Monday, January 03, 2022

ਕਵਿਤਾ ਕਥਾ ਕਾਰਵਾਂ ਨੇ ਕੀਤਾ ਨਵੇਂ ਸੁਪਨੇ ਸਿਰਜਨ 'ਤੇ ਸਾਕਾਰ ਕਰਨ ਦੇ ਪ੍ਰਣ

3rd January 2022 at 3:33 PM

 ਲੇਖਕ ਨਰੋਏ ਸਮਾਜ ਲਈ ਸੇਧ ਦੇਣ ਦੀ ਜ਼ਿੰਮੇਵਾਰੀ ਨਿਭਾਓਣ:ਕੁਲਦੀਪ ਸਿੰਘ ਵੈਦ

ਵਿਸ਼ੇਸ਼ ਸਮਾਗਮ ਵਿੱਚ ਵੱਖਰੇ ਅੰਦਾਜ਼ ਨਾਲ ਕਿਹਾ ਨਵੇਂ ਸਾਲ ਨੂੰ ਖੁਸ਼ਾਮਦੀਦ


ਲੁਧਿਆਣਾ
: 3 ਜਨਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਬੀਤੇ ਸਾਲ ਨੂੰ ਅਲਵਿਦਾ ਅਤੇ ਨਵੇਂ ਸਾਲ   2022 ਨੂੰ ਖੁਸ਼ਾਮਦੀਦ ਕਹਿਣ ਲਈ ਸਥਾਨਕ ਮਾਇਆ ਨਗਰ ਵਿਖੇ  ਸੇਠ ਕਾਨਫਰੇਂਸ ਹਾਲ ਵਿੱਚ ਇਕ ਦਿਲਕਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਮ ਐਲ ਏ ਕੁਲਦੀਪ ਸਿੰਘ ਵੈਦ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਕਟਰ ਰਵਿੰਦਰ ਸੇਠ ਉਹੀ ਡਾਕਟਰ ਹਨ ਜਿਹਨਾਂ ਦੇ ਘੰਟਾਘਰ ਵਾਲੇ ਕਲੀਨਿਕ ਵਿੱਚ ਸਾਹਿਤ ਰਸੀਆਂ, ਬੁਧੀਜੀਵੀਆਂ ਅਤੇ ਸਮਾਜ ਸੇਵੀਆਂ ਦੀ ਅਕਸਰ ਭੀੜ ਲੱਗੀ ਰਹਿੰਦੀ ਸੀ। ਡਾਕਟਰ ਸੇਠ ਨੇ ਥੈਲੇਸੀਮੀਆਂ ਮਰੀਜ਼ਾਂ ਦੇ ਪਰਿਵਾਰਾਂ ਲਈ ਵੀ ਬਹੁਤ ਕੁਝ ਕੀਤਾ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਵੀ। 

ਸਾਹਿਤਕ ਹਲਕਿਆਂ ਨਾਲ ਦਹਾਕਿਆਂ ਪੁਰਾਣੇ ਇਸ ਰਾਬਤੇ ਕਾਰਨ ਹੀ ਇੱਕ ਵਾਰ ਫਿਰ ਡਾਕਟਰ ਸੇਠ ਨੇ ਆਪਣੇ ਮਾਇਆ ਨਗਰ ਵਾਲੇ ਹਸਪਤਾਲ ਵਿੱਚ ਇੱਕ ਸਾਹਿਤਿਕ ਆਯੋਜਨ ਕਰਵਾਇਆ ਜਿਹੜਾ ਜਸਪ੍ਰੀਤ ਕੌਰ ਫ਼ਲਕ ਹੁਰਾਂ ਵਲੋਂ ਸਥਾਪਿਤ ਅਦਾਰੇ ਦੀ ਦੇਹਰਿਖ ਹੇਠ ਤਿਆਰ ਹੋਇਆ ਸੀ।
 
ਇਸੇ ਤਰ੍ਹਾਂ ਐਮ ਐਲ ਏ ਕੁਲਦੀਪ ਸਿੰਘ ਵੈਦ ਹੁਰਾਂ ਦੇ ਸਿਆਸਤ ਵਿੱਚ ਆਉਣ ਨਾਲ ਸਮਾਜ ਦੇ ਹੇਠਲੇ ਤਬਕਿਆਂ ਦੇ ਦਿਲਾਂ ਵਿੱਚ ਬਹੁਤ ਸਾਰੀਆਂ ਉਮੀਦਾਂ ਜਾਗੀਆਂ ਉਹਨਾਂ ਨੂੰ ਯਕੀਨ ਹੋਇਆ ਕਿ ਜਮਹੂਰੀ ਢੰਗ ਤਰੀਕਿਆਂ ਤੇ ਚੱਲ ਕੇ ਹੀ ਸਾਡਾ ਸਭਨਾਂ ਦਾ ਭਲਾ ਜਲਦੀ ਹੀ ਹੋ ਸਕਦਾ ਹੈ। 

ਇਸ ਮੌਕੇ ਐਮ ਐਲ ਏ ਵੈਦ ਨੇ ਕਿਹਾ ਕਿ ਸਾਹਿਤਕਾਰਾਂ ਅਤੇ ਲੇਖਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਦੇ ਰਾਹ ਦਿਸੇਰੇ ਬਨਣ। ਸਮਾਜ ਨੂੰ ਰਸਤਾ ਦਿਖਾਉਣ। ਕਲਮਕਾਰਾਂ ਨੰ ਹਰ ਹੀਲੇ ਆਪਣੀਆਂ ਰਚਨਾਵਾਂ ਵਿਚ ਇਸ ਮਕਸਦ ਦੀ ਰੌਸ਼ਨੀ ਦਿਖਾਉਣੀ ਚਾਹੀਦੀ ਹੈ। 

ਸਮਾਗਮ ਕਰਾਉਣ ਵਿੱਚ ਮੁਖ ਭੂਮਿਕਾ ਨਿਭਾਉਣ ਵਾਲੀ ਸ਼ਾਇਰ ਡਾ. ਜਸਪ੍ਰੀਤ ਕੌਰ ਫ਼ਲਕ ਨੇ ਸ਼ਾਇਰਾਨਾ ਢੰਗ ਨਾਲ ਨਵੇਂ ਵਰ੍ਹੇ ਨੂੰ ਖੁਸ਼ਾਮਦੀਦ ਆਖਿਆ ਤੇ ਅਦਾਰੇ ਦੀਆਂ ਗਤੀਵਿਧੀਆਂ ਬਾਰੇ ਚਾਨਣ ਪਾਇਆ। ਜ਼ਿਕਰਯੋਗ ਹੈ ਕਿ ਇਸ ਅਦਾਰੇ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ ਜਸਪ੍ਰੀਤ ਕੌਰ ਫ਼ਲਕ ਇਸ ਦੀ ਸੰਸਥਾਪਕ ਵੀ ਹੈ। 

ਇਸ ਮੌਕੇ ਵੱਖ ਵੱਖ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਨਾਲ ਇਸ ਸਮਾਗਮ ਦੇ ਸਰੋਤਿਆਂ ਅਤੇ ਦਰਸ਼ਕਾਂ ਨਾਲ ਸਾਂਝ ਪਾਈ। ਸੁਖਵਿੰਦਰ ਸਿੰਘ ਨੇ ਮੁਖ ਮਹਿਮਾਨ ਦਾ ਸਭਨਾਂ ਨਾਲ ਤੁਆਰੁਫ ਕਰਵਾਇਆ। ਇਸ ਜਾਣ ਪਛਾਣ ਨਾਲ ਲੇਖਕਾਂ ਅਤੇ ਸਰੋਤਿਆਂ ਦਾ ਆਪਸੀ ਰਾਬਤਾ ਹੋਰ ਮਜ਼ਬੂਤ ਹੋਇਆ। 

ਇਸ ਕਵੀ ਦਰਬਾਰ ਅਤੇ ਇਸਦੀ ਵਿਚਾਰ ਚਰਚਾ ਵਿੱਚ ਉਘੇ ਕਵੀਆਂ ਤੈ੍ਲੋਚਨ ਲੋਚੀ, ਡਾ ਰਵਿੰਦਰ ਚੰਦੀ, ਹਰਦੀਪ ਬਿਰਦੀ, ਅਸ਼ੋਕ ਧੀਰ, ਸੁਖਵਿੰਦਰ ਸਿੰਘ ਏਸ਼ੀਅਨ ਕਲੱਬ, ਪਰਗਟ ਸਿੰਘ ਰੰਧਾਵਾ, ਜਿੰਮੀ ਅਹਿਮਦਗੜ੍ਹ, ਅਤੇ ਅੰਚਲ ਜਿੰਦਲ ਨੇ ਭਾਗ ਲਿਆ। ਪਰੋਗਰਾਮ ਦੀ ਸ਼ੁਰੂਆਤ  ਸ਼ੈਲੀ ਵਾਧਵਾ ਦੇ ਸਵਾਗਤੀ ਬੋਲਾਂ ਨਾਲ ਹੋਈ। ਮੰਚ ਸੰਚਾਲਨ ਦੀ ਭੂਮਿਕਾ ਧਰਮਿੰਦਰ ਸ਼ਾਹਿਦ ਖੰਨਾ ਵਲੋਂ ਬਾਖੂਬੀ ਨਿਭਾਈ ਗਈ। ਸਰੋਤਿਆਂ ਵਿੱਚ ਜਸਬੀਰ ਕੌਰ, ਬਲਕਾਰ ਸਿੰਘ, ਬਖਸਪਰੀਤ ਸਿੰਘ, ਤਮੰਨਾ, ਸੁਖਪ੍ਰੀਤ ਕੌਰ, ਹਰਸ਼ਦੀਪ ਕੌਰ, ਜਸਵਿੰਦਰ ਕੌਰ, ਦਲਜੀਤ ਕੌਰ, ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਵਿਤਾ ਕਥਾ ਕਾਰਵਾਂ ਦੀ ਇਕਾਈ ਕਰੀਏਟਿਵ ਰਾਇਟਰਸ ਵਲੋਂ ਨਵਕਮਲ ਸਿੰਘ, ਨਵਰਪਰੀਤ ਸਿੰਘ ਹੈਰੀ, ਹਰਮੀਤ ਪੋਇਟ ਨੇ ਕਵਿਤਾ ਪਾਠ ਨਾਲ ਭਾਗ ਲਿਆ। ਹਰਮੀਤ ਪੋਇਟ ਵਲੋਂ ਅਦਾਰੇ ਦੀ ਪ੍ਧਾਨ ਡਾ ਜਸਪ੍ਰੀਤ ਕੌਰ ਫ਼ਲਕ ਦਾ ਕਵਿਤਾ ਲਿਖੇ ਪੋਰਟਰੇਟ ਭੇਟ ਕਰਕੇ ਸਨਮਾਨ ਕੀਤਾ ਗਿਆ। 

ਕਵਿਤਾ ਕਥਾ ਕਾਰਵਾਂ ਦੀ ਸਕੱਤਰ ਜਸਬੀਰ ਕੌਰ ਅਤੇ ਡਾ ਰਵਿੰਦਰ ਸੇਠ ਨੇ ਇਸ ਨਿਵੇਕਲੇ ਆਯੋਜਨ ਦੀ ਸਰਾਹਨਾ ਕੀਤੀ। ਮੁਖ ਮਹਿਮਾਨ ਦਾ ਸਨਮਾਨ ਚਿੰਨ ਅਤੇ  ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸੰਸਥਾ ਦੇ ਉਪ ਪ੍ਰਧਾਨ ਡਾ ਜਗਤਾਰ ਧੀਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।ਸ਼ਾਮਲ ਹੋਏ ਕਵੀਆਂ ਤੇ ਮਹਿਮਾਨਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।

No comments: