Saturday, January 27, 2024

ਸਿੱਖਾਂ ਅਤੇ ਮਾਰਕਸੀਆਂ ਨੂੰ ਨੇੜੇ ਲਿਆਉਣ ਵਾਲੇ ਗੁਰਬਚਨ ਸਿੰਘ ਨੂੰ ਯਾਦ ਕਰਦਿਆਂ

Sunday 27th January 2024 at 02:46 PM 

ਇਸ ਸੁਮੇਲ ਲਈ ਪੁਲ ਬਣੇ ਰਹੇ ਸਨ ਚਿੰਤਕ ਗੁਰਬਚਨ ਸਿੰਘ 


ਚੰਡੀਗੜ੍ਹ
: 27 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::   

ਪੰਜਾਬ ਦੇ ਸੰਘਰਸ਼ਾਂ ਦੌਰਾਨ ਮਾਰਕਸਵਾਦ ਅਤੇ ਸਿੱਖ ਫਲਸਫੇ ਦਾ ਬਹੁਤ ਹੀ ਨੇੜਤਾ ਵਾਲਾ ਸੰਬੰਧ ਰਿਹਾ ਹੈ। ਇਹਨਾਂ ਸੰਬੰਧਾਂ ਵਿੱਚ ਆਉਂਦੀ ਰਹੀ ਦੂਰੀ ਪੰਜਾਬ ਦੇ ਦੁਸ਼ਮਣਾਂ ਲਈ ਹੋਈ ਫਾਇਦੇਮੰਦ ਹੁੰਦੀ ਰਹੀ। ਇਹਨਾਂ ਵਿਚਧਾਰਾਵਾਂ ਦਾ ਆਪਸੀ ਸੁਮੇਲ ਲਗਾਤਾਰ ਮਜ਼ਬੂਤ ਕਰਵਾਉਣ ਵਾਲਿਆਂ ਸ਼ਖਸੀਅਤਾਂ ਵਿੱਚ ਇੱਕ ਸਨ ਜਲੰਧਰ ਵਾਲੇ ਗੁਰਬਚਨ ਸਿੰਘ। ਉਹਨਾਂ ਦੀ ਸੰਗਤ ਅਤੇ ਮੁਹੱਬਤ ਮਾਨਣ ਵਾਲਿਆਂ ਵਿੱਚ ਵਿਰੋਧੀ ਵਿਚਾਰਾਂ ਵਾਲੇ ਵੀ ਸਨ।  ਹੁਣ ਜਦੋਂ ਕਿ ਉਹਨਾਂ ਦੀ ਲੋੜ ਬਹੁਤ ਜ਼ਿਆਦਾ ਸੀ ਉਦੋਂ ਉਹ ਉਸ ਦੁਨੀਆ ਵਿਚ ਤੁਰ ਗਏ ਜਿਥੋਂ ਕੋਈ ਨਹੀਂ ਮੁੜਦਾ। ਇਸਦੇ ਬਾਵਜੂਦ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੀ ਭੂਮਿਕਾ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਰਹੇਗੀ। ਉਹਨਾਂ ਦੀ ਯਾਦ ਵਿੱਚ  ਹੋਏ ਸਮਾਗਮ ਦੌਰਾਨ ਅਜਿਹਾ ਬਹੁਤ ਕੁਝ ਯਾਦ ਕੀਤਾ ਗਿਆ।  

ਇਸ ਯਾਦ ਸਮਾਗਮ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਜੁੜੇ ਬੁਧੀਜੀਵੀਆਂ ਅਤੇ ਚਿੰਤਕਾਂ ਨੇ ਨਾਮਵਰ ਲੇਖਕ ਤੇ ਦੇਸ਼ ਪੰਜਾਬ ਮੈਗਜ਼ੀਨ ਦੇ ਐਡੀਟਰ ਗੁਰਬਚਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਮਹਾਨ ਚਿੰਤਕ ਉਮਰ ਭਰ ਸਿੱਖ ਫਲਸਫੇ ਅਤੇ ਮਾਰਕਸਵਾਦ ਦੇ ਆਪਸੀ ਸੁਮੇਲ ਲਈ ਜਦੋਜਹਿਦ ਕਰਦਾ ਰਿਹਾ ਅਤੇ ਇਹਨਾਂ ਦੋਹਾਂ ਖੇਤਰਾਂ ਵਿੱਚ ਉਸਨੇ ਭਰਵਾਂ ਯੋਗਦਾਨ ਪਾਇਆ।

ਲੰਘੇ ਸਾਲ ਦੀ 28 ਦਸੰਬਰ ਨੂੰ ਅਚਾਨਕ ਵਿਛੋੜਾ ਦੇ ਗਏ ਗੁਰਬਚਨ ਸਿੰਘ ਹੁਰਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਨਜ਼ਦੀਕੀ ਦੋਸਤ ਡਾ. ਸਵਰਾਜ ਸਿੰਘ ਨੇ ਕਿਹਾ ਕਿ ਜਲੰਧਰ ਨਿਵਾਸੀ ਗੁਰਬਚਨ ਸਿੰਘ ਨੇ ਸਿੱਖ ਫਲਸਫੇ/ਗੁਰਬਾਣੀ ਅਤੇ ਮਾਰਕਸਵਾਦ ਦਾ ਡੂੰਘਾ ਅਧਿਐਨ ਕੀਤਾ ਸੀ। ਉਹਨਾਂ ਦੋਹਾਂ ਫਲਸਫਿਆਂ ਦੀ ਸਾਂਝ ਬਾਰੇ ਗੱਲ ਕਰਦਿਆਂ, ਗੁਰਬਚਨ ਸਿੰਘ ਕਿਹਾ ਕਰਦੇ ਸਨ ਕਿ ਦੋਵੇਂ ਹੀ ਕੁਦਰਤ-ਮੁਖੀ ਸਿਧਾਂਤ ਹਨ, ਜਿਹੜੇ ਮਨੁੱਖ ਨੂੰ ਮਾਨਵਵਾਦੀ ਤੇ ਨਿਆਂ ਉੱਤੇ ਅਧਾਰਤ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੇ ਹਨ। ਜਦੋਂ ਕਿ ਸਰਮਾਏਦਾਰੀ ਅਧਾਰਤ ਸਮਾਜ ਉੱਚਾ-ਨੀਵਾਂ ਅਤੇ ਸ਼ੋਸਤ ਹੁੰਦਾ ਹੈ, ਜਿਸ ਵਿੱਚ ਮਨੁੱਖ ਆਪਣੇ ਆਪ ਤੋਂ ਵੀ ਵਿਯੋਗਿਆ ਜਾਂਦਾ ਹੈ। ਸਮਾਜਵਾਦੀ ਵਿਚਾਰਾਂ ਵਾਲੇ ਲਾਈਫ ਸਟਾਈਲ ਅਤੇ ਸਰਮਾਏਦਾਰੀ ਵਿਚਾਰਾਂ ਵਾਲੇ ਸਿਸਟਮ ਅਤੇ ਸਮਾਜਾਂ ਬਾਰੇ ਸ਼ਾਇਦ ਇਹ ਬਹੁਤ ਹੀ ਅਨਮੋਲ ਟਿੱਪਣੀ ਹੈ। ਜਿਹੜੀ ਸ਼ੋਸ਼ਣ ਦੇ ਅਸਲੀ ਕਾਰਨ ਦੀ ਗੱਲ ਵੀ ਬੜੇ ਸਲੀਕੇ ਨਾਲ ਕਰਦੀ ਹੈ। 

ਇਸ ਸਮਾਗਮ ਦੀ ਪ੍ਰਾਪਤੀ ਇਹ ਵੀ ਸੀ ਕਿ ਇਸ ਮੌਕੇ ਉੱਤੇ ਗੁਰਬਚਨ ਸਿੰਘ ਦੇ ਪੈਗਾਮ ਗਰੁੱਪ ਦੇ ਸਾਥੀ ਮਾਲਵਿੰਦਰ ਸਿੰਘ ਮਾਲੀ ਵੀ ਮੌਜੂਦ ਸਨ। ਉਹਨਾਂ ਆਪਣੇ ਇਸ ਸਾਥੀ ਨੂੰ ਯਾਦ ਕਰਦਿਆਂ ਕਿ ਇਹ ਚਿੰਤਕ  ਅਸਲ ਵਿੱਚ ਸਮਾਜਕ ਤਬਦੀਲੀ ਲਈ ਹਮੇਸ਼ਾ ਸਰਗਰਮ ਰਿਹਾ। ਇਸ ਕਰਕੇ, ਉਹ ਕਮਿਊਨਿਸਟਾਂ ਨਾਲ ਵੀ ਜੁੜਿਆ, ਸਿੱਖ ਲਹਿਰ ਨਾਲ ਅਤੇ ਬਸਪਾ ਨਾਲ ਕੰਮ ਕਰਦਾ ਰਿਹਾ। ਬਾਬੂ ਕਾਂਸ਼ੀ ਰਾਮ ਦਾ ਵੀ ਵਿਸ਼ਵਾਸ ਪਾਤਰ ਰਿਹਾ ਸੀ। ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਉਹਨਾਂ ਅਨਮੋਲ ਸ਼ਖਸੀਅਤਾਂ ਵਿੱਚੋਂ ਹਨ ਜਿਹਨਾਂ ਨੇ ਪੰਜਾਬ ਦੇ ਦੁਖਾਂਤਾਂ ਅਤੇ ਸੰਘਰਸ਼ਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਜੋ ਜੋ ਦੇਖਿਆ ਅਤੇ ਮਹਿਸੂਸ ਕੀਤਾ ਉਹ ਖਜ਼ਾਨਾ ਬਹੁਤ ਵੱਡਾ ਹੈ। ਉਹਨਾਂ ਦੇ ਚੇਤਿਆਂ ਅਤੇ ਡਾਇਰੀਆਂ ਵਿੱਚ ਬਹੁਤ ਕੁਝ ਅਜੇ ਵੀ ਲੁਕਿਆ ਹੋਇਆ ਹੈ। ਇਸਦੇ ਬਾਵਜੂਦ ਉਹ ਜਦੋਂ ਕਦੇ ਥੋਹੜਾ ਬਹੁਤ ਬੋਲਦੇ ਹਨ ਉਹ ਬਹੁਤ ਹੀ ਸੰਤੁਲਿਤ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ। 

ਇਸ ਸਮਾਗਮ ਦੌਰਾਨ ਆਪਣੇ ਸਵਰਗੀ ਮਿੱਤਰ ਗੁਰਬਚਨ ਸਿੰਘ ਸ਼ਰਧਾਂਜਲੀ ਦਿੰਦਿਆਂ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਵੀ ਬਹੁਤ ਕੁਝ ਯਾਦ ਕਰਾਇਆ ਅਤੇ ਕਿਹਾ ਕਿ ਸ਼ਹਿਰੀ ਬਿਜ਼ਨਸਮੈਨ ਪਰਿਵਾਰ ਵਿੱਚ ਪੈਦਾ ਹੋਇਆ ਗੁਰਬਚਨ ਸਿੰਘ ਆਪਣੇ ਪਿਤਾ ਦੀ ਮਾਸਟਰ ਤਾਰਾ ਸਿੰਘ ਨਾਲ ਨੇੜਤਾ ਹੋਣ ਕਰਕੇ, ਸਿੱਖ ਸਿਆਸਤ ਨਾਲ ਬਚਪਨ ਵਿੱਚ ਹੀ ਜੁੜ ਗਿਆ। ਪਰ ਹੋਰ ਆਦਰਸ਼ਵਾਦੀ ਨੌਜਵਾਨਾਂ ਵਾਂਗ ਅਕਾਲੀ ਦਲ ਵੱਲੋਂ ਲੰਗੜੇ ਪੰਜਾਬੀ ਸੂਬੇ ਦੀ ਪ੍ਰਾਪਤੀ, ਸੱਤਾ ਲਈ ਸਿੱਖ ਲੀਡਰਾਂ ਦੀ ਦੌੜ ਤੋਂ ਬਦਜ਼ਨ ਉਹ ਅਕਾਲੀ ਸਿਆਸਤ ਛੱਡ ਕੇ ਕਮਊਨਿਸਟਾਂ ਵੱਲ ਖਿਚਿਆ ਗਿਆ। ਉਸਨੇ ਨਾਗਾਰੈਡੀ ਨਕਸਲਵਾੜੀਆਂ ਦੇ ਹੈੱਡ ਕੁਆਟਰ ਵਿੱਚ ਵੀ ਕੰਮ ਕੀਤਾ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਹੋਰ ਕਮਿਊਨਿਸਟ ਕਾਰਕੁੰਨਾਂ ਵਾਂਗ ਗੁਰਬਚਨ ਸਿੰਘ ਵੀ ਖੱਬੇ ਪੱਖੀ ਲਾਈਨ ਉੱਤੇ ਨਜ਼ਰਸ਼ਾਨੀ ਕਰਦਿਆਂ ਪੈਗਾਮ ਗਰੁੱਪ ਨਾਲ ਜੁੜਿਆ। ਉਹ ਪੈਗਾਮ ਮੈਗਜ਼ੀਨ ਦਾ ਕਰਤਾ ਧਰਤਾ ਰਿਹਾ। ਪਹਿਲਾਂ ਉਹ ‘ਜੈਕਾਰਾ’ ਅਤੇ ‘ਜਫਰਨਾਮਾ’ ਮੈਗਜ਼ੀਨਾਂ ਨੂੰ ਸਹਿਯੋਗ ਦਿੰਦਾ ਰਿਹਾ।

ਇਸ ਸਮਾਗਮ ਮੌਕੇ ਹੀ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਇਸ ਵਿੱਛੜੀ ਸ਼ਖ਼ਸੀਅਤ ਦੀ ਉਸ ਭਮਿਕ ਬਾਰੇ ਵੀ ਚੇਤੇ ਕਰਾਇਆ ਜੋ ਕਿ ਇੱਕ ਜ਼ਿੰਮੇਵਾਰ ਪ੍ਰਕਾਸ਼ਕ ਵੱਜੋਂ ਸੀ। ਉਹਨਾਂ ਕਿਹਾ ਕਿ ਗੁਰਬਚਨ ਸਿੰਘ ਨੇ ਸਾਰੀ ਉਮਰ ਲਿਖਣ ਪੜ੍ਹਨ, ਕਿਤਾਬਾਂ ਛਾਪਣ ਅਤੇ ਛਪਾਉਣ ਦਾ ਹੀ ਕੰਮ ਕੀਤਾ। ਆਪਣੀਆਂ ਅੱਧੀ ਦਰਜਨ ਪੁਸਤਕਾਂ ਤੋਂ ਬਿਨਾਂ ਉਸਨੇ ਦੂਜਿਆਂ ਲੇਖਕਾਂ ਦੀਆਂ ਘੱਟੋਂ ਘੱਟ 50 ਕਿਤਾਬਾਂ ਛਪਵਾਈਆਂ ਅਤੇ ਵੰਡੀਆਂ। ਇਹ ਆਪਣੇ ਆਪ ਵਿੱਚ ਹੀ ਇੱਕ ਕੰਮ ਸੀ। 

ਯਾਦਗਾਰੀ ਅੰਗਮ ਮੌਕੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਗੁਰਬਚਨ ਸਿੰਘ ਪੱਛਮੀ ਆਰਥਿਕ ਮਾਡਲ ਅਤੇ ਸਮਾਜ ਦਾ ਵੱਡਾ ਅਲੋਚਕ ਸੀ। ਪਰ ਇਹ ਵਡੰਬਨਾ ਕਿ ਉਸਦੇ ਦੋਵੇਂ ਪੁੱਤਰ ਵਿਦੇਸ਼ਾਂ ਵਿੱਚ ਵਸ ਗਏ ਹਨ। ਗੁਰਬਚਨ ਸਿੰਘ “ਕੌਮੀ ਸਿੰਘ ਸਭਾ” ਪੱਤ੍ਰਿਕਾ ਦਾ ਵੀ ਪੰਜ ਸਾਲ ਐਡੀਟਰ ਰਿਹਾ ਅਤੇ ਇਸ ਤੋਂ ਇਲਾਵਾਂ ਉਸਨੇ ਸਿੰਘ ਸਭਾ ਵੱਲੋਂ ਦੋ ਦਰਜਨ ਪੁਰਾਣੀਆਂ ਲਿਖਤਾਂ/ਕਿਤਾਬਾਂ ਨੂੰ ਵੀ ਮੁੜ ਛਪਵਾਇਆ। ਜ਼ਾਹਿਰ ਹੈ ਕਿ ਸਵਰਗੀ ਗੁਰਬਚਨ ਸਿੰਘ ਨੂੰ ਲਿਖਤਾਂ ਅਤੇ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਦੀ ਅਹਿਮੀਅਤ ਦਾ ਅਹਿਸਾਸ ਬਹੁਤ ਹੀ ਸ਼ਿੱਦਤ ਨਾਲ ਸੀ।  ਇਸ ਮਹਾਨ ਸ਼ਖ਼ਸੀਅਤ ਦੇ ਤੁਰ ਜਾਣ ਨਾਲ ਪੰਜਾਬੀ ਚਿੰਤਕ ਅਤੇ ਲੇਖਣੀ ਨੂੰ ਵੱਡਾ ਘਾਟਾ ਪਿਆ ਹੈ। ਅਜਿਹਾ ਘਾਟਾ ਜਲਦੀ ਕੀਤਿਆਂ ਪੂਰਾ ਵੀ ਨਹੀਂ ਹੋਇਆ ਕਰਦਾ।  

ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ, ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਗੁਰਬਚਨ ਸਿੰਘ ਵਰਗੇ ਵਿਦਵਾਨ ਹੀ ਬ੍ਰਾਹਮਣਵਾਦੀ ਵਿਵਸਥਾ ਥੱਲੇ ਦੱਬੀ ਜਾ ਰਹੀ ਸਿੱਖੀ ਨੂੰ ਬਚਾ ਸਕਦੇ ਹਨ।

ਇਸ ਮੌਕੇ ਪਰਵਿੰਦਰ ਸਿੰਘ ਗਿੱਲ, ਬਹਾਦਰ ਸਿੰਘ ਸੰਧੂ, ਵਿਨੋਦ ਖੰਨਾ, ਕਰਨਲ ਅਮਰੀਕ ਸਿੰਘ ਭੁੱਲਰ, ਕਰਨਲ ਜਸਬੀਰ ਸਿੰਘ ਸਰਾਏ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਰਣਜੀਤ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਸ਼ਮਸ਼ੀਰ ਸਿੰਘ ਅਤੇ ਮੇਜਰ ਸਿੰਘ ਪੰਜਾਬੀ ਆਦਿ ਸਾਮਿਲ ਹੋਏ।

No comments: