Showing posts with label Malvinder Singh Mali. Show all posts
Showing posts with label Malvinder Singh Mali. Show all posts

Wednesday, September 18, 2024

ਚਾਰ ਚੁਫੇਰਿਓਂ ਉੱਠੀ ਮੰਗ-ਮਾਲੀ ਨੂੰ ਰਿਹਾ ਕਰੋ

ਚੰਡੀਗੜ੍ਹ ਵਾਲੇ ਰੋਸ ਮੁਜ਼ਾਹਰੇ ਵਿੱਚ ਵੀ  ਮੰਗ ਤੇ ਜ਼ੋਰ 


ਚੰਡੀਗੜ੍ਹ
: 18 ਸਤੰਬਰ 2024: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਬੇਬਾਕ ਅਤੇ ਨਿਰਪੱਖ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਖਿਲਾਫ ਚਾਰ ਚੁਫੇਰਿਓਂ ਨਿੰਦਾ ਅਤੇ ਨਿਖੇਧੀਆਂ ਦੀ ਹਨੇਰੀ ਜਿਹੀ ਆ ਰਹੀ ਹੈ। ਬਹੁਤ ਸਾਰੀਆਂ ਪਾਰਟੀਆਂ ਅਤੇ ਸ਼ਖਸੀਅਤਾਂ ਨੇ ਇਸ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕੀਤਾ ਹੈ। ਮਾਨਸਾ, ਚੰਡੀਗੜ੍ਹ, ਮੋਹਾਲੀ, ਜਲੰਧਰ, ਅੰਮ੍ਰਿਤਸਰ ਸਮੇਤ ਬਹੁਤ ਸਾਰੇ ਸਟੇਸ਼ਨਾਂ ਤੋਂ ਇਸ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਹੈ। ਬੇਬਾਕ ਅਤੇ ਨਿਧੜਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਹਰ ਪਾਸਿਓਂ ਉੱਠ ਰਹੀ ਹੈ। ਚੇਤੇ ਰਹੇ ਕਿ ਇਹ ਉਹੀ ਮਾਲਵਿੰਦਰ ਮਾਲੀ ਹੈ ਜਿਸਨੇ ਕਦਮ ਕਦਮ ਤੇ ਪੰਜਾਬ ਦੇ ਹੱਕਾਂ ਅਤੇ ਸ਼ਾਂਤੀ ਦੀ ਗੱਲ ਬਾਰ ਬਾਰ ਕੀਤੀ ਹੈ। 

ਪੰਜਾਬ ਦੇ ਇਸ ਨਿਧੜਕ ਸਿਆਸੀ ਅਲੋਚਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪਿਛਲੇ ਦਿਨੀਂ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਵਿਰੁੱਧ ਪੰਜਾਬ ਦੇ ਬੁੱਧੀਜੀਵੀ, ਚਿੰਤਕ ਤੇ ਵੱਡੀ ਗਿਣਤੀ ਵਿੱਚ ਸਮਾਜ ਸੇਵਕ ਨਿੱਤਰ ਆਏ ਹਨ। ਸ੍ਰੀ ਮਾਲੀ ਦੇ ਇਹਨਾਂ ਹਮਾਇਤੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿੱਚ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਵਤੀਰੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਦਰਜ ਕੀਤੇ ਪੁਲੀਸ ਕੇਸ ਰੱਦ ਕਰ ਕੇ ਸ੍ਰੀ ਮਾਲੀ ਨੂੰ ਜਲਦ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ।

ਰੋਸ ਵਿਖਾਵੇ ਦੇ ਇਸ ਮੌਕੇ ਡਾ. ਪਿਆਰੇ ਲਾਲ ਗਰਗ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਸੰਸਦ ਮੈਂਬਰ ਅਤਿੰਦਰ ਪਾਲ ਸਿੰਘ, ਵਿਕਰਮ ਬਾਜਵਾ, ਰਣਜੀਤ ਪਵਾਰ, ਡਾ. ਖੁਸ਼ਹਾਲ ਸਿੰਘ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਪ੍ਰੋ. ਮਨਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ ਸਣੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੰਬੋਧਨ ਕੀਤਾ।

ਇਹਨਾਂ ਪ੍ਰਦਰਸ਼ਨਕਾਰੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਰਕਾਰ ਵਿਰੁੱਧ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੰਵਿਧਾਨ ਦੇ ਉਲਟ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸੂਬਾ ਸਰਕਾਰ ਵੱਲੋਂ ਕਾਨੂੰਨ ਦੀ ਵਰਤੋਂ ਅਪਰਾਧਾਂ ’ਤੇ ਨੱਥ ਪਾਉਣ ਦੀ ਥਾਂ ਮੀਡੀਆ ਦੀ ਸੁਤੰਤਰਤਾ ਨੂੰ ਕੁਚਲਣ ਅਤੇ ਆਲੋਚਕਾਂ ਦੀ ਆਵਾਜ਼ ਬੰਦ ਕਰਨ ਲਈ ਕੀਤੀ ਜਾ ਰਹੀ ਹੈ। ਪਹਿਲਾਂ ਸੂਬਾ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਰਾਜਸੀ ਅਲੋਚਕਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀਆਂ ਗਈਆਂ ਸਨ, ਹੁਣ ਯੂ-ਟਿਊਬਰਾਂ ’ਤੇ ਪੁਲੀਸ ਰਾਹੀਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੁਲਿਸ ਉਨ੍ਹਾਂ ਨੂੰ ਪੁਲੀਸ ਸਟੇਸ਼ਨਾਂ ਵਿੱਚ ਬੁਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਸੋਸ਼ਲ ਮੀਡੀਆ ਅਤੇ ਯੂਟਿਊਬਰ ਪੱਤਰਕਾਰਾਂ ਦੇ ਖਾਤੇ ਬੰਦ ਕਰਾ ਦਿੱਤੇ ਹਨ। ਜ਼ਾਹਰ ਹੈ ਕਿ ਸਰਕਾਰ ਦੇ ਇਰਾਦੇ ਮੀਡੀਆ ਦੀ ਆਜ਼ਾਦੀ ਨੂੰ ਲੈਕੇ ਨੇਕ ਨਹੀਂ ਹਨ। 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਰਾਹ ’ਤੇ ਚੱਲਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਅੱਜ ਲੋਕਤੰਤਰੀ ਲੀਹਾਂ ਪਾਰ ਕੇ ਅਲੋਚਨਾ ਨੂੰ ਕੁਚਲਣ ਦੇ ਰਾਹ ਹੀ ਪੈ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਤਰ੍ਹਾਂ ਅਲੋਚਕਾਂ, ਚਿੰਤਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਹੈ, ਇਹ ਭਵਿੱਖ ਵਿੱਚ ਹੋਰ ਵਧੇਗੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਿਆਸੀ ਅਲੋਚਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਦਰਜ ਕੀਤੇ ਪੁਲੀਸ ਕੇਸ ਨੂੰ ਰੱਦ ਕਰ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਖ ਵਿਚਾਰਾਂ ਵਾਲੇ ਇਸ ਮੁਦੇ ਤੇ ਇਕਜੁੱਟ ਨਜ਼ਰ  ਆਏ। 

ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਾਲੇ ਇਸ ਰੋਸ ਵਖਾਵੇ ਮੌਕੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਪਰਮਜੀਤ ਕੌਰ ਲਾਂਡਰਾ, ਕਰਨੈਲ ਸਿੰਘ ਪੰਜੌਲੀ, ਡਾ. ਖੁਸ਼ਹਾਲ ਸਿੰਘ ਸਣੇ ਵੱਡੀ ਗਿਣਤੀ ਵਿੱਚ ਬੁੱਧੀਜੀਵੀ, ਚਿੰਤਕ, ਵਕੀਲ, ਕਿਸਾਨ ਤੇ ਵੱਖ-ਵੱਖ ਵਰਗਾਂ ਤੋਂ ਲੋਕ ਮੌਜੂਦ ਰਹੇ।


Saturday, January 27, 2024

ਸਿੱਖਾਂ ਅਤੇ ਮਾਰਕਸੀਆਂ ਨੂੰ ਨੇੜੇ ਲਿਆਉਣ ਵਾਲੇ ਗੁਰਬਚਨ ਸਿੰਘ ਨੂੰ ਯਾਦ ਕਰਦਿਆਂ

Sunday 27th January 2024 at 02:46 PM 

ਇਸ ਸੁਮੇਲ ਲਈ ਪੁਲ ਬਣੇ ਰਹੇ ਸਨ ਚਿੰਤਕ ਗੁਰਬਚਨ ਸਿੰਘ 


ਚੰਡੀਗੜ੍ਹ
: 27 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::   

ਪੰਜਾਬ ਦੇ ਸੰਘਰਸ਼ਾਂ ਦੌਰਾਨ ਮਾਰਕਸਵਾਦ ਅਤੇ ਸਿੱਖ ਫਲਸਫੇ ਦਾ ਬਹੁਤ ਹੀ ਨੇੜਤਾ ਵਾਲਾ ਸੰਬੰਧ ਰਿਹਾ ਹੈ। ਇਹਨਾਂ ਸੰਬੰਧਾਂ ਵਿੱਚ ਆਉਂਦੀ ਰਹੀ ਦੂਰੀ ਪੰਜਾਬ ਦੇ ਦੁਸ਼ਮਣਾਂ ਲਈ ਹੋਈ ਫਾਇਦੇਮੰਦ ਹੁੰਦੀ ਰਹੀ। ਇਹਨਾਂ ਵਿਚਧਾਰਾਵਾਂ ਦਾ ਆਪਸੀ ਸੁਮੇਲ ਲਗਾਤਾਰ ਮਜ਼ਬੂਤ ਕਰਵਾਉਣ ਵਾਲਿਆਂ ਸ਼ਖਸੀਅਤਾਂ ਵਿੱਚ ਇੱਕ ਸਨ ਜਲੰਧਰ ਵਾਲੇ ਗੁਰਬਚਨ ਸਿੰਘ। ਉਹਨਾਂ ਦੀ ਸੰਗਤ ਅਤੇ ਮੁਹੱਬਤ ਮਾਨਣ ਵਾਲਿਆਂ ਵਿੱਚ ਵਿਰੋਧੀ ਵਿਚਾਰਾਂ ਵਾਲੇ ਵੀ ਸਨ।  ਹੁਣ ਜਦੋਂ ਕਿ ਉਹਨਾਂ ਦੀ ਲੋੜ ਬਹੁਤ ਜ਼ਿਆਦਾ ਸੀ ਉਦੋਂ ਉਹ ਉਸ ਦੁਨੀਆ ਵਿਚ ਤੁਰ ਗਏ ਜਿਥੋਂ ਕੋਈ ਨਹੀਂ ਮੁੜਦਾ। ਇਸਦੇ ਬਾਵਜੂਦ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੀ ਭੂਮਿਕਾ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਰਹੇਗੀ। ਉਹਨਾਂ ਦੀ ਯਾਦ ਵਿੱਚ  ਹੋਏ ਸਮਾਗਮ ਦੌਰਾਨ ਅਜਿਹਾ ਬਹੁਤ ਕੁਝ ਯਾਦ ਕੀਤਾ ਗਿਆ।  

ਇਸ ਯਾਦ ਸਮਾਗਮ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਜੁੜੇ ਬੁਧੀਜੀਵੀਆਂ ਅਤੇ ਚਿੰਤਕਾਂ ਨੇ ਨਾਮਵਰ ਲੇਖਕ ਤੇ ਦੇਸ਼ ਪੰਜਾਬ ਮੈਗਜ਼ੀਨ ਦੇ ਐਡੀਟਰ ਗੁਰਬਚਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਮਹਾਨ ਚਿੰਤਕ ਉਮਰ ਭਰ ਸਿੱਖ ਫਲਸਫੇ ਅਤੇ ਮਾਰਕਸਵਾਦ ਦੇ ਆਪਸੀ ਸੁਮੇਲ ਲਈ ਜਦੋਜਹਿਦ ਕਰਦਾ ਰਿਹਾ ਅਤੇ ਇਹਨਾਂ ਦੋਹਾਂ ਖੇਤਰਾਂ ਵਿੱਚ ਉਸਨੇ ਭਰਵਾਂ ਯੋਗਦਾਨ ਪਾਇਆ।

ਲੰਘੇ ਸਾਲ ਦੀ 28 ਦਸੰਬਰ ਨੂੰ ਅਚਾਨਕ ਵਿਛੋੜਾ ਦੇ ਗਏ ਗੁਰਬਚਨ ਸਿੰਘ ਹੁਰਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਨਜ਼ਦੀਕੀ ਦੋਸਤ ਡਾ. ਸਵਰਾਜ ਸਿੰਘ ਨੇ ਕਿਹਾ ਕਿ ਜਲੰਧਰ ਨਿਵਾਸੀ ਗੁਰਬਚਨ ਸਿੰਘ ਨੇ ਸਿੱਖ ਫਲਸਫੇ/ਗੁਰਬਾਣੀ ਅਤੇ ਮਾਰਕਸਵਾਦ ਦਾ ਡੂੰਘਾ ਅਧਿਐਨ ਕੀਤਾ ਸੀ। ਉਹਨਾਂ ਦੋਹਾਂ ਫਲਸਫਿਆਂ ਦੀ ਸਾਂਝ ਬਾਰੇ ਗੱਲ ਕਰਦਿਆਂ, ਗੁਰਬਚਨ ਸਿੰਘ ਕਿਹਾ ਕਰਦੇ ਸਨ ਕਿ ਦੋਵੇਂ ਹੀ ਕੁਦਰਤ-ਮੁਖੀ ਸਿਧਾਂਤ ਹਨ, ਜਿਹੜੇ ਮਨੁੱਖ ਨੂੰ ਮਾਨਵਵਾਦੀ ਤੇ ਨਿਆਂ ਉੱਤੇ ਅਧਾਰਤ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੇ ਹਨ। ਜਦੋਂ ਕਿ ਸਰਮਾਏਦਾਰੀ ਅਧਾਰਤ ਸਮਾਜ ਉੱਚਾ-ਨੀਵਾਂ ਅਤੇ ਸ਼ੋਸਤ ਹੁੰਦਾ ਹੈ, ਜਿਸ ਵਿੱਚ ਮਨੁੱਖ ਆਪਣੇ ਆਪ ਤੋਂ ਵੀ ਵਿਯੋਗਿਆ ਜਾਂਦਾ ਹੈ। ਸਮਾਜਵਾਦੀ ਵਿਚਾਰਾਂ ਵਾਲੇ ਲਾਈਫ ਸਟਾਈਲ ਅਤੇ ਸਰਮਾਏਦਾਰੀ ਵਿਚਾਰਾਂ ਵਾਲੇ ਸਿਸਟਮ ਅਤੇ ਸਮਾਜਾਂ ਬਾਰੇ ਸ਼ਾਇਦ ਇਹ ਬਹੁਤ ਹੀ ਅਨਮੋਲ ਟਿੱਪਣੀ ਹੈ। ਜਿਹੜੀ ਸ਼ੋਸ਼ਣ ਦੇ ਅਸਲੀ ਕਾਰਨ ਦੀ ਗੱਲ ਵੀ ਬੜੇ ਸਲੀਕੇ ਨਾਲ ਕਰਦੀ ਹੈ। 

ਇਸ ਸਮਾਗਮ ਦੀ ਪ੍ਰਾਪਤੀ ਇਹ ਵੀ ਸੀ ਕਿ ਇਸ ਮੌਕੇ ਉੱਤੇ ਗੁਰਬਚਨ ਸਿੰਘ ਦੇ ਪੈਗਾਮ ਗਰੁੱਪ ਦੇ ਸਾਥੀ ਮਾਲਵਿੰਦਰ ਸਿੰਘ ਮਾਲੀ ਵੀ ਮੌਜੂਦ ਸਨ। ਉਹਨਾਂ ਆਪਣੇ ਇਸ ਸਾਥੀ ਨੂੰ ਯਾਦ ਕਰਦਿਆਂ ਕਿ ਇਹ ਚਿੰਤਕ  ਅਸਲ ਵਿੱਚ ਸਮਾਜਕ ਤਬਦੀਲੀ ਲਈ ਹਮੇਸ਼ਾ ਸਰਗਰਮ ਰਿਹਾ। ਇਸ ਕਰਕੇ, ਉਹ ਕਮਿਊਨਿਸਟਾਂ ਨਾਲ ਵੀ ਜੁੜਿਆ, ਸਿੱਖ ਲਹਿਰ ਨਾਲ ਅਤੇ ਬਸਪਾ ਨਾਲ ਕੰਮ ਕਰਦਾ ਰਿਹਾ। ਬਾਬੂ ਕਾਂਸ਼ੀ ਰਾਮ ਦਾ ਵੀ ਵਿਸ਼ਵਾਸ ਪਾਤਰ ਰਿਹਾ ਸੀ। ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਉਹਨਾਂ ਅਨਮੋਲ ਸ਼ਖਸੀਅਤਾਂ ਵਿੱਚੋਂ ਹਨ ਜਿਹਨਾਂ ਨੇ ਪੰਜਾਬ ਦੇ ਦੁਖਾਂਤਾਂ ਅਤੇ ਸੰਘਰਸ਼ਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਜੋ ਜੋ ਦੇਖਿਆ ਅਤੇ ਮਹਿਸੂਸ ਕੀਤਾ ਉਹ ਖਜ਼ਾਨਾ ਬਹੁਤ ਵੱਡਾ ਹੈ। ਉਹਨਾਂ ਦੇ ਚੇਤਿਆਂ ਅਤੇ ਡਾਇਰੀਆਂ ਵਿੱਚ ਬਹੁਤ ਕੁਝ ਅਜੇ ਵੀ ਲੁਕਿਆ ਹੋਇਆ ਹੈ। ਇਸਦੇ ਬਾਵਜੂਦ ਉਹ ਜਦੋਂ ਕਦੇ ਥੋਹੜਾ ਬਹੁਤ ਬੋਲਦੇ ਹਨ ਉਹ ਬਹੁਤ ਹੀ ਸੰਤੁਲਿਤ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ। 

ਇਸ ਸਮਾਗਮ ਦੌਰਾਨ ਆਪਣੇ ਸਵਰਗੀ ਮਿੱਤਰ ਗੁਰਬਚਨ ਸਿੰਘ ਸ਼ਰਧਾਂਜਲੀ ਦਿੰਦਿਆਂ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਵੀ ਬਹੁਤ ਕੁਝ ਯਾਦ ਕਰਾਇਆ ਅਤੇ ਕਿਹਾ ਕਿ ਸ਼ਹਿਰੀ ਬਿਜ਼ਨਸਮੈਨ ਪਰਿਵਾਰ ਵਿੱਚ ਪੈਦਾ ਹੋਇਆ ਗੁਰਬਚਨ ਸਿੰਘ ਆਪਣੇ ਪਿਤਾ ਦੀ ਮਾਸਟਰ ਤਾਰਾ ਸਿੰਘ ਨਾਲ ਨੇੜਤਾ ਹੋਣ ਕਰਕੇ, ਸਿੱਖ ਸਿਆਸਤ ਨਾਲ ਬਚਪਨ ਵਿੱਚ ਹੀ ਜੁੜ ਗਿਆ। ਪਰ ਹੋਰ ਆਦਰਸ਼ਵਾਦੀ ਨੌਜਵਾਨਾਂ ਵਾਂਗ ਅਕਾਲੀ ਦਲ ਵੱਲੋਂ ਲੰਗੜੇ ਪੰਜਾਬੀ ਸੂਬੇ ਦੀ ਪ੍ਰਾਪਤੀ, ਸੱਤਾ ਲਈ ਸਿੱਖ ਲੀਡਰਾਂ ਦੀ ਦੌੜ ਤੋਂ ਬਦਜ਼ਨ ਉਹ ਅਕਾਲੀ ਸਿਆਸਤ ਛੱਡ ਕੇ ਕਮਊਨਿਸਟਾਂ ਵੱਲ ਖਿਚਿਆ ਗਿਆ। ਉਸਨੇ ਨਾਗਾਰੈਡੀ ਨਕਸਲਵਾੜੀਆਂ ਦੇ ਹੈੱਡ ਕੁਆਟਰ ਵਿੱਚ ਵੀ ਕੰਮ ਕੀਤਾ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਹੋਰ ਕਮਿਊਨਿਸਟ ਕਾਰਕੁੰਨਾਂ ਵਾਂਗ ਗੁਰਬਚਨ ਸਿੰਘ ਵੀ ਖੱਬੇ ਪੱਖੀ ਲਾਈਨ ਉੱਤੇ ਨਜ਼ਰਸ਼ਾਨੀ ਕਰਦਿਆਂ ਪੈਗਾਮ ਗਰੁੱਪ ਨਾਲ ਜੁੜਿਆ। ਉਹ ਪੈਗਾਮ ਮੈਗਜ਼ੀਨ ਦਾ ਕਰਤਾ ਧਰਤਾ ਰਿਹਾ। ਪਹਿਲਾਂ ਉਹ ‘ਜੈਕਾਰਾ’ ਅਤੇ ‘ਜਫਰਨਾਮਾ’ ਮੈਗਜ਼ੀਨਾਂ ਨੂੰ ਸਹਿਯੋਗ ਦਿੰਦਾ ਰਿਹਾ।

ਇਸ ਸਮਾਗਮ ਮੌਕੇ ਹੀ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਇਸ ਵਿੱਛੜੀ ਸ਼ਖ਼ਸੀਅਤ ਦੀ ਉਸ ਭਮਿਕ ਬਾਰੇ ਵੀ ਚੇਤੇ ਕਰਾਇਆ ਜੋ ਕਿ ਇੱਕ ਜ਼ਿੰਮੇਵਾਰ ਪ੍ਰਕਾਸ਼ਕ ਵੱਜੋਂ ਸੀ। ਉਹਨਾਂ ਕਿਹਾ ਕਿ ਗੁਰਬਚਨ ਸਿੰਘ ਨੇ ਸਾਰੀ ਉਮਰ ਲਿਖਣ ਪੜ੍ਹਨ, ਕਿਤਾਬਾਂ ਛਾਪਣ ਅਤੇ ਛਪਾਉਣ ਦਾ ਹੀ ਕੰਮ ਕੀਤਾ। ਆਪਣੀਆਂ ਅੱਧੀ ਦਰਜਨ ਪੁਸਤਕਾਂ ਤੋਂ ਬਿਨਾਂ ਉਸਨੇ ਦੂਜਿਆਂ ਲੇਖਕਾਂ ਦੀਆਂ ਘੱਟੋਂ ਘੱਟ 50 ਕਿਤਾਬਾਂ ਛਪਵਾਈਆਂ ਅਤੇ ਵੰਡੀਆਂ। ਇਹ ਆਪਣੇ ਆਪ ਵਿੱਚ ਹੀ ਇੱਕ ਕੰਮ ਸੀ। 

ਯਾਦਗਾਰੀ ਅੰਗਮ ਮੌਕੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਗੁਰਬਚਨ ਸਿੰਘ ਪੱਛਮੀ ਆਰਥਿਕ ਮਾਡਲ ਅਤੇ ਸਮਾਜ ਦਾ ਵੱਡਾ ਅਲੋਚਕ ਸੀ। ਪਰ ਇਹ ਵਡੰਬਨਾ ਕਿ ਉਸਦੇ ਦੋਵੇਂ ਪੁੱਤਰ ਵਿਦੇਸ਼ਾਂ ਵਿੱਚ ਵਸ ਗਏ ਹਨ। ਗੁਰਬਚਨ ਸਿੰਘ “ਕੌਮੀ ਸਿੰਘ ਸਭਾ” ਪੱਤ੍ਰਿਕਾ ਦਾ ਵੀ ਪੰਜ ਸਾਲ ਐਡੀਟਰ ਰਿਹਾ ਅਤੇ ਇਸ ਤੋਂ ਇਲਾਵਾਂ ਉਸਨੇ ਸਿੰਘ ਸਭਾ ਵੱਲੋਂ ਦੋ ਦਰਜਨ ਪੁਰਾਣੀਆਂ ਲਿਖਤਾਂ/ਕਿਤਾਬਾਂ ਨੂੰ ਵੀ ਮੁੜ ਛਪਵਾਇਆ। ਜ਼ਾਹਿਰ ਹੈ ਕਿ ਸਵਰਗੀ ਗੁਰਬਚਨ ਸਿੰਘ ਨੂੰ ਲਿਖਤਾਂ ਅਤੇ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਦੀ ਅਹਿਮੀਅਤ ਦਾ ਅਹਿਸਾਸ ਬਹੁਤ ਹੀ ਸ਼ਿੱਦਤ ਨਾਲ ਸੀ।  ਇਸ ਮਹਾਨ ਸ਼ਖ਼ਸੀਅਤ ਦੇ ਤੁਰ ਜਾਣ ਨਾਲ ਪੰਜਾਬੀ ਚਿੰਤਕ ਅਤੇ ਲੇਖਣੀ ਨੂੰ ਵੱਡਾ ਘਾਟਾ ਪਿਆ ਹੈ। ਅਜਿਹਾ ਘਾਟਾ ਜਲਦੀ ਕੀਤਿਆਂ ਪੂਰਾ ਵੀ ਨਹੀਂ ਹੋਇਆ ਕਰਦਾ।  

ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ, ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਗੁਰਬਚਨ ਸਿੰਘ ਵਰਗੇ ਵਿਦਵਾਨ ਹੀ ਬ੍ਰਾਹਮਣਵਾਦੀ ਵਿਵਸਥਾ ਥੱਲੇ ਦੱਬੀ ਜਾ ਰਹੀ ਸਿੱਖੀ ਨੂੰ ਬਚਾ ਸਕਦੇ ਹਨ।

ਇਸ ਮੌਕੇ ਪਰਵਿੰਦਰ ਸਿੰਘ ਗਿੱਲ, ਬਹਾਦਰ ਸਿੰਘ ਸੰਧੂ, ਵਿਨੋਦ ਖੰਨਾ, ਕਰਨਲ ਅਮਰੀਕ ਸਿੰਘ ਭੁੱਲਰ, ਕਰਨਲ ਜਸਬੀਰ ਸਿੰਘ ਸਰਾਏ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਰਣਜੀਤ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਸ਼ਮਸ਼ੀਰ ਸਿੰਘ ਅਤੇ ਮੇਜਰ ਸਿੰਘ ਪੰਜਾਬੀ ਆਦਿ ਸਾਮਿਲ ਹੋਏ।

Friday, June 02, 2023

ਮਾਲਵਿੰਦਰ ਮਾਲੀ ਨੇ ਘੱਲੂਘਾਰੇ ਹਫਤੇ ਦੌਰਾਨ ਫਿਰ ਸੁਚੇਤ ਕੀਤਾ

ਕੀ ਹੈ ਸਟੇਟ ਅਤੇ ਸਾਡੇ ਦਰਮਿਆਨ ਅਸਲੀ ਰੌਲਾ? 
ਸੈਮੀਨਾਰ ਵਿਚ ਪੁੱਜ ਰਹੇ ਹਨ ਅਹਿਮ ਵਿਦਵਾਨ ਬੁਲਾਰੇ 
ਚੰਡੀਗੜ੍ਹ:2 ਜੂਨ 2023: (ਪੰਜਾਬ ਸਕਰੀਨ ਡੈਸਕ)::
ਜੂਨ-84 ਦੀ ਯਾਦ ਵਾਲੇ ਜ਼ਖਮ ਕਦੇ ਭੁੱਲੇ ਵੀ ਨਹੀਂ ਅਤੇ ਭੁੱਲਣੇ ਵੀ ਨਹੀਂ। ਇਹਨਾਂ ਕੌੜੀਆਂ ਕੁਸੈਲੀਆਂ ਯਾਦਾਂ ਦੇ ਨਾਲ ਵਿਚਰਦਿਆਂ ਜੇਕਰ ਬੀਤੇ ਸਮਿਆਂ ਤੋਂ ਕੋਈ ਸਬਕ ਨਾ ਸਿੱਖਿਆ ਜਾਵੇ ਤਾਂ ਇਹ ਹੋਰ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦਾ ਹੈ। ਇਸ ਪਾਸੇ ਲਗਾਤਰ ਜ਼ੋਰ ਦੇਣ ਵਾਲਿਆਂ ਵਿੱਚ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਵੀ ਸ਼ਾਮਲ ਹਨ। ਹੁਣ ਵੀ ਉਹਨਾਂ ਕੁਝ ਠੋਸ ਅਤੇ ਅਰਥਪੂਰਨ ਗੱਲਾਂ ਕਹੀਆਂ ਹਨ ਜਿਹਨਾਂ ਨੂੰ ਸਮਝਣਾ ਪੰਥ ਦੇ ਨਾਲ ਨਾਲ ਬਾਕੀ ਦੇਸ਼ ਅਤੇ ਦੁਨੀਆ ਦੇ ਭਲੇ ਵਿੱਚ ਵੀ ਹੋਵੇਗਾ। 

ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ ##

 ** ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ  ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ** 

** ਸਾਨੂੰ “ ਤੀਜੇ ਘੱਲੂਘਾਰੇ “ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ ? **

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਪੁਰ ਅਮਨ ਤਰੀਕੇ ਨਾਲ ਲੜੇ ਜਾਣ ਵਾਲਾ ਸਿਆਸੀ ਮੋਰਚਾ ਸੀ ਜਿਸਦਾ ਮੰਤਵ ਅਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿੱਚ ਪੇਸ਼ ਕੀਤੀਆਂ ਮੰਗਾਂ ਦੀ ਪ੍ਰਾਪਤੀ ਮਿੱਥਿਆ ਗਿਆ ਸੀ। ਸੰਤ ਜਰਨੈਲ ਸਿੰਘ ਨੇ ਉੱਥੇ ਪਹਿਲਾਂ ਆਪਣੇ ਕੁੱਝ ਸਾਥੀਆਂ ਦੀ ਪੁਲਸ ਵੱਲੋਂ ਕਿਸੇ ਮੁੱਦੇ ਬਹਾਨੇ ਕੀਤੀ ਗ੍ਰਿਫ਼ਤਾਰੀ ਖਿਲਾਫ ਤੇ ਉਹਨਾਂ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ। ਇਸ ਕਰਕੇ ਉਹ ਮੰਗ ਵੀ ਧਰਮ-ਯੁੱਧ ਮੋਰਚੇ ਦਾ ਹਿੱਸਾ ਬਣ ਗਈ ਤੇ ਉਹ ਰਿਹਾਈਆਂ ਉਸ ਵੇਲੇ ਹੀ ਹੋ ਗਈਆਂ ਸਨ ** 

**ਧਰਮ-ਯੁੱਧ ਮੋਰਚੇ ਅੰਦਰ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਲੱਖਾਂ ਲੋਕ ਵੱਖ ਵੱਖ ਸੰਘਰਸ ਦੇ ਸੱਦਿਆਂ ਵਿੱਚ ਸਰਗਰਮ ਹੋਏ, ਗ੍ਰਿਫ਼ਤਾਰੀਆਂ ਦਿੱਤੀਆਂ ਤੇ ਕਿੰਨੇ ਹੀ ਲੋਕ ਸ਼ਹੀਦ ਵੀ ਹੋਏ ** 

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਸ਼ੁਰੂ ਹੋਇਆ ਤੇ ਲੜਿਆ ਗਿਆ। ਜੂਨ 84 ਵੇਲੇ ਫ਼ੌਜੀ ਹਮਲੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਵੱਲੋਂ ਬਹਾਦਰੀ ਨਾਲ ਹਥਿਆਰਬੰਦ ਟਾਕਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ** 

**ਸੰਤਾਂ ਦਾ ਇਹ ਐਲਾਨ ਸੀ ਕਿ ਇਸ ਵਾਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੇਸ਼ ਮੰਗਾਂ ਦੀ ਪੂਰਤੀ ਤੋਂ ਘੱਟ ਧਰਮ-ਯੁੱਧ ਮੋਰਚੇ ਦਾ ਸਮਝੌਤਾ ਨਹੀ ਕਰਨ ਦੇਣਾ। ਪਰ ਫਿਰ ਕਿੱਥੇ ਗਈਆਂ ਅਨੰਦਪੁਰ ਸਾਹਿਬ ਦੇ ਮਤੇ ਅਧਾਰਤ ਮੰਗਾਂ ਤੇ ਸਿਆਸਤ? ਦਿੱਲੀ ਦਰਬਾਰ ਚਾਹੁੰਦਾ ਹੈ ਕਿ ਅਸੀ ਇਹ ਭੁੱਲ ਜਾਈਏ। ਖਾਲਸਤਾਨ ਦੇ ਨਾਹਰੇ ਲਾਉਣੇ ਤੇ ਸਿਰਫ ਹਥਿਆਰਬੰਦ ਟਾਕਰੇ ਦੇ ਹੋਕਰੇ ਮਾਰਨੇ ਅਤੇ ਧਰਮ ਯੁੱਧ ਮੋਰਚੇ ਦੀ ਸਿਆਸਤ ਨੂੰ ਤਿਲਾਂਜਲੀ ਦੇਕੇ ਸਰਕਾਰਾਂ ਬਣਾਉਣੀਆਂ ਤੇ ਚਲਾਉਣੀਆਂ ਉਹਨਾਂ ਨੂੰ ਰਾਸ ਹੀ ਆ ਰਹੀਆਂ ਨੇ **

**ਕਿਤੇ ਇਸ ਮਾਮਲੇ ਅੰਦਰ ਵੀ ਅਸੀਂ ਬਰਾਹਮਨਵਾਦੀ ਮੱਛਲੀ ਜਾਲ ਵਿੱਚ ਹੀ ਤਾਂ ਨਹੀ ਫਸ ਰਹੇ ?? ਸਿਰਫ ਹਥਿਆਰਬੰਦ ਟਾਕਰੇ ਦੀਆਂ ਬਾਤਾਂ ਪਾਈ ਜਾਓ ਤੇ ਧਰਮ-ਯੁੱਧ ਮੋਰਚੇ ਦੇ ਮੰਤਵ ਤੇ ਪੁਰਅਮਨ ਲੋਕ ਲਾਮਬੰਦੀ ਦਾ ਬਿਰਤਾਂਤ ਭੁੱਲ ਜਾਓ। ਸੁਣੋ, ਸੋਚੋ, ਸਮਝੋ ਤੇ ਠੰਡੇ ਮਨ ਨਾਲ ਵਿਚਾਰੋ !! **

** ਹਾਲੇ ਐਨਾ ਹੀ **

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, August 10, 2022

ਕੇਸਰੀ ਝੰਡੇ ਦੇ ਹਿਮਾਇਤੀਆਂ ਨੂੰ ਹਰਜਿੰਦਰ ਸਿੰਘ ਦਿਲਗੀਰ ਦੀ ਚੁਣੌਤੀ

ਕੀ ਕੇਸਰੀ ਝੰਡਾ ਗੁਰੂ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?

ਸੋਸ਼ਲ ਮੀਡੀਆ: 9 ਅਗਸਤ 2022: (ਪੰਜਾਬ ਸਕਰੀਨ ਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਜ਼ੋਰਾਂ ਤੇ ਜਾਰੀ ਹੈ। ਇਸ ਮੁਹਿੰਮ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਅਤੀਤ ਵਿੱਚ ਕਦੇ ਤਿੰਰਗੇ ਦਾ ਸਤਿਕਾਰ ਨਹੀਂ ਕੀਤਾ। ਇਸ ਮੁਹਿੰਮ ਵਿਚ ਉਹ ਗੱਲਾਂ ਵੀ ਛਿੜੀਆਂ ਹਨ ਕਿ ਏਨੀ ਵੱਡੀ ਪੱਧਰ 'ਤੇ ਤਿਰੰਗੇ ਕਿਸ ਕਿਸ ਫਾਰਮ ਕੋਲੋਂ ਬਣਵਾਏ ਜਾ ਰਹੇ ਹਨ? ਇਹਨਾਂ ਦੀ ਲਾਗਤ ਕਿੰਨੀ ਆਉਣੀ ਹੈ ਅਤੇ ਇਹਨਾਂ ਨੂੰ ਦੇਸ਼ ਭਰ ਵਿੱਚ ਕਿਹੜੇ ਭਾਅ ਵੇਚਿਆ ਜਾਣਾ ਹੈ। ਮੁਨਾਫ਼ਾ ਕਿੰਨਾ ਆਉਣਾ ਹੈ ਅਤੇ ਅਤੇ ਇਹ ਕਿਸਦੀ ਜੇਬ ਵਿਚ ਜਾਣਾ ਹੈ। ਇਹ ਸਾਰੀਆਂ ਗੱਲਾਂ ਵੱਖਰੀਆਂ ਹਨ ਫਿਲਹਾਲ ਚਰਚਾ ਉਸ ਮੁਹਿੰਮ ਦੀ ਜਿਹੜੀ ਘਰ ਘਰ ਤਿਰੰਗਾ ਵਾਲੀ ਮੁਹਿੰਮ ਦੇ ਜੁਆਬ ਵਿਚ ਚਲਾਈ ਜਾ ਰਹੀ ਹੈ। ਸ਼ਾਇਦ ਇਸਦਾ ਮਕਸਦ ਘਰ ਘਰ ਕੇਸਰੀ ਹੈ। 

ਇਸੇ ਦੌਰਾਨ ਮਾਸਟਰ ਤਾਰਾ ਸਿੰਘ ਹੁਰਾਂ ਦੀ ਦੋਹਤਰੀ ਕਿਰਨਜੋਤ ਕੌਰ ਨੇ ਸਪਸ਼ਟ ਕਿਹਾ ਹੈ ਮੈਂ ਤਿਰੰਗਾ ਆਪਣੇ ਘਰ ਤੇ ਨਹੀ ਲਾਉਣਾ। ਕਾਰਣ…….ਮੈਂ ਪ੍ਰਾਪੇਗੰਡਾ ਦਾ ਹਿੱਸਾ ਨਹੀ ਬਨਣਾ। ਹਿੰਦ ਮੇਰਾ ਮੁਲਕ ਹੈ। ਮੇਰੇ ਵੱਡੇ ਵਡੇਰਿਆਂ ਨੇ ਆਪਣੀ ਜ਼ਮੀਨ ਜਾਇਦਾਦ ਪਾਕਿਸਤਾਨ ਛੱਡ ਕੇ ਪੂਰਬੀ ਪੰਜਾਬ ਵਿੱਚ ਵਾਸਾ ਕੀਤਾ। ਮੈਂ ਇੱਥੇ ਜਨਮੀ, ਇੰਡੀਅਨ ਪਾਸਪੋਰਟ ਹੋਲਡਰ ਹਾਂ। ਮੇਰੀ ਪਹਿਚਾਣ ਇੰਡੀਆ ਨਾਲ ਹੈ। ਮੈਨੂੰ ਕਿਸੇ ਕੋਲ਼ੋਂ ਹਾਮੀ ਭਰਵਾਉਣ ਦੀ ਲੋੜ ਨਹੀ ਨਾ ਹੀ ਕਿਸੇ ਨੂੰ ਜਤਾਉਣ ਦੀ। ਮੇਰੀ ਕੌਮ ਨਾਲ ਨਾਇੰਸਾਫੀ ਹੋਈ, ਮੇਰੀ ਸਿੱਖੀ ਉਸ ਖ਼ਿਲਾਫ਼ ਜੂਝਣਾ ਸਿਖਾਉਦੀ ਹੈ। ਹਾਏ-ਹਾਏ ਦਾ ਰੋਣਾ, ਓਪਰੇਪਣ ਦੀ ਦੁਹਾਈ ਹਾਰਣ ਦੇ ਤੁਲ ਤੇ ਚੜ੍ਹਦੀ ਕਲਾ ਤੋਂ ਕੋਹਾਂ ਦੂਰ ਹੈ। ਪ੍ਰਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਆਪਣਾ ਮੁਲਕ ਚੁਣ ਲਿਆ ਹੈ। ਇੱਥੇ ਰਹਿੰਦੇ ਸਿੱਖ ਪੰਜਾਬ ਨੂੰ ਤਾਂ ਆਪਣਾ ਘਰ ਮੰਨਦੇ ਹਨ ? ਫੇਰ ਆਓ ਆਪਣਾ ਪੰਜਾਬ ਸਾਂਭੀਏ । ਇੰਡੀਆ ਦੇ ਸੰਵਿਧਾਨ ਦੀ ਸੌਂਹ ਚੁੱਕਣ ਵਾਲੇ MP ਜੀ, ਕੌਮ ਦੀ ਨੌਜੁਆਨੀ ਨੂੰ non issues ਵਿੱਚ ਨਾ ਉਲ਼ਝਾਓ । ਨਿਸ਼ਾਨ ਸਾਹਿਬ ਸਾਡਾ ਹੈ ਤੇ ਸਾਡਾ ਰਹੇਗਾ, ਮੁਲਕ ਦੇ ਝੰਡੇ ਨਾਲ ਤੁਲਨਾ ਗਲਤ ਹੈ। ਸਾਰਾ ਸਾਲ ਕੇਸਰੀ ਝੰਡਾ ਝੁਲਾਓ, ਕਿਹਦੀ ਜੁਰਅਤ ਸਾਨੂੰ ਰੋਕ ਲਵੇ। ਹੱਥ ਬੰਨ ਕੇ ਮੇਰੀ ਸਿੱਖ ਕੌਮ ਨੂੰ ਬੇਨਤੀ ਆਪਣੀ ਸ਼ਕਤੀ ਸੰਭਾਲ਼ ਕੇ ਰੱਖੋ ਅੱਗੇ ਲੋੜ ਪੈਣੀ ਹੈ

ਇਸ ਸਾਰੇ ਘਚੋਲੇ ਵਿੱਚ ਇੱਕ ਹੋਰ ਸੁਆਲ ਸਾਹਮਣੇ ਆਇਆ ਹੈ ਕਿ ਸਿੱਖ ਕੌਮ ਦਾ ਅਸਲੀ ਨਿਸ਼ਾਨ ਸਾਹਿਬ ਹੈ ਕਿਹੜਾ? ਇਸ ਸਬੰਧੀ ਪੰਥ ਦੇ ਪ੍ਰਸਿੱਧ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ

ਇਸ ਮੁੱਦੇ ਬਾਰੇ ਹੀ ਨਾਮਵਰ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ Harjinder Singh Dilgeer ਨੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਬਾਰੇ ਬਹੁਤ ਹੀ ਗੰਭੀਰ ਤੇ ਦੂਰਰਸ ਅਹਿਮੀਅਤ ਵਾਲਾ ਸੁਆਲ ਖੜਾ ਕੀਤਾ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਨੂੰ ਜ਼ਰੂਰ ਹੀ ਗੰਭੀਰਤਾ ਨਾਲ ਖੋਜ ਪੜਤਾਲ ਤੇ ਸੰਵਾਦ ਹੋਣਾ ਚਾਹੀਦਾ ਹੈ। ਦਿਲਗੀਰ ਹੁਰਾਂ ਦੇ ਇਸ ਸੁਆਲ ਨੂੰ ਸਾਹਮਣੇ ਲਿਆਂਦਾ ਹੈ ਪ੍ਰਸਿੱਧ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ।

ਸਰਦਾਰ ਮਾਲੀ ਆਪਣੀ ਪੋਸਟ ਵਿਚ ਲਿਖਦੇ ਹਨ: ਛੋਟੇ ਹੁੰਦਿਆਂ ਅਕਸਰ ਕੰਨਾਂ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ “ ਨੀਲੇ ਦੇ ਸ਼ਾਹ ਅਸਵਾਰ” ਹੋਣ ਦੇ ਬੋਲ ਕੰਨਾਂ ਵਿੱਚ ਪੈਂਦੇ ਸਨ। ਸ਼ਾਇਦ ਨਰਿੰਦਰ ਬੀਬਾ ਦਾ ਗੀਤ ਸੀ, ਚੰਨਾਂ ‘ਚੋ ਚੰਨ ਗੁਜਰੀ ਦਾ ਚੰਨ। ਹੱਥ ਵਿੱਚ ਸੋਹਣਾ ਬਾਜ, ਸਜੇ ਸਿਰ ਤਾਜ ਤੇ ਘੋੜਾ ਨੀਲਾ ਬੜਾ ਚਮਕੀਲਾ ਏ•••
ਨੀਲੇ ਤੋਂ ਕੇਸਰੀ ਦੇ ਨਾਲ ਨਾਲ ਬਸੰਤੀ ਤੇ ਭਗਵਾਂ ਇਕ ਰਾਹੇ ਵੱਲ ਸੰਕੇਤ ਹੈ।ਅੱਜ ਵੀ ਬਹੁਤ ਸਾਰੇ ਸਿੱਖ ਸੱਜਣ ਕਹਿੰਦੇ ਹਨ ਕਿ ਤਿਰੰਗਾ ਵੀ ਸਾਡਾ ਹੈ ਤੇ ਕੇਸਰੀ ਨਿਸ਼ਾਨ ਵੀ ਸਾਡਾ ਹੈ। ਇਸ ਲਈ ਤਿਰੰਗੇ ਵਿੱਚ ਕੇਸਰੀ ਰੰਗ ਹੋਣ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ।
ਖਾਲਸਾ ਪੰਥ ਦੇ ਨਿਸ਼ਾਨ ਵਿੱਚ ਤਬਦੀਲੀ ਕੀ ਖਾਲਸਈ ਸੋਚ ਅੰਦਰ ਲਿਆਂਦੀ ਤਬਦੀਲੀ ਨਾਲ ਵੀ ਸੰਬੰਧ ਜੁੜਦਾ ਹੈ?
ਖਾਲਸਾ ਪੰਥ ਅੰਦਰ ਮੌਜੂਦਾ ਹਾਲਤ ਵਿੱਚ ਸੰਵਾਦ ਬੰਦ ਹੈ ਜਿਵੇਂ ਬੌਧਿਕ ਕੰਗਾਲੀ ਛਾਈ ਹੋਈ ਹੋਵੇ। ਪੰਥਕ ਰਹਿਤ ਮਰਿਯਾਦਾ ਤਹਿ ਕਰਨ ਤੋਂ ਬਾਅਦ ਉੱਠੇ ਸਵਾਲਾਂ ਨੂੰ ਗੁਰੂ ਆਸ਼ੇ ਅਨੁਸਾਰ ਨਜਿੱਠਣ ਦਾ ਕੋਈ ਯਤਨ ਸਾਹਮਣੇ ਨਹੀ ਆਇਆ। ਜ਼ੁਬਾਨਬੰਦੀ ਕਰਨ, ਮਿੱਟੀ ਪਾਉਣ ਦੇ ਫੁਰਮਾਨ ਤੇ ਸਿਆਸੀ ਵਖਰੇਵੇਂ/ਲੜਾਈਆਂ, ਧੜੇਬਾਜ਼ੀ ਤੇ ਦੂਸ਼ਣਬਾਜੀ ਦਾ ਹੀ ਬੋਲਬਾਲਾ ਨਜ਼ਰ ਆ ਰਿਹਾ ਹੈ।
••••••••••••••••••••••••••••••••••••••••••••
ਕੀ ਕੇਸਰੀ ਝੰਡਾ ਗੁਰੂ ਗੋਬਿੰਦ ਸਿੰਘ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?
ਦਸਤਾਵੇਜ਼ ਅਤੇ ਸੋਮਿਆਂ ਵਿਚੋਂ ਸਬੂਤ ਦਿਖਾਣ ਦੇ ਬਾਵਜੂਦ ਰਾਜਪੂਤਾਂ ਦਾ ਕੇਸਰੀ ਝੰਡਾ ਸਿੱਖਾਂ ਦੇ ਸਿਰ ਮੜ੍ਹਨਾ , ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਿਲਾਫ਼ ਬਗ਼ਾਵਤ ਨਹੀਂ ਹੈ?
ਕੇਸਰੀ ਝੰਡੇ ਦੇ ਹਿਮਾਇਤੀ ਜਾਂ ਤਾਂ ਕੇਸਰੀ ਦੇ ਹੱਕ ਵਿਚ ਸਬੂਤ ਪੇਸ਼ ਕਰਨ ਅਤੇ ਜਾਂ ਰਾਜਪੂਤਾਂ ਦੀ ਗ਼ੁਲਾਮੀ ਵਿਚੋਂ ਨਿਕਲ ਕੇ ਗੁਰੂ ਦੀ ਸ਼ਰਣ ਆਉਣ।
ਗੁਰੂ ਜੀ ਦਾ ਨੀਲਾ ਨਿਸ਼ਾਨ ਸਾਹਿਬ ਨਿਹੰਗਾਂ ਨੇ 1699 ਤੋਂ ਅਤੇ ਹੁਣ ਬਹੁਜਨ ਸਮਾਜ ਪਾਰਟੀ ਨੇ ਵੀ ਅਪਣਾਇਆ ਹੋਇਆ ਹੈ।
** Harjinder Singh Dilgeer **

Saturday, July 30, 2022

ਡਾ: ਰਾਜ ਬਹਾਦਰ ਦੇ ਅਪਮਾਨ ਦਾ ਮੁੱਦਾ ਭਖਿਆ

Saturday 30th July 2022 at 3:18 PM

ਮਾਲਵਿੰਦਰ ਮਾਲੀ ਨੇ ਕੀਤੀ ਸਿਹਤ ਮੰਤਰੀ ਵਿਰੁੱਧ ਮੁਕਦਮੇ ਦੀ ਮੰਗ


ਲੁਧਿਆਣਾ
: 30 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਅਪਮਾਨ ਦਾ ਮਾਮਲਾ
ਤੇਜ਼ੀ ਨਾਲ ਭਖਦਾ ਜਾ ਰਿਹਾ ਹੈ। ਉਘੇ ਸਿਆਸੀ ਵਿਸ਼ਲੇਸ਼ਕ ਅਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਦੇ ਵਿਰੁੱਧ ਸਮੂਹ ਡਾਕਟਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸਰੀਰ ਦਾ ਮਰਨਾ ਵੀ ਭਾਂਵੇ ਮੌਤ ਹੀ ਹੁੰਦੀ ਹੈ ਪਰ ਮਨੁੱਖ ਦੀ ਅਸਲ ਮੌਤ ਜ਼ਮੀਰ ਤੇ ਸਵੈਮਾਣ ਦਾ ਮਰ ਜਾਣ ਨਾਲ ਹੀ ਹੁੰਦੀ ਹੈ। ਡਾ: ਰਾਜ ਬਹਾਦਰ ਦਾ ਅਪਮਾਨ ਸਿਰਫ ਡਾਕਟਰ ਭਾਈਚਾਰੇ ਦਾ ਹੀ ਅਪਮਾਨ ਨਹੀ ਹੈ ਸਗੋਂ ਧਾੜਵੀ ਸੈਨਾ ਵੱਲੋਂ ਪੰਜਾਬੀਆਂ ਦੇ ਕੀਤੇ ਜਾ ਰਹੇ ਅਪਮਾਨ ਦਾ ਹੀ ਵਧਵਾਂ ਤੇ ਅੱਖੜ ਰੂਪ ਹੈ। ਪੰਜਾਬ ਦੇ ਅੱਧਪੜ ਸਿਹਤ ਮੰਤਰੀ ਜੋੜੇਮਾਜਰਾ ਵੱਲੋਂ ਸਿਹਤ ਖੇਤਰ ‘ਚ ਪੀੜ ਦੀ ਹੱਡੀ, ਸਪਾਈਨਲ ਕੋਰਡ ਦੀ ਸੰਸਾਰ ਭਰ ‘ਚ ਨਾਮਾਵਰ ਹਸਤੀ ਡਾ: ਰਾਜ ਬਹਾਦਰ ਨੂੰ ਸ਼ਰੇਆਮ ਬੇਇੱਜ਼ਤ ਕਰਨਾ ਤੇ ਇਸਦੀ ਵੀਡੀਓ ਬਣਾਕੇ ਪ੍ਰਚਾਰਨੀ ਕੋਈ ਛੋਟੀ ਤੇ ਆਮ ਗੱਲ ਨਹੀ ਹੈ ਪਰ ਡਾਕਟਰ ਭਾਈਚਾਰੇ ਵੱਲੋਂ ਇਸਨੂੰ ਸਵੈਮਾਨ ਦਾ ਮੁੱਦਾ ਬਣਾਉਣ ਤੋਂ ਝਿਜਕਣਾ ਵੀ ਨੈਤਿਕ ਗਿਰਾਵਟ ਦਾ ਹੀ ਸੰਕੇਤ ਹੈ। ਕਿਊਂਕਿ ਇਹ ਸੇਵਾ ਹੁਣ ਬਹੁਤਾ ਕਰਕੇ ਹੁਣ” ਪੈਸੇ ਕਮਾਉਣ ਲਈ ਡਾਕਟਰੀ” ਬਣਕੇ ਰਹਿ ਗਈ ਹੈ।
ਉਹਨਾਂ ਯਾਦ ਕਰਾਇਆ ਕਿ ਅੱਖਾਂ ਦੇ ਕੌਮਾਂਤਰੀ ਮਾਹਰ ਡਾ: ਦਲਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਪਹਿਲਾਂ ਕੇਜਰੀਵਾਲ ਨੇ ਸਿਆਸੀ ਤੌਰ ‘ਤੇ ਅਪਮਾਨਤ ਕਰਕੇ ਪਾਰਟੀ ਵਿੱਚੋਂ ਕੱਢਿਆ ਸੀ ਤੇ ਅਜਿਹਾ ਹੀ ਐਡਮਿਰਲ ਰਾਮ ਨਾਥ ਨਾਲ ਕੀਤਾ ਸੀ। ਸਿਹਤ ਮੰਤਰੀ ਦਾ ਅਸਤੀਫ਼ਾ ਤੇ ਸਰਕਾਰੀ ਡਿਊਟੀ ਦੌਰਾਨ ਅਪਮਾਨਤ ਕਰਨ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਮੁੱਖ ਮੁੱਦਾ ਬਣਾਉਣਾ ਚਾਹੀਦਾ ਤੇ ਇਸ ਲਈ ਸਮੂਹਕ ਅਸਤੀਫ਼ੇ ਤੇ ਹੜਤਾਲ ਵਰਗਾ ਘੋਲ ਰੂਪ ਅਪਣਾਉਣ ਦੀ ਜਰੂਰਤ ਹੈ।
ਹੋਰ ਵੀ ਚੰਗਾ ਹੁੰਦਾ ਜੇ ਡਾ: ਰਾਜ ਬਹਾਦਰ ਉਸ ਸਮੇਂ ਹੀ ਸਿਹਤ ਮੰਤਰੀ ਦੇ ਅਪਮਾਨ ਕਰਨ ਵਾਲੇ ਹੁਕਮ ਨੂੰ ਮੰਨਣ ਤੋਂ ਨਾਂਹ ਕਰ ਦਿੰਦੇ। ਹੁਣ ਵੀ ਉਹਨਾਂ ਨੇ ਅਸਤੀਫ਼ਾ ਦੇਕੇ ਵੀ ਆਪਣੇ , ਡਾਕਟਰ ਭਾਈਚਾਰੇ ਤੇ ਪੰਜਾਬੀਆਂ ਦੀ ਜ਼ਮੀਰ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਇਸ ਮਾਮਲੇ ਤੇ ਜਾਗਦੀ ਜ਼ਮੀਰ ਵਾਲੇ ਸਮੂਹ ਲੋਕਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।

Wednesday, July 06, 2022

ਹੁਣ ਗੈਂਗਸਟਰਾਂ ਵੱਲੋਂ ਬੇਬਾਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਧਮਕੀਆਂ

ਧਮਕੀ ਦੇਣ ਵਾਲੇ ਸੁਖਰਾਜਪੂਤ ਨੂੰ ਸਰਦਾਰ ਮਾਲੀ ਨੇ ਦਿੱਤਾ ਠੋਕਵਾਂ ਜੁਆਬ 

ਲੁਧਿਆਣਾ: 6 ਜੁਲਾਈ 2022: (ਪੰਜਾਬ ਸਕਰੀਨ ਡੈਸਕ)::  

ਪੰਜਾਬ ਸਟੂਡੈਂਟਸ ਯੂਨੀਅਨ ਵਾਲੀ ਧੜੱਲੇਦਾਰ ਵਿਦਿਆਰਥੀ ਲਹਿਰ, ਇਸ ਦੇ ਨਾਲ ਹੀ ਨਕਸਲਬਾੜੀ ਲਹਿਰ, ਫਿਰ ਸਿੱਖ ਖਾੜਕੂ ਲਹਿਰ ਅਤੇ ਇਸਦੇ ਨਾਲ ਨਾਲ ਪੰਜਾਬੀ ਟ੍ਰਿਬਿਊਨ ਵਰਗੇ ਕੁਝ ਪ੍ਰਮੁੱਖ ਪਰਚਿਆਂ ਨਾਲ ਸਬੰਧਤ ਰਹੇ ਸਰਗਰਮ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਗੈਂਗਸਟਰਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਹੁਣ ਵੀ ਸਰਦਾਰ ਮਾਲੀ ਲੰਮੇ ਸਮੇਂ ਤੋਂ ਮੌਜੂਦਾ ਹਾਲਾਤ ਬਾਰੇ ਬੇਬਾਕ ਹੋ ਕੇ ਟਿੱਪਣੀਆਂ ਕਰ ਰਹੇ ਹਨ। 

ਇਸ ਬੇਬਾਕੀ ਤੋਂ ਤੰਗ ਆਉਣ ਵਾਲਿਆਂ ਵਿਚ ਕਈ ਏਜੰਸੀਆਂ ਵੀ ਹੋ ਸਕਦੀਆਂ ਹਨ ਅਤੇ ਗੈਂਗਸਟਰ ਵੀ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਸਟਰ ਦਹਿਸ਼ਤ ਦੇ ਗ੍ਰਾਫ ਵਿਚ ਵਾਧਾ ਹੀ ਹੋਇਆ ਹੈ। ਇਸ ਤੋਂ ਬਾਅਦ ਹੋਈ ਫੜੋਫੜੀ ਦੌੜਨ ਜਿਸਤਰ੍ਹਾਂ ਲਾਰੇਂਸ ਬਿਸ਼ਨੋਈ ਨੂੰ ਵੱਖ ਵੱਖ ਥਾਂਵਾਂ ਤੇ ਲਿਜਾਇਆ ਅਤੇ ਲਿਆਂਦਾ ਗਿਆ ਉਸ ਨਾਲ ਵੀ ਇਹੀ ਪ੍ਰਭਾਵ ਪਿਆ ਕਿ ਇਹ ਗੈਂਗਾਂ ਵਾਲੇ ਬੜੇ ਵਡੇ ਬੰਦੇ ਹਨ-ਖਾਸ ਵੀ ਵੀ ਆਈ ਪੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਗਿਰੋਹਾਂ  ਵਾਲੇ ਬਹੁਤ ਵਾਰ ਖੁੱਲ੍ਹਾਂ ਖੇਡ ਚੁੱਕੇ ਹਨ।  ਅਜਿਹੇ ਮਾਹੌਲ ਵਿਚ ਉਹ ਵੀ ਅਜਿਹਾ ਸੋਚਣ ਲੱਗ ਪਾਏ ਲੱਗਦੇ ਹਨ ਕਿ ਸਾਡੇ ਖਿਲਾਫ ਬੋਲਣ ਵਾਲਾ ਜਾਂ ਖੜੋਣ ਵਾਲਾ ਕੌਣ? ਹੁਣ ਮਾਲਵਿੰਦਰ ਮਾਲੀ ਨੇ ਆਪਣੀਆਂ ਬੇਬਾਕ ਟਿੱਪਣੀਆਂ ਨਾਲ ਉਹਨਾਂ ਦਾ ਇਹ  ਭਰਮ ਤੋੜ ਦਿੱਤਾ ਹੈ। ਇਸ ਲਾਇ ਸਰਦਾਰ ਮਾਲੀ ਨੂੰ  ਈ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਰਦਾਰ ਮਾਲੀ ਨੂੰ ਧਮਕੀ ਦੇਣ ਵਾਲੇ  ਸੁਖਰਾਜਪੂਤ ਨੂੰ ਅੱਗਿਓਂ ਸਰਦਾਰ ਮਾਲੀ ਨੇ ਵੀ ਲੰਮੇ ਹੱਥੀਂ ਲਿਆ ਅਤੇ ਪੁਛਿਆ ਤੂੰ ਪਹਿਲਾਂ ਆਪਣਾ ਨਾਂਅ ਅਤੇ ਪਤਾ ਤਾਂ ਦੱਸ ਜ਼ਰਾ। ਫੇਰ ਪਤਾ ਲੱਗੂ ਤੂੰ ਕਿਥੇ ਵਾਹ ਪਾਇਆ। 

ਸਰਦਾਰ ਮਾਲੀ ਨੇ ਧਮਕੀ ਵਾਲੀ ਇਸ ਘਟਨਾ ਦੇ ਨਾਲ ਹੀ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਸਾਵਧਾਨ ਵੀ ਕੀਤਾ ਹੈ ਕਿ ਪੰਜਾਬ ਦੀ ਅਜ਼ਾਦੀ ਹੀ ਇਕੋ ਹੱਲ ਤੇ ਫਰੀਡਮ ਵਰਗੇ ਗਰੁੱਪ ਅਸਲ ਵਿੱਚ ਭਾਰਤ ਦੀਆਂ ਕੇਂਦਰੀ ਏਜੰਸੀਆਂ  ਨੂੰ ਫੀਡਬੈਕ ਦੇਣ ਵਾਲੇ ਗਰੁੱਪ ਹੀ ਹਨ। ਇਹ ਲੋਕ ਆਪਣੇ ਇਹਨਾਂ ਕੰਮਾਂ ਨਾਲ ਇਹ ਨਿਸ਼ਾਨ ਦੇਹੀ ਕਰਦੇ ਹਨ ਕਿ ਪੰਜਾਬ ਅੰਦਰ ਅਜਿਹੀ ਸੋਚ ਵਾਲੇ ਲੋਕ ਹਾਲੇ ਵੀ ਕਿਹੜੇ ਹਨ। ਸੋ ਬਚੋ ਇਹਨਾਂ ਤੋਂ ਕਿਓਂਕਿ ਇਹਨਾਂ  ਗਰੁੱਪਾਂ  ਨੂੰ ਬਾਹਰਲੇ ਦੇਸ਼ਾਂ ਵਿੱਚ ਬੈਠੇ ਸੁਰੱਖਿਆ ਏਜੰਸੀਆਂ ਦੇ ਕੈਟ ਚਲਾ ਰਹੇ ਹਨ।

ਇਸ ਧਮਕੀ ਸੰਬੰਧੀ ਸਰਦਾਰ ਮਾਲੀ ਨੇ ਆਪਣੇ ਇੱਕ ਵਟਸਪ ਮੈਸੇਜ ਵਿੱਚ ਦੱਸਿਆ ਕਿ ਅੱਜ ਆਹ ਸੁਖਰਾਜਪੂਤ ਨੇ ਮੈਨੂੰ ਗੈਂਗਸਟਰ ਰਾਜਨੀਤੀ ਤਹਿਤ ਫ਼ੋਨ ਕਰਕੇ ਧਮਕੀ ਦਿੱਤੀ ਕਿ ਮੈਂ ਇਹਨਾਂ ਦੀ ਫਿਰੌਤੀ ਸਿਆਸਤ ਖਿਲਾਫ ਨਾ ਬੋਲਾਂ। ਇਸਦਾ ਫ਼ੋਨ ਨੰਬਰ ਨਹੀ ਆਉਂਦਾ ਸਿਰਫ ਨਾਮ ਹੀ ਆਉਂਦਾ ਹੈ। ਮੈ ਕਿਹਾ ਤੁਰਦਾ ਬਣ ਦੱਲਿਆ ਮੇਰਾ ਫੰਨੂ ਪੁੱਟ ਲਈ ਜੇ ਗੁਰਪੰਤ ਪੰਨੂ ਵਾਂਗੂ ਫਿਰੌਤੀ ਦੀ ਸਿਆਸਤ ਨਾਲ ਪੁੱਟ ਸਕਦੈਂ ਤਾਂ। ਮੈਂ ਤਾਂ ਹੁਣ ਬੋਨਸ ਦੀ ਜ਼ਿੰਦਗੀ ਹੀ ਜਿਊ ਰਿਹਾ। ਜਵਾਨੀ ਵੇਲੇ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਝੂਠੇ ਪੁਲਿਸ ਮੁਕਾਬਲਿਆ ਦੀ ਜਾਂਚ ਕਰਨ ਤੇ ਜੇਲਾਂ ਵਿੱਚ ਨਜ਼ਰਬੰਦ ਹੋਕੇ ਹੀ ਬਿਤਾਈ ਹੈ। 

ਸਰਦਾਰ ਮਾਲੀ ਨੇ ਸੁਖਰਾਜਪੂਤ ਨੂੰ ਸਖਤ ਭਾਸ਼ਾ ਵਾਲੇ ਸ਼ਬਦਾਂ ਵਿੱਚ ਕਿਹਾ ਕਿ ਜੇ ਬੰਦੇ ਦਾ ਪੁੱਤ ਹੈ ਤਾਂ ਆਪਣਾ ਅਤਾ ਪਤਾ ਦੱਸ ਮੋਦੀ ਦੇ ਜਮੁਰਿਆ। ਤੂੰ ਕਿਹੜੀ ਵੇਲਣੇ ਵਿੱਚ ਬਾਂਹ ਦਿੱਤੀ ਹੋਈ ਹੈ ਜੋ ਬਾਹਰਲੇ ਦੇਸ਼ ਵਿੱਚ ਬੈਠਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀ ਖੇਡ ਖੇਡ ਰਿਹਾ ਹੈਂ। 

ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਖੁੱਲ੍ਹ ਕੇ ਗੈਂਗਸਟਰ ਵਰਤਾਰੇ ਬਾਰੇ ਕਾਫੀ ਦੇਰ ਤੋਂ ਕਾਫੀ ਕੁਝ ਆਖਦੇ ਆ ਰਹੇ ਹਨ। ਇਹਨਾਂ ਦੇ ਸਿਆਸੀ ਸੰਬੰਧਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਅਰਥਪੂਰਨ ਹੁੰਦੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੀ ਸਰਦਾਰ ਮਾਲੀ ਨੇ ਕਈ ਸੁਆਲ ਉਠਾਏ ਸਨ। ਇਹਨਾਂ ਟਿੱਪਣੀਆਂ ਨਾਲ ਸਾਰੇ ਮਾਹੌਲ ਨੂੰ ਇੱਕ ਨਵੀਂ ਦਿਸ਼ਾ ਵੀ ਮਿਲਦੀ ਹੈ। ਪਹਿਲਾਂ ਕੈਪਟਨ ਸਰਕਾਰ, ਫਿਰ ਚੰਨੀ ਸਰਕਾਰ ਅਤੇ ਹੁਣ ਭਗਵੰਤ ਮਨ ਸਰਕਾਰ ਦੇ ਖਿਲਾਫ ਵੀ ਮਾਲੀ ਹੁਰਾਂ ਦੀਆਂ ਟਿੱਪਣੀਆਂ ਲਗਾਤਾਰ ਜਾਰੀ ਹਨ। ਹੁਣ ਦੇਖਣਾ ਇਹ ਵੀ ਹੈ ਕਿ ਪੰਜਾਬ ਦੇ ਸਮੂਹ ਲੋਕ ਇੱਕਜੁੱਟ ਹੋ ਕੇ ਇਸ ਗੈਂਗਸਟਰ ਵਰਤਾਰੇ ਵਿਰੁੱਧ ਕਦੋਂ ਖੜੇ ਹੁੰਦੇ ਹਨ? ਕੀ ਪੰਜਾਬ ਦੇ ਲੋਕ ਦਹਿਸ਼ਤ ਦੇ ਇਸ ਨਵੇਂ ਰੂਪ ਨੂੰ ਸਹਿਣ ਕਰਨਗੇ?


Monday, May 23, 2022

ਪੰਜਾਬ ਤੇ ਸਿੱਖਾਂ ਨੂੰ ਮੁੜ ਕਿਹੜੀ ਦਿਸ਼ਾ ਵੱਲ ਤੋਰਿਆ ਜਾ ਰਿਹਾ ਹੈ??

ਕੌਣ ਕੌਣ ਤੇ ਕਿਵੇਂ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ??


ਚੰਡੀਗੜ੍ਹ
:23 ਮਈ 2022: (ਪੰਜਾਬ ਸਕਰੀਨ ਡੈਸਕ)::

ਪੰਜਾਬ ਦੇ ਹਾਲਾਤ ਖਤਰਨਾਕ ਦਿਸ਼ਾ ਵੱਲ ਜਾਂਦੇ ਲੱਗ ਰਹੇ ਹਨ। ਸੱਤਾ, ਸਿਆਸਤ ਅਤੇ ਸਮਾਜ ਤਿੰਨੇ ਧਿਰਾਂ ਹੀ ਇਹਨਾਂ ਹਾਲਾਤਾਂ ਨੂੰ ਖਤਰਨਾਕ ਦਿਸ਼ਾ ਵੱਲ ਵਧਣੋਂ ਰੋਕਣ ਲਈ ਕੁਝ ਵੀ ਠੋਸ ਕਰਦੇ ਨਜ਼ਰ ਨਹੀਂ ਆ ਰਹੇ। ਬੇਅਦਬੀਆਂ ਦਾ ਨਿਰੰਤਰ ਸਿਲਸਿਲਾ, ਗੈਂਗਸਟਰਾਂ ਦੀਆਂ ਸਮੇਂ ਸਮੇਂ ਸਿਰ ਸਿਖਰਾਂ ਛੂੰਹਦੀਆਂ ਚੁਣੌਤੀਆਂ, ਆਏ ਦਿਨ ਚੱਲਦੀਆਂ ਗੋਲੀਆਂ, ਘਰਾਂ ਵਿੱਚ ਦਾਖਲ ਹੋ ਕੇ ਹੁੰਦੀਆਂ ਕੁੱਟਮਾਰ ਦੀਆਂ ਘਟਨਾਵਾਂ, ਲੋਕਾਂ ਦੀਆਂ ਜਾਇਦਾਦਾਂ ਤੇ ਸ਼ਰੇਆਮ ਕਬਜ਼ੇ ਕਰ ਕੇ ਬੈਠੇ ਅਨਸਰ ਲਗਾਤਾਰ ਬੇਖੌਫ ਹਨ। ਲੋਕ ਛੇਤੀ ਕੀਤੀਆਂ ਆਪਣੇ ਨਾਲ ਹੁੰਦੀ ਵਧੀਕੀ ਵੇਲੇ ਵਧੀਕੀ ਕਰਨ ਵਾਲੇ ਨਾਲ ਮੱਥਾ ਨਹੀਂ ਲਾਉਂਦੇ ਕਿਓਂਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਪੰਜਾਬ ਨੂੰ ਇਹਨਾਂ ਬਾਹੂਬਲੀਆਂ ਕੋਲੋਂ ਨਿਜਾਤ ਦੁਆਉਣ ਦੀ ਗੱਲ ਛੇਤੀ ਕੀਤਿਆਂ ਨਾ ਕੋਈ ਸਿਆਸੀ ਪਾਰਟੀ ਕਰਦੀ ਹੈ ਅਤੇ ਨਾ ਹੀ ਕੋਈ ਧਾਰਮਿਕ ਅਦਾਰਾ ਅਤੇ ਹੀ ਕੋਈ ਸਮਾਜਿਕ ਸੰਗਠਨ। ਖੱਬੀਆਂ ਧਿਰਾਂ ਅਕਸਰ ਨਾਅਰਾ ਲਾਉਂਦੀਆਂ ਹਨ---ਸਰਕਾਰਾਂ ਤੋਂ ਨਾ ਝਾਕ ਕਰੋ--ਆਪਣੀ ਰਾਖੀ ਆਪ ਕਰੋ। ਪਰ ਆਪਣੀ ਰਾਖੀ ਦੀਆਂ ਮਿਸਾਲਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਅੱਜ ਇੱਕ ਵਾਰ ਫੇਰ ਤਿੱਖੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇੱਕ ਹੋਰ ਨਾਅਰਾ ਲੱਗਦਾ ਹੁੰਦਾ ਹੈ--ਗੱਲ ਪੈ ਜਾਣ ਜੇ ਅੱਕੇ ਲੋਕ--ਬੰਬ ਬੰਦੂਕਾਂ ਸਕਣ ਨਾ ਰੋਕ! ਪਰ ਅੱਕੇ ਹੋਏ ਲੋਕਾਂ ਦੀ ਨਿਰਾਸ਼ਤਾ ਵੀ ਵਧਦੀ ਜਾ ਰਹੀ ਹੈ। ਉਹਨਾਂ ਕੋਲ ਕੋਈ ਅਜਿਹਾ ਸਿਆਸੀ ਬਦਲ ਸਾਹਮਣੇ ਨਹੀਂ ਆ ਸਕਿਆ ਜਿਹੜਾ ਉਹਨਾਂ ਨੂੰ ਸਾਰੇ ਵਖਰੇਵਿਆਂ ਦੇ ਬਾਵਜੂਦ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਹੋਵੇ। ਕਿਸਾਨੀ ਅੰਦੋਲਨ ਦੀ ਜਿੱਤ ਨਿਰਾਸ਼ ਹੋਏ ਆਮ ਵਰਕਰਾਂ ਦੇ ਸਾਰੇ ਸੁਆਲਾਂ ਦਾ ਜੁਆਬ ਨਹੀਂ ਦੇ ਸਕੀ। ਦਿੱਲੀ ਅੰਦੋਲਨ ਦੀ ਜਿੱਤ ਮਗਰੋਂ ਕਿਸਾਨਾਂ ਵੱਲੋਂ ਲੜੀਆਂ ਚੋਣਾਂ ਨੇ ਕੋਈ ਚੰਗੇ ਸਿੱਟੇ ਨਹੀਂ ਕੱਢੇ। 

ਹੁਣ ਮਾਮਲਾ ਆਮ ਲੋਕਾਂ ਦੀ ਸੁਰੱਖਿਆ ਤੋਂ ਕਿਤੇ ਅੱਗੇ ਵੱਧ ਕੇ ਖਤਰਨਾਕ ਦਿਸ਼ਾ ਵਲ ਜਾਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਚਾਣਕਿਆ ਵੱਜੋਂ ਉਭਰ ਕੇ ਸਾਹਮਣੇ ਆਏ ਮਾਲਵਿੰਦਰ ਸਿੰਘ ਮਾਲੀ ਨੇ ਕੁਝ ਬਹੁਤ ਹੀ ਅਹਿਮ ਸੁਆਲ ਪੁੱਛੇ ਹਨ।  ਉਹਨਾਂ ਪੁੱਛਿਆ ਹੈ ਪੰਜਾਬ ਤੇ ਸਿੱਖਾਂ ਨੂੰ ਮੁੜ ਕਿਹੜੀ ਦਿਸ਼ਾ ਵੱਲ ਤੋਰਿਆ ਜਾ ਰਿਹਾ ਹੈ?? ਕੌਣ ਕੌਣ ਤੇ ਕਿਵੇਂ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ??

ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਬਰਸੀ ਤੋਂ ਐਨ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਮਹੌਲ ਨੂੰ ਵੇਖਦਿਆਂ ਹਰ ਸਿੱਖ ਨੂੰ ਸਸ਼ਤਰ ਸਿੱਖਿਆ ਹਾਸਲ ਕਰਨੀ ਅਤੇ ਲਾਇਸੰਸੀ ਹਥਿਆਰ ਰੱਖਣੇ ਚਾਹੀਦੇ ਹਨ। ਇਸ ਤਪੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਉਹ ਬਿਆਨ/ਐਲਾਨ ਯਾਦ ਆਉਣ ਲੱਗ ਪਿਆ ਹੈ ਕਿ ਹਰ ਪਿੰਡ ਵਿੱਚ ਤਿੰਨ ਤਿੰਨ ਨੌਜਵਾਨ, ਤਿੰਨ ਰਿਵਾਲਵਰ ਅਤੇ ਮੋਟਰਸਾਈਕਲ ਜ਼ਰੂਰੁ ਰੱਖਣ। ਹਾਲਾਂਕਿ ਜੱਥੇਦਾਰ ਹਰਪ੍ਰੀਤ ਸਿੰਘ ਕੋਲ ਸੰਤ ਭਿੰਡਰਾਂ ਵਾਲਿਆਂ ਵਰਗੀ ਚਮਤਕਾਰੀ ਚੁੰਬਕੀ ਸ਼ਖ਼ਸੀਅਤ ਤਾਂ ਨਹੀਂ ਪਰ ਸੰਤਾਂ ਦੇ ਵੇਲਿਆਂ ਦੀ ਯਾਦ ਜ਼ਰੂਰ ਆਉਣ ਲੱਗ ਪਈ ਹੈ।
ਸਰਦਾਰ ਮਾਲੀ ਨੇ ਚੇਤਾ ਕਰਵਾਇਆ ਹੈ ਕਿ ਇਸਤੋਂ ਪਹਿਲਾਂ ਵੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਵੀ ਕਿਹਾ ਸੀ ਕਿ ਹਰ ਸਿੱਖ ਪਰਿਵਾਰ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਬਿਆਨ ਦੀ ਤਾਈਦ (ਹਿਮਾਇਤ) ਕੀਤੀ ਸੀ। ਕੀ 1984 ਵਾਲਾ ਦੌਰ ਦੋਬਾਰਾ ਲਿਆਉਣ ਦੀਆਂ ਸਾਜ਼ਿਸ਼ਾਂ ਸਿਰੇ ਚੜ੍ਹਾਈਆਂ ਜਾ ਰਹੀਆਂ ਹਨ? ਇੱਕ ਵਾਰ ਕੁਝ ਫੇਰ ਵੱਡਾ ਹੋਣ ਵਾਲਾ ਹੈ?
ਇਸ ਦੇ ਨਾਲ ਹੀ ਹਿੰਦੂ ਫਾਸ਼ੀਵਾਦੀ ਤਾਕਤਾਂ ਦੇ ਮੂਹਰੈਲ ਵੀ ਅਕਸਰ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ ਤੇ ਵੱਡੀ ਪੱਧਰ ‘ਤੇ ਤ੍ਰਿਸ਼ੂਲ ਵਗੈਰਾ ਵੀ ਵੰਡਦੇ ਵੀ ਰਹਿੰਦੇ ਹਨ।
ਬਹੁਤ ਹੀ ਸੋਚਣ ਵਾਲੀ ਗੱਲ ਹੈ ਕਿ ਸਿੱਖ ਸੋਚ ਪ੍ਰਵਚਨ ਤੇ ਬ੍ਰਾਹਮਣਵਾਦੀ ਸੋਚ ਦੇ ਪ੍ਰਵਚਨ ਵਿੱਚ ਐਨੀ ਇਕਸੁਰਤਾ ਕਿਓਂ ਵਿਖਾਈ ਦੇ ਰਹੀ ਹੈ?? ਦੋਹਾਂ ਧਿਰਾਂ ਦੀ ਨੇੜਤਾ ਵੱਧ ਰਹੀ ਹੈ ਜਾਂ ਰਣਨੀਤੀ?
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਧਾਰਮਕ ਘੱਟ-ਗਿਣਤੀਆਂ ਨੂੰ ਦਬਾਉਣ ਕੁਚਲਣ ਲਈ ਕੀਤੇ ਜਾ ਰਹੇ ਵਿਚਾਰਕ, ਧਾਰਮਕ ਅਸਥਾਨਾਂ ਤੇ ਵਿਅਕਤੀਗਤ/ਸਮੂਹਕ ਹਮਲਿਆਂ ਨਾਲ ਪੈਦਾ ਕੀਤੇ ਡਰ ਤੇ ਸਹਿਮ ਦੇ ਮਾਹੌਲ ਖਿਲਾਫ ਲੜਿਆ ਕਿਵੇਂ ਜਾਵੇ?

ਬੁਨਿਆਦੀ ਤੌਰ ‘ਤੇ ਇਹ ਇਕ ਸਿਆਸੀ ਤੇ ਸਮਾਜਕ ਮੁੱਦਾ ਹੈ ਧਾਰਮਿਕ ਨਹੀ। ਸਰਕਾਰ ਤੇ ਕੁੱਝ ਸ਼ਕਤੀਆਂ ਵੱਲੋਂ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਹੀ ਅਜਿਹਾ ਮਹੌਲ ਸਿਰਜਿਆ ਜਾ ਰਿਹਾ ਹੈ। ਇਸ ਲਈ ਇਸ ਖੇਤਰ ਵਿੱਚ ਹੀ ਇਹ ਲੜਾਈ ਕੇਂਦਰਤ ਹੋਣੀ ਚਾਹੀਦੀ ਹੈ। ਜਦੋਂ ਸਟੇਟ/ਸਰਕਾਰ ਇਕ ਵਿਸ਼ੇਸ਼ ਧਾਰਮਕ ਫ਼ਿਰਕੇ ਨੂੰ ਆਪਣੇ ਜ਼ੁਲਮ ਦਾ ਸਾਥ ਦੇਣ ਲਈ ਸਮਾਜਕ ਅਧਾਰ ਵਜੋਂ ਉਭਾਰਨ ਤੇ ਸਥਾਪਤ ਕਰਨ ਦੇ ਫਾਸ਼ੀਵਾਦੀ ਰਾਹ ਪੈ ਜਾਵੇ ਤਾਂ ਇਹ ਮੁੱਦਾ ਹੋਰ ਵੀ ਗੰਭੀਰ ਬਣ ਜਾਂਦਾ ਹੈ।
ਸਰਦਾਰ ਮਾਲੀ ਨੇ ਇਸ ਬੇਹੱਦ ਪੇਚੀਦਾ ਮਸਲੇ ਦੇ ਹੱਲ ਬਾਰੇ ਮਾਰਗਦਰਸ਼ਨ ਕਰਦਿਆਂ ਸਮੂਹਕ ਸੁਰੱਖਿਆ ਲਈ ਸਮੂਹਕ ਚੇਤਨਾ ਤੇ ਜਾਗਰੂਕ ਲਾਮਬੰਦੀ ਹੀ ਸਾਰਥਕ ਹਥਿਆਰ ਹੁੰਦਾ ਹੈ। ਬਿਨਾ ਕਿਸੇ ਧਾਰਮਕ ਵਖਰੇਵੇਂ ਦੇ ਮੁਲਕ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ। ਜਿੱਥੇ ਵੀ ਕਿਤੇ ਸਰਕਾਰੀ ਮਸ਼ੀਨਰੀ ਅਜਿਹੇ ਵਿਤਕਰੇ/ਪੱਖਪਾਤ ਦਾ ਕੰਮ ਕਰਦੀ ਹੈ ਤਾਂ ਸਾਰਿਆਂ ਨੂੰ ਮਿਲਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਸਰਕਾਰੀ ਮਸ਼ੀਨਰੀ ਇਸ ਰਾਹ ਪੈ ਜਾਵੇ ਤਾਂ ਇਸਦਾ ਸਮੂਹਕ ਵਿਰੋਧ ਹੀ ਮੁਕਾਬਲਾ ਕਰ ਸਕਦਾ ਹੈ ਵਿਅਕਤੀਗਤ ਨਹੀ। ਸਿੱਖ ਕੌਮ ਨੂੰ ਦਰਪੇਸ਼ ਖਤਰਿਆਂ ਦਾ ਨਾਮ ਲੈ ਕੇ ਵਿਅਕਤੀਗਤ "ਤਿਆਰੀਆਂ" ਲਈ ਪ੍ਰੇਰਣਾ ਦੇ ਰਹੇ ਲੋਕ "ਕਿਹਨਾਂ ਨੂੰ ਕਿਹੜੀਆਂ ਕੁਰਬਾਨੀਆਂ ਲਈ" ਤਿਆਰ ਕਰ ਰਹੇ ਹਨ?

ਸਰਦਾਰ ਮਾਲੀ ਇਸ ਮਾਮਲੇ ਦੀਆਂ ਪਰਤਾਂ ਫਰੋਲਦਿਆਂ ਸਪਸ਼ਟ ਕਰਦੇ ਹਨ-ਵਿਅਕਤੀ ਨੂੰ ਸਰਕਾਰੀ ਲਾਇਸੰਸ ਵਿਅਕਤੀਗਤ ਖ਼ਤਰੇ ਦੇ ਜਾਇਜ਼ੇ ਦੇ ਅਧਾਰ ‘ਤੇ ਦਿੱਤਾ ਜਾਂਦਾ ਹੈ। "ਸਮੂਹਕ ਭਾਈਚਾਰੇ ਲਈ ਖ਼ਤਰੇ ਨਾਲ ਨਜਿੱਠਣ ਦੇ ਮੰਤਵ" ਨਾਲ ਇਸਨੂੰ "ਰਲਗੱਡ ਕਰਨਾ" ਬਿਲਕੁਲ ਹੀ ਗਲਤ ਸੋਚ ਹੈ। ਇਸ ਨਾਲ ਤਾਂ ਸਿੱਖਾਂ ਨੂੰ ਹਥਿਆਰ ਦਾ ਲਾਇਸੰਸ ਬਣਾਉਣ ਤੇ ਮੁੜ ਨਵਿਆਉਣ ਵਿੱਚ ਵੀ ਹੋਰ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਸਰਕਾਰ ਚਾਹੇ ਤਾਂ ਇਹਨਾ ਨੂੰ ਚੌਵੀ ਘੰਟੇ ਦੇ ਨੋਟਿਸ ‘ਤੇ ਹੀ ਜਮਾ ਕਰਵਾਉਣ ਦੇ ਹੁਕਮ ਦੇ ਤੇ ਲਾਗੂ ਕਰ ਸਕਦੀ ਹੈ। ਇਹਨਾਂ ਹਕੀਕਤਾਂ ਨੂੰ ਜੱਥੇਦਾਰ ਸਾਹਿਵ ਵਰਗੀ ਸ਼ਖ਼ਸੀਅਤ ਨਜ਼ਰ ਅੰਦਾਜ਼ ਕਿਵੇਂ ਕਰ ਗਈ?
ਪੰਜਾਬ ਨੇ ਪਿਛਲੇ ਦਹਾਕਿਆਂ ਵਿੱਚ ਅਜਿਹੇ ਹਾਲਤਾਂ ਦਾ ਸੰਤਾਪ ਭੋਗਿਆ ਹੈ ਤੇ ਉਸਤੋਂ ਸਬਕ ਸਿੱਖਣ ਦੀ ਲੋੜ ਹੈ। ਹਾਲ ਹੀ ਵਿੱਚ ਲੜੇ ਗਏ ਕਿਸਾਨ ਅੰਦੋਲਨ ਨੇ ਅਜੋਕੇ ਹਾਲਤ ਅੰਦਰ ਪੁਰ- ਅਮਨ ਤੇ ਸਾਂਤੀਪੂਰਨ ਤਰੀਕੇ ਨਾਲ ਲੜਾਈ ਲੜਨ ਤੇ ਜਿੱਤਣ ਦਾ ਇਤਿਹਾਸ ਸਿਰਜਿਆ ਹੈ ਤੇ ਇਹ ਅਹਿਮ ਨੁਕਤਾ ਵੀ ਉਭਾਰਿਆ ਹੈ ਕਿ ਮੁਲਕ ਅੰਦਰ ਅਸਲ ਲੜਾਈ ਫੈਡਰਲਿਜ਼ਮ ਲਈ ਲੜਾਈ ਹੀ ਬਣਦੀ ਹੈ।
1980ਵਿਆਂ ‘ਚ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਨਿਸ਼ਾਨੇ ‘ਤੇ ਲਿਆ ਸੀ ਤੇ ਮੋਦੀ ਸਰਕਾਰ ਨੇ ਹੁਣ ਮੁਸਲਮਾਨਾਂ ਨੂੰ ਨਿਸ਼ਾਨੇ ‘ਤੇ ਲੈ ਰੱਖਿਆ ਹੈ। ਪੰਜਾਬ ਅੰਦਰ ਸਿੱਖਾਂ ਨੂੰ ਕਿਸੇ ਭਾਈਚਾਰੇ ਵੱਲੋਂ ਜਿਸਮਾਨੀ ਹਮਲਿਆਂ ਦਾ ਅਜਿਹਾ ਕੋਈ ਪਰਤੱਖ ਖਤਰਾ ਪਹਿਲਾਂ ਵੀ ਨਹੀ ਸੀ ਤੇ ਨਾ ਹੀ ਹੁਣ ਹੈ ਪਰ ਸਰਕਾਰੀ ਬਲਾਂ ਦੇ ਹਮਲਿਆਂ ਦਾ ਟਾਕਰਾ ਵਿਅਕਤੀਗਤ ਹਥਿਆਰਾਂ ਨਾਲ ਨਹੀ ਕੀਤਾ ਜਾ ਸਕਦਾ। ਪਰ ਪੰਜਾਬ ਤੋਂ ਬਾਹਰਲੇ ਸਿੱਖਾਂ ਲਈ ਅਜਿਹੇ ਬਿਆਨ ਕਈ ਤਰਾਂ ਦੇ ਉਲਝੇਵੇਂ ਤੇ ਮੁਸ਼ਕਲਾਂ ਜ਼ਰੂਰ ਪੈਦਾ ਕਰਨ ਦੀ ਸੰਭਾਵਨਾ ਵਾਲੇ ਹਨ।
ਸੋ ਹਾਲਾਤ ਉੱਪਰ ਬਾਜ ਨਿਗਾਹ ਰੱਖਣ ਦੀ ਲੋੜ ਹੈ।
ਹਾਲੇ ਐਨਾ ਹੀ!
ਇਸੇ ਦੌਰਾਨ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਨਿੰਦਣਯੋਗ ਅਤੇ ਇਤਰਾਜ਼ਯੋਗ ਦੱਸਿਆ ਹੈ।
ਲੁਧਿਆਣਾ ਤੋਂ ਮਿਲੇ ਇੱਕ ਬਿਆਨ ਮੁਤਾਬਿਕ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਵੀ ਇਸਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਨਾਲੇ ਲੋਕਾਂ ਵਿਚ ਜਾਏਗਾ ਗਲਤ ਸੰਦੇਸ਼। ਸਿਆਸੀ ਮਾਹੌਲ ਭਕਾਹਨ ਦੇ ਨਾਲ ਨਾਲ ਹਥਿਆਰਾਂ ਦੇ ਕਾਰੋਬਾਰ ਵਿਚ ਵੀ ਤੇਜ਼ੀ

Tuesday, March 22, 2022

ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨੂੰ ਸੰਘੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

ਪੰਜਾਬ ਦੇ ਚਾਣਕਿਆ ਮਾਲਵਿੰਦਰ ਮਾਲੀ ਨੇ ਲਿਆ ਗੰਭੀਰ ਨੋਟਿਸ

ਸੋਸ਼ਲ ਮੀਡੀਆ: 22 ਮਾਰਚ 2022: (ਪੰਜਾਬ ਸਕਰੀਨ ਡੈਸਕ)::

ਲੰਮੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਵਾਲੀ ਆਵਾਜ਼ ਬੁਲੰਦ ਕਰਦੇ ਆ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਇੱਕ ਪੋਸਟ ਵਿੱਚ ਬੜੀ ਬੇਬਾਕੀ ਨਾਲ ਖੁਲਾਸਾ ਕੀਤਾ ਹੈ ਕਿ ਸਿੱਖਿਆ ਦੇ ਮਹਿਕਮੇ ਨੂੰ ਸੂਬਿਆਂ ਦੇ ਅਧਿਕਾਰਾਂ ਵਿੱਚੋਂ ਕੱਢ ਕੇ ਕੇਂਦਰੀਕਰਨ ਵਾਲੇ ਖਾਤੇ ਪਾ ਲਿਆ ਸੀ। ਆਪਣੀ ਇੱਕ ਨਵੀਂ ਪੋਸਟ ਵਿੱਚ ਉਹਨਾਂ ਦੱਸਿਆ ਹੈ ਕਿ ਐਮਰਜੈੰਸੀ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਸੰਘੀ ਸਰਕਾਰ ਨੇ ਰਾਜਾਂ ਦੇ ਅਧਿਕਾਰ ਖੇਤਰ ਵਿੱਚੋਂ ਸਿੱਖਿਆ ਦਾ ਮਹਿਕਮਾ ਕੱਢਕੇ ਸਾਂਝੀ ਸੂਚੀ ਵਿੱਚ ਪਾ ਲਿਆ ਸੀ ਪਰ ਉਸਤੋ ਬਾਅਦ ਦੀਆਂ ਸਰਕਾਰਾਂ ਨੇ ਸਿੱਖਿਆ ਖੇਤਰ ਦੇ ਕੇਂਦਰੀਕਰਨ ਦਾ ਅਮਲ ਸਹਿੰਦੇ ਸਹਿੰਦੇ ਹੀ ਅੱਗੇ ਵਧਾਇਆ। ਉਹਨਾਂ ਦੱਸਿਆ ਕਿ ਇਸ ਮਕਸਦ ਨੂੰ ਪੂਰਿਆਂ ਕਰਨ ਦੇ ਕੰਮ ਵਿੱਚ ਤੇਜ਼ੀ ਹੁਣੇ ਜਿਹਾ ਹੀ ਆਈ ਹੈ।

ਆਪਣੀ ਲਿਖਤ ਵਿੱਚ ਸਰਦਾਰ ਮਾਲੀ ਦੱਸਦੇ ਹਨ ਕਿ ਗੱਲ ਭਾਵੇਂ ਪੁਰਾਣੀ ਹੋਣ ਲੱਗੀ ਹੈ ਪਰ ਰ.ਸ.ਸ.-ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਨੇ ਇਕ ਦੇਸ਼ , ਇਕ ਨੇਸ਼ਨ, ਹਰ ਖੇਤਰ ਵਿੱਚ ਕਾਨੂੰਨੀ ਇਕਸਾਰਤਾ ਤੇ ਇਕਰੂਪਤਾ ਦੇ ਅਮਲ ਨੂੰ ਬਹੁਤ ਹੀ ਤੇਜ਼ ਗਤੀ ਤੇ ਆਪਾਸ਼ਾਹ ਪਹੁੰਚ ਨਾਲ ਅੱਗੇ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ 34 ਸਾਲਾਂ ਬਾਅਦ ਮੁਲਕ ਅੰਦਰ ਲਾਗੂ ਕਰਨ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨੂੰ ਸੰਘੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਅਨੁਸਾਰ ਸਿੱਖਿਆ ਢਾਂਚੇ ਅੰਤਰ ਆਹ ਵੱਡੇ ਬਦਲਾਓ ਸਾਰੇ ਸੂਬਿਆਂ ਨੂੰ ਕਰਨੇ ਪੈਣਗੇ।
ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਵਿਦਿਅਕ ਅਦਾਰਿਆਂ ਸਮੇਤ ਪੰਜਾਬ ਦੀ ਸਿਆਸੀ ਗੈਰ ਸਿਆਸੀ ਸੰਗਠਨ ਕੀ ਪ੍ਰਤਿਕਰਮ ਪ੍ਰਗਟ ਕਰਦੇ ਹਨ। ਸਬੰਧਤ ਸਰੋਤ ਲਿੰਕ

Sunday, January 09, 2022

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ

9th January 2022 at 10:34 AM 

 ਸ਼ਿਵ ਕੁਮਾਰ ਬਟਾਲਵੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ‘ਜਨਮ ਦਿਹਾੜੇ’ ‘ਤੇ ਲਿਖੀ ਕਵਿਤਾ


ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ.. ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ.... ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ... ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ •••• ਪੇਸ਼ ਹੈ ਉਹ ਕਵਿਤਾ 👇--ਮਾਲਵਿੰਦਰ ਸਿੰਘ ਮਾਲੀ ਦੇ ਵਟਸਪ ਸੁਨੇਹੇ ਵਿੱਚੋਂ-- 

ਤੁਸੀਂ ਇਥੇ ਵੀ ਕਲਿੱਕ ਕਰ ਸਕਦੇ ਹੋ 
ਮਾਲਵਿੰਦਰ ਸਿੰਘ ਮਾਲੀ ਹੁਰਾਂ ਵੱਲੋਂ ਸਾਹਮਣੇ ਲਿਆਂਦੀ ਇਹ ਕਾਵਿ ਰਚਨਾ ਅਸਲ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਅੰਦਰ ਆਈ  ਤਬਦੀਲੀ ਦਾ ਪਤਾ ਵੀ ਦੇਂਦੀ ਹੈ। ਕਿਸੇ ਵੇਲੇ ਆਕਾਸ਼ਵਾਣੀ ਜਲੰਧਰ ਦੇ ਸੀਨੀਅਰ ਅਫਸਰ ਐਸ ਐਸ ਮੀਸ਼ਾ ਨੇ ਲਿਖਿਆ ਸੀ-
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!
ਸਾਥੋਂ ਮੋਹ ਤੋੜ ਹੋਇਆ ਨ ਕਿਨਾਰਿਆਂ ਦੇ ਨਾਲ!
ਅਜਿਹੀ ਸਥਿਤੀ ਕਈਆਂ ਦੇ ਨਾਲ ਵਾਪਰੀ ਸੀ। ਇਹ ਦੁਬਿਧਾ ਬਹੁਤ ਸਾਰੇ ਮਨਾਂ ਵਿੱਚ ਸੀ। ਸ਼ਿਵ ਦੀ ਕਵਿਤਾ ਦੱਸਦੀ ਹੈ ਕਿ ਉਸਨੇ ਦੁਬਿਧਾ ਵਾਲਾ ਪੜਾਅ ਉਲੰਘ ਲਿਆ ਸੀ। ਉਮਰ ਨੇ ਵਫਾ ਨਾ ਕੀਤੀ ਨਹੀਂ ਤਾਂ ਅਜਿਹੇ ਯਾਦਗਾਰੀ ਸਾਹਿਤ ਹੋਰ ਵੀ ਬਹੁਤ ਕੁਝ ਸਾਹਮਣੇ ਆਉਂਦਾ। ਦੁਬਿਧਾ ਵਾਲੀ ਸਥਿਤੀ ਅੱਜ ਵੀ ਕਾਫੀ ਹੈ। -ਰੈਕਟਰ ਕਥੂਰੀਆ 

ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਰਚਨਾ -ਆਰਤੀ--

ਮੈਂ ਕਿਸ ਹੰਝੂ ਦਾ ਦੀਵਾ ਬਾਲਕੇ ਤੇਰੀ ਆਰਤੀ ਗਾਵਾਂ, 

ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, 

ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ,

ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, 

ਭਰੇ ਬਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, 

ਜੋ ਆਪਣੇ ਸੋਹਲ ਛਿੰਦੇ ਬਾਲ ਨੀਂਹਾਂ ਵਿੱਚ ਚਿਣਾ ਆਵੇ, 

ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ, 

ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ, 

ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ, 

ਮੈਂ ਕਿੰਝ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ, 

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ, 

ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ,

ਮੇਰੇ ਗੀਤਾਂ ਦੀ ਮਹਿਫ਼ਲ 'ਚੋਂ ਕੋਈ ਉਹ ਗੀਤ ਨਹੀਂ ਲੱਭਦਾ

ਜੋ ਤੇਰੇ ਸ਼ੀਸ ਮੰਗਣ ਤੇ ਤੇਰੇ ਸਾਹਵੇਂ ਖੜ੍ਹਾ ਹੋਵੇ, 

ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ, 

ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ, 

ਕਿ ਜਿਸ ਨੂੰ ਪੀੜ ਤਾਂ ਕੀਹ ਪੀੜ ਦਾ ਅਹਿਸਾਸ ਨਾ ਛੋਹਵੇ, 

ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ, 

ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ,

ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾਂ ਹਾਂ ਕਿ ਉਹ ਹੋਵੇ, 

ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ 'ਚ ਰੋਹ ਹੋਵੇ, 

ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ, 

ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਅ ਹੋਵੇ, 

ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ, 

ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰਾਂ ਤੇਰੇ ਦੁਆਰ ਤੇ ਆਵਾਂ,

ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ, 

ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ, 

ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ, 

ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ, 

ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ, 

ਮੈਂ ਸ਼ਾਇਦ ਫੇਰ ਕੁੱਝ ਭੇਟਾ ਕਰਨ ਯੋਗ ਹੋ ਜਾਵਾਂ, 

ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ,

ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, 

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।

-ਸ਼ਿਵ ਕੁਮਾਰ ਬਟਾਲਵੀ

 * ਪੇਸ਼ਕਸ਼:ਯਸ਼ ਪਾਲ*

(ਸੰਪਾਦਕ’ਵਰਗ ਚੇਤਨਾ’) 

 

Friday, August 27, 2021

ਕੀ ਹੋਵੇਗਾ ਮਾਲੀ ਦਾ ਅਗਲਾ ਕਦਮ?

ਮੈਂ ਨਹੀਂ ਰਹਿਣਾ ਤੇਰੇ ਗਿਰਾਂ! ---ਮਾਲੀ ਦਾ ਐਲਾਨ

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੱਜੋਂ ਨਵਜੋਤ ਸਿੱਧੂ ਦੀ ਆਮਦ ਨਾਲ ਉਹਨਾਂ ਲੋਕਾਂ ਨੂੰ ਕੁਝ ਆਸ ਬੱਝੀ ਸੀ ਜਿਹੜੇ ਕਾਂਗਰਸ ਤੋਂ ਨਹੀਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਨਾਰਾਜ਼ ਸਨ। ਕਾਂਗਰਸ ਪਾਰਟੀ ਨਾਲ ਵੀ ਇਹਨਾਂ ਨਾਰਾਜ਼ ਲੋਕਾਂ ਦੇ ਗਿਲੇ ਸ਼ਿਕਵੇ ਕੋਈ ਜ਼ਿਆਦਾ ਨਹੀਂ ਸਨ। ਕਿਸੇ ਨੂੰ ਕੋਈ ਅਹੁਦਾ ਚਾਹੀਦਾ ਸੀ ਤੇ ਕਿਸੇ ਨੇ ਕੋਈ ਹੋਰ  ਕੰਮ ਕਰਾਉਣਾ ਸੀ। ਪੰਜਾਬ ਦਾ ਕੀ ਬਣਦੈ ਇਸ ਨਾਲ ਇਹਨਾਂ ਲੋਕਾਂ ਦਾ ਨਾ ਕੋਈ ਵਾਸਤਾ ਸੀ ਤੇ ਨਾ ਹੀ ਕੋਈ ਦਰਦ। ਇਸਦੇ ਨਾਲ ਹੀ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਵੀ ਕੁਝ ਉਮੀਦ ਜਾਗੀ ਸੀ ਜਿਹੜੇ ਸਮਝਣ ਲੱਗ ਪਏ ਸਨ ਕਿ ਕਾਂਗਰਸ ਪਾਰਟੀ ਹੁਣ ਪੰਜਾਬ ਦਾ ਕੁਝ ਨਹੀਂ ਸੰਵਾਰ ਸਕਦੀ। ਨਵਜੋਤ ਸਿੱਧੂ ਦੇ ਆਉਣ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ ਅਜੇ ਵੀ ਕਾਂਗਰਸ ਬਹੁਤ ਕੁਝ ਕਰ ਸਕਦੀ ਹੈ। ਬੀਜੇਪੀ ਦੇ ਦਬਦਬੇ ਦੇ ਬਾਵਜੂਦ ਅਜੇ ਵੀ ਕਾਂਗਰਸ ਅਜਿੱਤ ਅਤੇ ਅਡੋਲ ਖੜੀ ਹੈ। ਉਮੀਦਾਂ ਲਗਾ ਕੇ ਬੈਠੇ ਅਜਿਹੇ ਸਾਰੇ ਵਰਗਾਂ ਦੇ ਲੋਕ ਇੱਕ ਵਾਰ ਫਿਰ ਨਿਰਾਸ ਜਿਹੇ ਹੋ ਗਏ ਲੱਗਦੇ ਹਨ। 

ਨਵਜੋਤ ਸਿੱਧੂ ਦੀ ਐਂਟਰੀ ਨਾਲ ਹੀ ਉਹ ਲੋਕ ਵੀ ਉਤਸ਼ਾਹ ਵਿੱਚ ਆ ਗਏ ਸਨ ਜਿਹੜੇ ਚਾਹੁੰਦੇ ਸਨ ਕਿ ਇੱਕ ਵਾਰ ਫੇਰ ਕਾਂਗਰਸ ਦਾ ਹੀ ਬੋਲਬਾਲਾ ਹੋਵੇ ਪਰ ਉਂਝ ਦਿਲੋਂ ਇਸਦੀ ਆਸ ਲਾਹੀ ਬੈਠੇ ਸਨ। ਇਹ ਵੀ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਲੋਕ ਪਾਰਟੀ ਵਿੱਚ ਹੀ ਸਨ। ਇਹਨਾਂ ਨੇ  ਕਾਂਗਰਸ ਨਹੀਂ ਸੀ ਛੱਡੀ। ਇਹ ਹੁੰਦਾ ਹੈ ਜਜ਼ਬਾਤੀ ਲਗਾਓ ਜਿਹੜਾ ਉਮਰਾਂ ਦੇ ਨਾਲ ਨਿਭਦਾ ਹੈ ਅਤੇ ਛੇਤੀ ਕੀਤਿਆਂ ਨਹੀਂ ਟੁੱਟਦਾ। ਉਹ ਪਾਰਟੀ ਛੱਡ ਕੇ ਹੋਰ ਕਿਧਰੇ ਨਹੀਂ ਗਏ। ਸ਼ਾਇਦ ਕੋਈ ਬਦਲ ਹੀ ਨਜ਼ਰ ਨਹੀਂ ਆਇਆ ਜਾਂ ਫਿਰ ਉਮਰ ਦਾ ਵੱਡਾ ਹਿੱਸਾ ਕਾਂਗਰਸ ਵਿਚ ਹੀ ਲੰਘ ਗਿਆ ਸੀ ਇਸ ਕਰਕੇ। ਜੂਨ-84 ਅਤੇ ਨਵੰਬਰ-84 ਵਾਲੇ ਸਦਮਿਆਂ ਦੇ ਬਾਵਜੂਦ ਉਹ ਕਾਂਗਰਸ ਨਾਲੋਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਟੁੱਟ ਸਕੇ। ਖਾਮੋਸ਼ ਹੋ ਕੇ ਘਰ ਭਾਵੇਂ ਬੈਠ ਗਏ ਹੋਣ ਪਰ ਇਹਨਾਂ ਨੇ ਵੀ ਪਾਰਟੀ ਨੂੰ ਮਾਂ ਸਮਝਦਿਆਂ ਪਾਰਟੀ ਨਹੀਂ ਬਦਲੀ। 

ਜਦੋਂ ਨਵਜੋਤ ਸਿੱਧੂ ਨੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਨੂੰ ਆਪਣਾ ਸਲਾਹਕਾਰ ਐਲਾਨਿਆ ਤਾਂ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ। ਇਹ ਵੀ ਉਂਝ ਕਾਹਲੀ ਵਾਲਾ ਅਤੇ ਬਚਪਨ ਦੀ ਸੋਚ ਵਰਗਾ ਹੀ ਫੈਸਲਾ ਸੀ। ਸਿਆਣੇ ਅਤੇ ਤਰੱਕੀ ਕਰਨ ਵਾਲੇ ਲੋਕ ਆਪਣੇ ਸਲਾਹਕਾਰਾਂ, ਸ਼ੁਭਚਿੰਤਕਾਂ ਅਤੇ ਖਾਸ ਮਿੱਤਰਾਂ ਨੂੰ ਇਸ ਤਰ੍ਹਾਂ ਨਸ਼ਰ ਨਹੀਂ ਕਰਿਆ ਕਰਦੇ ਖਾਸ ਕਰਕੇ ਸਿਆਸਤ ਵਿੱਚ। ਆਪਣੇ ਸ਼ੁਭਚਿੰਤਕਾਂ ਅਤੇ ਮਾਰਗਦਰਸ਼ਕਾਂ ਨੂੰ ਹਰ ਦੌਰ ਵਿੱਚ ਦਰਬਾਰੀਆਂ ਵਾਂਗ ਨਾਲ ਨਾਲ ਤੋਰਨਾ ਕੋਈ ਸਿਆਣਪ ਨਹੀਂ ਹੁੰਦੀ। ਇਹਨਾਂ ਨੂੰ ਤਾਂ ਅਨਮੋਲ ਹੀਰਿਆਂ ਵਾਂਗ ਬਹੁਤ ਹੀ ਲੁਕੋ ਕੇ ਰੱਖਣਾ ਹੁੰਦਾ ਹੈ। ਇਹੀ ਹੁੰਦੀ ਹੈ ਰਣਨੀਤੀ। 

ਪੰਜਾਬ ਪਿਆਰਾ ਪਹਿਲਾਂ ਹੈ 
ਮੈਨੂੰ ਇੱਕ ਪੁਰਾਣੀ ਕਹਾਣੀ ਯਾਦ ਆ ਰਹੀ ਹੈ। ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨਾਲ ਸ਼ਰਤ ਰੱਖ ਲਈ ਕਿ ਬਰਾਤ 40 ਜਣਿਆਂ ਦੀ ਹੋਵੇ ਤੇ ਬਰਾਤ ਵਿੱਚ ਕੋਈ ਬਜ਼ੁਰਗ ਬੰਦਾ ਨਾ ਆਵੇ। ਸ਼ਰਤ ਮੰਨੀ ਵੀ ਗਈ ਪਰ ਮਗਰੋਂ ਕਿਸੇ ਨੇ ਸਲਾਹ ਦਿੱਤੀ ਕਿਤੇ ਜਲੂਸ ਨਾ ਕਢਵਾ ਬੈਠਿਓ। ਇਸ ਤੇ ਇੱਕ ਬੁਜ਼ਰਗ ਅਤੇ ਸਿਆਣੇ ਬੰਦੇ ਨੂੰ ਉਹਨਾਂ ਇੱਕ ਵੱਡੇ ਸੰਦੂਕ ਵਿੱਚ ਪਾ ਲਿਆ ਤੇ ਲੁਕੋ ਕੇ ਨਾਲ ਲੈ ਗਏ। ਜਦੋਂ ਬਰਾਤ ਪਹੁੰਚੀ ਤਾਂ ਕੁੜੀ ਵਾਲਿਆਂ ਨਵੀਂ ਸ਼ਰਤ ਰੱਖੀ ਕਿ 40 ਜਣਿਆਂ ਨੂੰ 40 ਬੱਕਰੇ ਖਾਣੇ ਪੈਣਗੇ। ਹੁਣ ਯਾਦ ਆਈ ਸੰਦੂਕ ਵਿੱਚ ਲੁਕਾਏ ਬਜ਼ੁਰਗ ਦੀ। ਝੱਟ ਦੇਣੀ ਪਰਦੇ ਜਿਹੇ ਵਿੱਚ ਉਸ ਨਾਲ ਸਲਾਹ ਕੀਤੀ ਗਈ ਤਾਂ ਬਜ਼ੁਰਗ ਨੇ ਕਿਹਾ ਇਹਨਾਂ ਨੂੰ ਕਹੋ ਇੱਕ ਇੱਕ ਬੱਕਰਾ ਬਣਾਈ ਜਾਓ ਤੇ ਸਾਨੂੰ ਫੜਾਈ ਜਾਓ। ਕੁੜੀ ਵਾਲੇ ਜੁਆਬੀ ਚਾਲ ਨਾ ਸਮਝੇ ਤੇ ਗੱਲ ਮੰਨਗੇ। ਇੱਕ ਇੱਕ ਬੱਕਰਾ ਬਣਾ ਕੇ ਫੜਾਈ ਜਾਣ ਤੇ ਚਾਲੀ ਬਰਾਤੀਆਂ ਨੂੰ ਇੱਕ ਇੱਕ ਬੋਟੀ ਵੀ ਹਿੱਸੇ ਨਾ ਆਵੇ। ਚਾਲੀ ਬੱਕਰੇ ਖਾ ਕੇ ਵੀ 40 ਬਰਾਤੀ ਭੁੱਖੇ ਭਾਣੇ ਸਨ। ਹੁਣ ਕੁੜੀ ਵਾਲਿਆਂ ਨੂੰ ਸਮਝ ਆਈ ਕਿ ਕੋਈ ਤਾਂ ਸਿਆਣਾ ਇਹਨਾਂ ਦੇ ਨਾਲ ਹੈ। ਇਸ ਤਰ੍ਹਾਂ ਹੱਸਦਿਆਂ ਹੱਸਦਿਆਂ ਗੱਲ ਖੁੱਲ ਗਈ। ਅਜਿਹਾ ਕੁਝ ਹੀ ਨਵਜੋਤ ਸਿੱਧੂ ਨੂੰ ਸਲਾਹਕਾਰਾਂ ਤੋਂ ਦੂਰ ਕਰਕੇ ਹੋ ਰਿਹਾ ਹੈ। ਦੇਖਣਾ ਹੈ ਕਿ ਸੰਦੂਕ ਵਿੱਚ ਕੋਈ ਰਿਜ਼ਰਵ ਸਿਆਣਾ ਬੰਦਾ ਵੀ ਹੈ ਜਾਂ ਸਭ ਕੁਝ ਸਾਰਿਆਂ ਸਾਹਮਣੇ ਬੋਲ ਬੋਲ ਕੇ ਹੀ ਨਸ਼ਰ ਕਰ ਦਿੱਤਾ ਸਿੱਧੂ ਸਾਹਿਬ ਨੇ!

ਫਿਰ ਵੀ ਮਾਲੀ ਦੀ ਨਿਯੁਕਤੀ ਦਾ ਲੋਕਾਂ ਵਿੱਚ ਇੱਕ ਬਹੁਤ ਚੰਗਾ ਅਸਰ ਇਹ ਗਿਆ ਕਿ ਲੋਕ ਕਾਂਗਰਸ ਨੂੰ ਵੱਡੇ ਦਿਲ ਵਾਲਾ ਸਮਝਣ ਲੱਗੇ ਅਤੇ ਨਾਲ ਹੀ ਤਬਦੀਲੀ ਪਸੰਦ ਵੀ। ਬਹੁਤ ਸਾਰੇ ਲੋਕਾਂ ਨੇ ਸੋਚਿਆ ਕਾਂਗਰਸ ਨੇ ਉਸ ਸ਼ਖਸ ਨੂੰ ਗਲੇ ਨਾਲ ਲਾ  ਲਿਆ ਹੈ ਜਿਸਨੇ ਦਹਾਕਿਆਂ ਤੋਂ ਇੰਦਰਾਗਾਂਧੀ ਪ੍ਰਤੀ ਪੰਜਾਬ ਅਤੇ ਸਿੱਖ ਕੌਮ ਦੇ ਰੋਹ ਨਾਲ ਭਰੇ ਕਾਰਟੂਨ ਵਾਲੀ ਤਸਵੀਰ ਆਪਣੇ ਸਟਡੀ ਵਾਲੇ ਕਮਰੇ ਵਿੱਚ ਲੁੱਕ ਲੂਕਾ ਕੇ ਨਹੀਂ ਨਹੀਂ ਬਲਕਿ ਫੇਸਬੁੱਕ ਤੇ ਸ਼ਰੇਆਮ ਲਾਈ ਹੋਈ ਹੈ। ਇਹ ਤਸਵੀਰ ਉਸਦੇ ਵਿਚਾਰਾਂ ਦਾ ਪ੍ਰਤੀਬਿੰਬ ਸੀ। ਪਤਾ ਨਹੀਂ ਕਾਂਗਰਸ ਹਾਈਕਮਾਨ ਨੂੰ ਨਿਯੁਕਤੀ ਦੇ ਫੈਸਲੇ ਸਮੇਂ ਇਹ ਕਾਰਟੂਨ ਜਾਂ ਪੁਰਾਣੇ ਮੈਗਜ਼ੀਨ ਦਾ ਕਵਰ ਨਜ਼ਰ ਕਿਓਂ ਨਹੀਂ ਆਇਆ? ਮਾਲੀ ਨੇ ਕਦੇ ਵੀ ਇਸਨੂੰ ਲੁਕਾਇਆ ਨਹੀਂ ਸੀ। ਬਾਅਦ ਵਿੱਚ ਵੀ ਕਦੇ ਇਸਤੋਂ ਮੁਨਕਰ ਹੋਣ ਵਾਲੀ ਕੋਈ ਗੱਲ ਨਹੀਂ ਕੀਤੀ। ਹੁਣ ਅਚਾਨਕ ਸਭਨਾਂ ਨੂੰ ਇਹੀ ਕਾਰਟੂਨ ਮੁੱਦਾ ਬਣ ਕੇ ਨਜ਼ਰ ਆਉਣ ਲੱਗ ਪਿਆ। 

ਸਭਨਾਂ ਨੇ ਹਜ਼ਾਰਾਂ ਵਾਂਗ ਇਸਨੂੰ ਫੇਸਬੁੱਕ 'ਤੇ ਦੇਖਿਆ ਹੋਣੈ। ਜੇ ਕਾਂਗਰਸ ਹਾਈਕਮਾਨ ਨੇ ਜਾਂ ਨਵਜੋਤ ਸਿੱਧੂ ਨੇ ਇਹ ਤਸਵੀਰ ਨਹੀਂ ਸੀ ਦੇਖੀ ਤਾਂ ਰੱਬ ਈ ਰਾਖਾ। ਕਸੂਰ ਕਿਸਦਾ ਹੈ ਇਹ ਦੱਸਣ ਦੀ ਸ਼ਾਇਦ ਲੋੜ ਹੀ ਨਹੀਂ। ਜੇ ਕਾਂਗਰਸ ਪਾਰਟੀ ਵਿਚ ਅਜਿਹੀਆਂ ਗੰਭੀਰ ਨਿਯੁਕਤੀਆਂ ਵੇਲੇ ਵੀ ਸਬੰਧਤ ਵਿਅਕਤੀ ਦਾ ਪਿਛੋਕੜ ਨਹੀਂ ਦੇਖਿਆ ਜਾਂਦਾ ਤਾਂ ਕੀ ਕਿਹਾ ਜਾਵੇ? ਅਜਿਹੀ ਹਾਲਤ ਵਿਚ ਕਸੂਰ ਪਾਰਟੀ ਦੀ ਗ਼ੈਰਜ਼ੁੰਮੇਵਾਰ ਲੀਡਰਸ਼ਿਪ ਦਾ ਹੀ ਹੈ। ਆਖਿਰ ਇਹਨਾਂ ਸਾਰਿਆਂ ਨੂੰ ਮਾਲੀ ਅਤੇ ਗਰਗ  ਦਾ ਪਿਛੋਕੜ ਕਿਓਂ ਨਹੀਂ ਸੀ ਪਤਾ? ਇਹਨਾਂ ਦੋਹਾਂ ਨੇ ਕਦੇ ਵੀ ਖੁਦ ਨੂੰ ਜਾਂ ਆਪਣੇ ਵਿਚਾਰਾਂ ਨੂੰ ਨਹੀਂ ਲੁਕਾਇਆਂ। ਹੁਣ ਬਾਕੀ ਸਲਾਹਕਾਰਾਂ ਦਾ ਕਿ ਬਣਨਾ ਹੈ ਇਹ ਵੀ ਸੋਚਣ ਵਾਲੀ ਗੱਲ ਹੈ। 

ਅਸਲ ਵਿੱਚ ਇੰਦਰ ਗਾਂਧੀ ਦੇ ਕਾਰਟੂਨ ਵਾਲੀ ਇਹ ਤਸਵੀਰ ਇੱਕ ਐਲਾਨ ਸੀ ਕਿ ਮਾਲੀ ਤਾਂ ਇਸ ਨਿਯੁਕਤੀ ਮਗਰੋਂ ਵੀ ਉਹਨਾਂ ਵਿਚਾਰਾਂ ਤੇ ਹੀ ਖੜਾ ਹੈ ਜਿਹੜੇ ਬੀਤੇ ਸਮੇਂ ਦੌਰਾਨ ਉਸ ਨੇ ਅਪਣਾਏ ਹੋਏ ਸਨ।  ਇੰਦਰਾ ਗਾਂਧੀ ਵਾਲੇ ਇਸ ਕਾਰਟੂਨ ਵਿਚਲੇ ਸਖਤ ਸੰਦੇਸ਼ ਦੇ ਬਾਵਜੂਦ ਮਾਲੀ ਵੱਲੋਂ ਬਲਿਊ ਸਟਾਰ ਓਪਰੇਸ਼ਨ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਇੱਕ ਅਜਿਹੀ ਫਰਾਖਦਿਲੀ ਵਾਂਗ ਸੀ ਜਿਹੜੀ ਭਾਈ ਘਨਈਆ ਦੀ ਸੋਚ ਵਾਲਿਆਂ ਕੋਲ ਹੀ ਹੋ ਸਕਦੀ ਹੈ।  ਇਸਦੇ ਨਾਲ ਹੀ ਮਾਲੀ ਨੇ ਆਪਣੇ ਮੌਜੂਦ ਵਿਚਾਰ ਵੀ ਬਾਰ ਬਾਰ ਦੁਹਰਾਏ। ਦੇਸ਼ ਅਤੇ ਦੇਸ਼ ਦੇ ਲੋਕਾਂ ਪ੍ਰਤੀ ਸੁਹਿਰਦਤਾ, ਏਕਤਾ ਅਤੇ ਪ੍ਰੇਮ ਵਾਲੀ ਸੋਚ ਵੀ ਪ੍ਰਗਟਾਈ। 

ਮਾਲੀ ਦੀ ਨਿਯੁਕਤੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਹਾਈਕਮਾਨ ਬਾਰੇ ਇੱਕ ਹੋਰ ਬੜਾ ਸਿਹਤਮੰਦ ਸੰਕੇਤ ਅਤੇ ਸੰਦੇਸ਼ ਇਹ ਵੀ ਗਿਆ ਸੀ ਕਿ ਹੁਣ ਸ਼ਾਇਦ ਕਾਂਗਰਸ ਪਾਰਟੀ ਇੰਦਰਾਗਾਂਧੀ ਤੋਂ ਜਾਂ ਗਾਂਧੀ ਪਰਿਵਾਰ ਤੋਂ ਮੁਕਤ ਨਵੀਂ ਪੀੜ੍ਹੀ ਵਾਲੀ ਨਵੀਂ ਕਾਂਗਰਸ ਦੇ ਰੂਪ ਵਿੱਚ ਸਾਹਮਣੇ ਆਉਣ ਵਾਲੀ ਹੈ। ਜਿਹੜੇ ਲੋਕ ਕਾਂਗਰਸ ਦੇ ਹੱਕ ਵਿੱਚ ਸਨ ਪਰ ਇੰਦਰਾ ਗਾਂਧੀ ਦੇ ਖਿਲਾਫ ਸਨ ਉਹ ਇਸ ਸਾਰੇ ਘਟਨਾਕ੍ਰਮ ਨੂੰ ਕੁਝ ਇਸੇ ਤਰ੍ਹਾਂ ਲੈਂਦੇ ਮਹਿਸੂਸ ਹੋ ਰਹੇ ਸਨ ਜਿਵੇਂ ਇੱਕ ਬਹੁਤ ਵੱਡੀ ਖੁਸ਼ਖਬਰੀ ਵਰਗਾ ਘਟਨਾਕ੍ਰਮ ਹੋਵੇ। ਹੁਣ ਨੌਜਵਾਨ ਅਤੇ ਮੁਟਿਆਰਾਂ ਸੰਭਾਲਣਗੀਆਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ। ਅਸਲ ਵਿੱਚ ਨੱਬੇ ਵਾਲੇ ਦਹਾਕੇ ਦੇ ਮੁੱਢ ਤੋਂ ਹੀ ਇੰਦਰਾ ਗਾਂਧੀ ਦੀ ਸਮਾਜਵਾਦੀ ਸੋਚ ਤੋਂ ਕਾਂਗਰਸ ਨੇ ਖਹਿੜਾ ਛੁਡਾਉਣਾ ਸ਼ੁਰੂ ਕਰ ਦਿੱਤਾ ਸੀ। ਮੋਦੀ ਸਰਕਾਰ ਦੀਆਂ ਮੌਜੂਦਾ ਕਾਰਪੋਰੇਟ ਪੱਖੀ ਨੀਤੀਆਂ ਵਿੱਚ ਕਾਂਗਰਸ ਪਾਰਟੀ ਦੀ ਉਸੇ ਬਦਲੀ ਹੋਈ ਸੋਚ ਦੀ ਝਲਕ ਦੇਖੀ ਜਾ ਸਕਦੀ ਹੈ। ਨਿਜੀਕਰਨ ਅਤੇ ਖੁੱਲੀਆਂ ਹਵਾਵਾਂ ਵਾਲੇ ਬਹੁਤੇ ਪੂਰਨੇ ਕਾਂਗਰਸ ਨੇ ਹੀ ਪਾਏ ਸਨ। 

ਨਵਜੋਤ ਸਿੱਧੂ ਦੀ ਨਿਯੁਕਤੀ ਅਤੇ ਬਾਅਦ ਵਿੱਚ ਸਲਾਹਕਾਰਾਂ ਦੀ ਨਿਯੁਕਤੀ ਕੁਝ ਅਜਿਹਾ ਹੀ ਵਰਤਾਰਾ ਜਾਪਦਾ ਸੀ। ਵਰਨਾ ਜਿਸ ਪਾਰਟੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੇ ਅੰਗਰੇਜ਼ੀ ਦੀ ਆਪਣੀ ਕਿਸੇ ਚਰਚਿਤ ਕਿਤਾਬ ਵਿੱਚ ਕੁਝ ਅਜਿਹਾ ਆਖਿਆ ਹੋਵੇ ਕਿ ਇੰਦਰਾ ਨੂੰ ਤਾਂ ਬਲਿਊ ਸਟਾਰ ਲਈ ਅਸੀਂ ਮਜਬੂਰ ਕੀਤਾ ਸੀ ਤਾਂ ਉਦੋਂ ਇਹ ਗੱਲ ਛੋਟੀ ਨਹੀਂ ਸੀ ਰਹਿ ਜਾਂਦੀ ਕਿ ਭਾਜਪਾ ਨੂੰ ਛੱਡ ਕੇ ਆਏ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਇਹ ਵੀ ਅਡਵਾਨੀ ਦੀ ਉਸ ਸੋਚ ਨੂੰ ਸਲਾਮ ਕਹਿਣ ਵਾਲੀ ਗੱਲ ਹੀ ਸੀ। 

ਅਸਲ ਵਿਚ ਨਵਜੋਤ ਸਿੱਧੂ ਕੋਲ ਭਾਸ਼ਣ ਦੀ ਕਲਾ ਮੁਹਾਰਤ ਦੀ ਹੱਦ ਤੱਕ ਹੈ। ਕਿਸੇ ਚਮਤਕਾਰ ਵਾਂਗ। ਕਿਸੇ ਕ੍ਰਿਸ਼ਮੇ ਵਾਂਗ ਉਸਦਾ ਅਸਰ ਦੇਖਿਆ ਜਾਂਦਾ ਰਿਹਾ ਹੈ। ਸ਼ਾਇਰੋ ਸ਼ਾਇਰੀ ਅਤੇ ਹੋਰ ਗੱਲਾਂ ਨਾਲ ਹਵਾ ਦਾ ਰੁੱਖ ਆਪਣੇ ਹੱਕ ਵਿੱਚ ਕਰਨਾ ਉਸ ਨੂੰ ਬੜੀ ਚੰਗੀ ਤਰ੍ਹਾਂ ਆਉਂਦਾ ਹੈ। ਭਾਵੇਂ ਅਰਜ਼ੀ ਤੌਰ ਤੇ ਹੀ ਸਹੀ। ਉਂਝ ਹਵਾ ਦੇ ਰੁੱਖ ਨੂੰ ਲੀਡਰਾਂ ਦੇ ਕੰਮ ਹੀ ਤੈਅ ਕਰਦੇ ਹਨ। ਇਥੇ ਤਾਂ ਗੱਲ ਸਿਰਫ ਏਨੀ ਕੁ ਕਿ ਛੇਤੀ ਕੀਤਿਆਂ ਨਵਜੋਤ ਸਿੱਧੂ ਦਾ ਭਾਸ਼ਣ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਕੀ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਕੋਈ ਖਦਸ਼ਾ ਜਾਂ ਡਰ ਭੈਅ ਸੀ ਕਿ ਜੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾਂ ਕਿਤੇ ਹੋਰ ਪਾਸੇ ਚਲਾ ਗਿਆ ਤਾਂ ਕਾਂਗਰਸ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਵੇਗਾ? ਫਿਰ ਇਹ ਚੋਣਾਂ ਦੌਰਾਨ ਸਾਡੇ ਕਿਸੇ ਸੰਭਾਵਤ ਵਿਰੋਧੀ ਦੀ ਹਵਾ ਬਣਾਏਗਾ? ਕੀ ਕਾਂਗਰਸ ਪਾਰਟੀ ਨੇ ਕਿਸੇ ਕਾਹਲ ਜਾਂ ਹੜਬੜੀ ਵਾਲੇ ਮਾਹੌਲ ਵਿਚ ਇਹ ਫੈਸਲਾ ਲਿਆ ਕਿ ਚਲੋ ਨਵਜੋਤ ਸਿੱਧੂ ਨੂੰ ਫਿਲਹਾਲ ਪ੍ਰਦੇਸ਼ ਪ੍ਰਧਾਨ ਬਣਾ ਦਿਓ ਪਰ ਹੋਰ ਕਿਧਰੇ ਨਾ ਜਾਣ ਦਿਓ! ਬਾਕੀ ਗੱਲ ਇਲੈਕਸ਼ਨਾਂ ਮਗਰੋਂ ਦੇਖਾਂਗੇ?

ਬਹੁਤਿਆਂ ਦੀ ਨਜ਼ਰ ਵਿੱਚ ਨਵਜੋਤ ਸਿੱਧੂ ਅਤੇ ਮਾਲੀ ਦਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅੱਗੇ ਕਦਮ ਵਧਾਉਣਾ ਸਿਰਫ ਕਾਂਗਰਸ ਪਾਰਟੀ ਦੀ ਚੋਣਾਂ ਵਿੱਚ ਜਿੱਤ ਦੇ ਨਿਸ਼ਾਨਿਆਂ ਤੱਕ ਵੀ ਸੀਮਿਤ ਹੋ ਸਕਦਾ ਹੈ ਪਰ ਅਸਲ ਵਿੱਚ ਕੁਝ ਧਿਰਾਂ ਹੋਰ ਵੀ ਪੰਜਾਬ ਵਿਚ ਹਨ ਜਿਹੜੀਆਂ ਆਮ ਤੌਰ ਤੇ ਜ਼ਿਆਦਾ ਬੋਲਦੀਆਂ ਤਾਂ ਨਹੀਂ ਲੇਕਿਨ ਹਰ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਦੀਆਂ ਹਨ ਅਤੇ ਦੇਖਦੀਆਂ ਵੀ ਸਭ ਕੁਝ ਹਨ। ਇਹਨਾਂ ਵਿੱਚੋਂ ਇੱਕ ਧਿਰ ਹੈ ਜਿਹੜੀ ਸੋਚਦੀ ਹੈ ਕਿ ਸਿਰਫ ਨਵਜੋਤ ਸਿੱਧੂ ਹੀ ਬਾਦਲਾਂ ਦੇ ਖਿਲਾਫ ਸਖਤ ਐਕਸ਼ਨ ਲੈ ਕੇ ਉਹਨਾਂ ਦੇ ਕਾਰੋਬਾਰ ਤਬਾਹ ਕਰ ਸਕਦਾ ਹੈ। 

ਇਸੇ ਤਰ੍ਹਾਂ ਦੂਜੀ ਧਿਰ ਹੈ ਜਿਹੜੀ ਬੇਅਦਬੀ, ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਹੋਰ ਪੰਥਕ ਮਾਮਲਿਆਂ ਵਿੱਚ ਖੁਦ ਨੂੰ ਦਮਨ ਅਤੇ ਦਬਾਅ ਦਾ ਸ਼ਿਕਾਰ ਸਮਝਦੀ ਹੈ। ਇਸ ਧਿਰ ਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਹੀ ਸਿੱਖਾਂ ਨੂੰ ਇਨਸਾਫ਼ ਦੁਆ ਸਕਦਾ ਹੈ। ਇਹ ਧਿਰ ਵੀ ਮੌਜੂਦਾ ਸੂਬਾ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹੈ। ਇਸ ਧਿਰ ਨੂੰ ਜਾਪਦਾ ਹੈ ਕਿ ਮੌਜੂਦਾ ਸਰਕਾਰ ਨੇ ਬਾਦਲਾਂ ਖਿਲਾਫ ਕੁਝ ਨਹੀਂ ਕਰਨਾ ਇਸ ਲਈ ਕਿਸੇ ਵੀ ਤਰ੍ਹਾਂ ਨਵਜੋਤ ਸਿੱਧੂ ਆਏ ਤਾਂ ਗੱਲ ਬਣੇ! ਲੋਕਾਂ ਦੀ ਇਹ ਸੋਚ ਕਿਓਂ ਬਣੀ ਇਹ ਦੇਖਣਾ ਸੂਬਾ ਸਰਕਾਰ ਦਾ ਕੰਮ ਹੈ। 

ਇਹਨਾਂ ਦੇ ਨਾਲ ਹੀ ਇੱਕ ਤੀਜੀ ਧਿਰ ਹੋਰ ਵੀ ਹੈ ਜਿਹੜੀ ਇਹਨਾਂ ਗੱਲਾਂ ਤੋਂ ਨਿਰਲੇਪ ਰਹਿੰਦਿਆਂ ਪੰਜਾਬ ਦੀ ਚੜ੍ਹਦੀਕਲਾ ਦੇ ਨਿਸ਼ਾਨੇ ਤੇ ਖੜੀ ਹੈ। ਇਹਨਾਂ ਦੀ ਸੋਚ ਦੇਸ਼ ਪੰਜਾਬ ਵਾਲੀ ਹੈ ਪਰ ਹਿੰਦੋਸਤਾਨ ਤੋਂ ਵੱਖ ਹੋਣ ਵਾਲੀ ਵੀ ਨਹੀਂ। ਦੋਹਾਂ ਪਾਸਿਆਂ ਦੇ ਪੰਜਾਬਾਂ ਦਾ ਭਲਾ ਹੋਵੇ ਅਤੇ ਦੋਹਾਂ ਪਾਸਿਆਂ ਦੇ ਲੋਕ ਆਸਾਨੀ ਨਾਲ ਮਿਲਜੁਲ ਸਕਣ ਇਸ ਲਈ ਇਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਜਾਰੀ ਹਨ। ਇਹ ਧਿਰ ਚਾਹੁੰਦੀ ਹੈ ਕਿ ਦੋਹਾਂ ਪਾਸਿਆਂ ਦਰਮਿਆਨ ਵਪਾਰ ਵਧੇ ਅਤੇ ਆਵਾਜਾਈ ਦਾ ਵੀ ਵਾਧਾ ਹੋਵੇ। ਇਹ ਧਿਰ ਦੋਹਾਂ ਦੇਸ਼ਾਂ ਦਰਮਿਆਨ ਜੰਗ ਵੀ ਨਹੀਂ ਚਾਹੁੰਦੀ। ਅਮਨਸ਼ਾਤੀ ਇਹਨਾਂ ਦੇ ਮਿਸ਼ਨ ਵਿਹਚ ਸ਼ਾਮਲ ਹੈ। ਇਸਦੇ ਨਾਲ ਹੀ ਪੰਜਾਬ ਅਤੇ ਹਿੰਦੋਸਤਾਨ ਦੇ ਆਪਸੀ ਸੰਬੰਧਾਂ ਲਈ ਇਹ ਧਿਰ ਫੈਡਰਲ ਢਾਂਚੇ ਦੀ ਹਮਾਇਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਇਹੀ ਗੱਲਾਂ ਕਰਦਾ ਹੈ। ਦੇਖਣਾ ਇਹ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਭਗੌੜੇ ਹੋਏ ਲੋਕ ਹੁਣ ਪੰਜਾਬ ਬਾਰੇ ਏਜੰਡਾ ਕੀ ਰੱਖਦੇ ਹਨ?ਅੰਧ ਰਾਸ਼ਟਰਵਾਦ ਨੂੰ ਪ੍ਰਣਾਏ ਲੋਕ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਸਾਕਾਰਤਮਕ ਸੋਚ ਰੱਖਣ ਤੋਂ ਤਾਂ ਰਹੇ। 

ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਉਸਨੂੰ ਬੰਦ ਕਮਰੇ ਵਿੱਚ ਜੋ ਮਰਜ਼ੀ ਸਲਾਹਾਂ ਦੇਈ ਜਾਣ ਕੋਈ ਫਰਕ ਨਹੀਂ ਪੈਂਦਾ ਕਿਓਂ ਕਿ ਸਿੱਧੂ ਸ਼ਾਇਦ ਹਰ ਗੱਲ ਸਾਡੇ ਕੋਲੋਂ ਪੁੱਛ ਕੇ ਹੀ ਬੋਲੇਗਾ। ਅੰਦਾਜ਼ਾ ਗਲਤ ਹੋ ਗਿਆ। ਮਾਮਲਾ ਹੋ ਗਿਆ ਗੜਬੜ ਜਦੋਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀਆਂ ਸਲਾਹਾਂ ਵਿੱਚੋਂ ਬਹੁਤ ਸਾਰੀਆਂ ਸਲਾਹਾਂ ਸਾਰਿਆਂ ਸਾਹਮਣੇ ਨਸ਼ਰ ਕਰ ਦਿੱਤੀਆਂ ਕਿਓਂਕਿ ਇਹਨਾਂ ਦਾ ਸੰਬੰਧ ਬਹੁਤਿਆਂ ਦੇ ਮਸਲਿਆਂ ਨਾਲ ਵੀ। ਆਖਿਰ ਗੱਲ ਵਿਗੜ ਗਈ। 

ਕਾਂਗਰਸ ਪਾਰਟੀ ਵਿੱਚ ਬਗਾਵਤ ਜਿਹੀ ਉੱਠ ਖੜੀ ਹੋਈ ਅਤੇ ਕੁਝ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਵੀ ਕਰ ਦਿੱਤੀ। ਹੁਣ ਇਹ ਕਾਂਗਰਸ ਪਾਰਟੀ ਦਾ ਕਲਚਰ ਅਤੇ ਢੰਗ ਤਰੀਕਾ ਹੈ ਕਿ ਇਹ ਸਭ ਕੁਝ ਮੀਡੀਆ ਵਿੱਚ ਵੀ ਝੱਟ ਦੇਣੀ ਆ ਗਿਆ। ਇਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਵੀ ਸਰਗਰਮੀ ਦਿਖਾਈ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਦੇਹਰਾਦੂਨ ਜਾ ਮੁਲਾਕਾਤ ਕੀਤੀ। ਉਹਨਾਂ ਦਾ ਅਸ਼ੀਰਵਾਦ ਵੀ ਹਾਸਲ ਕਰ ਲਿਆ। 

ਹਰੀਸ਼ ਰਾਵਤ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਹਨ। ਘਟੋਘਟ ਪੰਜ ਵਾਰ ਐਮ ਪੀ ਰਹਿ ਚੁੱਕੇ ਹਨ। ਉਹਨਾਂ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਬੀਜੇਪੀ ਨੂੰ ਹਿੰਦੂ ਸ਼ਬਦ ਹਾਈਜੈਕ ਨਹੀਂ ਕਰਨ ਦਿਆਂਗੇ। ਉਹਨਾਂ ਵਸੁਧੇਵ ਕੁਟੰਬਕਮ ਦੀ ਗੱਲ ਵੀ ਕਹੀ।  ਸੋ ਜ਼ਾਹਿਰ ਹੈ ਕਿ ਹਰੀਸ਼ ਰਾਵਤ ਵਰਗੀਆਂ ਸ਼ਖਸੀਅਤਾਂ ਨੂੰ ਵੀ ਬਹੁਤ ਸਾਰੀਆਂ ਸੋਚਾਂ ਸੋਚਣੀਆਂ ਪੈਂਦੀਆਂ ਹਨ। ਆਪਣੇ ਸਮਾਜ ਦੇ ਜਨਮਾਨਸ ਨੂੰ ਸੰਤੁਸ਼ਟ ਰੱਖਣਾ ਕੋਈ ਸੌਖਾ ਵੀ ਤਾਂ ਨਹੀਂ ਹੁੰਦਾ। ਇਸ ਦੌਰਾਨ ਉਹ ਘਟਨਾਕ੍ਰਮ ਵੀ ਸਾਹਮਣੇ ਆ ਗਿਆ ਹੈ ਜਿਸ ਅਧੀਨ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਇੱਕ ਅਜਿਹੇ ਅਹੁਦੇ ਤੋਂ ਅਸਤੀਫਾ ਜਿਸ ਤੇ ਨਿਯੁਕਤੀ ਹੀ ਨਹੀਂ। ਕੋਈ ਤਨਖਾਹ ਵੀ ਨਹੀਂ। ਕੋਈ ਕੁਰਸੀ ਜਾਂ ਦਫਤਰ ਵੀ ਨਹੀਂ। ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਅਤੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਦੇ ਭਲੇ ਦੀ ਚਾਹਤ ਦਾ ਹੀ ਨਤੀਜਾ ਸੀ ਕਿ ਮਾਲੀ ਨੇ ਉਸ ਪਾਰਟੀ ਦੇ ਆਗੂ ਨਵਜੋਤ ਸਿੱਧੂ ਨੂੰ ਸਲਾਹਾਂ ਦੇਣ ਦੀ ਸਹਿਮਤੀ ਦੇ ਦਿੱਤੀ ਜਿਸਦੇ ਨਾਲ ਉਸਦਾ ਉਮਰ ਭਰ ਛੱਤੀ ਵਾਲਾ ਅੰਕੜਾ ਰਿਹਾ। ਇਸਦੀ ਤਸਦੀਕ ਇੰਦਰ ਗਾਂਧੀ ਸੰਬੰਧੀ ਬਣਿਆ ਕਾਰਟੂਨ ਵੀ ਕਰਦਾ ਹੈ। 

ਸ਼ਾਇਦ ਜਮਹੂਰੀ ਕਦਰਾਂ ਕੀਮਤਾਂ ਅਤੇ ਰਸਤਿਆਂ ਵਾਲੀ ਸੋਚ ਇੱਕ ਵਾਰ ਫੇਰ ਹਾਰ ਗਈ ਹੈ। ਸਿਆਸੀ, ਸਵਾਰਥੀ ਅਤੇ ਸਾਜ਼ਿਸ਼ੀ ਚਾਲਾਂ ਸਾਹਮਣੇ ਜਜ਼ਬਾਤੀ ਅਤੇ ਇਮਾਨਦਾਰ ਸੋਚਾਂ ਛੇਤੀ ਕੀਤੀਆਂ ਕਿੱਥੇ ਟਿੱਕਦੀਆਂ ਹਨ!

ਯਾਦ ਆ ਰਹੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ: 

 ਮੈਂ ਨਹੀਂ ਰਹਿਣਾ ਤੇਰੇ ਗਿਰਾਂ

ਛੱਡ ਦੇ ਚੂੜੇ ਵਾਲੀਏ ਕੁੜੀਏ
ਛੱਡ ਦੇ ਸੋਨੇ ਲੱਦੀਏ ਪਰੀਏ
ਛੱਡ ਦੇ ਛੱਡ ਦੇ ਮੇਰੀ ਬਾਂਹ
ਮੈਂ ਨਹੀਂ ਰਹਿਣਾ ਤੇਰੇ ਗਿਰਾਂ
ਵੇਖ ਲਿਆ ਨੀ ਤੇਰਾ ਗਿਰਾਂ
ਪਰਖ ਲਿਆ ਨੀ ਤੇਰਾ ਗਿਰਾਂ
ਜਿਥੇ ਵੀਰ ਵੀਰਾਂ ਨੂੰ ਖਾਂਦੇ
ਸਿਰੋਂ ਮਾਰ ਧੁਪੇ ਸੁਟ ਜਾਂਦੇ
ਜਿੱਥੇ ਲੱਖ ਮਣਾਂ ਦਾ ਲੋਹਿਆ
ਜ਼ੰਜੀਰਾਂ ਹੱਥਕੜੀਆਂ ਹੋਇਆ
ਜਿਥੇ ਕੈਦ ਖਾਨਿਆਂ ਜੇਲ੍ਹਾਂ
ਮੀਲਾਂ ਤੀਕ ਵਲਗਣਾਂ ਵਲੀਆਂ
ਜਿੱਥੇ ਮਜ਼ਹਬ ਦੇ ਨਾਂ ਥੱਲੇ
ਦਰਿਆ ਕਈ ਖੂਨ ਦੇ ਚੱਲੇ
ਜਿੱਥੇ ਵਤਨ ਪ੍ਰਸ਼ਤੀ ਤਾਈਂ
ਜੁਰਮ ਸਮਝਦੀ ਧੱਕੇ ਸ਼ਾਹੀ
ਜਿੱਥੇ ਸ਼ਾਇਰ ਬੋਲ ਨਾ ਸਕਣ
ਦਿ਼ਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ
ਮੈ ਨਹੀਂ ਰਹਿਣਾ ਐਸੀ ਥਾਂ
ਛੱਡ ਦੇ ਚੂੜੇ ਵਾਲੀਏ ਕੁੜੀਏ
ਛੱਡ ਦੇ ਸੋਨੇ ਲੱਦੀਏ ਪਰੀਏ
ਮੈਂ ਨਹੀਂ ਰਹਿਣਾ ਤੇਰੇ ਗਿਰਾਂ
ਕੀ ਨਾ ਡਿੱਠਾ ਤਿਰੇ ਗਿਰਾਂ
ਕੀ ਨਾ ਸੁਣਿਆ ਤੇਰੇ ਗਿਰਾਂ ?
ਡੰਗਰਾਂ ਵਾਂਗੂੰ ਬੰਦੇ ਰੱਬ ਦੇ
ਬੱਘੀਆਂ ਅੱਗੇ ਵੇਖੇ ਵਗਦੇ
ਖੋਪਰੀਆਂ ਦੇ ਥਵ੍ਹੇ ਚਿਣੀਂਦੇ
ਉੱਤੇ ਲੋਕ ਨਮਾਜ਼ ਪੜ੍ਹੀਂਦੇ
ਲੱਖਾਂ ਨਫਰ ਜਾਗਦੇ ਜੀਂਦੇ
ਬਾਦਸ਼ਾਹਾਂ ਦੇ ਸੰਗ ਦਫਨੀਂਦੇ
ਈਸਾ ਵਰਗੇ ਸੂਲੀ ਚੜ੍ਹਦੇ
‘ਹੁਸਨ’ ‘ਹੁਸੈਨ’ ਪਿਆਸੇ ਮਰਦੇ
‘ਨਾਨਕ’ ਵਰਗੇ ਚੱਕੀ ਪੀਂਹਦੇ
‘ਰਾਮ’ ਜਿਹੇ ਬਨਵਾਸੀ ਥੀਂਦੇ
ਹੋਰ ਨਾ ਹੁਣ ਮੈਂ ਵੇਖ ਸਕਾਂ
ਛੱਡ ਦੇ ਚੂੜੇ ਵਾਲੀਏ ਕੁੜੀਏ
ਛੱਡ ਦੇ ਸੋਨੇ ਲੱਦੀਏ ਪਰੀਏ
ਛੱਡ ਦੇ ਛੱਡ ਦੇ ਮੇਰੀ ਬਾਂਹ
ਮੈਂ ਨਹੀਂ ਰਹਿਣਾ ਤੇਰੇ ਗਿਰਾਂ!

Sunday, August 22, 2021

ਮੁੱਖ ਮੰਤਰੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਸਖਤੀ ਨਾਲ ਤਾੜਿਆ

 Sunday: 22nd August 2021 at 8:06 PM

  ਬੇਬਾਕ ਟਿੱਪਣੀਆਂ ਨੇ ਪਾਇਆ ਵਿਵਾਦ ਦੀ ਅੱਗ ਤੇ ਤੇਲ 


ਚੰਡੀਗੜ: 22 ਅਗਸਤ 2021: (ਗੁਰਜੀਤ ਬਿੱਲਾ//ਇਨਪੁਟ ਪੰਜਾਬ ਸਕਰੀਨ ਡੈਸਕ)::

ਸ਼ਹਿ-ਮਾਤ ਦੇ ਲੰਮੇ ਸਿਲਸਿਲੇ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ ਵੱਲੋਂ ਆਰੰਭੀ ਸਿਆਸੀ ਲੜਾਈ ਹੁਣ ਕੁਝ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਸਲਾਹਕਾਰਾਂ ਦੀ ਭੂਮਿਕਾ ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸਥਾਨਕ ਮੀਡੀਆ ਤੋਂ ਲੈ ਕੇ ਦੇਸ਼ੀ ਵਿਦੇਸ਼ੀ ਮੀਡੀਆ ਇਸ ਸਬੰਧੀ ਨਜ਼ਰਾਂ ਲਾਈ ਬੈਠਾ ਹੈ। ਉਹਨਾਂ ਦੇ ਕੈਮਰੇ ਉਚੇਚ ਨਾਲ ਇਸ ਪਾਸੇ ਫੋਕਸ ਕੀਤੇ ਜਾ ਚੁੱਕੇ ਹਨ। ਉਹਨਾਂ ਦੇ "ਖੋਜੀ ਰਿਪੋਰਟਰ" ਨਿੱਤ ਇਹਨਾਂ ਨਵੇਂ ਸਲਾਹਕਾਰਾਂ ਜਾਂ ਇਹਨਾਂ ਦੇ ਭਾਸ਼ਣਾਂ/ਲਿਖਤਾਂ ਬਾਰੇ ਕੁਝ ਨ ਕੁਝ ਲੱਭ ਕੇ ਲਿਆ ਰਹੇ ਹਨ। ਇਹਨਾਂ ਮੀਡੀਆ ਅਦਾਰਿਆਂ ਦੇ ਸਕਰਿਪਟ ਰਾਈਟਰਾਂ ਦੀਆਂ ਕਲਮਾਂ ਲਗਾਤਾਰ ਕੁਝ ਨਾ ਕੁਝ ਲਿਖ ਰਹੀਆਂ ਹਨ। ਪੰਜਾਬ ਦੀਆਂ ਸਮੱਸਿਆਵਾਂ ਦਾ ਨਹੀਂ ਇਹਨਾਂ ਦਾ ਅਤੀਤ ਜ਼ਰੂਰ ਫਰੋਲਿਆ ਜਾ ਰਿਹਾ ਹੈ ਅਤੇ ਹੁਣ ਇਹਨਾਂ ਭਵਿੱਖ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ ਹਨ। ਕੀ ਬਣੇਗੇ ਤੇਰਾ ਪੰਜਾਬ ਸਿਆਂ? ਵੋਟਾਂ ਲੈਣ ਲਈ ਬਹੁਤ ਸਾਰੇ ਵਾਅਦੇ ਜੇ ਸਿਆਸੀ ਲੀਡਰਾਂ ਨੇ ਕੀਤੇ ਹਨ ਤਾਂ ਵਾਅਦੇ ਤਾਂ ਇਹ ਸਲਾਹਕਾਰ ਵੀ ਬਹੁਤ ਕਰ ਬੈਠੇ ਹਨ। ਸ਼ਾਇਦ ਇਹ ਲੋਕ ਬੇਹੱਦ ਤਜਰਬੇਕਾਰ ਹੋਣ ਦੇ ਬਾਵਜੂਦ ਸਿਆਸੀ ਸ਼ਤਰੰਜ ਦੀਆਂ ਚਾਲਾਂ ਨੂੰ  ਨਹੀਂ ਜਾਣਦੇ। ਪਿਆਦਿਆਂ ਦੀ ਕੁਰਬਾਨੀ ਤਾਂ ਆ ਅਤੇ ਬਹੁਤ ਪੁਰਾਣੀ ਹੋ ਚੁੱਕੀ ਰਵਾਇਤ ਹੈ ਪਰ ਫਿਰ ਬਲਿ ਦੇ ਬੱਕਰੇ ਨਹੀਂ ਮੁੱਕਦੇ। ਬਹਾਨਾ ਕੋਈ ਵੀ ਬਣ ਸਕਦਾ ਹੈ। 

ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿੱਪਣੀਆਂ ਵਿਰੁੱਧ ਤਾੜਨਾ ਕੀਤੀ ਹੈ ਜਿਨਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਵੀ ਖਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਿਰੋਧੀ ਵੱਜੋਂ ਉਭਰ ਕੇ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਬਣਨ ਮਗਰੋਂ ਪਹਿਲਾਂ ਚਾਰ ਅਤੇ ਫਿਰ ਦੋ ਹੋਰ ਸਲਾਹਕਾਰ ਨਿਯੁਕਤ ਕੀਤੇ ਸਨ। ਦਿਲਚਸਪ ਗੱਲ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਜਾਂ ਪੱਤਰਕਾਰ ਅਜਿਹੇ ਸਲਾਹਕਾਰ ਵੱਜੋਂ ਨਿਯੁਕਤ ਹੋਣ ਵੇਲੇ ਤੱਕ ਸ਼ਾਇਦ ਕਾਂਗਰਸ ਪਾਰਟੀ ਦਾ ਮੈਂਬਰ ਵੀ ਨਹੀਂ ਸੀ। ਇਸ ਹਕੀਕਤ ਨੂੰ ਜਾਣਦਿਆਂ ਮੋਹਤਬਰ ਅਤੇ ਬਜ਼ੁਰਗ ਸਲਾਹਕਾਰ ਡਾਕਟਰ ਪਿਆਰੇ ਲਾਲ ਗਰਗ ਨੇ ਤੁਰੰਤ ਕਿਸੇਟੈਕਸਟ ਜਾਂ ਵੀਡੀਓ ਪੋਸਟ ਰਾਹੀਂ ਸਪਸ਼ਟ ਕਰ ਦਿੱਤਾ ਸੀ ਕਿ ਉਹ ਨਾਂ ਤਾਂ ਕਾਂਗਰਸ ਪਾਰਟੀ ਦੇ ਮੈਂਬਰ ਬਣਨਗੇ ਅਤੇ ਨਾ ਹੀ ਕਾਂਗਰਸ ਪਾਰਟੀ ਤੋਂ ਕੋਈ ਅਹੁਦਾ ਲੈਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਨਵਜੋਤ ਸਿੱਧੂ ਕੋਈ ਸਲਾਹ ਚਾਹੁਣਗੇ ਤਾਂ ਉਹ ਜ਼ਰੂਰ ਦੀਆ ਕਰਨਗੇ। ਹੁਣ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਕਿ ਜੋ ਜੋ ਬਿਆਨ ਇਹਨਾਂ ਸਲਾਹਕਾਰਾਂ ਨੇ ਦਿੱਤੇ ਉਹ ਸਾਰੇ ਬਿਆਨ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੰਗੀ ਗਈ ਕਿਸੇ ਸਲਾਹ ਦਾ ਕੋਈ ਹਿੱਸਾ ਸਨ ਜਾਂ ਸਮਸਿਆ ਦੱਸਣ ਦੀ ਇਮਾਨਦਾਰ ਕੋਸ਼ਿਸ਼? 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਸੀਮਿਤ ਰੱਖਣ ਅਤੇ ਉਨਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਹੈ ਜਿਨਾਂ ਬਾਰੇ ਉਨਾਂ ਨੂੰ ਜਾਂ ਤਾਂ ਥੋੜਾ-ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ। ਮੁਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ। ਇਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਵੀ ਇਸਦਾ ਚੰਗੀ ਤਰ੍ਹਾਂ ਪਤਾ ਸੀ ਕਿ ਜਿਹਨਾਂ ਜਿਹਨਾਂ ਨੂੰ ਸਲਾਹਕਾਰ ਬਣਾਇਆ ਗਿਆ ਹੈ ਉਹ ਕੌਮਾਂਤਰੀ ਸੋਚ ਰੱਖਣ ਵਾਲੇ ਲੋਕ ਹਨ ਅਤੇ ਅੰਧਰਾਸ਼ਟਰਵਾਦ ਵਾਲੀ ਭਾਜਪਾਈ ਸੋਚ ਦੇ ਮੁਢੋਂ ਹੀ ਖਿਲਾਫ ਹਨ। ਇਸਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੀ ਅਤੇ ਕਾਂਗਰਸ ਪਾਰਟੀ ਦੀ ਕੌਮੀ ਹਾਈ ਕਮਾਨ ਇਸ ਤੋਂ ਅਵੇਸਲੀ ਨਹੀਂ ਹੋ ਸਕਦੀ। ਇਹਨਾਂ ਵਿਦਵਾਨ ਸ਼ਖਸੀਅਤਾਂ ਦੇ ਬਿਆਨ ਸਲਾਹਕਾਰਾਂ ਵੱਜੋਂ ਨਿਯੁਕਤ ਹੋਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਆਮ ਆਉਂਦੇ ਰਹੇ ਹਨ। ਆਮ ਲੋਕ ਵੀ ਇਹਨਾਂ ਦੇ ਵਿਚਾਰਾਂ ਦੀ ਸੁਰ ਅਤੇ ਪਹੁੰਚ ਨੂੰ ਚੰਗੀ ਤਰ੍ਹਾਂ ਸਮਝਦੇ ਹਨ। 

ਹੁਣ ਮੁੱਖ ਮੰਤਰੀ ਦੀ ਇਹ ਪ੍ਰਤੀਕਿਰਿਆ ਡਾ. ਪਿਆਰੇ ਲਾਲ ਗਰਗ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਉਤੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ। ਇਨਾਂ ਦੋਵਾਂ ਨੂੰ ਸਿੱਧੂ ਨੇ ਹਾਲ ਹੀ ਵਿਚ ਆਪਣੇ ਸਲਾਹਕਾਰ ਨਿਯੁਕਤ ਕੀਤਾ ਹੈ। ਹੁਣ ਛੇਤੀ ਹੀ ਸੁਆਲ ਖੜਾ ਹੋ ਸਕਦਾ ਹੈ ਕਿ ਕੀ ਏਨੇ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤੀ ਦਾ ਕੋਈ ਜੱਥੇਬੰਦਕ ਵਿਧੀ-ਵਿਧਾਨ ਅਤੇ ਪ੍ਰਤੀਬੱਧਤਾ ਹੋਣੀ ਜ਼ਰੂਰੀ ਕਿਓਂ ਨਹੀਂ? ਅਹੁਦੇ ਦਾ ਭੇਦ ਗੁਪਤ ਰੱਖਣ ਵਾਲੀ ਸੰਹੁ ਵਰਗੀ ਕੋਈ ਰਸਮੀ ਪ੍ਰਕ੍ਰਿਆ ਵੀ ਕਿਓਂ ਨਹੀਂ? ਕੀ ਇਹ ਕਾਰਪੋਰੇਟ ਵਾਲਾ ਰੰਗ ਢੰਗ ਹੈ? ਕੀ ਕੋਈ ਜਮਹੂਰੀ ਪ੍ਰਕ੍ਰਿਆ ਜ਼ਰੂਰੀ ਨਹੀਂ ਸੀ? ਇਸੇ ਕਾਰਨ ਹੁਣ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ ਇਹਨਾਂ ਦਾ ਖਦਸ਼ਾ ਇਹਨਾਂ ਨਿਯੁਕਤੀਆਂ ਦੇ ਪਹਿਲੇ ਦਿਨ ਤੋਂ ਹੀ ਮੌਜੂਦ ਸੀ? ਕਿਹਾ ਜਾ ਸਕਦਾ ਹੈ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਨਿਯੁਕਤੀਆਂ ਵੇਲੇ ਕੁਝ ਆਖਦੇ ਤਾਂ ਬਖੇੜਾ ਖੜਾ ਹੋ ਜਾਣਾ ਸੀ ਪਰ ਆਖਿਰ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਇਹਨਾਂ ਖਦਸ਼ਿਆਂ ਦੀਆਂ ਸੰਭਾਵਨਾਵਾਂ ਨੂੰ ਅਣਗੌਲਿਆਂ ਕਿਓਂ ਕੀਤਾ? ਜਿੱਥੋਂ ਤੱਕ ਸਮਝ ਆਉਂਦਾ ਹੈ ਇਹਨਾਂ ਸਲਾਹਕਾਰਾਂ ਵਿੱਚੋਂ ਕੋਈ ਵੀ ਇਸ ਅਹੁਦੇ ਤੇ ਨਿਯੁਕਤ ਹੋਣ ਲਈ ਕਾਹਲਾ ਜਾਂ ਉਤਾਵਲਾ ਨਹੀਂ ਸੀ। ਸਿਆਸੀ ਨਜ਼ਰੀਏ ਨਾਲ ਇਹਨਾਂ ਨੂੰ ਇਹ ਅਹੁਦਾ ਸਵੀਕਾਰ ਕਰਨਾ ਵੀ ਨਹੀਂ ਸੀ ਚਾਹੀਦਾ। ਇਸ ਨਿਯੁਕਤੀ ਦੀ ਖਬਰ ਆਉਣ ਤੇ ਇਹਨਾਂ ਦੇ ਜਾਣੂੰ ਸੱਜਣਾਂ ਮਿੱਤਰਾਂ ਨੂੰ ਤਾਂ ਯਕੀਨ ਵੀ ਨਹੀਂ ਸੀ ਆਇਆ। 

ਪਰ ਮੌਜੂਦਾ ਹਾਲਾਤ ਨੂੰ ਨਾਜ਼ੁਕ ਹੁੰਦਿਆਂ ਦੇਖ ਕੇ ਹੁਣ ਇਸ ਸੰਬੰਧੀ ਬੋਲਡ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰ.ਮਾਲੀ ਅਤੇ ਡਾ. ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਜ਼ਾਹਰ ਕੀਤੀ ਹੈ। ਉਹਨਾਂ ਇਹ ਵੀ  ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨਾਂ ਉਤੇ ਲਗਾਮ ਲਾਉਣ ਲਈ ਵੀ ਕਿਹਾ। ਪਰ ਕੌਣ ਲਗਾਏਗਾ ਲਗਾਮ? ਇਹ ਸੱਜਣ ਜੋ ਵੀ ਬੋਲਦੇ ਹਨ ਬੜਾ ਤੋਲ ਕੇ ਬੋਲਦੇ ਹਨ ਜਿਹੜਾ ਕਾਨੂੰਨ ਪੱਖੋਂ ਕਿਸੇ ਵੀ ਤਰ੍ਹਾਂ ਗਲਤ ਜਾਂ ਕਮਜ਼ੋਰੀ ਭਰਿਆ ਨਹੀਂ ਹੁੰਦਾ। 

ਅੱਜ ਇਹਨਾਂ ਬਿਆਨਾਂ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰਾਂ ਦੇਸ਼ ਵਿਰੋਧੀ ਹੈ। ਉਨਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦਾ ਨਿਖੇਧੀ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ। ਆਖਿਰ ਕਾਂਗਰਸ ਪਾਰਟੀ ਦੀ ਕੌਮੀ ਹਾਈਕਮਾਨ ਨੂੰ ਇਹਨਾਂ ਸੰਭਾਵਨਾਵਾਂ ਦਾ ਪਤਾ ਕਿਓਂ ਨਹੀਂ ਸੀ? ਦਿਲਚਸਪ ਗੱਲ ਹੈ ਕਿ ਇਸ ਸੰਬੰਧੀ ਇਹਨਾਂ ਸਲਾਹਕਾਰਾਂ ਨੂੰ ਵੀ ਪਤਾ ਸੀ ਕਿ ਕਾਂਗਰਸ ਪਾਰਟੀ ਦੀ ਸੈਕੂਲਰ ਦਿੱਖ ਵਾਲੀ ਸਾਖ ਦੇ ਬਾਵਜੂਦ ਕਾਂਗਰਸ ਪਾਰਟੀ ਨਾਂ ਤਾਂ ਰਾਸ਼ਟਰਵਾਦ ਵਾਲੀ ਲਛਮਣ ਰੇਖਾ ਉਲੰਘ ਸਕਦੀ ਹੈ ਤੇ ਨਾ ਹੀ ਆਪਣੀ ਮੁੱਖ ਵਿਰੋਧੀ ਪਾਰਟੀ ਬੀਜੇਪੀ ਨੂੰ ਕਿਸੇ ਅਜਿਹੇ ਬਿਆਨ ਨੂੰ ਜ਼ਰੀਆ ਬਣਾ ਕੇ ਕੋਈ ਨਵਾਂ ਮੁੱਦਾ ਚੁੱਕਣ ਦਾ ਬਹਾਨਾ ਦੇ ਸਕਦੀ ਹੈ।  

ਸਿਆਸਤ ਵਿੱਚ ਹਰ ਧਿਰ ਜੇ ਕੋਈ ਸਹਿਯੋਗ ਦੇਂਦੀ ਹੈ ਤਾਂ ਉਸਦਾ ਵੱਧ ਤੋਂ ਵੱਧ ਲਾਹਾ ਵੀ ਲੈਂਦੀ ਹੈ। ਕੀ ਇਹ ਸੱਚ ਨਹੀਂ ਕਿ ਸਲਾਹਕਾਰਾਂ ਦੇ ਆਪੋ ਆਪਣੇ ਨਿਸ਼ਾਨੇ ਹੋਣ ਜਾਂ ਨਾ ਹੋਣ ਪਰ ਅਤੇ ਨਵਜੋਤ ਸਿੱਧੂ ਹੁਰਾਂ ਦੇ ਆਪਣੇ ਨਿਸ਼ਾਨੇ ਸਨ? ਗਰਗ ਵਲੋਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੀ ਪਾਕਿਸਤਾਨ ਦੀ ਆਲੋਚਨਾ ਵਾਲੀ ਟਿੱਪਣੀ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਦੱਸੇ ਜਾਣ ਵਾਲੇ ਬਿਆਨ ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਉਨਾਂ ਕਿਹਾ ਕਿ ਇਹ ਸੱਚ  ਨਾ ਸਿਰਫ ਹਰ ਪੰਜਾਬੀ ਬਲਕਿ ਹਰ ਭਾਰਤੀ ਜਾਣਦਾ ਹੈ ਕਿ ਪਾਕਿਸਤਾਨ ਸਾਡੇ ਲਈ ਹਮੇਸ਼ਾ ਖਤਰਾ ਰਿਹਾ ਹੈ। ਹਰ ਰੋਜ਼ ਉਹ ਸਾਡੇ ਸੂਬੇ ਅਤੇ ਦੇਸ ਵਿੱਚ ਉਥਲ-ਪੁਥਲ ਜਾਂ ਅਸਥਿਰਤਾ ਫੈਲਾਉਣ ਲਈ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਵਰਗੀਆਂ ਕੋਝੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। 

ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਸਮਰਥਨ ਵਾਲੀਆਂ ਤਾਕਤਾਂ ਦੇ ਹੱਥੋਂ ਜਾਨਾਂ ਗਵਾ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਦੀ ਹਕੀਕਤ ਦੇ ਬਾਵਜੂਦ ਕਿਧਰੇ ਇੰਝ ਤਾਂ ਨਹੀਂ ਲੱਗਦਾ ਕਿ ਇਹ ਸਲਾਹਕਾਰ ਆਪਣੀ ਵਿਚਾਰਧਾਰਾ ਵਾਲੇ ਕਿਸੇ ਲੋਕ ਇਨਕਲਾਬ ਲਈ ਰਾਹ ਪੱਧਰਾ ਕਰ ਰਹੇ ਸਨ? ਇਥੇ ਜ਼ਿਕਰਯੋਗ ਹੈ ਡਾਕਟਰ ਪਿਆਰੇ ਲਾਲ ਗਰਗ ਬਹੁਤ ਹੀ ਬਜ਼ੁਰਗ ਅਤੇ ਸੁਲਝੇ ਹੋਏ ਸ਼ਖਸ ਹਨ। ਇਸੇ ਤਰ੍ਹਾਂ ਮਾਲਵਿੰਦਰ ਸਿੰਘ ਮਾਲੀ ਵੀ ਬੜੇ ਨਾਜ਼ੁਕ ਕਿਸਮ ਦੇ ਹਾਲਾਤਾਂ ਵਿੱਚੋਂ ਨਿਕਲੇ ਹੋਏ ਹਨ। ਇਹ ਦੋਵੇਂ ਜਣੇ ਬਿਨਾ ਸੋਚੇ ਸਮਝੇ ਕੁਝ ਨਹੀਂ ਬੋਲਣ ਵਾਲੇ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਪਾਰਟੀ ਨੂੰ ਉਹ ਸਭ ਰਾਸ ਆਉਂਦਾ ਹੈ ਜਾਂ ਨਹੀਂ? ਇੱਕ ਗੱਲ ਹੋਰ ਵੀ ਕਿ ਇਹ ਦੋਵੇਂ ਆਪਣੇ ਬਿਆਨਾਂ ਤੋਂ ਪਿੱਛੇ ਮੁੜਨ ਵਾਲੇ ਵੀ ਨਹੀਂ ਅਹੁਦੇ ਭਾਵੇਂ ਛੱਡ ਜਾਣ।  

ਫਿਰ ਵੀ ਘਟਨਾਕ੍ਰਮ ਗੰਭੀਰ ਕਰਵਟ ਲਾਇ ਰਿਹਾ ਹੈ। ਸ਼ਾਇਦ  ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਖੁਸ਼ ਵੀ ਹਨ ਅਤੇ ਭਰੇ ਦਿਲ ਨਾਲ ਆਖਦੇ ਹਨ ਕਿ ਗਰਗ ਜੋ ਰਾਜਨੀਤੀ ਤੋਂ ਪ੍ਰੇਰਿਤ ਭੜਕਾਊ ਤੇ ਗੈਰ ਜਿੰਮੇਵਾਰਨਾ ਖੁੱਲੇਆਮ ਬਿਆਨ ਦੇ ਰਹੇ ਹਨ, ਨੂੰ ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, “ਗਰਗ ਸ਼ਾਇਦ ਭੁੱਲ ਗਏ ਹਨ ਕਿ ਅੱਸੀਵਿਆਂ ਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਹਜ਼ਾਰਾਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਇਹਨਾਂ ਕੁਰਬਾਨੀਆਂ ਨੂੰ ਮੈਂ ਨਹੀਂ  ਭੁੱਲਿਆ ਅਤੇ ਨਾ ਹੀ ਪੰਜਾਬ ਦੇ ਲੋਕ ਭੁੱਲੇ ਹਨ। ਪਾਕਿਸਤਾਨ ਦੇ ਖਤਰਨਾਕ ਮਨਸੂਬਿਆਂ ਨੂੰ ਨੂੰ ਨਾਕਾਮ ਕਰਨ ਲਈ ਅਸੀਂ ਆਪਣੀ ਲੜਾਈ ਜਾਰੀ ਰੱਖਦੇ ਹੋਏ ਹਰ ਹੀਲਾ ਵਰਤਾਂਗੇ।” ਹੁਣ ਦੇਖਣਾ ਹੈ ਕਿ ਸਿੱਧੂ ਦੇ ਅਗਵਾਈ ਹੇਠ ਸ਼ੁਰੂ ਹੋਈ ਇਹ ਸਿਆਸੀ ਲੜਾਈ ਕਿੱਧਰ ਨੂੰ ਜਾ ਰਹੀ ਹੈ?

ਸਲਾਹਕਾਰਾਂ ਨੰ ਪਤਾ ਹੈ ਕਿ ਭਾਵੇਂ ਨਵੰਬਰ-84 ਦੇ ਮਾਮਲੇ ਹੋਣ, ਭਾਵੇਂ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਹੋਵੇ, ਭਾਵੇਂ ਮਹਿੰਗੀ ਬਿਜਲੀ ਦੇ ਚੱਕਰਵਿਯੂਹ ਵਿੱਚੋਂ ਨਿਕਲਣ ਦੀ ਗੱਲ ਹੋਵੇ ਤੇ ਭਾਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਮਕਸਦ ਹੋਵੇ। ਉਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਬਿਨਾ ਕੇਂਦਰ ਦੀ ਮਦਦ ਦੇ ਇਕੱਲੇ ਤੌਰ ਤੇ ਨਹੀਂ ਕਰ ਸਕਦੇ। ਇਸ ਲਈ ਜੰਗ ਕੌਣ ਲੜ ਰਿਹੈ ਅਤੇ ਕਿਸਦੇ ਖਿਲਾਫ? ਕੀ ਇਹ ਸਲਾਹਕਾਰ ਨੇੜ ਭਵਿੱਖ ਵਿੱਚ ਸਿੱਧੂ ਅਤੇ ਕੈਪਟਨ-ਦੋਹਾਂ ਧਿਰਾਂ ਨੂੰ ਸੁਹਿਰਦ ਅਤੇ ਸਾਂਝੇ ਸੰਘਰਸ਼ ਲਈ ਮਨਾ ਸਕਣਗੇ? ਸ੍ਰ. ਮਾਲੀ ਦਾ ਕਹਿਣਾ ਹੈ ਕਿ ਅਸੀਂ ਸਮੁੱਚੇ ਹਿੰਦੋਸਤਾਨ ਦੇ ਸਮੂਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਅਤੇ ਦੇਸ਼ ਨੂੰ ਬੁਲੰਦੀ ਤੇ ਲਿਜਾਣਾ ਹੈ। ਹੁਣ ਦੇਖਣਾ ਹੈ ਕਿ ਹਾਲਾਤ ਦੀ ਕਰਵਟ ਤੇ ਨਜ਼ਰ ਰੱਖੀ ਜਾਈ ਅਤੇ ਦੁਆ ਕੀਤੀ ਜਾਈ ਕਿ ਸਭ ਕੁਝ ਅਮਨ-ਅਮਾਨ ਅਤੇ ਏਕਤਾ ਨਾਲ ਸਿਰੇ ਚੜ੍ਹੇ। ਬਿਆਨਬਾਜ਼ੀ ਦੀ ਤਲਖੀ ਛੇਤੀ ਦੂਰ ਹੋ ਜਾਵੇ। 

Wednesday, August 11, 2021

ਪੰਜਾਬ ਅਤੇ ਮੁਲਕ ਦੇ ਸਮੂਹ ਲੋਕਾਂ ਦਾ ਭਲਾ ਹੀ ਸਾਡਾ ਮੁਖ ਮਿਸ਼ਨ

ਪੰਜਾਬ ਕਾਂਗਰਸ ਦੇ ਨਵ ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਗੱਲਬਾਤ ਦੇ ਕੁਝ ਅੰਸ਼

ਲੁਧਿਆਣਾ//ਮੋਹਾਲੀ: 11 ਅਗਸਤ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਕਾਂਗਰਸ ਦੇ ਨਵ ਨਿਯੁਕਤ ਚਾਰ ਸਲਾਹਕਾਰਾਂ ਵਿੱਚੋਂ ਇੱਕ ਮਾਲਵਿੰਦਰ ਸਿੰਘ ਮਾਲੀ ਨੇ ਸਪਸ਼ਟ ਕੀਤਾ ਹੈ ਉਹਨਾਂ ਦਾ ਮਕਸਦ ਅਤੇ ਇਰਾਦਾ ਪੂਰੇ ਹਿੰਦੋਸਤਾਨ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਭਲੇ ਦਾ ਏਜੰਡਾ ਲਾਗੂ ਕਰਾਉਣਾ ਹੈ। ਏਕੇ ਨੂੰ ਮਜ਼ਬੂਤ ਕਰਨਾ ਹੈ। ਫਾਸ਼ੀਵਾਦ ਦੇ ਖਿਲਾਫ ਅਜਿਹਾ ਜ਼ਰੂਰੀ ਵੀ ਹੈ। ਪਹਿਲੀ ਨਜ਼ਰੇ ਜਾਪਦਾ ਸੀ ਕਿ ਖੱਬੀ ਖਾੜਕੂ ਧਿਰ ਨਾਲ ਜੁੜੇ ਰਹੇ ਮਾਲਵਿੰਦਰ ਸਿੰਘ ਮਾਲੀ ਦੇ ਇਸ ਅਹੁਦੇ ਤੇ ਨਿਯੁਕਤ ਹੋਣ ਨਾਲ ਇਨਕਲਾਬੀ ਤਬਦੀਲ ਆਈ ਹੈ। ਹੁਣ ਇੱਕ ਵਾਰ ਫੇਰ ਪੰਜਾਬ ਏਜੰਡਾ ਮੁੱਖ ਏਜੰਡਾ ਬਣੇਗਾ। ਸਿੱਟੇ ਵੱਜੋਂ ਜੰਗ ਹਿੰਦ ਪੰਜਾਬ ਦੀ ਇੱਕ ਵਾਰ ਫਿਰ ਜ਼ੋਰਦਾਰ ਢੰਗ ਨਾਲ ਸ਼ੁਰੂ ਹੋ ਸਕਦੀ ਹੈ। ਪਰ ਅਸਲੀ ਗੱਲ ਇਸਤੋਂ ਕਿਤੇ ਜ਼ਿਆਦਾ ਹੈ। 

ਸਰਦਾਰ ਮਾਲੀ ਨੇ ਆਪਣੀ ਨਿਯੁਕਤੀ ਤੋਂ ਬਾਅਦ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਕਿ ਹਿੰਦ ਅਤੇ ਪੰਜਾਬ ਵਿੱਚ ਜੰਗ ਨਹੀਂ ਬਲਕਿ ਸੁਹਿਰਦਤਾ ਦੀ ਲੋੜ ਹੈ। ਸਾਰੇ ਲੋਕਾਂ ਦੀ ਏਕਤਾ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਬਾਰ ਬਾਰ ਅਜਿਹਾ ਕਹਿੰਦੇ ਆ ਰਹੇ ਹਨ ਕਿ ਨਵਜੋਤ ਸਿੱਧੂ ਅਸਲ ਵਿਚ ਪੰਜਾਬ ਮਾਡਲ ਦੀ ਗੱਲ ਕਰ ਰਿਹਾ ਹੈ। ਮੁੱਦਿਆਂ ਤੇ ਅਧਾਰਿਤ ਸਿਆਸਤ ਦੀ ਗੱਲ ਕਰ ਰਿਹਾ ਹੈ। ਵਾਅਦਿਆਂ ਬਾਰੇ ਜੁਆਬਦੇਹੀ ਦੀ ਗੱਲ ਚਾਹੁੰਦਾ ਹੈ ਪਰ ਇਸਦਾ ਵਿਰੋਧ ਕਰਨ ਵਾਲੇ ਬਾਰ ਬਾਰ ਇਸ ਸਾਰੇ ਘਟਨਾਕ੍ਰਮ ਨੂੰ ਕੁਰਸੀ ਅਤੇ ਅਹੁਦੇ ਦੀ ਲੜਾਈ ਕਹਿ ਕੇ ਸਾਰੇ ਮਿਸ਼ਨ ਨੂੰ ਲੀਹੋਂ ਲਾਹੁਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਪੰਜਾਬ ਅਤੇ ਮੁਲਕ ਦੇ ਬਹੁਤ ਸਾਰੇ ਵਿਰੋਧੀ ਅਤੇ ਸਵਾਰਥੀ ਲੋਕ ਇਸ ਮਿਸ਼ਨ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ। ਇਸਦੇ ਬਾਵਜੂਦ ਅਸੀਂ ਪੂਰਾ ਜ਼ੋਰ ਲਾਉਣਾ ਹੈ। 

ਹਾਲ ਹੀ ਵਿੱਚ ਸਰਦਾਰ ਮਾਲੀ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਸਿਰਜਣ ਲਈ ਮੁੱਦਿਆਂ ਦੀ ਤੇ ਵਾਅਦਿਆਂ ਦੀ ਜਬਾਬਦੇਹੀ ਵਾਲੀ ਰਾਜਨੀਤੀ ਉਭਾਰਕੇ ਪੰਜਾਬ ਦੀ ਬੌਧਿਕਿਤਾ ਨੂੰ ਝੰਜੋੜਾ ਦੇ ਦਿੱਤਾ ਹੈ। ਇਹ ਹਲੂਣਾ ਬਹੁਤ ਜ਼ਰੂਰੀ ਵੀ ਸੀ। ਨਾਲ ਹੀ ਉਹਨਾਂ ਸਪਸ਼ਟ ਵੀ ਕੀਤਾ ਕਿ ਨਵਜੋਤ ਸਿੱਧੂ ਵੱਲੋਂ ਉਭਾਰੀ ਜਾ ਰਹੀ ਪੰਜਾਬ ਮਾਡਲ, ਮੁੱਦਿਆਂ, ਮੁੱਦਿਆਂ ਦੇ ਹੱਲ, ਜਬਾਬਦੇਹੀ ਦੀ ਸਿਆਸਤ ਹਾਲੇ ਪੰਜਾਬ ਕਾਂਗਰਸ ਦੀ ਸਿਆਸਤ ਨਹੀਂ ਹੈ। ਇਸ ਹਕੀਕਤ ਦੇ ਬਾਵਜੂਦ ਸਰਦਾਰ ਮਾਲੀ ਬਹੁਤ ਆਸਵੰਦ ਹਨ। ਇਸਦੇ ਨਾਲ ਹੀ ਆਸਵੰਦ ਹਨ ਉਹ ਸਾਰੇ ਲੋਕ ਜਿਹੜੇ ਮਾਲੀ ਦੇ ਸਿਰੜ ਅਤੇ ਸੁਹਿਰਦਤਾ ਨੂੰ ਜਾਂਦੇ ਹਨ। ਪਰ ਦੂਜੇ ਪਾਸੇ ਪਰਚੱਲਤ ਸਿਆਸਤ ਦੀਆਂ ਵਾਹਕ ਸਿਆਸੀ ਪਾਰਟੀਆਂ , ਬੁੱਧੀਜੀਵੀ, ਖੇਤੀ ਤੇ ਵਿੱਦਿਅਕ ਸਾਸ਼ਤਰੀ , ਫੇਸ ਬੁੱਕੀ ਵਿਦਵਾਨ, ਲੇਖਕ ਤੇ ਪੱਤਰਕਾਰ ਹੜਬੜਾਉਣ ਵਰਗਾ ਪਰਤੀਕਰਮ ਪ੍ਰਗਟ ਕਰ ਰਹੇ ਹਨ।  

ਸਮੇਂ ਸਮੇਂ ਤੇ ਲੋਕਾਂ ਨੂੰ ਸਾਵਧਾਨ ਕਰਦੇ ਆ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਅੱਜ ਹੀ ਇੱਕ ਵਾਰ ਫੇਰ ਕਿਹਾ ਕਿ ਪੰਜਾਬੀਓ , ਹੋਸ਼ਿਆਰ ਤੇ ਖ਼ਬਰਦਾਰ !! ਕੈਪਟਨ, ਅਮਿੱਤ ਸ਼ਾਹ ਤੇ ਮੋਦੀ ਦੀ ਤਿੱਕੜੀ ਵੱਲੋਂ ਪੰਜਾਬ ਅੰਦਰ ਮੁੜ, ਬੇਵਿਸਵਾਸੀ, ਫਿਰਕੂ ਤਣਾਅ, ਡਰ ਤੇ ਦਹਿਸ਼ਤ ਪੈਦਾ ਕਰਨ ਦੇ ਸੰਕੇਤ ਪੰਜਾਬੀਆਂ ਤੇ ਕਿਸਾਨ ਘੋਲ ਲਈ ਖ਼ਤਰੇ ਦੀ ਘੰਟੀ ਹੈ।

ਇੱਕ ਪਾਸੇ ਹਾਲਾਤ ਨੂੰ ਸਾਜ਼ਗਾਰ ਬਣਾਉਣ ਲਈ ਸੋਨੀਆ ਗਾਂਧੀ ਸਮੇਤ ਕਾਂਗਰਸ ਪਾਰਟੀ ਦੀ ਹਾਈ ਕਮਾਨ ਉਸਾਰੂ ਪਾਸੇ ਚੱਲ ਰਹੀ ਹੈ। ਸੋਨੀਆ ਗਾਂਧੀ ਨੇ ਕੈਪਟਨ ਨੂੰ ਨਵਜੋਤ ਸਿੱਧੂ ਨਾਲ ਮਿਲਕੇ ਚੱਲਣ ਦਾ ਮਸ਼ਵਰਾ, ਪੰਜਾਬ ਕੈਬਨਿਟ ਵਿੱਚ ਤਬਦੀਲੀ ਦੀ ਤਜਵੀਜ਼ ਪੇਸ਼ ਕਰਨ ਲਈ ਕਿਹਾ ਪਰ ਦੂਜੇ ਪਾਸੇ ਕੈਪਟਨ ਨੇ ਪੰਜਾਬ ਅੰਦਰ ਮੋਦੀ ਤੇ ਅਮਿੱਤ ਸ਼ਾਹ ਦੀ ਸਿਆਸਤ ਲਾਗੂ ਕਰਨ ਲਈ ਆਪਣਾ ਏਜੰਡਾ ਕੇਂਦਰ ਸਰਕਾਰ ਨੂੰ ਜਾ ਸੌਂਪਿਆ ਹੈ।
ਮੌਜੂਦਾ ਘਟਨਾਕ੍ਰਮ ਅਤੇ ਹਾਲਾਤ ਬਾਰੇ ਗੱਲ ਕਰਦਿਆਂ ਸਰਦਾਰ ਮਾਲੀ ਕਹਿੰਦੇ ਹਨ,ਕੈਪਟਨ ਨੇ ਅਮਿੱਤ ਸ਼ਾਹ ਕੋਲ ਪੰਜ ਕਿਸਾਨ ਆਗੂਆਂ ਦੀ ਜਾਨ ਨੂੰ ਤੇ ਪੰਜਾਬ ਅੰਦਰ ਹਿੰਦੂ ਮੰਦਰਾਂ ‘ਤੇ ਹਮਲੇ ਦੀ ਸੰਭਾਵਨਾ ਨੂੰ ਉਭਾਰਿਆ ਹੈ। ਡਰ ਅਤੇ ਦਹਿਸ਼ਤ ਦਾ ਇਹ ਮਾਹੌਲ ਕਿਓਂ ਸਿਰਜਿਆ ਜਾ ਰਿਹਾ ਹੈ।
ਪੰਜਾਬੀਆਂ ਤੇ ਕਿਸਾਨ ਘੋਲ ਵੱਲੋਂ ਪੁਰਅਮਨ ਤੇ ਭਾਈਚਾਰਕ ਸਾਂਝ ਦੀ ਬੁਲੰਦੀ ਦੇ ਝੰਡੇ ਗੱਡੇ ਹੋਣ ਨੂੰ ਨਕਾਰਦਿਆਂ ਪਾਕਿਸਤਾਨ ਸ਼ਹਿ ਪ੍ਰਾਪਤ ਤੱਤਾਂ ਵੱਲੋਂ ਪੰਜਾਬ ਅੰਦਰ ਹਿੰਸਕ ਕਾਰਵਾਈਆਂ ਹੋਣ ਦਾ ਜਾਇਜ਼ਾ ਪੇਸ਼ ਕਰਕੇ ਵੱਡੀ ਗਿਣਤੀ ਵਿੱਚ ਅਰਧ ਸੈਨਿਕ ਬਲਾਂ ਦੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਮੁਹਾਲੀ,ਪਟਿਆਲ਼ਾ,ਬਠਿੰਡਾ, ਫਗਵਾੜਾ ਤੇ ਮੋਗਾ ਅੰਦਰ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਜਿਸਦਾ ਖ਼ਰਚਾ ਵੀ ਪੰਜਾਬ ਸਰਕਾਰ ਨੂੰ ਹੀ ਚੁੱਕਣਾ ਪੈ ਸਕਦਾ। ਲੋਕਾਂ ਵਿਚ ਗੱਲ ਚੱਲ ਰਹੀ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਹੋਰ ਵਿੱਤੀ ਸਹਾਇਤਾ ਦੇਣ ਤੋਂ ਟਾਲਾ ਵੱਟਦੀ ਆ ਰਾਹੀ ਕੈਪਟਨ ਸਰਕਾਰ ਨੀਮ ਫੌਜੀ ਫੋਰਸਾਂ ਨੂੰ ਸਾਰੇ ਖਰਚੇ ਕਿੱਥੋਂ ਦੇਵੇਗੀ?
ਬੜੀ ਹੀ ਬੇਬਾਕੀ ਨਾਲ ਸਰਦਾਰ ਮਾਲੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਰਤੀ ਸਟੇਟ ਦਾ ਪੰਜਾਬ ਦੇ ਸਿਆਸੀ ਲੀਡਰਸ਼ਿੱਪ ਨਾਲ ਇਕ ਅਣਲਿਖਤ ਸਮਝੌਤਾ ਹੈ ਕਿ ਜਿਹੜਾ ਵੀ ਆਗੂ ਕੇਂਦਰ ਸਰਕਾਰ ਦੀਆਂ ਪੰਜਾਬ ਸੰਬੰਧੀ ਨੀਤੀਆਂ ਵਿੱਚ ਵਿਘਨ ਨਹੀ ਪਾਊਗਾ ਉਸ ਖਿਲਾਫ ਕੋਈ ਵੀ ਕੇਂਦਰੀ ਏਜੰਸੀ ਕੋਈ ਜਾਂਚ ਨਹੀ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਸਰਕਾਰ ਵੇਲੇ ਇਸ ਹਦਾਇਤ ਦੀ ਉਲੰਘਣਾ ਕੀਤੀ, ਬਾਦਲਾਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਖੋਹਲੇ ਤੇ ਪਾਣੀਆਂ ਬਾਰੇ ਸਮਝੌਤੇ ਵੀ ਰੱਦ ਕੀਤੇ। ਨਤੀਜੇ ਵਜੋਂ ਕੈਪਟਨ ਨੂੰ ਇਨਕਮ ਟੈਕਸ ਤੇ ਈ ਡੀ ਨੇ ਲੰਮੇ ਚੌੜੇ ਕੇਸਾਂ ਵਿੱਚ ਫਸਾ ਲਿਆ ਗਿਆ। ਜੋ ਕਾਫੀ ਖੱਜਲ ਖੁਆਰੀ ਦਾ ਕਾਰਨ ਬਣੇ। ਇਸ ਤਰ੍ਹਾਂ ਦੱਸ ਸਾਲ ਕੈਪਟਨ ਦੀ ਘੀਸੀ ਕਰਵਾਕੇ ਜਦੋਂ ਉਸਨੇ ਪੁਰਾਣੇ ਰਾਹ ਤੁਰਨ ਤੋਂ ਤੋਬਾ ਕੀਤੀ ਤਾਂ ਉਸਨੂੰ ਮੁੜ ਮੁੱਖ ਮੰਤਰੀ ਬਣਨ ਦਿੱਤਾ ਗਿਆ।
ਨਸ਼ਿਆਂ ਦੇ ਮਾਮਲੇ ਦੀ ਜਾਂਚ ਵਿੱਚ ਬਿਕਰਮ ਮਜੀਠੀਆ ਫਸਦਾ ਸੀ ਪਰ ਕੇਂਦਰ ਤੇ ਕੈਪਟਨ ਸਰਕਾਰ ਨੇ ਉਸ ਖਿਲਾਫ ਜਾਂਚ ਨੂੰ ਬਰੇਕਾਂ ਲਾ ਰੱਖੀਆਂ ਨੇ। ਹੁਣ ਹਾਲਤ ਕੁੱਝ ਬਦਲੇ ਹੋਏ ਨੇ, ਕੈਪਟਨ ਦਬਾਅ ਹੇਠ ਹੈ ਤੇ ਬਾਦਲਕਿਆਂ ਦੀ ਕੇਂਦਰ ਸਰਕਾਰ ਨਾਲ਼ੋਂ ਸਿਆਸੀ ਕੱਟੀ ਹੋਈ ਹੈ, ਵੇਖੀਏ ਕੀ ਬਣਦਾ ਹੈ? ਬੇਅਦਬੀ, ਨਸ਼ੇ, ਪੰਜਾਬ ਦੇ ਪਾਣੀ, ਸਸਤੀ ਬਿਜਲੀ, ਬੇਰੋਜ਼ਗਾਰੀ, ਅਤੇ ਹੋਰ ਬਹੁਤ ਸਾਰੇ ਮਸਲੇ ਹਨ ਜਿਹੜੇ ਪੰਜਾਬ ਸਰਕਾਰ ਨੂੰ ਦਿਨਾਂ ਹਫਤਿਆਂ ਵਿੱਚ ਪੈਣੇ ਹਨ। ਇਸ ਮਕਸਦ ਲਈ ਨਵਜੋਤ ਸਿੱਧੂ ਦੀ ਅਗਵਾਈ ਵਾਲੀ ਕਾਂਗਰਸ ਪੰਜਾਬ ਸਰਕਾਰ ਨੂੰ ਕਿਵੇਂ ਤਿਆਰ ਕਰਦੀ ਹੈ ਇਸ ਤੇ ਨਜ਼ਰਾਂ ਰਹਿਣਗੀਆਂ ਹੁਣ ਸਭਨਾਂ ਦੀਆਂ।

ਪੰਜਾਬ ਕਾਂਗਰਸ ਦੇ ਨਵੇਂ ਚਾਰੋ ਸਲਾਹਕਾਰ ਇਸ ਬਾਰੇ ਕੀ ਕੀ ਸਲਾਹ ਦੇਂਦੇ ਹਨ ਇਹ ਵੀ ਬਹੁਤ ਛੇਤੀ ਸਾਹਮਣੇ ਆਉਣ ਵਾਲਾ ਹੈ। ਅੰਤ ਵਿੱਚ ਇਹ ਜ਼ਿਕਰ ਕੋਈ ਗਲਤ ਨਹੀਂ ਹੋਵੇਗਾ ਕਿ ਅਤੀਤ ਵਿੱਚ ਮਾਲਵਿੰਦਰ ਸਿੰਘ ਮਾਲੀ ਕਾਂਗਰਸ ਦੀਆਂ ਨੀਤੀਆਂ ਦੇ ਸਖਤ ਆਲੋਚਕ ਰਹੇ ਹਨ ਖਾਸ ਕਰ ਇੰਦਰਾ ਗਾਂਧੀ ਦੇ। ਇਸਦੇ ਨਾਲ ਹੀ ਖਾਲਿਸਤਾਨੀ ਧਿਰਾਂ ਨਾਲ ਨੇੜਤਾ ਹੋਣ ਦੇ ਬਾਵਜੂਦ ਪੈਗਾਮ ਗਰੁੱਪ ਉਹਨਾਂ ਨੂੰ ਲੰਮੇ ਹੱਥੀਂ ਲਿਆ ਕਰਦਾ ਸੀ। ਇਸ ਪੈਗਾਮ ਗਰੁੱਪ ਦਾ ਨਜ਼ਰ ਆਉਂਦਾ ਚੇਹਰਾ ਉਸ ਨਾਜ਼ੁਕ ਸਮੇਂ ਵਿੱਚ ਮਾਲਵਿੰਦਰ ਸਿੰਘ ਮਾਲੀ ਹੀ ਸਨ।
ਪੰਜਾਬ ਅਤੇ ਮੁਲਕ ਦੇ ਸਮੂਹ ਲੋਕਾਂ ਦਾ ਭਲਾ ਹੀ ਸਾਡਾ ਮੁਖ ਮਿਸ਼ਨ