Showing posts with label Punjabi Poetry. Show all posts
Showing posts with label Punjabi Poetry. Show all posts

Sunday, December 25, 2022

ਇਹ ਰਣ ਹੈ ਪੌਣ ਸਵਾਰਾਂ ਦਾ//ਗੁਰਭਜਨ ਗਿੱਲ

Sunday 25th December 2022 at 09:07 AM 

ਹੰਸ ਰਾਜ ਹੰਸ ਨੇ ਗਾਇਆ ਸੀ ਇਹ ਦਿਲਟੁੰਬਵਾਂ ਗੀਤ 


ਲੁਧਿਆਣਾ: 25 ਦਸੰਬਰ 2022: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਅੱਜ ਜਦੋਂ ਸਾਰੀ ਦੁਨੀਆਂ ਕ੍ਰਿਸਮਿਸ ਦੀਆਂ ਵਧਾਈਆਂ ਦੇਣ ਵਿੱਚ ਰੁੱਝੀ ਹੋਈ ਹੈ ਤਾਂ ਇਸ ਵਿਚ ਖਾਲਸਾ ਪੰਥ ਨਾਲ ਜੁੜੇ ਸਿੱਖ ਅਤੇ ਗੁਰਸਿੱਖ ਪਰਿਵਾਰ ਵੀ ਪੂਰੀ ਸਰਗਰਮੀ ਨਾਲ ਸ਼ਾਮਲ ਹਨ। ਕ੍ਰਿਸਮਿਸ ਦੀਆਂ ਵਧਾਈਆਂ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਨਿੱਕੀ ਉਮਰੇ ਸ਼ਹੀਦ ਹੋਣ ਵਾਲੇ ਸਾਹਿਬਜ਼ਾਦਿਆਂ ਨੂੰ ਭੁੱਲ ਜਾਣਾ ਨਿਸਚੇ ਹੀ ਅਕ੍ਰਿਤਘਣਤਾ ਵਾਲੀ ਗੱਲ ਹੋਵੇਗੀ। ਉਹਨਾਂ ਮਹਾਨ ਸ਼ਹੀਦਾਂ ਨੂੰ ਭੁੱਲ ਜਾਣਾ ਸ਼ਹੀਦੀਆਂ ਨਾਲ ਭਰੇ ਸਿੱਖ ਇਤਿਹਾਸ ਪ੍ਰਤੀ ਮੁਜਰਮਾਨਾ ਗੁਸਤਾਖੀ ਵੀ ਹੋਵੇਗੀ। ਅੱਜ ਪ੍ਰੋਫੈਸਰ ਗੁਰਭਜਨ ਗਿੱਲ ਨੇ ਆਪਣਾ ਇੱਕ ਪੁਰਾਣਾ ਗੀਤ ਯਾਦ ਦੁਆ ਕੇ ਸਾਨੂੰ ਸਭਨਾਂ ਨੂੰ ਹੀ ਬਹੁਤ ਕੁਝ ਯਾਦ ਦੁਆਇਆ ਹੈ। ਇਹ ਗੀਤ ਜਦੋਂ ਟੀ ਸੀਰੀਜ਼ ਵਾਲਿਆਂ ਦੀ ਕੈਸੇਟ ਵਿਚ ਸ਼ਾਮਲ ਹੋਇਆ ਸੀ ਤਾਂ ਉਦੋਂ ਵੀ ਬਹੁਤ ਚਰਚਿਤ ਹੋਇਆ ਸੀ। ਨਿੱਕੇ ਨਿੱਕੇ ਦੋ ਖਾਲਸੇ ਨਾਮ ਦੀ ਇਹ ਕੈਸੇਟ ਪੰਜਾਬੀ ਭਵਨ ਦੇ ਸਾਹਿਤਿਕ ਮਾਹੌਲ ਵਾਲੇ ਕੰਪਲੈਕਸ ਵਿੱਚ ਰਿਲੀਜ਼ ਹੋਈ ਸੀ। ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਜ਼ਮਾਨਾ ਸੀ। ਪੰਜਾਬੀ ਭਵਨ ਵਿਚ ਅਕਸਰ ਮੇਲਾ ਲੱਗਾ ਹੀ ਰਹਿੰਦਾ ਸੀ। ਇਹ ਗੀਤ ਕਿਵੇਂ ਅਤੇ ਕਦੋਂ ਲਿਖਿਆ ਗਿਆ ਇਸਦੀ ਵੀ ਇੱਕ ਕਹਾਣੀ ਹੈ। ਇਹ ਕਹਾਣੀ ਦੱਸਦਿਆਂ ਪ੍ਰੋਫੈਸਰ ਗੁਰਭਜਨ ਗਿੱਲ ਦੱਸਦੇ ਹਨ,"ਜਦ ਕਦੇ ਵੀ ਦਿੱਲੀ ਦੇ ਰਾਹ ਜਾਂਦਾ ਹਾਂ, ਹਰ ਵਾਰ ਰਾਹ ਵਿੱਚ ਸਰਹਿੰਦ ਚੇਤੇ ਕਰਵਾਉਂਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਤੇ ਫ਼ਤਹਿ ਸਿੰਘ ਜੀ ਦਾ ਏਥੇ ਸਦੀਵੀ ਨਿਵਾਸ ਹੈ। ਮਾਤਾ ਗੁਜਰੀ ਠੰਢੇ ਬੁਰਜ ਵਿੱਚ ਅਜੇ ਵੀ ਸਾਹਿਜ਼ਾਦਿਆਂ ਨੂੰ ਉਡੀਕਦੀ ਹੈ। ਇਥੇ ਹੀ ਹੈ ਅਜੇ ਬਿਰਧ ਮਾਤ।"  

ਲਗਪਗ ਪੈਂਤੀ ਸਾਲ ਪਹਿਲਾਂ ਮੈਂ ਏਧਰੋਂ ਲੰਘਦਿਆਂ ਇੱਕ ਗੀਤ ਲਿਖਿਆ 

ਇਹ ਦੁਨੀਆ ਨਹੀਂ ਕਮਦਿਲਿਆਂ ਦੀ

ਇਹ ਰਣ ਹੈ ਪੌਣ ਸਵਾਰਾਂ ਦਾ। 

ਨੀਹਾਂ ਦੇ ਵਿੱਚ ਜੇ ਸਿਰ ਹੋਵਣ

ਮੁੱਲ ਪੈ ਜਾਂਦਾ ਦੀਵਾਰਾਂ ਦਾ। 

ਪ੍ਰੋਫੈਸਰ ਗੁਰਭਜਨ ਗਿੱਲ ਅੱਗੇ ਦੱਸਦੇ ਹਨ ਸੰਨ 1992 ਚ ਮੇਰੀ ਕਾਵਿ ਕਿਤਾਬ ਬੋਲ ਮਿੱਟੀ ਦਿਆ ਬਾਵਿਆ ਛਪੀ ਤਾਂ ਮੈਂ ਇਹ ਗੀਤ ਉਸ ਵਿੱਚ ਸ਼ਾਮਿਲ ਕੀਤਾ। ਸੰਨ 1999 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਲੇ ਤਿੰਨ ਸੌ ਸਾਲ ਸਮਾਰੋਹਾਂ ਨੂੰ ਸਮਰਪਿਤ ਟੀ ਸੀਰੀਜ਼ ਨੇ ਕੇਸਰ ਸਿੰਘ ਨਰੂਲਾ ਜੀ ਦੇ ਸੰਗੀਤ ਵਿੱਚ ਕੈਸਿਟ ਨਿੱਕੇ ਨਿੱਕੇ ਦੋ ਖ਼ਾਲਸੇ ਤਿਆਰ ਕੀਤੀ ਤਾਂ ਇਸ ਵਿੱਚ ਹੰਸ ਰਾਜ ਹੰਸ ਜੀ ਨੇ ਇਹ ਗੀਤ ਰੀਕਾਰਡ ਕਰ ਦਿੱਤਾ। ਮੇਰੀ ਜੀਵਨ ਪੂੰਜੀ ਹੈ ਇਹ ਗੀਤ। ਸਾਹਿਬਜ਼ਾਦਿਆਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਦੀ ਨਿੱਕੀ ਜਹੀ ਕੋਸ਼ਿਸ਼। 

ਸਾਡੇ ਸੰਪਾਦਕੀ ਡੈਸਕ ਦੀ ਅਰਜੋਈ ਵੀ ਹੈ ਤੁਹਾਨੂੰ ਸਭਨਾਂ ਨੂੰ ਕਿ ਅੱਜ ਦੇ ਦਿਨ ਇਹ ਗੀਤ ਸੁਣਨਾ ਅਤੇ ਪੜ੍ਹਨਾ ਸਾਡੇ ਸਭਨਾਂ ਲਈ ਜ਼ਰੂਰੀ ਹੈ। ਲਓ ਦਿਲ ਵਿੱਚ ਉਤਾਰੋ ਇਸ ਗੀਤ ਵਿਚਲੀ ਭਾਵਨਾ ਅਤੇ ਜਜ਼ਬਾਤ ਨੂੰ ਸ਼ਾਇਦ ਤੁਸੀਂ ਵੀ ਕ੍ਰਿਸਮਿਸ ਦੀਆਂ ਵਧਾਈਆਂ ਦੇ ਇਸ ਫੈਸ਼ਨ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦੇ ਕਾਬਲ ਹੋ ਸਕੋ। 

ਲੇਖਕ ਪ੍ਰੋਫੈਸਰ ਗੁਰਭਜਨ ਗਿੱਲ 

ਇਹ ਦੁਨੀਆ ਨਹੀਂ ਕਮਦਿਲਿਆਂ ਦੀ

ਇਹ ਰਣ ਹੈ ਪੌਣ ਸਵਾਰਾਂ ਦਾ। 

ਨੀਂਹਾਂ ਦੇ ਵਿੱਚ ਜੇ ਸਿਰ ਹੋਵਣ, 

ਮੁੱਲ ਪੈ ਜਾਂਦਾ ਦੀਵਾਰਾਂ ਦਾ। 


ਜੋ ਸੂਲੀ ਚੜ੍ਹ ਮੁਸਕਾਉਂਦੇ ਨੇ। 

ਉਹ ਜਾਬਰ ਨੂੰ ਅਜਮਾਉਂਦੇ ਨੇ। 

ਇਤਿਹਾਸ ਗਵਾਹ ਬਹਿ ਤਵੀਆਂ ਤੇ,

ਉਹ ਜਾਬਰ ਨੂੰ ਅਜ਼ਮਾਉਂਦੇ ਨੇ। 

ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ, 

ਨਹੀਂ ਡਰ ਸ਼ਾਹੀ ਦਰਬਾਰਾਂ ਦਾ। 

ਇਹ ਦੁਨੀਆਂ…….


ਜੋ ਦੀਨ ਦੁਖੀ ਕੇ ਹੇਤ ਲੜੇ। 

ਉਸ ਦੀ ਹੀ ਬੇੜੀ ਤੋੜ ਚੜ੍ਹੇ। 

ਜੋ ਰੋਕ ਪਿਆਂ ਤੇ ਰੁਕ ਜਾਵਣ,

ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ। 

ਤਪਦੇ ਥਲ ਵਿੱਚ ਦੀ ਪੈਂਡਾ ਕਰ, 

ਜੇ ਚਾਹੁੰਦੈਂ ਸਾਥ ਬਹਾਰਾਂ ਦਾ। 

ਇਹ ਦੁਨੀਆਂ…..


ਇਹ ਤਾਂ ਸਿਰਲੱਥਾਂ ਦੀ ਬਸਤੀ ਹੈ। 

ਏਥੇ ਜ਼ਿੰਦਗੀ ਮੌਤੇਂ ਸਸਤੀ ਹੈ। 

ਮਿੱਟੀ ਵਿੱਚ ਆਪਣਾ ਖ਼ੂਨ ਚੁਆ, 

ਤਦ ਮਿਲਣੀ ਉੱਚੀ ਹਸਤੀ ਹੈ। 

ਇਹ ਜੋ ਰੰਗਾਂ ਦਾ ਦਰਿਆ ਜਾਪੇ, 

ਸਭ ਖ਼ੂਨ ਵਹੇ ਮੇਰੇ ਯਾਰਾਂ ਦਾ। 

ਇਹ ਦੁਨੀਆਂ…..,.


ਪਈ ਰਾਤ ਹਨ੍ਹੇਰ ਚੁਫ਼ੇਰਾ ਹੈ। 

ਧੂੰਏਂ ਦਾ ਘਿਰਿਆ ਘੇਰਾ ਹੈ। 

ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ, 

ਹਾਲੇ ਕਿੰਨੀ ਕੁ ਦੂਰ ਸਵੇਰਾ ਹੈ। 

ਸੂਰਜ ਦੀ ਸੁਰਖ਼ ਸਵੇਰ ਬਿਨਾ, 

ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ। 

ਇਹ ਦੁਨੀਆਂ …….

🌘

ਨਮਨ ਹੈ ਸੂਰਮਿਆਂ ਨੂੰ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, January 09, 2022

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ

9th January 2022 at 10:34 AM 

 ਸ਼ਿਵ ਕੁਮਾਰ ਬਟਾਲਵੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ‘ਜਨਮ ਦਿਹਾੜੇ’ ‘ਤੇ ਲਿਖੀ ਕਵਿਤਾ


ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ.. ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ.... ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ... ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ •••• ਪੇਸ਼ ਹੈ ਉਹ ਕਵਿਤਾ 👇--ਮਾਲਵਿੰਦਰ ਸਿੰਘ ਮਾਲੀ ਦੇ ਵਟਸਪ ਸੁਨੇਹੇ ਵਿੱਚੋਂ-- 

ਤੁਸੀਂ ਇਥੇ ਵੀ ਕਲਿੱਕ ਕਰ ਸਕਦੇ ਹੋ 
ਮਾਲਵਿੰਦਰ ਸਿੰਘ ਮਾਲੀ ਹੁਰਾਂ ਵੱਲੋਂ ਸਾਹਮਣੇ ਲਿਆਂਦੀ ਇਹ ਕਾਵਿ ਰਚਨਾ ਅਸਲ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਅੰਦਰ ਆਈ  ਤਬਦੀਲੀ ਦਾ ਪਤਾ ਵੀ ਦੇਂਦੀ ਹੈ। ਕਿਸੇ ਵੇਲੇ ਆਕਾਸ਼ਵਾਣੀ ਜਲੰਧਰ ਦੇ ਸੀਨੀਅਰ ਅਫਸਰ ਐਸ ਐਸ ਮੀਸ਼ਾ ਨੇ ਲਿਖਿਆ ਸੀ-
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!
ਸਾਥੋਂ ਮੋਹ ਤੋੜ ਹੋਇਆ ਨ ਕਿਨਾਰਿਆਂ ਦੇ ਨਾਲ!
ਅਜਿਹੀ ਸਥਿਤੀ ਕਈਆਂ ਦੇ ਨਾਲ ਵਾਪਰੀ ਸੀ। ਇਹ ਦੁਬਿਧਾ ਬਹੁਤ ਸਾਰੇ ਮਨਾਂ ਵਿੱਚ ਸੀ। ਸ਼ਿਵ ਦੀ ਕਵਿਤਾ ਦੱਸਦੀ ਹੈ ਕਿ ਉਸਨੇ ਦੁਬਿਧਾ ਵਾਲਾ ਪੜਾਅ ਉਲੰਘ ਲਿਆ ਸੀ। ਉਮਰ ਨੇ ਵਫਾ ਨਾ ਕੀਤੀ ਨਹੀਂ ਤਾਂ ਅਜਿਹੇ ਯਾਦਗਾਰੀ ਸਾਹਿਤ ਹੋਰ ਵੀ ਬਹੁਤ ਕੁਝ ਸਾਹਮਣੇ ਆਉਂਦਾ। ਦੁਬਿਧਾ ਵਾਲੀ ਸਥਿਤੀ ਅੱਜ ਵੀ ਕਾਫੀ ਹੈ। -ਰੈਕਟਰ ਕਥੂਰੀਆ 

ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਰਚਨਾ -ਆਰਤੀ--

ਮੈਂ ਕਿਸ ਹੰਝੂ ਦਾ ਦੀਵਾ ਬਾਲਕੇ ਤੇਰੀ ਆਰਤੀ ਗਾਵਾਂ, 

ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, 

ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ,

ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, 

ਭਰੇ ਬਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, 

ਜੋ ਆਪਣੇ ਸੋਹਲ ਛਿੰਦੇ ਬਾਲ ਨੀਂਹਾਂ ਵਿੱਚ ਚਿਣਾ ਆਵੇ, 

ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ, 

ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ, 

ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ, 

ਮੈਂ ਕਿੰਝ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ, 

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ, 

ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ,

ਮੇਰੇ ਗੀਤਾਂ ਦੀ ਮਹਿਫ਼ਲ 'ਚੋਂ ਕੋਈ ਉਹ ਗੀਤ ਨਹੀਂ ਲੱਭਦਾ

ਜੋ ਤੇਰੇ ਸ਼ੀਸ ਮੰਗਣ ਤੇ ਤੇਰੇ ਸਾਹਵੇਂ ਖੜ੍ਹਾ ਹੋਵੇ, 

ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ, 

ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ, 

ਕਿ ਜਿਸ ਨੂੰ ਪੀੜ ਤਾਂ ਕੀਹ ਪੀੜ ਦਾ ਅਹਿਸਾਸ ਨਾ ਛੋਹਵੇ, 

ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ, 

ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ,

ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾਂ ਹਾਂ ਕਿ ਉਹ ਹੋਵੇ, 

ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ 'ਚ ਰੋਹ ਹੋਵੇ, 

ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ, 

ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਅ ਹੋਵੇ, 

ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ, 

ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰਾਂ ਤੇਰੇ ਦੁਆਰ ਤੇ ਆਵਾਂ,

ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ, 

ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ, 

ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ, 

ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ, 

ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ, 

ਮੈਂ ਸ਼ਾਇਦ ਫੇਰ ਕੁੱਝ ਭੇਟਾ ਕਰਨ ਯੋਗ ਹੋ ਜਾਵਾਂ, 

ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ,

ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, 

ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।

-ਸ਼ਿਵ ਕੁਮਾਰ ਬਟਾਲਵੀ

 * ਪੇਸ਼ਕਸ਼:ਯਸ਼ ਪਾਲ*

(ਸੰਪਾਦਕ’ਵਰਗ ਚੇਤਨਾ’) 

 

Monday, March 25, 2019

ਅਸਲੀ ਗੱਲਾਂ ਕਰਨ ਵਾਲੀ ਸ਼ਾਇਰਾ ਰਾਜਿੰਦਰ ਮਾਵੀ ਦੀਆਂ ਸੱਤ ਕਵਿਤਾਵਾਂ

ਕਦਮ ਕਦਮ 'ਤੇ ਰੰਗ ਬਦਲਦੀ ਜ਼ਿੰਦਗੀ ਦੀਆਂ ਗੱਲਾਂ ਕਰਦੀ ਸ਼ਾਇਰੀ
1. ਹਾਦਸੇ
ਰੇਤ ਵਾਂਗ ਮੇਰੇ ਵਜੂਦ ਨੂੰ, ਕੋਈ ਕਿਣਕਾ-ਕਿਣਕਾ ਕਰ ਰਿਹਾ। ਇਹਨੂੰ ਬਾਜ਼ੀ ਸਮਝ ਤਾਸ਼ ਦੀ, ਕਿਉਂ ਜਾਣਕੇ ਕੋਈ ਹਰ ਰਿਹਾ। ਕੋਲ ਆਬਸ਼ਾਰ ਦੇ ਹੁੰਦਿਆਂ, ਕੋਈ ਤਿਹਾਇਆ ਮਰ ਰਿਹਾ। ਹੈ ਜ਼ਾਲਮ ਨਾਲ ਅਜੇ ਵੀ ਮੋਹ, ਜਿਹੜਾ ਜਖ਼ਮਾਂ 'ਚ ਨਮਕ ਭਰ ਰਿਹਾ। ਦਰਪੇਸ਼ ਹਾਦਸਾ-ਦਰ-ਹਾਦਸਾ, ਕਿ ਮੇਰੀ ਰੂਹ ਖੰਡਰ ਕਰ ਰਿਹਾ। 2. ਪੰਛੀ ਮੈਂ ਹਾਂ ਪਰ ਕਟੀ ਕੂੰਜ ਮੇਰੀਆਂ ਸੋਚਾਂ ਤੇ ਵੀ ਪਹਿਰਾ ਹੈ। ਇਹ ਅੱਖਾਂ ਡੂੰਘੇ ਸਮੁੰਦਰ ਜਿਹੀਆਂ ਕੋਈ ਰਾਜ਼ ਇਨ੍ਹਾਂ ਵਿੱਚ ਗਹਿਰਾ ਹੈ। ਮੈਨੂੰ ਲਲਕ ਬੜੀ ਖੁੱਲ੍ਹ ਜੀਵਣ ਦੀ ਸਾਰੀ ਕਾਇਨਾਤ ਮੇਰਾ ਰੈਣ ਬਸੇਰਾ ਹੈ। ਅਜ਼ਲਾਂ ਤੋਂ ਇੱਕਲੀ ਭਟਕ ਰਹੀ ਭਾਵੇਂ ਭਰਿਆ ਚਾਰ ਚੁਫੇਰਾ ਹੈ। ਇੱਕ ਬੂੰਦ ਸਵਾਂਤੀ ਨੂੰ ਤੜਫ਼ ਰਹੀ ਜਿੰਦ ਮ੍ਰਿਗ ਤ੍ਰਿਸ਼ਨਾ ਦਾ ਘੇਰਾ ਹੈ। ਜੱਗ ਸੱਖਣਾ ਮੈਨੂੰ ਤੇਰੇ ਬਿਨ ਉਂਝ ਕਹਿਣ ਨੂੰ ਸਭ ਕੁਝ ਮੇਰਾ ਹੈ। 3. ਇਸ਼ਕ ਚੱਲ ਮਿਲੀਏ! ਮੌਤ ਤੋਂ ਪਾਰ ਜਿੰਦਗੀ ਤੋਂ ਥੋੜ੍ਹਾ ਉਰੇ, ਤੇਰੀ ਨਜ਼ਰ ਛੂਹ ਲਵੇ ਮੇਰੇ ਮੁੱਖ ਨੂੰ ਜਿਵੇਂ ਛੱਲ ਕਿਨਾਰਾ ਛੋਹ ਮੁੜੇ ਜਿਹੜੀ ਕਿੰਨਾ ਕੁਝ ਹੀ ਛੱਡ ਆਵੇ ਤੇ ਕਿੰਨਾ ਕੁਝ ਨਾਲ਼ ਲੈ ਮੁੜੇ ਜਿੱਥੇ ਰੂਹ ਨੂੰ ਬੱਸ ਰੂਹ ਮਿਲੇ ਜਿਸਮਾਂ ਦੀ ਨਾ ਕੋਈ ਗੱਲ ਤੁਰੇ ਉੱਥੇ ਮੁੱਕ ਜਾਏ ਤਾਂਘ ਮਿਲਣ ਦੀ ਨਾ ਵਿਛੜਣ ਦਾ ਡਰ ਪੋਹ ਸਕੇ ਮੈਨੂੰ ਕਰ 'ਸੋਹਣੀ' ਦੇ ਮੇਚਦੀ ਜੋ ਕੱਚਾ ਘੜਾ ਲਹਿਰ ਚ ਠੇਲ੍ਹ ਸਕੇ ਮੈਂ 'ਸੱਸੀ' ਬਣਨਾ ਲੋਚਦੀ ਜੋ ਵਿਚ ਤਪਦੇ ਥਲਾਂ ਦੇ ਸੜ ਮਚੇ ਇਹ ਨਾਚ ਅਨੂਠਾ ਨੱਚਦਿਆਂ ਮੈਨੂੰ 'ਮੈਂ' ਤੋਂ ਬਸ 'ਤੂੰ' ਕਰੇ। 4. ਬਿਰਹਾ ਯਾਦਾਂ ਦੀ ਇਹ ਤੰਦ ਇਕਹਿਰੀ ਸਹਿਜੇ ਸਹਿਜੇ ਉਧੜ ਰਹੀ ਐ। ਕਰ ਗਲੋਟੇ 'ਕੱਠੇ ਕਰਦੀ ਪੀੜਾਂ ਨੂੰ ਮੈਂ 'ਕੱਲੀ ਜਰਦੀ ਰੂਹ ਸੰਤਾਪੀ ਝੱਲ ਰਹੀ ਐ। ਇਕਲਾਪੇ ਦੀ ਜੂਨ ਬੁਰੀ ਏ ਭੀੜ ਚ ਵੀ 'ਕੱਲੀ ਖੜ੍ਹੀ ਏ ਪੋਟਾ ਪੋਟਾ ਵਿੰਨ੍ਹ ਰਹੀ ਐ। ਰੱਖ ਲਾਂ ਨੀ ਮੈਂ ਸਭ ਤੋਂ ਪਰਦਾ ਪਰ ਆਖੇ ਬਿਨ ਵੀ ਨਾ ਸਰਦਾ ਉਹਨੂੰ ਹੀ ਬਸ ਸਾਰ ਨਹੀਂ ਐ। ਇਹ ਬਿਰਹੜਾ ਵੀ ਮੈਨੂੰ ਪਿਆਰਾ ਇਕਲਾਪੇ ਵਿੱਚ ਇਕ ਸਹਾਰਾ ਜਿੰਦਗੀ ਕਰਜ਼ ਉਤਾਰ ਰਹੀ ਐ। 5. ਚਿੜੀ ਲਿਆ ਤਿਣਕੇ ਆਲ੍ਹਣਾ ਪਾਉਂਦੀ ਸੀ ਤੂੰ ਮੇਰੇ ਘਰ ਨੂੰ ਘਰ ਬਣਾਉਂਦੀ ਸੀ ਤੂੰ ਤੇਰੇ ਨਿੱਕੜੇ ਬੋਟਾਂ ਤੋਂ ਮੈਂ ਸਦਕੇ ਮੇਰੇ ਘਰ ਨੂੰ ਭਾਗ ਲਗਾਉਂਦੀ ਸੀ ਤੂੰ ਤੇਰੇ ਚੂਕਣ ਨਾਲ ਸੂਰਜ ਚੜ੍ਹਦਾ ਸੀ ਹਰ ਵਿਹੜੇ ਨੂੰ ਮਹਿਕਉਂਦੀ ਸੀ ਤੂੰ ਸਾਡੇ ਸੁਆਰਥ ਦੀ ਤੂੰ ਭੇਂਟ ਚੜੀ ਤਬਾਹੀ ਦੇ ਸੰਕੇਤ ਦਿਖਾਉਂਦੀ ਸੀ ਤੂੰ ਅੱਜ ਤੇਰੇ ਕਾਤਲ ਬਣ ਗਏ ਹਾਂ ਸਾਨੂੰ ਕੁਦਰਤ ਨਾਲ ਮਿਲਾਉਂਦੀ ਸੀ ਤੂੰ। 6. ਅਜਨਬੀ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਸਫ਼ਰ ਸੌਖਾ ਨਹੀਂ ਹੁੰਦਾ। ਰੋਜ਼ ਇੱਕ ਚਾਅ ਮਰਦੈ ਅਣਆਈ ਮੌਤ ਇੱਕ ਆਸ ਰੋਜ਼ ਹੰਢਾਉਂਦੀ ਹੈ ਬੇਆਸ ਹੋਣ ਦਾ ਦਰਦ ਤਿੜਕ ਜਾਂਦੇ ਨੇ ਵਿਸ਼ਵਾਸ ਟੁੱਟ ਜਾਂਦੇ ਅੱਧਵਾਟੇ ਹੀ ਸੁਪਨੇ ਚਕਨਾਚੂਰ ਹੋ ਜਾਂਦੈ ਕੱਚ ਵਾਂਗ ਮੋਹ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਪੈਂਡਾ ਸੱਚ ਹੀ ਬਹੁਤ ਬਿਖੜਾ ਤੇ ਲੰਮੇਰਾ ਹੁੰਦੈ। 7. ਮਹਿਰਮ ਗਲ ਨਾਲ਼ ਲਾ ਕੇ ਉਹ ਖੰਜਰ ਨਾਲ਼ ਵਾਰ ਕਰਦੈ, ਸ਼ਰੇ ਬਜ਼ਾਰ ਨਿਲਾਮ ਕਰ ਦਾਅਵਾ ਕਰੇ ਕਿ ਪਿਆਰ ਕਰਦੈ। ਕਤਲ ਕਰਕੇ ਵੀ ਮੇਰਾ ਉਹ ਖੁਦ ਨੂੰ ਬੇਗੁਨਾਹ ਦੱਸੇ ਸਿਤਮ ਦੇਖੋ ਕਿ ਮੁਹੱਬਤ ਦਾ ਵੀ ਇਜ਼ਹਾਰ ਕਰਦੈ। ਉਹਦੇ ਲਈ ਖੇਡ ਹੈ ਦਿਲ ਖੇਡੇ ਤੇ ਤੋੜ ਦੇਵੇ ਸੌਦਾਗਰ ਹੈ ਕਿ ਅਰਮਾਨਾਂ ਦਾ ਵਪਾਰ ਕਰਦੈ। ਉਹਦੇ ਸ਼ਹਿਰ ਆ ਕੇ ਇੱਕ ਗੱਲ ਸਮਝ ਆਈ ਦਵਾ ਵੀ ਉੰਨਾ ਅਸਰ ਨਾ ਕਰੇ ਜਿੰਨਾ ਕਿ ਉਹਦਾ ਦੀਦਾਰ ਕਰਦੈ। 46 ਔਰਤ ਮੈਂ ਔਰਤ ਹਾਂ, ਜ਼ਮੀਨ ਨਹੀਂ ਜੋ ਖ੍ਰੀਦਦਾਰ ,ਮੁੱਲ ਤਾਰ, ਦਾਅਵੇਦਾਰ ਬਣ ਬੈਠੇ ਮੇਰੇ ਵੀ ਕੁਝ ਅਰਮਾਨ ਮੇਰੇ ਵੀ ਕੁਝ ਸੁਪਨੇ, ਚਾਹਵਾਂ ਉੱਡਣ ਲਈ ਮੁੱਠੀ ਭਰ ਅਸਮਾਨ ਤੇ ਆਪਣੇ ਹਿੱਸੇ ਦੀ ਭੌਂ ਵੀ ਪੈਰ ਟਿਕਾਉਣ ਲਈ, ਮੈਨੂੰ ਵੀ ਚਾਹੀਦੇ ਹਨ ਚੰਦ ਤਾਰੇ,ਪਰ ਤੱਕਣ ਲਈ, ਨਹੀਂ ਚਾਹੁੰਦੀ ਕੋਈ ਇਹਨਾਂ ਨੂੰ ਤੋੜ ਮੇਰੀ ਝੋਲ ਭਰੇ, ਮੈਨੂੰ ਪਿਆਰੇ ਰੰਗ ਬਰੰਗੇ ਫੁੱਲ ਪਰ ਨਹੀਂ ਮਨਜ਼ੂਰ ਕੋਈ ਤੋੜ, ਮੈਨੂੰ ਭੇਂਟ ਕਰੇ, ਮੈਂ ਤਾਂ ਚਾਹਾਂ ਹਰ ਸ਼ੈ ਚਮਕੇ,ਖਿੜ੍ਹੇ,ਖ਼ੁਸ਼ਬੂ ਬਿਖੇਰੇ ਹਰ ਕਿਸੇ ਨੂੰ ਹੱਕ ਤਸਵੀਰ-ਏ-ਜਿੰਦਗੀ ਵਿੱਚ ਮਰਜੀ ਦੇ ਰੰਗ ਭਰੇ। ---ਰਾਜਿੰਦਰ ਕੌਰ ਮਾਵੀ

Wednesday, March 20, 2019

ਅਮਰੀਕਾ ਵੱਸਦੇ ਸ਼ਾਇਰ ਰਵਿੰਦਰ ਸਹਿਰਾਅ ਹੋਏ ਸਰੋਤਿਆਂ ਦੇ ਸਨਮੁੱਖ

ਰਵਿੰਦਰ ਸਹਿਰਾਅ ਲੋਕ ਸੰਘਰਸ਼ ਨਾਲ ਜੁੜਿਆ ਹੋਇਆ ਸ਼ਾਇਰ
ਲੁਧਿਆਣਾ : 20 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅਮਰੀਕਾ ਦੇ ਪੈਨਸਿਲਵੋਨੀਆ ਸੂਬੇ 'ਚ ਵੱਸਦੇ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਦਾ ਰੂ-ਬ-ਰੂ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸ੍ਰੀ ਰਵਿੰਦਰ ਸਹਿਰਾਅ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਰਵਿੰਦਰ ਸਹਿਰਾਅ ਅਤੇ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। 
ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਲੇਖਕਾਂ ਦੀ ਭਾਰਤ ਫੇਰੀ ਮੌਕੇ ਉਨਾਂ ਦੀ ਸਾਹਿਤਕ ਘਾਲਣਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਜਾਵੇ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ੀ ਵੱਸਦੇ ਸਾਹਿਤਕਾਰਾਂ ਦਾ ਦੋਹਰਾ ਫਰਜ਼ ਬਣਦਾ ਹੈ ਕਿ ਇਕ ਤਾਂ ਉਹ ਵਿਦੇਸ਼ੀ ਧਰਤੀ ਦੀਆਂ ਸਮੱਸਿਆਵਾਂ ਤੇ ਉਥੋਂ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਸਾਡੇ ਇਧਰਲੇ ਪਾਠਕਾਂ ਦੇ ਰੂਬਰੂ ਕਰਵਾਉਣਾ ਅਤੇ ਪੰਜਾਬੀ ਧਰਤੀ ਦੇ ਮਸਲਿਆਂ ਨੂੰ ਤੇ ਸਭਿਆਚਾਰਕ ਰਹਿਤਲ ਨੂੰ ਉਨਾਂ ਲੋਕਾਂ ਨਾਲ ਜਾਣੂੰ ਕਰਵਾਉਣ। ਉਨ੍ਹਾਂ ਕਿਹਾ ਕਿ ਰਵਿੰਦਰ ਸਹਿਰਾਅ ਅਜਿਹਾ ਸ਼ਾਇਰ ਹੈ ਜਿਸ ਨੇ ਆਪਣੀ ਇਸ ਧਰਤੀ ਦੀ ਸਭਿਆਚਾਰਕ ਮਰਿਯਾਦਾ ਨੂੰ ਜਿਥੇ ਵਿਦੇਸ਼ੀ ਧਰਤੀ 'ਤੇ ਜਾਣੂੰ ਕਰਵਾਇਆ ਉਥੇ ਨਾਲ ਹੀ ਆਪਣੀ ਅਗਾਂਵਧੂ ਰਹਿਤਲ ਨੂੰ ਖ਼ੁਦ ਆਪ ਜੀਵਿਆ ਤੇ ਹਾਲੇ ਤੱਕ ਜਿਉ ਰਿਹਾ ਹੈ। ਇਹੀ ਇਸ ਸ਼ਾਇਰ ਦੀ ਖ਼ੂਬਸੂਰਤੀ ਹੈ।
ਸ੍ਰੀ ਰਵਿੰਦਰ ਸਹਿਰਾਅ ਦੀ ਸ਼ਾਇਰੀ ਬਾਰੇ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ  ਰਵਿੰਦਰ ਸਹਿਰਾਅ ਲੋਕ ਸੰਘਰਸ਼ ਨਾਲ ਬਦਲਾਉ ਚੇਤਨਾ ਦੀ ਪੱਧਰ ਤੇ ਭਾਵੁਕ ਪੱਧਰ ਤੇ ਜੁੜਿਆ ਹੋਇਆ ਸ਼ਾਇਰ ਹੈ ਜੋ ਹਾਲੇ ਤੱਕ ਵੀ ਲੋਕ ਚੇਤਨਾ ਅਤੇ ਲੋਕ ਸੰਘਰਸ਼ ਬਾਰੇ ਸੁਹਿਰਦ ਹੈ। ਸਮਾਜੀ ਬਦਲਾਉ ਦੀਆਂ ਸਿਮਰਤੀਆਂ ਨੂੰ ਹਾਲੇ ਤੱਕ ਵੀ ਉਸਨੂੰ ਕੁਰੇਦਦੀਆਂ ਹਨ। ਉਸ ਦਾ ਚਿੰਤਨ ਵੇਲਾ ਅਗਰਗਾਮੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਤੇ ਉਹ ਆਪਣੀ ਕਵਿਤਾ ਵਿਚ ਮਾਨਵ ਹਮਦਰਦੀ ਭਰੇ ਮਨੁੱਖ ਨਾਲ ਜੁੜਿਆ ਹੋਇਆ ਹੈ। ਉਹ ਸ਼ਬਦਾਂ ਦੀ ਕਾਇਨਾਤ ਵਿਚ ਸ਼ਰੀਕ ਹੋ ਕੇ ਆਪਣੀ ਹਉਮੈ ਤੋਂ ਮੁਕਤੀ ਦਾ ਰਾਹ ਚੁਣਦਾ ਹੈ। ਉਸ ਦੀਆਂ ਹੁਣ ਤੱਕ ਸੱਤ ਪੁਸਤਕਾਂ
ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਜਗਵਿੰਦਰ ਜੋਧਾ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਰਵਿੰਦਰ ਸਹਿਰਾਅ ਇਨਕਲਾਬੀ  ਵਿਦਿਆਰਥੀ ਲਹਿਰ ਦਾ ਉਹ ਯੋਧਾ ਹੈ ਜਿਸ ਨੇ ਮੱਧ ਸ਼੍ਰੇਣੀ ਨਾਲ ਸੰਬੰਧਿਤ ਬੰਦੇ ਨਾਲ ਸੰਬੰਧਿਤ ਆਪਣੇ ਅਕੀਦਿਆਂ ਦਾ ਆਪਣੀ ਕਵਿਤਾ ਵਿਚ ਪਾਲਣ ਕੀਤਾ ਹੈ।
ਸ੍ਰੀ ਰਵਿੰਦਰ ਸਹਿਰਾਅ ਦਰਸ਼ਕਾਂ/ਸਰੋਤਿਆਂ ਦੇ ਰੂ-ਬ-ਰੂ ਹੁੰਦਾ ਆਪਣੇ ਕਿਰਤੀ ਪਰਿਵਾਰ ਵਿਚ ਜਨਮ ਲੈਣ ਤੋਂ ਲੈ ਕੇ ਅੱਜ ਤੱਕ ਦੇ ਪੜਾਅ ਤੱਕ ਅਪੜਨ ਬਾਰੇ ਦੱਸਿਆ। ਸ਼੍ਰੀ ਸਹਿਰਾਅ ਨੇ 1971-72 ਵਿਚ ਚੱਲੀ ਮੋਗਾ ਲਹਿਰ ਦੇ ਨਾਇਕਾਂ  ਨੂੰ ਯਾਦ ਕਰਦਿਆਂ ਆਪਣੇ ਸਾਥੀਆਂ ਨੂੰ ਚੇਤੇ ਕੀਤਾ  ਤੇ ਕਿਹਾ ਕਿ ਉਹ ਸਾਰੀ ਜ਼ਿੰਦਗੀ ਜਿਊਣ ਦੇ ਲਾਇਕ ਬਣਾਉਣ ਲਈ ਜੂਝੇ ਅਤੇ ਲਿਖਿਆ ਵੀ ਇਸੇ ਉਦੇਸ਼ ਲਈ ਹੈ। 1971-72 ਵਿਚ 6 ਮਹੀਨੇ ਦੀ ਜੇਲ੍ਹ  ਯਾਤਰਾ ਨੂੰ ਯਾਦ ਕੀਤਾ ਅਤੇ1974 ਵਿਚ ਪੀ.ਐਸ.ਯੂ ਦੇ ਸੂਬਾ ਪ੍ਰਧਾਨ ਬਨਣ ਨੂੰ ਯਾਦ ਕੀਤਾ। ਉਨਾਂ 1987 ਵਿਚ ਆਪਣੇ ਅਮਰੀਕਾ ਪਰਵਾਸ  ਬਾਰੇ ਅਤੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਆਪਣੀ ਸ਼ਾਇਰੀ ਸੁਣਾਉਂਦਿਆਂ ਉਨ੍ਹਾਂ ਫਲਸਤੀਨੀ  ਕੁੜੀ ਤੇ ਚੱਪਲ ਕਵਿਤਾ ਰਾਹੀਂ ਸਾਰਿਆਂ ਨੂੰ ਭਾਵੁਕ ਕਰ ਦਿੱਤਾ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਟੋਰੰਟੋ ਤੋਂ ਆਏ ਕਵੀ ਭੁਪਿੰਦਰ ਦੁਲੇ, ਸ਼੍ਰੀਮਤੀ ਕਮਲਜੀਤ ਨੱਤ, ਉਨ੍ਹਾਂ ਦੇ ਪਤੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਸਤੀਸ਼ ਗੁਲਾਟੀ,ਕਵਿੱਤਰੀ ਕਮਲਪ੍ਰੀਤ ਕੌਰ ਸੰਘੇੜਾ, ਸ੍ਰੀ ਸੀ. ਮਾਰਕੰਡਾ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਡਾ. ਸੰਦੀਪ ਕੌਰ ਸੇਖੋਂ, ਡਾ.ਤੇਜਿੰਦਰ ਮਾਰਕੰਡਾ, ਸੁਰਿੰਦਰ ਮਕਸੂਦਪੁਰੀ,ਪ੍ਰੋ. ਕ੍ਰਿਸ਼ਨ ਸਿੰਘ, ਸੁਮਿਤ ਗੁਲਾਟੀ, ਰਵੀਦੀਪ, ਪ੍ਰੇਮ ਅਵਤਾਰ ਰੈਣਾ, ਅਮਰਜੀਤ ਮੋਹੀ, ਹਰਬੰਸ ਮਾਲਵਾ, ਰਵਿੰਦਰ ਰਵੀ, ਡਾ. ਗੁਲਜ਼ਾਰ ਸਿੰਘ ਪੰਧੇਰ, ਪੀ. ਸੀ. ਛਾਬੜਾ, ਬਲਕੌਰ ਸਿੰਘ ਗਿੱਲ, ਰੈਕਟਰ ਕਥੂਰੀਆ, ਰਣਧੀਰ ਕੰਵਲ ਆਦਿ ਇਸ ਮੌਕੇ ਹਾਜ਼ਰ ਸਨ।

Tuesday, December 25, 2018

ਸਾਹਿਤਿਕ ਸਿਆਸਤ ਦੀਆਂ ਤਿਕੜਮਾਂ ਤੋਂ ਦੂਰ ਰਹਿਣ ਵਾਲੀ ਸ਼ਾਇਰਾ ਦੀ ਪਹਿਲੀ ਪੁਸਤਕ

ਖਾਮੋਸ਼ੀ ਦਾ ਤਰਜੁਮਾ ਦੇ ਲੋਕਅਰਪਣ ਸਮਾਗਮ ਮੌਕੇ ਵਿਸ਼ੇਸ਼ 
ਲੁਧਿਆਣਾ//ਮੁਕੇਰੀਆਂ: 24 ਦਸੰਬਰ 2018: (ਕਾਰਤਿਕਾ ਸਿੰਘ)::
ਜਦੋਂ ਪਤੀ ਹਮੇਸ਼ਾਂ ਲਈ ਤੁਰ ਜਾਏ ਤਾਂ ਜ਼ਿੰਦਗੀ ਦਾ ਇੱਕ ਪਲ ਪਲ ਮੁਸ਼ਕਿਲਾਂ ਭਰਿਆ ਹੋ ਜਾਂਦਾ ਹੈ। ਭਾਰਤ ਅਤੇ ਪੰਜਾਬ ਵਿੱਚ ਸਿੰਗਲ ਪੇਰੈਂਟ ਹੋਣਾ ਬਹੁਤ ਹੀ ਮੁਸ਼ਕਿਲ ਹੈ। ਆਪਣਾ ਗਮ, ਸਮਾਜ ਦਾ ਗਮ, ਸੁਪਨਿਆਂ ਦੇ ਬਿਖਰ ਜਾਣ ਦਾ ਗਮ...ਦਰਦਾਂ ਦਾ ਇੱਕ ਦਰਿਆ ਜੋ ਹਰ ਪਲ ਚੜ੍ਹਿਆ ਹੀ ਆਉਂਦਾ ਹੈ। ਸਕੂਨ ਦੇ ਦੋ ਪਲ ਸੁਪਨੇ ਵਿੱਚ ਵੀ ਨਸੀਬ ਨਹੀਂ ਹੁੰਦੇ। ਉਸ ਵੇਲੇ ਉਹ ਸੁਆਲ ਸਮਝ ਆਉਂਦਾ ਹੈ ਕਿ ਦਰਦ ਨੂੰ ਦਵਾ ਕਿਵੇਂ ਬਣਾਇਆ ਜਾਵੇ? ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਜਾਂ ਖ਼ੁਦਕੁਸ਼ੀ ਵਾਲਾ ਭਗੌੜਾਪਨ? ਚੋਣ ਬੜੀ ਮੁਸ਼ਕਿਲ ਹੁੰਦੀ ਹੈ। ਮਰਨਾ ਆਸਾਨ ਲੱਗਦਾ ਹੈ ਪਰ ਜਿਊਣਾ ਬਹੁਤ ਹੀ ਮੁਸ਼ਕਿਲ। ਹਮਸਫਰ ਤੋਂ ਬਿਨਾ ਜ਼ਿੰਦਗੀ ਦਾ ਲੰਮਾ ਪੈਂਡਾ ਬੇਹੱਦ ਔਕੜਾਂ ਭਰਿਆ ਹੋ ਜਾਂਦਾ ਹੈ। ਅੱਖਾਂ ਚੋਂ ਨਿਕਲਦੇ ਹੰਝੂਆਂ ਨੂੰ ਰੋਕ ਕੇ ਦਿਲ ਵਿੱਚੋਂ ਕਵਿਤਾ ਕਿਵੇਂ ਨਿਕਲਦੀ ਹੈ। ਇਸ ਕ੍ਰਿਸ਼ਮੇ ਦਾ ਅਹਿਸਾਸ ਵੀ ਹੁੰਦਾ ਹੈ।  ਦਰਦ ਦਾ ਇਹ ਸਿਲਸਿਲਾ ਬੜਾ ਲੰਮਾ ਸੀ--ਹੁਣ ਵੀ ਜਾਰੀ ਹੈ--ਪਰ ਦਰਦ ਨਾਲ ਭਰਿਆ ਇਹ ਸਭ ਕੁਝ ਗ਼ਜ਼ਲਾਂ 'ਚ ਕਿਵੇਂ ਨਜ਼ਰ ਆਉਣ ਲੱਗ ਪਿਆ ਇਸਦਾ ਪਤਾ ਸ਼ਾਇਦ ਬਲਜੀਤ ਸੈਣੀ ਨੂੰ ਖੁਦ ਵੀ ਨਹੀਂ ਲੱਗਿਆ। ਗ਼ਜ਼ਲ ਲਿਖਣਾ ਆਸਾਨ ਨਹੀਂ ਹੁੰਦਾ। ਕਾਫੀਆ, ਬਹਿਰ ਰਦੀਫ ਅਤੇ ਹੋਰ ਬਹੁਤ ਸਾਰੇ ਝਮੇਲੇ ਹਨ ਜਿਹਨਾਂ ਨੂੰ ਸਿੱਖਦਿਆਂ ਅਕਸਰ ਇਹੀ ਭੁੱਲ ਜਾਂਦਾ ਹੈ ਕਿ ਕਿਸ ਖਿਆਲ ਨੂੰ ਲੈ ਕੇ ਸ਼ੇਅਰ ਲਿਖਣਾ ਸੀ। ਇਸ ਔਖੇ ਵੇਲੇ ਜਾਂ ਤਾਂ ਇਨਸਾਨ ਮਾਹਰ ਬਣ ਜਾਂਦਾ ਹੈ ਅਤੇ ਜਾਂ ਫਿਰ ਗ਼ਜ਼ਲ ਲਿਖਣੀ ਛੱਡ ਜਾਂਦਾ ਹੈ। ਤੀਜਾ ਵਰਗ ਵੀ ਹੁੰਦਾ ਹੈ ਜਿਹੜਾ ਧੱਕੇ ਨਾਲ ਆਪਣੀਆਂ ਅਗ਼ਜ਼ਲਾਂ ਨੂੰ ਵੀ ਗ਼ਜ਼ਲ ਸਾਬਤ ਕਰਦਾ ਹੈ ਪਰ ਬਲਜੀਤ ਸੈਣੀ ਨੇ ਮੁਹਾਰਤ ਹਾਸਲ ਕੀਤੀ। ਗ਼ਜ਼ਲ ਦੀ ਇਸ ਸਾਧਨਾ ਦੌਰਾਨ ਹੀ ਜ਼ਿੰਦਗੀ ਦੀ ਸਾਰੀ ਊਰਜਾ ਕਿਸੇ ਨਵੀਂ ਰੌਸ਼ਨੀ ਤੋਂ ਪ੍ਰੇਰਿਤ ਹੋਣ ਲੱਗ ਪਈ।  ਇਹ ਰੌਸ਼ਨੀ ਕਵਿਤਾ ਦੀ ਰੌਸ਼ਨੀ ਸੀ। ਗ਼ਜ਼ਲਾਂ ਦੀ ਰੌਸ਼ਨੀ ਸੀ। 
ਦਿਲ ਸੇ ਜੋ ਬਾਤ ਨਿਕਲਤੀ ਹੈ--ਅਸਰ ਰਖਤੀ ਹੈ;
ਪਰ ਨਹੀਂ-ਤਾਕ਼ਤ-ਏ-ਪਰਵਾਜ਼ ਮਗਰ ਰਖਤੀ ਹੈ!
ਖਿਆਲਾਂ ਦੀ ਉੱਚੀ ਤੋਂ ਉੱਚੀ ਉਡਾਣ ਵਾਲੇ ਅਹਿਸਾਸ ਨੂੰ ਮਹਿਸੂਸ ਕਰਨ ਅਤੇ ਕਰਾਉਣ ਦਾ ਸਮਾਂ ਆ ਗਿਆ ਸੀ। ਬਲਜੀਤ ਸੈਣੀ ਨੇ ਬਹੁਤ ਹੀ ਚੰਗੀਆਂ ਗ਼ਜ਼ਲਾਂ ਲਿਖੀਆਂ ਪਰ ਇਹ ਸਭ ਕੁਝ ਜ਼ਿਆਦਾਤਰ ਪੰਜਾਬੀ ਵਿੱਚ ਸੀ। ਪੰਜਾਬੀ ਜਿਸ ਦੇ ਸੰਬੰਧ ਵਿੱਚ ਗੱਲਾਂ ਜ਼ਿਆਦਾ ਹੁੰਦੀਆਂ ਹਨ ਅਤੇ ਕੰਮ ਘੱਟ। ਛੇਤੀ ਕੀਤਿਆਂ ਕਦਰ  ਨਹੀਂ ਪੈਂਦੀ। ਬਲਜੀਤ ਸੈਣੀ ਅਧਿਆਪਨ ਦੇ ਕਿੱਤੇ ਨਾਲ ਸਬੰਧਤ ਹੈ। ਬਹੁਤ ਹੀ ਸਮਰਪਣ ਅਤੇ ਥਕਾਵਟ ਦੇਣ ਵਾਲਾ ਕੰਮ ਹੈ ਅਧਿਆਪਨ। ਅੱਜਕਲ ਦੇ ਸਿਆਸੀ ਮਾਹੌਲ ਵਿੱਚ ਅਧਿਆਪਕਾਂ ਨੂੰ ਹੋਰ ਇਧਰਲੀਆਂ ਓਧਰਲੀਆਂ ਜ਼ਿੰਮੇਵਾਰੀਆਂ ਵੀ ਸੌਂਪ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਾਰੇ ਖਲਜਗਣਾਂ ਵਿੱਚ ਲਿਖਣ ਦਾ ਸਮਾਂ ਤਾਂ ਦੂਰ ਸਾਹ ਲੈਣ ਦਾ ਸਮਾਂ ਵੀ ਨਹੀਂ ਬਚਦਾ। ਬਲਜੀਤ ਸੈਣੀ ਨੇ ਕਦੇ ਉਹਨਾਂ ਤਿਕੜਮਾਂ ਨੂੰ ਸਿੱਖਣ ਵੱਲ ਵੀ ਮੂੰਹ ਨਹੀਂ ਕੀਤਾ ਜਿਹਨਾਂ ਨਾਲ ਕਿਤਾਬਾਂ ਛਪਵਾਈਆਂ ਜਾਂਦੀਆਂ ਹਨ ਜਾਂ ਇਨਾਮ ਸਨਮਾਨ ਲਏ ਜਾਂਦੇ ਹਨ। ਮਾਣ ਸੀ ਤਾਂ ਸਿਰਫ ਸ਼ੁੱਧ ਆਪਣੀ ਕਲਮ ਦਾ--ਆਪਣੀ ਸਾਧਨਾ ਦਾ। ਇਸ ਮਾਣ ਦੇ  ਆਸਰੇ ਹੋਰ ਕਿਸੇ ਗੱਲ ਦੀ ਪਰਵਾਹ ਵੀ ਨਹੀਂ ਕੀਤੀ। ਇਸ ਲਈ ਬਲਜੀਤ ਸੈਣੀ ਵਰਗੀ ਸੁਲਝੀ ਹੋਈ ਸ਼ਾਇਰਾ ਦੀ ਪਹਿਲੀ ਪੁਸਤਕ ਦਾ ਪ੍ਰ੍ਕਾਸ਼ਨ ਅਤੇ ਇਸਦਾ ਰਿਲੀਜ਼ ਸਮਾਗਮ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। 
ਦਰਦ ਨਾਲ ਦੋਸਤੀ ਪਾਉਣੀ ਕੋਈ ਆਸਾਨ ਨਹੀਂ ਹੁੰਦੀ। ਸੰਘਰਸ਼ ਨੂੰ ਰਹਿਬਰ ਬਣਾਉਣਾ ਵੀ ਆਸਾਨ ਨਹੀਂ ਹੁੰਦਾ। ਪਰ ਬਲਜੀਤ ਸੈਣੀ ਨੇ ਇਹ ਸਭ ਕੁਝ ਕਰ ਦਿਖਾਇਆ। ਮੁਸ਼ਕਿਲਾਂ ਨੇ ਉਸਨੂੰ ਤੁਰਨਾ ਸਿਖਾਇਆ। ਸਦਮਿਆਂ ਦੀ ਕੜਕਦੀ ਬਿਜਲੀ ਰਾਹ ਦਿਖਾਉਂਦੀ ਰਹੀ। ਇਸ ਸਭ ਕੁਝ ਦੇ ਨਾਲ ਹੀ ਗ਼ਜ਼ਲਾਂ ਵਿੱਚ ਨਿਖਾਰ ਆਉਂਦਾ ਰਿਹਾ। 
ਬਲਜੀਤ ਸੈਣੀ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਨਹੀਂ ਲੱਗਦਾ ਕਿ ਕਿਸੇ ਸ਼ਾਇਰ ਦਾ ਕਲਾਮ ਪੜ੍ਹ ਰਹੇ ਹਾਂ।  ਇਸਤਰਾਂ ਲੱਗਦਾ ਹੈ ਜਿਵੇਂ ਖੁਦ ਆਪਣੀ ਹਾਲਤ ਬਾਰੇ ਆਪਣਾ ਹੀ ਕਲਾਮ ਪੜ੍ਹ ਰਹੇ ਹਾਂ। ਫਿਰ ਹੈਰਾਨੀ ਹੁੰਦੀ ਹੈ ਇਸ 'ਤੇ ਤਾਂ ਬਲਜੀਤ ਸੈਣੀ ਦਾ ਨਾਮ ਹੈ। ਫਿਰ ਕਵਿਤਾ ਦੇ ਚਮਤਕਾਰਾਂ ਦੀ ਥਾਹ ਪੈਂਦੀ ਹੈ ਕਿ ਕਿਸਤਰਾਂ ਉਹ ਗੱਲ ਸੱਚ ਹੈ ਕਿ 
ਜਹਾਂ ਨ ਪਹੁੰਚੇ ਰਵੀ--ਵਹਾਂ ਭੀ ਪਹੁੰਚੇ ਕਵੀ। 
ਬਲਜੀਤ ਸੈਣੀ ਖੁਦ ਦੇ ਦਰਦ ਦੀਆਂ ਗ਼ਜ਼ਲਾਂ ਲਿਖਦਿਆਂ ਲਿਖਦਿਆਂ ਸਾਰੀ ਦੁਨੀਆ-ਸਾਰੀ ਕਾਇਨਾਤ ਦੇ ਦਰਦ ਨੂੰ ਵੀ ਮਹਿਸੂਸ ਕਰਨ ਲੱਗ ਪਈ। ਇਸ ਸਾਰੇ ਘਟਨਾਕ੍ਰਮ ਵਿੱਚ ਇੱਕ ਹੋਰ ਖਾਸ ਗੱਲ ਵਾਪਰੀ ਕਿ ਕਿ ਬਲਜੀਤ ਸੈਣੀ ਆਸਟਿੱਕਤਾ ਵੱਲ ਨਹੀਂ ਝੁਕੀ। ਆਪਣੀਆਂ ਮੁਸ਼ਕਿਲਾਂ ਲਈ ਕਿਸੇ  ਰੱਬ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ। ਕਿਸੇ ਅਣਦਿੱਸਦੇ ਪਰਮਾਤਮਾ ਕੋਲੋਂ ਕੋਈ ਸਹਾਇਤਾ ਵੀ ਨਹੀਂ ਮੰਗੀ। ਹਾਂ-ਇਹ ਜ਼ਰੂਰ ਆਖਿਆ--
ਹੋਣੀ ਟਲਦੀ ਵੇਖੀ ਨਾ ਅਰਦਾਸਾਂ ਨਾਲ;
ਦਿਲ ਨਾ ਐਵੇਂ ਭਰਮਾਵੀਂ ਧਰਵਾਸਾਂ ਨਾਲ!
     ਸਨ 2005 ਵਿੱਚ ਪਤੀ ਸਰਦਾਰ ਇਕਬਾਲ ਸਿੰਘ ਅਚਾਨਕ ਵਿਛੋੜਾ ਦੇ ਗਏ। ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ। ਜ਼ਿੰਦਗੀ ਦਾ ਹਨੇਰਾ। ਦਰਦ ਦੀ ਧੁੰਦ। ਵਿਛੋੜੇ ਦਾ ਸੱਲ। ਜ਼ਿੰਮੇਵਾਰੀਆਂ ਦਾ ਭਾਰ। ਜ਼ਿੰਦਗੀ ਪੱਥਰਾ ਜਾਂਦੀ ਹੈ ਅਜਿਹੇ ਹਾਲਾਤ ਵਿੱਚ। ਪਰ ਕਰਿਸ਼ਮੇ ਵੀ ਤਾਂ ਵਾਪਰਦੇ ਹਨ। ਸਕੂਲ ਦੇ ਸਮੇਂ ਸਾਹਿਤ ਪੜ੍ਹਨ ਦਾ ਸ਼ੋਂਕ ਇਸ ਗਮਾਂ ਵਾਲੇ ਦੌਰ ਵਿੱਚ ਫਿਰ ਜਾਗ ਪਿਆ। ਸਿਰਫ ਖੁਦ ਹੀ ਨਹੀਂ ਜਾਗਿਆ ਬਲਕਿ ਸਾਹਿਤ ਰਚਨਾ ਦੀ ਕੋਸ਼ਿਸ਼ ਨੂੰ ਵੀ ਨਾਲ ਹੀ ਜਗਾ ਲਿਆਇਆ। ਮੈਨੂੰ ਯਕੀਨ ਹੈ ਕਿ ਗ਼ਜ਼ਲ ਦੀ ਮੁਹਾਰਤ ਬਲਜੀਤ ਸੈਣੀ ਵਿੱਚ ਪਹਿਲਾਂ ਹੀ ਕਿਧਰੇ ਲੁਕੀ ਹੋਈ ਸੀ। ਪਤੀ ਦੇ ਵਿਛੋੜੇ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਜਿਹੜੇ ਹਾਲਾਤ ਦਿਖਾਏ ਉਹਨਾਂ ਰੰਗਾਂ ਨੇ ਇਸ ਨੂੰ ਫਿਰ ਜਗਾ ਲਿਆ। ਪਤੀ ਦੀ ਮੌਤ ਮਗਰੋਂ ਕਿਤਾਬਾਂ ਨਾਲ ਦੋਸਤੀ ਹੋਰ ਵੱਧ ਗਈ। ਫਿਰ ਗ਼ਜ਼ਲ ਵੀ ਉੱਠਣ ਲੱਗੀ। ਇਹਨਾਂ ਗ਼ਜ਼ਲਾਂ ਨੂੰ ਸੰਵਾਰਨ ਵਿੱਚ ਡਾਕਟਰ ਬਰਜਿੰਦਰ ਚੌਹਾਨ ਹੁਰਾਂ ਦੀ ਅਗਵਾਈ ਨੂੰ ਬਲਜੀਤ ਸੈਣੀ ਕਦੇ ਵੀ ਨਹੀਂ ਭੁੱਲੀ। ਉਸਨੇ ਇੱਕ ਥਾਂ ਲਿਖਿਆ:
ਵਿੱਛੜਿਆਂ ਸੀ ਮੈਥੋਂ ਜੋ ਖੁਸ਼ਬੂ ਬਣ ਕੇ;
ਧੜਕਣ ਬਣ ਕੇ ਰਹਿੰਦੈ ਵੇਖ ਸਵਾਸਾਂ ਨਾਲ!
ਆਪਣਿਆਂ ਦੇ ਰਵਈਏ, ਬੇਗਾਨਿਆਂ ਦੀ ਆਸ--ਸ਼ਾਇਦ ਇਹ ਸਭ ਕੁਝ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਹਨ। ਮੈਡਮ ਬਲਜੀਤ ਸੈਣੀ ਇਹਨਾਂ ਅਹਿਸਾਸਾਂ ਨੂੰ ਬਿਆਨ ਕਰਦਿਆਂ ਲਿਖਦੀ ਹੈ:
ਆਪਣਿਆਂ ਨੇ ਜੋਕਾਂ ਵਾਂਗੂ ਚੂਸ ਲਿਆ;
ਗੈਰਾਂ ਵੱਲੇ ਤੱਕਾਂ ਕੀਕਣ ਆਸਾਂ ਨਾਲ। 
                           ਧੋਖੇ ਵੱਸੀ ਜਾਂਦੇ ਵੇਖ ਜ਼ਮੀਰਾਂ ਵਿੱਚ;
                          ਟੁੱਟੀ ਜਾਂਦੇ ਰਿਸ਼ਤੇ ਹੁਣ ਵਿਸ਼ਵਾਸਾਂ ਨਾਲ। 
ਜਦੋਂ ਧਰਮ ਦੀ ਗੱਲ ਤੁਰੇ ਤਾਂ ਬਲਜੀਤ ਸੈਣੀ ਨੇ ਉੱਥੇ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਨਾਸਤਿਕ ਪਹੁੰਚ ਦੇ ਬਾਵਜੂਦ ਅੰਦਰਲੀ ਮਨੋਸਥਿਤੀ ਅਤੇ ਬਾਹਰਲੇ ਅਡੰਬਰਾਂ ਨੂੰ ਬੜੇ ਹੀ ਸਲੀਕੇ ਨਾਲ ਬਿਆਨ ਕੀਤਾ:
ਤੇਰੇ ਅੰਦਰ ਹੀ ਨੇ ਬਾਬਰ ਤੇ ਨਾਨਕ;
ਜਿਹਨੂੰ ਚਹੁਨੈਂ ਮਿਲ ਲੈ ਹੋਸ਼ ਹਵਾਸਾਂ ਨਾਲ। 
ਸਾਡੇ ਸਭਨਾਂ ਦੀ ਜ਼ਿੰਦਗੀ ਕਿਸੇ ਨ ਕਿਸੇ ਦਰਦ ਤੋਂ ਪ੍ਰਭਾਵਿਤ ਹੈ। ਕੋਈ ਨ ਕੋਈ ਗਮ ਸਾਡੇ ਸਭਨਾਂ ਦਾ ਪਿੱਛਾ ਕਰਦਾ ਹੈ। ਸ਼ਾਇਦ ਇਹੀ ਹੈ ਜ਼ਿੰਦਗੀ। ਇਹੀ ਹੈ ਹਕੀਕਤ। ਅਸੀਂ ਮੰਨੀਏ ਜਾਂ ਨਾ--ਦੱਸੀਏ ਜਾਂ ਨਾ ਪਰ ਕੋਈ ਨ ਕੋਈ ਗਮ-ਕੋਈ ਣ ਕੋਈ ਦਰਦ ਅਸੀਂ ਸਭਨਾਂ ਨੇ ਲੁਕੋਇਆ ਹੋਇਆ ਹੈ। ਉਸ ਨੂੰ ਬਿਆਨ ਕਰਨ ਦਾ ਸਲੀਕਾ ਜੋ ਬਲਜੀਤ ਸੈਣੀ ਕੋਲ ਹੈ ਉਹ ਸ਼ਾਇਦ ਸਾਡੇ ਸਭਨਾਂ ਦੇ ਕੋਲ ਨਹੀਂ ਹੈ। ਇਹੀ ਗੱਲ ਬਲਜੀਤ ਸੈਣੀ ਨੂੰ ਵਿਲੱਖਣ ਵੀ ਬਣਾਉਂਦੀ ਹੈ। ਦੇਖੋ ਜਰਾ ਇੱਕ ਅੰਦਾਜ਼ ਹੋਰ:
ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।

ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |
ਅਖੀਰ ਵਿੱਚ ਸਾਡੀ ਸਭਨਾਂ ਦੀ ਕਾਮਨਾ ਹੈ ਕਿ ਇਹ ਸਮਾਗਮ ਪੂਰੀ ਤਰਾਂ ਸਫਲ ਹੋਵੇ। ਬਲਜੀਤ ਸੈਣੀ ਦੀ ਇਹ ਪੁਸਤਕ ਸਭਨਾਂ ਤੀਕ ਪਹੁੰਚੇ। "ਖਾਮੋਸ਼ੀ ਦਾ ਤਰਜੁਮਾ" ਸਾਰੇ ਪੰਜਾਬੀ ਕਾਵਿ ਜਗਤ ਲਈ ਇੱਕ ਪ੍ਰਾਪਤੀ ਵੀ ਹੈ। ਇਸਦੇ ਨਾਲ ਹੀ ਬਲਜੀਤ ਸੈਣੀ ਦੀ ਸਿਆਸੀ ਅਤੇ ਜਾਗਰੂਕਤਾ ਅਤੇ ਚਲੰਤ ਮਾਮਲਿਆਂ 'ਤੇ ਇੱਕ ਨਜ਼ਰ ਦੀ ਛੋਟੀ ਜਿਹ ਮਿਸਾਲ:
ਦੀਵਾਲੀ ਤੋਂ ਅਗਲੇ ਦਿਨ ਅਠ ਨਵੰਬਰ 2018 ਨੂੰ ਬਲਜੀਤ ਸੈਣੀ ਨੇ ਹਿੰਦੀ ਵਿੱਚ ਚਾਰ ਕੁ ਸਤਰਾਂ ਦੀ ਇੱਕ ਪੋਸਟ ਫੇਸਬੁਕ 'ਤੇ ਸ਼ੇਅਰ ਕੀਤੀ:
ਲੋ ਜੀ ਤਿਓਹਾਰ ਖਤਮ ਹੋ ਗਏ ਤੋਂ ਕਿਆ,
ਸ਼ੁਭਕਾਮਨਾਏਂ ਦਿਤੇ ਰਹਿਣਾ ਤੋਂ ਬਨਤਾ ਹੈ ਨ!
ਆਪਕੋ ਨੋਟਬੰਦੀ ਦਿਵਸ 
8 ਨਵੰਬਰ ਕੀ ਹਾਰਦਿਕ ਸ਼ੁਭਕਾਮਨਾਏਂ 
                                                   

Monday, September 17, 2018

GCG ਲੁਧਿਆਣਾ ਵਿੱਚ ਮਨਾਇਆ ਗਿਆ ਪਾਸ਼ ਦਾ ਜਨਮਦਿਨ

 ਵਿਦਿਆਰਥਣਾਂ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ 
ਲੁਧਿਆਣਾ: 17 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਪਾਸ਼ ਨੇ ਸਾਰੀ ਉਮਰ ਲੋਕਾਂ ਦੇ ਹੱਕ ਵਿੱਚ ਅਤੇ ਸੱਤਾ ਦੇ ਖਿਲਾਫ਼ ਲਿਖਿਆ। ਸਰਕਾਰਾਂ ਨੂੰ ਲੰਮੇ ਹੱਥੀਂ ਲੈਣ ਵਾਲੇ ਪਾਸ਼ ਦੀ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਅੱਜ ਵੀ ਉਸ ਦੀ ਪਰਸੰਗਿਕਤਾ ਘੱਟ ਨਹੀਂ ਹੋਈ। ਇਹ ਪਾਸ਼ ਦੀ ਕਵਿਤਾ ਦੇ ਸ਼ਬਦਾਂ ਦਾ ਜਾਦੂ ਹੀ ਸੀ ਕਿ ਇਹ ਕਵਿਤਾ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਗਈ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਦੇ ਸਿਲੇਬਸਾਂ ਤੱਕ ਵੀ ਪਹੁੰਚੀ। ਤਹਿਸੀਲ ਨਕੋਦਰ ਦੇ ਪਿੰਡ ਤਲਵੰਡੀ ਸਲੇਮ ਵਿੱਚ 09 ਸਤੰਬਰ 1950 ਨੂੰ ਜਨਮ ਲੈਣ ਵਾਲੇ ਪਾਸ਼ ਦੀ ਕਵਿਤਾ ਗੈਰ ਪੰਜਾਬੀ ਕਲਾਕਾਰਾਂ ਨੇ ਵੀ ਗਾਈ। ਪਾਸ਼ ਦੀ ਕਵਿਤਾ ਅੱਜ ਵੀ ਸਾਹਿਤਿਕ ਸਮਾਗਮਾਂ ਦਾ ਇੱਕ ਜ਼ਰੂਰੀ ਅੰਗ ਮਹਿਸੂਸ ਕੀਤੀ ਜਾਂਦੀ ਹੈ। ਅੱਜ ਵੀ ਕਈ ਲੇਖਕ/ਸ਼ਾਇਰ ਆਪਣੀ ਕਵਿਤਾ ਤੋਂ ਪਹਿਲਾਂ ਪਾਸ਼ ਦੀ ਕਵਿਤਾ ਸੁਣਾਉਂਦੇ ਹਨ-ਕਦੇ ਜੋਸ਼ ਨਾਲ ਅਤੇ ਕਦੇ ਗੁਣਗੁਣਾ ਕੇ। 
ਸਮਾਜ ਵਿਚਲੀਆਂ ਬੇਇਨਸਾਫੀਆਂ ਅਤੇ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ਼ ਖੁਲ ਕੇ ਲਿਖਣ ਵਾਲੇ ਪਾਸ਼ ਦੇ ਦਿਲ ਵਿੱਚ ਅੰਤਾਂ ਦਾ ਮੋਹ ਵੀ ਸੀ। ਅਵਤਾਰ ਸਿੰਘ ਸੰਧੂ ਦੇ ਉਪਨਾਮ ਅਰਥਾਤ ਤਖੱਲਸ "ਪਾਸ਼" ਪਿਛੇ ਲੁਕੀ ਕਹਾਣੀ ਕੁਝ ਅਜਿਹਾ ਹੀ ਇਸ਼ਾਰਾ ਦੇਂਦੀ ਹੈ। ਜਦੋਂ ਪਾਸ਼ ਨੇ ਜਲੰਧਰ ਛਾਉਣੀ ਦੇ ਜੈਨ ਹਾਈ ਸਕੂਲ ਤੋਂ ਨੋਵੀਂ ਪਾਸ ਕੀਤੀ ਤਾਂ ਉੱਥੇ ਇੱਕ ਅਧਿਆਪਕਾ ਪਰਵੇਸ਼ ਦੇ ਨਾਲ ਉਸਨੂੰ ਆਦਰਸ਼ਕ ਮੋਹ ਹੋ ਗਿਆ। ਬਾਅਦ ਵਿੱਚ ਉੱਸੇ ਦੇ ਨਾਮ ਦਾ ਪਹਿਲਾ ਅੱਖਰ ਪ ਅਤੇ ਆਖਿਰੀ ਅੱਖਰ ਸ਼ ਨੂੰ ਜੋੜ ਕੇ ਉਸ ਨੇ ਆਪਣਾ ਉਪ ਨਾਮ ਪਾਸ਼ ਰੱਖਿਆ। ਹੁਣ ਤਕਰੀਬਨ ਸਭ ਨੂੰ ਉਸਦਾ ਇਹੀ ਨਾਮ ਯਾਦ ਹੈ ਪਾਸ਼। ਭਾਵੇਂ ਪਾਸ਼ ਦਾ ਜਨਮ ਦਿਨ 9 ਸਤੰਬਰ ਨੂੰ ਲੰਘ ਚੁੱਕਿਆ ਹੈ ਪਰ ਇਸ ਦਿਨ ਨੂੰ ਮਨਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅੱਜ ਵੀ ਪਾਸ਼ ਲੋਕਾਂ ਦੇ ਦਿਲਾਂ ਵਿੱਚ ਇੱਕ ਨਾਇਕ ਵਾਂਗ ਵੱਸਦਾ ਹੈ। ਉਸਨੂੰ ਯਾਦ ਕਰਨਾ ਅੱਜ ਦੀਆਂ ਮੁਸੀਬਤਾਂ ਵਿਰੁੱਧ ਸੰਘਰਸ਼ ਲਈ ਇੱਕ ਨਵਾਂ ਉਤਸ਼ਾਹ ਪੈਦਾ ਕਰਨ ਵਾਂਗ ਹੈ। ਪਾਸ਼ ਅਤੇ ਉਸਦੀ ਕਵਿਤਾ ਯਾਦ ਕਰਾਉਂਦੀ ਹੈ: ਅਸੀਂ ਲੜਾਂਗੇ ਸਾਥੀ: ਪਾਸ਼ ਅਤੇ ਉਸਦੀ ਕਵਿਤਾ ਜ਼ੁਲਮ ਅਤੇ ਬੇਇਨਸਾਫੀ ਦਾ ਜ਼ਿਕਰ ਹੀ ਨਹੀਂ ਕਰਦੀ ਬਲਕਿ ਉਸਦੇ
ਖਿਲਾਫ ਜੱਦੋਜਹਿਦ ਦੀ ਪ੍ਰੇਰਣਾ ਵੀ ਬਣਦੀ ਹੈ। 
ਪਾਸ਼ ਦਾ ਜਨਮ ਦਿਨ ਜੀਸੀਜੀ ਅਰਥਾਤ "ਗੌਰਮਿੰਟ ਕਾਲਜ  ਫਾਰ ਗਰਲਜ਼"  ਵਿੱਚ ਇੱਕ ਖਾਸ ਦਿਨ ਵੱਜੋਂ ਮਨਾਇਆ ਗਿਆ। ਇਹ ਦਿਨ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਬੜੇ ਹੀ ਉਤਸ਼ਾਹ ਵਾਲਾ ਯਾਦਗਾਰੀ ਦਿਨ ਹੋ ਨਿੱਬੜਿਆ। ਇੰਝ ਲੱਗਦਾ ਸੀ ਜਿਵੇਂ ਜੀਸੀਜੀ ਉਸ ਦਿਨ ਜੇ ਐਨ ਯੂ ਬਣ ਗਿਆ ਹੋਵੇ। ਪੰਜਾਬੀ ਦੇ ਪਰਸਿੱਧ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ ਨਾਲ ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਇਸ ਸਰਕਾਰੀ ਕਾਲਜ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ। ਇੱਕ ਨਵੀਂ ਨਵੀਂ ਚੇਤਨਾ ਪੈਦਾ ਹੋਈ। । ਇਸ ਸਮਾਗਮ ਵਿੱਚ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹਿੰਦੀ ਵਿਭਾਗ ਦੇ ਮੁਖੀ ਪਰੋ. [ਡਾ.] ਰਾਕੇਸ਼ ਕੁਮਾਰ ਜੀ ਨੇ ਮੁੱਖ ਬੁਲਾਰੇ  ਦਾ ਰੋਲ ਅਦਾ ਕੀਤਾ। ਵਿਭਾਗ ਦੀ ਮੁਖੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਅਤੇ ਡਾ. ਰਾਕੇਸ਼ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਸਵਾਗਤ ਕੀਤਾ ਅਤੇ ਪਾਸ਼ ਦੀ ਨਿੱਜੀ ਜਿੰਦਗੀ ਤੇ ਕਵਿਤਾ ਉੱਪਰ ਆਪਣੇ ਵਿਚਾਰ ਪਰਗਟ ਕੀਤੇ। ਇਸ ਮੌਕੇ ਤੇ ਐਮ.ਏ. ਪੰਜਾਬੀ ਭਾਗ ਪਹਿਲਾ ਦੀ ਸ਼ਿਵਾਨੀ ਨੇ ਪਾਸ਼ ਦੇ ਜੀਵਨ ਅਤੇ ਕਵਿਤਾ ਬਾਰੇ ਆਪਣੇ ਵਿਚਾਰ ਰੱਖੇ। ਕਾਲਜ ਦੀਆਂ ਵਿਦਿਆਰਥਣਾਂ ਕਿਰਨ, ਤਜਿੰਦਰ ਕੌਰ, ਪੁਸ਼ਪਿੰਦਰ ਕੌਰ ਅਤੇ ਅਮਨ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ। ਕਾਲਜ ਦੀ ਪ੍ਰਿੰਸੀਪਲ ਸ਼ਰੀਮਤੀ ਸਵਿਤਾ ਸ਼ਰਮਾ ਜੀ ਨੇ ਪੰਜਾਬੀ ਭਾਸ਼ਾ 'ਤੇ ਮਾਣ ਕਰਨ ਦੇ ਨਾਲ-ਨਾਲ ਭਾਸ਼ਾਈ ਏਕਤਾ ਤੇ ਜ਼ੋਰ ਦਿੱਤਾ। ਪਾਸ਼ ਦਾ ਸੁਨੇਹਾ ਇੱਕ ਵਾਰ ਫੇਰ ਅੱਜ ਦੇ ਸਮੇਂ ਵਾਲੇ ਸੱਚ ਦੀ ਆਵਾਜ਼ ਬਣ ਕੇ ਗੂੰਜਿਆ। ਬੜੀ ਹੀ ਬੇਖੌਫ਼ੀ ਨਾਲ। ਬੜੇ ਹੀ ਜੋਸ਼ ਨਾਲ। ਬੜੇ ਹੀ ਉਤਸ਼ਾਹ ਨਾਲ। 
ਪਾਸ਼ ਦੀ ਕਵਿਤਾ ਨੇ ਅਜੋਕੀ ਸਮਾਜਿਕ ਅਤੇ ਸਿਆਸੀ ਸਥਿਤੀ ਅਬਰੇ ਵੀ ਚਾਨਣਾ ਪਾਇਆ। ਪਾਸ਼ ਦੀ ਕਵਿਤਾ ਨੇ ਵਿਦਿਆਰਥੀ ਵਰਗ ਦੇ ਮਨਾਂ ਵਿੱਚ ਬਹੁਤ ਸਾਰੇ ਸੁਆਲ ਪੈਦਾ ਕੀਤੇ ਜਿਹਨਾਂ ਦੇ ਜੁਆਬਾਂ ਦੀ ਭਾਲ ਨਿਸ਼ਚੇ ਹੀ ਵਿਦਿਆਰਥੀ ਵਰਗ ਨੂੰ ਇੱਕ ਨਵਾਂ ਰਸਤਾ ਦਿਖਾਏਗੀ। ਨਿਰਾਸ਼ਾ ਅਤੇ ਭੰਬਲਭੂਸੇ ਵਾਲੀ ਮੌਜੂਦਾ ਸਥਿਤੀ ਵਿੱਚ ਪਾਸ਼ ਦੀ ਕਵਿਤਾ ਜਿੱਥੇ ਜਾਬਰਾਂ ਅਤੇ ਜ਼ਾਲਮਾਂ ਨੂੰ ਬੇਨਕਾਬ ਕਰਦੀ ਹੈ ਉੱਥੇ ਆਮ ਵਿਅਕਤੀ ਨੂੰ ਠੀਕ ਅਤੇ ਸਹੀ ਦੀ ਚੋਣ ਵਿੱਚ ਸਹਾਇਤਾ ਵੀ ਦੇਂਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਵਿਭਾਗ ਦੀ ਅਧਿਆਪਕਾਂ ਡਾ. ਜਸਲੀਨ ਕੌਰ ਨੇ ਨਿਭਾਈ। ਇਸ ਮੌਕੇ ਤੇ ਸਮੂਹ ਪੰਜਾਬੀ ਵਿਭਾਗ ਅਤੇ ਡਾ. ਪਵਨ ਕੁਮਾਰ, ਮੁਖੀ ਸੰਸਕ੍ਰਿਤ ਵਿਭਾਗ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਕੁਲ ਮਿਲਾ ਕੇ ਇਹ ਇੱਕ ਸਾਡਾ ਪਰ ਯਾਦਗਾਰੀ ਸਮਾਗਮ ਰਿਹਾ। ਇਸ ਸਮਾਗਮ ਨੇ ਜਿੱਥੇ ਪਾਸ਼ ਦੀ ਕਵਿਤਾ ਵਿਚਲੀ ਚੇਤਨਾ ਵਿਦਿਆਰਥਣਾਂ ਤੱਕ ਪਹੁੰਚਾਈ ਉੱਥੇ ਇਹ ਸਾਬਿਤ ਵੀ ਕੀਤਾ ਕਿ ਅੱਜ ਵੀ ਪਾਸ਼ ਨੂੰ ਕਿੰਨੇ ਜਜ਼ਬੇ ਅਤੇ ਉਤਸ਼ਾਹ ਨਾਲ ਪੜ੍ਹਿਆ ਸੁਣਿਆ ਜਾਂਦਾ ਹੈ। ਅੱਜ ਦੇ ਸਮਾਗਮ ਨੇ ਪਾਸ਼ ਦੀ ਹਰਮਨਪਿਆਰਤਾ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਕਿ ਜਿਸ ਪਾਸ਼ ਨੂੰ ਕਤਲ ਕਰ ਦਿੱਤਾ ਗਿਆ ਸੀ ਉਹ ਪਾਸ਼ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ। ਉਹ ਅੱਜ ਵੀ ਦੱਸ ਰਿਹਾ ਕਿ ਕਿ ਕੀ ਹੁੰਦਾ ਹੈ ਸਭ ਤੋਂ ਵੱਧ ਖਤਰਨਾਕ? ਕੀ ਹੁੰਦੀ ਹੈ ਮੁਰਦਾ ਸ਼ਾਂਤੀ? ਕਿਓਂ ਖਤਰਨਾਕ ਹੈ ਸਾਡੇ ਵਿੱਚੋਂ ਤੜਪ ਦਾ ਮਰ ਜਾਣਾ। ਉਹ ਅੱਜ ਵੀ ਐਲਾਨ ਕਰਦਾ ਹੈ ਕਿ ਅਸੀਂ ਲੜਾਂਗੇ ਸਾਥੀ। 
ਪਾਸ਼ ਦੀ ਇਸ ਕਵਿਤਾ ਦੇ ਕੁਝ ਅੰਸ਼:
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…
ਪਾਸ਼ ਦੀ ਇੱਕ ਰਚਨਾ ਹੋਰ ਜਿਹੜੀ ਬਹੁਤ ਕੁਝ ਆਖਦੀ ਹੈ:

ਦਰੋਣਾਚਾਰੀਆ ਦੇ ਨਾਂਅ
ਮੇਰੇ ਗੁਰਦੇਵ ! ਜੇ ਓਦੋਂ ਹੀ ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ……

ਪਰ ਐਨ. ਸੀ. ਸੀ. ਵਿਚ
ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ
ਕਿ ਆਪਣੇ ਦੇਸ਼ ਦੇ ਉੱਤੇ
ਜਦੋਂ ਕੋਈ ਭੀੜ ਬਣ ਜਾਵੇ
ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ
ਤੇ ਘੋੜਾ ਨੱਪ ਦੇਣਾ ਹੈ-

ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ
ਮੇਰੇ ਗੁਰਦੇਵ !
ਆਪੂੰ ਹੀ ਤੁਸੀਂ ਦਰਯੋਧਨਾਂ ਸੰਗ ਜਾ ਖਲੋਤੇ ਹੋ
ਪਰ ਹੁਣ ਤੁਹਾਡਾ ਚੱਕਰ-ਵਯੂਹ
ਕਿਧਰੇ ਵੀ ਕਾਰਗਰ ਨਹੀਂ ਹੋਣਾ
ਤੇ ਪਹਿਲੇ ਵਾਰ ਅੰਦਰ ਹੀ
ਹਰ ਘਣਚੱਕਰ ਦਾ
ਚੁਰਾਸੀ-ਚੱਕਰ ਕੱਟਿਆ ਜਾਵੇਗਾ
ਹਾਂ, ਜੇ ਬਾਲ ਉੱਮਰੇ ਹੀ, ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ…

Wednesday, February 21, 2018

ਹਰਮੀਤ ਵਿਦਿਆਰਥੀ ਵੱਲੋਂ ਮਾਤ ਭਾਸ਼ਾ ਦਿਵਸ ਮੌਕੇ ਖਾਸ

ਅਸੀਂ ਬੇਸ਼ਰਮ//ਸਾਡੀਆਂ ਸਰਕਾਰਾਂ ਬੇਈਮਾਨ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ`ਚ ਪਲ ਕੇ ਜਵਾਨ ਹੋਇਓ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿੱਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ,ਲੋਕੀਂ ਆਖਦੇ ਨੇ,
ਤੂੰ ਪੁੱਤਰਾਂ ਆਪਣੀ ਮਾਂ ਛੱਡ ਦੇ।
(ਉਸਤਾਦ ਦਾਮਨ ਦੇ ਇਹ ਬੋਲ 'ਮਾਤ-ਭਾਸ਼ਾ ਦੇ ਦਿਵਸ' ਦੇ ਮੌਕੇ...ਪੰਜਾਬੀਆਂ ਲਈ....)
ਸਿਆਣੇ ਆਖਦੇ ਨੇ
ਮਨੁੱਖ ਦੀਆਂ ਤਿੰਨ ਮਾਵਾਂ ਹੁੰਦੀਆਂ ਨੇ
ਮਾਂ ਜਨਣੀ
ਮਾਂ ਧਰਤੀ
ਅਤੇ
ਮਾਂ ਬੋਲੀ
ਅਸੀਂ ਤਿੰਨੇ ਵਿਸਾਰ ਛੱਡੀਆਂ
ਅਸੀਂ ਤਿੰਨਾਂ ਦੇ ਮੁਜਰਿਮ
ਰੋਜ਼ ਸਾਡੇ ਆਲੇ ਦੁਆਲੇ
ਉੱਸਰ ਰਹੇ ਬਿਰਧ ਆਸ਼ਰਮ
ਦੱਸਦੇ ਨੇ
ਕਿ ਸਾਡੇ ਘਰਾਂ ਚ ਮਾਂ ਜਨਣੀ ਦੀ ਹਾਲਤ ਠੀਕ ਨਹੀਂ

ਏਅਰਪੋਰਟ ਅਤੇ ਅੰਬੈਸੀਆਂ ਦੇ ਬਾਹਰ ਲੱਗੀਆਂ
ਬਾਹਰਲੇ ਮੁਲਕ ਜਾਣ ਲਈ
ਤਾਹੂ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਦੀਆਂ
ਲੰਬੀਆਂ ਕਤਾਰਾਂ
ਇਹ ਭਲੀਭਾਂਤ ਦੱਸਦੀਆਂ ਨੇ
ਕਿ ਸਾਡਾ ਮਾਂ ਧਰਤੀ ਨਾਲ ਕੀ ਰਿਸ਼ਤਾ ਹੈ

ਸਾਡੇ ਘਰਾਂ ਦੇ ਬਾਹਰ ਲਟਕਦੀਆਂ
ਅੰਗਰੇਜ਼ੀ ਵਿੱਚ ਲਿਖੇ ਨਾਵਾਂ ਦੀਆਂ ਤਖ਼ਤੀਆਂ
ਬਜ਼ਾਰਾਂ ਵਿੱਚ ਲੱਗੇ ਬੋਰਡ
ਕਿਸੇ ਵੀ ਹਾਜ਼ਰੀ ਰਜਿਸਟਰ ਵਿੱਚ
90% ਅੰਗਰੇਜ਼ੀ ਦਸਤਖ਼ਤ
ਗਵਾਹੀ ਭਰਦੇ ਨੇ
ਕਿ ਅਸੀਂ ਆਪਣੀ ਮਾਂ ਬੋਲੀ ਦੇ ਕਪੁੱਤ ਹਾਂ
ਸਾਨੂੰ ਕੀ ਹੱਕ
ਕਿ ਅਸੀਂ ਮਾਂ ਬੋਲੀ ਦੇ ਨਾਅਰੇ ਲਾਈਏ
ਹੁੱਭ ਹੁੱਭ ਕੇ ਦਿਵਸ ਮਨਾਈਏ

ਅਸੀਂ ਬੇਸ਼ਰਮ
ਸਾਡੀਆਂ ਸਰਕਾਰਾਂ ਬੇਈਮਾਨ

Monday, January 15, 2018

ਕਾਵਿ ਰਚਨਾ//ਚਾਨਣ ਗਿਆਨ ਮਸ਼ਾਲ//ਜੱਥੇਦਾਰ ਜੋਗਿੰਦਰ ਸਿੰਘ "ਮੁਕਤਾ"

.......ਕੁਝ ਤੇ ਵਿਥਾਂ ਯਾਰ ਘਟਾਉ
ਜਲੰਧਰ : 15 ਜਨਵਰੀ 2018 : (ਰਾਜਪਾਲ ਕੌਰ//ਪੰਜਾਬ ਸਕਰੀਨ ):: 
ਸਾਹਿਤ ਹਮੇਸ਼ਾਂ ਹੀ ਸਮਾਜ ਦੇ ਅਸਲੀ ਰੂਪ ਸਰੂਪ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਸੰਭਾਲਦਾ ਹੈ। ਕਾਲਪਨਿਕ ਨਾਵਣਾ ਅਤੇ ਥਾਵਾਂ ਦਾ ਸਹਾਰਾ ਲੈ ਕੇ ਰਚੀ ਜਾਂਦਾ ਸਾਹਿਤ ਅਸਲ ਵਿੱਚ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ ਹੁੰਦਾ। ਕਲਮ ਦੀਆਂ ਮਜਬੂਰੀਆਂ ਦੇ ਵਿੱਚ ਵਿੱਚ ਰਹਿ ਕੇ ਸਾਹਿਤ ਬਹੁਤ ਕੁਝ ਅਜਿਹਾ ਦਿਖਾਉਂਦਾ ਹੈ ਜਿਹੜਾ ਸੱਚਮੁੱਚ ਵਾਪਰਿਆ ਹੁੰਦਾ ਹੈ। ਇਸਦੀ ਕਲਪਨਾ ਦੀ ਉਡਾਰੀ ਵੀ ਕਈ ਵਾਰ ਆਉਣ ਵਾਲੇ ਭਵਿੱਖ ਦੀ ਤਸਵੀਰ ਦਿਖਾਉਂਦੀ ਹੈ। ਕਵਿਤਾ ਪ੍ਰਕਾਸ਼ਨ ਵੱਲੋਂ ਇਹਨਾਂ ਰਚਨਾਵਾਂ ਦਾ ਇੱਕ ਨਵਾਂ ਸੰਕਲਨ ਵੀ ਛੇਤੀ ਆ ਰਿਹਾ ਹੈ। ਇਥੇ ਅਸੀਂ ਦੇ ਰਹੇ ਹਾਂ ਜੱਥੇਦਾਰ ਜੋਗਿੰਦਰ ਸਿੰਘ "ਮੁਕਤਾ" ਦੀ ਇੱਕ ਰਚਨਾ। 

ਚਾਨਣ ਗਿਆਨ ਮਸ਼ਾਲ 
ਹੁਣ ਮੋਮਬਤੀਆਂ ਸਭ ਬੁਝਾਉ। 
ਚਾਨਣ ਗਿਆਨ ਮਸ਼ਾਲ ਜਗਾਓ।। 

ਬੁੱਝਣ ਬੱਤੀਆਂ ਤਪਸ਼ ਮਿਟੇਗੀ ,
ਦਹਿਸ਼ਤ ਗਰਦੀ ਹਬਸ਼ ਮਿਟੇਗੀ। 
ਨੇਕੀ ਦਾ ਰਸਤਾ ਅਪਨਾਉ। 

ਹੁਣ ਮੋਮਬਤੀਆਂ  .......... 
ਮੋਮਬਤੀਆਂ ਨਾਲ ਹੁਣ ਨਹੀਂ ਸਰਨਾ। 
ਪੈਣਾ ਏਂ ਵੱਡਾ ਹੀਲਾ ਕਰਨਾ। 
ਕੁਝ ਤੇ ਵਿਥਾਂ ਯਾਰ ਘਟਾਉ। 
ਹੁਣ ਮੋਮਬਤੀਆਂ  ..........

ਬੜੀਆਂ ਫਿਰਕੂ ਬੱਤੀਆਂ ਜੱਗੀਆਂ। 
ਨਫਰਤ ਤੇਜ ਹਵਾਵਾਂ ਵੱਗੀਆਂ। 
ਫਿਰਕਾ ਪ੍ਰਸਤੀ ਜੜੋਂ ਮੁਕਾਓ। 
ਹੁਣ ਮੋਮਬਤੀਆਂ  ...........

ਉਹ ਬੱਤੀਆਂ ਦੇ ਦਾਹਵੇ ਦਾਰੋ। 
ਕੁਝ ਤਾਂ ਦਿਲ ਵਿੱਚ ਸੋਚ ਵਿਚਾਰੋ।  
ਨਿਤ ਨਾਂ ਨਵੇਂ ਵਿਵਾਦ ਵਧਾਓ। 
ਹੁਣ ਮੋਮਬਤੀਆਂ  ............

ਵੱਖਰੇ ਠੱਪੇ ਲਾਈ ਫਿਰਦੇ। 
ਵਾੜੇ ਬਹੁਤ ਬਨਾਈ ਫਿਰਦੇ। 
ਚੱਲ ਚੱਲ ਚਾਲਾਂ ਨਾ ਉਕਸਾਓ। 
ਹੁਣ ਮੋਮਬਤੀਆਂ ............

ਮੂੰਹੋਂ ਗੱਲਾਂ ਕਰਨ ਸੌਖੀਆਂ। 
ਐਪਰ ਤੰਗੀਆਂ ਜਰਣ ਔਖੀਆਂ। 
ਸਭ ਨੂੰ ਜੀਵਨ ਜਾਚ ਸਿਖਾਉ। 
ਹੁਣ ਮੋਮਬਤੀਆਂ  .............

ਝੁੱਗੀਆਂ ਅੰਦਰ ਘੁੱਪ ਹਨੇਰਾ। 
ਗਮੀਆਂ ਪੱਕਾ ਲਾਇਆ ਡੇਰਾ। 
ਕਹੇ 'ਮੁਕਤਾ' ਰੱਲ ਦਰਦ ਵੰਡਾਉ। 
ਹੁਣ ਮੋਮਬਤੀਆਂ  ........... 

ਜਥੇਦਾਰ ਜੋਗਿੰਦਰ ਸਿੰਘ 'ਮੁਕਤਾ'
(ਹਰਿਆਣਾ ਪੰਜਾਬ ਸਾਹਿਤ ਅਕਾਦਮੀ ਵਲੋਂ ਪੁਰਸਕ੍ਰਿਤ)

Wednesday, December 20, 2017

ਪਰੋਫੈਸਰ ਗੁਰਭਜਨ ਗਿੱਲ ਦੀ ਲੋਰੀ ਤੇ ਅਧਾਰਿਤ ਲਘੂ ਫਿਲਮ

Wed, Dec 20, 2017 at 5:02 PM
ਲਘੂ ਫਿਲਮ ਦਾ ਲੋਕ ਅਰਪਣ ਰਾਮਗੜੀਆ ਕਾਲਜ ਵਿਖੇ 21 ਦਸੰਬਰ ਨੂੰ
ਲੁਧਿਆਣਾ: 20 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਲੋਰੀ ਤੇ ਅਧਾਰਿਤ ਲਘੂ ਫਿਲਮ ਕੱਲ ਸਵੇਰੇ ਰਾਮਗੜੀਆ ਕਾਲਜ ਵਿੱਚ ਲੋਕ ਅਰਪਣ ਕੀਤੀ ਜਾਵੇਗੀ। ਸਰਦਾਰ ਪ੍ਰਦੀਪ ਸਿੰਘ ਅਤੇ ਪਰਮਜੀਤ ਸੋਹਲ ਦੇ ਹਿੰਮਤ ਸਦਕਾ ਗੁਰਭਜਨ ਗਿੱਲ ਦੀ ਲਿਖਤ ਲੋਰੀ ਤੇ ਅਧਾਰਿਤ ਇੱਕ ਲਘੂ ਫਿਲਮ ਬਣਾਈ ਗਈ ਹੈ ਜੋ ਕਿ ਚਾਰ-ਚੁਫੇਰਿਆਂ ਤੋਂ ਸਲਾਹੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਰਾਮਗੜੀਆਂ ਗਰਲਜ਼ ਕਾਲਜ ਮਿਲਰ ਗੰਜ ਲੁਧਿਆਣਾ ਵਿਖੇ ਕੱਲ ਸਵੇਰੇ 10 ਵਜੇ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਲੋਕ ਅਰਪਣ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਸ. ਰਣਜੋਧ ਸਿੰਘ ਕਰਨਗੇ। ਯਾਦ ਰਹੇ ਕਿ ਅੱਜ ਤੋਂ ਲਗਭਗ 10 ਸਾਲ ਪਹਿਲਾਂ ਇਸ ਲੋਰੀ ਨੂੰ ਉਘੇ ਲੋਕ ਗਾਇਕ ਜਸਵੀਰ ਜੱਸੀ ਨੇ ਗਾਇਆ ਸੀ ਜਿਸ ਨੂੰ ਬਾਅਦ ਵਿੱਚ ਰਣਜੀਤ ਬਾਵਾ ਨੇ ਵੀ ਆਪਣੀ ਅਵਾਜ਼ ਦੇ ਕੇ ਖੂਬ ਪ੍ਰਸ਼ੰਸਾ ਖੱਟੀ ਸੀ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਦੇ ਕਹਾਣੀ ਸੰਗ੍ਰਹਿ 'ਬਦਲਦੇ ਰਿਸ਼ਤੇ' ਨੂੰ ਵੀ ਲੋਕ ਅਰਪਣ ਕੀਤਾ ਜਾਵੇਗਾ।

Tuesday, September 19, 2017

ਨਹੀਂ ਰਹੇ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ

ਰਚਨਾਵਾਂ ਨਾਲ ਹਮੇਸ਼ਾਂ ਰਹਿਣਗੇ ਸਾਡੇ ਦਰਮਿਆਨ 
ਵਕਾਲਤ ਦਾ ਪੇਸ਼ਾ, ਕਾਨੂੰਨ ਦੀ ਪੜ੍ਹਾਈ, ਲਾਅ ਅਫਸਰ ਵੱਜੋਂ ਨੌਕਰੀ ਅਤੇ ਜਜ਼ਬਾਤਾਂ ਦਾ ਅਨੁਭਵ ਪੂਰੀ ਸ਼ਿੱਦਤ ਨਾਲ। ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਹੁਰਾਂ ਦਾ ਤੁਰ ਜਾਣਾ ਦਿਲ ਨੂੰ ਬੇਹੱਦ ਉਦਾਸ ਕਰ ਗਿਆ। ਸਰਬੱਤ ਦਾ ਭਲਾ ਮੰਗਣ ਵਾਲੇ ਅਸਥਾਨ--ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੇ ਜਿਹਨਾਂ ਨੂੰ ਚੋਟ ਪਹੁੰਚਾਈਂ ਉਹਨਾਂ ਵਿੱਚ ਅਫ਼ਜ਼ਲ ਸਾਹਿਬ ਵੀ ਸਨ। ਉਹਨਾਂ ਇਸ ਮੌਕੇ ਨੂੰ ਆਪਣੀਂ ਕਲਮੀ ਗਵਾਹੀ ਨਾਲ ਸੰਭਾਲਦਿਆਂ ਇੱਕ ਅਮਰ ਰਚਨਾ ਲਿਖੀ-ਨਵਾਂ ਘੱਲੂਘਾਰਾ। ਉਹਨਾਂ ਦੇ ਅਲਵਿਦਾ ਕਹਿ ਜਾਣ ਮਗਰੋਂ ਇਸ ਕਵਿਤਾ ਦੀ ਅਹਿਮੀਅਤ ਹੋਰ ਵੱਧ ਗਈ ਹੈ। ਇਸ ਦੁਖਦਾਈ ਅਤੇ ਉਦਾਸ ਮੌਕੇ ਤੇ ਅਸੀਂ ਉਹੀ ਰਚਨਾ ਪ੍ਰਕਾਸ਼ਿਤ ਕਰ ਰਹੇ ਹਾਂ।-ਸੰਪਾਦਕ 
ਨਵਾਂ ਘੱਲੂਘਾਰਾ 
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।

ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।

ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।

ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।

ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।

ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।

ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।

Saturday, May 13, 2017

ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ

13 ਮਈ ਨੂੰ ਬਟਾਲਾ ਵਿਖੇ ਸਨਮਾਨ ਸਮਾਰੋਹ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ
ਗੁਰਭਜਨ ਗਿੱਲ
ਅਮਰਜੀਤ ਗੁਰਦਾਸਪੁਰੀ
ਪੰਜਾਬ ਆਰਟਸ ਕੌਂਸਲ ਵੱਲੋਂ 13 ਮਈ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿੱਚ ਸ਼ਿਵ ਕੁਮਾਰ ਬਾਰੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਵ ਦੇ ਨੇੜਲੇ ਬੇਲੀ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਿਤ ਕਰ ਰਹੀ ਹੈ। ਆਰਟਸ ਕੌਂਸਲ ਦੀ ਚੇਅਰ ਪਰਸਨ ਸਤਿੰਦਰ ਸੱਤੀ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਵਿਰਦੀ ਦੋਵੇਂ ਬਟਾਲਵੀ ਨੇ। ਸਕੱਤਰ ਜਨਰਲ ਸ਼ਾਇਰ ਮੀਰ ਲਖਵਿੰਦਰ ਜੌਹਲ ਹੈ । ਇਸ ਤਿਕੋਨ ਦਾ ਫੈਸਲਾ ਕਿ ਸ਼ਿਵ ਦੇ ਉਸ ਬੇਲੀ ਨੂੰ ਬਟਾਲੇ ਵਿੱਚ ਸਨਮਾਨਿਤ ਕੀਤਾ ਜਾਵੇ ਜਿਸ ਦੀ ਬੰਬੀ ਤੇ ਬਹਿ ਕੇ ਸ਼ਿਵ ਨੇ ਅਨੇਕਾਂ ਗੀਤ ਲਿਖੇ।
ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 82ਵੇਂ ਵਰੇ• ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ ਪੁੱਤਰ ਕਮਿਉਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਸ਼ਕਤੀਸ਼ਾਲੀ ਕਾਰਕੁੰਨ ਬਣਿਆ ਤਾਂ ਲੋਕਾਂ ਨੇ ਗੱਲਾਂ ਕੀਤੀਆਂ, ਅਖੇ ! ਰੇਸ਼ਮੀ ਗਦੇਲਿਆਂ ਤੇ ਸੌਣ ਵਾਲਾ ਇਹ ਅਲੂੰਆਂ ਮੁੰਡਾ ਕਿਵੇਂ ਕੱਚਿਆਂ ਧੂੜ ਲਪੇਟੇ ਰਾਹਾਂ ਤੇ ਤੁਰੇਗਾ? ਅਮਰਜੀਤ ਨੇ ਇਹ ਗੱਲ ਸੱਚ ਕਰ ਵਿਖਾਈ ਕਿ ਵਿਸ਼ਵਾਸ ਦੀ ਸ਼ਕਤੀ ਨਾਲ ਹਰ ਮੁਸੀਬਤ ਨੂੰ ਹੱਸ ਕੇ ਜ਼ਰਿਆ ਜਾ ਸਕਦਾ ਹੈ । ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸਨੇ ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਉਸਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਪੰਜਾਬੀ ਸੰਗੀਤ ਦੀ ਦੇਵੀ ਸੁਰਿੰਦਰ ਕੌਰ ਨੇ ਵੀ  ਉਸਦੀ ਸਹਿ ਗਾਇਕਾ ਵਜੋਂ ਇਪਟਾ ਦੀਆਂ ਸਟੇਜਾਂ ਤੇ ਸਾਥ ਨਿਭਾਇਆ। ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ ।
ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਦੇ ਆਧਾਰਿਤ ਇਕ ਟੈਲੀ ਫਿਲਮ ਬਣਾਈ ਹੈ ਜਿਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁੱਝ ਨਮੂਨੇ ਵੀ ਅੰਕਿਤ ਕੀਤੇ ਹਨ।  ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਂਵੇ ਕਿਨਕਾ ਮਾਤਰ ਹੀ ਅੰਕਿਤ ਹੋ ਸਕਿਆ ਹੈ ਪਰ ਖੂਬਸੂਰਤ ਯਤਨ ਲਈ ਮੈਂ ਉਸ ਦਾ ਰਹਿੰਦੀ ਉਮਰ ਤੀਕ ਰਿਣੀ ਰਹਾਂਗਾ।  ਇਹ ਫਿਲਮ ਲੁਧਿਆਣਾ ਜਿਲੇ• ਦੇ ਦੋ  ਹਿੰਮਤੀ ਨੌਜਵਾਨਾਂ ਰਜਿੰਦਰ ਅਤੇ ਦੇਵਿੰਦਰ ਨਾਂ ਵਾਲੇ ਝਾਂਡੇ ਬਰਦਰਜ਼ ਨੇ ਆਪਣੀ ਕੰਪਨੀ ਵਲੋਂ ਰਿਲੀਜ਼ ਕੀਤਾ ਹੈ।  ਇਹ ਫਿਲਮ ਆਮ ਬੰਦਿਆਂ ਲਈ ਭਾਂਵੇ ਬਹੁਤੀ ਦਿਲਚਸਪੀ ਦਾ ਵਸੀਲਾ ਨਾਂ ਬਣ ਸਕੇ ਪਰ ਇਤਹਾਸ ਦੇ ਵਾਕਫਕਾਰਾਂ ਲਈ ਸੰਭਾਲਣਯੋਗ ਤੋਹਫਾ ਹੋਵੇਗਾ।  ਗੁਰਪ੍ਰੀਤ ਸਿੰਘ ਤੂਰ ਨੇ ਇਸ ਫਿਲਮ ਦੇ ਤਿਆਰੀ ਅਤੇ ਪਿਰਥੀਪਾਲ ਸਿੰਘ ਬਟਾਲਾ ਨੇ ਇਸਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ ਹੈ।  ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨਿ।  ਰਾਂਤੀ ਹੀ ਮੈਂ ਸ਼ਬਦੀਸ਼ ਅਤੇ ਅਨੀਤਾ ਵਲੋਂ ਸ. ਗੁਰਸ਼ਰਨ ਸਿੰਘ ਬਾਰੇ ਬਣਾਈ ਦਸਤਾਵੇਜੀ ਫਿਲਮ ਵੇਖ ਰਿਹਾ ਸਾਂ।  ਇਪਟਾ ਦੇ ਜ਼ਿਕਰ ਵੇਲੇ ਅਮਰਜੀਤ ਗੁਰਦਾਸਪੁਰੀ ਦੀ ਤਸਵੀਰ ਵੇਖੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਮਿਰਜ਼ਾ ਸਹਿਬਾ ਗਾਂਉਦਿਆਂ।  ਇੰਝ ਲੱਗਾ ਜਿਵੇਂ ਅਮਰਜੀਤ ਗੁਰਦਾਸਪੁਰੀ ਨੁੰ ਢਿੱਡੋਂ ਪਿਆਰ ਕਰਨ ਵਾਲਾ ਗੁਰਸ਼ਰਨ ਸਿੰਘ ਤਾਂ ਚਲਾ ਗਿਆ ਹੈ। ਨਵੀਂ ਪੀੜ੍ਹੀ ਨੂੰ ਉਸ ਦੇ ਗੁਣਾ ਬਾਰੇ ਦੱਸਣ ਦੀ ਜ਼ਿਮੇਵਾਰੀ ਹੁਣ ਸਾਡੀ ਹੈ।
ਜ਼ਿਲਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਨੂੰ ਮਹੱਤਵਪੂਰਨ ਪਿੰਡ ਬਣਾਉਣ ਵਿਚ ਅਮਰਜੀਤ ਗੁਰਦਾਸਪੁਰੀ ਦਾ ਬਹੁਤ ਵੱਡਾ ਯੋਗਦਾਨ ਹੈ । ਪਹਿਲਾਂ ਇਹ ਪਿੰਡ ਸਿਰਫ਼ ਉਸਦੇ ਦਾਦਾ ਜੀ ਜ਼ੈਲਦਾਰ ਹਰਨਾਮ ਸਿੰਘ ਜਾਂ ਪਿੰਡ ਦੇ ਅਕਾਲੀ ਆਗੂ ਜਥੇਦਾਰ ਗੁਰਦਿੱਤ ਸਿੰਘ ਕਰਕੇ ਜ਼ਿਲੇ ਵਿਚ ਜਾਣਿਆ ਜਾਂਦਾ ਸੀ ਪਰ ਅਮਰਜੀਤ ਦੀ ਆਵਾਜ਼ ਨੇ ਤਾਂ ਇਸ ਪਿੰਡ ਨੂੰ ਦੇਸ਼ ਦੇਸ਼ਾਂਤਰ ਵਿਚ ਪ੍ਰਸਿੱਧ ਕਰ ਦਿੱਤਾ ਹੈ । ਪੂਰੀ ਦੁਨੀਆਂ ਵਿਚ ਸ਼ਾਇਦ ਹੀ ਕੋਈ ਜਿਊਂਦਾ ਜਾਗਦਾ ਕਲਾਪ੍ਰਸਤ ਹੋਵੇ ਜਿਸ ਨੂੰ ਗੁਰਦਾਸਪੁਰੀ ਦੀ ਮਹਿਕ ਭਿੱਜੀ ਅਵਾਜ਼ ਸਦਕਾ ਉਦੋਵਾਲੀ ਕਲਾਂ ਦਾ ਪਤਾ ਨਾ ਹੋਵੇ । 1933 ਵਿਚ ਅਮਰਜੀਤ ਨੇ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਸਿਰਫ਼ 32 ਸਾਲ ਦੀ ਉਮਰ ਹੰਢਾ ਕੇ ਉਸਦੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ।
ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜੁਆਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਦੀ 'ਹੀਰ', ਪੀਲੂ ਦਾ 'ਮਿਰਜ਼ਾ' ਅਤੇ ਕਾਦਰ ਯਾਰ ਦਾ 'ਪੂਰਨ ਭਗਤ' ਗਾਉਂਦਾ ਫਿਰਦਾ । ਪਿੰਡ ਦੇ ਮੁੰਡੇ ਅਕਸਰ ਉਸਦੀ ਆਵਾਜ਼ ਨਾਲ ਸੁਰ ਮਿਲਾਉਂਦੇ। ਅਮਰਜੀਤ ਵੀ ਉਹਨਾਂ ਮੁੰਡਿਆਂ ਵਿਚੋਂ ਇਕ ਹੁੰਦਾ। ਉਸਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹੀ ਸ਼ੌਂਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ। ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਾਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ।
ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ .......
ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ। ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ। ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦਸਦੀ-ਦਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖਤਮ ਕਰ ਲੈਂਦੀ ਹੈ। ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਅੱਜ ਪੇਸ਼ ਹੁੰਦਾ ਹੈ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ। ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ।
ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਮੁਸਾਫ਼ਿਰ ਬਣ ਗਿਆ। ਸੰਨ 1952 ਵਿਚ ਉਸਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ਤੇ ਖਲੋ ਕੇ ਇਹ ਗੀਤ ਗਾਇਆ
ਅੱਗੇ ਨਾਲੋਂ ਵੱਧ ਗਈਆਂ ਹੋਰ ਮਜ਼ਬੂਰੀਆਂ ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ ।
ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸਨੂੰ ਉਸਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ। ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂੰਹ ਦਾ ਚਹੇਤਾ ਗਵਈਆ ਬਣ ਗਿਆ। ਇਲਾਕੇ ਦੇ ਸ਼ਾਇਰ ਜਸਵੰਤ ਸਿੰਘ ਰਾਹੀ, ਮਹੈਣ ਸਿੰਘ ਅਨਪੜ ਅਤੇ ਅਜਿਹੇ ਕਈ ਹੋਰ ਲੋਕ ਉਸਨੂੰ ਆਪਣੇ ਗੀਤ ਦੇਣ ਲੱਗੇ । ਮਿੱਠੀ ਆਵਾਜ਼ ਨਾਲ ਉਮਰਾਂ ਦੀ ਸਾਂਝ ਪਾਉਣ ਲਈ।ਇਹਨਾਂ ਹੀ ਸਮਿਆਂ ਵਿਚ ਉਸਨੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਜੌੜੀਆਂ ਦੇ ਜੰਮੇ ਜਾਏ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਗੀਤ
ਜਿਉਂਦੇ ਜੀ ਆ ਸੋਹਣਿਆ, ਤੈਨੁੰ ਸੁਰਗ ਵਿਖਾਵਾਂ।
ਲੱਗੀਆਂ ਹੋਈਆਂ ਰੌਣਕਾਂ, ਪਿਪਲਾਂ ਦੀਆਂ ਛਾਵਾਂ।
ਇਹ ਵਕਤ ਲੋਕ ਉਭਾਰ ਦਾ ਵਕਤ ਸੀ। ਆਜ਼ਾਦੀ ਮਗਰੋਂ ਕਮਿਊਨਿਸਟ ਆਗੂ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਸਨ ਮੰਨਦੇ । ਉਹ ਇਸਨੂੰ ਨਕਲੀ ਆਜ਼ਾਦੀ ਆਖਦੇ। ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰ ਸਰਕਾਰੀ ਨੀਤੀਆਂ ਦਾ ਨੰਗ ਬੇ-ਪਰਦ ਕਰਦੇ ਤੇ ਲਿਖਦੇ
ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ ।
ਅੱਗਾ ਪਿੱਛਾ ਹੈ ਨਹੀ ਜੇ ਤੇ, ਬਾਹਵਾਂ ਆਪ ਲੁਆ ਲਓ ।
ਅਮਰਜੀਤ ਗੁਰਦਾਸਪੁਰੀ ਆਪਣੇ ਸਾਥੀ ਦਲੀਪ ਸਿੰਘ ਸ਼ਿਕਾਰ ਨਾਲ ਮਿਲ ਕੇ ਇਹੋ ਜਿਹੇ ਗੀਤਾਂ ਨੂੰ ਗਾਉਂਦੇ। ਲੋਕਾਂ ਵਿਚ ਚਾਨਣ-ਚੇਤਨਾ ਦਾ ਬੀਜ ਬੀਜਦੇ। ਹੌਲੀ-ਹੌਲੀ ਉਹ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਦਾ ਕਲਾਕਾਰ ਬਣ ਗਿਆ। ਉਸਦੀ ਕੀਰਤੀ ਸੂਬੇ ਵਿਚ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਸਨੂੰ ਸੂਬੇ ਦੇ ਕਲਾਕਾਰਾਂ ਵਿਚ ਲੈ ਲਿਆ। ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ਗਾਇਕਾ ਸੁਰਿੰਦਰ ਕੌਰ, ਉਸਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ, ਉਹਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਉਹਨਾਂ ਦੇ ਨਾਲ ਹੀ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ।
ਅਮਰਜੀਤ ਗੁਰਦਾਸਪੁਰੀ ਇਪਟਾ ਅਤੇ ਕਮਿਊਨਿਸਟ ਲਹਿਰ ਵਿਚ ਗੁਜ਼ਾਰੇ ਪਲਾਂ ਦਾ ਜ਼ਿਕਰ ਕਰਦਿਆਂ ਆਖਦਾ ਹੈ ਕਿ ਉਹ ਉਤਸ਼ਾਹ ਦੀ ਭਰਪੂਰਤਾ ਦੇ ਦਿਨ ਸਨ। ਉਸਨੂੰ ਉਹ ਦਿਨ ਵੀ ਅੱਜ ਯਾਦ ਆਉਂਦਾ ਹੈ ਜਦ ਆਪਣੇ ਮਿੱਤਰ ਅਤੇ ਸਹਿਯੋਗੀ ਕਲਾਕਾਰ ਦਲੀਪ ਸਿੰਘ ਸ਼ਿਕਾਰ ਨੂੰ ਸਾਇਕਲ ਤੇ ਬਿਠਾ ਕੇ ਉਹ ਹੁਸ਼ਿਆਰਪੁਰ ਜ਼ਿਲੇ ਵਿਚ ਜੋਗਿੰਦਰ ਬਾਹਰਲਾ ਦੇ ਪਿੰਡ ਚਬੇਵਾਲ ਜਿਆਣ ਪਹੁੰਚੇ । ਜਾਣ ਸਾਰ ਉਹਨਾਂ ਨੂੰ ਕਮਿਊਨਿਸਟ ਆਗੂ ਡਾ. ਭਾਗ ਸਿੰਘ ਜੀ ਨੇ ਸਟੇਜ ਤੇ ਚੜ੍ਹਾ ਦਿੱਤਾ ਤੇ ਉਹ ਸਾਰੀ ਰਾਤ ਹੀ ਗਾਉਂਦੇ ਰਹੇ। ਇਨਕਲਾਬੀ ਗੀਤਾਂ ਦੇ ਵਜ਼ਦ ਕਾਰਨ ਥਕੇਵਾਂ ਤੇ ਅਕੇਵਾਂ ਉਹਨਾਂ ਦੇ ਨੇੜੇ ਨਹੀਂ ਸੀ ਆਉਂਦਾ। ਪਰ ਇਕ ਗੱਲ ਦਾ ਕੰਡਾ ਅੱਜ ਵੀ ਉਸ ਦੇ ਮਨ ਮਸਤਕ ਵਿਚ ਰੜਕਦਾ ਹੈ, ਸਾਡੇ ਆਗੂਆਂ ਨੇ ਇਪਟਾ ਜਾਂ ਕਲਚਰਲ ਸਕੁਆਡ ਦੇ ਕਲਾਕਾਰਾਂ ਨੂੰ ਕਦੇ ਸਾਥੀ ਨਹੀਂ ਸੀ ਸਮਝਿਆ ਸਿਰਫ਼ ਭੀੜ ਇਕੱਠੀ ਕਰਨ ਵਾਲੇ ਸੰਦ ਸਮਝ ਕੇ ਹੀ ਵਰਤਦੇ ਰਹੇ। ਇਸਦਾ ਇਕ ਹਵਾਲਾ ਉਹ ਧੁਆਣ ਦਮੋਦਰ (ਗੁਰਦਾਸਪੁਰ) ਦੀ ਕਾਨਫਰੰਸ ਦਾ ਦੇ ਕੇ ਦਸਦਾ ਹੈ ਕਿ ਕਿਵੇਂ ਇਕ ਸਿਆਲੀ ਰਾਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਸੇ ਦੇ ਘਰ ਆਪਣੇ ਸੌਣ ਲਈ ਬਿਸਤਰੇ ਵਿਛਾਏ। ਪਰ ਜਦ ਅੱਧੀ ਰਾਤ ਨੂੰ ਪ੍ਰੋਗਰਾਮ ਨੂੰ ਪੇਸ਼ ਕਰਕੇ ਪਰਤੇ ਤਾਂ ਉਹਨਾਂ ਬਿਸਤਰਿਆਂ ਤੇ ਸੀਨੀਅਰ ਕਾਮਰੇਡ ਸੁੱਤੇ ਪਏ ਸਨ। ਨਾ ਬਿਸਤਰਾ, ਨਾ ਰੋਟੀ, ਨਾ ਪਾਣੀ। ਠਰੀਆਂ ਤੇ ਆਕੜੀਆਂ ਰੋਟੀਆਂ ਨੂੰ ਜਦ ਗਰਮ ਕਰਨ ਲਈ ਆਖਿਆ ਤਾਂ ਇਕ ਸੀਨੀਅਰ ਕਾਮਰੇਡ ਖੰਘੂਰਾ ਮਾਰ ਕੇ ਬੋਲਿਆ,  ਤੁਸੀਂ ਇਨਕਲਾਬ ਕੀ ਲਿਆਓਗੇ, ਜਿਹੜੇ ਤੱਤੀਆਂ ਰੋਟੀਆਂ ਮੰਗਦੇ ਓ। ਅਮਰਜੀਤ ਵੱਲ ਇਸ਼ਾਰਾ ਕਰਕੇ ਘੂਰਦਿਆਂ ਬੋਲਿਆ, ਤੇਰੇ ਵਿਚੋਂ ਜ਼ੈਲਦਾਰੀ ਨਹੀਂ ਗਈ। ਉਸ ਰਾਤ ਮੈਂ ਬੇਹੱਦ ਉਦਾਸ ਹੋਇਆ। ਕਮਿਊਨਿਸਟ ਪਾਰਟੀ ਤੇ ਪਾਬੰਦੀ ਲੱਗਣ ਵੇਲੇ ਉਹ ਵੀ ਰੂਪੋਸ਼ ਹੋ ਗਿਆ ਅਤੇ ਮੋਗਾ, ਫ਼ਰੀਦਕੋਟ, ਢੂਡੀਕੇ, ਨਿਹਾਲਸਿੰਘਵਾਲਾ ਇਲਾਕੇ ਦੇ ਲੋਕ ਜੰਗਲ ਵਿਚ ਲੁਕਿਆ ਰਿਹਾ। ਜਸਵੰਤ ਸਿੰਘ ਕੰਵਲ, ਕਾਮਰੇਡ ਲਖਬੰਸ, ਕੁਲਭੂਸ਼ਨ ਬੱਧਣਵੀ, ਸੁਰਜੀਤ ਗਿੱਲ ਨਾਲ ਦੋਸਤੀ ਉਹਨਾਂ  ਵਰ੍ਹਿਆਂ ਵਿੱਚ ਹੀ ਪਈ।
ਅਮਰਜੀਤ ਗੁਰਦਾਸਪੁਰੀ ਨੇ ਮਾਝੇ ਦੀ ਗਾਇਕੀ ਦੀ ਉਸ ਰਵਾਇਤ ਨੂੰ ਉਸ ਵੇਲੇ ਸਿਖ਼ਰਾਂ ਤੇ ਪਹੁੰਚਾ ਦਿੱਤਾ ਜਦ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਈ ਅਮਨ ਕਾਨਫਰੰਸ ਵਿਚ ਉਸਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ 'ਕਾਗ ਸਮੇਂ ਦਾ ਬੋਲਿਆ ਨੀ ਅਮਨਾਂ ਦੀ ਬੋਲੀ' ਗਾਇਆ। ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦਸਦੇ ਨੇ ਕਿ ਉਸ ਕਾਨਫਰੰਸ ਵਿਚ ਹਾਜ਼ਰੀ ਇਕ ਲੱਖ ਤੋਂ ਵੱਧ ਲੋਕਾਂ ਦੀ ਸੀ ਅਤੇ ਉਹਨਾਂ ਹਾਜ਼ਰ ਲੋਕਾਂ ਵਿਚੋਂ ਹਰ ਕਿਸੇ ਨੇ ਇਸ ਗੀਤ ਨੂੰ ਸਾਹ-ਸੁਆਸ ਰੋਕ ਕੇ ਸਿਰਫ਼ ਸੁਣਿਆ ਹੀ ਨਾ ਸਗੋਂ ਦੁਬਾਰਾ ਸੁਣਾਉਣ ਲਈ ਵੀ ਆਖਿਆ। ਇਹ ਗੀਤ ਵਿਸ਼ਵ ਅਮਨ ਲਹਿਰ ਵਿਚ ਪੰਜਾਬ ਦਾ ਨਿੱਗਰ ਹਿੱਸਾ ਬਣਿਆ । ਕੁੱਝ ਵਰ੍ਹੇ ਪਹਿਲਾਂ ਜਦੋਂ ਪੰਜਾਬ ਵਿਚ ਅੱਤਵਾਦ ਸਿਖ਼ਰਾਂ ਤੇ ਸੀ ਤੇ ਪੰਜਾਬ ਵਿਚੋਂ ਵੀ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਸਭ ਤੋਂ ਵੱਧ ਬਲਦੀ ਦੇ ਬੁੱਥੇ ਸੀ ਤਾਂ ਅਮਰਜੀਤ ਮੇਰਾ ਲਿਖਿਆ ਗੀਤ
ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।
ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।
ਆਪਣੀ ਮਿੱਠੀ ਆਵਾਜ਼ ਵਿਚ ਗਾ ਕੇ ਪਿੰਡ-ਪਿੰਡ ਗਿਆ । ਉਸਦੀ ਤੂੰਬੀ ਦੀ ਤਾਰ ਇਹ ਵੀ ਅਲਾਪਦੀ ਰਹੀ, ਨੀ ਘੁਗੀਏ ਉਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ। ਇਹ ਗੀਤ ਉਸ ਤਪਦੀ ਧਰਤੀ ਤੇ ਠੰਢੀਆਂ ਕਣੀਆਂ ਵਰਗਾ ਅਹਿਸਾਸ ਸਿਰਜਦੇ। ਸੰਨ 1986 ਵਿਚ ਇਪਟਾ ਨੇ ਪੰਜਾਬੀ ਭਵਨ ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਸਾਹਿਬ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਰਚਿਆ। ਉਸ ਵਿਚ ਹੋਰ ਕਲਾਕਾਰਾਂ ਤੋਂ ਇਲਾਵਾ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵਸਣ ਲਈ ਜਾ ਰਹੇ ਸਨ। ਮਾਝਾ ਇਲਾਕਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ। ਇਸ ਪੀੜ ਨੂੰ ਗੁਰਦਾਸਪੁਰੀ ਨੇ ਪੰਜਾਬੀ ਭਵਨ ਦੇ ਮੰਚ ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ
ਵੀਰਾ ਅੰਮੜੀ ਜਾਇਆ ਜਾਹ ਨਾਹੀ, ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀ।
ਭਾਈ ਮਰਨ ਤੇ ਪੌਦੀਆਂ ਭੱਜ ਬਾਹਾਂ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ।
ਦਰਦ ਭਿੱਜੇ ਇਹਨਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵੱਧ ਸੁਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਇਹ ਗੀਤ ਮੁੱਕਣਸਾਰ ਕੈਫੀ ਆਜ਼ਮੀ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਕਲਾਕਾਰ ਸ਼ੌਕਤ ਆਜ਼ਮੀ ਇਕ ਦਮ ਮੰਚ ਤੇ ਆਈ ਤੇ ਬੋਲੀ, ਐ ਪੰਜਾਬ ਵਾਲੋ ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ। ਇਸਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼ ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ।
ਸ. ਜਗਦੇਵ ਸਿੰਘ ਜਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿਉਂਕਿ ਉਸ ਰਾਤ ਸਾਡਾ ਸਾਰਿਆ ਦਾ ਟਿਕਾਣਾ ਜਸੋਵਾਲ ਸਾਹਿਬ ਦਾ ਚੁਬਾਰਾ ਹੀ ਸੀ। ਇਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ।
ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਂਨਅੰਤਰ ਤੁਰਦਾ ਉਹ ਉਹ ਕਲਾਕਾਰ ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ। ਸ਼ਿਵ ਕੁਮਾਰ ਨੇ ਆਪ ਕਿਤੇ ਲਿਖਿਆ ਹੈ ਕਿ ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ  ਨੂੰ ਮੈਂ ਅਮਰਜੀਤ ਗੁਰਦਾਸਪੁਰੀ ਦੀ ਬੰਬੀ ਤੇ ਬਹਿ ਕੇ ਲਿਖਿਆ ਸੀ। ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਗੁਰਦਾਸਪੁਰੀ ਹੀ ਲੈ ਕੇ ਗਿਆ। ਜਿਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਕਰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿੱਤ ਤੇਜ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਆਇਆ ਜੋ ਉਹਨੀਂ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ ।
ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਅਮਰਜੀਤ ਗੁਰਦਾਸਪੁਰੀ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ । ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ, ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਹਨਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ । ਮਿਸਾਲ ਦੇ ਤੌਰ ਤੇ

ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ ।

ਠੰਡੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ, 
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ ।

ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। 
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ।
ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਸਾਹਿਤ ਸਭਾ ਧਿਆਨ ਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਵੀ ਲੰਮਾ ਸਮਾਂ ਦਿਸ਼ਾ ਨਿਰਦੇਸ਼ ਦਿੱਤਾ। ਉਸ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮ ਵਿਚ ਅਕਸਰ ਆਉਂਦੇ ਰਹੇ।
ਮੈਨੂੰ ਉਹ ਦਿਨ ਵੀ ਯਾਦ ਹੈ ਜਦ ਅਜੇ ਦੂਰਦਰਸ਼ਨ ਕੇਂਦਰ ਜਲੰਧਰ ਨਹੀਂ ਸੀ ਜੰਮਿਆ। ਪੰਜਾਬ ਵਿਚ ਸਿਰਫ਼ ਉਦੋਂ ਅੰਮ੍ਰਿਤਸਰ ਤੋਂ ਹੀ ਖ਼ਬਰਾਂ ਦਾ ਬੁਲਿਟਨ ਤਿਆਰ ਹੁੰਦਾ ਸੀ। ਇਕ ਸ਼ਾਮ ਅਮਰਜੀਤ ਗੁਰਦਾਸਪੁਰੀ ਦੇ ਅੰਗ-ਸੰਗ ਮੈਂ ਦੂਰਦਰਸ਼ਨ ਦੇ ਨਿੱਕੇ ਜਿਹੇ ਕੋਠੀ ਨੁਮਾ ਦਫ਼ਤਰ ਵਿਚ ਅੰਮ੍ਰਿਤਸਰ ਗਿਆ। ਜਿੱਥੇ ਗੋਵਰਧਨ ਸ਼ਰਮਾ ਖ਼ਬਰ ਵਾਚਕ ਸੀ, ਕਰਮਜੀਤ ਸਿੰਘ ਖ਼ਬਰਾਂ ਦਾ ਸਕਰਿਪਟ ਰਾਈਟਰ ਸੀ ਤੇ ਹਰਜੀਤ ਸਿੰਘ ਪਾਰਟ ਟਾਈਮ ਗ੍ਰਾਫਿਕ ਕਲਾਕਾਰ ਸੀ। ਚਾਹ ਦਾ ਪਿਆਲਾ ਪੀਂਦਿਆਂ ਸਾਰਿਆਂ ਨੇ ਯੋਜਨਾ ਬਣਾਈ ਕਿ ਅਮਰਜੀਤ ਗੁਰਦਾਸਪੁਰੀ ਨੂੰ ਟੈਲੀਵੀਜ਼ਨ ਲਈ ਦਿੱਲੀ ਵਾਲਿਆ ਨੂੰ ਆਖ ਕੇ ਰਿਕਾਰਡ ਕਰਵਾਈਏ । ਲਗਪਗ 32 ਵਰ੍ਹੇ ਬੀਤਣ ਮਗਰੋਂ ਅੱਜ ਜਦੋਂ ਉਹੀ ਗੋਵਰਧਨ ਸ਼ਰਮਾ ਦੂਰਦਰਸ਼ਨ ਕੇਂਦਰ ਦਾ ਸਟੇਸ਼ਨ ਡਾਇਰੈਕਟਰ ਹੈ, ਕਰਮਜੀਤ ਸਿੰਘ ਪੰਜਾਬੀ ਟਰਬਿਊਨ ਦੇ ਸਹਾਇਕ ਸੰਪਾਦਨ ਵਜੋਂ ਸੇਵਾ ਮੁਕਤ ਹੋ ਚੁੱਕਾ ਹੈ। ਹਰਜੀਤ ਸਿੰਘ ਵੀ ਦੂਰਦਰਸ਼ਨ ਦੀ ਉਚੇਰੀ ਕੁਰਸੀ ਨੂੰ ਉਮਰੋਂ ਪਹਿਲਾਂ ਤਿਆਗ ਕੇ ਜਲੰਧਰ ਵਿਚ ਟੈਲੀਵੀਜ਼ਨ ਇੰਸਟੀਚਿਊਟ ਚਲਾ ਰਿਹਾ ਹੈ ਪਰ ਅਮਰਜੀਤ ਗੁਰਦਾਸਪੁਰੀ ਅਜੇ ਵੀ ਦੂਰਦਰਸ਼ਨ ਦਾ ਸਕਰੀਨ ਹਿੱਸਾ ਨਹੀਂ ਬਣ ਸਕਿਆ। ਹਾਂ ਇੱਕ ਵਾਰ ਗਲਤੀ ਨਾਲ ਕਿਸੇ ਮਿੱਤਰ ਨੇ ਉਸਨੂੰ ਬੁਲਾ ਲਿਆ ਪਰ ਨਾਲ ਹੀ ਸਾਜਿੰਦੇ ਨਾ ਲਿਆਉਣ ਕਾਰਨ ਤਲਖ਼ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਨੇ ਰਿਕਾਰਡਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ। 
ਸਵੈਮਾਣ ਅਤੇ ਆਪਣੇ ਆਦਰਸ਼ ਤੇ ਪਹਿਰੇਦਾਰੀ ਦੇ ਰਿਹਾ ਅਮਰਜੀਤ ਗੁਰਦਾਸਪੁਰੀ ਆਪ 1962 ਤੋਂ ਲਗਾਤਾਰ ਅਕਾਸ਼ਬਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ ਹੈ । ਉਸਦੇ ਗਾਏ ਗੀਤਾਂ ਨੂੰ ਅਕਾਸ਼ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਸਮਝੌਤਾ ਉਸਨੇ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਪਾਏ। ਉਸਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿਹਨਾਂ ਨੇ ਕਦੇ ਅਸ਼ਲੀਲ ਬੋਲਾਂ ਨੂੰ ਆਪਣੇ ਕੰਠ ਤੇ ਨਹੀਂ ਲਿਆਂਦਾ। ਮਿਸਾਲ ਦੇਣੀ ਹੋਵੇ ਤਾਂ ਅਕਾਸ਼ ਬਾਣੀ ਜਲੰਧਰ ਤੋਂ ਲੋਕ ਗੀਤ ਗਾਉਣ ਵਾਲੇ ਇਸ ਇਲਾਕੇ ਦੇ ਕਲਾਕਾਰਾਂ ਜਗੀਰ ਸਿੰਘ ਤਾਲਬ, ਅਮਰੀਕ ਸਿੰਘ ਦੱਤ, ਹਰਦੇਵ ਸਿੰਘ ਖੁਸ਼ਦਿਲ, ਕਸ਼ਮੀਰ ਸਿੰਘ ਸ਼ੰਭੂ, ਹਰਭਜਨ ਸਿੰਘ ਮਲਕਪੁਰੀ ਦਾ ਹਵਾਲਾ ਦਿੱਤਾ ਜਾ ਸਕਦਾ ਹੈ।
ਮੈਂ ਇਹ ਗੱਲ ਹਮੇਸ਼ਾਂ ਚੇਤੇ ਕਰਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸਨੂੰ ਲੋਕ ਸੰਗੀਤ ਸੂਝ ਆਖਦੇ ਨੇ। ਮੈਂ ਇਕੱਲਾ ਨਹੀਂ ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਸ਼ਮਸ਼ੇਰ ਸਿੰਘ ਸੰਧੂ ਵੀ ਹੈ, ਜਗਦੇਵ ਸਿੰਘ ਜਸੋਵਾਲ ਵੀ,ਜਿਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਸੁਣਿਆ ਹੈ।

Sunday, April 09, 2017

ਬਿਨ ਕੁਰਬਾਨੀ ਕੁਰਸੀ ਉੱਤੇ, ਰਾਣੀ ਖਾਂ ਦੇ ਸਾਲੇ ਕਿਓਂ ਨੇ

 Whatsapp: 9th April 2017 at 8:31 AM
ਗ਼ਜ਼ਲ//ਗੁਰਭਜਨ ਗਿੱਲ
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲੇ ਕਿਓਂ  ਨੇ। 
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲੇ ਕਿਓਂ ਨੇ। 

ਸੱਤਰ ਸਾਲ ਆਜ਼ਾਦੀ ਜਿਹੜੇ ,ਘਰ ਪਰਿਵਾਰਾਂ ਰਲ ਕੇ ਚੁੰਘੀ, 
ਨੀਤਾਂ ਵਾਲੇ ਖ਼ਾਲਮ ਖ਼ਾਲੀ, ਅੱਜ ਤੀਕਰ ਵੀ ਆਲੇ ਕਿਓਂ ਨੇ। 

ਭੋਗੀ ਯੋਗੀ ਰਲ ਗਏ ਵੇਖੋ, ਹੁਣ ਏਥੇ ਇਕਤਾਰਾ ਬੋਲੂ, 
ਤੇਰੇ ਮੇਰੇ ਸਭ ਦੇ ਮੂੰਹ ਤੇ ਅਣਦਿਸਦੇ ਜਹੇ  ਤਾਲੇ ਕਿਓਂ ਨੇ। 

ਕੱਲ੍ਹ ਜੰਮੇ ਅੱਜ ਗੱਭਰੂ ਹੋ ਗਏ ਦੇਣ ਹਕਾਇਤਾਂ, ਆਪਾਂ ਸੁਣੀਏ,
ਬਿਨ ਕੁਰਬਾਨੀ ਕੁਰਸੀ ਉੱਤੇ, ਰਾਣੀ ਖਾਂ ਦੇ ਸਾਲੇ ਕਿਓਂ ਨੇ। 

ਦਾਤਾ ਤੇਰੇ ਘਰ ਦੇ ਅੰਦਰ ਬਾਈ ਮੰਜੀਆਂ ਡੱਠ ਗਈਆਂ ਨੇ, 
ਧਰਮ ਗੁਆਚਾ ਧੜਿਆਂ ਪਿੱਛੇ ਇਹ ਸਭ ਘਾਲੇ ਮਾਲੇ ਕਿਓਂ  ਨੇ। 

ਰੱਬ ਵੀ ਜੇਕਰ ਇੱਕੋ ਇੱਕ ਹੈ ,ਸੂਰਜ ਵਾਂਗੂੰ ਸਭ ਦਾ ਸਾਂਝਾ,
ਏਸ ਤਰ੍ਹਾਂ ਵਿਸ਼ਵਾਸਾਂ ਦੇ ਵੀ, ਹੁੰਦੇ ਰੋਜ਼ ਉਧਾਲੇ ਕਿਓਂ ਨੇ। 


ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ, 
ਵੰਨ ਸੁਵੰਨੇ ਰਾਹੂ ਕੇਤੂ  ਤੇਰੇ ਆਲੇ ਦੁਆਲੇ ਕਿਓਂ ਨੇ।  

Gurbhajansinghgill@ gmail. Com
Phone: 98726  31199

Thursday, November 10, 2016

ਪ੍ਰੀਤਮ ਸਿੰਘ ਭਰੋਵਾਲ ਦੀਆਂ ਦੋ ਕਿਤਾਬਾਂ ਹੋਣਗੀਆਂ 11 ਨੂੰ ਲੋਕ ਅਰਪਣ

Thu, Nov 10, 2016 at 2:41 PM
ਪੁਸਤਕਾਂ ਦਾ ਰਿਲੀਜ਼ ਸਮਾਗਮ ਸਰਕਟ ਹਾਊਸ ਲੁਧਿਆਣਾ ਵਿੱਚ 
ਲੁਧਿਆਣਾ: 10 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਹਨ ਜਿਹਨਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਹੈ। ਬਹੁਤ ਸਾਰੇ ਲੋਕਾਂ ਕੋਲ ਸਿਰ ਦੀ ਛੱਤ ਨਹੀਂ। ਬਹੁਤ ਸਾਰੇ ਲੋਕਾਂ ਨੂੰ ਬਿਮਾਰ ਹੋਣ ਤੇ ਦਵਾਈ ਨਹੀਂ ਜੁੜਦੀ। ਥੁੜਾਂ ਮਾਰੇ ਲੋਕ ਕਦੇ ਕਿਸੇ ਦਰਵਾਜ਼ੇ ਤੇ ਜਾਂਦੇ ਹਨ ਅਤੇ ਕਦੇ ਕਿਸੇ ਦਰਵਾਜ਼ੇ ਤੇ। ਕੋਈ ਮਿਹਨਤਾਂ ਕਰਦਾ ਮਰ ਜਾਂਦਾ ਹੈ ਅਤੇ ਕੋਈ ਠੱਗੀਆਂ ਮਾਰਨਾ ਸਿੱਖ ਜਾਂਦਾ ਹੈ। ਕਿਸੇ ਕੋਲ ਦਾਲ ਰੋਟੀ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਕਿਸੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਅੱਜ ਕਿਸ ਥਾਂ ਤੇ ਜਾ ਕੇ ਕਿਹੜੇ ਮਹਿੰਗੇ ਹੋਟਲ 'ਚ ਖਾਣਾ ਖਾਧਾ ਜਾਵੇ। ਗੱਲ ਕਿ ਦੁਨੀਆ ਭਟਕਣ ਵਿੱਚ ਹੈ। ਪਰ ਬਹੁਤ ਘੱਟ ਲੋਕ ਹਨ ਜਿਹਨਾਂ ਦੀ ਭਟਕਣਾਂ ਕਿਸਮਤ ਨਾਲ ਮਿਲਦੀ ਹੈ। ਉਹ ਸਾਰਿਆਂ ਦੇ ਨਸੀਬ ਵਿੱਚ ਨਹੀਂ ਹੁੰਦੀ। ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸਭ ਕੁਝ ਪਾ ਲੈਣ ਮਗਰੋਂ ਉਹ ਪਹੁੰਚਦੇ ਹਨ ਉਸ ਮਾਨਸਿਕ ਅਵਸਥਾ ਵਿੱਚ ਜਿੱਥੇ ਜਾ ਕੇ ਕਿਸੇ ਵੇਲੇ ਗੁਰੂ ਦੱਤ ਨੇ ਖੁਦ ਨੂੰ ਖੁਦ ਹੀ ਪੁੱਛਿਆ ਸੀ---ਯੇਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ ! ਇਸ ਹੁਲਾਰੇ ਮਗਰੋਂ ਹੀ ਅਸਲੀ ਗੱਲ ਸਮਝ ਆਉਂਦੀ ਹੈ ਕਿ ਦੁੱਖ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਾਸੇ ਹਨ। ਕੁਝ ਅਜਿਹੀ ਹੀ ਅਵਸਥਾ ਦਾ ਅਹਿਸਾਸ ਹੁੰਦਾ ਹੈ ਪ੍ਰੀਤਮ ਸਿੰਘ ਭਰੋਵਾਲ ਹੁਰਾਂ ਕੋਲ ਬੈਠ ਕੇ। ਇੱਕ ਖੁਸ਼ਖ਼ਬਰੀ ਹੈ ਕਿ ਉਹਨਾਂ ਨੇ ਆਪਣੇ ਇਹਨਾਂ ਅਹਿਸਾਸਾਂ ਨੂੰ ਸਾਰਿਆਂ  ਨਾਲ ਵੰਡਣ ਦਾ ਐਲਾਨ ਕੀਤਾ ਹੈ। 
ਬਾਬਾ ਫਰੀਦ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉਘੇ ਸਮਾਜ ਸੇਵੀ ਪ੍ਰੀਤਮ ਸਿੰਘ ਭਰੋਵਾਲ ਦੀਆਂ ਦੋ ਕਿਤਾਬਾਂ ਕੱਲ੍ਹ ਸ਼ੁੱਕਰਵਾਰ 11 ਨਵੰਬਰ ਨੂੰ ਲੋਕ ਅਰਪਣ ਕੀਤੀਆਂ ਜਾਣਗੀਆਂ । ਬਾਬਾ ਫਰੀਦ ਫਾਊਂਡੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਸਕੱਤਰ ਡਾ ਚੰਦਰ ਭਨੋਟ ਨੇ ਦਸਿਆ ਕਿ ਭਰੋਵਾਲ ਦੇ ਦੋ ਕਾਵਿ ਸੰਗ੍ਰਹਿ "ਪ੍ਰੀਤਮ ਰੁਬਾਈਆਂ" ਅਤੇ "ਪ੍ਰੀਤਮ ਹੁਲਾਰੇ" 11 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਰਕਟ ਹਾਊਸ ਵਿੱਚ ਹੋ ਰਹੇ ਸਮਾਗਮ ਵਿੱਚ ਲੋਕ ਅਰਪਣ ਕੀਤੇ ਜਾਣਗੇ। ਸ. ਛਾਪਾ ਨੇ ਦਸਿਆ ਕਿ ਇਸ ਮੌਕੇ ਸਾਹਿਤਕਾਰ, ਸਿਖਿਆ ਸਾਸ਼ਤਰੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਣਗੇ। ਉਹਨਾਂ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।

Sunday, October 23, 2016

ਉਹ ਕੁਝ ਵੀ ਕਰ ਸਕਦੇ ਨੇ//ਗੁਰਭਜਨ ਗਿੱਲ

Sunday 23 Oct 2016 at 06:25 AM via WhatsApp
ਜੇ ਇਹ ਵਤਨ ਸਿਰਫ਼ ਇਨ੍ਹਾਂ ਦਾ ਹੈ ਤਾਂ ਫੇਰ ਸਾਡਾ ਕਿਹੜਾ ਹੈ?
ਹਾਲਾਤ ਫਿਰ ਨਾਜ਼ੁਕ ਹਨ। ਹਵਾਵਾਂ ਨੂੰ ਜ਼ਹਿਰੀਲਾ ਬਣਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ। ਇਹਨਾਂ ਸਾਜ਼ਿਸ਼ਾਂ ਨੂੰ ਹਰ ਹੀਲੇ ਸਿਰੇ ਚੜ੍ਹਨਵਾਲੀਆਂ ਕਾਲੀਆਂ ਤਾਕਤਾਂ ਪੂਰੀ ਤਰਾਂ ਸਰਗਰਮ ਹਨ। ਅਜਿਹੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਉਦੋਂ ਵੀ ਭਗਵਾਨ ਕ੍ਰਿਸ਼ਨ ਤੋਂ ਡਰ ਲੱਗਦਾ ਸੀ ਜਦੋਂ ਬੰਦੀਖਾਨੇ ਵਿੱਚ  ਉਹਨਾਂ ਦਾ ਜਨਮ ਹੋਇਆ। ਅਜਿਹੇ ਲੋਕਾਂ ਨੂੰ ਹੁਣ ਅੱਜ ਦੇ ਕਨੱਈਆਤੋਂ ਵੀ ਡਰ ਲੱਗਦਾ ਹੈ ਜਦੋਂ ਉਹ ਮਹਿੰਗੀ  ਰੋਜ਼ਗਾਰਾਂ ਦੀ ਗੱਲ।   ਇਸੇ ਤਰਾਂ ਜਾਰੀ ਰਿਹਾ ਤਾਂ  ਕੁਰੂਕਸ਼ੇਤਰ ਦਾ ਮੈਦਾਨ ਥਾਂ ਥਾਂ ਨਜ਼ਰ ਆਵੇਗਾ। ਅਜਿਹੇ ਨਾਜ਼ੁਕ ਸਮੇਂ ਵਿੱਚ ਲੋਕਾਂ ਦੇ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ ਦੀ ਇਹ ਕਾਵਿ ਰਚਨਾ ਸਮਾਜ ਨੂੰ ਸੁਚੇਤ ਕਰਨ ਲਈ ਬਹੁਤ ਕੁਝ ਆਖਦੀ ਪ੍ਰਤੀਤ ਹੁੰਦੀ ਹੈ।  --ਰੈਕਟਰ ਕਥੂਰੀਆ                                     
ਪ੍ਰੋਫੈਸਰ ਗੁਰਭਜਨ ਗਿੱਲ ਦੀ ਕਾਵਿ ਰਚਨਾ--ਉਹ ਕੁਝ ਵੀ ਕਰ ਸਕਦੇ ਨੇ 

ਉਹ ਕੁਝ ਵੀ ਕਰ ਸਕਦੇ ਹਨ
ਰਾਂਝੇ ਦੀ ਵੰਝਲੀ ਤੋਂ ਲੈ ਕੇ
ਕਨੱਈਆ ਦੀ
ਬੋਲਦੀ ਬੰਸਰੀ ਤੋੜਨ ਤੀਕ।

ਮੇਰੀਆਂ ਹੇਕਾਂ ਨੂੰ
ਕੰਠ ਵਿੱਚ ਹੀ ਦਫ਼ਨਾਉਣ ਤੋਂ ਲੈ ਕੇ
ਸਾਹਾਂ ਨੂੰ ਕਸ਼ੀਦਣ ਤੀਕ।
ਖਿਝੇ ਹੋਏ ਹਨ
ਕੁਝ ਵੀ ਕਰ ਸਕਦੇ ਹਨ।

ਜਨੂੰਨ ਦੇ ਬੁਖ਼ਾਰ ਵਿੱਚ
ਇਨਸਾਫ਼ ਦੀ ਤੱਕੜੀ ਤੋੜ ਕੇ
ਛਾਬੇ ਮੂਧੇ ਮੂੰਹ ਪਾ ਸਕਦੇ ਹਨ।
ਕਚਿਹਰੀਆਂ ਚ
ਤਰੀਕ  ਭੁਗਤਣ ਆਈ ਦਰੋਪਦੀ ਦਾ


ਚੀਰ ਹਰਣ ਕਰ ਸਕਦੇ ਹਨ।

ਇਹ ਨਾ ਕੌਰਵ ਹਨ
ਨਾ ਹੀ ਪਾਂਡਵ
ਇਹ ਤਾਂਡਵ ਪੰਥੀ ਤਮਾਸ਼ਬੀਨ ਹਨ।
ਚਿੜੀਆਂ ਦੀ ਮੌਤ ਤੇ ਗੰਵਾਰਾਂ ਵਾਂਗ
ਹੱਸਦੇ ਹੱਸਦੇ
ਇਹ ਕੁਝ ਵੀ ਕਰ ਸਕਦੇ ਹਨ।

ਕਿਸ ਦੇ ਵਕੀਲ ਹਨ ਇਹ
ਜੋ  ਨਾ ਦਲੀਲ ਸੁਣਦੇ ਹਨ
ਨਾ ਅਪੀਲ ਵਾਚਦੇ ਨੇ।

ਨਵੀਂ ਨਸਲ ਦੇ ਮਹਾਂਬਲੀ
ਕਿਹੜੀ ਬੋਲੀ ਬੋਲਦੇ ਹਨ।
ਜੋ ਸਾਨੂੰ ਵੀ ਸਿਖਾਉਣਾ ਚਾਹੁੰਦੇ ਹਨ।
ਤੀਰ ਤਲਵਾਰ ਹਥਿਆਰ
ਮੂੰਹ ਵਿੱਚ ਅਗਨ
ਹਰ ਪਲ ਇੱਕੋ ਲਗਨ
ਇਹ ਮੰਨਵਾਉਣ ਦੀ ਜ਼ਿਦ ਕਰਦੇ।
ਕਿ
ਇਹ ਆਰੀਆਵ੍ਤ ਸਾਡਾ ਹੈ।
ਭਾਰਤ ਦੇਸ਼ ਹਮਾਰਾ।
ਬੀਜ ਰਹੇ ਨੇ ਬੇਗਾਨਗੀ ਦੀ ਫ਼ਸਲ।
ਭੁੱਲ ਗਏ ਨੇ
ਬੜੀ ਔਖੀ ਹੈ ਕੱਟਣੀ
ਬੇ ਵਿਸਾਹੀ ਦੀ ਫ਼ਸਲ।

ਜੇ ਇਹ ਵਤਨ ਸਿਰਫ਼ ਇਨ੍ਹਾਂ ਦਾ ਹੈ
ਤਾਂ ਫੇਰ ਸਾਡਾ ਕਿਹੜਾ ਹੈ?
ਜਿੱਥੇ
ਕਿਛੁ ਸੁਣੀਏ ਕਿਛ ਕਹੀਏ
ਦੀ ਧੁਨ ਸੁਣੇ।
ਮਰਦਾਨੇ ਦੀ  ਰਬਾਬ ਨਾਲ
ਮੇਰਾ ਬਾਪੂ ਗਾਵੇ।
ਗਗਨ ਮਹਿ ਥਾਲ
ਰਵਿ ਚੰਦ ਦੀਪਕ ਬਣੇ
ਤਾਰਿਕਾ ਮੰਡਲ  ਜਨਕ ਮੋਤੀ।

ਮਾਣਕ ਮੋਤੀ ਖਿਲਾਰਦੇ
ਖ੍ਵਾਬ ਉਡਾਰੀਆਂ ਮਾਰਦੇ।
ਵਿਰੋਧ ਦੀ ਭਾਸ਼ਾ ਨੂੰ
ਮੁੱਕੀਆਂ ਵਾਂਗ ਉਲਾਰਦੇ।

ਕਿਸ ਦੀ ਬੋਲੀ ਬੋਲਦੇ ਨੇ
ਇਹ ਨਵੇਂ ਨਕੋਰ ਖ਼ੁਦ ਸਾਖ਼ਤਾ ਯੋਧੇ।
ਧਰਤੀ ਦੇ ਸਾਈਂ ਬਣ ਬੈਠੇ ਨੇ।
ਜੋ ਇਹੀ ਅਲਾਪਦੇ ਨੇ।
ਜੋ ਕਹੀਏ ਸੋ ਖਾਓ
ਜੋ ਕਹੀਏ ਸੋ ਪਾਓ।

ਇਹ ਦਸਤਾਰਾਂ ਤੋਂ ਤੁਰਨਗੇ।
ਸਲਵਾਰਾਂ ਤੇ ਪਹੁੰਚਣਗੇ।
ਤਕਰਾਰਾਂ ਤੋਂ ਤੁਰਦੇ ਤੁਰਦੇ
ਇਹ ਸਾਨੂੰ
ਹਥਿਆਰਾਂ ਤੀਕ ਲੈ ਜਾਣਗੇ।

ਸ਼ਾਸਤਰ ਦੀ ਲੜਾਈ ਲੜਦਿਆਂ ਨੂੰ ਸ਼ਸਤਰ ਦੀ ਭਾਸ਼ਾ ਸਿਖਾਉਣਗੇ।
ਬਾਰ ਬਾਰ ਆਉਣਗੇ, ਸਮਝਾਉਣਗੇ।
ਤੁਸੀਂ ਖ਼ੜਗ ਭੁਜਾ ਹੋ।
ਆਪ
ਅਕਲ ਭੁਜਾ ਬਣ ਬਣ ਵਿਖਾਉਣਗੇ।
ਰਿਗ ਵੇਦ ਦੀ ਧਰਤੀ ਨੂੰ
ਲਿਖਿਆ ਲਿਖਾਇਆ
ਪੜ੍ਹਿਆ ਪੜ੍ਹਾਇਆ ਭੁਲਾਉਣਗੇ।
ਗੁਰੂ ਗਰੰਥ ਵਾਲੀ ਪੰਥ ਭੂਮੀ ਨੂੰ
ਚਿੱਟੇ ਚਾਨਣੇ ਦਿਨ ਕੁਰਾਹੇ ਪਾਉਣਗੇ।

ਸਾਵਧਾਨ
ਇਹ ਕੁਰਸੀ ਲਈ
ਕੁਝ ਵੀ ਕਰ ਸਕਦੇ ਨੇ।
ਮਰ ਨਹੀਂ ਮਾਰ ਸਕਦੇ ਨੇ।
ਡੋਬ ਕੇ ਅਸਥੀਆਂ ਤਾਰ ਸਕਦੇ ਨੇ।
ਕੁਝ ਵੀ ਕਰ ਸਕਦੇ ਨੇ।