਚ ਮੌਜੂਦ ਨਹੀਂ ਉਹ ਕਿਸੇ  ਵੇਲੇ ਜਦੋਂ ਮੌਜੂਦ ਸੀ ਤਾਂ ਅਸੀਂ ਉਸ ਵੇਲੇ ਵੀ ਦੁੱਖ ਸੁੱਖ ਸਾਂਝੇ ਨਹੀਂ ਕੀਤੇ। ਉਸ ਵੇਲੇ ਵੀ ਉਸ ਨਾਲ ਦਿਲ ਖੋਹਲ ਕੇ ਗੱਲਾਂ ਨਹੀਂ ਕੀਤੀਆਂ। ਜ਼ਿੰਦਗੀ ਦੀਆਂ ਚੱਕਰਾਂ ਨੇ ਸਾਨੂੰ ਕਿੰਨਾ ਸਿਆਸੀ ਜਿਹਾ ਬਣਾ ਦਿੱਤਾ ਹੈ। ਜੇ ਅਸੀਂ ਹਰ ਅੰਤਿਮ ਅਰਦਾਸ ਵੇਲੇ ਅਜਿਹੇ ਅਹਿਸਾਸ ਨੂੰ ਜਗਾ ਸਕੀਏ ਤਾਂ ਸ਼ਾਇਦ ਸਾਡੇ ਅੰਦਰ ਉਹੀ ਪਰਿਵਰਤਨ ਆ ਜਾਏ ਜਿਹੜਾ ਬੋਧੀ ਭਿਕਸ਼ਾ ਲੈਣ ਦੇ ਚਾਹਵਾਨਾਂ ਨੂੰ ਲਗਾਤਾਰ ਸ਼ਮਸ਼ਾਨਘਾਟ ਜਾ  ਕੇ ਮਿਲਦਾ ਹੈ।
ਅੰਤ ਵਿੱਚ ਸਿਰਫ ਇੱਕੋ ਗੱਲ। ਕਹਿੰਦੇ ਨੇ ਜਦੋਂ ਬੱਚੇ ਨੂੰ ਮਾਤਾ ਦੇ ਗਰਭ ਵਿੱਚੋਂ ਬਾਹਰ ਕਢਿਆ ਜਾਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਬਸ ਅੱਜ ਮੇਰੀ ਮੌਤ ਆ ਗਈ। ਨਾੜੂ ਕੱਟਣ ਵੇਲੇ ਉਸਦਾ ਰੋਣਾ ਇਸ ਕਿਸਮ ਦੇ "ਖਤਰੇ ਦੇ ਅਹਿਸਾਸ" ਕਾਰਨ ਹੀ ਹੁੰਦਾ ਹੈ। ਜਦੋਂ ਉਸਨੂੰ ਬਾਹਰੀ ਦੁਨੀਆ ਦੀ ਰੌਸ਼ਨੀ ਨਜ਼ਰ ਆਉਂਦੀ ਹੈ। ਬਾਹਰਲੀ ਹਵਾ ਦੇ ਸਾਹ ਆਉਣ ਲੱਗਦੇ ਹਨ ਉਦੋਂ ਉਹ ਬਹੁਤ ਖੁਸ਼ ਹੁੰਦਾ ਹੈ ਇਹ ਦੇਖ ਕੇ ਕਿ ਇਹ ਦੁਨੀਆ ਕਿੰਨੀ ਵੱਡੀ ਹੈ--ਕਿੰਨੀ ਖੂਬਸੂਰਤ। ਜ਼ਿੰਦਗੀ ਦੇ ਨਾਲ ਨਾਲ ਮੌਤ ਬਾਰੇ ਖੋਜਾਂ ਕਰਨ ਵਾਲੇ ਆਖਦੇ ਹਨ ਸਾਡੀ ਸਰੀਰਕ ਮੌਤ ਵੀ ਕੁਝ ਅਜਿਹਾ ਹੀ ਤਜਰਬਾ ਹੈ। ਅਸੀਂ ਕਿਸੇ ਹੋਰ ਦੁਨੀਆ ਵਿੱਚ ਜਾ ਪਹੁੰਚਦੇ ਹਾਂ ਜਿਹੜੀ ਇਸ ਦੁਨੀਆ ਨਾਲੋਂ ਖੂਬਸੂਰਤ ਅਤੇ ਮਜ਼ੇਦਾਰ ਹੈ। ਹੋ ਸਕਦਾ ਹੈ ਮੇਰੀ ਜਾਣਕਾਰੀ ਗਲਤ ਹੋਵੇ। ਪਰ ਇਸ ਦਲੀਲ ਨੇ ਮੇਰੇ ਬਹੁਤ ਸਾਰੇ ਵਿਛੋੜਿਆਂ ਦੇ ਦਰਦ ਨੂੰ ਘਟਾਇਆ ਹੈ। ਕਈ ਵਾਰ ਘਟਾਇਆ ਹੈ। ਬਹੁਤ ਸਾਰੇ ਹੋਰ ਅਨੁਭਵ ਅਤੇ ਹੋਰ ਗੱਲਾਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ।
ਜਾਂਦੇ ਜਾਂਦੇ ਜਿਗਰ ਮੋਰਦਾਬਾਦੀ ਸਾਹਿਬ ਦਾ ਇੱਕ ਪਰਸਿੱਧ ਸ਼ੇਅਰ:
ਜ਼ਿੰਦਗੀ ਇਕ ਹਾਦਸਾ ਹੈ-ਔਰ ਐਸਾ ਹਾਦਸਾ,
ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ।