Friday, June 02, 2023

ਮਾਲਵਿੰਦਰ ਮਾਲੀ ਨੇ ਘੱਲੂਘਾਰੇ ਹਫਤੇ ਦੌਰਾਨ ਫਿਰ ਸੁਚੇਤ ਕੀਤਾ

ਕੀ ਹੈ ਸਟੇਟ ਅਤੇ ਸਾਡੇ ਦਰਮਿਆਨ ਅਸਲੀ ਰੌਲਾ? 
ਸੈਮੀਨਾਰ ਵਿਚ ਪੁੱਜ ਰਹੇ ਹਨ ਅਹਿਮ ਵਿਦਵਾਨ ਬੁਲਾਰੇ 
ਚੰਡੀਗੜ੍ਹ:2 ਜੂਨ 2023: (ਪੰਜਾਬ ਸਕਰੀਨ ਡੈਸਕ)::
ਜੂਨ-84 ਦੀ ਯਾਦ ਵਾਲੇ ਜ਼ਖਮ ਕਦੇ ਭੁੱਲੇ ਵੀ ਨਹੀਂ ਅਤੇ ਭੁੱਲਣੇ ਵੀ ਨਹੀਂ। ਇਹਨਾਂ ਕੌੜੀਆਂ ਕੁਸੈਲੀਆਂ ਯਾਦਾਂ ਦੇ ਨਾਲ ਵਿਚਰਦਿਆਂ ਜੇਕਰ ਬੀਤੇ ਸਮਿਆਂ ਤੋਂ ਕੋਈ ਸਬਕ ਨਾ ਸਿੱਖਿਆ ਜਾਵੇ ਤਾਂ ਇਹ ਹੋਰ ਵੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦਾ ਹੈ। ਇਸ ਪਾਸੇ ਲਗਾਤਰ ਜ਼ੋਰ ਦੇਣ ਵਾਲਿਆਂ ਵਿੱਚ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਵੀ ਸ਼ਾਮਲ ਹਨ। ਹੁਣ ਵੀ ਉਹਨਾਂ ਕੁਝ ਠੋਸ ਅਤੇ ਅਰਥਪੂਰਨ ਗੱਲਾਂ ਕਹੀਆਂ ਹਨ ਜਿਹਨਾਂ ਨੂੰ ਸਮਝਣਾ ਪੰਥ ਦੇ ਨਾਲ ਨਾਲ ਬਾਕੀ ਦੇਸ਼ ਅਤੇ ਦੁਨੀਆ ਦੇ ਭਲੇ ਵਿੱਚ ਵੀ ਹੋਵੇਗਾ। 

ਭਾਰਤੀ ਸਟੇਟ ਤੇ ਸਾਡੇ ਦਰਮਿਆਨ (ਸਾਡੇ ਆਪਸ ਵਿੱਚ ਵੀ) ਅਸਲ ਰੌਲੇ ਦਾ ਮੁੱਦਾ ਇਹ ਨਹੀ ਹੈ ਕਿ ਜੂਨ ਚੁਰਾਸੀ ਨੂੰ ਭੁੱਲ ਜਾਈਏ ਜਾਂ ਯਾਦ ਕਰੀਏ ##

 ** ਸਗੋਂ ਅਸਲ ਰੌਲਾ ਤੇ ਸਮਝਣ ਦਾ ਸੁਆਲ ਇਹ ਹੈ ਕਿ ਭਾਰਤੀ ਸਟੇਟ ਵੱਲੋਂ ਜੂਨ ਚੁਰਾਸੀ  ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫ਼ੌਜੀ ਹਮਲਾ ਸਾਨੂੰ ਕੀ ਭੁਲਾਉਣ ਲਈ ਕੀਤਾ ਗਿਆ ਸੀ ਤੇ ਹੁਣ ਕਿਵੇਂ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ** 

** ਸਾਨੂੰ “ ਤੀਜੇ ਘੱਲੂਘਾਰੇ “ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਤੇ ਭਾਰਤੀ ਸਟੇਟ ਦੀ ਕੀ ਸੋਚ ਹੈ ਕਿ ਅਸੀਂ ਇਸਨੂੰ ਕਿਵੇਂ ਯਾਦ ਕਰੀਏ ? **

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਪੁਰ ਅਮਨ ਤਰੀਕੇ ਨਾਲ ਲੜੇ ਜਾਣ ਵਾਲਾ ਸਿਆਸੀ ਮੋਰਚਾ ਸੀ ਜਿਸਦਾ ਮੰਤਵ ਅਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿੱਚ ਪੇਸ਼ ਕੀਤੀਆਂ ਮੰਗਾਂ ਦੀ ਪ੍ਰਾਪਤੀ ਮਿੱਥਿਆ ਗਿਆ ਸੀ। ਸੰਤ ਜਰਨੈਲ ਸਿੰਘ ਨੇ ਉੱਥੇ ਪਹਿਲਾਂ ਆਪਣੇ ਕੁੱਝ ਸਾਥੀਆਂ ਦੀ ਪੁਲਸ ਵੱਲੋਂ ਕਿਸੇ ਮੁੱਦੇ ਬਹਾਨੇ ਕੀਤੀ ਗ੍ਰਿਫ਼ਤਾਰੀ ਖਿਲਾਫ ਤੇ ਉਹਨਾਂ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ। ਇਸ ਕਰਕੇ ਉਹ ਮੰਗ ਵੀ ਧਰਮ-ਯੁੱਧ ਮੋਰਚੇ ਦਾ ਹਿੱਸਾ ਬਣ ਗਈ ਤੇ ਉਹ ਰਿਹਾਈਆਂ ਉਸ ਵੇਲੇ ਹੀ ਹੋ ਗਈਆਂ ਸਨ ** 

**ਧਰਮ-ਯੁੱਧ ਮੋਰਚੇ ਅੰਦਰ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਲੱਖਾਂ ਲੋਕ ਵੱਖ ਵੱਖ ਸੰਘਰਸ ਦੇ ਸੱਦਿਆਂ ਵਿੱਚ ਸਰਗਰਮ ਹੋਏ, ਗ੍ਰਿਫ਼ਤਾਰੀਆਂ ਦਿੱਤੀਆਂ ਤੇ ਕਿੰਨੇ ਹੀ ਲੋਕ ਸ਼ਹੀਦ ਵੀ ਹੋਏ ** 

** ਧਰਮ-ਯੁੱਧ ਮੋਰਚਾ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਸ਼ੁਰੂ ਹੋਇਆ ਤੇ ਲੜਿਆ ਗਿਆ। ਜੂਨ 84 ਵੇਲੇ ਫ਼ੌਜੀ ਹਮਲੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਵੱਲੋਂ ਬਹਾਦਰੀ ਨਾਲ ਹਥਿਆਰਬੰਦ ਟਾਕਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ** 

**ਸੰਤਾਂ ਦਾ ਇਹ ਐਲਾਨ ਸੀ ਕਿ ਇਸ ਵਾਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੇਸ਼ ਮੰਗਾਂ ਦੀ ਪੂਰਤੀ ਤੋਂ ਘੱਟ ਧਰਮ-ਯੁੱਧ ਮੋਰਚੇ ਦਾ ਸਮਝੌਤਾ ਨਹੀ ਕਰਨ ਦੇਣਾ। ਪਰ ਫਿਰ ਕਿੱਥੇ ਗਈਆਂ ਅਨੰਦਪੁਰ ਸਾਹਿਬ ਦੇ ਮਤੇ ਅਧਾਰਤ ਮੰਗਾਂ ਤੇ ਸਿਆਸਤ? ਦਿੱਲੀ ਦਰਬਾਰ ਚਾਹੁੰਦਾ ਹੈ ਕਿ ਅਸੀ ਇਹ ਭੁੱਲ ਜਾਈਏ। ਖਾਲਸਤਾਨ ਦੇ ਨਾਹਰੇ ਲਾਉਣੇ ਤੇ ਸਿਰਫ ਹਥਿਆਰਬੰਦ ਟਾਕਰੇ ਦੇ ਹੋਕਰੇ ਮਾਰਨੇ ਅਤੇ ਧਰਮ ਯੁੱਧ ਮੋਰਚੇ ਦੀ ਸਿਆਸਤ ਨੂੰ ਤਿਲਾਂਜਲੀ ਦੇਕੇ ਸਰਕਾਰਾਂ ਬਣਾਉਣੀਆਂ ਤੇ ਚਲਾਉਣੀਆਂ ਉਹਨਾਂ ਨੂੰ ਰਾਸ ਹੀ ਆ ਰਹੀਆਂ ਨੇ **

**ਕਿਤੇ ਇਸ ਮਾਮਲੇ ਅੰਦਰ ਵੀ ਅਸੀਂ ਬਰਾਹਮਨਵਾਦੀ ਮੱਛਲੀ ਜਾਲ ਵਿੱਚ ਹੀ ਤਾਂ ਨਹੀ ਫਸ ਰਹੇ ?? ਸਿਰਫ ਹਥਿਆਰਬੰਦ ਟਾਕਰੇ ਦੀਆਂ ਬਾਤਾਂ ਪਾਈ ਜਾਓ ਤੇ ਧਰਮ-ਯੁੱਧ ਮੋਰਚੇ ਦੇ ਮੰਤਵ ਤੇ ਪੁਰਅਮਨ ਲੋਕ ਲਾਮਬੰਦੀ ਦਾ ਬਿਰਤਾਂਤ ਭੁੱਲ ਜਾਓ। ਸੁਣੋ, ਸੋਚੋ, ਸਮਝੋ ਤੇ ਠੰਡੇ ਮਨ ਨਾਲ ਵਿਚਾਰੋ !! **

** ਹਾਲੇ ਐਨਾ ਹੀ **

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: