Wednesday, August 11, 2021

ਪੰਜਾਬ ਅਤੇ ਮੁਲਕ ਦੇ ਸਮੂਹ ਲੋਕਾਂ ਦਾ ਭਲਾ ਹੀ ਸਾਡਾ ਮੁਖ ਮਿਸ਼ਨ

ਪੰਜਾਬ ਕਾਂਗਰਸ ਦੇ ਨਵ ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਗੱਲਬਾਤ ਦੇ ਕੁਝ ਅੰਸ਼

ਲੁਧਿਆਣਾ//ਮੋਹਾਲੀ: 11 ਅਗਸਤ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਕਾਂਗਰਸ ਦੇ ਨਵ ਨਿਯੁਕਤ ਚਾਰ ਸਲਾਹਕਾਰਾਂ ਵਿੱਚੋਂ ਇੱਕ ਮਾਲਵਿੰਦਰ ਸਿੰਘ ਮਾਲੀ ਨੇ ਸਪਸ਼ਟ ਕੀਤਾ ਹੈ ਉਹਨਾਂ ਦਾ ਮਕਸਦ ਅਤੇ ਇਰਾਦਾ ਪੂਰੇ ਹਿੰਦੋਸਤਾਨ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਭਲੇ ਦਾ ਏਜੰਡਾ ਲਾਗੂ ਕਰਾਉਣਾ ਹੈ। ਏਕੇ ਨੂੰ ਮਜ਼ਬੂਤ ਕਰਨਾ ਹੈ। ਫਾਸ਼ੀਵਾਦ ਦੇ ਖਿਲਾਫ ਅਜਿਹਾ ਜ਼ਰੂਰੀ ਵੀ ਹੈ। ਪਹਿਲੀ ਨਜ਼ਰੇ ਜਾਪਦਾ ਸੀ ਕਿ ਖੱਬੀ ਖਾੜਕੂ ਧਿਰ ਨਾਲ ਜੁੜੇ ਰਹੇ ਮਾਲਵਿੰਦਰ ਸਿੰਘ ਮਾਲੀ ਦੇ ਇਸ ਅਹੁਦੇ ਤੇ ਨਿਯੁਕਤ ਹੋਣ ਨਾਲ ਇਨਕਲਾਬੀ ਤਬਦੀਲ ਆਈ ਹੈ। ਹੁਣ ਇੱਕ ਵਾਰ ਫੇਰ ਪੰਜਾਬ ਏਜੰਡਾ ਮੁੱਖ ਏਜੰਡਾ ਬਣੇਗਾ। ਸਿੱਟੇ ਵੱਜੋਂ ਜੰਗ ਹਿੰਦ ਪੰਜਾਬ ਦੀ ਇੱਕ ਵਾਰ ਫਿਰ ਜ਼ੋਰਦਾਰ ਢੰਗ ਨਾਲ ਸ਼ੁਰੂ ਹੋ ਸਕਦੀ ਹੈ। ਪਰ ਅਸਲੀ ਗੱਲ ਇਸਤੋਂ ਕਿਤੇ ਜ਼ਿਆਦਾ ਹੈ। 

ਸਰਦਾਰ ਮਾਲੀ ਨੇ ਆਪਣੀ ਨਿਯੁਕਤੀ ਤੋਂ ਬਾਅਦ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਕਿ ਹਿੰਦ ਅਤੇ ਪੰਜਾਬ ਵਿੱਚ ਜੰਗ ਨਹੀਂ ਬਲਕਿ ਸੁਹਿਰਦਤਾ ਦੀ ਲੋੜ ਹੈ। ਸਾਰੇ ਲੋਕਾਂ ਦੀ ਏਕਤਾ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਰਦਾਰ ਮਾਲੀ ਬਾਰ ਬਾਰ ਅਜਿਹਾ ਕਹਿੰਦੇ ਆ ਰਹੇ ਹਨ ਕਿ ਨਵਜੋਤ ਸਿੱਧੂ ਅਸਲ ਵਿਚ ਪੰਜਾਬ ਮਾਡਲ ਦੀ ਗੱਲ ਕਰ ਰਿਹਾ ਹੈ। ਮੁੱਦਿਆਂ ਤੇ ਅਧਾਰਿਤ ਸਿਆਸਤ ਦੀ ਗੱਲ ਕਰ ਰਿਹਾ ਹੈ। ਵਾਅਦਿਆਂ ਬਾਰੇ ਜੁਆਬਦੇਹੀ ਦੀ ਗੱਲ ਚਾਹੁੰਦਾ ਹੈ ਪਰ ਇਸਦਾ ਵਿਰੋਧ ਕਰਨ ਵਾਲੇ ਬਾਰ ਬਾਰ ਇਸ ਸਾਰੇ ਘਟਨਾਕ੍ਰਮ ਨੂੰ ਕੁਰਸੀ ਅਤੇ ਅਹੁਦੇ ਦੀ ਲੜਾਈ ਕਹਿ ਕੇ ਸਾਰੇ ਮਿਸ਼ਨ ਨੂੰ ਲੀਹੋਂ ਲਾਹੁਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਪੰਜਾਬ ਅਤੇ ਮੁਲਕ ਦੇ ਬਹੁਤ ਸਾਰੇ ਵਿਰੋਧੀ ਅਤੇ ਸਵਾਰਥੀ ਲੋਕ ਇਸ ਮਿਸ਼ਨ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ। ਇਸਦੇ ਬਾਵਜੂਦ ਅਸੀਂ ਪੂਰਾ ਜ਼ੋਰ ਲਾਉਣਾ ਹੈ। 

ਹਾਲ ਹੀ ਵਿੱਚ ਸਰਦਾਰ ਮਾਲੀ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਸਿਰਜਣ ਲਈ ਮੁੱਦਿਆਂ ਦੀ ਤੇ ਵਾਅਦਿਆਂ ਦੀ ਜਬਾਬਦੇਹੀ ਵਾਲੀ ਰਾਜਨੀਤੀ ਉਭਾਰਕੇ ਪੰਜਾਬ ਦੀ ਬੌਧਿਕਿਤਾ ਨੂੰ ਝੰਜੋੜਾ ਦੇ ਦਿੱਤਾ ਹੈ। ਇਹ ਹਲੂਣਾ ਬਹੁਤ ਜ਼ਰੂਰੀ ਵੀ ਸੀ। ਨਾਲ ਹੀ ਉਹਨਾਂ ਸਪਸ਼ਟ ਵੀ ਕੀਤਾ ਕਿ ਨਵਜੋਤ ਸਿੱਧੂ ਵੱਲੋਂ ਉਭਾਰੀ ਜਾ ਰਹੀ ਪੰਜਾਬ ਮਾਡਲ, ਮੁੱਦਿਆਂ, ਮੁੱਦਿਆਂ ਦੇ ਹੱਲ, ਜਬਾਬਦੇਹੀ ਦੀ ਸਿਆਸਤ ਹਾਲੇ ਪੰਜਾਬ ਕਾਂਗਰਸ ਦੀ ਸਿਆਸਤ ਨਹੀਂ ਹੈ। ਇਸ ਹਕੀਕਤ ਦੇ ਬਾਵਜੂਦ ਸਰਦਾਰ ਮਾਲੀ ਬਹੁਤ ਆਸਵੰਦ ਹਨ। ਇਸਦੇ ਨਾਲ ਹੀ ਆਸਵੰਦ ਹਨ ਉਹ ਸਾਰੇ ਲੋਕ ਜਿਹੜੇ ਮਾਲੀ ਦੇ ਸਿਰੜ ਅਤੇ ਸੁਹਿਰਦਤਾ ਨੂੰ ਜਾਂਦੇ ਹਨ। ਪਰ ਦੂਜੇ ਪਾਸੇ ਪਰਚੱਲਤ ਸਿਆਸਤ ਦੀਆਂ ਵਾਹਕ ਸਿਆਸੀ ਪਾਰਟੀਆਂ , ਬੁੱਧੀਜੀਵੀ, ਖੇਤੀ ਤੇ ਵਿੱਦਿਅਕ ਸਾਸ਼ਤਰੀ , ਫੇਸ ਬੁੱਕੀ ਵਿਦਵਾਨ, ਲੇਖਕ ਤੇ ਪੱਤਰਕਾਰ ਹੜਬੜਾਉਣ ਵਰਗਾ ਪਰਤੀਕਰਮ ਪ੍ਰਗਟ ਕਰ ਰਹੇ ਹਨ।  

ਸਮੇਂ ਸਮੇਂ ਤੇ ਲੋਕਾਂ ਨੂੰ ਸਾਵਧਾਨ ਕਰਦੇ ਆ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਅੱਜ ਹੀ ਇੱਕ ਵਾਰ ਫੇਰ ਕਿਹਾ ਕਿ ਪੰਜਾਬੀਓ , ਹੋਸ਼ਿਆਰ ਤੇ ਖ਼ਬਰਦਾਰ !! ਕੈਪਟਨ, ਅਮਿੱਤ ਸ਼ਾਹ ਤੇ ਮੋਦੀ ਦੀ ਤਿੱਕੜੀ ਵੱਲੋਂ ਪੰਜਾਬ ਅੰਦਰ ਮੁੜ, ਬੇਵਿਸਵਾਸੀ, ਫਿਰਕੂ ਤਣਾਅ, ਡਰ ਤੇ ਦਹਿਸ਼ਤ ਪੈਦਾ ਕਰਨ ਦੇ ਸੰਕੇਤ ਪੰਜਾਬੀਆਂ ਤੇ ਕਿਸਾਨ ਘੋਲ ਲਈ ਖ਼ਤਰੇ ਦੀ ਘੰਟੀ ਹੈ।

ਇੱਕ ਪਾਸੇ ਹਾਲਾਤ ਨੂੰ ਸਾਜ਼ਗਾਰ ਬਣਾਉਣ ਲਈ ਸੋਨੀਆ ਗਾਂਧੀ ਸਮੇਤ ਕਾਂਗਰਸ ਪਾਰਟੀ ਦੀ ਹਾਈ ਕਮਾਨ ਉਸਾਰੂ ਪਾਸੇ ਚੱਲ ਰਹੀ ਹੈ। ਸੋਨੀਆ ਗਾਂਧੀ ਨੇ ਕੈਪਟਨ ਨੂੰ ਨਵਜੋਤ ਸਿੱਧੂ ਨਾਲ ਮਿਲਕੇ ਚੱਲਣ ਦਾ ਮਸ਼ਵਰਾ, ਪੰਜਾਬ ਕੈਬਨਿਟ ਵਿੱਚ ਤਬਦੀਲੀ ਦੀ ਤਜਵੀਜ਼ ਪੇਸ਼ ਕਰਨ ਲਈ ਕਿਹਾ ਪਰ ਦੂਜੇ ਪਾਸੇ ਕੈਪਟਨ ਨੇ ਪੰਜਾਬ ਅੰਦਰ ਮੋਦੀ ਤੇ ਅਮਿੱਤ ਸ਼ਾਹ ਦੀ ਸਿਆਸਤ ਲਾਗੂ ਕਰਨ ਲਈ ਆਪਣਾ ਏਜੰਡਾ ਕੇਂਦਰ ਸਰਕਾਰ ਨੂੰ ਜਾ ਸੌਂਪਿਆ ਹੈ।
ਮੌਜੂਦਾ ਘਟਨਾਕ੍ਰਮ ਅਤੇ ਹਾਲਾਤ ਬਾਰੇ ਗੱਲ ਕਰਦਿਆਂ ਸਰਦਾਰ ਮਾਲੀ ਕਹਿੰਦੇ ਹਨ,ਕੈਪਟਨ ਨੇ ਅਮਿੱਤ ਸ਼ਾਹ ਕੋਲ ਪੰਜ ਕਿਸਾਨ ਆਗੂਆਂ ਦੀ ਜਾਨ ਨੂੰ ਤੇ ਪੰਜਾਬ ਅੰਦਰ ਹਿੰਦੂ ਮੰਦਰਾਂ ‘ਤੇ ਹਮਲੇ ਦੀ ਸੰਭਾਵਨਾ ਨੂੰ ਉਭਾਰਿਆ ਹੈ। ਡਰ ਅਤੇ ਦਹਿਸ਼ਤ ਦਾ ਇਹ ਮਾਹੌਲ ਕਿਓਂ ਸਿਰਜਿਆ ਜਾ ਰਿਹਾ ਹੈ।
ਪੰਜਾਬੀਆਂ ਤੇ ਕਿਸਾਨ ਘੋਲ ਵੱਲੋਂ ਪੁਰਅਮਨ ਤੇ ਭਾਈਚਾਰਕ ਸਾਂਝ ਦੀ ਬੁਲੰਦੀ ਦੇ ਝੰਡੇ ਗੱਡੇ ਹੋਣ ਨੂੰ ਨਕਾਰਦਿਆਂ ਪਾਕਿਸਤਾਨ ਸ਼ਹਿ ਪ੍ਰਾਪਤ ਤੱਤਾਂ ਵੱਲੋਂ ਪੰਜਾਬ ਅੰਦਰ ਹਿੰਸਕ ਕਾਰਵਾਈਆਂ ਹੋਣ ਦਾ ਜਾਇਜ਼ਾ ਪੇਸ਼ ਕਰਕੇ ਵੱਡੀ ਗਿਣਤੀ ਵਿੱਚ ਅਰਧ ਸੈਨਿਕ ਬਲਾਂ ਦੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਮੁਹਾਲੀ,ਪਟਿਆਲ਼ਾ,ਬਠਿੰਡਾ, ਫਗਵਾੜਾ ਤੇ ਮੋਗਾ ਅੰਦਰ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਜਿਸਦਾ ਖ਼ਰਚਾ ਵੀ ਪੰਜਾਬ ਸਰਕਾਰ ਨੂੰ ਹੀ ਚੁੱਕਣਾ ਪੈ ਸਕਦਾ। ਲੋਕਾਂ ਵਿਚ ਗੱਲ ਚੱਲ ਰਹੀ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਹੋਰ ਵਿੱਤੀ ਸਹਾਇਤਾ ਦੇਣ ਤੋਂ ਟਾਲਾ ਵੱਟਦੀ ਆ ਰਾਹੀ ਕੈਪਟਨ ਸਰਕਾਰ ਨੀਮ ਫੌਜੀ ਫੋਰਸਾਂ ਨੂੰ ਸਾਰੇ ਖਰਚੇ ਕਿੱਥੋਂ ਦੇਵੇਗੀ?
ਬੜੀ ਹੀ ਬੇਬਾਕੀ ਨਾਲ ਸਰਦਾਰ ਮਾਲੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਰਤੀ ਸਟੇਟ ਦਾ ਪੰਜਾਬ ਦੇ ਸਿਆਸੀ ਲੀਡਰਸ਼ਿੱਪ ਨਾਲ ਇਕ ਅਣਲਿਖਤ ਸਮਝੌਤਾ ਹੈ ਕਿ ਜਿਹੜਾ ਵੀ ਆਗੂ ਕੇਂਦਰ ਸਰਕਾਰ ਦੀਆਂ ਪੰਜਾਬ ਸੰਬੰਧੀ ਨੀਤੀਆਂ ਵਿੱਚ ਵਿਘਨ ਨਹੀ ਪਾਊਗਾ ਉਸ ਖਿਲਾਫ ਕੋਈ ਵੀ ਕੇਂਦਰੀ ਏਜੰਸੀ ਕੋਈ ਜਾਂਚ ਨਹੀ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਸਰਕਾਰ ਵੇਲੇ ਇਸ ਹਦਾਇਤ ਦੀ ਉਲੰਘਣਾ ਕੀਤੀ, ਬਾਦਲਾਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਖੋਹਲੇ ਤੇ ਪਾਣੀਆਂ ਬਾਰੇ ਸਮਝੌਤੇ ਵੀ ਰੱਦ ਕੀਤੇ। ਨਤੀਜੇ ਵਜੋਂ ਕੈਪਟਨ ਨੂੰ ਇਨਕਮ ਟੈਕਸ ਤੇ ਈ ਡੀ ਨੇ ਲੰਮੇ ਚੌੜੇ ਕੇਸਾਂ ਵਿੱਚ ਫਸਾ ਲਿਆ ਗਿਆ। ਜੋ ਕਾਫੀ ਖੱਜਲ ਖੁਆਰੀ ਦਾ ਕਾਰਨ ਬਣੇ। ਇਸ ਤਰ੍ਹਾਂ ਦੱਸ ਸਾਲ ਕੈਪਟਨ ਦੀ ਘੀਸੀ ਕਰਵਾਕੇ ਜਦੋਂ ਉਸਨੇ ਪੁਰਾਣੇ ਰਾਹ ਤੁਰਨ ਤੋਂ ਤੋਬਾ ਕੀਤੀ ਤਾਂ ਉਸਨੂੰ ਮੁੜ ਮੁੱਖ ਮੰਤਰੀ ਬਣਨ ਦਿੱਤਾ ਗਿਆ।
ਨਸ਼ਿਆਂ ਦੇ ਮਾਮਲੇ ਦੀ ਜਾਂਚ ਵਿੱਚ ਬਿਕਰਮ ਮਜੀਠੀਆ ਫਸਦਾ ਸੀ ਪਰ ਕੇਂਦਰ ਤੇ ਕੈਪਟਨ ਸਰਕਾਰ ਨੇ ਉਸ ਖਿਲਾਫ ਜਾਂਚ ਨੂੰ ਬਰੇਕਾਂ ਲਾ ਰੱਖੀਆਂ ਨੇ। ਹੁਣ ਹਾਲਤ ਕੁੱਝ ਬਦਲੇ ਹੋਏ ਨੇ, ਕੈਪਟਨ ਦਬਾਅ ਹੇਠ ਹੈ ਤੇ ਬਾਦਲਕਿਆਂ ਦੀ ਕੇਂਦਰ ਸਰਕਾਰ ਨਾਲ਼ੋਂ ਸਿਆਸੀ ਕੱਟੀ ਹੋਈ ਹੈ, ਵੇਖੀਏ ਕੀ ਬਣਦਾ ਹੈ? ਬੇਅਦਬੀ, ਨਸ਼ੇ, ਪੰਜਾਬ ਦੇ ਪਾਣੀ, ਸਸਤੀ ਬਿਜਲੀ, ਬੇਰੋਜ਼ਗਾਰੀ, ਅਤੇ ਹੋਰ ਬਹੁਤ ਸਾਰੇ ਮਸਲੇ ਹਨ ਜਿਹੜੇ ਪੰਜਾਬ ਸਰਕਾਰ ਨੂੰ ਦਿਨਾਂ ਹਫਤਿਆਂ ਵਿੱਚ ਪੈਣੇ ਹਨ। ਇਸ ਮਕਸਦ ਲਈ ਨਵਜੋਤ ਸਿੱਧੂ ਦੀ ਅਗਵਾਈ ਵਾਲੀ ਕਾਂਗਰਸ ਪੰਜਾਬ ਸਰਕਾਰ ਨੂੰ ਕਿਵੇਂ ਤਿਆਰ ਕਰਦੀ ਹੈ ਇਸ ਤੇ ਨਜ਼ਰਾਂ ਰਹਿਣਗੀਆਂ ਹੁਣ ਸਭਨਾਂ ਦੀਆਂ।

ਪੰਜਾਬ ਕਾਂਗਰਸ ਦੇ ਨਵੇਂ ਚਾਰੋ ਸਲਾਹਕਾਰ ਇਸ ਬਾਰੇ ਕੀ ਕੀ ਸਲਾਹ ਦੇਂਦੇ ਹਨ ਇਹ ਵੀ ਬਹੁਤ ਛੇਤੀ ਸਾਹਮਣੇ ਆਉਣ ਵਾਲਾ ਹੈ। ਅੰਤ ਵਿੱਚ ਇਹ ਜ਼ਿਕਰ ਕੋਈ ਗਲਤ ਨਹੀਂ ਹੋਵੇਗਾ ਕਿ ਅਤੀਤ ਵਿੱਚ ਮਾਲਵਿੰਦਰ ਸਿੰਘ ਮਾਲੀ ਕਾਂਗਰਸ ਦੀਆਂ ਨੀਤੀਆਂ ਦੇ ਸਖਤ ਆਲੋਚਕ ਰਹੇ ਹਨ ਖਾਸ ਕਰ ਇੰਦਰਾ ਗਾਂਧੀ ਦੇ। ਇਸਦੇ ਨਾਲ ਹੀ ਖਾਲਿਸਤਾਨੀ ਧਿਰਾਂ ਨਾਲ ਨੇੜਤਾ ਹੋਣ ਦੇ ਬਾਵਜੂਦ ਪੈਗਾਮ ਗਰੁੱਪ ਉਹਨਾਂ ਨੂੰ ਲੰਮੇ ਹੱਥੀਂ ਲਿਆ ਕਰਦਾ ਸੀ। ਇਸ ਪੈਗਾਮ ਗਰੁੱਪ ਦਾ ਨਜ਼ਰ ਆਉਂਦਾ ਚੇਹਰਾ ਉਸ ਨਾਜ਼ੁਕ ਸਮੇਂ ਵਿੱਚ ਮਾਲਵਿੰਦਰ ਸਿੰਘ ਮਾਲੀ ਹੀ ਸਨ।
ਪੰਜਾਬ ਅਤੇ ਮੁਲਕ ਦੇ ਸਮੂਹ ਲੋਕਾਂ ਦਾ ਭਲਾ ਹੀ ਸਾਡਾ ਮੁਖ ਮਿਸ਼ਨ

No comments: