Showing posts with label H S Dilgeer. Show all posts
Showing posts with label H S Dilgeer. Show all posts

Wednesday, August 10, 2022

ਕੇਸਰੀ ਝੰਡੇ ਦੇ ਹਿਮਾਇਤੀਆਂ ਨੂੰ ਹਰਜਿੰਦਰ ਸਿੰਘ ਦਿਲਗੀਰ ਦੀ ਚੁਣੌਤੀ

ਕੀ ਕੇਸਰੀ ਝੰਡਾ ਗੁਰੂ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?

ਸੋਸ਼ਲ ਮੀਡੀਆ: 9 ਅਗਸਤ 2022: (ਪੰਜਾਬ ਸਕਰੀਨ ਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਜ਼ੋਰਾਂ ਤੇ ਜਾਰੀ ਹੈ। ਇਸ ਮੁਹਿੰਮ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਅਤੀਤ ਵਿੱਚ ਕਦੇ ਤਿੰਰਗੇ ਦਾ ਸਤਿਕਾਰ ਨਹੀਂ ਕੀਤਾ। ਇਸ ਮੁਹਿੰਮ ਵਿਚ ਉਹ ਗੱਲਾਂ ਵੀ ਛਿੜੀਆਂ ਹਨ ਕਿ ਏਨੀ ਵੱਡੀ ਪੱਧਰ 'ਤੇ ਤਿਰੰਗੇ ਕਿਸ ਕਿਸ ਫਾਰਮ ਕੋਲੋਂ ਬਣਵਾਏ ਜਾ ਰਹੇ ਹਨ? ਇਹਨਾਂ ਦੀ ਲਾਗਤ ਕਿੰਨੀ ਆਉਣੀ ਹੈ ਅਤੇ ਇਹਨਾਂ ਨੂੰ ਦੇਸ਼ ਭਰ ਵਿੱਚ ਕਿਹੜੇ ਭਾਅ ਵੇਚਿਆ ਜਾਣਾ ਹੈ। ਮੁਨਾਫ਼ਾ ਕਿੰਨਾ ਆਉਣਾ ਹੈ ਅਤੇ ਅਤੇ ਇਹ ਕਿਸਦੀ ਜੇਬ ਵਿਚ ਜਾਣਾ ਹੈ। ਇਹ ਸਾਰੀਆਂ ਗੱਲਾਂ ਵੱਖਰੀਆਂ ਹਨ ਫਿਲਹਾਲ ਚਰਚਾ ਉਸ ਮੁਹਿੰਮ ਦੀ ਜਿਹੜੀ ਘਰ ਘਰ ਤਿਰੰਗਾ ਵਾਲੀ ਮੁਹਿੰਮ ਦੇ ਜੁਆਬ ਵਿਚ ਚਲਾਈ ਜਾ ਰਹੀ ਹੈ। ਸ਼ਾਇਦ ਇਸਦਾ ਮਕਸਦ ਘਰ ਘਰ ਕੇਸਰੀ ਹੈ। 

ਇਸੇ ਦੌਰਾਨ ਮਾਸਟਰ ਤਾਰਾ ਸਿੰਘ ਹੁਰਾਂ ਦੀ ਦੋਹਤਰੀ ਕਿਰਨਜੋਤ ਕੌਰ ਨੇ ਸਪਸ਼ਟ ਕਿਹਾ ਹੈ ਮੈਂ ਤਿਰੰਗਾ ਆਪਣੇ ਘਰ ਤੇ ਨਹੀ ਲਾਉਣਾ। ਕਾਰਣ…….ਮੈਂ ਪ੍ਰਾਪੇਗੰਡਾ ਦਾ ਹਿੱਸਾ ਨਹੀ ਬਨਣਾ। ਹਿੰਦ ਮੇਰਾ ਮੁਲਕ ਹੈ। ਮੇਰੇ ਵੱਡੇ ਵਡੇਰਿਆਂ ਨੇ ਆਪਣੀ ਜ਼ਮੀਨ ਜਾਇਦਾਦ ਪਾਕਿਸਤਾਨ ਛੱਡ ਕੇ ਪੂਰਬੀ ਪੰਜਾਬ ਵਿੱਚ ਵਾਸਾ ਕੀਤਾ। ਮੈਂ ਇੱਥੇ ਜਨਮੀ, ਇੰਡੀਅਨ ਪਾਸਪੋਰਟ ਹੋਲਡਰ ਹਾਂ। ਮੇਰੀ ਪਹਿਚਾਣ ਇੰਡੀਆ ਨਾਲ ਹੈ। ਮੈਨੂੰ ਕਿਸੇ ਕੋਲ਼ੋਂ ਹਾਮੀ ਭਰਵਾਉਣ ਦੀ ਲੋੜ ਨਹੀ ਨਾ ਹੀ ਕਿਸੇ ਨੂੰ ਜਤਾਉਣ ਦੀ। ਮੇਰੀ ਕੌਮ ਨਾਲ ਨਾਇੰਸਾਫੀ ਹੋਈ, ਮੇਰੀ ਸਿੱਖੀ ਉਸ ਖ਼ਿਲਾਫ਼ ਜੂਝਣਾ ਸਿਖਾਉਦੀ ਹੈ। ਹਾਏ-ਹਾਏ ਦਾ ਰੋਣਾ, ਓਪਰੇਪਣ ਦੀ ਦੁਹਾਈ ਹਾਰਣ ਦੇ ਤੁਲ ਤੇ ਚੜ੍ਹਦੀ ਕਲਾ ਤੋਂ ਕੋਹਾਂ ਦੂਰ ਹੈ। ਪ੍ਰਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਆਪਣਾ ਮੁਲਕ ਚੁਣ ਲਿਆ ਹੈ। ਇੱਥੇ ਰਹਿੰਦੇ ਸਿੱਖ ਪੰਜਾਬ ਨੂੰ ਤਾਂ ਆਪਣਾ ਘਰ ਮੰਨਦੇ ਹਨ ? ਫੇਰ ਆਓ ਆਪਣਾ ਪੰਜਾਬ ਸਾਂਭੀਏ । ਇੰਡੀਆ ਦੇ ਸੰਵਿਧਾਨ ਦੀ ਸੌਂਹ ਚੁੱਕਣ ਵਾਲੇ MP ਜੀ, ਕੌਮ ਦੀ ਨੌਜੁਆਨੀ ਨੂੰ non issues ਵਿੱਚ ਨਾ ਉਲ਼ਝਾਓ । ਨਿਸ਼ਾਨ ਸਾਹਿਬ ਸਾਡਾ ਹੈ ਤੇ ਸਾਡਾ ਰਹੇਗਾ, ਮੁਲਕ ਦੇ ਝੰਡੇ ਨਾਲ ਤੁਲਨਾ ਗਲਤ ਹੈ। ਸਾਰਾ ਸਾਲ ਕੇਸਰੀ ਝੰਡਾ ਝੁਲਾਓ, ਕਿਹਦੀ ਜੁਰਅਤ ਸਾਨੂੰ ਰੋਕ ਲਵੇ। ਹੱਥ ਬੰਨ ਕੇ ਮੇਰੀ ਸਿੱਖ ਕੌਮ ਨੂੰ ਬੇਨਤੀ ਆਪਣੀ ਸ਼ਕਤੀ ਸੰਭਾਲ਼ ਕੇ ਰੱਖੋ ਅੱਗੇ ਲੋੜ ਪੈਣੀ ਹੈ

ਇਸ ਸਾਰੇ ਘਚੋਲੇ ਵਿੱਚ ਇੱਕ ਹੋਰ ਸੁਆਲ ਸਾਹਮਣੇ ਆਇਆ ਹੈ ਕਿ ਸਿੱਖ ਕੌਮ ਦਾ ਅਸਲੀ ਨਿਸ਼ਾਨ ਸਾਹਿਬ ਹੈ ਕਿਹੜਾ? ਇਸ ਸਬੰਧੀ ਪੰਥ ਦੇ ਪ੍ਰਸਿੱਧ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ

ਇਸ ਮੁੱਦੇ ਬਾਰੇ ਹੀ ਨਾਮਵਰ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ Harjinder Singh Dilgeer ਨੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਬਾਰੇ ਬਹੁਤ ਹੀ ਗੰਭੀਰ ਤੇ ਦੂਰਰਸ ਅਹਿਮੀਅਤ ਵਾਲਾ ਸੁਆਲ ਖੜਾ ਕੀਤਾ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਨੂੰ ਜ਼ਰੂਰ ਹੀ ਗੰਭੀਰਤਾ ਨਾਲ ਖੋਜ ਪੜਤਾਲ ਤੇ ਸੰਵਾਦ ਹੋਣਾ ਚਾਹੀਦਾ ਹੈ। ਦਿਲਗੀਰ ਹੁਰਾਂ ਦੇ ਇਸ ਸੁਆਲ ਨੂੰ ਸਾਹਮਣੇ ਲਿਆਂਦਾ ਹੈ ਪ੍ਰਸਿੱਧ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ।

ਸਰਦਾਰ ਮਾਲੀ ਆਪਣੀ ਪੋਸਟ ਵਿਚ ਲਿਖਦੇ ਹਨ: ਛੋਟੇ ਹੁੰਦਿਆਂ ਅਕਸਰ ਕੰਨਾਂ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ “ ਨੀਲੇ ਦੇ ਸ਼ਾਹ ਅਸਵਾਰ” ਹੋਣ ਦੇ ਬੋਲ ਕੰਨਾਂ ਵਿੱਚ ਪੈਂਦੇ ਸਨ। ਸ਼ਾਇਦ ਨਰਿੰਦਰ ਬੀਬਾ ਦਾ ਗੀਤ ਸੀ, ਚੰਨਾਂ ‘ਚੋ ਚੰਨ ਗੁਜਰੀ ਦਾ ਚੰਨ। ਹੱਥ ਵਿੱਚ ਸੋਹਣਾ ਬਾਜ, ਸਜੇ ਸਿਰ ਤਾਜ ਤੇ ਘੋੜਾ ਨੀਲਾ ਬੜਾ ਚਮਕੀਲਾ ਏ•••
ਨੀਲੇ ਤੋਂ ਕੇਸਰੀ ਦੇ ਨਾਲ ਨਾਲ ਬਸੰਤੀ ਤੇ ਭਗਵਾਂ ਇਕ ਰਾਹੇ ਵੱਲ ਸੰਕੇਤ ਹੈ।ਅੱਜ ਵੀ ਬਹੁਤ ਸਾਰੇ ਸਿੱਖ ਸੱਜਣ ਕਹਿੰਦੇ ਹਨ ਕਿ ਤਿਰੰਗਾ ਵੀ ਸਾਡਾ ਹੈ ਤੇ ਕੇਸਰੀ ਨਿਸ਼ਾਨ ਵੀ ਸਾਡਾ ਹੈ। ਇਸ ਲਈ ਤਿਰੰਗੇ ਵਿੱਚ ਕੇਸਰੀ ਰੰਗ ਹੋਣ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ।
ਖਾਲਸਾ ਪੰਥ ਦੇ ਨਿਸ਼ਾਨ ਵਿੱਚ ਤਬਦੀਲੀ ਕੀ ਖਾਲਸਈ ਸੋਚ ਅੰਦਰ ਲਿਆਂਦੀ ਤਬਦੀਲੀ ਨਾਲ ਵੀ ਸੰਬੰਧ ਜੁੜਦਾ ਹੈ?
ਖਾਲਸਾ ਪੰਥ ਅੰਦਰ ਮੌਜੂਦਾ ਹਾਲਤ ਵਿੱਚ ਸੰਵਾਦ ਬੰਦ ਹੈ ਜਿਵੇਂ ਬੌਧਿਕ ਕੰਗਾਲੀ ਛਾਈ ਹੋਈ ਹੋਵੇ। ਪੰਥਕ ਰਹਿਤ ਮਰਿਯਾਦਾ ਤਹਿ ਕਰਨ ਤੋਂ ਬਾਅਦ ਉੱਠੇ ਸਵਾਲਾਂ ਨੂੰ ਗੁਰੂ ਆਸ਼ੇ ਅਨੁਸਾਰ ਨਜਿੱਠਣ ਦਾ ਕੋਈ ਯਤਨ ਸਾਹਮਣੇ ਨਹੀ ਆਇਆ। ਜ਼ੁਬਾਨਬੰਦੀ ਕਰਨ, ਮਿੱਟੀ ਪਾਉਣ ਦੇ ਫੁਰਮਾਨ ਤੇ ਸਿਆਸੀ ਵਖਰੇਵੇਂ/ਲੜਾਈਆਂ, ਧੜੇਬਾਜ਼ੀ ਤੇ ਦੂਸ਼ਣਬਾਜੀ ਦਾ ਹੀ ਬੋਲਬਾਲਾ ਨਜ਼ਰ ਆ ਰਿਹਾ ਹੈ।
••••••••••••••••••••••••••••••••••••••••••••
ਕੀ ਕੇਸਰੀ ਝੰਡਾ ਗੁਰੂ ਗੋਬਿੰਦ ਸਿੰਘ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?
ਦਸਤਾਵੇਜ਼ ਅਤੇ ਸੋਮਿਆਂ ਵਿਚੋਂ ਸਬੂਤ ਦਿਖਾਣ ਦੇ ਬਾਵਜੂਦ ਰਾਜਪੂਤਾਂ ਦਾ ਕੇਸਰੀ ਝੰਡਾ ਸਿੱਖਾਂ ਦੇ ਸਿਰ ਮੜ੍ਹਨਾ , ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਿਲਾਫ਼ ਬਗ਼ਾਵਤ ਨਹੀਂ ਹੈ?
ਕੇਸਰੀ ਝੰਡੇ ਦੇ ਹਿਮਾਇਤੀ ਜਾਂ ਤਾਂ ਕੇਸਰੀ ਦੇ ਹੱਕ ਵਿਚ ਸਬੂਤ ਪੇਸ਼ ਕਰਨ ਅਤੇ ਜਾਂ ਰਾਜਪੂਤਾਂ ਦੀ ਗ਼ੁਲਾਮੀ ਵਿਚੋਂ ਨਿਕਲ ਕੇ ਗੁਰੂ ਦੀ ਸ਼ਰਣ ਆਉਣ।
ਗੁਰੂ ਜੀ ਦਾ ਨੀਲਾ ਨਿਸ਼ਾਨ ਸਾਹਿਬ ਨਿਹੰਗਾਂ ਨੇ 1699 ਤੋਂ ਅਤੇ ਹੁਣ ਬਹੁਜਨ ਸਮਾਜ ਪਾਰਟੀ ਨੇ ਵੀ ਅਪਣਾਇਆ ਹੋਇਆ ਹੈ।
** Harjinder Singh Dilgeer **

Friday, July 15, 2022

ਕਨੇਡਾ ਦੇ ਰਿਪੁਦਮਨ ਸਿੰਘ ਮਲਿਕ ਨੂੰ ਕਤਲ ਕਰ ਦਿੱਤਾ ਗਿਆ

 14th July 2022 at 23:56 Facebook

ਅਜ ਸਰੀ (ਕਨੇਡਾ) ਵਿਚ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ

ਸੋਸ਼ਲ ਮੀਡੀਆ: 14 ਜੁਲਾਈ 2022: (ਹਰਜਿੰਦਰ ਸਿੰਘ ਦਿਲਗੀਰ//ਪੰਜਾਬ ਸਕਰੀਨ)::

ਰਿਪੁਦਮਨ ਸਿੰਘ ਨੇ ਕਨੇਡਾ ਵਿਚ ਪਹਿਲਾ ਸਿੱਖ ਬੈਂਕ 'ਖਾਲਸਾ ਕਰੈਡਿਟ ਯੂਨੀਅਨ' ਅਤੇ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ ਸੀ ਉਸ ਨੂੰ 1985 ਦੇ ਕਨਿਸ਼ਨ ਹਾਵਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਸ ਨੂੰ ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। 

ਉਸ ਦਾ ਨਾਂ 37 ਸਾਲ ਤੀਕ ਭਾਰਤ ਸਰਕਾਰ ਦੀ ਸਿੱਖਾਂ ਦੀ ਬਲੈਕ ਲਿਸਟ ਵਿਚ ਪਿਆ ਰਿਹਾ ਸੀ। ਬਲੈਕ ਲਿਸਟ ਵਿਚੋਂ ਨਾਂ ਨਿਕਲਣ ਮਗਰੋਂ ਪਿਛਲੇ ਸਾਲ ਉਹ ਭਾਰਤ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੇ ਭਾਰਤ ਜਾਣ ਦੀ ਤਕਲੀਫ਼ ਕਿਸੇ ਟੋਲੇ ਨੂੰ ਹੋਈ ਸੀ ਅਤੇ ਇਹ ਕਤਲ  ਉਸੇ ਟੋਲੇ ਨੇ ਕਰਵਾਇਆ ਜਾਪਦਾ ਹੈ।

ਰਿਪੁਦਮਨ ਸਿੰਘ ਮਲਿਕ ਜਥੇਦਾਰ ਤਲਵਿੰਦਰ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਸੀ। ਉਹ ਅਖੰਡ ਕੀਰਤਨੀ ਜਥੇ ਨਾਲ ਵੀ ਸਬੰਧਤ ਸੀ।

ਮੈਂ ਜਦੋਂ ਵੀ ਕਨੇਡਾ ਵਿਚ ਵੈਨਕੂਵਰ ਜਾਂਦਾ ਸੀ ਉਨ੍ਹਾਂ ਦੇ ਘਰ ਜ਼ਰੂਰ ਜਾਇਆ ਕਰਦਾ ਸੀ। ਉਨਾਂ ਦਾ ਨਿੱਘਾ ਪਿਆਰ ਮੈਨੂੰ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੇ ਜਾਣ ਨਾਲ ਜੋ ਉਦਾਸੀ ਮੈਂ ਮਹਿਸੂਸ ਕਰ ਰਿਹਾ ਹਾਂ, ਅਤੇ ਕਰਦਾ ਰਹਾਂਗਾ, ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਦਿਲ ਦਾ ਸਾਫ਼, ਨਿੱਘਾ, ਸੱਚਾ-ਸੁੱਚਾ ਦੋਸਤ ਟੁਰ ਜਾਣਾ ਮੇਰੇ ਵਾਸਤੇ ਅਸਹਿ ਹੈ। ਕਾਸ਼ ਮੈਂ ਆਪਣਾ ਦੁਖ ਬਿਆਨ ਕਰ ਸਕਦਾ !

ਤਕਰੀਬਨ 32 ਸਾਲ ਪੁਰਾਣੀ ਗੱਲ ਹੈ। ਮੈਂ ਰਿਪੁਦਮਨ ਸਿੰਘ ਨੂੰ ਸਭ ਤੋਂ ਪਹਿਲਾਂ 28 ਜੁਲਾਈ 1990 ਦੇ ਦਿਨ ਰੌਸ ਸਟਰੀਟ ਗੁਰਦੁਆਰੇ ਵਿਚ ਮਿਲਿਆ ਸੀ। ਮੈਂ ਇਕ ਦਿਨ ਪਹਿਲਾਂ ਨਾਰਵੇ ਤੋਂ ਕਨੇਡਾ ਗਿਆ ਸੀ।  ਮੈਂ ਵਰਲਡ ਸਿਖ ਆਰਗੇਨਾਈਜ਼ੇਸ਼ਨ ਦੇ ਕਨੇਡਾ ਦੇ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਬੇਟੀ ਪਲਵਿੰਦਰ ਕੌਰ (ਜੋ ਹੁਣ ਕਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ) ਦੀ(ਰਵਿੰਦਰ ਰਵੀ ਦੇ ਬੇਟੇ ਨਾਲ) ਸ਼ਾਦੀ ਵਿਚ ਸ਼ਾਮਿਲ ਹੋਣ ਵਾਸਤੇ ਗਿਆ ਸੀ। ਇਸ ਸ਼ਾਦੀ ਵਿਚ ਮੈਂ 'ਸਿਖਿਆ' ਦੇਣ ਦੀ ਸੇਵਾ ਕੀਤੀ ਸੀ (ਸ਼ਾਦੀ ਦੇ ਸਿੱਖ ਸਿਧਾਂਤ 'ਤੇ ਲੈਕਚਰ ਕੀਤਾ ਸੀ)।

ਉਸ ਦਿਨ ਹੀ ਰਿਪੁਦਮਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਸਤੰਬਰ 1990 ਵਿਚ ਉਨ੍ਹਾਂ ਦੇ ਜੱਥੇ ਨੇ ਉਥੇ ਕਿਤਾਬਾਂ ਦਾ ਸਟਾਲ ਲਾਇਆ ਹੋਇਆ ਸੀ। ਅਚਾਣਕ ਮੈਂ ਗੁਰਦੁਆਰੇ ਗਿਆ ਤਾਂ ਸਟਾਲ ਵੇਖ ਕੇ ਉੇਥੇ ਚਲਾ ਗਿਆ। ਰਿਪੁਦਮਨ ਸਿੰਘ ਵੀ ਉਥੇ ਖੜ੍ਹੇ ਸਨ। ਉਨ੍ਹਾਂ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਾਲੀ ਕਿਤਾਬ ਭੇਟ ਕੀਤੀ ਸੀ। ਉਹ ਕਿਤਾਬ ਅੱਜ ਵੀ ਮੇਰੇ ਕੋਲ ਹੈ। ਮੈਂ ਹੁਣ ਤਕ ਆਪਣੀ ਲਾਇਬਰੇਰੀ ਦੀਆਂ ਢਾਈ ਤਿੰਨ ਹਜ਼ਾਰ ਕਿਤਾਬਾਂ ਲਾਇਬਰੇਰੀਆਂ ਨੂੰ ਭੇਟ ਕਰ ਚੁਕਾ ਹਾਂ। ਪਰ, ਇਹ ਕਿਤਾਬ ਉਸ ਸੱਜਣ ਦੀ ਭੇਟਾ ਹਣ ਕਰ ਕੇ ਮੈਂ ਕਿਸੇ ਨੂੰ ਨਹੀਂ ਦਿੱਤੀ। ਉਂਞ 32 ਸਾਲ ਵਿਚ ਇਸ ਵਿਚੋਂ ਕਈ ਪਉੜੀਆਂ ਵਰਤੀਆਂ ਹਨ ਇਸ ਕਰ ਕੇ ਇਸ ਦੀ ਹਾਲਤ ਚੋਖੀ ਖਸਤਾ ਹੋ ਚੁਕੀ ਹੈ। (ਫੇਸਬੁਕ ਤੋਂ ਧੰਨਵਾਦ ਸਾਹਿਤ)

Friday, January 26, 2018

ਨਹੀਂ ਰਹੇ ਸ੍ਰ. ਗੁਰਮੀਤ ਸਿੰਘ ਅਸਟਰੇਲੀਆ


ਉਹਨਾਂ ਨੂੰ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੀ ਸਹੀ ਸਮਝ ਸੀ-ਦਿਲਗੀਰ 
ਸ੍ਰ. ਗੁਰਮੀਤ ਸਿੰਘ ਅਸਟਰੇਲੀਆ ਚੜ੍ਹਾਈ ਕਰ ਗਏ। ਇਹ ਜਾਣਕਾਰੀ ਪੰਥ ਦੇ ਬੇਬਾਕ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਹੁਰਾਂ ਦੀ ਇੱਕ ਪੋਸਟ ਤੋਂ ਮਿਲੀ। ਉਹਨਾਂ ਦੱਸਿਆ ਕਿ ਸ ਬਲਬਿੰਦਰ ਸਿੰਘ ਅਸਟਰੇਲੀਆ ਨੇ ਖ਼ਬਰ ਦਿੱਤੀ ਹੈ ਕਿ ਆਸਟਰੇਲੀਆ ਦੇ ਸਿੱਖ ਵਿਦਵਾਨ 26 ਜਨਵਰੀ 2018 ਦੇ ਦਿਨ ਸਿਡਨੀ ਵਿਚ ਚੜ੍ਹਾਈ ਕਰ ਗਏ ਹਨ। ਸ. ਗੁਰਮੀਤ ਸਿੰਘ ਪੰਥ ਦੇ ਉਨ੍ਹਾਂ ਗਿਣੇ-ਚੁਣੇ ਲੋਕਾਂ ਵਿਚੋਂ ਸਨ ਜਿਨ੍ਹਾਂ ਨੂੰ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੀ ਸਹੀ ਸਮਝ ਸੀ। ਸਿੱਖਾਂ ਵਿਚੋਂ ਉਹ ਗਿਣਤੀ ਦੇ ਉਨ੍ਹਾਂ ਲੋਕਾਂ ਵਿਚੋਂ ਸਨ ਜੋ ਸਿੱਖੀ ਬਾਰੇ ਹਰ ਨਵੀਂ ਕਿਤਾਬ ਨੂੰ ਖ਼ਰੀਦਦੇ ਅਤੇ ਗਹੁ ਨਾਲ ਪੜ੍ਹਦੇ ਸਨ। ਆਸਟਰੇਲੀਆ ਵਿਚ ਉਨ੍ਹਾਂ ਨੇ ਸਿੱਖ ਧਰਮ ਦੀ ਸਭ ਤੋਂ ਵੱਡੀ ਲਾਇਬਰੇਰੀ ਕਾਇਮ ਕੀਤੀ ਹੋਈ ਸੀ, ਜਿਸ ਵਿਚ ਸਿੱਖ ਧਰਮ ਬਾਰੇ ਹਰ ਇਕ ਨਵੀਂ ਛਪੀ ਕਿਤਾਬ ਮੌਜੂਦ ਹੁੰਦੀ ਸੀ। ਪੰਥ ਨੂੰ ਅਜਿਹੇ ਵਧੀਆ ਸ਼ਖ਼ਸ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਉਹ ਪੰਥ ਦੇ ਹਰ ਮਸਲੇ ‘ਤੇ ਸੰਜੀਦਾ ਮਜ਼ਮੁਨ ਲਿਖਿਆ ਕਰਦੇ ਸਨ। ਪਹਿਲਾਂ ਉਹ ਹਾਂਗਕਾਂਗ ਵਿਚ ਵੀ ਰਹੇ ਸਨ ਤੇ ਉਨ੍ਹਾਂ ਨੇ ਬਹੁਤ ਸਾਰੀਆਂ ਜ਼ਬਾਨਾਂ ਵਿਚ ਸਿੱਖ ਧਰਮ ਸਬੰਧੀ ਆਪਣੇ ਦਸਵੰਧ ਵਿਚੋਂ ਕਿਤਾਬਾਂ ਛਾਪ ਕੇ ਮੁਫ਼ਤ ਵੰਡੀਆਂ ਸਨ। ਸਿੱਖ ਰੀਵੀਊ ਕਲਕੱਤਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਉਹ ਬਹੁਤ ਸੰਜੀਦਾ ਸ਼ੁਭ ਚਿੰਤਕ ਸਨ ਅਤੇ ਇਨ੍ਹਾਂ ਵਿਚੋਂ ਲੇਖ ਅਤੇ ਖ਼ਬਰਾਂ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਵਿਚ ਪਹੁੰਚਾਇਆ ਕਰਦੇ ਸਨ। ਉਨ੍ਹਾਂ ਦੇ ਚਲਾਣੇ ਨਾਲ ਅਸਟਰੇਲੀਆ ਵਿਚ ਸਿੱਖ ਅਧਿਐਨ ਦਾ ਇਕ ਕਾਂਡ ਖ਼ਤਮ ਹੋ ਗਿਆ ਹੈ।
ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਮੇਰਾ ਵੱਡਾ ਭਰਾ ਇਸ ਫ਼ਾਨੀ ਦੁਨੀਆਂ ਤੋਂ ਚਲਾ ਗਿਆ ਹੋਵੇ।