31st October 2022 at 04:32 PM
ਚਿਕਤਸਾ ਵਿਗਿਆਨ ਦੀ ਪੜ੍ਹਾਈ ਵੀ ਪੰਜਾਬੀ 'ਚ ਕਰਨ ਦੀ ਮੰਗ ਉਠਾਈ
ਚੰਡੀਗੜ੍ਹ: 31 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਉਥੋਂ ਦੇ ਡਾਕਟਰ ਜਦੋਂ ਮਰੀਜ਼ ਨੂੰ ਚੈਕ ਕਰਦੇ ਹਨ ਤਾਂ ਇਲਾਜ ਅਤੇ ਦਵਾਈਆਂ ਦੇ ਵੇਰਵੇ ਤਿੱਬਤੀ ਭਾਸ਼ਾ ਵਿੱਚ ਲਿਖਦੇ ਹਨ। ਮਰੀਜ਼ ਨੂੰ ਦਿੱਤੀ ਜਾਣ ਵਾਲੀ ਪਰਚੀ ਵਿੱਚ ਵੀ ਦਵਾਈਆਂ ਦੇ ਨਾਮ ਅਤੇ ਹੋਰ ਸੰਕੇਤ ਤਿੱਬਤੀ ਭਾਸ਼ਾ ਵਿੱਚ ਹੀ ਹੁੰਦੇ ਹਨ। ਲੋੜ ਪੈਣ ਤੇ ਉਥੋਂ ਦੇ ਸਾਰੇ ਲੋਕ ਅੰਗਰੇਜ਼ੀ ਦੀ ਵਰਤੋਂ ਵੀ ਕਰਦੇ ਹਨ ਪਰ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਤਿੱਬਤੀ ਨਹੀਂ ਸਮਝਦੇ। ਹਰ ਹਾਲਤ ਵਿੱਚ ਪਹਿਲ ਹਮੇਸ਼ਾਂ ਤਿੱਬਤੀ ਭਾਸ਼ਾ ਨੂੰ ਦਿੱਤੀ ਜਾਂਦੀ ਹੈ। ਉੱਥੇ ਐਮ ਬੀ ਬੀ ਐਸ ਦੀ ਪੜ੍ਹਾਈ ਲਈ ਵੀ ਤਿੱਬਤੀ ਭਾਸ਼ਾ ਆਉਣੀ ਜ਼ਰੂਰੀ ਹੈ। ਉਥੋਂ ਦੀ ਡਾਕਟਰੀ ਪੜ੍ਹਾਈ ਵਿਚ ਬਹੁਤ ਸਾਰੇ ਲੋਕ ਦਿਲਚਸਪੀ ਲਿਆਂਦੇ ਹਨ ਅਤੇ ਇਸ ਮਕਸਦ ਲਈ ਬਾਕਾਇਦਾ ਤਿੱਬਤੀ ਭਾਸ਼ਾ ਸਿੱਖਦੇ ਹਨ।
ਇਸੇ ਤਰ੍ਹਾਂ ਦੱਖਣੀ ਭਾਰਤ ਵਿੱਚ ਵੀ ਤਮਿਲ, ਮਲਿਆਲਮ, ਤੇਲਗੂ ਅਤੇ ਕੰਨੜ ਨਾਲ ਉਹਨਾਂ ਸੂਬਿਆਂ ਦੇ ਲੋਕ ਜਜ਼ਬਾਤ ਦੀ ਹੱਦ ਤਕ ਆਪਣੀ ਭਾਸ਼ਾ ਨਾਲ ਮੋਹ ਕਰਦੇ ਹਨ। ਬੜੀ ਮਜਬੂਰੀ ਬਣ ਜਾਈ ਤਾਂ ਉਹ ਲੋਕ ਵੀ ਅੰਗਰੇਜ਼ੀ ਬੋਲਦੇ ਹਨ ਜੇ ਕਰ ਫਿਰ ਵੀ ਗੱਲ ਨਾ ਬਣੇ ਤਾਂ ਹਿੰਦੀ। ਪਰ ਏਧਰ ਪੰਜਾਬ ਅਤੇ ਪੰਜਾਬੀਆਂ ਵਿਚ ਪੰਜਾਬੀ ਨਾਲ ਜਜ਼ਬਾਤੀ ਸਾਂਝ ਬਹੁਤ ਘੱਟ ਨਜ਼ਰ ਆਉਂਦੀ ਹੈ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਕਈ ਦਹਾਕੇ ਪਹਿਲਾਂ ਇੱਕ ਕਾਮਰੇਡ ਦਿਲਬਾਗ ਬਾਗਾ ਪਹਿਲਾਂ ਰੋਜ਼ਾਨਾ ਅਕਾਲੀ ਪੱਤ੍ਰਿਕਾ ਅਤੇ ਫਿਰ ਰੋਜ਼ਾਨਾ ਅੱਜ ਦੀ ਆਵਾਜ਼ ਵਿੱਚ ਹੁੰਦਿਆਂ ਪੰਜਾਬ ਰਾਜ ਬਿਜਲੀ ਦੇ ਪੀ ਆਰ ਓ ਰਵਿੰਦਰਪਾਲ ਸ਼ਰਮਾ ਨਾਲ ਇਸ ਲਈ ਗਰਮ ਹੋ ਗਿਆ ਸੀ ਕਿ ਉਹਨਾਂ ਦੇ ਪ੍ਰੈਸ ਨੋਟ ਪੰਜਾਬੀ ਵਿਚ ਕਿਓਂ ਨਹੀਂ ਆਉਂਦੇ? ਆਖਿਰ ਇਹ ਮੰਗ ਛੇਤੀ ਹੀ ਮੰਨ ਲਈ ਗਈ। ਹੁਣ ਅਜਿਹੀ ਕੋਈ ਔਕੜਾਂ ਪੇਸ਼ ਨਹੀਂ ਆਉਂਦੀ ਪਰ ਫਿਰ ਵੀ ਬਹੁਤ ਸਾਰੇ ਜਨਤਕ ਸੰਗਠਨ ਅਤੇ ਸਿਆਸੀ ਪਾਰਟੀਆਂ ਅਜੇ ਵੀ ਆਪਣੇ ਪ੍ਰੈਸ ਨੋਟ ਪੰਜਾਬੀ ਵਿੱਚ ਭੇਜਣ ਤੋਂ ਗੁਰੇਜ਼ ਕਰਦੀਆਂ ਹਨ। ਸੁਰਿੰਦਰ ਨੂੰ ਸੁਰੇਂਦਰ, ਵਰਿੰਦਰ ਨੂੰ ਵੀਰੇਂਦਰ ਅਤੇ ਗੁਰਿੰਦਰ ਨੂੰ ਗੁਰੇਂਦਰ ਆਖਣਾ ਸ਼ਾਇਦ ਕਿਸੇ ਜ਼ਰੂਰੀ ਏਜੰਡੇ ਤਹਿਤ ਹੀ ਹੁੰਦਾ ਹੈ।
ਇਹਨਾਂ ਨੂੰ ਤਾਂ ਛੱਡੋ ਚੰਗੇ ਭਲੇ ਗੁਰਸਿੱਖ ਪੰਜਾਬੀ ਘਰਾਂ ਵਿੱਚ ਇਹ ਭੈੜਾ ਰਿਵਾਜ ਪੈ ਗਿਆ ਹੈ ਕਿ ਬੱਚਿਆਂ ਨਾਲ ਗੱਲ ਹਿੰਦੀ ਵਿੱਚ ਕੀਤੀ ਜਾਈ। ਹਿੰਦੀ ਵਿੱਚ ਕੋਈ ਬੁਰਾਈ ਨਹੀਂ ਪਰ ਪੰਜਾਬੀ ਪ੍ਰਤੀ ਇਹ ਰਵਈਆ ਕਿਓਂ? ਇਸ ਲਈ ਤਾਂ ਕੋਈ ਸਰਕਾਰ ਵੀ ਜ਼ਿੰਮੇਵਾਰ ਨਹੀਂ। ਅਜਿਹੇ ਨਾਜ਼ੁਕ ਮਾਹੌਲ ਦੇ ਵਿੱਚ ਪੰਜਾਬੀ ਪਿਆਰੇ ਪੰਜਾਬੀ ਦੀ ਸ਼ਾਨ ਬਹਾਲ ਕਾਰਨ ਲਈ ਜਤਨਸ਼ੀਲ ਹਨ। ਇਸ ਮਕਸਦ ਲਾਇ ਇੱਕ ਵਾਰ ਫੇਰ ਸਰਗਰਮੀ ਨਾਲ ਸਾਹਮਣੇ ਆਈ ਹੈ ਕੇਂਦਰੀ ਪੰਜਾਬੀ ਲੇਖਕ ਸਭਾ।
ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਨਾਲ ਜੋੜਣ ਦੇ ਹੀਲੇ ਵਸੀਲੇ ਹੁਣ ਤੇਜ਼ ਹੋ ਰਹੇ ਹਨ। ਇਹਨਾਂ ਕੋਸ਼ਿਸ਼ਾਂ ਸਦਕਾ ਹੀ ਸਰਕਾਰਾਂ ਵੀ ਕਦਮ ਪੁੱਟ ਰਹੀਆਂ ਹਨ ਅਤੇ ਜਨਤਕ ਅਦਾਰੇ ਵੀ ਸਰਗਰਮ ਹੋ ਰਹੇ ਹਨ। ਸਰਕਾਰੀ ਨੌਕਰੀਆਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਹੁਣ ਉੱਚ ਵਿਦਿਅਕ ਖੇਤਰ ਵਿੱਚ ਵੀ ਪੰਜਾਬੀ ਦੀ ਖੁਸ਼ਬੂ ਮਹਿਸੂਸ ਹੋ ਸਕੇਗੀ।
ਚਿਕਤਸਾ ਵਿਗਿਆਨ ਆਦਿ ਦੀ ਪੜ੍ਹਾਈ ਪੰਜਾਬੀ ਵਿੱਚ ਕਰਨ ਦੀ ਮੰਗ ਇੱਕ ਅਜਿਹੀ ਹੀ ਮੰਗ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਿਕਤਸਾ ਵਿਗਿਆਨ ਤੇ ਜੰਤਰ ਵਿਗਿਆਨ (ਇੰਜੀਨੀਅਰਿੰਗ) ਆਦਿ ਦੀ ਪੜ੍ਹਾਈ ਛੇਤੀ ਤੋਂ ਛੇਤੀ ਪੰਜਾਬੀ ਵਿੱਚ ਕਰਾਉਣ ਲਈ ਪੰਜਾਬ ਸਰਕਾਰ ਤੁਰਤ ਲੋੜੀਂਦੇ ਕਦਮ ਚੁੱਕੇ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ ਵਿਰਕ ਅਤੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮੱਧ ਪ੍ਰਦੇਸ ਵਿੱਚ ਇਹਨਾਂ ਵਿਸ਼ਿਆਂ ਦੀ ਪੜ੍ਹਾਈ ਹਿੰਦੀ ਭਾਸ਼ਾ ਵਿੱਚ ਹੋਣ ਲੱਗ ਪਈ ਹੈ ਅਤੇ ਉੱਤਰ ਪ੍ਰਦੇਸ ਤੇ ਤਾਮਿਲਨਾਡੂ ਸਰਕਾਰਾਂ ਨੇ ਵੀ ਅਜਿਹੇ ਕਦਮ ਚੁੱਕੇ ਹਨ। ਸਿੱਖਿਆ ਨੀਤੀ 2020 ਤਾਂ ਸਿੱਖਿਆ ਮਾਂ ਬੋਲੀ ਵਿੱਚ ਦੇਣ ਦੀ ਗੱਲ ਕਰਦੀ ਹੀ ਹੈ, ਹੁਣ ਸੰਘੀ ਸਰਕਾਰ ਵੱਲੋਂ ਵੀ ਮਾਂ ਬੋਲੀਆਂ ਵਿੱਚ ਪੜ੍ਹਾਈ ਕਰਾਉਣ ਦੇ ਨਿਰਣੇ ਦੀ ਗੱਲ ਵਾਰ-ਵਾਰ ਤੇ ਉੱਚੇ ਪੱਧਰਾਂ ‘ਤੇ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਸਿੱਖਿਆ ਮਾਂ ਭਾਸ਼ਾ ਦੀ ਥਾਂ ਕਿਸੇ ਹੋਰ ਭਾਸ਼ਾ ਰਾਹੀਂ ਦੇਣ ਦਾ ਵਿਚਾਰ ਸਿੱਖਿਆ ਤੇ ਭਾਸ਼ਾ ਬਾਰੇ ਪੂਰੀ ਅਗਿਆਨਤਾ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੜ੍ਹਾਈ ਮਾਂ ਬੋਲੀਆਂ ਵਿੱਚ ਨਾ ਹੋਣ ਕਰਕੇ ਸਿੱਖਿਆ ਦਾ ਘਾਣ ਹੁੰਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਘਾਟਾ ਥੁੜਾਂ ਮਾਰੇ ਬਾਲਾਂ ਨੂੰ ਝੱਲਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਭਰਮ ਹੈ ਕਿ ਵਿਗਿਆਨ ਤੇ ਤਕਨੀਕ ਆਦਿ ਵਿਸ਼ਿਆਂ ਦੀ ਪੜ੍ਹਾਈ ਲਈ ਪੰਜਾਬੀ ਭਾਸ਼ਾ ਵਿੱਚ ਕਿਸੇ ਸਮਰੱਥਾ ਦੀ ਘਾਟ ਹੈ। ਬਲਕਿ, ਹਰ ਵਿਸ਼ੇ ਦੀ ਸਿੱਖਿਆ ਮਾਂ ਭਾਸ਼ਾ ਵਿੱਚ ਹੀ ਨਿਪੁੰਨਤਾ ਨਾਲ ਦਿੱਤੀ ਜਾ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਤੁਰਤ ਲੋੜੀਂਦੇ ਨਿਰਣੇ ਕਰੇ ਤੇ ਲੋੜੀਂਦੀ ਤਿਆਰੀ ਵੱਡੀ ਪੱਧਰ ‘ਤੇ ਵਿੱਢੀ ਜਾਵੇ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬੀ ਸਣੇ ਅੱਠਵੀਂ ਸੂਚੀ ਵਿੱਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸੰਘ ਸਰਕਾਰ ਦੀਆਂ ਕੰਮ-ਕਾਜ ਦੀਆਂ ਭਾਸ਼ਾਵਾਂ ਬਣਾਇਆ ਜਾਵੇ ਤੇ ਸੰਘ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਤੇ ਸੰਗਠਨ ਹਰ ਭਾਸ਼ਾਈ ਖੇਤਰ ਵਿੱਚ ਓਥੋਂ ਦੀ ਥਾਂਵੀਂ ਭਾਸ਼ਾ ਵਿੱਚ ਕੰਮ ਕਰਨ ਤੇ ਸੇਵਾਵਾਂ ਹਾਸਲ ਕਰਾਉਣ। ਭਾਰਤ ਸਰਕਾਰ ਸਦਾ ਈ ਸੰਘ ਸਰਕਾਰ ਅਧੀਨ ਸੰਸਥਾਵਾਂ ਤੇ ਸੰਗਠਨਾਂ ਰਾਹੀਂ ਹਿੰਦੀ ਤੇ ਅੰਗਰੇਜੀ ਭਾਸ਼ਾਵਾਂ ਮਾਤ ਭਾਸ਼ਾਵਾਂ ‘ਤੇ ਥੋਪਦੀ ਆਈ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਸਾਰੀਆਂ ਸੰਘੀ ਸੰਸਥਾਵਾਂ ਤੇ ਸੰਗਠਨਾਂ ਦਾ ਕੰਮ-ਕਾਜ ਤੇ ਸੇਵਾਵਾਂ ਪੰਜਾਬੀ ਵਿੱਚ ਤੇ ਹੋਰ ਰਾਜਾਂ ਵਿੱਚ ਓਥੋਂ ਦੀਆਂ ਭਾਸ਼ਾਵਾਂ ਵਿੱਚ ਕਰਾਉਣ ਲਈ ਪੰਜਾਬ ਸਰਕਾਰ ਹੋਰ ਰਾਜਾਂ ਨਾਲ ਤਾਲਮੇਲ ਕਰਕੇ ਇਸ ਹਿੱਤ ਸੰਵਿਧਾਨ ਵਿੱਚ ਵਿਵਸਥਾਵਾਂ ਕਰਵਾਉਣ ਲਈ ਤੁਰਤ ਲੋੜੀਂਦੇ ਕਦਮ ਚੁੱਕੇ।
ਉਹਨਾਂ ਪੰਜਾਬ ਦੇ ਸਮੂਹ ਲੋਕਾਂ ਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਜਨਤਕ ਸਰਗਰਮੀ ਤੇ ਦਬਾਅ ਤੋਂ ਬਿਨਾਂ ਭਾਰਤੀ ਮਾਤ ਭਾਸ਼ਾਵਾਂ ਦੇ ਵਿਕਾਸ ਦੀ ਗੱਲ ਤਾਂ ਦੂਰ ਉਹਨਾਂ ਦੀ ਹੋਂਦ ਬਚਾਉਣੀ ਵੀ ਸੰਭਵ ਨਹੀਂ ਹੋਵੇਗੀ। ਇਸ ਲਈ ਉਹਨਾਂ ਸਾਰੀਆਂ ਮਾਤ ਭਾਸ਼ਾਵਾਂ ਦੇ ਕਰਮੀਆਂ ਨੂੰ ਇੱਕਜੁਟ ਹੋ ਕੇ ਤੁਰਤ ਜਦੋਜਹਿਦ ਵਿੱਢਣ ਦੀ ਬੇਨਤੀ ਕੀਤੀ।
ਹਾਂ ਕੁਝ ਕੁ ਤਕਨੀਕੀ ਸ਼ਬਦਾਂ ਨੂੰ ਸਮਝਣ ਵਿੱਚ ਦਿੱਕਤ ਆ ਸਕਦੀ ਹੈ ਪਰ ਡਾਕਟਰ ਅਰੁਣ ਮਿੱਤਰਾ, ਡਾਕਟਰ ਰੀਤ, ਡਾਕਟਰ ਨਵਸ਼ਰਨ ਅਤੇ ਕਈ ਹੋਰ ਸੂਝਵਾਨ ਇਸ ਮਕਸਦ ਲਈ ਸਹਾਇਕ ਸਾਬਿਤ ਹੋ ਸਕਦੇ ਹਨ।
ਚੱਲਦੇ ਚੱਲਦੇ ਇੱਕ ਕਾਵਿ ਅੰਸ਼ ਵੀ-
ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ।
ਰਵਾਂ ਇੱਥੇ ਤੇ ਯੂ. ਪੀ. 'ਚਿ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
------ਬਾਬੂ ਫ਼ੀਰੋਜ਼ਦੀਨ ਸ਼ਰਫ਼ ਦੀ ਚੋਣਵੀਂ ਕਵਿਤਾ
No comments:
Post a Comment