Wednesday, August 10, 2022

ਕੇਸਰੀ ਝੰਡੇ ਦੇ ਹਿਮਾਇਤੀਆਂ ਨੂੰ ਹਰਜਿੰਦਰ ਸਿੰਘ ਦਿਲਗੀਰ ਦੀ ਚੁਣੌਤੀ

ਕੀ ਕੇਸਰੀ ਝੰਡਾ ਗੁਰੂ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?

ਸੋਸ਼ਲ ਮੀਡੀਆ: 9 ਅਗਸਤ 2022: (ਪੰਜਾਬ ਸਕਰੀਨ ਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਜ਼ੋਰਾਂ ਤੇ ਜਾਰੀ ਹੈ। ਇਸ ਮੁਹਿੰਮ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਅਤੀਤ ਵਿੱਚ ਕਦੇ ਤਿੰਰਗੇ ਦਾ ਸਤਿਕਾਰ ਨਹੀਂ ਕੀਤਾ। ਇਸ ਮੁਹਿੰਮ ਵਿਚ ਉਹ ਗੱਲਾਂ ਵੀ ਛਿੜੀਆਂ ਹਨ ਕਿ ਏਨੀ ਵੱਡੀ ਪੱਧਰ 'ਤੇ ਤਿਰੰਗੇ ਕਿਸ ਕਿਸ ਫਾਰਮ ਕੋਲੋਂ ਬਣਵਾਏ ਜਾ ਰਹੇ ਹਨ? ਇਹਨਾਂ ਦੀ ਲਾਗਤ ਕਿੰਨੀ ਆਉਣੀ ਹੈ ਅਤੇ ਇਹਨਾਂ ਨੂੰ ਦੇਸ਼ ਭਰ ਵਿੱਚ ਕਿਹੜੇ ਭਾਅ ਵੇਚਿਆ ਜਾਣਾ ਹੈ। ਮੁਨਾਫ਼ਾ ਕਿੰਨਾ ਆਉਣਾ ਹੈ ਅਤੇ ਅਤੇ ਇਹ ਕਿਸਦੀ ਜੇਬ ਵਿਚ ਜਾਣਾ ਹੈ। ਇਹ ਸਾਰੀਆਂ ਗੱਲਾਂ ਵੱਖਰੀਆਂ ਹਨ ਫਿਲਹਾਲ ਚਰਚਾ ਉਸ ਮੁਹਿੰਮ ਦੀ ਜਿਹੜੀ ਘਰ ਘਰ ਤਿਰੰਗਾ ਵਾਲੀ ਮੁਹਿੰਮ ਦੇ ਜੁਆਬ ਵਿਚ ਚਲਾਈ ਜਾ ਰਹੀ ਹੈ। ਸ਼ਾਇਦ ਇਸਦਾ ਮਕਸਦ ਘਰ ਘਰ ਕੇਸਰੀ ਹੈ। 

ਇਸੇ ਦੌਰਾਨ ਮਾਸਟਰ ਤਾਰਾ ਸਿੰਘ ਹੁਰਾਂ ਦੀ ਦੋਹਤਰੀ ਕਿਰਨਜੋਤ ਕੌਰ ਨੇ ਸਪਸ਼ਟ ਕਿਹਾ ਹੈ ਮੈਂ ਤਿਰੰਗਾ ਆਪਣੇ ਘਰ ਤੇ ਨਹੀ ਲਾਉਣਾ। ਕਾਰਣ…….ਮੈਂ ਪ੍ਰਾਪੇਗੰਡਾ ਦਾ ਹਿੱਸਾ ਨਹੀ ਬਨਣਾ। ਹਿੰਦ ਮੇਰਾ ਮੁਲਕ ਹੈ। ਮੇਰੇ ਵੱਡੇ ਵਡੇਰਿਆਂ ਨੇ ਆਪਣੀ ਜ਼ਮੀਨ ਜਾਇਦਾਦ ਪਾਕਿਸਤਾਨ ਛੱਡ ਕੇ ਪੂਰਬੀ ਪੰਜਾਬ ਵਿੱਚ ਵਾਸਾ ਕੀਤਾ। ਮੈਂ ਇੱਥੇ ਜਨਮੀ, ਇੰਡੀਅਨ ਪਾਸਪੋਰਟ ਹੋਲਡਰ ਹਾਂ। ਮੇਰੀ ਪਹਿਚਾਣ ਇੰਡੀਆ ਨਾਲ ਹੈ। ਮੈਨੂੰ ਕਿਸੇ ਕੋਲ਼ੋਂ ਹਾਮੀ ਭਰਵਾਉਣ ਦੀ ਲੋੜ ਨਹੀ ਨਾ ਹੀ ਕਿਸੇ ਨੂੰ ਜਤਾਉਣ ਦੀ। ਮੇਰੀ ਕੌਮ ਨਾਲ ਨਾਇੰਸਾਫੀ ਹੋਈ, ਮੇਰੀ ਸਿੱਖੀ ਉਸ ਖ਼ਿਲਾਫ਼ ਜੂਝਣਾ ਸਿਖਾਉਦੀ ਹੈ। ਹਾਏ-ਹਾਏ ਦਾ ਰੋਣਾ, ਓਪਰੇਪਣ ਦੀ ਦੁਹਾਈ ਹਾਰਣ ਦੇ ਤੁਲ ਤੇ ਚੜ੍ਹਦੀ ਕਲਾ ਤੋਂ ਕੋਹਾਂ ਦੂਰ ਹੈ। ਪ੍ਰਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਆਪਣਾ ਮੁਲਕ ਚੁਣ ਲਿਆ ਹੈ। ਇੱਥੇ ਰਹਿੰਦੇ ਸਿੱਖ ਪੰਜਾਬ ਨੂੰ ਤਾਂ ਆਪਣਾ ਘਰ ਮੰਨਦੇ ਹਨ ? ਫੇਰ ਆਓ ਆਪਣਾ ਪੰਜਾਬ ਸਾਂਭੀਏ । ਇੰਡੀਆ ਦੇ ਸੰਵਿਧਾਨ ਦੀ ਸੌਂਹ ਚੁੱਕਣ ਵਾਲੇ MP ਜੀ, ਕੌਮ ਦੀ ਨੌਜੁਆਨੀ ਨੂੰ non issues ਵਿੱਚ ਨਾ ਉਲ਼ਝਾਓ । ਨਿਸ਼ਾਨ ਸਾਹਿਬ ਸਾਡਾ ਹੈ ਤੇ ਸਾਡਾ ਰਹੇਗਾ, ਮੁਲਕ ਦੇ ਝੰਡੇ ਨਾਲ ਤੁਲਨਾ ਗਲਤ ਹੈ। ਸਾਰਾ ਸਾਲ ਕੇਸਰੀ ਝੰਡਾ ਝੁਲਾਓ, ਕਿਹਦੀ ਜੁਰਅਤ ਸਾਨੂੰ ਰੋਕ ਲਵੇ। ਹੱਥ ਬੰਨ ਕੇ ਮੇਰੀ ਸਿੱਖ ਕੌਮ ਨੂੰ ਬੇਨਤੀ ਆਪਣੀ ਸ਼ਕਤੀ ਸੰਭਾਲ਼ ਕੇ ਰੱਖੋ ਅੱਗੇ ਲੋੜ ਪੈਣੀ ਹੈ

ਇਸ ਸਾਰੇ ਘਚੋਲੇ ਵਿੱਚ ਇੱਕ ਹੋਰ ਸੁਆਲ ਸਾਹਮਣੇ ਆਇਆ ਹੈ ਕਿ ਸਿੱਖ ਕੌਮ ਦਾ ਅਸਲੀ ਨਿਸ਼ਾਨ ਸਾਹਿਬ ਹੈ ਕਿਹੜਾ? ਇਸ ਸਬੰਧੀ ਪੰਥ ਦੇ ਪ੍ਰਸਿੱਧ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ

ਇਸ ਮੁੱਦੇ ਬਾਰੇ ਹੀ ਨਾਮਵਰ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ Harjinder Singh Dilgeer ਨੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਬਾਰੇ ਬਹੁਤ ਹੀ ਗੰਭੀਰ ਤੇ ਦੂਰਰਸ ਅਹਿਮੀਅਤ ਵਾਲਾ ਸੁਆਲ ਖੜਾ ਕੀਤਾ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਨੂੰ ਜ਼ਰੂਰ ਹੀ ਗੰਭੀਰਤਾ ਨਾਲ ਖੋਜ ਪੜਤਾਲ ਤੇ ਸੰਵਾਦ ਹੋਣਾ ਚਾਹੀਦਾ ਹੈ। ਦਿਲਗੀਰ ਹੁਰਾਂ ਦੇ ਇਸ ਸੁਆਲ ਨੂੰ ਸਾਹਮਣੇ ਲਿਆਂਦਾ ਹੈ ਪ੍ਰਸਿੱਧ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ।

ਸਰਦਾਰ ਮਾਲੀ ਆਪਣੀ ਪੋਸਟ ਵਿਚ ਲਿਖਦੇ ਹਨ: ਛੋਟੇ ਹੁੰਦਿਆਂ ਅਕਸਰ ਕੰਨਾਂ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ “ ਨੀਲੇ ਦੇ ਸ਼ਾਹ ਅਸਵਾਰ” ਹੋਣ ਦੇ ਬੋਲ ਕੰਨਾਂ ਵਿੱਚ ਪੈਂਦੇ ਸਨ। ਸ਼ਾਇਦ ਨਰਿੰਦਰ ਬੀਬਾ ਦਾ ਗੀਤ ਸੀ, ਚੰਨਾਂ ‘ਚੋ ਚੰਨ ਗੁਜਰੀ ਦਾ ਚੰਨ। ਹੱਥ ਵਿੱਚ ਸੋਹਣਾ ਬਾਜ, ਸਜੇ ਸਿਰ ਤਾਜ ਤੇ ਘੋੜਾ ਨੀਲਾ ਬੜਾ ਚਮਕੀਲਾ ਏ•••
ਨੀਲੇ ਤੋਂ ਕੇਸਰੀ ਦੇ ਨਾਲ ਨਾਲ ਬਸੰਤੀ ਤੇ ਭਗਵਾਂ ਇਕ ਰਾਹੇ ਵੱਲ ਸੰਕੇਤ ਹੈ।ਅੱਜ ਵੀ ਬਹੁਤ ਸਾਰੇ ਸਿੱਖ ਸੱਜਣ ਕਹਿੰਦੇ ਹਨ ਕਿ ਤਿਰੰਗਾ ਵੀ ਸਾਡਾ ਹੈ ਤੇ ਕੇਸਰੀ ਨਿਸ਼ਾਨ ਵੀ ਸਾਡਾ ਹੈ। ਇਸ ਲਈ ਤਿਰੰਗੇ ਵਿੱਚ ਕੇਸਰੀ ਰੰਗ ਹੋਣ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ।
ਖਾਲਸਾ ਪੰਥ ਦੇ ਨਿਸ਼ਾਨ ਵਿੱਚ ਤਬਦੀਲੀ ਕੀ ਖਾਲਸਈ ਸੋਚ ਅੰਦਰ ਲਿਆਂਦੀ ਤਬਦੀਲੀ ਨਾਲ ਵੀ ਸੰਬੰਧ ਜੁੜਦਾ ਹੈ?
ਖਾਲਸਾ ਪੰਥ ਅੰਦਰ ਮੌਜੂਦਾ ਹਾਲਤ ਵਿੱਚ ਸੰਵਾਦ ਬੰਦ ਹੈ ਜਿਵੇਂ ਬੌਧਿਕ ਕੰਗਾਲੀ ਛਾਈ ਹੋਈ ਹੋਵੇ। ਪੰਥਕ ਰਹਿਤ ਮਰਿਯਾਦਾ ਤਹਿ ਕਰਨ ਤੋਂ ਬਾਅਦ ਉੱਠੇ ਸਵਾਲਾਂ ਨੂੰ ਗੁਰੂ ਆਸ਼ੇ ਅਨੁਸਾਰ ਨਜਿੱਠਣ ਦਾ ਕੋਈ ਯਤਨ ਸਾਹਮਣੇ ਨਹੀ ਆਇਆ। ਜ਼ੁਬਾਨਬੰਦੀ ਕਰਨ, ਮਿੱਟੀ ਪਾਉਣ ਦੇ ਫੁਰਮਾਨ ਤੇ ਸਿਆਸੀ ਵਖਰੇਵੇਂ/ਲੜਾਈਆਂ, ਧੜੇਬਾਜ਼ੀ ਤੇ ਦੂਸ਼ਣਬਾਜੀ ਦਾ ਹੀ ਬੋਲਬਾਲਾ ਨਜ਼ਰ ਆ ਰਿਹਾ ਹੈ।
••••••••••••••••••••••••••••••••••••••••••••
ਕੀ ਕੇਸਰੀ ਝੰਡਾ ਗੁਰੂ ਗੋਬਿੰਦ ਸਿੰਘ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?
ਦਸਤਾਵੇਜ਼ ਅਤੇ ਸੋਮਿਆਂ ਵਿਚੋਂ ਸਬੂਤ ਦਿਖਾਣ ਦੇ ਬਾਵਜੂਦ ਰਾਜਪੂਤਾਂ ਦਾ ਕੇਸਰੀ ਝੰਡਾ ਸਿੱਖਾਂ ਦੇ ਸਿਰ ਮੜ੍ਹਨਾ , ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਿਲਾਫ਼ ਬਗ਼ਾਵਤ ਨਹੀਂ ਹੈ?
ਕੇਸਰੀ ਝੰਡੇ ਦੇ ਹਿਮਾਇਤੀ ਜਾਂ ਤਾਂ ਕੇਸਰੀ ਦੇ ਹੱਕ ਵਿਚ ਸਬੂਤ ਪੇਸ਼ ਕਰਨ ਅਤੇ ਜਾਂ ਰਾਜਪੂਤਾਂ ਦੀ ਗ਼ੁਲਾਮੀ ਵਿਚੋਂ ਨਿਕਲ ਕੇ ਗੁਰੂ ਦੀ ਸ਼ਰਣ ਆਉਣ।
ਗੁਰੂ ਜੀ ਦਾ ਨੀਲਾ ਨਿਸ਼ਾਨ ਸਾਹਿਬ ਨਿਹੰਗਾਂ ਨੇ 1699 ਤੋਂ ਅਤੇ ਹੁਣ ਬਹੁਜਨ ਸਮਾਜ ਪਾਰਟੀ ਨੇ ਵੀ ਅਪਣਾਇਆ ਹੋਇਆ ਹੈ।
** Harjinder Singh Dilgeer **

No comments: