ਨਵਜੋਤ ਸਿੱਧੂ ਦੀ ਐਂਟਰੀ ਨਾਲ ਹੀ ਉਹ ਲੋਕ ਵੀ ਉਤਸ਼ਾਹ ਵਿੱਚ ਆ ਗਏ ਸਨ ਜਿਹੜੇ ਚਾਹੁੰਦੇ ਸਨ ਕਿ ਇੱਕ ਵਾਰ ਫੇਰ ਕਾਂਗਰਸ ਦਾ ਹੀ ਬੋਲਬਾਲਾ ਹੋਵੇ ਪਰ ਉਂਝ ਦਿਲੋਂ ਇਸਦੀ ਆਸ ਲਾਹੀ ਬੈਠੇ ਸਨ। ਇਹ ਵੀ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਲੋਕ ਪਾਰਟੀ ਵਿੱਚ ਹੀ ਸਨ। ਇਹਨਾਂ ਨੇ ਕਾਂਗਰਸ ਨਹੀਂ ਸੀ ਛੱਡੀ। ਇਹ ਹੁੰਦਾ ਹੈ ਜਜ਼ਬਾਤੀ ਲਗਾਓ ਜਿਹੜਾ ਉਮਰਾਂ ਦੇ ਨਾਲ ਨਿਭਦਾ ਹੈ ਅਤੇ ਛੇਤੀ ਕੀਤਿਆਂ ਨਹੀਂ ਟੁੱਟਦਾ। ਉਹ ਪਾਰਟੀ ਛੱਡ ਕੇ ਹੋਰ ਕਿਧਰੇ ਨਹੀਂ ਗਏ। ਸ਼ਾਇਦ ਕੋਈ ਬਦਲ ਹੀ ਨਜ਼ਰ ਨਹੀਂ ਆਇਆ ਜਾਂ ਫਿਰ ਉਮਰ ਦਾ ਵੱਡਾ ਹਿੱਸਾ ਕਾਂਗਰਸ ਵਿਚ ਹੀ ਲੰਘ ਗਿਆ ਸੀ ਇਸ ਕਰਕੇ। ਜੂਨ-84 ਅਤੇ ਨਵੰਬਰ-84 ਵਾਲੇ ਸਦਮਿਆਂ ਦੇ ਬਾਵਜੂਦ ਉਹ ਕਾਂਗਰਸ ਨਾਲੋਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਟੁੱਟ ਸਕੇ। ਖਾਮੋਸ਼ ਹੋ ਕੇ ਘਰ ਭਾਵੇਂ ਬੈਠ ਗਏ ਹੋਣ ਪਰ ਇਹਨਾਂ ਨੇ ਵੀ ਪਾਰਟੀ ਨੂੰ ਮਾਂ ਸਮਝਦਿਆਂ ਪਾਰਟੀ ਨਹੀਂ ਬਦਲੀ।
ਜਦੋਂ ਨਵਜੋਤ ਸਿੱਧੂ ਨੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਨੂੰ ਆਪਣਾ ਸਲਾਹਕਾਰ ਐਲਾਨਿਆ ਤਾਂ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ। ਇਹ ਵੀ ਉਂਝ ਕਾਹਲੀ ਵਾਲਾ ਅਤੇ ਬਚਪਨ ਦੀ ਸੋਚ ਵਰਗਾ ਹੀ ਫੈਸਲਾ ਸੀ। ਸਿਆਣੇ ਅਤੇ ਤਰੱਕੀ ਕਰਨ ਵਾਲੇ ਲੋਕ ਆਪਣੇ ਸਲਾਹਕਾਰਾਂ, ਸ਼ੁਭਚਿੰਤਕਾਂ ਅਤੇ ਖਾਸ ਮਿੱਤਰਾਂ ਨੂੰ ਇਸ ਤਰ੍ਹਾਂ ਨਸ਼ਰ ਨਹੀਂ ਕਰਿਆ ਕਰਦੇ ਖਾਸ ਕਰਕੇ ਸਿਆਸਤ ਵਿੱਚ। ਆਪਣੇ ਸ਼ੁਭਚਿੰਤਕਾਂ ਅਤੇ ਮਾਰਗਦਰਸ਼ਕਾਂ ਨੂੰ ਹਰ ਦੌਰ ਵਿੱਚ ਦਰਬਾਰੀਆਂ ਵਾਂਗ ਨਾਲ ਨਾਲ ਤੋਰਨਾ ਕੋਈ ਸਿਆਣਪ ਨਹੀਂ ਹੁੰਦੀ। ਇਹਨਾਂ ਨੂੰ ਤਾਂ ਅਨਮੋਲ ਹੀਰਿਆਂ ਵਾਂਗ ਬਹੁਤ ਹੀ ਲੁਕੋ ਕੇ ਰੱਖਣਾ ਹੁੰਦਾ ਹੈ। ਇਹੀ ਹੁੰਦੀ ਹੈ ਰਣਨੀਤੀ।
![]() |
ਪੰਜਾਬ ਪਿਆਰਾ ਪਹਿਲਾਂ ਹੈ |
ਫਿਰ ਵੀ ਮਾਲੀ ਦੀ ਨਿਯੁਕਤੀ ਦਾ ਲੋਕਾਂ ਵਿੱਚ ਇੱਕ ਬਹੁਤ ਚੰਗਾ ਅਸਰ ਇਹ ਗਿਆ ਕਿ ਲੋਕ ਕਾਂਗਰਸ ਨੂੰ ਵੱਡੇ ਦਿਲ ਵਾਲਾ ਸਮਝਣ ਲੱਗੇ ਅਤੇ ਨਾਲ ਹੀ ਤਬਦੀਲੀ ਪਸੰਦ ਵੀ। ਬਹੁਤ ਸਾਰੇ ਲੋਕਾਂ ਨੇ ਸੋਚਿਆ ਕਾਂਗਰਸ ਨੇ ਉਸ ਸ਼ਖਸ ਨੂੰ ਗਲੇ ਨਾਲ ਲਾ ਲਿਆ ਹੈ ਜਿਸਨੇ ਦਹਾਕਿਆਂ ਤੋਂ ਇੰਦਰਾਗਾਂਧੀ ਪ੍ਰਤੀ ਪੰਜਾਬ ਅਤੇ ਸਿੱਖ ਕੌਮ ਦੇ ਰੋਹ ਨਾਲ ਭਰੇ ਕਾਰਟੂਨ ਵਾਲੀ ਤਸਵੀਰ ਆਪਣੇ ਸਟਡੀ ਵਾਲੇ ਕਮਰੇ ਵਿੱਚ ਲੁੱਕ ਲੂਕਾ ਕੇ ਨਹੀਂ ਨਹੀਂ ਬਲਕਿ ਫੇਸਬੁੱਕ ਤੇ ਸ਼ਰੇਆਮ ਲਾਈ ਹੋਈ ਹੈ। ਇਹ ਤਸਵੀਰ ਉਸਦੇ ਵਿਚਾਰਾਂ ਦਾ ਪ੍ਰਤੀਬਿੰਬ ਸੀ। ਪਤਾ ਨਹੀਂ ਕਾਂਗਰਸ ਹਾਈਕਮਾਨ ਨੂੰ ਨਿਯੁਕਤੀ ਦੇ ਫੈਸਲੇ ਸਮੇਂ ਇਹ ਕਾਰਟੂਨ ਜਾਂ ਪੁਰਾਣੇ ਮੈਗਜ਼ੀਨ ਦਾ ਕਵਰ ਨਜ਼ਰ ਕਿਓਂ ਨਹੀਂ ਆਇਆ? ਮਾਲੀ ਨੇ ਕਦੇ ਵੀ ਇਸਨੂੰ ਲੁਕਾਇਆ ਨਹੀਂ ਸੀ। ਬਾਅਦ ਵਿੱਚ ਵੀ ਕਦੇ ਇਸਤੋਂ ਮੁਨਕਰ ਹੋਣ ਵਾਲੀ ਕੋਈ ਗੱਲ ਨਹੀਂ ਕੀਤੀ। ਹੁਣ ਅਚਾਨਕ ਸਭਨਾਂ ਨੂੰ ਇਹੀ ਕਾਰਟੂਨ ਮੁੱਦਾ ਬਣ ਕੇ ਨਜ਼ਰ ਆਉਣ ਲੱਗ ਪਿਆ।
ਸਭਨਾਂ ਨੇ ਹਜ਼ਾਰਾਂ ਵਾਂਗ ਇਸਨੂੰ ਫੇਸਬੁੱਕ 'ਤੇ ਦੇਖਿਆ ਹੋਣੈ। ਜੇ ਕਾਂਗਰਸ ਹਾਈਕਮਾਨ ਨੇ ਜਾਂ ਨਵਜੋਤ ਸਿੱਧੂ ਨੇ ਇਹ ਤਸਵੀਰ ਨਹੀਂ ਸੀ ਦੇਖੀ ਤਾਂ ਰੱਬ ਈ ਰਾਖਾ। ਕਸੂਰ ਕਿਸਦਾ ਹੈ ਇਹ ਦੱਸਣ ਦੀ ਸ਼ਾਇਦ ਲੋੜ ਹੀ ਨਹੀਂ। ਜੇ ਕਾਂਗਰਸ ਪਾਰਟੀ ਵਿਚ ਅਜਿਹੀਆਂ ਗੰਭੀਰ ਨਿਯੁਕਤੀਆਂ ਵੇਲੇ ਵੀ ਸਬੰਧਤ ਵਿਅਕਤੀ ਦਾ ਪਿਛੋਕੜ ਨਹੀਂ ਦੇਖਿਆ ਜਾਂਦਾ ਤਾਂ ਕੀ ਕਿਹਾ ਜਾਵੇ? ਅਜਿਹੀ ਹਾਲਤ ਵਿਚ ਕਸੂਰ ਪਾਰਟੀ ਦੀ ਗ਼ੈਰਜ਼ੁੰਮੇਵਾਰ ਲੀਡਰਸ਼ਿਪ ਦਾ ਹੀ ਹੈ। ਆਖਿਰ ਇਹਨਾਂ ਸਾਰਿਆਂ ਨੂੰ ਮਾਲੀ ਅਤੇ ਗਰਗ ਦਾ ਪਿਛੋਕੜ ਕਿਓਂ ਨਹੀਂ ਸੀ ਪਤਾ? ਇਹਨਾਂ ਦੋਹਾਂ ਨੇ ਕਦੇ ਵੀ ਖੁਦ ਨੂੰ ਜਾਂ ਆਪਣੇ ਵਿਚਾਰਾਂ ਨੂੰ ਨਹੀਂ ਲੁਕਾਇਆਂ। ਹੁਣ ਬਾਕੀ ਸਲਾਹਕਾਰਾਂ ਦਾ ਕਿ ਬਣਨਾ ਹੈ ਇਹ ਵੀ ਸੋਚਣ ਵਾਲੀ ਗੱਲ ਹੈ।
ਅਸਲ ਵਿੱਚ ਇੰਦਰ ਗਾਂਧੀ ਦੇ ਕਾਰਟੂਨ ਵਾਲੀ ਇਹ ਤਸਵੀਰ ਇੱਕ ਐਲਾਨ ਸੀ ਕਿ ਮਾਲੀ ਤਾਂ ਇਸ ਨਿਯੁਕਤੀ ਮਗਰੋਂ ਵੀ ਉਹਨਾਂ ਵਿਚਾਰਾਂ ਤੇ ਹੀ ਖੜਾ ਹੈ ਜਿਹੜੇ ਬੀਤੇ ਸਮੇਂ ਦੌਰਾਨ ਉਸ ਨੇ ਅਪਣਾਏ ਹੋਏ ਸਨ। ਇੰਦਰਾ ਗਾਂਧੀ ਵਾਲੇ ਇਸ ਕਾਰਟੂਨ ਵਿਚਲੇ ਸਖਤ ਸੰਦੇਸ਼ ਦੇ ਬਾਵਜੂਦ ਮਾਲੀ ਵੱਲੋਂ ਬਲਿਊ ਸਟਾਰ ਓਪਰੇਸ਼ਨ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਇੱਕ ਅਜਿਹੀ ਫਰਾਖਦਿਲੀ ਵਾਂਗ ਸੀ ਜਿਹੜੀ ਭਾਈ ਘਨਈਆ ਦੀ ਸੋਚ ਵਾਲਿਆਂ ਕੋਲ ਹੀ ਹੋ ਸਕਦੀ ਹੈ। ਇਸਦੇ ਨਾਲ ਹੀ ਮਾਲੀ ਨੇ ਆਪਣੇ ਮੌਜੂਦ ਵਿਚਾਰ ਵੀ ਬਾਰ ਬਾਰ ਦੁਹਰਾਏ। ਦੇਸ਼ ਅਤੇ ਦੇਸ਼ ਦੇ ਲੋਕਾਂ ਪ੍ਰਤੀ ਸੁਹਿਰਦਤਾ, ਏਕਤਾ ਅਤੇ ਪ੍ਰੇਮ ਵਾਲੀ ਸੋਚ ਵੀ ਪ੍ਰਗਟਾਈ।
ਮਾਲੀ ਦੀ ਨਿਯੁਕਤੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਹਾਈਕਮਾਨ ਬਾਰੇ ਇੱਕ ਹੋਰ ਬੜਾ ਸਿਹਤਮੰਦ ਸੰਕੇਤ ਅਤੇ ਸੰਦੇਸ਼ ਇਹ ਵੀ ਗਿਆ ਸੀ ਕਿ ਹੁਣ ਸ਼ਾਇਦ ਕਾਂਗਰਸ ਪਾਰਟੀ ਇੰਦਰਾਗਾਂਧੀ ਤੋਂ ਜਾਂ ਗਾਂਧੀ ਪਰਿਵਾਰ ਤੋਂ ਮੁਕਤ ਨਵੀਂ ਪੀੜ੍ਹੀ ਵਾਲੀ ਨਵੀਂ ਕਾਂਗਰਸ ਦੇ ਰੂਪ ਵਿੱਚ ਸਾਹਮਣੇ ਆਉਣ ਵਾਲੀ ਹੈ। ਜਿਹੜੇ ਲੋਕ ਕਾਂਗਰਸ ਦੇ ਹੱਕ ਵਿੱਚ ਸਨ ਪਰ ਇੰਦਰਾ ਗਾਂਧੀ ਦੇ ਖਿਲਾਫ ਸਨ ਉਹ ਇਸ ਸਾਰੇ ਘਟਨਾਕ੍ਰਮ ਨੂੰ ਕੁਝ ਇਸੇ ਤਰ੍ਹਾਂ ਲੈਂਦੇ ਮਹਿਸੂਸ ਹੋ ਰਹੇ ਸਨ ਜਿਵੇਂ ਇੱਕ ਬਹੁਤ ਵੱਡੀ ਖੁਸ਼ਖਬਰੀ ਵਰਗਾ ਘਟਨਾਕ੍ਰਮ ਹੋਵੇ। ਹੁਣ ਨੌਜਵਾਨ ਅਤੇ ਮੁਟਿਆਰਾਂ ਸੰਭਾਲਣਗੀਆਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ। ਅਸਲ ਵਿੱਚ ਨੱਬੇ ਵਾਲੇ ਦਹਾਕੇ ਦੇ ਮੁੱਢ ਤੋਂ ਹੀ ਇੰਦਰਾ ਗਾਂਧੀ ਦੀ ਸਮਾਜਵਾਦੀ ਸੋਚ ਤੋਂ ਕਾਂਗਰਸ ਨੇ ਖਹਿੜਾ ਛੁਡਾਉਣਾ ਸ਼ੁਰੂ ਕਰ ਦਿੱਤਾ ਸੀ। ਮੋਦੀ ਸਰਕਾਰ ਦੀਆਂ ਮੌਜੂਦਾ ਕਾਰਪੋਰੇਟ ਪੱਖੀ ਨੀਤੀਆਂ ਵਿੱਚ ਕਾਂਗਰਸ ਪਾਰਟੀ ਦੀ ਉਸੇ ਬਦਲੀ ਹੋਈ ਸੋਚ ਦੀ ਝਲਕ ਦੇਖੀ ਜਾ ਸਕਦੀ ਹੈ। ਨਿਜੀਕਰਨ ਅਤੇ ਖੁੱਲੀਆਂ ਹਵਾਵਾਂ ਵਾਲੇ ਬਹੁਤੇ ਪੂਰਨੇ ਕਾਂਗਰਸ ਨੇ ਹੀ ਪਾਏ ਸਨ।
ਨਵਜੋਤ ਸਿੱਧੂ ਦੀ ਨਿਯੁਕਤੀ ਅਤੇ ਬਾਅਦ ਵਿੱਚ ਸਲਾਹਕਾਰਾਂ ਦੀ ਨਿਯੁਕਤੀ ਕੁਝ ਅਜਿਹਾ ਹੀ ਵਰਤਾਰਾ ਜਾਪਦਾ ਸੀ। ਵਰਨਾ ਜਿਸ ਪਾਰਟੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੇ ਅੰਗਰੇਜ਼ੀ ਦੀ ਆਪਣੀ ਕਿਸੇ ਚਰਚਿਤ ਕਿਤਾਬ ਵਿੱਚ ਕੁਝ ਅਜਿਹਾ ਆਖਿਆ ਹੋਵੇ ਕਿ ਇੰਦਰਾ ਨੂੰ ਤਾਂ ਬਲਿਊ ਸਟਾਰ ਲਈ ਅਸੀਂ ਮਜਬੂਰ ਕੀਤਾ ਸੀ ਤਾਂ ਉਦੋਂ ਇਹ ਗੱਲ ਛੋਟੀ ਨਹੀਂ ਸੀ ਰਹਿ ਜਾਂਦੀ ਕਿ ਭਾਜਪਾ ਨੂੰ ਛੱਡ ਕੇ ਆਏ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਇਹ ਵੀ ਅਡਵਾਨੀ ਦੀ ਉਸ ਸੋਚ ਨੂੰ ਸਲਾਮ ਕਹਿਣ ਵਾਲੀ ਗੱਲ ਹੀ ਸੀ।
ਅਸਲ ਵਿਚ ਨਵਜੋਤ ਸਿੱਧੂ ਕੋਲ ਭਾਸ਼ਣ ਦੀ ਕਲਾ ਮੁਹਾਰਤ ਦੀ ਹੱਦ ਤੱਕ ਹੈ। ਕਿਸੇ ਚਮਤਕਾਰ ਵਾਂਗ। ਕਿਸੇ ਕ੍ਰਿਸ਼ਮੇ ਵਾਂਗ ਉਸਦਾ ਅਸਰ ਦੇਖਿਆ ਜਾਂਦਾ ਰਿਹਾ ਹੈ। ਸ਼ਾਇਰੋ ਸ਼ਾਇਰੀ ਅਤੇ ਹੋਰ ਗੱਲਾਂ ਨਾਲ ਹਵਾ ਦਾ ਰੁੱਖ ਆਪਣੇ ਹੱਕ ਵਿੱਚ ਕਰਨਾ ਉਸ ਨੂੰ ਬੜੀ ਚੰਗੀ ਤਰ੍ਹਾਂ ਆਉਂਦਾ ਹੈ। ਭਾਵੇਂ ਅਰਜ਼ੀ ਤੌਰ ਤੇ ਹੀ ਸਹੀ। ਉਂਝ ਹਵਾ ਦੇ ਰੁੱਖ ਨੂੰ ਲੀਡਰਾਂ ਦੇ ਕੰਮ ਹੀ ਤੈਅ ਕਰਦੇ ਹਨ। ਇਥੇ ਤਾਂ ਗੱਲ ਸਿਰਫ ਏਨੀ ਕੁ ਕਿ ਛੇਤੀ ਕੀਤਿਆਂ ਨਵਜੋਤ ਸਿੱਧੂ ਦਾ ਭਾਸ਼ਣ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਕੀ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਕੋਈ ਖਦਸ਼ਾ ਜਾਂ ਡਰ ਭੈਅ ਸੀ ਕਿ ਜੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾਂ ਕਿਤੇ ਹੋਰ ਪਾਸੇ ਚਲਾ ਗਿਆ ਤਾਂ ਕਾਂਗਰਸ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਵੇਗਾ? ਫਿਰ ਇਹ ਚੋਣਾਂ ਦੌਰਾਨ ਸਾਡੇ ਕਿਸੇ ਸੰਭਾਵਤ ਵਿਰੋਧੀ ਦੀ ਹਵਾ ਬਣਾਏਗਾ? ਕੀ ਕਾਂਗਰਸ ਪਾਰਟੀ ਨੇ ਕਿਸੇ ਕਾਹਲ ਜਾਂ ਹੜਬੜੀ ਵਾਲੇ ਮਾਹੌਲ ਵਿਚ ਇਹ ਫੈਸਲਾ ਲਿਆ ਕਿ ਚਲੋ ਨਵਜੋਤ ਸਿੱਧੂ ਨੂੰ ਫਿਲਹਾਲ ਪ੍ਰਦੇਸ਼ ਪ੍ਰਧਾਨ ਬਣਾ ਦਿਓ ਪਰ ਹੋਰ ਕਿਧਰੇ ਨਾ ਜਾਣ ਦਿਓ! ਬਾਕੀ ਗੱਲ ਇਲੈਕਸ਼ਨਾਂ ਮਗਰੋਂ ਦੇਖਾਂਗੇ?
ਬਹੁਤਿਆਂ ਦੀ ਨਜ਼ਰ ਵਿੱਚ ਨਵਜੋਤ ਸਿੱਧੂ ਅਤੇ ਮਾਲੀ ਦਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅੱਗੇ ਕਦਮ ਵਧਾਉਣਾ ਸਿਰਫ ਕਾਂਗਰਸ ਪਾਰਟੀ ਦੀ ਚੋਣਾਂ ਵਿੱਚ ਜਿੱਤ ਦੇ ਨਿਸ਼ਾਨਿਆਂ ਤੱਕ ਵੀ ਸੀਮਿਤ ਹੋ ਸਕਦਾ ਹੈ ਪਰ ਅਸਲ ਵਿੱਚ ਕੁਝ ਧਿਰਾਂ ਹੋਰ ਵੀ ਪੰਜਾਬ ਵਿਚ ਹਨ ਜਿਹੜੀਆਂ ਆਮ ਤੌਰ ਤੇ ਜ਼ਿਆਦਾ ਬੋਲਦੀਆਂ ਤਾਂ ਨਹੀਂ ਲੇਕਿਨ ਹਰ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਦੀਆਂ ਹਨ ਅਤੇ ਦੇਖਦੀਆਂ ਵੀ ਸਭ ਕੁਝ ਹਨ। ਇਹਨਾਂ ਵਿੱਚੋਂ ਇੱਕ ਧਿਰ ਹੈ ਜਿਹੜੀ ਸੋਚਦੀ ਹੈ ਕਿ ਸਿਰਫ ਨਵਜੋਤ ਸਿੱਧੂ ਹੀ ਬਾਦਲਾਂ ਦੇ ਖਿਲਾਫ ਸਖਤ ਐਕਸ਼ਨ ਲੈ ਕੇ ਉਹਨਾਂ ਦੇ ਕਾਰੋਬਾਰ ਤਬਾਹ ਕਰ ਸਕਦਾ ਹੈ।
ਇਸੇ ਤਰ੍ਹਾਂ ਦੂਜੀ ਧਿਰ ਹੈ ਜਿਹੜੀ ਬੇਅਦਬੀ, ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਹੋਰ ਪੰਥਕ ਮਾਮਲਿਆਂ ਵਿੱਚ ਖੁਦ ਨੂੰ ਦਮਨ ਅਤੇ ਦਬਾਅ ਦਾ ਸ਼ਿਕਾਰ ਸਮਝਦੀ ਹੈ। ਇਸ ਧਿਰ ਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਹੀ ਸਿੱਖਾਂ ਨੂੰ ਇਨਸਾਫ਼ ਦੁਆ ਸਕਦਾ ਹੈ। ਇਹ ਧਿਰ ਵੀ ਮੌਜੂਦਾ ਸੂਬਾ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹੈ। ਇਸ ਧਿਰ ਨੂੰ ਜਾਪਦਾ ਹੈ ਕਿ ਮੌਜੂਦਾ ਸਰਕਾਰ ਨੇ ਬਾਦਲਾਂ ਖਿਲਾਫ ਕੁਝ ਨਹੀਂ ਕਰਨਾ ਇਸ ਲਈ ਕਿਸੇ ਵੀ ਤਰ੍ਹਾਂ ਨਵਜੋਤ ਸਿੱਧੂ ਆਏ ਤਾਂ ਗੱਲ ਬਣੇ! ਲੋਕਾਂ ਦੀ ਇਹ ਸੋਚ ਕਿਓਂ ਬਣੀ ਇਹ ਦੇਖਣਾ ਸੂਬਾ ਸਰਕਾਰ ਦਾ ਕੰਮ ਹੈ।
ਇਹਨਾਂ ਦੇ ਨਾਲ ਹੀ ਇੱਕ ਤੀਜੀ ਧਿਰ ਹੋਰ ਵੀ ਹੈ ਜਿਹੜੀ ਇਹਨਾਂ ਗੱਲਾਂ ਤੋਂ ਨਿਰਲੇਪ ਰਹਿੰਦਿਆਂ ਪੰਜਾਬ ਦੀ ਚੜ੍ਹਦੀਕਲਾ ਦੇ ਨਿਸ਼ਾਨੇ ਤੇ ਖੜੀ ਹੈ। ਇਹਨਾਂ ਦੀ ਸੋਚ ਦੇਸ਼ ਪੰਜਾਬ ਵਾਲੀ ਹੈ ਪਰ ਹਿੰਦੋਸਤਾਨ ਤੋਂ ਵੱਖ ਹੋਣ ਵਾਲੀ ਵੀ ਨਹੀਂ। ਦੋਹਾਂ ਪਾਸਿਆਂ ਦੇ ਪੰਜਾਬਾਂ ਦਾ ਭਲਾ ਹੋਵੇ ਅਤੇ ਦੋਹਾਂ ਪਾਸਿਆਂ ਦੇ ਲੋਕ ਆਸਾਨੀ ਨਾਲ ਮਿਲਜੁਲ ਸਕਣ ਇਸ ਲਈ ਇਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਜਾਰੀ ਹਨ। ਇਹ ਧਿਰ ਚਾਹੁੰਦੀ ਹੈ ਕਿ ਦੋਹਾਂ ਪਾਸਿਆਂ ਦਰਮਿਆਨ ਵਪਾਰ ਵਧੇ ਅਤੇ ਆਵਾਜਾਈ ਦਾ ਵੀ ਵਾਧਾ ਹੋਵੇ। ਇਹ ਧਿਰ ਦੋਹਾਂ ਦੇਸ਼ਾਂ ਦਰਮਿਆਨ ਜੰਗ ਵੀ ਨਹੀਂ ਚਾਹੁੰਦੀ। ਅਮਨਸ਼ਾਤੀ ਇਹਨਾਂ ਦੇ ਮਿਸ਼ਨ ਵਿਹਚ ਸ਼ਾਮਲ ਹੈ। ਇਸਦੇ ਨਾਲ ਹੀ ਪੰਜਾਬ ਅਤੇ ਹਿੰਦੋਸਤਾਨ ਦੇ ਆਪਸੀ ਸੰਬੰਧਾਂ ਲਈ ਇਹ ਧਿਰ ਫੈਡਰਲ ਢਾਂਚੇ ਦੀ ਹਮਾਇਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਇਹੀ ਗੱਲਾਂ ਕਰਦਾ ਹੈ। ਦੇਖਣਾ ਇਹ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਭਗੌੜੇ ਹੋਏ ਲੋਕ ਹੁਣ ਪੰਜਾਬ ਬਾਰੇ ਏਜੰਡਾ ਕੀ ਰੱਖਦੇ ਹਨ?ਅੰਧ ਰਾਸ਼ਟਰਵਾਦ ਨੂੰ ਪ੍ਰਣਾਏ ਲੋਕ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਸਾਕਾਰਤਮਕ ਸੋਚ ਰੱਖਣ ਤੋਂ ਤਾਂ ਰਹੇ।
ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਉਸਨੂੰ ਬੰਦ ਕਮਰੇ ਵਿੱਚ ਜੋ ਮਰਜ਼ੀ ਸਲਾਹਾਂ ਦੇਈ ਜਾਣ ਕੋਈ ਫਰਕ ਨਹੀਂ ਪੈਂਦਾ ਕਿਓਂ ਕਿ ਸਿੱਧੂ ਸ਼ਾਇਦ ਹਰ ਗੱਲ ਸਾਡੇ ਕੋਲੋਂ ਪੁੱਛ ਕੇ ਹੀ ਬੋਲੇਗਾ। ਅੰਦਾਜ਼ਾ ਗਲਤ ਹੋ ਗਿਆ। ਮਾਮਲਾ ਹੋ ਗਿਆ ਗੜਬੜ ਜਦੋਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀਆਂ ਸਲਾਹਾਂ ਵਿੱਚੋਂ ਬਹੁਤ ਸਾਰੀਆਂ ਸਲਾਹਾਂ ਸਾਰਿਆਂ ਸਾਹਮਣੇ ਨਸ਼ਰ ਕਰ ਦਿੱਤੀਆਂ ਕਿਓਂਕਿ ਇਹਨਾਂ ਦਾ ਸੰਬੰਧ ਬਹੁਤਿਆਂ ਦੇ ਮਸਲਿਆਂ ਨਾਲ ਵੀ। ਆਖਿਰ ਗੱਲ ਵਿਗੜ ਗਈ।
ਕਾਂਗਰਸ ਪਾਰਟੀ ਵਿੱਚ ਬਗਾਵਤ ਜਿਹੀ ਉੱਠ ਖੜੀ ਹੋਈ ਅਤੇ ਕੁਝ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਵੀ ਕਰ ਦਿੱਤੀ। ਹੁਣ ਇਹ ਕਾਂਗਰਸ ਪਾਰਟੀ ਦਾ ਕਲਚਰ ਅਤੇ ਢੰਗ ਤਰੀਕਾ ਹੈ ਕਿ ਇਹ ਸਭ ਕੁਝ ਮੀਡੀਆ ਵਿੱਚ ਵੀ ਝੱਟ ਦੇਣੀ ਆ ਗਿਆ। ਇਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਵੀ ਸਰਗਰਮੀ ਦਿਖਾਈ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਦੇਹਰਾਦੂਨ ਜਾ ਮੁਲਾਕਾਤ ਕੀਤੀ। ਉਹਨਾਂ ਦਾ ਅਸ਼ੀਰਵਾਦ ਵੀ ਹਾਸਲ ਕਰ ਲਿਆ।
ਹਰੀਸ਼ ਰਾਵਤ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਹਨ। ਘਟੋਘਟ ਪੰਜ ਵਾਰ ਐਮ ਪੀ ਰਹਿ ਚੁੱਕੇ ਹਨ। ਉਹਨਾਂ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਬੀਜੇਪੀ ਨੂੰ ਹਿੰਦੂ ਸ਼ਬਦ ਹਾਈਜੈਕ ਨਹੀਂ ਕਰਨ ਦਿਆਂਗੇ। ਉਹਨਾਂ ਵਸੁਧੇਵ ਕੁਟੰਬਕਮ ਦੀ ਗੱਲ ਵੀ ਕਹੀ। ਸੋ ਜ਼ਾਹਿਰ ਹੈ ਕਿ ਹਰੀਸ਼ ਰਾਵਤ ਵਰਗੀਆਂ ਸ਼ਖਸੀਅਤਾਂ ਨੂੰ ਵੀ ਬਹੁਤ ਸਾਰੀਆਂ ਸੋਚਾਂ ਸੋਚਣੀਆਂ ਪੈਂਦੀਆਂ ਹਨ। ਆਪਣੇ ਸਮਾਜ ਦੇ ਜਨਮਾਨਸ ਨੂੰ ਸੰਤੁਸ਼ਟ ਰੱਖਣਾ ਕੋਈ ਸੌਖਾ ਵੀ ਤਾਂ ਨਹੀਂ ਹੁੰਦਾ। ਇਸ ਦੌਰਾਨ ਉਹ ਘਟਨਾਕ੍ਰਮ ਵੀ ਸਾਹਮਣੇ ਆ ਗਿਆ ਹੈ ਜਿਸ ਅਧੀਨ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਇੱਕ ਅਜਿਹੇ ਅਹੁਦੇ ਤੋਂ ਅਸਤੀਫਾ ਜਿਸ ਤੇ ਨਿਯੁਕਤੀ ਹੀ ਨਹੀਂ। ਕੋਈ ਤਨਖਾਹ ਵੀ ਨਹੀਂ। ਕੋਈ ਕੁਰਸੀ ਜਾਂ ਦਫਤਰ ਵੀ ਨਹੀਂ। ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਅਤੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਦੇ ਭਲੇ ਦੀ ਚਾਹਤ ਦਾ ਹੀ ਨਤੀਜਾ ਸੀ ਕਿ ਮਾਲੀ ਨੇ ਉਸ ਪਾਰਟੀ ਦੇ ਆਗੂ ਨਵਜੋਤ ਸਿੱਧੂ ਨੂੰ ਸਲਾਹਾਂ ਦੇਣ ਦੀ ਸਹਿਮਤੀ ਦੇ ਦਿੱਤੀ ਜਿਸਦੇ ਨਾਲ ਉਸਦਾ ਉਮਰ ਭਰ ਛੱਤੀ ਵਾਲਾ ਅੰਕੜਾ ਰਿਹਾ। ਇਸਦੀ ਤਸਦੀਕ ਇੰਦਰ ਗਾਂਧੀ ਸੰਬੰਧੀ ਬਣਿਆ ਕਾਰਟੂਨ ਵੀ ਕਰਦਾ ਹੈ।
ਸ਼ਾਇਦ ਜਮਹੂਰੀ ਕਦਰਾਂ ਕੀਮਤਾਂ ਅਤੇ ਰਸਤਿਆਂ ਵਾਲੀ ਸੋਚ ਇੱਕ ਵਾਰ ਫੇਰ ਹਾਰ ਗਈ ਹੈ। ਸਿਆਸੀ, ਸਵਾਰਥੀ ਅਤੇ ਸਾਜ਼ਿਸ਼ੀ ਚਾਲਾਂ ਸਾਹਮਣੇ ਜਜ਼ਬਾਤੀ ਅਤੇ ਇਮਾਨਦਾਰ ਸੋਚਾਂ ਛੇਤੀ ਕੀਤੀਆਂ ਕਿੱਥੇ ਟਿੱਕਦੀਆਂ ਹਨ!
ਯਾਦ ਆ ਰਹੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ:
ਮੈਂ ਨਹੀਂ ਰਹਿਣਾ ਤੇਰੇ ਗਿਰਾਂ
No comments:
Post a Comment