Sunday, August 22, 2021

ਮੁੱਖ ਮੰਤਰੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਸਖਤੀ ਨਾਲ ਤਾੜਿਆ

 Sunday: 22nd August 2021 at 8:06 PM

  ਬੇਬਾਕ ਟਿੱਪਣੀਆਂ ਨੇ ਪਾਇਆ ਵਿਵਾਦ ਦੀ ਅੱਗ ਤੇ ਤੇਲ 


ਚੰਡੀਗੜ: 22 ਅਗਸਤ 2021: (ਗੁਰਜੀਤ ਬਿੱਲਾ//ਇਨਪੁਟ ਪੰਜਾਬ ਸਕਰੀਨ ਡੈਸਕ)::

ਸ਼ਹਿ-ਮਾਤ ਦੇ ਲੰਮੇ ਸਿਲਸਿਲੇ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ ਵੱਲੋਂ ਆਰੰਭੀ ਸਿਆਸੀ ਲੜਾਈ ਹੁਣ ਕੁਝ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਸਲਾਹਕਾਰਾਂ ਦੀ ਭੂਮਿਕਾ ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸਥਾਨਕ ਮੀਡੀਆ ਤੋਂ ਲੈ ਕੇ ਦੇਸ਼ੀ ਵਿਦੇਸ਼ੀ ਮੀਡੀਆ ਇਸ ਸਬੰਧੀ ਨਜ਼ਰਾਂ ਲਾਈ ਬੈਠਾ ਹੈ। ਉਹਨਾਂ ਦੇ ਕੈਮਰੇ ਉਚੇਚ ਨਾਲ ਇਸ ਪਾਸੇ ਫੋਕਸ ਕੀਤੇ ਜਾ ਚੁੱਕੇ ਹਨ। ਉਹਨਾਂ ਦੇ "ਖੋਜੀ ਰਿਪੋਰਟਰ" ਨਿੱਤ ਇਹਨਾਂ ਨਵੇਂ ਸਲਾਹਕਾਰਾਂ ਜਾਂ ਇਹਨਾਂ ਦੇ ਭਾਸ਼ਣਾਂ/ਲਿਖਤਾਂ ਬਾਰੇ ਕੁਝ ਨ ਕੁਝ ਲੱਭ ਕੇ ਲਿਆ ਰਹੇ ਹਨ। ਇਹਨਾਂ ਮੀਡੀਆ ਅਦਾਰਿਆਂ ਦੇ ਸਕਰਿਪਟ ਰਾਈਟਰਾਂ ਦੀਆਂ ਕਲਮਾਂ ਲਗਾਤਾਰ ਕੁਝ ਨਾ ਕੁਝ ਲਿਖ ਰਹੀਆਂ ਹਨ। ਪੰਜਾਬ ਦੀਆਂ ਸਮੱਸਿਆਵਾਂ ਦਾ ਨਹੀਂ ਇਹਨਾਂ ਦਾ ਅਤੀਤ ਜ਼ਰੂਰ ਫਰੋਲਿਆ ਜਾ ਰਿਹਾ ਹੈ ਅਤੇ ਹੁਣ ਇਹਨਾਂ ਭਵਿੱਖ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ ਹਨ। ਕੀ ਬਣੇਗੇ ਤੇਰਾ ਪੰਜਾਬ ਸਿਆਂ? ਵੋਟਾਂ ਲੈਣ ਲਈ ਬਹੁਤ ਸਾਰੇ ਵਾਅਦੇ ਜੇ ਸਿਆਸੀ ਲੀਡਰਾਂ ਨੇ ਕੀਤੇ ਹਨ ਤਾਂ ਵਾਅਦੇ ਤਾਂ ਇਹ ਸਲਾਹਕਾਰ ਵੀ ਬਹੁਤ ਕਰ ਬੈਠੇ ਹਨ। ਸ਼ਾਇਦ ਇਹ ਲੋਕ ਬੇਹੱਦ ਤਜਰਬੇਕਾਰ ਹੋਣ ਦੇ ਬਾਵਜੂਦ ਸਿਆਸੀ ਸ਼ਤਰੰਜ ਦੀਆਂ ਚਾਲਾਂ ਨੂੰ  ਨਹੀਂ ਜਾਣਦੇ। ਪਿਆਦਿਆਂ ਦੀ ਕੁਰਬਾਨੀ ਤਾਂ ਆ ਅਤੇ ਬਹੁਤ ਪੁਰਾਣੀ ਹੋ ਚੁੱਕੀ ਰਵਾਇਤ ਹੈ ਪਰ ਫਿਰ ਬਲਿ ਦੇ ਬੱਕਰੇ ਨਹੀਂ ਮੁੱਕਦੇ। ਬਹਾਨਾ ਕੋਈ ਵੀ ਬਣ ਸਕਦਾ ਹੈ। 

ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿੱਪਣੀਆਂ ਵਿਰੁੱਧ ਤਾੜਨਾ ਕੀਤੀ ਹੈ ਜਿਨਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਵੀ ਖਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਿਰੋਧੀ ਵੱਜੋਂ ਉਭਰ ਕੇ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਬਣਨ ਮਗਰੋਂ ਪਹਿਲਾਂ ਚਾਰ ਅਤੇ ਫਿਰ ਦੋ ਹੋਰ ਸਲਾਹਕਾਰ ਨਿਯੁਕਤ ਕੀਤੇ ਸਨ। ਦਿਲਚਸਪ ਗੱਲ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਜਾਂ ਪੱਤਰਕਾਰ ਅਜਿਹੇ ਸਲਾਹਕਾਰ ਵੱਜੋਂ ਨਿਯੁਕਤ ਹੋਣ ਵੇਲੇ ਤੱਕ ਸ਼ਾਇਦ ਕਾਂਗਰਸ ਪਾਰਟੀ ਦਾ ਮੈਂਬਰ ਵੀ ਨਹੀਂ ਸੀ। ਇਸ ਹਕੀਕਤ ਨੂੰ ਜਾਣਦਿਆਂ ਮੋਹਤਬਰ ਅਤੇ ਬਜ਼ੁਰਗ ਸਲਾਹਕਾਰ ਡਾਕਟਰ ਪਿਆਰੇ ਲਾਲ ਗਰਗ ਨੇ ਤੁਰੰਤ ਕਿਸੇਟੈਕਸਟ ਜਾਂ ਵੀਡੀਓ ਪੋਸਟ ਰਾਹੀਂ ਸਪਸ਼ਟ ਕਰ ਦਿੱਤਾ ਸੀ ਕਿ ਉਹ ਨਾਂ ਤਾਂ ਕਾਂਗਰਸ ਪਾਰਟੀ ਦੇ ਮੈਂਬਰ ਬਣਨਗੇ ਅਤੇ ਨਾ ਹੀ ਕਾਂਗਰਸ ਪਾਰਟੀ ਤੋਂ ਕੋਈ ਅਹੁਦਾ ਲੈਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਨਵਜੋਤ ਸਿੱਧੂ ਕੋਈ ਸਲਾਹ ਚਾਹੁਣਗੇ ਤਾਂ ਉਹ ਜ਼ਰੂਰ ਦੀਆ ਕਰਨਗੇ। ਹੁਣ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਕਿ ਜੋ ਜੋ ਬਿਆਨ ਇਹਨਾਂ ਸਲਾਹਕਾਰਾਂ ਨੇ ਦਿੱਤੇ ਉਹ ਸਾਰੇ ਬਿਆਨ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੰਗੀ ਗਈ ਕਿਸੇ ਸਲਾਹ ਦਾ ਕੋਈ ਹਿੱਸਾ ਸਨ ਜਾਂ ਸਮਸਿਆ ਦੱਸਣ ਦੀ ਇਮਾਨਦਾਰ ਕੋਸ਼ਿਸ਼? 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਸੀਮਿਤ ਰੱਖਣ ਅਤੇ ਉਨਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਹੈ ਜਿਨਾਂ ਬਾਰੇ ਉਨਾਂ ਨੂੰ ਜਾਂ ਤਾਂ ਥੋੜਾ-ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ। ਮੁਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ। ਇਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਵੀ ਇਸਦਾ ਚੰਗੀ ਤਰ੍ਹਾਂ ਪਤਾ ਸੀ ਕਿ ਜਿਹਨਾਂ ਜਿਹਨਾਂ ਨੂੰ ਸਲਾਹਕਾਰ ਬਣਾਇਆ ਗਿਆ ਹੈ ਉਹ ਕੌਮਾਂਤਰੀ ਸੋਚ ਰੱਖਣ ਵਾਲੇ ਲੋਕ ਹਨ ਅਤੇ ਅੰਧਰਾਸ਼ਟਰਵਾਦ ਵਾਲੀ ਭਾਜਪਾਈ ਸੋਚ ਦੇ ਮੁਢੋਂ ਹੀ ਖਿਲਾਫ ਹਨ। ਇਸਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੀ ਅਤੇ ਕਾਂਗਰਸ ਪਾਰਟੀ ਦੀ ਕੌਮੀ ਹਾਈ ਕਮਾਨ ਇਸ ਤੋਂ ਅਵੇਸਲੀ ਨਹੀਂ ਹੋ ਸਕਦੀ। ਇਹਨਾਂ ਵਿਦਵਾਨ ਸ਼ਖਸੀਅਤਾਂ ਦੇ ਬਿਆਨ ਸਲਾਹਕਾਰਾਂ ਵੱਜੋਂ ਨਿਯੁਕਤ ਹੋਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਆਮ ਆਉਂਦੇ ਰਹੇ ਹਨ। ਆਮ ਲੋਕ ਵੀ ਇਹਨਾਂ ਦੇ ਵਿਚਾਰਾਂ ਦੀ ਸੁਰ ਅਤੇ ਪਹੁੰਚ ਨੂੰ ਚੰਗੀ ਤਰ੍ਹਾਂ ਸਮਝਦੇ ਹਨ। 

ਹੁਣ ਮੁੱਖ ਮੰਤਰੀ ਦੀ ਇਹ ਪ੍ਰਤੀਕਿਰਿਆ ਡਾ. ਪਿਆਰੇ ਲਾਲ ਗਰਗ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਉਤੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ। ਇਨਾਂ ਦੋਵਾਂ ਨੂੰ ਸਿੱਧੂ ਨੇ ਹਾਲ ਹੀ ਵਿਚ ਆਪਣੇ ਸਲਾਹਕਾਰ ਨਿਯੁਕਤ ਕੀਤਾ ਹੈ। ਹੁਣ ਛੇਤੀ ਹੀ ਸੁਆਲ ਖੜਾ ਹੋ ਸਕਦਾ ਹੈ ਕਿ ਕੀ ਏਨੇ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤੀ ਦਾ ਕੋਈ ਜੱਥੇਬੰਦਕ ਵਿਧੀ-ਵਿਧਾਨ ਅਤੇ ਪ੍ਰਤੀਬੱਧਤਾ ਹੋਣੀ ਜ਼ਰੂਰੀ ਕਿਓਂ ਨਹੀਂ? ਅਹੁਦੇ ਦਾ ਭੇਦ ਗੁਪਤ ਰੱਖਣ ਵਾਲੀ ਸੰਹੁ ਵਰਗੀ ਕੋਈ ਰਸਮੀ ਪ੍ਰਕ੍ਰਿਆ ਵੀ ਕਿਓਂ ਨਹੀਂ? ਕੀ ਇਹ ਕਾਰਪੋਰੇਟ ਵਾਲਾ ਰੰਗ ਢੰਗ ਹੈ? ਕੀ ਕੋਈ ਜਮਹੂਰੀ ਪ੍ਰਕ੍ਰਿਆ ਜ਼ਰੂਰੀ ਨਹੀਂ ਸੀ? ਇਸੇ ਕਾਰਨ ਹੁਣ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ ਇਹਨਾਂ ਦਾ ਖਦਸ਼ਾ ਇਹਨਾਂ ਨਿਯੁਕਤੀਆਂ ਦੇ ਪਹਿਲੇ ਦਿਨ ਤੋਂ ਹੀ ਮੌਜੂਦ ਸੀ? ਕਿਹਾ ਜਾ ਸਕਦਾ ਹੈ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਨਿਯੁਕਤੀਆਂ ਵੇਲੇ ਕੁਝ ਆਖਦੇ ਤਾਂ ਬਖੇੜਾ ਖੜਾ ਹੋ ਜਾਣਾ ਸੀ ਪਰ ਆਖਿਰ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਇਹਨਾਂ ਖਦਸ਼ਿਆਂ ਦੀਆਂ ਸੰਭਾਵਨਾਵਾਂ ਨੂੰ ਅਣਗੌਲਿਆਂ ਕਿਓਂ ਕੀਤਾ? ਜਿੱਥੋਂ ਤੱਕ ਸਮਝ ਆਉਂਦਾ ਹੈ ਇਹਨਾਂ ਸਲਾਹਕਾਰਾਂ ਵਿੱਚੋਂ ਕੋਈ ਵੀ ਇਸ ਅਹੁਦੇ ਤੇ ਨਿਯੁਕਤ ਹੋਣ ਲਈ ਕਾਹਲਾ ਜਾਂ ਉਤਾਵਲਾ ਨਹੀਂ ਸੀ। ਸਿਆਸੀ ਨਜ਼ਰੀਏ ਨਾਲ ਇਹਨਾਂ ਨੂੰ ਇਹ ਅਹੁਦਾ ਸਵੀਕਾਰ ਕਰਨਾ ਵੀ ਨਹੀਂ ਸੀ ਚਾਹੀਦਾ। ਇਸ ਨਿਯੁਕਤੀ ਦੀ ਖਬਰ ਆਉਣ ਤੇ ਇਹਨਾਂ ਦੇ ਜਾਣੂੰ ਸੱਜਣਾਂ ਮਿੱਤਰਾਂ ਨੂੰ ਤਾਂ ਯਕੀਨ ਵੀ ਨਹੀਂ ਸੀ ਆਇਆ। 

ਪਰ ਮੌਜੂਦਾ ਹਾਲਾਤ ਨੂੰ ਨਾਜ਼ੁਕ ਹੁੰਦਿਆਂ ਦੇਖ ਕੇ ਹੁਣ ਇਸ ਸੰਬੰਧੀ ਬੋਲਡ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰ.ਮਾਲੀ ਅਤੇ ਡਾ. ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਜ਼ਾਹਰ ਕੀਤੀ ਹੈ। ਉਹਨਾਂ ਇਹ ਵੀ  ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨਾਂ ਉਤੇ ਲਗਾਮ ਲਾਉਣ ਲਈ ਵੀ ਕਿਹਾ। ਪਰ ਕੌਣ ਲਗਾਏਗਾ ਲਗਾਮ? ਇਹ ਸੱਜਣ ਜੋ ਵੀ ਬੋਲਦੇ ਹਨ ਬੜਾ ਤੋਲ ਕੇ ਬੋਲਦੇ ਹਨ ਜਿਹੜਾ ਕਾਨੂੰਨ ਪੱਖੋਂ ਕਿਸੇ ਵੀ ਤਰ੍ਹਾਂ ਗਲਤ ਜਾਂ ਕਮਜ਼ੋਰੀ ਭਰਿਆ ਨਹੀਂ ਹੁੰਦਾ। 

ਅੱਜ ਇਹਨਾਂ ਬਿਆਨਾਂ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰਾਂ ਦੇਸ਼ ਵਿਰੋਧੀ ਹੈ। ਉਨਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦਾ ਨਿਖੇਧੀ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ। ਆਖਿਰ ਕਾਂਗਰਸ ਪਾਰਟੀ ਦੀ ਕੌਮੀ ਹਾਈਕਮਾਨ ਨੂੰ ਇਹਨਾਂ ਸੰਭਾਵਨਾਵਾਂ ਦਾ ਪਤਾ ਕਿਓਂ ਨਹੀਂ ਸੀ? ਦਿਲਚਸਪ ਗੱਲ ਹੈ ਕਿ ਇਸ ਸੰਬੰਧੀ ਇਹਨਾਂ ਸਲਾਹਕਾਰਾਂ ਨੂੰ ਵੀ ਪਤਾ ਸੀ ਕਿ ਕਾਂਗਰਸ ਪਾਰਟੀ ਦੀ ਸੈਕੂਲਰ ਦਿੱਖ ਵਾਲੀ ਸਾਖ ਦੇ ਬਾਵਜੂਦ ਕਾਂਗਰਸ ਪਾਰਟੀ ਨਾਂ ਤਾਂ ਰਾਸ਼ਟਰਵਾਦ ਵਾਲੀ ਲਛਮਣ ਰੇਖਾ ਉਲੰਘ ਸਕਦੀ ਹੈ ਤੇ ਨਾ ਹੀ ਆਪਣੀ ਮੁੱਖ ਵਿਰੋਧੀ ਪਾਰਟੀ ਬੀਜੇਪੀ ਨੂੰ ਕਿਸੇ ਅਜਿਹੇ ਬਿਆਨ ਨੂੰ ਜ਼ਰੀਆ ਬਣਾ ਕੇ ਕੋਈ ਨਵਾਂ ਮੁੱਦਾ ਚੁੱਕਣ ਦਾ ਬਹਾਨਾ ਦੇ ਸਕਦੀ ਹੈ।  

ਸਿਆਸਤ ਵਿੱਚ ਹਰ ਧਿਰ ਜੇ ਕੋਈ ਸਹਿਯੋਗ ਦੇਂਦੀ ਹੈ ਤਾਂ ਉਸਦਾ ਵੱਧ ਤੋਂ ਵੱਧ ਲਾਹਾ ਵੀ ਲੈਂਦੀ ਹੈ। ਕੀ ਇਹ ਸੱਚ ਨਹੀਂ ਕਿ ਸਲਾਹਕਾਰਾਂ ਦੇ ਆਪੋ ਆਪਣੇ ਨਿਸ਼ਾਨੇ ਹੋਣ ਜਾਂ ਨਾ ਹੋਣ ਪਰ ਅਤੇ ਨਵਜੋਤ ਸਿੱਧੂ ਹੁਰਾਂ ਦੇ ਆਪਣੇ ਨਿਸ਼ਾਨੇ ਸਨ? ਗਰਗ ਵਲੋਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੀ ਪਾਕਿਸਤਾਨ ਦੀ ਆਲੋਚਨਾ ਵਾਲੀ ਟਿੱਪਣੀ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਦੱਸੇ ਜਾਣ ਵਾਲੇ ਬਿਆਨ ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਉਨਾਂ ਕਿਹਾ ਕਿ ਇਹ ਸੱਚ  ਨਾ ਸਿਰਫ ਹਰ ਪੰਜਾਬੀ ਬਲਕਿ ਹਰ ਭਾਰਤੀ ਜਾਣਦਾ ਹੈ ਕਿ ਪਾਕਿਸਤਾਨ ਸਾਡੇ ਲਈ ਹਮੇਸ਼ਾ ਖਤਰਾ ਰਿਹਾ ਹੈ। ਹਰ ਰੋਜ਼ ਉਹ ਸਾਡੇ ਸੂਬੇ ਅਤੇ ਦੇਸ ਵਿੱਚ ਉਥਲ-ਪੁਥਲ ਜਾਂ ਅਸਥਿਰਤਾ ਫੈਲਾਉਣ ਲਈ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਵਰਗੀਆਂ ਕੋਝੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। 

ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਸਮਰਥਨ ਵਾਲੀਆਂ ਤਾਕਤਾਂ ਦੇ ਹੱਥੋਂ ਜਾਨਾਂ ਗਵਾ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਦੀ ਹਕੀਕਤ ਦੇ ਬਾਵਜੂਦ ਕਿਧਰੇ ਇੰਝ ਤਾਂ ਨਹੀਂ ਲੱਗਦਾ ਕਿ ਇਹ ਸਲਾਹਕਾਰ ਆਪਣੀ ਵਿਚਾਰਧਾਰਾ ਵਾਲੇ ਕਿਸੇ ਲੋਕ ਇਨਕਲਾਬ ਲਈ ਰਾਹ ਪੱਧਰਾ ਕਰ ਰਹੇ ਸਨ? ਇਥੇ ਜ਼ਿਕਰਯੋਗ ਹੈ ਡਾਕਟਰ ਪਿਆਰੇ ਲਾਲ ਗਰਗ ਬਹੁਤ ਹੀ ਬਜ਼ੁਰਗ ਅਤੇ ਸੁਲਝੇ ਹੋਏ ਸ਼ਖਸ ਹਨ। ਇਸੇ ਤਰ੍ਹਾਂ ਮਾਲਵਿੰਦਰ ਸਿੰਘ ਮਾਲੀ ਵੀ ਬੜੇ ਨਾਜ਼ੁਕ ਕਿਸਮ ਦੇ ਹਾਲਾਤਾਂ ਵਿੱਚੋਂ ਨਿਕਲੇ ਹੋਏ ਹਨ। ਇਹ ਦੋਵੇਂ ਜਣੇ ਬਿਨਾ ਸੋਚੇ ਸਮਝੇ ਕੁਝ ਨਹੀਂ ਬੋਲਣ ਵਾਲੇ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਪਾਰਟੀ ਨੂੰ ਉਹ ਸਭ ਰਾਸ ਆਉਂਦਾ ਹੈ ਜਾਂ ਨਹੀਂ? ਇੱਕ ਗੱਲ ਹੋਰ ਵੀ ਕਿ ਇਹ ਦੋਵੇਂ ਆਪਣੇ ਬਿਆਨਾਂ ਤੋਂ ਪਿੱਛੇ ਮੁੜਨ ਵਾਲੇ ਵੀ ਨਹੀਂ ਅਹੁਦੇ ਭਾਵੇਂ ਛੱਡ ਜਾਣ।  

ਫਿਰ ਵੀ ਘਟਨਾਕ੍ਰਮ ਗੰਭੀਰ ਕਰਵਟ ਲਾਇ ਰਿਹਾ ਹੈ। ਸ਼ਾਇਦ  ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਖੁਸ਼ ਵੀ ਹਨ ਅਤੇ ਭਰੇ ਦਿਲ ਨਾਲ ਆਖਦੇ ਹਨ ਕਿ ਗਰਗ ਜੋ ਰਾਜਨੀਤੀ ਤੋਂ ਪ੍ਰੇਰਿਤ ਭੜਕਾਊ ਤੇ ਗੈਰ ਜਿੰਮੇਵਾਰਨਾ ਖੁੱਲੇਆਮ ਬਿਆਨ ਦੇ ਰਹੇ ਹਨ, ਨੂੰ ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, “ਗਰਗ ਸ਼ਾਇਦ ਭੁੱਲ ਗਏ ਹਨ ਕਿ ਅੱਸੀਵਿਆਂ ਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਹਜ਼ਾਰਾਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਇਹਨਾਂ ਕੁਰਬਾਨੀਆਂ ਨੂੰ ਮੈਂ ਨਹੀਂ  ਭੁੱਲਿਆ ਅਤੇ ਨਾ ਹੀ ਪੰਜਾਬ ਦੇ ਲੋਕ ਭੁੱਲੇ ਹਨ। ਪਾਕਿਸਤਾਨ ਦੇ ਖਤਰਨਾਕ ਮਨਸੂਬਿਆਂ ਨੂੰ ਨੂੰ ਨਾਕਾਮ ਕਰਨ ਲਈ ਅਸੀਂ ਆਪਣੀ ਲੜਾਈ ਜਾਰੀ ਰੱਖਦੇ ਹੋਏ ਹਰ ਹੀਲਾ ਵਰਤਾਂਗੇ।” ਹੁਣ ਦੇਖਣਾ ਹੈ ਕਿ ਸਿੱਧੂ ਦੇ ਅਗਵਾਈ ਹੇਠ ਸ਼ੁਰੂ ਹੋਈ ਇਹ ਸਿਆਸੀ ਲੜਾਈ ਕਿੱਧਰ ਨੂੰ ਜਾ ਰਹੀ ਹੈ?

ਸਲਾਹਕਾਰਾਂ ਨੰ ਪਤਾ ਹੈ ਕਿ ਭਾਵੇਂ ਨਵੰਬਰ-84 ਦੇ ਮਾਮਲੇ ਹੋਣ, ਭਾਵੇਂ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਹੋਵੇ, ਭਾਵੇਂ ਮਹਿੰਗੀ ਬਿਜਲੀ ਦੇ ਚੱਕਰਵਿਯੂਹ ਵਿੱਚੋਂ ਨਿਕਲਣ ਦੀ ਗੱਲ ਹੋਵੇ ਤੇ ਭਾਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਮਕਸਦ ਹੋਵੇ। ਉਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਬਿਨਾ ਕੇਂਦਰ ਦੀ ਮਦਦ ਦੇ ਇਕੱਲੇ ਤੌਰ ਤੇ ਨਹੀਂ ਕਰ ਸਕਦੇ। ਇਸ ਲਈ ਜੰਗ ਕੌਣ ਲੜ ਰਿਹੈ ਅਤੇ ਕਿਸਦੇ ਖਿਲਾਫ? ਕੀ ਇਹ ਸਲਾਹਕਾਰ ਨੇੜ ਭਵਿੱਖ ਵਿੱਚ ਸਿੱਧੂ ਅਤੇ ਕੈਪਟਨ-ਦੋਹਾਂ ਧਿਰਾਂ ਨੂੰ ਸੁਹਿਰਦ ਅਤੇ ਸਾਂਝੇ ਸੰਘਰਸ਼ ਲਈ ਮਨਾ ਸਕਣਗੇ? ਸ੍ਰ. ਮਾਲੀ ਦਾ ਕਹਿਣਾ ਹੈ ਕਿ ਅਸੀਂ ਸਮੁੱਚੇ ਹਿੰਦੋਸਤਾਨ ਦੇ ਸਮੂਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਅਤੇ ਦੇਸ਼ ਨੂੰ ਬੁਲੰਦੀ ਤੇ ਲਿਜਾਣਾ ਹੈ। ਹੁਣ ਦੇਖਣਾ ਹੈ ਕਿ ਹਾਲਾਤ ਦੀ ਕਰਵਟ ਤੇ ਨਜ਼ਰ ਰੱਖੀ ਜਾਈ ਅਤੇ ਦੁਆ ਕੀਤੀ ਜਾਈ ਕਿ ਸਭ ਕੁਝ ਅਮਨ-ਅਮਾਨ ਅਤੇ ਏਕਤਾ ਨਾਲ ਸਿਰੇ ਚੜ੍ਹੇ। ਬਿਆਨਬਾਜ਼ੀ ਦੀ ਤਲਖੀ ਛੇਤੀ ਦੂਰ ਹੋ ਜਾਵੇ। 

No comments: