Saturday, May 14, 2022

ਬਾਰੂ ਸਤਬਰਗ ਨੂੰ ਸਲਾਮ ਆਖਦਾ ਸਮਾਗਮ ਯਾਦਗਾਰੀ ਰਿਹਾ

 ਲੋਕ-ਇਸ਼ਕ ਹੈ ਜਿਹਨਾਂ ਦੀ ਤਦਬੀਰ ਵੀ ਤਕਦੀਰ ਵੀ 

ਮਾਨਸਾ: 14 ਮਈ 2022: (ਸਾਹਿਤ ਸਕਰੀਨ ਬਿਊਰੋ)::

ਕਲਾ ਲੋਕਾਂ ਲਈ ਹੁੰਦੀ ਏ। ਕਲਮ ਲੋਕਾਂ ਵਾਸਤੇ ਹੁੰਦੀ ਹੈ। ਇਹ ਵਿਚਾਰ ਬੜੇ ਚਿਰਾਂ ਤੋਂ ਸਾਡੇ ਦਰਮਿਆਨ ਹਨ ਪਰ ਕਿੰਨਿਆਂ ਕੁ ਨੇ ਇਸ 'ਤੇ ਅਮਲ ਕੀਤਾ ਹੈ? ਜੇ ਇਮਾਨਦਾਰੀ ਨਾਲ ਦੇਖੀਏ ਤਾਂ ਬੜੇ ਥੋਹੜੇ ਜਿਹੇ ਲੋਕ ਹੀ ਨਿਕਲੇ ਜਿਹਨਾਂ ਨੇ ਜ਼ਿੰਦਗੀ ਭਰ ਦੁੱਖ ਝੱਲੇ ਪਰ ਲੋਕਾਂ ਤੋਂ ਮੂੰਹ ਨਹੀਂ ਮੋੜਿਆ। ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਕੱਟਦੇ ਹੋਏ ਵੀ ਉਹ ਹਮੇਸ਼ਾਂ ਲੋਕਾਂ ਨਾਲ ਪ੍ਰਤੀਬੱਧ ਰਹੇ। ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਗੁਰਸ਼ਰਨ ਭਾਅ ਜੀ ਵਰਗੀਆਂ ਸ਼ਖਸੀਅਤਾਂ ਉਹਨਾਂ ਦਾ ਆਦਰਸ਼ ਬਣੀਆਂ ਰਹੀਆਂ। ਇਹਨਾਂ ਮੌਜੂਦਾ ਦੌਰ ਦੇ ਯੋਧਿਆਂ ਵਿਚ ਹੀ ਸ਼ਾਮਲ ਹੈ ਬਾਰੂ ਸਤਬਰਗ ਦਾ ਨਾਮ।

ਇਹਨਾਂ ਨੂੰ ਇਹਨਾਂ ਲੋਕ ਪੱਖੀ ਰਸਤਿਆਂ 'ਤੇ ਤੁਰਨ ਦੇ ਅੰਜਾਮ ਪਤਾ ਸਨ। ਸਾਰੀਆਂ ਸੰਭਾਵਤ ਮੁਸ਼ਕਲਾਂ ਤੋਂ ਇਹ ਲੋਕ ਜਾਣੂੰ ਸਨ। ਸਿਰ ਤਲੀ 'ਤੇ ਰੱਖ ਕੇ ਇਹ ਲੋਕ ਇਸ਼ਕ ਵਾਲੇ ਵਿਹੜਿਆਂ ਵਿਚ ਉਤਰੇ ਸਨ। ਜਦੋਂ ਇਹ ਲੋਕ ਇਸ ਪਾਸੇ ਤੁਰੇ ਸਨ ਉਦੋਂ ਹੀ ਮਾਨਾਂ-ਸਨਮਾਨਾਂ ਨੂੰ ਤਾਂ ਇਹਨਾਂ ਨੇ ਦਿਲ ਦਿਮਾਗ ਵਿੱਚ ਦੂਰ ਕਰ ਕੇ ਪ੍ਰਹਨ ਵਗਾਹ ਮਾਰਿਆ ਸੀ। ਯਾਦ ਸੀ ਤਾਂ ਬਸ ਕੁਰਬਾਨੀ ਵਾਲਾ ਜਜ਼ਬਾ ਹੀ ਯਾਦ ਹੀ ਸੀ।

ਅੱਜ 14 ਮਈ ਨੂੰ ਮਾਨਸਾ ਵਿਖੇ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਕਰਵਾਏ ਸਾਹਿਤਕ ਸਮਾਗਮ 'ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਘਾਲਣਾ ਨੂੰ ਸਲਾਮ' ਕਰਨ ਲਈ ਹੋਇਆ ਆਯੋਜਨ ਦੇਖਣ ਵਾਲਾ ਸੀ। ਲੋਕ ਦੂਰ ਦੂਰ ਤੋਂ ਆਏ ਸਨ। ਕਲਮ ਦੇ ਫਰਜ਼ਾਂ ਦੀ ਗੱਲ ਖੁੱਲ੍ਹ ਕੇ ਹੋਈ ਸੀ। ਇਸ ਸਮਾਗਮ ਦੇ ਕੁਝ ਦ੍ਰਿਸ਼ ਅਸੀਂ ਇਸ ਤਸਵੀਰ ਵਿਚ ਦਿਖਾ ਰਹੇ ਹਾਂ। ਜਲਦੀ ਹੀ ਵਿਸਥਾਰਤ ਰਿਪੋਰਟ ਦੇਣ ਦੀ ਵੀ ਕੋਸ਼ਿਸ਼ ਕਰਾਂਗੇ। ਫਿਲਹਾਲ ਤਸਵੀਰਾਂ ਨਾਲ ਦੇਖ ਸਕਦੇ ਹੋ ਇਸ ਇਕੱਤਰਤਾ ਦੀ ਸੰਜੀਦਗੀ ਅਤੇ ਪ੍ਰਤੀਬੱਧਤਾ। ਲੋਕ ਦਿਲੋਂ ਆਏ ਸਨ।  --ਸੁਖਦਰਸ਼ਨ ਸਿੰਘ ਨੱਤ

No comments: