Wednesday, July 06, 2022

ਹੁਣ ਗੈਂਗਸਟਰਾਂ ਵੱਲੋਂ ਬੇਬਾਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਧਮਕੀਆਂ

ਧਮਕੀ ਦੇਣ ਵਾਲੇ ਸੁਖਰਾਜਪੂਤ ਨੂੰ ਸਰਦਾਰ ਮਾਲੀ ਨੇ ਦਿੱਤਾ ਠੋਕਵਾਂ ਜੁਆਬ 

ਲੁਧਿਆਣਾ: 6 ਜੁਲਾਈ 2022: (ਪੰਜਾਬ ਸਕਰੀਨ ਡੈਸਕ)::  

ਪੰਜਾਬ ਸਟੂਡੈਂਟਸ ਯੂਨੀਅਨ ਵਾਲੀ ਧੜੱਲੇਦਾਰ ਵਿਦਿਆਰਥੀ ਲਹਿਰ, ਇਸ ਦੇ ਨਾਲ ਹੀ ਨਕਸਲਬਾੜੀ ਲਹਿਰ, ਫਿਰ ਸਿੱਖ ਖਾੜਕੂ ਲਹਿਰ ਅਤੇ ਇਸਦੇ ਨਾਲ ਨਾਲ ਪੰਜਾਬੀ ਟ੍ਰਿਬਿਊਨ ਵਰਗੇ ਕੁਝ ਪ੍ਰਮੁੱਖ ਪਰਚਿਆਂ ਨਾਲ ਸਬੰਧਤ ਰਹੇ ਸਰਗਰਮ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਗੈਂਗਸਟਰਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਹੁਣ ਵੀ ਸਰਦਾਰ ਮਾਲੀ ਲੰਮੇ ਸਮੇਂ ਤੋਂ ਮੌਜੂਦਾ ਹਾਲਾਤ ਬਾਰੇ ਬੇਬਾਕ ਹੋ ਕੇ ਟਿੱਪਣੀਆਂ ਕਰ ਰਹੇ ਹਨ। 

ਇਸ ਬੇਬਾਕੀ ਤੋਂ ਤੰਗ ਆਉਣ ਵਾਲਿਆਂ ਵਿਚ ਕਈ ਏਜੰਸੀਆਂ ਵੀ ਹੋ ਸਕਦੀਆਂ ਹਨ ਅਤੇ ਗੈਂਗਸਟਰ ਵੀ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਸਟਰ ਦਹਿਸ਼ਤ ਦੇ ਗ੍ਰਾਫ ਵਿਚ ਵਾਧਾ ਹੀ ਹੋਇਆ ਹੈ। ਇਸ ਤੋਂ ਬਾਅਦ ਹੋਈ ਫੜੋਫੜੀ ਦੌੜਨ ਜਿਸਤਰ੍ਹਾਂ ਲਾਰੇਂਸ ਬਿਸ਼ਨੋਈ ਨੂੰ ਵੱਖ ਵੱਖ ਥਾਂਵਾਂ ਤੇ ਲਿਜਾਇਆ ਅਤੇ ਲਿਆਂਦਾ ਗਿਆ ਉਸ ਨਾਲ ਵੀ ਇਹੀ ਪ੍ਰਭਾਵ ਪਿਆ ਕਿ ਇਹ ਗੈਂਗਾਂ ਵਾਲੇ ਬੜੇ ਵਡੇ ਬੰਦੇ ਹਨ-ਖਾਸ ਵੀ ਵੀ ਆਈ ਪੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਗਿਰੋਹਾਂ  ਵਾਲੇ ਬਹੁਤ ਵਾਰ ਖੁੱਲ੍ਹਾਂ ਖੇਡ ਚੁੱਕੇ ਹਨ।  ਅਜਿਹੇ ਮਾਹੌਲ ਵਿਚ ਉਹ ਵੀ ਅਜਿਹਾ ਸੋਚਣ ਲੱਗ ਪਾਏ ਲੱਗਦੇ ਹਨ ਕਿ ਸਾਡੇ ਖਿਲਾਫ ਬੋਲਣ ਵਾਲਾ ਜਾਂ ਖੜੋਣ ਵਾਲਾ ਕੌਣ? ਹੁਣ ਮਾਲਵਿੰਦਰ ਮਾਲੀ ਨੇ ਆਪਣੀਆਂ ਬੇਬਾਕ ਟਿੱਪਣੀਆਂ ਨਾਲ ਉਹਨਾਂ ਦਾ ਇਹ  ਭਰਮ ਤੋੜ ਦਿੱਤਾ ਹੈ। ਇਸ ਲਾਇ ਸਰਦਾਰ ਮਾਲੀ ਨੂੰ  ਈ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਰਦਾਰ ਮਾਲੀ ਨੂੰ ਧਮਕੀ ਦੇਣ ਵਾਲੇ  ਸੁਖਰਾਜਪੂਤ ਨੂੰ ਅੱਗਿਓਂ ਸਰਦਾਰ ਮਾਲੀ ਨੇ ਵੀ ਲੰਮੇ ਹੱਥੀਂ ਲਿਆ ਅਤੇ ਪੁਛਿਆ ਤੂੰ ਪਹਿਲਾਂ ਆਪਣਾ ਨਾਂਅ ਅਤੇ ਪਤਾ ਤਾਂ ਦੱਸ ਜ਼ਰਾ। ਫੇਰ ਪਤਾ ਲੱਗੂ ਤੂੰ ਕਿਥੇ ਵਾਹ ਪਾਇਆ। 

ਸਰਦਾਰ ਮਾਲੀ ਨੇ ਧਮਕੀ ਵਾਲੀ ਇਸ ਘਟਨਾ ਦੇ ਨਾਲ ਹੀ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਸਾਵਧਾਨ ਵੀ ਕੀਤਾ ਹੈ ਕਿ ਪੰਜਾਬ ਦੀ ਅਜ਼ਾਦੀ ਹੀ ਇਕੋ ਹੱਲ ਤੇ ਫਰੀਡਮ ਵਰਗੇ ਗਰੁੱਪ ਅਸਲ ਵਿੱਚ ਭਾਰਤ ਦੀਆਂ ਕੇਂਦਰੀ ਏਜੰਸੀਆਂ  ਨੂੰ ਫੀਡਬੈਕ ਦੇਣ ਵਾਲੇ ਗਰੁੱਪ ਹੀ ਹਨ। ਇਹ ਲੋਕ ਆਪਣੇ ਇਹਨਾਂ ਕੰਮਾਂ ਨਾਲ ਇਹ ਨਿਸ਼ਾਨ ਦੇਹੀ ਕਰਦੇ ਹਨ ਕਿ ਪੰਜਾਬ ਅੰਦਰ ਅਜਿਹੀ ਸੋਚ ਵਾਲੇ ਲੋਕ ਹਾਲੇ ਵੀ ਕਿਹੜੇ ਹਨ। ਸੋ ਬਚੋ ਇਹਨਾਂ ਤੋਂ ਕਿਓਂਕਿ ਇਹਨਾਂ  ਗਰੁੱਪਾਂ  ਨੂੰ ਬਾਹਰਲੇ ਦੇਸ਼ਾਂ ਵਿੱਚ ਬੈਠੇ ਸੁਰੱਖਿਆ ਏਜੰਸੀਆਂ ਦੇ ਕੈਟ ਚਲਾ ਰਹੇ ਹਨ।

ਇਸ ਧਮਕੀ ਸੰਬੰਧੀ ਸਰਦਾਰ ਮਾਲੀ ਨੇ ਆਪਣੇ ਇੱਕ ਵਟਸਪ ਮੈਸੇਜ ਵਿੱਚ ਦੱਸਿਆ ਕਿ ਅੱਜ ਆਹ ਸੁਖਰਾਜਪੂਤ ਨੇ ਮੈਨੂੰ ਗੈਂਗਸਟਰ ਰਾਜਨੀਤੀ ਤਹਿਤ ਫ਼ੋਨ ਕਰਕੇ ਧਮਕੀ ਦਿੱਤੀ ਕਿ ਮੈਂ ਇਹਨਾਂ ਦੀ ਫਿਰੌਤੀ ਸਿਆਸਤ ਖਿਲਾਫ ਨਾ ਬੋਲਾਂ। ਇਸਦਾ ਫ਼ੋਨ ਨੰਬਰ ਨਹੀ ਆਉਂਦਾ ਸਿਰਫ ਨਾਮ ਹੀ ਆਉਂਦਾ ਹੈ। ਮੈ ਕਿਹਾ ਤੁਰਦਾ ਬਣ ਦੱਲਿਆ ਮੇਰਾ ਫੰਨੂ ਪੁੱਟ ਲਈ ਜੇ ਗੁਰਪੰਤ ਪੰਨੂ ਵਾਂਗੂ ਫਿਰੌਤੀ ਦੀ ਸਿਆਸਤ ਨਾਲ ਪੁੱਟ ਸਕਦੈਂ ਤਾਂ। ਮੈਂ ਤਾਂ ਹੁਣ ਬੋਨਸ ਦੀ ਜ਼ਿੰਦਗੀ ਹੀ ਜਿਊ ਰਿਹਾ। ਜਵਾਨੀ ਵੇਲੇ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਝੂਠੇ ਪੁਲਿਸ ਮੁਕਾਬਲਿਆ ਦੀ ਜਾਂਚ ਕਰਨ ਤੇ ਜੇਲਾਂ ਵਿੱਚ ਨਜ਼ਰਬੰਦ ਹੋਕੇ ਹੀ ਬਿਤਾਈ ਹੈ। 

ਸਰਦਾਰ ਮਾਲੀ ਨੇ ਸੁਖਰਾਜਪੂਤ ਨੂੰ ਸਖਤ ਭਾਸ਼ਾ ਵਾਲੇ ਸ਼ਬਦਾਂ ਵਿੱਚ ਕਿਹਾ ਕਿ ਜੇ ਬੰਦੇ ਦਾ ਪੁੱਤ ਹੈ ਤਾਂ ਆਪਣਾ ਅਤਾ ਪਤਾ ਦੱਸ ਮੋਦੀ ਦੇ ਜਮੁਰਿਆ। ਤੂੰ ਕਿਹੜੀ ਵੇਲਣੇ ਵਿੱਚ ਬਾਂਹ ਦਿੱਤੀ ਹੋਈ ਹੈ ਜੋ ਬਾਹਰਲੇ ਦੇਸ਼ ਵਿੱਚ ਬੈਠਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀ ਖੇਡ ਖੇਡ ਰਿਹਾ ਹੈਂ। 

ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਖੁੱਲ੍ਹ ਕੇ ਗੈਂਗਸਟਰ ਵਰਤਾਰੇ ਬਾਰੇ ਕਾਫੀ ਦੇਰ ਤੋਂ ਕਾਫੀ ਕੁਝ ਆਖਦੇ ਆ ਰਹੇ ਹਨ। ਇਹਨਾਂ ਦੇ ਸਿਆਸੀ ਸੰਬੰਧਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਅਰਥਪੂਰਨ ਹੁੰਦੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੀ ਸਰਦਾਰ ਮਾਲੀ ਨੇ ਕਈ ਸੁਆਲ ਉਠਾਏ ਸਨ। ਇਹਨਾਂ ਟਿੱਪਣੀਆਂ ਨਾਲ ਸਾਰੇ ਮਾਹੌਲ ਨੂੰ ਇੱਕ ਨਵੀਂ ਦਿਸ਼ਾ ਵੀ ਮਿਲਦੀ ਹੈ। ਪਹਿਲਾਂ ਕੈਪਟਨ ਸਰਕਾਰ, ਫਿਰ ਚੰਨੀ ਸਰਕਾਰ ਅਤੇ ਹੁਣ ਭਗਵੰਤ ਮਨ ਸਰਕਾਰ ਦੇ ਖਿਲਾਫ ਵੀ ਮਾਲੀ ਹੁਰਾਂ ਦੀਆਂ ਟਿੱਪਣੀਆਂ ਲਗਾਤਾਰ ਜਾਰੀ ਹਨ। ਹੁਣ ਦੇਖਣਾ ਇਹ ਵੀ ਹੈ ਕਿ ਪੰਜਾਬ ਦੇ ਸਮੂਹ ਲੋਕ ਇੱਕਜੁੱਟ ਹੋ ਕੇ ਇਸ ਗੈਂਗਸਟਰ ਵਰਤਾਰੇ ਵਿਰੁੱਧ ਕਦੋਂ ਖੜੇ ਹੁੰਦੇ ਹਨ? ਕੀ ਪੰਜਾਬ ਦੇ ਲੋਕ ਦਹਿਸ਼ਤ ਦੇ ਇਸ ਨਵੇਂ ਰੂਪ ਨੂੰ ਸਹਿਣ ਕਰਨਗੇ?


No comments: